ਨੌਂਵਾਂ ਅਧਿਆਇ
ਮੁਸੀਬਤਾਂ ਦੇ ਵੇਲੇ ਯਹੋਵਾਹ ਉੱਤੇ ਭਰੋਸਾ ਰੱਖੋ
1. ਮਸੀਹੀ ਅੱਜ ਯਸਾਯਾਹ ਦੇ ਸੱਤਵੇਂ ਅਤੇ ਅੱਠਵੇਂ ਅਧਿਆਵਾਂ ਦੀ ਜਾਂਚ ਕਰ ਕੇ ਲਾਭ ਕਿਉਂ ਉਠਾ ਸਕਣਗੇ?
ਯਸਾਯਾਹ ਦੇ ਸੱਤਵੇਂ ਅਤੇ ਅੱਠਵੇਂ ਅਧਿਆਵਾਂ ਵਿਚ ਦੋ ਵੱਖੋ-ਵੱਖਰੇ ਰਵੱਈਏ ਪ੍ਰਗਟ ਹੁੰਦੇ ਹਨ। ਯਸਾਯਾਹ ਅਤੇ ਆਹਾਜ਼ ਇਕ ਅਜਿਹੀ ਕੌਮ ਦੇ ਬੰਦੇ ਸਨ ਜੋ ਯਹੋਵਾਹ ਨੂੰ ਸਮਰਪਿਤ ਸੀ। ਉਨ੍ਹਾਂ ਦੋਹਾਂ ਨੂੰ ਪਰਮੇਸ਼ੁਰ ਵੱਲੋਂ ਕੰਮ ਸੌਂਪੇ ਗਏ ਸਨ; ਇਕ ਨਬੀ ਸੀ, ਦੂਜਾ ਯਹੂਦਾਹ ਦਾ ਰਾਜਾ। ਅਤੇ ਦੋਹਾਂ ਨੇ ਵੱਡੀਆਂ ਦੁਸ਼ਮਣ ਫ਼ੌਜਾਂ ਦੁਆਰਾ ਯਹੂਦਾਹ ਉੱਤੇ ਹਮਲੇ ਦਾ ਸਾਮ੍ਹਣਾ ਕੀਤਾ। ਇਸ ਮੁਸੀਬਤ ਦੇ ਵੇਲੇ ਯਸਾਯਾਹ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ, ਪਰ ਆਹਾਜ਼ ਡਰ ਦੇ ਮਾਰੇ ਝੁਕ ਗਿਆ। ਇਨ੍ਹਾਂ ਦੇ ਰਵੱਈਏ ਇੰਨੇ ਵੱਖਰੇ ਕਿਉਂ ਸਨ? ਅੱਜ ਮਸੀਹੀ ਵੀ ਵੈਰੀਆਂ ਦੁਆਰਾ ਘੇਰੇ ਹੋਏ ਹਨ। ਅਸੀਂ ਇਨ੍ਹਾਂ ਦੋਹਾਂ ਅਧਿਆਵਾਂ ਦੀ ਜਾਂਚ ਕਰ ਕੇ ਸਬਕ ਸਿੱਖ ਸਕਦੇ ਹਾਂ।
ਫ਼ੈਸਲਾ ਕਰਨਾ
2, 3. ਆਪਣੇ ਮੁਢਲੇ ਸ਼ਬਦਾਂ ਵਿਚ ਯਸਾਯਾਹ ਨੇ ਕੀ ਦੱਸਿਆ?
2 ਇਕ ਚਿੱਤਰਕਾਰ ਦੀ ਤਰ੍ਹਾਂ ਜੋ ਨਵੀਂ ਤਸਵੀਰ ਦੀ ਰੇਖਾ ਖਿੱਚਦਾ ਹੈ, ਯਸਾਯਾਹ ਨੇ ਆਪਣਾ ਬਿਰਤਾਂਤ ਕੁਝ ਮੋਟੀਆਂ-ਮੋਟੀਆਂ ਗੱਲਾਂ ਨਾਲ ਸ਼ੁਰੂ ਕੀਤਾ। ਇਹ ਗੱਲਾਂ ਉਨ੍ਹਾਂ ਘਟਨਾਵਾਂ ਦਾ ਸ਼ੁਰੂ ਅਤੇ ਅੰਤ ਦੱਸਦੀਆਂ ਹਨ ਜਿਨ੍ਹਾਂ ਬਾਰੇ ਉਹ ਦੱਸਣ ਵਾਲਾ ਹੈ: “ਐਉਂ ਹੋਇਆ ਕਿ ਉੱਜ਼ੀਯਾਹ ਦੇ ਪੋਤ੍ਰੇ, ਯੋਥਾਮ ਦੇ ਪੁੱਤ੍ਰ ਆਹਾਜ਼ ਯਹੂਦਾਹ ਦੇ ਪਾਤਸ਼ਾਹ ਦੇ ਦਿਨਾਂ ਵਿੱਚ ਅਰਾਮ [ਜਾਂ ਸੀਰੀਆ] ਦਾ ਰਾਜਾ ਰਸੀਨ ਅਤੇ ਇਸਰਾਏਲ ਦੇ ਪਾਤਸ਼ਾਹ ਰਮਲਯਾਹ ਦਾ ਪੁੱਤ੍ਰ ਫਕਹ [ਜਾਂ ਪਕਹ] ਯਰੂਸ਼ਲਮ ਨੂੰ ਉਤਾਹਾਂ ਆਏ ਭਈ ਉਹ ਦੇ ਵਿਰੁੱਧ ਜੁੱਧ ਕਰਨ ਪਰ ਉਹ ਨੂੰ ਜਿੱਤ ਨਾ ਸੱਕੇ।”—ਯਸਾਯਾਹ 7:1.
3 ਅੱਠਵੀਂ ਸਦੀ ਸਾ.ਯੁ.ਪੂ. ਵਿਚ ਆਹਾਜ਼ ਨੇ ਯਹੂਦਾਹ ਦੇ ਰਾਜੇ ਵਜੋਂ ਆਪਣੇ ਪਿਤਾ ਜੋਥਾਮ ਦੀ ਜਗ੍ਹਾ ਲਈ। ਸੀਰੀਆ ਦਾ ਰਾਜਾ, ਰਸੀਨ, ਅਤੇ ਉੱਤਰੀ ਰਾਜ ਇਸਰਾਏਲ ਦਾ ਰਾਜਾ, ਪਕਹ, ਨੇ ਯਹੂਦਾਹ ਉੱਤੇ ਬੁਰੀ ਤਰ੍ਹਾਂ ਹਮਲਾ ਕੀਤਾ। ਬਾਅਦ ਵਿਚ, ਉਨ੍ਹਾਂ ਨੇ ਯਰੂਸ਼ਲਮ ਦੁਆਲੇ ਘੇਰਾ ਪਾਇਆ। ਪਰ ਘੇਰਾਬੰਦੀ ਕਾਮਯਾਬ ਨਹੀਂ ਹੋਈ। (2 ਰਾਜਿਆਂ 16:5, 6; 2 ਇਤਹਾਸ 28:5-8) ਅਸੀਂ ਇਹ ਬਾਅਦ ਵਿਚ ਸਿੱਖਾਂਗੇ ਕਿ ਇਹ ਕਾਮਯਾਬ ਕਿਉਂ ਨਹੀਂ ਹੋਈ।
4. ਆਹਾਜ਼ ਅਤੇ ਉਸ ਦੇ ਲੋਕਾਂ ਦੇ ਦਿਲ ਡਰ ਨਾਲ ਕਿਉਂ ਕੰਬਦੇ ਸਨ?
