ਗ਼ਰੀਬੀ ਦਾ ਹੱਲ
ਗ਼ਰੀਬੀ ਬਾਰੇ ਸੰਸਾਰ ਭਰ ਦੀਆਂ ਨਿਰਾਸ਼ਾਜਨਕ ਰਿਪੋਰਟਾਂ ਦੇ ਬਾਵਜੂਦ ਕੁਝ ਲੋਕ ਮੰਨਦੇ ਹਨ ਕਿ ਗ਼ਰੀਬੀ ਬਾਰੇ ਜ਼ਰੂਰ ਕੁਝ ਕੀਤਾ ਜਾ ਸਕਦਾ ਹੈ। ਮਿਸਾਲ ਲਈ, ਮਨੀਲਾ ਦੀ ਇਕ ਅਖ਼ਬਾਰ ਵਿਚ ਯੂ.ਐੱਨ. ਦੀ ਇਕ ਸੰਸਥਾ ਨੇ ਕਿਹਾ ਕਿ “25 ਸਾਲਾਂ ਦੇ ਅੰਦਰ-ਅੰਦਰ ਏਸ਼ੀਆ ਤੋਂ ਗ਼ਰੀਬੀ ਮਿਟਾਈ ਜਾ ਸਕਦੀ ਹੈ।” ਇਸ ਸੰਸਥਾ ਨੇ ਸਲਾਹ ਦਿੱਤੀ ਕਿ ਦੇਸ਼ ਦੀ ਆਰਥਿਕ ਹਾਲਤ ਸੁਧਾਰਨ ਨਾਲ ਲੋਕ ਗ਼ਰੀਬੀ ਦੇ ਪੰਜੇ ਤੋਂ ਛੁੱਟ ਸਕਦੇ ਹਨ।
ਇਸ ਸਮੱਸਿਆ ਦਾ ਹੱਲ ਲੱਭਣ ਵਿਚ ਦੂਸਰੀਆਂ ਸੰਸਥਾਵਾਂ ਅਤੇ ਸਰਕਾਰਾਂ ਨੇ ਵੀ ਸੁਝਾਵਾਂ ਦੀ ਇਕ ਲੰਬੀ ਸੂਚੀ ਪੇਸ਼ ਕੀਤੀ ਹੈ। ਕੁਝ ਉਦਾਹਰਣਾਂ ਵੱਲ ਧਿਆਨ ਦਿਓ: ਸਰਕਾਰ ਵੱਲੋਂ ਬੀਮਾ ਦੇ ਪ੍ਰੋਗ੍ਰਾਮ, ਬਿਹਤਰ ਪੜ੍ਹਾਈ-ਲਿਖਾਈ ਦੇ ਬੰਦੋਬਸਤ, ਗ਼ਰੀਬ ਦੇਸ਼ਾਂ ਦੇ ਅਮੀਰ ਦੇਸ਼ਾਂ ਤੋਂ ਲਏ ਗਏ ਕਰਜ਼ ਮਾਫ਼ ਕੀਤੇ ਜਾਣ, ਘੱਟ ਆਮਦਨੀ ਵਾਲਿਆਂ ਨੂੰ ਘਰ ਦਿੱਤੇ ਜਾਣ ਅਤੇ ਆਯਾਤ ਸੰਬੰਧੀ ਬੰਦਸ਼ਾਂ ਹਟਾਈਆਂ ਜਾਣ ਤਾਂਕਿ ਗ਼ਰੀਬ ਦੇਸ਼ ਵੀ ਵਪਾਰ ਕਰ ਸਕਣ।
ਸਾਲ 2000 ਵਿਚ ਯੂ.ਐੱਨ. ਦੀ ਜਨਰਲ ਅਸੈਂਬਲੀ ਵਿਚ ਕੁਝ ਨਿਸ਼ਾਨੇ ਰੱਖੇ ਗਏ ਜਿਨ੍ਹਾਂ ਨੂੰ 2015 ਤਕ ਪੂਰੇ ਕੀਤੇ ਜਾਣ ਦੀ ਉਮੀਦ ਰੱਖੀ ਜਾਂਦੀ ਹੈ। ਇਹ ਨਿਸ਼ਾਨੇ ਕੀ ਹਨ? ਸਖ਼ਤ ਗ਼ਰੀਬੀ ਅਤੇ ਭੁੱਖਮਰੀ ਨੂੰ ਖ਼ਤਮ ਕਰਨਾ ਅਤੇ ਅਮੀਰਾਂ ਤੇ ਗ਼ਰੀਬਾਂ ਦੀ ਆਮਦਨ ਵਿਚ ਵੱਡੇ ਫ਼ਰਕ ਨੂੰ ਮਿਟਾਉਣਾ। ਇਹ ਨਿਸ਼ਾਨੇ ਭਾਵੇਂ ਜਿੰਨੇ ਮਰਜ਼ੀ ਚੰਗੇ ਕਿਉਂ ਨਾ ਹੋਣ, ਫਿਰ ਵੀ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਸ ਵੰਡੀ ਹੋਈ ਦੁਨੀਆਂ ਵਿਚ ਇਹ ਕਦੀ ਪੂਰੇ ਨਹੀਂ ਹੋਣਗੇ।
