ਕ੍ਰੋਧ ਕਿਉਂ ਭੜਕਦਾ ਹੈ?
ਚੈੱਕ ਗਣਰਾਜ ਦੇ ਪ੍ਰਾਗ ਸ਼ਹਿਰ ਵਿਚ ਇਕ ਪੱਬ ਵਿਚ ਬੈਠੇ ਆਦਮੀ ਨੂੰ ਗੋਲੀ ਮਾਰ ਕੇ ਖ਼ਤਮ ਕੀਤਾ ਗਿਆ। ਕਿਉਂ? ਕਿਉਂਕਿ ਉਹ ਉੱਚੀ ਆਵਾਜ਼ ਕਰ ਕੇ, ਆਪਣੇ ਛੋਟੇ ਜਿਹੇ ਸਟੀਰੀਓ ਨੂੰ ਸੁਣ ਰਿਹਾ ਸੀ, ਅਤੇ ਗੋਲੀ ਚਲਾਉਣ ਵਾਲੇ ਨੂੰ ਇਸ ਤੋਂ ਖਿੱਝ ਆ ਗਈ। ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ਵਿਚ ਕਿਸੇ ਸੜਕ ਤੇ ਮੁਸਾਫ਼ਰ ਨੂੰ ਹਾਕੀ ਦੇ ਡੰਡੇ ਨਾਲ ਕੁੱਟ ਕੇ ਮਾਰਿਆ ਗਿਆ। ਹਮਲਾ ਕਰਨ ਵਾਲੇ ਨੂੰ ਇਸ ਕਰਕੇ ਗੁੱਸਾ ਆਇਆ ਸੀ ਕਿਉਂਕਿ ਮੁਸਾਫ਼ਰ ਨੇ ਆਪਣੀ ਕਾਰ ਦੀਆਂ ਬੱਤੀਆਂ ਉਸ ਵੱਲ ਫਲੈਸ਼ ਕੀਤੀਆਂ ਸੀ। ਆਸਟ੍ਰੇਲੀਆ ਵਿਚ ਰਹਿੰਦੀ ਇਕ ਬਰਤਾਨਵੀ ਨਰਸ ਦਾ ਪੁਰਾਣਾ ਬੁਆਏ-ਫ੍ਰੈਂਡ ਉਸ ਦਾ ਦਰਵਾਜ਼ਾ ਭੰਨ ਕੇ ਉਸ ਦੇ ਘਰ ਅੰਦਰ ਘੁੱਸ ਆਇਆ; ਫਿਰ ਉਸ ਨੇ ਉਹ ਦੇ ਉੱਤੇ ਪਟਰੋਲ ਪਾਇਆ, ਉਸ ਨੂੰ ਅੱਗ ਲਾਈ, ਅਤੇ ਉਸ ਨੂੰ ਮਰਨ ਲਈ ਛੱਡ ਦਿੱਤਾ।
ਕੀ ਸੜਕਾਂ ਤੇ, ਘਰਾਂ ਵਿਚ, ਹਵਾਈ-ਜਹਾਜ਼ਾਂ ਤੇ ਗੁੱਸੇ ਅਤੇ ਕ੍ਰੋਧ ਦੀਆਂ ਅਜਿਹੀਆਂ ਰਿਪੋਰਟਾਂ ਵਧਾ-ਚੜ੍ਹਾ ਕੇ ਦੱਸੀਆਂ ਜਾਂਦੀਆਂ ਹਨ? ਜਾਂ ਕੀ ਇਹ ਮਕਾਨ ਦੀਆਂ ਕੰਧਾਂ ਵਿਚ ਤੇੜਾਂ ਦੀ ਤਰ੍ਹਾਂ, ਕਿਸੇ ਹੋਰ ਡੂੰਘੀ ਮੁਸ਼ਕਲ ਦੀਆਂ ਨਿਸ਼ਾਨੀਆਂ ਹਨ? ਸਬੂਤ ਤੋਂ ਪਤਾ ਲੱਗਦਾ ਹੈ ਕਿ ਇਹ ਮੁਸ਼ਕਲ ਦੀਆਂ ਨਿਸ਼ਾਨੀਆਂ ਹਨ।
ਅਮੈਰੀਕਨ ਓਟੋਮੋਬੀਲ ਐਸੋਸੀਏਸ਼ਨ (ਏ.ਏ.ਏ.) ਦੀ ਵਾਹਣ ਸੁਰੱਖਿਆ ਸੰਸਥਾ ਵੱਲੋਂ ਹਾਲ ਹੀ ਵਿਚ ਮਿਲੀ ਰਿਪੋਰਟ ਨੇ ਦੱਸਿਆ ਕਿ “1990 ਤੋਂ [ਸੜਕਾਂ ਤੇ] ਹਿੰਸਕ ਘਟਨਾਵਾਂ ਵਿਚ ਹਰ ਸਾਲ ਤਕਰੀਬਨ 7 ਫੀ ਸਦੀ ਵਾਧਾ ਹੋਇਆ ਹੈ।”
ਘਰਾਂ ਵਿਚ ਵੀ ਕ੍ਰੋਧ ਭੜਕ ਉੱਠਿਆ ਹੈ। ਮਿਸਾਲ ਲਈ, ਆਸਟ੍ਰੇਲੀਆ ਦੇ ਨਿਊ ਸਾਉਥ ਵੇਲਜ਼ ਰਾਜ ਦੀ ਪੁਲਸ ਨੇ 1998 ਵਿਚ ਘਰੇਲੂ ਹਿੰਸਾ ਦੀਆਂ ਰਿਪੋਰਟਾਂ ਵਿਚ 50 ਫੀ ਸਦੀ ਵਾਧਾ ਦੇਖਿਆ ਸੀ। ਇਸ ਦੇਸ਼ ਵਿਚ ਚਾਰ ਔਰਤਾਂ ਵਿੱਚੋਂ ਇਕ ਨੇ ਆਪਣੇ ਸਾਥੀ ਤੋਂ ਕੁੱਟ-ਮਾਰ ਖਾਧੀ ਹੈ, ਚਾਹੇ ਉਸ ਨਾਲ ਵਿਆਹੀ ਸੀ ਜਾਂ ਨਹੀਂ।
ਹਵਾਈ-ਜਹਾਜ਼ਾਂ ਵਿਚ ਵੀ ਇਹੀ ਦੇਖਿਆ ਜਾਂਦਾ ਹੈ। ਮੁਸਾਫ਼ਰਾਂ ਦਾ ਇਕਦਮ ਗੁੱਸੇ ਹੋ ਕੇ ਜਹਾਜ਼ ਤੇ ਕੰਮ ਕਰਨ ਵਾਲਿਆਂ, ਦੂਸਰੇ ਮੁਸਾਫ਼ਰਾਂ, ਅਤੇ ਪਾਇਲਟਾਂ ਤੇ ਵੀ ਹਮਲਾ ਕਰਨ ਦਾ ਖ਼ਤਰਾ ਹੈ। ਇਸ ਲਈ ਵੱਡੀਆਂ ਹਵਾਈ ਕੰਪਨੀਆਂ ਵਿੱਚੋਂ ਕਈਆਂ ਨੇ ਆਪਣੇ ਕਾਮਿਆਂ ਲਈ ਹਿੰਸਕ ਲੋਕਾਂ ਨੂੰ ਆਪੋ-ਆਪਣੀਆਂ ਸੀਟਾਂ ਵਿਚ ਜਕੜਨ ਲਈ ਪੇਟੀਆਂ ਦਾ ਪ੍ਰਬੰਧ ਕੀਤਾ ਹੈ।
ਇਹ ਕਿਉਂ ਹੈ ਕਿ ਅੱਗੇ ਨਾਲੋਂ ਜ਼ਿਆਦਾ ਲੋਕ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਪਾ ਸਕਦੇ? ਉਨ੍ਹਾਂ ਦਾ ਕ੍ਰੋਧ ਕਿਉਂ ਭੜਕ ਉੱਠਦਾ ਹੈ? ਕੀ ਇਨ੍ਹਾਂ ਜਜ਼ਬਾਤਾਂ ਤੇ ਕਾਬੂ ਪਾਉਣਾ ਮੁਮਕਿਨ ਹੈ?
ਕ੍ਰੋਧ ਕਿਉਂ ਭੜਕ ਉੱਠ ਰਿਹਾ ਹੈ?