4 ਲੜਾਈ ਦੇ ਮੁੱਢ ਵਿਚ, “ਦਾਊਦ ਦੇ ਘਰਾਣੇ ਨੂੰ ਦੱਸਿਆ ਗਿਆ ਕਿ ਅਰਾਮ ਇਫ਼ਰਾਈਮ ਨਾਲ ਮਿਲ ਗਿਆ ਹੈ ਤਾਂ ਉਹ ਦਾ ਦਿਲ ਤੇ ਉਹ ਦੇ ਲੋਕਾਂ ਦਾ ਦਿਲ ਕੰਬ ਗਿਆ ਜਿਵੇਂ ਬਣ ਦੇ ਰੁੱਖ ਪੌਣ ਦੇ ਅੱਗੇ ਕੰਬ ਜਾਂਦੇ ਹਨ।” (ਯਸਾਯਾਹ 7:2) ਹਾਂ, ਆਹਾਜ਼ ਅਤੇ ਉਸ ਦੇ ਲੋਕਾਂ ਨੂੰ ਡਰ ਲੱਗਦਾ ਸੀ ਕਿਉਂਕਿ ਸੀਰੀਆ ਅਤੇ ਇਸਰਾਏਲ ਦੀਆਂ ਫ਼ੌਜਾਂ ਇਕੱਠੀਆਂ ਮਿਲ ਗਈਆਂ ਸਨ ਅਤੇ ਉਨ੍ਹਾਂ ਨੇ ਇਫ਼ਰਾਈਮ (ਇਸਰਾਏਲ) ਦੀ ਧਰਤੀ ਉੱਤੇ ਡੇਰਾ ਲਾਇਆ ਸੀ। ਯਰੂਸ਼ਲਮ ਪਹੁੰਚਣ ਲਈ ਉਨ੍ਹਾਂ ਨੂੰ ਸਿਰਫ਼ ਦੋ-ਤਿੰਨ ਦਿਨ ਲੱਗਣੇ ਸਨ!
5. ਅੱਜ ਪਰਮੇਸ਼ੁਰ ਦੇ ਲੋਕ ਯਸਾਯਾਹ ਵਰਗੇ ਕਿਵੇਂ ਹਨ?
5 ਯਹੋਵਾਹ ਨੇ ਯਸਾਯਾਹ ਨੂੰ ਦੱਸਿਆ: “ਤੂੰ ਅਰ ਤੇਰਾ ਪੁੱਤ੍ਰ ਸ਼ਆਰ ਯਾਸ਼ੂਬ ਉੱਪਰਲੇ ਤਲਾ ਦੇ ਸੂਏ ਦੇ ਸਿਰੇ ਉੱਤੇ ਧੋਬੀ ਘਾਟ ਦੇ ਰਾਹ ਤੇ ਆਹਾਜ਼ ਨੂੰ ਮਿਲੋ।” (ਯਸਾਯਾਹ 7:3) ਜ਼ਰਾ ਸੋਚੋ! ਰਾਜਾ ਅਗਵਾਈ ਲੈਣ ਲਈ ਯਹੋਵਾਹ ਦੇ ਨਬੀ ਕੋਲ ਨਹੀਂ ਗਿਆ, ਪਰ ਨਬੀ ਨੂੰ ਜਾ ਕੇ ਰਾਜੇ ਨੂੰ ਲੱਭਣਾ ਪਿਆ! ਫਿਰ ਵੀ, ਯਸਾਯਾਹ ਨੇ ਖ਼ੁਸ਼ੀ ਨਾਲ ਯਹੋਵਾਹ ਦੀ ਆਗਿਆ ਦੀ ਪਾਲਣਾ ਕੀਤੀ। ਇਸੇ ਤਰ੍ਹਾਂ, ਅੱਜ ਪਰਮੇਸ਼ੁਰ ਦੇ ਲੋਕ ਰਜ਼ਾਮੰਦੀ ਨਾਲ ਜਾ ਕੇ ਲੋਕਾਂ ਨੂੰ ਮਿਲਦੇ ਹਨ ਜੋ ਇਸ ਸੰਸਾਰ ਦੇ ਦਬਾਵਾਂ ਦੇ ਕਾਰਨ ਡਰ ਰਹੇ ਹਨ। (ਮੱਤੀ 24:6, 14) ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਹਰ ਸਾਲ ਹਜ਼ਾਰਾਂ ਹੀ ਲੋਕ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਦੀ ਗੱਲ ਸੁਣਦੇ ਹਨ ਅਤੇ ਯਹੋਵਾਹ ਦੀ ਸੁਰੱਖਿਆ ਪਾਉਂਦੇ ਹਨ!
6. (ੳ) ਯਸਾਯਾਹ ਨਬੀ ਨੇ ਰਾਜਾ ਆਹਾਜ਼ ਨੂੰ ਹੌਸਲੇ ਵਾਲਾ ਕਿਹੜਾ ਸੁਨੇਹਾ ਦਿੱਤਾ? (ਅ) ਅੱਜ ਕਿਹੋ ਜਿਹੀ ਸਥਿਤੀ ਹੈ?
