ਆਪਣੀ ਤਰੱਕੀ ਪ੍ਰਗਟ ਕਰੋ
“ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।”—1 ਤਿਮੋਥਿਉਸ 4:15.
1. ਤੁਸੀਂ ਕਿੱਦਾਂ ਦੱਸ ਸਕਦੇ ਹੋ ਕਿ ਕੋਈ ਫਲ ਪੱਕਿਆ ਹੋਇਆ ਹੈ ਅਤੇ ਖਾਣ ਲਈ ਤਿਆਰ ਹੈ?
ਜ਼ਰਾ ਆਪਣੇ ਮਨਪਸੰਦ ਫਲ—ਖ਼ਰਬੂਜਾ, ਨਾਸ਼ਪਾਤੀ ਜਾਂ ਅੰਬ—ਦੀ ਕਲਪਨਾ ਕਰੋ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਪੱਕਿਆ ਹੋਇਆ ਹੈ ਜਾਂ ਨਹੀਂ ਅਤੇ ਇਹ ਖਾਣ ਲਈ ਤਿਆਰ ਹੈ ਜਾਂ ਨਹੀਂ? ਜੀ ਹਾਂ। ਇਸ ਦੀ ਖ਼ੁਸ਼ਬੂ ਲੈ ਕੇ, ਰੰਗ ਦੇਖ ਕੇ ਅਤੇ ਇਸ ਨੂੰ ਹੱਥ ਲਾ ਕੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਨੂੰ ਖਾਣ ਵਿਚ ਤੁਹਾਨੂੰ ਬਹੁਤ ਮਜ਼ਾ ਆਏਗਾ। ਜਿਉਂ ਹੀ ਤੁਸੀਂ ਚੱਕ ਵੱਢਦੇ ਹੋ, ਤਾਂ ਤੁਹਾਡੀਆਂ ਵਾਛਾਂ ਖਿੜ੍ਹ ਜਾਂਦੀਆਂ ਹਨ। ਵਾਹ, ਕਿੰਨਾ ਮਿੱਠਾ ਤੇ ਰਸਦਾਰ! ਇਸ ਨੂੰ ਖਾ ਕੇ ਤੁਹਾਨੂੰ ਬਹੁਤ ਆਨੰਦ ਤੇ ਖ਼ੁਸ਼ੀ ਮਿਲਦੀ ਹੈ।
2. ਕਿਸੇ ਵਿਅਕਤੀ ਦੀ ਪਰਿਪੱਕਤਾ ਦਾ ਕਿਵੇਂ ਪਤਾ ਚੱਲਦਾ ਹੈ ਅਤੇ ਇਸ ਦਾ ਨਿੱਜੀ ਸੰਬੰਧਾਂ ਉੱਤੇ ਕੀ ਅਸਰ ਪੈਂਦਾ ਹੈ?
2 ਇਸ ਤਰ੍ਹਾਂ ਦਾ ਸਾਦਾ ਪਰ ਖ਼ੁਸ਼ੀ ਭਰਿਆ ਤਜਰਬਾ ਅਸੀਂ ਜ਼ਿੰਦਗੀ ਦੇ ਦੂਸਰੇ ਖੇਤਰਾਂ ਵਿਚ ਵੀ ਹਾਸਲ ਕਰਦੇ ਹਾਂ। ਉਦਾਹਰਣ ਲਈ, ਜਿਵੇਂ ਕਿ ਇਹ ਦੇਖਿਆ ਜਾ ਸਕਦਾ ਹੈ ਕਿ ਫਲ ਪੱਕਿਆ ਹੋਇਆ ਹੈ ਜਾਂ ਨਹੀਂ, ਉਸੇ ਤਰ੍ਹਾਂ ਇਕ ਵਿਅਕਤੀ ਦੀ ਅਧਿਆਤਮਿਕ ਪਰਿਪੱਕਤਾ ਵੀ ਕਈ ਤਰੀਕਿਆਂ ਨਾਲ ਪ੍ਰਗਟ ਹੁੰਦੀ ਹੈ। ਸਾਨੂੰ ਕਿਸੇ ਵਿਅਕਤੀ ਦੀ ਪਰਿਪੱਕਤਾ ਪਤਾ ਚੱਲ ਜਾਂਦੀ ਹੈ ਜਦੋਂ ਅਸੀਂ ਉਸ ਵਿਚ ਸਿਆਣਪ, ਸਮਝ, ਬੁੱਧੀ ਤੇ ਦੂਸਰੇ ਗੁਣ ਦੇਖਦੇ ਹਾਂ। (ਅੱਯੂਬ 32:7-9) ਜਿਹੜੇ ਆਪਣੇ ਨਜ਼ਰੀਏ ਅਤੇ ਕੰਮਾਂ ਵਿਚ ਅਜਿਹੇ ਗੁਣ ਦਿਖਾਉਂਦੇ ਹਨ, ਉਨ੍ਹਾਂ ਲੋਕਾਂ ਨਾਲ ਸੰਗਤੀ ਕਰ ਕੇ ਅਤੇ ਕੰਮ ਕਰ ਕੇ ਯਕੀਨਨ ਬਹੁਤ ਖ਼ੁਸ਼ੀ ਹੁੰਦੀ ਹੈ।—ਕਹਾਉਤਾਂ 13:20.
3. ਯਿਸੂ ਦੁਆਰਾ ਆਪਣੇ ਸਮੇਂ ਦੇ ਲੋਕਾਂ ਬਾਰੇ ਕਹੀ ਗੱਲ ਤੋਂ ਪਰਿਪੱਕਤਾ ਬਾਰੇ ਕੀ ਪਤਾ ਚੱਲਦਾ ਹੈ?
3 ਦੂਸਰੇ ਪਾਸੇ, ਸ਼ਾਇਦ ਇਕ ਵਿਅਕਤੀ ਸਰੀਰਕ ਤੌਰ ਤੇ ਵੱਡਾ ਹੋ ਗਿਆ ਹੋਵੇ, ਪਰ ਜਿਸ ਤਰੀਕੇ ਨਾਲ ਉਹ ਗੱਲ ਕਰਦਾ ਹੈ ਤੇ ਦੂਜਿਆਂ ਨਾਲ ਪੇਸ਼ ਆਉਂਦਾ ਹੈ, ਉਸ ਤੋਂ ਪਤਾ ਚੱਲਦਾ ਹੈ ਕਿ ਉਹ ਭਾਵਾਤਮਕ ਅਤੇ ਅਧਿਆਤਮਿਕ ਤੌਰ ਤੇ ਪਰਿਪੱਕ ਨਹੀਂ ਹੈ। ਉਦਾਹਰਣ ਲਈ ਯਿਸੂ ਮਸੀਹ ਨੇ ਆਪਣੇ ਸਮੇਂ ਦੀ ਜ਼ਿੱਦੀ ਪੀੜ੍ਹੀ ਬਾਰੇ ਗੱਲ ਕਰਦੇ ਹੋਏ ਕਿਹਾ: “ਯੂਹੰਨਾ ਨਾ ਖਾਂਦਾ ਨਾ ਪੀਂਦਾ ਆਇਆ ਅਤੇ ਓਹ ਆਖਦੇ ਹਨ ਜੋ ਉਹ ਦੇ ਨਾਲ ਇੱਕ ਭੂਤ ਹੈ। ਮਨੁੱਖ ਦਾ ਪੁੱਤ੍ਰ ਖਾਂਦਾ ਪੀਂਦਾ ਆਇਆ ਅਤੇ ਓਹ ਆਖਦੇ ਹਨ, ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਅਰ ਪਾਪੀਆਂ ਦਾ ਯਾਰ।” ਭਾਵੇਂ ਕਿ ਉਹ ਲੋਕ ਸਰੀਰਕ ਤੌਰ ਤੇ ਵੱਡੇ ਹੋ ਚੁੱਕੇ ਸਨ, ਪਰ ਉਨ੍ਹਾਂ ਬਾਰੇ ਯਿਸੂ ਨੇ ਕਿਹਾ ਕਿ ਉਹ “ਨੀਂਗਰਾਂ,” ਜਾਂ ਨਿਆਣਿਆਂ ਵਰਗੇ ਸਨ ਜਿਹੜੇ ਬਿਲਕੁਲ ਪਰਿਪੱਕ ਨਹੀਂ ਸਨ। ਇਸ ਲਈ ਉਸ ਨੇ ਅੱਗੇ ਕਿਹਾ: “ਸੋ ਗਿਆਨ ਆਪਣੇ ਕਰਮਾਂ ਤੋਂ ਸੱਚਾ ਠਹਿਰਿਆ!”—ਮੱਤੀ 11:16-19.
