ਪਰਮੇਸ਼ੁਰ ਦਾ ਵਾਅਦਾ—‘ਮੈਂ ਸੱਭੋ ਕੁਝ ਨਵਾਂ ਬਣਾਵਾਂਗਾ’
“ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ . . . ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।”—ਪਰਕਾਸ਼ ਦੀ ਪੋਥੀ 21:5.
1, 2. ਕਈ ਲੋਕ ਭਵਿੱਖ ਬਾਰੇ ਕਿਉਂ ਨਹੀਂ ਸੋਚਣਾ ਚਾਹੁੰਦੇ?
‘ਕਿਹ ਨੂੰ ਪਤਾ ਹੈ ਕਿ ਕੱਲ੍ਹ ਕੀ ਹੋਣ ਵਾਲਾ ਹੈ?’ ਕੀ ਤੁਸੀਂ ਕਦੇ ਇਸ ਤਰ੍ਹਾਂ ਕਿਹਾ ਹੈ ਜਾਂ ਸੋਚਿਆ ਹੈ? ਇਹ ਮਨੁੱਖਾਂ ਦੇ ਵੱਸ ਵਿਚ ਨਹੀਂ ਕਿ ਉਹ ਸਹੀ-ਸਹੀ ਦੱਸ ਸਕਣ ਕਿ ਆਉਣ ਵਾਲੇ ਮਹੀਨਿਆਂ ਜਾਂ ਸਾਲਾਂ ਵਿਚ ਕੀ-ਕੀ ਹੋਣ ਵਾਲਾ ਹੈ। ਇਸ ਲਈ ਤੁਸੀਂ ਸ਼ਾਇਦ ਸਮਝ ਸਕਦੇ ਹੋ ਕਿ ਲੋਕ ਭਵਿੱਖ ਬਾਰੇ ਅਨੁਮਾਨ ਕਿਉਂ ਨਹੀਂ ਲਾਉਣਾ ਚਾਹੁੰਦੇ, ਅਤੇ ਉਨ੍ਹਾਂ ਉੱਤੇ ਭਰੋਸਾ ਕਿਉਂ ਨਹੀਂ ਰੱਖਦੇ ਜੋ ਕੱਲ੍ਹ ਦੀ ਖ਼ਬਰ ਜਾਣਨ ਦਾ ਦਾਅਵਾ ਕਰਦੇ ਹਨ।
2 ਇਕ ਬਿਜ਼ਨਿਸ ਰਸਾਲੇ ਨੇ ‘ਸਮੇਂ’ ਦੇ ਵਿਸ਼ੇ ਬਾਰੇ ਇਕ ਲੇਖ ਲਿਖਿਆ। ਉਸ ਵਿਚ ਟੀ. ਵੀ. ਪ੍ਰੋਗ੍ਰਾਮ ਪੇਸ਼ ਕਰਨ ਵਾਲੇ ਰੌਬਰਟ ਕਰਿੰਗਲੀ ਨੇ ਲਿਖਿਆ: “ਸਮਾਂ ਸਾਨੂੰ ਸਾਰਿਆਂ ਨੂੰ ਆਖ਼ਰਕਾਰ ਹਰਾ ਦਿੰਦਾ ਹੈ। ਪਰ, ਭਵਿੱਖ ਦਾ ਅਨੁਮਾਨ ਲਗਾਉਣ ਵਾਲੇ ਲੋਕ ਸਾਰਿਆਂ ਨਾਲੋਂ ਜ਼ਿਆਦਾ ਦੁਖੀ ਹੁੰਦੇ ਹਨ। ਇਹ ਇਕ ਅਜਿਹੀ ਖੇਡ ਹੈ ਜਿਸ ਵਿਚ ਲਗਭਗ ਹਮੇਸ਼ਾ ਇਨਸਾਨ ਨੂੰ ਹੀ ਹਾਰ ਮੰਨਣੀ ਪੈਂਦੀ ਹੈ। . . . ਲੇਕਿਨ ਫਿਰ ਵੀ ਮਾਹਰ ਭਵਿੱਖ ਬਾਰੇ ਦੱਸਣ ਤੋਂ ਬਾਜ਼ ਨਹੀਂ ਆਉਂਦੇ।”
3, 4. (ੳ) ਕੁਝ ਲੋਕ ਨਵੇਂ ਯੁਗ ਬਾਰੇ ਕਿਹੜੀ ਉਮੀਦ ਰੱਖਦੇ ਹਨ? (ਅ) ਦੂਸਰੇ ਲੋਕ ਭਵਿੱਖ ਬਾਰੇ ਕੀ ਸੋਚਦੇ ਹਨ?
3 ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਸਾਲ 2000 ਦੇ ਸ਼ੁਰੂ ਹੋਣ ਕਰਕੇ ਨਵੇਂ ਯੁਗ ਵੱਲ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ, ਅਤੇ ਇਸ ਕਰਕੇ ਤੁਹਾਨੂੰ ਸ਼ਾਇਦ ਲੱਗੇ ਕਿ ਜ਼ਿਆਦਾ ਲੋਕ ਭਵਿੱਖ ਬਾਰੇ ਸੋਚ ਰਹੇ ਹਨ। ਪਿਛਲੇ ਸਾਲ ਦੇ ਸ਼ੁਰੂ ਤੇ ਮੈਕਲੇਨਸ ਨਾਂ ਦੇ ਰਸਾਲੇ ਨੇ ਕਿਹਾ ਕਿ ‘ਕੈਨੇਡਾ ਦੇ ਜ਼ਿਆਦਾਤਰ ਲੋਕਾਂ ਲਈ ਸਾਲ 2000 ਕਲੰਡਰ ਤੇ ਸ਼ਾਇਦ ਇਕ ਹੋਰ ਮਾਮੂਲੀ ਜਿਹਾ ਸਾਲ ਹੋਵੇ, ਪਰ ਹੋ ਸਕਦਾ ਹੈ ਕਿ ਇਹ ਉਨ੍ਹਾਂ ਲਈ ਨਵੀਂਆਂ ਬਦਲੀਆਂ ਵੀ ਲਿਆਵੇ।’ ਯਾਰਕ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ ਨੇ ਉਮੀਦ ਰੱਖਣ ਦਾ ਇਹ ਕਾਰਨ ਦਿੱਤਾ ਕਿ ‘ਨਵੇਂ ਯੁਗ ਦਾ ਮਤਲਬ ਹੈ ਕਿ ਅਸੀਂ ਇਕ ਬਹੁਤ ਹੀ ਬੁਰੀ ਸਦੀ ਤੋਂ ਆਪਣਾ ਪਿੱਛਾ ਛੁਡਾ ਸਕਦੇ ਹਾਂ।’
4 ਕੀ ਇਹ ਸਿਰਫ਼ ਇਕ ਸੁਪਨਾ ਹੀ ਹੈ? ਕੈਨੇਡਾ ਵਿਚ ਸਰਵੇ ਕੀਤੇ ਗਏ ਕੁਝ ਲੋਕਾਂ ਵਿੱਚੋਂ ਸਿਰਫ਼ 22 ਫੀ ਸਦੀ “ਮੰਨਦੇ ਹਨ ਕਿ ਸਾਲ 2000 ਦੁਨੀਆਂ ਲਈ ਇਕ ਨਵੀਂ ਸ਼ੁਰੂਆਤ ਲਿਆਵੇਗਾ।” ਅਸਲ ਵਿਚ, ਉਨ੍ਹਾਂ ਵਿੱਚੋਂ ਅੱਧੇ ਲੋਕ ਅਗਲੇ 50 ਸਾਲਾਂ ਦੇ ਵਿਚ ਵਿਚ ‘ਇਕ ਹੋਰ ਵਿਸ਼ਵ ਯੁੱਧ ਦੀ ਆਸ ਰੱਖਦੇ ਹਨ।’ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਹਜ਼ਾਰ ਸਾਲਾਂ ਦਾ ਨਵਾਂ ਯੁਗ ਸਾਡੀਆਂ ਸਮੱਸਿਆਵਾਂ ਦੂਰ ਕਰ ਕੇ ਸਭ ਕੁਝ ਨਵਾਂ ਨਹੀਂ ਬਣਾ ਸਕਦਾ। ਬਰਤਾਨੀਆ ਦੀ ਰਾਇਲ ਸੁਸਾਇਟੀ ਦੇ ਸਾਬਕਾ ਸਭਾਪਤੀ, ਸ਼੍ਰੀ ਮਾਈਕਲ ਅਟੀਯਾ ਨੇ ਲਿਖਿਆ: ‘ਬਦਲੀਆਂ ਦੀ ਤੇਜ਼ ਰਫ਼ਤਾਰ ਦਾ ਮਤਲਬ ਇਹ ਹੈ ਕਿ ਇੱਕੀਵੀਂ ਸਦੀ ਸਾਡੇ ਜ਼ਮਾਨੇ ਦੀ ਸਾਰੀ ਸਭਿਅਤਾ ਲਈ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਲਿਆਵੇਗੀ। ਜਨਸੰਖਿਆ ਵਿਚ ਵਾਧਾ, ਚੀਜ਼ਾਂ ਦੀ ਕਮੀ, ਵਾਯੂਮੰਡਲ ਦਾ ਪ੍ਰਦੂਸ਼ਣ, ਅਤੇ ਦੂਰ ਤਕ ਫੈਲੀ ਗ਼ਰੀਬੀ ਵਰਗੀਆਂ ਸਮੱਸਿਆਵਾਂ ਦਾ ਸਾਮ੍ਹਣਾ ਤਾਂ ਅਸੀਂ ਪਹਿਲਾਂ ਹੀ ਕਰ ਰਹੇ ਹਾਂ ਅਤੇ ਜੇਕਰ ਇਹ ਜਲਦ ਤੋਂ ਜਲਦ ਨਾ ਸੁਲਝਾਈਆਂ ਗਈਆਂ ਤਾਂ ਇਹ ਹੋਰ ਵੱਧ ਜਾਣਗੀਆਂ।’
5. ਭਵਿੱਖ ਬਾਰੇ ਭਰੋਸੇਯੋਗ ਜਾਣਕਾਰੀ ਸਾਨੂੰ ਕਿੱਥੋਂ ਮਿਲ ਸਕਦੀ ਹੈ?
