ਤੀਜਾ ਅਧਿਆਇ
‘ਮੇਰਾ ਚੁਣਵਾਂ ਦਾਸ ਜਿਸ ਤੋਂ ਮੇਰਾ ਜੀ ਪਰਸੰਨ ਹੈ’
1, 2. ਅੱਜ ਮਸੀਹੀਆਂ ਲਈ ਯਸਾਯਾਹ ਦਾ 42ਵਾਂ ਅਧਿਆਇ ਇੰਨਾ ਦਿਲਚਸਪ ਕਿਉਂ ਹੈ?
“ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ।” (ਯਸਾਯਾਹ 43:10) ਯਸਾਯਾਹ ਨੇ ਯਹੋਵਾਹ ਦਾ ਇਹ ਵਾਕ ਅੱਠਵੀਂ ਸਦੀ ਸਾ.ਯੁ.ਪੂ. ਵਿਚ ਲਿਖਿਆ ਸੀ। ਇਹ ਦਿਖਾਉਂਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਨੇਮ-ਬੱਧ ਲੋਕ ਗਵਾਹਾਂ ਦੀ ਇਕ ਕੌਮ ਸਨ। ਉਹ ਪਰਮੇਸ਼ੁਰ ਦਾ ਚੁਣਿਆ ਹੋਇਆ ਦਾਸ ਸਨ। ਕੁਝ 2,600 ਸਾਲ ਬਾਅਦ, ਯਾਨੀ 1931 ਵਿਚ ਮਸਹ ਕੀਤੇ ਹੋਏ ਮਸੀਹੀਆਂ ਨੇ ਖੁੱਲ੍ਹੇ-ਆਮ ਇਹ ਐਲਾਨ ਕੀਤਾ ਕਿ ਇਹ ਸ਼ਬਦ ਉਨ੍ਹਾਂ ਉੱਤੇ ਲਾਗੂ ਹੁੰਦੇ ਸਨ। ਉਨ੍ਹਾਂ ਨੇ ਆਪਣਾ ਨਾਂ ਯਹੋਵਾਹ ਦੇ ਗਵਾਹ ਰੱਖਿਆ ਅਤੇ ਪੂਰੇ ਦਿਲ ਨਾਲ ਧਰਤੀ ਉੱਤੇ ਪਰਮੇਸ਼ੁਰ ਦੇ ਸੇਵਕ ਹੋਣ ਦੀਆਂ ਜ਼ਿੰਮੇਵਾਰੀਆਂ ਚੁੱਕੀਆਂ।
2 ਯਹੋਵਾਹ ਦੇ ਗਵਾਹ ਚਾਹੁੰਦੇ ਹਨ ਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰਨ। ਇਸੇ ਕਾਰਨ ਉਨ੍ਹਾਂ ਸਾਰਿਆਂ ਲਈ ਯਸਾਯਾਹ ਦੀ ਪੁਸਤਕ ਦਾ 42ਵਾਂ ਅਧਿਆਇ ਬੜਾ ਦਿਲਚਸਪ ਹੈ। ਇਹ ਸਾਨੂੰ ਦੋ ਸੇਵਕਾਂ ਬਾਰੇ ਦੱਸਦਾ ਹੈ। ਇਕ ਸੇਵਕ ਤੋਂ ਯਹੋਵਾਹ ਪਰਸੰਨ ਹੋਇਆ ਸੀ ਅਤੇ ਦੂਜੇ ਨੂੰ ਉਸ ਨੇ ਰੱਦ ਕੀਤਾ। ਇਸ ਭਵਿੱਖਬਾਣੀ ਅਤੇ ਇਸ ਦੀ ਪੂਰਤੀ ਉੱਤੇ ਗੌਰ ਕਰਨ ਨਾਲ ਸਾਨੂੰ ਪਤਾ ਲੱਗੇਗਾ ਕਿ ਯਹੋਵਾਹ ਕਿਸ ਤੋਂ ਪਰਸੰਨ ਹੁੰਦਾ ਹੈ ਅਤੇ ਕਿਸ ਤੋਂ ਨਾਰਾਜ਼।
“ਮੈਂ ਆਪਣਾ ਆਤਮਾ ਉਹ ਦੇ ਉੱਤੇ ਪਾਇਆ ਹੈ”
3. ਯਸਾਯਾਹ ਰਾਹੀਂ ਯਹੋਵਾਹ ਨੇ ‘ਆਪਣੇ ਦਾਸ’ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?
3 ਯਸਾਯਾਹ ਰਾਹੀਂ ਯਹੋਵਾਹ ਨੇ ਇਕ ਆਉਣ ਵਾਲੇ ਦਾਸ ਬਾਰੇ ਭਵਿੱਖਬਾਣੀ ਕੀਤੀ ਸੀ ਜਿਸ ਨੂੰ ਉਹ ਖ਼ੁਦ ਚੁਣੇਗਾ: “ਵੇਖੋ, ਮੇਰਾ ਦਾਸ ਜਿਹ ਨੂੰ ਮੈਂ ਸੰਭਾਲਦਾ ਹਾਂ, ਮੇਰਾ ਚੁਣਵਾਂ ਜਿਸ ਤੋਂ ਮੇਰਾ ਜੀ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਪਾਇਆ ਹੈ, ਉਹ ਕੌਮਾਂ ਲਈ ਇਨਸਾਫ਼ ਪਰਗਟ ਕਰੇਗਾ। ਉਹ ਨਾ ਚਿੱਲਾਵੇਗਾ, ਨਾ ਆਪਣੀ ਅਵਾਜ਼ ਚੁੱਕੇਗਾ, ਨਾ ਉਹ ਨੂੰ ਗਲੀ ਵਿੱਚ ਸੁਣਾਵੇਗਾ। ਉਹ ਦਰੜੇ ਹੋਏ ਕਾਨੇ ਨੂੰ ਨਾ ਭੰਨੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਉਹ ਵਫ਼ਾਦਾਰੀ ਨਾਲ ਇਨਸਾਫ਼ ਪਰਗਟ ਕਰੇਗਾ। ਉਹ ਨਾ ਨਿੰਮ੍ਹਾ ਹੋਵੇਗਾ ਨਾ ਓਦਰੇਗਾ, ਜਦ ਤੀਕ ਉਹ ਪ੍ਰਿਥਵੀ ਉੱਤੇ ਇਨਸਾਫ਼ ਨੂੰ ਪੱਕਾ ਨਾ ਕਰੇ, ਅਤੇ ਟਾਪੂ ਉਹ ਦੀ ਬਿਵਸਥਾ ਨੂੰ ਉਡੀਕਣਗੇ।”—ਯਸਾਯਾਹ 42:1-4.
4. ਭਵਿੱਖਬਾਣੀ ਵਿਚ “ਚੁਣਵਾਂ” ਦਾਸ ਕੌਣ ਸੀ, ਅਤੇ ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ?
4 ਇਹ ਦਾਸ ਕੌਣ ਹੈ? ਸਾਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਹੈ। ਮੱਤੀ ਦੀ ਇੰਜੀਲ ਵਿਚ ਇਹ ਸ਼ਬਦ ਯਿਸੂ ਮਸੀਹ ਉੱਤੇ ਲਾਗੂ ਕੀਤੇ ਗਏ ਸਨ। (ਮੱਤੀ 12:15-21) ਯਿਸੂ ਹੀ ਇਹ ਪਿਆਰਾ “ਚੁਣਵਾਂ” ਦਾਸ ਹੈ। ਸੰਨ 29 ਸਾ.ਯੁ. ਵਿਚ ਜਦੋਂ ਯਿਸੂ ਨੇ ਬਪਤਿਸਮਾ ਲਿਆ ਸੀ ਯਹੋਵਾਹ ਨੇ ਆਪਣੀ ਆਤਮਾ ਉਸ ਉੱਤੇ ਪਾਈ ਸੀ। ਬਾਈਬਲ ਉਸ ਬਪਤਿਸਮੇ ਬਾਰੇ ਗੱਲ ਕਰਦੇ ਹੋਏ ਸਾਨੂੰ ਦੱਸਦੀ ਹੈ ਕਿ ਜਦੋਂ ਯਿਸੂ ਪਾਣੀ ਤੋਂ ਉੱਪਰ ਆਇਆ “ਤਾਂ ਐਉਂ ਹੋਇਆ ਜੋ ਅਕਾਸ਼ ਖੁਲ੍ਹ ਗਿਆ। ਅਤੇ ਪਵਿੱਤ੍ਰ ਆਤਮਾ ਦਿਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਈਂ ਉਸ ਉੱਤੇ ਉਤਰਿਆ ਅਤੇ ਇੱਕ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।” ਇਸ ਤਰ੍ਹਾਂ ਯਹੋਵਾਹ ਨੇ ਖ਼ੁਦ ਆਪਣੇ ਪਿਆਰੇ ਦਾਸ ਦੀ ਪਛਾਣ ਕਰਾਈ ਸੀ। ਬਾਅਦ ਵਿਚ ਯਿਸੂ ਦੀ ਸੇਵਕਾਈ ਅਤੇ ਉਸ ਦੇ ਚਮਤਕਾਰੀ ਕੰਮਾਂ ਤੋਂ ਇਹ ਸਾਬਤ ਹੋਇਆ ਕਿ ਯਹੋਵਾਹ ਦੀ ਆਤਮਾ ਸੱਚ-ਮੁੱਚ ਉਸ ਉੱਤੇ ਸੀ।—ਲੂਕਾ 3:21, 22; 4:14-21; ਮੱਤੀ 3:16, 17.
“ਉਹ ਕੌਮਾਂ ਲਈ ਇਨਸਾਫ਼ ਪਰਗਟ ਕਰੇਗਾ”
5. ਪਹਿਲੀ ਸਦੀ ਵਿਚ ਇਨਸਾਫ਼ ਪ੍ਰਗਟ ਕਰਨਾ ਜ਼ਰੂਰੀ ਕਿਉਂ ਸੀ?
