ਯਹੋਵਾਹ ਦੀ ਸੇਵਾ ‘ਮਾੜੇ ਦਿਨਾਂ’ ਵਿਚ ਵੀ ਕਰਦੇ ਰਹੋ
70 ਕੁ ਸਾਲਾਂ ਦਾ ਅਰਨਸਟ ਹਉਕਾ ਭਰ ਕੇ ਕਹਿੰਦਾ ਹੈ: “ਖ਼ਰਾਬ ਸਿਹਤ ਹੋਣ ਕਰਕੇ ਮੈਂ ਹੁਣ ਜ਼ਿਆਦਾ ਨਹੀਂ ਕਰ ਪਾਉਂਦਾ।”a ਕੀ ਤੁਹਾਨੂੰ ਵੀ ਇੱਦਾਂ ਲੱਗਦਾ ਹੈ? ਜੇ ਤੁਹਾਡੀ ਉਮਰ ਵਧਦੀ ਜਾ ਰਹੀ ਹੈ ਤੇ ਤੁਸੀਂ ਦਿਨ-ਬ-ਦਿਨ ਕਮਜ਼ੋਰ ਹੁੰਦੇ ਜਾ ਰਹੇ ਹੋ, ਤਾਂ ਸ਼ਾਇਦ ਤੁਸੀਂ ਉਪਦੇਸ਼ਕ ਦੀ ਪੋਥੀ ਦੇ 12ਵੇਂ ਅਧਿਆਇ ਵਿਚ ਦੱਸੀਆਂ ਗੱਲਾਂ ਨਾਲ ਸਹਿਮਤ ਹੋਵੋਗੇ। ਇਸ ਦੀ ਪਹਿਲੀ ਆਇਤ ਦੱਸਦੀ ਹੈ ਕਿ ਬੁਢਾਪੇ ਦੇ ਦਿਨ “ਮਾੜੇ ਦਿਨ” ਹੁੰਦੇ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਹੁਣ ਤੁਸੀਂ ਕਾਸੇ ਜੋਗੇ ਨਹੀਂ ਰਹੇ। ਤੁਸੀਂ ਹਾਲੇ ਵੀ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰ ਸਕਦੇ ਹੋ।
ਨਿਹਚਾ ਮਜ਼ਬੂਤ ਰੱਖੋ
ਸਾਡੇ ਪਿਆਰੇ ਸਿਆਣੇ ਭੈਣੋ ਤੇ ਭਰਾਵੋ, ਤੁਸੀਂ ਇਕੱਲੇ ਹੀ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰ ਰਹੇ। ਬਾਈਬਲ ਦੇ ਜ਼ਮਾਨੇ ਵਿਚ ਵੀ ਬਹੁਤ ਸਾਰੇ ਯਹੋਵਾਹ ਦੇ ਸਿਆਣੇ ਸੇਵਕਾਂ ਨੇ ਇੱਦਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ। ਮਿਸਾਲ ਲਈ, ਇਸਹਾਕ, ਯਾਕੂਬ ਤੇ ਅਹੀਯਾਹ ਦੀ ਨਜ਼ਰ ਧੁੰਦਲੀ ਹੋ ਗਈ ਸੀ। (ਉਤ. 27:1; 48:10; 1 ਰਾਜ. 14:4) ਰਾਜੇ ਦਾਊਦ ਦਾ ਸਰੀਰ “ਗਰਮ ਨਹੀਂ ਹੁੰਦਾ ਸੀ।” (1 ਰਾਜ. 1:1) ਅਮੀਰ ਬਰਜ਼ਿੱਲਈ ਨਾ ਹੀ ਖਾਣੇ ਤੇ ਨਾ ਹੀ ਗੀਤ-ਸੰਗੀਤ ਦਾ ਮਜ਼ਾ ਲੈ ਸਕਦਾ ਸੀ। (2 ਸਮੂ. 19:32-35) ਅਬਰਾਹਾਮ ਤੇ ਨਾਓਮੀ ਦੋਵਾਂ ਨੇ ਆਪਣੇ ਜੀਵਨ-ਸਾਥੀ ਦੀ ਮੌਤ ਦਾ ਗਮ ਸਹਿਆ।—ਉਤ. 23:1, 2; ਰੂਥ 1:3, 12.
