ਆਪਣੇ ਨਾਂ ਨੂੰ ਬਦਨਾਮੀ ਤੋਂ ਬਚਾਓ
ਇਕ ਆਦਮੀ ਜੋ ਬਹੁਤ ਹੀ ਸੁੰਦਰ ਇਮਾਰਤਾਂ ਬਣਾਉਂਦਾ ਹੈ, ਆਪਣੇ ਲਈ ਮਾਹਰ ਆਰਕੀਟੈਕਟ ਹੋਣ ਦਾ ਨਾਂ ਕਮਾਉਂਦਾ ਹੈ। ਇਕ ਮੁਟਿਆਰ ਜੋ ਪੜ੍ਹਾਈ ਵਿਚ ਹੁਸ਼ਿਆਰ ਹੁੰਦੀ ਹੈ ਚੰਗੀ ਵਿਦਿਆਰਥਣ ਵਜੋਂ ਪਛਾਣੀ ਜਾਂਦੀ ਹੈ। ਉਹ ਬੰਦਾ ਜੋ ਕੁਝ ਵੀ ਨਹੀਂ ਕਰਦਾ ਆਲਸੀ ਹੋਣ ਲਈ ਜਾਣਿਆ ਜਾਂਦਾ ਹੈ। ਇਕ ਚੰਗਾ ਨਾਂ ਕਮਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹੋਏ, ਬਾਈਬਲ ਕਹਿੰਦੀ ਹੈ: “ਵੱਡੇ ਧਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।”—ਕਹਾਉਤਾਂ 22:1.
ਇਕ ਨੇਕ ਨਾਂ ਕਾਫ਼ੀ ਸਮੇਂ ਦੌਰਾਨ ਆਪਣੇ ਕੰਮਾਂ-ਕਾਰਾਂ ਰਾਹੀਂ ਕਮਾਇਆ ਜਾਂਦਾ ਹੈ। ਲੇਕਿਨ ਬੰਦੇ ਦੇ ਨੇਕ ਨਾਂ ਨੂੰ ਬਦਨਾਮ ਕਰਨ ਲਈ ਇੱਕੋ ਗ਼ਲਤ ਕੰਮ ਕਾਫ਼ੀ ਹੈ। ਉਦਾਹਰਣ ਲਈ, ਗ਼ਲਤ ਅਨੈਤਿਕ ਕੰਮ ਵਿਚ ਇਕ ਵਾਰ ਵੀ ਹਿੱਸਾ ਲੈਣ ਦੁਆਰਾ ਇਕ ਚੰਗੇ ਨਾਂ ਤੇ ਦਾਗ਼ ਲੱਗ ਸਕਦਾ ਹੈ। ਬਾਈਬਲ ਵਿਚ ਕਹਾਉਤਾਂ ਨਾਂ ਦੀ ਪੁਸਤਕ ਪੁਰਾਣੇ ਜ਼ਮਾਨੇ ਦੇ ਇਸਰਾਏਲ ਦੇ ਰਾਜਾ ਸੁਲੇਮਾਨ ਦੁਆਰਾ ਲਿਖੀ ਗਈ ਸੀ। ਕਹਾਉਤਾਂ ਦੇ 6ਵੇਂ ਅਧਿਆਏ ਵਿਚ ਸੁਲੇਮਾਨ ਨੇ ਉਨ੍ਹਾਂ ਕੰਮਾਂ ਅਤੇ ਉਸ ਰਵੱਈਏ ਬਾਰੇ ਚੇਤਾਵਨੀ ਦਿੱਤੀ ਸੀ ਜੋ ਨਾ ਸਿਰਫ਼ ਸਾਡੇ ਨਾਂ ਨੂੰ ਬਦਨਾਮ ਕਰ ਸਕਦੇ ਹਨ, ਪਰ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਵੀ ਵਿਗਾੜ ਸਕਦੇ ਹਨ। ਇਨ੍ਹਾਂ ਕੰਮਾਂ ਵਿੱਚੋਂ ਕੁਝ ਹਨ ਬੇਸਮਝੀ ਨਾਲ ਵਾਅਦੇ ਕਰਨੇ, ਆਲਸੀ ਹੋਣਾ, ਧੋਖੇਬਾਜ਼ ਹੋਣਾ, ਅਤੇ ਅਨੈਤਿਕ ਕੰਮ ਕਰਨੇ। ਅਸਲ ਵਿਚ ਇਹ ਉਹ ਕੰਮ ਹਨ ਜਿਨ੍ਹਾਂ ਨਾਲ ਯਹੋਵਾਹ ਘਿਣ ਕਰਦਾ ਹੈ। ਕਹਾਉਤਾਂ ਦੀ ਸਲਾਹ ਵੱਲ ਧਿਆਨ ਦੇਣ ਨਾਲ ਅਸੀਂ ਆਪਣੇ ਨਾਂ ਨੂੰ ਬਦਨਾਮੀ ਤੋਂ ਬਚਾ ਕੇ ਰੱਖ ਸਕਦੇ ਹਾਂ।
ਫਜ਼ੂਲ ਵਾਅਦਿਆਂ ਤੋਂ ਬਚੋ
ਕਹਾਉਤਾਂ ਦਾ 6ਵਾਂ ਅਧਿਆਏ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ: “ਹੇ ਮੇਰੇ ਪੁੱਤ੍ਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਾਮਨ ਹੋਇਆ, ਅਥਵਾ ਕਿਸੇ ਪਰਾਏ ਦੇ ਹੱਥ ਉੱਤੇ ਹੱਥ ਮਾਰਿਆ ਹੋਵੇ, ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ, ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜਿਆ ਗਿਆ। ਸੋ ਹੇ ਮੇਰੇ ਪੁੱਤ੍ਰ, ਜਦੋਂ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ, ਹੁਣ ਇਉਂ ਕਰ ਤਾਂ ਤੂੰ ਛੁਟੇਂਗਾ, ਜਾਹ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ।”—ਕਹਾਉਤਾਂ 6:1-3.