6 ਯਸਾਯਾਹ ਨੇ ਆਹਾਜ਼ ਨੂੰ ਯਰੂਸ਼ਲਮ ਦੀਆਂ ਕੰਧਾਂ ਤੋਂ ਬਾਹਰ ਲੱਭਿਆ। ਰਾਜਾ ਉੱਥੇ ਹੋਣ ਵਾਲੀ ਘੇਰਾਬੰਦੀ ਦੀ ਤਿਆਰੀ ਵਿਚ ਸ਼ਹਿਰ ਦੇ ਪਾਣੀ ਦੇ ਪ੍ਰਬੰਧ ਦੀ ਜਾਂਚ ਕਰ ਰਿਹਾ ਸੀ। ਯਸਾਯਾਹ ਨੇ ਉਸ ਨੂੰ ਯਹੋਵਾਹ ਦਾ ਸੁਨੇਹਾ ਦਿੱਤਾ: “ਖਬਰਦਾਰ, ਚੁੱਪ ਰਹੁ, ਨਾ ਡਰ! ਇਨ੍ਹਾਂ ਚੁਆਤੀਆਂ ਦੇ ਦੋਹਾਂ ਸੁਲਗਦੇ ਟੁੰਡਾਂ ਤੋਂ ਅਰਥਾਤ ਰਮਲਯਾਹ ਦੇ ਪੁੱਤ੍ਰ ਅਰਾਮ ਅਤੇ ਰਸੀਨ ਦੇ ਬਲਦੇ ਕ੍ਰੋਧ ਤੋਂ ਤੇਰਾ ਦਿਲ ਹੁੱਸ ਨਾ ਜਾਵੇ।” (ਯਸਾਯਾਹ 7:4) ਜਦੋਂ ਹਮਲਾ ਕਰਨ ਵਾਲਿਆਂ ਨੇ ਪਹਿਲਾਂ ਯਹੂਦਾਹ ਵਿਚ ਤਬਾਹੀ ਮਚਾਈ ਸੀ, ਤਾਂ ਉਨ੍ਹਾਂ ਦਾ ਕ੍ਰੋਧ ਲਾਟਾਂ ਵਾਂਗ ਬਲ਼ ਰਿਹਾ ਸੀ। ਹੁਣ ਉਹ ਕੇਵਲ ਲੱਕੜ ਦੇ ਦੋ ਸੁਲਗਦੇ ਸਿਰੇ ਸਨ। ਆਹਾਜ਼ ਨੂੰ ਸੀਰੀਆ ਦੇ ਰਾਜਾ ਰਸੀਨ ਜਾਂ ਇਸਰਾਏਲ ਦੇ ਰਾਜਾ ਪਕਹ ਤੋਂ ਡਰਨ ਦੀ ਕੋਈ ਲੋੜ ਨਹੀਂ ਸੀ। ਅੱਜ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੈ। ਸਦੀਆਂ ਤੋਂ ਈਸਾਈ-ਜਗਤ ਦੇ ਆਗੂਆਂ ਨੇ ਸੱਚੇ ਮਸੀਹੀਆਂ ਨੂੰ ਬਹੁਤ ਸਤਾਇਆ ਹੈ। ਪਰ, ਹੁਣ ਈਸਾਈ-ਜਗਤ ਅਜਿਹੀ ਲੱਕੜ ਵਰਗਾ ਹੈ ਜੋ ਲਗਭਗ ਬਲ਼ ਚੁੱਕੀ ਹੈ। ਉਸ ਦਾ ਅੰਤ ਨੇੜੇ ਹੈ।
7. ਯਸਾਯਾਹ ਅਤੇ ਉਸ ਦੇ ਪੁੱਤਰ ਦੇ ਨਾਂ ਤੋਂ ਆਸ ਕਿਵੇਂ ਮਿਲੀ ਸੀ?
7 ਆਹਾਜ਼ ਦੇ ਜ਼ਮਾਨੇ ਵਿਚ, ਨਾ ਸਿਰਫ਼ ਯਸਾਯਾਹ ਦੇ ਸੁਨੇਹੇ ਪਰ ਉਸ ਦੇ ਨਾਂ ਅਤੇ ਉਸ ਦੇ ਪੁੱਤਰ ਦੇ ਨਾਂ ਦੇ ਅਰਥ ਨੇ ਵੀ ਯਹੋਵਾਹ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਉਮੀਦ ਦਿੱਤੀ। ਹਾਂ, ਯਹੂਦਾਹ ਖ਼ਤਰੇ ਵਿਚ ਸੀ, ਪਰ ਯਸਾਯਾਹ ਦੇ ਨਾਂ ਦਾ ਅਰਥ ਹੈ “ਯਹੋਵਾਹ ਵੱਲੋਂ ਮੁਕਤੀ” ਅਤੇ ਇਸ ਨੇ ਉਨ੍ਹਾਂ ਨੂੰ ਆਸ ਦਿੱਤੀ ਕਿ ਯਹੋਵਾਹ ਮੁਕਤੀ ਦਾ ਪ੍ਰਬੰਧ ਕਰੇਗਾ। ਯਹੋਵਾਹ ਨੇ ਯਸਾਯਾਹ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਸ਼ਆਰ ਯਾਸ਼ੂਬ ਨੂੰ ਨਾਲ ਲੈ ਕੇ ਜਾਵੇ, ਜਿਸ ਦੇ ਨਾਂ ਦਾ ਮਤਲਬ ਹੈ “ਇਕ ਬਕੀਆ ਮੁੜੇਗਾ।” ਅੰਤ ਵਿਚ ਜਦੋਂ ਯਹੂਦਾਹ ਦਾ ਰਾਜ ਬਰਬਾਦ ਕੀਤਾ ਜਾਵੇਗਾ, ਪਰਮੇਸ਼ੁਰ ਆਪਣੀ ਦਇਆ ਨਾਲ ਦੇਸ਼ ਵਿਚ ਇਕ ਬਕੀਆ ਵਾਪਸ ਲਿਆਵੇਗਾ।
ਕੌਮਾਂ ਦੀ ਲੜਾਈ ਤੋਂ ਕਿਤੇ ਵੱਧ
8. ਯਰੂਸ਼ਲਮ ਉੱਤੇ ਹਮਲਾ ਕੌਮਾਂ ਦੀ ਲੜਾਈ ਨਾਲੋਂ ਕਿਤੇ ਵੱਡਾ ਕਿਉਂ ਸੀ?