5 ਪਰ ਤੁਸੀਂ ਸ਼ਾਇਦ ਸੋਚੋ: ‘ਜਦ ਕਿ ਲੋਕ ਇਹ ਨਹੀਂ ਦੱਸ ਸਕਦੇ ਕਿ ਕੱਲ੍ਹ ਕੀ ਹੋਵੇਗਾ, ਤਾਂ ਕੀ ਸਾਨੂੰ ਕੱਲ੍ਹ ਬਾਰੇ ਸੋਚਣਾ ਹੀ ਛੱਡ ਦੇਣਾ ਚਾਹੀਦਾ ਹੈ?’ ਬਿਲਕੁਲ ਨਹੀਂ! ਮੰਨ ਲਿਆ ਕਿ ਮਨੁੱਖ ਸਹੀ ਤਰ੍ਹਾਂ ਨਹੀਂ ਦੱਸ ਸਕਦੇ ਕਿ ਕੱਲ੍ਹ ਕੀ ਹੋਣ ਵਾਲਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਕੋਈ ਨਹੀਂ ਦੱਸ ਸਕਦਾ। ਤਾਂ ਫਿਰ ਕੌਣ ਦੱਸ ਸਕਦਾ ਹੈ ਅਤੇ ਸਾਨੂੰ ਆਸ਼ਾ ਕਿਉਂ ਰੱਖਣੀ ਚਾਹੀਦੀ ਹੈ? ਤੁਹਾਨੂੰ ਚਾਰ ਖ਼ਾਸ ਭਵਿੱਖਬਾਣੀਆਂ ਤੋਂ ਇਨ੍ਹਾਂ ਸਵਾਲਾਂ ਦੇ ਵਧੀਆ ਜਵਾਬ ਮਿਲ ਸਕਦੇ ਹਨ। ਇਹ ਭਵਿੱਖਬਾਣੀਆਂ ਬਾਈਬਲ ਵਿਚ ਦਰਜ ਹਨ। ਭਾਵੇਂ ਦੁਨੀਆਂ ਦੇ ਬਹੁਤ ਸਾਰੇ ਲੋਕ ਬਾਈਬਲ ਨੂੰ ਪੜ੍ਹਦੇ ਹਨ, ਆਮ ਤੌਰ ਤੇ ਇਸ ਬਾਰੇ ਬਹੁਤ ਗ਼ਲਤਫ਼ਹਿਮੀਆਂ ਹਨ ਅਤੇ ਕਈ ਇਸ ਦੀਆਂ ਗੱਲਾਂ ਉੱਤੇ ਨਹੀਂ ਚੱਲਦੇ। ਭਾਵੇਂ ਤੁਸੀਂ ਬਾਈਬਲ ਬਾਰੇ ਜੋ ਮਰਜ਼ੀ ਸੋਚਦੇ ਹੋ, ਅਤੇ ਇਸ ਬਾਰੇ ਜਿੰਨਾ ਮਰਜ਼ੀ ਜਾਣਦੇ ਹੋ, ਇਨ੍ਹਾਂ ਚਾਰ ਖ਼ਾਸ ਭਵਿੱਖਬਾਣੀਆਂ ਨੂੰ ਪੜ੍ਹਨਾ ਤੁਹਾਡੇ ਲਈ ਮਹੱਤਵਪੂਰਣ ਹੈ, ਕਿਉਂਕਿ ਇਨ੍ਹਾਂ ਉੱਤੇ ਤੁਹਾਡਾ ਭਵਿੱਖ ਟਿਕਿਆ ਹੋਇਆ ਹੈ। ਇਹ ਇਕ ਸ਼ਾਨਦਾਰ ਭਵਿੱਖ ਬਾਰੇ ਦੱਸਦੀਆਂ ਹਨ। ਇਸ ਤੋਂ ਇਲਾਵਾ, ਇਹ ਚਾਰ ਭਵਿੱਖਬਾਣੀਆਂ ਇਹ ਵੀ ਦੱਸਦੀਆਂ ਹਨ ਕਿ ਤੁਹਾਡਾ ਅਤੇ ਤੁਹਾਡੇ ਪਿਆਰਿਆਂ ਦਾ ਭਵਿੱਖ ਕਿਹੋ ਜਿਹਾ ਹੋ ਸਕਦਾ ਹੈ।
6, 7. ਯਸਾਯਾਹ ਨੇ ਕਦੋਂ ਭਵਿੱਖਬਾਣੀ ਕੀਤੀ ਸੀ ਅਤੇ ਉਸ ਦੀਆਂ ਗੱਲਾਂ ਕਿਸ ਤਰ੍ਹਾਂ ਪੂਰੀਆਂ ਹੋਈਆਂ?
6 ਪਹਿਲੀ ਭਵਿੱਖਬਾਣੀ ਯਸਾਯਾਹ ਦੀ ਪੋਥੀ ਦੇ65ਵੇਂ ਅਧਿਆਇ ਵਿਚ ਪਾਈ ਜਾਂਦੀ ਹੈ। ਭਵਿੱਖਬਾਣੀ ਪੜ੍ਹਨ ਤੋਂ ਪਹਿਲਾਂ, ਆਪਣੇ ਮਨ ਵਿਚ ਇਹ ਗੱਲ ਬਿਠਾ ਲਓ ਕਿ ਇਹ ਕਦੋਂ ਅਤੇ ਕਿਸ ਮਾਮਲੇ ਬਾਰੇ ਲਿਖੀ ਗਈ ਸੀ। ਪਰਮੇਸ਼ੁਰ ਦੇ ਨਬੀ ਯਸਾਯਾਹ ਨੇ ਇਹ ਵਾਕ ਲਿਖੇ ਸਨ। ਉਹ ਯਹੂਦਾਹ ਦੇ ਰਾਜ ਦੇ ਅੰਤ ਤੋਂ ਸੌ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਰਹਿੰਦਾ ਸੀ। ਇਹ ਰਾਜ ਉਦੋਂ ਖ਼ਤਮ ਹੋਇਆ ਜਦੋਂ ਯਹੋਵਾਹ ਨੇ ਬੇਵਫ਼ਾ ਯਹੂਦੀਆਂ ਤੋਂ ਆਪਣੀ ਸੁਰੱਖਿਆ ਹਟਾਈ। ਇਸ ਸੁਰੱਖਿਆ ਤੋਂ ਬਗੈਰ ਬਾਬਲੀ ਲੋਕ ਯਰੂਸ਼ਲਮ ਨੂੰ ਤਬਾਹ ਕਰ ਕੇ ਉਸ ਦੇ ਵਾਸੀਆਂ ਨੂੰ ਗ਼ੁਲਾਮ ਬਣਾ ਕੇ ਲੈ ਗਏ। ਇਹ ਘਟਨਾਵਾਂ ਯਸਾਯਾਹ ਦੀ ਭਵਿੱਖਬਾਣੀ ਤੋਂ ਸੌ ਸਾਲ ਤੋਂ ਜ਼ਿਆਦਾ ਸਮਾਂ ਬਾਅਦ ਵਾਪਰੀਆਂ ਸਨ।—2 ਇਤਹਾਸ 36:15-21.
