ਸਮਝਦਾਰੀ ਨਾਲ ਫ਼ੈਸਲੇ ਕਰੋ
“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।”—ਕਹਾ. 3:5.
1, 2. ਕੀ ਤੁਹਾਨੂੰ ਫ਼ੈਸਲੇ ਲੈਣੇ ਚੰਗੇ ਲੱਗਦੇ ਹਨ ਅਤੇ ਤੁਸੀਂ ਆਪਣੇ ਕੁਝ ਫ਼ੈਸਲਿਆਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
‘ਹਾਇ ਮੈਂ ਕੀ ਕਰਾਂ!’ ਹੋ ਸਕਦਾ ਹੈ ਕਿ ਤੁਸੀਂ ਵੀ ਕੋਈ ਫ਼ੈਸਲਾ ਲੈਣ ਵੇਲੇ ਕੁਝ ਇੱਦਾਂ ਕਿਹਾ ਹੋਵੇ। ਫ਼ੈਸਲੇ ਲੈਣੇ ਸੌਖੇ ਨਹੀਂ ਹੁੰਦੇ, ਫਿਰ ਵੀ ਸਾਨੂੰ ਰੋਜ਼ ਫ਼ੈਸਲੇ ਲੈਣੇ ਪੈਂਦੇ ਹਨ। ਕੀ ਤੁਹਾਨੂੰ ਫ਼ੈਸਲੇ ਲੈਣੇ ਚੰਗੇ ਲੱਗਦੇ ਹਨ? ਕੁਝ ਲੋਕ ਆਪਣੀ ਜ਼ਿੰਦਗੀ ਦੇ ਸਾਰੇ ਫ਼ੈਸਲੇ ਆਪ ਕਰਨੇ ਚਾਹੁੰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਹ ਉਨ੍ਹਾਂ ਦਾ ਹੱਕ ਬਣਦਾ ਹੈ। ਉਹ ਨਹੀਂ ਚਾਹੁੰਦੇ ਕਿ ਕੋਈ ਹੋਰ ਉਨ੍ਹਾਂ ਲਈ ਫ਼ੈਸਲੇ ਕਰੇ। ਪਰ ਕੁਝ ਲੋਕ ਜ਼ਰੂਰੀ ਫ਼ੈਸਲੇ ਲੈਣ ਤੋਂ ਡਰਦੇ ਹਨ। ਸੋ ਉਹ ਸਲਾਹ ਲਈ ਕਿਤਾਬਾਂ ਜਾਂ ਸਲਾਹਕਾਰਾਂ ਦੀ ਮਦਦ ਲੈਂਦੇ ਹਨ ਅਤੇ ਸ਼ਾਇਦ ਇਸ ਵਾਸਤੇ ਬਹੁਤ ਪੈਸੇ ਵੀ ਖ਼ਰਚਦੇ ਹਨ।
2 ਅਸੀਂ ਵੀ ਫ਼ੈਸਲੇ ਲੈਣ ਵੇਲੇ ਕਈ ਵਾਰ ਉਲਝਣ ਵਿਚ ਪੈ ਜਾਂਦੇ ਹਾਂ। ਭਾਵੇਂ ਸਾਨੂੰ ਪਤਾ ਹੈ ਕਿ ਕੁਝ ਗੱਲਾਂ ਬਾਰੇ ਫ਼ੈਸਲੇ ਲੈਣ ਦਾ ਸਾਡਾ ਹੱਕ ਨਹੀਂ ਬਣਦਾ, ਪਰ ਕਈ ਫ਼ੈਸਲੇ ਅਸੀਂ ਆਪਣੀ ਮਰਜ਼ੀ ਮੁਤਾਬਕ ਕਰ ਸਕਦੇ ਹਾਂ। (ਗਲਾ. 6:5) ਫਿਰ ਵੀ ਅਸੀਂ ਜਾਣਦੇ ਹਾਂ ਕਿ ਸਾਡੇ ਸਾਰੇ ਫ਼ੈਸਲੇ ਸਹੀ ਜਾਂ ਸਾਡੇ ਭਲੇ ਲਈ ਨਹੀਂ ਹੁੰਦੇ।
3. ਅਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ, ਪਰ ਇੱਦਾਂ ਕਰਨਾ ਹਮੇਸ਼ਾ ਸੌਖਾ ਕਿਉਂ ਨਹੀਂ ਹੁੰਦਾ?
3 ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਨੇ ਸਾਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਅਸੀਂ ਜ਼ਿੰਦਗੀ ਦੇ ਜ਼ਰੂਰੀ ਫ਼ੈਸਲੇ ਕਿੱਦਾਂ ਲੈ ਸਕਦੇ ਹਾਂ। ਸਾਨੂੰ ਪਤਾ ਹੈ ਕਿ ਜੇ ਅਸੀਂ ਪਰਮੇਸ਼ੁਰ ਦੀਆਂ ਹਿਦਾਇਤਾਂ ਮੁਤਾਬਕ ਚੱਲਾਂਗੇ, ਤਾਂ ਅਸੀਂ ਅਜਿਹੇ ਫ਼ੈਸਲੇ ਕਰ ਸਕਾਂਗੇ ਜਿਨ੍ਹਾਂ ਤੋਂ ਉਹ ਖ਼ੁਸ਼ ਹੋਵੇਗਾ ਤੇ ਸਾਡਾ ਭਲਾ ਹੋਵੇਗਾ। ਫਿਰ ਵੀ ਅਸੀਂ ਕਈ ਵਾਰ ਅਜਿਹੇ ਹਾਲਾਤਾਂ ਜਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ ਜਿਨ੍ਹਾਂ ਬਾਰੇ ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਨਹੀਂ ਦੱਸਦਾ। ਤਾਂ ਫਿਰ ਅਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ? ਮਿਸਾਲ ਲਈ, ਸਾਨੂੰ ਪਤਾ ਹੈ ਕਿ ਸਾਨੂੰ ਚੋਰੀ ਨਹੀਂ ਕਰਨੀ ਚਾਹੀਦੀ। (ਅਫ਼. 4:28) ਪਰ ਕੁਝ ਲੋਕ ਕਹਿੰਦੇ ਹਨ ਕਿ ਜੇ ਸਾਨੂੰ ਕਿਸੇ ਚੀਜ਼ ਦੀ ਸਖ਼ਤ ਲੋੜ ਹੈ ਜਾਂ ਉਹ ਬਹੁਤ ਮਹਿੰਗੀ ਨਹੀਂ, ਤਾਂ ਚੋਰੀ ਕਰਨ ਵਿਚ ਕੋਈ ਹਰਜ਼ ਨਹੀਂ। ਅਸੀਂ ਉਨ੍ਹਾਂ ਮਾਮਲਿਆਂ ਬਾਰੇ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਬਾਰੇ ਬਾਈਬਲ ਵਿਚ ਸਾਫ਼-ਸਾਫ਼ ਨਹੀਂ ਦੱਸਿਆ ਗਿਆ ਹੈ? ਸਾਨੂੰ ਸਹੀ ਫ਼ੈਸਲੇ ਲੈਣ ਵਿਚ ਮਦਦ ਕਿੱਥੋਂ ਮਿਲ ਸਕਦੀ ਹੈ?