4. ਤਰੱਕੀ ਅਤੇ ਪਰਿਪੱਕਤਾ ਕਿਨ੍ਹਾਂ ਤਰੀਕਿਆਂ ਨਾਲ ਪ੍ਰਗਟ ਹੁੰਦੀ ਹੈ?
4 ਯਿਸੂ ਦੀਆਂ ਗੱਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਕਿਸੇ ਵਿਅਕਤੀ ਵਿਚ ਪਰਿਪੱਕਤਾ ਦੀ ਖ਼ਾਸ ਨਿਸ਼ਾਨੀ ਯਾਨੀ ਸੱਚੀ ਬੁੱਧ ਹੈ ਜਾਂ ਨਹੀਂ, ਇਹ ਉਸ ਦੇ ਕੰਮਾਂ ਤੇ ਇਨ੍ਹਾਂ ਕੰਮਾਂ ਦੇ ਨਤੀਜਿਆਂ ਤੋਂ ਦਿਖਾਈ ਦਿੰਦੀ ਹੈ। ਇਸ ਦੇ ਸੰਬੰਧ ਵਿਚ ਤਿਮੋਥਿਉਸ ਨੂੰ ਦਿੱਤੀ ਪੌਲੁਸ ਰਸੂਲ ਦੀ ਸਲਾਹ ਵੱਲ ਧਿਆਨ ਦਿਓ। ਤਿਮੋਥਿਉਸ ਨੂੰ ਇਹ ਦੱਸਣ ਤੋਂ ਬਾਅਦ ਕਿ ਉਸ ਨੂੰ ਕੀ-ਕੀ ਕਰਨਾ ਚਾਹੀਦਾ ਹੈ, ਪੌਲੁਸ ਨੇ ਕਿਹਾ: “ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।” (1 ਤਿਮੋਥਿਉਸ 4:15) ਜੀ ਹਾਂ, ਇਕ ਮਸੀਹੀ ਦੀ ਪਰਿਪੱਕਤਾ ਵੱਲ ਤਰੱਕੀ “ਪਰਗਟ” ਹੋ ਜਾਂਦੀ ਹੈ ਜਾਂ ਸਾਫ਼-ਸਾਫ਼ ਦੇਖੀ ਜਾ ਸਕਦੀ ਹੈ। ਚਾਨਣ ਵਾਂਗ ਮਸੀਹੀ ਪਰਿਪੱਕਤਾ ਕੋਈ ਅਦਿੱਖ ਜਾਂ ਲੁਕਿਆ ਹੋਇਆ ਗੁਣ ਨਹੀਂ ਹੈ। (ਮੱਤੀ 5:14-16) ਇਸ ਲਈ ਅਸੀਂ ਦੋ ਮੁੱਖ ਤਰੀਕਿਆਂ ਉੱਤੇ ਵਿਚਾਰ ਕਰਾਂਗੇ ਜਿਨ੍ਹਾਂ ਦੁਆਰਾ ਸਾਡੀ ਤਰੱਕੀ ਅਤੇ ਪਰਿਪੱਕਤਾ ਪ੍ਰਗਟ ਹੁੰਦੀ ਹੈ: (1) ਜ਼ਿਆਦਾ ਗਿਆਨ, ਸਮਝ ਅਤੇ ਬੁੱਧ ਪ੍ਰਾਪਤ ਕਰਨਾ; (2) ਪਵਿੱਤਰ ਆਤਮਾ ਦਾ ਫਲ ਪ੍ਰਗਟ ਕਰਨਾ।
ਨਿਹਚਾ ਅਤੇ ਗਿਆਨ ਵਿਚ ਏਕਤਾ
5. ਪਰਿਪੱਕਤਾ ਦੀ ਪਰਿਭਾਸ਼ਾ ਕੀ ਦਿੱਤੀ ਜਾ ਸਕਦੀ ਹੈ?
5 ਬਹੁਤ ਸਾਰੇ ਸ਼ਬਦ-ਕੋਸ਼ਾਂ ਵਿਚ ਪਰਿਪੱਕਤਾ ਦੀ ਵਿਆਖਿਆ ਦਿੱਤੀ ਗਈ ਹੈ ਕਿ ਇਹ ਪੂਰੇ ਵਿਕਾਸ ਅਤੇ ਆਖ਼ਰੀ ਜਾਂ ਲੋੜੀਂਦੀ ਹੱਦ ਤਕ ਵਾਧੇ ਦੀ ਹਾਲਤ ਹੈ। ਜਿਵੇਂ ਕਿ ਪਿੱਛੇ ਦੱਸਿਆ ਗਿਆ ਸੀ ਕਿ ਇਕ ਫਲ ਉਦੋਂ ਪੱਕ ਜਾਂਦਾ ਹੈ ਜਦੋਂ ਇਹ ਆਪਣੇ ਵਾਧੇ ਦੇ ਕੁਦਰਤੀ ਚੱਕਰ ਨੂੰ ਪੂਰਾ ਕਰ ਲੈਂਦਾ ਹੈ ਤੇ ਇਸ ਦਾ ਰੂਪ, ਰੰਗ, ਖ਼ੁਸ਼ਬੂ ਅਤੇ ਸੁਆਦ ਲੋੜੀਂਦੀ ਹੱਦ ਤਕ ਪਹੁੰਚ ਜਾਂਦੇ ਹਨ। ਇਸ ਲਈ ਪਰਿਪੱਕਤਾ ਨਾਲ ਮਿਲਦੇ-ਜੁਲਦੇ ਸ਼ਬਦ ਹਨ ਉੱਤਮਤਾ, ਪੂਰਣਤਾ ਅਤੇ ਸੰਪੂਰਣਤਾ।—ਯਸਾਯਾਹ 18:5; ਮੱਤੀ 5:45-48; ਯਾਕੂਬ 1:4.
6, 7. (ੳ) ਕਿਹੜੀ ਗੱਲ ਦਿਖਾਉਂਦੀ ਹੈ ਕਿ ਯਹੋਵਾਹ ਦਿਲੋਂ ਚਾਹੁੰਦਾ ਹੈ ਕਿ ਉਸ ਦੇ ਸਾਰੇ ਉਪਾਸਕ ਅਧਿਆਤਮਿਕ ਪਰਿਪੱਕਤਾ ਵੱਲ ਤਰੱਕੀ ਕਰਨ? (ਅ) ਅਧਿਆਤਮਿਕ ਪਰਿਪੱਕਤਾ ਦਾ ਕਿਸ ਚੀਜ਼ ਨਾਲ ਨਜ਼ਦੀਕੀ ਸੰਬੰਧ ਹੈ?
