ਅਠਾਰ੍ਹਵਾਂ ਅਧਿਆਇ
ਯਹੋਵਾਹ ਨੇ ਨਿਮਰ ਲੋਕਾਂ ਨੂੰ ਜੋਸ਼ੀਲੇ ਬਣਾਇਆ
1. ਯਹੋਵਾਹ ਨੇ ਹੌਸਲਾ ਦੇਣ ਲਈ ਕੀ ਕਿਹਾ ਸੀ ਅਤੇ ਉਸ ਦੇ ਸ਼ਬਦ ਕਿਹੜੇ ਸਵਾਲ ਪੈਦਾ ਕਰਦੇ ਹਨ?
“ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਉਂ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤ੍ਰ ਅਸਥਾਨ ਵਿੱਚ ਵੱਸਦਾ ਹਾਂ, ਉਹ ਦੇ ਨਾਲ ਵੀ ਜਿਹ ਦਾ ਆਤਮਾ ਕੁਚਲਿਆ ਤੇ ਅੱਝਾ ਹੈ, ਭਈ ਮੈਂ ਅੱਝਿਆਂ ਦੇ ਆਤਮਾ ਨੂੰ ਜਿਵਾਵਾਂ, ਕੁਚਲਿਆਂ ਹੋਇਆਂ ਦੇ ਦਿਲ ਨੂੰ ਜਿਵਾਵਾਂ।” (ਯਸਾਯਾਹ 57:15) ਯਸਾਯਾਹ ਨਬੀ ਨੇ ਇਹ ਸ਼ਬਦ ਅੱਠਵੀਂ ਸਦੀ ਸਾ.ਯੁ.ਪੂ. ਵਿਚ ਲਿਖੇ ਸਨ। ਉਸ ਸਮੇਂ ਯਹੂਦਾਹ ਵਿਚ ਕੀ ਹੋ ਰਿਹਾ ਸੀ ਜਿਸ ਕਾਰਨ ਇਹ ਸੁਨੇਹਾ ਇੰਨਾ ਉਤਸ਼ਾਹ ਭਰਿਆ ਬਣਿਆ ਸੀ? ਇਹ ਸ਼ਬਦ ਅੱਜ ਮਸੀਹੀਆਂ ਦੀ ਕਿਸ ਤਰ੍ਹਾਂ ਮਦਦ ਕਰਦੇ ਹਨ? ਯਸਾਯਾਹ ਦੇ 57ਵੇਂ ਅਧਿਆਇ ਉੱਤੇ ਗੌਰ ਕਰ ਕੇ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ।
“ਤੁਸੀਂ ਐਥੇ ਨੇੜੇ ਆਓ”
2. (ੳ) ਯਸਾਯਾਹ ਦੇ 57ਵੇਂ ਅਧਿਆਇ ਦੇ ਸ਼ਬਦ ਕਦੋਂ ਪੂਰੇ ਹੋਏ ਸਨ? (ਅ) ਯਸਾਯਾਹ ਦੇ ਜ਼ਮਾਨੇ ਵਿਚ ਧਰਮੀ ਲੋਕਾਂ ਦਾ ਕੀ ਹਾਲ ਸੀ?
2 ਇਸ ਤਰ੍ਹਾਂ ਲੱਗਦਾ ਹੈ ਕਿ ਯਸਾਯਾਹ ਦੀ ਭਵਿੱਖਬਾਣੀ ਦਾ ਇਹ ਹਿੱਸਾ ਯਸਾਯਾਹ ਦੇ ਜ਼ਮਾਨੇ ਵਿਚ ਪੂਰਾ ਹੋਇਆ ਸੀ। ਧਿਆਨ ਦਿਓ ਕਿ ਉਸ ਸਮੇਂ ਦੁਸ਼ਟਤਾ ਕਿੰਨੀ ਵਧੀ ਹੋਈ ਸੀ: “ਧਰਮੀ ਨਾਸ ਹੁੰਦਾ ਪਰ ਕੋਈ ਏਹ ਦਿਲ ਤੇ ਨਹੀਂ ਲਿਆਉਂਦਾ, ਸੰਤ ਜਨ ਲਏ ਜਾਂਦੇ ਪਰ ਕੋਈ ਸੋਚਦਾ ਨਹੀਂ ਭਈ ਧਰਮੀ ਬਿਪਤਾ ਦੇ ਅੱਗੋਂ ਲਿਆ ਜਾਂਦਾ ਹੈ। ਉਹ ਸ਼ਾਂਤੀ ਵਿੱਚ ਜਾਂਦਾ, ਓਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ, ਜਿਹੜੇ ਸਿੱਧੇ ਚੱਲਦੇ ਹਨ।” (ਯਸਾਯਾਹ 57:1, 2) ਕਿਸੇ ਧਰਮੀ ਮਨੁੱਖ ਦੀ ਕੁਵੇਲੀ ਮੌਤ ਬਾਰੇ ਕੋਈ ਵੀ ਪਰਵਾਹ ਨਹੀਂ ਕਰਦਾ ਸੀ। ਧਰਮੀ ਮਨੁੱਖ ਨੂੰ ਅਧਰਮੀ ਲੋਕਾਂ ਵੱਲੋਂ ਮਿਲੀ ਦੁੱਖ-ਤਕਲੀਫ਼ ਤੋਂ ਮੌਤ ਦੀ ਨੀਂਦ ਵਿਚ ਹੀ ਸ਼ਾਂਤੀ ਅਤੇ ਆਰਾਮ ਮਿਲਦਾ ਸੀ। ਪਰਮੇਸ਼ੁਰ ਦੀ ਚੁਣੀ ਹੋਈ ਪਰਜਾ ਦਾ ਹਾਲ ਬਹੁਤ ਹੀ ਭੈੜਾ ਹੋ ਗਿਆ ਸੀ। ਵਫ਼ਾਦਾਰ ਰਹਿਣ ਵਾਲਿਆਂ ਨੂੰ ਇਸ ਗੱਲ ਤੋਂ ਬੜਾ ਹੌਸਲਾ ਮਿਲਿਆ ਹੋਵੇਗਾ ਕਿ ਯਹੋਵਾਹ ਇਹ ਸਭ ਕੁਝ ਸਿਰਫ਼ ਦੇਖਦਾ ਹੀ ਨਹੀਂ ਸੀ ਪਰ ਉਹ ਉਨ੍ਹਾਂ ਨੂੰ ਸਹਾਰਾ ਵੀ ਦਿੰਦਾ ਸੀ।
3. ਯਹੋਵਾਹ ਨੇ ਯਹੂਦਾਹ ਦੇ ਬੁਰੇ ਲੋਕਾਂ ਨੂੰ ਕੀ ਸੱਦਿਆ ਸੀ, ਅਤੇ ਕਿਉਂ?
3 ਯਹੋਵਾਹ ਨੇ ਯਹੂਦਾਹ ਦੇ ਬੁਰੇ ਲੋਕਾਂ ਨੂੰ ਇਹ ਸੱਦਾ ਦਿੱਤਾ ਕਿ “ਤੁਸੀਂ ਐਥੇ ਨੇੜੇ ਆਓ, ਹੇ ਜਾਦੂਗਰਨੀ ਦੇ ਪੁੱਤ੍ਰੋ, ਜ਼ਨਾਹਕਾਰ ਅਤੇ ਕੰਜਰੀ ਦੀ ਵੰਸ!” (ਯਸਾਯਾਹ 57:3) ਉਨ੍ਹਾਂ ਦੇ ਇਹ ਸ਼ਰਮਨਾਕ ਨਾਂ ਜਾਦੂਗਰਨੀ ਦੇ ਪੁੱਤਰ ਅਤੇ ਜ਼ਨਾਹਕਾਰ ਤੇ ਕੰਜਰੀ ਦੀ ਵੰਸ ਉਨ੍ਹਾਂ ਦੇ ਆਪਣੇ ਕੰਮਾਂ-ਕਾਰਾਂ ਕਰਕੇ ਪਏ ਸਨ। ਉਨ੍ਹਾਂ ਦੀ ਝੂਠੀ ਪੂਜਾ ਵਿਚ ਮੂਰਤੀ-ਪੂਜਾ, ਜਾਦੂ-ਟੂਣਾ, ਅਤੇ ਗੰਦੇ ਅਨੈਤਿਕ ਰਸਮ ਵੀ ਸ਼ਾਮਲ ਸਨ। ਇਸ ਲਈ ਯਹੋਵਾਹ ਨੇ ਇਨ੍ਹਾਂ ਪਾਪੀਆਂ ਤੋਂ ਪੁੱਛਿਆ: “ਤੁਸੀਂ ਕਿਹ ਦੇ ਉੱਤੇ ਮਖੌਲ ਕਰਦੇ ਹੋ? ਕਿਹ ਦੇ ਉੱਤੇ ਮੂੰਹ ਅੱਡਦੇ ਅਤੇ ਜੀਭ ਕੱਢਦੇ ਹੋ? ਭਲਾ, ਤੁਸੀਂ ਅਪਰਾਧ ਦੇ ਬੱਚੇ, ਛਲ ਦੀ ਵੰਸ ਨਹੀਂ? ਤੁਸੀਂ ਜਿਹੜੇ ਬਲੂਤਾਂ ਵਿੱਚ, ਹਰ ਹਰੇ ਰੁੱਖ ਦੇ ਹੇਠ ਕਾਮ ਵਿੱਚ ਸੜਦੇ ਹੋ? ਜਿਹੜੇ ਵਾਦੀਆਂ ਵਿੱਚ ਪੱਥਰਾਂ ਦੀਆਂ ਖੋੜਾਂ ਹੇਠ ਬੱਚਿਆਂ ਦੇ ਵੱਢਣ ਵਾਲੇ ਹੋ!”—ਯਸਾਯਾਹ 57:4, 5.
4. ਯਹੂਦਾਹ ਦੇ ਬੁਰੇ ਲੋਕ ਕਿਨ੍ਹਾਂ ਅਪਰਾਧਾਂ ਲਈ ਦੋਸ਼ੀ ਸਨ?
