ਭਵਿੱਖ ਬਾਰੇ ਬੁੱਧੀਮਾਨ ਬਣ
ਸਤਾਰਵੀਂ ਸਦੀ ਦੇ ਇਕ ਫਰਾਂਸੀਸੀ ਲੇਖਕ ਨੇ ਕਿਹਾ: “ਜ਼ਿਆਦਾਤਰ ਲੋਕ ਆਪਣੀ ਜਵਾਨੀ ਨੂੰ ਇਸ ਤਰ੍ਹਾਂ ਇਸਤੇਮਾਲ ਕਰਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਦੁੱਖ ਸਹਿਣੇ ਪੈਂਦੇ ਹਨ।” ਜੀ ਹਾਂ, ਇਕ ਨੌਜਵਾਨ ਫ਼ੈਸਲੇ ਕਰਨ ਵਿਚ ਡਾਵਾਂ-ਡੋਲ ਹੋ ਸਕਦਾ ਹੈ ਜਿਸ ਕਾਰਨ ਉਹ ਨਿਰਾਸ਼ ਹੋ ਕੇ ਪਛਤਾ ਸਕਦਾ ਹੈ। ਦੂਜੇ ਪਾਸੇ, ਇਕ ਜ਼ਿੱਦੀ ਨੌਜਵਾਨ ਅਜਿਹੇ ਗ਼ਲਤ ਰਸਤੇ ਤੇ ਪੈ ਸਕਦਾ ਹੈ ਜਿਸ ਤੋਂ ਬਾਅਦ ਵਿਚ ਉਸ ਨੂੰ ਖ਼ੁਸ਼ੀ ਨਾ ਮਿਲੇ। ਹੋ ਸਕਦਾ ਹੈ ਕਿ ਉਹ ਸਹੀ ਕੰਮ ਕਰਨ ਦੀ ਬਜਾਇ ਕੋਈ ਗੁਨਾਹ ਕਰ ਬੈਠੇ। ਇਸ ਦੇ ਨਤੀਜੇ ਵਜੋਂ ਉਸ ਨੂੰ ਬਹੁਤ ਸਾਰੇ ਦੁੱਖ ਝੱਲਣੇ ਪੈ ਸਕਦੇ ਹਨ।
ਉਹ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਦੁੱਖਾਂ ਤੋਂ ਕਿਵੇਂ ਬਚ ਸਕਦਾ ਹੈ? ਬਾਈਬਲ ਜਵਾਨੀ ਵਿਚ ਡਾਵਾਂ-ਡੋਲ ਹੋਣ ਬਾਰੇ ਇਹ ਚੇਤਾਵਨੀ ਤੇ ਸਲਾਹ ਦਿੰਦੀ ਹੈ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ, ਜਦ ਕਿ ਓਹ ਮਾੜੇ ਦਿਨ ਅਜੇ ਨਹੀਂ ਆਏ, ਅਤੇ ਓਹ ਵਰਹੇ ਅਜੇ ਨੇੜੇ ਨਹੀਂ ਪੁੱਜੇ ਜਿਨ੍ਹਾਂ ਵਿੱਚ ਤੂੰ ਆਖੇਂਗਾ, ਏਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਹੈ।” (ਉਪਦੇਸ਼ਕ ਦੀ ਪੋਥੀ 12:1) ਜੇ ਤੁਸੀਂ ਇਕ ਨੌਜਵਾਨ ਹੋ, ਤਾਂ ਆਪਣੀ ਜਵਾਨੀ ਵਿਚ “ਆਪਣੇ ਕਰਤਾਰ” ਬਾਰੇ ਸਿੱਖਣ ਦਾ ਪੱਕਾ ਇਰਾਦਾ ਕਰੋ।
ਬਾਈਬਲ ਨੌਜਵਾਨਾਂ ਦੀ ਕਿਵੇਂ ਮਦਦ ਕਰਦੀ ਹੈ ਕਿ ਉਹ ਜਵਾਨੀ ਵਿਚ ਮੂਰਖਤਾ ਨਾ ਕਰਨ? ਇਸ ਵਿਚ ਲਿਖਿਆ ਹੈ: “ਦੂਜਿਆਂ ਤੋਂ ਸਲਾਹ ਤੇ ਹਦਾਇਤ ਲੈ, ਤਾਂ ਤੂੰ ਭਵਿੱਖ ਵਿਚ ਬੁੱਧੀਮਾਨ ਹੋਵੇਗਾ।” (ਕਹਾਉਤਾਂ 19:20, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਾਈਬਲ ਇਹ ਵੀ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਜਵਾਨੀ ਜਾਂ ਕਿਸੇ ਹੋਰ ਉਮਰ ਵਿਚ ਲਾਪਰਵਾਹੀ ਜਾਂ ਮਨ-ਮਰਜ਼ੀ ਕਰ ਕੇ ਪਰਮੇਸ਼ੁਰ ਦੀ ਬੁੱਧ ਨੂੰ ਰੱਦ ਕਰਨ ਦਾ ਨਤੀਜਾ ਬੁਰਾ ਹੁੰਦਾ ਹੈ। (ਕਹਾਉਤਾਂ 13:18) ਇਸ ਦੇ ਉਲਟ, ਪਰਮੇਸ਼ੁਰ ਦੀਆਂ ਹਿਦਾਇਤਾਂ ਉੱਤੇ ਚੱਲ ਕੇ “ਉਮਰ ਦੀ ਲੰਬਾਈ, ਜੀਉਣ ਦੇ ਵਰ੍ਹੇ, ਅਤੇ ਸ਼ਾਂਤੀ” ਮਿਲਦੀ ਹੈ ਮਤਲਬ ਕਿ ਤੁਹਾਡਾ ਜੀਵਨ ਸੁਖੀ ਹੋਵੇਗਾ।—ਕਹਾਉਤਾਂ 3:2