ਕ੍ਰੋਧੀ ਹੋਣ ਦਾ ਮਤਲਬ ਹੈ ਬਹੁਤ ਗੁੱਸੇ ਹੋਣਾ ਜਾਂ ਗੁੱਸਾ ਕੱਢਣਾ। ਇਨਸਾਨ ਕ੍ਰੋਧ ਵਿਚ ਉਦੋਂ ਆਉਂਦਾ ਹੈ ਜਦੋਂ ਉਸ ਦਾ ਗੁੱਸਾ ਵੱਧ-ਵੱਧ ਕੇ ਜ਼ਬਰਦਸਤ ਤਰੀਕੇ ਵਿਚ ਜ਼ਾਹਰ ਹੁੰਦਾ ਹੈ। ਏ.ਏ.ਏ. ਦੀ ਵਾਹਣ ਸੁਰੱਖਿਆ ਸੰਸਥਾ ਦਾ ਪ੍ਰਧਾਨ ਡੇਵਿਡ ਕੇ. ਵਿਲਿਸ ਨੇ ਕਿਹਾ: “ਸੜਕਾਂ ਤੇ ਮੁਸਾਫ਼ਰਾਂ ਵਿਚ ਹਿੰਸਕ ਝਗੜੇ ਆਮ ਕਰਕੇ ਇੱਕੋ ਹੀ ਘਟਨਾ ਦੇ ਕਾਰਨ ਨਹੀਂ ਹੁੰਦੇ। ਅਸਲ ਵਿਚ ਇਹ ਕਾਰ ਚਲਾਉਣ ਵਾਲੇ ਦੇ ਨਿੱਜੀ ਰਵੱਈਏ ਅਤੇ ਉਸ ਦੀ ਜ਼ਿੰਦਗੀ ਵਿਚ ਵੱਧਦੇ ਤਣਾਅ ਦੇ ਕਾਰਨ ਹੁੰਦੇ ਹਨ।”
ਪਰ ਇਹ ਤਣਾਅ ਹੋਰ ਵੀ ਵਧਦਾ ਜਾਂਦਾ ਹੈ ਕਿਉਂਕਿ ਸਾਡੇ ਸਾਮ੍ਹਣੇ ਜਾਣਕਾਰੀ ਦਾ ਭੰਡਾਰ ਪੇਸ਼ ਹੈ ਅਤੇ ਸਾਡੇ ਕੋਲੋਂ ਇਸ ਨੂੰ ਸਮਝਣ ਦੀ ਉਮੀਦ ਰੱਖੀ ਜਾਂਦੀ ਹੈ। ਡੇਵਿਡ ਲੂਇਸ ਦੁਆਰਾ ਲਿਖੀ ਗਈ ਇੰਫੋਰਮੈਸ਼ਨ ਓਵਰਲੋਡ ਨਾਂ ਦੀ ਪੁਸਤਕ ਦੀ ਜਿਲਦ ਦੇ ਪਿਛਲੇ ਪਾਸੇ ਦੱਸਿਆ ਗਿਆ ਹੈ ਕਿ “ਅੱਜ ਕਈ ਕਾਮੇ ਜਾਣਕਾਰੀ ਦੇ ਹੜ੍ਹ ਵਿਚ ਡੁੱਬ ਰਹੇ ਹਨ . . । ਜਾਣਕਾਰੀ ਦੇ ਹੇਠ ਦੱਬੇ ਜਾਣ ਕਰਕੇ, . . . ਉਹ ਬਹੁਤ ਤਣਾਅ ਮਹਿਸੂਸ ਕਰਦੇ ਹਨ, ਲਾਪਰਵਾਹ ਬਣ ਜਾਂਦੇ ਹਨ, ਅਤੇ ਇੰਨੀ ਸਾਰੀ ਜਾਣਕਾਰੀ ਕਰਕੇ ਉਹ ਚੰਗੀ ਤਰ੍ਹਾਂ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ।” ਇਕ ਅਖ਼ਬਾਰ ਨੇ ਜਾਣਕਾਰੀ ਦੇ ਇਸ ਹੜ੍ਹ ਦੀ ਇਕ ਮਿਸਾਲ ਦੇ ਕੇ ਕਿਹਾ: “17ਵੀਂ ਸਦੀ ਵਿਚ ਰਹਿਣ ਵਾਲੇ ਆਮ ਬੰਦੇ ਨੂੰ ਜਿੰਨੀ ਜਾਣਕਾਰੀ ਉਸ ਦੀ ਪੂਰੀ ਜ਼ਿੰਦਗੀ ਵਿਚ ਮਿਲ ਸਕਦੀ ਸੀ, ਸਾਨੂੰ ਅੱਜ ਉਸ ਨਾਲੋਂ ਵੀ ਜ਼ਿਆਦਾ ਜਾਣਕਾਰੀ ਇਕ ਅਖ਼ਬਾਰ ਵਿਚ ਮਿਲ ਸਕਦੀ ਹੈ।”
