ਅਧਿਐਨ ਲੇਖ 45
ਯਹੋਵਾਹ ਪ੍ਰਚਾਰ ਦੇ ਕੰਮ ਵਿਚ ਕਿਵੇਂ ਸਾਡੀ ਮਦਦ ਕਰਦਾ ਹੈ?
“ਉਨ੍ਹਾਂ ਨੂੰ ਇਹ ਜ਼ਰੂਰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਵਿਚ ਇਕ ਨਬੀ ਹੁੰਦਾ ਸੀ।”—ਹਿਜ਼. 2:5.
ਗੀਤ 67 “ਬਚਨ ਦਾ ਪ੍ਰਚਾਰ ਕਰ”
ਖ਼ਾਸ ਗੱਲਾਂa
1. ਪ੍ਰਚਾਰ ਕਰਦਿਆਂ ਸਾਡੇ ਨਾਲ ਕੀ ਹੋ ਸਕਦਾ ਹੈ, ਪਰ ਸਾਨੂੰ ਕਿਹੜੀ ਗੱਲ ਦਾ ਪੱਕਾ ਭਰੋਸਾ ਹੈ?
ਸਾਨੂੰ ਪਤਾ ਹੈ ਕਿ ਪ੍ਰਚਾਰ ਕਰਦਿਆਂ ਸਾਡਾ ਵਿਰੋਧ ਹੋ ਸਕਦਾ ਹੈ ਅਤੇ ਭਵਿੱਖ ਵਿਚ ਸ਼ਾਇਦ ਸਾਡਾ ਹੋਰ ਵੀ ਜ਼ਿਆਦਾ ਵਿਰੋਧ ਹੋਵੇ। (ਦਾਨੀ. 11:44; 2 ਤਿਮੋ. 3:12; ਪ੍ਰਕਾ. 16:21) ਪਰ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਜ਼ਰੂਰ ਕਰੇਗਾ। ਕਿਉਂ? ਕਿਉਂਕਿ ਯਹੋਵਾਹ ਨੇ ਹਮੇਸ਼ਾ ਆਪਣੇ ਸੇਵਕਾਂ ਦੀ ਔਖੀਆਂ ਤੋਂ ਔਖੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਮਦਦ ਕੀਤੀ ਹੈ। ਉਦਾਹਰਣ ਲਈ, ਯਹੋਵਾਹ ਨੇ ਆਪਣੇ ਸੇਵਕ ਹਿਜ਼ਕੀਏਲ ਦੀ ਬਾਬਲ ਵਿਚ ਗ਼ੁਲਾਮ ਯਹੂਦੀਆਂ ਨੂੰ ਪ੍ਰਚਾਰ ਕਰਨ ਵਿਚ ਮਦਦ ਕੀਤੀ ਸੀ। ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਉਸ ਦੀ ਕਿਵੇਂ ਮਦਦ ਕੀਤੀ।
2. (ੳ) ਹਿਜ਼ਕੀਏਲ ਨੇ ਜਿਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨਾ ਸੀ, ਉਨ੍ਹਾਂ ਬਾਰੇ ਯਹੋਵਾਹ ਨੇ ਕੀ ਦੱਸਿਆ? (ਹਿਜ਼ਕੀਏਲ 2:3-6) (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
2 ਹਿਜ਼ਕੀਏਲ ਨੇ ਕਿਹੋ ਜਿਹੇ ਲੋਕਾਂ ਨੂੰ ਪ੍ਰਚਾਰ ਕਰਨਾ ਸੀ? ਯਹੋਵਾਹ ਨੇ ਉਨ੍ਹਾਂ ਬਾਰੇ ਦੱਸਿਆ ਕਿ ਉਹ “ਢੀਠ,” “ਪੱਥਰ-ਦਿਲ” ਅਤੇ “ਬਾਗ਼ੀ” ਸਨ। ਉਹ ਕੰਡਿਆਂ ਅਤੇ ਜ਼ਹਿਰੀਲੇ ਬਿੱਛੂਆਂ ਵਰਗੇ ਸਨ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਨੇ ਹਿਜ਼ਕੀਏਲ ਨੂੰ ਵਾਰ-ਵਾਰ ਇਹ ਕਿਉਂ ਕਿਹਾ ਸੀ: “ਤੂੰ ਉਨ੍ਹਾਂ ਤੋਂ ਨਾ ਡਰੀਂ”! (ਹਿਜ਼ਕੀਏਲ 2:3-6 ਪੜ੍ਹੋ।) ਹਿਜ਼ਕੀਏਲ ਉਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਪ੍ਰਚਾਰ ਕਰ ਸਕਿਆ ਕਿਉਂਕਿ (1) ਉਸ ਨੂੰ ਯਹੋਵਾਹ ਨੇ ਭੇਜਿਆ ਸੀ, (2) ਉਸ ʼਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸੀ ਅਤੇ (3) ਉਸ ਨੂੰ ਪਰਮੇਸ਼ੁਰ ਦੇ ਬਚਨ ਤੋਂ ਤਾਕਤ ਮਿਲੀ ਸੀ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਨ੍ਹਾਂ ਗੱਲਾਂ ਤੋਂ ਹਿਜ਼ਕੀਏਲ ਦੀ ਕਿਵੇਂ ਮਦਦ ਹੋਈ? ਨਾਲੇ ਇਨ੍ਹਾਂ ਗੱਲਾਂ ਤੋਂ ਅੱਜ ਸਾਡੀ ਕਿਵੇਂ ਮਦਦ ਹੁੰਦੀ ਹੈ?
ਹਿਜ਼ਕੀਏਲ ਨੂੰ ਯਹੋਵਾਹ ਨੇ ਭੇਜਿਆ ਸੀ
3. ਯਹੋਵਾਹ ਨੇ ਕਿਵੇਂ ਹਿਜ਼ਕੀਏਲ ਨੂੰ ਹੌਸਲਾ ਦਿੱਤਾ ਅਤੇ ਉਸ ਦਾ ਭਰੋਸਾ ਵਧਾਇਆ?