ਕਿਸ ਗੱਲ ਨੇ ਇਨ੍ਹਾਂ ਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਤੇ ਆਪਣੀ ਖ਼ੁਸ਼ੀ ਨੂੰ ਬਣਾਈ ਰੱਖਣ ਵਿਚ ਮਦਦ ਕੀਤੀ? ਅਬਰਾਹਾਮ ਨੇ ਬੁਢਾਪੇ ਵਿਚ ਵੀ ਪਰਮੇਸ਼ੁਰ ਦੇ ਵਾਅਦਿਆਂ ʼਤੇ “ਆਪਣੀ ਨਿਹਚਾ ਨੂੰ ਮਜ਼ਬੂਤ” ਰੱਖਿਆ।” (ਰੋਮੀ. 4:19, 20) ਸਾਨੂੰ ਵੀ ਆਪਣੀ ਨਿਹਚਾ ਮਜ਼ਬੂਤ ਰੱਖਣੀ ਚਾਹੀਦੀ ਹੈ। ਅਜਿਹੀ ਨਿਹਚਾ ਪੈਦਾ ਕਰਨ ਲਈ ਸਾਡੀ ਉਮਰ, ਕਾਬਲੀਅਤ ਜਾਂ ਹਾਲਾਤ ਮਾਅਨੇ ਨਹੀਂ ਰੱਖਦੇ। ਮਿਸਾਲ ਲਈ, ਯਾਕੂਬ ਨੇ ਉਦੋਂ ਵੀ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਪੱਕੀ ਰੱਖੀ ਜਦੋਂ ਉਹ ਕਮਜ਼ੋਰ, ਅੰਨ੍ਹਾ ਤੇ ਮੰਜੀ ਤੋਂ ਉੱਠਣ ਦੇ ਕਾਬਲ ਨਾ ਰਿਹਾ। (ਉਤ. 48:1-4, 10; ਇਬ. 11:21) ਅੱਜ 93 ਸਾਲ ਦੀ ਈਨੈਸ ਮਾਸ-ਪੇਸ਼ੀਆਂ ਦੇ ਕਮਜ਼ੋਰ ਹੋਣ ਦੀ ਬੀਮਾਰੀ ਨਾਲ ਜੂਝ ਰਹੀ ਹੈ, ਪਰ ਉਹ ਕਹਿੰਦੀ ਹੈ: “ਯਹੋਵਾਹ ਮੈਨੂੰ ਹਰ ਰੋਜ਼ ਬਹੁਤ ਸਾਰੀਆਂ ਬਰਕਤਾਂ ਦਿੰਦਾ ਹੈ। ਮੈਂ ਰੋਜ਼ ਨਵੀਂ ਦੁਨੀਆਂ ਬਾਰੇ ਸੋਚਦੀ ਹਾਂ। ਇਸ ਤਰ੍ਹਾਂ ਕਰਨ ਨਾਲ ਮੇਰੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ।” ਵਾਕਈ, ਕਿੰਨਾ ਹੀ ਵਧੀਆ ਰਵੱਈਆ!
ਅਸੀਂ ਆਪਣੀ ਨਿਹਚਾ ਪ੍ਰਾਰਥਨਾ ਕਰ ਕੇ, ਬਾਈਬਲ ਦੀ ਸਟੱਡੀ ਕਰ ਕੇ ਅਤੇ ਮਸੀਹੀ ਸਭਾਵਾਂ ਵਿਚ ਜਾ ਕੇ ਹੋਰ ਵੀ ਮਜ਼ਬੂਤ ਕਰ ਸਕਦੇ ਹਾਂ। ਬਜ਼ੁਰਗ ਨਬੀ ਦਾਨੀਏਲ ਬਾਕਾਇਦਾ ਦਿਨ ਵਿਚ ਤਿੰਨ ਵਾਰੀ ਪ੍ਰਾਰਥਨਾ ਕਰਦਾ ਹੁੰਦਾ ਸੀ। ਨਾਲੇ ਉਸ ਨੇ ਬਾਈਬਲ ਸਟੱਡੀ ਕਰਨੀ ਵੀ ਨਹੀਂ ਛੱਡੀ। (ਦਾਨੀ. 6:10; 9:2) ਸਿਆਣੀ ਉਮਰ ਦੀ ਵਿਧਵਾ ਅੱਨਾ “ਹਮੇਸ਼ਾ ਮੰਦਰ ਵਿਚ ਆਉਂਦੀ ਸੀ।” (ਲੂਕਾ 2:36, 37) ਜਦੋਂ ਵੀ ਤੁਸੀਂ ਸਭਾਵਾਂ ਵਿਚ ਜਾਂਦੇ ਹੋ, ਤਾਂ ਜਿੰਨਾ ਹੋ ਸਕੇ ਮੀਟਿੰਗਾਂ ਵਿਚ ਭਾਗ ਲੈਣ ਦੀ ਪੂਰੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਨਾ ਸਿਰਫ਼ ਤੁਹਾਨੂੰ ਹੌਸਲਾ ਮਿਲੇਗਾ, ਸਗੋਂ ਤੁਸੀਂ ਦੂਸਰਿਆਂ ਨੂੰ ਵੀ ਹੌਸਲਾ ਦੇ ਸਕੋਗੇ। ਭਾਵੇਂ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਬਹੁਤਾ ਕੁਝ ਨਹੀਂ ਕਰ ਸਕਦੇ, ਫਿਰ ਵੀ ਉਹ ਹਮੇਸ਼ਾ ਤੁਹਾਡੀਆਂ ਪ੍ਰਾਰਥਨਾਵਾਂ ਤੋਂ ਖ਼ੁਸ਼ ਹੁੰਦਾ ਹੈ।—ਕਹਾ. 15:8.
