ਅੱਠਵਾਂ ਅਧਿਆਇ
ਯਹੋਵਾਹ ਪਰਮੇਸ਼ੁਰ ਆਪਣੀ ਪਵਿੱਤਰ ਹੈਕਲ ਵਿਚ ਹੈ
1, 2. (ੳ) ਯਸਾਯਾਹ ਨਬੀ ਨੂੰ ਹੈਕਲ ਦਾ ਦਰਸ਼ਣ ਕਦੋਂ ਮਿਲਿਆ ਸੀ? (ਅ) ਰਾਜਾ ਉੱਜ਼ੀਯਾਹ ਯਹੋਵਾਹ ਦੀ ਕਿਰਪਾ ਕਿਵੇਂ ਗੁਆ ਬੈਠਾ ਸੀ?
ਯਸਾਯਾਹ ਦੀ ਪੁਸਤਕ ਦਾ ਛੇਵਾਂ ਅਧਿਆਇ ਨਬੀ ਦੇ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ: “ਉੱਜ਼ੀਯਾਹ ਪਾਤਸ਼ਾਹ ਦੀ ਮੌਤ ਦੇ ਵਰ੍ਹੇ ਮੈਂ ਪ੍ਰਭੁ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਹ ਦੇ ਬਸਤ੍ਰ ਦੇ ਪੱਲੇ ਨਾਲ ਹੈਕਲ ਭਰੀ ਹੋਈ ਸੀ।” (ਯਸਾਯਾਹ 6:1) ਯਸਾਯਾਹ ਨੂੰ ਇਹ ਦਰਸ਼ਣ 778 ਸਾ.ਯੁ.ਪੂ. ਵਿਚ ਮਿਲਿਆ ਸੀ।
2 ਯਹੂਦਾਹ ਦੇ ਰਾਜੇ ਵਜੋਂ ਉੱਜ਼ੀਯਾਹ ਨੇ 52 ਸਾਲਾਂ ਲਈ ਕਾਮਯਾਬੀ ਨਾਲ ਰਾਜ ਕੀਤਾ। ਕਿਉਂਕਿ “ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ,” ਪਰਮੇਸ਼ੁਰ ਨੇ ਉਸ ਨੂੰ ਸੈਨਿਕ ਕਾਰਵਾਈਆਂ, ਉਸਾਰੀ ਅਤੇ ਖੇਤੀਬਾੜੀ ਦੇ ਕੰਮਾਂ ਵਿਚ ਬਰਕਤ ਦਿੱਤੀ। ਪਰ ਉਸ ਦੀ ਕਾਮਯਾਬੀ ਹੀ ਉਸ ਦੀ ਬਰਬਾਦੀ ਬਣੀ। ਅੰਤ ਵਿਚ, ਉਸ ਦਾ ਦਿਲ ਇੰਨਾ ਹੰਕਾਰੀ ਹੋ ਗਿਆ ਸੀ ਕਿ ਉਹ “ਯਹੋਵਾਹ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ ਅਤੇ ਯਹੋਵਾਹ ਦੀ ਹੈਕਲ ਵਿੱਚ ਜਾ ਕੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਲੱਗਾ।” ਇਸ ਗੁਸਤਾਖ਼ੀ ਕਰਕੇ ਅਤੇ ਜਿਨ੍ਹਾਂ ਜਾਜਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਉਨ੍ਹਾਂ ਜਾਜਕਾਂ ਨਾਲ ਗੁੱਸੇ ਹੋਣ ਕਾਰਨ, ਉੱਜ਼ੀਯਾਹ ਆਪਣੇ ਜੀਵਨ ਦੇ ਅੰਤ ਤਕ ਇਕ ਕੋੜ੍ਹੀ ਰਿਹਾ। (2 ਇਤਹਾਸ 26:3-22) ਲਗਭਗ ਇਸੇ ਸਮੇਂ ਯਸਾਯਾਹ ਨੇ ਨਬੀ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ ਸੀ।
3. (ੳ) ਕੀ ਯਸਾਯਾਹ ਨੇ ਅਸਲ ਵਿਚ ਯਹੋਵਾਹ ਨੂੰ ਦੇਖਿਆ ਸੀ? ਸਮਝਾਓ। (ਅ) ਯਸਾਯਾਹ ਨੇ ਕਿਹੜਾ ਨਜ਼ਾਰਾ ਦੇਖਿਆ, ਅਤੇ ਇਸ ਦਾ ਕੀ ਕਾਰਨ ਸੀ?
3 ਸਾਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਯਸਾਯਾਹ ਕਿੱਥੇ ਸੀ ਜਦੋਂ ਉਸ ਨੂੰ ਇਹ ਦਰਸ਼ਣ ਮਿਲਿਆ। ਪਰ ਜੋ ਕੁਝ ਵੀ ਉਸ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਸਿਰਫ਼ ਇਕ ਦਰਸ਼ਣ ਹੀ ਸੀ। ਉਸ ਨੇ ਅਸਲ ਵਿਚ ਸਰਬਸ਼ਕਤੀਮਾਨ ਨੂੰ ਨਹੀਂ ਦੇਖਿਆ ਕਿਉਂਕਿ “ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ।” (ਯੂਹੰਨਾ 1:18; ਕੂਚ 33:20) ਫਿਰ ਵੀ, ਆਪਣੇ ਸਿਰਜਣਹਾਰ ਯਹੋਵਾਹ ਦਾ ਸਿਰਫ਼ ਦਰਸ਼ਣ ਹੀ ਦੇਖਣਾ ਵੱਡੇ ਅਚੰਭੇ ਦੀ ਗੱਲ ਹੈ। ਦਰਸ਼ਣ ਵਿਚ ਸਾਰੇ ਵਿਸ਼ਵ ਦਾ ਰਾਜਾ ਅਤੇ ਉਚਿਤ ਹਕੂਮਤ ਕਰਨ ਵਾਲਾ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠਾ ਹੈ। ਇਹ ਦਰਸਾਉਂਦਾ ਹੈ ਕਿ ਯਹੋਵਾਹ ਇਕ ਅਮਰ ਰਾਜਾ ਅਤੇ ਨਿਆਂਕਾਰ ਹੈ! ਉਸ ਦੇ ਬਸਤਰ ਦੇ ਲੰਬੇ ਅਤੇ ਲਹਿਰਾਉਂਦੇ ਪੱਲੇ ਨੇ ਹੈਕਲ ਨੂੰ ਭਰ ਦਿੱਤਾ ਸੀ। ਹੁਣ ਯਹੋਵਾਹ ਦੀ ਸਰਬਸੱਤਾਵਾਨ ਸ਼ਕਤੀ ਅਤੇ ਨਿਆਉਂ ਦੀ ਵਡਿਆਈ ਕਰਨ ਲਈ ਯਸਾਯਾਹ ਨੂੰ ਇਕ ਭਵਿੱਖ-ਸੂਚਕ ਸੇਵਾ ਲਈ ਸੱਦਿਆ ਜਾ ਰਿਹਾ ਸੀ। ਇਸ ਦੀ ਤਿਆਰੀ ਲਈ ਉਸ ਨੂੰ ਯਹੋਵਾਹ ਦੀ ਪਵਿੱਤਰਤਾਈ ਦਾ ਦਰਸ਼ਣ ਦਿੱਤਾ ਗਿਆ।
4. (ੳ) ਬਾਈਬਲ ਵਿਚ ਯਹੋਵਾਹ ਬਾਰੇ ਪਾਏ ਜਾਂਦੇ ਦਰਸ਼ਣ ਉਸ ਦੀ ਅਸਲੀ ਮੌਜੂਦਗੀ ਦੇ ਬਿਆਨ ਕਿਉਂ ਨਹੀਂ ਹੋ ਸਕਦੇ? (ਅ) ਯਸਾਯਾਹ ਦੇ ਦਰਸ਼ਣ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
4 ਯਸਾਯਾਹ ਨੇ ਆਪਣੇ ਦਰਸ਼ਣ ਵਿਚ ਯਹੋਵਾਹ ਦੀ ਸ਼ਕਲ ਬਾਰੇ ਕੁਝ ਨਹੀਂ ਦੱਸਿਆ, ਜਿਵੇਂ ਕਿ ਹਿਜ਼ਕੀਏਲ, ਦਾਨੀਏਲ, ਅਤੇ ਯੂਹੰਨਾ ਨੇ ਆਪਣੇ ਦਰਸ਼ਣਾਂ ਵਿਚ ਦੱਸਿਆ ਸੀ। ਇਹ ਬਿਰਤਾਂਤ ਸਾਨੂੰ ਸਵਰਗ ਵਿਚ ਦੇਖੀਆਂ ਗਈਆਂ ਵੱਖੋ-ਵੱਖਰੀਆਂ ਗੱਲਾਂ ਬਾਰੇ ਦੱਸਦੇ ਹਨ। (ਹਿਜ਼ਕੀਏਲ 1:26-28; ਦਾਨੀਏਲ 7:9, 10; ਪਰਕਾਸ਼ ਦੀ ਪੋਥੀ 4:2, 3) ਪਰ, ਸਾਨੂੰ ਇਨ੍ਹਾਂ ਦਰਸ਼ਣਾਂ ਦੀ ਵਿਸ਼ੇਸ਼ਤਾ ਅਤੇ ਇਨ੍ਹਾਂ ਦੇ ਉਦੇਸ਼ ਨੂੰ ਮਨ ਵਿਚ ਰੱਖਣਾ ਚਾਹੀਦਾ ਹੈ। ਇਹ ਯਹੋਵਾਹ ਦੀ ਅਸਲੀ ਮੌਜੂਦਗੀ ਦੇ ਬਿਆਨ ਨਹੀਂ ਹਨ। ਸਾਡੀਆਂ ਅੱਖਾਂ ਰੂਹਾਨੀ ਚੀਜ਼ਾਂ ਨਹੀਂ ਦੇਖ ਸਕਦੀਆਂ ਅਤੇ ਨਾ ਹੀ ਇਨਸਾਨ ਦਾ ਸੀਮਿਤ ਮਨ ਆਤਮਿਕ ਲੋਕ ਨੂੰ ਸਮਝ ਸਕਦਾ ਹੈ। ਇਸ ਲਈ, ਇਹ ਦਰਸ਼ਣ ਮਾਨਵੀ ਸੋਚ-ਸਮਝ ਦੀ ਹੈਸੀਅਤ ਦੇ ਅਨੁਸਾਰ ਹੀ ਜਾਣਕਾਰੀ ਪੇਸ਼ ਕਰਦੇ ਹਨ। (ਪਰਕਾਸ਼ ਦੀ ਪੋਥੀ 1:1 ਦੀ ਤੁਲਨਾ ਕਰੋ।) ਯਸਾਯਾਹ ਦੇ ਦਰਸ਼ਣ ਵਿਚ ਪਰਮੇਸ਼ੁਰ ਦੀ ਸ਼ਕਲ ਬਾਰੇ ਦੱਸਣਾ ਜ਼ਰੂਰੀ ਨਹੀਂ ਸੀ। ਇਸ ਦਰਸ਼ਣ ਤੋਂ ਯਸਾਯਾਹ ਦੇਖ ਸਕਦਾ ਸੀ ਕਿ ਯਹੋਵਾਹ ਆਪਣੇ ਪਵਿੱਤਰ ਭਵਨ ਵਿਚ ਹੈ ਅਤੇ ਉਹ ਪਵਿੱਤਰ ਹੈ ਅਤੇ ਉਸ ਦੇ ਨਿਆਉਂ ਸੱਚੇ ਹਨ।
ਸਰਾਫ਼ੀਮ
5. (ੳ) ਸਰਾਫ਼ੀਮ ਕੌਣ ਹਨ, ਅਤੇ ਇਸ ਸ਼ਬਦ ਦਾ ਕੀ ਮਤਲਬ ਹੈ? (ਅ) ਸਰਾਫ਼ੀਮ ਆਪਣੇ ਮੂੰਹ ਅਤੇ ਪੈਰ ਕਿਉਂ ਢੱਕਦੇ ਹਨ?