5 ਯਹੋਵਾਹ ਦੇ ਚੁਣਵੇਂ ਦਾਸ ਨੇ ਸੱਚਾ ਇਨਸਾਫ਼ ‘ਪਰਗਟ ਕਰਨਾ’ ਸੀ। “ਉਹ ਪਰਾਈਆਂ ਕੌਮਾਂ ਨੂੰ ਨਿਆਉਂ ਦੀ ਖ਼ਬਰ ਕਰੇਗਾ।” (ਮੱਤੀ 12:18) ਪਹਿਲੀ ਸਦੀ ਵਿਚ ਇਸ ਦੀ ਬਹੁਤ ਜ਼ਰੂਰਤ ਸੀ। ਯਹੂਦੀ ਧਾਰਮਿਕ ਆਗੂ ਇਨਸਾਫ਼ ਅਤੇ ਧਾਰਮਿਕਤਾ ਦਾ ਗ਼ਲਤ ਨਜ਼ਰੀਆ ਪੇਸ਼ ਕਰਦੇ ਸਨ। ਉਹ ਆਪਣੇ ਹੀ ਸਖ਼ਤ ਕਾਨੂੰਨ ਬਣਾਉਂਦੇ ਸਨ ਅਤੇ ਇਨ੍ਹਾਂ ਉੱਤੇ ਚੱਲ ਕੇ ਧਾਰਮਿਕਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਉਨ੍ਹਾਂ ਦਾ ਇਨਸਾਫ਼ ਸਿਰਫ਼ ਕਾਨੂੰਨ ਅਨੁਸਾਰ ਸੀ ਅਤੇ ਉਹ ਲੋਕਾਂ ਉੱਤੇ ਦਇਆ ਅਤੇ ਰਹਿਮ ਨਹੀਂ ਕਰਦੇ ਸਨ।
6. ਯਿਸੂ ਨੇ ਸੱਚਾ ਇਨਸਾਫ਼ ਕਿਨ੍ਹਾਂ ਤਰੀਕਿਆਂ ਵਿਚ ਪ੍ਰਗਟ ਕੀਤਾ ਸੀ?
6 ਉਨ੍ਹਾਂ ਤੋਂ ਉਲਟ ਯਿਸੂ ਨੇ ਇਨਸਾਫ਼ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਪ੍ਰਗਟ ਕੀਤਾ। ਆਪਣੀ ਸਿੱਖਿਆ ਅਤੇ ਮਿਸਾਲ ਰਾਹੀਂ ਯਿਸੂ ਨੇ ਦਿਖਾਇਆ ਕਿ ਸੱਚਾ ਇਨਸਾਫ਼ ਦਿਆਲੂ ਅਤੇ ਦਇਆਵਾਨ ਹੈ। ਜ਼ਰਾ ਉਸ ਦੇ ਮਸ਼ਹੂਰ ਪਹਾੜੀ ਉਪਦੇਸ਼ ਬਾਰੇ ਸੋਚੋ। (ਮੱਤੀ, ਅਧਿਆਇ 5-7) ਇਸ ਵਿਚ ਯਿਸੂ ਨੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਇਨਸਾਫ਼ ਅਤੇ ਧਾਰਮਿਕਤਾ ਦੇ ਕੰਮ ਕਿਸ ਤਰ੍ਹਾਂ ਕੀਤੇ ਜਾਣੇ ਚਾਹੀਦੇ ਹਨ। ਜਦੋਂ ਅਸੀਂ ਇੰਜੀਲ ਪੜ੍ਹਦੇ ਹਾਂ, ਤਾਂ ਕੀ ਗ਼ਰੀਬ ਅਤੇ ਦੁਖੀ ਲੋਕਾਂ ਲਈ ਯਿਸੂ ਦੀ ਦਇਆ ਸਾਡੇ ਦਿਲ ਨੂੰ ਖ਼ੁਸ਼ ਨਹੀਂ ਕਰਦੀ? (ਮੱਤੀ 20:34; ਮਰਕੁਸ 1:41; 6:34; ਲੂਕਾ 7:13) ਉਸ ਨੇ ਕਈਆਂ ਨੂੰ, ਜੋ ਦਰੜੇ ਕਾਨੇ ਦੀ ਤਰ੍ਹਾਂ ਝੁਕੇ ਹੋਏ ਅਤੇ ਠੋਕਰ ਖਾਂਦੇ ਫਿਰਦੇ ਸਨ, ਆਪਣਾ ਦਿਲਾਸਾ-ਭਰਿਆ ਸੁਨੇਹਾ ਸੁਣਾਇਆ। ਇਹ ਲੋਕ ਨਿੰਮ੍ਹੀ ਬੱਤੀ ਵਰਗੇ ਸਨ, ਜਿਨ੍ਹਾਂ ਦੇ ਜੀਵਨ ਦੀ ਚੰਗਿਆੜੀ ਬੁੱਝਣ ਵਾਲੀ ਹੀ ਸੀ। ਯਿਸੂ ਨੇ ਨਾ “ਦਰੜੇ ਹੋਏ ਕਾਨੇ” ਨੂੰ ਭੰਨਿਆ ਅਤੇ ਨਾ “ਨਿੰਮ੍ਹੀ ਬੱਤੀ” ਨੂੰ ਬੁਝਾਇਆ। ਇਸ ਦੇ ਉਲਟ ਉਸ ਦੇ ਪ੍ਰੇਮ ਅਤੇ ਦਿਲਾਸੇ-ਭਰੇ ਸ਼ਬਦਾਂ ਅਤੇ ਕੰਮਾਂ ਦੁਆਰਾ ਨਿਮਰ ਲੋਕਾਂ ਨੂੰ ਆਰਾਮ ਮਿਲਿਆ।—ਮੱਤੀ 11:28-30.
7. ਭਵਿੱਖਬਾਣੀ ਨੇ ਇਹ ਕਿਉਂ ਕਿਹਾ ਕਿ ਯਿਸੂ ‘ਨਾ ਚਿੱਲਾਵੇਗਾ, ਨਾ ਆਪਣੀ ਅਵਾਜ਼ ਗਲੀ ਵਿੱਚ ਚੁੱਕੇਗਾ’?
7 ਪਰ ਭਵਿੱਖਬਾਣੀ ਨੇ ਇਹ ਕਿਉਂ ਕਿਹਾ ਸੀ ਕਿ ਯਿਸੂ “ਨਾ ਚਿੱਲਾਵੇਗਾ, ਨਾ ਆਪਣੀ ਅਵਾਜ਼ ਚੁੱਕੇਗਾ, ਨਾ ਉਹ ਨੂੰ ਗਲੀ ਵਿੱਚ ਸੁਣਾਵੇਗਾ”? ਕਿਉਂਕਿ ਉਹ ਹੋਰਨਾਂ ਲੋਕਾਂ ਵਾਂਗ ਆਪਣੀ ਸਿਫ਼ਤ ਨਹੀਂ ਕਰਦਾ ਸੀ। (ਮੱਤੀ 6:5) ਜਦੋਂ ਯਿਸੂ ਨੇ ਇਕ ਕੋੜ੍ਹੀ ਨੂੰ ਠੀਕ ਕੀਤਾ, ਉਸ ਨੇ ਉਸ ਬੰਦੇ ਨੂੰ ਕਿਹਾ: “ਵੇਖ ਕਿਸੇ ਨੂੰ ਕੁਝ ਨਾ ਦੱਸੀਂ।” (ਮਰਕੁਸ 1:40-44) ਯਿਸੂ ਨੇ ਆਪਣੀ ਵਡਿਆਈ ਨਹੀਂ ਕੀਤੀ। ਉਹ ਨਹੀਂ ਚਾਹੁੰਦਾ ਸੀ ਕਿ ਲੋਕ ਸੁਣੀਆਂ-ਸੁਣਾਈਆਂ ਗੱਲਾਂ ਤੋਂ ਉਸ ਉੱਤੇ ਵਿਸ਼ਵਾਸ ਕਰਨ। ਇਸ ਦੀ ਬਜਾਇ ਉਹ ਚਾਹੁੰਦਾ ਸੀ ਕਿ ਲੋਕ ਖ਼ੁਦ ਸਬੂਤ ਦੇਖ ਕੇ ਸਮਝਣ ਕਿ ਉਹ ਮਸੀਹ, ਯਾਨੀ ਯਹੋਵਾਹ ਦਾ ਮਸਹ ਕੀਤਾ ਹੋਇਆ ਸੇਵਕ ਸੀ।
8. (ੳ) ਯਿਸੂ ਨੇ “ਕੌਮਾਂ ਲਈ ਇਨਸਾਫ਼” ਕਿਵੇਂ ਪ੍ਰਗਟ ਕੀਤਾ ਸੀ? (ਅ) ਨੇਕ ਸਾਮਰੀ ਬੰਦੇ ਬਾਰੇ ਯਿਸੂ ਦੀ ਕਹਾਣੀ ਸਾਨੂੰ ਇਨਸਾਫ਼ ਬਾਰੇ ਕੀ ਸਿਖਾਉਂਦੀ ਹੈ?