4 ਯਹੂਦਾਹ ਦੇ ਬੁਰੇ ਲੋਕ ਸਾਰਿਆਂ ਦੇ ਸਾਮ੍ਹਣੇ ਘਿਣਾਉਣੀ ਝੂਠੀ ਪੂਜਾ ਕਰ ਰਹੇ ਸਨ ਅਤੇ ਪਰਮੇਸ਼ੁਰ ਦੇ ਨਬੀਆਂ ਦਾ “ਮਖੌਲ” ਉਡਾਉਂਦੇ ਸਨ। ਇਹ ਨਬੀ ਉਨ੍ਹਾਂ ਨੂੰ ਸੁਧਾਰਨ ਲਈ ਘੱਲੇ ਗਏ ਸਨ ਪਰ ਬੇਸ਼ਰਮ ਅਤੇ ਗੁਸਤਾਖ਼ ਲੋਕਾਂ ਨੇ ਉਨ੍ਹਾਂ ਨੂੰ ਜੀਭਾਂ ਕੱਢੀਆਂ। ਭਾਵੇਂ ਉਹ ਅਬਰਾਹਾਮ ਦੇ ਬੱਚੇ ਸਨ, ਉਨ੍ਹਾਂ ਦੇ ਵਿਗੜੇ ਰਾਹਾਂ ਨੇ ਦਿਖਾਇਆ ਕਿ ਉਹ ਅਪਰਾਧ ਦੇ ਬੱਚੇ ਅਤੇ ਛਲ ਦੀ ਵੰਸ ਸਨ। (ਯਸਾਯਾਹ 1:4; 30:9; ਯੂਹੰਨਾ 8:39, 44) ਪੇਂਡੂ ਇਲਾਕਿਆਂ ਦੇ ਵੱਡੇ-ਵੱਡੇ ਦਰਖ਼ਤਾਂ ਹੇਠ ਉਹ ਜੋਸ਼ ਨਾਲ ਮੂਰਤੀ-ਪੂਜਾ ਕਰ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਕੌਮਾਂ ਵਾਂਗ ਜਿਨ੍ਹਾਂ ਨੂੰ ਯਹੋਵਾਹ ਨੇ ਦੇਸ਼ ਵਿੱਚੋਂ ਕੱਢ ਦਿੱਤਾ ਸੀ ਆਪਣੇ ਬੱਚਿਆਂ ਦੀਆਂ ਬਲੀਆਂ ਵੀ ਚੜ੍ਹਾਈਆਂ! ਜੀ ਹਾਂ, ਉਨ੍ਹਾਂ ਦੀ ਪੂਜਾ ਕਿੰਨੀ ਬੇਰਹਿਮ ਸੀ!—1 ਰਾਜਿਆਂ 14:23; 2 ਰਾਜਿਆਂ 16:3, 4; ਯਸਾਯਾਹ 1:29.
ਪੱਥਰਾਂ ਲਈ ਪੀਣ ਦੀ ਭੇਟ ਡੋਲ੍ਹੀ
5, 6. (ੳ) ਯਹੂਦਾਹ ਦੇ ਵਾਸੀਆਂ ਨੇ ਯਹੋਵਾਹ ਦੀ ਬਜਾਇ ਕਿਨ੍ਹਾਂ ਦੀ ਪੂਜਾ ਕੀਤੀ ਸੀ? (ਅ) ਯਹੂਦਾਹ ਦੀ ਮੂਰਤੀ ਪੂਜਾ ਕਿੰਨੀ ਫੈਲੀ ਹੋਈ ਸੀ?
5 ਧਿਆਨ ਦਿਓ ਕਿ ਯਹੂਦਾਹ ਦੇ ਵਾਸੀ ਕਿਸ ਹੱਦ ਤਕ ਮੂਰਤੀ-ਪੂਜਾ ਕਰ ਰਹੇ ਸਨ: “ਵਾਦੀ ਦੇ ਪੱਧਰੇ ਪੱਥਰਾਂ ਵਿੱਚ ਤੇਰਾ ਹਿੱਸਾ ਹੈ, ਏਹ, ਏਹ ਤੇਰਾ ਗੁਣਾ ਹੈ! ਏਹਨਾਂ ਲਈ ਹੀ ਤੈਂ ਪੀਣ ਦੀ ਭੇਟ ਡੋਹਲੀ, ਤੈਂ ਮੈਦੇ ਦੀ ਭੇਟ ਚੜ੍ਹਾਈ, ਕੀ ਏਹਨਾਂ ਦੇ ਕਾਰਨ ਮੇਰਾ ਦਿਲ ਠੰਡਾ ਹੋ ਜਾਵੇਗਾ?” (ਯਸਾਯਾਹ 57:6) ਯਹੂਦੀ ਪਰਮੇਸ਼ੁਰ ਦੇ ਨੇਮ-ਬੱਧ ਲੋਕ ਸਨ, ਪਰ ਯਹੋਵਾਹ ਦੀ ਭਗਤੀ ਕਰਨ ਦੀ ਬਜਾਇ ਉਨ੍ਹਾਂ ਨੇ ਵਾਦੀ ਦੇ ਪੱਥਰ ਚੁੱਕ ਕੇ ਦੇਵਤੇ ਬਣਾਏ। ਦਾਊਦ ਨੇ ਕਿਹਾ ਸੀ ਕਿ ਯਹੋਵਾਹ ਨੇ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਸਨ, ਪਰ ਇਨ੍ਹਾਂ ਪਾਪੀਆਂ ਨੇ ਬੇਜਾਨ ਪੱਥਰਾਂ ਦੇ ਦੇਵਤਿਆਂ ਉੱਤੇ ਭਰੋਸਾ ਰੱਖ ਕੇ ਉਨ੍ਹਾਂ ਲਈ ਪੀਣ ਦੀਆਂ ਭੇਟਾਂ ਡੋਲ੍ਹੀਆਂ ਸਨ। (ਜ਼ਬੂਰ 16:5; ਹਬੱਕੂਕ 2:19) ਯਹੋਵਾਹ ਦੇ ਲੋਕਾਂ ਦੀ ਅਜਿਹੀ ਝੂਠੀ ਪੂਜਾ ਨਾਲ ਕੀ ਉਸ ਦਾ ਦਿਲ ਠੰਢਾ ਹੋ ਸਕਦਾ ਸੀ?
6 ਯਹੂਦਾਹ ਦੇ ਲੋਕ ਵੱਡੇ-ਵੱਡੇ ਦਰਖ਼ਤਾਂ ਹੇਠ, ਵਾਦੀਆਂ ਵਿਚ, ਪਹਾੜੀਆਂ ਉੱਤੇ, ਅਤੇ ਸ਼ਹਿਰਾਂ ਵਿਚ, ਯਾਨੀ ਹਰ ਜਗ੍ਹਾ ਮੂਰਤੀ-ਪੂਜਾ ਕਰ ਰਹੇ ਸਨ। ਪਰ ਯਹੋਵਾਹ ਸਭ ਕੁਝ ਦੇਖ ਰਿਹਾ ਸੀ ਅਤੇ ਯਸਾਯਾਹ ਰਾਹੀਂ ਉਸ ਨੇ ਉਨ੍ਹਾਂ ਦੀ ਭ੍ਰਿਸ਼ਟਤਾ ਪ੍ਰਗਟ ਕੀਤੀ: “ਇੱਕ ਉੱਚੇ ਤੇ ਬੁਲੰਦ ਪਹਾੜ ਉੱਤੇ ਤੈਂ ਆਪਣਾ ਬਿਸਤਰ ਵਿਛਾਇਆ, ਉੱਥੇ ਤੂੰ ਬਲੀਆਂ ਚੜ੍ਹਾਉਣ ਲਈ ਚੜ੍ਹ ਵੀ ਗਈ। ਬੂਹਿਆਂ ਅਤੇ ਚੁਗਾਠਾਂ ਦੇ ਪਿੱਛੇ ਤੈਂ ਆਪਣੀ ਯਾਦਗਾਰੀ ਕਾਇਮ ਕੀਤੀ।” (ਯਸਾਯਾਹ 57:7, 8ੳ) ਉੱਚੀਆਂ ਥਾਵਾਂ ਤੇ ਯਹੂਦਾਹ ਨੇ ਰੂਹਾਨੀ ਅਪਵਿੱਤਰਤਾ ਦਾ ਬਿਸਤਰ ਵਿਛਾਇਆ ਸੀ ਅਤੇ ਉੱਥੇ ਉਸ ਨੇ ਆਪਣੇ ਝੂਠੇ ਦੇਵੀ-ਦੇਵਤਿਆਂ ਲਈ ਬਲੀਆਂ ਚੜ੍ਹਾਈਆਂ ਸਨ।a ਲੋਕਾਂ ਦੇ ਘਰਾਂ ਵਿਚ ਵੀ ਬੂਹਿਆਂ ਅਤੇ ਚੁਗਾਠਾਂ ਦੇ ਪਿੱਛੇ ਮੂਰਤੀਆਂ ਰੱਖੀਆਂ ਹੋਈਆਂ ਸਨ।
7. ਯਹੂਦਾਹ ਦੇ ਲੋਕ ਅਨੈਤਿਕ ਪੂਜਾ ਕਿਉਂ ਕਰਦੇ ਸਨ?