6 ਯਹੋਵਾਹ ਪਰਮੇਸ਼ੁਰ ਦਿਲੋਂ ਚਾਹੁੰਦਾ ਹੈ ਕਿ ਉਸ ਦੇ ਸਾਰੇ ਉਪਾਸਕ ਅਧਿਆਤਮਿਕ ਪਰਿਪੱਕਤਾ ਵੱਲ ਤਰੱਕੀ ਕਰਨ। ਇਸ ਲਈ ਉਸ ਨੇ ਮਸੀਹੀ ਕਲੀਸਿਯਾ ਵਿਚ ਬਹੁਤ ਸਾਰੇ ਵਧੀਆ ਪ੍ਰਬੰਧ ਕੀਤੇ ਹਨ। ਅਫ਼ਸੁਸ ਦੇ ਮਸੀਹੀਆਂ ਨੂੰ ਪੌਲੁਸ ਰਸੂਲ ਨੇ ਲਿਖਿਆ: “ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ। ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ। ਜਦੋਂ ਤੀਕ ਅਸੀਂ ਸੱਭੋ ਨਿਹਚਾ ਦੀ ਅਤੇ ਪਰਮੇਸ਼ੁਰ ਦੇ ਪੁੱਤ੍ਰ ਦੀ ਪਛਾਣ [“ਦੇ ਸਹੀ ਗਿਆਨ,” ਨਿ ਵ] ਦੀ ਏਕਤਾ ਅਤੇ ਪੂਰੇ ਮਰਦਊਪੁਣੇ ਤੀਕ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਨਾ ਪਹੁੰਚੀਏ। ਭਈ ਅਸੀਂ ਅਗਾਹਾਂ ਨੂੰ ਇਞਾਣੇ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।”—ਅਫ਼ਸੀਆਂ 4:11-14.
7 ਇਨ੍ਹਾਂ ਆਇਤਾਂ ਵਿਚ ਪੌਲੁਸ ਨੇ ਸਮਝਾਇਆ ਕਿ ਪਰਮੇਸ਼ੁਰ ਨੇ ਇਸ ਲਈ ਕਲੀਸਿਯਾ ਵਿਚ ਇੰਨੇ ਸਾਰੇ ਅਧਿਆਤਮਿਕ ਪ੍ਰਬੰਧ ਕੀਤੇ ਹਨ ਤਾਂਕਿ ਸਾਰੇ ‘ਨਿਹਚਾ ਅਤੇ ਸਹੀ ਗਿਆਨ ਦੀ ਏਕਤਾ’ ਪ੍ਰਾਪਤ ਕਰਨ, “ਮਰਦਊਪੁਣੇ ਤੀਕ” ਪਹੁੰਚਣ ਅਤੇ “ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ” ਪਹੁੰਚਣ। ਤਦ ਹੀ ਅਸੀਂ ਅਧਿਆਤਮਿਕ ਤੌਰ ਤੇ ਨਿਆਣਿਆਂ ਵਾਂਗ ਗ਼ਲਤ ਵਿਚਾਰਾਂ ਅਤੇ ਸਿੱਖਿਆਵਾਂ ਕਾਰਨ ਡੋਲਣ ਤੋਂ ਬਚੇ ਰਹਾਂਗੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਸੀਹੀ ਪਰਿਪੱਕਤਾ ਵੱਲ ਤਰੱਕੀ ਕਰਨ ਅਤੇ ‘ਨਿਹਚਾ ਅਤੇ ਪਰਮੇਸ਼ੁਰ ਦੇ ਪੁੱਤ੍ਰ ਦੇ ਸਹੀ ਗਿਆਨ ਦੀ ਏਕਤਾ’ ਪ੍ਰਾਪਤ ਕਰਨ ਵਿਚ ਨਜ਼ਦੀਕੀ ਸੰਬੰਧ ਹੈ। ਪੌਲੁਸ ਦੀ ਇਸ ਸਲਾਹ ਵਿਚ ਕਈ ਮੁੱਦੇ ਹਨ ਜਿਨ੍ਹਾਂ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ।
8. ਨਿਹਚਾ ਅਤੇ ਸਹੀ ਗਿਆਨ ਦੀ “ਏਕਤਾ” ਪ੍ਰਾਪਤ ਕਰਨ ਲਈ ਕਿਸ ਚੀਜ਼ ਦੀ ਲੋੜ ਹੈ?
8 ਪਹਿਲਾ, “ਏਕਤਾ” ਬਣਾਈ ਰੱਖਣ ਲਈ ਇਕ ਪਰਿਪੱਕ ਮਸੀਹੀ ਨੂੰ ਨਿਹਚਾ ਅਤੇ ਗਿਆਨ ਦੇ ਸੰਬੰਧ ਵਿਚ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਣਾ ਚਾਹੀਦਾ ਹੈ। ਉਹ ਬਾਈਬਲ ਦੀ ਸਮਝ ਦੇ ਸੰਬੰਧ ਵਿਚ ਆਪਣੇ ਨਿੱਜੀ ਵਿਚਾਰ ਨਹੀਂ ਰੱਖਦਾ ਅਤੇ ਨਾ ਹੀ ਇਨ੍ਹਾਂ ਨੂੰ ਸਿਖਾਉਂਦਾ ਜਾਂ ਇਨ੍ਹਾਂ ਤੇ ਅੜਿਆ ਰਹਿੰਦਾ ਹੈ। ਇਸ ਦੀ ਬਜਾਇ ਉਸ ਨੂੰ ਉਸ ਸੱਚਾਈ ਵਿਚ ਪੂਰਾ ਭਰੋਸਾ ਹੈ ਜੋ ਯਹੋਵਾਹ ਪਰਮੇਸ਼ੁਰ ਨੇ ਆਪਣੇ ਪੁੱਤਰ ਯਿਸੂ ਮਸੀਹ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਰਾਹੀਂ ਪ੍ਰਗਟ ਕੀਤੀ ਹੈ। ਮਸੀਹੀ ਸਾਹਿੱਤ, ਸਭਾਵਾਂ, ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਦੁਆਰਾ “ਵੇਲੇ ਸਿਰ” ਮੁਹੱਈਆ ਕੀਤੇ ਜਾਂਦੇ ਅਧਿਆਤਮਿਕ ਭੋਜਨ ਨੂੰ ਬਾਕਾਇਦਾ ਖਾਣ ਨਾਲ ਅਸੀਂ ਇਹ ਯਕੀਨ ਰੱਖ ਸਕਦੇ ਹਾਂ ਕਿ ਅਸੀਂ ਨਿਹਚਾ ਅਤੇ ਗਿਆਨ ਵਿਚ ਆਪਣੇ ਸੰਗੀ ਮਸੀਹੀਆਂ ਨਾਲ “ਏਕਤਾ” ਕਾਇਮ ਰੱਖ ਰਹੇ ਹਾਂ।—ਮੱਤੀ 24:45.
