“ਨਿੱਕਾ ਜਿਹਾ ਹਜ਼ਾਰ” ਹੋ ਗਿਆ ਹੈ
“ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ।”—ਯਸਾਯਾਹ 60:22.
1, 2. (ੳ) ਅੱਜ ਹਨੇਰੇ ਨੇ ਧਰਤੀ ਨੂੰ ਕਿਉਂ ਢੱਕਿਆ ਹੋਇਆ ਹੈ? (ਅ) ਯਹੋਵਾਹ ਦਾ ਚਾਨਣ ਉਸ ਦੇ ਲੋਕਾਂ ਉੱਤੇ ਕਿਵੇਂ ਚਮਕਿਆ ਹੈ?
“ਅਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਨੂੰ ਘਟਾਂ, ਪਰ ਯਹੋਵਾਹ ਤੇਰੇ ਉੱਤੇ ਚਮਕੇਗਾ, ਅਤੇ ਉਹ ਦਾ ਪਰਤਾਪ ਤੇਰੇ ਉੱਤੇ ਵਿਖਾਈ ਦੇਵੇਗਾ।” (ਯਸਾਯਾਹ 60:2) ਇਹ ਸ਼ਬਦ 1919 ਤੋਂ ਬਾਅਦ ਦੁਨੀਆਂ ਦੀ ਹਾਲਤ ਨੂੰ ਚੰਗੀ ਤਰ੍ਹਾਂ ਬਿਆਨ ਕਰਦੇ ਹਨ। ਈਸਾਈ-ਜਗਤ ਨੇ ‘ਜਗਤ ਦੇ ਚਾਨਣ’ ਯਿਸੂ ਮਸੀਹ ਦੀ ਬਾਦਸ਼ਾਹੀ ਮੌਜੂਦਗੀ ਦੇ ਲੱਛਣ ਨੂੰ ਪਛਾਣਨ ਤੋਂ ਇਨਕਾਰ ਕੀਤਾ ਹੈ। (ਯੂਹੰਨਾ 8:12; ਮੱਤੀ 24:3) “ਇਸ ਅੰਧਘੋਰ ਦੇ ਮਹਾਰਾਜਿਆਂ” ਦੇ ਮੁਖੀ, ਸ਼ਤਾਨ ਨੂੰ “ਵੱਡਾ ਕ੍ਰੋਧ” ਹੋਣ ਕਰਕੇ 20ਵੀਂ ਸਦੀ ਮਨੁੱਖੀ ਇਤਿਹਾਸ ਦੀ ਸਭ ਤੋਂ ਦੁਖਦਾਈ ਅਤੇ ਵਿਨਾਸ਼ਕਾਰੀ ਸਦੀ ਸਾਬਤ ਹੋਈ ਹੈ। (ਪਰਕਾਸ਼ ਦੀ ਪੋਥੀ 12:12; ਅਫ਼ਸੀਆਂ 6:12) ਜ਼ਿਆਦਾਤਰ ਲੋਕ ਅਧਿਆਤਮਿਕ ਹਨੇਰੇ ਵਿਚ ਰਹਿੰਦੇ ਹਨ।
2 ਪਰ ਚਾਨਣ ਅੱਜ ਵੀ ਚਮਕ ਰਿਹਾ ਹੈ। ਯਹੋਵਾਹ ਆਪਣੇ ਸੇਵਕਾਂ ਅਰਥਾਤ ਮਸਹ ਕੀਤੇ ਹੋਏ ਬਕੀਏ ਉੱਤੇ ‘ਚਮਕ ਰਿਹਾ ਹੈ’ ਜੋ ਉਸ ਦੇ ਸਵਰਗੀ ਸੰਗਠਨ ਦੇ ਧਰਤੀ ਉੱਤੇ ਨੁਮਾਇੰਦੇ ਹਨ। (ਯਸਾਯਾਹ 60:1) ਖ਼ਾਸ ਕਰਕੇ 1919 ਵਿਚ ਵੱਡੀ ਬਾਬੁਲ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਤੋਂ ਬਾਅਦ, ਇਨ੍ਹਾਂ ਨੇ ਪਰਮੇਸ਼ੁਰ ਦੇ ਪ੍ਰਤਾਪ ਨੂੰ ਪ੍ਰਤਿਬਿੰਬਤ ਕੀਤਾ ਹੈ ਅਤੇ ‘ਆਪਣਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕਣ’ ਦਿੱਤਾ ਹੈ। (ਮੱਤੀ 5:16) ਸਾਲ 1919 ਤੋਂ 1931 ਤਕ, ਜਿਉਂ-ਜਿਉਂ ਇਹ ਵੱਡੀ ਬਾਬੁਲ ਦੀਆਂ ਸਿੱਖਿਆਵਾਂ ਦੀਆਂ ਬੇੜੀਆਂ ਨੂੰ ਆਪਣੇ ਉੱਪਰੋਂ ਲਾਹ ਕੇ ਸੁੱਟਦੇ ਗਏ, ਤਿਉਂ-ਤਿਉਂ ਇਨ੍ਹਾਂ ਉੱਤੇ ਰਾਜ ਦਾ ਚਾਨਣ ਹੋਰ ਜ਼ਿਆਦਾ ਚਮਕਿਆ। ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਵਧ ਗਈ ਜਦੋਂ ਯਹੋਵਾਹ ਨੇ ਆਪਣਾ ਇਹ ਵਾਅਦਾ ਪੂਰਾ ਕੀਤਾ: “ਮੈਂ ਇਸਰਾਏਲ ਦੇ ਬਕੀਏ ਨੂੰ ਜਮਾ ਕਰਾਂਗਾ, ਮੈਂ ਓਹਨਾਂ ਨੂੰ ਬਾਸਰਾਹ ਦੀਆਂ ਭੇਡਾਂ ਵਾਂਙੁ ਰਲਾ ਕੇ ਰੱਖਾਂਗਾ, ਇੱਕ ਇੱਜੜ ਵਾਂਙੁ ਜਿਹੜਾ ਉਸ ਦੀ ਜੂਹ ਵਿੱਚ ਹੈ, ਆਦਮੀ ਦੇ ਕਾਰਨ ਓਹ ਜ਼ੋਰ ਕਰਨਗੇ।” (ਮੀਕਾਹ 2:12) ਸਾਲ 1931 ਵਿਚ ਯਹੋਵਾਹ ਦਾ ਪ੍ਰਤਾਪ ਆਪਣੇ ਲੋਕਾਂ ਉੱਤੇ ਹੋਰ ਜ਼ਿਆਦਾ ਚਮਕਿਆ ਜਦੋਂ ਉਨ੍ਹਾਂ ਨੇ ‘ਯਹੋਵਾਹ ਦੇ ਗਵਾਹ’ ਨਾਂ ਅਪਣਾਇਆ।—ਯਸਾਯਾਹ 43:10, 12.
3. ਇਹ ਗੱਲ ਕਿਵੇਂ ਸਪੱਸ਼ਟ ਹੋਈ ਕਿ ਯਹੋਵਾਹ ਦਾ ਚਾਨਣ ਮਸਹ ਕੀਤੇ ਹੋਇਆਂ ਤੋਂ ਇਲਾਵਾ ਹੋਰ ਲੋਕਾਂ ਉੱਤੇ ਵੀ ਚਮਕੇਗਾ?