ਇਸ ਕਹਾਵਤ ਦੀ ਸਲਾਹ ਹੈ ਕਿ ਦੂਸਰਿਆਂ ਦਿਆਂ ਕੰਮਾਂ-ਧੰਦਿਆਂ ਵਿਚ ਲੱਤ ਨਾ ਅੜਾਓ, ਖ਼ਾਸ ਕਰਕੇ ਪਰਾਏ ਲੋਕਾਂ ਦੇ ਕੰਮਾਂ ਵਿਚ। ਇਸਰਾਏਲੀਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਜੇ ਉਨ੍ਹਾਂ ਦਾ ਕੋਈ ਭਰਾ “ਕੰਗਾਲ ਬਣ ਗਿਆ ਹੋਵੇ ਅਤੇ ਉਸ ਦਾ ਹੱਥ ਤੰਗ ਹੋਵੇ” ਤਾਂ ਉਨ੍ਹਾਂ ਨੂੰ ‘ਉਸ ਦੀ ਸਮ੍ਹਾਲ ਰੱਖਣੀ’ ਚਾਹੀਦੀ ਸੀ। (ਲੇਵੀਆਂ 25:35-38) ਪਰ ਕੁਝ ਮਿਹਨਤੀ ਇਸਰਾਏਲੀ ਖ਼ਤਰੇ ਵਾਲੇ ਕੰਮਾਂ-ਧੰਦਿਆਂ ਵਿਚ ਹਿੱਸਾ ਲੈ ਰਹੇ ਸਨ। ਉਹ ਪੈਸੇ ਪ੍ਰਾਪਤ ਕਰਨ ਲਈ ਦੂਸਰਿਆਂ ਨੂੰ ਜ਼ਮਾਨਤ ਦੇਣ ਲਈ ਮਨਵਾਉਂਦੇ ਸਨ, ਇਸ ਤਰ੍ਹਾਂ ਉਹ ਵਿਅਕਤੀ ਕਰਜ਼ ਦੇ ਜ਼ਿੰਮੇਵਾਰ ਹੁੰਦਾ ਸੀ। ਸ਼ਾਇਦ ਅੱਜ ਵੀ ਇਸ ਤਰ੍ਹਾਂ ਦੇ ਕੰਮ ਹੁੰਦੇ ਹਨ। ਉਦਾਹਰਣ ਲਈ, ਜਦੋਂ ਇਕ ਬੈਂਕ ਤੋਂ ਵੱਡਾ ਉਧਾਰ ਮੰਗਿਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਉਧਾਰ ਦੇਣ ਤੋਂ ਪਹਿਲਾਂ ਉਹ ਕਿਸੇ ਹੋਰ ਬੰਦੇ ਦਾ ਦਸਤਖਤ ਮੰਗਣ। ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇਕਰ ਅਸੀਂ ਬਿਨਾਂ ਸੋਚੇ-ਸਮਝੇ ਦੂਸਰਿਆਂ ਦੇ ਲਈ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲਈਏ! ਹੋ ਸਕਦਾ ਹੈ ਕਿ ਅਸੀਂ ਵੀ ਪੈਸਿਆਂ ਦੇ ਕਰਜ਼ ਹੇਠ ਆ ਜਾਈਏ, ਅਤੇ ਬੈਂਕਾਂ ਜਾਂ ਲੈਣਦਾਰਾਂ ਨਾਲ ਆਪਣਾ ਨਾਂ ਖ਼ਰਾਬ ਕਰ ਲਈਏ!
ਸ਼ਾਇਦ ਅਸੀਂ ਅਜਿਹੇ ਕੰਮ ਵਿਚ ਵੀ ਫੱਸ ਗਏ ਹਾਂ ਜੋ ਪਹਿਲਾਂ ਤਾਂ ਬੁੱਧੀਮਾਨ ਲੱਗਦਾ ਸੀ ਪਰ ਜਾਂਚ ਕਰਨ ਤੋਂ ਬਾਅਦ ਹੁਣ ਮੂਰਖਤਾ ਦੀ ਗੱਲ ਜਾਪਦੀ ਹੈ। ਜੇਕਰ ਸਾਡੀ ਇਹ ਹਾਲਤ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸਾਨੂੰ ਨਿਮਰ ਹੋ ਕੇ ‘ਆਪਣੇ ਗੁਆਂਢੀ ਨੂੰ ਮਨਾ ਲੈਣਾ’ ਚਾਹੀਦਾ ਹੈ ਮਤਲਬ ਕਿ ਛੁਟਕਾਰੇ ਲਈ ਉਸ ਦੀ ਬੇਨਤੀ ਕਰੀ ਜਾਓ। ਸਾਨੂੰ ਮਾਮਲਾ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਕ ਕਿਤਾਬ ਕਹਿੰਦੀ ਹੈ ਕਿ “ਮਾਮਲੇ ਨੂੰ ਨਿਬੇੜਨ ਦੀ ਪੂਰੀ ਕੋਸ਼ਿਸ਼ ਕਰਦੇ ਰਹੋ ਜਦ ਤੀਕਰ ਤੁਸੀਂ ਆਪਣੇ ਵੈਰੀ ਨਾਲ ਸੁਲ੍ਹਾ ਨਹੀਂ ਕਰ ਲੈਂਦੇ, ਤਾਂ ਜੋ ਇਸ ਦੀ ਜ਼ਿੰਮੇਵਾਰੀ ਤੁਹਾਡੇ ਉੱਤੇ ਜਾਂ ਤੁਹਾਡੇ ਪਰਿਵਾਰ ਉੱਤੇ ਨਾ ਆਵੇ।” ਅਤੇ ਇਹ ਕੰਮ ਫਟਾਫਟ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਰਾਜਾ ਸੁਲੇਮਾਨ ਨੇ ਅੱਗੇ ਕਿਹਾ ਕਿ “ਨਾ ਆਪਣੀਆਂ ਅੱਖਾਂ ਲੱਗਣ ਦੇਹ, ਨਾ ਆਪਣੀਆਂ ਪਲਕਾਂ ਵਿੱਚ ਨੀਂਦ ਆਉਣ ਦੇਹ। ਜਿਵੇਂ ਸ਼ਿਕਾਰੀ ਦੇ ਹੱਥੋਂ ਹਰਨੀ ਅਤੇ ਚਿੜੀਮਾਰ ਦੇ ਹੱਥੋਂ ਚਿੜੀ, ਓਵੇਂ ਆਪਣੇ ਆਪ ਨੂੰ ਛੁਡਾ ਲੈ।” (ਕਹਾਉਤਾਂ 6:4, 5) ਬੁੱਧੀ ਦੀ ਗੱਲ ਹੋਵੇਗੀ ਜੇਕਰ ਅਸੀਂ ਅਜਿਹੇ ਫਜ਼ੂਲ ਵਾਅਦਿਆਂ ਵਿਚ ਨਾ ਫੱਸੀਏ।
ਕੀੜੀ ਵਾਂਗ ਮਿਹਨਤੀ ਹੋਵੋ
ਸੁਲੇਮਾਨ ਨੇ ਇਹ ਚੇਤਾਵਨੀ ਦਿੱਤੀ ਕਿ “ਹੇ ਆਲਸੀ, ਤੂੰ ਕੀੜੀ ਕੋਲ ਜਾਹ, ਉਹ ਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ।” ਸਾਨੂੰ ਛੋਟੀ ਜਿਹੀ ਕੀੜੀ ਦੇ ਕੰਮਾਂ ਤੋਂ ਬੁੱਧ ਕਿਵੇਂ ਮਿਲ ਸਕਦੀ ਹੈ? ਰਾਜੇ ਨੇ ਜਵਾਬ ਦਿੱਤਾ: “ਜਿਹ ਦਾ ਨਾ ਕੋਈ ਆਗੂ, ਨਾ ਹੁੱਦੇਦਾਰ ਨਾ ਹਾਕਮ ਹੈ, ਉਹ ਆਪਣਾ ਅਹਾਰ ਗਰਮੀ ਵਿੱਚ ਜੋੜਦੀ, ਅਤੇ ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ।”—ਕਹਾਉਤਾਂ 6:6-8.