ਜੋ ਅਸੀਂ ਖਾਂਦੇ-ਪੀਂਦੇ ਹਾਂ ਉਸ ਨਾਲ ਵੀ ਗੁੱਸਾ ਵੱਧ ਸਕਦਾ ਹੈ। ਲੋਕਾਂ ਦੀਆਂ ਆਦਤਾਂ ਦੀ ਜਾਂਚ ਕਰਨ ਤੋਂ ਪਤਾ ਲੱਗਾ ਹੈ ਕਿ ਸਿਗਰਟਾਂ ਪੀਣ, ਸ਼ਰਾਬ ਪੀਣ, ਅਤੇ ਘਟੀਆ ਖ਼ੁਰਾਕ ਖਾਣ ਦੇ ਨਾਲ ਗੁੱਸਾ ਵੱਧ ਸਕਦਾ ਹੈ। ਅਜਿਹੀਆਂ ਆਦਤਾਂ ਜੋ ਜ਼ਿਆਦਾ ਲੋਕ ਅਪਣਾ ਰਹੇ ਹਨ, ਤਣਾਅ ਅਤੇ ਨਿਰਾਸ਼ਾ ਨੂੰ ਵਧਾਉਂਦੀਆਂ ਹਨ, ਅਤੇ ਅਜਿਹੀ ਨਿਰਾਸ਼ਾ ਦੇ ਕਾਰਨ ਲੋਕੀਂ ਭੜਕ ਉੱਠ ਕੇ ਗਾਲ੍ਹਾਂ ਕੱਢਣ ਲੱਗਦੇ ਹਨ, ਬੇਸਬਰੇ ਹੁੰਦੇ ਹਨ, ਅਤੇ ਦੂਜਿਆਂ ਨੂੰ ਬਰਦਾਸ਼ਤ ਨਹੀਂ ਕਰਦੇ।
ਬਦਤਮੀਜ਼ੀ ਅਤੇ ਫ਼ਿਲਮਾਂ
ਆਸਟ੍ਰੇਲੀਆ ਦੀ ਅਪਰਾਧ-ਵਿਗਿਆਨ ਸੰਸਥਾ ਦੇ ਡਾਇਰੈਕਟਰ ਡਾ. ਐਡਮ ਗ੍ਰੇਕਾਰ ਨੇ ਬਦਤਮੀਜ਼ੀ ਅਤੇ ਅਪਰਾਧ ਵਿਚਕਾਰ ਸੰਬੰਧ ਬਾਰੇ ਇਹ ਕਿਹਾ: “ਜੇ ਦੂਸਰਿਆਂ ਦਾ ਆਦਰ ਕਰਨ ਅਤੇ ਚੰਗਾ ਚਾਲ-ਚੱਲਣ ਰੱਖਣ ਬਾਰੇ ਲੋਕ ਜ਼ਿਆਦਾ ਸਚੇਤ ਰਹਿਣ ਤਾਂ ਇਹ ਸ਼ਾਇਦ ਛੋਟਿਆਂ-ਮੋਟਿਆਂ ਅਪਰਾਧਾਂ ਨੂੰ ਘਟਾਉਣ ਦਾ ਇਕ ਸਭ ਤੋਂ ਜ਼ਰੂਰੀ ਕਦਮ ਹੋਵੇਗਾ।” ਇਹ ਸੰਸਥਾ ਲੋਕਾਂ ਨੂੰ ਸਲਾਹ ਦਿੰਦੀ ਹੈ ਕਿ ਉਹ ਸਬਰ ਕਰਨ, ਸਹਿਣਸ਼ੀਲ ਹੋਣ, ਅਤੇ ਗਾਲ੍ਹਾਂ ਨਾ ਕੱਢਣ। ਜੇ ਇਹ ਸਲਾਹ ਨਾ ਮੰਨੀ ਜਾਵੇ ਤਾਂ ਭੈੜਾ ਚਾਲ-ਚੱਲਣ ਭੈੜੇ ਅਪਰਾਧ ਵੱਲ ਲਿਜਾ ਸਕਦਾ ਹੈ। ਪਰ ਅਜੀਬ ਗੱਲ ਹੈ ਕਿ ਜਿਸ ਚੀਜ਼ ਨੂੰ ਲੋਕੀਂ ਆਪਣਾ ਦਿਲ ਬਹਿਲਾਉਣ ਲਈ ਤੇ ਨਿਰਾਸ਼ਾ ਅਤੇ ਤਣਾਅ ਨੂੰ ਦੂਰ ਕਰਨ ਲਈ ਇਸਤੇਮਾਲ ਕਰਦੇ ਹਨ ਉਹੀ ਚੀਜ਼ ਲੋਕਾਂ ਨੂੰ ਅਸਹਿਣਸ਼ੀਲ ਬਣਨ ਅਤੇ ਗੁੱਸਾ ਕੱਢਣ ਲਈ ਉਕਸਾਉਂਦੀ ਹੈ। ਇਹ ਕਿਵੇਂ?