3 ਕੀ ਯਹੋਵਾਹ ਸਿਰਫ਼ ‘ਛੋਟੇ ਝੁੰਡ’ ਦੇ ਬਕੀਏ ਉੱਤੇ ਹੀ ਚਮਕਦਾ ਹੈ? (ਲੂਕਾ 12:32) ਨਹੀਂ। ਪਹਿਰਾਬੁਰਜ (ਅੰਗ੍ਰੇਜ਼ੀ) ਦੇ 1 ਸਤੰਬਰ 1931 ਦੇ ਅੰਕ ਨੇ ਇਕ ਹੋਰ ਸਮੂਹ ਬਾਰੇ ਦੱਸਿਆ। ਹਿਜ਼ਕੀਏਲ 9:1-11 ਦੀ ਵਧੀਆ ਢੰਗ ਨਾਲ ਵਿਆਖਿਆ ਕਰਦੇ ਹੋਏ ਇਸ ਨੇ ਦਿਖਾਇਆ ਕਿ ਇਨ੍ਹਾਂ ਆਇਤਾਂ ਵਿਚ ਜ਼ਿਕਰ ਕੀਤਾ ਗਿਆ ਆਦਮੀ ਜਿਸ ਕੋਲ ਲਿਖਣ ਵਾਲੀ ਦਵਾਤ ਸੀ, ਮਸਹ ਕੀਤੇ ਹੋਏ ਬਕੀਏ ਨੂੰ ਦਰਸਾਉਂਦਾ ਹੈ। ਇਹ “ਆਦਮੀ” ਕਿਨ੍ਹਾਂ ਦੇ ਮੱਥੇ ਉੱਤੇ ਨਿਸ਼ਾਨ ਲਾਉਂਦਾ ਹੈ? ਉਹ ‘ਹੋਰ ਭੇਡਾਂ’ ਅਰਥਾਤ ਉਨ੍ਹਾਂ ਲੋਕਾਂ ਦੇ ਮੱਥੇ ਤੇ ਨਿਸ਼ਾਨ ਲਾਉਂਦਾ ਹੈ ਜਿਹੜੇ ਫਿਰਦੌਸ ਵਰਗੀ ਧਰਤੀ ਉੱਤੇ ਰਹਿਣ ਦੀ ਆਸ ਰੱਖਦੇ ਹਨ। (ਯੂਹੰਨਾ 10:16; ਜ਼ਬੂਰ 37:29) ਸਾਲ 1935 ਵਿਚ ਇਹ ਪਤਾ ਲੱਗਾ ਕਿ ‘ਹੋਰ ਭੇਡਾਂ’ ਦਾ ਇਹ ਸਮੂਹ “ਹਰੇਕ ਕੌਮ ਵਿੱਚੋਂ” ਨਿਕਲੀ ਉਹੀ “ਵੱਡੀ ਭੀੜ” ਹੈ ਜਿਸ ਨੂੰ ਯੂਹੰਨਾ ਰਸੂਲ ਨੇ ਦਰਸ਼ਣ ਵਿਚ ਦੇਖਿਆ ਸੀ। (ਪਰਕਾਸ਼ ਦੀ ਪੋਥੀ 7:9-14) ਸਾਲ 1935 ਤੋਂ ਲੈ ਕੇ ਹੁਣ ਤਕ ਇਸ ਵੱਡੀ ਭੀੜ ਨੂੰ ਇਕੱਠਾ ਕਰਨ ਵੱਲ ਬਹੁਤ ਧਿਆਨ ਦਿੱਤਾ ਗਿਆ ਹੈ।
4. ਯਸਾਯਾਹ 60:3 ਵਿਚ ਜ਼ਿਕਰ ਕੀਤੇ ਗਏ “ਰਾਜੇ” ਅਤੇ “ਕੌਮਾਂ” ਕੌਣ ਹਨ?
4 ਇਸ ਵੱਡੀ ਭੀੜ ਨੂੰ ਇਕੱਠਾ ਕੀਤੇ ਜਾਣ ਦੇ ਬਾਰੇ ਯਸਾਯਾਹ ਦੀ ਭਵਿੱਖਬਾਣੀ ਵਿਚ ਵੀ ਜ਼ਿਕਰ ਕੀਤਾ ਗਿਆ ਹੈ: “ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕਾਹਟ ਵੱਲ।” (ਯਸਾਯਾਹ 60:3) ਇੱਥੇ ਜ਼ਿਕਰ ਕੀਤੇ ਗਏ “ਰਾਜੇ” ਕੌਣ ਹਨ? ਇਹ 1,44,000 ਦੇ ਬਕੀਏ ਹਨ ਜੋ ਯਿਸੂ ਮਸੀਹ ਦੇ ਨਾਲ ਸਵਰਗੀ ਰਾਜ ਦੇ ਸਾਂਝੇ ਅਧਿਕਾਰੀ ਹਨ ਅਤੇ ਇਨ੍ਹਾਂ ਨੇ ਗਵਾਹੀ ਦੇਣ ਦੇ ਕੰਮ ਵਿਚ ਅਗਵਾਈ ਕੀਤੀ ਹੈ। (ਰੋਮੀਆਂ 8:17; ਪਰਕਾਸ਼ ਦੀ ਪੋਥੀ 12:17; 14:1) ਅੱਜ ਮਸਹ ਕੀਤੇ ਹੋਏ ਮਸੀਹੀਆਂ ਵਿੱਚੋਂ ਬਚੇ ਕੁਝ ਹਜ਼ਾਰ ਵਿਅਕਤੀਆਂ ਨਾਲੋਂ “ਕੌਮਾਂ” ਅਰਥਾਤ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ ਲੋਕਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਇਹ ਲੋਕ ਯਹੋਵਾਹ ਤੋਂ ਸਿੱਖਣ ਲਈ ਆਉਂਦੇ ਹਨ ਅਤੇ ਦੂਸਰਿਆਂ ਨੂੰ ਵੀ ਸੱਦਾ ਦਿੰਦੇ ਹਨ ਕਿ ਉਹ ਵੀ ਯਹੋਵਾਹ ਤੋਂ ਸਿੱਖਣ।—ਯਸਾਯਾਹ 2:3.
ਯਹੋਵਾਹ ਦੇ ਜੋਸ਼ੀਲੇ ਸੇਵਕ
5. (ੳ) ਕਿਹੜੀਆਂ ਗੱਲਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਦੇ ਲੋਕਾਂ ਦਾ ਜੋਸ਼ ਠੰਢਾ ਨਹੀਂ ਪਿਆ ਹੈ? (ਅ) ਕਿਹੜੇ ਦੇਸ਼ਾਂ ਵਿਚ ਸਾਲ 1999 ਵਿਚ ਕਾਫ਼ੀ ਵਾਧਾ ਹੋਇਆ ਹੈ? (ਸਫ਼ੇ 17-20 ਉੱਤੇ ਦਿੱਤਾ ਗਿਆ ਚਾਰਟ ਦੇਖੋ।)
5 ਯਹੋਵਾਹ ਦੇ ਆਧੁਨਿਕ ਦਿਨ ਦੇ ਗਵਾਹਾਂ ਨੇ 20ਵੀਂ ਸਦੀ ਦੌਰਾਨ ਕਿੰਨਾ ਜੋਸ਼ ਦਿਖਾਇਆ! ਅਤੇ ਲਗਾਤਾਰ ਦਬਾਵਾਂ ਦੇ ਵਧਣ ਦੇ ਬਾਵਜੂਦ ਸਾਲ 2000 ਤਕ ਵੀ ਉਨ੍ਹਾਂ ਦਾ ਜੋਸ਼ ਠੰਢਾ ਨਹੀਂ ਪਿਆ। ਉਨ੍ਹਾਂ ਨੇ ਯਿਸੂ ਦੇ ਇਸ ਹੁਕਮ ਨੂੰ ਪੂਰੀ ਗੰਭੀਰਤਾ ਨਾਲ ਲਿਆ: “ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” (ਮੱਤੀ 28:19, 20) ਵੀਹਵੀਂ ਸਦੀ ਦੇ ਅਖ਼ੀਰਲੇ ਸੇਵਾ ਸਾਲ ਵਿਚ ਖ਼ੁਸ਼ ਖ਼ਬਰੀ ਦੇ ਸਰਗਰਮ ਪ੍ਰਕਾਸ਼ਕਾਂ ਦੀ ਵੱਧ ਤੋਂ ਵੱਧ ਗਿਣਤੀ 59,12,492 ਸੀ। ਉਨ੍ਹਾਂ ਨੇ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਦੂਸਰਿਆਂ ਨਾਲ ਗੱਲ ਕਰਨ ਵਿਚ ਕੁੱਲ 1,14,45,66,849 ਘੰਟੇ ਬਤੀਤ ਕੀਤੇ ਜੋ ਕਿ ਬਹੁਤ ਹੀ ਮਾਅਰਕੇ ਦੀ ਗੱਲ ਹੈ। ਉਨ੍ਹਾਂ ਨੇ ਦਿਲਚਸਪੀ ਰੱਖਣ ਵਾਲਿਆਂ ਨਾਲ 42,00,47,796 ਪੁਨਰ-ਮੁਲਾਕਾਤਾਂ ਕੀਤੀਆਂ ਅਤੇ 44,33,884 ਮੁਫ਼ਤ ਬਾਈਬਲ ਅਧਿਐਨ ਕਰਾਏ। ਜੋਸ਼ੀਲੀ ਸੇਵਕਾਈ ਦਾ ਕਿੰਨਾ ਸ਼ਾਨਦਾਰ ਰਿਕਾਰਡ!
