“ਇਨਸਾਨ ਦਾ ਇਹੋ ਰਿਣ ਹੈ”
“ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.
1, 2. ਪਰਮੇਸ਼ੁਰ ਦੇ ਪ੍ਰਤੀ ਸਾਡੇ ਰਿਣ ਉੱਤੇ ਵਿਚਾਰ ਕਰਨਾ ਕਿਉਂ ਉਚਿਤ ਹੈ?
“ਯਹੋਵਾਹ ਤੈਥੋਂ ਹੋਰ ਕੀ ਮੰਗਦਾ?” ਇਕ ਪ੍ਰਾਚੀਨ ਨਬੀ ਨੇ ਇਹ ਸਵਾਲ ਪ੍ਰਸਤੁਤ ਕੀਤਾ। ਫਿਰ ਉਸ ਨੇ ਉਹ ਸਪੱਸ਼ਟ ਕੀਤਾ ਜੋ ਯਹੋਵਾਹ ਮੰਗਦਾ ਹੈ—ਇਨਸਾਫ਼ ਕਰਨਾ, ਦਿਆਲਤਾ ਨਾਲ ਪ੍ਰੇਮ ਰੱਖਣਾ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲਣਾ।—ਮੀਕਾਹ 6:8.
2 ਵਿਅਕਤਿਕਤਾ ਅਤੇ ਆਤਮ-ਨਿਰਭਰਤਾ ਦੇ ਇਸ ਸਮੇਂ ਵਿਚ, ਅਨੇਕ ਵਿਅਕਤੀ ਇਸ ਵਿਚਾਰ ਤੋਂ ਅਸੁਖਾਵੇਂ ਮਹਿਸੂਸ ਕਰਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੁਝ ਮੰਗ ਕਰਦਾ ਹੈ। ਉਹ ਰਿਣੀ ਨਹੀਂ ਹੋਣਾ ਚਾਹੁੰਦੇ ਹਨ। ਪਰੰਤੂ ਉਸ ਸਿੱਟੇ ਦੇ ਬਾਰੇ ਕੀ ਜਿਸ ਉੱਤੇ ਸੁਲੇਮਾਨ ਉਪਦੇਸ਼ਕ ਦੀ ਪੋਥੀ ਵਿਚ ਪਹੁੰਚਿਆ? “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.
3. ਸਾਨੂੰ ਉਪਦੇਸ਼ਕ ਦੀ ਪੋਥੀ ਉੱਤੇ ਗੰਭੀਰਤਾ ਦੇ ਨਾਲ ਕਿਉਂ ਗੌਰ ਕਰਨਾ ਚਾਹੀਦਾ ਹੈ?
3 ਜੀਵਨ ਵਿਚ ਭਾਵੇਂ ਜੋ ਵੀ ਸਾਡੀਆਂ ਹਾਲਤਾਂ ਅਤੇ ਨਜ਼ਰੀਆ ਹੋਵੇ, ਜੇਕਰ ਅਸੀਂ ਉਸ ਸਿੱਟੇ ਦੀ ਪਿੱਠ-ਭੂਮੀ ਉੱਤੇ ਗੌਰ ਕਰੀਏ ਤਾਂ ਸਾਨੂੰ ਕਾਫ਼ੀ ਲਾਭ ਹੋ ਸਕਦਾ ਹੈ। ਰਾਜਾ ਸੁਲੇਮਾਨ, ਇਸ ਪ੍ਰੇਰਿਤ ਪੋਥੀ ਦੇ ਲੇਖਕ ਨੇ, ਉਹੀ ਚੀਜ਼ਾਂ ਵਿੱਚੋਂ ਕੁਝ ਉੱਤੇ ਗੌਰ ਕੀਤਾ ਜੋ ਸਾਡੇ ਦਿਨ-ਬ-ਦਿਨ ਜੀਵਨ ਦਾ ਹਿੱਸਾ ਹਨ। ਕੁਝ ਲੋਕ ਸ਼ਾਇਦ ਜਲਦਬਾਜ਼ੀ ਨਾਲ ਸਿੱਟਾ ਕੱਢਣ ਕਿ ਉਸ ਦਾ ਵਿਸ਼ਲੇਸ਼ਣ ਮੂਲ ਤੌਰ ਤੇ ਨਕਾਰਾਤਮਕ ਹੈ। ਫਿਰ ਵੀ ਉਹ ਈਸ਼ਵਰੀ ਤੌਰ ਤੇ ਪ੍ਰੇਰਿਤ ਸੀ ਅਤੇ ਸਾਨੂੰ ਆਪਣੀਆਂ ਸਰਗਰਮੀਆਂ ਅਤੇ ਪ੍ਰਾਥਮਿਕਤਾਵਾਂ ਦਾ ਮੁੱਲਾਂਕਣ ਕਰਨ ਵਿਚ ਮਦਦ ਕਰ ਸਕਦਾ ਹੈ, ਜਿਸ ਦੇ ਸਿੱਟੇ ਵਜੋਂ ਸਾਡਾ ਆਨੰਦ ਵੱਧ ਸਕਦਾ ਹੈ।
ਜੀਵਨ ਦੀਆਂ ਮੁੱਖ ਚਿੰਤਾਵਾਂ ਦੇ ਨਾਲ ਨਿਭਣਾ
4. ਸੁਲੇਮਾਨ ਨੇ ਉਪਦੇਸ਼ਕ ਦੀ ਪੋਥੀ ਵਿਚ ਕਿਨ੍ਹਾਂ ਚੀਜ਼ਾਂ ਦੀ ਜਾਂਚ ਅਤੇ ਚਰਚਾ ਕੀਤੀ ਸੀ?
4 ਸੁਲੇਮਾਨ ਨੇ ਡੂੰਘਾਈ ਨਾਲ ‘ਮਨੁੱਖਜਾਤੀ ਦੇ ਪੁੱਤਰਾਂ ਦੇ ਧੰਦੇ’ (ਨਿ ਵ) ਦੀ ਜਾਂਚ ਕੀਤੀ ਸੀ। “ਮੈਂ ਆਪਣਾ ਮਨ ਲਾਇਆ ਭਈ ਜੋ ਕੁਝ ਅਕਾਸ਼ ਦੇ ਹੇਠ ਵਰਤਦਾ ਹੈ, [‘ਹਰੇਕ ਚੀਜ਼ ਜੋ ਆਕਾਸ਼ ਦੇ ਹੇਠ ਕੀਤੀ ਗਈ ਹੈ,’ ਨਿ ਵ] ਬੁੱਧ ਨਾਲ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ।” ਸੁਲੇਮਾਨ ਦਾ ‘ਧੰਦੇ’ ਸ਼ਬਦ ਦਾ ਅਰਥ ਜ਼ਰੂਰੀ ਇਕ ਨੌਕਰੀ, ਜਾਂ ਰੁਜ਼ਗਾਰ ਹੀ ਨਹੀਂ ਸੀ, ਬਲਕਿ ਕਾਰਵਾਈ ਦਾ ਉਹ ਸਾਰਾ ਦਾਇਰਾ ਜਿਸ ਵਿਚ ਪੁਰਸ਼ ਅਤੇ ਇਸਤਰੀਆਂ ਆਪਣੇ ਪੂਰੇ ਜੀਵਨ ਦੌਰਾਨ ਆਹਰੇ ਲੱਗੇ ਰਹਿੰਦੇ ਹਨ। (ਉਪਦੇਸ਼ਕ ਦੀ ਪੋਥੀ 1:13) ਆਓ ਅਸੀਂ ਕੁਝ ਮੁੱਖ ਮਾਮਲਿਆਂ, ਜਾਂ ਧੰਦਿਆਂ ਉੱਤੇ ਵਿਚਾਰ ਕਰੀਏ, ਅਤੇ ਫਿਰ ਆਪਣੀਆਂ ਖ਼ੁਦ ਦੀਆਂ ਸਰਗਰਮੀਆਂ ਅਤੇ ਪ੍ਰਾਥਮਿਕਤਾਵਾਂ ਦੇ ਨਾਲ ਤੁਲਨਾ ਕਰੀਏ।
5. ਮਾਨਵ ਦਿਆਂ ਧੰਦਿਆਂ ਵਿੱਚੋਂ ਇਕ ਮੁੱਖ ਧੰਦਾ ਕੀ ਹੈ?
