ਪਾਠ 38
ਜ਼ਿੰਦਗੀ ਦੀ ਕਦਰ ਕਰੋ
ਜ਼ਿੰਦਗੀ ਬਹੁਤ ਸੋਹਣੀ ਹੈ। ਭਾਵੇਂ ਇਸ ਵਿਚ ਕਈ ਮੁਸ਼ਕਲਾਂ ਵੀ ਆਉਂਦੀਆਂ ਹਨ, ਫਿਰ ਵੀ ਸਾਡੇ ਕੋਲ ਖ਼ੁਸ਼ ਰਹਿਣ ਦਾ ਕੋਈ-ਨਾ-ਕੋਈ ਕਾਰਨ ਜ਼ਰੂਰ ਹੁੰਦਾ ਹੈ। ਤਾਂ ਫਿਰ ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਸਾਨੂੰ ਜ਼ਿੰਦਗੀ ਦੀ ਕਦਰ ਹੈ? ਇਸ ਤਰ੍ਹਾਂ ਕਰਨ ਦਾ ਸਭ ਤੋਂ ਵੱਡਾ ਕਾਰਨ ਕੀ ਹੈ? ਆਓ ਜਾਣੀਏ।
1. ਸਾਨੂੰ ਜ਼ਿੰਦਗੀ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ?
ਸਾਨੂੰ ਜ਼ਿੰਦਗੀ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਪਿਆਰੇ ਪਿਤਾ ਯਹੋਵਾਹ ਵੱਲੋਂ ਤੋਹਫ਼ਾ ਹੈ। ਉਹ “ਜ਼ਿੰਦਗੀ ਦਾ ਸੋਮਾ” ਹੈ ਯਾਨੀ ਉਸ ਨੇ ਹੀ ਸਾਰਿਆਂ ਨੂੰ ਜੀਵਨ ਦਿੱਤਾ ਹੈ। (ਜ਼ਬੂਰ 36:9) “ਉਹ ਆਪ ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ।” (ਰਸੂਲਾਂ ਦੇ ਕੰਮ 17:25, 28) ਯਹੋਵਾਹ ਨੇ ਸਾਨੂੰ ਸਭ ਕੁਝ ਦਿੱਤਾ ਹੈ ਜਿਸ ਕਰਕੇ ਅਸੀਂ ਨਾ ਸਿਰਫ਼ ਜੀਉਂਦੇ ਰਹਿੰਦੇ ਹਾਂ, ਸਗੋਂ ਜ਼ਿੰਦਗੀ ਦਾ ਮਜ਼ਾ ਵੀ ਲੈਂਦੇ ਹਾਂ।—ਰਸੂਲਾਂ ਦੇ ਕੰਮ 14:17 ਪੜ੍ਹੋ।
2. ਅਸੀਂ ਯਹੋਵਾਹ ਨੂੰ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਸਾਨੂੰ ਜ਼ਿੰਦਗੀ ਦੀ ਕਦਰ ਹੈ?
