“ਮੇਲ ਕਰਨ ਦਾ ਵੇਲਾ” ਨੇੜੇ ਹੈ!
“ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਜੁੱਧ ਕਰਨ ਦਾ ਵੇਲਾ ਹੈ, ਇੱਕ ਮੇਲ ਕਰਨ ਦਾ ਵੇਲਾ ਹੈ।”—ਉਪਦੇਸ਼ਕ 3:1, 8.
1. ਯੁੱਧ ਅਤੇ ਸ਼ਾਂਤੀ ਦੇ ਸੰਬੰਧ ਵਿਚ 20ਵੀਂ ਸਦੀ ਵਿਚ ਕਿਹੜੀ ਅਜੀਬ ਸਥਿਤੀ ਪੈਦਾ ਹੋਈ ਹੈ?
ਤਕਰੀਬਨ ਸਾਰੇ ਹੀ ਲੋਕ ਸ਼ਾਂਤੀ ਲਈ ਲੋਚਦੇ ਹਨ। ਬੀਤੀ ਕਿਸੇ ਵੀ ਸਦੀ ਵਿਚ ਇੰਨੀ ਅਸ਼ਾਂਤੀ ਨਹੀਂ ਸੀ ਜਿੰਨੀ ਅਸ਼ਾਂਤੀ ਇਸ 20ਵੀਂ ਸਦੀ ਵਿਚ ਰਹੀ ਹੈ। ਇਹ ਹੈਰਾਨੀ ਦੀ ਗੱਲ ਹੈ, ਕਿਉਂਕਿ ਸ਼ਾਂਤੀ ਲਿਆਉਣ ਲਈ ਪਹਿਲਾਂ ਕਦੀ ਇੰਨੇ ਜਤਨ ਨਹੀਂ ਕੀਤੇ ਗਏ ਸਨ। ਸੰਨ 1920 ਵਿਚ ਰਾਸ਼ਟਰ-ਸੰਘ ਦੀ ਸਥਾਪਨਾ ਕੀਤੀ ਗਈ ਸੀ। ਸੰਨ 1928 ਵਿਚ ਹੋਈ ਕੈਲੌਗ-ਬ੍ਰੀਆਨ ਸੰਧੀ ਨੂੰ ਇਕ ਐਨਸਾਈਕਲੋਪੀਡੀਆ ਨੇ “ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਸ਼ਾਂਤੀ ਬਣਾਈ ਰੱਖਣ ਦਾ ਸਭ ਤੋਂ ਵੱਡਾ ਜਤਨ” ਕਿਹਾ। ਇਸ ਸੰਧੀ ਦਾ “ਦੁਨੀਆਂ ਦੀਆਂ ਤਕਰੀਬਨ ਸਾਰੀਆਂ ਕੌਮਾਂ” ਨੇ ਸਮਰਥਨ ਕੀਤਾ ਅਤੇ “ਉਹ ਸਹਿਮਤ ਹੋਈਆਂ ਕਿ ਉਹ ਅੱਗੋਂ ਕੌਮੀ ਨੀਤੀ ਵਿਚ ਯੁੱਧ ਨੂੰ ਹਥਿਆਰ ਵਜੋਂ ਇਸਤੇਮਾਲ ਨਹੀਂ ਕਰਨਗੀਆਂ।” ਫਿਰ 1945 ਵਿਚ, ਬੇਕਾਰ ਹੋ ਚੁੱਕੇ ਰਾਸ਼ਟਰ-ਸੰਘ ਦੀ ਜਗ੍ਹਾ ਤੇ ਸੰਯੁਕਤ ਰਾਸ਼ਟਰ-ਸੰਘ ਦੀ ਸਥਾਪਨਾ ਕੀਤੀ ਗਈ ਸੀ।
2. ਸੰਯੁਕਤ ਰਾਸ਼ਟਰ-ਸੰਘ ਦਾ ਟੀਚਾ ਕੀ ਹੈ ਅਤੇ ਇਸ ਨੇ ਕਿਸ ਹੱਦ ਤਕ ਸਫ਼ਲਤਾ ਪ੍ਰਾਪਤ ਕੀਤੀ ਹੈ?
2 ਰਾਸ਼ਟਰ-ਸੰਘ ਦੀ ਤਰ੍ਹਾਂ, ਸੰਯੁਕਤ ਰਾਸ਼ਟਰ-ਸੰਘ ਦਾ ਟੀਚਾ ਵੀ ਦੁਨੀਆਂ ਵਿਚ ਸ਼ਾਂਤੀ ਲਿਆਉਣਾ ਸੀ। ਪਰ ਇਸ ਨੂੰ ਕੁਝ ਹੱਦ ਤਕ ਹੀ ਸਫ਼ਲਤਾ ਮਿਲੀ ਹੈ। ਇਹ ਠੀਕ ਹੈ ਕਿ ਸੰਸਾਰ ਵਿਚ ਹੁਣ ਕਿਤੇ ਵੀ ਦੋ ਵਿਸ਼ਵ ਯੁੱਧਾਂ ਵਾਂਗ ਵੱਡੇ ਪੈਮਾਨੇ ਤੇ ਯੁੱਧ ਨਹੀਂ ਹੋ ਰਹੇ ਹਨ। ਫਿਰ ਵੀ, ਦਰਜਨਾਂ ਛੋਟੀਆਂ-ਛੋਟੀਆਂ ਲੜਾਈਆਂ ਲੱਖਾਂ ਹੀ ਲੋਕਾਂ ਦੇ ਮਨਾਂ ਦੀ ਸ਼ਾਂਤੀ ਭੰਗ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਜਾਨ-ਮਾਲ ਦਾ ਨੁਕਸਾਨ ਕਰ ਰਹੀਆਂ ਹਨ। ਕੀ ਅਸੀਂ ਸੰਯੁਕਤ ਰਾਸ਼ਟਰ-ਸੰਘ ਤੋਂ ਇਹ ਉਮੀਦ ਰੱਖਣ ਦਾ ਹੌਸਲਾ ਕਰ ਸਕਦੇ ਹਾਂ ਕਿ ਉਹ 21ਵੀਂ ਸਦੀ ਨੂੰ ‘ਇੱਕ ਮੇਲ ਕਰਨ ਦੇ ਵੇਲੇ’ ਵਿਚ ਬਦਲ ਦੇਵੇਗਾ?
ਸੱਚੀ ਸ਼ਾਂਤੀ ਦਾ ਆਧਾਰ
3. ਨਫ਼ਰਤ ਦੇ ਹੁੰਦੇ ਹੋਏ ਸੱਚੀ ਸ਼ਾਂਤੀ ਕਿਉਂ ਨਹੀਂ ਆ ਸਕਦੀ?
3 ਲੋਕਾਂ ਵਿਚ ਸ਼ਾਂਤੀ ਅਤੇ ਕੌਮਾਂ ਵਿਚ ਸ਼ਾਂਤੀ ਲਈ ਸਿਰਫ਼ ਇੰਨਾ ਹੀ ਕਾਫ਼ੀ ਨਹੀਂ ਹੈ ਕਿ ਉਹ ਇਕ ਦੂਸਰੇ ਨੂੰ ਬਰਦਾਸ਼ਤ ਕਰਨ। ਕੀ ਕੋਈ ਵਿਅਕਤੀ ਕਿਸੇ ਨਾਲ ਸ਼ਾਂਤੀ ਨਾਲ ਰਹਿ ਸਕਦਾ ਹੈ ਜੇ ਉਹ ਉਸ ਨੂੰ ਨਫ਼ਰਤ ਕਰਦਾ ਹੋਵੇ? 1 ਯੂਹੰਨਾ 3:15 ਇਸ ਦਾ ਜਵਾਬ ਨਹੀਂ ਵਿਚ ਦਿੰਦਾ ਹੈ, ਜਿਸ ਵਿਚ ਲਿਖਿਆ ਹੈ: “ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ।” ਹਾਲ ਹੀ ਦਾ ਇਤਿਹਾਸ ਦਿਖਾਉਂਦਾ ਹੈ ਕਿ ਅਕਸਰ ਡੂੰਘੀ ਨਫ਼ਰਤ ਝੱਟ ਹਿੰਸਾ ਵਿਚ ਬਦਲ ਜਾਂਦੀ ਹੈ।
4. ਸਿਰਫ਼ ਕਿਹੜੇ ਲੋਕ ਸ਼ਾਂਤੀ ਮਾਣ ਸਕਦੇ ਹਨ ਅਤੇ ਕਿਉਂ?
