ਸਤਾਰ੍ਹਵਾਂ ਅਧਿਆਇ
ਪਰਮੇਸ਼ੁਰ ਦੇ ਪ੍ਰਾਰਥਨਾ ਦੇ ਘਰ ਵਿਚ ਓਪਰੇ ਇਕੱਠੇ ਕੀਤੇ ਗਏ
1, 2. ਸੰਨ 1935 ਵਿਚ ਕਿਹੜੀ ਖ਼ੁਸ਼ੀ-ਭਰੀ ਗੱਲ ਐਲਾਨ ਕੀਤੀ ਗਈ ਸੀ, ਅਤੇ ਇਹ ਕਿਸ ਚੀਜ਼ ਦਾ ਹਿੱਸਾ ਸੀ?
ਭਰਾ ਰਦਰਫ਼ਰਡ ਨੇ ਸ਼ੁੱਕਰਵਾਰ 31 ਮਈ 1935 ਨੂੰ ਵਾਸ਼ਿੰਗਟਨ ਡੀ.ਸੀ. ਵਿਚ ਇਕ ਵੱਡੇ ਸੰਮੇਲਨ ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਉਸ “ਵੱਡੀ ਭੀੜ” ਬਾਰੇ ਗੱਲ ਕੀਤੀ ਜਿਸ ਨੂੰ ਯੂਹੰਨਾ ਰਸੂਲ ਨੇ ਦਰਸ਼ਣ ਵਿਚ ਦੇਖਿਆ ਸੀ। ਆਪਣੇ ਭਾਸ਼ਣ ਦੇ ਸਿਖਰ ਤੇ ਭਰਾ ਰਦਰਫ਼ਰਡ ਨੇ ਕਿਹਾ: “ਸਾਰੇ ਜੋ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਦੇ ਹਨ ਖੜ੍ਹੇ ਹੋ ਜਾਓ।” ਉੱਥੇ ਆਏ ਇਕ ਭਰਾ ਨੇ ਕਿਹਾ “ਅੱਧੇ ਲੋਕ ਖੜ੍ਹੇ ਹੋ ਗਏ।” ਫਿਰ ਭਾਸ਼ਣਕਾਰ ਨੇ ਕਿਹਾ: “ਵੇਖੋ ਵੱਡੀ ਭੀੜ ਹਾਜ਼ਰ ਹੈ!” ਇਕ ਭੈਣ ਯਾਦ ਕਰਦੀ ਹੈ ਕਿ “ਪਹਿਲਾਂ ਖਾਮੋਸ਼ੀ ਛਾ ਗਈ, ਫਿਰ ਖ਼ੁਸ਼ੀ ਦੀ ਆਵਾਜ਼ ਸੁਣੀ ਗਈ ਅਤੇ ਫਿਰ ਸਾਰੇ ਜਣੇ ਤਾੜੀਆਂ ਵਜਾਉਣ ਲੱਗ ਪਏ।”—ਪਰਕਾਸ਼ ਦੀ ਪੋਥੀ 7:9.
2 ਇਹ ਯਸਾਯਾਹ ਦੇ 56ਵੇਂ ਅਧਿਆਇ ਦੀ ਭਵਿੱਖਬਾਣੀ ਦੀ ਪੂਰਤੀ ਵਿਚ ਇਕ ਮਹੱਤਵਪੂਰਣ ਘੜੀ ਸੀ। ਯਸਾਯਾਹ ਨੇ ਇਸ ਨੂੰ ਕੁਝ 2,700 ਸਾਲ ਪਹਿਲਾਂ ਲਿਖਿਆ ਸੀ। ਯਸਾਯਾਹ ਦੀ ਪੁਸਤਕ ਦੀਆਂ ਹੋਰ ਭਵਿੱਖਬਾਣੀਆਂ ਵਾਂਗ ਇਸ ਵਿਚ ਵੀ ਦਿਲਾਸਾ ਦੇਣ ਵਾਲੇ ਵਾਅਦਿਆਂ ਦੇ ਨਾਲ-ਨਾਲ ਸਖ਼ਤ ਚੇਤਾਵਨੀਆਂ ਹਨ। ਇਹ ਪਹਿਲਾਂ ਯਸਾਯਾਹ ਦੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਉੱਤੇ ਲਾਗੂ ਹੋਈ ਸੀ ਪਰ ਇਸ ਦੀ ਪੂਰਤੀ ਸਦੀਆਂ ਬਾਅਦ ਸਾਡੇ ਜ਼ਮਾਨੇ ਵਿਚ ਵੀ ਹੋਈ ਹੈ।
ਮੁਕਤੀ ਭਾਲਣ ਲਈ ਕੀ ਕਰਨ ਦੀ ਲੋੜ ਹੈ?
3. ਯਹੋਵਾਹ ਤੋਂ ਮੁਕਤੀ ਭਾਲਣ ਵਾਲੇ ਯਹੂਦੀਆਂ ਨੂੰ ਕੀ ਕਰਨਾ ਚਾਹੀਦਾ ਸੀ?
3 ਯਸਾਯਾਹ ਦੇ 56ਵੇਂ ਅਧਿਆਇ ਦੇ ਸ਼ੁਰੂ ਵਿਚ ਯਹੂਦੀਆਂ ਨੂੰ ਉਪਦੇਸ਼ ਦਿੱਤਾ ਗਿਆ ਸੀ। ਪਰ ਯਹੋਵਾਹ ਦੇ ਸਾਰੇ ਸੱਚੇ ਭਗਤਾਂ ਨੂੰ ਨਬੀ ਦੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਯਸਾਯਾਹ ਨੇ ਲਿਖਿਆ: “ਯਹੋਵਾਹ ਇਉਂ ਆਖਦਾ ਹੈ, ਇਨਸਾਫ਼ ਦੀ ਪਾਲਨਾ ਕਰੋ ਅਤੇ ਧਰਮ ਵਰਤੋ, ਕਿਉਂ ਜੋ ਮੇਰਾ ਛੁਟਕਾਰਾ ਨੇੜੇ ਆਉਣ ਵਾਲਾ ਹੈ, ਅਤੇ ਮੇਰਾ ਧਰਮ ਪਰਗਟ ਹੋਣ ਵਾਲਾ ਹੈ। ਧੰਨ ਹੈ ਉਹ ਮਨੁੱਖ ਜੋ ਏਹ ਕਰਦਾ ਹੈ, ਅਤੇ ਆਦਮ ਵੰਸ ਜੋ ਏਹ ਨੂੰ ਫੜ ਛੱਡਦਾ ਹੈ, ਜੋ ਸਬਤ ਨੂੰ ਬਿਨਾ ਪਲੀਤ ਕੀਤੇ ਮੰਨਦਾ, ਅਤੇ ਆਪਣਾ ਹੱਥ ਹਰ ਬਦੀ ਦੇ ਕਰਨ ਤੋਂ ਰੋਕਦਾ ਹੈ।” (ਯਸਾਯਾਹ 56:1, 2) ਯਹੋਵਾਹ ਤੋਂ ਮੁਕਤੀ ਭਾਲਣ ਵਾਲੇ ਯਹੂਦਾਹ ਦੇ ਵਾਸੀਆਂ ਨੂੰ ਮੂਸਾ ਦੀ ਬਿਵਸਥਾ ਦੇ ਅਨੁਸਾਰ ਚੱਲਣਾ ਚਾਹੀਦਾ ਸੀ ਅਤੇ ਇਨਸਾਫ਼ ਤੇ ਧਾਰਮਿਕਤਾ ਨਾਲ ਆਪਣੀਆਂ ਜ਼ਿੰਦਗੀਆਂ ਬਿਤਾਉਣੀਆਂ ਚਾਹੀਦੀਆਂ ਸਨ। ਇਸ ਤਰ੍ਹਾਂ ਕਰਨ ਦੀ ਕਿਉਂ ਲੋੜ ਸੀ? ਕਿਉਂਕਿ ਯਹੋਵਾਹ ਖ਼ੁਦ ਧਰਮੀ ਹੈ। ਧਾਰਮਿਕਤਾ ਭਾਲਣ ਵਾਲੇ ਉਸ ਖ਼ੁਸ਼ੀ ਦਾ ਆਨੰਦ ਮਾਣਦੇ ਹਨ ਜੋ ਯਹੋਵਾਹ ਦੀ ਕਿਰਪਾ ਹਾਸਲ ਕਰਨ ਤੋਂ ਮਿਲਦੀ ਹੈ।—ਜ਼ਬੂਰ 144:15ਅ.
4. ਇਸਰਾਏਲ ਵਿਚ ਸਬਤ ਮਨਾਉਣਾ ਇੰਨਾ ਮਹੱਤਵਪੂਰਣ ਕਿਉਂ ਸੀ?