9. ਅਫ਼ਸੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਦੁਆਰਾ ਵਰਤੇ ਸ਼ਬਦ “ਨਿਹਚਾ” ਦਾ ਮਤਲਬ ਸਮਝਾਓ।
9 ਦੂਸਰਾ, “ਨਿਹਚਾ” ਸ਼ਬਦ ਇਕ ਮਸੀਹੀ ਦੇ ਨਿੱਜੀ ਵਿਸ਼ਵਾਸਾਂ ਨੂੰ ਸੰਕੇਤ ਨਹੀਂ ਕਰਦਾ ਸਗੋਂ ਇਹ ਬਾਈਬਲ ਦੇ ਸਾਰੇ ਵਿਸ਼ਵਾਸਾਂ ਨੂੰ, ਯਾਨੀ ਇਸ ਦੀ “ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ” ਨੂੰ ਸੰਕੇਤ ਕਰਦਾ ਹੈ। (ਅਫ਼ਸੀਆਂ 3:18; 4:5; ਕੁਲੁੱਸੀਆਂ 1:23; 2:7) ਅਸਲ ਵਿਚ, ਇਕ ਮਸੀਹੀ ਆਪਣੇ ਸੰਗੀ ਮਸੀਹੀਆਂ ਨਾਲ ਕਿੱਦਾਂ ਏਕਤਾ ਰੱਖ ਸਕਦਾ ਹੈ ਜੇ ਉਹ “ਨਿਹਚਾ” ਦੇ ਸਿਰਫ਼ ਕੁਝ ਕੁ ਹਿੱਸੇ ਨੂੰ ਹੀ ਮੰਨਦਾ ਜਾਂ ਸਵੀਕਾਰ ਕਰਦਾ ਹੈ? ਇਸ ਦਾ ਮਤਲਬ ਹੈ ਕਿ ਸਾਨੂੰ ਬਾਈਬਲ ਦੀਆਂ ਮੁਢਲੀਆਂ ਸਿੱਖਿਆਵਾਂ ਦੇ ਗਿਆਨ ਨਾਲ ਹੀ ਸੰਤੁਸ਼ਟ ਨਹੀਂ ਹੋ ਜਾਣਾ ਚਾਹੀਦਾ ਜਾਂ ਸਾਨੂੰ ਸੱਚਾਈ ਦਾ ਅਸਪੱਸ਼ਟ ਜਾਂ ਅੱਧ-ਪਚੱਧਾ ਗਿਆਨ ਹੀ ਨਹੀਂ ਲੈਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਪਰਮੇਸ਼ੁਰ ਦੇ ਬਚਨ ਦਾ ਡੂੰਘਾ ਗਿਆਨ ਲੈਣ ਲਈ ਯਹੋਵਾਹ ਦੁਆਰਾ ਆਪਣੇ ਸੰਗਠਨ ਰਾਹੀਂ ਕੀਤੇ ਸਾਰੇ ਪ੍ਰਬੰਧਾਂ ਦਾ ਪੂਰਾ-ਪੂਰਾ ਫ਼ਾਇਦਾ ਲੈਣਾ ਚਾਹੀਦਾ ਹੈ। ਸਾਨੂੰ ਪਰਮੇਸ਼ੁਰ ਦੀ ਇੱਛਾ ਅਤੇ ਮਕਸਦ ਦਾ ਜਿੰਨਾ ਹੋ ਸਕੇ, ਸਹੀ ਤੇ ਪੂਰਾ-ਪੂਰਾ ਗਿਆਨ ਲੈਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਬਾਈਬਲ ਅਤੇ ਬਾਈਬਲ ਆਧਾਰਿਤ ਪ੍ਰਕਾਸ਼ਨਾਂ ਨੂੰ ਪੜ੍ਹਨ ਅਤੇ ਇਨ੍ਹਾਂ ਦਾ ਅਧਿਐਨ ਕਰਨ ਲਈ ਸਮਾਂ ਕੱਢੀਏ, ਪਰਮੇਸ਼ੁਰ ਦੀ ਮਦਦ ਅਤੇ ਅਗਵਾਈ ਲਈ ਪ੍ਰਾਰਥਨਾ ਕਰੀਏ ਅਤੇ ਮਸੀਹੀ ਸਭਾਵਾਂ ਵਿਚ ਬਾਕਾਇਦਾ ਜਾਣ ਅਤੇ ਰਾਜ ਦੇ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਪੂਰਾ-ਪੂਰਾ ਹਿੱਸਾ ਲੈਣ ਲਈ ਵੀ ਸਮਾਂ ਕੱਢੀਏ।—ਕਹਾਉਤਾਂ 2:1-5.
10. ਅਫ਼ਸੀਆਂ 4:13 ਵਿਚ ਵਰਤੇ ਸ਼ਬਦਾਂ “ਜਦੋਂ ਤੀਕ ਅਸੀਂ ਸੱਭੋ” ਦਾ ਕੀ ਮਤਲਬ ਹੈ?
10 ਤੀਸਰਾ, ਪੌਲੁਸ ਨੇ “ਜਦੋਂ ਤੀਕ ਅਸੀਂ ਸੱਭੋ” ਸ਼ਬਦਾਂ ਨਾਲ ਉਨ੍ਹਾਂ ਤਿੰਨ ਟੀਚਿਆਂ ਬਾਰੇ ਦੱਸਣਾ ਸ਼ੁਰੂ ਕੀਤਾ। ਇਕ ਬਾਈਬਲ ਹੈਂਡਬੁੱਕ “ਅਸੀਂ ਸੱਭੋ” ਦਾ ਇਹ ਮਤਲਬ ਦੱਸਦੀ ਹੈ: “ਵੱਖਰੇ ਤੌਰ ਤੇ, ਇਕ-ਇਕ ਕਰਕੇ ਨਹੀਂ, ਸਗੋਂ ਸਾਰੇ ਇਕੱਠੇ।” ਦੂਸਰੇ ਸ਼ਬਦਾਂ ਵਿਚ, ਸਾਨੂੰ ਸਾਰਿਆਂ ਨੂੰ ਆਪਣੇ ਪੂਰੇ ਭਾਈਚਾਰੇ ਨਾਲ ਮਿਲ ਕੇ ਮਸੀਹੀ ਪਰਿਪੱਕਤਾ ਦੇ ਟੀਚੇ ਵੱਲ ਵਧਣ ਲਈ ਵਾਜਬ ਜਤਨ ਕਰਨੇ ਚਾਹੀਦੇ ਹਨ। ਦੀ ਇੰਟਰਪ੍ਰਟਰਜ਼ ਬਾਈਬਲ ਕਹਿੰਦੀ ਹੈ: “ਇਕ ਵਿਅਕਤੀ ਅਲੱਗ ਰਹਿ ਕੇ ਅਧਿਆਤਮਿਕ ਤੌਰ ਤੇ ਪੂਰੀ ਤਰ੍ਹਾਂ ਉੱਨਤੀ ਨਹੀਂ ਕਰ ਸਕਦਾ, ਜਿਵੇਂ ਸਰੀਰ ਦਾ ਇਕ ਅੰਗ ਉਦੋਂ ਤਕ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਦਾ ਜਦੋਂ ਤਕ ਪੂਰੇ ਸਰੀਰ ਦਾ ਸਿਹਤਮੰਦ ਵਿਕਾਸ ਨਾ ਹੋਵੇ।” ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਯਾਦ ਕਰਾਇਆ ਕਿ “ਸਾਰੇ ਸੰਤਾਂ ਸਣੇ” ਉਨ੍ਹਾਂ ਨੂੰ ਨਿਹਚਾ ਦੀ ਪੂਰੀ ਸਮਝ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਅਫ਼ਸੀਆਂ 3:18ੳ.