6. ਪਾਇਨੀਅਰਾਂ ਲਈ ਕਿਹੜਾ ਨਵਾਂ ਪ੍ਰਬੰਧ ਕੀਤਾ ਗਿਆ ਸੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
6 ਪਿਛਲੇ ਸਾਲ ਜਨਵਰੀ ਵਿਚ ਪ੍ਰਬੰਧਕ ਸਭਾ ਨੇ ਪਾਇਨੀਅਰਾਂ ਦੇ ਘੰਟਿਆਂ ਵਿਚ ਤਬਦੀਲੀ ਦੀ ਘੋਸ਼ਣਾ ਕੀਤੀ ਸੀ। ਸਿੱਟੇ ਵਜੋਂ ਬਹੁਤ ਸਾਰੇ ਭੈਣ-ਭਰਾਵਾਂ ਨੇ ਨਿਯਮਿਤ ਜਾਂ ਸਹਿਯੋਗੀ ਪਾਇਨੀਅਰੀ ਲਈ ਅਰਜ਼ੀਆਂ ਭਰੀਆਂ। ਉਦਾਹਰਣ ਲਈ 1999 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ, ਨੀਦਰਲੈਂਡਜ਼ ਦੇ ਸ਼ਾਖ਼ਾ ਦਫ਼ਤਰ ਨੂੰ ਨਿਯਮਿਤ ਪਾਇਨੀਅਰੀ ਲਈ 1998 ਦੇ ਪਹਿਲੇ ਚਾਰ ਮਹੀਨਿਆਂ ਨਾਲੋਂ ਚਾਰ ਗੁਣਾਂ ਜ਼ਿਆਦਾ ਅਰਜ਼ੀਆਂ ਮਿਲੀਆਂ। ਘਾਨਾ ਰਿਪੋਰਟ ਕਰਦਾ ਹੈ: “ਜਦੋਂ ਤੋਂ ਪਾਇਨੀਅਰਾਂ ਦੇ ਘੰਟੇ ਘਟਾਏ ਗਏ ਹਨ, ਉਦੋਂ ਤੋਂ ਸਾਡੇ ਨਿਯਮਿਤ ਪਾਇਨੀਅਰਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।” ਪੂਰੀ ਦੁਨੀਆਂ ਵਿਚ 1999 ਦੇ ਸੇਵਾ ਸਾਲ ਦੌਰਾਨ ਪਾਇਨੀਅਰਾਂ ਦੀ ਗਿਣਤੀ 7,38,343 ਸੀ, ਜੋ ਕਿ “ਸ਼ੁਭ ਕਰਮਾਂ” ਲਈ ਜੋਸ਼ ਦਾ ਇਕ ਸ਼ਾਨਦਾਰ ਪ੍ਰਦਰਸ਼ਨ ਹੈ।—ਤੀਤੁਸ 2:14.
7. ਯਹੋਵਾਹ ਨੇ ਆਪਣੇ ਸੇਵਕਾਂ ਦੇ ਜੋਸ਼ੀਲੇ ਕੰਮ ਨੂੰ ਕਿਵੇਂ ਬਰਕਤ ਦਿੱਤੀ ਹੈ?
7 ਕੀ ਯਹੋਵਾਹ ਨੇ ਇਸ ਜੋਸ਼ੀਲੀ ਸੇਵਕਾਈ ਨੂੰ ਬਰਕਤ ਦਿੱਤੀ ਹੈ? ਜੀ ਹਾਂ। ਯਸਾਯਾਹ ਦੁਆਰਾ ਉਹ ਕਹਿੰਦਾ ਹੈ: “ਆਪਣੀਆਂ ਅੱਖਾਂ ਚੁੱਕ ਕੇ ਆਲੇ ਦੁਆਲੇ ਵੇਖ! ਓਹ ਸਭ ਦੇ ਸਭ ਇਕੱਠੇ ਹੁੰਦੇ, ਓਹ ਤੇਰੇ ਕੋਲ ਆਉਂਦੇ, ਤੇਰੇ ਪੁੱਤ੍ਰ ਦੂਰੋਂ ਆਉਣਗੇ, ਅਤੇ ਤੇਰੀਆਂ ਧੀਆਂ ਕੁੱਛੜ ਚੁੱਕੀਆ ਜਾਣਗੀਆਂ।” (ਯਸਾਯਾਹ 60:4) ਮਸਹ ਕੀਤੇ ਹੋਏ “ਪੁੱਤ੍ਰ” ਅਤੇ “ਧੀਆਂ,” ਜਿਨ੍ਹਾਂ ਨੂੰ ਇਕੱਠਾ ਕੀਤਾ ਗਿਆ ਹੈ, ਅਜੇ ਵੀ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਅਤੇ ਹੁਣ 234 ਦੇਸ਼ਾਂ ਵਿਚ ਅਤੇ ਟਾਪੂਆਂ ਉੱਤੇ ਯਿਸੂ ਦੀਆਂ ਹੋਰ ਭੇਡਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਹ ਯਹੋਵਾਹ ਦੇ ਮਸਹ ਕੀਤੇ ਹੋਏ ‘ਪੁੱਤ੍ਰਾਂ’ ਅਤੇ “ਧੀਆਂ” ਨਾਲ ਇਕਜੁੱਟ ਹੋ ਕੇ ਕੰਮ ਕਰ ਰਹੀਆਂ ਹਨ।
‘ਹਰੇਕ ਭਲਾ ਕੰਮ’
8. ਯਹੋਵਾਹ ਦੇ ਗਵਾਹ ਕਿਹੜੇ ‘ਭਲੇ ਕੰਮਾਂ’ ਵਿਚ ਲੱਗੇ ਹੋਏ ਹਨ?
8 ਮਸੀਹੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਦਿਲਚਸਪੀ ਰੱਖਣ ਵਾਲਿਆਂ ਦੀ ਚੇਲੇ ਬਣਨ ਵਿਚ ਮਦਦ ਕਰਨ। ਪਰ ਉਹ ‘ਹਰੇਕ ਭਲੇ ਕੰਮ ਲਈ ਤਿਆਰ ਕੀਤੇ ਹੋਏ’ ਹਨ। (2 ਤਿਮੋਥਿਉਸ 3:17) ਇਸ ਤਰ੍ਹਾਂ ਉਹ ਬੜੇ ਪਿਆਰ ਨਾਲ ਆਪਣੇ ਪਰਿਵਾਰਾਂ ਦੀ ਦੇਖ-ਭਾਲ ਕਰਦੇ ਹਨ, ਪਰਾਹੁਣਚਾਰੀ ਕਰਦੇ ਹਨ ਅਤੇ ਬੀਮਾਰ ਵਿਅਕਤੀਆਂ ਨੂੰ ਮਿਲਣ ਜਾਂਦੇ ਹਨ। (1 ਤਿਮੋਥਿਉਸ 5:8; ਇਬਰਾਨੀਆਂ 13:16) ਅਤੇ ਸਵੈ-ਸੇਵਕ ਭੈਣ-ਭਰਾ ਰਾਜ ਗ੍ਰਹਿ ਬਣਾਉਣ ਵਰਗੇ ਕੰਮਾਂ ਵਿਚ ਲੱਗੇ ਹੋਏ ਹਨ। ਅਜਿਹੀ ਉਸਾਰੀ ਦਾ ਕੰਮ ਆਪਣੇ ਆਪ ਵਿਚ ਇਕ ਗਵਾਹੀ ਹੈ। ਟੋਗੋ ਵਿਚ ਇਕ ਰਾਜ ਗ੍ਰਹਿ ਬਣਨ ਤੋਂ ਬਾਅਦ, ਸਥਾਨਕ ਕੈਰਿਸਮੈਟਿਕ ਚਰਚ ਦੇ ਮੁਖੀ ਜਾਣਨਾ ਚਾਹੁੰਦੇ ਸਨ ਕਿ ਯਹੋਵਾਹ ਦੇ ਗਵਾਹ ਆਪਣੇ ਹਾਲ ਆਪ ਹੀ ਕਿਉਂ ਬਣਾ ਲੈਂਦੇ ਸਨ ਜਦ ਕਿ ਚਰਚ ਨੂੰ ਇਸ ਕੰਮ ਲਈ ਮਜ਼ਦੂਰ ਲਾਉਣੇ ਪੈਂਦੇ ਸਨ! ਟੋਗੋ ਰਿਪੋਰਟ ਕਰਦਾ ਹੈ ਕਿ ਵਧੀਆ ਕਿਸਮ ਦੇ ਰਾਜ ਗ੍ਰਹਿਆਂ ਦੇ ਨਿਰਮਾਣ ਦਾ ਗੁਆਂਢੀਆਂ ਉੱਤੇ ਇੰਨਾ ਚੰਗਾ ਅਸਰ ਪਿਆ ਹੈ ਕਿ ਕੁਝ ਲੋਕ ਉਨ੍ਹਾਂ ਇਲਾਕਿਆਂ ਵਿਚ ਘਰ ਕਿਰਾਏ ਤੇ ਲੈਣ ਜਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਜਿੱਥੇ ਰਾਜ ਗ੍ਰਹਿ ਬਣਾਏ ਜਾਣਗੇ।
9. ਜਦੋਂ ਆਫ਼ਤਾਂ ਆਈਆਂ, ਤਾਂ ਯਹੋਵਾਹ ਦੇ ਗਵਾਹਾਂ ਨੇ ਕੀ ਕੀਤਾ?
