ਇਕ ਸਿਆਣੀ ਮਾਂ ਦੀ ਸਲਾਹ
“ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ।”—ਕਹਾਉਤਾਂ 1:8.
ਸਾਡੇ ਮਾਪੇ—ਮਾਤਾ ਅਤੇ ਪਿਤਾ ਦੋਵੇਂ ਹੀ—ਸਾਡੇ ਲਈ ਹੌਸਲਾ-ਅਫ਼ਜ਼ਾਈ, ਮਦਦ ਅਤੇ ਸਲਾਹ ਦਾ ਬੇਸ਼ਕੀਮਤੀ ਸੋਮਾ ਹੋ ਸਕਦੇ ਹਨ। ਬਾਈਬਲ ਦੀ ਕਹਾਉਤਾਂ ਦੀ ਕਿਤਾਬ ਲਮੂਏਲ ਨਾਮਕ ਇਕ ਨੌਜਵਾਨ ਰਾਜੇ ਬਾਰੇ ਦੱਸਦੀ ਹੈ ਜਿਸ ਨੂੰ ਉਸ ਦੀ ਮਾਂ ਨੇ ਜ਼ਬਰਦਸਤ ਤਾੜਨਾ ਦਿੱਤੀ। ਇਸ ਸਿਆਣੀ ਮਾਂ ਦੀ ਸਲਾਹ ਦੇ ਸ਼ਬਦ ਬਾਈਬਲ ਦੀ ਕਹਾਉਤਾਂ ਦੀ ਕਿਤਾਬ ਅਧਿਆਇ 31 ਵਿਚ ਲਿਖੇ ਗਏ ਹਨ, ਜਿਨ੍ਹਾਂ ਤੋਂ ਅਸੀਂ ਵੀ ਫ਼ਾਇਦਾ ਲੈ ਸਕਦੇ ਹਾਂ।—ਕਹਾਉਤਾਂ 31:1.
ਇਕ ਰਾਜੇ ਲਈ ਢੁਕਵੀਂ ਸਲਾਹ
ਸਲਾਹ ਦੇਣ ਤੋਂ ਪਹਿਲਾਂ ਲਮੂਏਲ ਦੀ ਮਾਂ ਕਈ ਸਵਾਲ ਪੁੱਛਦੀ ਹੈ ਜੋ ਸਾਡੀ ਦਿਲਚਸਪੀ ਨੂੰ ਵਧਾਉਂਦੇ ਹਨ: “ਕਿਉਂ ਮੇਰੇ ਪੁੱਤ੍ਰ? ਕਿਉਂ ਮੇਰੇ ਢਿੱਡ ਦੇ ਪੁੱਤ੍ਰ? ਕਿਉਂ ਮੇਰੀਆਂ ਸੁੱਖਣਾਂ ਦੇ ਪੁੱਤ੍ਰ?” ਆਪਣੇ ਪੁੱਤਰ ਨੂੰ ਤਿੰਨ ਵਾਰ ਕੀਤੀ ਗਈ ਇਹ ਅਰਜੋਈ ਉਸ ਦੀ ਆਪਣੇ ਪੁੱਤਰ ਪ੍ਰਤੀ ਚਿੰਤਾ ਨੂੰ ਦਰਸਾਉਂਦੀ ਹੈ, ਤਾਂਕਿ ਉਸ ਦਾ ਪੁੱਤਰ ਉਸ ਦੀਆਂ ਗੱਲਾਂ ਵੱਲ ਪੂਰਾ-ਪੂਰਾ ਧਿਆਨ ਦੇਵੇ। (ਕਹਾਉਤਾਂ 31:2) ਉਸ ਨੇ ਆਪਣੀ ਸੰਤਾਨ ਦੀ ਅਧਿਆਤਮਿਕ ਭਲਾਈ ਲਈ ਚਿੰਤਾ ਦਿਖਾ ਕੇ ਅੱਜ ਦੇ ਮਸੀਹੀ ਮਾਤਾ-ਪਿਤਾਵਾਂ ਲਈ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਹੈ।
ਇਕ ਮਾਂ ਨੂੰ ਇਸ ਤੋਂ ਜ਼ਿਆਦਾ ਹੋਰ ਕਿਹੜੀ ਚਿੰਤਾ ਹੋ ਸਕਦੀ ਹੈ ਕਿ ਉਸ ਦਾ ਪੁੱਤਰ ਸ਼ਰਾਬ, ਤੀਵੀਆਂ ਅਤੇ ਰਾਗ-ਰੰਗ ਸੰਬੰਧੀ ਅਯਾਸ਼ੀ ਤੇ ਭੋਗ-ਵਿਲਾਸ ਵਿਚ ਨਾ ਪੈ ਜਾਵੇ? ਇਸੇ ਲਈ ਲਮੂਏਲ ਦੀ ਮਾਂ ਕੰਮ ਦੀ ਗੱਲ ਤੇ ਆਉਂਦੀ ਹੈ ਤੇ ਕਹਿੰਦੀ ਹੈ: “ਆਪਣਾ ਬਲ ਤੀਵੀਆਂ ਨੂੰ ਨਾ ਦੇਹ।” ਉਹ ਕਹਿੰਦੀ ਹੈ ਕਿ ਗ਼ਲਤ ਚਾਲ-ਚਲਣ ਹੀ “ਪਾਤਸ਼ਾਹਾਂ ਦੇ ਨਾਸ” ਦਾ ਕਾਰਨ ਬਣਦਾ ਹੈ।—ਕਹਾਉਤਾਂ 31:3.