11. (ੳ) ਅਧਿਆਤਮਿਕ ਤਰੱਕੀ ਕਰਨ ਦਾ ਮਤਲਬ ਕੀ ਨਹੀਂ ਹੈ? (ਅ) ਤਰੱਕੀ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
11 ਪੌਲੁਸ ਦੇ ਸ਼ਬਦਾਂ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਦਾ ਸਿਰਫ਼ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਦਿਮਾਗ਼ਾਂ ਨੂੰ ਗਿਆਨ ਨਾਲ ਭਰੀਏ। ਪਰਿਪੱਕ ਮਸੀਹੀ ਆਪਣੇ ਗਿਆਨ ਨਾਲ ਦੂਜਿਆਂ ਨੂੰ ਚਕਾਚੌਂਧ ਨਹੀਂ ਕਰਦਾ ਹੈ। ਇਸ ਦੀ ਬਜਾਇ, ਬਾਈਬਲ ਕਹਿੰਦੀ ਹੈ: “ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।” (ਕਹਾਉਤਾਂ 4:18) ਜੀ ਹਾਂ, ਇਕ ਵਿਅਕਤੀ ਦਾ ਨਹੀਂ, ਸਗੋਂ “ਰਾਹ” ਦਾ ‘ਚਾਨਣ ਵੱਧਦਾ ਜਾਂਦਾ ਹੈ।’ ਜੇ ਅਸੀਂ ਯਹੋਵਾਹ ਦੁਆਰਾ ਆਪਣੇ ਲੋਕਾਂ ਉੱਤੇ ਪਾਈ ਜਾ ਰਹੀ ਬਾਈਬਲ ਦੀ ਸਮਝ ਦੀ ਵਧਦੀ ਰੌਸ਼ਨੀ ਵਿਚ ਲਗਾਤਾਰ ਚੱਲਦੇ ਰਹਿਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਅਧਿਆਤਮਿਕ ਤੌਰ ਤੇ ਤਰੱਕੀ ਕਰਾਂਗੇ। ਇੱਥੇ ਚੱਲਦੇ ਰਹਿਣ ਦਾ ਮਤਲਬ ਹੈ ਅੱਗੇ ਵਧਣਾ ਅਤੇ ਅਸੀਂ ਸਾਰੇ ਇਸ ਤਰ੍ਹਾਂ ਕਰ ਸਕਦੇ ਹਾਂ।—ਜ਼ਬੂਰ 97:11; 119:105.
‘ਆਤਮਾ ਦਾ ਫਲ’ ਪ੍ਰਗਟ ਹੋਣਾ
12. ਅਧਿਆਤਮਿਕ ਤੌਰ ਤੇ ਤਰੱਕੀ ਕਰਨ ਲਈ ਆਤਮਾ ਦਾ ਫਲ ਪ੍ਰਗਟ ਹੋਣਾ ਕਿਉਂ ਜ਼ਰੂਰੀ ਹੈ?
12 ਜਦ ਕਿ ‘ਨਿਹਚਾ ਅਤੇ ਸਹੀ ਗਿਆਨ ਦੀ ਏਕਤਾ’ ਕਾਇਮ ਕਰਨੀ ਜ਼ਰੂਰੀ ਹੈ, ਪਰ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਪਰਮੇਸ਼ੁਰ ਦੀ ਆਤਮਾ ਦਾ ਫਲ ਪ੍ਰਗਟ ਹੋਣਾ ਵੀ ਉੱਨਾ ਹੀ ਜ਼ਰੂਰੀ ਹੈ। ਕਿਉਂ? ਕਿਉਂਕਿ ਜਿਵੇਂ ਅਸੀਂ ਦੇਖਿਆ ਹੈ ਕਿ ਪਰਿਪੱਕਤਾ ਕੋਈ ਅਦਿੱਖ ਜਾਂ ਲੁਕਿਆ ਹੋਇਆ ਗੁਣ ਨਹੀਂ ਹੈ, ਪਰ ਇਕ ਪਰਿਪੱਕ ਇਨਸਾਨ ਦੇ ਗੁਣ ਆਸਾਨੀ ਨਾਲ ਦੇਖੇ ਜਾ ਸਕਦੇ ਹਨ ਜਿਨ੍ਹਾਂ ਤੋਂ ਦੂਸਰਿਆਂ ਨੂੰ ਫ਼ਾਇਦਾ ਤੇ ਹੌਸਲਾ ਮਿਲ ਸਕਦਾ ਹੈ। ਨਿਰਸੰਦੇਹ, ਅਧਿਆਤਮਿਕ ਤੌਰ ਤੇ ਤਰੱਕੀ ਕਰਨ ਦਾ ਮਤਲਬ ਸਾਊਪੁਣੇ ਦਾ ਦਿਖਾਵਾ ਕਰਨਾ ਨਹੀਂ ਹੈ। ਇਸ ਦੀ ਬਜਾਇ ਜਿਉਂ-ਜਿਉਂ ਅਸੀਂ ਅਧਿਆਤਮਿਕ ਤੌਰ ਤੇ ਤਰੱਕੀ ਕਰਦੇ ਜਾਵਾਂਗੇ ਅਤੇ ਪਰਮੇਸ਼ੁਰ ਦੀ ਆਤਮਾ ਦੀ ਅਗਵਾਈ ਵਿਚ ਚੱਲਾਂਗੇ, ਤਾਂ ਸਾਡੇ ਰਵੱਈਏ ਅਤੇ ਕੰਮਾਂ ਵਿਚ ਆਪਣੇ ਆਪ ਚੰਗੀ ਤਬਦੀਲੀ ਆ ਜਾਵੇਗੀ। ਪੌਲੁਸ ਰਸੂਲ ਨੇ ਕਿਹਾ: “ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆਂ ਨਾ ਕਰੋਗੇ।”—ਗਲਾਤੀਆਂ 5:16.
13. ਕਿਹੜੀ ਤਬਦੀਲੀ ਤੋਂ ਤਰੱਕੀ ਸਾਫ਼-ਸਾਫ਼ ਦਿੱਸਦੀ ਹੈ?
13 ਪੌਲੁਸ ਨੇ ਅੱਗੇ ‘ਸਰੀਰ ਦੇ ਕੰਮਾਂ’ ਬਾਰੇ ਦੱਸਿਆ ਜੋ ਕਿ ਬਹੁਤ ਹਨ ਅਤੇ “ਪਰਗਟ ਹਨ।” ਪਰਮੇਸ਼ੁਰ ਦੀਆਂ ਮੰਗਾਂ ਦੀ ਅਹਿਮੀਅਤ ਜਾਣਨ ਤੋਂ ਪਹਿਲਾਂ ਇਕ ਵਿਅਕਤੀ ਦੀ ਜ਼ਿੰਦਗੀ ਦੁਨਿਆਵੀ ਤੌਰ-ਤਰੀਕਿਆਂ ਅਨੁਸਾਰ ਢਲੀ ਹੁੰਦੀ ਹੈ ਅਤੇ ਉਹ ਸ਼ਾਇਦ ਪੌਲੁਸ ਦੁਆਰਾ ਜ਼ਿਕਰ ਕੀਤੇ ਕੰਮਾਂ ਵਿੱਚੋਂ ਕੁਝ ਕੰਮ ਕਰਦਾ ਹੋਵੇ: “ਹਰਾਮਕਾਰੀ, ਗੰਦ ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜੇਹੇ ਕੰਮ।” (ਗਲਾਤੀਆਂ 5:19-21) ਪਰ ਜਿਉਂ-ਜਿਉਂ ਉਹ ਅਧਿਆਤਮਿਕ ਤਰੱਕੀ ਕਰਦਾ ਹੈ, ਉਹ ‘ਸਰੀਰ ਦੇ’ ਗ਼ਲਤ ‘ਕੰਮਾਂ’ ਤੋਂ ਪਿੱਛਾ ਛੁਡਾਉਣਾ ਸ਼ੁਰੂ ਕਰਦਾ ਹੈ ਅਤੇ ‘ਆਤਮਾ ਦੇ ਫਲ’ ਨੂੰ ਆਪਣੇ ਵਿਚ ਪੈਦਾ ਕਰਦਾ ਹੈ। ਇਸ ਤਬਦੀਲੀ ਤੋਂ ਸਾਫ਼-ਸਾਫ਼ ਦਿੱਸਦਾ ਹੈ ਕਿ ਉਹ ਵਿਅਕਤੀ ਮਸੀਹੀ ਪਰਿਪੱਕਤਾ ਵੱਲ ਵੱਧ ਰਿਹਾ ਹੈ।—ਗਲਾਤੀਆਂ 5:22.