3 ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: ‘ਮੈਂ ਤੈਨੂੰ ਘੱਲ ਰਿਹਾ ਹਾਂ।’ (ਹਿਜ਼. 2:3, 4) ਇਨ੍ਹਾਂ ਸ਼ਬਦਾਂ ਤੋਂ ਹਿਜ਼ਕੀਏਲ ਨੂੰ ਜ਼ਰੂਰ ਹੌਸਲਾ ਮਿਲਿਆ ਹੋਣਾ। ਕਿਉਂ? ਕਿਉਂਕਿ ਹਿਜ਼ਕੀਏਲ ਨੂੰ ਯਾਦ ਆਇਆ ਹੋਣਾ ਕਿ ਯਹੋਵਾਹ ਨੇ ਮੂਸਾ ਅਤੇ ਯਸਾਯਾਹ ਨੂੰ ਵੀ ਇਹੀ ਕਿਹਾ ਸੀ ਜਦੋਂ ਉਸ ਨੇ ਉਨ੍ਹਾਂ ਨੂੰ ਨਬੀਆਂ ਵਜੋਂ ਚੁਣਿਆ ਸੀ। (ਕੂਚ 3:10; ਯਸਾ. 6:8) ਹਿਜ਼ਕੀਏਲ ਇਹ ਵੀ ਜਾਣਦਾ ਸੀ ਕਿ ਯਹੋਵਾਹ ਨੇ ਉਨ੍ਹਾਂ ਦੋਹਾਂ ਨਬੀਆਂ ਦੀ ਔਖੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਕਿਵੇਂ ਮਦਦ ਕੀਤੀ ਸੀ। ਇਸ ਲਈ ਜਦੋਂ ਯਹੋਵਾਹ ਨੇ ਹਿਜ਼ਕੀਏਲ ਨੂੰ ਦੋ ਵਾਰ ਕਿਹਾ: ‘ਮੈਂ ਤੈਨੂੰ ਘੱਲ ਰਿਹਾ ਹਾਂ,’ ਤਾਂ ਹਿਜ਼ਕੀਏਲ ਨੂੰ ਪੂਰਾ ਭਰੋਸਾ ਹੋ ਗਿਆ ਹੋਣਾ ਕਿ ਯਹੋਵਾਹ ਉਸ ਦਾ ਸਾਥ ਜ਼ਰੂਰ ਦੇਵੇਗਾ। ਇਸ ਤੋਂ ਇਲਾਵਾ, ਹਿਜ਼ਕੀਏਲ ਨੇ ਆਪਣੀ ਕਿਤਾਬ ਵਿਚ ਇਹ ਗੱਲ ਕਈ ਵਾਰ ਲਿਖੀ: “ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ।” (ਹਿਜ਼. 3:16) ਉਸ ਨੇ ਇਹ ਵੀ ਕਈ ਵਾਰ ਲਿਖਿਆ: “ਮੈਨੂੰ ਦੁਬਾਰਾ ਯਹੋਵਾਹ ਦਾ ਇਹ ਸੰਦੇਸ਼ ਮਿਲਿਆ।” (ਹਿਜ਼. 6:1) ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਹਿਜ਼ਕੀਏਲ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਨੇ ਉਸ ਨੂੰ ਭੇਜਿਆ ਸੀ। ਨਾਲੇ ਉਸ ਦੇ ਪਿਤਾ ਨੇ ਪੁਜਾਰੀ ਹੋਣ ਦੇ ਨਾਤੇ ਉਸ ਨੂੰ ਜ਼ਰੂਰ ਸਿਖਾਇਆ ਹੋਣਾ ਕਿ ਬੀਤੇ ਸਮੇਂ ਵਿਚ ਯਹੋਵਾਹ ਨੇ ਆਪਣੇ ਨਬੀਆਂ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ ਸੀ। ਮਿਸਾਲ ਲਈ, ਯਹੋਵਾਹ ਨੇ ਆਪਣੇ ਸੇਵਕਾਂ ਇਸਹਾਕ, ਯਾਕੂਬ ਅਤੇ ਯਿਰਮਿਯਾਹ ਨੂੰ ਵੀ ਕਿਹਾ ਸੀ: “ਮੈਂ ਤੇਰੇ ਨਾਲ ਹਾਂ।”—ਉਤ. 26:24; 28:15; ਯਿਰ. 1:8.
4. ਕਿਹੜੀਆਂ ਗੱਲਾਂ ਤੋਂ ਹਿਜ਼ਕੀਏਲ ਨੂੰ ਹੌਸਲਾ ਜ਼ਰੂਰ ਮਿਲਿਆ ਹੋਣਾ?
4 ਕੀ ਜ਼ਿਆਦਾਤਰ ਇਜ਼ਰਾਈਲੀਆਂ ਨੇ ਹਿਜ਼ਕੀਏਲ ਦਾ ਸੰਦੇਸ਼ ਸੁਣਨਾ ਸੀ? ਯਹੋਵਾਹ ਨੇ ਦੱਸਿਆ: “ਇਜ਼ਰਾਈਲ ਦੇ ਘਰਾਣੇ ਦੇ ਲੋਕ ਤੇਰੀ ਗੱਲ ਸੁਣਨ ਤੋਂ ਇਨਕਾਰ ਕਰਨਗੇ ਕਿਉਂਕਿ ਉਹ ਮੇਰੀ ਗੱਲ ਨਹੀਂ ਸੁਣਨੀ ਚਾਹੁੰਦੇ।” (ਹਿਜ਼. 3:7) ਇਹ ਸੁਣ ਕੇ ਹਿਜ਼ਕੀਏਲ ਸਮਝ ਗਿਆ ਹੋਣਾ ਕਿ ਜਦੋਂ ਲੋਕ ਉਸ ਦੀ ਗੱਲ ਨਹੀਂ ਸੁਣਨਗੇ, ਤਾਂ ਅਸਲ ਵਿਚ ਉਹ ਯਹੋਵਾਹ ਦੀ ਗੱਲ ਸੁਣਨ ਤੋਂ ਇਨਕਾਰ ਕਰ ਰਹੇ ਹੋਣਗੇ। ਇਸ ਲਈ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਨਬੀ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਹੀਂ ਨਿਭਾ ਸਕੇਗਾ। ਇਸ ਤੋਂ ਇਲਾਵਾ, ਯਹੋਵਾਹ ਨੇ ਹਿਜ਼ਕੀਏਲ ਨੂੰ ਇਸ ਗੱਲ ਦਾ ਵੀ ਭਰੋਸਾ ਦਿਵਾਇਆ ਕਿ ਜਦੋਂ ਉਸ ਦੇ ਸੰਦੇਸ਼ ਮੁਤਾਬਕ ਉਹ ਲੋਕਾਂ ਨੂੰ ਸਜ਼ਾ ਦੇਵੇਗਾ, ਤਾਂ ਉਨ੍ਹਾਂ ਨੂੰ ਇਹ ਜ਼ਰੂਰ “ਪਤਾ ਲੱਗ ਜਾਵੇਗਾ ਕਿ ਉਨ੍ਹਾਂ ਵਿਚ ਇਕ ਨਬੀ ਹੁੰਦਾ ਸੀ।” (ਹਿਜ਼. 2:5; 33:33) ਬਿਨਾਂ ਸ਼ੱਕ, ਇਨ੍ਹਾਂ ਗੱਲਾਂ ਤੋਂ ਹਿਜ਼ਕੀਏਲ ਨੂੰ ਪ੍ਰਚਾਰ ਦਾ ਆਪਣਾ ਕੰਮ ਪੂਰਾ ਕਰਨ ਦਾ ਹੌਸਲਾ ਜ਼ਰੂਰ ਮਿਲਿਆ ਹੋਣਾ।
ਸਾਨੂੰ ਵੀ ਯਹੋਵਾਹ ਭੇਜਦਾ ਹੈ
5. ਯਸਾਯਾਹ 44:8 ਮੁਤਾਬਕ ਸਾਨੂੰ ਕਿਹੜੀ ਗੱਲ ਤੋਂ ਹੌਸਲਾ ਮਿਲਦਾ ਹੈ?