7 ਕਈ ਲੋਕ ਸ਼ਾਇਦ ਸੋਚਦੇ ਹੋਣ ਕਿ ਯਹੂਦਾਹ ਦੀ ਪਰਜਾ ਅਸ਼ੁੱਧ ਪੂਜਾ ਕਿਉਂ ਕਰਨ ਲੱਗ ਪਈ ਸੀ। ਕੀ ਕਿਸੇ ਨੇ ਉਸ ਨੂੰ ਯਹੋਵਾਹ ਨੂੰ ਛੱਡਣ ਲਈ ਮਜਬੂਰ ਕੀਤਾ ਸੀ? ਨਹੀਂ, ਲੋਕਾਂ ਨੇ ਆਪਣੀ ਮਰਜ਼ੀ ਨਾਲ ਅਜਿਹੀ ਪੂਜਾ ਕੀਤੀ ਸੀ। ਯਹੋਵਾਹ ਨੇ ਕਿਹਾ: “ਤੂੰ ਤਾਂ ਮੈਨੂੰ ਛੱਡ ਕੇ ਨੰਗੀ ਹੋਈ, ਅਤੇ ਉਤਾਹਾਂ ਜਾ ਕੇ ਆਪਣਾ ਬਿਸਤਰਾ ਚੌੜਾ ਕੀਤਾ, ਤੈਂ ਓਹਨਾਂ ਨਾਲ ਆਪਣਾ ਨੇਮ ਬੰਨ੍ਹਿਆ, ਵੇਖਦਿਆਂ ਸਾਰ ਤੂੰ ਓਹਨਾਂ ਦੇ ਬਿਸਤਰੇ ਉੱਤੇ ਲੱਟੂ ਹੋ ਗਈ!” (ਯਸਾਯਾਹ 57:8ਅ) ਯਹੂਦਾਹ ਦੇ ਲੋਕਾਂ ਨੇ ਆਪਣੇ ਝੂਠੇ ਦੇਵੀ-ਦੇਵਤਿਆਂ ਨਾਲ ਨੇਮ ਬੰਨ੍ਹਿਆ ਸੀ ਅਤੇ ਉਨ੍ਹਾਂ ਨੂੰ ਇਹ ਨਾਜਾਇਜ਼ ਰਿਸ਼ਤਾ ਬਹੁਤ ਪਸੰਦ ਸੀ। ਉਹ ਖ਼ਾਸ ਕਰਕੇ ਗੰਦੇ ਅਨੈਤਿਕ ਕੰਮਾਂ ਨੂੰ ਪਸੰਦ ਕਰਦੇ ਸਨ ਜੋ ਇਨ੍ਹਾਂ ਦੇਵੀ-ਦੇਵਤਿਆਂ ਦੀ ਪੂਜਾ ਦਾ ਇਕ ਵੱਡਾ ਹਿੱਸਾ ਸੀ, ਜਿਸ ਵਿਚ ਗੁਪਤ-ਅੰਗਾਂ ਨੂੰ ਦਰਸਾਉਣ ਵਾਲੀਆਂ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਸੀ!
8. ਯਹੂਦਾਹ ਵਿਚ ਖ਼ਾਸ ਕਰਕੇ ਕਿਸ ਰਾਜੇ ਦੇ ਅਧੀਨ ਮੂਰਤੀ ਪੂਜਾ ਵਧੀ ਸੀ?
8 ਅਸੀਂ ਜਾਣਦੇ ਹਾਂ ਕਿ ਯਹੂਦਾਹ ਦੇ ਕਈ ਬੁਰੇ ਰਾਜੇ ਇਹ ਗੰਦੀ ਅਤੇ ਬੇਰਹਿਮ ਮੂਰਤੀ-ਪੂਜਾ ਕਰਦੇ ਸਨ। ਮਿਸਾਲ ਲਈ, ਮਨੱਸ਼ਹ ਨੇ ਉੱਚੇ ਥਾਂ ਬਣਾਏ, ਬਆਲ ਦੀਆਂ ਜਗਵੇਦੀਆਂ ਬਣਾਈਆਂ, ਅਤੇ ਯਹੋਵਾਹ ਦੇ ਭਵਨ ਦੇ ਦੋ ਵੇੜਿਆਂ ਵਿਚ ਝੂਠੀ ਪੂਜਾ ਲਈ ਜਗਵੇਦੀਆਂ ਬਣਾਈਆਂ। ਉਸ ਨੇ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਦੀ ਲੰਘਾਇਆ, ਫਾਲ ਪਾਏ, ਅਤੇ ਹਰ ਤਰ੍ਹਾਂ ਦਾ ਜਾਦੂ-ਟੂਣਾ ਕੀਤਾ। ਰਾਜਾ ਮਨੱਸ਼ਹ ਨੇ ਯਹੋਵਾਹ ਦੇ ਭਵਨ ਵਿਚ ਅਸ਼ੇਰਾਹ ਦੇਵੀ ਦੀ ਮੂਰਤੀ ਨੂੰ ਵੀ ਰੱਖਿਆ ਸੀ।b ਉਸ ਨੇ ਯਹੂਦਾਹ ਨੂੰ ਭਰਮਾਇਆ ਕਿ “ਓਹ ਉਨ੍ਹਾਂ ਕੌਮਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗਿਓਂ ਨਾਸ ਕੀਤਾ ਸੀ ਹੋਰ ਭੀ ਭੈੜੇ ਕੰਮ ਕਰਨ।” (2 ਰਾਜਿਆਂ 21:2-9) ਕੁਝ ਲੋਕ ਮੰਨਦੇ ਹਨ ਕਿ ਮਨੱਸ਼ਹ ਨੇ ਯਸਾਯਾਹ ਨੂੰ ਮਰਵਾਇਆ ਸੀ, ਭਾਵੇਂ ਕਿ ਉਸ ਦਾ ਨਾਂ ਯਸਾਯਾਹ 1:1 ਵਿਚ ਨਹੀਂ ਪਾਇਆ ਜਾਂਦਾ।
‘ਤੈਂ ਆਪਣੇ ਵਿਚੋਲੇ ਘੱਲੇ’
9. ਯਹੂਦਾਹ ਨੇ ਆਪਣੇ ਏਲਚੀ “ਦੂਰ ਦੂਰ” ਤਕ ਕਿਉਂ ਘੱਲੇ ਸਨ?
9 ਯਹੂਦਾਹ ਦਾ ਅਪਰਾਧ ਸਿਰਫ਼ ਇੰਨਾ ਹੀ ਨਹੀਂ ਸੀ ਕਿ ਉਸ ਨੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਸੀ। ਯਸਾਯਾਹ ਰਾਹੀਂ ਯਹੋਵਾਹ ਨੇ ਕਿਹਾ: “ਤੂੰ ਤੇਲ ਲਾ ਕੇ ਮਲਕ ਦੇਵ ਕੋਲ ਗਈ, ਤੈਂ ਆਪਣੀਆਂ ਸੁਗੰਧਾਂ ਨੂੰ ਵਧਾਇਆ, ਤੈਂ ਆਪਣੇ ਵਿਚੋਲੇ ਦੂਰ ਦੂਰ ਘੱਲੇ, ਤੈਂ ਆਪ ਨੂੰ ਪਤਾਲ ਤੀਕ ਅੱਝਾ ਕੀਤਾ!” (ਯਸਾਯਾਹ 57:9) ਯਹੂਦਾਹ ਦੇ ਬੇਵਫ਼ਾ ਰਾਜ ਨੇ “ਮਲਕ” ਕੋਲ ਆਪਣੇ ਏਲਚੀ ਘੱਲੇ ਸਨ। ਇਬਰਾਨੀ ਵਿਚ ਇਸ ਸ਼ਬਦ “ਮਲਕ” ਦਾ ਮਤਲਬ “ਰਾਜਾ” ਹੈ ਅਤੇ ਹੋ ਸਕਦਾ ਹੈ ਕਿ ਇੱਥੇ ਇਹ ਕਿਸੇ ਵਿਦੇਸ਼ੀ ਸ਼ਕਤੀ ਦੇ ਰਾਜੇ ਨੂੰ ਸੰਕੇਤ ਕਰਦਾ ਹੈ। ਤੇਲ ਅਤੇ ਸੁਗੰਧਾਂ ਤੋਂ ਪਤਾ ਲੱਗਦਾ ਹੈ ਕਿ ਯਹੂਦਾਹ ਨੇ ਉਸ ਰਾਜੇ ਨੂੰ ਮਹਿੰਗੇ ਅਤੇ ਸੋਹਣੇ-ਸੋਹਣੇ ਤੋਹਫ਼ੇ ਦਿੱਤੇ ਸਨ। ਯਹੂਦਾਹ ਨੇ ਆਪਣੇ ਏਲਚੀ ਇਸ ਲਈ ਦੂਰ-ਦੂਰ ਤਕ ਘੱਲੇ ਸਨ ਤਾਂਕਿ ਗ਼ੈਰ-ਯਹੂਦੀ ਕੌਮਾਂ ਉਸ ਨਾਲ ਰਾਜਨੀਤਿਕ ਤੌਰ ਤੇ ਦੋਸਤੀ ਕਰਨ। ਯਹੂਦਾਹ ਨੇ ਯਹੋਵਾਹ ਤੋਂ ਮੂੰਹ ਮੋੜ ਕੇ ਆਪਣਾ ਭਰੋਸਾ ਵਿਦੇਸ਼ੀ ਰਾਜਿਆਂ ਉੱਤੇ ਰੱਖਿਆ ਸੀ।
10. (ੳ) ਰਾਜਾ ਆਹਾਜ਼ ਨੇ ਅੱਸ਼ੂਰ ਦੇ ਰਾਜੇ ਨਾਲ ਦੋਸਤੀ ਕਿਵੇਂ ਕੀਤੀ ਸੀ? (ਅ) ਯਹੂਦਾਹ ਨੇ ਆਪਣੇ “ਆਪ ਨੂੰ ਪਤਾਲ ਤੀਕ ਅੱਝਾ” ਕਿਵੇਂ ਕੀਤਾ ਸੀ?