4 ਭਵਿੱਖਬਾਣੀ ਨੇ ਸਬਤ ਮਨਾਉਣ ਉੱਤੇ ਜ਼ੋਰ ਦਿੱਤਾ ਸੀ ਕਿਉਂਕਿ ਸਬਤ ਮੂਸਾ ਦੀ ਬਿਵਸਥਾ ਦਾ ਇਕ ਮਹੱਤਵਪੂਰਣ ਹਿੱਸਾ ਸੀ। ਦਰਅਸਲ ਯਹੂਦਾਹ ਦੇ ਵਾਸੀਆਂ ਦਾ ਗ਼ੁਲਾਮੀ ਵਿਚ ਜਾਣ ਦਾ ਇਕ ਕਾਰਨ ਇਹ ਸੀ ਕਿ ਉਨ੍ਹਾਂ ਨੇ ਸਬਤ ਦੀ ਲਾਪਰਵਾਹੀ ਕੀਤੀ ਸੀ। (ਲੇਵੀਆਂ 26:34, 35; 2 ਇਤਹਾਸ 36:20, 21) ਸਬਤ ਯਹੋਵਾਹ ਨਾਲ ਯਹੂਦੀ ਲੋਕਾਂ ਦੇ ਖ਼ਾਸ ਰਿਸ਼ਤੇ ਦੀ ਇਕ ਨਿਸ਼ਾਨੀ ਸੀ ਅਤੇ ਸਬਤ ਮਨਾਉਣ ਵਾਲਿਆਂ ਨੇ ਦਿਖਾਇਆ ਕਿ ਉਹ ਉਸ ਰਿਸ਼ਤੇ ਦੀ ਕਦਰ ਕਰਦੇ ਸਨ। (ਕੂਚ 31:13) ਇਸ ਤੋਂ ਇਲਾਵਾ ਸਬਤ ਮਨਾਉਣ ਦੁਆਰਾ ਯਸਾਯਾਹ ਦੇ ਜ਼ਮਾਨੇ ਦੇ ਲੋਕਾਂ ਨੂੰ ਯਾਦ ਕਰਾਇਆ ਜਾਂਦਾ ਸੀ ਕਿ ਯਹੋਵਾਹ ਉਨ੍ਹਾਂ ਦਾ ਸਿਰਜਣਹਾਰ ਹੈ। ਸਬਤ ਉਨ੍ਹਾਂ ਨੂੰ ਉਸ ਦੀ ਦਇਆ ਬਾਰੇ ਵੀ ਯਾਦ ਕਰਾਉਂਦਾ ਸੀ। (ਕੂਚ 20:8-11; ਬਿਵਸਥਾ ਸਾਰ 5:12-15) ਸਬਤ ਇਕ ਅਜਿਹਾ ਪ੍ਰਬੰਧ ਸੀ ਜਿਸ ਦੁਆਰਾ ਯਹੋਵਾਹ ਦੀ ਭਗਤੀ ਨਿਯਮਿਤ ਤੌਰ ਤੇ ਕੀਤੀ ਜਾ ਸਕਦੀ ਸੀ। ਯਹੂਦਾਹ ਦੇ ਵਾਸੀਆਂ ਨੂੰ ਹਫ਼ਤੇ ਵਿਚ ਇਕ ਦਿਨ ਆਪਣਿਆਂ ਕੰਮਾਂ ਤੋਂ ਆਰਾਮ ਕਰ ਕੇ ਪ੍ਰਾਰਥਨਾ, ਅਧਿਐਨ, ਅਤੇ ਮਨਨ ਕਰਨ ਦਾ ਮੌਕਾ ਮਿਲਦਾ ਸੀ।
5. ਮਸੀਹੀ ਸਬਤ ਮਨਾਉਣ ਦੇ ਸਿਧਾਂਤ ਨੂੰ ਕਿਵੇਂ ਲਾਗੂ ਕਰ ਸਕਦੇ ਹਨ?
5 ਪਰ ਮਸੀਹੀਆਂ ਬਾਰੇ ਕੀ? ਕੀ ਸਬਤ ਮਨਾਉਣ ਦੀ ਗੱਲ ਉਨ੍ਹਾਂ ਉੱਤੇ ਵੀ ਲਾਗੂ ਹੁੰਦੀ ਹੈ? ਮਸੀਹੀ ਬਿਵਸਥਾ ਦੇ ਅਧੀਨ ਨਹੀਂ ਹਨ ਅਤੇ ਇਸ ਲਈ ਉਨ੍ਹਾਂ ਨੂੰ ਸਬਤ ਨਹੀਂ ਮਨਾਉਣਾ ਪੈਂਦਾ। (ਕੁਲੁੱਸੀਆਂ 2:16, 17) ਪਰ ਪੌਲੁਸ ਰਸੂਲ ਨੇ ਸਮਝਾਇਆ ਕਿ ਵਫ਼ਾਦਾਰ ਮਸੀਹੀਆਂ ਲਈ “ਸਬਤ ਦਾ ਅਰਾਮ” ਹੈ। ‘ਸਬਤ ਦੇ ਅਰਾਮ’ ਵਿਚ ਵੜਨ ਲਈ ਆਪਣੇ ਕੰਮਾਂ ਉੱਤੇ ਭਰੋਸਾ ਰੱਖਣ ਦੀ ਬਜਾਇ ਮੁਕਤੀ ਲਈ ਦਿੱਤੇ ਗਏ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰਨੀ ਚਾਹੀਦੀ ਹੈ। (ਇਬਰਾਨੀਆਂ 4:6-10) ਇਸ ਲਈ ਸਬਤ ਬਾਰੇ ਯਸਾਯਾਹ ਦੀ ਭਵਿੱਖਬਾਣੀ ਦੇ ਸ਼ਬਦ ਅੱਜ ਯਹੋਵਾਹ ਦੇ ਸੇਵਕਾਂ ਨੂੰ ਯਾਦ ਕਰਾਉਂਦੇ ਹਨ ਕਿ ਮੁਕਤੀ ਲਈ ਕੀਤੇ ਗਏ ਯਹੋਵਾਹ ਦੇ ਪ੍ਰਬੰਧ ਉੱਤੇ ਨਿਹਚਾ ਕਰਨੀ ਬਹੁਤ ਹੀ ਜ਼ਰੂਰੀ ਹੈ। ਇਸ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੋਣਾ ਚਾਹੀਦਾ ਹੈ ਅਤੇ ਸਾਨੂੰ ਉਸ ਦੀ ਭਗਤੀ ਦ੍ਰਿੜ੍ਹਤਾ ਨਾਲ ਲਗਾਤਾਰ ਕਰਨੀ ਚਾਹੀਦੀ ਹੈ।
ਓਪਰੇ ਅਤੇ ਖੁਸਰੇ ਲਈ ਦਿਲਾਸਾ
6. ਭਵਿੱਖਬਾਣੀ ਵਿਚ ਕਿਨ੍ਹਾਂ ਦੋ ਸਮੂਹਾਂ ਵੱਲ ਧਿਆਨ ਦਿੱਤਾ ਗਿਆ ਸੀ?
6 ਅਗਲੀਆਂ ਆਇਤਾਂ ਵਿਚ ਯਹੋਵਾਹ ਨੇ ਦੋ ਸਮੂਹਾਂ ਨਾਲ ਗੱਲ ਕੀਤੀ ਜੋ ਉਸ ਦੀ ਸੇਵਾ ਕਰਨੀ ਚਾਹੁੰਦੇ ਸਨ, ਪਰ ਜਿਨ੍ਹਾਂ ਨੂੰ ਮੂਸਾ ਦੀ ਬਿਵਸਥਾ ਦੇ ਅਧੀਨ ਯਹੂਦੀ ਕਲੀਸਿਯਾ ਵਿਚ ਆਉਣਾ ਮਨ੍ਹਾ ਸੀ। ਅਸੀਂ ਪੜ੍ਹਦੇ ਹਾਂ: “ਓਪਰਾ ਜਿਹ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਏਹ ਨਾ ਆਖੇ, ਯਹੋਵਾਹ ਮੈਨੂੰ ਆਪਣੀ ਪਰਜਾ ਵਿੱਚੋਂ ਅੱਡ ਕਰ ਦੇਵੇਗਾ, ਨਾ ਖੁਸਰਾ ਏਹ ਆਖੇ, ਵੇਖੋ ਮੈਂ ਸੁੱਕਾ ਰੁੱਖ ਹਾਂ।” (ਯਸਾਯਾਹ 56:3) ਓਪਰੇ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਉਸ ਨੂੰ ਇਸਰਾਏਲ ਤੋਂ ਅੱਡ ਕੀਤਾ ਜਾਵੇਗਾ। ਖੁਸਰਾ ਇਸ ਬਾਰੇ ਚਿੰਤਾ ਕਰਦਾ ਸੀ ਕਿ ਉਸ ਦੇ ਨਾਂ ਨੂੰ ਕਾਇਮ ਰੱਖਣ ਲਈ ਉਸ ਦੇ ਬੱਚੇ ਨਹੀਂ ਹੋਣਗੇ। ਦੋਹਾਂ ਨੂੰ ਹੌਸਲਾ ਰੱਖਣਾ ਚਾਹੀਦਾ ਸੀ। ਇਸ ਦਾ ਕਾਰਨ ਸਮਝਣ ਤੋਂ ਪਹਿਲਾਂ ਆਓ ਆਪਾਂ ਦੇਖੀਏ ਕਿ ਬਿਵਸਥਾ ਦੇ ਅਧੀਨ ਇਹ ਦੋ ਸਮੂਹ ਇਸਰਾਏਲ ਦੀ ਕੌਮ ਨਾਲੋਂ ਕਿਵੇਂ ਵੱਖਰੇ ਸਨ।
7. ਇਸਰਾਏਲ ਵਿਚ ਬਿਵਸਥਾ ਓਪਰਿਆਂ ਉੱਤੇ ਕਿਹੜੀਆਂ ਪਾਬੰਦੀਆਂ ਲਾਉਂਦੀ ਸੀ?