4 ਕਿਉਂਕਿ ਯਹੋਵਾਹ “ਸ਼ਾਂਤੀ ਦਾਤਾ ਪਰਮੇਸ਼ੁਰ” ਹੈ, ਇਸ ਲਈ ਉਹੀ ਲੋਕ ਸ਼ਾਂਤੀ ਮਾਣ ਸਕਦੇ ਹਨ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਧਰਮੀ ਸਿਧਾਂਤਾਂ ਦੀ ਬਹੁਤ ਕਦਰ ਕਰਦੇ ਹਨ। ਇਹ ਸਪੱਸ਼ਟ ਹੈ ਕਿ ਯਹੋਵਾਹ ਸਭ ਨੂੰ ਸ਼ਾਂਤੀ ਨਹੀਂ ਬਖ਼ਸ਼ਦਾ ਹੈ। “ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ।” ਇਹ ਇਸ ਲਈ ਹੈ ਕਿਉਂਕਿ ਦੁਸ਼ਟ ਵਿਅਕਤੀ ਪਰਮੇਸ਼ੁਰ ਦੀ ਪਵਿੱਤਰ ਆਤਮਾ, ਜਿਸ ਦਾ ਇਕ ਫਲ ਸ਼ਾਂਤੀ ਹੈ, ਦੇ ਨਿਰਦੇਸ਼ਨ ਵਿਚ ਚੱਲਣ ਤੋਂ ਇਨਕਾਰ ਕਰਦੇ ਹਨ।—ਰੋਮੀਆਂ 15:33; ਯਸਾਯਾਹ 57:21; ਗਲਾਤੀਆਂ 5:22.
5. ਸੱਚੇ ਮਸੀਹੀ ਕਿਸ ਚੀਜ਼ ਬਾਰੇ ਸੋਚ ਵੀ ਨਹੀਂ ਸਕਦੇ?
5 ਅਖਾਉਤੀ ਮਸੀਹੀਆਂ ਨੇ ਖ਼ਾਸ ਕਰਕੇ ਇਸ 20ਵੀਂ ਸਦੀ ਵਿਚ ਆਪਣੇ ਸੰਗੀ ਮਨੁੱਖਾਂ ਨਾਲ ਯੁੱਧ ਕੀਤਾ ਹੈ, ਪਰ ਸੱਚੇ ਮਸੀਹੀ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦੇ। (ਯਾਕੂਬ 4:1-4) ਇਹ ਸੱਚ ਹੈ ਕਿ ਉਹ ਉਨ੍ਹਾਂ ਸਿੱਖਿਆਵਾਂ ਵਿਰੁੱਧ ਯੁੱਧ ਕਰਦੇ ਹਨ ਜੋ ਪਰਮੇਸ਼ੁਰ ਨੂੰ ਗ਼ਲਤ ਰੂਪ ਵਿਚ ਪੇਸ਼ ਕਰਦੀਆਂ ਹਨ, ਪਰ ਇਹ ਯੁੱਧ ਲੋਕਾਂ ਦੀ ਮਦਦ ਕਰਨ ਲਈ ਕੀਤਾ ਜਾਂਦਾ ਹੈ, ਨਾ ਕਿ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ। ਧਾਰਮਿਕ ਮਤ-ਭੇਦ ਕਰਕੇ ਦੂਸਰਿਆਂ ਉੱਤੇ ਜੁਲਮ ਢਾਹੁਣਾ ਜਾਂ ਕੌਮਪਰਸਤੀ ਕਰਕੇ ਦੂਸਰਿਆਂ ਨੂੰ ਮਾਰਨਾ-ਕੁੱਟਣਾ ਸੱਚੀ ਮਸੀਹੀਅਤ ਦੇ ਬਿਲਕੁਲ ਖ਼ਿਲਾਫ ਹੈ। ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਹਿਦਾਇਤ ਦਿੱਤੀ: “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।”—ਰੋਮੀਆਂ 12:17-19; 2 ਤਿਮੋਥਿਉਸ 2:24, 25.
6. ਅੱਜ ਸੱਚੀ ਸ਼ਾਂਤੀ ਸਿਰਫ਼ ਕਿੱਥੇ ਪਾਈ ਜਾਂਦੀ ਹੈ?
6 ਅੱਜ ਯਹੋਵਾਹ ਪਰਮੇਸ਼ੁਰ ਦੇ ਸੱਚੇ ਉਪਾਸਕਾਂ ਵਿਚ ਹੀ ਪਰਮੇਸ਼ੁਰੀ ਸ਼ਾਂਤੀ ਪਾਈ ਜਾਂਦੀ ਹੈ। (ਜ਼ਬੂਰ 119:165; ਯਸਾਯਾਹ 48:18) ਰਾਜਨੀਤਿਕ ਮਤ-ਭੇਦ ਉਨ੍ਹਾਂ ਦੀ ਏਕਤਾ ਨੂੰ ਭੰਗ ਨਹੀਂ ਕਰਦੇ, ਕਿਉਂਕਿ ਉਹ ਹਰ ਥਾਂ ਤੇ ਰਾਜਨੀਤਿਕ ਤੌਰ ਤੇ ਨਿਰਪੱਖ ਰਹਿੰਦੇ ਹਨ। (ਯੂਹੰਨਾ 15:19; 17:14) ਕਿਉਂਕਿ ਉਹ “ਇੱਕੋ ਮਨ ਅਤੇ ਇੱਕੋ ਵਿਚਾਰ” ਦੇ ਹਨ, ਇਸ ਲਈ ਉਨ੍ਹਾਂ ਵਿਚ ਧਾਰਮਿਕ ਮਤ-ਭੇਦ ਨਾ ਹੋਣ ਕਰਕੇ ਉਨ੍ਹਾਂ ਦੀ ਸ਼ਾਂਤੀ ਨੂੰ ਕੋਈ ਖ਼ਤਰਾ ਨਹੀਂ ਹੈ। (1 ਕੁਰਿੰਥੀਆਂ 1:10) ਯਹੋਵਾਹ ਦੇ ਗਵਾਹ ਜਿਸ ਸ਼ਾਂਤੀ ਦਾ ਆਨੰਦ ਮਾਣਦੇ ਹਨ, ਉਹ ਅੱਜ ਦੇ ਦਿਨਾਂ ਵਿਚ ਇਕ ਚਮਤਕਾਰ ਹੈ। ਪਰਮੇਸ਼ੁਰ ਦੁਆਰਾ ਕੀਤਾ ਗਿਆ ਇਹ ਚਮਤਕਾਰ ਉਸ ਦੇ ਇਸ ਵਾਅਦੇ ਦੇ ਅਨੁਸਾਰ ਹੈ: “ਮੈਂ ਤੇਰੇ ਮੁਹੱਸਲਾਂ ਨੂੰ ਸ਼ਾਂਤੀ, ਅਤੇ ਤੇਰੇ ਬੇਗਾਰ ਕਰਾਉਣ ਵਾਲਿਆਂ ਨੂੰ ਧਰਮ ਬਣਾਵਾਂਗਾ।”—ਯਸਾਯਾਹ 60:17; ਇਬਰਾਨੀਆਂ 8:10.
“ਜੁੱਧ ਕਰਨ ਦਾ ਵੇਲਾ” ਕਿਉਂ?
7, 8. (ੳ) ਸ਼ਾਂਤੀ ਨਾਲ ਜ਼ਿੰਦਗੀ ਬਸਰ ਕਰਨ ਦੇ ਬਾਵਜੂਦ ਵੀ ਯਹੋਵਾਹ ਦੇ ਗਵਾਹ ਮੌਜੂਦਾ ਸਮੇਂ ਨੂੰ ਕਿਸ ਤਰ੍ਹਾਂ ਵਿਚਾਰਦੇ ਹਨ? (ਅ) ਮਸੀਹੀ ਯੁੱਧ ਦਾ ਮੁੱਖ ਸ਼ਸਤਰ ਕਿਹੜਾ ਹੈ?