10 ਇਸ ਦੀ ਇਕ ਮਿਸਾਲ ਰਾਜਾ ਆਹਾਜ਼ ਹੈ। ਯਹੂਦਾਹ ਦਾ ਇਹ ਬੇਵਫ਼ਾ ਰਾਜਾ ਇਸਰਾਏਲ ਅਤੇ ਸੀਰੀਆ ਦੇਸ਼ਾਂ ਦੀ ਆਪਸ ਵਿਚ ਮਿੱਤਰਤਾ ਕਾਰਨ ਡਰਦਾ ਸੀ। ਇਸ ਲਈ ਉਸ ਨੇ ਅੱਸ਼ੂਰ ਦੇ ਤਿਗਲਥ ਪਿਲਸਰ ਤੀਜੇ ਕੋਲ ਏਲਚੀ ਘੱਲੇ ਅਤੇ ਕਿਹਾ: “ਮੈਂ ਤੇਰਾ ਦਾਸ ਤੇ ਤੇਰਾ ਪੁੱਤ੍ਰ ਹਾਂ। ਆ ਕੇ ਮੈਨੂੰ ਅਰਾਮ ਦੇ ਰਾਜੇ ਦੇ ਹੱਥੋਂ ਅਰ ਇਸਰਾਏਲ ਦੇ ਪਾਤਸ਼ਾਹ ਦੇ ਹੱਥੋਂ ਜੋ ਮੇਰੇ ਉੱਤੇ ਚੜ੍ਹ ਆਏ ਹਨ ਬਚਾ।” ਆਹਾਜ਼ ਨੇ ਅੱਸ਼ੂਰ ਦੇ ਰਾਜੇ ਨੂੰ ਚਾਂਦੀ ਅਤੇ ਸੋਨੇ ਦੀ ਵੱਢੀ ਘੱਲੀ, ਜਿਸ ਦੇ ਵੱਟੇ ਅੱਸ਼ੂਰ ਦੇ ਰਾਜੇ ਨੇ ਸੀਰੀਆ ਉੱਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਹਰਾਇਆ। (2 ਰਾਜਿਆਂ 16:7-9) ਗ਼ੈਰ-ਯਹੂਦੀ ਕੌਮਾਂ ਨਾਲ ਦੋਸਤੀ ਕਰਨ ਦੁਆਰਾ ਯਹੂਦਾਹ ਨੇ ਆਪਣੇ “ਆਪ ਨੂੰ ਪਤਾਲ ਤੀਕ ਅੱਝਾ ਕੀਤਾ!” ਇਸ ਦੋਸਤੀ ਕਰਕੇ ਉਸ ਨੂੰ ਬਹੁਤ ਵੱਡੀ ਮਾਰ ਖਾਣੀ ਪਈ, ਯਾਨੀ ਉਸ ਦਾ ਰਾਜ ਅਤੇ ਕੋਈ ਰਾਜਾ ਨਹੀਂ ਰਿਹਾ।
11. ਯਹੂਦਾਹ ਨੇ ਕਿਹੜੀ ਝੂਠੀ ਆਸ ਲਾਈ ਸੀ?
11 ਯਹੋਵਾਹ ਨੇ ਯਹੂਦਾਹ ਦੀ ਕੌਮ ਨੂੰ ਅੱਗੇ ਕਿਹਾ: “ਤੂੰ ਆਪਣੇ ਸਫਰਾਂ ਦੀ ਲੰਬਾਈ ਨਾਲ ਥੱਕ ਗਈ, ਪਰ ਤੈਂ ਨਾ ਆਖਿਆ, ਕੋਈ ਆਸ ਨਹੀਂ, ਤੇਰੀ ਜਾਨ ਵਿੱਚ ਜਾਨ ਆਈ, ਏਸ ਲਈ ਤੂੰ ਹੁੱਸੀ ਨਾ।” (ਯਸਾਯਾਹ 57:10) ਜੀ ਹਾਂ, ਉਹ ਕੌਮ ਆਪਣੇ ਧਰਮ-ਤਿਆਗੀ ਰਾਹਾਂ ਵਿਚ ਲੱਗੀ ਰਹੀ। ਇਸ ਤੋਂ ਵੀ ਵੱਧ ਉਸ ਨੇ ਆਪਣੇ ਆਪ ਨੂੰ ਧੋਖਾ ਦੇ ਕੇ ਸੋਚਿਆ ਕਿ ਉਹ ਆਪਣੇ ਕੰਮਾਂ ਵਿਚ ਕਾਮਯਾਬ ਹੋ ਰਹੀ ਸੀ, ਜਦ ਕਿ ਅਸਲ ਵਿਚ ਉਸ ਕੋਲ ਕੋਈ ਆਸ ਨਹੀਂ ਸੀ। ਉਸ ਨੇ ਆਪਣੇ ਆਪ ਨੂੰ ਤਕੜੀ ਮਹਿਸੂਸ ਕੀਤਾ। ਪਰ ਇਹ ਸੋਚਣੀ ਕਿੰਨੀ ਗ਼ਲਤ ਸੀ!
12. ਈਸਾਈ-ਜਗਤ ਦੀ ਚਾਲ ਯਹੂਦਾਹ ਵਰਗੀ ਕਿਵੇਂ ਹੈ?
12 ਅੱਜ ਵੀ ਅਜਿਹੀ ਸੰਸਥਾ ਹੈ ਜਿਸ ਦੀ ਚਾਲ ਯਸਾਯਾਹ ਦੇ ਜ਼ਮਾਨੇ ਦੇ ਯਹੂਦਾਹ ਵਰਗੀ ਹੈ। ਈਸਾਈ-ਜਗਤ ਯਿਸੂ ਦਾ ਨਾਂ ਤਾਂ ਲੈਂਦਾ ਹੈ, ਪਰ ਉਹ ਕੌਮਾਂ ਨਾਲ ਦੋਸਤੀ ਕਰਦਾ ਹੈ ਅਤੇ ਉਸ ਨੇ ਮੂਰਤੀਆਂ ਨਾਲ ਆਪਣੇ ਚਰਚ ਭਰੇ ਹੋਏ ਹਨ। ਉਸ ਦੇ ਮੈਂਬਰਾਂ ਨੇ ਆਪਣੇ ਘਰਾਂ ਵਿਚ ਵੀ ਮੂਰਤੀਆਂ ਰੱਖੀਆਂ ਹੋਈਆਂ ਹਨ। ਈਸਾਈ-ਜਗਤ ਨੇ ਕੌਮਾਂ ਦੀਆਂ ਲੜਾਈਆਂ ਵਿਚ ਆਪਣੇ ਨੌਜਵਾਨਾਂ ਦੀ ਬਲੀ ਵੀ ਦਿੱਤੀ ਹੈ। ਸੱਚੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਕਿੰਨਾ ਘਿਣਾਉਣਾ ਹੈ, ਜਿਸ ਨੇ ਮਸੀਹੀਆਂ ਨੂੰ ਹੁਕਮ ਦਿੱਤਾ ਹੈ ਕਿ “ਤੁਸੀਂ ਮੂਰਤੀ ਪੂਜਾ ਤੋਂ ਭੱਜੋ।” (1 ਕੁਰਿੰਥੀਆਂ 10:14) ਈਸਾਈ-ਜਗਤ ਨੇ ਰਾਜਨੀਤੀ ਵਿਚ ਹਿੱਸਾ ਲੈ ਕੇ ‘ਧਰਤੀ ਦੇ ਰਾਜਿਆਂ ਨਾਲ ਹਰਾਮਕਾਰੀ ਵੀ ਕੀਤੀ’ ਹੈ। (ਪਰਕਾਸ਼ ਦੀ ਪੋਥੀ 17:1, 2) ਉਸ ਨੇ ਲਗਾਤਾਰ ਸੰਯੁਕਤ ਰਾਸ਼ਟਰ-ਸੰਘ ਦਾ ਸਾਥ ਦਿੱਤਾ ਹੈ। ਇਸ ਧਾਰਮਿਕ ਕੰਜਰੀ ਦਾ ਭਵਿੱਖ ਕੀ ਹੋਵੇਗਾ? ਇਸ ਦਾ ਜਵਾਬ ਬੇਵਫ਼ਾ ਯਹੂਦਾਹ, ਯਾਨੀ ਯਰੂਸ਼ਲਮ ਦੇ ਇਤਿਹਾਸ ਤੋਂ ਮਿਲ ਸਕਦਾ ਹੈ।
‘ਤੇਰੇ ਬੁੱਤਾਂ ਦਾ ਟੋਲਾ ਤੈਨੂੰ ਨਹੀਂ ਛੁਡਾਵੇਗਾ’
13. ਯਹੂਦਾਹ ਨੇ ਕਿਹੜੇ ਗ਼ਲਤ ਕੰਮ ਕੀਤੇ ਸਨ ਅਤੇ ਉਸ ਨੇ ਯਹੋਵਾਹ ਦੇ ਧੀਰਜ ਬਾਰੇ ਕੀ ਸੋਚਿਆ ਸੀ?
13 ਯਹੋਵਾਹ ਨੇ ਪੁੱਛਿਆ: “ਤੂੰ ਕਿਹ ਤੋਂ ਝਕੀ ਅਰ ਡਰੀ, ਭਈ ਤੂੰ ਝੂਠ ਬੋਲੀ ਅਤੇ ਮੈਨੂੰ ਚੇਤੇ ਨਾ ਕੀਤਾ, ਨਾ ਆਪਣੇ ਦਿਲ ਉੱਤੇ ਰੱਖਿਆ? ਕੀ ਮੈਂ ਚਰੋਕਣਾ ਚੁੱਪ ਨਹੀਂ ਰਿਹਾ? ਪਰ ਤੂੰ ਮੈਥੋਂ ਨਾ ਡਰੀ।” (ਯਸਾਯਾਹ 57:11) ਇਹ ਚੰਗੇ ਸਵਾਲ ਸਨ ਕਿਉਂਕਿ ਯਹੂਦਾਹ ਨੇ ਯਹੋਵਾਹ ਦਾ ਭੈ ਨਹੀਂ ਰੱਖਿਆ ਸੀ। ਜੇ ਉਸ ਨੇ ਭੈ ਰੱਖਿਆ ਹੁੰਦਾ ਤਾਂ ਉਸ ਨੇ ਝੂਠ ਬੋਲਣ ਅਤੇ ਝੂਠੇ ਦੇਵਤਿਆਂ ਦੀ ਪੂਜਾ ਕਰਨ ਵਾਲੀ ਕੌਮ ਨਹੀਂ ਸੀ ਬਣਨਾ। ਯਹੋਵਾਹ ਚੁੱਪ ਰਿਹਾ ਅਤੇ ਯਹੂਦਾਹ ਨੂੰ ਇਕਦਮ ਸਜ਼ਾ ਨਹੀਂ ਦਿੱਤੀ ਸੀ। ਕੀ ਯਹੂਦਾਹ ਨੇ ਇਸ ਗੱਲ ਦੀ ਕਦਰ ਕੀਤੀ ਸੀ? ਨਹੀਂ, ਬਲਕਿ ਲੋਕਾਂ ਨੇ ਸੋਚਿਆ ਕਿ ਯਹੋਵਾਹ ਧੀਰਜ ਕਰਦਾ ਰਹੇਗਾ ਅਤੇ ਉਨ੍ਹਾਂ ਨਾਲ ਕੁਝ ਨਹੀਂ ਕਰੇਗਾ। ਉਹ ਉਸ ਤੋਂ ਬਿਲਕੁਲ ਨਹੀਂ ਡਰਦੇ ਸਨ।
14, 15. ਯਹੋਵਾਹ ਨੇ ਯਹੂਦਾਹ ਦੇ ਕੰਮਾਂ ਬਾਰੇ ਅਤੇ ਉਸ ਦੇ ‘ਬੁੱਤਾਂ ਦੇ ਟੋਲੇ’ ਬਾਰੇ ਕੀ ਕਿਹਾ ਸੀ?