5 ਨਿਸ਼ਚੇ ਹੀ ਪੈਸਾ ਅਨੇਕ ਮਾਨਵ ਮਾਮਲਿਆਂ ਅਤੇ ਸਰਗਰਮੀਆਂ ਦਾ ਕੇਂਦਰੀ ਹਿੱਸਾ ਹੈ। ਕੋਈ ਵੀ ਇਹ ਜਾਇਜ਼ ਤੌਰ ਤੇ ਦਾਅਵਾ ਨਹੀਂ ਕਰ ਸਕਦਾ ਹੈ ਕਿ ਸੁਲੇਮਾਨ ਪੈਸੇ ਬਾਰੇ ਉਹ ਉਦਾਸੀਨ ਦ੍ਰਿਸ਼ਟੀ ਰੱਖਦਾ ਸੀ ਜੋ ਕੁਝ ਧਨਵਾਨ ਲੋਕ ਰੱਖਦੇ ਹਨ। ਉਸ ਨੇ ਸੌਖਿਆਂ ਹੀ ਕੁਝ ਪੈਸੇ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ; ਲੋੜੀਂਦੀ ਪੂੰਜੀ ਹੋਣੀ ਸਾਦਗੀ ਨਾਲੋਂ ਜਾਂ ਗ਼ਰੀਬੀ ਵਿਚ ਜੀਉਣ ਨਾਲੋਂ ਬਿਹਤਰ ਹੈ। (ਉਪਦੇਸ਼ਕ ਦੀ ਪੋਥੀ 7:11, 12) ਪਰੰਤੂ ਸੰਭਵ ਹੈ ਕਿ ਤੁਸੀਂ ਇਹ ਦੇਖਿਆ ਹੋਵੇਗਾ ਕਿ ਪੈਸਾ, ਉਨ੍ਹਾਂ ਸੰਪਤੀਆਂ ਦੇ ਸਮੇਤ ਜੋ ਉਹ ਖ਼ਰੀਦਦਾ ਹੈ, ਜੀਵਨ ਵਿਚ ਪ੍ਰਮੁੱਖ ਟੀਚਾ ਬਣ ਸਕਦਾ ਹੈ—ਗ਼ਰੀਬ ਨਾਲੇ ਧਨੀ ਲਈ ਵੀ।
6. ਯਿਸੂ ਦੇ ਇਕ ਦ੍ਰਿਸ਼ਟਾਂਤ ਅਤੇ ਸੁਲੇਮਾਨ ਦੇ ਖ਼ੁਦ ਦੇ ਤਜਰਬੇ ਤੋਂ ਅਸੀਂ ਪੈਸੇ ਬਾਰੇ ਕੀ ਸਿੱਖ ਸਕਦੇ ਹਾਂ?
6 ਯਿਸੂ ਦੇ ਉਸ ਧਨਵਾਨ ਮਨੁੱਖ ਦੇ ਦ੍ਰਿਸ਼ਟਾਂਤ ਨੂੰ ਯਾਦ ਕਰੋ, ਜਿਸ ਨੇ ਕਦੇ ਵੀ ਨਾ ਤ੍ਰਿਪਤ ਹੋਣ ਦੇ ਕਾਰਨ, ਹੋਰ ਕਮਾਉਣ ਲਈ ਕੰਮ ਕੀਤਾ। ਪਰਮੇਸ਼ੁਰ ਨੇ ਉਸ ਨੂੰ ਇਕ ਨਦਾਨ ਵਿਅਕਤੀ ਠਹਿਰਾਇਆ। ਕਿਉਂ? ਕਿਉਂਕਿ ਸਾਡਾ ‘ਜੀਉਣ ਸਾਡੇ ਮਾਲ ਦੇ ਵਾਧੇ ਤੋਂ ਨਹੀਂ ਹੁੰਦਾ।’ (ਲੂਕਾ 12:15-21) ਸੁਲੇਮਾਨ ਦਾ ਤਜਰਬਾ—ਸ਼ਾਇਦ ਸਾਡੇ ਤਜਰਬੇ ਨਾਲੋਂ ਅਧਿਕ ਵਿਸਤ੍ਰਿਤ—ਯਿਸੂ ਦੇ ਕਥਨਾਂ ਦੀ ਪੁਸ਼ਟੀ ਕਰਦਾ ਹੈ। ਉਪਦੇਸ਼ਕ ਦੀ ਪੋਥੀ 2:4-9 ਤੇ ਵਰਣਨ ਨੂੰ ਪੜ੍ਹੋ। ਕੁਝ ਸਮੇਂ ਲਈ ਸੁਲੇਮਾਨ ਧਨ ਹਾਸਲ ਕਰਨ ਵਿਚ ਲੀਨ ਹੋਇਆ। ਉਸ ਨੇ ਉਮਦਾ ਘਰ ਅਤੇ ਬਾਗ਼ ਉਸਾਰੇ। ਉਹ ਸੁੰਦਰ ਸਾਥਣਾਂ ਰੱਖਣ ਦੇ ਸਮਰਥ ਸੀ ਅਤੇ ਉਨ੍ਹਾਂ ਨੂੰ ਪ੍ਰਾਪਤ ਕੀਤਾ। ਕੀ ਧਨ ਨੇ ਅਤੇ ਜੋ ਇਸ ਨੇ ਉਹ ਨੂੰ ਕਰਨ ਦੇ ਯੋਗ ਬਣਾਇਆ, ਉਸ ਦੇ ਜੀਵਨ ਵਿਚ ਗਹਿਰੀ ਸੰਤੁਸ਼ਟੀ, ਇਕ ਅਸਲੀ ਸਫ਼ਲਤਾ ਦੀ ਭਾਵਨਾ ਅਤੇ ਅਰਥ ਲਿਆਂਦਾ? ਉਸ ਨੇ ਸਾਫ਼-ਸਾਫ਼ ਜਵਾਬ ਦਿੱਤਾ: “ਤਦ ਮੈਂ ਓਹਨਾਂ ਸਭਨਾਂ ਕੰਮਾਂ ਨੂੰ ਜੋ ਮੇਰਿਆ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਡਿੱਠਾ, ਅਤੇ ਵੇਖੋ, ਓਹ ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ ਅਤੇ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।”—ਉਪਦੇਸ਼ਕ ਦੀ ਪੋਥੀ 2:11; 4:8.
7. (ੳ) ਪੈਸੇ ਦੀ ਕੀਮਤ ਦੇ ਸੰਬੰਧ ਤਜਰਬਾ ਕੀ ਸਾਬਤ ਕਰਦਾ ਹੈ? (ਅ) ਤੁਸੀਂ ਨਿੱਜੀ ਤੌਰ ਤੇ ਕੀ ਦੇਖਿਆ ਹੈ ਜੋ ਸੁਲੇਮਾਨ ਦੇ ਸਿੱਟੇ ਨੂੰ ਸਾਬਤ ਕਰਦਾ ਹੈ?
7 ਇਹ ਗੱਲ ਵਾਸਤਵਿਕ ਹੈ, ਇਕ ਸੱਚਾਈ ਜਿਸ ਦਾ ਸਬੂਤ ਅਨੇਕ ਜੀਵਨਾਂ ਵਿਚ ਪਾਇਆ ਜਾਂਦਾ ਹੈ। ਸਾਨੂੰ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਕੇਵਲ ਅਧਿਕ ਪੈਸਾ ਹੋਣਾ ਹੀ ਸਾਰੀਆਂ ਸਮੱਸਿਆਵਾਂ ਅਸਲੋਂ ਨਹੀਂ ਸੁਲਝਾ ਦਿੰਦਾ ਹੈ। ਇਹ ਕੁਝ ਨੂੰ ਸੁਲਝਾ ਸਕਦਾ ਹੈ, ਜਿਵੇਂ ਕਿ ਭੋਜਨ ਅਤੇ ਕੱਪੜੇ ਦਾ ਪ੍ਰਾਪਤ ਕਰਨਾ ਸੌਖਾ ਬਣਾ ਦੇਣਾ। ਪਰੰਤੂ ਇਕ ਵਿਅਕਤੀ ਇਕ ਸਮੇਂ ਇੱਕੋ ਹੀ ਪਹਿਰਾਵਾ ਪਹਿਨ ਸਕਦਾ ਹੈ ਅਤੇ ਖਾਣ ਪੀਣ ਦੀ ਇੱਕੋ ਹੀ ਹੱਦ ਦਾ ਆਨੰਦ ਮਾਣ ਸਕਦਾ ਹੈ। ਅਤੇ ਤੁਸੀਂ ਉਨ੍ਹਾਂ ਧਨੀ ਲੋਕਾਂ ਬਾਰੇ ਪੜ੍ਹਿਆ ਹੈ ਜਿਨ੍ਹਾਂ ਦੇ ਜੀਵਨ ਤਲਾਕ, ਸ਼ਰਾਬ ਜਾਂ ਨਸ਼ੀਲੀਆਂ-ਦਵਾਈਆਂ ਦੀ ਕੁਵਰਤੋਂ, ਅਤੇ ਖ਼ਾਨਦਾਨੀ ਦੁਸ਼ਮਣੀਆਂ ਦੇ ਕਾਰਨ ਪੀੜਿਤ ਹਨ। ਕਰੋੜਪਤੀ ਜੇ. ਪੀ. ਗੈਟੀ ਨੇ ਕਿਹਾ: “ਪੈਸੇ ਦਾ ਖ਼ੁਸ਼ੀ ਦੇ ਨਾਲ ਜ਼ਰੂਰੀ ਕੋਈ ਸੰਬੰਧ ਨਹੀਂ ਹੈ। ਸ਼ਾਇਦ ਨਾਖ਼ੁਸ਼ੀ ਦੇ ਨਾਲ ਹੈ।” ਚੰਗੇ ਕਾਰਨ ਨਾਲ, ਸੁਲੇਮਾਨ ਨੇ ਚਾਂਦੀ ਦੇ ਨਾਲ ਪ੍ਰੇਮ ਕਰਨ ਨੂੰ ਵਿਅਰਥਤਾ ਦੇ ਨਾਲ ਵਰਗੀਕ੍ਰਿਤ ਕੀਤਾ। ਉਸ ਤੱਥ ਨੂੰ ਸੁਲੇਮਾਨ ਦੇ ਨਿਰੀਖਣ ਨਾਲ ਤੁਲਨਾ ਕਰੋ: “ਮਜੂਰ ਦੀ ਨੀਂਦ ਮਿੱਠੀ ਹੈ ਭਾਵੇਂ ਉਹ ਥੋੜਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ।”—ਉਪਦੇਸ਼ਕ ਦੀ ਪੋਥੀ 5:10-12.