ਜਦੋਂ ਅਸੀਂ ਆਪਣੀ ਮਾਂ ਦੀ ਕੁੱਖ ਵਿਚ ਹੀ ਸੀ, ਉਦੋਂ ਤੋਂ ਯਹੋਵਾਹ ਸਾਡੀ ਪਰਵਾਹ ਕਰਦਾ ਆਇਆ ਹੈ। ਯਹੋਵਾਹ ਦੀ ਪ੍ਰੇਰਣਾ ਨਾਲ ਦਾਊਦ ਨੇ ਲਿਖਿਆ: “ਤੇਰੀਆਂ ਅੱਖਾਂ ਨੇ ਮੇਰੇ ਭਰੂਣ ਨੂੰ ਦੇਖਿਆ।” (ਜ਼ਬੂਰ 139:16) ਹਾਂ, ਤੁਹਾਡੀ ਜ਼ਿੰਦਗੀ ਯਹੋਵਾਹ ਲਈ ਬਹੁਤ ਅਨਮੋਲ ਹੈ। (ਮੱਤੀ 10:29-31 ਪੜ੍ਹੋ।) ਇਸ ਲਈ ਜ਼ਰਾ ਸੋਚੋ, ਜਦੋਂ ਕੋਈ ਜਾਣ-ਬੁੱਝ ਕੇ ਕਿਸੇ ਦੀ ਜਾਨ ਜਾਂ ਆਪਣੀ ਜਾਨ ਲੈਂਦਾ ਹੈ,a ਤਾਂ ਯਹੋਵਾਹ ਨੂੰ ਕਿੰਨਾ ਦੁੱਖ ਲੱਗਦਾ ਹੋਣਾ! (ਕੂਚ 20:13) ਯਹੋਵਾਹ ਨੂੰ ਉਦੋਂ ਵੀ ਦੁੱਖ ਹੁੰਦਾ ਹੋਣਾ ਜਦੋਂ ਕੋਈ ਲਾਪਰਵਾਹ ਹੋ ਕੇ ਆਪਣੀ ਜਾਂ ਦੂਜਿਆਂ ਦੀ ਜਾਨ ਖ਼ਤਰੇ ਵਿਚ ਪਾਉਂਦਾ ਹੈ। ਜਦੋਂ ਅਸੀਂ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਤੋਂ ਮਿਲੀ ਇਸ ਅਨਮੋਲ ਜ਼ਿੰਦਗੀ ਦੀ ਕਦਰ ਕਰਦੇ ਹਾਂ।
ਹੋਰ ਸਿੱਖੋ
ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਦੀ ਕਦਰ ਕਰਦੇ ਹਾਂ? ਆਓ ਜਾਣੀਏ।
3. ਆਪਣੀ ਸਿਹਤ ਦਾ ਖ਼ਿਆਲ ਰੱਖੋ
ਸੱਚੇ ਮਸੀਹੀਆਂ ਨੇ ਆਪਣਾ ਸਰੀਰ ਬਲੀਦਾਨ ਦੇ ਤੌਰ ਤੇ ਯਹੋਵਾਹ ਨੂੰ ਚੜ੍ਹਾਇਆ ਹੈ। ਇਸ ਲਈ ਉਹ ਜ਼ਿੰਦਗੀ ਦੇ ਹਰ ਮਾਮਲੇ ਵਿਚ ਯਹੋਵਾਹ ਨੂੰ ਪਹਿਲ ਦੇਣੀ ਚਾਹੁੰਦੇ ਹਨ। ਰੋਮੀਆਂ 12:1, 2 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਕਿਹੜੀ ਗੱਲ ਕਰਕੇ ਤੁਹਾਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ?
ਤੁਸੀਂ ਕਿਨ੍ਹਾਂ ਕੁਝ ਤਰੀਕਿਆਂ ਨਾਲ ਇਸ ਤਰ੍ਹਾਂ ਕਰ ਸਕਦੇ ਹੋ?
4. ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦਾ ਧਿਆਨ ਰੱਖੋ
ਬਾਈਬਲ ਦੱਸਦੀ ਹੈ ਕਿ ਸਾਨੂੰ ਅਜਿਹੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਕਰਕੇ ਸਾਨੂੰ ਜਾਂ ਦੂਜਿਆਂ ਨੂੰ ਸੱਟ ਲੱਗ ਸਕਦੀ ਹੈ ਜਾਂ ਜਾਨ ਜਾ ਸਕਦੀ ਹੈ। ਇਹ ਜਾਣਨ ਲਈ ਕਿ ਸਾਨੂੰ ਕਿਨ੍ਹਾਂ ਗੱਲਾਂ ਵਿਚ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹ ਵੀਡੀਓ ਦੇਖੋ।
ਕਹਾਉਤਾਂ 22:3 ਪੜ੍ਹੋ। ਫਿਰ ਚਰਚਾ ਕਰੋ ਕਿ ਅੱਗੇ ਦੱਸੇ ਮਾਮਲਿਆਂ ਵਿਚ ਅਸੀਂ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦਾ ਧਿਆਨ ਕਿਵੇਂ ਰੱਖ ਸਕਦੇ ਹਾਂ . . .