ਸੋਚ-ਸਮਝ ਕੇ ਫ਼ੈਸਲੇ ਕਰੋ
4. ਫ਼ੈਸਲਾ ਲੈਣ ਵੇਲੇ ਸ਼ਾਇਦ ਕੋਈ ਸਾਨੂੰ ਕਿਹੜੀ ਸਲਾਹ ਦੇਵੇ?
4 ਜਦ ਅਸੀਂ ਕਿਸੇ ਭੈਣ ਜਾਂ ਭਰਾ ਨਾਲ ਗੱਲ ਕਰਦੇ ਹਾਂ ਕਿ ਅਸੀਂ ਕੋਈ ਜ਼ਰੂਰੀ ਫ਼ੈਸਲਾ ਲੈਣ ਵਾਲੇ ਹਾਂ, ਤਾਂ ਉਹ ਸ਼ਾਇਦ ਸਾਨੂੰ ਕਹੇ ਕਿ ਸਾਨੂੰ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ। ਇਹ ਬਹੁਤ ਵਧੀਆ ਸਲਾਹ ਹੈ। ਸਾਨੂੰ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਹੀਂ ਲੈਣਾ ਚਾਹੀਦਾ ਕਿਉਂਕਿ ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ: “ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।” (ਕਹਾ. 21:5, CL) ਪਰ ਸੋਚ-ਸਮਝ ਕੇ ਫ਼ੈਸਲਾ ਲੈਣ ਦਾ ਕੀ ਮਤਲਬ ਹੈ? ਕੀ ਇਸ ਦਾ ਮਤਲਬ ਇਹ ਹੈ ਕਿ ਅਸੀਂ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਧਿਆਨ ਨਾਲ ਸੋਚੀਏ ਤੇ ਪੂਰੀ ਗੱਲ ਪਤਾ ਕਰਨ ਦੀ ਕੋਸ਼ਿਸ਼ ਕਰੀਏ? ਇੱਦਾਂ ਕਰਨਾ ਵੀ ਜ਼ਰੂਰੀ ਹੈ, ਪਰ ਸੋਚ-ਸਮਝ ਕੇ ਫ਼ੈਸਲਾ ਲੈਣ ਵਿਚ ਕਈ ਹੋਰ ਗੱਲਾਂ ਵੀ ਸ਼ਾਮਲ ਹਨ।—ਰੋਮੀ. 12:3; 1 ਪਤ. 4:7.
5. ਸਾਡੇ ਕੋਲ ਪੂਰੀ ਸਮਝ ਕਿਉਂ ਨਹੀਂ ਹੈ?
5 ਸਾਡੇ ਵਿੱਚੋਂ ਕੋਈ ਵੀ ਜਨਮ ਤੋਂ ਹੀ ਪੂਰੀ ਤਰ੍ਹਾਂ ਸਮਝਦਾਰ ਨਹੀਂ ਹੁੰਦਾ। ਕਿਉਂ? ਕਿਉਂਕਿ ਅਸੀਂ ਸਾਰੇ ਪਾਪੀ ਹਾਂ ਤੇ ਸਾਡੇ ਵਿਚ ਕਮੀਆਂ-ਕਮਜ਼ੋਰੀਆਂ ਹਨ। ਇਸ ਕਰਕੇ ਨਾ ਤਾਂ ਸਾਡੀ ਸਿਹਤ ਠੀਕ ਰਹਿੰਦੀ ਹੈ ਤੇ ਨਾ ਹੀ ਸਾਡੇ ਕੋਲ ਪੂਰੀ ਸਮਝ ਹੈ। (ਜ਼ਬੂ. 51:5; ਰੋਮੀ. 3:23) ਨਾਲੇ ਯਹੋਵਾਹ ਤੇ ਉਸ ਦੇ ਅਸੂਲਾਂ ਬਾਰੇ ਸਿੱਖਣ ਤੋਂ ਪਹਿਲਾਂ ਸ਼ੈਤਾਨ ਨੇ ਸਾਡੇ ਵਿੱਚੋਂ ਕਈਆਂ ਦੇ “ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ” ਸਨ। (2 ਕੁਰਿੰ. 4:4; ਤੀਤੁ. 3:3) ਇਸ ਲਈ ਜੇ ਕੋਈ ਜਣਾ ਆਪਣੀ ਸਮਝ ਮੁਤਾਬਕ ਫ਼ੈਸਲਾ ਕਰੇ, ਤਾਂ ਵੀ ਉਹ ਗ਼ਲਤ ਫ਼ੈਸਲਾ ਕਰ ਸਕਦਾ ਹੈ, ਭਾਵੇਂ ਉਸ ਨੇ ਉਸ ਬਾਰੇ ਕਿੰਨਾ ਹੀ ਕਿਉਂ ਨਾ ਸੋਚਿਆ ਹੋਵੇ।—ਕਹਾ. 14:12.
6. ਅਸੀਂ ਸਮਝਦਾਰ ਕਿਵੇਂ ਬਣ ਸਕਦੇ ਹਾਂ?