7 ਇਸ ਭਵਿੱਖਬਾਣੀ ਦੀ ਪੂਰਤੀ ਦੇ ਸੰਬੰਧ ਵਿਚ ਕੁਝ ਇਤਿਹਾਸਕ ਗੱਲਾਂ ਵੱਲ ਧਿਆਨ ਦਿਓ। ਯਾਦ ਕਰੋ ਕਿ ਪਰਮੇਸ਼ੁਰ ਦੀ ਅਗਵਾਈ ਨਾਲ ਯਸਾਯਾਹ ਨੇ ਇਕ ਫ਼ਾਰਸੀ ਰਾਜੇ ਦੇ ਜਨਮ ਤੋਂ ਪਹਿਲਾਂ ਉਸ ਦਾ ਨਾਂ ਦੱਸਿਆ ਸੀ ਜਿਸ ਨੇ ਆਖ਼ਰਕਾਰ ਬਾਬਲ ਉੱਤੇ ਜਿੱਤ ਪ੍ਰਾਪਤ ਕੀਤੀ। ਉਸ ਰਾਜੇ ਦਾ ਨਾਂ ਖੋਰਸ ਸੀ। (ਯਸਾਯਾਹ 45:1) ਖੋਰਸ ਦੀ ਮਦਦ ਨਾਲ ਹੀ ਯਹੂਦੀਆਂ ਨੂੰ ਗ਼ੁਲਾਮੀ ਤੋਂ ਛੁਡਾਇਆ ਗਿਆ ਸੀ ਤਾਂਕਿ ਉਹ 537 ਸਾ.ਯੁ.ਪੂ. ਵਿਚ ਆਪਣੇ ਵਤਨ ਵਾਪਸ ਮੁੜ ਸਕਣ। ਹੈਰਾਨੀ ਦੀ ਗੱਲ ਹੈ ਕਿ ਯਸਾਯਾਹ ਨੇ ਯਹੂਦੀਆਂ ਦੀ ਇਸ ਵਾਪਸੀ ਬਾਰੇ ਭਵਿੱਖਬਾਣੀ ਕੀਤੀ ਸੀ ਜਿਵੇਂ ਅਸੀਂ ਯਸਾਯਾਹ ਦੇ 65ਵੇਂ ਅਧਿਆਇ ਵਿਚ ਪੜ੍ਹਦੇ ਹਾਂ। ਉਸ ਨੇ ਇਸਰਾਏਲੀਆਂ ਦੇ ਆਪਣੇ ਵਤਨ ਵਾਪਸ ਪਹੁੰਚਣ ਤੇ ਉਨ੍ਹਾਂ ਦੀ ਖ਼ੁਸ਼ਹਾਲੀ ਵੱਲ ਧਿਆਨ ਖਿੱਚਿਆ।
8. ਯਸਾਯਾਹ ਨੇ ਯਹੂਦੀਆਂ ਲਈ ਕਿਹੜੇ ਖ਼ੁਸ਼ਹਾਲ ਭਵਿੱਖ ਬਾਰੇ ਦੱਸਿਆ ਸੀ, ਅਤੇ ਕਿਹੜੇ ਸ਼ਬਦ ਖ਼ਾਸ ਦਿਲਚਸਪੀ ਵਾਲੇ ਹਨ?
8 ਅਸੀਂ ਯਸਾਯਾਹ 65:17-19 ਵਿਚ ਪੜ੍ਹਦੇ ਹਾਂ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ। ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ ਅਤੇ ਬਾਗ ਬਾਗ ਹੋਵੋ, ਵੇਖੋ ਤਾਂ, ਮੈਂ ਯਰੂਸ਼ਲਮ ਲਈ ਅਨੰਦਤਾ, ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ। ਮੈਂ ਯਰੂਸ਼ਲਮ ਤੋਂ ਅਨੰਦ ਹੋਵਾਂਗਾ, ਅਤੇ ਆਪਣੀ ਪਰਜਾ ਤੋਂ ਖੁਸ਼ ਹੋਵਾਂਗਾ, ਫੇਰ ਉਸ ਵਿੱਚ ਨਾ ਰੋਣ ਦੀ ਅਵਾਜ਼, ਨਾ ਦੁਹਾਈ ਦੀ ਆਵਾਜ਼ ਸੁਣਾਈ ਦੇਵੇਗੀ।” ਯਸਾਯਾਹ ਨੇ ਅਜਿਹੀਆਂ ਹਾਲਤਾਂ ਬਾਰੇ ਦੱਸਿਆ ਜੋ ਉਨ੍ਹਾਂ ਹਾਲਤਾਂ ਨਾਲੋਂ ਕਿਤੇ ਬਿਹਤਰ ਸਨ ਜੋ ਯਹੂਦੀਆਂ ਨੇ ਬਾਬਲ ਵਿਚ ਅਨੁਭਵ ਕੀਤੀਆਂ। ਜੀ ਹਾਂ, ਉਸ ਨੇ ਕਿਹਾ ਕਿ ਉਹ ਖ਼ੁਸ਼ੀ ਮਨਾਉਣਗੇ। ਚਲੋ ਅਸੀਂ ਹੁਣ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਵੱਲ ਧਿਆਨ ਦੇਈਏ। ਇਹ ਸ਼ਬਦ ਬਾਈਬਲ ਵਿਚ ਚਾਰ ਵਾਰ ਪਾਏ ਜਾਂਦੇ ਹਨ, ਅਤੇ ਇਹ ਇਨ੍ਹਾਂ ਦਾ ਪਹਿਲਾ ਜ਼ਿਕਰ ਹੈ। ਇਨ੍ਹਾਂ ਚਾਰ ਭਵਿੱਖਬਾਣੀਆਂ ਦਾ ਸਾਡੇ ਭਵਿੱਖ ਨਾਲ ਸੱਚ-ਮੁੱਚ ਸੰਬੰਧ ਹੋ ਸਕਦਾ ਹੈ ਅਤੇ ਇਹ ਸਾਡਾ ਭਵਿੱਖ ਵੀ ਦੱਸ ਸਕਦੀਆਂ ਹਨ।
9. ਯਸਾਯਾਹ 65:17-19 ਦੀ ਪੂਰਤੀ ਪ੍ਰਾਚੀਨ ਯਹੂਦੀਆਂ ਉੱਤੇ ਕਿਸ ਤਰ੍ਹਾਂ ਹੋਈ ਸੀ?
9 ਯਸਾਯਾਹ 65:17-19 ਦੀ ਪਹਿਲੀ ਪੂਰਤੀ ਪ੍ਰਾਚੀਨ ਯਹੂਦੀਆਂ ਉੱਤੇ ਹੋਈ ਸੀ। ਜਿਵੇਂ ਯਸਾਯਾਹ ਨੇ ਸਹੀ-ਸਹੀ ਦੱਸਿਆ ਸੀ ਉਹ ਲੋਕ ਆਪਣੇ ਵਤਨ ਵਾਪਸ ਮੁੜੇ ਜਿੱਥੇ ਉਨ੍ਹਾਂ ਨੇ ਸ਼ੁੱਧ ਉਪਾਸਨਾ ਦੁਬਾਰਾ ਸਥਾਪਿਤ ਕੀਤੀ। (ਅਜ਼ਰਾ 1:1-4; 3:1-4) ਲੇਕਿਨ ਯਸਾਯਾਹ ਦੀ ਭਵਿੱਖਬਾਣੀ ਵਿਚ ਨਵੀਂ ਧਰਤੀ ਦਾ ਕੀ ਮਤਲਬ ਹੈ? ਕੀ ਇਹ ਸਾਡੇ ਬ੍ਰਹਿਮੰਡ ਵਿਚ ਕੋਈ ਹੋਰ ਗ੍ਰਹਿ ਹੈ? ਨਹੀਂ, ਕਿਉਂਕਿ ਯਹੂਦੀ ਇਸੇ ਧਰਤੀ ਉੱਤੇ ਆਪਣੇ ਵਤਨ ਵਾਪਸ ਮੁੜੇ ਸਨ। ਇਹ ਜਾਣਕਾਰੀ ਸਾਨੂੰ ਯਸਾਯਾਹ ਦੇ ਸ਼ਬਦ, ਨਵਾਂ ਅਕਾਸ਼ ਅਤੇ ਨਵੀਂ ਧਰਤੀ ਦਾ ਮਤਲਬ ਸਮਝਣ ਵਿਚ ਮਦਦ ਦੇ ਸਕਦੀ ਹੈ। ਸਾਨੂੰ ਨੋਸਟਰਾਡਾਮੁਸ ਜਾਂ ਹੋਰ ਜੋਤਸ਼ੀਆਂ ਵਾਂਗ ਧੁੰਦਲੀਆਂ ਜਿਹੀਆਂ ਭਵਿੱਖਬਾਣੀਆਂ ਉੱਤੇ ਵਿਚਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਬਾਈਬਲ ਖ਼ੁਦ ਯਸਾਯਾਹ ਦਿਆਂ ਸ਼ਬਦਾਂ ਦਾ ਮਤਲਬ ਸਪੱਸ਼ਟ ਕਰਦੀ ਹੈ।
10. ਯਸਾਯਾਹ ਦੀ ਭਵਿੱਖਬਾਣੀ ਵਿਚ ਨਵੀਂ “ਧਰਤੀ” ਦਾ ਮਤਲਬ ਕੀ ਹੈ?