14. “ਸਰੀਰ ਦੇ ਕੰਮ” ਅਤੇ “ਆਤਮਾ ਦਾ ਫਲ” ਵਾਕੰਸ਼ਾਂ ਨੂੰ ਸਮਝਾਓ।
14 ਸਾਨੂੰ ਇਨ੍ਹਾਂ ਦੋਹਾਂ ਵਾਕੰਸ਼ਾਂ “ਸਰੀਰ ਦੇ ਕੰਮ” ਅਤੇ “ਆਤਮਾ ਦਾ ਫਲ” ਵੱਲ ਧਿਆਨ ਦੇਣਾ ਚਾਹੀਦਾ ਹੈ। ਇਕ ਵਿਅਕਤੀ ਜਿਹੜੇ ਕਦਮ ਚੁੱਕਦਾ ਹੈ, ਉਨ੍ਹਾਂ ਦੇ ਨਤੀਜਿਆਂ ਨੂੰ “ਕੰਮ” ਕਿਹਾ ਗਿਆ ਹੈ। ਦੂਸਰੇ ਸ਼ਬਦਾਂ ਵਿਚ, ਪੌਲੁਸ ਨੇ ਸਰੀਰ ਦੇ ਕੰਮਾਂ ਵਿਚ ਜਿਨ੍ਹਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ, ਉਹ ਜਾਂ ਤਾਂ ਕਿਸੇ ਦੇ ਜਾਣ-ਬੁੱਝ ਕੇ ਕੀਤੇ ਜਤਨਾਂ ਦਾ ਜਾਂ ਪਾਪੀ ਮਨੁੱਖੀ ਸਰੀਰ ਦੇ ਪ੍ਰਭਾਵ ਦਾ ਨਤੀਜਾ ਹੁੰਦੇ ਹਨ। (ਰੋਮੀਆਂ 1:24, 28; 7:21-25) ਦੂਸਰੇ ਪਾਸੇ, ‘ਆਤਮਾ ਦੇ ਫਲ’ ਦਾ ਮਤਲਬ ਹੈ ਕਿ ਇਸ ਵਿਚ ਜਿਨ੍ਹਾਂ ਗੁਣਾਂ ਦੀ ਸੂਚੀ ਦਿੱਤੀ ਗਈ ਹੈ, ਉਹ ਕਿਸੇ ਵਿਅਕਤੀ ਦੇ ਆਪਣੇ ਸੁਭਾਅ ਨੂੰ ਸੁਧਾਰਨ ਜਾਂ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦੇ ਜਤਨਾਂ ਦਾ ਨਤੀਜਾ ਨਹੀਂ ਹਨ, ਸਗੋਂ ਇਹ ਗੁਣ ਇਕ ਵਿਅਕਤੀ ਵਿਚ ਉਦੋਂ ਪੈਦਾ ਹੁੰਦੇ ਹਨ ਜਦੋਂ ਪਰਮੇਸ਼ੁਰ ਦੀ ਆਤਮਾ ਉਸ ਵਿਚ ਕੰਮ ਕਰਦੀ ਹੈ। ਠੀਕ ਜਿਵੇਂ ਇਕ ਦਰਖ਼ਤ ਉਦੋਂ ਫਲ ਦਿੰਦਾ ਹੈ ਜਦੋਂ ਉਸ ਦੀ ਚੰਗੇ ਤਰੀਕੇ ਨਾਲ ਦੇਖ-ਭਾਲ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਇਕ ਵਿਅਕਤੀ ਵਿਚ ਆਤਮਾ ਦਾ ਫਲ ਉਦੋਂ ਪ੍ਰਗਟ ਹੋਵੇਗਾ ਜਦੋਂ ਪਰਮੇਸ਼ੁਰ ਦੀ ਆਤਮਾ ਪੂਰੀ ਤਰ੍ਹਾਂ ਉਸ ਦੀ ਜ਼ਿੰਦਗੀ ਵਿਚ ਕੰਮ ਕਰ ਰਹੀ ਹੋਵੇਗੀ।—ਜ਼ਬੂਰ 1:1-3.
15. ‘ਆਤਮਾ ਦੇ ਫਲ’ ਦੇ ਸਾਰੇ ਗੁਣਾਂ ਵੱਲ ਧਿਆਨ ਦੇਣਾ ਕਿਉਂ ਜ਼ਰੂਰੀ ਹੈ?
15 ਇਕ ਹੋਰ ਮੁੱਦੇ ਵੱਲ ਧਿਆਨ ਦਿਓ ਕਿ ਪੌਲੁਸ ਦੁਆਰਾ ਵਰਤੇ ਸ਼ਬਦ “ਫਲ” ਵਿਚ ਉਸ ਦੁਆਰਾ ਜ਼ਿਕਰ ਕੀਤੇ ਗਏ ਸਾਰੇ ਗੁਣ ਸ਼ਾਮਲ ਹਨ। ਆਤਮਾ ਵੱਖਰੇ-ਵੱਖਰੇ ਫਲ ਪੈਦਾ ਨਹੀਂ ਕਰਦੀ ਜਿਨ੍ਹਾਂ ਵਿੱਚੋਂ ਅਸੀਂ ਆਪਣਾ ਕੋਈ ਮਨਪਸੰਦ ਫਲ ਚੁਣ ਸਕਦੇ ਹਾਂ। ਪੌਲੁਸ ਦੁਆਰਾ ਦੱਸੇ ਸਾਰੇ ਗੁਣ—ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ ਅਤੇ ਸੰਜਮ—ਅਹਿਮ ਹਨ ਅਤੇ ਇਹ ਸਾਰੇ ਮਿਲ ਕੇ ਇਕ ਵਿਅਕਤੀ ਵਿਚ ਨਵੀਂ ਮਸੀਹੀ ਸ਼ਖ਼ਸੀਅਤ ਪੈਦਾ ਕਰਦੇ ਹਨ। (ਅਫ਼ਸੀਆਂ 4:24; ਕੁਲੁੱਸੀਆਂ 3:10) ਇਸ ਲਈ ਚਾਹੇ ਕਿ ਸਾਡੀ ਆਪਣੀ ਸ਼ਖ਼ਸੀਅਤ ਕਰਕੇ ਜਾਂ ਸਹਿਜ ਸੁਭਾਅ ਹੀ ਇਨ੍ਹਾਂ ਵਿੱਚੋਂ ਕੁਝ ਇਕ ਗੁਣ ਸਾਡੇ ਵਿਚ ਜ਼ਿਆਦਾ ਹੋਣ, ਪਰ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਪੌਲੁਸ ਦੁਆਰਾ ਜ਼ਿਕਰ ਕੀਤੇ ਸਾਰੇ ਗੁਣਾਂ ਵੱਲ ਧਿਆਨ ਦੇਈਏ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਜ਼ਿੰਦਗੀ ਵਿਚ ਮਸੀਹ ਵਰਗੇ ਗੁਣ ਦਿਖਾ ਸਕਦੇ ਹਾਂ।—1 ਪਤਰਸ 2:12, 21.