6 ਹਾਲਾਂਕਿ ਸਾਡੇ ਵਿਚ ਕਈ ਕਮੀਆਂ ਹਨ, ਪਰ ਸਾਡਾ ਸਵਰਗੀ ਪਿਤਾ ਯਹੋਵਾਹ ਪੂਰੀ ਤਰ੍ਹਾਂ ਨਾਲ ਸਮਝਦਾਰ ਹੈ। (ਬਿਵ. 32:4) ਉਸ ਦੀ ਮਦਦ ਨਾਲ ਅਸੀਂ ਆਪਣੀ ਸੋਚ ਬਦਲ ਕੇ ਸਮਝਦਾਰ ਬਣ ਸਕਦੇ ਹਾਂ। (2 ਤਿਮੋਥਿਉਸ 1:7 ਪੜ੍ਹੋ।) ਮਸੀਹੀਆਂ ਵਜੋਂ ਅਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਸਹੀ ਕੰਮ ਕਰਨਾ ਚਾਹੁੰਦੇ ਹਾਂ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਸੋਚ ਅਤੇ ਆਪਣੇ ਜਜ਼ਬਾਤ ਕਾਬੂ ਕਰ ਕੇ ਯਹੋਵਾਹ ਦੀ ਸੋਚ, ਉਸ ਦੇ ਜਜ਼ਬਾਤ ਅਤੇ ਤੌਰ-ਤਰੀਕੇ ਅਪਣਾਈਏ।
7, 8. ਮਿਸਾਲ ਦੇ ਕੇ ਸਮਝਾਓ ਕਿ ਮੁਸ਼ਕਲਾਂ ਜਾਂ ਦਬਾਅ ਦੇ ਬਾਵਜੂਦ ਵੀ ਅਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ।
7 ਜ਼ਰਾ ਇਸ ਮਿਸਾਲ ʼਤੇ ਗੌਰ ਕਰੋ। ਵਿਦੇਸ਼ਾਂ ਵਿਚ ਗਏ ਹੋਏ ਕਈ ਲੋਕਾਂ ਦਾ ਇਹ ਰਿਵਾਜ ਹੈ ਕਿ ਉਹ ਆਪਣੇ ਨਵ-ਜੰਮੇ ਬੱਚਿਆਂ ਨੂੰ ਵਾਪਸ ਰਿਸ਼ਤੇਦਾਰਾਂ ਕੋਲ ਆਪਣੇ ਦੇਸ਼ ਭੇਜ ਦਿੰਦੇ ਹਨ ਤਾਂਕਿ ਉਹ ਆਪ ਵਿਦੇਸ਼ ਵਿਚ ਰਹਿ ਕੇ ਪੈਸਾ ਕਮਾ ਸਕਣ।a ਵਿਦੇਸ਼ ਵਿਚ ਰਹਿੰਦੀ ਇਕ ਔਰਤ ਨੇ ਇਕ ਸੋਹਣੇ ਮੁੰਡੇ ਨੂੰ ਜਨਮ ਦਿੱਤਾ। ਫਿਰ ਉਸ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਤੇ ਉਹ ਸੱਚਾਈ ਵਿਚ ਵਧੀਆ ਤਰੱਕੀ ਕਰਨ ਲੱਗ ਪਈ। ਰਿਸ਼ਤੇਦਾਰਾਂ ਤੇ ਦੋਸਤਾਂ ਨੇ ਉਸ ਤੀਵੀਂ ਅਤੇ ਉਸ ਦੇ ਘਰਵਾਲੇ ਉੱਤੇ ਜ਼ੋਰ ਪਾਇਆ ਕਿ ਉਹ ਵੀ ਮੁੰਡੇ ਨੂੰ ਦਾਦਾ-ਦਾਦੀ ਕੋਲ ਭੇਜ ਦੇਣ। ਪਰ ਉਸ ਔਰਤ ਨੇ ਬਾਈਬਲ ਤੋਂ ਸਿੱਖਿਆ ਸੀ ਕਿ ਬੱਚੇ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਪਰਮੇਸ਼ੁਰ ਨੇ ਮਾਂ-ਬਾਪ ਨੂੰ ਸੌਂਪੀ ਹੈ। (ਜ਼ਬੂ. 127:3; ਅਫ਼. 6:4) ਕੀ ਉਸ ਨੂੰ ਲੋਕਾਂ ਦੀਆਂ ਗੱਲਾਂ ਵਿਚ ਆ ਕੇ ਇਸ ਰਿਵਾਜ ਮੁਤਾਬਕ ਬੱਚੇ ਨੂੰ ਵਾਪਸ ਭੇਜ ਦੇਣਾ ਚਾਹੀਦਾ ਸੀ? ਜਾਂ ਕੀ ਉਸ ਨੂੰ ਬਾਈਬਲ ਦੀ ਸਲਾਹ ਮੰਨਣੀ ਚਾਹੀਦੀ ਸੀ ਜਿਸ ਕਾਰਨ ਉਸ ਨੂੰ ਪੈਸੇ ਦੀ ਤੰਗੀ ਹੋ ਸਕਦੀ ਸੀ ਤੇ ਲੋਕਾਂ ਦੇ ਤਾਅਨੇ-ਮਿਹਣੇ ਸੁਣਨੇ ਪੈ ਸਕਦੇ ਸਨ? ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?