9 ਕਈ ਵਾਰ ਇਕ ਹੋਰ ਭਲੇ ਕੰਮ ਲਈ ਸੱਦਾ ਦਿੱਤਾ ਜਾਂਦਾ ਹੈ। ਪਿਛਲੇ ਸੇਵਾ ਸਾਲ ਦੌਰਾਨ ਬਹੁਤ ਸਾਰੇ ਦੇਸ਼ਾਂ ਵਿਚ ਆਫ਼ਤਾਂ ਆਈਆਂ ਅਤੇ ਆਫ਼ਤ-ਗ੍ਰਸਤ ਇਲਾਕਿਆਂ ਵਿਚ ਯਹੋਵਾਹ ਦੇ ਗਵਾਹ ਮਦਦ ਕਰਨ ਲਈ ਹਮੇਸ਼ਾ ਪਹਿਲਾਂ ਆਏ। ਉਦਾਹਰਣ ਲਈ, ਹਾਂਡੂਰਸ ਵਿਚ ਹਰੀਕੇਨ ਮਿੱਚ ਨਾਮਕ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ। ਉੱਥੇ ਦੀ ਸ਼ਾਖ਼ਾ ਨੇ ਜਲਦੀ ਹੀ ਮਦਦ ਕਰਨ ਵਾਸਤੇ ਸੰਕਟਕਾਲੀਨ ਕਮੇਟੀਆਂ ਬਣਾਈਆਂ। ਹਾਂਡੂਰਸ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਗਵਾਹਾਂ ਨੇ ਕੱਪੜੇ, ਖਾਣ-ਪੀਣ ਦੀਆਂ ਚੀਜ਼ਾਂ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਭੇਜਿਆ। ਪ੍ਰਾਦੇਸ਼ਕ ਨਿਰਮਾਣ ਸਮਿਤੀਆਂ ਨੇ ਘਰਾਂ ਨੂੰ ਦੁਬਾਰਾ ਬਣਾਉਣ ਲਈ ਆਪਣੇ ਹੁਨਰ ਇਸਤੇਮਾਲ ਕੀਤੇ। ਉਸ ਤੂਫ਼ਾਨ ਦੇ ਸ਼ਿਕਾਰ ਹੋਏ ਭਰਾਵਾਂ ਦੀ ਜਲਦੀ ਹੀ ਮਦਦ ਕੀਤੀ ਗਈ ਜਿਸ ਕਰਕੇ ਉਹ ਆਪਣੇ ਕੰਮ-ਕਾਰ ਦੁਬਾਰਾ ਸ਼ੁਰੂ ਕਰ ਸਕੇ। ਇਕਵੇਡਾਰ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣੇ ਭਰਾਵਾਂ ਦੀ ਮਦਦ ਕੀਤੀ ਜਦੋਂ ਹੜ੍ਹ ਨੇ ਕੁਝ ਘਰਾਂ ਨੂੰ ਤਬਾਹ ਕਰ ਦਿੱਤਾ। ਜਦੋਂ ਇਕ ਸਰਕਾਰੀ ਅਧਿਕਾਰੀ ਨੇ ਦੇਖਿਆ ਕਿ ਉਨ੍ਹਾਂ ਨੇ ਇਸ ਸਥਿਤੀ ਨਾਲ ਕਿੰਨੇ ਵਧੀਆ ਤਰੀਕੇ ਨਾਲ ਨਜਿੱਠਿਆ ਹੈ, ਤਾਂ ਉਸ ਨੇ ਕਿਹਾ: “ਜੇ ਇਹ ਲੋਕ ਮੇਰੇ ਕੋਲ ਹੁੰਦੇ, ਤਾਂ ਮੈਂ ਕੀ ਕੁਝ ਨਹੀਂ ਕਰ ਸਕਦਾ! ਤੁਹਾਡੇ ਵਰਗੇ ਲੋਕ ਸਾਰੀ ਦੁਨੀਆਂ ਵਿਚ ਹੋਣੇ ਚਾਹੀਦੇ ਹਨ।” ਅਜਿਹੇ ਭਲੇ ਕੰਮਾਂ ਨਾਲ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ ਅਤੇ ਇਹ ਸਾਡੀ “ਭਗਤੀ [ਜੋ] ਸਭਨਾਂ ਗੱਲਾਂ ਲਈ ਲਾਭਵੰਤ ਹੈ” ਦਾ ਸਬੂਤ ਹਨ।—1 ਤਿਮੋਥਿਉਸ 4:8.
ਉਹ “ਬੱਦਲ ਵਾਂਙੁ ਉੱਡੇ ਆਉਂਦੇ ਹਨ”
10. ਭਾਵੇਂ ਕਿ ਮਸਹ ਕੀਤੇ ਹੋਇਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ, ਪਰ ਅੱਜ ਯਹੋਵਾਹ ਦੇ ਨਾਂ ਦਾ ਐਲਾਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਿਵੇਂ ਕੀਤਾ ਜਾ ਰਿਹਾ ਹੈ?
10 ਯਹੋਵਾਹ ਹੁਣ ਪੁੱਛਦਾ ਹੈ: “ਏਹ ਕੌਣ ਹਨ ਜਿਹੜੇ ਬੱਦਲ ਵਾਂਙੁ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਕਾਬੁਕਾਂ ਨੂੰ? ਸੱਚ ਮੁੱਚ ਟਾਪੂ ਮੇਰੀ ਉਡੀਕ ਕਰਨਗੇ, ਨਾਲੇ ਪਹਿਲਾਂ ਤਰਸ਼ੀਸ਼ ਦੇ ਜਹਾਜ਼, ਭਈ ਓਹ ਤੇਰੇ ਪੁੱਤ੍ਰਾਂ ਨੂੰ . . . ਦੂਰੋਂ ਲਿਆਉਣ, . . . ਓਪਰੇ ਤੇਰੀਆਂ ਕੰਧਾਂ ਨੂੰ ਉਸਾਰਨਗੇ, ਅਤੇ ਓਹਨਾਂ ਦੇ ਰਾਜੇ ਤੇਰੀ ਸੇਵਾ ਕਰਨਗੇ।” (ਯਸਾਯਾਹ 60:8-10) ਸਭ ਤੋਂ ਪਹਿਲਾਂ ਯਹੋਵਾਹ ਦੇ ਪਰਤਾਪ ਦੀ ‘ਚਮਕਾਹਟ’ ਨੂੰ ਉਸ ਦੇ ‘ਪੁੱਤ੍ਰ’ ਅਰਥਾਤ ਮਸਹ ਕੀਤੇ ਹੋਏ ਮਸੀਹੀ ਦੇਖ ਕੇ ਆਏ। ਫਿਰ “ਓਪਰੇ” ਅਰਥਾਤ ਵੱਡੀ ਭੀੜ ਆਈ ਜੋ ਆਪਣੇ ਮਸਹ ਕੀਤੇ ਭਰਾਵਾਂ ਦੀ ਵਫ਼ਾਦਾਰੀ ਨਾਲ ਸੇਵਾ ਕਰਦੀ ਹੈ ਅਤੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਉਨ੍ਹਾਂ ਦੀ ਅਗਵਾਈ ਵਿਚ ਚੱਲਦੀ ਹੈ। ਇਸ ਕਰਕੇ, ਭਾਵੇਂ ਮਸਹ ਕੀਤੇ ਹੋਇਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ, ਪਰ ਅੱਜ ਪੂਰੀ ਧਰਤੀ ਉੱਤੇ ਯਹੋਵਾਹ ਦੇ ਨਾਂ ਦਾ ਐਲਾਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕੀਤਾ ਜਾ ਰਿਹਾ ਹੈ।