7 ਬੇਸੁੰਨਤੀ ਓਪਰੇ ਲੋਕ ਇਸਰਾਏਲ ਦੇ ਨਾਲ ਭਗਤੀ ਨਹੀਂ ਕਰ ਸਕਦੇ ਸਨ। ਮਿਸਾਲ ਲਈ, ਉਹ ਪਸਾਹ ਵਿੱਚੋਂ ਨਹੀਂ ਖਾ ਸਕਦੇ ਸਨ। (ਕੂਚ 12:43) ਭਾਵੇਂ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨ ਵਾਲੇ ਓਪਰਿਆਂ ਨੂੰ ਇਨਸਾਫ਼ ਮਿਲ ਸਕਦਾ ਸੀ ਅਤੇ ਉਨ੍ਹਾਂ ਨੂੰ ਪਰਾਹੁਣਚਾਰੀ ਦਿਖਾਈ ਜਾਂਦੀ ਸੀ, ਪਰ ਇਸਰਾਏਲ ਦੀ ਕੌਮ ਨਾਲ ਉਨ੍ਹਾਂ ਦਾ ਕੋਈ ਪੱਕਾ ਰਿਸ਼ਤਾ ਨਹੀਂ ਸੀ। ਕੁਝ ਲੋਕ ਬਿਵਸਥਾ ਦੇ ਅਨੁਸਾਰ ਪੂਰੀ ਤਰ੍ਹਾਂ ਚੱਲਣ ਦਾ ਫ਼ੈਸਲਾ ਕਰਦੇ ਸਨ, ਅਤੇ ਨਿਸ਼ਾਨੀ ਵਜੋਂ ਉਨ੍ਹਾਂ ਦੇ ਮਰਦ ਸੁੰਨਤ ਕਰਾਉਂਦੇ ਸਨ। ਇਸ ਤਰ੍ਹਾਂ ਉਹ ਨਵਧਰਮੀ ਬਣ ਜਾਂਦੇ ਸਨ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਘਰ ਦੇ ਵਿਹੜੇ ਵਿਚ ਭਗਤੀ ਕਰਨ ਦਾ ਵਿਸ਼ੇਸ਼ ਅਧਿਕਾਰ ਮਿਲਦਾ ਸੀ ਅਤੇ ਇਸਰਾਏਲ ਦੀ ਕਲੀਸਿਯਾ ਦਾ ਹਿੱਸਾ ਸਮਝਿਆ ਜਾਂਦਾ ਸੀ। (ਲੇਵੀਆਂ 17:10-14; 20:2; 24:22) ਲੇਕਿਨ ਨਵਧਰਾਮੀ ਲੋਕ ਵੀ ਇਸਰਾਏਲ ਨਾਲ ਯਹੋਵਾਹ ਦੇ ਨੇਮ ਦੇ ਪੂਰੇ ਹਿੱਸੇਦਾਰ ਨਹੀਂ ਬਣ ਸਕਦੇ ਸਨ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਗਏ ਦੇਸ਼ ਵਿਚ ਜ਼ਮੀਨ ਨਹੀਂ ਪ੍ਰਾਪਤ ਹੁੰਦੀ ਸੀ। ਦੂਸਰੇ ਓਪਰੇ ਭਵਨ ਵੱਲ ਪ੍ਰਾਰਥਨਾ ਕਰ ਸਕਦੇ ਸਨ ਅਤੇ ਜਾਜਕਾਈ ਰਾਹੀਂ ਬਲੀਆਂ ਚੜ੍ਹਾ ਸਕਦੇ ਸਨ ਜੇ ਇਹ ਬਲੀਆਂ ਬਿਵਸਥਾ ਦੇ ਅਨੁਸਾਰ ਸਨ। (ਲੇਵੀਆਂ 22:25; 1 ਰਾਜਿਆਂ 8:41-43) ਪਰ ਇਸਰਾਏਲੀ ਉਨ੍ਹਾਂ ਨਾਲ ਇਸ ਤੋਂ ਜ਼ਿਆਦਾ ਮੇਲ-ਜੋਲ ਨਹੀਂ ਰੱਖ ਸਕਦੇ ਸਨ।
ਖੁਸਰਿਆਂ ਨੂੰ ਸਦੀਪਕ ਨਾਮ ਦਿੱਤਾ ਗਿਆ
8. (ੳ) ਬਿਵਸਥਾ ਵਿਚ ਖੁਸਰਿਆਂ ਬਾਰੇ ਕੀ ਵਿਚਾਰ ਸੀ? (ਅ) ਗ਼ੈਰ-ਯਹੂਦੀ ਕੌਮਾਂ ਵਿਚ ਖੁਸਰਿਆਂ ਨੂੰ ਕਿਸ ਕੰਮ ਲਈ ਵਰਤਿਆ ਜਾਂਦਾ ਸੀ, ਅਤੇ ‘ਖੁਸਰੇ’ ਸ਼ਬਦ ਦਾ ਕਦੀ-ਕਦੀ ਕੀ ਮਤਲਬ ਹੋ ਸਕਦਾ ਹੈ?
8 ਇਸਰਾਏਲ ਦੀ ਕੌਮ ਵਿਚ ਖੁਸਰਿਆਂ ਕੋਲ ਕੌਮ ਦੇ ਪੂਰੇ ਮੈਂਬਰ ਹੋਣ ਦਾ ਹੱਕ ਨਹੀਂ ਸੀ, ਭਾਵੇਂ ਕਿ ਉਨ੍ਹਾਂ ਦੇ ਮਾਪੇ ਯਹੂਦੀ ਸਨ।a (ਬਿਵਸਥਾ ਸਾਰ 23:1) ਬਾਈਬਲ ਦੇ ਜ਼ਮਾਨੇ ਵਿਚ ਕੁਝ ਗ਼ੈਰ-ਯਹੂਦੀ ਕੌਮਾਂ ਵਿਚ ਖੁਸਰਿਆਂ ਨੂੰ ਖ਼ਾਸ ਪਦਵੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਯੁੱਧ ਵਿਚ ਕੁਝ ਗ਼ੁਲਾਮ ਨਿਆਣਿਆਂ ਦੇ ਅੰਗ ਕੱਟੇ ਜਾਂਦੇ ਸਨ। ਖੁਸਰਿਆਂ ਨੂੰ ਸ਼ਾਹੀ ਦਰਬਾਰਾਂ ਵਿਚ ਦਰਬਾਰੀਆਂ ਵਜੋਂ ਰੱਖਿਆ ਜਾਂਦਾ ਸੀ। ਇਕ ਖੁਸਰਾ “ਤੀਵੀਆਂ ਦਾ ਰਾਖਾ,” “ਸੁਰੀਤਾਂ ਦਾ ਰਾਖਾ,” ਜਾਂ ਇਕ ਰਾਣੀ ਦਾ ਸੇਵਾਦਾਰ ਹੋ ਸਕਦਾ ਸੀ। (ਅਸਤਰ 2:3, 12-15; 4:4-6, 9) ਇਸਰਾਏਲੀ ਲੋਕ ਅਜਿਹਾ ਕੁਝ ਨਹੀਂ ਕਰਦੇ ਸਨ ਅਤੇ ਨਾ ਹੀ ਉਹ ਖੁਸਰਿਆਂ ਨੂੰ ਖ਼ਾਸ ਨੌਕਰੀਆਂ ਜਾਂ ਇਸਰਾਏਲੀ ਰਾਜਿਆਂ ਦੀ ਸੇਵਾ ਕਰਨ ਲਈ ਚੁਣਦੇ ਸਨ।
9. ਖੁਸਰਿਆਂ ਨੂੰ ਯਹੋਵਾਹ ਨੇ ਕਿਹੜਾ ਦਿਲਾਸਾ ਦਿੱਤਾ ਸੀ?
9 ਇਸਰਾਏਲ ਵਿਚ ਖੁਸਰਿਆਂ ਨੂੰ ਸੱਚੇ ਪਰਮੇਸ਼ੁਰ ਦੀ ਭਗਤੀ ਪੂਰੀ ਤਰ੍ਹਾਂ ਕਰਨ ਤੋਂ ਰੋਕਿਆ ਜਾਂਦਾ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਦਾ ਇਸ ਗੱਲ ਤੋਂ ਵੀ ਵੱਡਾ ਅਪਮਾਨ ਹੁੰਦਾ ਸੀ ਕਿ ਉਹ ਆਪਣੇ ਪਰਿਵਾਰ ਦਾ ਨਾਂ ਕਾਇਮ ਰੱਖਣ ਲਈ ਬੱਚੇ ਨਹੀਂ ਪੈਦਾ ਕਰ ਸਕਦੇ ਸਨ। ਤਾਂ ਫਿਰ ਉਨ੍ਹਾਂ ਨੂੰ ਭਵਿੱਖਬਾਣੀ ਦੇ ਅਗਲੇ ਸ਼ਬਦਾਂ ਤੋਂ ਕਿੰਨਾ ਦਿਲਾਸਾ ਮਿਲਿਆ ਹੋਵੇਗਾ! ਅਸੀਂ ਪੜ੍ਹਦੇ ਹਾਂ: “ਯਹੋਵਾਹ ਤਾਂ ਇਉਂ ਆਖਦਾ ਹੈ, ਉਨ੍ਹਾਂ ਖੁਸਰਿਆਂ ਨੂੰ ਜੋ ਮੇਰੇ ਸਬਤਾਂ ਨੂੰ ਮੰਨਦੇ, ਅਤੇ ਜੋ ਕੁਝ ਮੈਨੂੰ ਭਾਉਂਦਾ ਓਹੀ ਚੁਣਦੇ, ਅਤੇ ਮੇਰੇ ਨੇਮ ਨੂੰ ਫੜੀ ਰੱਖਦੇ ਹਨ, ਮੈਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਅਤੇ ਆਪਣੀਆਂ ਕੰਧਾਂ ਦੇ ਅੰਦਰ, ਇੱਕ ਯਾਦਗਾਰ ਅਤੇ ਇੱਕ ਨਾਮ, ਪੁੱਤ੍ਰਾਂ ਧੀਆਂ ਨਾਲੋਂ ਚੰਗਾ ਦਿਆਂਗਾ। ਮੈਂ ਓਹਨਾਂ ਨੂੰ ਇੱਕ ਸਦੀਪਕ ਨਾਮ ਦਿਆਂਗਾ, ਜੋ ਮਿਟਾਇਆ ਨਾ ਜਾਵੇਗਾ।”—ਯਸਾਯਾਹ 56:4, 5.
10. ਖੁਸਰਿਆਂ ਦੀ ਸਥਿਤੀ ਕਦੋਂ ਬਦਲੀ ਸੀ, ਅਤੇ ਉਸ ਸਮੇਂ ਤੋਂ ਲੈ ਕੇ ਉਹ ਕੀ ਕਰ ਸਕਦੇ ਹਨ?
10 ਜੀ ਹਾਂ, ਉਹ ਸਮਾਂ ਆਉਣਾ ਸੀ ਜਦੋਂ ਖੁਸਰਿਆਂ ਨੇ ਪੂਰੀ ਤਰ੍ਹਾਂ ਯਹੋਵਾਹ ਦੇ ਸੇਵਕ ਬਣਨਾ ਸੀ। ਆਗਿਆਕਾਰ ਰਹਿਣ ਨਾਲ ਖੁਸਰਿਆਂ ਨੂੰ “ਇੱਕ ਯਾਦਗਾਰ,” ਯਾਨੀ ਯਹੋਵਾਹ ਦੇ ਘਰ ਵਿਚ ਇਕ ਜਗ੍ਹਾ ਅਤੇ ਧੀਆਂ-ਪੁੱਤਰਾਂ ਨਾਲੋਂ ਵੀ ਇਕ ਚੰਗਾ ਨਾਂ ਮਿਲਣਾ ਸੀ। ਇਹ ਕਦੋਂ ਹੋਣਾ ਸੀ? ਯਿਸੂ ਮਸੀਹ ਦੀ ਮੌਤ ਤੋਂ ਬਾਅਦ। ਉਸ ਸਮੇਂ ਪੁਰਾਣੇ ਨੇਮ ਦੀ ਥਾਂ ਨਵਾਂ ਨੇਮ ਸਥਾਪਿਤ ਕੀਤਾ ਗਿਆ ਸੀ ਅਤੇ ਪੈਦਾਇਸ਼ੀ ਇਸਰਾਏਲ ਦੀ ਥਾਂ “ਪਰਮੇਸ਼ੁਰ ਦੇ ਇਸਰਾਏਲ” ਨੂੰ ਚੁਣਿਆ ਗਿਆ ਸੀ। (ਗਲਾਤੀਆਂ 6:16) ਉਸ ਸਮੇਂ ਤੋਂ ਲੈ ਕੇ ਨਿਹਚਾ ਕਰਨ ਵਾਲੇ ਸਾਰਿਆਂ ਲੋਕਾਂ ਦੀ ਭਗਤੀ ਪਰਮੇਸ਼ੁਰ ਨੂੰ ਮਨਜ਼ੂਰ ਹੈ। ਕਿਸੇ ਨੂੰ ਉਸ ਦੀ ਸਰੀਰਕ ਹਾਲਤ ਜਾਂ ਜਾਤ-ਪਾਤ ਕਰਕੇ ਰੋਕਿਆ ਨਹੀਂ ਜਾਂਦਾ। ਵਫ਼ਾਦਾਰੀ ਨਾਲ ਧੀਰਜ ਰੱਖਣ ਵਾਲਿਆਂ ਨੂੰ ‘ਇੱਕ ਸਦੀਪਕ ਨਾਮ ਦਿੱਤਾ ਜਾਵੇਗਾ, ਜੋ ਮਿਟਾਇਆ ਨਾ ਜਾਵੇਗਾ।’ ਯਹੋਵਾਹ ਉਨ੍ਹਾਂ ਨੂੰ ਭੁੱਲੇਗਾ ਨਹੀਂ। ਉਨ੍ਹਾਂ ਦੇ ਨਾਂ ਉਸ ਦੀ “ਯਾਦਗੀਰੀ ਦੀ ਪੁਸਤਕ” ਵਿਚ ਲਿਖੇ ਜਾਣਗੇ ਅਤੇ ਪਰਮੇਸ਼ੁਰ ਦੇ ਠਰਿਹਾਏ ਹੋਏ ਸਮੇਂ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਮਿਲੇਗੀ।—ਮਲਾਕੀ 3:16; ਕਹਾਉਤਾਂ 22:1; 1 ਯੂਹੰਨਾ 2:17.
ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਓਪਰੇ ਭਗਤੀ ਕਰਦੇ ਹਨ
11. ਬਰਕਤਾਂ ਪਾਉਣ ਲਈ ਓਪਰਿਆਂ ਨੂੰ ਕੀ ਕਰਨ ਲਈ ਕਿਹਾ ਗਿਆ ਸੀ?
11 ਓਪਰਿਆਂ ਬਾਰੇ ਕੀ? ਭਵਿੱਖਬਾਣੀ ਵਿਚ ਇਨ੍ਹਾਂ ਬਾਰੇ ਵੀ ਗੱਲ ਕੀਤੀ ਗਈ ਸੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਬਹੁਤ ਦਿਲਾਸਾ ਦਿੱਤਾ ਸੀ। ਯਸਾਯਾਹ ਨੇ ਲਿਖਿਆ: “ਓਪਰੇ ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਭਈ ਓਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣ, ਅਤੇ ਉਸ ਦੇ ਦਾਸ ਹੋਣ, ਹਰੇਕ ਜੋ ਸਬਤ ਨੂੰ ਬਿਨਾ ਪਲੀਤ ਕੀਤੇ ਮੰਨਦਾ, ਅਤੇ ਮੇਰੇ ਨਾਮ ਨੂੰ ਫੜੀ ਰੱਖਦਾ ਹੈ, ਏਹਨਾਂ ਨੂੰ ਮੈਂ ਆਪਣੇ ਪਵਿੱਤ੍ਰ ਪਹਾੜ ਨੂੰ ਲਿਆਵਾਂਗਾ ਅਤੇ ਓਹਨਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਅਨੰਦ ਦੁਆਵਾਂਗਾ, ਓਹਨਾਂ ਦੀਆਂ ਹੋਮ ਬਲੀਆਂ ਅਤੇ ਬਲੀਦਾਨ ਮੇਰੀ ਜਗਵੇਦੀ ਉੱਤੇ ਕਬੂਲ ਹੋਣਗੇ, ਮੇਰਾ ਘਰ ਤਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ।”—ਯਸਾਯਾਹ 56:6, 7.
12. ਯਿਸੂ ਦੀ ਭਵਿੱਖਬਾਣੀ ਅਨੁਸਾਰ ‘ਹੋਰ ਭੇਡਾਂ’ ਬਾਰੇ ਕੀ ਮੰਨਿਆ ਜਾਂਦਾ ਸੀ?
12 ਸਾਡੇ ਜ਼ਮਾਨੇ ਵਿਚ “ਓਪਰੇ” ਹੌਲੀ-ਹੌਲੀ ਪ੍ਰਗਟ ਹੋਣ ਲੱਗੇ ਹਨ। ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਇਨ੍ਹਾਂ ਓਪਰਿਆਂ ਨੂੰ ਵੀ ਪਰਮੇਸ਼ੁਰ ਦੇ ਇਸਰਾਏਲ ਯਾਨੀ ਸਵਰਗ ਵਿਚ ਯਿਸੂ ਨਾਲ ਰਾਜ ਕਰਨ ਵਾਲਿਆਂ ਵਾਂਗ ਮੁਕਤੀ ਮਿਲੇਗੀ, ਪਰ ਓਪਰਿਆਂ ਦੀ ਗਿਣਤੀ ਉਨ੍ਹਾਂ ਨਾਲੋਂ ਵੱਧ ਹੋਵੇਗੀ। ਬਾਈਬਲ ਸਟੂਡੈਂਟਸ ਯੂਹੰਨਾ 10:16 ਤੇ ਯਿਸੂ ਦੇ ਸ਼ਬਦ ਜਾਣਦੇ ਸਨ: “ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਜੋ ਉਨ੍ਹਾਂ ਨੂੰ ਵੀ ਲਿਆਵਾਂ ਅਰ ਓਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕੋ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ।” ਉਹ ਜਾਣਦੇ ਸਨ ਕਿ ‘ਹੋਰ ਭੇਡਾਂ’ ਧਰਤੀ ਉੱਤੇ ਰਹਿਣ ਵਾਲੇ ਲੋਕ ਸਨ। ਪਰ ਕਈ ਬਾਈਬਲ ਸਟੂਡੈਂਟਸ ਮੰਨਦੇ ਸਨ ਕਿ ਹੋਰ ਭੇਡਾਂ ਯਿਸੂ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਵਿਚ ਪ੍ਰਗਟ ਹੋਣਗੀਆਂ।
13. ਇਹ ਕਿਉਂ ਕਿਹਾ ਗਿਆ ਸੀ ਕਿ ਮੱਤੀ ਦੇ 25ਵੇਂ ਅਧਿਆਇ ਦੀਆਂ ਭੇਡਾਂ ਨੇ ਇਸ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਪ੍ਰਗਟ ਹੋਣਾ ਸੀ?