ਆਸਟ੍ਰੇਲੀਆ ਦੀ ਅਪਰਾਧ-ਵਿਗਿਆਨ ਸੰਸਥਾ ਵੱਲੋਂ ਇਕ ਰਿਪੋਰਟ ਨੇ ਕਿਹਾ ਕਿ “ਬੱਚੇ ਅਤੇ ਸਿਆਣੇ ਸਿਨਮਿਆਂ ਵਿਚ ਜਾ ਕੇ ਖ਼ੂਨ-ਖ਼ਰਾਬੇ ਅਤੇ ਤਬਾਹੀ ਦੀਆਂ ਫ਼ਿਲਮਾਂ ਦੇਖਦੇ ਹਨ। ਹਿੰਸਾ-ਭਰੀਆਂ ਵਿਡਿਓ ਫ਼ਿਲਮਾਂ ਦਾ ਧੰਦਾ ਬਹੁਤ ਵੱਡਾ ਹੈ। ਬੱਚੇ ‘ਹਥਿਆਰ-ਰੂਪ ਖਿਡੌਣਿਆਂ’ ਨੂੰ ਬਹੁਤ ਪਸੰਦ ਕਰਦੇ ਹਨ, ਭਾਵੇਂ ਮਾਪੇ ਸ਼ਾਇਦ ਇਨ੍ਹਾਂ ਨੂੰ ਨਾ ਪਸੰਦ ਕਰਨ। ਸਿਆਣੇ ਅਤੇ ਬੱਚੇ ਵੀ ਟੈਲੀਵਿਯਨ ਤੇ ਹਿੰਸਾ ਨੂੰ ਦੇਖ ਕੇ ਮਜ਼ਾ ਲੈਂਦੇ ਹਨ, ਅਤੇ ਸਭਿਆਚਾਰ ਦੀਆਂ ਕਦਰਾਂ-ਕੀਮਤਾਂ ਨੂੰ ਫੈਲਾਉਣ ਵਿਚ ਟੈਲੀਵਿਯਨ ਦਾ ਵੱਡਾ ਹਿੱਸਾ ਹੈ।” ਇਹ ਗੱਲਾਂ ਸੜਕਾਂ ਤੇ ਅਤੇ ਘਰਾਂ ਵਿਚ ਕ੍ਰੋਧ ਭੜਕਣ ਦੀਆਂ ਘਟਨਾਵਾਂ ਨਾਲ ਕਿਵੇਂ ਸੰਬੰਧ ਰੱਖਦੀਆਂ ਹਨ? ਇਹੀ ਰਿਪੋਰਟ ਸਮਾਪਤੀ ਵਿਚ ਦੱਸਦੀ ਹੈ: “ਜਿਸ ਹੱਦ ਤਕ ਸਮਾਜ ਹਿੰਸਾ ਨੂੰ ਬਰਦਾਸ਼ਤ ਕਰਦਾ ਹੈ, ਉਸੇ ਹੱਦ ਤਕ ਸਮਾਜ ਦਿਆਂ ਲੋਕਾਂ ਦੀਆਂ ਕਦਰ-ਕੀਮਤਾਂ ਤੇ ਅਸਰ ਪਵੇਗਾ।”
ਅੱਜ-ਕੱਲ੍ਹ ਕੁਝ ਲੋਕ ਕਹਿੰਦੇ ਹਨ ਕਿ ਜਦੋਂ ਕਿਸੇ ਨੂੰ ਤਣਾਅ ਹੁੰਦਾ ਹੈ ਤਾਂ ਗੁੱਸਾ ਕੱਢਣਾ ਇਕ ਕੁਦਰਤੀ ਗੱਲ ਹੈ, ਕਿ ਇਸ ਧੱਕੜ, ਦਬਾਅ-ਭਰੇ ਸਮਾਜ ਵਿਚ ਸ਼ਾਂਤ ਰਹਿਣਾ ਨਾਮੁਮਕਿਨ ਹੈ। ਤਾਂ ਫਿਰ ਕੀ ਇਹ ਆਮ ਵਿਚਾਰ ਸੱਚ-ਮੁੱਚ ਚੰਗੀ ਸਲਾਹ ਹੈ ਕਿ “ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਇਸ ਨੂੰ ਕਿਸੇ ਤੇ ਕੱਢੋ?”