8 ਯਸਾਯਾਹ ਰਾਹੀਂ, ਯਹੋਵਾਹ ਨੇ ਯਹੂਦਾਹ ਦੇ ਦੁਸ਼ਮਣਾਂ ਦੀ ਯੁੱਧ-ਕਲਾ ਪ੍ਰਗਟ ਕੀਤੀ। ਉਨ੍ਹਾਂ ਦਾ ਇਰਾਦਾ ਇਹ ਸੀ: “ਆਓ, ਅਸੀਂ ਯਹੂਦਾਹ ਉੱਤੇ ਚੜ੍ਹੀਏ ਅਤੇ ਉਹ ਨੂੰ ਛੇੜੀਏ ਅਤੇ ਉਹ ਦੇ ਵਿੱਚ ਆਪਣੇ ਲਈ ਫੁੱਟ ਪਾ ਕੇ ਟਾਬਲ ਦੇ ਪੁੱਤ੍ਰ ਨੂੰ ਉਹ ਦੇ ਵਿੱਚ ਪਾਤਸ਼ਾਹ ਬਣਾਈਏ।” (ਯਸਾਯਾਹ 7:5, 6) ਸੀਰੀਆ ਅਤੇ ਇਸਰਾਏਲ ਦੇਸ਼ ਦਾ ਗੱਠਜੋੜ ਯਹੂਦਾਹ ਉੱਤੇ ਹਮਲਾ ਕਰ ਕੇ ਦਾਊਦ ਦੇ ਪੁੱਤਰ ਆਹਾਜ਼ ਨੂੰ ਰਾਜ-ਗੱਦੀ ਤੋਂ ਲਾਹ ਕੇ ਆਪਣੇ ਕਿਸੇ ਮਨਚਾਹੇ ਬੰਦੇ ਨੂੰ ਰਾਜਾ ਬਣਾਉਣਾ ਚਾਹੁੰਦਾ ਸੀ। ਇਹ ਸਪੱਸ਼ਟ ਹੈ ਕਿ ਯਰੂਸ਼ਲਮ ਉੱਤੇ ਇਹ ਹਮਲਾ ਇਨ੍ਹਾਂ ਕੌਮਾਂ ਦੀ ਲੜਾਈ ਨਾਲੋਂ ਕਿਤੇ ਵੱਡਾ ਸੀ। ਇਹ ਹੁਣ ਸ਼ਤਾਨ ਅਤੇ ਯਹੋਵਾਹ ਦਰਮਿਆਨ ਇਕ ਸੰਘਰਸ਼ ਬਣ ਗਿਆ ਸੀ। ਕਿਉਂ? ਕਿਉਂਕਿ ਯਹੋਵਾਹ ਪਰਮੇਸ਼ੁਰ ਨੇ ਰਾਜਾ ਦਾਊਦ ਨਾਲ ਇਕ ਨੇਮ ਬੰਨ੍ਹਿਆ ਸੀ। ਇਸ ਦੁਆਰਾ ਦਾਊਦ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਸ ਦੇ ਪੁੱਤਰ ਯਹੋਵਾਹ ਦੇ ਲੋਕਾਂ ਉੱਤੇ ਰਾਜ ਕਰਨਗੇ। (2 ਸਮੂਏਲ 7:11, 16) ਇਹ ਸ਼ਤਾਨ ਲਈ ਕਿੰਨੀ ਵੱਡੀ ਜਿੱਤ ਹੋਣੀ ਸੀ ਜੇ ਉਹ ਯਰੂਸ਼ਲਮ ਦੀ ਰਾਜ-ਗੱਦੀ ਉੱਤੇ ਕਿਸੇ ਹੋਰ ਸ਼ਾਹੀ ਖ਼ਾਨਦਾਨ ਨੂੰ ਸਥਾਪਿਤ ਕਰ ਲੈਂਦਾ! ਉਹ ਸ਼ਾਇਦ ਯਹੋਵਾਹ ਦੇ ਇਸ ਮਕਸਦ ਵਿਚ ਵੀ ਰੁਕਾਵਟ ਪਾ ਦਿੰਦਾ ਕਿ ਦਾਊਦ ਦੀ ਵੰਸ਼ਾਵਲੀ ਵਿੱਚੋਂ ਇਕ ਸਦੀਵੀ ਵਾਰਸ ਆਵੇਗਾ ਜੋ “ਸ਼ਾਂਤੀ ਦਾ ਰਾਜ ਕੁਮਾਰ” ਬਣੇਗਾ।—ਯਸਾਯਾਹ 9:6, 7.
ਯਹੋਵਾਹ ਦੇ ਪਿਆਰ-ਭਰੇ ਦਿਲਾਸੇ
9. ਆਹਾਜ਼ ਨੂੰ ਕਿਹੜਾ ਦਿਲਾਸਾ ਦਿੱਤਾ ਗਿਆ ਸੀ ਅਤੇ ਅੱਜ ਦੇ ਮਸੀਹੀਆਂ ਨੂੰ ਇਸ ਤੋਂ ਕਿਹੜਾ ਹੌਸਲਾ ਮਿਲਣਾ ਚਾਹੀਦਾ ਹੈ?
9 ਕੀ ਸੀਰੀਆ ਅਤੇ ਇਸਰਾਏਲ ਦਾ ਇਰਾਦਾ ਪੂਰਾ ਹੋਵੇਗਾ? ਨਹੀਂ। ਯਹੋਵਾਹ ਨੇ ਕਿਹਾ ਕਿ “ਇਹ ਕਾਇਮ ਨਹੀਂ ਰਹੇਗਾ ਅਤੇ ਹੋਵੇਗਾ ਵੀ ਨਹੀਂ।” (ਯਸਾਯਾਹ 7:7) ਯਸਾਯਾਹ ਰਾਹੀਂ ਯਹੋਵਾਹ ਨੇ ਇਹ ਵੀ ਕਿਹਾ ਕਿ ਨਾ ਸਿਰਫ਼ ਯਰੂਸ਼ਲਮ ਦੀ ਘੇਰਾਬੰਦੀ ਅਸਫ਼ਲ ਹੋਵੇਗੀ ਸਗੋਂ “ਪੈਂਹਟਾਂ ਵਰਿਹਾਂ ਤੀਕ ਇਫ਼ਰਾਈਮ ਐਉਂ ਟੋਟੇ ਟੋਟੇ ਕੀਤਾ ਜਾਵੇਗਾ ਕਿ ਉਹ ਕੌਮ ਹੀ ਨਾ ਰਹੇਗੀ।” (ਯਸਾਯਾਹ 7:8) ਹਾਂ, ਪੈਂਹਠਾਂ ਵਰ੍ਹਿਆਂ ਦੇ ਅੰਦਰ-ਅੰਦਰ ਇਸਰਾਏਲ ਦੀ ਕੌਮ ਨਹੀਂ ਰਹੀ।a ਇਸ ਸਮੇਂ ਬਾਰੇ ਜਾਣ ਕੇ ਆਹਾਜ਼ ਨੂੰ ਹੌਸਲਾ ਮਿਲਣਾ ਚਾਹੀਦਾ ਸੀ। ਇਸੇ ਤਰ੍ਹਾਂ ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਇਹ ਜਾਣ ਕੇ ਹੌਸਲਾ ਮਿਲਦਾ ਹੈ ਕਿ ਸ਼ਤਾਨ ਦੀ ਦੁਨੀਆਂ ਲਈ ਸਮਾਂ ਘੱਟਦਾ ਜਾ ਰਿਹਾ ਹੈ।
10. (ੳ) ਅੱਜ ਸੱਚੇ ਮਸੀਹੀ ਯਹੋਵਾਹ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਨ? (ਅ) ਯਹੋਵਾਹ ਨੇ ਆਹਾਜ਼ ਨੂੰ ਕੀ ਕਰਨ ਲਈ ਕਿਹਾ?