5 ਸੁਣੋ! ਯਸਾਯਾਹ ਨੇ ਅੱਗੇ ਕਿਹਾ: “ਉਹ ਦੇ ਉਤਾਹਾਂ ਸਰਾਫ਼ੀਮ ਖਲੋਤੇ ਸਨ। ਹਰੇਕ ਦੇ ਛੇ ਛੇ ਖੰਭ ਸਨ, ਉਹ ਦੋਂਹ ਨਾਲ ਆਪਣਾ ਮੂੰਹ ਢੱਕਦਾ ਸੀ, ਤੇ ਦੋਂਹ ਨਾਲ ਪੈਰ ਢੱਕਦਾ ਸੀ ਅਤੇ ਦੋਂਹ ਨਾਲ ਉੱਡਦਾ ਸੀ।” (ਯਸਾਯਾਹ 6:2) ਯਸਾਯਾਹ ਦੇ 6ਵੇਂ ਅਧਿਆਇ ਤੋਂ ਇਲਾਵਾ ਬਾਈਬਲ ਵਿਚ ਹੋਰ ਕਿਤੇ ਵੀ ਸਰਾਫ਼ੀਮ ਬਾਰੇ ਜ਼ਿਕਰ ਨਹੀਂ ਕੀਤਾ ਜਾਂਦਾ। ਸਪੱਸ਼ਟ ਹੈ ਕਿ ਇਹ ਯਹੋਵਾਹ ਦੀ ਸੇਵਾ ਵਿਚ ਲੱਗੇ ਹੋਏ ਦੂਤਮਈ ਪ੍ਰਾਣੀ ਹਨ ਜਿਨ੍ਹਾਂ ਨੂੰ ਉੱਚੀਆਂ ਪਦਵੀਆਂ ਦਾ ਸਨਮਾਨ ਮਿਲਦਾ ਹੈ ਕਿਉਂਕਿ ਉਹ ਯਹੋਵਾਹ ਦੇ ਸਿੰਘਾਸਣ ਦੇ ਆਲੇ-ਦੁਆਲੇ ਹਨ। ਹੰਕਾਰੀ ਰਾਜਾ ਉੱਜ਼ੀਯਾਹ ਤੋਂ ਉਲਟ, ਇਹ ਆਪਣੇ ਕੰਮ ਵਿਚ ਨਿਮਰਤਾ ਨਾਲ ਲੱਗੇ ਰਹਿੰਦੇ ਹਨ। ਸਰਬਸ਼ਕਤੀਮਾਨ ਦੀ ਮੌਜੂਦਗੀ ਵਿਚ ਹੋਣ ਕਰਕੇ ਸਰਾਫ਼ੀਮ ਦੋ ਖੰਭਾਂ ਨਾਲ ਆਪਣਾ ਮੂੰਹ ਢੱਕਦੇ ਹਨ ਅਤੇ ਪਵਿੱਤਰ ਜਗ੍ਹਾ ਲਈ ਸਤਿਕਾਰ ਕਾਰਨ ਉਹ ਦੋ ਖੰਭਾਂ ਨਾਲ ਆਪਣੇ ਪੈਰ ਢੱਕਦੇ ਹਨ। ਭਾਵੇਂ ਕਿ ਸਰਾਫ਼ੀਮ ਵਿਸ਼ਵ ਦੇ ਸਰਬਸੱਤਾਵਾਨ ਦੇ ਕਰੀਬ ਹਨ, ਉਹ ਨਿਮਰਤਾ ਨਾਲ ਪਰਮੇਸ਼ੁਰ ਦੇ ਨਿੱਜੀ ਪ੍ਰਤਾਪ ਤੋਂ ਆਪਣੇ ਆਪ ਵੱਲ ਧਿਆਨ ਨਹੀਂ ਖਿੱਚਦੇ। ਸ਼ਬਦ “ਸਰਾਫ਼ੀਮ” ਦਾ ਮਤਲਬ ਹੈ “ਅੱਗ ਵਰਗਾ” ਜਾਂ “ਲਿਸ਼ਕਣ ਵਾਲਾ।” ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਰੋਸ਼ਨੀ ਤੇਜ਼ ਹੈ, ਲੇਕਿਨ ਯਹੋਵਾਹ ਦੀ ਰੋਸ਼ਨੀ ਹੋਰ ਵੀ ਚਮਕੀਲੀ ਹੈ, ਇਸ ਲਈ ਉਹ ਉਸ ਦੇ ਤੇਜ ਤੋਂ ਆਪਣੇ ਮੂੰਹ ਲੁਕਾਉਂਦੇ ਹਨ।
6. ਯਹੋਵਾਹ ਦੇ ਸੰਬੰਧ ਵਿਚ ਸਰਾਫ਼ੀਮ ਦੀ ਜਗ੍ਹਾ ਕੀ ਹੈ?
6 ਸਰਾਫ਼ੀਮ ਉੱਡਣ ਲਈ ਜਾਂ ਆਪਣੀ ਜਗ੍ਹਾ ਤੇ ‘ਖਲੋਣ’ ਲਈ ਦੋ ਹੋਰ ਖੰਭ ਵਰਤਦੇ ਹਨ। (ਬਿਵਸਥਾ ਸਾਰ 31:15 ਦੀ ਤੁਲਨਾ ਕਰੋ।) ਉਨ੍ਹਾਂ ਦੀ ਜਗ੍ਹਾ ਬਾਰੇ ਇਕ ਪ੍ਰੋਫ਼ੈਸਰ ਕਹਿੰਦਾ ਹੈ: “ਸਰਾਫ਼ੀਮ ਸਿੰਘਾਸਣ ਉੱਤੇ ਬੈਠਣ ਵਾਲੇ ਦੇ ਸਿਰ ਤੋਂ ਉੱਚਾ ਨਹੀਂ ਚੜ੍ਹਦੇ, ਸਗੋਂ ਉਹ ਉਸ ਦੇ ਬਸਤਰ ਦੇ ਉਤਾਂਹ ਮੰਡਲਾਉਂਦੇ ਹਨ ਜਿਸ ਨਾਲ ਹੈਕਲ ਭਰੀ ਹੋਈ ਸੀ।” ਇਹ ਉਚਿਤ ਹੈ। ਉਨ੍ਹਾਂ ਦਾ ‘ਉਤਾਹਾਂ ਖਲੋਣ’ ਦਾ ਇਹ ਮਤਲਬ ਨਹੀਂ ਹੈ ਕਿ ਉਹ ਯਹੋਵਾਹ ਤੋਂ ਉੱਚੇ ਹਨ, ਬਲਕਿ ਉਹ ਉਸ ਦੀ ਸੇਵਾ ਕਰਨ ਦੇ ਇੰਤਜ਼ਾਰ ਵਿਚ ਤਿਆਰ ਖੜ੍ਹੇ ਰਹਿੰਦੇ ਹਨ।
7. (ੳ) ਸਰਾਫ਼ੀਮ ਕਿਹੜਾ ਸੌਂਪਿਆ ਕੰਮ ਪੂਰਾ ਕਰਦੇ ਹਨ? (ਅ) ਸਰਾਫ਼ੀਮ ਨੇ ਪਰਮੇਸ਼ੁਰ ਦੀ ਪਵਿੱਤਰਤਾ ਤਿੰਨ ਵਾਰ ਕਿਉਂ ਐਲਾਨ ਕੀਤੀ?