14 ਪਰ ਯਹੋਵਾਹ ਨੇ ਹਮੇਸ਼ਾ ਲਈ ਧੀਰਜ ਨਹੀਂ ਕਰਨਾ ਸੀ। ਉਸ ਨੇ ਕਿਹਾ: “ਮੈਂ ਤੇਰੇ ਧਰਮ ਨੂੰ ਦੱਸਾਂਗਾ, ਪਰ ਤੇਰੇ ਕੰਮ!—ਓਹ ਤੈਨੂੰ ਕੁਝ ਲਾਭ ਨਹੀਂ ਪੁਚਾਉਣਗੇ। ਜਦ ਤੂੰ ਚਿੱਲਾਏਂ, ਤਾਂ ਤੇਰੇ ਬੁੱਤਾਂ ਦਾ ਟੋਲਾ ਤੈਨੂੰ ਛੁਡਾਵੇ। ਪਰ ਹਵਾ ਉਨ੍ਹਾਂ ਸਾਰਿਆਂ ਨੂੰ ਚੁੱਕ ਲੈ ਜਾਵੇਗੀ, ਅਤੇ ਸਾਹ ਉਨ੍ਹਾਂ ਨੂੰ ਲੈ ਜਾਵੇਗਾ।” (ਯਸਾਯਾਹ 57:12, 13ੳ) ਯਹੋਵਾਹ ਨੇ ਯਹੂਦਾਹ ਦੀ ਝੂਠੀ ਧਾਰਮਿਕਤਾ ਦਾ ਪਰਦਾ ਫ਼ਾਸ਼ ਕਰਨਾ ਸੀ। ਯਹੂਦਾਹ ਨੂੰ ਆਪਣੇ ਪਖੰਡੀ ਕੰਮਾਂ ਦਾ ਕੋਈ ਫ਼ਾਇਦਾ ਨਹੀਂ ਹੋਣਾ ਸੀ। ਉਸ ਦੇ ‘ਬੁੱਤਾਂ ਦੇ ਟੋਲੇ’ ਨੇ ਉਸ ਨੂੰ ਨਹੀਂ ਬਚਾਉਣਾ ਸੀ। ਜਦੋਂ ਉਸ ਉੱਤੇ ਬਿਪਤਾ ਆਉਣੀ ਸੀ, ਤਾਂ ਜਿਨ੍ਹਾਂ ਦੇਵਤਿਆਂ ਉੱਤੇ ਉਹ ਭਰੋਸਾ ਰੱਖਦਾ ਸੀ ਉਨ੍ਹਾਂ ਨੇ ਹਵਾ ਨਾਲ ਉੱਡ ਜਾਣਾ ਸੀ।
15 ਯਹੋਵਾਹ ਦੇ ਸ਼ਬਦ 607 ਸਾ.ਯੁ.ਪੂ. ਵਿਚ ਪੂਰੇ ਹੋਏ ਸਨ। ਉਸ ਸਮੇਂ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਦਾ ਨਾਸ਼ ਕੀਤਾ, ਹੈਕਲ ਨੂੰ ਸਾੜ ਦਿੱਤਾ, ਅਤੇ ਉਹ ਤਕਰੀਬਨ ਸਾਰਿਆਂ ਲੋਕਾਂ ਨੂੰ ਗ਼ੁਲਾਮੀ ਵਿਚ ਲੈ ਗਿਆ। “ਸੋ ਯਹੂਦਾਹ ਆਪਣੀ ਹੀ ਭੂਮੀ ਵਿੱਚੋਂ ਅਸੀਰ ਹੋ ਗਿਆ।”—2 ਰਾਜਿਆਂ 25:1-21.
16. ਅਗਾਹਾਂ ਨੂੰ ਈਸਾਈ-ਜਗਤ ਅਤੇ ‘ਵੱਡੀ ਬਾਬੁਲ’ ਦੇ ਬਾਕੀ ਦਿਆਂ ਧਰਮਾਂ ਨਾਲ ਕੀ ਹੋਵੇਗਾ?
16 ਇਸੇ ਤਰ੍ਹਾਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿਚ ਈਸਾਈ-ਜਗਤ ਦੇ ਬਹੁਤ ਸਾਰੇ ਬੁੱਤ ਉਸ ਨੂੰ ਨਹੀਂ ਬਚਾ ਸਕਣਗੇ। (ਯਸਾਯਾਹ 2:19-22; 2 ਥੱਸਲੁਨੀਕੀਆਂ 1:6-10) ‘ਵੱਡੀ ਬਾਬੁਲ’ ਦੇ ਬਾਕੀ ਦੇ ਝੂਠੇ ਧਰਮਾਂ ਨਾਲ ਇਸਾਈ-ਜਗਤ ਦਾ ਵੀ ਨਾਸ਼ ਕੀਤਾ ਜਾਵੇਗਾ। ਕਿਰਮਚੀ ਰੰਗ ਦਾ ਦਰਿੰਦਾ ਅਤੇ ਉਸ ਦੇ ਦਸ ਸਿੰਙ ਵੱਡੀ ਬਾਬੁਲ ਨੂੰ “ਉਜਾੜ ਦੇਣਗੇ ਅਤੇ ਨੰਗਿਆਂ ਕਰਨਗੇ ਅਤੇ ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ।” (ਪਰਕਾਸ਼ ਦੀ ਪੋਥੀ 17:3, 16, 17) ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਇਹ ਹੁਕਮ ਮੰਨਿਆ ਹੈ: “ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹ ਦੀਆਂ ਬਵਾਂ ਵਿੱਚ ਸਾਂਝੀ ਹੋਵੋ!” (ਪਰਕਾਸ਼ ਦੀ ਪੋਥੀ 18:4, 5) ਉਮੀਦ ਹੈ ਕਿ ਅਸੀਂ ਕਦੀ ਵੀ ਉਸ ਕੋਲ ਜਾਂ ਉਸ ਦਿਆਂ ਰਾਹਾਂ ਵੱਲ ਦੁਬਾਰਾ ਨਹੀਂ ਮੁੜਾਂਗੇ।
“ਜੋ ਮੇਰੀ ਸ਼ਰਨ ਆਉਂਦਾ ਹੈ, ਓਹ ਧਰਤੀ ਤੇ ਕਬਜ਼ਾ ਕਰੇਗਾ”
17. ‘ਯਹੋਵਾਹ ਦੀ ਸ਼ਰਨ ਵਿਚ ਆਉਣ ਵਾਲਿਆਂ’ ਨਾਲ ਕਿਹੜਾ ਵਾਅਦਾ ਕੀਤਾ ਗਿਆ ਸੀ ਅਤੇ ਇਹ ਕਦੋਂ ਪੂਰਾ ਹੋਇਆ ਸੀ?
17 ਪਰ ਯਸਾਯਾਹ ਦੀ ਭਵਿੱਖਬਾਣੀ ਦੇ ਅਗਲੇ ਸ਼ਬਦਾਂ ਬਾਰੇ ਕੀ? “ਜੋ ਮੇਰੀ ਸ਼ਰਨ ਆਉਂਦਾ ਹੈ, ਓਹ ਧਰਤੀ ਤੇ ਕਬਜ਼ਾ ਕਰੇਗਾ, ਅਤੇ ਮੇਰੇ ਪਵਿੱਤ੍ਰ ਪਹਾੜ ਦਾ ਅਧਿਕਾਰੀ ਹੋਵੇਗਾ।” (ਯਸਾਯਾਹ 57:13ਅ) ਯਹੋਵਾਹ ਇੱਥੇ ਕਿਸ ਬਾਰੇ ਗੱਲ ਕਰ ਰਿਹਾ ਸੀ? ਇੱਥੇ ਯਹੋਵਾਹ ਯਰੂਸ਼ਲਮ ਦੇ ਨਾਸ਼ ਤੋਂ ਬਾਅਦ ਬਾਬਲ ਤੋਂ ਆਪਣੇ ਲੋਕਾਂ ਦੀ ਆਜ਼ਾਦੀ ਬਾਰੇ, ਅਤੇ ਉਸ ਦੇ ਪਵਿੱਤਰ ਪਰਬਤ ਉੱਤੇ ਸ਼ੁੱਧ ਉਪਾਸਨਾ ਦੁਬਾਰਾ ਸ਼ੁਰੂ ਹੋਣ ਬਾਰੇ ਭਵਿੱਖਬਾਣੀ ਕਰ ਰਿਹਾ ਸੀ। (ਯਸਾਯਾਹ 66:20; ਦਾਨੀਏਲ 9:16) ਇਸ ਗੱਲ ਤੋਂ ਵਫ਼ਾਦਾਰ ਯਹੂਦੀਆਂ ਨੂੰ ਕਿੰਨਾ ਦਿਲਾਸਾ ਮਿਲਿਆ ਹੋਵੇਗਾ! ਯਹੋਵਾਹ ਨੇ ਅੱਗੇ ਕਿਹਾ: “ਤਦ ਆਖਿਆ ਜਾਵੇਗਾ, ਭਰਤੀ ਪਾਓ, ਭਰਤੀ! ਰਾਹ ਸਾਫ਼ ਕਰੋ, ਮੇਰੀ ਪਰਜਾ ਦੇ ਰਾਹ ਵਿੱਚੋਂ ਰੁਕਾਵਟ ਚੁੱਕ ਸੁੱਟੋ!” (ਯਸਾਯਾਹ 57:14) ਜਦੋਂ ਆਪਣੇ ਲੋਕਾਂ ਨੂੰ ਬਚਾਉਣ ਲਈ ਯਹੋਵਾਹ ਦਾ ਸਮਾਂ ਆਇਆ ਸੀ, ਤਾਂ ਰਾਹ ਤਿਆਰ ਸੀ ਅਤੇ ਹਰ ਰੁਕਾਵਟ ਦੂਰ ਕੀਤੀ ਗਈ ਸੀ।—2 ਇਤਹਾਸ 36:22, 23.