8 ਉਹ ਲੋਕਾਂ ਦੇ ਦਬਾਅ ਕਾਰਨ ਬਹੁਤ ਪਰੇਸ਼ਾਨ ਸੀ ਜਿਸ ਕਰਕੇ ਉਸ ਨੇ ਦਿਲ ਖੋਲ੍ਹ ਕੇ ਯਹੋਵਾਹ ਤੋਂ ਅਗਵਾਈ ਲਈ ਬੇਨਤੀ ਕੀਤੀ। ਆਪਣੀ ਬਾਈਬਲ ਟੀਚਰ ਤੇ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਗੱਲ ਕਰਨ ਤੋਂ ਬਾਅਦ ਉਸ ਨੂੰ ਸਮਝ ਆਇਆ ਕਿ ਯਹੋਵਾਹ ਇਸ ਮਾਮਲੇ ਬਾਰੇ ਕੀ ਸੋਚਦਾ ਹੈ। ਉਸ ਨੇ ਇਹ ਵੀ ਸੋਚਿਆ ਕਿ ਉਸ ਦੇ ਨੰਨ੍ਹੇ-ਮੁੰਨੇ ʼਤੇ ਆਪਣੇ ਮਾਪਿਆਂ ਦੀ ਜੁਦਾਈ ਦਾ ਕੀ ਅਸਰ ਪਵੇਗਾ। ਬਾਈਬਲ ਦੀ ਸਲਾਹ ʼਤੇ ਸੋਚ-ਵਿਚਾਰ ਕਰਨ ਤੋਂ ਬਾਅਦ ਉਸ ਨੇ ਫ਼ੈਸਲਾ ਲਿਆ ਕਿ ਉਹ ਬੱਚੇ ਨੂੰ ਵਾਪਸ ਨਹੀਂ ਭੇਜੇਗੀ। ਜਦ ਉਸ ਦੇ ਪਤੀ ਨੇ ਦੇਖਿਆ ਕਿ ਮੰਡਲੀ ਦੇ ਭੈਣਾਂ-ਭਰਾਵਾਂ ਨੇ ਉਨ੍ਹਾਂ ਦੀ ਕਿੰਨੀ ਮਦਦ ਕੀਤੀ ਤੇ ਉਨ੍ਹਾਂ ਦਾ ਬੇਟਾ ਕਿੰਨਾ ਖ਼ੁਸ਼ ਤੇ ਤੰਦਰੁਸਤ ਸੀ, ਤਾਂ ਉਹ ਵੀ ਬਾਈਬਲ ਦੀ ਸਟੱਡੀ ਕਰਨ ਲੱਗ ਪਿਆ ਤੇ ਆਪਣੀ ਪਤਨੀ ਨਾਲ ਮੀਟਿੰਗਾਂ ਵਿਚ ਜਾਣ ਲੱਗਾ।
9, 10. ਸੋਚ-ਸਮਝ ਕੇ ਫ਼ੈਸਲਾ ਲੈਣ ਦਾ ਕੀ ਮਤਲਬ ਹੈ ਅਤੇ ਅਸੀਂ ਸਮਝਦਾਰ ਕਿਵੇਂ ਬਣ ਸਕਦੇ ਹਾਂ?
9 ਇਸ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸੋਚ-ਸਮਝ ਕੇ ਫ਼ੈਸਲੇ ਕਰਨ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਉਹ ਕਰੀਏ ਜੋ ਸਾਨੂੰ ਠੀਕ ਜਾਂ ਲੋਕਾਂ ਨੂੰ ਚੰਗਾ ਲੱਗਦਾ ਹੈ। ਸਾਡਾ ਕਮਜ਼ੋਰ ਦਿਲ-ਦਿਮਾਗ਼ ਉਸ ਘੜੀ ਵਰਗਾ ਹੋ ਸਕਦਾ ਹੈ ਜੋ ਸਹੀ ਸਮਾਂ ਨਹੀਂ ਦੱਸਦੀ। ਇਸ ਘੜੀ ʼਤੇ ਭਰੋਸਾ ਰੱਖਣ ਨਾਲ ਅਸੀਂ ਮੁਸੀਬਤਾਂ ਵਿਚ ਫਸ ਸਕਦੇ ਹਾਂ। (ਯਿਰ. 17:9) ਤਾਂ ਫਿਰ ਮੁਸੀਬਤਾਂ ਤੋਂ ਬਚਣ ਲਈ ਬਹੁਤ ਜ਼ਰੂਰੀ ਹੈ ਕਿ ਸਾਡੀ ਸੋਚ ਤੇ ਸਾਡੇ ਜਜ਼ਬਾਤ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਹੋਣ।—ਯਸਾਯਾਹ 55:8, 9 ਪੜ੍ਹੋ।
10 ਇਸ ਲਈ ਬਾਈਬਲ ਸਾਨੂੰ ਇਹ ਸਲਾਹ ਦਿੰਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾ. 3:5, 6) ਧਿਆਨ ਦਿਓ ਕਿ ਪਹਿਲਾਂ ਇਹ ਆਇਤ ਕਹਿੰਦੀ ਹੈ: “ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।” ਫਿਰ ਅੱਗੇ ਕਹਿੰਦੀ ਹੈ: “ਆਪਣੇ ਸਾਰਿਆਂ ਰਾਹਾਂ ਵਿੱਚ [ਯਹੋਵਾਹ] ਨੂੰ ਪਛਾਣ।” ਹਾਂ, ਸਿਰਫ਼ ਯਹੋਵਾਹ ਹੀ ਪੂਰੀ ਸਮਝ ਦਾ ਮਾਲਕ ਹੈ। ਸੋ ਜਦ ਵੀ ਅਸੀਂ ਕੋਈ ਫ਼ੈਸਲਾ ਲੈਂਦੇ ਹਾਂ, ਤਾਂ ਸਾਨੂੰ ਬਾਈਬਲ ਤੋਂ ਪਰਮੇਸ਼ੁਰ ਦਾ ਨਜ਼ਰੀਆ ਜਾਣਨ ਤੋਂ ਬਾਅਦ ਹੀ ਫ਼ੈਸਲਾ ਲੈਣਾ ਚਾਹੀਦਾ ਹੈ। ਜੀ ਹਾਂ, ਯਹੋਵਾਹ ਦੀ ਸੋਚ ਮੁਤਾਬਕ ਫ਼ੈਸਲਾ ਲੈ ਕੇ ਹੀ ਅਸੀਂ ਸਮਝਦਾਰ ਬਣ ਸਕਦੇ ਹਾਂ।
ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਾਰ-ਵਾਰ ਇਸਤੇਮਾਲ ਕਰੋ
11. ਸਹੀ ਫ਼ੈਸਲੇ ਲੈਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
11 ਜਦੋਂ ਇਕ ਬੱਚਾ ਤੁਰਨਾ ਸਿੱਖਦਾ ਹੈ, ਤਾਂ ਉਹ ਹਰ ਵਾਰ ਛੋਟੇ-ਛੋਟੇ ਕਦਮ ਪੁੱਟਦਾ ਹੈ। ਬਾਈਬਲ ਵਿਚ ਉਨ੍ਹਾਂ ਨੂੰ ‘ਬੱਚੇ’ ਕਿਹਾ ਗਿਆ ਹੈ ਜਿਨ੍ਹਾਂ ਨੇ ਹੁਣੇ-ਹੁਣੇ ਬਪਤਿਸਮਾ ਲਿਆ ਹੈ ਜਾਂ ਜਿਹੜੀਆਂ ਬਾਈਬਲ ਸਟੱਡੀਆਂ ਨੇ ਸੱਚਾਈ ਦੇ ਰਾਹ ʼਤੇ ਤੁਰਨਾ ਸ਼ੁਰੂ ਕੀਤਾ ਹੈ। ਅਜਿਹੇ ਲੋਕਾਂ ਨੂੰ ਸਿੱਖਣ ਦੀ ਲੋੜ ਹੈ ਕਿ ਉਹ ਸਹੀ ਫ਼ੈਸਲੇ ਕਰ ਕੇ ਇਨ੍ਹਾਂ ʼਤੇ ਕਿਵੇਂ ਡਟੇ ਰਹਿ ਸਕਦੇ ਹਨ। ਇੱਦਾਂ ਉਹ ਸੱਚਾਈ ਵਿਚ ਹੌਲੀ-ਹੌਲੀ ਅੱਗੇ ਵਧ ਸਕਦੇ ਹਨ। ਪੌਲੁਸ ਰਸੂਲ ਨੇ ਕਿਹਾ ਕਿ ਸਮਝਦਾਰ ਲੋਕ ਉਹ ਹਨ “ਜਿਹੜੇ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਗਏ ਹਨ।” ਉਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਨਵੇਂ ਭੈਣਾਂ-ਭਰਾਵਾਂ ਨੂੰ ਵੀ ਸਹੀ ਫ਼ੈਸਲੇ ਲੈਣ ਦੀ ਵਾਰ-ਵਾਰ ਕੋਸ਼ਿਸ਼ ਕਰਦੇ ਰਹਿਣ ਦੀ ਲੋੜ ਹੈ।—ਇਬਰਾਨੀਆਂ 5:13, 14 ਪੜ੍ਹੋ।
12. ਅਸੀਂ ਸਹੀ ਫ਼ੈਸਲੇ ਲੈਣੇ ਕਿੱਦਾਂ ਸਿੱਖ ਸਕਦੇ ਹਾਂ?
12 ਜਿੱਦਾਂ ਪਹਿਲਾਂ ਦੱਸਿਆ ਗਿਆ ਸੀ ਸਾਨੂੰ ਰੋਜ਼ ਛੋਟੇ-ਵੱਡੇ ਕਈ ਫ਼ੈਸਲੇ ਕਰਨੇ ਪੈਂਦੇ ਹਨ। ਕੁਝ ਖੋਜਕਾਰਾਂ ਦਾ ਮੰਨਣਾ ਹੈ ਕਿ 40% ਤੋਂ ਜ਼ਿਆਦਾ ਫ਼ੈਸਲੇ ਅਸੀਂ ਸੋਚ-ਸਮਝ ਕੇ ਨਹੀਂ, ਸਗੋਂ ਆਪਣੀਆਂ ਆਦਤਾਂ ਅਨੁਸਾਰ ਕਰਦੇ ਹਾਂ। ਮਿਸਾਲ ਲਈ, ਤੁਹਾਨੂੰ ਰੋਜ਼ ਫ਼ੈਸਲਾ ਕਰਨਾ ਪੈਂਦਾ ਹੈ ਕਿ ਤੁਸੀਂ ਕਿਹੋ ਜਿਹੇ ਕੱਪੜੇ ਪਾਓਗੇ। ਸ਼ਾਇਦ ਤੁਹਾਨੂੰ ਇਹ ਛੋਟੀ ਜਿਹੀ ਗੱਲ ਲੱਗੇ ਅਤੇ ਤੁਸੀਂ ਇਸ ਬਾਰੇ ਬਹੁਤਾ ਨਾ ਸੋਚੋ। ਪਰ ਤੁਹਾਨੂੰ ਸੋਚਣਾ ਚਾਹੀਦਾ ਹੈ: ‘ਕੀ ਮੇਰੇ ਕੱਪੜਿਆਂ ਤੋਂ ਪਤਾ ਲੱਗਦਾ ਹੈ ਕਿ ਮੈਂ ਯਹੋਵਾਹ ਦਾ ਸੇਵਕ ਹਾਂ?’ (2 ਕੁਰਿੰ. 6:3, 4) ਜਦ ਤੁਸੀਂ ਕੱਪੜੇ ਖ਼ਰੀਦਣ ਜਾਂਦੇ ਹੋ, ਤਾਂ ਕੀ ਤੁਸੀਂ ਫ਼ੈਸ਼ਨ ਜਾਂ ਸਟਾਈਲ ਤੋਂ ਇਲਾਵਾ ਇਹ ਵੀ ਸੋਚਦੇ ਹੋ ਕਿ ਕੱਪੜੇ ਸਲੀਕੇਦਾਰ ਤੇ ਤੁਹਾਡੇ ਬਜਟ ਮੁਤਾਬਕ ਹੋਣ? ਜੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਵਿਚ ਸਹੀ ਫ਼ੈਸਲੇ ਕਰ ਕੇ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਰਤਾਂਗੇ, ਤਾਂ ਫਿਰ ਅਸੀਂ ਵੱਡੀਆਂ-ਵੱਡੀਆਂ ਗੱਲਾਂ ਵਿਚ ਵੀ ਸਹੀ ਫ਼ੈਸਲੇ ਕਰ ਸਕਾਂਗੇ।—ਲੂਕਾ 16:10; 1 ਕੁਰਿੰ. 10:31.