7 ਹੁਣ ਉਨ੍ਹਾਂ ਸਨਮਾਨਿਤ ਸਰਾਫ਼ੀਮ ਦੀ ਗੱਲ ਸੁਣੋ! “ਇੱਕ ਨੇ ਦੂਜੇ ਨੂੰ ਪੁਕਾਰਿਆ ਤੇ ਆਖਿਆ,—‘ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ, ਸੈਨਾਂ ਦਾ ਯਹੋਵਾਹ, ਸਾਰੀ ਧਰਤੀ ਉਹ ਦੇ ਪਰਤਾਪ ਨਾਲ ਭਰੀ ਹੋਈ ਹੈ।’” (ਯਸਾਯਾਹ 6:3) ਉਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਹੈ ਕਿ ਉਹ ਨਿਸ਼ਚਿਤ ਕਰਨ ਕਿ ਧਰਤੀ ਸਮੇਤ ਸਾਰੇ ਵਿਸ਼ਵ ਵਿਚ ਯਹੋਵਾਹ ਦੀ ਪਵਿੱਤਰਤਾ ਐਲਾਨ ਕੀਤੀ ਜਾਵੇ ਅਤੇ ਉਸ ਦੀ ਮਹਿਮਾ ਨੂੰ ਮਾਨਤਾ ਦਿੱਤੀ ਜਾਵੇ। ਉਸ ਦੀ ਮਹਿਮਾ ਉਸ ਦੀਆਂ ਸਾਰੀਆਂ ਰਚਨਾਵਾਂ ਵਿਚ ਦੇਖੀ ਜਾ ਸਕਦੀ ਹੈ ਅਤੇ ਬਹੁਤ ਜਲਦੀ ਧਰਤੀ ਦੇ ਸਾਰੇ ਵਾਸੀ ਇਹ ਗੱਲ ਪਛਾਣਗੇ। (ਗਿਣਤੀ 14:21; ਜ਼ਬੂਰ 19:1-3; ਹਬੱਕੂਕ 2:14) ਤਿੰਨ ਵਾਰ “ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ” ਐਲਾਨ ਕਰਨਾ ਤ੍ਰਿਏਕ ਦਾ ਸਬੂਤ ਨਹੀਂ ਦਿੰਦਾ। ਸਗੋਂ, ਇਸ ਤਿਗੁਣੇ ਐਲਾਨ ਨੇ ਪਰਮੇਸ਼ੁਰ ਦੀ ਪਵਿੱਤਰਤਾ ਉੱਤੇ ਜ਼ੋਰ ਦਿੱਤਾ। (ਪਰਕਾਸ਼ ਦੀ ਪੋਥੀ 4:8 ਦੀ ਤੁਲਨਾ ਕਰੋ।) ਯਹੋਵਾਹ ਸਭ ਤੋਂ ਉੱਤਮ ਹੱਦ ਤਕ ਪਵਿੱਤਰ ਹੈ।
8. ਸਰਾਫ਼ੀਮ ਦੇ ਐਲਾਨਾਂ ਦਾ ਕੀ ਨਤੀਜਾ ਨਿਕਲਿਆ?
8 ਭਾਵੇਂ ਕਿ ਸਰਾਫ਼ੀਮ ਦੀ ਗਿਣਤੀ ਨਹੀਂ ਦਿੱਤੀ ਗਈ, ਹੋ ਸਕਦਾ ਹੈ ਕਿ ਸਿੰਘਾਸਣ ਦੇ ਕੋਲ ਉਨ੍ਹਾਂ ਦੇ ਕਈ ਸਮੂਹ ਮੌਜੂਦ ਹੋਣ। ਸੁਰੀਲੇ ਭਜਨ ਗਾਉਂਦੇ ਹੋਏ, ਉਹ ਪਰਮੇਸ਼ੁਰ ਦੀ ਪਵਿੱਤਰਤਾ ਅਤੇ ਮਹਿਮਾ ਦਾ ਵਾਰੀ-ਵਾਰੀ ਐਲਾਨ ਕਰਦੇ ਹਨ। ਇਸ ਦੇ ਨਤੀਜੇ ਵਜੋਂ ਅਸੀਂ ਕੀ ਦੇਖਦੇ ਹਾਂ? ਅੱਗੇ ਸੁਣੋ ਕਿ ਯਸਾਯਾਹ ਨੇ ਕੀ ਕਿਹਾ: “ਪੁਕਾਰਨ ਵਾਲੇ ਦੀ ਅਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂੰਏਂ ਨਾਲ ਭਰ ਗਿਆ।” (ਯਸਾਯਾਹ 6:4) ਬਾਈਬਲ ਵਿਚ ਧੂੰਆਂ ਜਾਂ ਬੱਦਲ ਅਕਸਰ ਪਰਮੇਸ਼ੁਰ ਦੀ ਮੌਜੂਦਗੀ ਦੀ ਨਿਸ਼ਾਨੀ ਸਮਝੀ ਜਾਂਦੀ ਹੈ। (ਕੂਚ 19:18; 40:34, 35; 1 ਰਾਜਿਆਂ 8:10, 11; ਪਰਕਾਸ਼ ਦੀ ਪੋਥੀ 15:5-8) ਪਰ ਇਨਸਾਨ ਇਸ ਮੌਜੂਦਗੀ ਤਕ ਨਹੀਂ ਪਹੁੰਚ ਸਕਦੇ।
ਅਸ਼ੁੱਧ ਲੇਕਿਨ ਸ਼ੁੱਧ ਕੀਤਾ ਗਿਆ
9. (ੳ) ਯਸਾਯਾਹ ਉੱਤੇ ਦਰਸ਼ਣ ਦਾ ਕੀ ਅਸਰ ਪਿਆ ਸੀ? (ਅ) ਯਸਾਯਾਹ ਅਤੇ ਰਾਜਾ ਉੱਜ਼ੀਯਾਹ ਵਿਚਕਾਰ ਕਿਹੜਾ ਫ਼ਰਕ ਸਪੱਸ਼ਟ ਸੀ?
9 ਯਹੋਵਾਹ ਦੇ ਸਿੰਘਾਸਣ ਦੇ ਇਸ ਦਰਸ਼ਣ ਨੇ ਯਸਾਯਾਹ ਉੱਤੇ ਡੂੰਘਾ ਅਸਰ ਪਾਇਆ। ਉਸ ਨੇ ਲਿਖਿਆ: “ਤਦ ਮੈਂ ਆਖਿਆ, ਹਾਇ ਮੇਰੇ ਉੱਤੇ! ਮੈਂ ਤਾਂ ਬੱਸ ਹੋ ਗਿਆ! ਮੈਂ ਜੋ ਭਰਿਸ਼ਟ ਬੁੱਲ੍ਹਾਂ ਵਾਲਾ ਹਾਂ, ਅਤੇ ਭਰਿਸ਼ਟ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ! ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾਂ ਦੇ ਯਹੋਵਾਹ ਅਧੀਰਾਜ ਨੂੰ ਡਿੱਠਾ ਹੈ!” (ਯਸਾਯਾਹ 6:5) ਯਸਾਯਾਹ ਨਬੀ ਅਤੇ ਰਾਜਾ ਉੱਜ਼ੀਯਾਹ ਵਿਚਕਾਰ ਜ਼ਮੀਨ ਆਸਮਾਨ ਦਾ ਫ਼ਰਕ ਸੀ! ਉੱਜ਼ੀਯਾਹ ਨੇ ਮਸਹ ਕੀਤੀ ਹੋਈ ਜਾਜਕਾਈ ਦੀ ਪਦਵੀ ਉੱਤੇ ਨਾਜਾਇਜ਼ ਅਧਿਕਾਰ ਜਮਾਇਆ ਸੀ ਅਤੇ ਨਿਰਾਦਰ ਨਾਲ ਹੈਕਲ ਦੇ ਪਵਿੱਤਰ ਕਮਰੇ ਵਿਚ ਜਾਣ ਦੀ ਗੁਸਤਾਖ਼ੀ ਕੀਤੀ। ਭਾਵੇਂ ਉੱਜ਼ੀਯਾਹ ਨੇ ਸੋਨੇ ਦੇ ਸ਼ਮਾਦਾਨ, ਧੂਪ ਧੁਖਾਉਣ ਲਈ ਸੋਨੇ ਦੀ ਜਗਵੇਦੀ, ਅਤੇ “ਹਜ਼ੂਰੀ ਦੀ ਰੋਟੀ” ਦੇ ਮੇਜ਼ ਨੂੰ ਦੇਖਿਆ, ਪਰ ਉਸ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਮਿਲੀ ਅਤੇ ਨਾ ਹੀ ਉਸ ਨੂੰ ਕੋਈ ਖ਼ਾਸ ਕੰਮ ਸੌਂਪਿਆ ਗਿਆ ਸੀ। (1 ਰਾਜਿਆਂ 7:48-50) ਦੂਜੇ ਪਾਸੇ, ਯਸਾਯਾਹ ਨਬੀ ਨੇ ਜਾਜਕਾਈ ਲਈ ਕਦਰ ਦਿਖਾਈ ਅਤੇ ਉਹ ਬਿਨਾਂ ਅਧਿਕਾਰ ਭਵਨ ਵਿਚ ਨਹੀਂ ਵੜਿਆ। ਫਿਰ ਵੀ, ਉਸ ਨੇ ਦਰਸ਼ਣ ਵਿਚ ਯਹੋਵਾਹ ਨੂੰ ਆਪਣੇ ਪਵਿੱਤਰ ਭਵਨ ਵਿਚ ਦੇਖਿਆ ਅਤੇ ਉਸ ਨੂੰ ਪਰਮੇਸ਼ੁਰ ਵੱਲੋਂ ਕੰਮ ਸੌਂਪਿਆ ਗਿਆ। ਜਦ ਕਿ ਸਰਾਫ਼ੀਮ ਭਵਨ ਵਿਚ ਬਿਰਾਜਮਾਨ ਪ੍ਰਭੂ ਵੱਲ ਦੇਖਦੇ ਵੀ ਨਹੀਂ ਸਨ, ਯਸਾਯਾਹ ਨੂੰ ਦਰਸ਼ਣ ਵਿਚ “ਸੈਨਾਂ ਦੇ ਯਹੋਵਾਹ ਅਧੀਰਾਜ” ਨੂੰ ਦੇਖਣ ਦੀ ਇਜਾਜ਼ਤ ਦਿੱਤੀ ਗਈ ਸੀ!
10. ਯਸਾਯਾਹ ਦਰਸ਼ਣ ਦੇਖ ਕੇ ਕਿਉਂ ਡਰਦਾ ਸੀ?