18. ਯਹੋਵਾਹ ਦੀ ਉੱਤਮਤਾ ਬਾਰੇ ਕੀ ਦੱਸਿਆ ਗਿਆ ਹੈ, ਪਰ ਇਸ ਦੇ ਬਾਵਜੂਦ ਉਹ ਪਿਆਰ ਕਿਵੇਂ ਕਰਦਾ ਹੈ?
18 ਹੁਣ ਯਸਾਯਾਹ ਨਬੀ ਨੇ ਉਹ ਸ਼ਬਦ ਲਿਖੇ ਜਿਨ੍ਹਾਂ ਦਾ ਸ਼ੁਰੂ ਵਿਚ ਹਵਾਲਾ ਦਿੱਤਾ ਗਿਆ ਸੀ: “ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਉਂ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤ੍ਰ ਅਸਥਾਨ ਵਿੱਚ ਵੱਸਦਾ ਹਾਂ, ਉਹ ਦੇ ਨਾਲ ਵੀ ਜਿਹ ਦਾ ਆਤਮਾ ਕੁਚਲਿਆ ਤੇ ਅੱਝਾ ਹੈ, ਭਈ ਮੈਂ ਅੱਝਿਆਂ ਦੇ ਆਤਮਾ ਨੂੰ ਜਿਵਾਵਾਂ, ਕੁਚਲਿਆਂ ਹੋਇਆਂ ਦੇ ਦਿਲ ਨੂੰ ਜਿਵਾਵਾਂ।” (ਯਸਾਯਾਹ 57:15) ਯਹੋਵਾਹ ਦਾ ਸਿੰਘਾਸਣ ਉਤਾਹਾਂ ਸਵਰਗ ਵਿਚ ਹੈ। ਹੋਰ ਕੋਈ ਵੀ ਜਗ੍ਹਾ ਇਸ ਤੋਂ ਮਹਾਨ ਜਾਂ ਉੱਤਮ ਨਹੀਂ ਹੈ। ਸਾਨੂੰ ਇਸ ਗੱਲ ਤੋਂ ਕਿੰਨਾ ਦਿਲਾਸਾ ਮਿਲਦਾ ਹੈ ਕਿ ਉਸ ਜਗ੍ਹਾ ਤੋਂ ਯਹੋਵਾਹ ਸਭ ਕੁਝ ਦੇਖ ਸਕਦਾ ਹੈ। ਉਹ ਨਾ ਸਿਰਫ਼ ਦੁਸ਼ਟ ਲੋਕਾਂ ਦੇ ਪਾਪ ਦੇਖਦਾ ਹੈ ਪਰ ਉਹ ਉਸ ਦੀ ਸੇਵਾ ਕਰਨ ਵਾਲਿਆਂ ਦੇ ਧਰਮੀ ਕੰਮਾਂ ਨੂੰ ਵੀ ਦੇਖ ਸਕਦਾ ਹੈ! (ਜ਼ਬੂਰ 102:19; 103:6) ਇਸ ਤੋਂ ਇਲਾਵਾ ਉਹ ਕੁਚਲੇ ਹੋਇਆਂ ਦੀ ਦੁਹਾਈ ਸੁਣਦਾ ਹੈ ਅਤੇ ਉਨ੍ਹਾਂ ਦੇ ਦਿਲਾਂ ਨੂੰ ਕਾਇਮ ਕਰਦਾ ਹੈ। ਪੁਰਾਣੇ ਜ਼ਮਾਨੇ ਵਿਚ ਇਨ੍ਹਾਂ ਸ਼ਬਦਾਂ ਨੇ ਤੋਬਾ ਕਰਨ ਵਾਲੇ ਯਹੂਦੀ ਲੋਕਾਂ ਦੇ ਦਿਲਾਂ ਨੂੰ ਜ਼ਰੂਰ ਕਾਇਮ ਕੀਤਾ ਹੋਣਾ। ਅਤੇ ਅੱਜ ਇਹ ਸ਼ਬਦ ਸਾਡੇ ਦਿਲਾਂ ਨੂੰ ਵੀ ਕਾਇਮ ਕਰਦੇ ਹਨ।
19. ਯਹੋਵਾਹ ਦਾ ਗੁੱਸਾ ਠੰਢਾ ਕਦੋਂ ਹੁੰਦਾ ਹੈ?
19 ਯਹੋਵਾਹ ਦੇ ਅਗਲੇ ਸ਼ਬਦਾਂ ਤੋਂ ਵੀ ਦਿਲਾਸਾ ਮਿਲਦਾ ਹੈ: “ਮੈਂ ਸਦਾ ਤਾਂ ਨਾ ਝਗੜਾਂਗਾ, ਨਾ ਹਮੇਸ਼ਾ ਕੋਪਵਾਨ ਰਹਾਂਗਾ, ਕਿਉਂ ਜੋ ਆਤਮਾ ਮੇਰੇ ਹਜ਼ੂਰੋਂ ਨਢਾਲ ਹੋ ਜਾਂਦਾ, ਨਾਲੇ ਪ੍ਰਾਣ ਜਿਨ੍ਹਾਂ ਨੂੰ ਮੈਂ ਬਣਾਇਆ।” (ਯਸਾਯਾਹ 57:16) ਜੇ ਯਹੋਵਾਹ ਦਾ ਕ੍ਰੋਧ ਹਮੇਸ਼ਾ ਲਈ ਰਹਿੰਦਾ ਤਾਂ ਕੋਈ ਵੀ ਪ੍ਰਾਣੀ ਨਹੀਂ ਬਚ ਸਕਦਾ ਸੀ। ਪਰ ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਦਾ ਗੁੱਸਾ ਸਿਰਫ਼ ਥੋੜ੍ਹੇ ਸਮੇਂ ਲਈ ਹੀ ਰਹਿੰਦਾ ਹੈ। ਜਦੋਂ ਉਸ ਦੇ ਕ੍ਰੋਧ ਦਾ ਕਾਰਨ ਮਿਟ ਜਾਂਦਾ ਹੈ ਤਾਂ ਉਸ ਦਾ ਗੁੱਸਾ ਠੰਢਾ ਹੋ ਜਾਂਦਾ ਹੈ। ਇਹ ਗੱਲ ਜਾਣ ਕੇ ਯਹੋਵਾਹ ਦੇ ਪਿਆਰ ਲਈ ਸਾਡੀ ਕਦਰ ਵਧਦੀ ਹੈ।
20. (ੳ) ਯਹੋਵਾਹ ਉਸ ਵਿਅਕਤੀ ਨਾਲ ਕਿਵੇਂ ਪੇਸ਼ ਆਉਂਦਾ ਹੈ ਜੋ ਪਛਤਾਵਾ ਨਹੀਂ ਕਰਦਾ? (ਅ) ਯਹੋਵਾਹ ਦਿਲੋਂ ਪਛਤਾਵਾ ਕਰਨ ਵਾਲੇ ਵਿਅਕਤੀ ਨੂੰ ਕਿਵੇਂ ਦਿਲਾਸਾ ਦਿੰਦਾ ਹੈ?
20 ਅਗਲੀਆਂ ਗੱਲਾਂ ਤੋਂ ਸਾਨੂੰ ਯਹੋਵਾਹ ਦੇ ਸੁਭਾਅ ਬਾਰੇ ਹੋਰ ਵੀ ਪਤਾ ਲੱਗਦਾ ਹੈ। ਪਹਿਲਾਂ ਉਸ ਨੇ ਕਿਹਾ: “ਮੈਂ ਉਹ ਦੇ ਲੋਭ ਦੀ ਬੁਰਿਆਈ ਦੇ ਕਾਰਨ ਕੋਪਵਾਨ ਹੋਇਆ, ਮੈਂ ਉਹ ਨੂੰ ਮਾਰਿਆ, ਮੈਂ ਆਪਣਾ ਮੂੰਹ ਲੁਕਾਇਆ, ਮੈਂ ਕੋਪਵਾਨ ਹੋਇਆ, ਪਰ ਉਹ ਆਪਣੇ ਮਨ ਦੇ ਰਾਹ ਵਿੱਚ ਪਿੱਛੇ ਹਟਦਾ ਜਾਂਦਾ ਸੀ।” (ਯਸਾਯਾਹ 57:17) ਲਾਲਚ ਕਰਕੇ ਕੀਤੀ ਜਾਂਦੀ ਬੁਰਿਆਈ ਪਰਮੇਸ਼ੁਰ ਦਾ ਗੁੱਸਾ ਭੜਕਾਉਂਦੀ ਹੈ। ਜਿੰਨਾ ਚਿਰ ਇਕ ਵਿਅਕਤੀ ਗ਼ਲਤ ਰਾਹਾਂ ਵਿਚ ਚੱਲਦਾ ਰਹਿੰਦਾ ਹੈ ਉੱਨਾ ਚਿਰ ਯਹੋਵਾਹ ਦਾ ਗੁੱਸਾ ਉਸ ਉੱਤੇ ਰਹਿੰਦਾ ਹੈ। ਪਰ ਉਦੋਂ ਕੀ ਜਦੋਂ ਕੋਈ ਵਿਅਕਤੀ ਤੋਬਾ ਕਰ ਕੇ ਪਰਮੇਸ਼ੁਰ ਦੀ ਤਾੜਨਾ ਸਵੀਕਾਰ ਕਰਦਾ ਹੈ? ਉਦੋਂ ਯਹੋਵਾਹ ਪਿਆਰ ਅਤੇ ਦਇਆ ਕਰਦਾ ਹੈ। ਇਸ ਬਾਰੇ ਉਸ ਨੇ ਕਿਹਾ: “ਮੈਂ ਉਸ ਦੇ ਰਾਹ ਵੇਖੇ ਅਤੇ ਮੈਂ ਉਹ ਨੂੰ ਚੰਗਾ ਕਰਾਂਗਾ, ਮੈਂ ਉਹ ਦੀ ਅਗਵਾਈ ਕਰਾਂਗਾ, ਅਤੇ ਉਹ ਨੂੰ ਅਰ ਉਹ ਦੇ ਦਰਦੀਆਂ ਨੂੰ ਤਸੱਲੀਆਂ ਬਖ਼ਸ਼ਾਂਗਾ।” (ਯਸਾਯਾਹ 57:18) ਤਾੜਨਾ ਜਾਂ ਸਜ਼ਾ ਦੇਣ ਤੋਂ ਬਾਅਦ, ਯਹੋਵਾਹ ਦਿਲੋਂ ਪਛਤਾਵਾ ਕਰਨ ਵਾਲੇ ਵਿਅਕਤੀ ਨੂੰ ਚੰਗਾ ਕਰਦਾ ਹੈ ਅਤੇ ਉਸ ਨੂੰ ਅਤੇ ਉਸ ਦੇ ਦਰਦੀਆਂ ਨੂੰ ਦਿਲਾਸਾ ਦਿੰਦਾ ਹੈ। ਇਸੇ ਕਾਰਨ 537 ਸਾ.ਯੁ.ਪੂ. ਵਿਚ ਯਹੂਦੀ ਆਪਣੇ ਵਤਨ ਨੂੰ ਵਾਪਸ ਮੁੜ ਸਕਦੇ ਸਨ। ਇਹ ਸੱਚ ਹੈ ਕਿ ਦਾਊਦ ਦੇ ਘਰਾਣੇ ਵਿੱਚੋਂ ਯਹੂਦਾਹ ਉੱਤੇ ਦੁਬਾਰਾ ਕਦੀ ਵੀ ਕਿਸੇ ਰਾਜੇ ਨੇ ਰਾਜ ਨਹੀਂ ਕੀਤਾ ਸੀ। ਫਿਰ ਵੀ ਯਰੂਸ਼ਲਮ ਦੀ ਹੈਕਲ ਦੁਬਾਰਾ ਉਸਾਰੀ ਗਈ ਸੀ ਅਤੇ ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੀ ਗਈ ਸੀ।
21. (ੳ) ਯਹੋਵਾਹ ਨੇ 1919 ਵਿਚ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਕਿਵੇਂ ਕਿਰਪਾ ਕੀਤੀ ਸੀ? (ਅ) ਸਾਡੇ ਸਾਰਿਆਂ ਵਿਚ ਕਿਹੜਾ ਗੁਣ ਹੋਣਾ ਚਾਹੀਦਾ ਹੈ?