ਸਲਾਹ ਜਿਸ ਤੋਂ ਗ਼ਰੀਬਾਂ ਦੀ ਅੱਜ ਮਦਦ ਹੋ ਸਕਦੀ ਹੈ
ਸਰਕਾਰਾਂ ਵੱਲੋਂ ਵਿਸ਼ਵ-ਵਿਆਪੀ ਪੈਮਾਨੇ ਤੇ ਗ਼ਰੀਬੀ ਮਿਟਾਉਣ ਦੀ ਬਹੁਤ ਘੱਟ ਆਸ ਹੈ। ਤਾਂ ਫਿਰ ਕਿਸੇ ਗ਼ਰੀਬ ਵਿਅਕਤੀ ਨੂੰ ਮਦਦ ਕਿੱਥੋਂ ਮਿਲ ਸਕਦੀ ਹੈ? ਜਿੱਦਾਂ ਅਸੀਂ ਪਹਿਲਾਂ ਕਹਿ ਚੁੱਕੇ ਹਾਂ, ਅੱਜ ਲੋਕਾਂ ਨੂੰ ਚੰਗੀ ਸਲਾਹ ਮਿਲ ਸਕਦੀ ਹੈ। ਇਹ ਕਿਹੜੀ ਸਲਾਹ ਹੈ? ਇਹ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪਾਈ ਜਾਂਦੀ ਹੈ।
ਬਾਈਬਲ ਦੀ ਸਲਾਹ ਅੱਜ-ਕੱਲ੍ਹ ਦੀਆਂ ਹੋਰ ਸਲਾਹਾਂ ਤੋਂ ਕਿਵੇਂ ਵੱਖਰੀ ਹੈ? ਇਹ ਸਭ ਤੋਂ ਉੱਚੇ ਅਧਿਕਾਰੀ, ਸਾਡੇ ਸਿਰਜਣਹਾਰ ਦੀ ਸਲਾਹ ਹੈ। ਬਾਈਬਲ ਵਿਚ ਬੁੱਧ ਦੇ ਅਨਮੋਲ ਹੀਰੇ ਹਨ। ਉਸ ਵਿਚ ਵਧੀਆ ਅਸੂਲ ਹਨ ਜੋ ਕਿਸੇ ਵੀ ਸਮੇਂ ਤੇ ਜਾਂ ਕਿਸੇ ਵੀ ਥਾਂ ਤੇ ਰਹਿਣ ਵਾਲੇ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੋਣਗੇ। ਜੇ ਗ਼ਰੀਬ ਲੋਕ ਇਨ੍ਹਾਂ ਅਸੂਲਾਂ ਉੱਤੇ ਚੱਲਣ, ਤਾਂ ਉਨ੍ਹਾਂ ਦੀ ਹੁਣ ਵੀ ਮਦਦ ਹੋ ਸਕਦੀ ਹੈ। ਆਓ ਆਪਾਂ ਕੁਝ ਉਦਾਹਰਣਾਂ ਦੇਖੀਏ।
ਪੈਸਿਆਂ ਬਾਰੇ ਸਹੀ ਨਜ਼ਰੀਆ। ਬਾਈਬਲ ਵਿਚ ਲਿਖਿਆ ਹੈ: “ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਇਸ ਦਾ ਕੀ ਮਤਲਬ ਹੈ? ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਇਹ ਸੱਚ ਹੈ ਕਿ ਸਾਨੂੰ ਇਸ ਦੀ ਜ਼ਰੂਰਤ ਹੈ ਅਤੇ ਇਸ ਨਾਲ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਹਾਂ, ਪਰ ਪੈਸਾ ਸਭ ਕੁਝ ਨਹੀਂ ਖ਼ਰੀਦ ਸਕਦਾ। ਜ਼ਿੰਦਗੀ ਵਿਚ ਸਾਡੀਆਂ ਅਜਿਹੀਆਂ ਵੀ ਲੋੜਾਂ ਹਨ ਜੋ ਪੈਸਿਆਂ ਨਾਲ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਜੇ ਅਸੀਂ ਇਹ ਗੱਲ ਯਾਦ ਰੱਖਾਂਗੇ, ਤਾਂ ਅਸੀਂ ਪੈਸੇ ਅਤੇ ਮਾਲ-ਧਨ ਬਾਰੇ ਸਹੀ ਨਜ਼ਰੀਆ ਰੱਖਾਂਗੇ। ਇਸ ਤਰ੍ਹਾਂ ਅਸੀਂ ਧਨ-ਦੌਲਤ ਇਕੱਠੀ ਕਰਨ ਦੇ ਜਾਲ ਵਿਚ ਨਹੀਂ ਫਸਾਂਗੇ, ਜਿੱਦਾਂ ਬਹੁਤ ਸਾਰੇ ਲੋਕ ਫਸੇ ਤੇ ਨਿਰਾਸ਼ ਵੀ ਹੋਏ ਹਨ। ਪੈਸਾ ਜ਼ਿੰਦਗੀ ਨਹੀਂ ਖ਼ਰੀਦ ਸਕਦਾ, ਪਰ ਬੁੱਧ ਸਾਡੀ ਜ਼ਿੰਦਗੀ ਨੂੰ ਹੁਣ ਵੀ ਬਚਾ ਸਕਦੀ ਹੈ ਅਤੇ ਭਵਿੱਖ ਵਿਚ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਵੀ ਦੇ ਸਕਦੀ ਹੈ।
ਚਾਦਰ ਵੇਖ ਕੇ ਪੈਰ ਪਸਾਰੋ। ਲੋੜਾਂ ਅਤੇ ਚਾਹਤਾਂ ਦੋ ਵੱਖਰੀਆਂ ਗੱਲਾਂ ਹਨ। ਲੋੜਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਸੀਂ ਆਸਾਨੀ ਨਾਲ ਮੰਨ ਸਕਦੇ ਹਾਂ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਹੈ, ਪਰ ਅਸਲ ਵਿਚ ਸਾਨੂੰ ਇਸ ਦੀ ਲੋੜ ਨਹੀਂ ਹੁੰਦੀ, ਸਗੋਂ ਅਸੀਂ ਉਸ ਚੀਜ਼ ਨੂੰ ਸਿਰਫ਼ ਹਾਸਲ ਕਰਨਾ ਚਾਹੁੰਦੇ ਹਾਂ। ਬੁੱਧਵਾਨ ਵਿਅਕਤੀ ਪਹਿਲਾਂ ਆਪਣੇ ਪੈਸੇ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਲੋੜਾਂ ਉੱਤੇ ਖ਼ਰਚੇਗਾ। ਫਿਰ ਕੋਈ ਵਾਧੂ ਚੀਜ਼ ਖ਼ਰੀਦਣ ਤੋਂ ਪਹਿਲਾਂ ਉਹ ਦੇਖੇਗਾ ਕਿ ਉਸ ਕੋਲ ਇਸ ਨੂੰ ਖ਼ਰੀਦਣ ਲਈ ਪੈਸੇ ਹਨ ਜਾਂ ਨਹੀਂ। ਯਿਸੂ ਨੇ ਆਪਣੇ ਇਕ ਦ੍ਰਿਸ਼ਟਾਂਤ ਵਿਚ ਇਹ ਸਲਾਹ ਦਿੱਤੀ ਸੀ ਕਿ ਇਕ ਵਿਅਕਤੀ ‘ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਕਰੇ ਭਈ ਉਸ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ।’—ਲੂਕਾ 14:28.