ਹੱਦੋਂ ਵੱਧ ਸ਼ਰਾਬ ਪੀਣ ਨੂੰ ਵੀ ਅੱਖੋਂ-ਓਹਲੇ ਨਹੀਂ ਕੀਤਾ ਜਾਣਾ ਚਾਹੀਦਾ। ਉਹ ਚੇਤਾਵਨੀ ਦਿੰਦੀ ਹੈ: “ਪਾਤਸ਼ਾਹਾਂ ਨੂੰ, ਹੇ ਲਮੂਏਲ, ਪਾਤਸ਼ਾਹਾਂ ਨੂੰ ਮਧ ਪੀਣੀ ਜੋਗ ਨਹੀਂ।” ਕਿਉਂਕਿ ਜੇ ਇਕ ਰਾਜਾ ਨਸ਼ੇ ਵਿਚ ਧੁੱਤ ਰਹਿੰਦਾ ਹੈ, ਤਾਂ ਉਹ ਸਹੀ ਅਤੇ ਬੁੱਧੀ ਨਾਲ ਨਿਆਂ ਕਿਵੇਂ ਕਰ ਸਕਦਾ ਹੈ? ਇਸ ਤੋਂ ਇਲਾਵਾ ਨਸ਼ੇ ਦੀ ਹਾਲਤ ਵਿਚ, ਉਹ ‘ਬਿਧੀ ਨੂੰ ਭੁੱਲ ਸਕਦਾ ਅਤੇ ਸਾਰੇ ਦੁਖਿਆਰਾਂ ਦਾ ਹੱਕ ਮਾਰ’ ਸਕਦਾ ਹੈ।—ਕਹਾਉਤਾਂ 31:4-7.
ਇਸ ਤੋਂ ਉਲਟ, ਇਨ੍ਹਾਂ ਸਾਰੀਆਂ ਬੁਰਾਈਆਂ ਤੋਂ ਪਰੇ ਰਹਿ ਕੇ ਇਕ ਰਾਜਾ ‘ਧਰਮ ਦਾ ਨਿਆਉਂ ਕਰ ਸਕਦਾ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਦੇ ਹੱਕ ਲਈ ਲੜ’ ਸਕਦਾ ਹੈ।”—ਕਹਾਉਤਾਂ 31:8, 9.