13 ਸਮਾਂ ਬੀਤਣ ਨਾਲ ਭੇਡਾਂ ਬਾਰੇ ਇਕ ਹੋਰ ਹਵਾਲਾ ਸਮਝਣ ਵਿਚ ਤਰੱਕੀ ਕੀਤੀ ਗਈ। ਮੱਤੀ ਦੇ 25ਵੇਂ ਅਧਿਆਇ ਵਿਚ ਯਿਸੂ ਨੇ ਭੇਡਾਂ ਅਤੇ ਬੱਕਰੀਆਂ ਦਾ ਦ੍ਰਿਸ਼ਟਾਂਤ ਦਿੱਤਾ ਸੀ। ਉਸ ਦ੍ਰਿਸ਼ਟਾਂਤ ਵਿਚ ਭੇਡਾਂ ਨੂੰ ਸਦਾ ਦੀ ਜ਼ਿੰਦਗੀ ਦਿੱਤੀ ਗਈ ਕਿਉਂਕਿ ਉਨ੍ਹਾਂ ਨੇ ਯਿਸੂ ਦੇ ਭਰਾਵਾਂ ਨੂੰ ਸਹਾਰਾ ਦਿੱਤਾ ਸੀ। ਇਸ ਲਈ ਉਹ ਮਸੀਹ ਦੇ ਮਸਹ ਕੀਤੇ ਹੋਏ ਭਰਾਵਾਂ ਤੋਂ ਵੱਖਰੀਆਂ ਹਨ। ਸੰਨ 1923 ਵਿਚ ਲਾਸ ਏਂਜਲੀਜ਼, ਕੈਲੇਫ਼ੋਰਨੀਆ, ਅਮਰੀਕਾ ਵਿਚ ਇਕ ਵੱਡੇ ਸੰਮੇਲਨ ਤੇ ਇਹ ਸਮਝਾਇਆ ਗਿਆ ਸੀ ਕਿ ਇਨ੍ਹਾਂ ਭੇਡਾਂ ਨੇ ਹਜ਼ਾਰ ਵਰ੍ਹਿਆਂ ਦੇ ਸਮੇਂ ਦੌਰਾਨ ਨਹੀਂ ਪਰ ਇਸ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਪ੍ਰਗਟ ਹੋਣਾ ਸੀ। ਅੰਤਿਮ ਸਮੇਂ ਵਿਚ ਕਿਉਂ? ਕਿਉਂਕਿ ਯਿਸੂ ਨੇ ਇਹ ਦ੍ਰਿਸ਼ਟਾਂਤ ਇਸ ਸਵਾਲ ਦੇ ਜਵਾਬ ਵਿਚ ਦਿੱਤਾ ਸੀ ਕਿ “ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?”—ਮੱਤੀ 24:3.
14, 15. ਅੰਤ ਦੇ ਸਮੇਂ ਵਿਚ ਹੋਰ ਭੇਡਾਂ ਬਾਰੇ ਸਮਝ ਕਿਵੇਂ ਮਿਲੀ ਸੀ?
14 ਉੱਨੀ ਸੌ ਵੀਹ ਦੇ ਦਹਾਕੇ ਦੌਰਾਨ ਕੁਝ ਲੋਕ ਜੋ ਬਾਈਬਲ ਸਟੂਡੈਂਟਸ ਨਾਲ ਸੰਗਤ ਕਰ ਰਹੇ ਸਨ ਇਹ ਮਹਿਸੂਸ ਕਰਨ ਲੱਗੇ ਕਿ ਯਹੋਵਾਹ ਦੀ ਪਵਿੱਤਰ ਆਤਮਾ ਉਨ੍ਹਾਂ ਨੂੰ ਸਵਰਗ ਜਾਣ ਲਈ ਸਾਖੀ ਨਹੀਂ ਦੇ ਰਹੀ ਸੀ। ਫਿਰ ਵੀ ਉਹ ਅੱਤ ਮਹਾਨ ਪਰਮੇਸ਼ੁਰ ਦੇ ਜੋਸ਼ੀਲੇ ਸੇਵਕ ਸਨ। ਸੰਨ 1931 ਵਿਚ ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਉਦੋਂ ਮਿਲੀ ਜਦੋਂ ਹਿਜ਼ਕੀਏਲ ਦੀ ਪੋਥੀ ਬਾਰੇ ਇਕ ਪੁਸਤਕ (ਵਿੰਡਿਕੇਸ਼ਨ) ਛਾਪੀ ਗਈ ਸੀ। ਇਸ ਪੁਸਤਕ ਵਿਚ ਹਿਜ਼ਕੀਏਲ ਦੀ ਪੋਥੀ ਦੀ ਆਇਤ-ਬ-ਆਇਤ ਚਰਚਾ ਕੀਤੀ ਗਈ ਹੈ ਅਤੇ ਉਹ ਦਰਸ਼ਣ ਸਮਝਾਇਆ ਗਿਆ ਹੈ ਜਿਸ ਵਿਚ ਇਕ “ਮਰਦ” ਕੋਲ ਲਿਖਣ ਵਾਲੀ ਦਵਾਤ ਸੀ। (ਹਿਜ਼ਕੀਏਲ 9:1-11) ਦਰਸ਼ਣ ਵਿਚ ਇਹ “ਮਰਦ” ਯਰੂਸ਼ਲਮ ਵਿਚ ਦੀ ਲੰਘਦਾ ਦੇਖਿਆ ਗਿਆ ਅਤੇ ਉਹ ਉਨ੍ਹਾਂ ਲੋਕਾਂ ਦੇ ਮੱਥਿਆਂ ਉੱਤੇ ਨਿਸ਼ਾਨ ਲਾ ਰਿਹਾ ਸੀ ਜੋ ਸ਼ਹਿਰ ਵਿਚ ਹੋ ਰਹੇ ਘਿਣਾਉਣੇ ਕੰਮਾਂ ਦੇ ਕਾਰਨ ਆਹਾਂ ਭਰਦੇ ਅਤੇ ਰੋਂਦੇ ਸਨ। ਇਹ “ਮਰਦ” ਯਿਸੂ ਦੇ ਭਰਾਵਾਂ ਨੂੰ ਦਰਸਾਉਂਦਾ ਹੈ ਅਤੇ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ। ਮਸਹ ਕੀਤੇ ਹੋਏ ਮਸੀਹੀਆਂ ਦੇ ਬਕੀਏ ਨੇ ਧਰਤੀ ਉੱਤੇ ਉਸ ਸਮੇਂ ਹੋਣਾ ਸੀ ਜਦੋਂ ਈਸਾਈ-ਜਗਤ ਦਾ ਨਿਆਉਂ ਕੀਤਾ ਜਾਣਾ ਸੀ। ਇਸੇ ਸਮੇਂ ਦੌਰਾਨ ਹੋਰ ਭੇਡਾਂ ਉੱਤੇ ਨਿਸ਼ਾਨ ਲਾਇਆ ਜਾਣਾ ਸੀ। ਦਰਸ਼ਣ ਮੁਤਾਬਕ ਇਨ੍ਹਾਂ ਨੂੰ ਬਚਾਇਆ ਜਾਵੇਗਾ ਜਦੋਂ ਯਹੋਵਾਹ ਵੱਲੋਂ ਸਜ਼ਾ ਦੇਣ ਵਾਲੇ ਉਸ ਧਰਮ-ਤਿਆਗੀ ਸ਼ਹਿਰ ਉੱਤੇ ਬਦਲਾ ਲੈਣਗੇ।
15 ਸੰਨ 1932 ਵਿਚ ਇਸਰਾਏਲ ਦੇ ਰਾਜਾ ਯੇਹੂ ਅਤੇ ਉਸ ਦੇ ਗ਼ੈਰ-ਇਸਰਾਏਲੀ ਮਦਦਗਾਰ ਯਹੋਨਾਦਾਬ ਦੇ ਬਿਰਤਾਂਤ ਬਾਰੇ ਹੋਰ ਸਮਝ ਪ੍ਰਾਪਤ ਹੋਈ ਸੀ। ਇਸ ਭਵਿੱਖਬਾਣੀ ਤੋਂ ਪਤਾ ਲੱਗਾ ਕਿ ਹੋਰ ਭੇਡਾਂ ਮਸੀਹ ਦੇ ਮਸਹ ਕੀਤੇ ਹੋਏ ਭਰਾਵਾਂ ਦੀ ਮਦਦ ਉਸ ਤਰ੍ਹਾਂ ਕਰਦੀਆਂ ਹਨ ਠੀਕ ਜਿਵੇਂ ਯਹੋਨਾਦਾਬ ਨੇ ਯੇਹੂ ਦੇ ਨਾਲ ਜਾ ਕੇ ਬਆਲ ਦੀ ਪੂਜਾ ਨੂੰ ਖ਼ਤਮ ਕਰਨ ਲਈ ਉਸ ਦੀ ਮਦਦ ਕੀਤੀ ਸੀ। ਆਖ਼ਰਕਾਰ ਸੰਨ 1935 ਵਿਚ ਇਹ ਪਤਾ ਲੱਗਾ ਕਿ ਇਸ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਰਹਿਣ ਵਾਲੀਆਂ ਹੋਰ ਭੇਡਾਂ ਉਹ ਵੱਡੀ ਭੀੜ ਹਨ ਜਿਸ ਨੂੰ ਯੂਹੰਨਾ ਰਸੂਲ ਨੇ ਦਰਸ਼ਣ ਵਿਚ ਦੇਖਿਆ ਸੀ। ਇਹ ਗੱਲ ਵਾਸ਼ਿੰਗਟਨ ਡੀ.ਸੀ. ਦੇ ਉਸੇ ਵੱਡੇ ਸੰਮੇਲਨ ਤੇ ਸਮਝਾਈ ਗਈ ਸੀ ਜਿਸ ਵਿਚ ਭਰਾ ਰਦਰਫ਼ਰਡ ਨੇ ਕਿਹਾ ਸੀ ਕਿ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ ਲੋਕ “ਵੱਡੀ ਭੀੜ” ਹੀ ਸਨ।
16. “ਓਪਰੇ” ਕਿਨ੍ਹਾਂ ਸਨਮਾਨਾਂ ਦਾ ਆਨੰਦ ਮਾਣਦੇ ਹਨ ਅਤੇ ਉਹ ਕਿਹੜੀਆਂ ਜ਼ਿੰਮੇਵਾਰੀਆਂ ਚੁੱਕਦੇ ਹਨ?