8. ਪੈਸੇ ਦੀ ਮਹੱਤਤਾ ਉੱਤੇ ਅਸਲੀ ਤੋਂ ਵੱਧ ਮੁੱਲ ਨਾ ਪਾਉਣ ਲਈ ਕੀ ਕਾਰਨ ਹੈ?
8 ਭਵਿੱਖ ਦੇ ਸੰਬੰਧ ਵਿਚ ਪੈਸਾ ਅਤੇ ਸੰਪਤੀ ਵੀ ਸੰਤੋਖ ਦਾ ਭਾਵ ਨਹੀਂ ਲਿਆਉਂਦੇ ਹਨ। ਜੇਕਰ ਤੁਹਾਡੇ ਕੋਲ ਅਧਿਕ ਪੈਸਾ ਅਤੇ ਸੰਪਤੀ ਹੁੰਦੇ, ਤਾਂ ਇਹ ਸੰਭਵ ਹੈ ਕਿ ਤੁਹਾਨੂੰ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਵਾਧੂ ਚਿੰਤਾ ਹੋਵੇ, ਅਤੇ ਤੁਸੀਂ ਫਿਰ ਵੀ ਨਹੀਂ ਜਾਣਦੇ ਕਿ ਭਲਕੇ ਕੀ ਹੋਵੇਗਾ। ਕੀ ਇਹ ਹੋ ਸਕਦਾ ਹੈ ਕਿ ਤੁਸੀਂ ਉਹ ਸਭ ਕੁਝ, ਨਾਲ ਹੀ ਆਪਣੇ ਜੀਵਨ ਨੂੰ ਖੋਹ ਬੈਠੋਂ? (ਉਪਦੇਸ਼ਕ ਦੀ ਪੋਥੀ 5:13-17; 9:11, 12) ਮਾਮਲਾ ਇਸ ਤਰ੍ਹਾਂ ਹੋਣ ਕਰਕੇ, ਇਹ ਦੇਖਣਾ ਕਠਿਨ ਨਹੀਂ ਹੋਣਾ ਚਾਹੀਦਾ ਹੈ ਕਿ ਸਾਡੇ ਜੀਵਨ, ਜਾਂ ਧੰਦੇ ਨੂੰ ਪੈਸੇ ਅਤੇ ਸੰਪਤੀ ਨਾਲੋਂ ਕਿਉਂ ਇਕ ਉਚੇਰਾ, ਜ਼ਿਆਦਾ ਸਥਿਰ ਅਰਥ ਰੱਖਣਾ ਚਾਹੀਦਾ ਹੈ।
ਪਰਿਵਾਰ, ਮਸ਼ਹੂਰੀ, ਅਤੇ ਪ੍ਰਭਾਵ
9. ਪਰਿਵਾਰਕ ਜੀਵਨ ਸੁਲੇਮਾਨ ਦੀ ਜਾਂਚ ਵਿਚ ਠੀਕ ਤੌਰ ਤੇ ਕਿਉਂ ਸ਼ਾਮਲ ਹੋਇਆ?
9 ਸੁਲੇਮਾਨ ਦੇ ਜੀਵਨ ਬਾਰੇ ਵਿਸ਼ਲੇਸ਼ਣ ਵਿਚ ਪਰਿਵਾਰ ਨਾਲ ਅਤਿ-ਰੁਝੇਵੇਂ ਦਾ ਮਾਮਲਾ ਵੀ ਸ਼ਾਮਲ ਸੀ। ਬਾਈਬਲ ਪਰਿਵਾਰਕ ਜੀਵਨ ਨੂੰ ਉਜਾਗਰ ਕਰਦੀ ਹੈ, ਜਿਸ ਵਿਚ ਔਲਾਦ ਦੇ ਹੋਣ ਅਤੇ ਪਰਵਰਿਸ਼ ਕਰਨ ਦਾ ਆਨੰਦ ਵੀ ਸ਼ਾਮਲ ਹੈ। (ਉਤਪਤ 2:22-24; ਜ਼ਬੂਰ 127:3-5; ਕਹਾਉਤਾਂ 5:15, 18-20; 6:20; ਮਰਕੁਸ 10:6-9; ਅਫ਼ਸੀਆਂ 5:22-33) ਫਿਰ ਵੀ, ਕੀ ਇਹ ਜੀਵਨ ਦਾ ਅੰਤਿਮ ਪਹਿਲੂ ਹੈ? ਇਸ ਤਰ੍ਹਾਂ ਜਾਪਦਾ ਹੈ ਕਿ ਅਨੇਕ ਠੀਕ ਇਵੇਂ ਸੋਚਦੇ ਹਨ, ਜਦੋਂ ਉਸ ਮਹੱਤਵ ਉੱਤੇ ਵਿਚਾਰ ਕੀਤਾ ਜਾਂਦਾ ਹੈ ਜੋ ਕੁਝ ਸਭਿਆਚਾਰ ਵਿਆਹ, ਔਲਾਦ, ਅਤੇ ਪਰਿਵਾਰਕ ਸੰਬੰਧ ਨੂੰ ਦਿੰਦੇ ਹਨ। ਫਿਰ ਵੀ ਉਪਦੇਸ਼ਕ ਦੀ ਪੋਥੀ 6:3 ਪ੍ਰਦਰਸ਼ਿਤ ਕਰਦੀ ਹੈ ਕਿ ਸੌ ਬੱਚੇ ਵੀ ਹੋਣੇ ਜੀਵਨ ਵਿਚ ਸੰਤੋਖ ਦੀ ਕੁੰਜੀ ਨਹੀਂ ਹੁੰਦੀ ਹੈ। ਉਸ ਦੀ ਕਲਪਨਾ ਕਰੋ ਕਿ ਕਿੰਨੇ ਮਾਪਿਆਂ ਨੇ ਆਪਣੀ ਔਲਾਦ ਲਈ ਬਲੀਦਾਨ ਦਿੱਤੇ ਹਨ ਤਾਂਕਿ ਉਹ ਉਨ੍ਹਾਂ ਨੂੰ ਇਕ ਅੱਛਾ ਆਰੰਭ ਦੇਣ ਅਤੇ ਉਨ੍ਹਾਂ ਦਾ ਜੀਵਨ ਸੌਖਾ ਬਣੇ। ਭਾਵੇਂ ਕਿ ਇਹ ਇਕ ਵਧੀਆ ਗੱਲ ਹੈ, ਨਿਸ਼ਚੇ ਹੀ ਸਾਡੇ ਸ੍ਰਿਸ਼ਟੀਕਰਤਾ ਦਾ ਇਹ ਅਰਥ ਨਹੀਂ ਸੀ ਕਿ ਸਾਡੀ ਹੋਂਦ ਦਾ ਕੇਂਦਰੀ ਲਕਸ਼ ਕੇਵਲ ਅਗਲੀ ਪੀੜ੍ਹੀ ਨੂੰ ਜਨਮ ਦੇਣਾ ਹੀ ਹੈ, ਜਿਵੇਂ ਕਿ ਪਸ਼ੂ ਜਿਨਸ ਨੂੰ ਜਾਰੀ ਰੱਖਣ ਦੇ ਲਈ ਸੁਭਾਵਕ ਤੌਰ ਤੇ ਕਰਦੇ ਹਨ।
10. ਪਰਿਵਾਰ ਉੱਤੇ ਅਨੁਚਿਤ ਧਿਆਨ ਸ਼ਾਇਦ ਕਿਉਂ ਵਿਅਰਥਤਾ ਸਾਬਤ ਹੋਵੇ?
10 ਸੁਲੇਮਾਨ ਨੇ ਸੂਝ ਦੇ ਨਾਲ ਪਰਿਵਾਰਕ ਜੀਵਨ ਦੀਆਂ ਹਕੀਕਤਾਂ ਦਾ ਜ਼ਿਕਰ ਕੀਤਾ। ਉਦਾਹਰਣ ਲਈ, ਇਕ ਮਨੁੱਖ ਸ਼ਾਇਦ ਆਪਣੀ ਔਲਾਦ ਅਤੇ ਦੋਹਤੇ-ਪੋਤਿਆਂ ਦੇ ਲਈ ਪ੍ਰਬੰਧ ਕਰਨ ਉੱਤੇ ਧਿਆਨ ਇਕਾਗਰ ਕਰੇ। ਪਰੰਤੂ ਕੀ ਉਹ ਬੁੱਧੀਮਾਨ ਸਾਬਤ ਹੋਣਗੇ? ਜਾਂ ਕੀ ਉਹ ਉਸ ਦੇ ਸੰਬੰਧ ਵਿਚ ਮੂਰਖ ਨਿਕਲਣਗੇ ਜੋ ਉਹ ਨੇ ਉਨ੍ਹਾਂ ਦੇ ਲਈ ਜਮ੍ਹਾ ਕਰਨ ਵਿਚ ਵਾਹ ਲਾਈ? ਜੇਕਰ ਪਿਛਲੇਰਾ ਵਾਪਰੇ, ਤਾਂ ਇਹ ਕਿੰਨਾ “ਵਿਅਰਥ ਅਤੇ ਡਾਢੀ ਬਿਪਤਾ” ਹੋਵੇਗੀ।—ਉਪਦੇਸ਼ਕ ਦੀ ਪੋਥੀ 2:18-21; 1 ਰਾਜਿਆਂ 12:8; 2 ਇਤਹਾਸ 12:1-4, 9.