ਕੀ ਗੁੱਸੇ ਤੇ ਕਾਬੂ ਪਾਉਣਾ ਚਾਹੀਦਾ ਹੈ?
ਜਿਸ ਤਰ੍ਹਾਂ ਇਕ ਭੜਕਦਾ ਜੁਆਲਾਮੁਖੀ ਪਹਾੜ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਤੇ ਤਬਾਹੀ ਲਿਆਉਂਦਾ ਹੈ, ਇਸੇ ਤਰ੍ਹਾਂ ਜੋ ਵਿਅਕਤੀ ਆਪਣਾ ਗੁੱਸਾ ਕੱਢਦਾ ਹੈ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਨੁਕਸਾਨ ਕਰਦਾ ਹੈ। ਉਹ ਆਪਣੇ ਆਪ ਦਾ ਵੀ ਬਹੁਤ ਨੁਕਸਾਨ ਕਰਦਾ ਹੈ। ਕਿਸ ਤਰੀਕੇ ਵਿਚ? ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਕਹਿੰਦਾ ਹੈ ਕਿ “ਗੁੱਸਾ ਕੱਢਣ ਦੇ ਨਾਲ ਵਿਅਕਤੀ ਹੋਰ ਗੁੱਸੇ ਹੋ ਜਾਂਦਾ ਹੈ।” ਰਿਸਰਚ ਤੋਂ ਪਤਾ ਲੱਗਾ ਹੈ ਕਿ “ਉਨ੍ਹਾਂ ਆਦਮੀਆਂ ਦੀ ਤੁਲਨਾ ਵਿਚ ਜਿਹੜੇ ਗੁੱਸਾ ਨਹੀਂ ਕੱਢਦੇ” ਜਿਨ੍ਹਾਂ ਨੂੰ ਗੁੱਸਾ ਕੱਢਣ ਦੀ ਆਦਤ ਹੈ “ਉਨ੍ਹਾਂ ਦੀ 50 ਸਾਲਾਂ ਦੀ ਉਮਰ ਤਕ ਮਰਨ ਦੀ ਜ਼ਿਆਦਾ ਸੰਭਾਵਨਾ ਹੈ।”
ਅਮਰੀਕਾ ਦੀ ਦਿਲ-ਵਿਗਿਆਨ ਦੀ ਸੰਸਥਾ ਵੀ ਇਸੇ ਤਰ੍ਹਾਂ ਕਹਿੰਦੀ ਹੈ: “ਉਨ੍ਹਾਂ ਦੀ ਤੁਲਨਾ ਵਿਚ ਜੋ ਆਪਣੇ ਗੁੱਸੇ ਤੇ ਕਾਬੂ ਪਾਉਂਦੇ ਹਨ ਜਿਹੜੇ ਆਦਮੀ ਗੁੱਸਾ ਕੱਢਦੇ ਹਨ ਉਨ੍ਹਾਂ ਨੂੰ ਸਟ੍ਰੋਕ ਹੋਣ ਦਾ ਦੁਗਣਾ ਖ਼ਤਰਾ ਹੈ।” ਇਹ ਚੇਤਾਵਨੀਆਂ ਆਦਮੀਆਂ ਅਤੇ ਔਰਤਾਂ ਦੋਹਾਂ ਤੇ ਲਾਗੂ ਹੁੰਦੀਆਂ ਹਨ।
ਲੇਕਿਨ ਕਿਹੜੀ ਸਲਾਹ ਬਿਹਤਰੀਨ ਹੈ? ਜ਼ਰਾ ਧਿਆਨ ਦਿਓ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਸਲਾਹ ਅਤੇ ਇਨਸਾਨਾਂ ਨਾਲ ਚੰਗੇ ਰਿਸ਼ਤਿਆਂ ਬਾਰੇ ਸਭ ਤੋਂ ਜ਼ਿਆਦਾ ਫੈਲੀ ਹੋਈ ਸਲਾਹ, ਯਾਨੀ ਬਾਈਬਲ, ਵਿਚਕਾਰ ਕਿਨ੍ਹਾਂ ਗੱਲਾਂ ਦਾ ਮੇਲ ਹੈ।
ਗੁੱਸੇ ਤੇ ਕਾਬੂ ਪਾਓ—ਕ੍ਰੋਧ ਵਿਚ ਨਾ ਆਓ
ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਵਿਚ ਡਾ. ਰੈੱਡਫ਼ਰਡ ਬੀ. ਵਿਲੀਅਮਜ਼ ਕਹਿੰਦਾ ਹੈ: “ਇਹ ਸੰਭਵ ਨਹੀਂ ਕਿ ਇਸ ਸਾਧਾਰਣ ਜਿਹੀ ਸਲਾਹ ਤੋਂ ਤੁਹਾਨੂੰ ਕੋਈ ਫ਼ਾਇਦਾ ਹੋਵੇਗਾ ਕਿ ‘ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਇਸ ਨੂੰ ਕਿਸੇ ਤੇ ਕੱਢੋ।’ ਇਸ ਨਾਲੋਂ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੇ ਗੁੱਸੇ ਦਾ ਅੰਦਾਜ਼ਾ ਲਾਓ ਅਤੇ ਫਿਰ ਇਸ ਤੇ ਕਾਬੂ ਪਾਓ।” ਉਹ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦੀ ਸਲਾਹ ਦਿੰਦਾ ਹੈ: “(1) ਕੀ ਮਾਮਲਾ ਮੇਰੇ ਲਈ ਖ਼ਾਸ ਕਰਕੇ ਜ਼ਰੂਰੀ ਹੈ? (2) ਕੀ ਮੇਰੇ ਵਿਚਾਰ ਅਤੇ ਜਜ਼ਬਾਤ ਅਸਲੀਅਤਾਂ ਦੇ ਅਨੁਸਾਰ ਢਲੇ ਹਨ? (3) ਕੀ ਮਾਮਲੇ ਨੂੰ ਸੁਧਾਰਨਾ ਮੁਮਕਿਨ ਹੈ ਤਾਂਕਿ ਮੈਨੂੰ ਗੁੱਸੇ ਹੋਣ ਦੀ ਲੋੜ ਨਾ ਪਵੇ?”
ਕਹਾਉਤਾਂ 14:29; 29:11.“ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਤੱਤੀ ਤਬੀਅਤ ਵਾਲਾ ਮੂਰਖਤਾਈ ਨੂੰ ਉੱਚਾ ਕਰਦਾ ਹੈ। ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।”
ਅਫ਼ਸੀਆਂ 4:26.“ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ।”
ਗੁੱਸੇ ਤੇ ਕਾਬੂ ਪਾਉਣਾ—ਮਰਦਾਂ ਲਈ ਆਪਣੀ ਮਦਦ ਕਰਨ ਦੇ ਤਰੀਕੇ (ਅੰਗ੍ਰੇਜ਼ੀ) ਨਾਂ ਦੀ ਆਪਣੀ ਪੁਸਤਕ ਵਿਚ ਫ਼ਰੈਂਕ ਡੋਨੋਵਨ ਨੇ ਸਲਾਹ ਦਿੱਤੀ ਕਿ “ਗੁੱਸੇ ਨੂੰ ਦੂਰ ਕਰਨਾ—ਜਾਂ ਖ਼ਾਸ ਕਰਕੇ ਆਪਣੇ ਆਪ ਨੂੰ ਗੁੱਸੇ-ਭਰੇ ਮਾਹੌਲ ਅਤੇ ਦੂਸਰਿਆਂ ਲੋਕਾਂ ਤੋਂ ਦੂਰ ਕਰਨਾ—ਇਕ ਤਰੀਕਾ ਹੈ ਜੋ ਉਦੋਂ ਖ਼ਾਸ ਕਰਕੇ ਜ਼ਰੂਰੀ ਹੁੰਦਾ ਹੈ ਜਦੋਂ ਤੁਹਾਨੂੰ ਬਹੁਤ ਖਿੱਝ ਆਈ ਹੁੰਦੀ ਹੈ।
ਕਹਾਉਤਾਂ 17:14.“ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।”