16 ਇਸ ਤਰ੍ਹਾਂ ਹੌਲੀ-ਹੌਲੀ ਦੇਖਿਆ ਗਿਆ ਕਿ ਇਨ੍ਹਾਂ ਆਖ਼ਰੀ ਦਿਨਾਂ ਵਿਚ ‘ਓਪਰਿਆਂ’ ਨੇ ਯਹੋਵਾਹ ਦੇ ਮਕਸਦਾਂ ਵਿਚ ਕਾਫ਼ੀ ਵੱਡਾ ਹਿੱਸਾ ਲੈਣਾ ਹੈ। ਉਹ ਯਹੋਵਾਹ ਦੀ ਭਗਤੀ ਕਰਨ ਲਈ ਪਰਮੇਸ਼ੁਰ ਦੇ ਇਸਰਾਏਲ ਕੋਲ ਆਉਂਦੇ ਹਨ। (ਜ਼ਕਰਯਾਹ 8:23) ਉਸ ਰੂਹਾਨੀ ਕੌਮ ਦੇ ਨਾਲ ਉਹ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਲੇ ਬਲੀਦਾਨ ਚੜ੍ਹਾਉਂਦੇ ਹਨ ਅਤੇ ਸਬਤ ਦੇ ਆਰਾਮ ਵਿਚ ਵੜਦੇ ਹਨ। (ਇਬਰਾਨੀਆਂ 13:15, 16) ਇਸ ਤੋਂ ਇਲਾਵਾ ਉਹ ਪਰਮੇਸ਼ੁਰ ਦੀ ਰੂਹਾਨੀ ਹੈਕਲ ਵਿਚ ਭਗਤੀ ਕਰਦੇ ਹਨ ਜੋ ਯਰੂਸ਼ਲਮ ਦੀ ਹੈਕਲ ਵਾਂਗ “ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ” ਹੈ। (ਮਰਕੁਸ 11:17) ਉਹ ਯਿਸੂ ਮਸੀਹ ਦੇ ਬਲੀਦਾਨ ਵਿਚ ਨਿਹਚਾ ਕਰਦੇ ਹਨ ਅਤੇ ‘ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋ ਕੇ ਉਨ੍ਹਾਂ ਨੂੰ ਚਿੱਟਾ ਕਰਦੇ ਹਨ।’ ਉਹ ਲਗਾਤਾਰ “ਰਾਤ ਦਿਨ [ਯਹੋਵਾਹ] ਦੀ ਉਪਾਸਨਾ ਕਰਦੇ ਹਨ।”—ਪਰਕਾਸ਼ ਦੀ ਪੋਥੀ 7:14, 15.
17. ਅੱਜ ਓਪਰੇ ਨਵੇਂ ਨੇਮ ਨੂੰ ਕਿਵੇਂ ਫੜੀ ਰੱਖਦੇ ਹਨ?
17 ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅੱਜ ਇਹ ਓਪਰੇ ਨਵੇਂ ਨੇਮ ਨੂੰ ਫੜੀ ਰੱਖਦੇ ਹਨ? ਕਿਉਂਕਿ ਪਰਮੇਸ਼ੁਰ ਦੇ ਇਸਰਾਏਲ ਨਾਲ ਸੰਗਤ ਕਰ ਕੇ ਉਹ ਨਵੇਂ ਨੇਮ ਦੀਆਂ ਬਰਕਤਾਂ ਦਾ ਆਨੰਦ ਮਾਣਦੇ ਹਨ। ਭਾਵੇਂ ਕਿ ਉਹ ਉਸ ਨੇਮ ਦੇ ਹਿੱਸੇਦਾਰ ਨਹੀਂ ਹਨ ਉਹ ਆਪਣੇ ਪੂਰੇ ਦਿਲ ਨਾਲ ਉਸ ਦੇ ਹੁਕਮਾਂ ਨੂੰ ਮੰਨਦੇ ਹਨ। ਇਸ ਤਰ੍ਹਾਂ ਯਹੋਵਾਹ ਦੇ ਕਾਨੂੰਨ ਉਨ੍ਹਾਂ ਦੇ ਦਿਲਾਂ ਵਿਚ ਹਨ ਅਤੇ ਉਹ ਜਾਣਦੇ ਹਨ ਕਿ ਯਹੋਵਾਹ ਉਨ੍ਹਾਂ ਦਾ ਸਵਰਗੀ ਪਿਤਾ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਹੈ।—ਯਿਰਮਿਯਾਹ 31:33, 34; ਮੱਤੀ 6:9; ਯੂਹੰਨਾ 17:3.
18. ਅੰਤ ਦੇ ਸਮੇਂ ਦੌਰਾਨ ਇਕੱਠੇ ਕਰਨ ਦਾ ਕਿਹੜਾ ਕੰਮ ਕੀਤਾ ਜਾ ਰਿਹਾ ਹੈ?
18 ਯਸਾਯਾਹ ਦੀ ਭਵਿੱਖਬਾਣੀ ਨੇ ਅੱਗੇ ਕਿਹਾ: “ਪ੍ਰਭੁ ਯਹੋਵਾਹ ਦਾ ਵਾਕ,—ਜੋ ਇਸਰਾਏਲ ਦੇ ਕੱਢੇ ਹੋਇਆਂ ਨੂੰ ਇਕੱਠਾ ਕਰਦਾ,—ਮੈਂ ਹੋਰਨਾਂ ਨੂੰ ਉਹ ਦੇ ਕੋਲ ਉਨ੍ਹਾਂ ਇਕੱਠਿਆਂ ਹੋਇਆਂ ਦੇ ਨਾਲ ਇਕੱਠਾ ਕਰਾਂਗਾ।” (ਯਸਾਯਾਹ 56:8) ਅੰਤ ਦੇ ਸਮੇਂ ਦੌਰਾਨ ਯਹੋਵਾਹ ਨੇ “ਇਸਰਾਏਲ ਦੇ ਕੱਢੇ ਹੋਇਆਂ ਨੂੰ,” ਯਾਨੀ ਮਸਹ ਕੀਤੇ ਹੋਏ ਬਕੀਏ ਨੂੰ ਇਕੱਠਾ ਕੀਤਾ ਹੈ। ਇਸ ਤੋਂ ਇਲਾਵਾ ਉਹ ਹੋਰਨਾਂ ਨੂੰ, ਯਾਨੀ ਵੱਡੀ ਭੀੜ ਨੂੰ ਇਕੱਠਾ ਕਰ ਰਿਹਾ ਹੈ। ਉਹ ਯਹੋਵਾਹ ਅਤੇ ਉਸ ਦੇ ਰਾਜੇ ਯਿਸੂ ਮਸੀਹ ਦੇ ਅਧੀਨ ਸ਼ਾਂਤੀ ਅਤੇ ਏਕਤਾ ਵਿਚ ਇਕੱਠੇ ਭਗਤੀ ਕਰਦੇ ਹਨ। ਯਹੋਵਾਹ ਦੇ ਰਾਜ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਕਰਕੇ ਅੱਛੇ ਅਯਾਲੀ ਨੇ ਉਨ੍ਹਾਂ ਨੂੰ ਇੱਕੋ ਇੱਜੜ ਵਿਚ ਇਕੱਠਾ ਕੀਤਾ ਹੈ ਜਿੱਥੇ ਏਕਤਾ ਅਤੇ ਖ਼ੁਸ਼ੀ ਹੈ।
ਅੰਨ੍ਹੇ ਰਾਖੇ, ਗੁੰਗੇ ਕੁੱਤੇ
19, 20. ਦਰਿੰਦਿਆਂ ਨੂੰ ਕਿਹੜਾ ਸੱਦਾ ਦਿੱਤਾ ਗਿਆ ਸੀ?