16. ਮਸੀਹੀ ਪਰਿਪੱਕਤਾ ਪ੍ਰਾਪਤ ਕਰਨ ਦਾ ਸਾਡਾ ਉਦੇਸ਼ ਕੀ ਹੋਣਾ ਚਾਹੀਦਾ ਹੈ ਅਤੇ ਅਸੀਂ ਇਹ ਉਦੇਸ਼ ਕਿਵੇਂ ਪ੍ਰਾਪਤ ਕਰ ਸਕਦੇ ਹਾਂ?
16 ਪੌਲੁਸ ਦੀ ਇਸ ਚਰਚਾ ਤੋਂ ਅਸੀਂ ਇਹ ਅਹਿਮ ਸਬਕ ਸਿੱਖਦੇ ਹਾਂ ਕਿ ਮਸੀਹੀ ਪਰਿਪੱਕਤਾ ਪ੍ਰਾਪਤ ਕਰਨ ਦਾ ਸਾਡਾ ਉਦੇਸ਼ ਨਾ ਤਾਂ ਜ਼ਿਆਦਾ ਗਿਆਨ ਹਾਸਲ ਕਰਨਾ ਹੋਣਾ ਚਾਹੀਦਾ ਹੈ ਤੇ ਨਾ ਹੀ ਆਪਣੀ ਸ਼ਖ਼ਸੀਅਤ ਨੂੰ ਨਿਖਾਰਨਾ ਹੋਣਾ ਚਾਹੀਦਾ ਹੈ। ਇਸ ਦਾ ਉਦੇਸ਼ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੀ ਜ਼ਿੰਦਗੀ ਉੱਤੇ ਪੂਰੀ ਤਰ੍ਹਾਂ ਅਸਰ ਪਾਵੇ। ਜਿਸ ਹੱਦ ਤਕ ਅਸੀਂ ਪਰਮੇਸ਼ੁਰ ਦੀ ਆਤਮਾ ਦੇ ਅਨੁਸਾਰ ਆਪਣੀ ਸੋਚ ਅਤੇ ਆਪਣੇ ਕੰਮਾਂ ਨੂੰ ਬਦਲਦੇ ਜਾਵਾਂਗੇ, ਉਸ ਹੱਦ ਤਕ ਅਸੀਂ ਅਧਿਆਤਮਿਕ ਤੌਰ ਤੇ ਪਰਿਪੱਕ ਬਣਾਂਗੇ। ਅਸੀਂ ਇਹ ਉਦੇਸ਼ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਸਾਨੂੰ ਆਪਣੇ ਦਿਲ-ਦਿਮਾਗ਼ ਉੱਤੇ ਪਰਮੇਸ਼ੁਰ ਦੀ ਆਤਮਾ ਨੂੰ ਪੂਰੀ ਤਰ੍ਹਾਂ ਅਸਰ ਪਾਉਣ ਦੇਣਾ ਚਾਹੀਦਾ ਹੈ। ਇਸ ਦੇ ਲਈ ਸਾਨੂੰ ਬਾਕਾਇਦਾ ਮਸੀਹੀ ਸਭਾਵਾਂ ਵਿਚ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਸਾਨੂੰ ਨਿਯਮਿਤ ਤੌਰ ਤੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਵੀ ਕਰਨਾ ਚਾਹੀਦਾ ਹੈ ਅਤੇ ਉਸ ਉੱਤੇ ਮਨਨ ਕਰਨਾ ਚਾਹੀਦਾ ਹੈ ਤੇ ਦੂਸਰਿਆਂ ਨਾਲ ਵਰਤਦੇ ਸਮੇਂ ਅਤੇ ਫ਼ੈਸਲੇ ਕਰਦੇ ਸਮੇਂ ਇਸ ਦੇ ਸਿਧਾਂਤਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਡੀ ਤਰੱਕੀ ਸਪੱਸ਼ਟ ਤੌਰ ਤੇ ਜ਼ਰੂਰ ਪ੍ਰਗਟ ਹੋਵੇਗੀ।
ਪਰਮੇਸ਼ੁਰ ਦੀ ਮਹਿਮਾ ਲਈ ਤਰੱਕੀ ਕਰੋ
17. ਸਾਡੀ ਤਰੱਕੀ ਦਾ ਸਾਡੇ ਸਵਰਗੀ ਪਿਤਾ ਦੀ ਵਡਿਆਈ ਨਾਲ ਕੀ ਸੰਬੰਧ ਹੈ?
17 ਅਖ਼ੀਰ, ਸਾਡੀ ਤਰੱਕੀ ਦੇ ਪ੍ਰਗਟ ਹੋਣ ਨਾਲ ਸਾਡੀ ਨਹੀਂ ਸਗੋਂ ਸਾਡੇ ਸਵਰਗੀ ਪਿਤਾ ਯਹੋਵਾਹ ਦੀ ਮਹਿਮਾ ਤੇ ਵਡਿਆਈ ਹੋਵੇਗੀ ਜਿਸ ਨੇ ਸਾਡੇ ਲਈ ਅਧਿਆਤਮਿਕ ਪਰਿਪੱਕਤਾ ਪ੍ਰਾਪਤ ਕਰਨਾ ਸੰਭਵ ਕੀਤਾ ਹੈ। ਯਿਸੂ ਨੇ ਆਪਣੇ ਕਤਲ ਤੋਂ ਇਕ ਰਾਤ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ।” (ਯੂਹੰਨਾ 15:8) ਉਸ ਦੇ ਚੇਲਿਆਂ ਨੇ ਪਵਿੱਤਰ ਆਤਮਾ ਦਾ ਫਲ ਪੈਦਾ ਕਰਨ ਦੁਆਰਾ ਅਤੇ ਆਪਣੀ ਰਾਜ ਸੇਵਕਾਈ ਵਿਚ ਫਲ ਪੈਦਾ ਕਰਨ ਦੁਆਰਾ ਯਹੋਵਾਹ ਦੀ ਮਹਿਮਾ ਕੀਤੀ ਸੀ।—ਰਸੂਲਾਂ ਦੇ ਕਰਤੱਬ 11:4, 18; 13:48.
18. (ੳ) ਅੱਜ ਵਾਢੀ ਦਾ ਕਿਹੜਾ ਖ਼ੁਸ਼ੀਆਂ ਭਰਿਆ ਕੰਮ ਹੋ ਰਿਹਾ ਹੈ? (ਅ) ਵਾਢੀ ਦਾ ਇਹ ਕੰਮ ਕਿਹੜੀਆਂ ਚੁਣੌਤੀਆਂ ਖੜ੍ਹੀਆਂ ਕਰਦਾ ਹੈ?