ਸਹੀ ਰਾਹ ʼਤੇ ਚੱਲਣ ਦਾ ਪੱਕਾ ਇਰਾਦਾ ਕਰੋ
13. ਆਪਣੇ ਫ਼ੈਸਲਿਆਂ ʼਤੇ ਟਿਕੇ ਰਹਿਣ ਲਈ ਸਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ?
13 ਸਾਨੂੰ ਪਤਾ ਹੈ ਕਿ ਸਹੀ ਫ਼ੈਸਲਾ ਲੈਣ ਅਤੇ ਉਸ ਫ਼ੈਸਲੇ ʼਤੇ ਟਿਕੇ ਰਹਿਣ ਵਿਚ ਬਹੁਤ ਫ਼ਰਕ ਹੈ। ਮਿਸਾਲ ਲਈ, ਕੁਝ ਲੋਕ ਸਿਗਰਟ ਪੀਣੀ ਛੱਡਣੀ ਤਾਂ ਚਾਹੁੰਦੇ ਹਨ, ਪਰ ਪੱਕਾ ਇਰਾਦਾ ਨਾ ਹੋਣ ਕਰਕੇ ਉਹ ਆਪਣੇ ਫ਼ੈਸਲੇ ʼਤੇ ਟਿਕੇ ਨਹੀਂ ਰਹਿੰਦੇ। ਸੋ ਸਹੀ ਕੰਮ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਵਿਚ ਠਾਣ ਲਈਏ ਕਿ ਅਸੀਂ ਆਪਣੇ ਫ਼ੈਸਲੇ ਮੁਤਾਬਕ ਚੱਲਾਂਗੇ। ਕਿਹਾ ਜਾਂਦਾ ਹੈ ਕਿ ਜਿੱਥੇ ਚਾਹ ਹੈ, ਉੱਥੇ ਰਾਹ ਹੈ। ਕਹਿਣ ਦਾ ਮਤਲਬ ਕਿ ਜਿੰਨਾ ਜ਼ਿਆਦਾ ਸਾਡੇ ਮਨ ਵਿਚ ਸਹੀ ਕੰਮ ਕਰਨ ਦੀ ਖ਼ਾਹਸ਼ ਹੋਵੇਗੀ, ਉੱਨਾ ਜ਼ਿਆਦਾ ਸਾਡਾ ਸਹੀ ਫ਼ੈਸਲੇ ʼਤੇ ਟਿਕੇ ਰਹਿਣ ਦਾ ਇਰਾਦਾ ਪੱਕਾ ਹੁੰਦਾ ਜਾਵੇਗਾ। ਤਾਂ ਫਿਰ ਕਿਹੜੀ ਗੱਲ ਸਾਨੂੰ ਆਪਣੇ ਫ਼ੈਸਲਿਆਂ ʼਤੇ ਟਿਕੇ ਰਹਿਣ ਵਿਚ ਮਦਦ ਦੇਵੇਗੀ? ਸਾਨੂੰ ਯਹੋਵਾਹ ਤੋਂ ਮਦਦ ਮੰਗਣ ਦੀ ਲੋੜ ਹੈ।—ਫ਼ਿਲਿੱਪੀਆਂ 2:13 ਪੜ੍ਹੋ।
14. ਪੌਲੁਸ ਨੂੰ ਸਹੀ ਕੰਮ ਕਰਨ ਦੀ ਤਾਕਤ ਕਿੱਥੋਂ ਮਿਲੀ?
14 ਪੌਲੁਸ ਨੇ ਆਪਣੇ ਤਜਰਬੇ ਤੋਂ ਦੇਖਿਆ ਸੀ ਕਿ ਸਹੀ ਕੰਮ ਕਰਨੇ ਆਸਾਨ ਨਹੀਂ ਹੁੰਦੇ। ਇਕ ਵਾਰ ਉਸ ਨੇ ਮਾਯੂਸ ਹੋ ਕੇ ਕਿਹਾ: “ਮੈਂ ਚੰਗੇ ਕੰਮ ਕਰਨੇ ਤਾਂ ਚਾਹੁੰਦਾ ਹਾਂ, ਪਰ ਮੇਰੇ ਅੰਦਰ ਚੰਗੇ ਕੰਮ ਕਰਨ ਦੀ ਯੋਗਤਾ ਨਹੀਂ ਹੈ।” ਉਸ ਨੂੰ ਪਤਾ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਸੀ, ਪਰ ਕਦੀ-ਕਦੀ ਉਹ ਸਹੀ ਕੰਮ ਨਹੀਂ ਕਰ ਪਾਉਂਦਾ ਸੀ। ਉਸ ਨੇ ਮੰਨਿਆ: “ਮੈਨੂੰ ਪਰਮੇਸ਼ੁਰ ਦੇ ਕਾਨੂੰਨ ਤੋਂ ਦਿਲੋਂ ਖ਼ੁਸ਼ੀ ਹੁੰਦੀ ਹੈ। ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ। ਇਹ ਕਾਨੂੰਨ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ। ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ ਜੋ ਮੇਰੇ ਸਰੀਰ ਦੇ ਅੰਗਾਂ ਵਿਚ ਹੈ।” ਤਾਂ ਫਿਰ ਕੀ ਪੌਲੁਸ ਬੇਬੱਸ ਸੀ? ਨਹੀਂ, ਉਸ ਨੇ ਕਿਹਾ: “ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਬਚਾਏਗਾ।” (ਰੋਮੀ. 7:18, 22-25) ਉਸ ਨੇ ਇਹ ਵੀ ਲਿਖਿਆ: “ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।”—ਫ਼ਿਲਿ. 4:13.
15. ਸਾਨੂੰ ਸਹੀ ਕੰਮ ਕਰਨ ਦੀ ਕਿਉਂ ਠਾਣ ਲੈਣੀ ਚਾਹੀਦੀ ਹੈ?