7 ਸ਼ਾਂਤੀ ਨਾਲ ਜ਼ਿੰਦਗੀ ਬਸਰ ਕਰਨ ਦੇ ਬਾਵਜੂਦ, ਯਹੋਵਾਹ ਦੇ ਗਵਾਹ ਮੌਜੂਦਾ ਸਮੇਂ ਨੂੰ ਮੁੱਖ ਤੌਰ ਤੇ “ਜੁੱਧ ਕਰਨ ਦਾ ਵੇਲਾ” ਵਿਚਾਰਦੇ ਹਨ। ਨਿਰਸੰਦੇਹ ਇਹ ਸੱਚੀ-ਮੁੱਚੀ ਦਾ ਯੁੱਧ ਨਹੀਂ ਹੈ ਕਿਉਂਕਿ ਹਥਿਆਰਾਂ ਦੀ ਵਰਤੋਂ ਕਰ ਕੇ ਦੂਸਰਿਆਂ ਨੂੰ ਬਾਈਬਲ ਦਾ ਸੰਦੇਸ਼ ਸਵੀਕਾਰ ਕਰਨ ਲਈ ਮਜਬੂਰ ਕਰਨਾ ਪਰਮੇਸ਼ੁਰ ਦੇ ਇਸ ਸੱਦੇ ਦੇ ਬਿਲਕੁਲ ਉਲਟ ਹੈ: “ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।” (ਟੇਢੇ ਟਾਈਪ ਸਾਡੇ।) (ਪਰਕਾਸ਼ ਦੀ ਪੋਥੀ 22:17) ਕਿਸੇ ਨੂੰ ਧਰਮ ਬਦਲਣ ਲਈ ਮਜਬੂਰ ਨਹੀਂ ਕੀਤਾ ਜਾਂਦਾ ਹੈ! ਯਹੋਵਾਹ ਦੇ ਗਵਾਹ ਜਿਹੜਾ ਯੁੱਧ ਕਰਦੇ ਹਨ ਉਹ ਪੂਰੀ ਤਰ੍ਹਾਂ ਅਧਿਆਤਮਿਕ ਹੈ। ਪੌਲੁਸ ਨੇ ਲਿਖਿਆ: “ਸਾਡੇ ਜੁੱਧ ਦੇ ਸ਼ਸਤ੍ਰ ਸਰੀਰਕ ਨਹੀਂ ਸਗੋਂ ਪਰਮੇਸ਼ੁਰ ਦੇ ਭਾਣੇ ਕਿਲ੍ਹਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ।”—2 ਕੁਰਿੰਥੀਆਂ 10:4; 1 ਤਿਮੋਥਿਉਸ 1:18.
8 ‘ਸਾਡੇ ਜੁੱਧ ਦੇ ਸ਼ਸਤ੍ਰਾਂ’ ਵਿੱਚੋਂ ਮੁੱਖ ਸ਼ਸਤਰ “ਆਤਮਾ ਦੀ ਤਲਵਾਰ” ਹੈ “ਜੋ ਪਰਮੇਸ਼ੁਰ ਦੀ ਬਾਣੀ ਹੈ।” (ਅਫ਼ਸੀਆਂ 6:17) ਇਹ ਤਲਵਾਰ ਬਹੁਤ ਸ਼ਕਤੀਸ਼ਾਲੀ ਹੈ। “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬਰਾਨੀਆਂ 4:12) ਇਸ ਤਲਵਾਰ ਨੂੰ ਵਰਤ ਕੇ ਮਸੀਹੀ “ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ” ਖ਼ਤਮ ਕਰਨ ਦੇ ਯੋਗ ਹੁੰਦੇ ਹਨ। (2 ਕੁਰਿੰਥੀਆਂ 10:5) ਇਹ ਝੂਠੀਆਂ ਸਿੱਖਿਆਵਾਂ, ਨੁਕਸਾਨਦਾਇਕ ਕੰਮਾਂ ਅਤੇ ਉਨ੍ਹਾਂ ਫ਼ਲਸਫ਼ਿਆਂ ਦਾ ਪਰਦਾ ਫ਼ਾਸ਼ ਕਰਨ ਵਿਚ ਮਦਦ ਕਰਦੀ ਹੈ ਜੋ ਪਰਮੇਸ਼ੁਰੀ ਸਮਝ ਦੀ ਬਜਾਇ ਇਨਸਾਨੀ ਸਮਝ ਨੂੰ ਦਰਸਾਉਂਦੇ ਹਨ।—1 ਕੁਰਿੰਥੀਆਂ 2:6-8; ਅਫ਼ਸੀਆਂ 6:11-13.
9. ਸਾਨੂੰ ਆਪਣੇ ਪਾਪਮਈ ਸਰੀਰ ਵਿਰੁੱਧ ਲੜਦੇ ਰਹਿਣ ਦੀ ਕਿਉਂ ਜ਼ਰੂਰਤ ਹੈ?
9 ਅਸੀਂ ਆਪਣੇ ਪਾਪਮਈ ਸਰੀਰ ਵਿਰੁੱਧ ਵੀ ਅਧਿਆਤਮਿਕ ਯੁੱਧ ਕਰਦੇ ਹਾਂ। ਮਸੀਹੀ ਪੌਲੁਸ ਦੀ ਉਦਾਹਰਣ ਤੇ ਚੱਲਦੇ ਹਨ, ਜਿਸ ਨੇ ਇਹ ਮੰਨਿਆ: “[ਮੈਂ] ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਅਪਰਵਾਨ ਹੋ ਜਾਵਾਂ।” (1 ਕੁਰਿੰਥੀਆਂ 9:27) ਕੁਲੁੱਸੈ ਦੇ ਮਸੀਹੀਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਆਪਣੇ ‘ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟਣ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ।’ (ਕੁਲੁੱਸੀਆਂ 3:5) ਅਤੇ ਬਾਈਬਲ ਦੇ ਲਿਖਾਰੀ ਯਹੂਦਾਹ ਨੇ ਮਸੀਹੀਆਂ ਨੂੰ ‘ਓਸ ਨਿਹਚਾ ਦੇ ਲਈ ਜਿਹੜੀ ਇੱਕੋ ਹੀ ਵਾਰ ਸੰਤਾਂ ਨੂੰ ਸੌਂਪੀ ਗਈ ਸੀ ਜਤਨ ਕਰਨ [‘ਸਖ਼ਤ ਲੜਾਈ ਲੜਨ,’ ਨਿ ਵ]’ ਦੀ ਤਾਕੀਦ ਕੀਤੀ। (ਯਹੂਦਾਹ 3) ਅਸੀਂ ਇਸ ਤਰ੍ਹਾਂ ਕਿਉਂ ਕਰਨਾ ਹੈ? ਪੌਲੁਸ ਉੱਤਰ ਦਿੰਦਾ ਹੈ: “ਜੇ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਵੇਗਾ ਪਰ ਜੇ ਆਤਮਾ ਨਾਲ ਦੇਹੀ ਦੇ ਕਾਰਜਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ।” (ਰੋਮੀਆਂ 8:13) ਇਸ ਸਪੱਸ਼ਟ ਬਿਆਨ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਆਪਣੇ ਗ਼ਲਤ ਰੁਝਾਨਾਂ ਵਿਰੁੱਧ ਲੜਦੇ ਰਹਿਣ ਦੀ ਜ਼ਰੂਰਤ ਹੈ।
10. ਸਾਲ 1914 ਵਿਚ ਕੀ ਹੋਇਆ ਅਤੇ ਇਸ ਦੇ ਸਿੱਟੇ ਵਜੋਂ ਨੇੜਲੇ ਭਵਿੱਖ ਵਿਚ ਕੀ ਹੋਵੇਗਾ?
