ਪਾਠਕਾਂ ਵੱਲੋਂ ਸਵਾਲ
ਭਵਿੱਖ ਜਾਣਨ ਦੀ ਯਹੋਵਾਹ ਦੀ ਕਾਬਲੀਅਤ ਬਾਰੇ ਬਾਈਬਲ ਵਿਚ ਕੀ ਦੱਸਿਆ ਗਿਆ ਹੈ?
ਬਾਈਬਲ ਵਿਚ ਇਹ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਯਹੋਵਾਹ ਪਹਿਲਾਂ ਤੋਂ ਹੀ ਦੱਸ ਸਕਦਾ ਹੈ ਕਿ ਭਵਿੱਖ ਵਿਚ ਕੀ-ਕੀ ਹੋਵੇਗਾ। (ਯਸਾ. 45:21) ਪਰ ਇਸ ਵਿਚ ਹਰ ਛੋਟੀ-ਛੋਟੀ ਜਾਣਕਾਰੀ ਨਹੀਂ ਦਿੱਤੀ ਗਈ, ਜਿੱਦਾਂ ਯਹੋਵਾਹ ਕਿੱਦਾਂ ਭਵਿੱਖ ਦੇਖਦਾ ਹੈ, ਉਹ ਕਦੋਂ ਇੱਦਾਂ ਕਰਦਾ ਹੈ ਅਤੇ ਕਿੰਨਾ ਕੁ ਭਵਿੱਖ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਯਹੋਵਾਹ ਦੀ ਇਸ ਕਾਬਲੀਅਤ ਬਾਰੇ ਅਸੀਂ ਸਾਰਾ ਕੁਝ ਤਾਂ ਨਹੀਂ ਜਾਣਦੇ। ਪਰ ਹਾਂ ਕੁਝ ਗੱਲਾਂ ਸਾਨੂੰ ਪਤਾ ਹਨ। ਆਓ ਉਨ੍ਹਾਂ ʼਤੇ ਧਿਆਨ ਦੇਈਏ।
ਯਹੋਵਾਹ ਜੋ ਚਾਹੇ ਕਰ ਸਕਦਾ ਹੈ, ਪਰ ਕਈ ਵਾਰ ਉਹ ਕੁਝ ਚੀਜ਼ਾਂ ਨਾ ਕਰਨ ਦਾ ਫ਼ੈਸਲਾ ਕਰਦਾ ਹੈ। ਯਹੋਵਾਹ ਅਥਾਹ ਬੁੱਧ ਦਾ ਮਾਲਕ ਹੈ। ਇਸ ਲਈ ਉਹ ਭਵਿੱਖ ਬਾਰੇ ਜੋ ਚਾਹੇ ਜਾਣ ਸਕਦਾ ਹੈ। (ਰੋਮੀ. 11:33) ਪਰ ਯਹੋਵਾਹ ਸੰਜਮ ਰੱਖਣ ਵਿਚ ਸਭ ਤੋਂ ਵਧੀਆ ਮਿਸਾਲ ਹੈ। ਇਸ ਲਈ ਉਹ ਕੁਝ ਗੱਲਾਂ ਨਾ ਜਾਣਨ ਦਾ ਵੀ ਫ਼ੈਸਲਾ ਕਰ ਸਕਦਾ ਹੈ।—ਯਸਾਯਾਹ 42:14 ਵਿਚ ਨੁਕਤਾ ਦੇਖੋ।