ਆਪਣੇ ਘਰ ਵਿਚ।
ਕੰਮ ਦੀ ਜਗ੍ਹਾ ʼਤੇ।
ਖੇਡਦੇ ਸਮੇਂ।
ਗੱਡੀ ਚਲਾਉਂਦੇ ਸਮੇਂ ਜਾਂ ਉਸ ਵਿਚ ਸਫ਼ਰ ਕਰਦੇ ਸਮੇਂ।
5. ਗਰਭ ਵਿਚ ਪਲ਼ ਰਹੇ ਬੱਚੇ ਦੀ ਜਾਨ ਨੂੰ ਅਨਮੋਲ ਸਮਝੋ
ਦਾਊਦ ਨੇ ਇਕ ਕਵਿਤਾ ਵਿਚ ਲਿਖਿਆ ਕਿ ਯਹੋਵਾਹ ਮਾਂ ਦੀ ਕੁੱਖ ਵਿਚ ਪਲ਼ ਰਹੇ ਬੱਚੇ ਬਾਰੇ ਇਕ-ਇਕ ਗੱਲ ਜਾਣਦਾ ਹੈ। ਜ਼ਬੂਰ 139:13-17 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ਦੀ ਨਜ਼ਰ ਵਿਚ ਜ਼ਿੰਦਗੀ ਕਦੋਂ ਸ਼ੁਰੂ ਹੁੰਦੀ ਹੈ: ਜਦੋਂ ਇਕ ਮਾਂ ਦਾ ਗਰਭ ਠਹਿਰਦਾ ਜਾਂ ਜਦੋਂ ਬੱਚੇ ਦਾ ਜਨਮ ਹੁੰਦਾ ਹੈ?
ਪੁਰਾਣੇ ਜ਼ਮਾਨੇ ਵਿਚ ਇਕ ਮਾਂ ਅਤੇ ਉਸ ਦੀ ਕੁੱਖ ਵਿਚ ਪਲ਼ ਰਹੇ ਬੱਚੇ ਦੀ ਹਿਫ਼ਾਜ਼ਤ ਕਰਨ ਲਈ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕੁਝ ਕਾਨੂੰਨ ਦਿੱਤੇ ਸਨ। ਕੂਚ 21:22, 23 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਯਹੋਵਾਹ ਨੂੰ ਕਿਵੇਂ ਲੱਗਦਾ ਹੈ ਜਦੋਂ ਕੋਈ ਅਣਜਾਣੇ ਵਿਚ ਅਣਜੰਮੇ ਬੱਚੇ ਦੀ ਜਾਨ ਲੈਂਦਾ ਹੈ?
ਯਹੋਵਾਹ ਨੂੰ ਕਿੱਦਾਂ ਲੱਗੇਗਾ ਜੇ ਕੋਈ ਜਾਣ-ਬੁੱਝ ਕੇ ਇੱਦਾਂ ਕਰਦਾ ਹੈ?b
ਯਹੋਵਾਹ ਦੇ ਇਸ ਨਜ਼ਰੀਏ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਭਾਵੇਂ ਇਕ ਔਰਤ ਜ਼ਿੰਦਗੀ ਨੂੰ ਬਹੁਤ ਅਨਮੋਲ ਸਮਝਦੀ ਹੋਵੇ, ਫਿਰ ਵੀ ਸ਼ਾਇਦ ਉਸ ਨੂੰ ਲੱਗੇ ਕਿ ਗਰਭਪਾਤ ਕਰਾਉਣ ਤੋਂ ਸਿਵਾਇ ਉਸ ਕੋਲ ਹੋਰ ਕੋਈ ਚਾਰਾ ਨਹੀਂ। ਯਸਾਯਾਹ 41:10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਜੇ ਇਕ ਔਰਤ ਉੱਤੇ ਗਰਭਪਾਤ ਕਰਾਉਣ ਲਈ ਜ਼ੋਰ ਪਾਇਆ ਜਾਵੇ, ਤਾਂ ਉਸ ਨੂੰ ਕਿਸ ਤੋਂ ਮਦਦ ਲੈਣੀ ਚਾਹੀਦੀ ਹੈ? ਉਸ ਨੂੰ ਇੱਦਾਂ ਕਿਉਂ ਕਰਨਾ ਚਾਹੀਦਾ ਹੈ?