10 ਇਕ ਹੋਰ ਕਾਰਨ ਹੈ ਜਿਸ ਕਰਕੇ ਮੌਜੂਦਾ ਸਮੇਂ ਨੂੰ ਯੁੱਧ ਕਰਨ ਦੇ ਸਮੇਂ ਵਜੋਂ ਵਿਚਾਰਿਆ ਜਾ ਸਕਦਾ ਹੈ ਅਤੇ ਇਹ ਹੈ ਕਿ ‘ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦਾ ਦਿਨ’ ਬਹੁਤ ਨੇੜੇ ਹੈ। (ਯਸਾਯਾਹ 61:1, 2) ਮਸੀਹਾਈ ਰਾਜ ਨੂੰ ਸਥਾਪਿਤ ਕਰਨ ਅਤੇ ਇਸ ਨੂੰ ਸ਼ਤਾਨ ਦੀ ਵਿਵਸਥਾ ਵਿਰੁੱਧ ਜੋਸ਼ ਨਾਲ ਲੜਾਈ ਲੜਨ ਦਾ ਅਧਿਕਾਰ ਦੇਣ ਦਾ ਯਹੋਵਾਹ ਦਾ ਨਿਰਧਾਰਿਤ ਸਮਾਂ 1914 ਵਿਚ ਆਇਆ ਸੀ। ਪਰਮੇਸ਼ੁਰ ਦੀ ਦਖ਼ਲਅੰਦਾਜ਼ੀ ਤੋਂ ਬਿਨਾਂ ਮਨੁੱਖਾਂ ਨੂੰ ਆਪਣੀਆਂ ਸਰਕਾਰਾਂ ਬਣਾਉਣ ਦਾ ਜਿੰਨਾ ਸਮਾਂ ਦਿੱਤਾ ਗਿਆ ਸੀ ਉਹ ਉਸ ਸਾਲ ਖ਼ਤਮ ਹੋ ਗਿਆ ਸੀ। ਪਰਮੇਸ਼ੁਰ ਦੇ ਮਸੀਹਾਈ ਰਾਜੇ ਨੂੰ ਸਵੀਕਾਰ ਕਰਨ ਦੀ ਬਜਾਇ, ਜ਼ਿਆਦਾਤਰ ਲੋਕ ਅਜੇ ਵੀ ਉਸ ਨੂੰ ਸਵੀਕਾਰ ਨਹੀਂ ਕਰਦੇ ਹਨ, ਜਿਵੇਂ ਪਹਿਲੀ ਸਦੀ ਵਿਚ ਜ਼ਿਆਦਾਤਰ ਲੋਕਾਂ ਨੇ ਕੀਤਾ ਸੀ। (ਰਸੂਲਾਂ ਦੇ ਕਰਤੱਬ 28:27) ਸਿੱਟੇ ਵਜੋਂ, ਰਾਜ ਦਾ ਵਿਰੋਧ ਹੋਣ ਕਰਕੇ ਮਸੀਹ ਨੂੰ ਮਜਬੂਰਨ ‘ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰਨਾ’ ਪੈ ਰਿਹਾ ਹੈ। (ਜ਼ਬੂਰ 110:2) ਪਰ ਖ਼ੁਸ਼ੀ ਦੀ ਗੱਲ ਹੈ ਕਿ ਪਰਕਾਸ਼ ਦੀ ਪੋਥੀ 6:2 ਵਾਅਦਾ ਕਰਦਾ ਹੈ ਕਿ ਮਸੀਹ ਉਨ੍ਹਾਂ ਨੂੰ ‘ਫਤਹ ਕਰੇਗਾ।’ ਉਹ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ ਵਿਚ ਜਿਹੜਾ ਇਬਰਾਨੀ ਭਾਖਿਆ ਵਿੱਚ ਹਰਮਗਿੱਦੋਨ ਕਰਕੇ ਸਦਾਉਂਦਾ ਹੈ’ ਉਨ੍ਹਾਂ ਨੂੰ ਫਤਹਿ ਕਰੇਗਾ।—ਪਰਕਾਸ਼ ਦੀ ਪੋਥੀ 16:14, 16.
ਹੁਣ ਹੀ “ਬੋਲਣ ਦਾ ਵੇਲਾ” ਹੈ
11. ਯਹੋਵਾਹ ਨੇ ਇੰਨਾ ਧੀਰਜ ਕਿਉਂ ਰੱਖਿਆ ਹੈ, ਪਰ ਆਖ਼ਰਕਾਰ ਕਿਹੜਾ ਦਿਨ ਆਵੇਗਾ?
11 ਮਨੁੱਖੀ ਇਤਿਹਾਸ ਦੇ ਅਤਿ-ਮਹੱਤਵਪੂਰਣ ਸਾਲ 1914 ਤੋਂ ਲੈ ਕੇ ਹੁਣ ਤਕ 85 ਸਾਲ ਬੀਤ ਚੁੱਕੇ ਹਨ। ਯਹੋਵਾਹ ਮਨੁੱਖਜਾਤੀ ਨਾਲ ਬਹੁਤ ਹੀ ਧੀਰਜ ਨਾਲ ਪੇਸ਼ ਆਇਆ ਹੈ। ਉਸ ਨੇ ਆਪਣੇ ਗਵਾਹਾਂ ਨੂੰ ਪੂਰੀ ਤਰ੍ਹਾਂ ਸਚੇਤ ਕੀਤਾ ਹੈ ਕਿ ਸਮਾਂ ਬਹੁਤ ਘੱਟ ਗਿਆ ਹੈ। ਲੱਖਾਂ ਜ਼ਿੰਦਗੀਆਂ ਖ਼ਤਰੇ ਵਿਚ ਹਨ। ਇਨ੍ਹਾਂ ਲੱਖਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ “ਪ੍ਰਭੁ . . . ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਫਿਰ ਵੀ, “ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ” ਜਲਦੀ ਹੀ “ਅਕਾਸ਼ੋਂ ਪਰਗਟ ਹੋਵੇਗਾ।” ਫਿਰ ਉਨ੍ਹਾਂ ਸਾਰੇ ਲੋਕਾਂ ਤੋਂ “ਬਦਲਾ” ਲਿਆ ਜਾਵੇਗਾ ਜਿਨ੍ਹਾਂ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਨੂੰ ਠੁਕਰਾਇਆ ਹੈ। ਯਿਸੂ ਉਨ੍ਹਾਂ ਲੋਕਾਂ ਤੋਂ ਬਦਲਾ ਲਵੇਗਾ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ।”—2 ਥੱਸਲੁਨੀਕੀਆਂ 1:6-9.
12. (ੳ) ਵੱਡੇ ਕਸ਼ਟ ਦੇ ਸ਼ੁਰੂ ਹੋਣ ਬਾਰੇ ਅਨੁਮਾਨ ਲਗਾਉਣ ਦਾ ਕਿਉਂ ਕੋਈ ਫ਼ਾਇਦਾ ਨਹੀਂ ਹੈ? (ਅ) ਯਿਸੂ ਨੇ ਇਸ ਸੰਬੰਧੀ ਕਿਹੜੇ ਖ਼ਤਰੇ ਦੀ ਚੇਤਾਵਨੀ ਦਿੱਤੀ ਸੀ?