10 ਬਾਈਬਲ ਵਿਚ “ਧਰਤੀ” ਸ਼ਬਦ ਹਰ ਵੇਲੇ ਇਸ ਗ੍ਰਹਿ ਲਈ ਇਸਤੇਮਾਲ ਨਹੀਂ ਕੀਤਾ ਜਾਂਦਾ। ਮਿਸਾਲ ਲਈ, ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਵਿਚ ਜ਼ਬੂਰ 96:1 ਕਹਿੰਦਾ ਹੈ: ‘ਹੇ ਸਾਰੀ ਧਰਤੀ, ਯਹੋਵਾਹ ਲਈ ਗਾ।’ ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ, ਯਾਨੀ ਕਿ ਜ਼ਮੀਨ ਅਤੇ ਸਮੁੰਦਰ, ਨਹੀਂ ਗਾ ਸਕਦੇ। ਪਰ ਹਾਂ, ਧਰਤੀ ਉੱਤੇ ਲੋਕ ਜ਼ਰੂਰ ਗਾ ਸਕਦੇ ਹਨ। ਜੀ ਹਾਂ, ਜ਼ਬੂਰ 96:1 ਧਰਤੀ ਉੱਤੇ ਲੋਕਾਂ ਬਾਰੇ ਗੱਲ ਕਰ ਰਿਹਾ ਹੈ।a ਪਰ ਯਸਾਯਾਹ 65:17 ਵਿਚ ‘ਨਵੇਂ ਅਕਾਸ਼’ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜੇਕਰ “ਧਰਤੀ” ਉਨ੍ਹਾਂ ਲੋਕਾਂ ਦੇ ਇਕ ਨਵੇਂ ਸਮਾਜ ਨੂੰ ਦਰਸਾਉਂਦੀ ਹੈ ਜੋ ਆਪਣੇ ਵਤਨ ਵਾਪਸ ਗਏ ਸਨ, ਤਾਂ “ਨਵਾਂ ਅਕਾਸ਼” ਕਿਸ ਨੂੰ ਦਰਸਾਉਂਦਾ ਹੈ?
11. “ਨਵਾਂ ਅਕਾਸ਼” ਕਿਨ੍ਹਾਂ ਨੂੰ ਦਰਸਾਉਂਦਾ ਹੈ?
11 ਬਾਈਬਲ ਬਾਰੇ ਇਕ ਕੋਸ਼ ਕਹਿੰਦਾ ਹੈ: ‘ਜਦੋਂ ਵੀ ਕਿਸੇ ਭਵਿੱਖ-ਸੂਚਕ ਦਰਸ਼ਣ ਬਾਰੇ ਦੱਸਿਆ ਜਾਂਦਾ ਹੈ, ਤਾਂ ਜਿਵੇਂ ਕੁਦਰਤੀ ਅਕਾਸ਼ ਉੱਪਰ ਹੈ ਅਤੇ ਧਰਤੀ ਉੱਤੇ ਰਾਜ ਕਰਦਾ ਹੈ, ਉਸੇ ਤਰ੍ਹਾਂ ਅਕਾਸ਼ ਉਨ੍ਹਾਂ ਸਾਰੀਆਂ ਸਰਕਾਰਾਂ ਨੂੰ ਦਰਸਾਉਂਦਾ ਹੈ ਜੋ ਪਰਜਾ ਦੇ ਉੱਪਰ ਰਾਜ ਕਰਦਾ ਹੈ।’ ਇਸੇ ਕੋਸ਼ ਨੇ ਸਮਝਾਇਆ ਕਿ ਜਦੋਂ ਸ਼ਬਦ ‘ਅਕਾਸ਼ ਅਤੇ ਧਰਤੀ’ ਇਕੱਠੇ ਵਰਤੇ ਜਾਂਦੇ ਹਨ ਤਾਂ ‘ਭਵਿੱਖਬਾਣੀਆਂ ਵਿਚ ਇਹ ਵੱਖਰੇ-ਵੱਖਰੇ ਦਰਜਿਆਂ ਦਿਆਂ ਲੋਕਾਂ ਦੇ ਰਾਜਨੀਤਿਕ ਹਾਲ ਦਰਸਾਉਂਦੇ ਹਨ। ਅਕਾਸ਼ ਹਕੂਮਤ ਕਰਨ ਵਾਲੇ ਲੋਕ ਹਨ ਅਤੇ ਧਰਤੀ ਆਮ ਲੋਕ, ਯਾਨੀ ਉਹ ਜਿਨ੍ਹਾਂ ਉੱਤੇ ਹਕੂਮਤ ਕੀਤੀ ਜਾਂਦੀ ਹੈ।’
12. ਪ੍ਰਾਚੀਨ ਯਹੂਦੀਆਂ ਨੇ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦੀ ਪੂਰਤੀ ਕਿਸ ਤਰ੍ਹਾਂ ਅਨੁਭਵ ਕੀਤੀ ਸੀ?
12 ਜਦੋਂ ਯਹੂਦੀ ਲੋਕ ਆਪਣੇ ਵਤਨ ਵਾਪਸ ਆਏ, ਤਾਂ ਸਮਝ ਲਵੋ ਕਿ ਉਨ੍ਹਾਂ ਲਈ ਸਭ ਕੁਝ ਨਵਾਂ ਬਣਾਇਆ ਗਿਆ ਸੀ। ਉਨ੍ਹਾਂ ਉੱਪਰ ਇਕ ਨਵੀਂ ਮੰਡਲੀ ਰਾਜ ਕਰ ਰਹੀ ਸੀ। ਰਾਜੇ ਦਾਊਦ ਦੀ ਵੰਸ਼ ਤੋਂ ਜ਼ਰੁੱਬਾਬਲ ਹਾਕਮ ਸੀ, ਅਤੇ ਯਹੋਸ਼ੁਆ ਮਹਾਂ ਜਾਜਕ ਸੀ। (ਹੱਜਈ 1:1, 12; 2:21; ਜ਼ਕਰਯਾਹ 6:11) ਇਹ ਦੋਵੇਂ ਮਿਲ ਕੇ “ਨਵਾਂ ਅਕਾਸ਼” ਬਣੇ ਸਨ। ਇਨ੍ਹਾਂ ਨੇ ਕਿਨ੍ਹਾਂ ਉੱਤੇ ਰਾਜ ਕੀਤਾ ਸੀ? ਉਹ “ਨਵਾਂ ਅਕਾਸ਼,” ਉਨ੍ਹਾਂ ਸ਼ੁੱਧ ਲੋਕਾਂ ਦੀ ਬਣੀ ਹੋਈ “ਨਵੀਂ ਧਰਤੀ” ਉੱਤੇ ਰਾਜ ਕਰ ਰਿਹਾ ਸੀ, ਜੋ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਮੁੜ-ਉਸਾਰਨ ਲਈ ਆਪਣੇ ਵਤਨ ਵਾਪਸ ਆਏ ਸਨ। ਇਸ ਤਰ੍ਹਾਂ, ਉਸ ਜ਼ਮਾਨੇ ਦੇ ਯਹੂਦੀਆਂ ਲਈ ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਸੱਚ-ਮੁੱਚ ਨਵਾਂ ਅਕਾਸ਼ ਅਤੇ ਨਵੀਂ ਧਰਤੀ ਸਥਾਪਤ ਹੋਏ ਸਨ।
13, 14. (ੳ) ਸਾਨੂੰ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਦੇ ਹੋਰ ਕਿਹੜੇ ਹਵਾਲੇ ਵੱਲ ਧਿਆਨ ਦੇਣਾ ਚਾਹੀਦਾ ਹੈ? (ਅ) ਪਤਰਸ ਦੀ ਭਵਿੱਖਬਾਣੀ ਖ਼ਾਸ ਕਰਕੇ ਸਾਡੇ ਸਮੇਂ ਵਿਚ ਇੰਨੀ ਦਿਲਚਸਪ ਕਿਉਂ ਹੈ?