11. (ੳ) ਕਿਹੜਾ ਕੰਮ ਅਜੇ ਵੀ ਚੱਲ ਰਿਹਾ ਹੈ ਅਤੇ 1999 ਵਿਚ ਇਸ ਦਾ ਕੀ ਨਤੀਜਾ ਨਿਕਲਿਆ? (ਅ) ਕਿਹੜੇ ਦੇਸ਼ਾਂ ਵਿਚ 1999 ਵਿਚ ਬਪਤਿਸਮਾ ਲੈਣ ਵਾਲਿਆਂ ਦੀ ਗਿਣਤੀ ਸ਼ਾਨਦਾਰ ਸੀ? (ਸਫ਼ੇ 17-20 ਉੱਤੇ ਦਿੱਤਾ ਗਿਆ ਚਾਰਟ ਦੇਖੋ।)
11 ਨਤੀਜੇ ਵਜੋਂ, “ਜਿਵੇਂ ਘੁੱਗੀਆਂ ਆਪਣੇ ਕਾਬੁਕਾਂ ਨੂੰ” ਆਉਂਦੀਆਂ ਹਨ, ਉਸੇ ਤਰ੍ਹਾਂ ਲੱਖਾਂ ਲੋਕ ਆ ਕੇ ਮਸੀਹੀ ਕਲੀਸਿਯਾ ਵਿਚ ਸ਼ਰਨ ਲੈ ਰਹੇ ਹਨ। ਹਰ ਸਾਲ ਲੱਖਾਂ ਲੋਕ ਆ ਰਹੇ ਹਨ ਅਤੇ ਹੋਰ ਬਹੁਤ ਸਾਰਿਆਂ ਲਈ ਦਰਵਾਜ਼ਾ ਅਜੇ ਵੀ ਖੁੱਲ੍ਹਾ ਹੈ। ਯਸਾਯਾਹ ਕਹਿੰਦਾ ਹੈ: ‘ਤੇਰੇ ਫਾਟਕ ਸਦਾ ਖੁਲ੍ਹੇ ਰਹਿਣਗੇ, ਓਹ ਦਿਨ ਰਾਤ ਬੰਦ ਨਾ ਹੋਣਗੇ, ਭਈ ਤੇਰੇ ਕੋਲ ਕੌਮਾਂ ਦਾ ਧਨ ਲੈ ਆਉਣ।’ (ਯਸਾਯਾਹ 60:11) ਪਿਛਲੇ ਸਾਲ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ 3,23,439 ਲੋਕਾਂ ਨੇ ਬਪਤਿਸਮਾ ਲਿਆ ਅਤੇ ਯਹੋਵਾਹ ਨੇ ਅਜੇ ਫਾਟਕ ਬੰਦ ਨਹੀਂ ਕੀਤਾ ਹੈ। “ਸਾਰੀਆਂ ਕੌਮਾਂ ਦੇ ਪਦਾਰਥ,” ਯਾਨੀ ਕਿ ਵੱਡੀ ਭੀੜ ਦੇ ਮੈਂਬਰ ਅਜੇ ਵੀ ਉਨ੍ਹਾਂ ਫ਼ਾਟਕਾਂ ਵਿੱਚੋਂ ਦੀ ਲੰਘ ਰਹੇ ਹਨ। (ਹੱਜਈ 2:7) ਕੋਈ ਵੀ ਵਿਅਕਤੀ ਜਿਹੜਾ ਹਨੇਰੇ ਵਿੱਚੋਂ ਬਾਹਰ ਆਉਣਾ ਚਾਹੁੰਦਾ ਹੈ, ਉਨ੍ਹਾਂ ਦਾ ਸੁਆਗਤ ਕੀਤਾ ਜਾਂਦਾ ਹੈ। (ਯੂਹੰਨਾ 12:46) ਸਾਡੀ ਪ੍ਰਾਰਥਨਾ ਹੈ ਕਿ ਇਹ ਲੋਕ ਹਮੇਸ਼ਾ ਚਾਨਣ ਦੀ ਕਦਰ ਕਰਦੇ ਰਹਿਣ!
ਵਿਰੋਧ ਦੇ ਬਾਵਜੂਦ ਨਿਡਰ
12. ਜਿਹੜੇ ਲੋਕ ਹਨੇਰੇ ਨਾਲ ਪਿਆਰ ਕਰਦੇ ਹਨ, ਉਨ੍ਹਾਂ ਨੇ ਚਾਨਣ ਨੂੰ ਬੁਝਾਉਣ ਦੀ ਕਿਵੇਂ ਕੋਸ਼ਿਸ਼ ਕੀਤੀ ਹੈ?
12 ਜਿਹੜੇ ਹਨੇਰੇ ਨਾਲ ਪਿਆਰ ਕਰਦੇ ਹਨ, ਉਹ ਯਹੋਵਾਹ ਦੇ ਚਾਨਣ ਨੂੰ ਨਫ਼ਰਤ ਕਰਦੇ ਹਨ। (ਯੂਹੰਨਾ 3:19) ਕਈ ਤਾਂ ਇਸ ਚਾਨਣ ਨੂੰ ਬੁਝਾਉਣ ਦੀ ਵੀ ਕੋਸ਼ਿਸ਼ ਕਰਦੇ ਹਨ ਅਤੇ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਯਿਸੂ ਜੋ ‘ਸੱਚਾ ਚਾਨਣ ਹੈ ਅਤੇ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ,’ ਉਸ ਦਾ ਵੀ ਮਜ਼ਾਕ ਉਡਾਇਆ ਗਿਆ, ਵਿਰੋਧ ਕੀਤਾ ਗਿਆ ਅਤੇ ਉਹ ਆਖ਼ਰਕਾਰ ਆਪਣੇ ਹੀ ਲੋਕਾਂ ਦੁਆਰਾ ਮਾਰਿਆ ਗਿਆ। (ਯੂਹੰਨਾ 1:9) ਵੀਹਵੀਂ ਸਦੀ ਦੌਰਾਨ ਜਦੋਂ ਵੀ ਯਹੋਵਾਹ ਦੇ ਗਵਾਹਾਂ ਨੇ ਵਫ਼ਾਦਾਰੀ ਨਾਲ ਯਹੋਵਾਹ ਦੇ ਚਾਨਣ ਨੂੰ ਪ੍ਰਤਿਬਿੰਬਤ ਕੀਤਾ ਹੈ, ਤਾਂ ਉਨ੍ਹਾਂ ਦਾ ਵੀ ਮਜ਼ਾਕ ਉਡਾਇਆ ਗਿਆ, ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਗਿਆ, ਉਨ੍ਹਾਂ ਤੇ ਪਾਬੰਦੀ ਲਾਈ ਗਈ ਅਤੇ ਉਨ੍ਹਾਂ ਦਾ ਕਤਲ ਵੀ ਕੀਤਾ ਗਿਆ। ਹਾਲ ਹੀ ਦੇ ਸਾਲਾਂ ਵਿਚ, ਪਰਮੇਸ਼ੁਰ ਦੇ ਚਾਨਣ ਨੂੰ ਪ੍ਰਤਿਬਿੰਬਤ ਕਰਨ ਵਾਲੇ ਲੋਕਾਂ ਦੇ ਵਿਰੁੱਧ ਵਿਰੋਧੀਆਂ ਨੇ ਸੰਚਾਰ ਮਾਧਿਅਮ ਰਾਹੀਂ ਝੂਠ ਫੈਲਾਇਆ ਹੈ। ਕੁਝ ਵਿਅਕਤੀ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਹਨ ਕਿ ਯਹੋਵਾਹ ਦੇ ਗਵਾਹ ਬਹੁਤ ਖ਼ਤਰਨਾਕ ਲੋਕ ਹਨ ਅਤੇ ਉਨ੍ਹਾਂ ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਕੀ ਇਹ ਵਿਰੋਧੀ ਕਾਮਯਾਬ ਹੋਏ ਹਨ?
13. ਸੰਚਾਰ ਮਾਧਿਅਮ ਰਾਹੀਂ ਸਾਡੇ ਕੰਮ ਬਾਰੇ ਸਮਝਦਾਰੀ ਨਾਲ ਸੱਚਾਈਆਂ ਪੇਸ਼ ਕਰਨ ਦਾ ਕੀ ਨਤੀਜਾ ਨਿਕਲਿਆ ਹੈ?