8 ਚੁਣਵੇਂ ਦਾਸ ਨੇ “ਕੌਮਾਂ ਲਈ ਇਨਸਾਫ਼” ਪ੍ਰਗਟ ਕਰਨਾ ਸੀ। ਯਿਸੂ ਨੇ ਇਹੋ ਹੀ ਕੀਤਾ। ਯਿਸੂ ਨੇ ਸਿਰਫ਼ ਇਹ ਹੀ ਨਹੀਂ ਦਿਖਾਇਆ ਕਿ ਈਸ਼ਵਰੀ ਨਿਆਉਂ ਦਿਆਲੂ ਹੁੰਦਾ ਹੈ, ਪਰ ਉਸ ਨੇ ਇਹ ਵੀ ਸਿਖਾਇਆ ਕਿ ਸਾਰਿਆਂ ਲੋਕਾਂ ਨਾਲ ਇਨਸਾਫ਼ ਕੀਤਾ ਜਾਣਾ ਚਾਹੀਦਾ ਹੈ। ਇਕ ਵਾਰ ਯਿਸੂ ਨੇ ਇਕ ਧਰਮ ਗਰੰਥੀ ਨੂੰ ਯਾਦ ਕਰਾਇਆ ਕਿ ਉਸ ਨੂੰ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨਾਲ ਪਿਆਰ ਕਰਨਾ ਚਾਹੀਦਾ ਹੈ। ਇਸ ਮਨੁੱਖ ਨੇ ਯਿਸੂ ਨੂੰ ਪੁੱਛਿਆ: “ਕੌਣ ਹੈ ਮੇਰਾ ਗੁਆਂਢੀ?” ਸ਼ਾਇਦ ਉਸ ਨੇ ਸੋਚਿਆ ਕਿ ਯਿਸੂ ਦਾ ਜਵਾਬ ਇਹ ਹੋਵੇਗਾ: “ਤੇਰਾ ਯਹੂਦੀ ਭਰਾ।” ਪਰ ਯਿਸੂ ਨੇ ਇਕ ਨੇਕ ਸਾਮਰੀ ਬੰਦੇ ਦੀ ਕਹਾਣੀ ਸੁਣਾਈ। ਇਸ ਕਹਾਣੀ ਵਿਚ ਇਕ ਸਾਮਰੀ ਮਨੁੱਖ ਨੇ ਇਕ ਯਹੂਦੀ ਬੰਦੇ ਦੀ ਮਦਦ ਕੀਤੀ ਜੋ ਡਾਕੂਆਂ ਦੇ ਕਾਬੂ ਵਿਚ ਆ ਗਿਆ ਸੀ, ਪਰ ਇਕ ਲੇਵੀ ਅਤੇ ਜਾਜਕ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਯਹੂਦੀ ਲੋਕ ਸਾਮਰੀ ਲੋਕਾਂ ਨੂੰ ਨੀਚ ਸਮਝਦੇ ਸਨ। ਪਰ ਯਿਸੂ ਨੂੰ ਸਵਾਲ ਪੁੱਛਣ ਵਾਲੇ ਬੰਦੇ ਨੂੰ ਮੰਨਣਾ ਪਿਆ ਕਿ ਇਸ ਮੌਕੇ ਤੇ ਨਾ ਹੀ ਲੇਵੀ ਅਤੇ ਨਾ ਹੀ ਜਾਜਕ ਸਗੋਂ ਇਕ ਸਾਮਰੀ ਬੰਦਾ ਗੁਆਂਢੀ ਸਾਬਤ ਹੋਇਆ ਸੀ। ਯਿਸੂ ਨੇ ਆਪਣੀ ਕਹਾਣੀ ਦੇ ਅਖ਼ੀਰ ਵਿਚ ਇਹ ਸਲਾਹ ਦਿੱਤੀ: “ਤੂੰ ਵੀ ਜਾ ਕੇ ਏਵੇਂ ਹੀ ਕਰ।”—ਲੂਕਾ 10:25-37; ਲੇਵੀਆਂ 19:18.
“ਉਹ ਨਾ ਨਿੰਮ੍ਹਾ ਹੋਵੇਗਾ ਨਾ ਓਦਰੇਗਾ”
9. ਸੱਚੇ ਇਨਸਾਫ਼ ਬਾਰੇ ਸਿੱਖਣ ਤੋਂ ਬਾਅਦ ਅਸੀਂ ਕੀ ਕਰਾਂਗੇ?
9 ਯਿਸੂ ਨੇ ਸੱਚਾ ਇਨਸਾਫ਼ ਪ੍ਰਗਟ ਕੀਤਾ ਸੀ, ਇਸ ਲਈ ਉਸ ਦੇ ਚੇਲਿਆਂ ਨੇ ਵੀ ਇਹ ਗੁਣ ਪ੍ਰਗਟ ਕਰਨਾ ਸਿੱਖ ਲਿਆ ਸੀ ਅਤੇ ਸਾਨੂੰ ਵੀ ਸਿੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ, ਸਾਨੂੰ ਪਰਮੇਸ਼ੁਰ ਦੇ ਮਿਆਰ ਸਵੀਕਾਰ ਕਰਨੇ ਚਾਹੀਦੇ ਹਨ ਕਿ ਕੀ ਚੰਗਾ ਹੈ ਅਤੇ ਕੀ ਮਾੜਾ, ਕਿਉਂਕਿ ਇਹ ਦੱਸਣ ਦਾ ਹੱਕ ਸਿਰਫ਼ ਉਸ ਦਾ ਹੀ ਹੈ ਕਿ ਕੀ ਸਹੀ ਅਤੇ ਕੀ ਧਰਮੀ ਹੈ। ਜਦੋਂ ਅਸੀਂ ਯਹੋਵਾਹ ਵਾਂਗ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਡਾ ਨੇਕ ਚਲਣ ਪ੍ਰਗਟ ਕਰੇਗਾ ਕਿ ਸੱਚਾ ਇਨਸਾਫ਼ ਕੀ ਹੈ।—1 ਪਤਰਸ 2:12.
10. ਇਨਸਾਫ਼ ਪ੍ਰਗਟ ਕਰਨ ਵਿਚ ਬਾਈਬਲ ਬਾਰੇ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਹਿੱਸਾ ਲੈਣਾ ਕਿਉਂ ਸ਼ਾਮਲ ਹੈ?
10 ਅਸੀਂ ਉਦੋਂ ਵੀ ਸੱਚਾ ਇਨਸਾਫ਼ ਪ੍ਰਗਟ ਕਰਦੇ ਹਾਂ ਜਦੋਂ ਅਸੀਂ ਬਾਈਬਲ ਬਾਰੇ ਪ੍ਰਚਾਰ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਪੂਰੀ ਤਰ੍ਹਾਂ ਹਿੱਸਾ ਲੈਂਦੇ ਹਾਂ। ਯਹੋਵਾਹ ਨੇ ਆਪਣੇ ਬਾਰੇ, ਆਪਣੇ ਪੁੱਤਰ, ਅਤੇ ਆਪਣੇ ਮਕਸਦਾਂ ਬਾਰੇ ਬਹੁਤ ਗਿਆਨ ਦਿੱਤਾ ਹੈ ਜਿਸ ਰਾਹੀਂ ਅਸੀਂ ਜੀਵਨ ਹਾਸਲ ਕਰ ਸਕਦੇ ਹਾਂ। (ਯੂਹੰਨਾ 17:3) ਇਹ ਠੀਕ ਨਹੀਂ ਹੋਵੇਗਾ ਜੇ ਅਸੀਂ ਇਹ ਗਿਆਨ ਆਪਣੇ ਕੋਲ ਹੀ ਰੱਖੀਏ। ਸੁਲੇਮਾਨ ਨੇ ਕਿਹਾ: “ਜੇ ਤੇਰੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕੀਂ।” (ਕਹਾਉਤਾਂ 3:27) ਆਓ ਆਪਾਂ ਪੂਰੇ ਦਿਲ ਨਾਲ ਹਰ ਨਸਲ, ਜਾਤ, ਅਤੇ ਕੌਮ ਦਿਆਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਦੱਸੀਏ।—ਰਸੂਲਾਂ ਦੇ ਕਰਤੱਬ 10:34, 35.
11. ਯਿਸੂ ਦੀ ਰੀਸ ਕਰਦੇ ਹੋਏ ਸਾਨੂੰ ਦੂਸਰਿਆਂ ਨਾਲ ਕਿਸ ਤਰ੍ਹਾਂ ਦਾ ਵਰਤਾਉ ਕਰਨਾ ਚਾਹੀਦਾ ਹੈ?
11 ਇਸ ਤੋਂ ਇਲਾਵਾ ਇਕ ਸੱਚਾ ਮਸੀਹੀ ਯਿਸੂ ਵਾਂਗ ਦੂਸਰਿਆਂ ਨਾਲ ਚੰਗਾ ਵਰਤਾਉ ਕਰਦਾ ਹੈ। ਅੱਜ ਕਈਆਂ ਲੋਕਾਂ ਨੂੰ ਦਇਆ ਅਤੇ ਹੌਸਲੇ ਦੀ ਜ਼ਰੂਰਤ ਹੈ ਕਿਉਂਕਿ ਉਹ ਔਖੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹੋਏ ਹੌਸਲਾ ਹਾਰ ਦਿੰਦੇ ਹਨ। ਕੁਝ ਸਮਰਪਿਤ ਮਸੀਹੀਆਂ ਦੇ ਹਾਲਾਤ ਵੀ ਇੰਨੇ ਦੁਖੀ ਹੋ ਸਕਦੇ ਹਨ ਕਿ ਉਹ ਸ਼ਾਇਦ ਦਰੜੇ ਕਾਨੇ ਜਾਂ ਨਿੰਮ੍ਹੀ ਬੱਤੀ ਵਰਗੇ ਹੋਣ। ਕੀ ਉਨ੍ਹਾਂ ਨੂੰ ਸਾਡੇ ਸਹਾਰੇ ਦੀ ਲੋੜ ਨਹੀਂ ਹੈ? (ਲੂਕਾ 22:32; ਰਸੂਲਾਂ ਦੇ ਕਰਤੱਬ 11:23) ਸੱਚੇ ਮਸੀਹੀ ਇਨਸਾਫ਼ ਪ੍ਰਗਟ ਕਰਨ ਵਿਚ ਯਿਸੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਭਾਈਚਾਰੇ ਦਾ ਹਿੱਸਾ ਹੋਣਾ ਕਿੰਨਾ ਚੰਗਾ ਹੈ!
12. ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਬਹੁਤ ਜਲਦੀ ਸਾਰਿਆਂ ਲਈ ਇਨਸਾਫ਼ ਹੋਵੇਗਾ?