10 ਸ਼ਾਇਦ ਆਹਾਜ਼ ਦੇ ਚਿਹਰੇ ਤੋਂ ਬੇਪਰਤੀਤੀ ਜ਼ਾਹਰ ਹੁੰਦੀ ਸੀ, ਕਿਉਂਕਿ ਯਸਾਯਾਹ ਰਾਹੀਂ ਯਹੋਵਾਹ ਨੇ ਕਿਹਾ: “ਜੇ ਤੁਸੀਂ ਪਰਤੀਤ ਨਾ ਕਰੋਗੇ ਤੁਸੀਂ ਸੱਚ ਮੁੱਚ ਕਾਇਮ ਨਾ ਰਹੋਗੇ।” ਯਹੋਵਾਹ ਧੀਰਜ ਨਾਲ ‘ਆਹਾਜ਼ ਨਾਲ ਹੋਰ ਬੋਲਿਆ।’ (ਯਸਾਯਾਹ 7:9, 10) ਸਾਡੇ ਲਈ ਇਹ ਕਿੰਨੀ ਵਧੀਆ ਮਿਸਾਲ ਹੈ! ਅੱਜ, ਭਾਵੇਂ ਕਈ ਲੋਕ ਰਾਜ ਦਾ ਸੰਦੇਸ਼ ਸੁਣਨ ਲਈ ਤਿਆਰ ਨਹੀਂ ਹਨ, ਫਿਰ ਵੀ ਸਾਨੂੰ ਵਾਰ-ਵਾਰ ਮੁਲਾਕਾਤ ਕਰਨ ਦੁਆਰਾ ‘ਹੋਰ ਬੋਲ ਕੇ’ ਯਹੋਵਾਹ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਯਹੋਵਾਹ ਨੇ ਆਹਾਜ਼ ਨੂੰ ਅੱਗੇ ਕਿਹਾ ਕਿ “ਯਹੋਵਾਹ ਆਪਣੇ ਪਰਮੇਸ਼ੁਰ ਤੋਂ ਕੋਈ ਨਿਸ਼ਾਨ ਮੰਗ, ਭਾਵੇਂ ਡੁੰਘਿਆਈ ਵਿੱਚ ਭਾਵੇਂ ਉਤਾਹਾਂ ਉੱਚਿਆਈ ਵਿੱਚ ਮੰਗ।” (ਯਸਾਯਾਹ 7:11) ਆਹਾਜ਼ ਇਕ ਨਿਸ਼ਾਨ ਮੰਗ ਸਕਦਾ ਸੀ ਅਤੇ ਯਹੋਵਾਹ ਨੇ ਉਸ ਨੂੰ ਇਹ ਪੂਰਾ ਕਰ ਕੇ ਦਿਖਾਉਣਾ ਸੀ। ਇਹ ਇਕ ਗਾਰੰਟੀ ਹੋਣੀ ਸੀ ਕਿ ਉਹ ਦਾਊਦ ਦੇ ਘਰਾਣੇ ਨੂੰ ਬਚਾ ਕੇ ਰੱਖੇਗਾ।
11. ‘ਆਪਣੇ ਪਰਮੇਸ਼ੁਰ’ ਸ਼ਬਦਾਂ ਤੋਂ ਕੀ ਦਿਲਾਸਾ ਮਿਲਦਾ ਹੈ?
11 ਇਸ ਗੱਲ ਉੱਤੇ ਗੌਰ ਕਰੋ ਕਿ ਯਹੋਵਾਹ ਨੇ ਆਹਾਜ਼ ਨੂੰ ‘ਆਪਣੇ ਪਰਮੇਸ਼ੁਰ ਤੋਂ ਕੋਈ ਨਿਸ਼ਾਨ ਮੰਗਣ ਲਈ’ ਕਿਹਾ ਸੀ। ਯਹੋਵਾਹ ਸੱਚ-ਮੁੱਚ ਦਿਆਲੂ ਹੈ। ਆਹਾਜ਼ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹ ਝੂਠੇ ਦੇਵਤਿਆਂ ਦੀ ਪੂਜਾ ਕਰ ਰਿਹਾ ਸੀ ਅਤੇ ਹੋਰ ਘਿਣਾਉਣੇ ਅਧਰਮੀ ਕੰਮਾਂ ਵਿਚ ਲੱਗਾ ਹੋਇਆ ਸੀ। (2 ਰਾਜਿਆਂ 16:3, 4) ਇਸ ਦੇ ਬਾਵਜੂਦ ਅਤੇ ਉਸ ਦੇ ਡਰ ਦੇ ਬਾਵਜੂਦ, ਯਹੋਵਾਹ ਨੇ ਆਪਣੇ ਆਪ ਨੂੰ ਆਹਾਜ਼ ਦਾ ਪਰਮੇਸ਼ੁਰ ਸੱਦਿਆ। ਇਹ ਸਾਨੂੰ ਦਿਲਾਸਾ ਦਿੰਦਾ ਹੈ ਕਿ ਯਹੋਵਾਹ ਇਨਸਾਨਾਂ ਨੂੰ ਕਾਹਲੀ ਵਿਚ ਨਹੀਂ ਠੁਕਰਾਉਂਦਾ। ਉਹ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ ਜੋ ਗ਼ਲਤੀ ਕਰਦੇ ਹਨ ਜਾਂ ਜਿਨ੍ਹਾਂ ਦੀ ਨਿਹਚਾ ਕਮਜ਼ੋਰ ਹੋ ਜਾਂਦੀ ਹੈ। ਕੀ ਪਰਮੇਸ਼ੁਰ ਦੇ ਪਿਆਰ ਦੇ ਇਸ ਸਬੂਤ ਨੇ ਆਹਾਜ਼ ਨੂੰ ਯਹੋਵਾਹ ਤੋਂ ਮਦਦ ਮੰਗਣ ਲਈ ਪ੍ਰੇਰਿਆ?
ਸ਼ੱਕ ਤੋਂ ਬਾਅਦ ਅਣਆਗਿਆਕਾਰੀ
12. (ੳ) ਆਹਾਜ਼ ਨੇ ਕਿਹੜਾ ਹੰਕਾਰੀ ਰਵੱਈਆ ਅਪਣਾਇਆ? (ਅ) ਯਹੋਵਾਹ ਵੱਲ ਮੁੜਨ ਦੀ ਬਜਾਇ, ਆਹਾਜ਼ ਨੇ ਕਿਸ ਕੋਲੋਂ ਮਦਦ ਮੰਗੀ?
12 ਆਹਾਜ਼ ਨੇ ਜ਼ਿੱਦ ਕਰ ਕੇ ਜਵਾਬ ਦਿੱਤਾ: “ਮੈਂ ਨਹੀਂ ਮੰਗਾਂਗਾ ਅਤੇ ਮੈਂ ਯਹੋਵਾਹ ਨੂੰ ਨਹੀਂ ਪਰਤਾਵਾਂਗਾ।” (ਯਸਾਯਾਹ 7:12) ਆਹਾਜ਼ ਇੱਥੇ ਬਿਵਸਥਾ ਦੀ ਪਾਲਣਾ ਨਹੀਂ ਕਰ ਰਿਹਾ ਸੀ ਕਿ “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਨਾ ਪਰਤਾਓ।” (ਬਿਵਸਥਾ ਸਾਰ 6:16) ਸਦੀਆਂ ਬਾਅਦ, ਯਿਸੂ ਨੇ ਇਹੀ ਹਵਾਲਾ ਦਿੱਤਾ ਸੀ ਜਦੋਂ ਸ਼ਤਾਨ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। (ਮੱਤੀ 4:7) ਪਰ, ਯਹੋਵਾਹ ਆਹਾਜ਼ ਨੂੰ ਫਿਰ ਤੋਂ ਸੱਚੀ ਉਪਾਸਨਾ ਕਰਨ ਲਈ ਕਹਿ ਰਿਹਾ ਸੀ ਅਤੇ ਨਿਸ਼ਾਨ ਦਿਖਾ ਕੇ ਉਸ ਦੀ ਨਿਹਚਾ ਨੂੰ ਮਜ਼ਬੂਤ ਕਰਨਾ ਚਾਹੁੰਦਾ ਸੀ। ਲੇਕਿਨ, ਆਹਾਜ਼ ਹੋਰ ਕਿਤਿਓਂ ਸੁਰੱਖਿਆ ਲੈਣੀ ਚਾਹੁੰਦਾ ਸੀ। ਆਹਾਜ਼ ਸ਼ਾਇਦ ਇਸ ਸਮੇਂ ਅੱਸ਼ੂਰ ਦੇਸ਼ ਨੂੰ ਪੈਸਿਆਂ ਦੀ ਵੱਡੀ ਰਕਮ ਭੇਜ ਕੇ ਉੱਤਰ ਵੱਲੋਂ ਆਪਣੇ ਦੁਸ਼ਮਣਾਂ ਦੇ ਖ਼ਿਲਾਫ਼ ਮਦਦ ਭਾਲ ਰਿਹਾ ਸੀ। (2 ਰਾਜਿਆਂ 16:7, 8) ਇਸ ਸਮੇਂ ਦੌਰਾਨ ਸੀਰੀਆ ਅਤੇ ਇਸਰਾਏਲ ਦੀਆਂ ਫ਼ੌਜਾਂ ਨੇ ਯਰੂਸ਼ਲਮ ਨੂੰ ਘੇਰ ਲਿਆ।
13. ਅਸੀਂ ਤੇਰਵੀਂ ਆਇਤ ਵਿਚ ਕਿਹੜੀ ਤਬਦੀਲੀ ਦੇਖਦੇ ਹਾਂ ਅਤੇ ਇਸ ਨੇ ਕੀ ਸੰਕੇਤ ਕੀਤਾ?