15 ਤਾਂ ਫਿਰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਸਹੀ ਫ਼ੈਸਲੇ ਕਰ ਕੇ ਉਨ੍ਹਾਂ ਮੁਤਾਬਕ ਚੱਲਣ ਦੀ ਠਾਣ ਲੈਣੀ ਚਾਹੀਦੀ ਹੈ। ਯਾਦ ਕਰੋ ਕਿ ਕਰਮਲ ਪਰਬਤ ʼਤੇ ਏਲੀਯਾਹ ਨੇ ਬਆਲ ਦੇਵਤੇ ਦੇ ਭਗਤਾਂ ਅਤੇ ਪਰਮੇਸ਼ੁਰ ਤੋਂ ਮੂੰਹ ਮੋੜਨ ਵਾਲੇ ਇਜ਼ਰਾਈਲੀਆਂ ਨੂੰ ਕੀ ਕਿਹਾ ਸੀ: “ਭਲਾ, ਤੁਸੀਂ ਕਦ ਤੀਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ।” (1 ਰਾਜ. 18:21) ਇਜ਼ਰਾਈਲੀਆਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਸੀ, ਪਰ ਉਨ੍ਹਾਂ ਨੇ ਦੋ ਬੇੜੀਆਂ ਵਿਚ ਪੈਰ ਰੱਖੇ ਹੋਏ ਸਨ। ਉਹ ਯਹੋਵਾਹ ਤੇ ਬਆਲ ਦੋਵਾਂ ਦੀ ਭਗਤੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੇ ਉਲਟ ਯਹੋਸ਼ੁਆ ਨੇ ਬਹੁਤ ਚੰਗੀ ਮਿਸਾਲ ਕਾਇਮ ਕੀਤੀ। ਕਈ ਸਾਲ ਪਹਿਲਾਂ ਉਸ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਜੇ ਤੁਹਾਡੀ ਨਿਗਾਹ ਵਿੱਚ ਯਹੋਵਾਹ ਦੀ ਉਪਾਸਨਾ ਬੁਰੀ ਹੈ ਤਾਂ ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ . . . ਪਰ ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।” (ਯਹੋ. 24:15) ਸਹੀ ਫ਼ੈਸਲਾ ਕਰਨ ਕਰਕੇ ਯਹੋਸ਼ੁਆ ਨੂੰ ਕਿਹੜੀ ਬਰਕਤ ਮਿਲੀ? ਉਹ ਅਤੇ ਉਸ ਦਾ ਸਾਥ ਦੇਣ ਵਾਲੇ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾ ਸਕੇ ਜਿੱਥੇ “ਦੁੱਧ ਅਤੇ ਸ਼ਹਿਤ ਵਗਦਾ” ਸੀ।—ਯਹੋ. 5:6.
ਸਹੀ ਫ਼ੈਸਲੇ ਕਰੋ ਤੇ ਬਰਕਤਾਂ ਪਾਓ
16, 17. ਮਿਸਾਲ ਦੇ ਕੇ ਸਮਝਾਓ ਕਿ ਪਰਮੇਸ਼ੁਰ ਦੀ ਇੱਛਾ ਮੁਤਾਬਕ ਫ਼ੈਸਲੇ ਕਰਨ ਨਾਲ ਕਿਹੜੇ ਲਾਭ ਹੁੰਦੇ ਹਨ।
16 ਜ਼ਰਾ ਇਸ ਮਿਸਾਲ ʼਤੇ ਗੌਰ ਕਰੋ। ਇਕ ਵਿਆਹੁਤਾ ਭਰਾ ਨੇ ਹੁਣੇ-ਹੁਣੇ ਬਪਤਿਸਮਾ ਲਿਆ ਹੈ ਅਤੇ ਉਸ ਦੇ ਤਿੰਨ ਛੋਟੇ ਬੱਚੇ ਹਨ। ਇਕ ਦਿਨ ਕੰਮ ਦੀ ਥਾਂ ʼਤੇ ਭਰਾ ਨੂੰ ਇਕ ਬੰਦੇ ਨੇ ਕਿਹਾ: ‘ਆਪਾਂ ਦੋਵੇਂ ਇਹ ਨੌਕਰੀ ਛੱਡ ਕੇ ਕਿਸੇ ਹੋਰ ਕੰਪਨੀ ਵਿਚ ਨੌਕਰੀ ਕਰ ਲੈਂਦੇ ਹਾਂ ਕਿਉਂਕਿ ਉੱਥੇ ਸਾਨੂੰ ਜ਼ਿਆਦਾ ਪੈਸਾ ਤੇ ਹੋਰ ਸੁੱਖ-ਸਹੂਲਤਾਂ ਮਿਲਣਗੀਆਂ।’ ਭਰਾ ਨੇ ਉਸ ਦੀ ਗੱਲ ਬਾਰੇ ਸੋਚਿਆ ਤੇ ਪ੍ਰਾਰਥਨਾ ਕੀਤੀ। ਹਾਲਾਂਕਿ ਆਪਣੀ ਨੌਕਰੀ ਤੋਂ ਉਹ ਬਹੁਤੇ ਪੈਸੇ ਨਹੀਂ ਸੀ ਕਮਾਉਂਦਾ, ਪਰ ਉਸ ਨੇ ਇਹ ਨੌਕਰੀ ਇਸ ਕਰਕੇ ਚੁਣੀ ਸੀ ਤਾਂਕਿ ਸ਼ਨੀ-ਐਤਵਾਰ ਨੂੰ ਉਸ ਨੂੰ ਛੁੱਟੀ ਮਿਲੇ ਅਤੇ ਉਹ ਆਪਣੇ ਪਰਿਵਾਰ ਨਾਲ ਮੀਟਿੰਗਾਂ ਅਤੇ ਪ੍ਰਚਾਰ ਵਿਚ ਜਾ ਸਕੇ। ਉਸ ਨੇ ਸੋਚਿਆ ਕਿ ਜੇ ਉਹ ਦੂਜੀ ਕੰਪਨੀ ਵਿਚ ਨੌਕਰੀ ਕਰਨ ਲੱਗਾ, ਤਾਂ ਉਸ ਨੂੰ ਸ਼ੁਰੂ-ਸ਼ੁਰੂ ਵਿਚ ਸ਼ਨੀ-ਐਤਵਾਰ ਨੂੰ ਛੁੱਟੀ ਨਹੀਂ ਮਿਲਣੀ ਸੀ। ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?