12 ਕੀ ਸਾਰਿਆਂ ਲਈ ਕਦੀ ਇਨਸਾਫ਼ ਹੋਵੇਗਾ? ਜੀ ਹਾਂ। ਯਹੋਵਾਹ ਦਾ ਚੁਣਵਾਂ ਦਾਸ “ਨਾ ਨਿੰਮ੍ਹਾ ਹੋਵੇਗਾ ਨਾ ਓਦਰੇਗਾ, ਜਦ ਤੀਕ ਉਹ ਪ੍ਰਿਥਵੀ ਉੱਤੇ ਇਨਸਾਫ਼ ਨੂੰ ਪੱਕਾ ਨਾ ਕਰੇ।” ਬਹੁਤ ਜਲਦੀ ਬਿਰਾਜਮਾਨ ਰਾਜਾ, ਯਾਨੀ ਜੀ ਉਠਾਇਆ ਗਿਆ ਯਿਸੂ ਮਸੀਹ, ‘ਓਹਨਾਂ ਨੂੰ ਬਦਲਾ ਦੇਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ।’ (2 ਥੱਸਲੁਨੀਕੀਆਂ 1:6-9; ਪਰਕਾਸ਼ ਦੀ ਪੋਥੀ 16:14-16) ਮਨੁੱਖੀ ਹਕੂਮਤ ਦੀ ਥਾਂ ਪਰਮੇਸ਼ੁਰ ਦਾ ਰਾਜ ਹੋਵੇਗਾ। ਫਿਰ ਇਨਸਾਫ਼ ਅਤੇ ਧਾਰਮਿਕਤਾ ਸਾਰੀ ਧਰਤੀ ਉੱਤੇ ਹੋਣਗੇ। (ਕਹਾਉਤਾਂ 2:21, 22; ਯਸਾਯਾਹ 11:3-5; ਦਾਨੀਏਲ 2:44; 2 ਪਤਰਸ 3:13) ਹਰ ਜਗ੍ਹਾ ਵਿਚ, ਦੂਰ-ਦੁਰਾਡੇ ‘ਟਾਪੂਆਂ’ ਉੱਤੇ ਵੀ, ਯਹੋਵਾਹ ਦੇ ਸੇਵਕ ਬੜੀ ਉਮੀਦ ਨਾਲ ਉਸ ਦਿਨ ਦੀ ਉਡੀਕ ਕਰ ਰਹੇ ਹਨ।
‘ਮੈਂ ਉਸ ਨੂੰ ਕੌਮਾਂ ਲਈ ਜੋਤ ਠਹਿਰਾਵਾਂਗਾ’
13. ਯਹੋਵਾਹ ਨੇ ਆਪਣੇ ਚੁਣਵੇਂ ਦਾਸ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?
13 ਯਸਾਯਾਹ ਨੇ ਅੱਗੇ ਕਿਹਾ: “ਪਰਮੇਸ਼ੁਰ ਯਹੋਵਾਹ ਇਉਂ ਆਖਦਾ ਹੈ, ਉਹ ਜੋ ਅਕਾਸ਼ ਦਾ ਕਰਤਾ ਅਤੇ ਉਹ ਦੇ ਤਾਣਨ ਵਾਲਾ ਹੈ, ਧਰਤੀ ਅਰ ਉਸ ਦੀ ਉਪਜ ਦਾ ਫੈਲਾਉਣ ਵਾਲਾ ਹੈ, ਜੋ ਉਸ ਦੇ ਉੱਪਰ ਦੇ ਲੋਕਾਂ ਨੂੰ ਸਾਹ ਦਾ, ਅਤੇ ਉਸ ਦੇ ਉੱਪਰ ਦੇ ਚੱਲਣ ਵਾਲਿਆਂ ਨੂੰ ਆਤਮਾ ਦਾ ਦੇਣ ਵਾਲਾ ਹੈ।” (ਯਸਾਯਾਹ 42:5) ਇਹ ਸਾਡੇ ਕਰਤਾਰ ਯਹੋਵਾਹ ਦਾ ਕਿੰਨਾ ਵਧੀਆ ਵਰਣਨ ਹੈ! ਯਹੋਵਾਹ ਦੀ ਮਹਾਨਤਾ ਕਰਕੇ ਅਸੀਂ ਉਸ ਦੇ ਬਚਨ ਉੱਤੇ ਯਕੀਨ ਕਰ ਸਕਦੇ ਹਾਂ। ਯਹੋਵਾਹ ਨੇ ਕਿਹਾ: “ਮੈਂ ਯਹੋਵਾਹ ਨੇ ਤੈਨੂੰ ਧਰਮ ਵਿੱਚ ਸੱਦਿਆ ਹੈ, ਅਤੇ ਮੈਂ ਤੇਰੇ ਹੱਥ ਨੂੰ ਤਕੜਾ ਕਰਾਂਗਾ, ਮੈਂ ਤੇਰੀ ਰੱਛਿਆ ਕਰਾਂਗਾ, ਅਤੇ ਤੈਨੂੰ ਪਰਜਾ ਲਈ ਨੇਮ ਅਤੇ ਕੌਮਾਂ ਲਈ ਜੋਤ ਠਹਿਰਾਵਾਂਗਾ, ਭਈ ਤੂੰ ਅੰਨ੍ਹੀਆਂ ਅੱਖਾਂ ਨੂੰ ਖੋਲ੍ਹੇਂ, ਭੋਹਰੇ ਵਿੱਚੋਂ ਬੰਧੂਆਂ ਨੂੰ ਅਤੇ ਕੈਦ ਖ਼ਾਨੇ ਵਿੱਚੋਂ, ਅਨ੍ਹੇਰੇ ਬੈਠਿਆਂ ਹੋਇਆਂ ਨੂੰ ਕੱਢੇਂ।”—ਯਸਾਯਾਹ 42:6, 7.
14. (ੳ) ਇਸ ਦਾ ਕੀ ਮਤਲਬ ਹੈ ਕਿ ਯਹੋਵਾਹ ਆਪਣੇ ਸੇਵਕ ਦਾ ਹੱਥ ਫੜਦਾ ਹੈ? (ਅ) ਚੁਣਵਾਂ ਦਾਸ ਕੀ ਕਰਦਾ ਹੈ?
14 ਵਿਸ਼ਵ ਦਾ ਮਹਾਨ ਕਰਤਾਰ ਅਤੇ ਜੀਵਨਦਾਤਾ ਆਪਣੇ ਚੁਣਵੇਂ ਦਾਸ ਦਾ ਹੱਥ ਫੜਦਾ ਹੈ ਅਤੇ ਉਸ ਨੂੰ ਹਮੇਸ਼ਾ ਸਹਾਰਾ ਦੇਣ ਦਾ ਵਾਅਦਾ ਕਰਦਾ ਹੈ। ਇਸ ਤੋਂ ਸਾਨੂੰ ਕਿੰਨਾ ਭਰੋਸਾ ਮਿਲਦਾ ਹੈ! ਯਹੋਵਾਹ ਉਸ ਦੀ ਸੁਰੱਖਿਆ ਵੀ ਕਰਦਾ ਹੈ ਤਾਂਕਿ ਉਹ ਉਸ ਨੂੰ “ਪਰਜਾ ਲਈ ਨੇਮ” ਠਹਿਰਾ ਸਕੇ। ਇਕ ਨੇਮ ਇਕਰਾਰਨਾਮਾ ਅਤੇ ਪੱਕਾ ਵਾਅਦਾ ਹੁੰਦਾ ਹੈ। ਇਹ ਇਕ ਫ਼ੈਸਲਾ ਹੁੰਦਾ ਹੈ। ਜੀ ਹਾਂ, ਯਹੋਵਾਹ ਨੇ ਆਪਣੇ ਸੇਵਕ ਨੂੰ “ਜ਼ਮਾਨਤ ਵਜੋਂ ਲੋਕਾਂ ਲਈ ਦਿੱਤਾ ਹੈ।”—ਐਨ ਅਮੈਰੀਕਨ ਟ੍ਰਾਂਸਲੇਸ਼ਨ।
15, 16. ਯਿਸੂ “ਕੌਮਾਂ ਲਈ ਜੋਤ” ਕਿਵੇਂ ਬਣਿਆ ਸੀ?
15 “ਕੌਮਾਂ ਲਈ ਜੋਤ” ਹੋਣ ਦੇ ਨਾਤੇ, ਵਾਅਦਾ ਕੀਤੇ ਗਏ ਦਾਸ ਯਿਸੂ ਨੇ “ਅੰਨ੍ਹੀਆਂ ਅੱਖਾਂ” ਖੋਲ੍ਹੀਆਂ ਅਤੇ “ਅਨ੍ਹੇਰੇ ਬੈਠਿਆਂ ਹੋਇਆਂ” ਨੂੰ ਆਜ਼ਾਦ ਕੀਤਾ। ਸੱਚਾਈ ਉੱਤੇ ਸਾਖੀ ਦੇ ਕੇ ਉਸ ਨੇ ਆਪਣੇ ਸਵਰਗੀ ਪਿਤਾ ਦਾ ਨਾਂ ਰੌਸ਼ਨ ਕੀਤਾ। (ਯੂਹੰਨਾ 17:4, 6) ਉਸ ਨੇ ਝੂਠੀ ਧਾਰਮਿਕ ਸਿੱਖਿਆ ਦਾ ਭੇਤ ਖੋਲ੍ਹਿਆ, ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ, ਅਤੇ ਝੂਠੇ ਧਰਮ ਵਿਚ ਕੈਦ ਹੋਏ ਲੋਕਾਂ ਲਈ ਰੂਹਾਨੀ ਆਜ਼ਾਦੀ ਦਾ ਦਰਵਾਜ਼ਾ ਖੋਲ੍ਹਿਆ। (ਮੱਤੀ 15:3-9; ਲੂਕਾ 4:43; ਯੂਹੰਨਾ 18:37) ਉਸ ਨੇ ਹਨੇਰੇ ਦੇ ਭੈੜੇ ਕੰਮ ਕਰਨ ਬਾਰੇ ਚੇਤਾਵਨੀ ਦਿੱਤੀ ਅਤੇ ਦੱਸਿਆ ਕਿ ਸ਼ਤਾਨ “ਝੂਠ ਦਾ ਪਤੰਦਰ” ਅਤੇ ‘ਇਸ ਜਗਤ ਦਾ ਸਰਦਾਰ’ ਹੈ।—ਯੂਹੰਨਾ 3:19-21; 8:44; 16:11.