21 ਯਹੋਵਾਹ “ਮਹਾਨ ਅਤੇ ਉੱਤਮ ਪੁਰਖ” ਹੈ, ਅਤੇ ਉਸ ਨੇ 1919 ਵਿਚ ਮਸਹ ਕੀਤੇ ਹੋਏ ਬਕੀਏ ਨਾਲ ਵੀ ਪਿਆਰ ਕੀਤਾ ਸੀ। ਉਨ੍ਹਾਂ ਦੇ ਪਛਤਾਵੇ ਅਤੇ ਨਿਮਰ ਆਤਮਾ ਦੇ ਕਾਰਨ ਮਹਾਨ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦਾ ਦੁੱਖ ਦੇਖਿਆ, ਅਤੇ ਉਨ੍ਹਾਂ ਨੂੰ ਬਾਬੁਲੀ ਗ਼ੁਲਾਮੀ ਵਿੱਚੋਂ ਕੱਢ ਕੇ ਉਨ੍ਹਾਂ ਉੱਤੇ ਕਿਰਪਾ ਕੀਤੀ। ਉਸ ਨੇ ਸਾਰੀਆਂ ਰੁਕਾਵਟਾਂ ਦੂਰ ਕੀਤੀਆਂ ਅਤੇ ਉਨ੍ਹਾਂ ਨੂੰ ਸ਼ੁੱਧ ਭਗਤੀ ਕਰਨ ਦੀ ਆਜ਼ਾਦੀ ਦਿੱਤੀ। ਇਸ ਤਰ੍ਹਾਂ ਉਸ ਸਮੇਂ ਯਸਾਯਾਹ ਰਾਹੀਂ ਕਹੇ ਗਏ ਯਹੋਵਾਹ ਦੇ ਸ਼ਬਦ ਪੂਰੇ ਹੋਏ ਸਨ। ਅਤੇ ਇਨ੍ਹਾਂ ਸ਼ਬਦਾਂ ਵਿਚ ਅਜਿਹੇ ਸਿਧਾਂਤ ਹਨ ਜੋ ਸਾਡੇ ਸਾਰਿਆਂ ਉੱਤੇ ਲਾਗੂ ਹੁੰਦੇ ਹਨ। ਮਿਸਾਲ ਲਈ, ਯਹੋਵਾਹ ਸਿਰਫ਼ ਉਨ੍ਹਾਂ ਦੀ ਭਗਤੀ ਮਨਜ਼ੂਰ ਕਰਦਾ ਹੈ ਜੋ ਮਨ ਦੇ ਹਲੀਮ ਹਨ। ਜੇ ਪਰਮੇਸ਼ੁਰ ਦਾ ਕੋਈ ਸੇਵਕ ਕੋਈ ਪਾਪ ਕਰ ਬੈਠੇ ਤਾਂ ਉਸ ਨੂੰ ਇਕਦਮ ਆਪਣੀ ਗ਼ਲਤੀ ਕਬੂਲ ਕਰ ਕੇ ਅਤੇ ਤਾੜਨਾ ਸਵੀਕਾਰ ਕਰ ਕੇ ਆਪਣੇ ਰਾਹ ਸੁਧਾਰਨੇ ਚਾਹੀਦੇ ਹਨ। ਸਾਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਕਿ ਯਹੋਵਾਹ ਹਲੀਮ ਲੋਕਾਂ ਨੂੰ ਚੰਗਾ ਕਰਦਾ ਹੈ ਅਤੇ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ ਪਰ ਉਹ “ਹੰਕਾਰੀਆਂ ਦਾ ਸਾਹਮਣਾ ਕਰਦਾ” ਹੈ।—ਯਾਕੂਬ 4:6.
“ਦੂਰ ਵਾਲੇ ਲਈ ਅਰ ਨੇੜੇ ਵਾਲੇ ਲਈ ਸ਼ਾਂਤੀ”
22. ਯਹੋਵਾਹ ਨੇ ਤੋਬਾ ਕਰਨ ਵਾਲਿਆਂ ਅਤੇ ਬੁਰੇ ਲੋਕਾਂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?
22 ਤੋਬਾ ਕਰਨ ਵਾਲਿਆਂ ਅਤੇ ਬੁਰੇ ਰਾਹਾਂ ਵਿਚ ਲੱਗੇ ਰਹਿਣ ਵਾਲਿਆਂ ਦੇ ਭਵਿੱਖ ਬਾਰੇ ਫ਼ਰਕ ਦੱਸਦੇ ਹੋਏ ਯਹੋਵਾਹ ਨੇ ਕਿਹਾ: “ਮੈਂ ਬੁੱਲ੍ਹਾਂ ਦਾ ਫਲ ਉਤਪੰਨ ਕਰਦਾ ਹਾਂ। ਦੂਰ ਵਾਲੇ ਲਈ ਅਰ ਨੇੜੇ ਵਾਲੇ ਲਈ ਸ਼ਾਂਤੀ, ਸ਼ਾਂਤੀ! . . . ਅਤੇ ਮੈਂ ਉਹ ਨੂੰ ਚੰਗਾ ਕਰਾਂਗਾ। ਦੁਸ਼ਟ ਉੱਛਲਦੇ ਸਮੁੰਦਰ ਵਾਂਙੁ ਹਨ, ਕਿਉਂ ਜੋ ਉਹ ਚੈਨ ਨਹੀਂ ਕਰ ਸੱਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ। . . . ਦੁਸ਼ਟਾਂ ਲਈ ਸ਼ਾਂਤੀ ਨਹੀਂ।”—ਯਸਾਯਾਹ 57:19-21.
23. ਬੁੱਲ੍ਹਾਂ ਦਾ ਫਲ ਕੀ ਹੈ, ਅਤੇ ਯਹੋਵਾਹ ਇਸ ਫਲ ਨੂੰ ਕਿਵੇਂ “ਉਤਪੰਨ” ਕਰਦਾ ਹੈ?
23 ਬੁੱਲ੍ਹਾਂ ਦੇ ਫਲ ਦਾ ਮਤਲਬ ਪਰਮੇਸ਼ੁਰ ਦੀ ਉਸਤਤ ਦਾ ਬਲੀਦਾਨ ਚੜ੍ਹਾਉਣਾ ਅਤੇ ਉਸ ਦੇ ਨਾਂ ਦਾ ਇਕਰਾਰ ਕਰਨਾ ਹੈ। (ਇਬਰਾਨੀਆਂ 13:15) ਯਹੋਵਾਹ ਇਹ ਫਲ ਕਿਵੇਂ “ਉਤਪੰਨ” ਕਰ ਰਿਹਾ ਹੈ? ਪਰਮੇਸ਼ੁਰ ਦੀ ਉਸਤਤ ਕਰਨ ਲਈ ਇਕ ਵਿਅਕਤੀ ਨੂੰ ਪਹਿਲਾਂ ਪਰਮੇਸ਼ੁਰ ਬਾਰੇ ਸਿੱਖਣਾ ਪੈਂਦਾ ਹੈ ਅਤੇ ਫਿਰ ਉਸ ਵਿਚ ਨਿਹਚਾ ਕਰਨੀ ਪੈਂਦੀ ਹੈ। ਨਿਹਚਾ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਇਕ ਫਲ ਹੈ ਅਤੇ ਇਹ ਉਸ ਵਿਅਕਤੀ ਨੂੰ ਦੂਸਰਿਆਂ ਨੂੰ ਉਹ ਗੱਲਾਂ ਦੱਸਣ ਲਈ ਪ੍ਰੇਰਦੀ ਹੈ ਜੋ ਉਸ ਨੇ ਸਿੱਖੀਆਂ ਹਨ। (ਰੋਮੀਆਂ 10:13-15; ਗਲਾਤੀਆਂ 5:22) ਯਾਦ ਰੱਖੋ ਕਿ ਯਹੋਵਾਹ ਹੀ ਆਪਣੇ ਸੇਵਕਾਂ ਨੂੰ ਉਸ ਦੀ ਵਡਿਆਈ ਕਰਨ ਦਾ ਕੰਮ ਸੌਂਪਦਾ ਹੈ। ਅਤੇ ਯਹੋਵਾਹ ਹੀ ਆਪਣੇ ਲੋਕਾਂ ਨੂੰ ਆਜ਼ਾਦ ਕਰਦਾ ਹੈ ਤਾਂਕਿ ਉਹ ਅਜਿਹੇ ਉਸਤਤ ਦੇ ਬਲੀਦਾਨ ਚੜ੍ਹਾ ਸਕਣ। (1 ਪਤਰਸ 2:9) ਇਸ ਲਈ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਬੁੱਲ੍ਹਾਂ ਦਾ ਫਲ ਉਤਪੰਨ ਕਰਦਾ ਹੈ।
24. (ੳ) ਪਰਮੇਸ਼ੁਰ ਵੱਲੋਂ ਸ਼ਾਂਤੀ ਕਿਨ੍ਹਾਂ ਨੂੰ ਮਿਲੀ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ ਸੀ? (ਅ) ਸ਼ਾਂਤੀ ਕਿਨ੍ਹਾਂ ਨੂੰ ਨਹੀਂ ਮਿਲੀ ਅਤੇ ਉਨ੍ਹਾਂ ਲਈ ਇਸ ਦਾ ਨਤੀਜਾ ਕੀ ਨਿਕਲਿਆ ਸੀ?