ਕੀੜੀਆਂ ਇਸ ਗੱਲ ਵਿਚ ਕਾਫ਼ੀ ਅਨੋਖੀਆਂ ਹੁੰਦੀਆਂ ਹਨ ਕਿ ਉਹ ਮਿਲ ਕੇ ਕੰਮ ਕਰਦੀਆਂ ਹਨ। ਉਹ ਕੁਦਰਤੀ ਤੌਰ ਤੇ ਭਵਿੱਖ ਲਈ ਖਾਣਾ ਜਮਾ ਕਰਦੀਆਂ ਹਨ। ਉਨ੍ਹਾਂ ਦਾ “ਕੋਈ ਆਗੂ, ਨਾ ਹੁੱਦੇਦਾਰ ਨਾ ਹਾਕਮ ਹੈ।” ਇਹ ਸੱਚ ਹੈ ਕਿ ਕੀੜੀਆਂ ਦੀ ਇਕ ਰਾਣੀ ਹੁੰਦੀ ਹੈ, ਪਰ ਉਹ ਸਿਰਫ਼ ਆਂਡੇ ਦਿੰਦੀ ਅਤੇ ਉਨ੍ਹਾਂ ਦੀ ਦੇਖ-ਭਾਲ ਕਰਦੀ ਹੈ। ਉਹ ਕੋਈ ਹੁਕਮ ਨਹੀਂ ਦਿੰਦੀ। ਭਾਵੇਂ ਕਿ ਕੀੜੀਆਂ ਉੱਤੇ ਕੋਈ ਆਗੂ ਨਹੀਂ ਹੁੰਦਾ ਹੈ ਜੋ ਉਨ੍ਹਾਂ ਉੱਤੇ ਕੰਮ ਕਰਨ ਲਈ ਜ਼ੋਰ ਪਾਉਂਦਾ ਹੈ, ਉਹ ਫਿਰ ਵੀ ਕੰਮ ਕਰਦੀਆਂ ਨਹੀਂ ਅੱਕਦੀਆਂ।
ਕੀੜੀ ਵਾਂਗ ਕੀ ਸਾਨੂੰ ਵੀ ਮਿਹਨਤੀ ਨਹੀਂ ਹੋਣਾ ਚਾਹੀਦਾ? ਮਿਹਨਤੀ ਹੋਣਾ ਅਤੇ ਚੰਗੀ ਤਰ੍ਹਾਂ ਕੰਮ ਕਰਨਾ ਸਾਡੇ ਲਈ ਚੰਗਾ ਹੈ, ਭਾਵੇਂ ਕੋਈ ਨਿਗਾਹ ਰੱਖਣ ਵਾਲਾ ਹੋਵੇ ਜਾਂ ਨਾ। ਹਾਂ ਸਕੂਲੇ, ਕੰਮ ਤੇ, ਅਤੇ ਰੂਹਾਨੀ ਕੰਮਾਂ ਵਿਚ ਹਿੱਸਾ ਲੈਣ ਦੇ ਵੇਲੇ ਸਾਨੂੰ ਤਨ-ਮਨ ਲਾਉਣਾ ਚਾਹੀਦੀ ਹੈ। ਜਿਵੇਂ ਇਕ ਕੀੜੀ ਆਪਣੀ ਮਿਹਨਤ ਤੋਂ ਫਲ ਪਾਉਂਦੀ ਹੈ, ਇਸੇ ਤਰ੍ਹਾਂ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ‘ਆਪੋ ਆਪਣੇ ਧੰਦੇ ਦਾ ਲਾਭ ਭੋਗੀਏ।’ (ਉਪਦੇਸ਼ਕ ਦੀ ਪੋਥੀ 3:13, 22; 5:18) ਮਿਹਨਤੀ ਹੋਣ ਦੇ ਲਾਭ ਹਨ ਇਕ ਸ਼ੁੱਧ ਜ਼ਮੀਰ ਅਤੇ ਸੰਤੁਸ਼ਟੀ।—ਉਪਦੇਸ਼ਕ ਦੀ ਪੋਥੀ 5:12.
ਇਕ ਆਲਸੀ ਬੰਦੇ ਨੂੰ ਜਗਾਉਣ ਦੀ ਕੋਸ਼ਿਸ਼ ਵਿਚ ਸੁਲੇਮਾਨ ਨੇ ਦੋ ਸਵਾਲ ਪੁੱਛੇ: “ਹੇ ਆਲਸੀ, ਤੂੰ ਕਦੋਂ ਤੋੜੀ ਪਿਆ ਰਹੇਂਗਾ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਂਗਾ?” ਫਿਰ ਇਕ ਆਲਸ ਬੰਦੇ ਦੀ ਨਕਲ ਕਰਦੇ ਹੋਏ ਰਾਜੇ ਨੇ ਅੱਗੇ ਕਿਹਾ: “ਰਤੀ ਕੁ ਨੀਂਦ, ਰਤੀ ਕੁ ਊਂਘ, ਰਤੀ ਕੁ ਹੱਥ ਇਕੱਠੇ ਕਰ ਕੇ ਲੰਮਾ ਪੈਣਾ,—ਏਸੇ ਤਰਾਂ ਗਰੀਬੀ ਧਾੜਵੀ ਵਾਂਙੁ, ਅਤੇ ਤੰਗੀ ਸ਼ਸਤ੍ਰ ਧਾਰੀ ਵਾਂਙੁ ਤੇਰੇ ਉੱਤੇ ਆ ਪਵੇਗੀ!” (ਕਹਾਉਤਾਂ 6:9-11) ਆਲਸੀ ਬੰਦੇ ਦੀ ਲਾਪਰਵਾਹੀ ਕਰਕੇ ਗ਼ਰੀਬੀ ਇਕ ਡਾਕੂ ਦੀ ਤੇਜ਼ੀ ਨਾਲ ਉਸ ਉੱਤੇ ਆ ਪੈਂਦੀ ਹੈ, ਅਤੇ ਇਕ ਹਥਿਆਰਬੰਦ ਆਦਮੀ ਵਾਂਗ ਤੰਗੀ ਉਸ ਉੱਤੇ ਹਮਲਾ ਕਰਦੀ ਹੈ। ਆਲਸੀ ਬੰਦੇ ਦੇ ਖੇਤ ਜਲਦੀ ਹੀ ਕੰਡਿਆਂ ਨਾਲ ਭਰ ਜਾਂਦੇ ਹਨ। (ਕਹਾਉਤਾਂ 24:30, 31) ਉਸ ਦੇ ਕੰਮ-ਧੰਦਿਆਂ ਦਾ ਵੀ ਬਹੁਤ ਹੀ ਛੇਤੀ ਨੁਕਸਾਨ ਹੁੰਦਾ ਹੈ। ਇਕ ਮਾਲਕ ਆਲਸੀ ਬੰਦੇ ਨੂੰ ਕਿੰਨਾ ਕੁ ਚਿਰ ਰੱਖੇਗਾ? ਅਤੇ ਕੀ ਇਕ ਵਿਦਿਆਰਥੀ ਜੋ ਪੜ੍ਹਾਈ ਕਰਨ ਵਿਚ ਧਿਆਨ ਨਹੀਂ ਦਿੰਦਾ ਸਫ਼ਲ ਹੋਵੇਗਾ?
