ਤੁਹਾਡੀ ਜ਼ਿੰਦਗੀ ਦੀ ਨੀਂਹ ਕਿਹੋ ਜਿਹੀ ਹੈ?
ਇਮਾਰਤ ਦੀ ਮਜ਼ਬੂਤੀ ਉਸ ਦੀ ਨੀਂਹ ਉੱਤੇ ਨਿਰਭਰ ਕਰਦੀ ਹੈ। ਬਾਈਬਲ ਵਿਚ ਇਹ ਸਿਧਾਂਤ ਹੋਰ ਗੱਲਾਂ ਉੱਤੇ ਵੀ ਲਾਗੂ ਕੀਤਾ ਜਾਂਦਾ ਹੈ।
ਮਿਸਾਲ ਲਈ, ਯਸਾਯਾਹ ਨਬੀ ਨੇ ਯਹੋਵਾਹ ਪਰਮੇਸ਼ੁਰ ਬਾਰੇ ਕਿਹਾ ਕਿ ਉਹ “ਧਰਤੀ ਦੀ ਨੀਉਂ ਰੱਖਣ ਵਾਲਾ ਹੈ।” (ਯਸਾਯਾਹ 51:13) ਇੱਥੇ ਨੀਂਹ ਦਾ ਕੀ ਮਤਲਬ ਹੈ? ਯਹੋਵਾਹ ਨੇ ਪੱਕੇ ਨਿਯਮ ਸਥਾਪਿਤ ਕੀਤੇ ਹਨ ਜਿਨ੍ਹਾਂ ਕਾਰਨ ਧਰਤੀ ਸਹੀ ਗਤੀ ਨਾਲ ਆਪਣੇ ਨਿਰਧਾਰਿਤ ਮਾਰਗ ਤੇ ਚੱਲਦੀ ਰਹਿੰਦੀ ਹੈ। (ਜ਼ਬੂਰਾਂ ਦੀ ਪੋਥੀ 104:5) ਬਾਈਬਲ ਵਿਚ ਉਨ੍ਹਾਂ “ਨੀਂਹਾਂ” ਦੀ ਵੀ ਗੱਲ ਕੀਤੀ ਗਈ ਹੈ ਜਿਨ੍ਹਾਂ ਉੱਤੇ ਮਨੁੱਖੀ ਸਮਾਜ ਟਿਕਿਆ ਹੋਇਆ ਹੈ। ਇਹ ਹਨ ਇਨਸਾਫ਼ ਅਤੇ ਕਾਇਦੇ-ਕਾਨੂੰਨ। ਜਦ ਬੇਇਨਸਾਫ਼ੀਆਂ, ਭ੍ਰਿਸ਼ਟਾਚਾਰ ਅਤੇ ਹਿੰਸਾ ਕਰਕੇ ਇਹ ਨੀਂਹਾਂ “ਢਾਹੀਆਂ” ਜਾਂਦੀਆਂ ਹਨ, ਤਾਂ ਪੂਰਾ ਸਮਾਜ ਢਹਿ-ਢੇਰੀ ਹੋ ਜਾਂਦਾ ਹੈ।—ਜ਼ਬੂਰਾਂ ਦੀ ਪੋਥੀ 11:2-6; ਕਹਾਉਤਾਂ 29:4.
ਇਹ ਸਿਧਾਂਤ ਨਿੱਜੀ ਤੌਰ ਤੇ ਹਰੇਕ ਇਨਸਾਨ ਉੱਤੇ ਵੀ ਲਾਗੂ ਹੁੰਦਾ ਹੈ। ਯਿਸੂ ਮਸੀਹ ਨੇ ਆਪਣੇ ਪਹਾੜੀ ਉਪਦੇਸ਼ ਦੇ ਅੰਤ ਵਿਚ ਕਿਹਾ ਸੀ: “ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ। ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ ਕਿਉਂਕਿ ਉਹ ਦੀ ਨਿਉਂ ਪੱਥਰ ਉੱਤੇ ਧਰੀ ਹੋਈ ਸੀ। ਅਤੇ ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹ ਨੇ ਆਪਣਾ ਘਰ ਰੇਤ ਉੱਤੇ ਬਣਾਇਆ। ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਹ ਦਾ ਵੱਡਾ ਨਾਸ ਹੋਇਆ।”—ਮੱਤੀ 7:24-27.
ਤੁਹਾਡੀ ਜ਼ਿੰਦਗੀ ਦੀ ਨੀਂਹ ਕਿਹੋ ਜਿਹੀ ਹੈ? ਕੀ ਇਹ ਇਨਸਾਨਾਂ ਦੇ ਰੇਤ ਵਰਗੇ ਬਦਲਦੇ ਫ਼ਲਸਫ਼ਿਆਂ ਦੀ ਕੱਚੀ ਨੀਂਹ ਉੱਤੇ ਟਿਕੀ ਹੋਈ ਹੈ? ਜਾਂ ਕੀ ਤੁਸੀਂ ਯਿਸੂ ਦੀਆਂ ਗੱਲਾਂ ਉੱਤੇ ਚੱਲ ਕੇ ਪੱਥਰ ਦੀ ਨੀਂਹ ਉੱਤੇ ਆਪਣੀ ਜ਼ਿੰਦਗੀ ਉਸਾਰ ਰਹੇ ਹੋ ਜਿਸ ਕਰਕੇ ਤੁਸੀਂ ਜ਼ਿੰਦਗੀ ਦੇ ਹਰ ਤੂਫ਼ਾਨ ਦਾ ਡੱਟ ਕੇ ਸਾਮ੍ਹਣਾ ਕਰ ਸਕਦੇ ਹੋ?