ਫ਼ਿਲਪੀਨ ਵਿਚ ਰਹਿਣ ਵਾਲੀ ਯੂਫ੍ਰੋਸੀਨਾ ਤਿੰਨ ਬੱਚਿਆਂ ਦੀ ਮਾਂ ਹੈ। ਕਈ ਸਾਲ ਪਹਿਲਾਂ ਉਸ ਦਾ ਪਤੀ ਉਸ ਨੂੰ ਛੱਡ ਕੇ ਚਲੇ ਗਿਆ ਤੇ ਹੁਣ ਉਸ ਨੂੰ ਕੰਮ ਕਰ ਕੇ ਅਤੇ ਸਰਫਾ ਕਰ-ਕਰ ਕੇ ਆਪਣਾ ਗੁਜ਼ਾਰਾ ਤੋਰਨਾ ਪੈਂਦਾ ਹੈ। ਉਸ ਨੇ ਆਪਣੇ ਬੱਚਿਆਂ ਨੂੰ ਵੀ ਸਿਖਾਇਆ ਹੈ ਕਿ ਉਹ ਕੋਈ ਚੀਜ਼ ਖ਼ਰੀਦਣ ਤੋਂ ਪਹਿਲਾਂ ਸੋਚਣ ਕਿ ਕੀ ਉਨ੍ਹਾਂ ਨੂੰ ਸੱਚ-ਮੁੱਚ ਇਸ ਦੀ ਲੋੜ ਹੈ। ਮਿਸਾਲ ਲਈ, ਬੱਚੇ ਸ਼ਾਇਦ ਕੁਝ ਦੇਖ ਲੈਣ ਜੋ ਉਹ ਖ਼ਰੀਦਣਾ ਚਾਹੁੰਦੇ ਹਨ। ਯੂਫ੍ਰੋਸੀਨਾ ਉਨ੍ਹਾਂ ਨੂੰ ਨਾਹ ਕਹਿਣ ਦੀ ਬਜਾਇ ਪਿਆਰ ਨਾਲ ਸਮਝਾਉਂਦੀ ਹੈ: “ਜੇ ਤੁਸੀਂ ਇਹ ਚੀਜ਼ ਚਾਹੁੰਦੇ ਹੋ, ਤਾਂ ਠੀਕ ਹੈ, ਪਰ ਸੋਚ ਲਓ, ਸਾਡੇ ਕੋਲ ਸਿਰਫ਼ ਇਕ ਚੀਜ਼ ਖ਼ਰੀਦਣ ਲਈ ਪੈਸੇ ਹਨ। ਅਸੀਂ ਉਹ ਚੀਜ਼ ਲੈ ਸਕਦੇ ਹਾਂ ਜੋ ਤੁਸੀਂ ਚਾਹੁੰਦੇ ਹੋ ਜਾਂ ਅਸੀਂ ਇਸ ਹਫ਼ਤੇ ਚੌਲ਼ਾਂ ਨਾਲ ਖਾਣ ਲਈ ਸਬਜ਼ੀਆਂ ਜਾਂ ਥੋੜ੍ਹਾ-ਬਹੁਤ ਮੀਟ ਖ਼ਰੀਦ ਸਕਦੇ ਹਾਂ। ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਫ਼ੈਸਲਾ ਕਰੋ।” ਆਮ ਤੌਰ ਤੇ ਬੱਚੇ ਜਲਦੀ ਹੀ ਸਮਝ ਜਾਂਦੇ ਹਨ ਅਤੇ ਹੋਰ ਕਿਸੇ ਚੀਜ਼ ਦੀ ਬਜਾਇ ਖਾਣਾ ਖ਼ਰੀਦਣ ਦਾ ਫ਼ੈਸਲਾ ਕਰਦੇ ਹਨ।
ਸੰਤੁਸ਼ਟ ਹੋਵੋ। ਬਾਈਬਲ ਵਿਚ ਇਕ ਹੋਰ ਅਸੂਲ ਹੈ: “ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” (1 ਤਿਮੋਥਿਉਸ 6:8) ਪੈਸਾ ਖ਼ੁਸ਼ੀਆਂ ਨਹੀਂ ਖ਼ਰੀਦ ਸਕਦਾ। ਦੁਨੀਆਂ ਵਿਚ ਬਹੁਤ ਸਾਰੇ ਅਮੀਰ ਲੋਕ ਖ਼ੁਸ਼ ਨਹੀਂ ਹਨ, ਜਦੋਂ ਕਿ ਦੂਜੇ ਪਾਸੇ ਬਹੁਤ ਸਾਰੇ ਗ਼ਰੀਬ ਲੋਕ ਬਹੁਤ ਖ਼ੁਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਜ਼ਿੰਦਗੀ ਦੀਆਂ ਆਮ ਚੀਜ਼ਾਂ ਨਾਲ ਸੰਤੁਸ਼ਟ ਹੋਣਾ ਸਿੱਖਿਆ ਹੈ। ਯਿਸੂ ਨੇ “ਅੱਖ ਨਿਰਮਲ” ਰੱਖਣ ਦੀ ਸਲਾਹ ਦਿੱਤੀ ਸੀ ਕਿਉਂਕਿ ਨਿਰਮਲ ਅੱਖ ਜ਼ਰੂਰੀ ਗੱਲਾਂ ਉੱਤੇ ਟਿਕੀ ਰਹਿੰਦੀ ਹੈ। (ਮੱਤੀ 6:22) ਇਹ ਸਲਾਹ ਸਾਡੀ ਸੰਤੁਸ਼ਟ ਰਹਿਣ ਵਿਚ ਮਦਦ ਕਰਦੀ ਹੈ। ਕਈ ਗ਼ਰੀਬ ਲੋਕ ਬਹੁਤ ਸੰਤੁਸ਼ਟ ਹਨ ਕਿਉਂਕਿ ਉਨ੍ਹਾਂ ਨੇ ਰੱਬ ਨਾਲ ਇਕ ਗੂੜ੍ਹਾ ਰਿਸ਼ਤਾ ਕਾਇਮ ਕੀਤਾ ਹੈ ਅਤੇ ਉਨ੍ਹਾਂ ਦਾ ਪਰਿਵਾਰ ਸੁਖੀ ਹੈ। ਇਹ ਚੀਜ਼ਾਂ ਪੈਸਿਆਂ ਨਾਲ ਨਹੀਂ ਖ਼ਰੀਦੀਆਂ ਜਾ ਸਕਦੀਆਂ।
ਬਾਈਬਲ ਦੀ ਸਲਾਹ ਦੀਆਂ ਇਹ ਕੁਝ ਕੁ ਉਦਾਹਰਣਾਂ ਹਨ ਜੋ ਗ਼ਰੀਬਾਂ ਦੀ ਮਦਦ ਕਰ ਸਕਦੀਆਂ ਹਨ। ਬਾਈਬਲ ਵਿਚ ਹੋਰ ਬਹੁਤ ਸਾਰੀਆਂ ਸਲਾਹਾਂ ਹਨ। ਮਿਸਾਲ ਲਈ: ਸਿਗਰਟਾਂ ਪੀਣ ਤੇ ਜੂਆ ਖੇਡਣ ਵਰਗੀਆਂ ਬੁਰੀਆਂ ਆਦਤਾਂ ਤੋਂ ਬਚੋ ਕਿਉਂਕਿ ਇਹ ਪੈਸਾ ਬਰਬਾਦ ਕਰਦੀਆਂ ਹਨ। ਜ਼ਿੰਦਗੀ ਵਿਚ ਜੋ ਗੱਲਾਂ ਮਹੱਤਤਾ ਰੱਖਦੀਆਂ ਹਨ ਉਨ੍ਹਾਂ ਨੂੰ ਪਹਿਲ ਦਿਓ, ਖ਼ਾਸ ਕਰਕੇ ਪਰਮੇਸ਼ੁਰ ਦੀ ਸੇਵਾ ਨੂੰ। ਜਿੱਥੇ ਨੌਕਰੀ ਲੱਭਣੀ ਮੁਸ਼ਕਲ ਹੈ ਉੱਥੇ ਅਜਿਹਾ ਕੰਮ ਕਰਨਾ ਸਿੱਖੋ ਜਿਸ ਦੀ ਦੂਸਰਿਆਂ ਨੂੰ ਲੋੜ ਹੈ। (ਕਹਾਉਤਾਂ 22:29; 23:21; ਫ਼ਿਲਿੱਪੀਆਂ 1:9-11) ਬਾਈਬਲ ਕਹਿੰਦੀ ਹੈ ਕਿ “ਦਨਾਈ ਅਤੇ ਸੋਝੀ” ਨੂੰ ਇਸਤੇਮਾਲ ਕਰੋ ਕਿਉਂਕਿ “ਓਹ ਤੇਰੇ ਜੀ ਲਈ ਜੀਉਣ” ਸਾਬਤ ਹੋਣਗੀਆਂ।—ਕਹਾਉਤਾਂ 3:21, 22.