10 ਯਸਾਯਾਹ ਨੇ ਆਪਣੀ ਪਾਪੀ ਦਸ਼ਾ ਅਤੇ ਪਰਮੇਸ਼ੁਰ ਦੀ ਪਵਿੱਤਰਤਾਈ ਵਿਚ ਬਹੁਤ ਫ਼ਰਕ ਦੇਖਿਆ, ਜਿਸ ਦੇ ਕਾਰਨ ਉਸ ਨੇ ਆਪਣੇ ਆਪ ਨੂੰ ਅਸ਼ੁੱਧ ਮਹਿਸੂਸ ਕੀਤਾ। ਡਰ ਦੇ ਮਾਰੇ ਉਸ ਦੀ ਜਾਨ ਨਿਕਲਦੀ ਜਾਂਦੀ ਸੀ। (ਕੂਚ 33:20) ਉਸ ਨੇ ਸਰਾਫ਼ੀਮ ਨੂੰ ਪਾਕ ਬੁੱਲ੍ਹਾਂ ਨਾਲ ਪਰਮੇਸ਼ੁਰ ਦੀ ਉਸਤਤ ਕਰਦੇ ਹੋਏ ਸੁਣਿਆ। ਪਰ ਉਸ ਦੇ ਆਪਣੇ ਬੁੱਲ੍ਹ ਭ੍ਰਿਸ਼ਟ ਸਨ ਅਤੇ ਜਿਨ੍ਹਾਂ ਲੋਕਾਂ ਵਿਚ ਉਹ ਰਹਿੰਦਾ ਸੀ ਉਨ੍ਹਾਂ ਦੇ ਬੁੱਲ੍ਹ ਵੀ ਭ੍ਰਿਸ਼ਟ ਸਨ। ਉਸ ਨੇ ਉਨ੍ਹਾਂ ਦੀ ਬੋਲੀ ਸੁਣ ਕੇ ਆਪਣੇ ਆਪ ਨੂੰ ਹੋਰ ਵੀ ਅਸ਼ੁੱਧ ਮਹਿਸੂਸ ਕੀਤਾ। ਯਹੋਵਾਹ ਪਵਿੱਤਰ ਹੈ ਅਤੇ ਉਸ ਦੇ ਸੇਵਕਾਂ ਨੂੰ ਵੀ ਪਵਿੱਤਰ ਹੋਣਾ ਚਾਹੀਦਾ ਹੈ। (1 ਪਤਰਸ 1:15, 16) ਭਾਵੇਂ ਯਸਾਯਾਹ ਨੂੰ ਪਰਮੇਸ਼ੁਰ ਲਈ ਬੋਲਣ ਵਾਲੇ ਵਜੋਂ ਪਹਿਲਾਂ ਹੀ ਚੁਣਿਆ ਗਿਆ ਸੀ, ਪਰ ਪਾਪੀ ਮਹਿਸੂਸ ਕਰਨ ਕਰਕੇ ਉਸ ਨੇ ਆਪਣੇ ਆਪ ਨੂੰ ਇਸ ਦੇ ਕਾਬਲ ਨਹੀਂ ਸਮਝਿਆ। ਸ਼ਾਨਦਾਰ ਅਤੇ ਪਵਿੱਤਰ ਰਾਜੇ ਲਈ ਬੋਲਣ ਵਾਲੇ ਵਜੋਂ ਉਸ ਨੂੰ ਪਾਕ ਬੁੱਲ੍ਹਾਂ ਦੀ ਜ਼ਰੂਰਤ ਸੀ। ਇਸ ਦੇ ਸੰਬੰਧ ਵਿਚ ਸਵਰਗ ਤੋਂ ਉਸ ਨੂੰ ਕਿਹੜੀ ਮਦਦ ਮਿਲੀ?
11. (ੳ) ਇਕ ਸਰਾਫ਼ੀਮ ਨੇ ਕੀ ਕੀਤਾ, ਅਤੇ ਇਸ ਤਰ੍ਹਾਂ ਕਰਨ ਨਾਲ ਕੀ ਦਿਖਾਇਆ ਗਿਆ? (ਅ) ਜਦੋਂ ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਸੇਵਕ ਹੋਣ ਦੇ ਯੋਗ ਨਹੀਂ ਸਮਝਦੇ, ਤਾਂ ਸਾਨੂੰ ਯਸਾਯਾਹ ਨੂੰ ਕਹੀ ਸਰਾਫ਼ੀਮ ਦੀ ਗੱਲ ਉੱਤੇ ਮਨਨ ਕਰਨ ਤੋਂ ਕਿਵੇਂ ਮਦਦ ਮਿਲ ਸਕਦੀ ਹੈ?
11 ਯਸਾਯਾਹ ਨੂੰ ਯਹੋਵਾਹ ਦੀ ਮੌਜੂਦਗੀ ਤੋਂ ਦੂਰ ਭੇਜਣ ਦੀ ਬਜਾਇ, ਸਰਾਫ਼ੀਮ ਨੇ ਉਸ ਦੀ ਮਦਦ ਕੀਤੀ। ਬਿਰਤਾਂਤ ਦੱਸਦਾ ਹੈ: “ਤਾਂ ਸਰਾਫ਼ੀਮ ਵਿੱਚੋਂ ਇੱਕ ਮੇਰੇ ਕੋਲ ਉੱਡ ਕੇ ਆਇਆ ਅਤੇ ਉਹ ਦੇ ਹੱਥ ਵਿੱਚ ਇੱਕ ਭਖਦਾ ਹੋਇਆ ਕੋਲਾ ਸੀ ਜਿਹੜਾ ਉਸ ਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ। ਤਾਂ ਓਸ ਇਹ ਆਖ ਕੇ ਮੇਰੇ ਮੂੰਹ ਨੂੰ ਛੋਹਿਆ, ਵੇਖ ਇਸ ਨੇ ਤੇਰੇ ਬੁੱਲ੍ਹਾਂ ਨੂੰ ਛੋਹਿਆ ਅਤੇ ਤੇਰੀ ਬਦੀ ਦੂਰ ਹੋਈ ਤੇ ਤੇਰਾ ਪਾਪ ਢੱਕਿਆ ਗਿਆ।” (ਯਸਾਯਾਹ 6:6, 7) ਇਹ ਮੰਨਿਆ ਜਾਂਦਾ ਹੈ ਕਿ ਅੱਗ ਸ਼ੁੱਧ ਕਰਨ ਦੀ ਸ਼ਕਤੀ ਰੱਖਦੀ ਹੈ। ਜਦੋਂ ਸਰਾਫ਼ੀਮ ਨੇ ਜਗਵੇਦੀ ਦੀ ਪਵਿੱਤਰ ਅੱਗ ਤੋਂ ਭਖਦੇ ਹੋਏ ਕੋਲੇ ਨਾਲ ਯਸਾਯਾਹ ਦੇ ਬੁੱਲ੍ਹਾਂ ਨੂੰ ਛੋਹਿਆ, ਤਾਂ ਉਸ ਨੇ ਯਸਾਯਾਹ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਪਾਪਾਂ ਦਾ ਪ੍ਰਾਸਚਿਤ ਉਸ ਹੱਦ ਤਕ ਕੀਤਾ ਗਿਆ ਕਿ ਉਹ ਯਹੋਵਾਹ ਦੀ ਕਿਰਪਾ ਹਾਸਲ ਕਰ ਸਕੇ ਅਤੇ ਉਸ ਨੂੰ ਕੰਮ ਸੌਂਪਿਆ ਜਾ ਸਕੇ। ਸਾਨੂੰ ਇਸ ਤੋਂ ਕਿੰਨੀ ਤਸੱਲੀ ਮਿਲਦੀ ਹੈ। ਅਸੀਂ ਵੀ ਪਾਪੀ ਹਾਂ ਅਤੇ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਕੋਲ ਜਾਣ ਦੇ ਯੋਗ ਨਹੀਂ ਹਾਂ। ਪਰ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ ਸਾਡੇ ਪਾਪਾਂ ਦਾ ਪ੍ਰਾਸਚਿਤ ਕੀਤਾ ਗਿਆ ਹੈ ਅਤੇ ਅਸੀਂ ਪਰਮੇਸ਼ੁਰ ਦੀ ਕਿਰਪਾ ਹਾਸਲ ਕਰ ਸਕਦੇ ਹਾਂ ਅਤੇ ਪ੍ਰਾਰਥਨਾ ਰਾਹੀਂ ਉਸ ਦੇ ਕੋਲ ਜਾ ਸਕਦੇ ਹਾਂ।—2 ਕੁਰਿੰਥੀਆਂ 5:18, 21; 1 ਯੂਹੰਨਾ 4:10.
12. ਯਸਾਯਾਹ ਨੇ ਕਿਹੜੀ ਜਗਵੇਦੀ ਦੇਖੀ, ਅਤੇ ਅੱਗ ਦਾ ਕੀ ਅਸਰ ਹੋਇਆ?
12 ਇੱਥੇ “ਜਗਵੇਦੀ” ਦਾ ਜ਼ਿਕਰ ਸਾਨੂੰ ਫਿਰ ਯਾਦ ਦਿਲਾਉਂਦਾ ਹੈ ਕਿ ਇਹ ਇਕ ਦਰਸ਼ਣ ਹੀ ਸੀ। (ਪਰਕਾਸ਼ ਦੀ ਪੋਥੀ 8:3; 9:13 ਦੀ ਤੁਲਨਾ ਕਰੋ।) ਯਰੂਸ਼ਲਮ ਦੀ ਹੈਕਲ ਵਿਚ ਦੋ ਜਗਵੇਦੀਆਂ ਹੁੰਦੀਆਂ ਸਨ। ਅੱਤ ਪਵਿੱਤਰ ਦੇ ਪਰਦੇ ਤੋਂ ਬਾਹਰ ਧੂਪ ਧੁਖਾਉਣ ਲਈ ਇਕ ਛੋਟੀ ਜਗਵੇਦੀ ਹੁੰਦੀ ਸੀ। ਅਤੇ ਪਵਿੱਤਰ ਸਥਾਨ ਦੇ ਲਾਂਘੇ ਦੇ ਮੋਹਰੇ ਚੜ੍ਹਾਵੇ ਚੜ੍ਹਾਉਣ ਲਈ ਵੱਡੀ ਜਗਵੇਦੀ ਸੀ, ਜਿਸ ਵਿਚ ਹਮੇਸ਼ਾ ਅੱਗ ਬਲਦੀ ਰੱਖੀ ਜਾਂਦੀ ਸੀ। (ਲੇਵੀਆਂ 6:12, 13; 16:12, 13) ਪਰ ਧਰਤੀ ਉੱਤੇ ਇਹ ਜਗਵੇਦੀਆਂ ਸਵਰਗੀ ਚੀਜ਼ਾਂ ਦਾ ਨਮੂਨਾ ਸਨ। (ਇਬਰਾਨੀਆਂ 8:5; 9:23; 10:5-10) ਜਦੋਂ ਰਾਜਾ ਸੁਲੇਮਾਨ ਨੇ ਹੈਕਲ ਦਾ ਉਦਘਾਟਨ ਕੀਤਾ ਸੀ ਤਾਂ ਆਕਾਸ਼ ਤੋਂ ਅੱਗ ਨੇ ਜਗਵੇਦੀ ਤੋਂ ਹੋਮ ਦੀ ਭੇਟ ਨੂੰ ਭਖ ਲਿਆ ਸੀ। (2 ਇਤਹਾਸ 7:1-3) ਅਤੇ ਹੁਣ ਸੱਚੀ, ਸਵਰਗੀ ਜਗਵੇਦੀ ਤੋਂ ਅੱਗ ਨੇ ਯਸਾਯਾਹ ਦੇ ਬੁੱਲ੍ਹਾਂ ਤੋਂ ਭ੍ਰਿਸ਼ਟਤਾ ਦੂਰ ਕੀਤੀ।
13. ਯਹੋਵਾਹ ਨੇ ਕਿਹੜਾ ਸਵਾਲ ਪੁੱਛਿਆ, ਅਤੇ “ਸਾਡੇ” ਲਈ ਕਹਿ ਕੇ ਉਹ ਹੋਰ ਕਿਸ ਬਾਰੇ ਗੱਲ ਕਰਦਾ ਸੀ?