17 ਹਾਲਾਂਕਿ ਦੂਸਰੀ ਕੰਪਨੀ ਵਿਚ ਉਸ ਨੂੰ ਬਹੁਤ ਪੈਸੇ ਮਿਲਣੇ ਸਨ, ਪਰ ਉਸ ਨੇ ਸੋਚਿਆ ਕਿ ਇਸ ਫ਼ੈਸਲੇ ਦਾ ਯਹੋਵਾਹ ਨਾਲ ਉਸ ਦੇ ਰਿਸ਼ਤੇ ʼਤੇ ਕੀ ਅਸਰ ਪਵੇਗਾ। ਫਿਰ ਉਸ ਨੇ ਦੂਜੀ ਨੌਕਰੀ ਠੁਕਰਾ ਦਿੱਤੀ। ਕੀ ਬਾਅਦ ਵਿਚ ਉਹ ਆਪਣੇ ਫ਼ੈਸਲੇ ʼਤੇ ਪਛਤਾਇਆ? ਬਿਲਕੁਲ ਨਹੀਂ। ਉਸ ਨੂੰ ਲੱਗਾ ਕਿ ਹੋਰ ਪੈਸੇ ਕਮਾਉਣ ਨਾਲੋਂ ਪੂਰੇ ਪਰਿਵਾਰ ਲਈ ਯਹੋਵਾਹ ਦੇ ਨੇੜੇ ਜਾਣਾ ਜ਼ਿਆਦਾ ਜ਼ਰੂਰੀ ਸੀ। ਉਹ ਤੇ ਉਸ ਦੀ ਪਤਨੀ ਦੀ ਖ਼ੁਸ਼ੀ ਦਾ ਉਦੋਂ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਨ੍ਹਾਂ ਦੀ ਦਸ ਸਾਲਾਂ ਦੀ ਧੀ ਨੇ ਕਿਹਾ: ‘ਮੰਮੀ-ਡੈਡੀ ਮੈਂ ਤੁਹਾਨੂੰ, ਯਹੋਵਾਹ ਅਤੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪ ਕੇ ਬਪਤਿਸਮਾ ਲੈਣਾ ਚਾਹੁੰਦੀ ਹਾਂ।’ ਇਸ ਭਰਾ ਨੇ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦੇ ਕੇ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਜਿਸ ਦਾ ਉਸ ਦੀ ਧੀ ʼਤੇ ਗਹਿਰਾ ਅਸਰ ਪਿਆ।
18. ਇਹ ਬਹੁਤ ਜ਼ਰੂਰੀ ਕਿਉਂ ਹੈ ਕਿ ਅਸੀਂ ਰੋਜ਼ ਸਹੀ ਫ਼ੈਸਲੇ ਕਰੀਏ?
18 ਜਿੱਦਾਂ ਮੂਸਾ ਨੇ ਉਜਾੜ ਵਿਚ ਇਜ਼ਰਾਈਲੀਆਂ ਦੀ ਅਗਵਾਈ ਕੀਤੀ ਸੀ, ਉੱਦਾਂ ਹੀ ਯਿਸੂ ਮਸੀਹ ਕਈ ਸਾਲਾਂ ਤੋਂ ਸ਼ੈਤਾਨ ਦੀ ਦੁਨੀਆਂ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਦਾ ਆਇਆ ਹੈ। ਨਾਲੇ ਜਿਵੇਂ ਯਹੋਸ਼ੁਆ ਨੇ ਵਾਅਦਾ ਕੀਤੇ ਹੋਏ ਦੇਸ਼ ਤਕ ਪਹੁੰਚਣ ਲਈ ਇਜ਼ਰਾਈਲੀਆਂ ਦੀ ਅਗਵਾਈ ਕੀਤੀ ਸੀ, ਉਵੇਂ ਯਿਸੂ ਇਸ ਬੁਰੀ ਦੁਨੀਆਂ ਦਾ ਨਾਸ਼ ਕਰ ਕੇ ਆਪਣੇ ਚੇਲਿਆਂ ਨੂੰ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਤਕ ਪਹੁੰਚਾਏਗਾ ਜਿੱਥੇ ਹਮੇਸ਼ਾ ਧਾਰਮਿਕਤਾ ਰਹੇਗੀ। (2 ਪਤ. 3:13) ਇਸ ਲਈ ਹੁਣ ਆਪਣੀ ਪੁਰਾਣੀ ਸੋਚ, ਆਦਤਾਂ, ਕਦਰਾਂ-ਕੀਮਤਾਂ ਤੇ ਟੀਚਿਆਂ ਵੱਲ ਵਾਪਸ ਮੁੜਨ ਦਾ ਸਮਾਂ ਨਹੀਂ ਹੈ। ਹੁਣ ਸਾਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਸਾਡੇ ਲਈ ਪਰਮੇਸ਼ੁਰ ਦੀ ਇੱਛਾ ਕੀ ਹੈ। (ਰੋਮੀ. 12:2; 2 ਕੁਰਿੰ. 13:5) ਇਸ ਲਈ ਰੋਜ਼ ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਸੀਂ ਉਸ ਤਰ੍ਹਾਂ ਦੇ ਇਨਸਾਨ ਹੋ ਜਿਸ ਨੂੰ ਯਹੋਵਾਹ ਹਮੇਸ਼ਾ ਲਈ ਬਰਕਤਾਂ ਦਿੰਦਾ ਰਹੇਗਾ।—ਇਬਰਾਨੀਆਂ 10:38, 39 ਪੜ੍ਹੋ।
a ਬੱਚਿਆਂ ਨੂੰ ਇਸ ਕਾਰਨ ਵੀ ਨਾਨਾ-ਨਾਨੀ ਜਾਂ ਦਾਦਾ-ਦਾਦੀ ਕੋਲ ਭੇਜਿਆ ਜਾਂਦਾ ਹੈ ਤਾਂਕਿ ਉਹ ਬੱਚੇ ਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਬੜੇ ਮਾਣ ਨਾਲ ਦਿਖਾ ਸਕਣ।