11, 12. (ੳ) ਕੁਝ ਵਿਅਕਤੀਆਂ ਨੇ ਜੀਵਨ ਵਿਚ ਕਿਨ੍ਹਾਂ ਕੰਮ-ਧੰਦਿਆਂ ਉੱਤੇ ਧਿਆਨ ਇਕਾਗਰ ਕੀਤਾ ਹੈ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਉੱਘੇਪਣ ਨੂੰ ਭਾਲਣਾ “ਹਵਾ ਦਾ ਫੱਕਣਾ” ਹੈ?
11 ਦੂਜੇ ਸਿਰੇ, ਅਨੇਕਾਂ ਨੇ ਮਸ਼ਹੂਰੀ ਜਾਂ ਦੂਜਿਆਂ ਉੱਪਰ ਪ੍ਰਭਾਵ ਹਾਸਲ ਕਰਨ ਦੀ ਆਪਣੀ ਦ੍ਰਿੜ੍ਹਤਾ ਵਿਚ ਆਮ ਪਰਿਵਾਰਕ ਜੀਵਨ ਨੂੰ ਸ਼ਾਇਦ ਗੌਣ ਮਹੱਤਤਾ ਹੀ ਦਿੱਤੀ ਹੈ। ਇਹ ਕਮੀ ਸ਼ਾਇਦ ਮਰਦਾਂ ਵਿਚ ਜ਼ਿਆਦਾ ਆਮ ਪਾਈ ਜਾਵੇ। ਕੀ ਤੁਸੀਂ ਇਸ ਝੁਕਾਉ ਨੂੰ ਆਪਣੇ ਸਹਿਪਾਠੀਆਂ, ਸਹਿਕਰਮੀਆਂ, ਜਾਂ ਗੁਆਂਢੀਆਂ ਵਿਚ ਦੇਖਿਆ ਹੈ? ਅਨੇਕ ਵਿਅਕਤੀ ਦੇਖਣ ਵਿਚ ਆਉਣ ਲਈ, ਮਹੱਤਵਪੂਰਣ ਮਨੁੱਖ ਬਣਨ ਲਈ, ਜਾਂ ਦੂਜਿਆਂ ਉੱਤੇ ਅਧਿਕਾਰ ਚਲਾਉਣ ਦੇ ਲਈ ਅਤਿਅੰਤ ਬੁਰੀ ਤਰ੍ਹਾਂ ਨਾਲ ਸੰਘਰਸ਼ ਕਰਦੇ ਹਨ। ਪਰੰਤੂ ਇਹ ਅਸਲ ਵਿਚ ਕਿੰਨਾ ਅਰਥਪੂਰਣ ਹੈ?
12 ਵਿਚਾਰ ਕਰੋ ਕਿ ਕਿਵੇਂ ਕਈ ਵਿਅਕਤੀ ਮਸ਼ਹੂਰ ਬਣਨ ਲਈ, ਭਾਵੇਂ ਛੋਟੇ ਜਾਂ ਵੱਡੇ ਪੈਮਾਨੇ ਤੇ, ਜੂਝਦੇ ਹਨ। ਅਸੀਂ ਇਸ ਝੁਕਾਉ ਨੂੰ ਸਕੂਲ ਵਿਚ, ਆਪਣੇ ਗੁਆਂਢ ਵਿਚ, ਅਤੇ ਅਨੇਕ ਸਮਾਜਕ ਸਮੂਹਾਂ ਵਿਚ ਦੇਖਦੇ ਹਾਂ। ਇਹ ਉਨ੍ਹਾਂ ਵਿਚ ਵੀ ਇਕ ਪ੍ਰੇਰਕ ਸ਼ਕਤੀ ਹੈ ਜੋ ਕਲਾ, ਮਨੋਰੰਜਨ, ਅਤੇ ਰਾਜਨੀਤੀ ਵਿਚ ਪ੍ਰਸਿੱਧ ਬਣਨਾ ਚਾਹੁੰਦੇ ਹਨ। ਪਰੰਤੂ, ਕੀ ਇਹ ਇਕ ਲਾਜ਼ਮੀ ਤੌਰ ਤੇ ਵਿਅਰਥ ਜਤਨ ਹੀ ਨਹੀਂ ਹੈ? ਸੁਲੇਮਾਨ ਨੇ ਸਹੀ ਤੌਰ ਤੇ ਇਸ ਨੂੰ “ਹਵਾ ਦਾ ਫੱਕਣਾ” ਸੱਦਿਆ। (ਉਪਦੇਸ਼ਕ ਦੀ ਪੋਥੀ 4:4) ਭਾਵੇਂ ਕਿ ਇਕ ਯੁਵਕ ਇਕ ਕਲੱਬ ਵਿਚ, ਇਕ ਖੇਡ-ਮੁਕਾਬਲੇ ਟੀਮ ਵਿਚ, ਜਾਂ ਇਕ ਸੰਗੀਤਕ ਸਮੂਹ ਵਿਚ ਉੱਘਾ ਵੀ ਬਣ ਜਾਵੇ—ਜਾਂ ਕੋਈ ਪੁਰਸ਼ ਜਾਂ ਇਸਤਰੀ ਇਕ ਕੰਪਨੀ ਜਾਂ ਸਮਾਜ ਵਿਚ ਨੇਕਨਾਮੀ ਖੱਟ ਲਵੇ—ਉਸ ਬਾਰੇ ਦਰਅਸਲ ਕਿੰਨੇ ਕੁ ਜਾਣਦੇ ਹਨ? ਕੀ ਪ੍ਰਿਥਵੀ ਦੇ (ਜਾਂ ਉਸੇ ਦੇਸ਼ ਦੇ) ਦੂਜੇ ਪਾਸੇ ਅਧਿਕਤਰ ਲੋਕ ਉਸ ਵਿਅਕਤੀ ਨੂੰ ਜਾਣਦੇ ਹਨ? ਜਾਂ ਕੀ ਉਹ ਉਸ ਪੁਰਸ਼ ਜਾਂ ਇਸਤਰੀ ਦੀ ਥੋੜ੍ਹੀ ਜਿਹੀ ਮਸ਼ਹੂਰੀ ਦੇ ਉੱਕਾ ਹੀ ਬੇਖ਼ਬਰ, ਜੀਵਨ ਵਿਚ ਕੇਵਲ ਆਹਰੇ ਹੀ ਲੱਗੇ ਰਹਿੰਦੇ ਹਨ? ਅਤੇ ਕਿਸੇ ਪ੍ਰਭਾਵ ਜਾਂ ਅਧਿਕਾਰ ਬਾਰੇ ਵੀ ਇਹੋ ਹੀ ਕਿਹਾ ਜਾ ਸਕਦਾ ਹੈ ਜੋ ਇਕ ਵਿਅਕਤੀ ਇਕ ਨੌਕਰੀ ਤੇ, ਇਕ ਨਗਰ ਵਿਚ, ਜਾਂ ਇਕ ਸਮੂਹ ਵਿਚਕਾਰ ਹਾਸਲ ਕਰਦਾ ਹੈ।
13. (ੳ) ਉੱਘੇਪਣ ਜਾਂ ਪ੍ਰਭਾਵ ਲਈ ਸੰਘਰਸ਼ ਕਰਨ ਦੀ ਉਚਿਤ ਦ੍ਰਿਸ਼ਟੀ ਰੱਖਣ ਵਿਚ ਉਪਦੇਸ਼ਕ ਦੀ ਪੋਥੀ 9:4, 5 ਸਾਨੂੰ ਕਿਵੇਂ ਮਦਦ ਕਰਦੀ ਹੈ? (ਅ) ਸਾਨੂੰ ਕਿਹੜੀਆਂ ਹਕੀਕਤਾਂ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ ਜੇਕਰ ਇਹੋ ਜੀਵਨ ਹੀ ਸਭ ਕੁਝ ਹੈ? (ਫੁਟਨੋਟ ਦੇਖੋ।)
13 ਅਜਿਹੇ ਉੱਘੇਪਣ ਜਾਂ ਅਧਿਕਾਰ ਦਾ ਅੰਤਲਾ ਨਤੀਜਾ ਕੀ ਹੁੰਦਾ ਹੈ? ਜਿਉਂ-ਜਿਉਂ ਇਕ ਪੀੜ੍ਹੀ ਜਾਂਦੀ ਅਤੇ ਇਕ ਹੋਰ ਆਉਂਦੀ ਹੈ, ਉੱਘੇ ਜਾਂ ਪ੍ਰਭਾਵਸ਼ਾਲੀ ਲੋਕ ਚੱਲ ਵਸਦੇ ਹਨ ਅਤੇ ਭੁਲਾ ਦਿੱਤੇ ਜਾਂਦੇ ਹਨ। ਇਹ ਉਸਰਈਆਂ, ਸੰਗੀਤਕਾਰਾਂ ਅਤੇ ਦੂਜੇ ਕਲਾਕਾਰਾਂ, ਸਮਾਜਕ ਸੁਧਾਰਕਾਂ, ਇਤਿਆਦਿ, ਬਾਰੇ ਸੱਚ ਹੈ, ਠੀਕ ਜਿਵੇਂ ਕਿ ਅਧਿਕਤਰ ਨੀਤੀਵਾਨਾਂ ਅਤੇ ਸੈਨਿਕ ਆਗੂਆਂ ਬਾਰੇ ਵੀ ਸੱਚ ਹੈ। ਤੁਸੀਂ ਉਨ੍ਹਾਂ ਧੰਦਿਆਂ ਵਾਲੇ ਕਿੰਨਿਆਂ ਵਿਸ਼ੇਸ਼ ਵਿਅਕਤੀਆਂ ਬਾਰੇ ਜਾਣਦੇ ਹੋ ਜੋ 1700 ਅਤੇ 1800 ਸਾਲਾਂ ਦੇ ਵਿਚਕਾਰ ਜੀਉਂਦੇ ਰਹੇ? ਸੁਲੇਮਾਨ ਨੇ ਐਨ ਸਹੀ ਤੌਰ ਤੇ, ਇਹ ਕਹਿ ਕੇ ਮਾਮਲਿਆਂ ਨੂੰ ਮੁੱਲਾਂਕਣ ਕੀਤਾ: “ਮੋਏ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ। ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ . . . ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ।” (ਉਪਦੇਸ਼ਕ ਦੀ ਪੋਥੀ 9:4, 5) ਅਤੇ ਜੇਕਰ ਇਹੋ ਜੀਵਨ ਹੀ ਸਭ ਕੁਝ ਹੈ, ਤਾਂ ਉੱਘੇਪਣ ਜਾਂ ਪ੍ਰਭਾਵ ਲਈ ਸੰਘਰਸ਼ ਕਰਨਾ ਸੱਚ-ਮੁੱਚ ਹੀ ਵਿਅਰਥਤਾ ਹੈ।a
ਸਾਡਾ ਮੁੱਖ ਕੇਂਦਰ ਅਤੇ ਰਿਣ
14. ਉਪਦੇਸ਼ਕ ਦੀ ਪੋਥੀ ਨੂੰ ਸਾਨੂੰ ਨਿੱਜੀ ਤੌਰ ਤੇ ਕਿਉਂ ਮਦਦ ਕਰਨੀ ਚਾਹੀਦੀ ਹੈ?