ਯਹੋਵਾਹ ਹਰ ਹਾਲ ਵਿਚ ਆਪਣੀ ਇੱਛਾ ਪੂਰੀ ਕਰਦਾ ਹੈ। ਇਹ ਗੱਲ ਉਸ ਦੀ ਭਵਿੱਖ ਜਾਣਨ ਦੀ ਕਾਬਲੀਅਤ ਨਾਲ ਕਿਵੇਂ ਜੁੜੀ ਹੋਈ ਹੈ? ਯਸਾਯਾਹ 46:10 ਵਿਚ ਲਿਖਿਆ ਹੈ: “ਮੈਂ ਅੰਤ ਬਾਰੇ ਸ਼ੁਰੂ ਵਿਚ ਹੀ ਦੱਸ ਦਿੰਦਾ ਹਾਂ ਅਤੇ ਜੋ ਗੱਲਾਂ ਹਾਲੇ ਨਹੀਂ ਹੋਈਆਂ, ਉਹ ਮੈਂ ਬਹੁਤ ਪਹਿਲਾਂ ਤੋਂ ਹੀ ਦੱਸ ਦਿੰਦਾ ਹਾਂ। ਮੈਂ ਕਹਿੰਦਾ ਹਾਂ, ‘ਮੇਰਾ ਫ਼ੈਸਲਾ ਅਟੱਲ ਰਹੇਗਾ ਅਤੇ ਮੈਂ ਆਪਣੀ ਇੱਛਾ ਪੂਰੀ ਕਰਾਂਗਾ।’”
ਇਸ ਦਾ ਮਤਲਬ ਕਿ ਜੇ ਯਹੋਵਾਹ ਨੇ ਭਵਿੱਖ ਬਾਰੇ ਕੁਝ ਤੈਅ ਕੀਤਾ ਹੋਇਆ ਹੈ, ਤਾਂ ਉਹ ਉਸ ਨੂੰ ਕਰ ਕੇ ਹੀ ਰਹਿੰਦਾ ਹੈ। ਭਵਿੱਖ ਵਿਚ ਕੀ ਹੋਵੇਗਾ, ਇਹ ਦੱਸਣ ਲਈ ਉਸ ਨੂੰ ਸਮੇਂ ਵਿਚ ਅੱਗੇ ਜਾ ਕੇ ਜਾਣਨ ਦੀ ਲੋੜ ਨਹੀਂ ਪੈਂਦੀ, ਸਗੋਂ ਉਹ ਮਾਮਲਿਆਂ ਨੂੰ ਖ਼ੁਦ ਹੀ ਤੈਅ ਕਰਦਾ ਹੈ। ਜ਼ਰਾ ਸੋਚੇ, ਜੇ ਤੁਸੀਂ ਕੋਈ ਫ਼ਿਲਮ ਦੇਖ ਰਹੇ ਹੋ ਅਤੇ ਜਾਣਨਾ ਚਾਹੁੰਦੇ ਹੋ ਕਿ ਅੱਗੇ ਕੀ ਹੋਵੇਗਾ, ਤਾਂ ਤੁਹਾਨੂੰ ਫ਼ਿਲਮ ਅੱਗੇ ਕਰ ਕੇ ਦੇਖਣੀ ਪਵੇਗੀ। ਪਰ ਯਹੋਵਾਹ ਦੇ ਮਾਮਲੇ ਵਿਚ ਇੱਦਾਂ ਨਹੀਂ ਹੈ ਕਿਉਂਕਿ ਇੱਦਾਂ ਨਹੀਂ ਹੈ ਕਿ ਭਵਿੱਖ ਦੀਆਂ ਘਟਨਾਵਾਂ ਪਹਿਲਾਂ ਹੀ ਵਾਪਰ ਚੁੱਕੀਆਂ ਹਨ ਤੇ ਯਹੋਵਾਹ ਇਕ ਤਰ੍ਹਾਂ ਨਾਲ ਭਵਿੱਖ ਵਿਚ ਜਾ ਕੇ ਦੇਖਦਾ ਹੈ ਕਿ ਕੀ ਹੋਇਆ ਅਤੇ ਫਿਰ ਸਾਨੂੰ ਦੱਸਦਾ ਕਿ ਭਵਿੱਖ ਵਿਚ ਕੀ ਹੋਵੇਗਾ। ਇਸ ਦੀ ਬਜਾਇ, ਉਹ ਤੈਅ ਕਰ ਸਕਦਾ ਹੈ ਕਿ ਭਵਿੱਖ ਵਿਚ ਇਕ ਸਮੇਂ ʼਤੇ ਕੀ ਹੋਵੇਗਾ। ਫਿਰ ਉਹ ਕੁਝ ਅਜਿਹਾ ਕਰ ਸਕਦਾ ਹੈ ਕਿ ਉਸ ਸਮੇਂ ਬਿਲਕੁਲ ਉੱਦਾਂ ਹੀ ਹੋਵੇ ਜਿੱਦਾਂ ਉਸ ਨੇ ਸੋਚਿਆ ਸੀ।—ਕੂਚ 9:5, 6; ਮੱਤੀ 24:36; ਰਸੂ. 17:31.