ਭਾਵੇਂ ਕਿ ਬਾਈਬਲ ਦੀ ਚੰਗੀ ਸਲਾਹ ਅੱਜ ਗ਼ਰੀਬੀ ਨਾਲ ਸੰਘਰਸ਼ ਕਰ ਰਹੇ ਲੋਕਾਂ ਦੀ ਕੁਝ ਹੱਦ ਤਕ ਮਦਦ ਕਰ ਸਕਦੀ ਹੈ, ਪਰ ਭਵਿੱਖ ਬਾਰੇ ਕੁਝ ਸਵਾਲ ਬਾਕੀ ਹਨ। ਕੀ ਗ਼ਰੀਬ ਲੋਕ ਹਮੇਸ਼ਾ ਲਈ ਗ਼ਰੀਬੀ ਦੇ ਪੰਜੇ ਵਿਚ ਰਹਿਣਗੇ? ਕੀ ਅਮੀਰਾਂ-ਗ਼ਰੀਬਾਂ ਵਿਚਕਾਰ ਵੱਡਾ ਫ਼ਰਕ ਕਦੀ ਖ਼ਤਮ ਕੀਤਾ ਜਾਵੇਗਾ? ਆਓ ਆਪਾਂ ਇਸ ਸਮੱਸਿਆ ਦੇ ਅਜਿਹੇ ਹੱਲ ਵੱਲ ਧਿਆਨ ਦੇਈਏ ਜਿਸ ਬਾਰੇ ਬਹੁਤ ਸਾਰੇ ਲੋਕ ਜਾਣਦੇ ਨਹੀਂ ਹਨ।
ਬਾਈਬਲ ਵਿੱਚੋਂ ਉਮੀਦ ਦੀ ਕਿਰਨ
ਕਈ ਲੋਕ ਮੰਨਦੇ ਹਨ ਕਿ ਬਾਈਬਲ ਇਕ ਚੰਗੀ ਪੁਸਤਕ ਹੈ। ਪਰ ਉਹ ਇਹ ਨਹੀਂ ਜਾਣਦੇ ਕਿ ਉਸ ਵਿਚ ਸਾਡੀ ਧਰਤੀ ਉੱਤੇ ਆਉਣ ਵਾਲੀਆਂ ਵੱਡੀਆਂ ਤਬਦੀਲੀਆਂ ਬਾਰੇ ਖ਼ਾਸ ਜਾਣਕਾਰੀ ਦਿੱਤੀ ਗਈ ਹੈ।
ਪਰਮੇਸ਼ੁਰ ਮਨੁੱਖਜਾਤੀ ਦੇ ਮਸਲਿਆਂ ਨੂੰ ਹੱਲ ਕਰਨ ਦਾ ਇਰਾਦਾ ਰੱਖਦਾ ਹੈ ਜਿਸ ਵਿਚ ਗ਼ਰੀਬੀ ਵੀ ਸ਼ਾਮਲ ਹੈ। ਮਨੁੱਖੀ ਸਰਕਾਰਾਂ ਨੇ ਸਾਬਤ ਕੀਤਾ ਹੈ ਕਿ ਉਹ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੇ ਯੋਗ ਨਹੀਂ ਹਨ ਜਾਂ ਉਹ ਇਨ੍ਹਾਂ ਨੂੰ ਹੱਲ ਕਰਨਾ ਨਹੀਂ ਚਾਹੁੰਦੀਆਂ, ਇਸ ਲਈ ਪਰਮੇਸ਼ੁਰ ਇਨ੍ਹਾਂ ਸਰਕਾਰਾਂ ਨੂੰ ਹਟਾ ਦੇਵੇਗਾ। ਉਹ ਕਿਸ ਤਰ੍ਹਾਂ? ਬਾਈਬਲ ਵਿਚ ਦਾਨੀਏਲ 2:44 ਵਿਚ ਸਾਫ਼-ਸਾਫ਼ ਲਿਖਿਆ ਹੈ: “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”
ਇਨ੍ਹਾਂ “ਪਾਤਸ਼ਾਹੀਆਂ” ਜਾਂ ਸਰਕਾਰਾਂ ਨੂੰ ਹਟਾ ਕੇ ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਰਾਜ ਕਰੇਗਾ। ਇਹ ਰਾਜਾ ਕੋਈ ਇਨਸਾਨ ਨਹੀਂ, ਸਗੋਂ ਉਹ ਇਕ ਸ਼ਕਤੀਸ਼ਾਲੀ ਸਵਰਗ-ਦੂਤ ਹੈ। ਉਹ ਅੱਜ-ਕੱਲ੍ਹ ਦੀਆਂ ਬੇਇਨਸਾਫ਼ੀਆਂ ਨੂੰ ਖ਼ਤਮ ਕਰਨ ਲਈ ਵੱਡੀਆਂ ਤਬਦੀਲੀਆਂ ਲਿਆਉਣ ਦੇ ਕਾਬਲ ਹੈ। ਪਰਮੇਸ਼ੁਰ ਨੇ ਇਹ ਕੰਮ ਕਰਨ ਲਈ ਆਪਣੇ ਪੁੱਤਰ ਨੂੰ ਚੁਣਿਆ ਹੈ। (ਰਸੂਲਾਂ ਦੇ ਕਰਤੱਬ 17:31) ਜ਼ਬੂਰਾਂ ਦੀ ਪੋਥੀ 72:12-14 ਵਿਚ ਸਾਨੂੰ ਦੱਸਿਆ ਗਿਆ ਹੈ ਕਿ ਇਹ ਰਾਜਾ ਕੀ ਕਰੇਗਾ: “ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।” ਇਹ ਕਿੰਨੀ ਸੋਹਣੀ ਉਮੀਦ ਹੈ! ਆਖ਼ਰ, ਲੋਕਾਂ ਨੂੰ ਰਾਹਤ ਮਿਲ ਜਾਵੇਗੀ! ਉਸ ਸਮੇਂ ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਗ਼ਰੀਬਾਂ ਤੇ ਮਸਕੀਨਾਂ ਦੀ ਖ਼ਾਤਰ ਕਦਮ ਚੁੱਕੇਗਾ।