14 ਸੁਲੇਮਾਨ ਨੇ ਉਨ੍ਹਾਂ ਅਨੇਕ ਸਰਗਰਮੀਆਂ, ਟੀਚਿਆਂ, ਅਤੇ ਸੁਖ-ਵਿਲਾਸਾਂ ਉੱਤੇ ਟਿੱਪਣੀ ਨਹੀਂ ਕੀਤੀ ਜਿਨ੍ਹਾਂ ਉੱਤੇ ਮਾਨਵ ਆਪਣੇ ਜੀਵਨਾਂ ਨੂੰ ਇਕਾਗਰ ਕਰਦੇ ਹਨ। ਪਰੰਤੂ, ਜੋ ਉਸ ਨੇ ਲਿਖਿਆ ਉਹ ਚੋਖਾ ਹੈ। ਇਸ ਪੋਥੀ ਦੇ ਸਾਡੇ ਵਿਚਾਰ ਨੂੰ ਸਖ਼ਤ ਕਠੋਰ ਜਾਂ ਨਕਾਰਾਤਮਕ ਜਾਪਣਾ ਜ਼ਰੂਰੀ ਨਹੀਂ ਹੈ, ਕਿਉਂਕਿ ਅਸੀਂ ਬਾਈਬਲ ਦੀ ਇਕ ਪੋਥੀ ਦਾ ਵਾਸਤਵਿਕ ਤੌਰ ਤੇ ਪੁਨਰ-ਵਿਚਾਰ ਕੀਤਾ ਹੈ ਜਿਸ ਨੂੰ ਯਹੋਵਾਹ ਪਰਮੇਸ਼ੁਰ ਨੇ ਜਾਣ-ਬੁੱਝ ਕੇ ਸਾਡੇ ਭਲੇ ਲਈ ਪ੍ਰੇਰਿਤ ਕੀਤਾ। ਇਹ ਸਾਨੂੰ ਹਰੇਕ ਨੂੰ ਜੀਵਨ ਬਾਰੇ ਆਪਣਾ ਨਜ਼ਰੀਆ ਅਤੇ ਜਿਸ ਉੱਤੇ ਅਸੀਂ ਧਿਆਨ ਇਕਾਗਰ ਕਰਦੇ ਹਾਂ ਸੁਧਾਰਨ ਵਿਚ ਮਦਦ ਕਰ ਸਕਦਾ ਹੈ। (ਉਪਦੇਸ਼ਕ ਦੀ ਪੋਥੀ 7:2; 2 ਤਿਮੋਥਿਉਸ 3:16, 17) ਉਨ੍ਹਾਂ ਸਿੱਟਿਆਂ ਨੂੰ ਧਿਆਨ ਵਿਚ ਰੱਖਦਿਆਂ ਜਿਨ੍ਹਾਂ ਤੇ ਯਹੋਵਾਹ ਨੇ ਸੁਲੇਮਾਨ ਨੂੰ ਪਹੁੰਚਣ ਦੀ ਮਦਦ ਕੀਤੀ, ਇਹ ਖ਼ਾਸ ਕਰਕੇ ਇਵੇਂ ਹੈ।
15, 16. (ੳ) ਜੀਵਨ ਦਾ ਆਨੰਦ ਮਾਣਨ ਬਾਰੇ ਸੁਲੇਮਾਨ ਦੀ ਕੀ ਦ੍ਰਿਸ਼ਟੀ ਸੀ? (ਅ) ਜੀਵਨ ਦਾ ਆਨੰਦ ਮਾਣਨ ਲਈ ਸੁਲੇਮਾਨ ਨੇ ਕਿਹੜੀ ਯੋਗਤਾ ਦੀ ਸ਼ਰਤ ਲਗਾਈ?
15 ਇਕ ਨੁਕਤਾ ਜਿਸ ਦਾ ਸੁਲੇਮਾਨ ਨੇ ਵਾਰ-ਵਾਰ ਜ਼ਿਕਰ ਕੀਤਾ ਇਹ ਸੀ ਕਿ ਸੱਚੇ ਪਰਮੇਸ਼ੁਰ ਦੇ ਸੇਵਕਾਂ ਨੂੰ ਉਸ ਦੇ ਸਾਮ੍ਹਣੇ ਆਪਣੀਆਂ ਸਰਗਰਮੀਆਂ ਵਿਚ ਆਨੰਦ ਪਾਉਣਾ ਚਾਹੀਦਾ ਹੈ। “ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।” (ਉਪਦੇਸ਼ਕ ਦੀ ਪੋਥੀ 2:24; 3:12, 13; 5:18; 8:15) ਧਿਆਨ ਦਿਓ ਕਿ ਸੁਲੇਮਾਨ ਮੌਜਮੇਲਿਆਂ ਨੂੰ ਉਤਸ਼ਾਹਿਤ ਨਹੀਂ ਕਰ ਰਿਹਾ ਸੀ; ਨਾ ਹੀ ਉਸ ਨੇ ਇਸ ਰਵੱਈਏ ਦਾ ਪਿੱਠਾਂਕਣ ਕੀਤਾ ਕਿ ‘ਆਓ ਅਸੀਂ ਖਾਈਏ ਪੀਵੀਏ ਅਤੇ ਮੌਜ ਮਨਾਈਏ, ਕਿਉਂ ਜੋ ਭਲਕੇ ਅਸੀਂ ਮਰਨਾ ਹੈ।’ (1 ਕੁਰਿੰਥੀਆਂ 15:14, 32-34) ਉਸ ਦਾ ਅਰਥ ਸੀ ਕਿ ਸਾਨੂੰ ਆਮ ਆਨੰਦ, ਜਿਵੇਂ ਕਿ ਖਾਣ ਪੀਣ ਤੋਂ ਖ਼ੁਸ਼ੀ ਪਾਉਣੀ ਚਾਹੀਦੀ ਹੈ, ਜਿਉਂ ਹੀ ‘ਅਸੀਂ ਆਪਣੇ ਜੀਵਨ ਵਿਚ ਭਲਾ’ ਕਰਦੇ ਹਾਂ। ਇਹ ਨਿਰਵਿਵਾਦ ਤੌਰ ਤੇ ਸਾਡੇ ਜੀਵਨ ਨੂੰ ਸ੍ਰਿਸ਼ਟੀਕਰਤਾ ਦੀ ਇੱਛਾ ਉੱਤੇ ਇਕਾਗਰ ਕਰਦਾ ਹੈ, ਜੋ ਨਿਰਧਾਰਣ ਕਰਦਾ ਹੈ ਕਿ ਵਾਕਈ ਕੀ ਭਲਾ ਹੈ।—ਜ਼ਬੂਰ 25:8; ਉਪਦੇਸ਼ਕ ਦੀ ਪੋਥੀ 9:1; ਮਰਕੁਸ 10:17, 18; ਰੋਮੀਆਂ 12:2.