ਬਰਟਰਮ ਰੋਥਚਾਇਲਡ ਨੇ ਮਨੁੱਖਵਾਦੀ ਨਾਂ ਦੇ ਅੰਗ੍ਰੇਜ਼ੀ ਜਰਨਲ ਵਿਚ ਲਿਖਿਆ: “ਗੁੱਸਾ . . . ਮੁੱਖ ਤੌਰ ਤੇ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਗੁੱਸੇ ਹੋਣ ਦੇ ਕਾਰਨ ਸਾਡੇ ਆਪਣੇ ਮਨਾਂ ਵਿਚ ਮੌਜੂਦ ਹੁੰਦੇ ਹਨ। . . . ਜੇ ਤੁਸੀਂ ਉਨ੍ਹਾਂ ਮੌਕਿਆਂ ਦੀ ਤੁਲਨਾ ਕਰੋ ਜਦੋਂ ਗੁੱਸੇ ਦੇ ਚੰਗੇ ਨਤੀਜੇ ਨਿਕਲੇ ਅਤੇ ਜਦੋਂ ਗੁੱਸੇ ਕਾਰਨ ਗੱਲ ਜ਼ਿਆਦਾ ਵਿਗੜੀ, ਤਾਂ ਤੁਸੀਂ ਦੇਖੋਗੇ ਕਿ ਚੰਗੇ ਨਤੀਜੇ ਬਹੁਤ ਘੱਟ ਹੋਣਗੇ। ਗੁੱਸਾ ਕੱਢਣ ਦੀ ਬਜਾਇ ਇਸ ਨੂੰ ਸ਼ੁਰੂ ਵਿਚ ਹੀ ਪੈਦਾ ਹੋਣ ਤੋਂ ਰੋਕਣਾ ਬਿਹਤਰ ਹੈ।”
ਜ਼ਬੂਰ 37:8.“ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ, ਨਾ ਕੁੜ੍ਹ—ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ।”
ਕਹਾਉਤਾਂ 15:1.“ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।”
ਕਹਾਉਤਾਂ 29:22.“ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ, ਅਤੇ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ।”
ਦੁਨੀਆਂ ਭਰ ਵਿਚ ਯਹੋਵਾਹ ਦੇ ਲੱਖ-ਲੱਖ ਗਵਾਹ ਇਸ ਸਲਾਹ ਦੀ ਪੁਸ਼ਟੀ ਕਰਦੇ ਹਨ। ਅਸੀਂ ਤੁਹਾਨੂੰ ਤੁਹਾਡੇ ਨੇੜੇ ਦੇ ਕਿੰਗਡਮ ਹਾਲ ਵਿਚ ਜਾ ਕੇ ਉਨ੍ਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਦਾ ਸੱਦਾ ਦਿੰਦੇ ਹਾਂ ਤਾਂਕਿ ਤੁਸੀਂ ਆਪ ਦੇਖ ਸਕੋ ਕਿ ਭਾਵੇਂ ਅਸੀਂ ਗੁੱਸੇ ਅਤੇ ਕ੍ਰੋਧ-ਭਰੇ ਸਮੇਂ ਵਿਚ ਜੀ ਰਹੇ ਹਾਂ, ਬਾਈਬਲ ਦੀ ਸਲਾਹ ਤੇ ਚੱਲਣ ਦਾ ਬਹੁਤ ਫ਼ਾਇਦਾ ਹੈ।
[ਸਫ਼ਾ 23 ਉੱਤੇ ਤਸਵੀਰਾਂ]
ਭੜਕਦੇ ਜੁਆਲਾਮੁਖੀ ਪਹਾੜ ਵਾਂਗ ਜੋ ਵਿਅਕਤੀ ਆਪਣੇ ਗੁੱਸੇ ਉੱਤੇ ਕਾਬੂ ਨਹੀਂ ਪਾਉਂਦਾ ਉਹ ਦੂਸਰਿਆਂ ਦਾ ਨੁਕਸਾਨ ਕਰਦਾ ਹੈ
[ਸਫ਼ਾ 24 ਉੱਤੇ ਤਸਵੀਰ]
ਬਾਈਬਲ ਦੀ ਸਲਾਹ ਸੱਚ-ਮੁੱਚ ਫ਼ਾਇਦੇਮੰਦ ਹੈ