13 ਯਸਾਯਾਹ ਨੇ ਰਾਜੇ ਦੀ ਬੇਪਰਤੀਤੀ ਨੂੰ ਮਨ ਵਿਚ ਰੱਖ ਕੇ ਕਿਹਾ: “ਹੇ ਦਾਊਦ ਦੇ ਘਰਾਣੇ, ਸੁਣ। ਭਲਾ, ਏਹ ਤੁਹਾਡੇ ਲਈ ਛੋਟੀ ਗੱਲ ਹੈ ਭਈ ਮਨੁੱਖਾਂ ਨੂੰ ਖੇਚਲ ਦਿਓ? ਕੀ ਤੁਸੀਂ ਮੇਰੇ ਪਰਮੇਸ਼ੁਰ ਨੂੰ ਵੀ ਖੇਚਲ ਦਿਓਗੇ?” (ਯਸਾਯਾਹ 7:13) ਹਾਂ, ਯਹੋਵਾਹ ਲਗਾਤਾਰ ਕੀਤੀ ਗਈ ਅਣਆਗਿਆਕਾਰੀ ਤੋਂ ਅੱਕ ਸਕਦਾ ਹੈ। ਇਸ ਗੱਲ ਵੱਲ ਵੀ ਧਿਆਨ ਦਿਓ ਕਿ ‘ਆਪਣਾ ਪਰਮੇਸ਼ੁਰ’ ਕਹਿਣ ਦੀ ਬਜਾਇ ਨਬੀ ਨੇ ਹੁਣ ‘ਮੇਰਾ ਪਰਮੇਸ਼ੁਰ’ ਕਿਹਾ। ਇਹ ਇਕ ਬਦਸ਼ਗਨ ਸੀ! ਜਦੋਂ ਆਹਾਜ਼ ਯਹੋਵਾਹ ਨੂੰ ਠੁਕਰਾ ਕੇ ਅੱਸ਼ੂਰ ਦੇਸ਼ ਵੱਲ ਮੁੜਿਆ, ਤਾਂ ਉਸ ਨੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮੁੜ ਕਾਇਮ ਕਰਨ ਦਾ ਚੰਗਾ ਮੌਕਾ ਗੁਆਇਆ। ਉਮੀਦ ਹੈ ਕਿ ਅਸੀਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਕਦੇ ਵੀ ਨਹੀਂ ਤਿਆਗਾਂਗੇ। ਅਸੀਂ ਇਹ ਰਿਸ਼ਤਾ ਕਿਵੇਂ ਤਿਆਗ ਸਕਦੇ ਹਾਂ? ਥੋੜ੍ਹੇ ਸਮੇਂ ਦਾ ਮਜ਼ਾ ਲੈਣ ਲਈ ਬਾਈਬਲ ਵਿਚ ਆਪਣੇ ਵਿਸ਼ਵਾਸਾਂ ਦੇ ਖ਼ਿਲਾਫ਼ ਜਾਣ ਦੁਆਰਾ।
ਇੰਮਾਨੂਏਲ ਦਾ ਨਿਸ਼ਾਨ
14. ਯਹੋਵਾਹ ਨੇ ਦਾਊਦ ਨਾਲ ਆਪਣੇ ਨੇਮ ਪ੍ਰਤੀ ਵਫ਼ਾਦਾਰੀ ਕਿਵੇਂ ਦਿਖਾਈ?
14 ਯਹੋਵਾਹ ਦਾਊਦ ਨਾਲ ਆਪਣੇ ਨੇਮ ਪ੍ਰਤੀ ਵਫ਼ਾਦਾਰ ਰਿਹਾ। ਇਕ ਨਿਸ਼ਾਨ ਦੀ ਗੱਲ ਕੀਤੀ ਗਈ ਸੀ ਅਤੇ ਇਹ ਨਿਸ਼ਾਨ ਜ਼ਰੂਰ ਦਿੱਤਾ ਗਿਆ! ਯਸਾਯਾਹ ਨੇ ਅੱਗੇ ਕਿਹਾ: “ਪ੍ਰਭੁ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ। ਵੇਖੋ, ਇੱਕ ਕੁਆਰੀ ਗਰਭਵੰਤੀ ਹੋਵੇਗੀ ਅਤੇ ਪੁੱਤ੍ਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ। ਉਹ ਦਹੀਂ ਅਤੇ ਸ਼ਹਿਤ ਖਾਵੇਗਾ ਜਿਸ ਵੇਲੇ ਤੀਕ ਉਹ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਨਾ ਜਾਣੇ। ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਜਾਣੇ, ਉਹ ਜਮੀਨ ਛੱਡੀ ਜਾਵੇਗੀ ਜਿਹ ਦੇ ਦੋਹਾਂ ਰਾਜਿਆਂ ਤੋਂ ਤੂੰ ਘਾਬਰਦਾ ਹੈਂ।”—ਯਸਾਯਾਹ 7:14-16.
15. ਇੰਮਾਨੂਏਲ ਬਾਰੇ ਭਵਿੱਖਬਾਣੀ ਨੇ ਕਿਹੜੇ ਦੋ ਸਵਾਲਾਂ ਦੇ ਜਵਾਬ ਦਿੱਤੇ?
