ਪਰਮੇਸ਼ੁਰ ਨੂੰ ਜਾਣੋ
“ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ”
ਯਾਦਾਂ ਸਾਡੇ ਲਈ ਬਰਕਤ ਹੋ ਸਕਦੀਆਂ ਹਨ। ਆਪਣੇ ਅਜ਼ੀਜ਼ਾਂ ਨਾਲ ਬਿਤਾਏ ਸੁਨਹਿਰੇ ਪਲਾਂ ਨੂੰ ਯਾਦ ਕਰ ਕੇ ਸਾਡਾ ਦਿਲ ਖ਼ੁਸ਼ ਹੋ ਜਾਂਦਾ ਹੈ। ਪਰ ਕਈ ਹੋਰ ਮਾਮਲਿਆਂ ਵਿਚ ਯਾਦਾਂ ਸ਼ਾਇਦ ਸਰਾਪ ਵਾਂਗ ਜਾਪਣ। ਕੀ ਅਤੀਤ ਵਿਚ ਤੁਹਾਡੀ ਜ਼ਿੰਦਗੀ ਵਿਚ ਹੋਈਆਂ ਦੁਖਦਾਈ ਘਟਨਾਵਾਂ ਦੀਆਂ ਯਾਦਾਂ ਤੁਹਾਨੂੰ ਤੜਫਾਉਂਦੀਆਂ ਹਨ? ਜੇ ਹਾਂ, ਤਾਂ ਤੁਸੀਂ ਸ਼ਾਇਦ ਸੋਚੋ, ‘ਇਹ ਯਾਦਾਂ ਕਦੋਂ ਮਨ ਵਿੱਚੋਂ ਮਿੱਟਣਗੀਆਂ?’ ਇਸ ਦਾ ਜਵਾਬ ਸਾਨੂੰ ਯਸਾਯਾਹ ਨਬੀ ਦੇ ਕਹੇ ਸ਼ਬਦਾਂ ਤੋਂ ਮਿਲਦਾ ਹੈ।—ਯਸਾਯਾਹ 65:17 ਪੜ੍ਹੋ।
ਯਹੋਵਾਹ ਤੜਫਾਉਣ ਵਾਲੀਆਂ ਯਾਦਾਂ ਦੇ ਕਾਰਨਾਂ ਨੂੰ ਮਿਟਾਉਣ ਦਾ ਇਰਾਦਾ ਰੱਖਦਾ ਹੈ। ਉਹ ਇਹ ਕਿਵੇਂ ਕਰੇਗਾ? ਉਹ ਸਾਰੇ ਦੁੱਖਾਂ ਸਮੇਤ ਇਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰ ਕੇ ਇਸ ਦੀ ਜਗ੍ਹਾ ਕੁਝ ਨਵਾਂ ਬਣਾਵੇਗਾ ਜੋ ਹਮੇਸ਼ਾ ਲਈ ਰਹੇਗਾ। ਯਹੋਵਾਹ ਯਸਾਯਾਹ ਰਾਹੀਂ ਵਾਅਦਾ ਕਰਦਾ ਹੈ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ।” ਇਸ ਵਾਅਦੇ ਨੂੰ ਸਮਝਣ ਨਾਲ ਸਾਡੇ ਦਿਲਾਂ ਵਿਚ ਇਕ ਉਮੀਦ ਜਾਗਦੀ ਹੈ।
ਨਵਾਂ ਆਕਾਸ਼ ਕੀ ਹੈ? ਇਹ ਜਾਣਨ ਵਿਚ ਮਦਦ ਕਰਨ ਲਈ ਬਾਈਬਲ ਸਾਨੂੰ ਦੋ ਗੱਲਾਂ ਦੱਸਦੀ ਹੈ। ਪਹਿਲੀ ਗੱਲ, ਬਾਈਬਲ ਦੇ ਦੋ ਹੋਰ ਲਿਖਾਰੀਆਂ ਨੇ ਨਵੇਂ ਆਕਾਸ਼ ਦਾ ਜ਼ਿਕਰ ਕੀਤਾ ਸੀ ਅਤੇ ਦੋਵਾਂ ਨੇ ਹੀ ਆਕਾਸ਼ ਦਾ ਸੰਬੰਧ ਧਰਤੀ ਉੱਤੇ ਹੋਣ ਵਾਲੀਆਂ ਵੱਡੀਆਂ-ਵੱਡੀਆਂ ਤਬਦੀਲੀਆਂ ਨਾਲ ਜੋੜਿਆ ਸੀ। (2 ਪਤਰਸ 3:13; ਪ੍ਰਕਾਸ਼ ਦੀ ਕਿਤਾਬ 21:1-4) ਦੂਜੀ ਗੱਲ, ਬਾਈਬਲ ਵਿਚ ਜ਼ਿਕਰ ਕੀਤਾ ਗਿਆ “ਆਕਾਸ਼” ਹਕੂਮਤ ਜਾਂ ਸਰਕਾਰ ਨੂੰ ਦਰਸਾ ਸਕਦਾ ਹੈ। (ਯਸਾਯਾਹ 14:4, 12; ਦਾਨੀਏਲ 4:25, 26) ਤਾਂ ਫਿਰ ਨਵਾਂ ਆਕਾਸ਼ ਨਵੀਂ ਸਰਕਾਰ ਹੈ ਜੋ ਧਰਤੀ ਉੱਤੇ ਚੰਗੇ ਹਾਲਾਤ ਪੈਦਾ ਕਰਨ ਦੇ ਕਾਬਲ ਹੈ। ਸਿਰਫ਼ ਇੱਕੋ ਸਰਕਾਰ ਯਾਨੀ ਪਰਮੇਸ਼ੁਰ ਦਾ ਸਵਰਗੀ ਰਾਜ ਇਹ ਕਰ ਸਕਦਾ ਹੈ ਜਿਸ ਬਾਰੇ ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ। ਇਹ ਰਾਜ ਸਾਰੀ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ।—ਮੱਤੀ 6:9, 10.