24 ਜਦੋਂ ਯਹੂਦੀ ਲੋਕ ਯਹੋਵਾਹ ਦੀ ਉਸਤਤ ਕਰਦੇ ਹੋਏ ਆਪਣੇ ਵਤਨ ਵਾਪਸ ਜਾ ਰਹੇ ਸਨ, ਤਾਂ ਉਨ੍ਹਾਂ ਦੇ ਬੁੱਲ੍ਹਾਂ ਦਾ ਫਲ ਕਿੰਨਾ ਵਧੀਆ ਸੀ! ਪਰਮੇਸ਼ੁਰ ਵੱਲੋਂ ਸ਼ਾਂਤੀ ਹਾਸਲ ਕਰ ਕੇ ਉਹ ਕਿੰਨੇ ਖ਼ੁਸ਼ ਸਨ, ਚਾਹੇ ਉਹ ਅਜੇ ਯਹੂਦਾਹ ਤੋਂ “ਦੂਰ” ਸਨ ਜਾਂ ਉਸ ਦੇ “ਨੇੜੇ,” ਯਾਨੀ ਬਾਬਲ ਵਿਚ ਜਾਂ ਆਪਣੇ ਵਤਨ ਵਿਚ। ਇਸ ਦੇ ਬਿਲਕੁਲ ਉਲਟ ਦੁਸ਼ਟ ਲੋਕਾਂ ਦੀ ਹਾਲਤ ਕਿੰਨੀ ਮਾੜੀ ਸੀ! ਜਿਨ੍ਹਾਂ ਦੁਸ਼ਟ ਲੋਕਾਂ ਨੇ ਯਹੋਵਾਹ ਦੀ ਸਜ਼ਾ ਤੋਂ ਸਬਕ ਨਹੀਂ ਸਿੱਖਿਆ ਉਹ ਭਾਵੇਂ ਜਿੱਥੇ ਮਰਜ਼ੀ ਸਨ ਉਨ੍ਹਾਂ ਕੋਲ ਕੋਈ ਸ਼ਾਂਤੀ ਨਹੀਂ ਸੀ। ਉਨ੍ਹਾਂ ਨੇ ਬੁੱਲ੍ਹਾਂ ਦੇ ਫਲ ਦੀ ਬਜਾਇ ਉੱਛਲਦੇ ਸਮੁੰਦਰ ਵਾਂਗ “ਚਿੱਕੜ ਅਤੇ ਗੰਦ” ਉੱਛਲਿਆ ਸੀ।
25. ਹਰ ਜਗ੍ਹਾ ਲੋਕਾਂ ਨੂੰ ਸ਼ਾਂਤੀ ਕਿਵੇਂ ਮਿਲ ਰਹੀ ਹੈ?
25 ਅੱਜ ਵੀ ਹਰ ਜਗ੍ਹਾ ਯਹੋਵਾਹ ਦੇ ਸੇਵਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ। ਕੁਝ 230 ਦੇਸ਼ਾਂ ਵਿਚ ਮਸੀਹੀ ਬੁੱਲ੍ਹਾਂ ਦਾ ਫਲ ਚੜ੍ਹਾ ਰਹੇ ਹਨ ਅਤੇ ਸੱਚੇ ਪਰਮੇਸ਼ੁਰ ਦੀ ਉਸਤਤ ਕਰ ਰਹੇ ਹਨ। ਉਨ੍ਹਾਂ ਦੇ ਉਸਤਤ ਦੇ ਗੀਤ “ਧਰਤੀ ਦੀਆਂ ਹੱਦਾਂ ਤੋਂ” ਸੁਣਾਈ ਦਿੰਦੇ ਹਨ। (ਯਸਾਯਾਹ 42:10-12) ਜਿਹੜੇ ਉਨ੍ਹਾਂ ਦਾ ਪ੍ਰਚਾਰ ਸੁਣ ਕੇ ਉਸ ਨੂੰ ਸਵੀਕਾਰ ਕਰਦੇ ਹਨ, ਉਹ ਬਾਈਬਲ ਦੀ ਸੱਚਾਈ ਮੰਨਦੇ ਹਨ। ਇਨ੍ਹਾਂ ਲੋਕਾਂ ਨੂੰ ਉਹ ਸ਼ਾਂਤੀ ਮਿਲਦੀ ਹੈ ਜੋ “ਸ਼ਾਂਤੀ ਦਾਤਾ ਪਰਮੇਸ਼ੁਰ” ਦੀ ਸੇਵਾ ਕਰਨ ਤੋਂ ਮਿਲਦੀ ਹੈ।—ਰੋਮੀਆਂ 16:20.
26. (ੳ) ਭਵਿੱਖ ਵਿਚ ਦੁਸ਼ਟ ਲੋਕਾਂ ਨਾਲ ਕੀ ਹੋਵੇਗਾ? (ਅ) ਅਧੀਨ ਲੋਕਾਂ ਨਾਲ ਕਿਹੜਾ ਵਾਅਦਾ ਕੀਤਾ ਗਿਆ ਹੈ ਅਤੇ ਸਾਡਾ ਕੀ ਇਰਾਦਾ ਹੋਣਾ ਚਾਹੀਦਾ ਹੈ?
26 ਇਹ ਸੱਚ ਹੈ ਕਿ ਦੁਸ਼ਟ ਲੋਕ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਨਹੀਂ ਸੁਣਦੇ। ਪਰ ਉਹ ਸਮਾਂ ਆ ਰਿਹਾ ਹੈ ਜਦੋਂ ਉਹ ਧਰਮੀ ਲੋਕਾਂ ਦੀ ਸ਼ਾਂਤੀ ਲੁੱਟ ਨਹੀਂ ਸਕਣਗੇ। ਯਹੋਵਾਹ ਦਾ ਵਾਅਦਾ ਹੈ ਕਿ “ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ।” ਯਹੋਵਾਹ ਦੀ ਸ਼ਰਨ ਵਿਚ ਆਉਣ ਵਾਲੇ ਅਧੀਨ ਲੋਕ “ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰ 37:10, 11, 29) ਉਸ ਸਮੇਂ ਸਾਡੀ ਧਰਤੀ ਕਿੰਨੀ ਸੁੰਦਰ ਹੋਵੇਗੀ! ਅਸੀਂ ਉਮੀਦ ਰੱਖਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਸ਼ਾਂਤੀ ਕਦੀ ਵੀ ਨਹੀਂ ਖੋਹ ਬੈਠਾਂਗੇ ਅਤੇ ਹਮੇਸ਼ਾ ਲਈ ਪਰਮੇਸ਼ੁਰ ਦੀ ਉਸਤਤ ਕਰਦੇ ਰਹਾਂਗੇ।
[ਫੁਟਨੋਟ]
a “ਬਿਸਤਰ” ਸ਼ਬਦ ਜਗਵੇਦੀ ਨੂੰ ਜਾਂ ਝੂਠੀ ਪੂਜਾ ਦੀ ਜਗ੍ਹਾ ਨੂੰ ਸੰਕੇਤ ਕਰਦਾ ਹੈ। ਇਸ ਨੂੰ ਬਿਸਤਰ ਸੱਦਣ ਦਾ ਮਤਲਬ ਸੀ ਕਿ ਅਜਿਹੀ ਪੂਜਾ ਰੂਹਾਨੀ ਤੌਰ ਤੇ ਵਿਭਚਾਰ ਸੀ।
b ਟੁੰਡਾਂ ਨੇ ਸ਼ਾਇਦ ਇਸਤਰੀ ਦੇ ਗੁਪਤ-ਅੰਗ ਨੂੰ ਅਤੇ ਥੰਮ੍ਹਾਂ ਨੇ ਸ਼ਾਇਦ ਪੁਰਸ਼-ਇੰਦਰੀ ਨੂੰ ਦਰਸਾਇਆ ਹੋਵੇ। ਯਹੂਦਾਹ ਦੇ ਬੇਵਫ਼ਾ ਵਾਸੀਆਂ ਨੇ ਇਨ੍ਹਾਂ ਦੋਹਾਂ ਚੀਜ਼ਾਂ ਦੀ ਪੂਜਾ ਕੀਤੀ ਸੀ।—2 ਰਾਜਿਆਂ 18:4; 23:14.
[ਸਫ਼ਾ 263 ਉੱਤੇ ਤਸਵੀਰ]
ਯਹੂਦਾਹ ਦੇ ਲੋਕਾਂ ਨੇ ਹਰ ਹਰੇ ਰੁੱਖ ਦੇ ਹੇਠ ਗੰਦੀ ਪੂਜਾ ਕੀਤੀ
[ਸਫ਼ਾ 267 ਉੱਤੇ ਤਸਵੀਰ]
ਯਹੂਦਾਹ ਨੇ ਪੂਰੇ ਦੇਸ਼ ਵਿਚ ਜਗਵੇਦੀਆਂ ਬਣਾਈਆਂ
[ਸਫ਼ਾ 275 ਉੱਤੇ ਤਸਵੀਰ]
“ਮੈਂ ਬੁੱਲ੍ਹਾਂ ਦਾ ਫਲ ਉਤਪੰਨ ਕਰਦਾ ਹਾਂ”