ਕੁਝ ਲੋਕਾਂ ਦਾ ਕਹਿਣਾ ਹੈ: “ਜੇ ਬੱਚਾ ਨਹੀਂ ਚਾਹੀਦਾ, ਤਾਂ ਗਰਭਪਾਤ ਕਰਾਉਣ ਵਿਚ ਕੋਈ ਹਰਜ਼ ਨਹੀਂ।”
ਤੁਹਾਨੂੰ ਕਿਸ ਗੱਲ ਕਰਕੇ ਯਕੀਨ ਹੋਇਆ ਕਿ ਯਹੋਵਾਹ ਮਾਂ ਅਤੇ ਉਸ ਦੇ ਅਣਜੰਮੇ ਬੱਚੇ ਦੋਹਾਂ ਦੀਆਂ ਜਾਨਾਂ ਨੂੰ ਅਨਮੋਲ ਸਮਝਦਾ ਹੈ?
ਹੁਣ ਤਕ ਅਸੀਂ ਸਿੱਖਿਆ
ਜ਼ਿੰਦਗੀ ਯਹੋਵਾਹ ਵੱਲੋਂ ਤੋਹਫ਼ਾ ਹੈ। ਬਾਈਬਲ ਸਿਖਾਉਂਦੀ ਹੈ ਕਿ ਸਾਨੂੰ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਪਿਆਰੀ ਹੋਣੀ ਚਾਹੀਦੀ ਹੈ ਅਤੇ ਇਸ ਦੀ ਕਦਰ ਤੇ ਹਿਫ਼ਾਜ਼ਤ ਵੀ ਕਰਨੀ ਚਾਹੀਦੀ ਹੈ।
ਤੁਸੀਂ ਕੀ ਕਹੋਗੇ?
ਯਹੋਵਾਹ ਇਨਸਾਨ ਦੀ ਜ਼ਿੰਦਗੀ ਨੂੰ ਕਿਉਂ ਅਨਮੋਲ ਸਮਝਦਾ ਹੈ?
ਜਦੋਂ ਕੋਈ ਜਾਣ-ਬੁੱਝ ਕੇ ਆਪਣੀ ਜਾਂ ਕਿਸੇ ਦੀ ਜਾਨ ਲੈਂਦਾ ਹੈ, ਤਾਂ ਯਹੋਵਾਹ ਨੂੰ ਕਿਵੇਂ ਲੱਗਦਾ ਹੈ?
ਤੁਸੀਂ ਜ਼ਿੰਦਗੀ ਦੀ ਕਦਰ ਕਿਉਂ ਕਰਦੇ ਹੋ?
ਇਹ ਵੀ ਦੇਖੋ
ਅਸੀਂ ਜੀਵਨ ਦੇ ਤੋਹਫ਼ੇ ਲਈ ਯਹੋਵਾਹ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ?