ਨਵੀਂ ਧਰਤੀ ਕੀ ਹੈ? ਬਾਈਬਲ ਵਿਚ ਦੱਸੀਆਂ ਦੋ ਗੱਲਾਂ ਸਹੀ ਸਿੱਟੇ ਤੇ ਪਹੁੰਚਣ ਵਿਚ ਸਾਡੀ ਮਦਦ ਕਰਦੀਆਂ ਹਨ। ਪਹਿਲੀ ਗੱਲ, ਬਾਈਬਲ ਵਿਚ ਜ਼ਿਕਰ ਕੀਤੀ “ਧਰਤੀ” ਕਦੇ-ਕਦੇ ਲੋਕਾਂ ਨੂੰ ਦਰਸਾਉਂਦੀ ਹੈ। (ਜ਼ਬੂਰਾਂ ਦੀ ਪੋਥੀ 96:11) ਦੂਜੀ ਗੱਲ, ਬਾਈਬਲ ਵਿਚ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਦੇ ਰਾਜ ਅਧੀਨ ਸਾਰੀ ਧਰਤੀ ਉੱਤੇ ਵਫ਼ਾਦਾਰ ਇਨਸਾਨ ਧਰਮੀ ਰਾਹਾਂ ʼਤੇ ਚੱਲਣਾ ਸਿੱਖਣਗੇ। (ਯਸਾਯਾਹ 26:9) ਇਸ ਲਈ ਨਵੀਂ ਧਰਤੀ ਉਨ੍ਹਾਂ ਲੋਕਾਂ ਦੇ ਸਮਾਜ ਨੂੰ ਦਰਸਾਉਂਦੀ ਹੈ ਜੋ ਪਰਮੇਸ਼ੁਰ ਦੀ ਹਕੂਮਤ ਅਧੀਨ ਉਸ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਜੀਣਗੇ।
ਕੀ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਕਿਵੇਂ ਤੜਫਾਉਣ ਵਾਲੀਆਂ ਯਾਦਾਂ ਦੇ ਕਾਰਨਾਂ ਨੂੰ ਮਿਟਾਵੇਗਾ? ਯਹੋਵਾਹ ਜਲਦੀ ਹੀ ਨਵੇਂ ਆਕਾਸ਼ ਅਤੇ ਨਵੀਂ ਧਰਤੀ ਬਾਰੇ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰ ਕੇ ਨਵੀਂ ਧਰਮੀ ਦੁਨੀਆਂ ਬਣਾਵੇਗਾ।a ਉਸ ਨਵੀਂ ਦੁਨੀਆਂ ਵਿਚ ਸਰੀਰਕ, ਮਾਨਸਿਕ ਅਤੇ ਜਜ਼ਬਾਤੀ ਪੀੜਾਂ ਦੀਆਂ ਯਾਦਾਂ ਦੇ ਕਾਰਨ ਬੀਤੇ ਜ਼ਮਾਨੇ ਦੀ ਗੱਲ ਬਣ ਜਾਣਗੇ। ਵਫ਼ਾਦਾਰ ਇਨਸਾਨ ਆਪਣੀ ਜ਼ਿੰਦਗੀ ਦਾ ਭਰਪੂਰ ਮਜ਼ਾ ਲੈਣਗੇ ਅਤੇ ਉਹ ਹਰ ਗੁਜ਼ਰੇ ਦਿਨ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਨਗੇ।
ਪਰ ਉਸ ਦੁੱਖ-ਦਰਦ ਬਾਰੇ ਕੀ ਜੋ ਅਸੀਂ ਅੱਜ ਸਹਿ ਰਹੇ ਹਾਂ? ਯਹੋਵਾਹ ਯਸਾਯਾਹ ਰਾਹੀਂ ਅੱਗੇ ਵਾਅਦਾ ਕਰਦਾ ਹੈ: “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” ਇਸ ਦੁਨੀਆਂ ਵਿਚ ਅਸੀਂ ਜੋ ਵੀ ਦੁੱਖ ਸਹਿ ਰਹੇ ਹਾਂ, ਉਹ ਹੌਲੀ-ਹੌਲੀ ਦੂਰ ਹੋ ਜਾਣਗੇ। ਕੀ ਇਹ ਜਾਣ ਕੇ ਤੁਹਾਨੂੰ ਖ਼ੁਸ਼ੀ ਨਹੀਂ ਹੁੰਦੀ? ਜੇ ਖ਼ੁਸ਼ੀ ਹੁੰਦੀ ਹੈ, ਤਾਂ ਕਿਉਂ ਨਾ ਇਸ ਬਾਰੇ ਜਾਣੋ ਕਿ ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ ਜੋ ਇਹੋ ਜਿਹੇ ਸੁਨਹਿਰੇ ਭਵਿੱਖ ਦਾ ਵਾਅਦਾ ਕਰਦਾ ਹੈ? (w12-E 03/01)
[ਫੁਟਨੋਟ]
a ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਇਹ ਜਲਦੀ ਹੀ ਕੀ ਕੁਝ ਕਰੇਗਾ, ਇਸ ਬਾਰੇ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਤੀਜਾ, ਅੱਠਵਾਂ ਅਤੇ ਨੌਵਾਂ ਅਧਿਆਇ ਦੇਖੋ।