ਉਸ ਵੇਲੇ ਗ਼ਰੀਬੀ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਜ਼ਬੂਰਾਂ ਦੀ ਪੋਥੀ 72:16 ਵਿਚ ਲਿਖਿਆ ਹੈ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ, ਉਹ ਦਾ ਫਲ ਲਬਾਨੋਨ ਵਾਂਙੁ ਝੂਮੇਗਾ, ਅਤੇ ਸ਼ਹਿਰ ਦੇ ਲੋਕ ਧਰਤੀ ਦੀ ਹਰਿਆਉਲ ਵਾਂਙੁ ਲਹਿ ਲਹਾਉਣਗੇ।’ ਫਿਰ ਕਦੇ ਵੀ ਭੁੱਖਮਰੀ, ਪੈਸਿਆਂ ਦੀ ਘਾਟ ਜਾਂ ਭੈੜੀ ਸਰਕਾਰ ਹੋਣ ਕਰਕੇ ਖਾਣੇ ਦੀ ਕਮੀ ਨਹੀਂ ਹੋਵੇਗੀ।
ਹੋਰ ਮਸਲੇ ਵੀ ਹੱਲ ਕੀਤੇ ਜਾਣਗੇ। ਉਦਾਹਰਣ ਲਈ, ਅੱਜ ਬਹੁਤ ਘੱਟ ਲੋਕਾਂ ਕੋਲ ਆਪੋ-ਆਪਣਾ ਘਰ ਹੈ। ਪਰ ਪਰਮੇਸ਼ੁਰ ਵਾਅਦਾ ਕਰਦਾ ਹੈ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।” (ਯਸਾਯਾਹ 65:21, 22) ਸਾਰਿਆਂ ਕੋਲ ਆਪੋ-ਆਪਣਾ ਘਰ ਹੋਵੇਗਾ ਅਤੇ ਉਹ ਆਪਣੇ ਕੰਮ ਦਾ ਪੂਰਾ ਆਨੰਦ ਮਾਣਨਗੇ। ਇਸ ਤਰ੍ਹਾਂ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਗ਼ਰੀਬੀ ਨੂੰ ਪੂਰੀ ਤਰ੍ਹਾਂ ਤੇ ਹਮੇਸ਼ਾ ਲਈ ਹਟਾ ਦੇਵੇਗਾ। ਅਮੀਰਾਂ-ਗ਼ਰੀਬਾਂ ਵਿਚਕਾਰ ਵੱਡਾ ਪਾੜ ਨਹੀਂ ਰਹੇਗਾ ਅਤੇ ਨਾ ਹੀ ਲੋਕ ਮਰ-ਮਰ ਕੇ ਆਪਣਾ ਗੁਜ਼ਾਰਾ ਤੋਰਨਗੇ।
ਪਹਿਲੀ ਵਾਰ ਬਾਈਬਲ ਵਿੱਚੋਂ ਇਹ ਵਾਅਦੇ ਪੜ੍ਹ ਕੇ ਕਿਸੇ ਨੂੰ ਸ਼ਾਇਦ ਲੱਗੇ ਕਿ ਇਹ ਤਾਂ ਸੁਪਨੇ ਦੀ ਦੁਨੀਆਂ ਦੀਆਂ ਗੱਲਾਂ ਹਨ। ਪਰ ਜਦੋਂ ਅਸੀਂ ਧਿਆਨ ਨਾਲ ਬਾਈਬਲ ਦੀ ਜਾਂਚ ਕਰਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਸਾਰੇ ਵਾਅਦੇ ਹਮੇਸ਼ਾ ਪੂਰੇ ਹੋਏ ਸਨ। (ਯਸਾਯਾਹ 55:11) ਤਾਂ ਫਿਰ, ਇੱਥੇ ਸਵਾਲ ਇਹ ਨਹੀਂ ਕਿ ਕੀ ਇਹ ਗੱਲਾਂ ਪੂਰੀਆਂ ਹੋਣਗੀਆਂ ਕਿ ਨਹੀਂ, ਸਗੋਂ ਅਸਲੀ ਸਵਾਲ ਇਹ ਹੈ ਕਿ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਇਨ੍ਹਾਂ ਵਾਅਦਿਆਂ ਦੀ ਪੂਰਤੀ ਦੇਖ ਸਕੀਏ?