19 ਇੱਥੇ ਤਕ ਭਵਿੱਖਬਾਣੀ ਦੇ ਸ਼ਬਦ ਦਿਲਾਸਾ ਦੇਣ ਵਾਲੇ ਸਨ, ਪਰ ਹੁਣ ਇਸ ਤੋਂ ਉਲਟ ਹੈਰਾਨ ਕਰਨ ਵਾਲੇ ਸ਼ਬਦ ਵਰਤੇ ਗਏ। ਯਹੋਵਾਹ ਓਪਰਿਆਂ ਅਤੇ ਖੁਸਰਿਆਂ ਉੱਤੇ ਦਇਆ ਕਰਨ ਲਈ ਤਿਆਰ ਸੀ। ਪਰ ਪਰਮੇਸ਼ੁਰ ਦੀ ਕਲੀਸਿਯਾ ਦੇ ਮੈਂਬਰ ਹੋਣ ਦਾ ਦਾਅਵਾ ਕਰਨ ਵਾਲਿਆਂ ਕੁਝ ਲੋਕਾਂ ਨੂੰ ਉਸ ਨੇ ਦੋਸ਼ੀ ਠਹਿਰਾਇਆ ਜਿਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਸੀ। ਇਸ ਤੋਂ ਇਲਾਵਾ, ਉਹ ਦਫ਼ਨਾਉਣ ਦੇ ਲਾਇਕ ਵੀ ਨਹੀਂ ਸਨ ਅਤੇ ਉਨ੍ਹਾਂ ਨੂੰ ਜਾਨਵਰਾਂ ਨੇ ਖਾ ਜਾਣਾ ਸੀ। ਇਸ ਲਈ ਅਸੀਂ ਪੜ੍ਹਦੇ ਹਾਂ: “ਹੇ ਰੜ ਦੇ ਸਾਰੇ ਦਰਿੰਦਿਓ, ਖਾਣ ਲਈ ਆ ਜਾਓ! ਹੇ ਬਣ ਦੇ ਸਾਰੇ ਦਰਿੰਦਿਓ!” (ਯਸਾਯਾਹ 56:9) ਇਨ੍ਹਾਂ ਦਰਿੰਦਿਆਂ ਨੇ ਕਿਨ੍ਹਾਂ ਨੂੰ ਖਾਣਾ ਸੀ? ਭਵਿੱਖਬਾਣੀ ਵਿਚ ਸਾਨੂੰ ਇਸ ਦਾ ਜਵਾਬ ਮਿਲਦਾ ਹੈ। ਭਵਿੱਖਬਾਣੀ ਦਾ ਜਵਾਬ ਸਾਨੂੰ ਸ਼ਾਇਦ ਇਹ ਗੱਲ ਯਾਦ ਕਰਾਏ ਕਿ ਆਰਮਾਗੇਡਨ ਦੀ ਲੜਾਈ ਵਿਚ ਪਰਮੇਸ਼ੁਰ ਦੇ ਵਿਰੋਧੀਆਂ ਦਾ ਮਾਸ ਆਕਾਸ਼ ਦਿਆਂ ਪੰਛੀਆਂ ਦੇ ਖਾਣ ਲਈ ਛੱਡਿਆ ਜਾਵੇਗਾ।—ਪਰਕਾਸ਼ ਦੀ ਪੋਥੀ 19:17, 18.
20 ਭਵਿੱਖਬਾਣੀ ਨੇ ਅੱਗੇ ਕਿਹਾ: “ਉਹ ਦੇ ਰਾਖੇ ਅੰਨ੍ਹੇ ਹਨ, ਓਹ ਸਾਰੇ ਬੇਸਮਝ ਹਨ, ਓਹ ਸਾਰੇ ਗੁੰਗੇ ਕੁੱਤੇ ਹਨ, ਓਹ ਭੌਂਕ ਨਹੀਂ ਸੱਕਦੇ, ਓਹ ਸੁਫ਼ਨੇ ਵੇਖਦੇ, ਲੰਮੇ ਪੈਂਦੇ ਅਤੇ ਨੀਂਦਰ ਦੇ ਪ੍ਰੇਮੀ ਹਨ। ਏਹ ਕੁੱਤੇ ਬਹੁਤ ਭੁੱਖੇ ਹਨ, ਏਹ ਰੱਜਣਾ ਨਹੀਂ ਜਾਣਦੇ, ਅਤੇ ਏਹ ਅਯਾਲੀ ਸਮਝ ਨਹੀਂ ਰੱਖਦੇ, ਏਹਨਾਂ ਸਭਨਾਂ ਨੇ ਆਪਣੇ ਰਾਹ ਵੱਲ ਅਤੇ ਹਰੇਕ ਨੇ ਹਰ ਪਾਸਿਓਂ ਆਪਣੇ ਲਾਭ ਲਈ ਮੂੰਹ ਫੇਰਿਆ। ਆਓ, ਮੈਂ ਮਧ ਲਿਆਵਾਂਗਾ, ਅਸੀਂ ਦਬ ਕੇ ਪੀਵੀਏ, ਕਲ ਅੱਜ ਜਿਹਾ ਹੋਵੇਗਾ ਸਗੋਂ ਬਹੁਤ ਹੀ ਵਧਕੇ ਹੋਵੇਗਾ।”—ਯਸਾਯਾਹ 56:10-12.
21. ਧਾਰਮਿਕ ਆਗੂ ਲੋਕਾਂ ਦੀ ਰੂਹਾਨੀ ਅਗਵਾਈ ਕਿਉਂ ਨਹੀਂ ਕਰ ਸਕਦੇ ਸਨ?
21 ਯਹੂਦਾਹ ਦੇ ਧਾਰਮਿਕ ਆਗੂ ਯਹੋਵਾਹ ਦੀ ਭਗਤੀ ਕਰਨ ਦਾ ਦਾਅਵਾ ਕਰਦੇ ਸਨ। ਉਹ ਉਸ ਦੇ “ਰਾਖੇ” ਹੋਣ ਦਾ ਦਾਅਵਾ ਵੀ ਕਰਦੇ ਸਨ। ਪਰ ਉਹ ਰੂਹਾਨੀ ਤੌਰ ਤੇ ਅੰਨ੍ਹੇ, ਗੁੰਗੇ, ਅਤੇ ਸੁਸਤ ਸਨ। ਜੇ ਉਹ ਜਾਗਦੇ ਰਹਿ ਕੇ ਖ਼ਤਰੇ ਦੀ ਚੇਤਾਵਨੀ ਨਹੀਂ ਦੇ ਸਕਦੇ ਸਨ, ਤਾਂ ਉਨ੍ਹਾਂ ਦਾ ਕੀ ਫ਼ਾਇਦਾ ਸੀ? ਅਜਿਹੇ ਧਾਰਮਿਕ ਰਾਖੇ ਬੇਸਮਝ ਸਨ ਅਤੇ ਉਹ ਭੇਡ-ਸਮਾਨ ਲੋਕਾਂ ਦੀ ਰੂਹਾਨੀ ਅਗਵਾਈ ਨਹੀਂ ਕਰ ਸਕਦੇ ਸਨ। ਇਸ ਦੇ ਨਾਲ-ਨਾਲ ਉਹ ਇੰਨੇ ਬੇਈਮਾਨ ਅਤੇ ਲਾਲਚੀ ਸਨ ਕਿ ਉਹ ਰੱਜਦੇ ਨਹੀਂ ਸਨ। ਪਰਮੇਸ਼ੁਰ ਦੀ ਅਗਵਾਈ ਉੱਤੇ ਚੱਲਣ ਦੀ ਬਜਾਇ, ਉਹ ਆਪਣੀ ਮਰਜ਼ੀ ਕਰਦੇ ਸਨ, ਆਪਣਾ ਫ਼ਾਇਦਾ ਦੇਖਦੇ ਸਨ, ਦੱਬ ਕੇ ਸ਼ਰਾਬ ਪੀਂਦੇ ਸਨ, ਅਤੇ ਦੂਸਰਿਆਂ ਨੂੰ ਵੀ ਆਪਣੇ ਮਗਰ ਲਾਉਂਦੇ ਸਨ। ਉਹ ਪਰਮੇਸ਼ੁਰ ਦੀ ਸਜ਼ਾ ਬਾਰੇ ਇੰਨੇ ਅਣਜਾਣ ਸਨ ਕਿ ਉਹ ਲੋਕਾਂ ਨੂੰ ਕਹਿ ਰਹੇ ਸਨ ਕਿ ਸਭ ਕੁਝ ਠੀਕ-ਠਾਕ ਹੈ।
22. ਯਿਸੂ ਦੇ ਜ਼ਮਾਨੇ ਦੇ ਆਗੂ ਯਹੂਦਾਹ ਦੇ ਧਾਰਮਿਕ ਆਗੂਆਂ ਵਰਗੇ ਕਿਵੇਂ ਸਨ?
22 ਯਸਾਯਾਹ ਨੇ ਯਹੂਦਾਹ ਦੇ ਧਾਰਮਿਕ ਆਗੂਆਂ ਬਾਰੇ ਪਹਿਲਾਂ ਵੀ ਅਜਿਹੀਆਂ ਗੱਲਾਂ ਕਹੀਆਂ ਸਨ ਯਾਨੀ ਕਿ ਉਹ ਰੂਹਾਨੀ ਤੌਰ ਤੇ ਸ਼ਰਾਬੀ, ਮਦਹੋਸ਼, ਅਤੇ ਬੇਸਮਝ ਸਨ। ਉਨ੍ਹਾਂ ਨੇ ਲੋਕਾਂ ਉੱਤੇ ਮਨੁੱਖਾਂ ਦੇ ਰੀਤਾਂ-ਰਿਵਾਜਾਂ ਦਾ ਬੋਝ ਪਾਇਆ, ਝੂਠ ਬੋਲਿਆ, ਅਤੇ ਪਰਮੇਸ਼ੁਰ ਦੀ ਬਜਾਇ ਅੱਸ਼ੂਰ ਉੱਤੇ ਭਰੋਸਾ ਰੱਖਿਆ ਸੀ। (2 ਰਾਜਿਆਂ 16:5-9; ਯਸਾਯਾਹ 29:1, 9-14) ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਕੁਝ ਵੀ ਨਹੀਂ ਸਿੱਖਿਆ ਸੀ। ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਆਗੂ ਪਹਿਲੀ ਸਦੀ ਵਿਚ ਵੀ ਸਨ। ਪਰਮੇਸ਼ੁਰ ਦੇ ਪੁੱਤਰ ਰਾਹੀਂ ਦੱਸੀ ਗਈ ਖ਼ੁਸ਼ ਖ਼ਬਰੀ ਸਵੀਕਾਰ ਕਰਨ ਦੀ ਬਜਾਇ ਉਨ੍ਹਾਂ ਨੇ ਯਿਸੂ ਨੂੰ ਠੁਕਰਾਇਆ ਅਤੇ ਉਸ ਨੂੰ ਮਾਰਨ ਦੀ ਸਾਜ਼ਸ਼ ਘੜੀ। ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ “ਅੰਨ੍ਹੇ ਆਗੂ” ਸੱਦਿਆ ਅਤੇ ਕਿਹਾ “ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ।”—ਮੱਤੀ 15:14.