5 ਸਾਨੂੰ ਇਹ ਜਾਣ ਕੇ ਹੌਸਲਾ ਮਿਲਦਾ ਹੈ ਕਿ ਸਾਨੂੰ ਵੀ ਯਹੋਵਾਹ ਹੀ ਪ੍ਰਚਾਰ ਕਰਨ ਲਈ ਭੇਜਦਾ ਹੈ। ਉਹ ਸਾਨੂੰ ਆਪਣੇ “ਗਵਾਹ” ਬਣਨ ਦਾ ਮਾਣ ਬਖ਼ਸ਼ਦਾ ਹੈ। (ਯਸਾ. 43:10) ਇਹ ਸਾਡੇ ਲਈ ਕਿੰਨੇ ਹੀ ਵੱਡੇ ਸਨਮਾਨ ਦੀ ਗੱਲ ਹੈ! ਜਦੋਂ ਪ੍ਰਚਾਰ ਕਰਦਿਆਂ ਲੋਕ ਸਾਡਾ ਵਿਰੋਧ ਕਰਦੇ ਹਨ, ਤਾਂ ਸਾਨੂੰ ਉਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਹੈ। ਕਿਉਂ? ਕਿਉਂਕਿ ਹਿਜ਼ਕੀਏਲ ਵਾਂਗ ਸਾਨੂੰ ਵੀ ਪ੍ਰਚਾਰ ਕਰਨ ਲਈ ਯਹੋਵਾਹ ਹੀ ਭੇਜਦਾ ਹੈ ਅਤੇ ਉਹ ਸਾਡੇ ਨਾਲ ਹੈ। ਜਿੱਦਾਂ ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ ਸੀ: “ਤੂੰ ਉਨ੍ਹਾਂ ਤੋਂ ਨਾ ਡਰੀਂ,” ਉੱਦਾਂ ਹੀ ਉਹ ਅੱਜ ਸਾਨੂੰ ਵੀ ਕਹਿੰਦਾ ਹੈ: “ਖ਼ੌਫ਼ ਨਾ ਖਾਓ।”—ਯਸਾਯਾਹ 44:8 ਪੜ੍ਹੋ।
6. (ੳ) ਯਹੋਵਾਹ ਸਾਨੂੰ ਕਿਹੜੀ ਗੱਲ ਦਾ ਯਕੀਨ ਦਿਵਾਉਂਦਾ ਹੈ? (ਅ) ਸਾਨੂੰ ਕਿਹੜੀ ਗੱਲ ਤੋਂ ਹੌਸਲਾ ਤੇ ਦਿਲਾਸਾ ਮਿਲਦਾ ਹੈ?
6 ਯਹੋਵਾਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਸਾਡੀ ਮਦਦ ਜ਼ਰੂਰ ਕਰੇਗਾ। ਮਿਸਾਲ ਲਈ, “ਤੁਸੀਂ ਮੇਰੇ ਗਵਾਹ ਹੋ” ਕਹਿਣ ਤੋਂ ਪਹਿਲਾਂ ਯਹੋਵਾਹ ਨੇ ਵਾਅਦਾ ਕੀਤਾ ਸੀ: “ਜਦ ਤੂੰ ਪਾਣੀਆਂ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਨਾਲ ਹੋਵਾਂਗਾ, ਤੂੰ ਨਦੀਆਂ ਵਿੱਚੋਂ ਦੀ ਲੰਘੇਂਗਾ, ਤਾਂ ਉਹ ਤੈਨੂੰ ਡਬੋਣਗੀਆਂ ਨਹੀਂ। ਜਦ ਤੂੰ ਅੱਗ ਵਿੱਚੋਂ ਦੀ ਚੱਲੇਂਗਾ, ਤਾਂ ਤੂੰ ਸੜੇਂਗਾ ਨਹੀਂ, ਨਾ ਲਪਟਾਂ ਤੈਨੂੰ ਛੂਹਣਗੀਆਂ।” (ਯਸਾ. 43:2) ਪ੍ਰਚਾਰ ਕਰਦਿਆਂ ਕਦੇ-ਕਦੇ ਸਾਡੇ ਸਾਮ੍ਹਣੇ ਨਦੀਆਂ ਵਰਗੀਆਂ ਰੁਕਾਵਟਾਂ ਤੇ ਅੱਗ ਵਰਗੀਆਂ ਮੁਸੀਬਤਾਂ ਆਉਂਦੀਆਂ ਹਨ, ਫਿਰ ਵੀ ਅਸੀਂ ਯਹੋਵਾਹ ਦੀ ਮਦਦ ਨਾਲ ਬਿਨਾਂ ਰੁਕੇ ਪ੍ਰਚਾਰ ਕਰ ਸਕਦੇ ਹਾਂ। (ਯਸਾ. 41:13) ਹਿਜ਼ਕੀਏਲ ਦੇ ਦਿਨਾਂ ਵਾਂਗ ਅੱਜ ਵੀ ਬਹੁਤ ਸਾਰੇ ਲੋਕ ਸਾਡੀ ਗੱਲ ਨਹੀਂ ਸੁਣਦੇ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਵਧੀਆ ਤਰੀਕੇ ਨਾਲ ਗਵਾਹੀ ਨਹੀਂ ਦੇ ਰਹੇ। ਸਾਨੂੰ ਇਹ ਗੱਲ ਜਾਣ ਕੇ ਹੌਸਲਾ ਤੇ ਦਿਲਾਸਾ ਮਿਲਦਾ ਹੈ ਕਿ ਸਾਨੂੰ ਵਫ਼ਾਦਾਰੀ ਨਾਲ ਪ੍ਰਚਾਰ ਕਰਦਿਆਂ ਦੇਖ ਕੇ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਪੌਲੁਸ ਰਸੂਲ ਨੇ ਵੀ ਕਿਹਾ ਸੀ: “ਹਰੇਕ ਨੂੰ ਆਪੋ-ਆਪਣੀ ਮਿਹਨਤ ਦਾ ਫਲ ਮਿਲੇਗਾ।” (1 ਕੁਰਿੰ. 3:8; 4:1, 2) ਲੰਬੇ ਸਮੇਂ ਤੋਂ ਪਾਇਨੀਅਰਿੰਗ ਕਰ ਰਹੀ ਇਕ ਭੈਣ ਕਹਿੰਦੀ ਹੈ: “ਮੈਨੂੰ ਇਹ ਗੱਲ ਸੋਚ ਕੇ ਖ਼ੁਸ਼ੀ ਮਿਲਦੀ ਹੈ ਕਿ ਯਹੋਵਾਹ ਸਾਡੀ ਮਿਹਨਤ ਦਾ ਫਲ ਜ਼ਰੂਰ ਦਿੰਦਾ ਹੈ।”
ਹਿਜ਼ਕੀਏਲ ʼਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸੀ
7. ਜਦੋਂ ਵੀ ਹਿਜ਼ਕੀਏਲ ਯਹੋਵਾਹ ਦੇ ਸਵਰਗੀ ਰਥ ਦੇ ਦਰਸ਼ਣ ʼਤੇ ਸੋਚ-ਵਿਚਾਰ ਕਰਦਾ ਹੋਣਾ, ਤਾਂ ਇਸ ਦਾ ਉਸ ʼਤੇ ਕੀ ਅਸਰ ਪੈਂਦਾ ਹੋਣਾ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