13 ਨਹੀਂ। ਜਦੋਂ ਵੀ ਲੋੜ ਪਈ, ਯਹੋਵਾਹ ਦੇ ਗਵਾਹਾਂ ਨੇ ਸੰਚਾਰ ਮਾਧਿਅਮ ਦੇ ਰਾਹੀਂ ਸੱਚਾਈ ਦੱਸੀ ਹੈ। ਨਤੀਜੇ ਵਜੋਂ, ਯਹੋਵਾਹ ਦਾ ਨਾਂ ਅਖ਼ਬਾਰਾਂ ਤੇ ਰਸਾਲਿਆਂ ਰਾਹੀਂ ਅਤੇ ਰੇਡੀਓ ਤੇ ਟੈਲੀਵਿਯਨ ਰਾਹੀਂ ਦੂਰ-ਦੂਰ ਤਕ ਫੈਲਿਆ ਹੈ। ਇਸ ਦਾ ਪ੍ਰਚਾਰ ਦੇ ਕੰਮ ਉੱਤੇ ਚੰਗਾ ਪ੍ਰਭਾਵ ਪਿਆ ਹੈ। ਉਦਾਹਰਣ ਲਈ ਪੂਰੇ ਡੈਨਮਾਰਕ ਵਿਚ ਟੀ.ਵੀ. ਉੱਤੇ ਇਕ ਪ੍ਰੋਗ੍ਰਾਮ ਪੇਸ਼ ਕੀਤਾ ਗਿਆ ਜਿਸ ਦਾ ਵਿਸ਼ਾ ਸੀ, “ਡੈਨਮਾਰਕ ਦੇ ਲੋਕਾਂ ਦਾ ਵਿਸ਼ਵਾਸ ਕਿਉਂ ਘੱਟਦਾ ਜਾ ਰਿਹਾ ਹੈ।” ਦੂਸਰੇ ਧਰਮਾਂ ਦੇ ਲੋਕਾਂ ਤੋਂ ਇਲਾਵਾ ਯਹੋਵਾਹ ਦੇ ਗਵਾਹਾਂ ਦੀ ਵੀ ਇੰਟਰਵਿਊ ਲਈ ਗਈ। ਬਾਅਦ ਵਿਚ ਇਕ ਤੀਵੀਂ, ਜਿਸ ਨੇ ਇਹ ਪ੍ਰੋਗ੍ਰਾਮ ਦੇਖਿਆ ਸੀ, ਨੇ ਕਿਹਾ: “ਇਹ ਸਾਫ਼ ਨਜ਼ਰ ਆ ਰਿਹਾ ਸੀ ਕਿ ਕਿਨ੍ਹਾਂ ਲੋਕਾਂ ਉੱਤੇ ਪਰਮੇਸ਼ੁਰ ਦੀ ਆਤਮਾ ਹੈ।” ਉਸ ਨਾਲ ਅਧਿਐਨ ਸ਼ੁਰੂ ਕੀਤਾ ਗਿਆ।
14. ਵਿਰੋਧੀਆਂ ਨੂੰ ਜਲਦੀ ਹੀ ਕੀ ਮੰਨਣ ਲਈ ਮਜਬੂਰ ਹੋਣਾ ਪਵੇਗਾ?
14 ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਇਸ ਸੰਸਾਰ ਵਿਚ ਬਹੁਤ ਸਾਰੇ ਲੋਕ ਉਨ੍ਹਾਂ ਦਾ ਵਿਰੋਧ ਕਰਨਗੇ। (ਯੂਹੰਨਾ 17:14) ਪਰ ਉਨ੍ਹਾਂ ਨੂੰ ਯਸਾਯਾਹ ਦੀ ਭਵਿੱਖਬਾਣੀ ਦੁਆਰਾ ਹੌਸਲਾ ਮਿਲਦਾ ਹੈ: “ਤੇਰੇ ਦੋਖੀਆਂ ਦੇ ਪੁੱਤ੍ਰ ਤੇਰੇ ਕੋਲ ਨਿਉਂਦੇ ਹੋਏ ਆਉਣਗੇ, ਤੈਨੂੰ ਸਾਰੇ ਤੁੱਛ ਜਾਣਨ ਵਾਲੇ ਤੇਰੇ ਪੈਰਾਂ ਉੱਤੇ ਮੱਥਾ ਟੇਕਣਗੇ, ਓਹ ਤੈਨੂੰ ਯਹੋਵਾਹ ਦਾ ਸ਼ਹਿਰ, ਇਸਰਾਏਲ ਦੇ ਪਵਿੱਤਰ ਪੁਰਖ ਦਾ ਸੀਯੋਨ ਆਖਣਗੇ।” (ਯਸਾਯਾਹ 60:14) ਵਿਰੋਧੀਆਂ ਨੂੰ ਉਦੋਂ ਘੋਰ ਨਿਰਾਸ਼ਾ ਹੋਵੇਗੀ ਜਦੋਂ ਉਨ੍ਹਾਂ ਨੂੰ ਜਲਦੀ ਹੀ ਇਹ ਮੰਨਣਾ ਪਵੇਗਾ ਕਿ ਉਹ ਪਰਮੇਸ਼ੁਰ ਦੇ ਨਾਲ ਲੜ ਰਹੇ ਸਨ। ਕੌਣ ਪਰਮੇਸ਼ੁਰ ਤੋਂ ਇਹ ਲੜਾਈ ਜਿੱਤ ਸਕਦਾ ਹੈ?
15. ਯਹੋਵਾਹ ਦੇ ਗਵਾਹ ਕਿਵੇਂ ‘ਕੌਮਾਂ ਦਾ ਦੁੱਧ ਚੁੰਘਦੇ’ ਹਨ ਅਤੇ ਇਹ ਕਿਸ ਤਰ੍ਹਾਂ ਉਨ੍ਹਾਂ ਦੇ ਸਿੱਖਿਆ ਦੇਣ ਅਤੇ ਪ੍ਰਚਾਰ ਦੇ ਕੰਮ ਤੋਂ ਨਜ਼ਰ ਆਇਆ ਹੈ?
15 ਯਹੋਵਾਹ ਅੱਗੇ ਇਹ ਵਾਅਦਾ ਕਰਦਾ ਹੈ: “ਮੈਂ ਤੈਨੂੰ ਸਦਾ ਲਈ ਉੱਤਮ . . . ਰੱਖਾਂਗਾ। ਤੂੰ ਕੌਮਾਂ ਦਾ ਦੁੱਧ ਚੁੰਘੇਂਗੀ, ਅਤੇ ਰਾਜਿਆਂ ਦੀ ਛਾਤੀ ਚੁੰਘੇਂਗੀ, ਤੂੰ ਜਾਣੇਂਗੀ ਭਈ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ।” (ਯਸਾਯਾਹ 60:15, 16) ਜੀ ਹਾਂ, ਯਹੋਵਾਹ ਆਪਣੇ ਲੋਕਾਂ ਦਾ ਬਚਾਉਣ ਵਾਲਾ ਹੈ। ਜੇ ਉਹ ਉਸ ਦਾ ਸਹਾਰਾ ਲੈਂਦੇ ਹਨ, ਤਾਂ ਉਹ “ਸਦਾ ਲਈ” ਰਹਿਣਗੇ। ਅਤੇ ਉਹ ਸੱਚੀ ਉਪਾਸਨਾ ਨੂੰ ਹੋਰ ਵਧਾਉਣ ਲਈ ਉਪਲਬਧ ਸਾਧਨਾਂ ਦਾ ਪ੍ਰਯੋਗ ਕਰ ਕੇ ‘ਕੌਮਾਂ ਦਾ ਦੁੱਧ ਚੁੰਘਣਗੇ।’ ਉਦਾਹਰਣ ਲਈ ਕੰਪਿਊਟਰ ਅਤੇ ਸੰਚਾਰ ਮਾਧਿਅਮਾਂ ਦਾ ਵਧੀਆ ਤਰੀਕੇ ਨਾਲ ਇਸਤੇਮਾਲ ਕਰ ਕੇ 121 ਭਾਸ਼ਾਵਾਂ ਵਿਚ ਪਹਿਰਾਬੁਰਜ ਅਤੇ 62 ਭਾਸ਼ਾਵਾਂ ਵਿਚ ਜਾਗਰੂਕ ਬਣੋ! ਰਸਾਲੇ ਇੱਕੋ ਸਮੇਂ ਤੇ ਛਾਪੇ ਜਾਂਦੇ ਹਨ। ਨਵੀਆਂ ਭਾਸ਼ਾਵਾਂ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਦਾ ਅਨੁਵਾਦ ਕਰਨ ਵਿਚ ਮਦਦ ਕਰਨ ਲਈ ਇਕ ਖ਼ਾਸ ਕੰਪਿਊਟਰ ਪ੍ਰੋਗ੍ਰਾਮ ਬਣਾਇਆ ਗਿਆ ਹੈ। ਇਸ ਅਨੁਵਾਦ ਨਾਲ ਭੈਣ-ਭਰਾਵਾਂ ਨੂੰ ਬਹੁਤ ਖ਼ੁਸ਼ੀ ਮਿਲੀ ਹੈ। ਜਦੋਂ 1999 ਵਿਚ ਕ੍ਰੋਏਸ਼ੀਅਨ ਭਾਸ਼ਾ ਵਿਚ ਮਸੀਹੀ ਯੂਨਾਨੀ ਸ਼ਾਸਤਰ ਰਿਲੀਜ਼ ਕੀਤਾ ਗਿਆ, ਤਾਂ ਹਜ਼ਾਰਾਂ ਭੈਣ-ਭਰਾ ਖ਼ੁਸ਼ੀ ਦੇ ਮਾਰੇ ਰੋਣ ਲੱਗ ਪਏ। ਇਕ ਬਜ਼ੁਰਗ ਭਰਾ ਨੇ ਕਿਹਾ: “ਮੈਂ ਇਸ ਦੀ ਬਹੁਤ ਲੰਮੇ ਸਮੇਂ ਤੋਂ ਉਡੀਕ ਕੀਤੀ ਹੈ। ਹੁਣ ਮੈਂ ਸ਼ਾਂਤੀ ਨਾਲ ਮਰ ਸਕਦਾ ਹਾਂ।” ਪੂਰੀ ਜਾਂ ਹਿੱਸਿਆਂ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਦੀਆਂ 34 ਭਾਸ਼ਾਵਾਂ ਵਿਚ 10 ਕਰੋੜ ਤੋਂ ਜ਼ਿਆਦਾ ਕਾਪੀਆਂ ਵੰਡੀਆਂ ਗਈਆਂ ਹਨ।
ਉੱਚ ਨੈਤਿਕ ਮਿਆਰ
16, 17. (ੳ) ਭਾਵੇਂ ਕਿ ਯਹੋਵਾਹ ਦੇ ਉੱਚੇ ਮਿਆਰਾਂ ਉੱਤੇ ਕਾਇਮ ਰਹਿਣਾ ਮੁਸ਼ਕਲ ਹੈ, ਪਰ ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ? (ਅ) ਕਿਹੜਾ ਅਨੁਭਵ ਦਿਖਾਉਂਦਾ ਹੈ ਕਿ ਨੌਜਵਾਨ ਸੰਸਾਰ ਦੀ ਪਲੀਤਗੀ ਤੋਂ ਬਚ ਸਕਦੇ ਹਨ?