16 ਯਿਸੂ ਨੇ ਕਿਹਾ ਕਿ “ਚਾਨਣ ਮੈਂ ਹਾਂ।” (ਯੂਹੰਨਾ 8:12) ਉਸ ਨੇ ਇਸ ਗੱਲ ਦਾ ਸਬੂਤ ਖ਼ਾਸ ਕਰਕੇ ਉਦੋਂ ਦਿੱਤਾ ਜਦੋਂ ਉਸ ਨੇ ਆਪਣੀ ਸੰਪੂਰਣ ਮਨੁੱਖੀ ਜਾਨ ਰਿਹਾਈ ਵਜੋਂ ਦਿੱਤੀ ਸੀ। ਇਸ ਤਰ੍ਹਾਂ ਉਸ ਨੇ ਨਿਹਚਾ ਕਰਨ ਵਾਲਿਆਂ ਲਈ ਰਾਹ ਖੋਲ੍ਹਿਆ ਕਿ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਣ, ਉਹ ਪਰਮੇਸ਼ੁਰ ਨਾਲ ਗੂੜ੍ਹਾ ਸੰਬੰਧ ਜੋੜ ਕੇ ਉਸ ਦੀ ਪ੍ਰਵਾਨਗੀ ਹਾਸਲ ਕਰ ਸਕਣ, ਅਤੇ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਦੀ ਉਮੀਦ ਮਿਲ ਸਕੇ। (ਮੱਤੀ 20:28; ਯੂਹੰਨਾ 3:16) ਯਿਸੂ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਪਰਮੇਸ਼ੁਰ ਦੀ ਭਗਤੀ ਕਰ ਕੇ ਯਹੋਵਾਹ ਦਾ ਰਾਜ ਕਰਨ ਦਾ ਹੱਕ ਸਵੀਕਾਰ ਕੀਤਾ ਅਤੇ ਸ਼ਤਾਨ ਨੂੰ ਝੂਠਾ ਸਾਬਤ ਕੀਤਾ। ਸੱਚ-ਮੁੱਚ ਯਿਸੂ ਨੇ ਅੰਨ੍ਹਿਆਂ ਨੂੰ ਸੁਜਾਖਾ ਕੀਤਾ ਅਤੇ ਰੂਹਾਨੀ ਹਨੇਰੇ ਵਿਚ ਕੈਦ ਹੋਏ ਲੋਕਾਂ ਨੂੰ ਆਜ਼ਾਦ ਕੀਤਾ।
17. ਅਸੀਂ ਚਾਨਣ ਕਿਵੇਂ ਦਿੰਦੇ ਹਾਂ?
17 ਪਹਾੜੀ ਉਪਦੇਸ਼ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਤੁਸੀਂ ਜਗਤ ਦੇ ਚਾਨਣ ਹੋ।” (ਮੱਤੀ 5:14) ਕੀ ਅਸੀਂ ਵੀ ਚਾਨਣ ਦਿੰਦੇ ਹਾਂ? ਸਾਨੂੰ ਆਪਣੀ ਜ਼ਿੰਦਗੀ ਅਤੇ ਪ੍ਰਚਾਰ ਦੇ ਕੰਮ ਰਾਹੀਂ ਹੋਰਨਾਂ ਨੂੰ ਯਹੋਵਾਹ ਵੱਲ ਮੋੜਨ ਦਾ ਸਨਮਾਨ ਦਿੱਤਾ ਗਿਆ ਹੈ, ਜੋ ਸੱਚਾ ਚਾਨਣ ਦੇਣ ਵਾਲਾ ਹੈ। ਯਿਸੂ ਦੀ ਰੀਸ ਕਰਦੇ ਹੋਏ ਅਸੀਂ ਯਹੋਵਾਹ ਦਾ ਨਾਂ ਪ੍ਰਗਟ ਕਰਦੇ ਹਾਂ, ਉਸ ਦਾ ਰਾਜ ਕਰਨ ਦਾ ਹੱਕ ਸਵੀਕਾਰ ਕਰਦੇ ਹਾਂ, ਅਤੇ ਉਸ ਦੇ ਰਾਜ ਬਾਰੇ ਦੱਸਦੇ ਹਾਂ ਜੋ ਮਨੁੱਖਜਾਤੀ ਦੀ ਇੱਕੋ ਇਕ ਆਸ ਹੈ। ਇਸ ਤੋਂ ਇਲਾਵਾ, ਚਾਨਣ ਦੇਣ ਵਾਲਿਆਂ ਵਜੋਂ ਅਸੀਂ ਝੂਠੇ ਧਾਰਮਿਕ ਵਿਸ਼ਵਾਸਾਂ ਦਾ ਭੇਤ ਖੋਲ੍ਹਦੇ ਹਾਂ, ਹਨੇਰੇ ਦੇ ਭੈੜੇ ਕੰਮਾਂ ਬਾਰੇ ਚੇਤਾਵਨੀ ਦਿੰਦੇ ਹਾਂ, ਅਤੇ ਜ਼ਾਹਰ ਕਰਦੇ ਹਾਂ ਕਿ ਸ਼ਤਾਨ ਦੁਸ਼ਟ ਹੈ।—ਰਸੂਲਾਂ ਦੇ ਕਰਤੱਬ 1:8; 1 ਯੂਹੰਨਾ 5:19.
“ਯਹੋਵਾਹ ਲਈ ਨਵਾਂ ਗੀਤ ਗਾਓ”
18. ਯਹੋਵਾਹ ਆਪਣੇ ਲੋਕਾਂ ਨੂੰ ਕੀ ਦੱਸਦਾ ਹੈ?
18 ਯਹੋਵਾਹ ਨੇ ਆਪਣੇ ਲੋਕਾਂ ਵੱਲ ਧਿਆਨ ਦੇ ਕੇ ਕਿਹਾ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ, ਅਤੇ ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ, ਨਾ ਆਪਣੀ ਉਸਤਤ ਮੂਰਤਾਂ ਨੂੰ। ਵੇਖੋ, ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, ਅਤੇ ਨਵੀਂਆਂ ਗੱਲਾਂ ਮੈਂ ਦੱਸਦਾ ਹਾਂ, ਓਹਨਾਂ ਦੇ ਪਰਕਾਸ਼ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਉਂਦਾ ਹਾਂ।” (ਯਸਾਯਾਹ 42:8, 9) ‘ਆਪਣੇ ਦਾਸ’ ਬਾਰੇ ਭਵਿੱਖਬਾਣੀ ਕਿਸੇ ਬੇਜਾਨ ਮੂਰਤੀ ਨੇ ਨਹੀਂ ਪਰ ਸੱਚੇ ਜੀਉਂਦੇ ਪਰਮੇਸ਼ੁਰ ਨੇ ਕੀਤੀ ਸੀ। ਇਹ ਪੂਰੀ ਹੋ ਕੇ ਹੀ ਰਹਿਣੀ ਸੀ ਅਤੇ ਪੂਰੀ ਹੋਈ ਵੀ ਸੀ। ਯਹੋਵਾਹ ਪਰਮੇਸ਼ੁਰ ਵਾਕਈ ਨਵੀਆਂ ਗੱਲਾਂ ਦੱਸਣ ਵਾਲਾ ਹੈ ਅਤੇ ਉਨ੍ਹਾਂ ਦੇ ਹੋਣ ਤੋਂ ਪਹਿਲਾਂ ਹੀ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਬਾਰੇ ਦੱਸ ਦਿੰਦਾ ਹੈ। ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ?
19, 20. (ੳ) ਕਿਹੜਾ ਗੀਤ ਗਾਉਣਾ ਜ਼ਰੂਰੀ ਹੈ? (ਅ) ਅੱਜ ਯਹੋਵਾਹ ਦੀ ਉਸਤਤ ਕਰਨ ਲਈ ਇਹ ਗੀਤ ਕੌਣ ਗਾ ਰਹੇ ਹਨ?
19 ਯਸਾਯਾਹ ਨੇ ਲਿਖਿਆ: “ਯਹੋਵਾਹ ਲਈ ਨਵਾਂ ਗੀਤ ਗਾਓ, ਉਹ ਦੀ ਉਸਤਤ ਧਰਤੀ ਦੀਆਂ ਹੱਦਾਂ ਤੋਂ, ਤੁਸੀਂ ਵੀ ਜਿਹੜੇ ਸਮੁੰਦਰ ਉੱਤੇ ਚੱਲਦੇ ਹੋ, ਨਾਲੇ ਉਹ ਦੀ ਭਰਪੂਰੀ, ਟਾਪੂ ਅਤੇ ਉਨ੍ਹਾਂ ਦੇ ਵਾਸੀ ਵੀ। ਉਜਾੜ ਤੇ ਉਹ ਦੇ ਸ਼ਹਿਰ ਅਵਾਜ਼ ਚੁੱਕਣ, ਓਹ ਪਿੰਡ ਜਿੱਥੇ ਕੇਦਾਰ ਵੱਸਦਾ ਹੈ, ਸਲਾ ਦੇ ਵਾਸੀ ਜੈਕਾਰਾ ਗਜਾਉਣ, ਪਹਾੜਾਂ ਦੀਆਂ ਟੀਸੀਆਂ ਤੋਂ ਓਹ ਲਲਕਾਰਨ। ਓਹ ਯਹੋਵਾਹ ਦੀ ਮਹਿਮਾ ਕਰਨ, ਅਤੇ ਟਾਪੂਆਂ ਵਿੱਚ ਉਹ ਦੀ ਉਸਤਤ ਦਾ ਪਰਚਾਰ ਕਰਨ।”—ਯਸਾਯਾਹ 42:10-12.