ਬੇਸ਼ੱਕ ਮਸੀਹੀ ਨੌਜਵਾਨ ਅੱਜ “ਰਾਜੇ” ਤਾਂ ਨਹੀਂ ਹਨ, ਪਰ ਲਮੂਏਲ ਦੀ ਸਿਆਣੀ ਮਾਂ ਦੀ ਸਲਾਹ ਜਿੱਦਾਂ ਉਸ ਸਮੇਂ ਢੁਕਵੀਂ ਸੀ, ਅੱਜ ਦੇ ਸਮੇਂ ਵਿਚ ਹੋਰ ਵੀ ਜ਼ਿਆਦਾ ਢੁਕਵੀਂ ਹੈ। ਅੱਜ-ਕੱਲ੍ਹ ਨੌਜਵਾਨਾਂ ਵਿਚ ਸ਼ਰਾਬ ਦੀ ਕੁਵਰਤੋਂ ਅਤੇ ਬਦਚਲਣੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜਦੋਂ ਮਸੀਹੀ ਨੌਜਵਾਨਾਂ ਦੇ ਮਾਪੇ ਉਨ੍ਹਾਂ ਨੂੰ ਜ਼ਬਰਦਸਤ ਤਾੜਨਾ ਦੇਣ, ਤਾਂ ਉਨ੍ਹਾਂ ਨੂੰ ਇਸ ਉੱਤੇ ਧਿਆਨ ਦੇਣਾ ਚਾਹੀਦਾ ਹੈ।
ਇਕ ਪਤਵੰਤੀ ਪਤਨੀ
ਮਾਵਾਂ ਅਕਸਰ ਆਪਣੇ ਜਵਾਨ ਹੋ ਰਹੇ ਮੁੰਡਿਆਂ ਦੇ ਵਿਆਹ ਬਾਰੇ ਫ਼ਿਕਰਮੰਦ ਹੁੰਦੀਆਂ ਹੀ ਹਨ। ਇਸ ਲਈ, ਲਮੂਏਲ ਦੀ ਮਾਂ ਅੱਗੋਂ ਆਪਣੇ ਮੁੰਡੇ ਦਾ ਧਿਆਨ ਇਕ ਪਤਵੰਤੀ ਪਤਨੀ ਦੇ ਗੁਣਾਂ ਵੱਲ ਖਿੱਚਦੀ ਹੈ। ਕਿਉਂਕਿ ਲਮੂਏਲ ਦੀ ਮਾਂ ਖ਼ੁਦ ਇਕ ਤੀਵੀਂ ਸੀ, ਇਸ ਲਈ ਯਕੀਨਨ ਇਸ ਮਸਲੇ ਵਿਚ ਦਿੱਤੀ ਗਈ ਆਪਣੀ ਮਾਂ ਦੀ ਸਲਾਹ ਤੋਂ ਲਮੂਏਲ ਕਾਫ਼ੀ ਫ਼ਾਇਦਾ ਉਠਾ ਸਕਦਾ ਸੀ।
ਕਹਾ 31 ਆਇਤ 10 ਵਿਚ ਇਕ “ਪਤਵੰਤੀ ਤੀਵੀਂ” ਵਿਰਲੇ ਮਿਲਣ ਵਾਲੇ ਬੇਸ਼ਕੀਮਤੀ ਮੋਤੀਆਂ ਵਰਗੀ ਦੱਸੀ ਗਈ ਹੈ ਜਿਨ੍ਹਾਂ ਨੂੰ ਬਾਈਬਲ ਸਮਿਆਂ ਵਿਚ ਪ੍ਰਾਪਤ ਕਰਨ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਸੀ। ਇਸੇ ਤਰ੍ਹਾਂ, ਇਕ ਪਤਵੰਤੀ ਪਤਨੀ ਲੱਭਣ ਲਈ ਜਤਨ ਕਰਨ ਦੀ ਲੋੜ ਹੈ। ਉਤਾਵਲੇ ਹੋ ਕੇ ਫਟਾਫਟ ਵਿਆਹ ਕਰਾਉਣ ਦੀ ਬਜਾਇ, ਇਕ ਨੌਜਵਾਨ ਨੂੰ ਜੀਵਨ ਸਾਥੀ ਚੁਣਨ ਲਈ ਕਾਫ਼ੀ ਸਮਾਂ ਲਾਉਣਾ ਚਾਹੀਦਾ ਹੈ। ਇੰਜ ਕਰਨ ਤੇ ਉਹ ਆਪਣੇ ਚੁਣੇ ਹੋਏ ਸਾਥੀ ਦੀ ਦਿਲੋਂ ਕਦਰ ਕਰ ਸਕੇਗਾ।