7 ਹਿਜ਼ਕੀਏਲ ਦੇਖ ਸਕਦਾ ਸੀ ਕਿ ਪਰਮੇਸ਼ੁਰ ਦੀ ਸ਼ਕਤੀ ਵਿਚ ਕਿੰਨੀ ਤਾਕਤ ਸੀ। ਹਿਜ਼ਕੀਏਲ ਨੇ ਦਰਸ਼ਣ ਵਿਚ ਦੇਖਿਆ ਕਿ ਪਵਿੱਤਰ ਸ਼ਕਤੀ ਦੀ ਮਦਦ ਨਾਲ ਸ਼ਕਤੀਸ਼ਾਲੀ ਸਵਰਗੀ ਪ੍ਰਾਣੀ ਅਤੇ ਪਰਮੇਸ਼ੁਰ ਦੇ ਰਥ ਦੇ ਵੱਡੇ-ਵੱਡੇ ਪਹੀਏ ਕਿਵੇਂ ਅੱਗੇ ਵਧ ਰਹੇ ਸਨ। (ਹਿਜ਼. 1:20, 21) ਇਸ ਸ਼ਾਨਦਾਰ ਦਰਸ਼ਣ ਦਾ ਹਿਜ਼ਕੀਏਲ ʼਤੇ ਕੀ ਅਸਰ ਪਿਆ? ਉਸ ਨੇ ਲਿਖਿਆ: “ਜਦ ਮੈਂ ਇਹ ਸਭ ਕੁਝ ਦੇਖਿਆ, ਤਾਂ ਮੈਂ ਮੂੰਹ ਭਾਰ ਡਿਗ ਪਿਆ।” ਉਸ ਦਾ ਦਿਲ ਸ਼ਰਧਾ ਨਾਲ ਇੰਨਾ ਜ਼ਿਆਦਾ ਭਰ ਗਿਆ ਕਿ ਉਹ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਗਿਆ। (ਹਿਜ਼. 1:28) ਜਦੋਂ ਵੀ ਹਿਜ਼ਕੀਏਲ ਨੇ ਇਸ ਦਰਸ਼ਣ ʼਤੇ ਸੋਚ-ਵਿਚਾਰ ਕੀਤਾ ਹੋਣਾ, ਤਾਂ ਉਸ ਦਾ ਇਰਾਦਾ ਹੋਰ ਵੀ ਪੱਕਾ ਹੋਇਆ ਹੋਣਾ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਹ ਪ੍ਰਚਾਰ ਦਾ ਕੰਮ ਪੂਰਾ ਕਰ ਸਕੇਗਾ।
8-9. (ੳ) ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹੜਾ ਹੁਕਮ ਦਿੱਤਾ? (ਅ) ਯਹੋਵਾਹ ਨੇ ਹਿਜ਼ਕੀਏਲ ਨੂੰ ਕਿਵੇਂ ਤਕੜਾ ਕੀਤਾ ਤਾਂਕਿ ਉਹ ਢੀਠ ਲੋਕਾਂ ਨੂੰ ਪ੍ਰਚਾਰ ਕਰ ਸਕੇ?
8 ਇਹ ਦਰਸ਼ਣ ਦਿਖਾਉਣ ਤੋਂ ਬਾਅਦ ਯਹੋਵਾਹ ਨੇ ਹਿਜ਼ਕੀਏਲ ਨੂੰ ਹੁਕਮ ਦਿੱਤਾ: “ਹੇ ਮਨੁੱਖ ਦੇ ਪੁੱਤਰ, ਆਪਣੇ ਪੈਰਾਂ ʼਤੇ ਖੜ੍ਹਾ ਹੋ ਤਾਂਕਿ ਮੈਂ ਤੇਰੇ ਨਾਲ ਗੱਲ ਕਰਾਂ।” ਇਸ ਹੁਕਮ ਤੇ ਪਰਮੇਸ਼ੁਰ ਦੀ “ਸ਼ਕਤੀ” ਕਰਕੇ ਹਿਜ਼ਕੀਏਲ ਨੂੰ ਤਾਕਤ ਮਿਲੀ ਅਤੇ ਉਹ ਖੜ੍ਹਾ ਹੋ ਗਿਆ। ਹਿਜ਼ਕੀਏਲ ਨੇ ਲਿਖਿਆ: “ਸ਼ਕਤੀ ਮੇਰੇ ਅੰਦਰ ਆ ਗਈ ਅਤੇ ਉਸ ਸ਼ਕਤੀ ਨੇ ਮੈਨੂੰ ਮੇਰੇ ਪੈਰਾਂ ʼਤੇ ਖੜ੍ਹਾ ਕਰ ਦਿੱਤਾ।” (ਹਿਜ਼. 2:1, 2) ਇਸ ਤੋਂ ਬਾਅਦ ਯਹੋਵਾਹ ਦੀ ਸ਼ਕਤੀ ਸੇਵਕਾਈ ਦੌਰਾਨ ਹਿਜ਼ਕੀਏਲ ਦੀ ਅਗਵਾਈ ਕਰਦੀ ਰਹੀ। (ਹਿਜ਼. 3:22; 8:1; 33:22; 37:1; 40:1) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਰਕੇ ਹੀ ਉਸ ਨੂੰ “ਢੀਠ ਅਤੇ ਪੱਥਰ-ਦਿਲ” ਲੋਕਾਂ ਨੂੰ ਪ੍ਰਚਾਰ ਕਰਨ ਦੀ ਹਿੰਮਤ ਮਿਲੀ। (ਹਿਜ਼. 3:7) ਯਹੋਵਾਹ ਨੇ ਹਿਜ਼ਕੀਏਲ ਨੂੰ ਦੱਸਿਆ: “ਮੈਂ ਤੇਰਾ ਚਿਹਰਾ ਉਨ੍ਹਾਂ ਦੇ ਚਿਹਰੇ ਵਾਂਗ ਕਠੋਰ ਅਤੇ ਤੇਰਾ ਮੱਥਾ ਉਨ੍ਹਾਂ ਦੇ ਮੱਥੇ ਵਾਂਗ ਸਖ਼ਤ ਬਣਾਇਆ ਹੈ। ਮੈਂ ਤੇਰਾ ਮੱਥਾ ਹੀਰੇ ਵਾਂਗ ਕਠੋਰ ਅਤੇ ਚਕਮਾਕ ਪੱਥਰ ਨਾਲੋਂ ਜ਼ਿਆਦਾ ਸਖ਼ਤ ਬਣਾ ਦਿੱਤਾ ਹੈ। ਉਨ੍ਹਾਂ ਤੋਂ ਨਾ ਡਰੀਂ ਅਤੇ ਨਾ ਹੀ ਉਨ੍ਹਾਂ ਦੇ ਚਿਹਰੇ ਦੇਖ ਕੇ ਖ਼ੌਫ਼ ਖਾਈਂ।” (ਹਿਜ਼. 3:8 ਫੁਟਨੋਟ, 9) ਦਰਅਸਲ, ਯਹੋਵਾਹ ਹਿਜ਼ਕੀਏਲ ਨੂੰ ਕਹਿ ਰਿਹਾ ਸੀ: ‘ਤੈਨੂੰ ਢੀਠ ਲੋਕਾਂ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਤੈਨੂੰ ਤਕੜਾ ਕਰਾਂਗਾ।’
9 ਇਸ ਤੋਂ ਬਾਅਦ ਦਰਸ਼ਣ ਵਿਚ ਪਰਮੇਸ਼ੁਰ ਦੀ ਸ਼ਕਤੀ ਹਿਜ਼ਕੀਏਲ ਨੂੰ ਉਸ ਇਲਾਕੇ ਵਿਚ ਲੈ ਗਈ ਜਿੱਥੇ ਉਸ ਨੇ ਪ੍ਰਚਾਰ ਕਰਨਾ ਸੀ। ਹਿਜ਼ਕੀਏਲ ਨੇ ਲਿਖਿਆ: “ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਜ਼ਬਰਦਸਤ ਢੰਗ ਨਾਲ ਕੰਮ ਕਰ ਰਹੀ ਸੀ।” ਲੋਕਾਂ ਨੂੰ ਪੂਰੇ ਯਕੀਨ ਨਾਲ ਪ੍ਰਚਾਰ ਕਰਨ ਲਈ ਜ਼ਰੂਰੀ ਸੀ ਕਿ ਉਹ ਖ਼ੁਦ ਪਹਿਲਾਂ ਆਪ ਇਸ ਸੰਦੇਸ਼ ਨੂੰ ਸਮਝੇ। ਉਸ ਨੂੰ ਇਹ ਸੰਦੇਸ਼ ਸਮਝਣ ਵਿਚ ਸੱਤ ਦਿਨ ਲੱਗੇ। (ਹਿਜ਼. 3:14, 15) ਫਿਰ ਯਹੋਵਾਹ ਨੇ ਉਸ ਨੂੰ ਘਾਟੀ ਵਿਚ ਜਾਣ ਲਈ ਕਿਹਾ ਜਿੱਥੇ “ਪਰਮੇਸ਼ੁਰ ਦੀ ਸ਼ਕਤੀ [ਉਸ ਦੇ] ਅੰਦਰ ਆ ਗਈ।” (ਹਿਜ਼. 3:23, 24) ਇਸ ਤੋਂ ਬਾਅਦ ਹਿਜ਼ਕੀਏਲ ਸੇਵਾ ਦਾ ਕੰਮ ਕਰਨ ਲਈ ਤਿਆਰ ਸੀ।