ਇਸੇ ਕਰਕੇ ਬਾਈਬਲ ਵਿਚ ਜਿੱਥੇ ਵੀ ਦੱਸਿਆ ਗਿਆ ਹੈ ਕਿ ਯਹੋਵਾਹ ਭਵਿੱਖ ਵਿਚ ਕੀ ਕਰਨ ਵਾਲਾ ਹੈ, ਉੱਥੇ ਕੁਝ ਅਜਿਹੇ ਸ਼ਬਦ ਵਰਤੇ ਗਏ ਹਨ: “ਤਿਆਰੀ,” “ਬਣਾਇਆ” ਅਤੇ “ਠਾਣਿਆ।” (2 ਰਾਜ. 19:25; ਫੁਟਨੋਟ; ਯਸਾ. 46:11) ਇਨ੍ਹਾਂ ਸਾਰੇ ਸ਼ਬਦਾਂ ਦਾ ਅਨੁਵਾਦ ਜਿਸ ਮੂਲ ਸ਼ਬਦ ਤੋਂ ਕੀਤਾ ਗਿਆ ਹੈ, ਉਹ ਇਕ ਅਜਿਹੇ ਸ਼ਬਦ ਨਾਲ ਜੁੜਿਆ ਹੈ ਜਿਸ ਦਾ ਮਤਲਬ ਹੈ “ਘੁਮਿਆਰ।” (ਯਿਰ. 18:4) ਠੀਕ ਜਿਵੇਂ ਇਕ ਮਾਹਰ ਘੁਮਿਆਰ ਮਿੱਟੀ ਦੇ ਢੇਲੇ ਤੋਂ ਇਕ ਖੂਬਸੂਰਤ ਭਾਂਡਾ ਬਣਾ ਸਕਦਾ ਹੈ, ਉਸੇ ਤਰ੍ਹਾਂ ਯਹੋਵਾਹ ਘਟਨਾਵਾਂ ਦਾ ਰੁਖ ਮੋੜ ਕੇ ਆਪਣੀ ਇੱਛਾ ਪੂਰੀ ਕਰਾ ਸਕਦਾ ਹੈ।—ਅਫ਼. 1:11.
ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਖ਼ੁਦ ਕਰਨ ਦੀ ਆਜ਼ਾਦੀ ਦਿੱਤੀ ਹੈ। ਉਹ ਪਹਿਲਾਂ ਤੋਂ ਹੀ ਇਹ ਤੈਅ ਨਹੀਂ ਕਰ ਦਿੰਦਾ ਕਿ ਇਕ ਇਨਸਾਨ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਾਂ ਉਹ ਕੀ ਕਰੇਗਾ ਅਤੇ ਨਾ ਹੀ ਉਹ ਚੰਗੇ ਲੋਕਾਂ ਤੋਂ ਕੁਝ ਅਜਿਹਾ ਕਰਵਾਉਂਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਨਾਸ਼ ਹੋ ਜਾਵੇ। ਯਹੋਵਾਹ ਨੇ ਹਰ ਕਿਸੇ ਨੂੰ ਇਹ ਫ਼ੈਸਲਾ ਕਰਨ ਦੀ ਆਜ਼ਾਦੀ ਦਿੱਤੀ ਹੈ ਕਿ ਉਹ ਕਿਹੋ ਜਿਹੀ ਜ਼ਿੰਦਗੀ ਜੀਉਣੀ ਚਾਹੁੰਦਾ ਹੈ। ਪਰ ਉਹ ਤਾਕੀਦ ਕਰਦਾ ਹੈ ਕਿ ਉਹ ਸਹੀ ਰਾਹ ਚੁਣਨ।
ਜ਼ਰਾ ਦੋ ਮਿਸਾਲਾਂ ʼਤੇ ਗੌਰ ਕਰੋ। ਪਹਿਲੀ ਮਿਸਾਲ ਨੀਨਵਾਹ ਦੇ ਲੋਕਾਂ ਦੀ ਹੈ। ਯਹੋਵਾਹ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਨੀਨਵਾਹ ਸ਼ਹਿਰ ਦਾ ਨਾਸ਼ ਹੋ ਜਾਵੇਗਾ ਕਿਉਂਕਿ ਉਸ ਦੇ ਲੋਕ ਬਹੁਤ ਦੁਸ਼ਟ ਕੰਮ ਕਰਦੇ ਸਨ। ਪਰ ਜਦੋਂ ਨੀਨਵਾਹ ਦੇ ਲੋਕਾਂ ਨੇ ਤੋਬਾ ਕੀਤੀ, ਤਾਂ ਯਹੋਵਾਹ ਨੇ “ਉਨ੍ਹਾਂ ਨੂੰ ਨਾਸ਼ ਕਰਨ ਦੇ ਆਪਣੇ ਫ਼ੈਸਲੇ ʼਤੇ ਦੁਬਾਰਾ ਸੋਚ-ਵਿਚਾਰ ਕੀਤਾ ਅਤੇ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ।” (ਯੂਨਾ. 