13 ਯਾਦ ਰੱਖੋ ਕਿ ਇਹ ਸਿਰਫ਼ ਬਾਈਬਲ ਦਾ ਗਿਆਨ ਹਾਸਲ ਕਰਨ ਦੀ ਗੱਲ ਨਹੀਂ, ਅਤੇ ਨਾ ਹੀ ਇਹ ਪ੍ਰਾਚੀਨ ਇਤਿਹਾਸ ਵੱਲ ਥੋੜ੍ਹਾ ਜਿਹਾ ਧਿਆਨ ਦੇਣ ਦੀ ਗੱਲ ਹੈ। ਇਹ ਗੱਲ ਤੁਸੀਂ ਬਾਈਬਲ ਦੇ ਇਕ ਹੋਰ ਹਵਾਲੇ ਵੱਲ ਧਿਆਨ ਦੇ ਕੇ ਦੇਖ ਸਕਦੇ ਹੋ। ਇਹ ਦੂਜਾ ਹਵਾਲਾ ਹੈ ਜਿੱਥੇ ਸ਼ਬਦ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਮਿਲਦੇ ਹਨ। ਤੁਸੀਂ ਇਨ੍ਹਾਂ ਸ਼ਬਦਾਂ ਨੂੰ 2 ਪਤਰਸ 3 ਵਿਚ ਪਾਓਗੇ ਅਤੇ ਤੁਸੀਂ ਦੇਖੋਗੇ ਕਿ ਇਸ ਦਾ ਸਾਡੇ ਭਵਿੱਖ ਨਾਲ ਸੰਬੰਧ ਹੈ।
14 ਯਹੂਦੀਆਂ ਦੇ ਆਪਣੇ ਵਤਨ ਵਾਪਸ ਆਉਣ ਤੋਂ ਕੁਝ 500 ਸਾਲ ਬਾਅਦ ਪਤਰਸ ਰਸੂਲ ਨੇ ਆਪਣੀ ਇਹ ਪੱਤਰੀ ਲਿਖੀ ਸੀ। “ਪ੍ਰਭੁ” ਯਿਸੂ ਦੇ ਰਸੂਲ ਵਜੋਂ, ਪਤਰਸ ਮਸੀਹ ਦੇ ਚੇਲਿਆਂ ਨੂੰ ਖਤ ਲਿਖ ਰਿਹਾ ਸੀ। (2 ਪਤਰਸ 3:2) ਉਸ ਨੇ 2 ਪਤਰਸ 3:4 ਵਿਚ ਯਿਸੂ ਦੇ “ਆਉਣ ਦੇ ਕਰਾਰ” ਦੀ ਗੱਲ ਕੀਤੀ ਸੀ। ਇਹ ਗੱਲ ਇਸ ਭਵਿੱਖਬਾਣੀ ਨੂੰ ਸਾਡੇ ਜ਼ਮਾਨੇ ਲਈ ਢੁਕਵੀਂ ਬਣਾਉਂਦੀ ਹੈ। ਸਾਡੇ ਕੋਲ ਕਾਫ਼ੀ ਸਬੂਤ ਹੈ ਜੋ ਦਿਖਾਉਂਦਾ ਹੈ ਕਿ ਪਹਿਲੇ ਵਿਸ਼ਵ ਯੁੱਧ ਤੋਂ ਯਿਸੂ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਰਾਜੇ ਵਜੋਂ ਮੌਜੂਦ ਹੈ। (ਪਰਕਾਸ਼ ਦੀ ਪੋਥੀ 6:1-8; 11:15, 18) ਇਸ ਗੱਲ ਦਾ ਖ਼ਾਸ ਮਤਲਬ ਸਾਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਅਸੀਂ ਇਸ ਅਧਿਆਇ ਵਿਚ ਪਤਰਸ ਦੀ ਇਕ ਹੋਰ ਗੱਲ ਵੱਲ ਧਿਆਨ ਦਿੰਦੇ ਹਾਂ।
15. “ਨਵੇਂ ਅਕਾਸ਼” ਬਾਰੇ ਪਤਰਸ ਦੀ ਭਵਿੱਖਬਾਣੀ ਕਿਸ ਤਰ੍ਹਾਂ ਪੂਰੀ ਹੋ ਰਹੀ ਹੈ?
15 ਅਸੀਂ 2 ਪਤਰਸ 3:13 ਵਿਚ ਪੜ੍ਹਦੇ ਹਾਂ: “ਪਰ ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” ਇਹ ਗੱਲ ਤਾਂ ਤੁਸੀਂ ਜਾਣਦੇ ਹੋ ਕਿ ਯਿਸੂ, ਜੋ ਕਿ ਹੁਣ ਸਵਰਗ ਵਿਚ ਹੈ, “ਨਵੇਂ ਅਕਾਸ਼” ਵਿਚ ਮੁੱਖ ਰਾਜਾ ਹੈ। (ਲੂਕਾ 1:32, 33) ਪਰ, ਬਾਈਬਲ ਦੇ ਹੋਰ ਹਵਾਲੇ ਸੰਕੇਤ ਕਰਦੇ ਹਨ ਕਿ ਉਹ ਇਕੱਲਾ ਹੀ ਰਾਜ ਨਹੀਂ ਕਰਦਾ। ਯਿਸੂ ਨੇ ਵਾਅਦਾ ਕੀਤਾ ਸੀ ਕਿ ਰਸੂਲ ਅਤੇ ਉਨ੍ਹਾਂ ਵਰਗੇ ਹੋਰ ਲੋਕ ਸਵਰਗ ਵਿਚ ਉਸ ਦੇ ਨਾਲ ਰਾਜ ਕਰਨਗੇ। ਇਬਰਾਨੀਆਂ ਦੀ ਪੱਤਰੀ ਵਿਚ ਪੌਲੁਸ ਰਸੂਲ ਨੇ ਅਜਿਹੇ ਵਿਅਕਤੀਆਂ ਨੂੰ ‘ਸੁਰਗੀ ਸੱਦੇ ਦੇ ਭਾਈਵਾਲੇ’ ਸੱਦਿਆ ਸੀ। ਅਤੇ ਇਨ੍ਹਾਂ ਬਾਰੇ ਯਿਸੂ ਨੇ ਕਿਹਾ ਸੀ ਕਿ ਉਹ ਉਸ ਨਾਲ ਸਵਰਗ ਵਿਚ ਸਿੰਘਾਸਣਾਂ ਉੱਤੇ ਬੈਠਣਗੇ। (ਇਬਰਾਨੀਆਂ 3:1; ਮੱਤੀ 19:28; ਲੂਕਾ 22:28-30; ਯੂਹੰਨਾ 14:2, 3) ਜੀ ਹਾਂ ਨਵੇਂ ਅਕਾਸ਼ ਦੇ ਭਾਗ ਵਜੋਂ ਹੋਰ ਲੋਕ ਵੀ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। ਤਾਂ ਫਿਰ ਉਹ “ਨਵੀਂ ਧਰਤੀ” ਕੀ ਹੈ, ਜਿਸ ਦਾ ਪਤਰਸ ਨੇ ਜ਼ਿਕਰ ਕੀਤਾ ਸੀ?
16. ਕਿਹੜੀ “ਨਵੀਂ ਧਰਤੀ” ਹੁਣ ਹੋਂਦ ਵਿਚ ਹੈ?
16 ਪ੍ਰਾਚੀਨ ਪੂਰਤੀ ਵਿਚ ਆਪਣੇ ਵਤਨ ਨੂੰ ਮੁੜਨ ਵਾਲੇ ਯਹੂਦੀ ਲੋਕ ਨਵੇਂ ਅਕਾਸ਼ ਦੇ ਅਧੀਨ ਹੋਏ ਸਨ। ਇਸੇ ਤਰ੍ਹਾਂ ਸਾਡੇ ਜ਼ਮਾਨੇ ਵਿਚ 2 ਪਤਰਸ 3:13 ਦੀ ਪੂਰਤੀ ਉਨ੍ਹਾਂ ਲੱਖਾਂ ਹੀ ਲੋਕਾਂ ਨਾਲ ਸੰਬੰਧ ਰੱਖਦੀ ਹੈ ਜੋ ਰਜ਼ਾਮੰਦੀ ਨਾਲ ਨਵੇਂ ਅਕਾਸ਼ ਦੀ ਹਕੂਮਤ ਦੇ ਅਧੀਨ ਆਪਣੇ ਆਪ ਨੂੰ ਲਿਆ ਰਹੇ ਹਨ। ਇਹ ਲੋਕ ਇਸ ਹਕੂਮਤ ਦੇ ਸਿਖਲਾਈ ਦੇ ਪ੍ਰਬੰਧ ਤੋਂ ਫ਼ਾਇਦਾ ਉਠਾ ਰਹੇ ਹਨ, ਅਤੇ ਬਾਈਬਲ ਦਿਆਂ ਅਸੂਲਾਂ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰ ਰਹੇ ਹਨ। (ਯਸਾਯਾਹ 54:13) ਅਸੀਂ ਕਹਿ ਸਕਦੇ ਹਾਂ ਕਿ ਇਹ ਸਭ ਲੋਕ ਇਕੱਠੇ ਮਿਲ ਕੇ “ਨਵੀਂ ਧਰਤੀ” ਦੀ ਬੁਨਿਆਦ ਬਣਦੇ ਹਨ। ਇਹ ਸਾਰੀਆਂ ਕੌਮਾਂ, ਬੋਲੀਆਂ, ਅਤੇ ਜਾਤਾਂ ਤੋਂ ਲਏ ਗਏ ਹਨ ਅਤੇ ਇਕ ਵਿਸ਼ਵ-ਵਿਆਪੀ ਸਮਾਜ ਵਜੋਂ ਰਾਜ ਕਰ ਰਹੇ ਰਾਜੇ, ਯਿਸੂ ਮਸੀਹ ਦੇ ਅਧੀਨ ਕੰਮ ਕਰਦੇ ਹਨ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਵੀ ਇਸ ਸਮਾਜ ਦਾ ਭਾਗ ਹੋ ਸਕਦੇ ਹੋ!—ਮੀਕਾਹ 4:1-4.
17, 18. ਪਤਰਸ ਦੀ ਦੂਜੀ ਪੱਤਰੀ 3:13 ਦੇ ਸ਼ਬਦ ਸਾਨੂੰ ਭਵਿੱਖ ਵੱਲ ਉਮੀਦ ਨਾਲ ਦੇਖਣ ਦਾ ਕਾਰਨ ਕਿਉਂ ਦਿੰਦੇ ਹਨ?