ਈਮਾਨਦਾਰ ਹੋਵੋ
ਅੱਗੇ ਸੁਲੇਮਾਨ ਨੇ ਇਕ ਹੋਰ ਰਵੱਈਏ ਬਾਰੇ ਦੱਸਿਆ ਜੋ ਨਾ ਸਿਰਫ਼ ਇਕ ਬੰਦੇ ਨੂੰ ਸਮਾਜ ਵਿਚ ਬਦਨਾਮ ਕਰਦਾ ਹੈ ਪਰ ਪਰਮੇਸ਼ੁਰ ਦੇ ਨਾਲ ਉਸ ਦੇ ਰਿਸ਼ਤੇ ਨੂੰ ਵੀ ਬਰਬਾਦ ਕਰਦਾ ਹੈ। ਉਸ ਨੇ ਕਿਹਾ: “ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਪੁੱਠਾ ਮੂੰਹ ਲਈ ਫਿਰਦਾ ਹੈ। ਉਹ ਅੱਖਾਂ ਮਾਰਦਾ ਹੈ ਅਤੇ ਪੈਰਾਂ ਨੂੰ ਘਸਾਉਂਦਾ, ਅਤੇ ਉਂਗਲਾਂ ਨਾਲ ਸੈਨਤਾਂ ਮਾਰਦਾ ਹੈ। ਉਹ ਦਾ ਮਨ ਟੇਢਾ ਹੈ, ਉਹ ਨਿੱਤ ਬੁਰਿਆਈ ਦੀਆਂ ਜੁਗਤਾਂ ਕਰਦਾ, ਅਤੇ ਝਗੜੇ ਪਾਉਂਦਾ ਹੈ।”—ਕਹਾਉਤਾਂ 6:12-14.
ਇੱਥੇ ਇਕ ਧੋਖੇਬਾਜ਼ ਬੰਦੇ ਦਾ ਵਰਣਨ ਕੀਤਾ ਗਿਆ ਹੈ। ਝੂਠ ਬੋਲਣ ਵਾਲਾ ਅਕਸਰ ਆਪਣੇ ਝੂਠ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਕਿਸ ਤਰ੍ਹਾਂ? ਸਿਰਫ਼ ‘ਪੁੱਠੇ ਮੂੰਹ’ ਨਾਲ ਹੀ ਨਹੀਂ ਪਰ ਆਪਣੇ ਇਸ਼ਾਰਿਆਂ ਨਾਲ ਵੀ। ਇਕ ਵਿਦਵਾਨ ਕਹਿੰਦਾ ਹੈ ਕਿ ‘ਇਕ ਧੋਖੇਬਾਜ਼ ਬੰਦੇ ਦੇ ਇਸ਼ਾਰੇ, ਆਵਾਜ਼, ਅਤੇ ਸ਼ਕਲ ਭਾਵੇਂ ਈਮਾਨਦਾਰ ਲੱਗਣ, ਇਸ ਈਮਾਨਦਾਰੀ ਦੇ ਦਿਖਾਵੇ ਦੇ ਪਿੱਛੇ ਇਕ ਬਹੁਤ ਹੀ ਭ੍ਰਿਸ਼ਟ ਮਨ ਛੁਪਿਆ ਹੁੰਦਾ ਹੈ।’ ਇਸ ਤਰ੍ਹਾਂ ਦਾ ਨਿਕੰਮਾ ਬੰਦਾ ਦੁਸ਼ਟ ਸਾਜ਼ਸ਼ ਘੜਦਾ ਰਹਿੰਦਾ ਹੈ ਅਤੇ ਹਮੇਸ਼ਾ ਝਗੜੇ ਸ਼ੁਰੂ ਕਰਦਾ ਰਹਿੰਦਾ ਹੈ। ਉਸ ਲਈ ਨਤੀਜਾ ਕੀ ਨਿਕਲੇਗਾ?
ਇਸਰਾਏਲ ਦੇ ਰਾਜੇ ਨੇ ਜਵਾਬ ਦਿੱਤਾ: “ਤਾਂ ਹੀ ਉਹ ਦੇ ਉੱਤੇ ਬਿਪਤਾ ਅਚਾਣਕ ਆ ਪਵੇਗੀ, ਇੱਕ ਪਲ ਵਿੱਚ ਉਹ ਬੇਇਲਾਜਾ ਭੰਨਿਆ ਜਾਵੇਗਾ।” (ਕਹਾਉਤਾਂ 6:15) ਜਦੋਂ ਝੂਠ ਬੋਲਣ ਵਾਲੇ ਦਾ ਭੇਤ ਖੋਲ੍ਹਿਆ ਜਾਂਦਾ ਹੈ ਤਾਂ ਉਸ ਹੀ ਵਕਤ ਉਸ ਦੇ ਨਾਂ ਤੇ ਦਾਗ਼ ਲੱਗ ਜਾਂਦਾ ਹੈ। ਉਸ ਉੱਤੇ ਫਿਰ ਕੌਣ ਭਰੋਸਾ ਰੱਖੇਗਾ? ਇਸ ਬੰਦੇ ਦਾ ਸੱਚ-ਮੁੱਚ ਭੈੜਾ ਅੰਤ ਹੋਵੇਗਾ, ਕਿਉਂ ਜੋ ‘ਸਾਰੇ ਝੂਠੇ’ ਲੋਕਾਂ ਨੂੰ ਸਦਾ ਦੀ ਮੌਤ ਮਿਲੇਗੀ। (ਪਰਕਾਸ਼ ਦੀ ਪੋਥੀ 21:8) ਇਸ ਲਈ ਆਓ ‘ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰੀਏ।’—ਇਬਰਾਨੀਆਂ 13:18.