13 ਆਓ ਅਸੀਂ ਯਸਾਯਾਹ ਦੇ ਨਾਲ ਆਕਾਸ਼ ਬਾਣੀ ਸੁਣੀਏ। “ਮੈਂ ਪ੍ਰਭੁ ਦੀ ਅਵਾਜ਼ ਇਹ ਕਹਿੰਦੀ ਸੁਣੀ, ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ? ਤਾਂ ਮੈਂ ਆਖਿਆ, ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8) ਸਪੱਸ਼ਟ ਹੈ ਕਿ ਇਹ ਸਵਾਲ ਯਹੋਵਾਹ ਦੁਆਰਾ ਸਿਰਫ਼ ਯਸਾਯਾਹ ਨੂੰ ਪੁੱਛਿਆ ਗਿਆ ਸੀ, ਕਿਉਂਕਿ ਹੋਰ ਕੋਈ ਮਾਨਵੀ ਨਬੀ ਦਰਸ਼ਣ ਵਿਚ ਨਹੀਂ ਸੀ। ਬਿਨਾਂ ਸ਼ੱਕ ਇਹ ਯਸਾਯਾਹ ਲਈ ਇਕ ਸੱਦਾ ਸੀ ਕਿ ਉਹ ਯਹੋਵਾਹ ਦਾ ਸੰਦੇਸ਼ਵਾਹਕ ਬਣੇ। ਪਰ ਯਹੋਵਾਹ ਨੇ ਇਹ ਕਿਉਂ ਪੁੱਛਿਆ ਕਿ ‘ਕੌਣ ਸਾਡੇ ਲਈ ਜਾਵੇਗਾ?’ “ਮੇਰੇ” ਲਈ ਦੀ ਥਾਂ ਤੇ “ਸਾਡੇ” ਲਈ ਕਹਿ ਕੇ ਯਹੋਵਾਹ ਨੇ ਆਪਣੇ ਨਾਲ ਕਿਸੇ ਹੋਰ ਬਾਰੇ ਵੀ ਗੱਲ ਕੀਤੀ। ਉਹ ਕੌਣ ਸੀ? ਕੀ ਇਹ ਉਸ ਦਾ ਇਕਲੌਤਾ ਪੁੱਤਰ ਨਹੀਂ, ਜੋ ਬਾਅਦ ਵਿਚ ਮਨੁੱਖ ਯਿਸੂ ਮਸੀਹ ਬਣਿਆ? ਜੀ ਹਾਂ, ਇਹ ਉਹੀ ਪੁੱਤਰ ਸੀ ਜਿਸ ਨੂੰ ਯਹੋਵਾਹ ਨੇ ਕਿਹਾ ਸੀ ਕਿ ‘ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਬਣਾਈਏ।’ (ਉਤਪਤ 1:26; ਕਹਾਉਤਾਂ 8:30, 31) ਹਾਂ, ਸਵਰਗੀ ਦਰਬਾਰ ਵਿਚ ਯਹੋਵਾਹ ਦੇ ਨਾਲ ਉਸ ਦਾ ਇਕਲੌਤਾ ਪੁੱਤਰ ਸੀ।—ਯੂਹੰਨਾ 1:14.
14. ਯਸਾਯਾਹ ਨੇ ਯਹੋਵਾਹ ਦੇ ਸਵਾਲ ਦਾ ਕਿਸ ਤਰ੍ਹਾਂ ਜਵਾਬ ਦਿੱਤਾ ਸੀ, ਅਤੇ ਉਸ ਨੇ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ?
14 ਯਸਾਯਾਹ ਜਵਾਬ ਦੇਣ ਵਿਚ ਝਿਜਕਿਆ ਨਹੀਂ! ਸੰਦੇਸ਼ ਭਾਵੇਂ ਜੋ ਵੀ ਹੋਵੇ, ਉਸ ਨੇ ਝੱਟ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” ਅਤੇ ਨਾ ਹੀ ਉਸ ਨੇ ਇਹ ਪੁੱਛਿਆ ਕਿ ਇਸ ਕੰਮ ਨੂੰ ਸਵੀਕਾਰ ਕਰਨ ਲਈ ਉਸ ਨੂੰ ਕੀ ਮਿਲੇਗਾ। ਅੱਜ ਪਰਮੇਸ਼ੁਰ ਦੇ ਸਾਰੇ ਸੇਵਕ ਉਸ ਦਾ ਚੰਗਾ ਰਵੱਈਆ ਆਪਣਾ ਸਕਦੇ ਹਨ, ਜਿਨ੍ਹਾਂ ਨੂੰ ‘ਸਾਰੀ ਦੁਨੀਆ ਵਿੱਚ ਰਾਜ ਦੀ ਇਸ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਗਿਆ ਹੈ। (ਮੱਤੀ 24:14) ਯਸਾਯਾਹ ਵਾਂਗ, ਉਹ ਵਫ਼ਾਦਾਰੀ ਨਾਲ ਆਪਣੇ ਕੰਮ ਵਿਚ ਲੱਗੇ ਰਹਿੰਦੇ ਹਨ। ਭਾਵੇਂ ਬਹੁਤ ਸਾਰੇ ਲੋਕ ਉਨ੍ਹਾਂ ਦਾ ਸੰਦੇਸ਼ ਨਹੀਂ ਸੁਣਦੇ ਹਨ ਉਹ ਫਿਰ ਵੀ “ਸਭ ਕੌਮਾਂ ਉੱਤੇ ਸਾਖੀ” ਭਰਦੇ ਹਨ। ਅਤੇ ਯਸਾਯਾਹ ਦੀ ਤਰ੍ਹਾਂ ਉਹ ਦਲੇਰੀ ਨਾਲ ਅੱਗੇ ਵਧਦੇ ਹਨ, ਇਹ ਜਾਣਦੇ ਹੋਏ ਕਿ ਉਨ੍ਹਾਂ ਨੂੰ ਇਹ ਕੰਮ ਸਭ ਤੋਂ ਉੱਚੇ ਅਧਿਕਾਰ ਤੋਂ ਸੌਂਪਿਆ ਗਿਆ ਹੈ।
ਯਸਾਯਾਹ ਨੂੰ ਸੌਂਪਿਆ ਗਿਆ ਕੰਮ
15, 16. (ੳ) ਯਸਾਯਾਹ ਨੇ “ਏਸ ਪਰਜਾ” ਨੂੰ ਕੀ ਕਿਹਾ ਸੀ, ਪਰ ਉਨ੍ਹਾਂ ਲੋਕਾਂ ਨੇ ਕੀ ਕੀਤਾ? (ਅ) ਕੀ ਲੋਕਾਂ ਦਾ ਰਵੱਈਆ ਯਸਾਯਾਹ ਦੀ ਕਿਸੇ ਕਮੀ ਦੇ ਕਾਰਨ ਸੀ? ਸਮਝਾਓ।
15 ਯਹੋਵਾਹ ਨੇ ਅੱਗੇ ਦੱਸਿਆ ਕਿ ਯਸਾਯਾਹ ਨੇ ਕੀ ਕਹਿਣਾ ਸੀ ਅਤੇ ਇਸ ਪ੍ਰਤੀ ਲੋਕ ਕੀ ਕਰਨਗੇ: “ਜਾਹ ਤੇ ਇਸ ਪਰਜਾ ਨੂੰ ਆਖ,—ਤੁਸੀਂ ਸੁਣਦੇ ਰਹੋ ਪਰ ਸਮਝੋ ਨਾ, ਤੇ ਵੇਖਦੇ ਰਹੋ ਪਰ ਬੁੱਝੋ ਨਾ, ਏਸ ਪਰਜਾ ਦਾ ਮਨ ਮੋਟਾ, ਤੇ ਏਸ ਦੇ ਕੰਨ ਭਾਰੇ ਕਰ ਦੇਹ, ਅਤੇ ਏਸ ਦੀਆਂ ਅੱਖਾਂ ਬੰਦ ਕਰ, ਮਤੇ ਓਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣਿਆਂ ਕੰਨਾਂ ਨਾਲ ਸੁਣਨ, ਅਤੇ ਆਪਣੇ ਮਨ ਨਾਲ ਸਮਝਣ, ਅਤੇ ਮੁੜ ਆਉਣ ਤੇ ਚੰਗੇ ਹੋ ਜਾਣ।” (ਯਸਾਯਾਹ 6:9, 10) ਕੀ ਇਸ ਦਾ ਇਹ ਮਤਲਬ ਹੈ ਕਿ ਯਸਾਯਾਹ ਨੂੰ ਰੁੱਖੇ ਢੰਗ ਨਾਲ ਬੋਲਣਾ ਚਾਹੀਦਾ ਸੀ ਅਤੇ ਯਹੂਦੀਆਂ ਨੂੰ ਯਹੋਵਾਹ ਤੋਂ ਦੂਰ ਕਰ ਕੇ ਉਨ੍ਹਾਂ ਨੂੰ ਉਸ ਦੇ ਖ਼ਿਲਾਫ਼ ਰੱਖਣਾ ਚਾਹੀਦਾ ਸੀ? ਬਿਲਕੁਲ ਨਹੀਂ! ਇਹ ਯਸਾਯਾਹ ਦੇ ਆਪਣੇ ਲੋਕ ਸਨ, ਜਿਨ੍ਹਾਂ ਨਾਲ ਉਹ ਮੋਹ ਰੱਖਦਾ ਸੀ। ਪਰ ਯਹੋਵਾਹ ਦੇ ਸ਼ਬਦਾਂ ਨੇ ਸੰਕੇਤ ਕੀਤਾ ਕਿ ਲੋਕ ਉਸ ਦੇ ਸੰਦੇਸ਼ ਬਾਰੇ ਕੀ ਕਰਨਗੇ, ਭਾਵੇਂ ਯਸਾਯਾਹ ਜਿੰਨੀ ਮਰਜ਼ੀ ਵਫ਼ਾਦਾਰੀ ਨਾਲ ਆਪਣਾ ਕੰਮ ਕਿਉਂ ਨਾ ਪੂਰਾ ਕਰੇ।