16 ਸੁਲੇਮਾਨ ਨੇ ਲਿਖਿਆ: “ਆਪਣੇ ਰਾਹ ਤੁਰਿਆ ਜਾਹ, ਅਨੰਦ ਨਾਲ ਆਪਣੀ ਰੋਟੀ ਖਾਹ, ਅਤੇ ਮੌਜ ਨਾਲ ਆਪਣੀ ਮੈ ਪੀ, ਕਿਉਂ ਜੋ ਹੁਣ ਪਰਮੇਸ਼ੁਰ ਨੇ ਤੇਰੇ ਕੰਮਾਂ ਨੂੰ ਪਸੰਦ ਕੀਤਾ ਹੈ।” (ਉਪਦੇਸ਼ਕ ਦੀ ਪੋਥੀ 9:7-9) ਜੀ ਹਾਂ, ਉਹ ਪੁਰਸ਼ ਜਾਂ ਇਸਤਰੀ ਜਿਸ ਦਾ ਸੱਚ-ਮੁੱਚ ਮੁੱਲਵਾਨ ਅਤੇ ਰਜਵਾਂ ਜੀਵਨ ਹੈ ਉਨ੍ਹਾਂ ਕੰਮਾਂ ਵਿਚ ਸਰਗਰਮ ਹੁੰਦਾ ਜਾਂ ਹੁੰਦੀ ਹੈ ਜਿਨ੍ਹਾਂ ਵਿਚ ਯਹੋਵਾਹ ਪ੍ਰਸੰਨਤਾ ਪਾਉਂਦਾ ਹੈ। ਇਹ ਸਾਡੇ ਤੋਂ ਨਿਰੰਤਰ ਉਸ ਉੱਤੇ ਵਿਚਾਰ ਕਰਨਾ ਮੰਗ ਕਰਦਾ ਹੈ। ਇਹ ਨਜ਼ਰੀਆ ਉਨ੍ਹਾਂ ਅਧਿਕਤਰ ਲੋਕਾਂ ਨਾਲੋਂ ਕਿੰਨਾ ਹੀ ਭਿੰਨ ਹੈ ਜੋ ਮਾਨਵ ਤਰਕ ਉੱਤੇ ਆਧਾਰਿਤ ਜੀਵਨ ਬਤੀਤ ਕਰਦੇ ਹਨ।
17, 18. (ੳ) ਜੀਵਨ ਦੀਆਂ ਅਸਲੀਅਤਾਂ ਦੇ ਪ੍ਰਤੀ ਅਨੇਕ ਲੋਕ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ ਹਨ? (ਅ) ਸਾਨੂੰ ਕੀ ਪਰਿਣਾਮ ਹਮੇਸ਼ਾ ਧਿਆਨ ਵਿਚ ਰੱਖਣਾ ਚਾਹੀਦਾ ਹੈ?
17 ਭਾਵੇਂ ਕਿ ਕੁਝ ਧਰਮ ਕਿਸੇ ਆਇੰਦਾ ਜੀਵਨ ਬਾਰੇ ਸਿੱਖਿਆ ਦਿੰਦੇ ਹਨ, ਅਨੇਕ ਲੋਕ ਯਕੀਨ ਕਰਦੇ ਹਨ ਕਿ ਇਹੋ ਜੀਵਨ ਹੀ ਸਭ ਕੁਝ ਹੈ ਜਿਸ ਬਾਰੇ ਉਹ ਨਿਸ਼ਚਿਤ ਹੋ ਸਕਦੇ ਹਨ। ਤੁਸੀਂ ਸ਼ਾਇਦ ਉਨ੍ਹਾਂ ਨੂੰ ਇਵੇਂ ਪ੍ਰਤਿਕ੍ਰਿਆ ਦਿਖਾਉਂਦੇ ਦੇਖਿਆ ਹੋਵੇ ਜਿਵੇਂ ਸੁਲੇਮਾਨ ਨੇ ਵਰਣਨ ਕੀਤਾ: “ਤਾਬੜਤੋੜ ਬਦੀ ਦੀ ਸਜ਼ਾ ਦਾ ਹੁਕਮ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸੀਆਂ ਦੇ ਮਨ ਪੁੱਜ ਕੇ ਬੁਰਿਆਈ ਦੀ ਵੱਲ ਲੱਗੇ ਰਹਿੰਦੇ ਹਨ।” (ਉਪਦੇਸ਼ਕ ਦੀ ਪੋਥੀ 8:11) ਉਹ ਵਿਅਕਤੀ ਵੀ ਜੋ ਘਿਣਾਉਣੇ ਕੰਮਾਂ ਵਿਚ ਨਹੀਂ ਰਚਦੇ ਹਨ ਪ੍ਰਦਰਸ਼ਿਤ ਕਰਦੇ ਹਨ ਕਿ ਉਹ ਮੁੱਖ ਰੂਪ ਵਿਚ ਵਰਤਮਾਨ ਸਮੇਂ ਬਾਰੇ ਹੀ ਚਿੰਤਿਤ ਹਨ। ਇਹ ਇਕ ਕਾਰਨ ਹੈ ਕਿ ਪੈਸਾ, ਸੰਪਤੀ, ਮਾਣ, ਦੂਜਿਆਂ ਉੱਪਰ ਅਧਿਕਾਰ, ਪਰਿਵਾਰ ਜਾਂ ਦੂਜੇ ਅਜਿਹੇ ਹਿਤ ਕਿਉਂ ਉਨ੍ਹਾਂ ਦੇ ਲਈ ਅਤਿਅੰਤ ਮਹੱਤਤਾ ਰੱਖਦੇ ਹਨ। ਫਿਰ ਵੀ, ਸੁਲੇਮਾਨ ਨੇ ਇੱਥੇ ਹੀ ਇਸ ਵਿਚਾਰ ਨੂੰ ਨਹੀਂ ਸਮਾਪਤ ਕੀਤਾ। ਉਸ ਨੇ ਅੱਗੇ ਕਿਹਾ: “ਭਾਵੇਂ ਪਾਪੀ ਸੌ ਵਾਰੀ ਪਾਪ ਕਰੇ ਅਤੇ ਉਹ ਦੀ ਉਮਰ ਵੀ ਵੱਧ ਜਾਵੇ ਤਦ ਵੀ ਮੈਂ ਸੱਚ ਜਾਣਦਾ ਹਾਂ ਜੋ ਭਲਾ ਓਹਨਾਂ ਦਾ ਹੀ ਹੋਵੇਗਾ ਜੋ ਪਰਮੇਸ਼ੁਰ ਤੋਂ ਡਰਦੇ ਹਨ ਅਰ ਉਹ ਦਾ ਭੈ ਮੰਨਦੇ ਹਨ। ਪਰ ਪਾਪੀ ਦਾ ਭਲਾ ਕਦੀ ਨਾ ਹੋਵੇਗਾ, ਨਾ ਉਹ ਪਰਛਾਵੇਂ ਵਾਂਗਰ ਆਪਣੇ ਦਿਨਾਂ ਨੂੰ ਵਧਾਵੇਗਾ ਕਿਉਂ ਜੋ ਉਹ ਪਰਮੇਸ਼ੁਰ ਕੋਲੋਂ ਨਹੀਂ ਡਰਦਾ।” (ਉਪਦੇਸ਼ਕ ਦੀ ਪੋਥੀ 8:12, 13) ਸਪੱਸ਼ਟ ਤੌਰ ਤੇ, ਸੁਲੇਮਾਨ ਕਾਇਲ ਸੀ ਕਿ ਸਾਡੇ ਲਈ ਪਰਿਣਾਮ ਚੰਗਾ ਨਿਕਲੇਗਾ ਜੇਕਰ ਅਸੀਂ ‘ਪਰਮੇਸ਼ੁਰ ਕੋਲੋਂ ਡਰੀਏ।’ ਕਿੰਨਾ ਕੁ ਚੰਗਾ? ਅਸੀਂ ਉਸ ਤੁਲਨਾ ਵਿਚ ਜਵਾਬ ਲੱਭ ਸਕਦੇ ਹਾਂ ਜੋ ਉਸ ਨੇ ਕੀਤੀ। ਯਹੋਵਾਹ ਸਾਡੇ ‘ਦਿਨਾਂ ਨੂੰ ਵਧਾ’ ਸਕਦਾ ਹੈ।
18 ਉਨ੍ਹਾਂ ਨੂੰ ਜੋ ਤੁਲਨਾਤਮਕ ਤੌਰ ਤੇ ਹਾਲੇ ਵੀ ਜਵਾਨ ਹਨ, ਉਸ ਪੂਰਣ ਭਾਂਤ ਭਰੋਸੇਯੋਗ ਤੱਥ ਉੱਤੇ ਖ਼ਾਸ ਤੌਰ ਤੇ ਗੌਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਭਲਾ ਹੋਵੇਗਾ ਜੇਕਰ ਉਹ ਪਰਮੇਸ਼ੁਰ ਤੋਂ ਡਰਨਗੇ। ਜਿਵੇਂ ਕਿ ਤੁਸੀਂ ਸ਼ਾਇਦ ਨਿੱਜੀ ਤੌਰ ਤੇ ਦੇਖਿਆ ਹੋਵੇਗਾ, ਸਭ ਤੋਂ ਤੇਜ਼ ਦੌੜਾਕ ਸ਼ਾਇਦ ਠੋਕਰ ਖਾ ਕੇ ਦੌੜ ਹਾਰ ਸਕਦਾ ਹੈ। ਇਕ ਸ਼ਕਤੀਸ਼ਾਲੀ ਫ਼ੌਜ ਹਾਰ ਖਾ ਸਕਦੀ ਹੈ। ਇਕ ਸੂਝਵਾਨ ਕਾਰੋਬਾਰੀ ਆਦਮੀ ਸ਼ਾਇਦ ਆਪਣੇ ਆਪ ਨੂੰ ਗ਼ਰੀਬ ਸਥਿਤੀ ਵਿਚ ਪਾਵੇ। ਅਤੇ ਹੋਰ ਅਨੇਕ ਅਨਿਸ਼ਚਿਤਤਾਵਾਂ ਜੀਵਨ ਨੂੰ ਕਾਫ਼ੀ ਨਾ ਅਨੁਮਾਨਣਯੋਗ ਬਣਾਉਂਦੀਆਂ ਹਨ। ਪਰੰਤੂ ਤੁਸੀਂ ਇਸ ਗੱਲ ਬਾਰੇ ਬਿਲਕੁਲ ਨਿਸ਼ਚਿਤ ਹੋ ਸਕਦੇ ਹੋ: ਸਭ ਤੋਂ ਬੁੱਧੀਮਾਨ ਅਤੇ ਨਿਸ਼ਚਾਵਾਨ ਮਾਰਗ ਹੈ ਜੀਵਨ ਦਾ ਆਨੰਦ ਮਾਣਨਾ ਜਦ ਕਿ ਤੁਸੀਂ ਪਰਮੇਸ਼ੁਰ ਦੇ ਨੈਤਿਕ ਨਿਯਮਾਂ ਦੇ ਅੰਦਰ-ਅੰਦਰ ਅਤੇ ਉਸ ਦੀ ਇੱਛਾ ਦੇ ਅਨੁਸਾਰ ਭਲਾ ਕਰਦੇ ਹੋ। (ਉਪਦੇਸ਼ਕ ਦੀ ਪੋਥੀ 9:11) ਇਸ ਵਿਚ ਸ਼ਾਮਲ ਹੈ ਬਾਈਬਲ ਤੋਂ ਸਿੱਖਿਆ ਲੈਣੀ ਕਿ ਪਰਮੇਸ਼ੁਰ ਦੀ ਇੱਛਾ ਕੀ ਹੈ, ਆਪਣਾ ਜੀਵਨ ਉਸ ਨੂੰ ਸਮਰਪਿਤ ਕਰਨਾ, ਅਤੇ ਇਕ ਬਪਤਿਸਮਾ-ਪ੍ਰਾਪਤ ਮਸੀਹੀ ਬਣਨਾ।—ਮੱਤੀ 28:19, 20.