ਉਨ੍ਹਾਂ ਚੀਜ਼ਾਂ ਨਾਲ ਵੈਰ ਰੱਖੋ ਜਿਨ੍ਹਾਂ ਨਾਲ ਯਹੋਵਾਹ ਵੈਰ ਰੱਖਦਾ ਹੈ
ਜਦੋਂ ਅਸੀਂ ਬੁਰਾਈ ਨਾਲ ਵੈਰ ਰੱਖਦੇ ਹਾਂ ਤਾਂ ਅਸੀਂ ਉਨ੍ਹਾਂ ਕੰਮਾਂ ਤੋਂ ਦੂਰ ਰਹਿੰਦੇ ਹਾਂ ਜੋ ਸਾਨੂੰ ਬਦਨਾਮ ਕਰ ਸਕਦੇ ਹਨ। ਤਾਂ ਫਿਰ ਕੀ ਸਾਨੂੰ ਬੁਰਾਈ ਨਾਲ ਘਿਣ ਨਹੀਂ ਕਰਨੀ ਚਾਹੀਦੀ? ਪਰ ਸਾਨੂੰ ਕਿਨ੍ਹਾਂ ਚੀਜ਼ਾਂ ਨਾਲ ਨਫ਼ਰਤ ਹੋਣੀ ਚਾਹੀਦੀ ਹੈ? ਸੁਲੇਮਾਨ ਨੇ ਦੱਸਿਆ ਕਿ “ਛੀਆਂ ਵਸਤਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਦੇ ਜੀ ਨੂੰ ਘਿਣਾਉਣੀਆਂ ਲਗਦੀਆਂ ਹਨ,—ਉੱਚੀਆਂ ਅੱਖਾਂ, ਝੂਠੀ ਜੀਭ, ਅਤੇ ਬੇਦੋਸ਼ੇ ਦਾ ਖ਼ੂਨ ਕਰਨ ਵਾਲੇ ਹੱਥ, ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਓਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ, ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ, ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ।”—ਕਹਾਉਤਾਂ 6:16-19.
ਇਸ ਕਹਾਵਤ ਵਿਚ ਸੱਤ ਮੂਲ ਗੱਲਾਂ ਦੱਸੀਆਂ ਜਾਂਦੀਆਂ ਹਨ ਅਤੇ ਅਸਲ ਵਿਚ ਇਨ੍ਹਾਂ ਸੱਤਾਂ ਗੱਲਾਂ ਵਿਚ ਹਰ ਤਰ੍ਹਾਂ ਦੀ ਗ਼ਲਤੀ ਸ਼ਾਮਲ ਹੈ। “ਉੱਚੀਆਂ ਅੱਖਾਂ” ਅਤੇ ‘ਖੋਟੀਆਂ ਜੁਗਤਾਂ ਕਰਨ ਵਾਲਾ ਮਨ,’ ਅਜਿਹੇ ਪਾਪ ਹਨ ਜੋ ਮਨ ਵਿਚ ਕੀਤੇ ਜਾਂਦੇ ਹਨ। “ਝੂਠੀ ਜੀਭ” ਅਤੇ “ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ” ਬੁਰੀਆਂ ਗੱਲਾਂ ਹਨ। “ਬੇਦੋਸ਼ੇ ਦਾ ਖ਼ੂਨ ਕਰਨ ਵਾਲੇ ਹੱਥ” ਅਤੇ “ਓਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ” ਬੁਰੇ ਕੰਮ ਹਨ। ਯਹੋਵਾਹ ਖ਼ਾਸ ਕਰਕੇ ਉਸ ਬੰਦੇ ਨਾਲ ਘਿਣ ਕਰਦਾ ਹੈ ਜੋ ਉਨ੍ਹਾਂ ਲੋਕਾਂ ਵਿਚਕਾਰ ਲੜਾਈ-ਝਗੜਾ ਸ਼ੁਰੂ ਕਰਨ ਵਿਚ ਖ਼ੁਸ਼ ਹੁੰਦਾ ਹੈ, ਜੋ ਆਮ ਕਰਕੇ ਸ਼ਾਂਤੀ ਵਿਚ ਰਹਿੰਦੇ ਹਨ। ਇੱਥੇ ਪਹਿਲਾਂ ਛੇ ਅਤੇ ਫਿਰ ਸੱਤ ਚੀਜ਼ਾਂ ਦੀ ਗੱਲ ਕੀਤੀ ਜਾਂਦੀ ਹੈ। ਇਹ ਦਿਖਾਉਂਦਾ ਹੈ ਕਿ ਇਹ ਲਿਸਟ ਪੂਰੀ ਨਹੀਂ ਹੈ ਕਿਉਂਕਿ ਬੰਦੇ ਹਮੇਸ਼ਾ ਬੁਰਾਈ ਅਤੇ ਪਾਪ ਕਰਦੇ ਰਹਿੰਦੇ ਹਨ।
ਹਾਂ, ਸਾਨੂੰ ਵੀ ਉਨ੍ਹਾਂ ਚੀਜ਼ਾਂ ਨਾਲ ਵੈਰ ਰੱਖਣਾ ਚਾਹੀਦੀ ਹੈ ਜਿਨ੍ਹਾਂ ਨਾਲ ਪਰਮੇਸ਼ੁਰ ਵੈਰ ਰੱਖਦਾ ਹੈ। ਉਦਾਹਰਣ ਲਈ, ਸਾਨੂੰ “ਉੱਚੀਆਂ ਅੱਖਾਂ” ਜਾਂ ਘਮੰਡ ਕਰਨ ਤੋਂ ਬਚਣਾ ਚਾਹੀਦਾ ਹੈ। ਸਾਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੁਗ਼ਲੀਆਂ ਕਰਨ ਤੋਂ ਵੀ ਬਚਣਾ ਚਾਹੀਦਾ ਹੈ ਕਿਉਂਕਿ ਇਹ ‘ਭਾਈਆਂ ਵਿੱਚ ਝਗੜੇ ਪਾ’ ਸਕਦੀਆਂ ਹਨ। ਇਹ ਸੱਚ ਹੈ ਕਿ ਸੁਣੀਆਂ-ਸੁਣਾਈਆਂ ਗੱਲਾਂ ਕਰਨ ਨਾਲ, ਨੁਕਤਾਚੀਨੀ ਕਰਨ ਨਾਲ, ਜਾਂ ਝੂਠ ਬੋਲਣ ਨਾਲ ਅਸੀਂ ਕਿਸੇ ‘ਬੇਦੋਸ਼ ਦਾ ਖ਼ੂਨ’ ਤਾਂ ਨਹੀਂ ਕਰ ਰਹੇ ਹਾਂ। ਪਰ, ਯਾਦ ਰੱਖੋ ਕਿ ਇਨ੍ਹਾਂ ਗੱਲਾਂ ਰਾਹੀਂ ਅਸੀਂ ਕਿਸੇ ਦਾ ਚੰਗਾ ਨਾਂ ਜ਼ਰੂਰ ਬਦਨਾਮ ਕਰ ਸਕਦੇ ਹਾਂ।
“ਉਹ ਦੇ ਸੁਹੱਪਣ ਦੀ ਕਾਮਣਾ ਨਾ ਕਰ”
ਸੁਲੇਮਾਨ ਨੇ ਅੱਗੇ ਹੋਰ ਸਲਾਹ ਦਿੱਤੀ ਸੀ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਤਾ ਦੀ ਆਗਿਆ ਮੰਨ, ਅਤੇ ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡ। ਓਹਨਾਂ ਨੂੰ ਸਦਾ ਆਪਣੇ ਮਨ ਉੱਤੇ ਬੰਨ੍ਹੀ ਰੱਖੀਂ, ਅਤੇ ਓਹਨਾਂ ਨੂੰ ਆਪਣੇ ਗਲ ਉੱਤੇ ਲਪੇਟ ਛੱਡ।” ਤਾਂ, “ਜਦ ਤੂੰ ਕਿਤੇ ਜਾਏਂਗਾ ਤਾਂ ਓਹ ਤੇਰੀ ਅਗਵਾਈ ਕਰਨਗੀਆਂ, ਜਦ ਤੂੰ ਲੰਮਾ ਪਵੇਂਗਾ ਤਾਂ ਓਹ ਤੇਰੀ ਰਾਖੀ ਕਰਨਗੀਆਂ, ਅਤੇ ਜਦ ਤੂੰ ਜਾਗੇਂਗਾ ਤਾਂ ਓਹ ਤੇਰੇ ਨਾਲ ਗੱਲਾਂ ਕਰਨਗੀਆਂ।”—ਕਹਾਉਤਾਂ 6:20-22.