20 ਸ਼ਹਿਰਾਂ, ਪਿੰਡਾਂ, ਟਾਪੂਆਂ, ਅਤੇ “ਕੇਦਾਰ” ਯਾਨੀ ਰੇਗਿਸਤਾਨ ਦੇ ਵਾਸੀਆਂ ਨੂੰ ਵੀ ਯਹੋਵਾਹ ਦੀ ਉਸਤਤ ਦਾ ਗੀਤ ਗਾਉਣ ਲਈ ਕਿਹਾ ਗਿਆ ਸੀ। ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਜ਼ਮਾਨੇ ਵਿਚ ਲੱਖਾਂ ਹੀ ਲੋਕਾਂ ਨੇ ਇਸ ਭਵਿੱਖਬਾਣੀ ਵੱਲ ਧਿਆਨ ਦਿੱਤਾ ਹੈ! ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਨੂੰ ਅਪਣਾ ਕੇ ਯਹੋਵਾਹ ਨੂੰ ਆਪਣਾ ਪਰਮੇਸ਼ੁਰ ਮੰਨਿਆ ਹੈ। ਯਹੋਵਾਹ ਦੇ ਲੋਕ ਇਹ ਨਵਾਂ ਗੀਤ 230 ਦੇਸ਼ਾਂ ਵਿਚ ਗਾ ਰਹੇ ਹਨ ਅਤੇ ਉਸ ਦੀ ਮਹਿਮਾ ਕਰ ਰਹੇ ਹਨ। ਇਹ ਕਿੰਨਾ ਵਧੀਆ ਹੈ ਕਿ ਸਾਰਿਆਂ ਸਭਿਆਚਾਰਾਂ, ਬੋਲੀਆਂ, ਅਤੇ ਜਾਤਾਂ ਦੇ ਲੋਕ ਇਹ ਗੀਤ ਗਾ ਰਹੇ ਹਨ!
21. ਯਹੋਵਾਹ ਦੇ ਲੋਕਾਂ ਦੇ ਵੈਰੀ ਉਨ੍ਹਾਂ ਨੂੰ ਉਸ ਦੀ ਉਸਤਤ ਦਾ ਗੀਤ ਗਾਉਣ ਤੋਂ ਕਿਉਂ ਨਹੀਂ ਰੋਕ ਸਕਦੇ?
21 ਕੀ ਵਿਰੋਧੀ ਲੋਕ ਪਰਮੇਸ਼ੁਰ ਦੇ ਖ਼ਿਲਾਫ਼ ਖੜ੍ਹੇ ਹੋ ਕੇ ਇਸ ਗੀਤ ਨੂੰ ਰੋਕ ਸਕਦੇ ਹਨ? ਬਿਲਕੁਲ ਨਹੀਂ! “ਯਹੋਵਾਹ ਸੂਰਮੇ ਵਾਂਙੁ ਨਿੱਕਲੇਗਾ, ਉਹ ਜੋਧੇ ਵਾਂਙੁ ਆਪਣੀ ਅਣਖ ਨੂੰ ਉਭਾਰੇਗਾ, ਉਹ ਨਾਰਾ ਮਾਰੇਗਾ, ਉਹ ਕੂਕ ਮਾਰੇਗਾ, ਉਹ ਆਪਣੇ ਵੈਰੀਆਂ ਉੱਤੇ ਸੂਰਮਗਤੀ ਵਿਖਾਵੇਗਾ!” (ਯਸਾਯਾਹ 42:13) ਯਹੋਵਾਹ ਦੇ ਵਿਰੁੱਧ ਕਿਹੜੀ ਸ਼ਕਤੀ ਖੜ੍ਹ ਸਕਦੀ ਹੈ? ਕੁਝ 3,500 ਸਾਲ ਪਹਿਲਾਂ ਮੂਸਾ ਨਬੀ ਅਤੇ ਇਸਰਾਏਲੀਆਂ ਨੇ ਇਹ ਗੀਤ ਗਾਇਆ ਸੀ: “ਯਹੋਵਾਹ ਜੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ। ਫ਼ਿਰਊਨ ਦੇ ਰਥ ਅਤੇ ਉਸ ਦੀ ਫੌਜ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੀ, ਉਸ ਦੇ ਚੁਗਵੇਂ ਅਫ਼ਸਰ ਲਾਲ ਸਮੁੰਦਰ ਵਿੱਚ ਗ਼ਰਕ ਹੋ ਗਏ।” (ਕੂਚ 15:3, 4) ਯਹੋਵਾਹ ਨੇ ਉਸ ਸਮੇਂ ਦੀ ਸਭ ਤੋਂ ਸ਼ਕਤੀਸ਼ਾਲੀ ਫ਼ੌਜ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਜੀ ਹਾਂ, ਜਦੋਂ ਯਹੋਵਾਹ ਇਕ ਸੂਰਮੇ ਵਾਂਗ ਨਿਕਲਦਾ ਹੈ ਉਸ ਦੇ ਲੋਕਾਂ ਦਾ ਕੋਈ ਵੀ ਵੈਰੀ ਸਫ਼ਲ ਨਹੀਂ ਹੋ ਸਕਦਾ।
“ਮੈਂ ਚਿਰ ਤੋਂ ਚੁੱਪ ਸਾਧ ਲਈ”
22, 23. ਯਹੋਵਾਹ ਨੇ ‘ਚਿਰ ਤੋਂ ਚੁੱਪ ਕਿਉਂ ਸਾਧ ਲਈ’ ਸੀ?
22 ਯਹੋਵਾਹ ਆਪਣੇ ਵੈਰੀਆਂ ਨੂੰ ਸਜ਼ਾ ਦੇਣ ਦੇ ਮਾਮਲੇ ਵਿਚ ਵੀ ਨਿਰਪੱਖ ਹੁੰਦਾ ਹੈ। ਉਸ ਨੇ ਕਿਹਾ: “ਮੈਂ ਚਿਰ ਤੋਂ ਚੁੱਪ ਸਾਧ ਲਈ, ਮੈਂ ਚੁੱਪ ਕਰ ਕੇ ਆਪਣੇ ਜੀ ਨੂੰ ਰੋਕਿਆ ਹੈ, ਹੁਣ ਮੈਂ ਜਣਨ ਵਾਲੀ ਤੀਵੀਂ ਵਾਂਙੁ ਚੀਕਾਂ ਮਾਰਾਂਗਾ, ਮੈਂ ਹੌਕੇ ਭਰਾਂਗਾ ਅਤੇ ਔਖੇ ਔਖੇ ਸਾਹ ਲਵਾਂਗਾ। ਮੈਂ ਪਹਾੜਾਂ ਅਤੇ ਟਿੱਬਿਆਂ ਨੂੰ ਵਿਰਾਨ ਕਰ ਦਿਆਂਗਾ, ਅਤੇ ਉਨ੍ਹਾਂ ਦੇ ਸਾਰੇ ਸਾਗ ਪੱਤ ਨੂੰ ਸੁਕਾ ਦਿਆਂਗਾ, ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾ, ਅਤੇ ਤਲਾ ਸੁਕਾ ਸੁੱਟਾਂਗਾ।”—ਯਸਾਯਾਹ 42:14, 15.
23 ਸਜ਼ਾ ਦੇਣ ਤੋਂ ਪਹਿਲਾਂ ਯਹੋਵਾਹ ਗ਼ਲਤੀ ਕਰਨ ਵਾਲਿਆਂ ਨੂੰ ਸਮਾਂ ਦਿੰਦਾ ਹੈ ਤਾਂਕਿ ਉਹ ਆਪਣੇ ਬੁਰੇ ਕੰਮਾਂ ਤੋਂ ਮੁੜ ਜਾਣ। (ਯਿਰਮਿਯਾਹ 18:7-10; 2 ਪਤਰਸ 3:9) ਬਾਬਲੀਆਂ ਬਾਰੇ ਸੋਚੋ। ਜਦੋਂ ਬਾਬਲ ਵਿਸ਼ਵ ਸ਼ਕਤੀ ਸੀ, ਤਾਂ 607 ਸਾ.ਯੁ.ਪੂ. ਵਿਚ ਉਸ ਨੇ ਯਰੂਸ਼ਲਮ ਨੂੰ ਤਬਾਹ ਕੀਤਾ ਸੀ। ਯਹੋਵਾਹ ਨੇ ਇਸਰਾਏਲੀਆਂ ਦੀ ਬੇਵਫ਼ਾਈ ਕਰਕੇ ਉਨ੍ਹਾਂ ਨੂੰ ਇਹ ਸਜ਼ਾ ਦਿੱਤੀ ਸੀ। ਪਰ ਬਾਬਲੀਆਂ ਨੂੰ ਇਹ ਨਹੀਂ ਸੀ ਪਤਾ ਕਿ ਯਹੋਵਾਹ ਉਨ੍ਹਾਂ ਨੂੰ ਵਰਤ ਰਿਹਾ ਸੀ। ਉਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਪਰਮੇਸ਼ੁਰ ਦੇ ਨਿਆਉਂ ਤੋਂ ਕਿਤੇ ਵੱਧ ਬੁਰਾ ਸਲੂਕ ਕੀਤਾ। (ਯਸਾਯਾਹ 47:6, 7; ਜ਼ਕਰਯਾਹ 1:15) ਸੱਚੇ ਪਰਮੇਸ਼ੁਰ ਨੂੰ ਕਿੰਨਾ ਦੁੱਖ ਲੱਗਾ ਹੋਵੇਗਾ ਜਦੋਂ ਉਸ ਨੇ ਆਪਣੇ ਲੋਕਾਂ ਦਾ ਦਰਦ ਦੇਖਿਆ! ਪਰ ਠਹਿਰਾਏ ਹੋਏ ਸਮੇਂ ਤਕ ਉਸ ਨੇ ਬਾਬਲੀ ਲੋਕਾਂ ਦੇ ਖ਼ਿਲਾਫ਼ ਕੋਈ ਕਦਮ ਨਹੀਂ ਚੁੱਕਿਆ। ਫਿਰ ਜਣਨ ਵਾਲੀ ਇਕ ਤੀਵੀਂ ਨੂੰ ਭੀੜ ਲੱਗਣ ਵਾਂਗ ਉਸ ਨੇ ਆਪਣੇ ਨੇਮ-ਬੱਧ ਲੋਕਾਂ ਨੂੰ ਛੁਡਾਉਣ ਲਈ ਬਹੁਤ ਮਿਹਨਤ ਕੀਤੀ ਅਤੇ ਉਨ੍ਹਾਂ ਦੀ ਇਕ ਕੌਮ ਬਣਾਈ। ਇਸ ਤਰ੍ਹਾਂ ਕਰਨ ਲਈ ਉਸ ਨੇ 539 ਸਾ.ਯੁ.ਪੂ. ਵਿਚ ਬਾਬਲ ਅਤੇ ਉਸ ਦੀ ਸੁਰੱਖਿਆ ਨੂੰ ਸੁਕਾ ਕੇ ਉਸ ਨੂੰ ਤਬਾਹ ਕਰ ਦਿੱਤਾ।
24. ਯਹੋਵਾਹ ਨੇ ਆਪਣੀ ਪਰਜਾ ਇਸਰਾਏਲ ਲਈ ਕਿਹੜਾ ਰਾਹ ਖੋਲ੍ਹਿਆ ਸੀ?