16 ਗ਼ਲਤੀ ਲੋਕਾਂ ਦੀ ਸੀ। ਯਸਾਯਾਹ ਉਨ੍ਹਾਂ ਨਾਲ ਵਾਰ-ਵਾਰ ਬੋਲਿਆ, ਪਰ ਉਨ੍ਹਾਂ ਨੇ ਉਸ ਦੇ ਸੰਦੇਸ਼ ਨੂੰ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਸਮਝਿਆ। ਜ਼ਿਆਦਾਤਰ ਲੋਕ ਜ਼ਿੱਦੀ ਅਤੇ ਨਾ ਸੁਣਨ ਵਾਲੇ ਸਨ, ਜਿਵੇਂ ਕਿ ਉਹ ਪੂਰੀ ਤਰ੍ਹਾਂ ਅੰਨ੍ਹੇ ਜਾਂ ਬੋਲ਼ੇ ਹੋਣ। “ਏਸ ਪਰਜਾ” ਕੋਲ ਵਾਰ-ਵਾਰ ਜਾਣ ਨਾਲ, ਯਸਾਯਾਹ ਨੇ ਉਸ ਨੂੰ ਇਹ ਦਿਖਾਉਣ ਦਾ ਮੌਕਾ ਦਿੱਤਾ ਕਿ ਉਹ ਸਮਝਣਾ ਨਹੀਂ ਚਾਹੁੰਦੀ ਸੀ। ਉਨ੍ਹਾਂ ਲੋਕਾਂ ਨੇ ਸਾਬਤ ਕੀਤਾ ਕਿ ਉਹ ਯਸਾਯਾਹ ਦੇ ਸੁਨੇਹੇ, ਯਾਨੀ ਪਰਮੇਸ਼ੁਰ ਦੇ ਸੁਨੇਹੇ ਨੂੰ ਆਪਣੇ ਮਨਾਂ ਅਤੇ ਦਿਲਾਂ ਤਕ ਪਹੁੰਚਾਉਣਾ ਨਹੀਂ ਚਾਹੁੰਦੇ ਸਨ। ਇਹ ਅੱਜ ਦੇ ਲੋਕਾਂ ਬਾਰੇ ਵੀ ਸੱਚ ਹੈ! ਜਿਉਂ-ਜਿਉਂ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ ਕਈ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਦੇ।
17. ਜਦੋਂ ਯਸਾਯਾਹ ਨੇ ਪੁੱਛਿਆ ਕਿ “ਕਦੋਂ ਤੀਕ?” ਉਹ ਕਿਨ੍ਹਾਂ ਗੱਲਾਂ ਬਾਰੇ ਪੁੱਛ ਰਿਹਾ ਸੀ?
17 ਯਸਾਯਾਹ ਨੇ ਪੁੱਛਿਆ: “ਤਾਂ ਮੈਂ ਆਖਿਆ, ਕਦੋਂ ਤੀਕ, ਹੇ ਪ੍ਰਭੁ? ਓਸ ਆਖਿਆ, ਜਦ ਤੀਕ ਸ਼ਹਿਰ ਵਿਰਾਨ ਤੇ ਬੇ ਆਬਾਦ ਨਾ ਹੋਣ, ਅਤੇ ਘਰ ਬੇ ਚਰਾਗ ਨਾ ਹੋਣ, ਅਤੇ ਜਮੀਨ ਉੱਕਾ ਈ ਉਜੜ ਨਾ ਜਾਵੇ। ਯਹੋਵਾਹ ਆਦਮੀਆਂ ਨੂੰ ਦੂਰ ਕਰ ਦੇਵੇਗਾ, ਅਤੇ ਦੇਸ ਦੇ ਵਿੱਚ ਛੱਡੇ ਹੋਏ ਅਸਥਾਨ ਬਹੁਤ ਹੋਣਗੇ।” (ਯਸਾਯਾਹ 6:11, 12) “ਕਦੋਂ ਤੀਕ” ਪੁੱਛ ਕੇ ਯਸਾਯਾਹ ਇਹ ਨਹੀਂ ਪੁੱਛ ਰਿਹਾ ਸੀ ਕਿ ਉਹ ਨਾ ਸੁਣਨ ਵਾਲੇ ਲੋਕਾਂ ਨੂੰ ਕਿੰਨਾ ਚਿਰ ਪ੍ਰਚਾਰ ਕਰਦਾ ਰਹੇਗਾ। ਇਸ ਦੀ ਬਜਾਇ, ਉਸ ਨੂੰ ਲੋਕਾਂ ਬਾਰੇ ਚਿੰਤਾ ਸੀ ਅਤੇ ਉਹ ਪੁੱਛਦਾ ਸੀ ਕਿ ਉਨ੍ਹਾਂ ਦੀ ਭੈੜੀ ਰੂਹਾਨੀ ਦਸ਼ਾ ਕਿੰਨੇ ਚਿਰ ਲਈ ਜਾਰੀ ਰਹੇਗੀ ਅਤੇ ਯਹੋਵਾਹ ਦਾ ਨਾਂ ਧਰਤੀ ਉੱਤੇ ਕਿੰਨਾ ਚਿਰ ਬਦਨਾਮ ਕੀਤਾ ਜਾਵੇਗਾ। (ਜ਼ਬੂਰ 74:9-11 ਦੇਖੋ।) ਤਾਂ ਫਿਰ, ਇਹ ਬੁਰੇ ਹਾਲਾਤ ਕਿੰਨਾ ਚਿਰ ਰਹਿਣਗੇ?
18. ਲੋਕਾਂ ਦੀ ਬੁਰੀ ਰੂਹਾਨੀ ਦਸ਼ਾ ਕਦ ਤਕ ਜਾਰੀ ਰਹੀ ਸੀ, ਅਤੇ ਕੀ ਯਸਾਯਾਹ ਇਸ ਭਵਿੱਖਬਾਣੀ ਦੀ ਸਾਰੀ ਪੂਰਤੀ ਹੋਣ ਦੇ ਸਮੇਂ ਤਕ ਜੀਉਂਦਾ ਰਿਹਾ ਸੀ?
18 ਯਹੋਵਾਹ ਦੇ ਜਵਾਬ ਨੇ ਦਿਖਾਇਆ ਕਿ ਲੋਕਾਂ ਦੀ ਬੁਰੀ ਰੂਹਾਨੀ ਦਸ਼ਾ ਤਦ ਤਕ ਜਾਰੀ ਰਹੇਗੀ ਜਦ ਤਕ ਪਰਮੇਸ਼ੁਰ ਦੇ ਨੇਮ ਪ੍ਰਤੀ ਅਣਆਗਿਆਕਾਰੀ ਦੇ ਸਾਰੇ ਨਤੀਜੇ ਭੁਗਤੇ ਨਾ ਜਾਣ। (ਲੇਵੀਆਂ 26:21-33; ਬਿਵਸਥਾ ਸਾਰ 28:49-68) ਕੌਮ ਬਰਬਾਦ ਕੀਤੀ ਗਈ, ਲੋਕ ਆਪਣੇ ਦੇਸ਼ ਵਿੱਚੋਂ ਕੱਢੇ ਗਏ, ਅਤੇ ਦੇਸ਼ ਵਿਰਾਨ ਪਿਆ ਰਿਹਾ। ਯਸਾਯਾਹ ਨੇ ਕੁਝ 40 ਸਾਲਾਂ ਲਈ ਭਵਿੱਖਬਾਣੀ ਕੀਤੀ ਅਤੇ ਉਹ ਰਾਜਾ ਉੱਜ਼ੀਯਾਹ ਦੇ ਪੜਪੋਤੇ ਹਿਜ਼ਕੀਯਾਹ ਦੇ ਰਾਜ ਤਕ ਇਸ ਸੇਵਾ ਵਿਚ ਲੱਗਾ ਰਿਹਾ। ਪਰ ਯਸਾਯਾਹ 607 ਸਾ.ਯੁ.ਪੂ. ਵਿਚ ਬਾਬਲੀ ਫ਼ੌਜਾਂ ਦੁਆਰਾ ਯਰੂਸ਼ਲਮ ਅਤੇ ਉਸ ਦੀ ਹੈਕਲ ਦੇ ਨਾਸ਼ ਹੋਣ ਦੇ ਸਮੇਂ ਤਕ ਜੀਉਂਦਾ ਨਹੀਂ ਰਿਹਾ। ਫਿਰ ਵੀ, ਯਸਾਯਾਹ ਆਪਣੀ ਮੌਤ ਤਕ ਵਫ਼ਾਦਾਰੀ ਨਾਲ ਆਪਣੇ ਕੰਮ ਵਿਚ ਲੱਗਾ ਰਿਹਾ, ਯਾਨੀ ਇਸ ਕੌਮੀ ਤਬਾਹੀ ਹੋਣ ਤੋਂ ਕੁਝ 100 ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ।
19. ਭਾਵੇਂ ਕਿ ਕੌਮ ਇਕ ਦਰਖ਼ਤ ਦੀ ਤਰ੍ਹਾਂ ਵੱਢੀ ਜਾਵੇਗੀ, ਪਰਮੇਸ਼ੁਰ ਨੇ ਯਸਾਯਾਹ ਨੂੰ ਕੀ ਭਰੋਸਾ ਦਿੱਤਾ ਸੀ?