19. ਯੁਵਕ ਆਪਣੇ ਜੀਵਨਾਂ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹਨ, ਪਰੰਤੂ ਸਭ ਤੋਂ ਬੁੱਧੀਮਾਨ ਮਾਰਗ ਕੀ ਹੈ?
19 ਸ੍ਰਿਸ਼ਟੀਕਰਤਾ ਯੁਵਕਾਂ ਜਾਂ ਦੂਜਿਆਂ ਨੂੰ ਉਸ ਦੇ ਮਾਰਗ-ਦਰਸ਼ਨ ਦੀ ਪੈਰਵੀ ਕਰਨ ਲਈ ਮਜਬੂਰ ਨਹੀਂ ਕਰੇਗਾ। ਉਹ ਖ਼ੁਦ ਨੂੰ ਵਿਦਿਆ ਵਿਚ ਲੀਨ ਕਰ ਸਕਦੇ ਹਨ, ਸ਼ਾਇਦ ਮਾਨਵ ਗਿਆਨ ਦੀਆਂ ਅਣਗਿਣਤ ਪੁਸਤਕਾਂ ਦੇ ਜੀਵਨ-ਭਰ ਦੇ ਵਿਦਿਆਰਥੀ ਵੀ ਬਣ ਜਾਣ। ਇਹ ਆਖ਼ਰਕਾਰ ਸਰੀਰ ਲਈ ਥਕਾਊ ਸਾਬਤ ਹੋਵੇਗਾ। ਜਾਂ ਉਹ ਆਪਣੇ ਅਪੂਰਣ ਮਾਨਵ ਦਿਲਾਂ ਦੁਆਰਾ ਨਿਯੰਤ੍ਰਿਤ ਕੀਤੇ ਜਾ ਸਕਦੇ ਹਨ ਜਾਂ ਉਸ ਦੇ ਮਗਰ ਲੱਗ ਜਾਣ ਜੋ ਅੱਖਾਂ ਨੂੰ ਆਕਰਸ਼ਿਤ ਕਰਦਾ ਹੈ। ਇਹ ਯਕੀਨੀ ਤੌਰ ਤੇ ਪਰੇਸ਼ਾਨੀ ਲਿਆਵੇਗਾ, ਅਤੇ ਇਵੇਂ ਬਤੀਤ ਕੀਤਾ ਗਿਆ ਇਕ ਜੀਵਨ ਆਖ਼ਰਕਾਰ ਇਕ ਮਹਿਜ਼ ਵਿਅਰਥਤਾ ਹੀ ਸਾਬਤ ਹੋਵੇਗਾ। (ਉਪਦੇਸ਼ਕ ਦੀ ਪੋਥੀ 11:9–12:12; 1 ਯੂਹੰਨਾ 2:15-17) ਇਸ ਲਈ ਸੁਲੇਮਾਨ ਯੁਵਕਾਂ ਤੋਂ ਇਕ ਨਿਵੇਦਨ ਕਰਦਾ ਹੈ—ਇਕ ਨਿਵੇਦਨ ਜਿਸ ਨੂੰ ਸਾਨੂੰ ਸੰਜੀਦਗੀ ਦੇ ਨਾਲ ਵਿਚਾਰਨਾ ਚਾਹੀਦਾ ਹੈ, ਭਾਵੇਂ ਜੋ ਵੀ ਸਾਡੀ ਉਮਰ ਹੋਵੇ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ, ਜਦ ਕਿ ਓਹ ਮਾੜੇ ਦਿਨ ਅਜੇ ਨਹੀਂ ਆਏ, ਅਤੇ ਓਹ ਵਰਹੇ ਅਜੇ ਨੇੜੇ ਨਹੀਂ ਪੁੱਜੇ ਜਿਨ੍ਹਾਂ ਵਿੱਚ ਤੂੰ ਆਖੇਂਗਾ, ਏਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਹੈ।”—ਉਪਦੇਸ਼ਕ ਦੀ ਪੋਥੀ 12:1.
20. ਉਪਦੇਸ਼ਕ ਦੀ ਪੋਥੀ ਵਿਚ ਪਾਏ ਜਾਂਦੇ ਸੰਦੇਸ਼ ਦਾ ਸੰਤੁਲਿਤ ਦ੍ਰਿਸ਼ਟੀਕੋਣ ਕੀ ਹੈ?
20 ਫਿਰ, ਸਾਨੂੰ ਕੀ ਸਿੱਟਾ ਕੱਢਣਾ ਚਾਹੀਦਾ ਹੈ? ਖ਼ੈਰ, ਉਸ ਸਿੱਟੇ ਬਾਰੇ ਕੀ ਜਿਸ ਉੱਤੇ ਸੁਲੇਮਾਨ ਪਹੁੰਚਿਆ? ਉਸ ਨੇ ਡਿੱਠਾ, ਜਾਂ ਜਾਂਚ ਕੀਤੀ, “ਓਹਨਾਂ ਸਾਰਿਆਂ ਕੰਮਾਂ ਨੂੰ . . . ਜੋ ਅਕਾਸ਼ ਦੇ ਹੇਠ ਹੁੰਦੇ ਹਨ, ਅਤੇ ਵੇਖੋ, ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸਨ।” (ਉਪਦੇਸ਼ਕ ਦੀ ਪੋਥੀ 1:14) ਅਸੀਂ ਉਪਦੇਸ਼ਕ ਦੀ ਪੋਥੀ ਵਿਚ ਇਕ ਸਨਕੀ ਜਾਂ ਇਕ ਅਸੰਤੁਸ਼ਟ ਮਨੁੱਖ ਦੇ ਕਥਨ ਨਹੀਂ ਪਾਉਂਦੇ ਹਨ। ਉਹ ਪਰਮੇਸ਼ੁਰ ਦੇ ਪ੍ਰੇਰਿਤ ਸ਼ਬਦ ਦਾ ਹਿੱਸਾ ਹਨ ਅਤੇ ਸਾਡੇ ਵਿਚਾਰ ਦੇ ਯੋਗ ਹਨ।
21, 22. (ੳ) ਸੁਲੇਮਾਨ ਨੇ ਜੀਵਨ ਦੇ ਕਿਹੜੇ ਪਹਿਲੂਆਂ ਨੂੰ ਸ਼ਾਮਲ ਕੀਤਾ ਸੀ? (ਅ) ਉਹ ਕਿਹੜੇ ਬੁੱਧੀਮਾਨ ਸਿੱਟੇ ਉੱਤੇ ਪਹੁੰਚਿਆ? (ੲ) ਉਪਦੇਸ਼ਕ ਦੀ ਪੋਥੀ ਦੇ ਵਿਸ਼ਿਆਂ ਦੀ ਜਾਂਚ ਕਰਨ ਨੇ ਤੁਹਾਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?