16 ਯਿਸੂ ਨੇ ਕਿਹਾ: “ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ।” (ਯੂਹੰਨਾ 3:20) ਦੂਸਰੇ ਪਾਸੇ ਜਿਹੜੇ ਚਾਨਣ ਵਿਚ ਰਹਿੰਦੇ ਹਨ, ਉਹ ਯਹੋਵਾਹ ਦੇ ਉੱਚੇ ਮਿਆਰਾਂ ਨਾਲ ਪਿਆਰ ਕਰਦੇ ਹਨ। ਯਸਾਯਾਹ ਦੇ ਰਾਹੀਂ ਯਹੋਵਾਹ ਕਹਿੰਦਾ ਹੈ: “ਤੇਰੇ ਸਾਰੇ ਲੋਕ ਧਰਮੀ ਹੋਣਗੇ।” (ਯਸਾਯਾਹ 60:21ੳ) ਇਸ ਸੰਸਾਰ ਵਿਚ ਧਾਰਮਿਕ ਮਿਆਰਾਂ ਉੱਤੇ ਕਾਇਮ ਰਹਿਣਾ ਇਕ ਚੁਣੌਤੀ ਹੋ ਸਕਦੀ ਹੈ, ਜਿਸ ਵਿਚ ਨਾਜਾਇਜ਼ ਸੰਬੰਧ, ਝੂਠ, ਲੋਭ ਅਤੇ ਘਮੰਡ ਆਮ ਹੈ। ਉਦਾਹਰਣ ਲਈ ਕੁਝ ਦੇਸ਼ਾਂ ਵਿਚ ਕਾਫ਼ੀ ਆਰਥਿਕ ਵਿਕਾਸ ਹੋ ਰਿਹਾ ਹੈ ਅਤੇ ਉੱਥੇ ਪੈਸੇ ਦੇ ਪਿੱਛੇ ਭੱਜਣ ਦੁਆਰਾ ਗੁਮਰਾਹ ਹੋਣਾ ਆਸਾਨ ਹੈ। ਪਰ ਪੌਲੁਸ ਨੇ ਚੇਤਾਵਨੀ ਦਿੱਤੀ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।” (1 ਤਿਮੋਥਿਉਸ 6:9) ਉਦੋਂ ਇਹ ਕਿੰਨੀ ਦੁੱਖ ਦੀ ਗੱਲ ਹੁੰਦੀ ਹੈ ਜਦੋਂ ਕੋਈ ਵਿਅਕਤੀ ਕਾਰੋਬਾਰ ਵਿਚ ਇੰਨਾ ਫਸ ਜਾਂਦਾ ਹੈ ਕਿ ਉਹ ਜ਼ਿਆਦਾ ਮਹੱਤਵਪੂਰਣ ਚੀਜ਼ਾਂ ਜਿਵੇਂ ਕਿ ਮਸੀਹੀ ਸੰਗਤੀ, ਪਵਿੱਤਰ ਸੇਵਾ, ਨੈਤਿਕ ਸਿਧਾਂਤਾਂ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਤਿਆਗ ਦਿੰਦਾ ਹੈ!
17 ਖ਼ਾਸ ਕਰਕੇ ਨੌਜਵਾਨਾਂ ਲਈ ਧਾਰਮਿਕ ਸਿਧਾਂਤਾਂ ਉੱਤੇ ਕਾਇਮ ਰਹਿਣਾ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦੇ ਬਹੁਤ ਸਾਰੇ ਹਾਣੀ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਕਰਦੇ ਹਨ ਅਤੇ ਅਨੈਤਿਕ ਜ਼ਿੰਦਗੀ ਜੀਉਂਦੇ ਹਨ। ਸੂਰੀਨਾਮ ਵਿਚ ਸਕੂਲ ਵਿਚ ਇਕ 14 ਸਾਲ ਦੀ ਕੁੜੀ ਕੋਲ ਇਕ ਸੋਹਣਾ-ਸੁਨੱਖਾ ਮੁੰਡਾ ਆਇਆ ਤੇ ਉਸ ਨੇ ਉਸ ਕੁੜੀ ਨੂੰ ਕਿਹਾ ਕਿ ਉਹ ਉਸ ਨਾਲ ਸਰੀਰਕ ਸੰਬੰਧ ਕਾਇਮ ਕਰਨਾ ਚਾਹੁੰਦਾ ਹੈ। ਉਸ ਨੇ ਉਸ ਨੂੰ ਇਨਕਾਰ ਕਰ ਦਿੱਤਾ ਅਤੇ ਸਮਝਾਇਆ ਕਿ ਬਾਈਬਲ ਵਿਆਹ ਤੋਂ ਬਾਹਰ ਅਜਿਹੇ ਸੰਬੰਧਾਂ ਤੋਂ ਮਨ੍ਹਾ ਕਰਦੀ ਹੈ। ਸਕੂਲ ਵਿਚ ਦੂਸਰੀਆਂ ਕੁੜੀਆਂ ਨੇ ਉਸ ਦਾ ਮਜ਼ਾਕ ਉਡਾਇਆ ਤੇ ਉਸ ਉੱਤੇ ਆਪਣਾ ਮਨ ਬਦਲਣ ਲਈ ਦਬਾਅ ਪਾਇਆ। ਉਨ੍ਹਾਂ ਨੇ ਕਿਹਾ ਕਿ ਹਰ ਕੁੜੀ ਉਸ ਮੁੰਡੇ ਨਾਲ ਹਮਬਿਸਤਰ ਹੋਣਾ ਚਾਹੁੰਦੀ ਹੈ। ਪਰ ਉਹ ਕੁੜੀ ਦ੍ਰਿੜ੍ਹ ਰਹੀ। ਕੁਝ ਹਫ਼ਤਿਆਂ ਬਾਅਦ ਉਸ ਮੁੰਡੇ ਦੀ ਡਾਕਟਰੀ ਜਾਂਚ ਤੋਂ ਪਤਾ ਚੱਲਿਆ ਕਿ ਉਹ ਐੱਚ. ਆਈ. ਵੀ ਨਾਲ ਪੀੜਿਤ ਸੀ ਅਤੇ ਉਹ ਬਹੁਤ ਬੀਮਾਰ ਹੋ ਗਿਆ। ਉਹ ਕੁੜੀ ਬਹੁਤ ਖ਼ੁਸ਼ ਸੀ ਕਿ ਉਸ ਨੇ ‘ਹਰਾਮਕਾਰੀ ਤੋਂ ਬਚੇ ਰਹਿਣ’ ਦੇ ਯਹੋਵਾਹ ਦੇ ਹੁਕਮ ਨੂੰ ਮੰਨਿਆ। (ਰਸੂਲਾਂ ਦੇ ਕਰਤੱਬ 15:28, 29) ਯਹੋਵਾਹ ਦੇ ਗਵਾਹਾਂ ਨੂੰ ਆਪਣੇ ਨੌਜਵਾਨਾਂ ਉੱਤੇ ਬਹੁਤ ਮਾਣ ਹੈ ਜਿਹੜੇ ਸਹੀ ਕੰਮ ਕਰਨ ਲਈ ਦ੍ਰਿੜ੍ਹ ਰਹਿੰਦੇ ਹਨ। ਉਨ੍ਹਾਂ ਦੀ ਅਤੇ ਉਨ੍ਹਾਂ ਦੇ ਮਾਪਿਆਂ ਦੀ ਨਿਹਚਾ ਯਹੋਵਾਹ ਪਰਮੇਸ਼ੁਰ ਦੇ ਨਾਂ ਨੂੰ ‘ਸਜਾਉਂਦੀ ਹੈ,’ ਯਾਨੀ ਕਿ ਉਸ ਨੂੰ ਮਹਿਮਾ ਦਿੰਦੀ ਹੈ।—ਯਸਾਯਾਹ 60:21ਅ.