17 ਪਰ ਇਹ ਨਾ ਸੋਚੋ ਕਿ ਗੱਲ ਇੱਥੇ ਹੀ ਿਨੱਬੜ ਗਈ ਹੈ, ਕਿ ਸਾਨੂੰ ਭਵਿੱਖ ਬਾਰੇ ਹੋਰ ਕੁਝ ਵੇਰਵੇ ਨਹੀਂ ਦਿੱਤੇ ਗਏ। ਅਸਲ ਵਿਚ ਜੇਕਰ ਤੁਸੀਂ 2 ਪਤਰਸ 3 ਨੂੰ ਸ਼ੁਰੂ ਤੋਂ ਪੜ੍ਹੋ ਤਾਂ ਤੁਹਾਨੂੰ ਆਉਣ ਵਾਲੀਆਂ ਵੱਡੀਆਂ ਤਬਦੀਲੀਆਂ ਬਾਰੇ ਪਤਾ ਲੱਗੇਗਾ। ਪਤਰਸ ਨੇ 5ਵੀਂ ਅਤੇ 6ਵੀਂ ਆਇਤ ਵਿਚ ਨੂਹ ਦੇ ਜ਼ਮਾਨੇ ਦੀ ਪਰਲੋ ਬਾਰੇ ਲਿਖਿਆ। ਇਸ ਪਰਲੋ ਨੇ ਉਸ ਜ਼ਮਾਨੇ ਦੇ ਦੁਸ਼ਟ ਸੰਸਾਰ ਨੂੰ ਖ਼ਤਮ ਕਰ ਦਿੱਤਾ ਸੀ। ਅੱਗੇ, 7ਵੀਂ ਆਇਤ ਵਿਚ ਪਤਰਸ ਕਹਿੰਦਾ ਹੈ ਕਿ “ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ,” ਯਾਨੀ ਹਕੂਮਤਾਂ ਅਤੇ ਜਨਤਾ, ਉਹ ਦੋਵੇਂ “ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ” ਤਕ ਸਾਂਭੇ ਗਏ ਹਨ। (ਟੇਢੇ ਟਾਈਪ ਸਾਡੇ।) ਇਹ ਗੱਲ ਸਾਬਤ ਕਰਦੀ ਹੈ ਕਿ ਸ਼ਬਦ “ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ” ਸਾਡੇ ਬ੍ਰਹਿਮੰਡ ਨੂੰ ਨਹੀਂ ਸੰਕੇਤ ਕਰਦੇ, ਪਰ ਇਹ ਮਨੁੱਖਾਂ ਅਤੇ ਉਨ੍ਹਾਂ ਦੀਆਂ ਹਕੂਮਤਾਂ ਨੂੰ ਸੰਕੇਤ ਕਰਦੇ ਹਨ।
18 ਪਤਰਸ ਅੱਗੇ ਸਮਝਾਉਂਦਾ ਹੈ ਕਿ ਯਹੋਵਾਹ ਦਾ ਆਉਣ ਵਾਲਾ ਦਿਨ ਸਭ ਕੁਝ ਸ਼ੁੱਧ ਬਣਾਵੇਗਾ ਅਤੇ ਇਸ ਤਰ੍ਹਾਂ 13ਵੀਂ ਆਇਤ ਵਿਚ ਜ਼ਿਕਰ ਕੀਤੇ ਹੋਏ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਲਈ ਰਾਹ ਤਿਆਰ ਕਰੇਗਾ। ਨੋਟ ਕਰੋ ਕਿ ਇਸ ਆਇਤ ਦੇ ਅੰਤ ਵਿਚ ਇਹ ਲਿਖਿਆ ਹੈ ਕਿ “[ਇਨ੍ਹਾਂ] ਵਿੱਚ ਧਰਮ ਵੱਸਦਾ ਹੈ।” ਕੀ ਇਸ ਤੋਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੀ ਭਲਾਈ ਲਈ ਵੱਡੀਆਂ-ਵੱਡੀਆਂ ਤਬਦੀਲੀਆਂ ਆਉਣਗੀਆਂ? ਜੀ ਹਾਂ, ਅਸੀਂ ਨਵੀਆਂ ਚੀਜ਼ਾਂ ਦੀ ਉਮੀਦ ਰੱਖ ਸਕਦੇ ਹਾਂ। ਇਕ ਅਜਿਹਾ ਸਮਾਂ ਜਦੋਂ ਇਨਸਾਨ ਜ਼ਿੰਦਗੀ ਤੋਂ ਅੱਜ ਨਾਲੋਂ ਜ਼ਿਆਦਾ ਆਨੰਦ ਪਾਉਣਗੇ। ਜੇਕਰ ਤੁਸੀਂ ਇਨ੍ਹਾਂ ਗੱਲਾਂ ਨੂੰ ਸਮਝ ਸਕਦੇ ਹੋ, ਤਾਂ ਤੁਸੀਂ ਬਾਈਬਲ ਵਿਚ ਦੱਸੀਆਂ ਗਈਆਂ ਉਨ੍ਹਾਂ ਗੱਲਾਂ ਦੀ ਸਮਝ ਪਾ ਲਈ ਹੈ ਜਿਨ੍ਹਾਂ ਦੀ ਸਮਝ ਬਹੁਤ ਘੱਟ ਲੋਕਾਂ ਕੋਲ ਹੈ।
19. ਪਰਕਾਸ਼ ਦੀ ਪੋਥੀ ਅਨੁਸਾਰ “ਨਵਾਂ ਅਕਾਸ਼ ਅਤੇ ਨਵੀਂ ਧਰਤੀ” ਦੇ ਆਉਣ ਤੋਂ ਪਹਿਲਾਂ ਕੀ-ਕੀ ਹੋਵੇਗਾ?
19 ਅਸੀਂ ਯਸਾਯਾਹ ਦੇ 65ਵੇਂ ਅਧਿਆਇ ਵਿਚ ਅਤੇ 2 ਪਤਰਸ 3 ਵਿਚ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਬਾਰੇ ਦੇਖ ਚੁੱਕੇ ਹਾਂ। ਆਓ ਆਪਾਂ ਹੁਣ ਇਸ ਗੱਲ ਦੀ ਹੋਰ ਜਾਂਚ ਕਰੀਏ। ਪਰਕਾਸ਼ ਦੀ ਪੋਥੀ ਦਾ 21ਵਾਂ ਅਧਿਆਇ ਖੋਲ੍ਹੋ, ਜਿੱਥੇ ਸਾਨੂੰ ਇਹ ਸ਼ਬਦ ਫਿਰ ਮਿਲਦੇ ਹਨ। ਪਹਿਲਾਂ, ਆਲੇ-ਦੁਆਲੇ ਦਿਆਂ ਅਧਿਆਵਾਂ ਨੂੰ ਸਮਝਣਾ ਸਾਡੀ ਮਦਦ ਕਰੇਗਾ। ਪਰਕਾਸ਼ ਦੀ ਪੋਥੀ ਦੇ 19ਵੇਂ ਅਧਿਆਇ ਵਿਚ, ਅਸੀਂ ਤਸਵੀਰੀ ਭਾਸ਼ਾ ਵਿਚ ਲਿਖੇ ਗਏ ਇਕ ਯੁੱਧ ਬਾਰੇ ਪੜ੍ਹਦੇ ਹਾਂ—ਪਰ ਇਹ ਯੁੱਧ ਦੋ ਵਿਰੋਧੀ ਕੌਮਾਂ ਦਰਮਿਆਨ ਨਹੀਂ ਲੜੀ ਜਾ ਰਹੀ। ਇਸ ਯੁੱਧ ਦੇ ਇਕ ਪਾਸੇ ਯਿਸੂ ਮਸੀਹ ਹੈ, ਜਿਸ ਨੂੰ “ਪਰਮੇਸ਼ੁਰ ਦਾ ਸ਼ਬਦ” ਸੱਦਿਆ ਜਾਂਦਾ ਹੈ। (ਯੂਹੰਨਾ 1:1, 14) ਯਿਸੂ ਸਵਰਗ ਵਿਚ ਹੈ ਅਤੇ ਇਸ ਦਰਸ਼ਣ ਵਿਚ ਆਕਾਸ਼ੀ ਫ਼ੌਜਾਂ ਉਸ ਦੇ ਨਾਲ ਹਨ। ਪਰ ਉਹ ਲੜਾਈ ਕਿਸ ਨਾਲ ਕਰ ਰਹੇ ਹਨ? ਇਸ ਅਧਿਆਇ ਵਿਚ “ਰਾਜਿਆਂ,” ਅਤੇ “ਫੌਜ ਦੇ ਸਰਦਾਰਾਂ,” ਅਤੇ ਹਰ ਦਰਜੇ ਦਿਆਂ ਲੋਕਾਂ, “ਛੋਟਿਆਂ [ਅਤੇ] ਵੱਡਿਆਂ,” ਦਾ ਜ਼ਿਕਰ ਕੀਤਾ ਜਾਂਦਾ ਹੈ। ਇਹ ਯੁੱਧ ਯਹੋਵਾਹ ਦੇ ਆਉਣ ਵਾਲੇ ਦਿਨ ਦੌਰਾਨ ਹੋਵੇਗਾ, ਜਦੋਂ ਦੁਸ਼ਟਤਾ ਦਾ ਅੰਤ ਕੀਤਾ ਜਾਵੇਗਾ। (2 ਥੱਸਲੁਨੀਕੀਆਂ 1:6-10) ਪਰਕਾਸ਼ ਦੀ ਪੋਥੀ ਦਾ 20ਵਾਂ ਅਧਿਆਇ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ ਕਿ ‘ਪੁਰਾਣਾ ਸੱਪ,’ ਯਾਨੀ ਕਿ “ਇਬਲੀਸ ਅਤੇ ਸ਼ਤਾਨ” ਫੜਿਆ ਜਾਵੇਗਾ। ਇਨ੍ਹਾਂ ਗੱਲਾਂ ਨੂੰ ਜਾਣ ਕੇ ਅਸੀਂ ਹੁਣ ਪਰਕਾਸ਼ ਦੀ ਪੋਥੀ ਦੇ 21ਵੇਂ ਅਧਿਆਇ ਵੱਲ ਧਿਆਨ ਦੇ ਸਕਦੇ ਹਾਂ।
20. ਪਰਕਾਸ਼ ਦੀ ਪੋਥੀ 21:1 ਅਨੁਸਾਰ ਆਉਣ ਵਾਲੇ ਸਮੇਂ ਵਿਚ ਕਿਹੜੀ ਮਹੱਤਵਪੂਰਣ ਤਬਦੀਲੀ ਹੋਵੇਗੀ?