ਸਾਡੇ ʼਤੇ ਵੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਹੈ
10. ਕਿਸ ਦੀ ਮਦਦ ਸਦਕਾ ਹੀ ਅਸੀਂ ਪ੍ਰਚਾਰ ਕਰ ਸਕਦੇ ਹਾਂ ਅਤੇ ਕਿਉਂ?
10 ਕਿਹੜੀ ਗੱਲ ਦੀ ਮਦਦ ਨਾਲ ਅਸੀਂ ਪ੍ਰਚਾਰ ਦਾ ਕੰਮ ਲਗਾਤਾਰ ਕਰ ਸਕਦੇ ਹਾਂ? ਇਸ ਦਾ ਜਵਾਬ ਜਾਣਨ ਲਈ ਜ਼ਰਾ ਸੋਚੋ ਕਿ ਹਿਜ਼ਕੀਏਲ ਨਾਲ ਕੀ ਹੋਇਆ ਸੀ। ਪ੍ਰਚਾਰ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਰਮੇਸ਼ੁਰ ਨੇ ਉਸ ਨੂੰ ਪਵਿੱਤਰ ਸ਼ਕਤੀ ਦੇ ਕੇ ਤਕੜਾ ਕੀਤਾ ਸੀ। ਸ਼ੈਤਾਨ ਸਾਡਾ ਪ੍ਰਚਾਰ ਦਾ ਕੰਮ ਰੋਕਣ ਲਈ ਸਾਡੇ ਨਾਲ ਯੁੱਧ ਲੜਦਾ ਹੈ। (ਪ੍ਰਕਾ. 12:17) ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਸਾਡਾ ਸ਼ੈਤਾਨ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ। ਪਰ ਅਸੀਂ ਪ੍ਰਚਾਰ ਦੇ ਕੰਮ ਰਾਹੀਂ ਉਸ ʼਤੇ ਜਿੱਤ ਹਾਸਲ ਕਰ ਸਕਦੇ ਹਾਂ! (ਪ੍ਰਕਾ. 12:9-11) ਕਿਉਂ? ਕਿਉਂਕਿ ਹਿਜ਼ਕੀਏਲ ਵਾਂਗ ਅਸੀਂ ਵੀ ਸਿਰਫ਼ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਸਦਕਾ ਹੀ ਪ੍ਰਚਾਰ ਦਾ ਕੰਮ ਕਰ ਸਕਦੇ ਹਾਂ। ਜਦੋਂ ਅਸੀਂ ਪ੍ਰਚਾਰ ਕਰਨ ਜਾਂਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸ਼ੈਤਾਨ ਦੀਆਂ ਧਮਕੀਆਂ ਤੋਂ ਡਰਦੇ ਨਹੀਂ। ਹਰ ਵਾਰ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਤਾਂ ਸ਼ੈਤਾਨ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਇਹੀ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਸਾਡੇ ਨਾਲ ਹੈ ਅਤੇ ਸਾਡੇ ʼਤੇ ਉਸ ਦੀ ਮਿਹਰ ਹੈ।—ਮੱਤੀ 5:10-12; 1 ਪਤ. 4:14.
11. ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਕੀ ਕਰ ਸਕਦੇ ਹਾਂ ਅਤੇ ਇਸ ਨੂੰ ਪਾਉਂਦੇ ਰਹਿਣ ਲਈ ਅਸੀਂ ਕੀ ਕਰ ਸਕਦੇ ਹਾਂ?
11 ਜ਼ਰਾ ਯਾਦ ਕਰੋ ਕਿ ਉਨ੍ਹਾਂ ਢੀਠ ਲੋਕਾਂ ਨੂੰ ਪ੍ਰਚਾਰ ਕਰਨ ਲਈ ਯਹੋਵਾਹ ਨੇ ਹਿਜ਼ਕੀਏਲ ਦਾ ਚਿਹਰਾ ਕਠੋਰ ਅਤੇ ਮੱਥਾ ਸਖ਼ਤ ਕੀਤਾ ਸੀ। ਇਸ ਤੋਂ ਸਾਨੂੰ ਕਿਹੜੀ ਗੱਲ ਦਾ ਭਰੋਸਾ ਹੁੰਦਾ ਹੈ? ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਦੇ ਬਾਵਜੂਦ ਵੀ ਪ੍ਰਚਾਰ ਕਰਦੇ ਰਹਿੰਦੇ ਹਾਂ। (2 ਕੁਰਿੰ. 4:7-9) ਤਾਂ ਫਿਰ, ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਉਂਦੇ ਰਹਿਣ ਲਈ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਲਗਾਤਾਰ ਪ੍ਰਾਰਥਨਾ ਕਰਨ ਦੀ ਲੋੜ ਹੈ ਅਤੇ ਭਰੋਸਾ ਰੱਖਣ ਦੀ ਲੋੜ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ। ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ: “ਮੰਗਦੇ ਰਹੋ, . . . ਲੱਭਦੇ ਰਹੋ, . . . ਦਰਵਾਜ਼ਾ ਖੜਕਾਉਂਦੇ ਰਹੋ।” ਫਿਰ ਯਹੋਵਾਹ ਸਾਡੀ ਪ੍ਰਾਰਥਨਾ ਸੁਣ ਕੇ ਸਾਨੂੰ ਆਪਣੀ “ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ।”—ਲੂਕਾ 11:9, 13; ਰਸੂ. 1:14; 2:4.