ਹੋਰ ਵਫ਼ਾਦਾਰ ਸੇਵਕਾਂ ਵਾਂਗ ਤੁਹਾਡੀ ਵੀ ਦਿਲੀ ਤਮੰਨਾ ਹੈ ਕਿ ਤੁਹਾਡੀ ਨਜ਼ਰ ਠੀਕ ਹੋਵੇ ਤਾਂਕਿ ਤੁਸੀਂ ਪੜ੍ਹ ਸਕੋ। ਨਾਲੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਿਹਤ ਵਧੀਆ ਹੋਵੇ ਤਾਂਕਿ ਤੁਸੀਂ ਮੀਟਿੰਗਾਂ ʼਤੇ ਜਾ ਸਕੋ। ਪਰ ਤੁਹਾਡੇ ਲਈ ਇਸ ਤਰ੍ਹਾਂ ਕਰਨਾ ਔਖਾ ਹੈ, ਸ਼ਾਇਦ ਨਾਮੁਮਕਿਨ। ਪਰ ਹੁਣ ਕੀ? ਜੋ ਵੀ ਪ੍ਰਬੰਧ ਹਨ, ਉਨ੍ਹਾਂ ਦਾ ਪੂਰਾ-ਪੂਰਾ ਫ਼ਾਇਦਾ ਲਓ। ਜਿਹੜੇ ਭੈਣ-ਭਰਾ ਮੀਟਿੰਗਾਂ ʼਤੇ ਨਹੀਂ ਜਾ ਸਕਦੇ ਹਨ, ਉਹ ਟੈਲੀਫ਼ੋਨ ਰਾਹੀਂ ਮੀਟਿੰਗਾਂ ਸੁਣ ਕੇ ਖ਼ੁਸ਼ੀ ਪਾਉਂਦੇ ਹਨ। ਭਾਵੇਂ ਕਿ 79 ਸਾਲਾਂ ਦੀ ਇੰਗ ਨਾਂ ਦੀ ਭੈਣ ਦੀ ਨਜ਼ਰ ਕਮਜ਼ੋਰ ਹੈ, ਫਿਰ ਵੀ ਉਹ ਮੀਟਿੰਗਾਂ ਦੀ ਤਿਆਰੀ ਕਰਦੀ ਹੈ। ਕਿਵੇਂ? ਮੰਡਲੀ ਦਾ ਇਕ ਭਰਾ ਵੱਡੇ ਅੱਖਰਾਂ ਵਿਚ ਲੇਖ ਪ੍ਰਿੰਟ ਕਰ ਕੇ ਉਸ ਨੂੰ ਦੇ ਦਿੰਦਾ ਹੈ।
ਦੂਜਿਆਂ ਤੋਂ ਉਲਟ ਸ਼ਾਇਦ ਤੁਹਾਡੇ ਕੋਲ ਸਮਾਂ ਹੋਵੇ। ਕਿਉਂ ਨਾ ਤੁਸੀਂ ਇਹ ਸਮਾਂ ਬਾਈਬਲ, ਬਾਈਬਲ-ਆਧਾਰਿਤ ਪ੍ਰਕਾਸ਼ਨ, ਭਾਸ਼ਣ ਅਤੇ ਆਡੀਓ ਡਰਾਮਿਆਂ ਦੀਆਂ ਰਿਕਾਰਡਿੰਗਜ਼ ਸੁਣਨ ਵਿਚ ਲਾਓ। ਨਾਲੇ ਤੁਸੀਂ ਸ਼ਾਇਦ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਅਤੇ ਇਕ-ਦੂਜੇ ਦੀ “ਨਿਹਚਾ ਤੋਂ ਹੌਸਲਾ” ਲੈਣ ਲਈ ਉਨ੍ਹਾਂ ਨੂੰ ਫ਼ੋਨ ਕਰਨ ਵਿਚ ਪਹਿਲ ਕਰੋ।—ਰੋਮੀ. 1:11, 12.