19 ਯਹੂਦਾਹ ਨੂੰ “ਵਿਰਾਨ ਤੇ ਬੇ ਆਬਾਦ” ਕਰਨ ਵਾਲੀ ਤਬਾਹੀ ਜ਼ਰੂਰ ਆਈ। ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। (2 ਰਾਜਿਆਂ 25:1-26) ਯਹੋਵਾਹ ਨੇ ਯਸਾਯਾਹ ਨੂੰ ਭਰੋਸਾ ਦਿੱਤਾ: “ਭਾਵੇਂ ਉਸ ਵਿੱਚ ਦਸਵਾਂ ਹਿੱਸਾ ਹੀ ਰਹੇ, ਉਹ ਮੁੜ ਭਸਮ ਹੋਵੇਗਾ, ਚੀਲ੍ਹ ਵਰਗਾ ਯਾ ਬਲੂਤ ਵਰਗਾ, ਅਤੇ ਜਦ ਓਹ ਵੱਢੇ ਜਾਣ, ਤਾਂ ਉਨ੍ਹਾਂ ਦਾ ਟੁੰਡ ਖੜਾ ਰਹਿੰਦਾ। ਪਵਿੱਤ੍ਰ ਵੰਸ ਉਹ ਦਾ ਟੁੰਡ ਹੈ।” (ਯਸਾਯਾਹ 6:13) ਜੀ ਹਾਂ, ਇਕ ਕੱਟੇ ਗਏ ਵੱਡੇ ਦਰਖ਼ਤ ਦੇ ਟੁੰਡ ਵਾਂਗ, “ਦਸਵਾਂ ਹਿੱਸਾ . . . ਪਵਿੱਤ੍ਰ ਵੰਸ” ਖੜ੍ਹਾ ਰਹੇਗਾ। ਬਿਨਾਂ ਸ਼ੱਕ, ਇਸ ਭਰੋਸੇ ਨੇ ਯਸਾਯਾਹ ਨੂੰ ਦਿਲਾਸਾ ਦਿੱਤਾ—ਉਸ ਦੇ ਲੋਕਾਂ ਵਿੱਚੋਂ ਇਕ ਪਵਿੱਤਰ ਬਕੀਆ ਬਚੇਗਾ। ਭਾਵੇਂ ਇਸਰਾਏਲ ਦੀ ਕੌਮ ਬਾਲਣ ਲਈ ਵੱਢੇ ਜਾਣ ਵਾਲੇ ਇਕ ਦਰਖ਼ਤ ਦੀ ਤਰ੍ਹਾਂ ਭਸਮ ਕੀਤੀ ਜਾਵੇਗੀ, ਉਸ ਦਾ ਇਕ ਜ਼ਰੂਰੀ ਟੁੰਡ ਛੱਡਿਆ ਜਾਵੇਗਾ। ਇਹ ਇਕ ਵੰਸ ਜਾਂ ਸੰਤਾਨ ਹੋਵੇਗੀ, ਜੋ ਯਹੋਵਾਹ ਦੀ ਨਜ਼ਰ ਵਿਚ ਪਵਿੱਤਰ ਹੈ। ਸਮਾਂ ਆਉਣ ਤੇ, ਇਹ ਟੁੰਡ ਦੁਬਾਰਾ ਫੁੱਟੇਗਾ, ਅਤੇ ਦਰਖ਼ਤ ਫਿਰ ਤੋਂ ਉੱਗੇਗਾ।—ਅੱਯੂਬ 14:7-9; ਦਾਨੀਏਲ 4:26 ਦੀ ਤੁਲਨਾ ਕਰੋ।
20. ਯਸਾਯਾਹ ਦੀ ਭਵਿੱਖਬਾਣੀ ਦੇ ਆਖ਼ਰੀ ਹਿੱਸੇ ਦੀ ਪਹਿਲੀ ਪੂਰਤੀ ਕਿਵੇਂ ਹੋਈ ਸੀ?
20 ਕੀ ਇਸ ਭਵਿੱਖਬਾਣੀ ਦੇ ਸ਼ਬਦ ਪੂਰੇ ਹੋਏ? ਹਾਂ। ਯਹੂਦਾਹ ਦੇ ਦੇਸ਼ ਨੂੰ ਸੱਤਰ ਸਾਲਾਂ ਲਈ ਵਿਰਾਨ ਛੱਡੇ ਜਾਣ ਤੋਂ ਬਾਅਦ, ਪਰਮੇਸ਼ੁਰ ਦਾ ਭੈ ਰੱਖਣ ਵਾਲਾ ਬਕੀਆ ਬਾਬਲ ਵਿਚ ਬੰਦਸ਼ ਤੋਂ ਵਾਪਸ ਮੁੜਿਆ। ਉਨ੍ਹਾਂ ਨੇ ਹੈਕਲ ਅਤੇ ਸ਼ਹਿਰ ਦੁਬਾਰਾ ਬਣਾਏ, ਅਤੇ ਦੇਸ਼ ਵਿਚ ਸੱਚੀ ਉਪਾਸਨਾ ਦੁਬਾਰਾ ਸਥਾਪਿਤ ਕੀਤੀ। ਪਰਮੇਸ਼ੁਰ ਵੱਲੋਂ ਮਿਲੇ ਹੋਏ ਵਤਨ ਵਿਚ ਯਹੂਦੀ ਲੋਕਾਂ ਦੇ ਬਹਾਲ ਹੋਣ ਨਾਲ ਯਸਾਯਾਹ ਦੀ ਇਸ ਭਵਿੱਖਬਾਣੀ ਦੀ ਦੂਸਰੀ ਪੂਰਤੀ ਵੀ ਮੁਮਕਿਨ ਹੋਈ। ਉਹ ਕੀ ਸੀ?—ਅਜ਼ਰਾ 1:1-4.
ਹੋਰ ਪੂਰਤੀਆਂ
21-23. (ੳ) ਯਸਾਯਾਹ ਦੀ ਭਵਿੱਖਬਾਣੀ ਪਹਿਲੀ ਸਦੀ ਵਿਚ ਕਿਨ੍ਹਾਂ ਉੱਤੇ ਪੂਰੀ ਹੋਈ ਅਤੇ ਕਿਵੇਂ? (ਅ) ਪਹਿਲੀ ਸਦੀ ਵਿਚ “ਪਵਿੱਤ੍ਰ ਵੰਸ” ਕੌਣ ਸੀ, ਅਤੇ ਇਸ ਨੂੰ ਕਿਵੇਂ ਬਚਾ ਕੇ ਰੱਖਿਆ ਗਿਆ?
21 ਯਸਾਯਾਹ ਦਾ ਭਵਿੱਖ-ਸੂਚਕ ਕੰਮ ਮਸੀਹਾ, ਯਾਨੀ ਯਿਸੂ ਮਸੀਹ ਦੇ ਕੰਮ ਦਾ ਪਰਛਾਵਾਂ ਸੀ, ਜੋ ਉਸ ਨੇ ਕੁਝ 800 ਸਾਲ ਬਾਅਦ ਕਰਨਾ ਸੀ। (ਯਸਾਯਾਹ 8:18; 61:1, 2; ਲੂਕਾ 4:16-21; ਇਬਰਾਨੀਆਂ 2:13, 14) ਭਾਵੇਂ ਕਿ ਯਿਸੂ ਯਸਾਯਾਹ ਤੋਂ ਮਹਾਨ ਸੀ, ਉਹ ਵੀ ਆਪਣੇ ਸਵਰਗੀ ਪਿਤਾ ਵੱਲੋਂ ਭੇਜੇ ਜਾਣ ਲਈ ਰਜ਼ਾਮੰਦ ਸੀ। ਉਸ ਨੇ ਕਿਹਾ: “ਵੇਖ, ਮੈਂ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਆਇਆ ਹਾਂ।”—ਇਬਰਾਨੀਆਂ 10:5-9; ਜ਼ਬੂਰ 40:6-8.
22 ਯਸਾਯਾਹ ਵਾਂਗ, ਯਿਸੂ ਨੇ ਵਫ਼ਾਦਾਰੀ ਨਾਲ ਆਪਣਾ ਕੰਮ ਪੂਰਾ ਕੀਤਾ। ਦਿਲਚਸਪੀ ਦੀ ਗੱਲ ਹੈ ਕਿ ਦੋਹਾਂ ਜ਼ਮਾਨਿਆਂ ਦੇ ਲੋਕਾਂ ਦਾ ਰਵੱਈਆ ਵੀ ਇੱਕੋ ਜਿਹਾ ਸੀ। ਯਿਸੂ ਦੇ ਜ਼ਮਾਨੇ ਦੇ ਯਹੂਦੀ ਲੋਕ ਸੰਦੇਸ਼ ਸਵੀਕਾਰ ਕਰਨ ਵਿਚ ਉੱਨੇ ਹੀ ਜ਼ਿੱਦੀ ਸਨ ਜਿੰਨੇ ਉਹ ਲੋਕ ਸਨ ਜਿਨ੍ਹਾਂ ਨੂੰ ਯਸਾਯਾਹ ਨੇ ਪ੍ਰਚਾਰ ਕੀਤਾ ਸੀ। (ਯਸਾਯਾਹ 1:4) ਯਿਸੂ ਆਪਣੀ ਸੇਵਕਾਈ ਵਿਚ ਹਮੇਸ਼ਾ ਦ੍ਰਿਸ਼ਟਾਂਤ ਇਸਤੇਮਾਲ ਕਰਦਾ ਹੁੰਦਾ ਸੀ। ਇਸ ਲਈ ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ: “ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ?” ਯਿਸੂ ਨੇ ਜਵਾਬ ਦਿੱਤਾ: “ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ। ਮੈਂ ਇਸ ਲਈ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਕਿ ਓਹ ਵੇਖਦੇ ਹੋਏ ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ। ਉਨ੍ਹਾਂ ਉੱਤੇ ਯਸਾਯਾਹ ਦਾ ਇਹ ਅਗੰਮ ਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਾਨਾ ਸਮਝੋਗੇ, ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁਝੋਗੇ ਨਾ, ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਓਹ ਕੰਨਾਂ ਨਾਲ ਉੱਚਾ ਸੁਣਦੇ ਹਨ, ਏਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਮਤੇ ਓਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਏਹਨਾਂ ਨੂੰ ਚੰਗਾ ਕਰਾਂ।”—ਮੱਤੀ 13:10, 11, 13-15; ਮਰਕੁਸ 4:10-12; ਲੂਕਾ 8:9, 10.