12 ਯਹੋਵਾਹ ਦਾ ਧੀਰਜ ਕਦੋਂ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ? “ਵੱਡੇ ਕਸ਼ਟ” ਦੇ ਸ਼ੁਰੂ ਹੋਣ ਦੇ ਸਮੇਂ ਬਾਰੇ ਅਨੁਮਾਨ ਲਗਾਉਣ ਦਾ ਕੋਈ ਫ਼ਾਇਦਾ ਨਹੀਂ ਹੈ। ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ।” ਦੂਸਰੇ ਪਾਸੇ ਉਸ ਨੇ ਸਾਵਧਾਨ ਕੀਤਾ: “ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ। . . . ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।” (ਮੱਤੀ 24:21, 36, 42, 44) ਸੌਖੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਸ ਦਾ ਇਹ ਮਤਲਬ ਹੈ ਕਿ ਸੰਸਾਰ ਵਿਚ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ਪ੍ਰਤੀ ਸਾਨੂੰ ਹਰ ਦਿਨ ਜਾਗਦੇ ਰਹਿਣਾ ਚਾਹੀਦਾ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਵੱਡਾ ਕਸ਼ਟ ਕਦੀ ਵੀ ਸ਼ੁਰੂ ਹੋ ਸਕਦਾ ਹੈ। (1 ਥੱਸਲੁਨੀਕੀਆਂ 5:1-5) ਇਹ ਸੋਚਣਾ ਕਿੰਨਾ ਖ਼ਤਰਨਾਕ ਹੈ ਕਿ ਅਸੀਂ ਦੂਸਰੇ ਲੋਕਾਂ ਵਾਂਗ ਆਮ ਜ਼ਿੰਦਗੀ ਜੀ ਸਕਦੇ ਹਾਂ ਤੇ ਬਾਅਦ ਵਿਚ ਜੋ ਹੋਉਗਾ ਦੇਖੀ ਜਾਉਗਾ! ਯਿਸੂ ਨੇ ਕਿਹਾ ਸੀ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ!” (ਲੂਕਾ 21:34, 35) ਅਸੀਂ ਇਸ ਗੱਲ ਤੇ ਪੂਰਾ ਯਕੀਨ ਰੱਖ ਸਕਦੇ ਹਾਂ: ਤਬਾਹੀ ਦੀਆਂ ਜਿਨ੍ਹਾਂ “ਚੌਹਾਂ ਪੌਣਾਂ” ਨੂੰ ਇਸ ਸਮੇਂ ਯਹੋਵਾਹ ਦੇ ‘ਚਾਰ ਦੂਤਾਂ’ ਨੇ ਫੜਿਆ ਹੋਇਆ ਹੈ, ਉਹ ਉਨ੍ਹਾਂ ਨੂੰ ਹਮੇਸ਼ਾ ਫੜੀ ਨਹੀਂ ਰੱਖਣਗੇ।—ਪਰਕਾਸ਼ ਦੀ ਪੋਥੀ 7:1-3.
13. ਤਕਰੀਬਨ 60 ਲੱਖ ਲੋਕ ਕੀ ਜਾਣਦੇ ਹਨ?
13 ਤੇਜ਼ੀ ਨਾਲ ਆ ਰਹੇ ਲੇਖਾ ਲੈਣ ਦੇ ਇਸ ਦਿਨ ਨੂੰ ਧਿਆਨ ਵਿਚ ਰੱਖਦੇ ਹੋਏ ਸੁਲੇਮਾਨ ਦੇ ਸ਼ਬਦ ਕਿ ਇਕ “ਬੋਲਣ ਦਾ ਵੇਲਾ” ਹੁੰਦਾ ਹੈ, ਸਾਡੇ ਲਈ ਖ਼ਾਸ ਅਰਥ ਰੱਖਦੇ ਹਨ। (ਉਪਦੇਸ਼ਕ ਦੀ ਪੋਥੀ 3:7) ਇਹ ਜਾਣਦੇ ਹੋਏ ਕਿ ਹੁਣ ਸੱਚ-ਮੁੱਚ ਬੋਲਣ ਦਾ ਸਮਾਂ ਹੈ, ਤਕਰੀਬਨ 60 ਲੱਖ ਯਹੋਵਾਹ ਦੇ ਗਵਾਹ ਪੂਰੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੇ ਪ੍ਰਤਾਪ ਬਾਰੇ ਦੱਸ ਰਹੇ ਹਨ ਅਤੇ ਉਸ ਦੇ ਬਦਲਾ ਲੈਣ ਦੇ ਦਿਨ ਬਾਰੇ ਚੇਤਾਵਨੀ ਦੇ ਰਹੇ ਹਨ। ਉਹ ਅੱਜ ਮਸੀਹ ਦੀ ਫ਼ੌਜ ਵਿਚ ਆਪਣੀ ਇੱਛਾ ਨਾਲ ਭਰਤੀ ਹੋ ਰਹੇ ਹਨ।—ਜ਼ਬੂਰ 110:3; 145:10-12.
ਉਹ ਜਿਹੜੇ ਕਹਿੰਦੇ ਹਨ ‘ਸੁਖ ਸਾਂਦ ਹੈ ਜਦੋਂ ਕਿ ਸੁਖ ਨਹੀਂ ਹੈ’
14. ਸੱਤਵੀਂ ਸਦੀ ਸਾ.ਯੁ.ਪੂ. ਦੌਰਾਨ ਕਿਹੜੇ ਝੂਠੇ ਨਬੀ ਮੌਜੂਦ ਸਨ?
14 ਸੱਤਵੀਂ ਸਦੀ ਸਾ.ਯੁ.ਪੂ. ਦੌਰਾਨ ਪਰਮੇਸ਼ੁਰ ਦੇ ਨਬੀਆਂ, ਯਿਰਮਿਯਾਹ ਅਤੇ ਹਿਜ਼ਕੀਏਲ ਨੇ ਯਰੂਸ਼ਲਮ ਨੂੰ ਇਹ ਸੰਦੇਸ਼ ਸੁਣਾਇਆ ਕਿ ਪਰਮੇਸ਼ੁਰ ਦੀ ਅਣਆਗਿਆਕਾਰੀ ਕਰਦੇ ਰਹਿਣ ਕਰਕੇ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ। ਜਿਸ ਤਬਾਹੀ ਦੀ ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਉਹ 607 ਸਾ.ਯੁ.ਪੂ. ਵਿਚ ਹੋਈ, ਭਾਵੇਂ ਕਿ ਅਸਰ-ਰਸੂਖ ਵਾਲੇ ਅਤੇ ਉੱਘੇ ਧਾਰਮਿਕ ਆਗੂਆਂ ਨੇ ਪਰਮੇਸ਼ੁਰ ਦੇ ਸੰਦੇਸ਼ਵਾਹਕਾਂ ਤੋਂ ਬਿਲਕੁਲ ਉਲਟ ਭਵਿੱਖਬਾਣੀ ਕੀਤੀ ਸੀ। ਇਹ ਧਾਰਮਿਕ ਆਗੂ ‘ਮੂਰਖ ਨਬੀ’ ਸਾਬਤ ਹੋਏ ਜਿਨ੍ਹਾਂ ਨੇ ‘ਪਰਮੇਸ਼ੁਰ ਦੇ ਲੋਕਾਂ ਨੂੰ ਇਹ ਆਖ ਕੇ ਕੁਰਾਹੇ ਪਾਇਆ ਕਿ ਸੁਖ ਹੈ ਜਦੋਂ ਕਿ ਸੁਖ ਨਹੀਂ ਸੀ।’—ਹਿਜ਼ਕੀਏਲ 13:1-16; ਯਿਰਮਿਯਾਹ 6:14, 15; 8:8-12.