ਪਤਵੰਤੀ ਤੀਵੀਂ ਬਾਰੇ ਲਮੂਏਲ ਨੂੰ ਕਿਹਾ ਗਿਆ: “ਉਹ ਦੇ ਭਰਤਾ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ ਹੈ।” (ਕਹਾ 31 ਆਇਤ 11) ਦੂਜੇ ਸ਼ਬਦਾਂ ਵਿਚ, ਉਸ ਨੂੰ ਇਸ ਗੱਲ ਤੇ ਅੜਨਾ ਨਹੀਂ ਚਾਹੀਦਾ ਕਿ ਉਸ ਦੀ ਪਤਨੀ ਹਰ ਮਸਲੇ ਵਿਚ ਉਸ ਦੀ ਇਜਾਜ਼ਤ ਮੰਗੇ। ਬੇਸ਼ੱਕ, ਅਹਿਮ ਫ਼ੈਸਲੇ ਕਰਨ ਤੋਂ ਪਹਿਲਾਂ ਪਤੀ-ਪਤਨੀ ਦੋਹਾਂ ਨੂੰ ਇਕ ਦੂਜੇ ਦੀ ਰਾਇ ਲੈਣੀ ਚਾਹੀਦੀ ਹੈ ਜਿਵੇਂ ਕਿ ਮਹਿੰਗੀ ਖ਼ਰੀਦਦਾਰੀ ਕਰਨੀ ਜਾਂ ਬੱਚਿਆਂ ਦੀ ਪਰਵਰਿਸ਼ ਕਰਨੀ। ਇਨ੍ਹਾਂ ਮਾਮਲਿਆਂ ਬਾਰੇ ਆਪੋ ਵਿਚ ਗੱਲ-ਬਾਤ ਕਰਨ ਨਾਲ ਦੋਹਾਂ ਦਾ ਆਪਸੀ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ।
ਨਿਰਸੰਦੇਹ ਇਕ ਪਤਵੰਤੀ ਪਤਨੀ ਨੂੰ ਕਈ ਕੰਮ ਕਰਨੇ ਪੈਂਦੇ ਹਨ। ਕਹਾ 31 ਆਇਤਾਂ 13 ਤੋਂ 27 ਵਿਚ ਕਈ ਸਲਾਹਾਂ ਅਤੇ ਸਿਧਾਂਤ ਦਿੱਤੇ ਗਏ ਹਨ ਜੋ ਕੋਈ ਵੀ ਪਤਨੀ ਆਪਣੇ ਪਰਿਵਾਰ ਦੇ ਫ਼ਾਇਦੇ ਲਈ ਲਾਗੂ ਕਰ ਸਕਦੀ ਹੈ। ਉਦਾਹਰਣ ਲਈ, ਕੱਪੜਿਆਂ ਅਤੇ ਹੋਰ ਸਾਜੋ-ਸਾਮਾਨ ਦੀਆਂ ਕੀਮਤਾਂ ਵਧਣ ਕਰਕੇ, ਇਕ ਪਤਵੰਤੀ ਪਤਨੀ ਹੱਥੀਂ ਕੰਮ ਕਰਨਾ ਤੇ ਕਿਫ਼ਾਇਤੀ ਹੋਣਾ ਸਿੱਖੇਗੀ ਤਾਂਕਿ ਉਸ ਦਾ ਪਰਿਵਾਰ ਸੁਚੱਜੇ ਕੱਪੜੇ-ਲੱਤੇ ਪਾ ਸਕੇ। (ਕਹਾ 31 ਆਇਤਾਂ 13, 19, 21, 22) ਪਰਿਵਾਰ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਦਾ ਖ਼ਰਚ ਘਟਾਉਣ ਲਈ, ਜਿੰਨਾ ਕੁ ਉਹ ਕਰ ਸਕਦੀ ਹੈ ਉੱਨੀਆਂ ਕੁ ਚੀਜ਼ਾਂ ਦੀ ਉਹ ਘਰ ਵਿਚ ਹੀ ਕਾਸ਼ਤ ਕਰਦੀ ਹੈ ਤੇ ਸੋਚ-ਸਮਝ ਕੇ ਖ਼ਰੀਦਦਾਰੀ ਕਰਦੀ ਹੈ।—ਕਹਾ 31 ਆਇਤਾਂ 14, 16.