ਕੀ ਪਰਮੇਸ਼ੁਰ ਦੇ ਬਚਨ ਤੋਂ ਮਿਲ ਰਹੀ ਸਿੱਖਿਆ ਸਾਨੂੰ ਸੱਚ-ਮੁੱਚ ਅਨੈਤਿਕਤਾ ਦੇ ਫੰਧੇ ਤੋਂ ਬਚਾ ਸਕਦੀ ਹੈ? ਜੀ ਹਾਂ, “ਕਿਉਂ ਜੋ ਹੁਕਮ ਦੀਵਾ, ਤਾਲੀਮ ਜੋਤ, ਅਤੇ ਸਿੱਖਿਆ ਦੀ ਤਾੜ ਜੀਉਣ ਦਾ ਰਾਹ ਹੈ। ਤਾਂ ਜੋ ਓਹ ਤੈਨੂੰ ਬੁਰੀ ਤੀਵੀਂ ਤੋਂ, ਅਤੇ ਓਪਰੀ ਦੀ ਜੀਭ ਦੀ ਲੱਲੋ ਪੱਤੋ ਤੋਂ ਬਚਾਉਣ।” (ਕਹਾਉਤਾਂ 6:23, 24) ਪਰਮੇਸ਼ੁਰ ਦੇ ਬਚਨ ਦੀ ਸਲਾਹ ਨੂੰ ਯਾਦ ਰੱਖਣਾ ਅਤੇ ਇਸ ਨੂੰ ਆਪਣੇ ‘ਪੈਰਾਂ ਲਈ ਦੀਪਕ, ਅਤੇ ਰਾਹ ਦੇ ਚਾਨਣ’ ਵਜੋਂ ਇਸਤੇਮਾਲ ਕਰਨਾ, ਸਾਨੂੰ ਇਕ ਅਨੈਤਿਕ ਔਰਤ ਜਾਂ ਆਦਮੀ ਦੀ ਲੱਲੋ ਪੱਤੋ ਨੂੰ ਰੱਦ ਕਰਨ ਵਿਚ ਮਦਦ ਦੇਵੇਗਾ।—ਜ਼ਬੂਰ 119:105.
ਬੁੱਧੀਮਾਨ ਰਾਜੇ ਨੇ ਚੇਤਾਵਨੀ ਦਿੱਤੀ ਕਿ “ਆਪਣੇ ਦਿਲ ਵਿੱਚ ਉਹ ਦੇ ਸੁਹੱਪਣ ਦੀ ਕਾਮਣਾ ਨਾ ਕਰ, ਨਾ ਉਹ ਆਪਣੀਆਂ ਪਲਕਾਂ ਨਾਲ ਤੈਨੂੰ ਫਸਾ ਲਵੇ।” ਕਿਉਂ? “ਕਿਉਂ ਜੋ ਕੰਜਰੀ ਦੇ ਕਾਰਨ ਆਦਮੀ ਰੋਟੀ ਦੇ ਟੁਕੜੇ ਤੀਕ ਮੁਤਾਜ ਹੋ ਜਾਂਦਾ ਹੈ, ਅਤੇ ਵਿਭਚਾਰਨ ਅਣਮੁੱਲ ਜਾਨ ਦਾ ਸ਼ਿਕਾਰ ਕਰਦੀ ਹੈ।”—ਕਹਾਉਤਾਂ 6:25, 26.
ਕੀ ਰਾਜਾ ਸੁਲੇਮਾਨ ਵਿਭਚਾਰ ਕਰਨ ਵਾਲੀ ਪਤਨੀ ਨੂੰ ਇਕ ਕੰਜਰੀ ਨਾਲ ਦਰਸਾ ਰਿਹਾ ਸੀ? ਹੋ ਸਕਦਾ ਹੈ। ਜਾਂ ਹੋ ਸਕਦਾ ਹੈ ਕਿ ਉਹ ਇਕ ਵੇਸਵਾ ਜਾਂ ਕਿਸੇ ਹੋਰ ਬੰਦੇ ਦੀ ਪਤਨੀ ਨਾਲ ਅਨੈਤਿਕਤਾ ਕਰਨ ਦੇ ਨਤੀਜਿਆਂ ਨੂੰ ਦਰਸਾ ਰਿਹਾ ਸੀ। ਜਿਹੜਾ ਬੰਦਾ ਵੇਸਵਾ ਨਾਲ ਸੰਬੰਧ ਰੱਖਦਾ ਹੈ ਉਹ ਸ਼ਾਇਦ ‘ਰੋਟੀ ਦੇ ਟੁਕੜੇ ਤੀਕ ਮੁਤਾਜ ਹੋ ਜਾਵੇ,’ ਮਤਲਬ ਕਿ ਉਸ ਉੱਤੇ ਸਖ਼ਤ ਗ਼ਰੀਬੀ ਆ ਸਕਦੀ ਹੈ। ਸ਼ਾਇਦ ਉਸ ਨੂੰ ਏਡਜ਼ ਵਰਗੇ ਦੁਖਦਾਇਕ ਅਤੇ ਜਾਨ-ਲੇਵਾ ਲਿੰਗੀ ਰੋਗ ਵੀ ਲੱਗ ਸਕਦੇ ਹਨ। ਦੂਜੇ ਪਾਸੇ, ਉਹ ਇਨਸਾਨ ਜਿਹੜਾ ਕਿਸੇ ਹੋਰ ਦੇ ਵਿਆਹੁਤਾ ਸਾਥੀ ਨੂੰ ਚਾਹੁੰਦਾ ਹੈ, ਬਿਵਸਥਾ ਦੇ ਮੁਤਾਬਕ ਬਹੁਤ ਖ਼ਤਰੇ ਵਿਚ ਹੁੰਦਾ ਹੈ। ਇਕ ਬੇਵਫ਼ਾ ਪਤਨੀ ਆਪਣੇ ਨਾਜਾਇਜ਼ ਸਾਥੀ ਦੀ “ਅਣਮੁੱਲ ਜਾਨ” ਨੂੰ ਖ਼ਤਰੇ ਵਿਚ ਪਾਉਂਦੀ ਹੈ। ਇਕ ਕਿਤਾਬ ਕਹਿੰਦੀ ਹੈ “ਬਦਕਾਰੀ ਨਾ ਸਿਰਫ਼ ਜੀਵਨ ਨੂੰ ਖ਼ਰਾਬ ਕਰਦੀ ਹੈ, ਪਰ ਪਾਪੀ ਨੂੰ ਮੌਤ ਦੀ ਸਜ਼ਾ ਦੇ ਯੋਗ ਵੀ ਬਣਾਉਂਦੀ ਹੈ।” (ਲੇਵੀਆਂ 20:10; ਬਿਵਸਥਾ ਸਾਰ 22:22) ਸਾਨੂੰ ਅਜਿਹੀ ਔਰਤ ਦੀ ਇੱਛਾ ਨਹੀਂ ਕਰਨੀ ਚਾਹੀਦੀ ਹੈ ਭਾਵੇਂ ਉਹ ਜਿੰਨੀ ਮਰਜ਼ੀ ਸੁੰਦਰ ਹੋਵੇ।
‘ਆਪਣੀ ਬੁੱਕਲ ਵਿੱਚ ਅੱਗ ਨਾ ਲਵੋ’