15. ਕੀ ਅੱਜ ਵੀ ਅਜਿਹੇ ਝੂਠੇ ਨਬੀ ਪਾਏ ਜਾਂਦੇ ਹਨ? ਸਮਝਾਓ।
15 ਉਸ ਸਮੇਂ ਦੇ “ਮੂਰਖ ਨਬੀਆਂ” ਵਾਂਗ ਅੱਜ ਜ਼ਿਆਦਾਤਰ ਧਾਰਮਿਕ ਆਗੂ ਵੀ ਪਰਮੇਸ਼ੁਰ ਦੇ ਆ ਰਹੇ ਨਿਆਂ ਦੇ ਦਿਨ ਬਾਰੇ ਲੋਕਾਂ ਨੂੰ ਚੇਤਾਵਨੀ ਨਹੀਂ ਦਿੰਦੇ ਹਨ। ਇਸ ਦੀ ਬਜਾਇ ਉਹ ਲੋਕਾਂ ਨੂੰ ਸੋਹਣੇ-ਸੋਹਣੇ ਸੁਪਨੇ ਦਿਖਾਉਂਦੇ ਹਨ ਕਿ ਰਾਜਨੀਤਿਕ ਦਲ ਇਕ-ਨ-ਇਕ ਦਿਨ ਸ਼ਾਂਤੀ ਤੇ ਸੁਰੱਖਿਆ ਲਿਆਉਣਗੇ। ਪਰਮੇਸ਼ੁਰ ਦੀ ਬਜਾਇ ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਜ਼ਿਆਦਾ ਚਿੰਤਾ ਹੋਣ ਕਰਕੇ, ਉਹ ਆਪਣੀਆਂ ਭੇਡਾਂ ਨੂੰ ਇਹ ਸਮਝਾਉਣ ਦੀ ਥਾਂ ਤੇ ਕਿ ਪਰਮੇਸ਼ੁਰ ਦਾ ਰਾਜ ਸਥਾਪਿਤ ਹੋ ਚੁੱਕਾ ਹੈ ਅਤੇ ਮਸੀਹਾਈ ਰਾਜਾ ਜਲਦੀ ਹੀ ਆਪਣੀ ਫਤਹਿ ਪੂਰੀ ਕਰੇਗਾ, ਉਹ ਆਪਣੀਆਂ ਭੇਡਾਂ ਨੂੰ ਉਹੀ ਗੱਲਾਂ ਦੱਸਦੇ ਹਨ ਜੋ ਉਹ ਸੁਣਨਾ ਚਾਹੁੰਦੀਆਂ ਹਨ। (ਦਾਨੀਏਲ 2:44; 2 ਤਿਮੋਥਿਉਸ 4:3, 4; ਪਰਕਾਸ਼ ਦੀ ਪੋਥੀ 6:2) ਝੂਠੇ ਨਬੀ ਹੋਣ ਕਰਕੇ ਉਹ ਵੀ ਕਹਿੰਦੇ ਹਨ ਕਿ ‘ਸੁਖ ਸਾਂਦ ਹੈ ਜਦੋਂ ਕਿ ਸੁਖ ਨਹੀਂ ਹੈ।’ ਪਰ ਜਲਦੀ ਹੀ ਉਨ੍ਹਾਂ ਦਾ ਵਿਸ਼ਵਾਸ ਭੈ ਵਿਚ ਬਦਲ ਜਾਵੇਗਾ ਜਦੋਂ ਉਹ ਉਸ ਪਰਮੇਸ਼ੁਰ ਦੇ ਕ੍ਰੋਧ ਦਾ ਸਾਮ੍ਹਣਾ ਕਰਨਗੇ ਜਿਸ ਦੇ ਬਾਰੇ ਉਨ੍ਹਾਂ ਨੇ ਝੂਠ ਬੋਲਿਆ ਹੈ ਅਤੇ ਜਿਸ ਦੇ ਨਾਂ ਦੀ ਉਨ੍ਹਾਂ ਨੇ ਬੇਹਿਸਾਬ ਨਿੰਦਾ ਕੀਤੀ ਹੈ। ਝੂਠੇ ਧਰਮ ਦੇ ਵਿਸ਼ਵ ਸਾਮਰਾਜ, ਜਿਸ ਨੂੰ ਬਾਈਬਲ ਵਿਚ ਬਦਚਲਣ ਤੀਵੀਂ ਕਿਹਾ ਗਿਆ ਹੈ, ਦੇ ਆਗੂ ਲੋਕਾਂ ਨੂੰ ਗੁਮਰਾਹ ਕਰਨ ਲਈ ਸ਼ਾਂਤੀ ਦਾ ਐਲਾਨ ਅਜੇ ਕਰ ਹੀ ਰਹੇ ਹੋਣਗੇ ਕਿ ਉਹ ਨਾਸ਼ ਹੋ ਜਾਣਗੇ।—ਪਰਕਾਸ਼ ਦੀ ਪੋਥੀ 18:7, 8.
16. (ੳ) ਯਹੋਵਾਹ ਦੇ ਗਵਾਹ ਕਿਹੜੇ ਕੰਮਾਂ ਲਈ ਜਾਣੇ ਜਾਂਦੇ ਹਨ? (ਅ) ਉਹ ਉਨ੍ਹਾਂ ਲੋਕਾਂ ਨਾਲੋਂ ਕਿਵੇਂ ਵੱਖਰੇ ਹਨ ਜਿਹੜੇ ਰੌਲਾ ਪਾਉਂਦੇ ਹਨ ਕਿ ‘ਸੁਖ ਸਾਂਦ ਹੈ ਜਦੋਂ ਕਿ ਸੁਖ ਨਹੀਂ ਹੈ’?
16 ਭਾਵੇਂ ਅਸਰ-ਰਸੂਖ ਵਾਲੇ ਤੇ ਉੱਘੇ ਆਗੂ ਸ਼ਾਂਤੀ ਲਿਆਉਣ ਦੇ ਪਖੰਡੀ ਵਾਅਦੇ ਕਰੀ ਜਾਣ, ਪਰ ਇਹ ਉਨ੍ਹਾਂ ਲੋਕਾਂ ਦੇ ਵਿਸ਼ਵਾਸ ਨੂੰ ਹਿਲਾ ਨਹੀਂ ਸਕਦੇ ਜੋ ਸੱਚੀ ਸ਼ਾਂਤੀ ਲਿਆਉਣ ਦੇ ਪਰਮੇਸ਼ੁਰ ਦੇ ਵਾਅਦੇ ਵਿਚ ਨਿਹਚਾ ਰੱਖਦੇ ਹਨ। ਇਕ ਸਦੀ ਤੋਂ ਵੀ ਜ਼ਿਆਦਾ ਸਮੇਂ ਤੋਂ, ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਬਚਨ ਦੇ ਵਫ਼ਾਦਾਰ ਰੱਖਿਅਕਾਂ ਵਜੋਂ, ਝੂਠੇ ਧਰਮ ਦੇ ਦਲੇਰ ਵਿਰੋਧੀਆਂ ਵਜੋਂ ਅਤੇ ਪਰਮੇਸ਼ੁਰ ਦੇ ਰਾਜ ਦੇ ਦ੍ਰਿੜ੍ਹ ਸਮਰਥਕਾਂ ਵਜੋਂ ਜਾਣੇ ਜਾਂਦੇ ਹਨ। ਲੋਕਾਂ ਨੂੰ ਖ਼ੁਸ਼ ਕਰਨ ਲਈ ਸ਼ਾਂਤੀ ਦੇ ਉਹੀ ਪੁਰਾਣੇ ਘਿਸੇ-ਪਿਟੇ ਵਾਅਦੇ ਕਰਨ ਦੀ ਬਜਾਇ ਉਹ ਲੋਕਾਂ ਨੂੰ ਅੱਜ ਇਸ ਗੱਲ ਤੋਂ ਖ਼ਬਰਦਾਰ ਕਰਦੇ ਹਨ ਕਿ ਅੱਜ ਯੁੱਧ ਕਰਨ ਦਾ ਸਮਾਂ ਹੈ।—ਯਸਾਯਾਹ 56:10-12; ਰੋਮੀਆਂ 13:11, 12; 1 ਥੱਸਲੁਨੀਕੀਆਂ 5:6.
ਯਹੋਵਾਹ ਆਪਣੀ ਚੁੱਪ ਤੋੜਦਾ ਹੈ
17. ਇਸ ਦਾ ਕੀ ਮਤਲਬ ਹੈ ਕਿ ਜਲਦੀ ਹੀ ਯਹੋਵਾਹ ਆਪਣੀ ਚੁੱਪ ਤੋੜੇਗਾ?