24 ਪਰਮੇਸ਼ੁਰ ਦੇ ਲੋਕਾਂ ਨੂੰ ਕਿੰਨੀ ਖ਼ੁਸ਼ੀ ਹੋਈ ਹੋਵੇਗੀ ਜਦੋਂ ਗ਼ੁਲਾਮੀ ਵਿਚ ਇੰਨੇ ਸਾਲਾਂ ਤੋਂ ਬਾਅਦ, ਉਨ੍ਹਾਂ ਦੇ ਘਰ ਵਾਪਸ ਮੁੜਨ ਲਈ ਰਾਹ ਖੋਲ੍ਹਿਆ ਗਿਆ ਸੀ! (2 ਇਤਹਾਸ 36:22, 23) ਉਹ ਯਹੋਵਾਹ ਦੇ ਇਸ ਵਾਅਦੇ ਦੀ ਪੂਰਤੀ ਦੇਖ ਕੇ ਬੜੇ ਖ਼ੁਸ਼ ਹੋਏ ਹੋਣਗੇ: “ਮੈਂ ਅੰਨ੍ਹਿਆਂ ਨੂੰ ਇੱਕ ਰਾਹ ਉੱਤੇ ਤੋਰਾਂਗਾ, ਜਿਹ ਨੂੰ ਓਹ ਨਹੀਂ ਜਾਣਦੇ, ਅਤੇ ਉਨ੍ਹਾਂ ਪਹਿਆਂ ਵਿੱਚ ਓਹਨਾਂ ਦੀ ਅਗਵਾਈ ਕਰਾਂਗਾ ਜਿਨ੍ਹਾਂ ਨੂੰ ਓਹਨਾਂ ਨੇ ਜਾਤਾ ਹੀ ਨਹੀਂ। ਮੈਂ ਓਹਨਾਂ ਦੇ ਅੱਗੇ ਅਨ੍ਹੇਰ ਨੂੰ ਚਾਨਣ, ਅਤੇ ਵਿੰਗਿਆਂ ਥਾਵਾਂ ਨੂੰ ਸਿੱਧਿਆਂ ਬਣਾ ਦਿਆਂਗਾ। ਮੈਂ ਏਹ ਕੰਮ ਕਰਾਂਗਾ ਅਤੇ ਓਹਨਾਂ ਨੂੰ ਨਾ ਤਿਆਗਾਂਗਾ।”—ਯਸਾਯਾਹ 42:16.
25. (ੳ) ਯਹੋਵਾਹ ਦੇ ਲੋਕ ਅੱਜ ਕਿਸ ਗੱਲ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਨ? (ਅ) ਸਾਡਾ ਕੀ ਇਰਾਦਾ ਹੋਣਾ ਚਾਹੀਦਾ ਹੈ?
25 ਇਹ ਸ਼ਬਦ ਅੱਜ ਕਿਵੇਂ ਲਾਗੂ ਹੁੰਦੇ ਹਨ? ਸਦੀਆਂ ਤੋਂ ਯਹੋਵਾਹ ਨੇ ਕੌਮਾਂ ਨੂੰ ਆਪੋ-ਆਪਣੇ ਰਾਹ ਜਾਣ ਦਿੱਤਾ ਹੈ। ਲੇਕਿਨ ਮਾਮਲੇ ਸੁਲਝਾਉਣ ਲਈ ਉਸ ਦਾ ਠਹਿਰਾਇਆ ਹੋਇਆ ਸਮਾਂ ਆ ਰਿਹਾ ਹੈ। ਸਾਡੇ ਜ਼ਮਾਨੇ ਵਿਚ ਉਸ ਨੇ ਅਜਿਹੇ ਲੋਕ ਚੁਣੇ ਹਨ ਜੋ ਉਸ ਦੇ ਨਾਂ ਦੀ ਗਵਾਹੀ ਦਿੰਦੇ ਹਨ। ਵਿਰੋਧਤਾ ਨੂੰ ਕੁਝ ਹੱਦ ਤਕ ਹਟਾ ਕੇ ਉਸ ਨੇ ਉਨ੍ਹਾਂ ਲਈ ਸਿੱਧੇ ਰਾਹ ਬਣਾਏ ਹਨ ਤਾਂਕਿ ਉਹ “ਆਤਮਾ ਅਤੇ ਸਚਿਆਈ ਨਾਲ” ਉਸ ਦੀ ਭਗਤੀ ਕਰ ਸਕਣ। (ਯੂਹੰਨਾ 4:24) ਉਸ ਨੇ ਆਪਣਾ ਵਾਅਦਾ ਪੂਰਾ ਕੀਤਾ ਕਿ ‘ਮੈਂ ਓਹਨਾਂ ਨੂੰ ਤਿਆਗਾਂਗਾ ਨਹੀਂ।’ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਰਹਿਣ ਵਾਲਿਆਂ ਬਾਰੇ ਕੀ? ਯਹੋਵਾਹ ਨੇ ਕਿਹਾ: “ਓਹ ਮੁੜ ਜਾਣਗੇ, ਓਹ ਡਾਢੇ ਲੱਜਿਆਵਾਨ ਹੋਣਗੇ, ਜਿਹੜੇ ਬੁੱਤਾਂ ਉੱਤੇ ਭਰੋਸਾ ਰੱਖਦੇ ਹਨ, ਜਿਹੜੇ ਮੂਰਤਾਂ ਨੂੰ ਆਖਦੇ ਹਨ, ‘ਤੁਸੀਂ ਸਾਡੇ ਦੇਵਤੇ ਹੋ!’” (ਯਸਾਯਾਹ 42:17) ਸਾਡੇ ਲਈ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹੀਏ ਜਿਵੇਂ ਉਸ ਦਾ ਚੁਣਵਾਂ ਦਾਸ ਵਫ਼ਾਦਾਰ ਰਿਹਾ ਸੀ!
‘ਬੋਲਾ ਅਤੇ ਅੰਨ੍ਹਾ ਦਾਸ’
26, 27. ਇਸਰਾਏਲ ਇਕ ‘ਬੋਲਾ ਅਤੇ ਅੰਨ੍ਹਾ ਦਾਸ’ ਕਿਵੇਂ ਸਾਬਤ ਹੋਇਆ ਸੀ, ਅਤੇ ਇਸ ਦਾ ਨਤੀਜਾ ਕੀ ਨਿਕਲਿਆ ਸੀ?
26 ਪਰਮੇਸ਼ੁਰ ਦਾ ਚੁਣਵਾਂ ਦਾਸ, ਯਿਸੂ ਮਸੀਹ, ਮੌਤ ਤਕ ਵਫ਼ਾਦਾਰ ਰਿਹਾ ਸੀ। ਪਰ ਯਹੋਵਾਹ ਦੀ ਪਰਜਾ ਇਸਰਾਏਲ ਬੇਵਫ਼ਾ ਦਾਸ ਸਾਬਤ ਹੋਈ ਜੋ ਰੂਹਾਨੀ ਤੌਰ ਤੇ ਬੋਲ਼ੀ ਅਤੇ ਅੰਨ੍ਹੀ ਸੀ। ਉਨ੍ਹਾਂ ਨਾਲ ਗੱਲ ਕਰਦੇ ਹੋਏ ਯਹੋਵਾਹ ਨੇ ਕਿਹਾ: “ਹੇ ਬੋਲਿਓ, ਸੁਣੋ! ਹੇ ਅੰਨ੍ਹਿਓ, ਵੇਖਣ ਲਈ ਗੌਹ ਕਰੋ! ਮੇਰੇ ਦਾਸ ਤੋਂ ਛੁੱਟ ਕੌਣ ਅੰਨ੍ਹਾ ਹੈ? ਯਾ ਮੇਰੇ ਦੂਤ ਨਾਲੋਂ ਜਿਹ ਨੂੰ ਮੈਂ ਘੱਲਦਾ ਹਾਂ, ਬਾਹਲਾ ਬੋਲਾ ਕੌਣ ਹੈ? ਮੇਰੇ ਮੇਲੀ ਵਰਗਾ ਅੰਨ੍ਹਾ ਕੌਣ ਹੈ? ਯਾ ਯਹੋਵਾਹ ਦੇ ਦਾਸ ਵਰਗਾ ਅੰਨ੍ਹਾ ਕੌਣ ਹੈ? ਤੂੰ ਬਹੁਤ ਕੁਝ ਵੇਖਦਾ ਹੈਂ, ਪਰ ਧਿਆਨ ਨਹੀਂ ਦਿੰਦਾ, ਕੰਨ ਤਾਂ ਖੁਲ੍ਹੇ ਹਨ ਪਰ ਉਹ ਸੁਣਦਾ ਨਹੀਂ। ਯਹੋਵਾਹ ਨੂੰ ਆਪਣੇ ਧਰਮ ਦੇ ਕਾਰਨ ਪਸੰਦ ਆਇਆ, ਕਿ ਆਪਣੀ ਬਿਵਸਥਾ ਨੂੰ ਵਡਿਆਵੇ, ਅਤੇ ਉਹ ਨੂੰ ਆਦਰ ਦੇਵੇ।”—ਯਸਾਯਾਹ 42:18-21.