ਕੀ ਪਰਮੇਸ਼ੁਰ ਉਸ ਔਰਤ ਨੂੰ ਮਾਫ਼ ਕਰੇਗਾ ਜਿਸ ਨੇ ਗਰਭਪਾਤ ਕਰਾਇਆ ਸੀ? ਇਸ ਸਵਾਲ ਦਾ ਜਵਾਬ ਇਸ ਲੇਖ ਤੋਂ ਜਾਣੋ।
ਆਓ ਜਾਣੀਏ ਕਿ ਜ਼ਿੰਦਗੀ ਬਾਰੇ ਯਹੋਵਾਹ ਦੀ ਸੋਚ ਕਿਵੇਂ ਅਜਿਹੀਆਂ ਖੇਡਾਂ ਤੋਂ ਦੂਰ ਰਹਿਣ ਵਿਚ ਸਾਡੀ ਮਦਦ ਕਰੇਗੀ ਜਿਨ੍ਹਾਂ ਵਿਚ ਜਾਨ ਦਾ ਖ਼ਤਰਾ ਹੁੰਦਾ ਹੈ।
“ਕੀ ਸਾਨੂੰ ਖ਼ਤਰਨਾਕ ਖੇਡਾਂ ਖੇਡਣੀਆਂ ਚਾਹੀਦੀਆਂ ਹਨ?” (ਜਾਗਰੂਕ ਬਣੋ! ਲੇਖ)
ਜੇ ਇਕ ਵਿਅਕਤੀ ਦੇ ਮਨ ਵਿਚ ਖ਼ੁਦਕੁਸ਼ੀ ਕਰਨ ਦਾ ਖ਼ਿਆਲ ਆਉਂਦਾ ਹੈ, ਤਾਂ ਉਸ ਨੂੰ ਬਾਈਬਲ ਤੋਂ ਕਿਵੇਂ ਮਦਦ ਮਿਲ ਸਕਦੀ ਹੈ? ਆਓ ਜਾਣੀਏ।
a ਯਹੋਵਾਹ ਨੂੰ ਟੁੱਟੇ ਦਿਲ ਵਾਲਿਆਂ ਦੀ ਬਹੁਤ ਪਰਵਾਹ ਹੈ। (ਜ਼ਬੂਰ 34:18) ਉਹ ਸਮਝਦਾ ਹੈ ਕਿ ਇਕ ਇਨਸਾਨ ਕਦੇ-ਕਦੇ ਇੰਨਾ ਨਿਰਾਸ਼ ਹੋ ਜਾਂਦਾ ਹੈ ਕਿ ਉਹ ਸ਼ਾਇਦ ਸੋਚੇ, ‘ਮੈਂ ਜੀਉਣਾ ਨਹੀਂ ਚਾਹੁੰਦਾ।’ ਯਹੋਵਾਹ ਅਜਿਹੇ ਇਨਸਾਨ ਦੀ ਮਦਦ ਕਰਨੀ ਚਾਹੁੰਦਾ ਹੈ। ਇਹ ਜਾਣਨ ਲਈ ਕਿ ਯਹੋਵਾਹ ਅਜਿਹੀਆਂ ਭਾਵਨਾਵਾਂ ਨਾਲ ਲੜਨ ਵਿਚ ਕਿਵੇਂ ਮਦਦ ਕਰ ਸਕਦਾ ਹੈ, “ਮੈਂ ਮਰਨਾ ਚਾਹੁੰਦਾ ਹਾਂ—ਕੀ ਬਾਈਬਲ ਇਸ ਖ਼ਿਆਲ ਨੂੰ ਮਨ ਵਿੱਚੋਂ ਕੱਢਣ ਵਿਚ ਮੇਰੀ ਮਦਦ ਕਰ ਸਕਦੀ ਹੈ?” ਨਾਂ ਦਾ ਲੇਖ ਪੜ੍ਹੋ। ਇਹ ਲੇਖ ਇਸ ਪਾਠ ਦੇ “ਇਹ ਵੀ ਦੇਖੋ” ਭਾਗ ਵਿਚ ਦਿੱਤਾ ਗਿਆ ਹੈ।
b ਜਿਨ੍ਹਾਂ ਨੇ ਪਹਿਲਾਂ ਗਰਭਪਾਤ ਕਰਾਇਆ ਸੀ, ਉਹ ਸ਼ਾਇਦ ਦੋਸ਼ੀ ਮਹਿਸੂਸ ਕਰਨ। ਪਰ ਯਹੋਵਾਹ ਉਨ੍ਹਾਂ ਨੂੰ ਮਾਫ਼ ਕਰਨ ਲਈ ਤਿਆਰ ਹੈ। ਇਸ ਬਾਰੇ ਹੋਰ ਜਾਣਨ ਲਈ “ਬਾਈਬਲ ਗਰਭਪਾਤ ਬਾਰੇ ਕੀ ਕਹਿੰਦੀ ਹੈ?” ਨਾਂ ਦਾ ਲੇਖ ਪੜ੍ਹੋ। ਇਹ ਲੇਖ ਇਸ ਪਾਠ ਦੇ “ਇਹ ਵੀ ਦੇਖੋ” ਭਾਗ ਵਿਚ ਦਿੱਤਾ ਗਿਆ ਹੈ।