ਕੀ ਤੁਸੀਂ ਉੱਥੇ ਹੋਵੋਗੇ?
ਕਿਉਂਕਿ ਇਹ ਸਭ ਕੁਝ ਪਰਮੇਸ਼ੁਰ ਦੇ ਰਾਜ ਅਧੀਨ ਹੋਵੇਗਾ, ਸਾਨੂੰ ਉਹੋ ਜਿਹੇ ਲੋਕ ਬਣਨ ਦੀ ਲੋੜ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਆਪਣੇ ਰਾਜ ਦੀ ਪਰਜਾ ਦੇ ਤੌਰ ਤੇ ਸਵੀਕਾਰ ਕਰੇਗਾ। ਪਰਮੇਸ਼ੁਰ ਨੇ ਆਪਣੀਆਂ ਮੰਗਾਂ ਬਾਰੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ। ਇਹ ਜਾਣਕਾਰੀ ਬਾਈਬਲ ਵਿਚ ਪਾਈ ਜਾਂਦੀ ਹੈ।
ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਉਸ ਦਾ ਆਪਣਾ ਪੁੱਤਰ ਹੈ ਅਤੇ ਉਹ ਧਰਮੀ ਹੈ। (ਯਸਾਯਾਹ 11:3-5) ਇਸ ਲਈ, ਉਸ ਦੇ ਰਾਜ ਅਧੀਨ ਰਹਿਣ ਵਾਲੇ ਲੋਕਾਂ ਨੂੰ ਵੀ ਧਰਮੀ ਹੋਣਾ ਪਵੇਗਾ। ਕਹਾਉਤਾਂ 2:21, 22 ਵਿਚ ਲਿਖਿਆ ਹੈ: “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”
ਕੀ ਅਸੀਂ ਇਹ ਮੰਗਾਂ ਪੂਰੀਆਂ ਕਰਨੀਆਂ ਸਿੱਖ ਸਕਦੇ ਹਾਂ? ਜੀ ਹਾਂ। ਬਾਈਬਲ ਦਾ ਅਧਿਐਨ ਕਰ ਕੇ ਅਤੇ ਉਸ ਦੀ ਸਲਾਹ ਲਾਗੂ ਕਰ ਕੇ ਤੁਸੀਂ ਵੀ ਇਸ ਭਵਿੱਖ ਦਾ ਆਨੰਦ ਮਾਣ ਸਕੋਗੇ। (ਯੂਹੰਨਾ 17:3) ਯਹੋਵਾਹ ਦੇ ਗਵਾਹ ਤੁਹਾਡੇ ਨਾਲ ਬਾਈਬਲ ਦਾ ਅਧਿਐਨ ਕਰ ਸਕਦੇ ਹਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਸ ਸਮਾਜ ਦਾ ਹਿੱਸਾ ਬਣਨ ਦਾ ਮੌਕਾ ਹੱਥੋਂ ਨਾ ਜਾਣ ਦਿਓ, ਜਿੱਥੇ ਨਾ ਗ਼ਰੀਬੀ ਤੇ ਨਾ ਬੇਇਨਸਾਫ਼ੀ ਹੋਵੇਗੀ।
[ਸਫ਼ੇ 5 ਉੱਤੇ ਤਸਵੀਰ]
ਯੂਫ੍ਰੋਸੀਨਾ: “ਸਰਫਾ ਕਰਨ ਨਾਲ ਮੇਰੇ ਪਰਿਵਾਰ ਨੂੰ ਜ਼ਰੂਰੀ ਚੀਜ਼ਾਂ ਦੀ ਘਾਟ ਨਹੀਂ ਹੁੰਦੀ”
[ਸਫ਼ੇ 6 ਉੱਤੇ ਤਸਵੀਰ]
ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਅਤੇ ਸੁਖੀ ਪਰਿਵਾਰ ਪੈਸਿਆਂ ਨਾਲ ਨਹੀਂ ਖ਼ਰੀਦੇ ਜਾ ਸਕਦੇ