23 ਯਸਾਯਾਹ ਦੀ ਪੁਸਤਕ ਤੋਂ ਹਵਾਲਾ ਦੇ ਕੇ, ਯਿਸੂ ਦਿਖਾ ਰਿਹਾ ਸੀ ਕਿ ਇਸ ਭਵਿੱਖਬਾਣੀ ਦੀ ਪੂਰਤੀ ਉਸ ਦੇ ਜ਼ਮਾਨੇ ਵਿਚ ਵੀ ਹੋਈ ਸੀ। ਆਮ ਤੌਰ ਤੇ ਯਿਸੂ ਦੇ ਜ਼ਮਾਨੇ ਦੇ ਲੋਕ ਯਸਾਯਾਹ ਦੇ ਜ਼ਮਾਨੇ ਦੇ ਯਹੂਦੀ ਲੋਕਾਂ ਵਰਗੇ ਸਨ। ਉਨ੍ਹਾਂ ਨੇ ਉਸ ਦਾ ਸੰਦੇਸ਼ ਨਾ ਸੁਣਿਆ ਅਤੇ ਨਾ ਹੀ ਸਮਝਿਆ ਅਤੇ ਉਨ੍ਹਾਂ ਦਾ ਵੀ ਨਾਸ਼ ਕੀਤਾ ਗਿਆ। (ਮੱਤੀ 23:35-38; 24:1, 2) ਇਹ 70 ਸਾ.ਯੁ. ਵਿਚ ਵਾਪਰਿਆ ਜਦੋਂ ਜਨਰਲ ਟਾਈਟਸ ਦੇ ਅਧੀਨ ਰੋਮੀ ਫ਼ੌਜਾਂ ਯਰੂਸ਼ਲਮ ਦੇ ਵਿਰੁੱਧ ਆਈਆਂ। ਉਨ੍ਹਾਂ ਨੇ ਸ਼ਹਿਰ ਅਤੇ ਉਸ ਦੀ ਹੈਕਲ ਨੂੰ ਤਬਾਹ ਕਰ ਦਿੱਤਾ। ਫਿਰ ਵੀ, ਕੁਝ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੇ ਯਿਸੂ ਦੀ ਸੁਣੀ ਅਤੇ ਉਸ ਦੇ ਚੇਲੇ ਬਣੇ। ਯਿਸੂ ਨੇ ਇਨ੍ਹਾਂ ਨੂੰ “ਧੰਨ” ਆਖਿਆ। (ਮੱਤੀ 13:16-23, 51) ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜਦੋਂ ਉਹ “ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ” ਦੇਖਣ, ਤਾਂ ਉਹ “ਪਹਾੜਾਂ ਨੂੰ ਭੱਜ ਜਾਣ।” (ਲੂਕਾ 21:20-22) ਇਸ ਤਰ੍ਹਾਂ ਉਹ “ਪਵਿੱਤ੍ਰ ਵੰਸ” ਜਿਸ ਨੇ ਨਿਹਚਾ ਕੀਤੀ ਅਤੇ ਜਿਸ ਨੂੰ “ਪਰਮੇਸ਼ੁਰ ਦੇ ਇਸਰਾਏਲ” ਵਜੋਂ ਇਕ ਰੂਹਾਨੀ ਕੌਮ ਬਣਾਇਆ ਗਿਆ ਸੀ, ਬਚਾਈ ਗਈ।a—ਗਲਾਤੀਆਂ 6:16.
24. ਪੌਲੁਸ ਨੇ ਯਸਾਯਾਹ ਦੀ ਭਵਿੱਖਬਾਣੀ ਨੂੰ ਕਿਵੇਂ ਲਾਗੂ ਕੀਤਾ, ਅਤੇ ਇਸ ਨੇ ਕੀ ਸੰਕੇਤ ਕੀਤਾ?
24 ਲਗਭਗ 60 ਸਾ.ਯੁ. ਵਿਚ, ਪੌਲੁਸ ਰਸੂਲ ਨੂੰ ਇਕ ਰੋਮੀ ਘਰ ਵਿਚ ਕੈਦ ਕੀਤਾ ਗਿਆ ਸੀ। ਉੱਥੇ ਉਸ ਨੇ “ਯਹੂਦੀਆਂ ਦੇ ਵੱਡੇ ਆਦਮੀਆਂ” ਅਤੇ ਹੋਰਨਾਂ ਨਾਲ ਮੁਲਾਕਾਤ ਕੀਤੀ। ਉਸ ਨੇ ਉਨ੍ਹਾਂ ਨੂੰ “ਪਰਮੇਸ਼ੁਰ ਦੇ ਰਾਜ ਉੱਤੇ ਸਾਖੀ” ਦਿੱਤੀ। ਜਦੋਂ ਕਈਆਂ ਨੇ ਉਸ ਦੇ ਸੰਦੇਸ਼ ਨੂੰ ਸਵੀਕਾਰ ਨਹੀਂ ਕੀਤਾ, ਤਾਂ ਪੌਲੁਸ ਨੇ ਸਮਝਾਇਆ ਕਿ ਇਹ ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਵਿਚ ਸੀ। (ਰਸੂਲਾਂ ਦੇ ਕਰਤੱਬ 28:17-27; ਯਸਾਯਾਹ 6:9, 10) ਇਸ ਲਈ ਕਿਹਾ ਜਾ ਸਕਦਾ ਹੈ ਕਿ ਯਿਸੂ ਦੇ ਚੇਲਿਆਂ ਨੇ ਵੀ ਯਸਾਯਾਹ ਵਰਗਾ ਕੰਮ ਕੀਤਾ।
25. ਅੱਜ ਪਰਮੇਸ਼ੁਰ ਦੇ ਗਵਾਹ ਕੀ ਜਾਣਦੇ ਹਨ, ਅਤੇ ਉਹ ਕਿਵੇਂ ਜਵਾਬ ਦਿੰਦੇ ਹਨ?
25 ਉਸੇ ਤਰ੍ਹਾਂ, ਅੱਜ ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਯਹੋਵਾਹ ਪਰਮੇਸ਼ੁਰ ਆਪਣੀ ਪਵਿੱਤਰ ਹੈਕਲ ਵਿਚ ਹੈ। (ਮਲਾਕੀ 3:1) ਯਸਾਯਾਹ ਦੀ ਤਰ੍ਹਾਂ ਉਹ ਕਹਿੰਦੇ ਹਨ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” ਜੋਸ਼ ਨਾਲ ਉਹ ਇਸ ਬੁਰੀ ਦੁਨੀਆਂ ਦੇ ਆਉਣ ਵਾਲੇ ਅੰਤ ਬਾਰੇ ਚੇਤਾਵਨੀ ਦਿੰਦੇ ਹਨ। ਪਰ, ਜਿਵੇਂ ਯਿਸੂ ਨੇ ਸੰਕੇਤ ਕੀਤਾ ਸੀ, ਬਹੁਤ ਥੋੜ੍ਹੇ ਲੋਕ ਆਪਣੀਆਂ ਅੱਖਾਂ ਅਤੇ ਆਪਣੇ ਕੰਨ ਖੋਲ੍ਹਦੇ ਹਨ ਤਾਂਕਿ ਉਹ ਦੇਖਣ ਅਤੇ ਸੁਣਨ ਅਤੇ ਬਚਾਏ ਜਾਣ। (ਮੱਤੀ 7:13, 14) ਵਾਕਈ, ਉਹ ਲੋਕ ਧੰਨ ਹਨ ਜੋ ਆਪਣੇ ਦਿਲੋਂ ਸੁਣਦੇ ਹਨ ਤਾਂਕਿ ਉਹ “ਚੰਗੇ ਹੋ ਜਾਣ”!—ਯਸਾਯਾਹ 6:8, 10.
[ਫੁਟਨੋਟ]
a ਯਹੂਦੀ ਬਗਾਵਤ ਦੇ ਕਾਰਨ, 66 ਸਾ.ਯੁ. ਵਿਚ ਸੈਸਟੀਅਸ ਗੈਲਸ ਦੇ ਅਧੀਨ ਰੋਮੀ ਫ਼ੌਜਾਂ ਨੇ ਯਰੂਸ਼ਲਮ ਨੂੰ ਘੇਰ ਲਿਆ ਸੀ ਅਤੇ ਹੈਕਲ ਦੀਆਂ ਕੰਧਾਂ ਤਕ ਸ਼ਹਿਰ ਵਿਚ ਪਹੁੰਚ ਗਏ। ਫਿਰ ਉਹ ਵਾਪਸ ਮੁੜ ਗਏ। ਇਸ ਨੇ ਯਿਸੂ ਦੇ ਚੇਲਿਆਂ ਨੂੰ ਪੀਰਿਆ ਇਲਾਕੇ ਦੀਆਂ ਪਹਾੜਾਂ ਨੂੰ ਭੱਜਣ ਦਾ ਮੌਕਾ ਦਿੱਤਾ। ਇਸ ਤੋਂ ਬਾਅਦ 70 ਸਾ.ਯੁ. ਵਿਚ ਰੋਮੀ ਦੁਬਾਰਾ ਮੁੜੇ।
[ਸਫ਼ੇ 94 ਉੱਤੇ ਤਸਵੀਰ]
“ਮੈਂ ਹਾਜ਼ਰ ਹਾਂ, ਮੈਨੂੰ ਘੱਲੋ।”
[ਸਫ਼ੇ 97 ਉੱਤੇ ਤਸਵੀਰ]
“ਜਦ ਤੀਕ ਸ਼ਹਿਰ ਵਿਰਾਨ ਤੇ ਬੇ ਆਬਾਦ ਨਾ ਹੋਣ”