ਸੋਚ-ਸਮਝ ਕੇ ਬੋਲੋ
‘ਕਾਸ਼ ਮੈਂ ਸੋਚ-ਸਮਝ ਕੇ ਬੋਲਿਆ ਹੁੰਦਾ!’ ਕੀ ਤੁਸੀਂ ਕਦੇ ਇੱਦਾਂ ਕਿਹਾ ਹੈ? ਵਾਕਈ, ਸਾਨੂੰ ਸਾਰਿਆਂ ਨੂੰ ਆਪਣੀ ਜ਼ਬਾਨ ʼਤੇ ਲਗਾਮ ਦੇਣੀ ਮੁਸ਼ਕਲ ਲੱਗਦੀ ਹੈ। ਬਾਈਬਲ ਕਹਿੰਦੀ ਹੈ ਕਿ ਅਸੀਂ ਤਕਰੀਬਨ ਹਰੇਕ ਜਾਨਵਰ ਨੂੰ ਆਪਣੇ ਵੱਸ ਵਿਚ ਕਰ ਸਕਦੇ ਹਾਂ, ਪਰ ਅਫ਼ਸੋਸ “ਜੀਭ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸੱਕਦਾ।” (ਯਾਕੂਬ 3:7, 8) ਸੋ ਕੀ ਸਾਨੂੰ ਹਾਰ ਮੰਨ ਕੇ ਕੋਸ਼ਿਸ਼ ਕਰਨੀ ਛੱਡ ਦੇਣੀ ਚਾਹੀਦੀ ਹੈ? ਬਿਲਕੁਲ ਨਹੀਂ! ਇਸ ਛੋਟੇ, ਪਰ ਤਾਕਤਵਰ ਅੰਗ ਨੂੰ ਆਪਣੇ ਵੱਸ ਵਿਚ ਕਰਨ ਲਈ ਬਾਈਬਲ ਦੇ ਕੁਝ ਅਸੂਲਾਂ ʼਤੇ ਗੌਰ ਕਰੋ ਜੋ ਸਾਡੀ ਮਦਦ ਕਰ ਸਕਦੇ ਹਨ।
● “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।” (ਕਹਾਉਤਾਂ 10:19) ਜ਼ਿਆਦਾ ਬੋਲਣ ਨਾਲ ਅਸੀਂ ਗ਼ਲਤ ਗੱਲਾਂ ਕਹਿ ਦਿੰਦੇ ਹਾਂ ਜਿਨ੍ਹਾਂ ਕਰਕੇ ਦੂਸਰਿਆਂ ਨੂੰ ਨੁਕਸਾਨ ਹੁੰਦਾ ਹੈ। ਅਸਲ ਵਿਚ ਬੇਲਗਾਮ ਜ਼ਬਾਨ ਚੁਗ਼ਲੀਆਂ ਅਤੇ ਬਦਨਾਮੀ ਦੀ ਅੱਗ ਨੂੰ ਭੜਕਾਉਂਦੀ ਹੈ। (ਯਾਕੂਬ 3:5, 6) ਪਰ ਜਦੋਂ ‘ਅਸੀਂ ਆਪਣਿਆਂ ਬੁੱਲ੍ਹਾਂ ਨੂੰ ਰੋਕਦੇ ਹਾਂ’ ਯਾਨੀ ਸੋਚ-ਸਮਝ ਕੇ ਬੋਲਦੇ ਹਾਂ, ਤਾਂ ਅਸੀਂ ਇਸ ਵੱਲ ਧਿਆਨ ਦਿੰਦੇ ਹਾਂ ਕਿ ਸਾਡੇ ਸ਼ਬਦਾਂ ਦਾ ਦੂਜਿਆਂ ʼਤੇ ਕੀ ਅਸਰ ਪਵੇਗਾ। ਇਸ ਤਰ੍ਹਾਂ ਦੂਸਰਿਆਂ ਦੀਆਂ ਨਜ਼ਰਾਂ ਵਿਚ ਅਸੀਂ ਸਮਝਦਾਰ ਬਣਾਂਗੇ ਅਤੇ ਸਾਡੀ ਇੱਜ਼ਤ ਵਧੇਗੀ ਤੇ ਉਹ ਸਾਡੇ ʼਤੇ ਭਰੋਸਾ ਕਰ ਸਕਣਗੇ।
● “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।” (ਯਾਕੂਬ 1:19) ਜਦੋਂ ਅਸੀਂ ਦੂਸਰਿਆਂ ਦੀ ਗੱਲ ਧਿਆਨ ਨਾਲ ਸੁਣਦੇ ਹਾਂ, ਤਾਂ ਉਨ੍ਹਾਂ ਨੂੰ ਤਸੱਲੀ ਹੁੰਦੀ ਹੈ ਕਿ ਅਸੀਂ ਉਨ੍ਹਾਂ ਵਿਚ ਸਿਰਫ਼ ਦਿਲਚਸਪੀ ਹੀ ਨਹੀਂ ਲੈਂਦੇ, ਸਗੋਂ ਉਨ੍ਹਾਂ ਦੀ ਇੱਜ਼ਤ ਵੀ ਕਰਦੇ ਹਾਂ। ਪਰ ਉਦੋਂ ਕੀ ਜਦੋਂ ਕੋਈ ਸਾਨੂੰ ਦਿਲ ਚੁੱਭਵੀਂ ਗੱਲ ਕਹੇ ਜਾਂ ਸਾਡੇ ਗੁੱਸੇ ਨੂੰ ਭੜਕਾਵੇ? ਉਦੋਂ ਸਾਨੂੰ ‘ਕ੍ਰੋਧ ਵਿੱਚ ਧੀਰੇ’ ਹੋਣ ਦੀ ਲੋੜ ਹੈ। ਹੋ ਸਕਦਾ ਹੈ ਕਿ ਉਹ ਬੰਦਾ ਕਿਸੇ ਗੱਲ ਕਰਕੇ ਪਰੇਸ਼ਾਨ ਹੋਵੇ ਅਤੇ ਇਕ ਦਿਨ ਮਾਫ਼ੀ ਮੰਗ ਲਵੇ! ਕੀ ਤੁਹਾਨੂੰ ‘ਕ੍ਰੋਧ ਵਿੱਚ ਧੀਰੇ’ ਹੋਣਾ ਮੁਸ਼ਕਲ ਲੱਗਦਾ ਹੈ? ਫਿਰ ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਤੁਹਾਨੂੰ ਧੀਰਜ ਦੇਵੇ। ਉਹ ਅਜਿਹੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੇਗਾ।—ਲੂਕਾ 11:13.
● “ਕੋਮਲ ਰਸਨਾ ਹੱਡੀ ਨੂੰ ਵੀ ਭੰਨ ਸੁੱਟਦੀ ਹੈ।” (ਕਹਾਉਤਾਂ 25:15) ਕਈ ਲੋਕ ਸੋਚਦੇ ਹਨ ਕਿ ਹਲੀਮ ਇਨਸਾਨ ਕਮਜ਼ੋਰ ਹੁੰਦਾ ਹੈ, ਪਰ ਅਸਲੀਅਤ ਕੁਝ ਹੋਰ ਹੀ ਹੈ। ਮਿਸਾਲ ਲਈ, ਵਿਰੋਧਤਾ ਭਾਵੇਂ ਹੱਡੀ ਜਿੰਨੀ ਸਖ਼ਤ ਕਿਉਂ ਨਾ ਹੋਵੇ, ਫਿਰ ਵੀ ਨਰਮ ਜਵਾਬ ਗੁੱਸੇ ਨੂੰ ਸ਼ਾਂਤ ਕਰ ਸਕਦਾ ਹੈ। ਇਹ ਗੱਲ ਸੱਚ ਹੈ ਕਿ ਜਦੋਂ ਕੋਈ ਸਾਡੇ ਨਾਲ ਗੁੱਸੇ ਹੁੰਦਾ ਹੈ, ਤਾਂ ਉਦੋਂ ਹਲੀਮ ਹੋਣਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਬਾਈਬਲ ਦੀ ਸਲਾਹ ʼਤੇ ਚੱਲਣ ਦੇ ਫ਼ਾਇਦਿਆਂ ਬਾਰੇ ਸੋਚੋ ਅਤੇ ਯਾਦ ਰੱਖੋ ਕਿ ਇਸ ਸਲਾਹ ʼਤੇ ਨਾ ਚਲਣ ਦੇ ਮਾੜੇ ਨਤੀਜੇ ਕੀ ਹੋ ਸਕਦੇ ਹਨ।
ਬਾਈਬਲ ਦੇ ਅਸੂਲ ਕਿੰਨੇ ਵਧੀਆ ਹਨ ਅਤੇ ਉਨ੍ਹਾਂ ਤੋਂ ਸਾਨੂੰ ਕਿੰਨੀ ਬੁੱਧ ਮਿਲਦੀ ਹੈ। (ਯਾਕੂਬ 3:17) ਜਦੋਂ ਅਸੀਂ ਸੋਚ-ਸਮਝ ਕੇ ਬੋਲਦੇ ਹਾਂ, ਤਾਂ ਸਾਡੀਆਂ ਗੱਲਾਂ “ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ” ਵਾਂਗ ਹੁੰਦੀਆਂ ਹਨ। ਫਿਰ ਅਸੀਂ ਆਪਣੀਆਂ ਗੱਲਾਂ ਰਾਹੀਂ ਦੂਜਿਆਂ ਦਾ ਮਾਣ ਰੱਖਦੇ ਹਾਂ ਅਤੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਾਂ।—ਕਹਾਉਤਾਂ 25:11. (g10-E 11)