27 ਇਸਰਾਏਲੀ ਲੋਕ ਕਿੰਨੀ ਬੁਰੀ ਤਰ੍ਹਾਂ ਅਸਫ਼ਲ ਹੋਏ! ਉਨ੍ਹਾਂ ਨੇ ਵਾਰ-ਵਾਰ ਕੌਮਾਂ ਦੇ ਝੂਠੇ ਦੇਵਤਿਆਂ ਦੀ ਪੂਜਾ ਕੀਤੀ ਸੀ। ਯਹੋਵਾਹ ਨੇ ਵਾਰ-ਵਾਰ ਆਪਣੇ ਨਬੀ ਘੱਲੇ, ਪਰ ਉਸ ਦੇ ਲੋਕਾਂ ਨੇ ਧਿਆਨ ਨਹੀਂ ਦਿੱਤਾ। (2 ਇਤਹਾਸ 36:14-16) ਯਸਾਯਾਹ ਨੇ ਇਸ ਦੇ ਨਤੀਜੇ ਬਾਰੇ ਦੱਸਿਆ: “ਓਹ ਲੁੱਟੇ ਹੋਏ ਤੇ ਮੁੱਠੇ ਹੋਏ ਲੋਕ ਹਨ, ਓਹ ਸਭ ਦੇ ਸਭ ਟੋਇਆਂ ਵਿੱਚ ਫੱਸੇ ਪਏ ਹਨ, ਅਤੇ ਕੈਦ ਖ਼ਾਨਿਆਂ ਵਿੱਚ ਲੁੱਕੇ ਹੋਏ ਹਨ। ਓਹ ਸ਼ਿਕਾਰ ਹੋ ਗਏ ਪਰ ਛੁਡਾਉਣ ਵਾਲਾ ਕੋਈ ਨਹੀਂ, ਓਹ ਲੁੱਟ ਬਣ ਗਏ ਪਰ ਕੋਈ ਨਹੀਂ ਆਖਦਾ, ਮੋੜ ਦਿਓ! ਤੁਹਾਡੇ ਵਿੱਚੋਂ ਕੌਣ ਦੇਸ ਤੇ ਕੰਨ ਲਾਵੇਗਾ, ਅਤੇ ਧਿਆਨ ਦੇਵੇਗਾ ਅਤੇ ਆਉਣ ਵਾਲੇ ਸਮੇਂ ਲਈ ਸੁਣੇਗਾ? ਕਿਹ ਨੇ ਯਾਕੂਬ ਨੂੰ ਮੁੱਠਣ ਵਾਲਿਆਂ ਦੇ, ਅਤੇ ਇਸਰਾਏਲ ਨੂੰ ਲੁਟੇਰਿਆਂ ਦੇ ਹੱਥ ਦੇ ਦਿੱਤਾ? ਭਲਾ, ਯਹੋਵਾਹ ਨੇ ਨਹੀਂ, ਉਹ ਜਿਹ ਦਾ ਪਾਪ ਅਸਾਂ ਕੀਤਾ? ਜਿਹ ਦੇ ਰਾਹਾਂ ਵਿੱਚ ਓਹ ਨਹੀਂ ਚੱਲਦੇ, ਅਤੇ ਜਿਹ ਦੀ ਬਿਵਸਥਾ ਨੂੰ ਓਹ ਨਹੀਂ ਸੁਣਦੇ? ਸੋ ਉਹ ਨੇ ਉਸ ਉੱਤੇ ਆਪਣੇ ਕ੍ਰੋਧ ਦੀ ਤੇਜ਼ੀ, ਅਤੇ ਲੜਾਈ ਦੀ ਸ਼ਕਤੀ ਪਾ ਦਿੱਤੀ, ਉਹ ਨੇ ਉਸ ਨੂੰ ਆਲਿਓਂ ਦੁਆਲਿਓਂ ਅੱਗ ਲਾਈ, ਪਰ ਉਸ ਨੇ ਸਮਝਿਆ ਨਾ, ਅਤੇ ਉਸ ਨੂੰ ਸਾੜ ਦਿੱਤਾ, ਪਰ ਉਸ ਨੇ ਦਿਲ ਤੇ ਨਾ ਲਿਆਂਦਾ।”—ਯਸਾਯਾਹ 42:22-25.
28. (ੳ) ਅਸੀਂ ਯਹੂਦਾਹ ਦੇ ਵਾਸੀਆਂ ਦੀ ਮਿਸਾਲ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ? (ਅ) ਅਸੀਂ ਯਹੋਵਾਹ ਨੂੰ ਪਰਸੰਨ ਕਿਵੇਂ ਕਰ ਸਕਦੇ ਹਾਂ?
28 ਯਹੂਦਾਹ ਦੇ ਵਾਸੀਆਂ ਦੀ ਬੇਵਫ਼ਾਈ ਕਾਰਨ ਯਹੋਵਾਹ ਨੇ 607 ਸਾ.ਯੁ.ਪੂ. ਵਿਚ ਬਾਬਲੀਆਂ ਨੂੰ ਦੇਸ਼ ਲੁੱਟ ਲੈਣ ਦਿੱਤਾ। ਉਨ੍ਹਾਂ ਨੇ ਯਹੋਵਾਹ ਦੀ ਹੈਕਲ ਨੂੰ ਅੱਗ ਨਾਲ ਸਾੜ ਦਿੱਤਾ, ਯਰੂਸ਼ਲਮ ਨੂੰ ਤਬਾਹ ਕਰ ਦਿੱਤਾ, ਅਤੇ ਉਹ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਲੈ ਗਏ। (2 ਇਤਹਾਸ 36:17-21) ਉਮੀਦ ਹੈ ਕਿ ਅਸੀਂ ਇਸ ਚੇਤਾਵਨੀ ਵੱਲ ਪੂਰਾ ਧਿਆਨ ਦੇਵਾਂਗੇ ਅਤੇ ਪਰਮੇਸ਼ੁਰ ਦੀਆਂ ਹਿਦਾਇਤਾਂ ਨੂੰ ਕਦੀ ਨਾ ਰੱਦ ਕਰਾਂਗੇ। ਆਓ ਆਪਾਂ ਮਸੀਹ ਯਿਸੂ ਦੀ ਨਕਲ ਕਰਦਿਆਂ ਯਹੋਵਾਹ ਨੂੰ ਪਰਸੰਨ ਕਰੀਏ, ਕਿਉਂਕਿ ਯਿਸੂ ਉਹ ਦਾਸ ਸੀ ਜਿਸ ਤੋਂ ਯਹੋਵਾਹ ਪਰੰਸਨ ਸੀ। ਯਿਸੂ ਵਾਂਗ ਆਓ ਆਪਾਂ ਆਪਣੀ ਕਰਨੀ ਅਤੇ ਕਹਿਣੀ ਰਾਹੀਂ ਸੱਚਾ ਇਨਸਾਫ਼ ਪ੍ਰਗਟ ਕਰੀਏ। ਇਸ ਤਰ੍ਹਾਂ ਅਸੀਂ ਯਹੋਵਾਹ ਦੇ ਲੋਕਾਂ ਵਿਚਕਾਰ ਰਹਾਂਗੇ ਅਤੇ ਅਜਿਹੇ ਚਾਨਣ ਦੇਣ ਵਾਲੇ ਹੋਵਾਂਗੇ ਜੋ ਸੱਚੇ ਪਰਮੇਸ਼ੁਰ ਦੇ ਨਾਂ ਦੀ ਉਸਤਤ ਕਰ ਕੇ ਉਸ ਦੀ ਮਹਿਮਾ ਕਰਦੇ ਹਨ।
[ਸਫ਼ਾ 33 ਉੱਤੇ ਤਸਵੀਰਾਂ]
ਸੱਚਾ ਇਨਸਾਫ਼ ਦਿਆਲੂ ਅਤੇ ਦਇਆਵਾਨ ਹੈ
[ਸਫ਼ਾ 34 ਉੱਤੇ ਤਸਵੀਰ]
ਨੇਕ ਸਾਮਰੀ ਬੰਦੇ ਦੀ ਕਹਾਣੀ ਵਿਚ ਯਿਸੂ ਨੇ ਦਿਖਾਇਆ ਕਿ ਸੱਚਾ ਇਨਸਾਫ਼ ਸਾਰਿਆਂ ਨਾਲ ਕੀਤਾ ਜਾਣਾ ਚਾਹੀਦਾ ਹੈ
[ਸਫ਼ਾ 36 ਉੱਤੇ ਤਸਵੀਰਾਂ]
ਹੌਸਲਾ ਦੇ ਕੇ ਅਤੇ ਦਿਆਲੂ ਹੋ ਕੇ ਅਸੀਂ ਪਰਮੇਸ਼ਰ ਦਾ ਇਨਸਾਫ਼ ਪ੍ਰਗਟ ਕਰ ਸਕਦੇ ਹਾਂ
[ਸਫ਼ਾ 39 ਉੱਤੇ ਤਸਵੀਰਾਂ]
ਅਸੀਂ ਆਪਣੇ ਪ੍ਰਚਾਰ ਦੇ ਕੰਮ ਰਾਹੀਂ ਪਰਮੇਸ਼ਰ ਦਾ ਇਨਸਾਫ਼ ਪ੍ਰਗਟ ਕਰਦੇ ਹਾਂ
[ਸਫ਼ੇ 40 ਉੱਤੇ ਤਸਵੀਰ]
ਚੁਣਵਾਂ ਦਾਸ “ਕੌਮਾਂ ਲਈ ਜੋਤ” ਠਹਿਰਾਇਆ ਗਿਆ ਸੀ