ਅਨੈਤਿਕਤਾ ਦੇ ਖ਼ਤਰਿਆਂ ਉੱਤੇ ਹੋਰ ਜ਼ੋਰ ਦੇਣ ਲਈ, ਸੁਲੇਮਾਨ ਨੇ ਪੁੱਛਿਆ: “ਭਲਾ, ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸੱਕਦਾ ਹੈ, ਤੇ ਉਹ ਦੇ ਲੀੜੇ ਨਾ ਸੜਨ? ਕੋਈ ਅੰਗਿਆਰਿਆਂ ਉੱਤੇ ਤੁਰੇ, ਤੇ ਉਹ ਦੇ ਪੈਰ ਨਾ ਝੁਲਸਣ?” ਇਸ ਦ੍ਰਿਸ਼ਟਾਂਤ ਨੂੰ ਸਮਝਾਉਂਦੇ ਹੋਏ ਉਸ ਨੇ ਕਿਹਾ: “ਅਜਿਹਾ ਉਹ ਹੈ ਜੋ ਆਪਣੇ ਗੁਆਂਢੀ ਦੀ ਤੀਵੀਂ ਕੋਲ ਜਾਂਦਾ ਹੈ, ਜੋ ਕੋਈ ਉਹ ਨੂੰ ਹੱਥ ਲਾਵੇ ਉਹ ਬਿਨਾ ਡੰਨ ਭੋਗੇ ਨਾ ਛੁੱਟੇਗਾ।” (ਕਹਾਉਤਾਂ 6:27-29) ਇਸ ਤਰ੍ਹਾਂ ਦੇ ਪਾਪੀ ਨੂੰ ਜ਼ਰੂਰ ਸਜ਼ਾ ਮਿਲੇਗੀ।
ਸਾਨੂੰ ਯਾਦ ਦਿਲਾਇਆ ਜਾਂਦਾ ਹੈ ਕਿ “ਚੋਰ ਜਿਹੜਾ ਭੁੱਖ ਦੇ ਮਾਰੇ ਢਿੱਡ ਭਰਨ ਨੂੰ ਚੋਰੀ ਕਰਦਾ ਹੈ, ਉਹ ਨੂੰ ਲੋਕ ਬੁਰਾ ਨਹੀਂ ਜਾਣਦੇ।” ਫਿਰ ਵੀ “ਜੇ ਫੜਿਆ ਜਾਵੇ ਤਾਂ ਉਹ ਨੂੰ ਸੱਤ ਗੁਣਾ ਭਰਨਾ, ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪਵੇਗਾ।” (ਕਹਾਉਤਾਂ 6:30, 31) ਪੁਰਾਣੇ ਜ਼ਮਾਨੇ ਦੇ ਇਸਰਾਏਲ ਵਿਚ, ਇਕ ਚੋਰ ਨੂੰ ਨੁਕਸਾਨ ਦੀ ਕੀਮਤ ਚੁਕਾਉਣੀ ਪੈਂਦੀ ਸੀ ਚਾਹੇ ਉਸ ਨੂੰ ਆਪਣਾ ਸਭ ਕੁਝ ਕਿਉਂ ਨਾ ਵੇਚਣਾ ਪੈਂਦਾ ਸੀ।a ਇਸ ਲਈ ਅਨੈਤਿਕ ਵਿਅਕਤੀ ਨੂੰ ਇਸ ਨਾਲੋਂ ਵੀ ਜ਼ਿਆਦਾ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਸ ਦੇ ਕੰਮਾਂ ਲਈ ਕੋਈ ਬਹਾਨਾ ਨਹੀਂ ਹੁੰਦਾ।
ਸੁਲੇਮਾਨ ਨੇ ਕਿਹਾ ਸੀ ਕਿ “ਜਿਹੜਾ ਕਿਸੇ ਤੀਵੀਂ ਨਾਲ ਭੋਗ ਕਰਦਾ ਹੈ ਉਹ ਨਿਰਬੁੱਧ ਹੈ।” ਜਦੋਂ ਬੰਦਾ ਕਿਸੇ ਚੀਜ਼ ਦੇ ਮਗਰ ਪਿਆ ਹੋਇਆ ਹੁੰਦਾ ਹੈ ਉਹ ਚੰਗੇ ਫ਼ੈਸਲੇ ਨਹੀਂ ਕਰ ਸਕਦਾ, ਕਿਉਂਕਿ “ਉਹ ਆਪਣੀ ਜਾਨ ਦਾ ਨਾਸ ਕਰਦਾ ਹੈ।” (ਕਹਾਉਤਾਂ 6:32) ਬਾਹਰੋਂ ਤਾਂ ਸ਼ਾਇਦ ਲੱਗੇ ਕਿ ਉਹ ਇਕ ਨੇਕ ਵਿਅਕਤੀ ਹੈ, ਪਰ ਅੰਦਰਲਾ ਬੰਦਾ ਚੰਗੀ ਤਰ੍ਹਾਂ ਤਰੱਕੀ ਨਹੀਂ ਕਰ ਰਿਹਾ ਹੈ।
ਇਕ ਅਨੈਤਿਕ ਵਿਅਕਤੀ ਇਨ੍ਹਾਂ ਚੀਜ਼ਾਂ ਨਾਲੋਂ ਹੋਰ ਵੀ ਭੋਗਦਾ ਹੈ। “ਉਹ ਨੂੰ ਘਾਉ ਅਤੇ ਬੇਇੱਜ਼ਤੀ ਹੋਵੇਗੀ, ਤੇ ਉਹ ਦੀ ਬਦਨਾਮੀ ਕਦੇ ਨਾ ਮਿਟੇਗੀ। ਅਣਖ ਤਾਂ ਮਰਦ ਲਈ ਜਲਨ ਹੈ, ਤੇ ਵੱਟਾ ਲੈਣ ਦੇ ਸਮੇਂ ਉਹ ਤਰਸ ਨਹੀਂ ਖਾਵੇਗਾ। ਉਹ ਕੋਈ ਚੱਟੀ ਨਹੀਂ ਕਬੂਲ ਕਰੇਗਾ, ਅਤੇ ਭਾਵੇਂ ਤੂੰ ਬਹੁਤੀਆਂ ਵੱਢੀਆਂ ਦੇਵੇਂ ਪਰ ਉਹ ਨਹੀਂ ਮੰਨੇਗਾ।”—ਕਹਾਉਤਾਂ 6:33-35.