ਹਿਜ਼ਕੀਏਲ ਨੂੰ ਪਰਮੇਸ਼ੁਰ ਦੇ ਬਚਨ ਤੋਂ ਤਾਕਤ ਮਿਲੀ
12. ਹਿਜ਼ਕੀਏਲ 2:9–3:3 ਮੁਤਾਬਕ ਪੱਤਰੀ ਕਿੱਥੋਂ ਆਈ ਸੀ ਅਤੇ ਇਸ ਵਿਚ ਕੀ ਲਿਖਿਆ ਸੀ?
12 ਹਿਜ਼ਕੀਏਲ ਨੂੰ ਨਾ ਸਿਰਫ਼ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਤੋਂ, ਸਗੋਂ ਉਸ ਦੇ ਬਚਨ ਤੋਂ ਵੀ ਤਾਕਤ ਮਿਲੀ। ਇਸੇ ਦਰਸ਼ਣ ਵਿਚ ਹਿਜ਼ਕੀਏਲ ਨੇ ਇਕ ਹੱਥ ਦੇਖਿਆ ਜਿਸ ਵਿਚ ਇਕ ਲਪੇਟਵੀਂ ਪੱਤਰੀ ਸੀ। (ਹਿਜ਼ਕੀਏਲ 2:9–3:3 ਪੜ੍ਹੋ।) ਇਹ ਪੱਤਰੀ ਕਿੱਥੋਂ ਆਈ ਸੀ? ਇਸ ਪੱਤਰੀ ਵਿਚ ਕੀ ਲਿਖਿਆ ਸੀ? ਇਸ ਪੱਤਰੀ ਤੋਂ ਹਿਜ਼ਕੀਏਲ ਨੂੰ ਤਾਕਤ ਕਿਵੇਂ ਮਿਲੀ? ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਜਾਣੀਏ। ਇਹ ਪੱਤਰੀ ਪਰਮੇਸ਼ੁਰ ਦੇ ਸਿੰਘਾਸਣ ਤੋਂ ਆਈ ਸੀ। ਦਰਸ਼ਣ ਵਿਚ ਹਿਜ਼ਕੀਏਲ ਨੇ ਪਹਿਲਾਂ ਜਿਨ੍ਹਾਂ ਚਾਰ ਦੂਤਾਂ ਨੂੰ ਦੇਖਿਆ ਸੀ, ਸ਼ਾਇਦ ਉਨ੍ਹਾਂ ਵਿੱਚੋਂ ਕਿਸੇ ਇਕ ਦੂਤ ਰਾਹੀਂ ਯਹੋਵਾਹ ਨੇ ਹਿਜ਼ਕੀਏਲ ਨੂੰ ਇਹ ਪੱਤਰੀ ਦਿੱਤੀ ਸੀ। (ਹਿਜ਼. 1:8; 10:7, 20) ਇਸ ਲੰਬੀ ਸਾਰੀ ਪੱਤਰੀ ਵਿਚ ਪਰਮੇਸ਼ੁਰ ਵੱਲੋਂ ਸਜ਼ਾ ਦਾ ਸੰਦੇਸ਼ ਲਿਖਿਆ ਹੋਇਆ ਸੀ ਜੋ ਹਿਜ਼ਕੀਏਲ ਨੇ ਬਾਬਲ ਵਿਚ ਗ਼ੁਲਾਮ ਬਾਗ਼ੀ ਇਜ਼ਰਾਈਲੀਆਂ ਨੂੰ ਸੁਣਾਉਣਾ ਸੀ। (ਹਿਜ਼. 2:7) ਇਹ ਸੰਦੇਸ਼ ਪੱਤਰੀ ਦੇ ਦੋਹਾਂ ਪਾਸਿਆਂ ʼਤੇ ਲਿਖਿਆ ਹੋਇਆ ਸੀ।
13. ਯਹੋਵਾਹ ਨੇ ਹਿਜ਼ਕੀਏਲ ਨੂੰ ਪੱਤਰੀ ਨਾਲ ਕੀ ਕਰਨ ਲਈ ਕਿਹਾ ਅਤੇ ਇਹ ਪੱਤਰੀ ਹਿਜ਼ਕੀਏਲ ਨੂੰ ਮਿੱਠੀ ਕਿਉਂ ਲੱਗੀ?
13 ਯਹੋਵਾਹ ਨੇ ਆਪਣੇ ਨਬੀ ਨੂੰ ਇਹ ਪੱਤਰੀ ਖਾਣ ਅਤੇ ‘ਇਸ ਨਾਲ ਆਪਣਾ ਢਿੱਡ ਭਰਨ’ ਲਈ ਕਿਹਾ। ਹਿਜ਼ਕੀਏਲ ਨੇ ਯਹੋਵਾਹ ਦੀ ਗੱਲ ਮੰਨ ਕੇ ਪੂਰੀ ਪੱਤਰੀ ਨੂੰ ਖਾ ਲਿਆ। ਦਰਸ਼ਣ ਦੇ ਇਸ ਹਿੱਸੇ ਦਾ ਕੀ ਮਤਲਬ ਸੀ? ਹਿਜ਼ਕੀਏਲ ਨੇ ਪੱਤਰੀ ਵਿਚ ਲਿਖਿਆ ਸੰਦੇਸ਼ ਚੰਗੀ ਤਰ੍ਹਾਂ ਸਮਝਣਾ ਸੀ ਅਤੇ ਇਸ ʼਤੇ ਆਪਣਾ ਭਰੋਸਾ ਪੱਕਾ ਕਰਨਾ ਸੀ ਤਾਂਕਿ ਉਸ ਨੂੰ ਇਸ ਸੰਦੇਸ਼ ਨੂੰ ਸੁਣਾਉਣ ਦੀ ਪ੍ਰੇਰਣਾ ਮਿਲੇ। ਫਿਰ ਇਕ ਹੈਰਾਨ ਕਰਨ ਵਾਲੀ ਗੱਲ ਹੋਈ। ਹਿਜ਼ਕੀਏਲ ਨੂੰ ਇਹ ਪੱਤਰੀ “ਸ਼ਹਿਦ ਵਾਂਗ ਮਿੱਠੀ ਲੱਗੀ।” (ਹਿਜ਼. 3:3) ਕਿਉਂ? ਕਿਉਂਕਿ ਹਿਜ਼ਕੀਏਲ ਲਈ ਯਹੋਵਾਹ ਦਾ ਸੰਦੇਸ਼ ਸੁਣਾਉਣਾ ਬੜੇ ਮਾਣ ਦੀ ਗੱਲ ਸੀ! (ਜ਼ਬੂ. 19:8-11) ਉਹ ਸ਼ੁਕਰਗੁਜ਼ਾਰ ਸੀ ਕਿ ਯਹੋਵਾਹ ਨੇ ਉਸ ਨੂੰ ਆਪਣੇ ਨਬੀ ਵਜੋਂ ਸੇਵਾ ਕਰਨ ਲਈ ਚੁਣਿਆ ਸੀ।
14. ਲੋਕਾਂ ਨੂੰ ਯਹੋਵਾਹ ਦਾ ਸੰਦੇਸ਼ ਸੁਣਾਉਣ ਤੋਂ ਪਹਿਲਾਂ ਹਿਜ਼ਕੀਏਲ ਨੇ ਕੀ ਕਰਨਾ ਸੀ?