20 ਯੂਹੰਨਾ ਰਸੂਲ, ਇਨ੍ਹਾਂ ਰੋਮਾਂਚਕ ਸ਼ਬਦਾਂ ਨਾਲ ਇਹ ਅਧਿਆਇ ਸ਼ੁਰੂ ਕਰਦਾ ਹੈ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਨਹੀਂ।” ਜੋ ਅਸੀਂ ਯਸਾਯਾਹ 65 ਅਤੇ 2 ਪਤਰਸ 3 ਦੇ ਸੰਬੰਧ ਵਿਚ ਸਿੱਧ ਕਰ ਚੁੱਕੇ ਹਾਂ, ਉਸ ਦੇ ਆਧਾਰ ਤੇ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਇੱਥੇ ਸੱਚ-ਮੁੱਚ ਦੇ ਅਕਾਸ਼ ਅਤੇ ਸਾਡੀ ਧਰਤੀ ਅਤੇ ਉਸ ਦੇ ਸਮੁੰਦਰ ਦੀ ਗੱਲ ਨਹੀਂ ਕੀਤੀ ਜਾ ਰਹੀ। ਜਿਵੇਂ ਪਹਿਲਿਆਂ ਅਧਿਆਵਾਂ ਨੇ ਦਿਖਾਇਆ ਹੈ, ਦੁਸ਼ਟ ਲੋਕ ਅਤੇ ਉਨ੍ਹਾਂ ਦੀਆਂ ਹਕੂਮਤਾਂ, ਜਿਨ੍ਹਾਂ ਵਿਚ ਅਦਿੱਖ ਹਾਕਮ ਸ਼ਤਾਨ ਵੀ ਸ਼ਾਮਲ ਹੈ, ਹਟਾ ਦਿੱਤੇ ਜਾਣਗੇ। ਜੀ ਹਾਂ, ਇੱਥੇ ਧਰਤੀ ਉੱਤੇ ਲੋਕਾਂ ਦੇ ਸੰਬੰਧ ਵਿਚ ਇਕ ਨਵੀਂ ਰੀਤੀ-ਵਿਵਸਥਾ ਦਾ ਵਾਅਦਾ ਕੀਤਾ ਗਿਆ ਹੈ।
21, 22. ਯੂਹੰਨਾ ਸਾਨੂੰ ਕਿਨ੍ਹਾਂ ਬਰਕਤਾਂ ਦਾ ਭਰੋਸਾ ਦਿਵਾਉਂਦਾ ਹੈ, ਅਤੇ ਅੰਝੂ ਪੂੰਝਣ ਦਾ ਕੀ ਮਤਲਬ ਹੈ?
21 ਇਹ ਗੱਲ ਬਿਲਕੁਲ ਪੱਕੀ ਹੋ ਜਾਂਦੀ ਹੈ ਜਦੋਂ ਅਸੀਂ ਇਸ ਭਵਿੱਖਬਾਣੀ ਦੇ ਅਗਲੇ ਸ਼ਬਦ ਪੜ੍ਹਦੇ ਹਾਂ। ਤੀਸਰੀ ਆਇਤ ਦੇ ਅੰਤ ਵਿਚ ਸਾਨੂੰ ਅਜਿਹੇ ਸਮੇਂ ਬਾਰੇ ਦੱਸਿਆ ਜਾਂਦਾ ਹੈ ਜਦੋਂ ਪਰਮੇਸ਼ੁਰ ਮਨੁੱਖਾਂ ਦੇ ਨਾਲ ਹੋਵੇਗਾ, ਯਾਨੀ ਕਿ ਅਜਿਹਾ ਸਮਾਂ ਜਦੋਂ ਉਹ ਉਸ ਦੀ ਮਰਜ਼ੀ ਅਨੁਸਾਰ ਚੱਲਣ ਵਾਲਿਆਂ ਉੱਤੇ ਆਪਣੀ ਮਿਹਰਬਾਨ ਨਿਗਾਹ ਰੱਖੇਗਾ। (ਹਿਜ਼ਕੀਏਲ 43:7) ਯੂਹੰਨਾ ਅੱਗੇ ਚੌਥੀ ਤੇ ਪੰਜਵੀਂ ਆਇਤ ਵਿਚ ਕਹਿੰਦਾ ਹੈ: “ਅਤੇ ਉਹ [ਯਹੋਵਾਹ ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ। ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।” ਇਸ ਭਵਿੱਖਬਾਣੀ ਨੂੰ ਪੜ੍ਹ ਕੇ ਸਾਡਾ ਹੌਸਲਾ ਕਿੰਨਾ ਵਧਦਾ ਹੈ!
22 ਜ਼ਰਾ ਸੋਚੋ ਕਿ ਬਾਈਬਲ ਇੱਥੇ ਕੀ ਕਹਿ ਰਹੀ ਹੈ। ‘ਪਰਮੇਸ਼ੁਰ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।’ ਇਹ ਖ਼ੁਸ਼ੀ ਦੇ ਅੰਝੂਆਂ ਦੀ ਗੱਲ ਨਹੀਂ ਹੋ ਸਕਦੀ। ਪਰਮੇਸ਼ੁਰ ਉਨ੍ਹਾਂ ਅੰਝੂਆਂ ਨੂੰ ਪੂੰਝੇਗਾ ਜੋ ਦੁੱਖ, ਦਰਦ, ਸੋਗ, ਪੀੜ ਅਤੇ ਮਾਯੂਸੀ ਕਾਰਨ ਵਹਾਏ ਜਾਂਦੇ ਹਨ। ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ? ਕਿਉਂਕਿ ਪਰਮੇਸ਼ੁਰ ਨੇ ਸਾਡੇ ਅੰਝੂ ਪੂੰਝਣ ਦਾ ਵਾਅਦਾ ‘ਮੌਤ, ਸੋਗ, ਰੋਣਾ, ਅਤੇ ਦੁਖ’ ਮਿਟਾਉਣ ਦੇ ਸੰਬੰਧ ਵਿਚ ਕੀਤਾ ਹੈ।—ਯੂਹੰਨਾ 11:35.
23. ਯੂਹੰਨਾ ਦੀ ਭਵਿੱਖਬਾਣੀ ਅਨੁਸਾਰ ਕਿਨ੍ਹਾਂ ਹਾਲਤਾਂ ਦਾ ਅੰਤ ਹੋਵੇਗਾ?