ਇਕ ਚੋਰ ਚੋਰੀ ਕੀਤੀ ਗਈ ਚੀਜ਼ ਦਾ ਘਾਟਾ ਪੂਰਾ ਕਰ ਸਕਦਾ ਹੈ, ਪਰ ਇਕ ਅਨੈਤਿਕ ਵਿਅਕਤੀ ਆਪਣੇ ਕੰਮਾਂ ਦੇ ਬਦਲੇ ਕੁਝ ਵੀ ਨਹੀਂ ਦੇ ਸਕਦਾ। ਤੁਸੀਂ ਇਕ ਗੁੱਸੇ ਹੋਏ ਪਤੀ ਨੂੰ ਬਦਲੇ ਵਿਚ ਕੀ ਦੇ ਸਕਦੇ ਹੋ? ਬਹੁਤ ਹੀ ਬੇਨਤੀਆਂ ਤੋਂ ਬਾਅਦ ਵੀ ਤੁਸੀਂ ਸ਼ਾਇਦ ਉਸ ਨੂੰ ਨਾ ਮਨਾ ਸਕੋ। ਇਕ ਅਨੈਤਿਕ ਵਿਅਕਤੀ ਦੀ ਗ਼ਲਤੀ ਕਿਸੇ ਵੀ ਤਰ੍ਹਾਂ ਨਹੀਂ ਮਿਟਾਈ ਜਾ ਸਕਦੀ। ਉਸ ਦਾ ਨਾਂ ਬਦਨਾਮ ਹੋ ਚੁੱਕਾ ਹੈ ਅਤੇ ਇਸੇ ਤਰ੍ਹਾਂ ਰਹੇਗਾ। ਇਸ ਤੋਂ ਵੱਧ, ਉਹ ਕਿਸੇ ਵੀ ਤਰ੍ਹਾਂ ਉਸ ਸਜ਼ਾ ਤੋਂ ਮੁਕਤ ਨਹੀਂ ਹੋ ਸਕਦਾ ਜਿਸ ਦੇ ਉਹ ਲਾਇਕ ਹੈ।
ਕਿੰਨੀ ਬੁੱਧੀ ਦੀ ਗੱਲ ਹੋਵੇਗੀ ਜੇਕਰ ਅਸੀਂ ਅਨੈਤਿਕਤਾ ਅਤੇ ਹੋਰ ਬੁਰੇ ਕੰਮਾਂ ਤੋਂ ਦੂਰ ਰਹੀਏ, ਕਿਉਂਕਿ ਇਹ ਚੀਜ਼ਾਂ ਨਾ ਸਿਰਫ਼ ਸਾਡੇ ਨਾਂ ਨੂੰ ਬਦਨਾਮ ਕਰਦੀਆਂ ਹਨ ਪਰ ਪਰਮੇਸ਼ੁਰ ਦੇ ਨਾਲ ਸਾਡੇ ਰਿਸ਼ਤੇ ਨੂੰ ਵੀ ਵਿਗਾੜ ਸਕਦੀਆਂ ਹਨ। ਆਓ ਆਪਾਂ ਫਜ਼ੂਲ ਵਾਅਦੇ ਨਾ ਕਰੀਏ। ਆਓ ਆਪਾਂ ਸੱਚੇ ਅਤੇ ਮਿਹਨਤੀ ਵਿਅਕਤੀ ਵਜੋਂ ਪਛਾਣੇ ਜਾਈਏ। ਅਤੇ ਜਿਵੇਂ ਅਸੀਂ ਉਨ੍ਹਾਂ ਚੀਜ਼ਾਂ ਨਾਲ ਵੈਰ ਰੱਖਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਅਸੀਂ ਨਾ ਸਿਰਫ਼ ਯਹੋਵਾਹ ਦੇ ਨਾਲ ਪਰ ਸੰਗੀ ਮਨੁੱਖਾਂ ਨਾਲ ਵੀ ਇਕ ਚੰਗਾ ਨਾਂ ਜ਼ਰੂਰ ਬਣਾਵਾਂਗੇ।
[ਫੁਟਨੋਟ]
a ਮੂਸਾ ਦੀ ਬਿਵਸਥਾ ਦੇ ਅਨੁਸਾਰ ਚੋਰ ਨੂੰ ਦੁਗੁਣਾ, ਚੌਗੁਣਾ, ਜਾਂ ਪੰਜ-ਗੁਣਾ ਮੋੜਨਾ ਪੈਂਦਾ ਸੀ। (ਕੂਚ 22:1-4) ਇਸ ਲਈ “ਸੱਤ ਗੁਣਾ” ਦਾ ਮਤਲਬ ਸੀ ਕਿ ਉਸ ਨੂੰ ਪੂਰੀ ਦੀ ਪੂਰੀ ਨੁਕਸਾਨ ਦੀ ਕੀਮਤ ਚੁਕਾਉਣੀ ਪਵੇਗੀ। ਇਹ ਰਕਮ ਚੋਰੀ ਕੀਤੀ ਗਈ ਚੀਜ਼ ਦੀ ਕੀਮਤ ਨਾਲੋਂ ਬਹੁਤ ਹੀ ਜ਼ਿਆਦਾ ਹੋ ਸਕਦੀ ਸੀ।
[ਸਫ਼ੇ 25 ਉੱਤੇ ਤਸਵੀਰ]
ਜ਼ਮਾਨਤ ਦੇਣ ਬਾਰੇ ਸਾਵਧਾਨ ਰਹੋ
[ਸਫ਼ੇ 26 ਉੱਤੇ ਤਸਵੀਰ]
ਇਕ ਕੀੜੀ ਵਾਂਗ ਮਿਹਨਤੀ ਹੋਵੋ
[ਸਫ਼ੇ 27 ਉੱਤੇ ਤਸਵੀਰ]
ਨੁਕਸਾਨ ਪਹੁੰਚਾਉਣ ਵਾਲੀਆਂ ਚੁਗ਼ਲੀਆਂ ਕਰਨ ਤੋਂ ਬਚੋ