3:1-10) ਨੀਨਵਾਹ ਦੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਖ਼ੁਦ ਵਿਚ ਬਦਲਾਅ ਕੀਤੇ। ਜਦੋਂ ਉਨ੍ਹਾਂ ਨੇ ਯਹੋਵਾਹ ਦੀ ਚੇਤਾਵਨੀ ਸੁਣੀ, ਤਾਂ ਉਸ ʼਤੇ ਧਿਆਨ ਦਿੱਤਾ ਅਤੇ ਤੋਬਾ ਕੀਤੀ। ਇਸੇ ਕਰਕੇ ਯਹੋਵਾਹ ਨੇ ਆਪਣਾ ਫ਼ੈਸਲਾ ਬਦਲ ਦਿੱਤਾ।
ਦੂਜੀ ਮਿਸਾਲ ਖੋਰਸ ਦੀ ਹੈ। ਉਸ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਕਿ ਉਹ ਯਹੂਦੀਆ ਨੂੰ ਗ਼ੁਲਾਮੀ ਤੋਂ ਰਿਹਾ ਕਰੇਗਾ ਅਤੇ ਯਹੋਵਾਹ ਦੇ ਮੰਦਰ ਨੂੰ ਦੁਬਾਰਾ ਉਸਾਰਨ ਦੀ ਆਗਿਆ ਦੇਵੇਗਾ। (ਯਸਾ. 44:26–45:4) ਫਾਰਸ ਦੇ ਰਾਜਾ ਖੋਰਸ ਨੇ ਇਹ ਭਵਿੱਖਬਾਣੀ ਪੂਰੀ ਕੀਤੀ। (ਅਜ਼. 1:1-4) ਪਰ ਖੋਰਸ ਸੱਚੇ ਪਰਮੇਸ਼ੁਰ ਦੀ ਭਗਤੀ ਨਹੀਂ ਕਰਦਾ ਸੀ। ਭਾਵੇਂ ਯਹੋਵਾਹ ਨੇ ਉਸ ਨੂੰ ਆਪਣੀ ਭਵਿੱਖਬਾਣੀ ਪੂਰੀ ਕਰਨ ਲਈ ਵਰਤਿਆ, ਪਰ ਉਸ ਨੂੰ ਆਪਣੀ ਭਗਤੀ ਕਰਨ ਲਈ ਮਜਬੂਰ ਨਹੀਂ ਕੀਤਾ। ਯਹੋਵਾਹ ਨੇ ਖੋਰਸ ਨੂੰ ਇਹ ਫ਼ੈਸਲਾ ਕਰਨ ਦਾ ਹੱਕ ਦਿੱਤਾ ਕਿ ਉਹ ਕਿਸ ਦੀ ਭਗਤੀ ਕਰੇਗਾ।—ਕਹਾ. 21:1.
ਇਹ ਸਿਰਫ਼ ਕੁਝ ਹੀ ਗੱਲਾਂ ਹਨ ਜਿਨ੍ਹਾਂ ਤੋਂ ਅਸੀਂ ਯਹੋਵਾਹ ਦੀ ਇਸ ਕਾਬਲੀਅਤ ਬਾਰੇ ਜਾਣ ਸਕਦੇ ਹਾਂ। ਪਰ ਸੱਚ ਤਾਂ ਇਹ ਹੈ ਕਿ ਅਸੀਂ ਯਹੋਵਾਹ ਦੀ ਸੋਚ ਅਤੇ ਉਸ ਦੇ ਕੰਮ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। (ਯਸਾ. 55:8, 9) ਪਰ ਯਹੋਵਾਹ ਨੇ ਜੋ ਵੀ ਦੱਸਿਆ ਹੈ, ਉਸ ਤੋਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਕਿ ਉਹ ਜੋ ਵੀ ਕਰਦਾ ਹੈ ਹਮੇਸ਼ਾ ਸਹੀ ਕਰਦਾ ਹੈ, ਫਿਰ ਚਾਹੇ ਇਹ ਗੱਲ ਭਵਿੱਖ ਜਾਣਨ ਦੇ ਮਾਮਲੇ ਬਾਰੇ ਹੀ ਕਿਉਂ ਨਾ ਹੋਵੇ।