15 ਇਸ ਭਵਿੱਖਬਾਣੀ ਵਿਚ ਉਨ੍ਹਾਂ ਸਾਰਿਆਂ ਲਈ ਖ਼ੁਸ਼ ਖ਼ਬਰੀ ਸੀ ਜਿਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਹਮਲਾ ਕਰਨ ਵਾਲੇ ਦਾਊਦ ਦੇ ਘਰਾਣੇ ਦੇ ਰਾਜਿਆਂ ਦਾ ਅੰਤ ਕਰ ਦੇਣਗੇ। “ਇੰਮਾਨੂਏਲ” ਦਾ ਮਤਲਬ ਹੈ “ਪਰਮੇਸ਼ੁਰ ਸਾਡੇ ਸੰਗ ਹੈ।” ਪਰਮੇਸ਼ੁਰ ਯਹੂਦਾਹ ਦੇ ਸੰਗ ਸੀ ਅਤੇ ਉਸ ਨੇ ਦਾਊਦ ਨਾਲ ਆਪਣੇ ਨੇਮ ਨੂੰ ਵਿਅਰਥ ਨਹੀਂ ਜਾਣ ਦੇਣਾ ਸੀ। ਇਸ ਤੋਂ ਇਲਾਵਾ, ਆਹਾਜ਼ ਅਤੇ ਉਸ ਦੇ ਲੋਕਾਂ ਨੂੰ ਨਾ ਸਿਰਫ਼ ਇਹ ਦੱਸਿਆ ਗਿਆ ਸੀ ਕਿ ਯਹੋਵਾਹ ਕੀ ਕਰੇਗਾ ਪਰ ਇਹ ਵੀ ਦੱਸਿਆ ਗਿਆ ਸੀ ਕਿ ਉਹ ਇਹ ਕਦੋਂ ਕਰੇਗਾ। ਇਸ ਤੋਂ ਪਹਿਲਾਂ ਕਿ ਇੰਮਾਨੂਏਲ ਨੇ ਬੁਰੇ-ਭਲੇ ਵਿਚ ਫ਼ਰਕ ਕਰਨਾ ਸਿੱਖਿਆ, ਦੁਸ਼ਮਣ ਕੌਮਾਂ ਦਾ ਨਾਸ਼ ਕੀਤਾ ਗਿਆ!
16. ਯਹੋਵਾਹ ਨੇ ਆਹਾਜ਼ ਦੇ ਜ਼ਮਾਨੇ ਦੇ ਇੰਮਾਨੂਏਲ ਦੀ ਪਛਾਣ ਸ਼ਾਇਦ ਕਿਉਂ ਨਹੀਂ ਪ੍ਰਗਟ ਕੀਤੀ ਸੀ?
16 ਬਾਈਬਲ ਇਹ ਨਹੀਂ ਦੱਸਦੀ ਕਿ ਇੰਮਾਨੂਏਲ ਕਿਸ ਦਾ ਮੁੰਡਾ ਸੀ। ਪਰ ਕਿਉਂ ਜੋ ਇੰਮਾਨੂਏਲ ਇਕ ਨਿਸ਼ਾਨ ਵਜੋਂ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਯਸਾਯਾਹ ਨੇ ਕਿਹਾ ਕਿ ਉਹ ਅਤੇ ਉਸ ਦੇ ਪੁੱਤਰ “ਨਿਸ਼ਾਨ” ਸਨ, ਇਸ ਲਈ ਇੰਮਾਨੂਏਲ ਨਬੀ ਦਾ ਪੁੱਤਰ ਹੋ ਸਕਦਾ ਸੀ। (ਯਸਾਯਾਹ 8:18) ਯਹੋਵਾਹ ਨੇ ਸ਼ਾਇਦ ਆਹਾਜ਼ ਦੇ ਜ਼ਮਾਨੇ ਦੇ ਇੰਮਾਨੂਏਲ ਦੀ ਪਛਾਣ ਇਸ ਲਈ ਪ੍ਰਗਟ ਨਹੀਂ ਕੀਤੀ ਕਿਉਂਕਿ ਉਹ ਚਾਹੁੰਦਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਧਿਆਨ ਮਹਾਨ ਇੰਮਾਨੂਏਲ ਦੀ ਪਛਾਣ ਉੱਤੇ ਟਿਕਿਆ ਰਹੇ। ਇਹ ਮਹਾਨ ਇੰਮਾਨੂਏਲ ਕੌਣ ਹੈ?
17. (ੳ) ਮਹਾਨ ਇੰਮਾਨੂਏਲ ਕੌਣ ਹੈ, ਅਤੇ ਉਸ ਦੇ ਜਨਮ ਨੇ ਕੀ ਦਰਸਾਇਆ? (ਅ) ਅੱਜ ਪਰਮੇਸ਼ੁਰ ਦੇ ਲੋਕ ਕਿਉਂ ਕਹਿ ਸਕਦੇ ਹਨ ਕਿ “ਪਰਮੇਸ਼ੁਰ ਸਾਡੇ ਸੰਗ ਹੈ”?
17 ਯਸਾਯਾਹ ਦੀ ਪੁਸਤਕ ਤੋਂ ਇਲਾਵਾ, ਇੰਮਾਨੂਏਲ ਦਾ ਨਾਂ ਬਾਈਬਲ ਵਿਚ ਸਿਰਫ਼ ਮੱਤੀ 1:23 ਵਿਚ ਮਿਲਦਾ ਹੈ। ਯਹੋਵਾਹ ਨੇ ਮੱਤੀ ਨੂੰ ਪ੍ਰੇਰਿਤ ਕੀਤਾ ਕਿ ਉਹ ਇੰਮਾਨੂਏਲ ਦੇ ਜਨਮ ਬਾਰੇ ਭਵਿੱਖਬਾਣੀ ਯਿਸੂ ਦੇ ਜਨਮ ਉੱਤੇ ਲਾਗੂ ਕਰੇ, ਜੋ ਦਾਊਦ ਦੀ ਰਾਜ-ਗੱਦੀ ਦਾ ਅਸਲੀ ਵਾਰਸ ਹੈ। (ਮੱਤੀ 1:18-23) ਪਹਿਲੇ ਇੰਮਾਨੂਏਲ ਦਾ ਜਨਮ ਇਸ ਗੱਲ ਦਾ ਨਿਸ਼ਾਨ ਸੀ ਕਿ ਪਰਮੇਸ਼ੁਰ ਨੇ ਦਾਊਦ ਦੇ ਘਰਾਣੇ ਨੂੰ ਤਿਆਗਿਆ ਨਹੀਂ ਸੀ। ਇਸੇ ਤਰ੍ਹਾਂ, ਮਹਾਨ ਇੰਮਾਨੂਏਲ, ਯਾਨੀ ਯਿਸੂ ਦਾ ਜਨਮ ਵੀ ਇਕ ਨਿਸ਼ਾਨ ਸੀ ਕਿ ਪਰਮੇਸ਼ੁਰ ਨੇ ਮਨੁੱਖਜਾਤੀ ਜਾਂ ਦਾਊਦ ਦੇ ਘਰਾਣੇ ਨਾਲ ਰਾਜ ਬਾਰੇ ਆਪਣੇ ਨੇਮ ਨੂੰ ਨਹੀਂ ਤਿਆਗਿਆ ਸੀ। (ਲੂਕਾ 1:31-33) ਯਹੋਵਾਹ ਦਾ ਖ਼ਾਸ ਬੰਦਾ ਮਨੁੱਖਜਾਤੀ ਦੇ ਨਾਲ ਸੀ, ਇਸ ਲਈ ਮੱਤੀ ਅਸਲ ਵਿਚ ਕਹਿ ਸਕਦਾ ਸੀ ਕਿ ‘ਪਰਮੇਸ਼ੁਰ ਸਾਡੇ ਸੰਗ ਹੈ।’ ਅੱਜ, ਯਿਸੂ ਸਵਰਗੀ ਰਾਜੇ ਵਜੋਂ ਰਾਜ ਕਰ ਰਿਹਾ ਹੈ ਅਤੇ ਧਰਤੀ ਉੱਤੇ ਆਪਣੀ ਕਲੀਸਿਯਾ ਦੇ ਨਾਲ ਹੈ। (ਮੱਤੀ 28:20) ਵਾਕਈ, ਪਰਮੇਸ਼ੁਰ ਦੇ ਲੋਕਾਂ ਕੋਲ ਦਲੇਰੀ ਨਾਲ ਇਹ ਕਹਿਣ ਦਾ ਅੱਗੇ ਨਾਲੋਂ ਵੀ ਹੋਰ ਕਾਰਨ ਹੈ ਕਿ “ਪਰਮੇਸ਼ੁਰ ਸਾਡੇ ਸੰਗ ਹੈ!”