23 ਕੀ ਇਹ ਸਬੂਤ ਨਹੀਂ ਹੈ ਕਿ ਉਸ ਵਕਤ ਕੈਂਸਰ, ਸਟ੍ਰੋਕ, ਅਤੇ ਦਿਲ ਦੇ ਦੌਰੇ ਖ਼ਤਮ ਹੋ ਜਾਣਗੇ? ਜ਼ਰਾ ਸੋਚੋ—ਮੌਤ ਨਹੀਂ ਹੋਵੇਗੀ! ਕੀ ਸਾਡੇ ਵਿੱਚੋਂ ਕੋਈ ਅਜਿਹਾ ਹੈ ਜਿਸ ਨੇ ਬੀਮਾਰੀ, ਹਾਦਸੇ, ਜਾਂ ਕਿਸੇ ਹੋਰ ਬਿਪਤਾ ਵਿਚ ਆਪਣਾ ਕੋਈ ਪਿਆਰਾ ਨਾ ਖੋਹਿਆ ਹੋਵੇ? ਜੇਕਰ ਪਰਮੇਸ਼ੁਰ ਇੱਥੇ ਸੱਚ-ਮੁੱਚ ਵਾਅਦਾ ਕਰ ਰਿਹਾ ਹੈ ਕਿ ਮੌਤ ਨਹੀਂ ਹੋਵੇਗੀ, ਤਾਂ ਇਸ ਦਾ ਮਤਲਬ ਹੈ ਕਿ ਜਿਹੜੇ ਵੀ ਬੱਚੇ ਸ਼ਾਇਦ ਉਸ ਸਮੇਂ ਪੈਦਾ ਹੋਣਗੇ ਉਹ ਇਸ ਸੰਸਾਰ ਵਿਚ ਵੱਡੇ ਹੋ ਕੇ, ਨਾ ਤਾਂ ਬੁੱਢੇ ਹੋਣਗੇ ਅਤੇ ਨਾ ਹੀ ਮਰਨਗੇ। ਇਸ ਭਵਿੱਖਬਾਣੀ ਦਾ ਇਹ ਵੀ ਮਤਲਬ ਹੈ ਕਿ ਦਿਮਾਗ਼ ਦੇ ਰੋਗ ਵੀ ਨਹੀਂ ਹੋਣਗੇ, ਨਾ ਹੀ ਹੱਡੀਆਂ ਦੇ ਰੋਗ, ਅਤੇ ਨਾ ਹੀ ਅੱਖਾਂ ਦੇ ਰੋਗ—ਜੋ ਰੋਗ ਬੁਢੇਪੇ ਵਿਚ ਆਮ ਹੁੰਦੇ ਹਨ।
24. “ਨਵਾਂ ਅਕਾਸ਼ ਅਤੇ ਨਵੀਂ ਧਰਤੀ” ਬਰਕਤਾਂ ਕਿਸ ਤਰ੍ਹਾਂ ਲਿਆਉਣਗੇ, ਅਤੇ ਅਸੀਂ ਅੱਗੇ ਕਿਸ ਗੱਲ ਦੀ ਚਰਚਾ ਕਰਨੀ ਹੈ?
24 ਤੁਸੀਂ ਜ਼ਰੂਰ ਮੰਨੋਗੇ ਕਿ ਮੌਤ, ਬੁਢਾਪਾ, ਅਤੇ ਬੀਮਾਰੀਆਂ ਦੇ ਹਟਾਏ ਜਾਣ ਕਰਕੇ ਸੋਗ ਕਰਨ ਅਤੇ ਰੋਣ ਦੀ ਜ਼ਰੂਰਤ ਨਹੀਂ ਹੋਵੇਗੀ। ਪਰ, ਘੋਰ ਗ਼ਰੀਬੀ, ਬੱਚਿਆਂ ਨਾਲ ਬਦਫ਼ੈਲੀ, ਅਤੇ ਉੱਚ-ਨੀਚ, ਕਾਲੇ-ਗੋਰੇ ਜਾਂ ਜਾਤ-ਪਾਤ ਦੇ ਫ਼ਰਕ ਕਰਕੇ ਕੀ ਸਾਡੀਆਂ ਅੱਖਾਂ ਅੰਝੂਆਂ ਨਾਲ ਨਹੀਂ ਭਰਨਗੀਆਂ? ਜੇਕਰ ਅਜਿਹੀਆਂ ਚੀਜ਼ਾਂ ਜਾਰੀ ਰਹਿਣਗੀਆਂ ਤਾਂ ਕੀ ਰੋਣਾ ਅਤੇ ਸੋਗ ਖ਼ਤਮ ਹੋ ਸਕਦੇ ਹਨ? ਨਹੀਂ। ਇਸ ਲਈ ਸਾਨੂੰ ਪਤਾ ਹੈ ਕਿ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦੀ ਜ਼ਿੰਦਗੀ ਵਿਚ ਕੋਈ ਵੀ ਦੁੱਖ ਨਹੀਂ ਹੋਣਗੇ। ਇੱਥੇ ਕਿੱਡੀ ਵੱਡੀ ਤਬਦੀਲੀ ਦੱਸੀ ਗਈ ਹੈ! ਅਸੀਂ ਹਾਲੇ ਸਿਰਫ਼ ਤਿੰਨ ਹਵਾਲਿਆਂ ਵੱਲ ਦੇਖਿਆ ਹੈ ਜਿੱਥੇ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦਾ ਜ਼ਿਕਰ ਕੀਤਾ ਗਿਆ ਹੈ। ਇਕ ਹਵਾਲਾ ਰਹਿੰਦਾ ਹੈ। ਇਹ ਉਨ੍ਹਾਂ ਗੱਲਾਂ ਨਾਲ ਸਹਿਮਤ ਹੁੰਦਾ ਹੈ ਜੋ ਅਸੀਂ ਹੁਣ ਤਕ ਦੇਖੀਆਂ ਹਨ। ਇਹ ਆਖ਼ਰੀ ਹਵਾਲਾ ਦਿਖਾਵੇਗਾ ਕਿ ਪਰਮੇਸ਼ੁਰ ਕਦੋਂ ਅਤੇ ਕਿਵੇਂ ‘ਸੱਭੋ ਕੁਝ ਨਵਾਂ ਬਣਾਵੇਗਾ’ ਅਤੇ ਅਸੀਂ ਉਸ ਦੇ ਵਾਅਦੇ ਦੀ ਉਮੀਦ ਕਿਉਂ ਰੱਖ ਸਕਦੇ ਹਾਂ। ਅਗਲਾ ਲੇਖ ਇਸ ਭਵਿੱਖਬਾਣੀ ਦੀ ਚਰਚਾ ਕਰੇਗਾ ਅਤੇ ਦਿਖਾਏਗਾ ਕਿ ਇਹ ਸਾਡੀ ਖ਼ੁਸ਼ੀ ਨਾਲ ਕਿਸ ਤਰ੍ਹਾਂ ਸੰਬੰਧ ਰੱਖਦੀ ਹੈ।
[ਫੁਟਨੋਟ]
a ਪੰਜਾਬੀ ਦੀ ਪਵਿੱਤਰ ਬਾਈਬਲ ਕਹਿੰਦੀ ਹੈ: “ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ!” ਅਤੇ ਪਵਿੱਤਰ ਬਾਈਬਲ ਨਵਾਂ ਅਨੁਵਾਦ ਕਹਿੰਦਾ ਹੈ: “ਹੇ ਸਭ ਧਰਤੀ ਵਾਸੀਓ, ਪ੍ਰਭੂ ਦੇ ਲਈ ਗਾਓ।” ਹਾਂ ਇਹ ਹਵਾਲੇ ਸਪੱਸ਼ਟ ਕਰਦੇ ਹਨ ਕਿ “ਨਵੀਂ ਧਰਤੀ” ਕਹਿ ਕੇ ਯਸਾਯਾਹ ਪਰਮੇਸ਼ੁਰ ਦੇ ਲੋਕਾਂ ਦਾ ਜ਼ਿਕਰ ਕਰ ਰਿਹਾ ਸੀ ਜੋ ਆਪਣੇ ਦੇਸ਼ ਵਿਚ ਸਨ।
ਕੀ ਤੁਹਾਨੂੰ ਯਾਦ ਹੈ?
• ਇਹ ਸ਼ਬਦ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ,’ ਬਾਈਬਲ ਦੇ ਕਿਨ੍ਹਾਂ ਤਿੰਨ ਹਵਾਲਿਆਂ ਵਿਚ ਪਾਏ ਜਾਂਦੇ ਹਨ?
• ਯਹੂਦੀਆਂ ਦੇ ਆਪਣੇ ਵਤਨ ਵਾਪਸ ਆਉਣ ਨਾਲ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦੀ ਭਵਿੱਖਬਾਣੀ ਕਿਸ ਤਰ੍ਹਾਂ ਪੂਰੀ ਹੋਈ ਸੀ?
• ਪਤਰਸ ਦੁਆਰਾ ਜ਼ਿਕਰ ਕੀਤੇ ਗਏ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਦੀ ਪੂਰਤੀ ਕਿਸ ਤਰ੍ਹਾਂ ਹੋਵੇਗੀ?
• ਪਰਕਾਸ਼ ਦੀ ਪੋਥੀ ਦਾ 21ਵਾਂ ਅਧਿਆਇ ਸਾਨੂੰ ਇਕ ਸ਼ਾਨਦਾਰ ਭਵਿੱਖ ਬਾਰੇ ਕਿਸ ਤਰ੍ਹਾਂ ਸਮਝਾਉਂਦਾ ਹੈ?
[ਸਫ਼ੇ 10 ਉੱਤੇ ਤਸਵੀਰ]
ਜਿਵੇਂ ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ, ਖੋਰਸ ਦੀ ਮਦਦ ਨਾਲ ਯਹੂਦੀ ਲੋਕ 537 ਸਾ.ਯੁ.ਪੂ. ਵਿਚ ਆਪਣੇ ਵਤਨ ਵਾਪਸ ਮੁੜ ਸਕੇ