17 ਸੁਲੇਮਾਨ ਨੇ ਇਹ ਵੀ ਕਿਹਾ: “ਪਰਮੇਸ਼ੁਰ ਧਰਮੀਆਂ ਅਤੇ ਦੁਸ਼ਟਾਂ ਦਾ ਨਿਆਉਂ ਕਰੇਗਾ ਕਿਉਂ ਜੋ ਇੱਕ ਇੱਕ ਗੱਲ ਦਾ ਅਤੇ ਇੱਕ ਇੱਕ ਕੰਮ ਦਾ ਇੱਕ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:17) ਜੀ ਹਾਂ, ਯਹੋਵਾਹ ਨੇ ਝੂਠੇ ਧਰਮਾਂ ਨੂੰ ਅਤੇ ‘ਯਹੋਵਾਹ ਅਰ ਉਹ ਦੇ ਮਸੀਹ ਦੇ ਵਿਰੁੱਧ ਉੱਠ ਖੜੇ ਹੋਏ ਧਰਤੀ ਦੇ ਰਾਜਿਆਂ’ ਨੂੰ ਸਜ਼ਾ ਦੇਣ ਲਈ ਇਕ ਸਮਾਂ ਨਿਰਧਾਰਿਤ ਕੀਤਾ ਹੈ। (ਜ਼ਬੂਰ 2:1-6; ਪਰਕਾਸ਼ ਦੀ ਪੋਥੀ 16:13-16) ਜਦੋਂ ਇਕ ਵਾਰ ਉਹ ਸਮਾਂ ਆ ਗਿਆ, ਤਾਂ ਉਦੋਂ ਯਹੋਵਾਹ ਦੇ “ਚੁੱਪ” ਰਹਿਣ ਦੇ ਦਿਨ ਖ਼ਤਮ ਹੋ ਜਾਣਗੇ। (ਜ਼ਬੂਰ 83:1; ਯਸਾਯਾਹ 62:1; ਯਿਰਮਿਯਾਹ 47:6, 7) ਸਿੰਘਾਸਣ ਉੱਤੇ ਬੈਠੇ ਆਪਣੇ ਮਸੀਹਾਈ ਰਾਜਾ, ਯਿਸੂ ਮਸੀਹ ਦੁਆਰਾ ਉਹ ਆਪਣੇ ਵਿਰੋਧੀਆਂ ਨਾਲ ਸਿਰਫ਼ ਇੱਕੋ ਭਾਸ਼ਾ ਵਿਚ ‘ਬੋਲੇਗਾ’ ਜਿਸ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਹਨ: “ਯਹੋਵਾਹ ਸੂਰਮੇ ਵਾਂਙੁ ਨਿੱਕਲੇਗਾ, ਉਹ ਜੋਧੇ ਵਾਂਙੁ ਆਪਣੀ ਅਣਖ ਨੂੰ ਉਭਾਰੇਗਾ, ਉਹ ਨਾਰਾ ਮਾਰੇਗਾ, ਉਹ ਕੂਕ ਮਾਰੇਗਾ, ਉਹ ਆਪਣੇ ਵੈਰੀਆਂ ਉੱਤੇ ਸੂਰਮਗਤੀ ਵਿਖਾਵੇਗਾ! ਮੈਂ ਚਿਰ ਤੋਂ ਚੁੱਪ ਸਾਧ ਲਈ, ਮੈਂ ਚੁੱਪ ਕਰ ਕੇ ਆਪਣੇ ਜੀ ਨੂੰ ਰੋਕਿਆ ਹੈ, ਹੁਣ ਮੈਂ ਜਣਨ ਵਾਲੀ ਤੀਵੀਂ ਵਾਂਙੁ ਚੀਕਾਂ ਮਾਰਾਂਗਾ, ਮੈਂ ਹੌਕੇ ਭਰਾਂਗਾ ਅਤੇ ਔਖੇ ਔਖੇ ਸਾਹ ਲਵਾਂਗਾ। ਮੈਂ ਪਹਾੜਾਂ ਅਤੇ ਟਿੱਬਿਆਂ ਨੂੰ ਵਿਰਾਨ ਕਰ ਦਿਆਂਗਾ, ਅਤੇ ਉਨ੍ਹਾਂ ਦੇ ਸਾਰੇ ਸਾਗ ਪੱਤ ਨੂੰ ਸੁਕਾ ਦਿਆਂਗਾ, ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾ, ਅਤੇ ਤਲਾ ਸੁਕਾ ਸੁੱਟਾਂਗਾ। ਮੈਂ ਅੰਨ੍ਹਿਆਂ ਨੂੰ ਇੱਕ ਰਾਹ ਉੱਤੇ ਤੋਰਾਂਗਾ, ਜਿਹ ਨੂੰ ਓਹ ਨਹੀਂ ਜਾਣਦੇ, ਅਤੇ ਉਨ੍ਹਾਂ ਪਹਿਆਂ ਵਿੱਚ ਓਹਨਾਂ ਦੀ ਅਗਵਾਈ ਕਰਾਂਗਾ ਜਿਨ੍ਹਾਂ ਨੂੰ ਓਹਨਾਂ ਨੇ ਜਾਤਾ ਹੀ ਨਹੀਂ। ਮੈਂ ਓਹਨਾਂ ਦੇ ਅੱਗੇ ਅਨ੍ਹੇਰ ਨੂੰ ਚਾਨਣ, ਅਤੇ ਵਿੰਗਿਆਂ ਥਾਵਾਂ ਨੂੰ ਸਿੱਧਿਆਂ ਬਣਾ ਦਿਆਂਗਾ। ਮੈਂ ਏਹ ਕੰਮ ਕਰਾਂਗਾ ਅਤੇ ਓਹਨਾਂ ਨੂੰ ਨਾ ਤਿਆਗਾਂਗਾ।”—ਟੇਢੇ ਟਾਈਪ ਸਾਡੇ; ਯਸਾਯਾਹ 42:13-16.
18. ਕਿਸ ਭਾਵ ਵਿਚ ਪਰਮੇਸ਼ੁਰ ਦੇ ਲੋਕ ਜਲਦੀ ਹੀ ‘ਚੁੱਪ ਕਰਨਗੇ’?
18 ਜਦੋਂ ਯਹੋਵਾਹ ਆਪਣੇ ਪਰਮੇਸ਼ੁਰ ਹੋਣ ਦੇ ਅਧਿਕਾਰ ਵਿਚ ‘ਬੋਲੇਗਾ,’ ਤਾਂ ਉਦੋਂ ਉਸ ਦੇ ਲੋਕਾਂ ਨੂੰ ਆਪਣੇ ਹੱਕ ਵਿਚ ਬੋਲਣ ਦੀ ਲੋੜ ਨਹੀਂ ਹੋਵੇਗੀ। ਫਿਰ ਉਨ੍ਹਾਂ ਦੇ “ਚੁੱਪ ਕਰਨ ਦਾ ਵੇਲਾ” ਹੋਵੇਗਾ। ਜਿਵੇਂ ਕਿ ਬੀਤੇ ਸਮੇਂ ਵਿਚ 2 ਇਤਹਾਸ 20:17 ਦੇ ਸ਼ਬਦ ਪਰਮੇਸ਼ੁਰ ਦੇ ਸੇਵਕਾਂ ਉੱਤੇ ਲਾਗੂ ਹੋਏ ਸਨ, ਉਸੇ ਤਰ੍ਹਾਂ ਭਵਿੱਖ ਵਿਚ ਵੀ ਇਹ ਸ਼ਬਦ ਲਾਗੂ ਹੋਣਗੇ: “ਤੁਹਾਨੂੰ ਏਸ ਥਾਂ ਲੜਨਾ ਨਹੀਂ ਪਵੇਗਾ, . . . ਤੁਸੀਂ ਪਾਲ ਬੰਨ੍ਹ ਕੇ ਚੁੱਪ ਚਾਪ ਖਲੋਤੇ ਰਹਿਣਾ ਅਤੇ ਯਹੋਵਾਹ ਦਾ ਬਚਾਓ ਜਿਹੜਾ ਤੁਹਾਡੇ ਲਈ ਹੈ ਵੇਖਣਾ!”
19. ਮਸੀਹ ਦੇ ਅਧਿਆਤਮਿਕ ਭਰਾਵਾਂ ਨੂੰ ਜਲਦੀ ਹੀ ਕਿਹੜਾ ਵਿਸ਼ੇਸ਼-ਸਨਮਾਨ ਮਿਲਣ ਵਾਲਾ ਹੈ?
19 ਸ਼ਤਾਨ ਅਤੇ ਉਸ ਦਾ ਸੰਗਠਨ ਇਸ ਕਦਰ ਹਾਰੇਗਾ ਕਿ ਉਹ ਦੁਬਾਰਾ ਸਿਰ ਚੁੱਕਣ ਦੇ ਕਾਬਲ ਨਹੀਂ ਰਹੇਗਾ! ਮਸੀਹ ਦੇ ਮਹਿਮਾਵਾਨ ਭਰਾ ਧਾਰਮਿਕਤਾ ਦੀ ਖ਼ਾਤਰ ਸ਼ਾਨਦਾਰ ਜਿੱਤ ਹਾਸਲ ਕਰਨ ਵਿਚ ਹਿੱਸਾ ਲੈਣਗੇ, ਜੋ ਇਸ ਵਾਅਦੇ ਅਨੁਸਾਰ ਹੈ: “ਸ਼ਾਂਤੀ ਦਾਤਾ ਪਰਮੇਸ਼ੁਰ ਸ਼ਤਾਨ ਨੂੰ ਝਬਦੇ ਤੁਹਾਡੇ ਪੈਰਾਂ ਦੇ ਹੇਠ ਮਿੱਧੇਗਾ।” (ਰੋਮੀਆਂ 16:20) ਜਿਸ ਸ਼ਾਂਤੀ ਦੇ ਸਮੇਂ ਦੀ ਬਹੁਤ ਚਿਰ ਤੋਂ ਉਡੀਕ ਕੀਤੀ ਜਾ ਰਹੀ ਹੈ ਉਹ ਸਮਾਂ ਹੁਣ ਬਹੁਤ ਹੀ ਨਜ਼ਦੀਕ ਹੈ।
20. ਜਲਦੀ ਹੀ ਕਿਹੜੇ ਕੰਮ ਕਰਨ ਦਾ ਵੇਲਾ ਹੋਵੇਗਾ?