ਯਹੋਵਾਹ ਦੀ ਬਰਕਤ ਨਾਲ ਵਾਧਾ ਹੋਇਆ ਹੈ
18. (ੳ) ਯਹੋਵਾਹ ਨੇ ਆਪਣੇ ਲੋਕਾਂ ਲਈ ਕਿਹੜਾ ਮਹਾਨ ਕੰਮ ਕੀਤਾ ਹੈ? (ਅ) ਇਸ ਗੱਲ ਦਾ ਕੀ ਸਬੂਤ ਹੈ ਕਿ ਪਰਮੇਸ਼ੁਰ ਦੇ ਲੋਕਾਂ ਦੀ ਗਿਣਤੀ ਵਿਚ ਅਜੇ ਵੀ ਵਾਧਾ ਹੁੰਦਾ ਰਹੇਗਾ ਅਤੇ ਚਾਨਣ ਵਿਚ ਰਹਿਣ ਵਾਲੇ ਲੋਕਾਂ ਨੂੰ ਕਿਹੜਾ ਸ਼ਾਨਦਾਰ ਭਵਿੱਖ ਉਡੀਕ ਰਿਹਾ ਹੈ?
18 ਜੀ ਹਾਂ, ਯਹੋਵਾਹ ਆਪਣੇ ਲੋਕਾਂ ਉੱਤੇ ਚਾਨਣ ਚਮਕਾਉਂਦਾ ਹੈ, ਉਨ੍ਹਾਂ ਨੂੰ ਬਰਕਤ ਦਿੰਦਾ ਹੈ, ਨਿਰਦੇਸ਼ਨ ਦਿੰਦਾ ਹੈ ਅਤੇ ਤਕੜਾ ਕਰਦਾ ਹੈ। ਵੀਹਵੀਂ ਸਦੀ ਦੌਰਾਨ ਉਨ੍ਹਾਂ ਨੇ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਦੀ ਪੂਰਤੀ ਹੁੰਦੀ ਦੇਖੀ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ, ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।” (ਯਸਾਯਾਹ 60:22) ਸਾਲ 1919 ਵਿਚ ਯਹੋਵਾਹ ਦੇ ਲੋਕ ਮੁੱਠੀ ਭਰ ਹੀ ਸਨ, ਪਰ “ਨਿੱਕਾ ਜਿਹਾ ਹਜ਼ਾਰ” ਨਾਲੋਂ ਵੀ ਵੱਧ ਹੋ ਗਿਆ ਹੈ। ਅਤੇ ਇਹ ਵਾਧਾ ਅਜੇ ਖ਼ਤਮ ਨਹੀਂ ਹੋਇਆ ਹੈ! ਪਿਛਲੇ ਸਾਲ ਯਿਸੂ ਦੀ ਮੌਤ ਦੇ ਸਮਾਰਕ ਤੇ 1,40,88,751 ਲੋਕ ਹਾਜ਼ਰ ਹੋਏ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਗਵਾਹ ਨਹੀਂ ਸਨ। ਅਸੀਂ ਖ਼ੁਸ਼ ਹਾਂ ਕਿ ਉਹ ਇਸ ਮਹੱਤਵਪੂਰਣ ਸਮਾਰਕ ਵਿਚ ਹਾਜ਼ਰ ਹੋਏ ਅਤੇ ਅਸੀਂ ਉਨ੍ਹਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਚਾਨਣ ਵੱਲ ਤੁਰਦੇ ਜਾਣ। ਯਹੋਵਾਹ ਆਪਣੇ ਲੋਕਾਂ ਉੱਤੇ ਅਜੇ ਵੀ ਪੂਰੀ ਤਰ੍ਹਾਂ ਚਮਕਦਾ ਹੈ। ਉਸ ਦੇ ਸੰਗਠਨ ਦਾ ਦਰਵਾਜ਼ਾ ਅਜੇ ਵੀ ਖੁੱਲ੍ਹਾ ਹੈ। ਤਾਂ ਫਿਰ, ਆਓ ਅਸੀਂ ਸਾਰੇ ਯਹੋਵਾਹ ਦੇ ਚਾਨਣ ਵਿਚ ਰਹਿਣ ਦਾ ਪੱਕਾ ਇਰਾਦਾ ਕਰੀਏ। ਇਸ ਤਰ੍ਹਾਂ ਕਰਨ ਨਾਲ ਹੁਣ ਸਾਨੂੰ ਕਿੰਨੀਆਂ ਬਰਕਤਾਂ ਮਿਲਣਗੀਆਂ! ਅਤੇ ਭਵਿੱਖ ਵਿਚ ਇਸ ਤੋਂ ਸਾਨੂੰ ਕਿੰਨੀ ਖ਼ੁਸ਼ੀ ਮਿਲੇਗੀ ਜਦੋਂ ਸਾਰੀ ਸ੍ਰਿਸ਼ਟੀ ਯਹੋਵਾਹ ਦੀ ਵਡਿਆਈ ਕਰੇਗੀ ਅਤੇ ਉਸ ਦੀ ਮਹਿਮਾ ਦੇ ਤੇਜ ਵਿਚ ਖ਼ੁਸ਼ੀਆਂ ਮਨਾਵੇਗੀ!—ਪਰਕਾਸ਼ ਦੀ ਪੋਥੀ 5:13, 14.
ਕੀ ਤੁਸੀਂ ਸਮਝਾ ਸਕਦੇ ਹੋ?
• ਇਨ੍ਹਾਂ ਅੰਤ ਦੇ ਦਿਨਾਂ ਵਿਚ ਕਿਨ੍ਹਾਂ ਲੋਕਾਂ ਨੇ ਯਹੋਵਾਹ ਦੇ ਪ੍ਰਤਾਪ ਨੂੰ ਪ੍ਰਤਿਬਿੰਬਤ ਕੀਤਾ ਹੈ?
• ਕਿਹੜੀ ਗੱਲ ਦਿਖਾਉਂਦੀ ਹੈ ਕਿ ਯਹੋਵਾਹ ਦੇ ਲੋਕਾਂ ਦਾ ਜੋਸ਼ ਠੰਢਾ ਨਹੀਂ ਪਿਆ ਹੈ?
• ਯਹੋਵਾਹ ਦੇ ਗਵਾਹ ਕਿਹੜੇ ਕੁਝ ਭਲੇ ਕੰਮ ਕਰਨ ਵਿਚ ਰੁੱਝੇ ਹੋਏ ਹਨ?
• ਸਖ਼ਤ ਵਿਰੋਧ ਦੇ ਬਾਵਜੂਦ ਵੀ ਸਾਨੂੰ ਕਿਸ ਗੱਲ ਦਾ ਭਰੋਸਾ ਹੈ?
[ਸਫ਼ੇ 17-20 ਉੱਤੇ ਚਾਰਟ]
ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ 1999 ਸੇਵਾ ਸਾਲ ਰਿਪੋਰਟ
(ਰਸਾਲਾ ਦੇਖੋ)
[ਸਫ਼ੇ 15 ਉੱਤੇ ਤਸਵੀਰਾਂ]
ਲੋਕ ਅਜੇ ਵੀ ਯਹੋਵਾਹ ਦੇ ਸੰਗਠਨ ਵਿਚ ਆ ਰਹੇ ਹਨ
[ਸਫ਼ੇ 16 ਉੱਤੇ ਤਸਵੀਰ]
ਅਸੀਂ ਖ਼ੁਸ਼ ਹਾਂ ਕਿ ਯਹੋਵਾਹ ਨੇ ਚਾਨਣ ਨਾਲ ਪਿਆਰ ਕਰਨ ਵਾਲਿਆਂ ਲਈ ਦਰਵਾਜ਼ਾ ਖੁੱਲ੍ਹਾ ਰੱਖਿਆ ਹੈ