ਸਪੱਸ਼ਟ ਤੌਰ ਤੇ, ਅਜਿਹੀ ਤੀਵੀਂ “ਆਲਸ ਦੀ ਰੋਟੀ ਨਹੀਂ ਖਾਂਦੀ।” ਉਹ ਸਖ਼ਤ ਮਿਹਨਤ ਕਰਦੀ ਅਤੇ ਆਪਣੇ ਘਰੇਲੂ ਕੰਮਾਂ-ਕਾਰਾਂ ਦਾ ਚੰਗਾ ਪ੍ਰਬੰਧ ਕਰਦੀ ਹੈ। (ਕਹਾ 31 ਆਇਤ 27) ਉਹ “ਬਲ ਨਾਲ ਆਪਣਾ ਲੱਕ ਬੰਨ੍ਹਦੀ” ਯਾਨੀ ਕਿ ਸਖ਼ਤ ਮਿਹਨਤ ਕਰਨ ਦੀ ਤਿਆਰੀ ਕਰਦੀ ਹੈ। (ਕਹਾ 31 ਆਇਤ 17) ਉਹ ਹਰ ਦਿਨ ਮੂੰਹ ਹਨੇਰੇ ਉੱਠ ਕੇ ਆਪਣਾ ਕੰਮ ਸ਼ੁਰੂ ਕਰਦੀ ਹੈ ਅਤੇ ਰਾਤ ਤਕ ਮਿਹਨਤ ਕਰਦੀ ਰਹਿੰਦੀ ਹੈ। ਇਕ ਤਰ੍ਹਾਂ ਨਾਲ ਉਹ ਦੇਰ ਰਾਤ ਤਕ ਦੀਵਾ ਜਗਾ ਕੇ ਕੰਮ ਕਰਦੀ ਰਹਿੰਦੀ ਹੈ।—ਕਹਾ 31 ਆਇਤਾਂ 15, 18.
ਸਭ ਤੋਂ ਵੱਧ, ਇਕ ਪਤਵੰਤੀ ਪਤਨੀ ਅਧਿਆਤਮਿਕ ਤੌਰ ਤੇ ਮਜ਼ਬੂਤ ਹੁੰਦੀ ਹੈ। ਉਹ ਪਰਮੇਸ਼ੁਰ ਦੀ ਡੂੰਘੇ ਆਦਰ ਅਤੇ ਸ਼ਰਧਾਮਈ ਡਰ ਨਾਲ ਭਗਤੀ ਕਰਦੀ ਹੈ। (ਕਹਾ 31 ਆਇਤ 30) ਇਸੇ ਤਰ੍ਹਾਂ ਬੱਚਿਆਂ ਵਿਚ ਵੀ ਪਰਮੇਸ਼ੁਰ ਦਾ ਸ਼ਰਧਾਮਈ ਡਰ ਪੈਦਾ ਕਰਨ ਵਿਚ ਉਹ ਆਪਣੇ ਪਤੀ ਦੀ ਮਦਦ ਕਰਦੀ ਹੈ। ਕਹਾ 31 ਆਇਤ 26 ਕਹਿੰਦੀ ਹੈ ਕਿ ਉਹ “ਬੁੱਧ” ਨਾਲ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੀ ਹੈ ਅਤੇ “ਉਹ ਦੀ ਰਸਨਾ ਉੱਤੇ ਦਯਾ ਦੀ ਸਿੱਖਿਆ” ਹੁੰਦੀ ਹੈ।
ਇਕ ਪਤਵੰਤਾ ਪਤੀ
ਇਕ ਪਤਵੰਤੀ ਪਤਨੀ ਨੂੰ ਮੋਹਣ ਲਈ ਲਮੂਏਲ ਨੂੰ ਇਕ ਪਤਵੰਤੇ ਪਤੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਲੋੜ ਸੀ। ਲਮੂਏਲ ਦੀ ਮਾਂ ਨੇ ਉਸ ਨੂੰ ਉਸ ਦੀਆਂ ਕਈ ਜ਼ਿੰਮੇਵਾਰੀਆਂ ਬਾਰੇ ਯਾਦ ਕਰਾਇਆ।
ਇਕ ਪਤਵੰਤੇ ਪਤੀ ਦਾ “ਬਜ਼ੁਰਗਾਂ ਵਿੱਚ” ਚੰਗਾ ਨਾਂ ਹੋਵੇਗਾ। (ਕਹਾਉਤਾਂ 31:23) ਇਸ ਦਾ ਮਤਲਬ ਕਿ ਉਹ ਇਕ ਯੋਗ, ਇਮਾਨਦਾਰ, ਭਰੋਸੇਯੋਗ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਹੋਵੇਗਾ। (ਕੂਚ 