20 ਧਰਤੀ ਉੱਤੇ ਉਨ੍ਹਾਂ ਸਾਰੇ ਲੋਕਾਂ ਦੀ ਜ਼ਿੰਦਗੀ ਕਿੰਨੀ ਖ਼ੁਸ਼ਹਾਲ ਹੋਵੇਗੀ ਜੋ ਉਸ ਦਿਨ ਤੋਂ ਬਚ ਨਿਕਲਣਗੇ ਜਿਸ ਦਿਨ ਯਹੋਵਾਹ ਆਪਣੀ ਤਾਕਤ ਦਿਖਾਏਗਾ! ਉਸ ਤੋਂ ਜਲਦੀ ਬਾਅਦ ਪ੍ਰਾਚੀਨ ਸਮੇਂ ਦੇ ਵਫ਼ਾਦਾਰ ਆਦਮੀ ਅਤੇ ਔਰਤਾਂ ਵੀ ਉਨ੍ਹਾਂ ਨਾਲ ਮਿਲ ਜਾਣਗੇ ਜਦੋਂ ਉਨ੍ਹਾਂ ਦੇ ਪੁਨਰ-ਉਥਾਨ ਦਾ ਨਿਰਧਾਰਿਤ ਸਮਾਂ ਆ ਜਾਵੇਗਾ। ਮਸੀਹ ਦਾ ਇਕ ਹਜ਼ਾਰ ਸਾਲ ਦਾ ਰਾਜ ਸੱਚ-ਮੁੱਚ “ਲਾਉਣ ਦਾ ਵੇਲਾ . . . ਚੰਗੇ ਕਰਨ ਦਾ ਵੇਲਾ . . . ਉਸਾਰਨ ਦਾ ਵੇਲਾ . . . ਹੱਸਣ ਦਾ ਵੇਲਾ . . . ਨੱਚਣ ਦਾ ਵੇਲਾ . . . ਗਲ ਲੱਗਣ ਦਾ ਵੇਲਾ . . . ਪਿਆਰ ਕਰਨ ਦਾ ਵੇਲਾ” ਹੋਵੇਗਾ। ਜੀ ਹਾਂ, ਉਹ ਹਮੇਸ਼ਾ ਲਈ “ਮੇਲ ਕਰਨ ਦਾ ਵੇਲਾ” ਹੋਵੇਗਾ!—ਉਪਦੇਸ਼ਕ ਦੀ ਪੋਥੀ 3:1-8; ਜ਼ਬੂਰ 29:11; 37:11; 72:7.
ਤੁਸੀਂ ਕਿਵੇਂ ਜਵਾਬ ਦਿਓਗੇ?
◻ ਸਥਾਈ ਸ਼ਾਂਤੀ ਦਾ ਆਧਾਰ ਕੀ ਹੈ?
◻ ਯਹੋਵਾਹ ਦੇ ਗਵਾਹ ਮੌਜੂਦਾ ਸਮੇਂ ਨੂੰ “ਜੁੱਧ ਕਰਨ ਦਾ ਵੇਲਾ” ਕਿਉਂ ਵਿਚਾਰਦੇ ਹਨ?
◻ ਪਰਮੇਸ਼ੁਰ ਦੇ ਲੋਕਾਂ ਨੇ ਕਦੋਂ ‘ਬੋਲਣਾ’ ਹੈ ਅਤੇ ਕਦੋਂ ‘ਚੁੱਪ’ ਰਹਿਣਾ ਹੈ?
◻ ਕਦੋਂ ਅਤੇ ਕਿੱਦਾਂ ਯਹੋਵਾਹ ਆਪਣੀ ਚੁੱਪ ਨੂੰ ਤੋੜੇਗਾ?
[ਸਫ਼ੇ 13 ਉੱਤੇ ਡੱਬੀ/ਤਸਵੀਰਾਂ]
ਯਹੋਵਾਹ ਨੇ ਇਨ੍ਹਾਂ ਘਟਨਾਵਾਂ ਲਈ ਸਮਾਂ ਨਿਰਧਾਰਿਤ ਕੀਤਾ ਹੈ
◻ ਗੋਗ ਨੂੰ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰਨ ਲਈ ਉਕਸਾਇਆ ਜਾਵੇਗਾ।—ਹਿਜ਼ਕੀਏਲ 38:3, 4, 10-12
◻ ਵੱਡੀ ਬਾਬਲ ਨੂੰ ਨਾਸ਼ ਕਰਨ ਦਾ ਵਿਚਾਰ ਮਨੁੱਖੀ ਸ਼ਾਸਕਾਂ ਦੇ ਦਿਲਾਂ ਵਿਚ ਪਾਇਆ ਜਾਵੇਗਾ।—ਪਰਕਾਸ਼ ਦੀ ਪੋਥੀ 17:15-17; 19:2
◻ ਲੇਲੇ ਦਾ ਵਿਆਹ ਕੀਤਾ ਜਾਵੇਗਾ।—ਪਰਕਾਸ਼ ਦੀ ਪੋਥੀ 19:6, 7
◻ ਹਰਮਗਿੱਦੋਨ ਦਾ ਯੁੱਧ ਸ਼ੁਰੂ ਕੀਤਾ ਜਾਵੇਗਾ।—ਪਰਕਾਸ਼ ਦੀ ਪੋਥੀ 19:11-16, 19-21
◻ ਯਿਸੂ ਦੇ ਇਕ ਹਜ਼ਾਰ ਸਾਲ ਦੇ ਰਾਜ ਨੂੰ ਸ਼ੁਰੂ ਕਰਨ ਲਈ ਸ਼ਤਾਨ ਨੂੰ ਬੰਨ੍ਹਿਆ ਜਾਵੇਗਾ।—ਪਰਕਾਸ਼ ਦੀ ਪੋਥੀ 20:1-3
ਇਹ ਘਟਨਾਵਾਂ ਉਸੇ ਕ੍ਰਮ ਵਿਚ ਲਿਖੀਆਂ ਗਈਆਂ ਹਨ ਜਿਸ ਕ੍ਰਮ ਵਿਚ ਇਹ ਬਾਈਬਲ ਵਿਚ ਦਰਜ ਹਨ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਇਹ ਪੰਜੇ ਘਟਨਾਵਾਂ ਉਸੇ ਕ੍ਰਮ ਵਿਚ ਵਾਪਰਨਗੀਆਂ ਜਿਸ ਕ੍ਰਮ ਵਿਚ ਯਹੋਵਾਹ ਨੇ ਇਨ੍ਹਾਂ ਲਈ ਸਮਾਂ ਨਿਰਧਾਰਿਤ ਕੀਤਾ ਹੈ।
[ਸਫ਼ੇ 15 ਉੱਤੇ ਤਸਵੀਰਾਂ]
ਮਸੀਹ ਦਾ ਇਕ ਹਜ਼ਾਰ ਸਾਲ ਦਾ ਰਾਜ ਸੱਚ-ਮੁੱਚ
ਹੱਸਣ ਦਾ ਵੇਲਾ . . .
ਗਲ ਲੱਗਣ ਦਾ ਵੇਲਾ . . .
ਪਿਆਰ ਕਰਨ ਦਾ ਵੇਲਾ . . .
ਲਾਉਣ ਦਾ ਵੇਲਾ . . .
ਨੱਚਣ ਦਾ ਵੇਲਾ . . .
ਉਸਾਰਨ ਦਾ ਵੇਲਾ . . . ਹੋਵੇਗਾ