14 ਬਾਅਦ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: “ਮੈਂ ਤੈਨੂੰ ਜੋ ਵੀ ਦੱਸ ਰਿਹਾ ਹਾਂ, ਉਸ ਨੂੰ ਸੁਣ ਅਤੇ ਆਪਣੇ ਦਿਲ ਵਿਚ ਬਿਠਾ।” (ਹਿਜ਼. 3:10) ਇਨ੍ਹਾਂ ਹਿਦਾਇਤਾਂ ਨਾਲ ਯਹੋਵਾਹ ਨੇ ਹਿਜ਼ਕੀਏਲ ਨੂੰ ਦੱਸਿਆ ਕਿ ਉਹ ਪੱਤਰੀ ਵਿਚ ਲਿਖੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਵੇ ਅਤੇ ਇਨ੍ਹਾਂ ਉੱਤੇ ਸੋਚ-ਵਿਚਾਰ ਕਰੇ। ਜਦੋਂ ਹਿਜ਼ਕੀਏਲ ਨੇ ਇਸ ਤਰ੍ਹਾਂ ਕੀਤਾ, ਤਾਂ ਉਸ ਦੀ ਨਿਹਚਾ ਹੋਰ ਵੀ ਪੱਕੀ ਹੋਈ। ਹੁਣ ਉਸ ਨੇ ਇਹ ਜ਼ਬਰਦਸਤ ਸੰਦੇਸ਼ ਲੋਕਾਂ ਨੂੰ ਸੁਣਾਉਣਾ ਸੀ। (ਹਿਜ਼. 3:11) ਪਰਮੇਸ਼ੁਰ ਦੇ ਸੰਦੇਸ਼ ਨੂੰ ਆਪਣੇ ਦਿਲ-ਦਿਮਾਗ਼ ਵਿਚ ਬਿਠਾ ਕੇ ਹਿਜ਼ਕੀਏਲ ਹੁਣ ਇਸ ਸੰਦੇਸ਼ ਨੂੰ ਪੂਰੇ ਯਕੀਨ ਨਾਲ ਸੁਣਾਉਣ ਲਈ ਅਤੇ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਤਿਆਰ ਸੀ।
ਸਾਨੂੰ ਵੀ ਪਰਮੇਸ਼ੁਰ ਦੇ ਬਚਨ ਤੋਂ ਤਾਕਤ ਮਿਲਦੀ ਹੈ
15. ਮੁਸ਼ਕਲਾਂ ਦੇ ਬਾਵਜੂਦ ਪ੍ਰਚਾਰ ਕਰਦੇ ਰਹਿਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
15 ਮੁਸ਼ਕਲਾਂ ਦੇ ਬਾਵਜੂਦ ਪ੍ਰਚਾਰ ਕਰਦੇ ਰਹਿਣ ਲਈ ਸਾਨੂੰ ਲਗਾਤਾਰ ਪਰਮੇਸ਼ੁਰ ਦੇ ਬਚਨ ਤੋਂ ਤਾਕਤ ਲੈਣੀ ਚਾਹੀਦੀ ਹੈ। ਯਹੋਵਾਹ ਜੋ ਗੱਲਾਂ ਕਹਿੰਦਾ ਹੈ, ਸਾਨੂੰ ਉਨ੍ਹਾਂ ਨੂੰ ਆਪਣੇ ‘ਦਿਲ ਵਿਚ ਬਿਠਾਉਣਾ’ ਚਾਹੀਦਾ ਹੈ। ਅੱਜ ਯਹੋਵਾਹ ਆਪਣੇ ਬਚਨ ਬਾਈਬਲ ਰਾਹੀਂ ਸਾਡੇ ਨਾਲ ਗੱਲ ਕਰਦਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਦਾ ਅਸਰ ਸਾਡੀਆਂ ਸੋਚਾਂ, ਭਾਵਨਾਵਾਂ ਅਤੇ ਇਰਾਦਿਆਂ ʼਤੇ ਪਵੇ, ਤਾਂ ਸਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ?
16. (ੳ) ਪੱਤਰੀ ਦੇ ਦਰਸ਼ਣ ਤੋਂ ਅਸੀਂ ਕੀ ਸਿੱਖਦੇ ਹਾਂ? (ਅ) ਅਸੀਂ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਚੰਗੀ ਤਰ੍ਹਾਂ ਕਿਵੇਂ ਸਮਝ ਸਕਦੇ ਹਾਂ?
16 ਜਦੋਂ ਅਸੀਂ ਖਾਣਾ ਖਾਂਦੇ ਹਾਂ ਅਤੇ ਖਾਣਾ ਚੰਗੀ ਤਰ੍ਹਾਂ ਹਜ਼ਮ ਹੁੰਦਾ ਹੈ, ਤਾਂ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਾਂ ਅਤੇ ਇਸ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ। ਯਹੋਵਾਹ ਪੱਤਰੀ ਦੇ ਦਰਸ਼ਣ ਰਾਹੀਂ ਸਾਨੂੰ ਇਹੀ ਸਬਕ ਸਿਖਾਉਣਾ ਚਾਹੁੰਦਾ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਬਚਨ ਵਿਚ ਲਿਖੀਆਂ ਗੱਲਾਂ ਨਾਲ ‘ਆਪਣਾ ਢਿੱਡ ਭਰੀਏ’ ਯਾਨੀ ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝੀਏ। ਅਸੀਂ ਪ੍ਰਾਰਥਨਾ ਕਰ ਕੇ, ਉਸ ਦੇ ਬਚਨ ਨੂੰ ਪੜ੍ਹ ਕੇ ਅਤੇ ਇਸ ʼਤੇ ਸੋਚ-ਵਿਚਾਰ ਕਰ ਕੇ ਇਸ ਤਰ੍ਹਾਂ ਕਰ ਸਕਦੇ ਹਾਂ। ਉਦਾਹਰਣ ਲਈ, ਬਾਈਬਲ ਵਿੱਚੋਂ ਕੁਝ ਪੜ੍ਹਨ ਤੋਂ ਪਹਿਲਾਂ ਪ੍ਰਾਰਥਨਾ ਕਰ ਕੇ ਆਪਣੇ ਦਿਲ ਨੂੰ ਤਿਆਰ ਕਰੋ। ਫਿਰ ਬਚਨ ਨੂੰ ਪੜ੍ਹੋ ਅਤੇ ਥੋੜ੍ਹਾ ਰੁਕ ਕੇ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰੋ। ਇਸ ਦਾ ਕੀ ਨਤੀਜਾ ਨਿਕਲੇਗਾ? ਅਸੀਂ ਪਰਮੇਸ਼ੁਰ ਦੇ ਬਚਨ ʼਤੇ ਜਿੰਨਾ ਜ਼ਿਆਦਾ ਸੋਚ-ਵਿਚਾਰ ਕਰਾਂਗੇ, ਸਾਡੀ ਨਿਹਚਾ ਉੱਨੀ ਜ਼ਿਆਦਾ ਪੱਕੀ ਹੋਵੇਗੀ।
17. ਬਾਈਬਲ ਪੜ੍ਹਨੀ ਅਤੇ ਇਸ ʼਤੇ ਸੋਚ-ਵਿਚਾਰ ਕਰਨਾ ਕਿਉਂ ਜ਼ਰੂਰੀ ਹੈ?