18:21; ਬਿਵਸਥਾ ਸਾਰ 16:18-20) ਇਸ ਤਰ੍ਹਾਂ, ਉਹ “ਫ਼ਾਟਕ ਵਿੱਚ ਮੰਨਿਆ ਦੰਨਿਆ” ਹੋਵੇਗਾ, ਜਿੱਥੇ ਉੱਘੇ ਲੋਕ ਸ਼ਹਿਰ ਦੇ ਮਸਲੇ ਹੱਲ ਕਰਨ ਲਈ ਇਕੱਠੇ ਹੁੰਦੇ ਹਨ। ਪਰਮੇਸ਼ੁਰੀ ਡਰ ਰੱਖਣ ਵਾਲੇ ਵਿਅਕਤੀ ਵਜੋਂ ‘ਮੰਨੇ’ ਜਾਣ ਲਈ, ਉਸ ਨੂੰ ਸਿਆਣਾ ਹੋਣਾ ਪਵੇਗਾ ਅਤੇ “ਦੇਸ” ਦੇ ਸ਼ਾਇਦ ਕਿਸੇ ਜ਼ਿਲ੍ਹੇ ਜਾਂ ਰਾਜ ਦੇ ਬਜ਼ੁਰਗਾਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਲਮੂਏਲ ਦੀ ਮਾਂ ਆਪਣੇ ਨਿੱਜੀ ਤਜਰਬੇ ਤੋਂ ਆਪਣੇ ਪੁੱਤਰ ਨੂੰ ਉਸ ਦੀ ਹੋਣ ਵਾਲੀ ਪਤਨੀ ਦੀ ਕਦਰ ਕਰਨ ਦੀ ਅਹਿਮੀਅਤ ਬਾਰੇ ਯਾਦ ਦਿਵਾਉਂਦੀ ਹੈ। ਆਪਣੀ ਪਤਨੀ ਤੋਂ ਇਲਾਵਾ ਦੁਨੀਆਂ ਦੀ ਹੋਰ ਕੋਈ ਵੀ ਤੀਵੀਂ ਉਸ ਨੂੰ ਜਾਨ ਤੋਂ ਪਿਆਰੀ ਨਹੀਂ ਲੱਗਣੀ ਚਾਹੀਦੀ। ਇਸ ਲਈ ਆਪਣੀ ਪਤਨੀ ਨਾਲ ਉਹ ਕਿੰਨਾ ਪਿਆਰ ਕਰਦਾ ਹੈ ਇਸ ਬਾਰੇ ਉਹ ਦਿਲ ਦੀ ਡੂੰਘਾਈ ਤੋਂ ਕਹਿੰਦਾ ਹੈ: “ਭਈ ਬਥੇਰੀਆਂ ਨਾਰੀਆਂ ਨੇ ਉੱਤਮਤਾਈ ਵਿਖਾਈ ਹੈ, ਪਰ ਤੂੰ ਓਹਨਾਂ ਸਭਨਾਂ ਨਾਲੋਂ ਵੱਧ ਗਈ ਹੈਂ।”—ਕਹਾਉਤਾਂ 31:29.
ਇਹ ਜ਼ਾਹਰ ਹੈ ਕਿ ਲਮੂਏਲ ਨੇ ਆਪਣੀ ਸਿਆਣੀ ਮਾਂ ਦੀ ਸਲਾਹ ਦੀ ਬਹੁਤ ਕਦਰ ਕੀਤੀ। ਮਿਸਾਲ ਲਈ ਅਸੀਂ ਦੇਖਦੇ ਹਾਂ ਕਿ ਕਹਾ 31 ਪਹਿਲੀ ਆਇਤ ਵਿਚ ਉਸ ਨੇ ਆਪਣੀ ਮਾਂ ਦੇ ਸ਼ਬਦਾਂ ਨੂੰ ਇੰਜ ਕਿਹਾ ਜਿਵੇਂ ਇਹ ਉਸ ਦੇ ਆਪਣੇ ਸ਼ਬਦ ਹੋਣ। ਇਸ ਲਈ, ਉਸ ਨੇ ਆਪਣੀ ਮਾਂ ਦੀ ਸਲਾਹ ਉੱਤੇ ਧਿਆਨ ਦਿੱਤਾ ਤੇ ਉਸ ਤੋਂ ਫ਼ਾਇਦਾ ਪ੍ਰਾਪਤ ਕੀਤਾ। ਆਓ ਅਸੀਂ ਵੀ ਇਸ ਸਿਆਣੀ ਮਾਂ ਦੀ ਜ਼ਬਰਦਸਤ ਤਾੜਨਾ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਪੂਰਾ ਫ਼ਾਇਦਾ ਪ੍ਰਾਪਤ ਕਰੀਏ।
[ਸਫ਼ੇ 31 ਉੱਤੇ ਤਸਵੀਰਾਂ]
ਇਕ ਪਤਵੰਤੀ ਤੀਵੀਂ “ਆਲਸ ਦੀ ਰੋਟੀ ਨਹੀਂ ਖਾਂਦੀ”