ਪਰਮੇਸ਼ੁਰ ਦੇ ਕੰਮਾਂ ਵਿਚ ਲੱਗੇ ਰਹੋ
85 ਕੁ ਸਾਲਾਂ ਦੀ ਕਰਿਸਟਾ ਨਿਰਾਸ਼ ਹੋ ਕੇ ਕਹਿੰਦੀ ਹੈ: “ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮੈਂ ਹੁਣ ਉੱਨਾ ਨਹੀਂ ਕਰ ਸਕਦੀ ਜਿੰਨਾ ਮੈਂ ਪਹਿਲਾਂ ਕਰ ਸਕਦੀ ਸੀ।” ਬਜ਼ੁਰਗ ਭੈਣ-ਭਰਾ ਆਪਣੀ ਖ਼ੁਸ਼ੀ ਕਿਵੇਂ ਬਰਕਰਾਰ ਰੱਖ ਸਕਦੇ ਹਨ? 75 ਸਾਲਾਂ ਦਾ ਪੀਟਰ ਕਹਿੰਦਾ ਹੈ: “ਸਹੀ ਰਵੱਈਆ ਰੱਖਣ ਨਾਲ ਤੁਸੀਂ ਹਮੇਸ਼ਾ ਇਹੀ ਨਹੀਂ ਸੋਚਦੇ ਰਹਿੰਦੇ ਕਿ ਤੁਸੀਂ ਹੁਣ ਕੀ ਨਹੀਂ ਕਰ ਸਕਦੇ, ਸਗੋਂ ਉਹ ਕੁਝ ਕਰ ਕੇ ਖ਼ੁਸ਼ੀ ਪਾਉਂਦੇ ਹੋ ਜੋ ਤੁਸੀਂ ਕਰ ਸਕਦੇ ਹੋ।”
ਕੀ ਤੁਸੀਂ ਪ੍ਰਚਾਰ ਕਰਨ ਦੇ ਉਨ੍ਹਾਂ ਤਰੀਕਿਆਂ ਬਾਰੇ ਸੋਚ ਸਕਦੇ ਹੋ ਜਿਨ੍ਹਾਂ ਰਾਹੀਂ ਤੁਸੀਂ ਹਾਲੇ ਵੀ ਗਵਾਹੀ ਦੇ ਸਕਦੇ ਹੋ? ਹਾਇਡੀ ਪਹਿਲਾਂ ਵਾਂਗ ਘਰ-ਘਰ ਜਾ ਕੇ ਪ੍ਰਚਾਰ ਨਹੀਂ ਕਰ ਸਕਦੀ। ਤਕਰੀਬਨ 90 ਕੁ ਸਾਲਾਂ ਦੀ ਉਮਰ ਵਿਚ ਉਸ ਨੇ ਕੰਪਿਊਟਰ ਚਲਾਉਣਾ ਸਿੱਖਿਆ ਤਾਂਕਿ ਉਹ ਚਿੱਠੀਆਂ ਲਿਖ ਸਕੇ। ਕੁਝ ਸਿਆਣੇ ਭੈਣ-ਭਰਾ ਪਾਰਕ ਵਿਚ ਬੈਂਚ ʼਤੇ ਬਹਿ ਕੇ ਜਾਂ ਬੱਸ ਅੱਡੇ ʼਤੇ ਗਵਾਹੀ ਦਿੰਦੇ ਹਨ। ਜਾਂ ਜੇ ਤੁਸੀਂ ਬਿਰਧ ਆਸ਼ਰਮ ਵਿਚ ਰਹਿੰਦੇ ਹੋ, ਤਾਂ ਤੁਸੀਂ ਉਸ ਨੂੰ ਹੀ ਆਪਣੇ ਪ੍ਰਚਾਰ ਦਾ ਇਲਾਕਾ ਬਣਾ ਸਕਦੇ ਹੋ ਅਤੇ ਆਪਣੀ ਦੇਖ-ਭਾਲ ਕਰਨ ਵਾਲਿਆਂ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਪ੍ਰਚਾਰ ਕਰ ਸਕਦੇ ਹੋ।