ਸਾਡੇ ਜ਼ਮਾਨੇ ਦੇ ਰਾਖੇ
23. ਧਾਰਮਿਕ ਆਗੂਆਂ ਬਾਰੇ ਪਤਰਸ ਦੀ ਕਿਹੜੀ ਭਵਿੱਖਬਾਣੀ ਪੂਰੀ ਹੋਈ ਹੈ?
23 ਪਤਰਸ ਰਸੂਲ ਨੇ ਚੇਤਾਵਨੀ ਦਿੱਤੀ ਸੀ ਕਿ ਝੂਠੇ ਗੁਰੂ ਵੀ ਮਸੀਹੀਆਂ ਨੂੰ ਗੁਮਰਾਹ ਕਰਨਗੇ। ਉਸ ਨੇ ਲਿਖਿਆ: “[ਇਸਰਾਏਲੀ] ਲੋਕਾਂ ਵਿੱਚ ਝੂਠੇ ਨਬੀ ਵੀ ਉੱਠੇ ਜਿਵੇਂ ਤੁਹਾਡੇ ਵਿੱਚ ਭੀ ਝੂਠੇ ਗੁਰੂ ਹੋਣਗੇ ਜਿਹੜੇ ਨਾਸ ਕਰਨ ਵਾਲੀਆਂ ਬਿੱਦਤਾਂ ਚੋਰੀ ਅੰਦਰ ਲਿਆਉਣਗੇ ਅਤੇ ਓਸ ਸੁਆਮੀ ਦਾ ਜਿਹ ਨੇ ਉਨ੍ਹਾਂ ਨੂੰ ਮੁੱਲ ਲਿਆ ਸੀ ਇਨਕਾਰ ਕਰ ਕੇ ਛੇਤੀ ਆਪਣਾ ਨਾਸ ਕਰਾਉਣਗੇ।” (2 ਪਤਰਸ 2:1) ਇਨ੍ਹਾਂ ਝੂਠੇ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਫ਼ਿਰਕਿਆਂ ਦਾ ਕੀ ਨਤੀਜਾ ਨਿਕਲਿਆ ਹੈ? ਇਨ੍ਹਾਂ ਕਰਕੇ ਈਸਾਈ-ਜਗਤ ਸਥਾਪਿਤ ਹੋਇਆ, ਜਿਸ ਦੇ ਧਾਰਮਿਕ ਆਗੂ ਅੱਜ ਆਪਣੇ ਰਾਜਨੀਤਿਕ ਮਿੱਤਰਾਂ ਉੱਤੇ ਪਰਮੇਸ਼ੁਰ ਦੀ ਅਸੀਸ ਲਈ ਪ੍ਰਾਰਥਨਾ ਕਰਦੇ ਹਨ ਅਤੇ ਫਿਰ ਇਕ ਸੁਖੀ ਭਵਿੱਖ ਦਾ ਵਾਅਦਾ ਕਰਦੇ ਹਨ। ਈਸਾਈ-ਜਗਤ ਦੇ ਧਾਰਮਿਕ ਆਗੂ ਰੂਹਾਨੀ ਤੌਰ ਤੇ ਅੰਨ੍ਹੇ, ਗੁੰਗੇ, ਅਤੇ ਸੁੱਤੇ ਹੋਏ ਸਾਬਤ ਹੋਏ ਹਨ।
24. ਰੂਹਾਨੀ ਇਸਰਾਏਲ ਅਤੇ ਓਪਰਿਆਂ ਵਿਚਕਾਰ ਕਿਹੋ ਜਿਹੀ ਏਕਤਾ ਹੈ?
24 ਪਰ ਯਹੋਵਾਹ ਪ੍ਰਾਰਥਨਾ ਦੇ ਆਪਣੇ ਮਹਾਨ ਘਰ ਵਿਚ ਇਸਰਾਏਲ ਦੇ ਬਕੀਏ ਦੇ ਨਾਲ-ਨਾਲ ਭਗਤੀ ਕਰਨ ਲਈ ਲੱਖਾਂ ਹੀ ਓਪਰਿਆਂ ਨੂੰ ਲਿਆ ਰਿਹਾ ਹੈ। ਭਾਵੇਂ ਕਿ ਓਪਰੇ ਕਈਆਂ ਕੌਮਾਂ, ਜਾਤਾਂ, ਅਤੇ ਭਾਸ਼ਾਵਾਂ ਤੋਂ ਹਨ ਉਨ੍ਹਾਂ ਦੀ ਇਕ ਦੂਜੇ ਨਾਲ ਅਤੇ ਪਰਮੇਸ਼ੁਰ ਦੇ ਇਸਰਾਏਲ ਨਾਲ ਏਕਤਾ ਹੈ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਮੁਕਤੀ ਸਿਰਫ਼ ਯਿਸੂ ਮਸੀਹ ਰਾਹੀਂ ਯਹੋਵਾਹ ਪਰਮੇਸ਼ੁਰ ਤੋਂ ਆ ਸਕਦੀ ਹੈ। ਉਹ ਯਹੋਵਾਹ ਨਾਲ ਪਿਆਰ ਕਰਦੇ ਹਨ ਅਤੇ ਇਸ ਲਈ ਮਸੀਹ ਦੇ ਮਸਹ ਕੀਤੇ ਹੋਏ ਭਰਾਵਾਂ ਨਾਲ ਆਪਣੀ ਨਿਹਚਾ ਪ੍ਰਗਟ ਕਰਦੇ ਹਨ। ਉਨ੍ਹਾਂ ਨੂੰ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਵੱਡਾ ਦਿਲਾਸਾ ਮਿਲਦਾ ਹੈ ਜਿਸ ਨੇ ਲਿਖਿਆ: “ਜੇ ਤੂੰ ਆਪਣੇ ਮੂੰਹ ਨਾਲ ਪ੍ਰਭੁ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ।”—ਰੋਮੀਆਂ 10:9.
[ਫੁਟਨੋਟ]
a “ਖੁਸਰਾ” ਸ਼ਬਦ ਦਰਬਾਰੀ ਬੰਦੇ ਲਈ ਵੀ ਵਰਤਿਆ ਜਾਣ ਲੱਗ ਪਿਆ ਸੀ। ਇਸ ਦਾ ਅੰਗ ਕੱਟਣ ਨਾਲ ਕੋਈ ਸੰਬੰਧ ਨਹੀਂ ਸੀ। ਅਬਦ-ਮਲਕ ਨੂੰ ਖੁਸਰਾ ਸੱਦਿਆ ਗਿਆ ਸੀ। ਉਸ ਨੇ ਯਿਰਮਿਯਾਹ ਦੀ ਮਦਦ ਕੀਤੀ ਸੀ ਅਤੇ ਉਹ ਰਾਜਾ ਸਿਦਕੀਯਾਹ ਕੋਲ ਸਿੱਧਾ ਜਾ ਸਕਦਾ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਦਰਬਾਰੀ ਸੀ ਨਾ ਕਿ ਸਰੀਰਕ ਤੌਰ ਤੇ ਖੁਸਰਾ।—ਯਿਰਮਿਯਾਹ 38:7-13.
[ਸਫ਼ਾ 250 ਉੱਤੇ ਤਸਵੀਰ]
ਸਬਤ ਨੇ ਪ੍ਰਾਰਥਨਾ, ਅਧਿਐਨ, ਅਤੇ ਮਨਨ ਕਰਨ ਦਾ ਮੌਕਾ ਦਿੱਤਾ
[ਸਫ਼ਾ 256 ਉੱਤੇ ਤਸਵੀਰਾਂ]
ਸੰਨ 1935 ਵਿਚ ਵਾਸ਼ਿੰਗਟਨ ਡੀ.ਸੀ. ਵਿਚ ਇਕ ਵੱਡੇ ਸੰਮੇਲਨ ਤੇ ਹੋਰ ਭੇਡਾਂ ਬਾਰੇ ਪੂਰੀ ਤਰ੍ਹਾਂ ਸਮਝਾਇਆ ਗਿਆ ਸੀ (ਹੇਠਾਂ ਬਪਤਿਸਮੇ ਦੀ ਤਸਵੀਰ ਹੈ, ਸੱਜੇ ਪਾਸੇ ਪ੍ਰੋਗ੍ਰਾਮ ਹੈ)
[ਸਫ਼ਾ 259 ਉੱਤੇ ਤਸਵੀਰ]
ਦਰਿੰਦਿਆਂ ਨੂੰ ਆ ਕੇ ਖਾਣ ਲਈ ਸੱਦਾ ਦਿੱਤਾ ਗਿਆ ਸੀ
[ਸਫ਼ਾ 261 ਉੱਤੇ ਤਸਵੀਰਾਂ]
ਓਪਰਿਆਂ ਅਤੇ ਪਰਮੇਸ਼ੁਰ ਦੇ ਇਸਰਾਏਲ ਦੇ ਆਪਸ ਵਿਚ ਏਕਤਾ ਹੈ