21 ਸੁਲੇਮਾਨ ਨੇ ਮਾਨਵ ਮਿਹਨਤ, ਸੰਘਰਸ਼ਾਂ, ਅਤੇ ਅਭਿਲਾਸ਼ਾਂ ਦਾ ਨਿਰੀਖਣ ਕੀਤਾ। ਉਸ ਨੇ ਵਿਚਾਰ ਕੀਤਾ ਕਿ ਮਾਮਲਿਆਂ ਦੇ ਆਮ ਨਿਯਮ ਅਨੁਸਾਰ ਨਤੀਜੇ ਕਿਵੇਂ ਨਿਕਲਦੇ ਹਨ, ਉਹ ਨਿਰਾਸ਼ਾਜਨਕ ਅਤੇ ਸਾਰਹੀਣ ਪਰਿਣਾਮ ਜੋ ਅਨੇਕ ਮਾਨਵ ਅਨੁਭਵ ਕਰਦੇ ਹਨ। ਉਸ ਨੇ ਮਾਨਵ ਅਪੂਰਣਤਾ ਅਤੇ ਪਰਿਣਾਮੀ ਮੌਤ ਦੀ ਹਕੀਕਤ ਉੱਤੇ ਗੌਰ ਕੀਤਾ। ਅਤੇ ਉਸ ਨੇ ਮਿਰਤਕ ਦੀ ਦਸ਼ਾ ਬਾਰੇ ਪਰਮੇਸ਼ੁਰ-ਦਿੱਤ ਗਿਆਨ ਅਤੇ ਕਿਸੇ ਭਾਵੀ ਜੀਵਨ ਦੀਆਂ ਸੰਭਾਵਨਾਵਾਂ ਨੂੰ ਸ਼ਾਮਲ ਕੀਤਾ। ਇਹ ਸਭ ਕੁਝ ਇਕ ਅਜਿਹੇ ਮਨੁੱਖ ਦੁਆਰਾ ਮੁੱਲਾਂਕਣ ਕੀਤਾ ਗਿਆ ਸੀ ਜਿਸ ਕੋਲ ਈਸ਼ਵਰੀ ਤੌਰ ਤੇ ਵਧਾਈ ਗਈ ਬੁੱਧ ਸੀ, ਜੀ ਹਾਂ, ਸਰਬ ਬੁੱਧੀਮਾਨ ਮਨੁੱਖਾਂ ਵਿੱਚੋਂ ਇਕ ਜੋ ਕਦੀ ਵੀ ਜੀਉਂਦਾ ਰਿਹਾ। ਫਿਰ ਜੋ ਸਿੱਟੇ ਤੇ ਉਹ ਪਹੁੰਚਿਆ, ਉਹ ਉਨ੍ਹਾਂ ਸਾਰਿਆਂ ਦੇ ਭਲੇ ਲਈ ਪਵਿੱਤਰ ਸ਼ਾਸਤਰ ਵਿਚ ਸੰਮਿਲਿਤ ਕੀਤਾ ਗਿਆ ਸੀ ਜੋ ਵਾਕਈ ਹੀ ਇਕ ਅਰਥਪੂਰਣ ਜੀਵਨ ਚਾਹੁੰਦੇ ਹਨ। ਕੀ ਸਾਨੂੰ ਸਹਿਮਤ ਨਹੀਂ ਹੋਣਾ ਚਾਹੀਦਾ ਹੈ?
22 “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ। ਪਰਮੇਸ਼ੁਰ ਤਾਂ ਇੱਕ ਇੱਕ ਕੰਮ ਦਾ ਅਤੇ ਇੱਕ ਇੱਕ ਗੁੱਝੀ ਗੱਲ ਦਾ ਨਿਆਉਂ ਕਰੇਗਾ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ।”—ਉਪਦੇਸ਼ਕ ਦੀ ਪੋਥੀ 12:13, 14.
[ਫੁਟਨੋਟ]
a ਇਕ ਵਾਰ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਇਹ ਅੰਤਰਦ੍ਰਿਸ਼ਟੀ-ਭਰਪੂਰ ਟਿੱਪਣੀ ਕੀਤੀ: “ਸਾਨੂੰ ਇਹ ਜੀਵਨ ਵਿਅਰਥਤਾਵਾਂ ਉੱਤੇ ਬਰਬਾਦ ਨਹੀਂ ਕਰਨਾ ਚਾਹੀਦਾ ਹੈ . . . ਜੇਕਰ ਇਹੋ ਜੀਵਨ ਹੀ ਸਭ ਕੁਝ ਹੈ, ਤਾਂ ਕੁਝ ਵੀ ਮਹੱਤਵਪੂਰਣ ਨਹੀਂ ਹੈ। ਇਹ ਜੀਵਨ ਆਸਮਾਨ ਵੱਲ ਸੁੱਟੀ ਗਈ ਇਕ ਗੇਂਦ ਦੇ ਵਰਗਾ ਹੈ ਜੋ ਝਟ ਜ਼ਮੀਨ ਉੱਤੇ ਫਿਰ ਡਿਗ ਪੈਂਦੀ ਹੈ। ਇਹ ਇਕ ਥੋੜ੍ਹ-ਚਿਰਾ ਪਰਛਾਵਾਂ, ਇਕ ਕੁਮਲਾਉਂਦਾ ਫੁੱਲ, ਕੱਟੇ ਜਾਣ ਅਤੇ ਜਲਦੀ ਹੀ ਮੁਰਝਾ ਜਾਣ ਵਾਲੇ ਘਾਹ ਦਾ ਇਕ ਪੱਤਾ ਹੈ। . . . ਸਦੀਵਤਾ ਦੇ ਤਰਾਜੂ ਉੱਤੇ ਸਾਡਾ ਜੀਵਨ ਕਾਲ ਇਕ ਮਾਮੂਲੀ ਕਿਣਕਾ ਹੈ। ਸਮੇਂ ਦੇ ਵਹਿਣ ਵਿਚ, ਇਹ ਇਕ ਵੱਡਾ ਤੁਪਕਾ ਵੀ ਨਹੀਂ ਹੈ। ਨਿਸ਼ਚੇ ਹੀ [ਸੁਲੇਮਾਨ] ਸਹੀ ਹੈ ਜਦੋਂ ਉਹ ਜੀਵਨ ਦੇ ਅਨੇਕ ਮਾਨਵੀ ਮਾਮਲਿਆਂ ਅਤੇ ਸਰਗਰਮੀਆਂ ਦਾ ਪੁਨਰ-ਵਿਚਾਰ ਕਰਦਾ ਹੈ ਅਤੇ ਉਨ੍ਹਾਂ ਨੂੰ ਵਿਅਰਥਤਾ ਘੋਸ਼ਿਤ ਕਰਦਾ ਹੈ। ਅਸੀਂ ਇੰਨੀ ਜਲਦੀ ਚੱਲ ਵਸਦੇ ਹਾਂ ਕਿ ਇਓਂ ਚੰਗਾ ਹੁੰਦਾ ਕਿ ਅਸੀਂ ਨਾ ਹੀ ਆਉਂਦੇ, ਅਰਥਾਤ, ਉਨ੍ਹਾਂ ਅਰਬਾਂ ਆਉਣ-ਜਾਣ ਵਾਲਿਆਂ ਵਿੱਚੋਂ ਇਕ ਕਿ ਇੰਨੇ ਘੱਟ ਹੀ ਕਦੇ ਜਾਣਦੇ ਹਨ ਕਿ ਅਸੀਂ ਇੱਥੇ ਮੌਜੂਦ ਵੀ ਸਨ। ਇਹ ਵਿਚਾਰ ਸਨਕੀ ਜਾਂ ਗ਼ਮਗੀਨ ਜਾਂ ਉਦਰੇਵਾਂ ਜਾਂ ਰੋਗੀ ਨਹੀਂ ਹੈ। ਇਹ ਸੱਚਾਈ ਹੈ, ਸਾਮ੍ਹਣਾ ਕਰਨ ਲਈ ਇਕ ਹਕੀਕਤ, ਇਕ ਵਿਵਹਾਰਕ ਦ੍ਰਿਸ਼ਟੀ, ਜੇਕਰ ਇਹੋ ਜੀਵਨ ਹੀ ਸਭ ਕੁਝ ਹੈ।”—ਅਗਸਤ 1, 1957, ਸਫ਼ਾ 472.
ਕੀ ਤੁਹਾਨੂੰ ਯਾਦ ਹੈ?
◻ ਤੁਹਾਡੇ ਜੀਵਨ ਵਿਚ ਸੰਪਤੀ ਦੀ ਭੂਮਿਕਾ ਦਾ ਬੁੱਧੀਮਾਨ ਮੁੱਲਾਂਕਣ ਕੀ ਹੈ?
◻ ਸਾਨੂੰ ਪਰਿਵਾਰ ਉੱਤੇ, ਮਸ਼ਹੂਰੀ ਉੱਤੇ, ਜਾਂ ਦੂਜਿਆਂ ਉੱਪਰ ਅਧਿਕਾਰ ਉੱਤੇ ਅਨੁਚਿਤ ਜ਼ੋਰ ਕਿਉਂ ਨਹੀਂ ਪਾਉਣਾ ਚਾਹੀਦਾ ਹੈ?
◻ ਸੁਲੇਮਾਨ ਨੇ ਆਨੰਦ ਦੇ ਪ੍ਰਤੀ ਕਿਹੜੇ ਈਸ਼ਵਰੀ ਰਵੱਈਏ ਨੂੰ ਉਤਸ਼ਾਹਿਤ ਕੀਤਾ?
◻ ਤੁਹਾਨੂੰ ਉਪਦੇਸ਼ਕ ਦੀ ਪੋਥੀ ਉੱਤੇ ਵਿਚਾਰ ਕਰਨ ਤੋਂ ਕਿਵੇਂ ਲਾਭ ਹੋਇਆ ਹੈ?
[ਸਫ਼ੇ 26 ਉੱਤੇ ਤਸਵੀਰਾਂ]
ਪੈਸਾ ਅਤੇ ਸੰਪਤੀ ਸੰਤੁਸ਼ਟੀ ਨੂੰ ਨਿਸ਼ਚਿਤ ਨਹੀਂ ਕਰਦੇ ਹਨ
[ਸਫ਼ੇ 29 ਉੱਤੇ ਤਸਵੀਰ]
ਨੌਜਵਾਨਾਂ ਨੂੰ ਯਕੀਨ ਦਿਵਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਭਲਾ ਹੋਵੇਗਾ ਜੇਕਰ ਉਹ ਪਰਮੇਸ਼ੁਰ ਤੋਂ ਡਰਨਗੇ