17 ਸਾਡੇ ਲਈ ਬਾਈਬਲ ਪੜ੍ਹਨੀ ਅਤੇ ਇਸ ʼਤੇ ਸੋਚ-ਵਿਚਾਰ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਇਸ ਨਾਲ ਸਾਨੂੰ ਰਾਜ ਦਾ ਸੰਦੇਸ਼ ਸੁਣਾਉਣ ਦੀ ਤਾਕਤ ਮਿਲਦੀ ਹੈ। ਨਾਲੇ ਸਾਨੂੰ ਭਵਿੱਖ ਵਿਚ ਸਖ਼ਤ ਸਜ਼ਾ ਦਾ ਸੰਦੇਸ਼ ਸੁਣਾਉਣ ਦੀ ਵੀ ਤਾਕਤ ਮਿਲੇਗੀ। ਇਸ ਤੋਂ ਇਲਾਵਾ, ਜਦੋਂ ਅਸੀਂ ਪਰਮੇਸ਼ੁਰ ਦੇ ਸ਼ਾਨਦਾਰ ਗੁਣਾਂ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਡਾ ਉਸ ਨਾਲ ਰਿਸ਼ਤਾ ਹੋਰ ਵੀ ਜ਼ਿਆਦਾ ਗੂੜ੍ਹਾ ਹੁੰਦਾ ਹੈ। ਨਤੀਜੇ ਵਜੋਂ, ਯਹੋਵਾਹ ਨਾਲ ਸਾਡੇ ਰਿਸ਼ਤੇ ਵਿਚ ਮਿਠਾਸ ਹੋਵੇਗੀ ਯਾਨੀ ਸਾਨੂੰ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੇਗੀ।—ਜ਼ਬੂ. 119:103.
ਸਭ ਕੁਝ ਸਹਿਣ ਲਈ ਤਿਆਰ
18. ਸਾਡੇ ਇਲਾਕੇ ਦੇ ਲੋਕਾਂ ਨੂੰ ਕਿਹੜੀ ਗੱਲ ਮੰਨਣੀ ਪਵੇਗੀ ਅਤੇ ਕਿਉਂ?
18 ਚਾਹੇ ਅਸੀਂ ਹਿਜ਼ਕੀਏਲ ਵਾਂਗ ਨਬੀ ਨਹੀਂ ਹਾਂ, ਪਰ ਅਸੀਂ ਪਰਮੇਸ਼ੁਰ ਵੱਲੋਂ ਮਿਲਿਆ ਸੰਦੇਸ਼ ਸੁਣਾਉਂਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ। ਅਸੀਂ ਉਦੋਂ ਤਕ ਇਹ ਸੰਦੇਸ਼ ਸੁਣਾਉਂਦੇ ਰਹਾਂਗੇ, ਜਦ ਤਕ ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਕੰਮ ਪੂਰਾ ਨਹੀਂ ਹੋ ਜਾਂਦਾ। ਜਦੋਂ ਨਿਆਂ ਕਰਨ ਦਾ ਸਮਾਂ ਆਵੇਗਾ, ਤਾਂ ਸਾਡੇ ਇਲਾਕੇ ਦੇ ਲੋਕ ਇਹ ਨਹੀਂ ਕਹਿ ਸਕਣਗੇ ਕਿ ਉਨ੍ਹਾਂ ਨੂੰ ਇਹ ਚੇਤਾਵਨੀ ਨਹੀਂ ਮਿਲੀ ਜਾਂ ਪਰਮੇਸ਼ੁਰ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। (ਹਿਜ਼. 3:19; 18:23) ਇਸ ਦੀ ਬਜਾਇ, ਉਨ੍ਹਾਂ ਨੂੰ ਇਹ ਗੱਲ ਮੰਨਣੀ ਪਵੇਗੀ ਕਿ ਅਸੀਂ ਜਿਸ ਸੰਦੇਸ਼ ਦਾ ਪ੍ਰਚਾਰ ਕੀਤਾ ਸੀ, ਉਹ ਪਰਮੇਸ਼ੁਰ ਵੱਲੋਂ ਸੀ।
19. ਸੇਵਾ ਦਾ ਕੰਮ ਪੂਰਾ ਕਰਨ ਲਈ ਸਾਨੂੰ ਤਾਕਤ ਕਿੱਥੋਂ ਮਿਲ ਸਕਦੀ ਹੈ?
19 ਸੇਵਾ ਦਾ ਕੰਮ ਪੂਰਾ ਕਰਨ ਲਈ ਸਾਨੂੰ ਤਾਕਤ ਕਿੱਥੋਂ ਮਿਲ ਸਕਦੀ ਹੈ? ਸਾਨੂੰ ਵੀ ਉਨ੍ਹਾਂ ਤਿੰਨ ਗੱਲਾਂ ਤੋਂ ਤਾਕਤ ਮਿਲ ਸਕਦੀ ਹੈ ਜਿਨ੍ਹਾਂ ਤੋਂ ਹਿਜ਼ਕੀਏਲ ਨੂੰ ਮਿਲੀ ਸੀ। ਅਸੀਂ ਪ੍ਰਚਾਰ ਦਾ ਕੰਮ ਇਸ ਲਈ ਲਗਾਤਾਰ ਕਰ ਪਾਉਂਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਸਾਨੂੰ ਵੀ ਭੇਜਣ ਵਾਲਾ ਯਹੋਵਾਹ ਹੈ, ਸਾਡੇ ʼਤੇ ਉਸ ਦੀ ਪਵਿੱਤਰ ਸ਼ਕਤੀ ਹੈ ਅਤੇ ਸਾਨੂੰ ਉਸ ਦੇ ਬਚਨ ਤੋਂ ਤਾਕਤ ਮਿਲਦੀ ਹੈ। ਯਹੋਵਾਹ ਦੇ ਸਾਥ ਕਰਕੇ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਮੁਸ਼ਕਲਾਂ ਦੇ ਬਾਵਜੂਦ “ਅੰਤ ਤਕ” ਪ੍ਰਚਾਰ ਦਾ ਕੰਮ ਕਰਦੇ ਰਹੀਏ।—ਮੱਤੀ 24:13.
ਗੀਤ 65 ਅੱਗੇ ਵਧਦੇ ਰਹੋ!
a ਇਸ ਲੇਖ ਵਿਚ ਅਸੀਂ ਤਿੰਨ ਗੱਲਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਰਾਹੀਂ ਯਹੋਵਾਹ ਨੇ ਹਿਜ਼ਕੀਏਲ ਨਬੀ ਦੀ ਪ੍ਰਚਾਰ ਦਾ ਕੰਮ ਪੂਰਾ ਕਰਨ ਵਿਚ ਮਦਦ ਕੀਤੀ। ਜਦੋਂ ਅਸੀਂ ਇਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ, ਤਾਂ ਸਾਡਾ ਭਰੋਸਾ ਹੋਰ ਪੱਕਾ ਹੋਵੇਗਾ ਕਿ ਯਹੋਵਾਹ ਅੱਜ ਸਾਡੀ ਵੀ ਇਸ ਕੰਮ ਨੂੰ ਪੂਰਾ ਕਰਨ ਵਿਚ ਮਦਦ ਕਰੇਗਾ।