ਰਾਜਾ ਦਾਊਦ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਦੌਰਾਨ ਸ਼ੁੱਧ ਭਗਤੀ ਨੂੰ ਉੱਚਾ ਕੀਤਾ। ਉਸ ਨੇ ਮੰਦਰ ਬਣਾਉਣ ਲਈ ਪੈਸੇ ਤੇ ਹੋਰ ਚੀਜ਼ਾਂ ਦੇਣ ਦੇ ਨਾਲ-ਨਾਲ ਇਸ ਕੰਮ ਦਾ ਪ੍ਰਬੰਧ ਕਰਨ ਵਿਚ ਵੀ ਮਦਦ ਕੀਤੀ। (1 ਇਤ. 28:11–29:5) ਇਸੇ ਤਰ੍ਹਾਂ ਤੁਸੀਂ ਵੀ ਦੁਨੀਆਂ ਭਰ ਵਿਚ ਹੋ ਰਹੇ ਰਾਜ ਦੇ ਕੰਮਾਂ ਤੋਂ ਜਾਣੂ ਹੋ ਕੇ ਇਨ੍ਹਾਂ ਕੰਮਾਂ ਵਿਚ ਮਦਦ ਕਰ ਸਕਦੇ ਹੋ। ਤੁਸੀਂ ਆਪਣੀ ਮੰਡਲੀ ਦੇ ਪਾਇਨੀਅਰਾਂ ਤੇ ਜੋਸ਼ੀਲੇ ਭੈਣਾਂ-ਭਰਾਵਾਂ ਨੂੰ ਹੌਸਲੇ ਭਰੇ ਸ਼ਬਦ ਕਹਿ ਕੇ, ਤੋਹਫ਼ੇ ਦੇ ਕੇ ਜਾਂ ਪ੍ਰਾਹੁਣਚਾਰੀ ਕਰ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਤੁਸੀਂ ਨੌਜਵਾਨਾਂ, ਪਰਿਵਾਰਾਂ, ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ, ਬੀਮਾਰਾਂ ਅਤੇ ਭਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਭਰਾਵਾਂ ਲਈ ਪ੍ਰਾਰਥਨਾ ਵੀ ਕਰ ਸਕਦੇ ਹੋ।
ਤੁਹਾਨੂੰ ਤੇ ਤੁਹਾਡੀ ਸੇਵਾ ਨੂੰ ਬਹੁਤ ਹੀ ਅਨਮੋਲ ਸਮਝਿਆ ਜਾਂਦਾ ਹੈ। ਪਿਆਰੇ ਬਜ਼ੁਰਗੋ, ਸਾਡਾ ਸਵਰਗੀ ਪਿਤਾ ਤੁਹਾਨੂੰ ਕਦੇ ਵੀ ਨਹੀਂ ਤਿਆਗੇਗਾ। (ਜ਼ਬੂ. 71:9) ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਤੇ ਤੁਹਾਡੀ ਦੇਖ-ਭਾਲ ਕਰਦਾ ਹੈ। ਉਹ ਦਿਨ ਬਹੁਤ ਨੇੜੇ ਹੈ ਜਦੋਂ ਅਸੀਂ ਸਾਰੇ ਉਮਰ ਵਿਚ ਤਾਂ ਵਧਦੇ ਜਾਵਾਂਗੇ, ਪਰ ਸਾਨੂੰ ਬੁਢਾਪੇ ਦੇ ਮਾੜੇ ਦਿਨਾਂ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ। ਇਸ ਦੀ ਬਜਾਇ, ਅਸੀਂ ਸਾਰੇ ਚੁਸਤ-ਦਰੁਸਤ ਤੇ ਤੰਦਰੁਸਤ ਹੋਵਾਂਗੇ ਅਤੇ ਹਮੇਸ਼ਾ-ਹਮੇਸ਼ਾ ਲਈ ਆਪਣੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਦੇ ਰਹਾਂਗੇ!
a ਕੁਝ ਨਾਂ ਬਦਲੇ ਗਏ ਹਨ।