18 ਅੱਜ ਯਹੋਵਾਹ ਦੇ ਲੋਕ ਦੁਨੀਆਂ ਭਰ ਵਿਚ ਅਧਿਆਤਮਿਕ ਵਾਢੀ ਦਾ ਕੰਮ ਕਰ ਰਹੇ ਹਨ। ਉਹ ਉਨ੍ਹਾਂ ਦੇ ਕੰਮ ਤੇ ਬਰਕਤਾਂ ਪਾ ਰਿਹਾ ਹੈ। ਹੁਣ ਕਈ ਸਾਲਾਂ ਤੋਂ, ਹਰ ਸਾਲ ਲਗਭਗ 3,00,000 ਲੋਕ ਯਹੋਵਾਹ ਨੂੰ ਆਪਣਾ ਸਮਰਪਣ ਕਰਦੇ ਹਨ ਅਤੇ ਪਾਣੀ ਦਾ ਬਪਤਿਸਮਾ ਲੈ ਕੇ ਇਸ ਦਾ ਸਬੂਤ ਦਿੰਦੇ ਹਨ। ਇਸ ਤੋਂ ਸਾਨੂੰ ਖ਼ੁਸ਼ੀ ਹੁੰਦੀ ਹੈ ਤੇ ਬਿਨਾਂ ਸ਼ੱਕ ਯਹੋਵਾਹ ਦਾ ਦਿਲ ਵੀ ਆਨੰਦਿਤ ਹੁੰਦਾ ਹੈ। (ਕਹਾਉਤਾਂ 27:11) ਪਰ ਯਹੋਵਾਹ ਦੀ ਇਸ ਖ਼ੁਸ਼ੀ ਅਤੇ ਮਹਿਮਾ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਇਹ ਸਾਰੇ ਨਵੇਂ ਲੋਕ ‘ਮਸੀਹ ਦੇ ਵਿੱਚ ਚੱਲਦੇ ਜਾਣ ਅਤੇ ਜੜ੍ਹ ਫੜ ਕੇ ਅਤੇ ਉਹ ਦੇ ਉੱਤੇ ਉਸਰ ਕੇ ਅਤੇ ਆਪਣੀ ਨਿਹਚਾ ਵਿੱਚ ਦ੍ਰਿੜ੍ਹ ਹੋਣ।’ (ਕੁਲੁੱਸੀਆਂ 2:6, 7) ਇਸ ਤਰ੍ਹਾਂ ਕਰਨ ਲਈ ਪਰਮੇਸ਼ੁਰ ਦੇ ਲੋਕਾਂ ਨੂੰ ਦੋ ਤਰ੍ਹਾਂ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਕ ਪਾਸੇ, ਜੇ ਤੁਸੀਂ ਨਵਾਂ-ਨਵਾਂ ਬਪਤਿਸਮਾ ਲਿਆ ਹੈ, ਤਾਂ ਕੀ ਤੁਸੀਂ ਮਿਹਨਤ ਕਰਨ ਦੀ ਚੁਣੌਤੀ ਨੂੰ ਸਵੀਕਾਰ ਕਰੋਗੇ ਤਾਂਕਿ ‘ਤੁਹਾਡੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ’? ਦੂਸਰੇ ਪਾਸੇ, ਜੇ ਤੁਸੀਂ ਸੱਚਾਈ ਵਿਚ ਕੁਝ ਸਮੇਂ ਤੋਂ ਹੋ, ਤਾਂ ਕੀ ਤੁਸੀਂ ਨਵੇਂ ਭੈਣ-ਭਰਾਵਾਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਨ ਦੀ ਚੁਣੌਤੀ ਨੂੰ ਸਵੀਕਾਰ ਕਰੋਗੇ? ਦੋਹਾਂ ਮਾਮਲਿਆਂ ਵਿਚ ਪਰਿਪੱਕਤਾ ਵੱਲ ਵਧਣ ਦੀ ਲੋੜ ਸਪੱਸ਼ਟ ਨਜ਼ਰ ਆਉਂਦੀ ਹੈ।—ਫ਼ਿਲਿੱਪੀਆਂ 3:16; ਇਬਰਾਨੀਆਂ 6:1.
19. ਜੇ ਤੁਸੀਂ ਆਪਣੀ ਤਰੱਕੀ ਪ੍ਰਗਟ ਕਰਦੇ ਹੋ, ਤਾਂ ਤੁਹਾਨੂੰ ਕਿਹੜਾ ਵਿਸ਼ੇਸ਼-ਸਨਮਾਨ ਅਤੇ ਕਿਹੜੀਆਂ ਬਰਕਤਾਂ ਮਿਲਣਗੀਆਂ?
19 ਆਪਣੀ ਤਰੱਕੀ ਪ੍ਰਗਟ ਕਰਨ ਲਈ ਸਾਰੇ ਮਿਹਨਤੀ ਮਸੀਹੀਆਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਤਿਮੋਥਿਉਸ ਨੂੰ ਤਰੱਕੀ ਕਰਨ ਦੀ ਸਲਾਹ ਦੇਣ ਤੋਂ ਬਾਅਦ ਪੌਲੁਸ ਦੇ ਇਨ੍ਹਾਂ ਹੌਸਲਾਦਾਇਕ ਸ਼ਬਦਾਂ ਨੂੰ ਯਾਦ ਕਰੋ: “ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (1 ਤਿਮੋਥਿਉਸ 4:16) ਆਪਣੀ ਤਰੱਕੀ ਪ੍ਰਗਟ ਕਰਨ ਲਈ ਮਿਹਨਤ ਕਰਨ ਦੁਆਰਾ ਤੁਸੀਂ ਵੀ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਕਰਨ ਅਤੇ ਉਸ ਤੋਂ ਬਰਕਤਾਂ ਪ੍ਰਾਪਤ ਕਰਨ ਦਾ ਵਿਸ਼ੇਸ਼-ਸਨਮਾਨ ਹਾਸਲ ਕਰ ਸਕੋਗੇ।
ਕੀ ਤੁਹਾਨੂੰ ਯਾਦ ਹੈ?
• ਕਿਨ੍ਹਾਂ ਤਰੀਕਿਆਂ ਨਾਲ ਅਧਿਆਤਮਿਕ ਤਰੱਕੀ ਪ੍ਰਗਟ ਹੁੰਦੀ ਹੈ?
• ਕਿਸ ਤਰ੍ਹਾਂ ਦਾ ਗਿਆਨ ਅਤੇ ਸਮਝ ਪਰਿਪੱਕਤਾ ਨੂੰ ਪ੍ਰਗਟ ਕਰਦੇ ਹਨ?
• “ਆਤਮਾ ਦਾ ਫਲ” ਪ੍ਰਗਟ ਕਰਨ ਨਾਲ ਅਧਿਆਤਮਿਕ ਤਰੱਕੀ ਕਿਵੇਂ ਦਿੱਸਦੀ ਹੈ?
• ਪਰਿਪੱਕਤਾ ਵੱਲ ਵਧਦੇ ਹੋਏ ਸਾਨੂੰ ਕਿਹੜੀ ਚੁਣੌਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ?
[ਸਫ਼ੇ 13 ਉੱਤੇ ਤਸਵੀਰ]
ਫਲ ਨੂੰ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ ਕਿ ਉਹ ਪੱਕ ਚੁੱਕਾ ਹੈ
[ਸਫ਼ੇ 15 ਉੱਤੇ ਤਸਵੀਰ]
ਅਸੀਂ ਪ੍ਰਗਟ ਕੀਤੀ ਜਾ ਰਹੀ ਸੱਚਾਈ ਦਾ ਲਗਾਤਾਰ ਗਿਆਨ ਲੈਣ ਦੁਆਰਾ ਅਧਿਆਤਮਿਕ ਤਰੱਕੀ ਕਰਦੇ ਹਾਂ
[ਸਫ਼ੇ 17 ਉੱਤੇ ਤਸਵੀਰ]
ਪ੍ਰਾਰਥਨਾ “ਆਤਮਾ ਦਾ ਫਲ” ਪ੍ਰਗਟ ਕਰਨ ਵਿਚ ਸਾਡੀ ਮਦਦ ਕਰਦੀ ਹੈ