ਬੇਵਫ਼ਾਈ ਦੇ ਹੋਰ ਨਤੀਜੇ
18. (ੳ) ਯਸਾਯਾਹ ਦੇ ਅਗਲੇ ਸ਼ਬਦਾਂ ਨੇ ਉਸ ਦੇ ਸੁਣਨ ਵਾਲਿਆਂ ਨੂੰ ਕਿਉਂ ਡਰਾਇਆ ਹੋਣਾ? (ਅ) ਘਟਨਾਵਾਂ ਵਿਚ ਕਿਹੜੀ ਤਬਦੀਲੀ ਆਈ ਸੀ?
18 ਭਾਵੇਂ ਯਸਾਯਾਹ ਦੇ ਉੱਪਰਲੇ ਸ਼ਬਦਾਂ ਨੇ ਦਿਲਾਸਾ ਦਿੱਤਾ ਸੀ, ਪਰ ਉਸ ਦੇ ਅਗਲੇ ਸ਼ਬਦਾਂ ਨੇ ਸੁਣਨ ਵਾਲਿਆਂ ਵਿਚ ਡਰ ਪੈਦਾ ਕੀਤਾ: “ਯਹੋਵਾਹ ਤੇਰੇ ਉੱਤੇ, ਤੇਰੇ ਲੋਕਾਂ ਉੱਤੇ ਅਤੇ ਤੇਰੇ ਪਿਉ ਦੇ ਘਰਾਣੇ ਉੱਤੇ ਅਜੇਹੇ ਦਿਨ ਲੈ ਆਵੇਗਾ ਅਰਥਾਤ ਅੱਸ਼ੂਰ ਦੇ ਰਾਜੇ ਨੂੰ, ਜੇਹੇ ਉਨ੍ਹਾਂ ਦਿਨਾਂ ਤੋਂ ਨਹੀਂ ਆਏ ਜਦੋਂ ਇਫ਼ਰਾਈਮ ਯਹੂਦਾਹ ਤੋਂ ਚੱਲਾ ਗਿਆ ਸੀ।” (ਯਸਾਯਾਹ 7:17) ਜੀ ਹਾਂ, ਤਬਾਹੀ ਆਈ ਸੀ, ਅਤੇ ਉਹ ਵੀ ਅੱਸ਼ੂਰ ਦੇ ਰਾਜੇ ਦੇ ਹੱਥੋਂ। ਬੇਰਹਿਮ ਅੱਸ਼ੂਰੀ ਲੋਕਾਂ ਦੁਆਰਾ ਫੜੇ ਜਾਣ ਦੀ ਸੰਭਾਵਨਾ ਆਹਾਜ਼ ਅਤੇ ਉਸ ਦੇ ਲੋਕਾਂ ਲਈ ਜ਼ਰੂਰ ਉਣੀਂਦੀਆਂ ਰਾਤਾਂ ਦਾ ਕਾਰਨ ਹੋਈ ਹੋਣੀ ਸੀ। ਆਹਾਜ਼ ਨੇ ਸੋਚਿਆ ਹੋਣਾ ਕਿ ਅੱਸ਼ੂਰ ਨਾਲ ਦੋਸਤੀ ਕਰ ਕੇ ਉਸ ਨੂੰ ਇਸਰਾਏਲ ਅਤੇ ਸੀਰੀਆ ਤੋਂ ਛੁਟਕਾਰਾ ਮਿਲੇਗਾ। ਦਰਅਸਲ, ਆਹਾਜ਼ ਦੀ ਬੇਨਤੀ ਸੁਣ ਕੇ ਅੱਸ਼ੂਰ ਦੇਸ਼ ਦੇ ਰਾਜੇ ਨੇ ਅਖ਼ੀਰ ਵਿਚ ਇਸਰਾਏਲ ਅਤੇ ਸੀਰੀਆ ਉੱਤੇ ਚੜ੍ਹਾਈ ਕੀਤੀ। (2 ਰਾਜਿਆਂ 16:9) ਸ਼ਾਇਦ ਇਸੇ ਕਾਰਨ ਪਕਹ ਅਤੇ ਰਸੀਨ ਯਰੂਸ਼ਲਮ ਦੁਆਲੇ ਆਪਣੀ ਘੇਰਾਬੰਦੀ ਖ਼ਤਮ ਕਰਨ ਲਈ ਮਜਬੂਰ ਹੋਏ ਹੋਣ। ਇਸ ਤਰ੍ਹਾਂ, ਸੀਰੀਆ ਅਤੇ ਇਸਰਾਏਲ ਦਾ ਗੱਠਜੋੜ ਯਰੂਸ਼ਲਮ ਨੂੰ ਜਿੱਤ ਨਾ ਸਕਿਆ। (ਯਸਾਯਾਹ 7:1) ਪਰ, ਫਿਰ ਯਸਾਯਾਹ ਨੇ ਲੋਕਾਂ ਨੂੰ ਇਹ ਦੱਸ ਕੇ ਹੈਰਾਨ ਕੀਤਾ ਹੋਵੇਗਾ ਕਿ ਅੱਸ਼ੂਰ ਦੇਸ਼, ਜਿਸ ਨੇ ਉਨ੍ਹਾਂ ਦੀ ਸੁਰੱਖਿਆ ਕਰਨੀ ਸੀ, ਉਨ੍ਹਾਂ ਉੱਤੇ ਹੁਣ ਅਤਿਆਚਾਰ ਕਰੇਗਾ!—ਕਹਾਉਤਾਂ 29:25 ਦੀ ਤੁਲਨਾ ਕਰੋ।
19. ਇਸ ਇਤਿਹਾਸਕ ਬਿਰਤਾਂਤ ਤੋਂ ਮਸੀਹੀਆਂ ਨੂੰ ਅੱਜ ਕਿਹੜੀ ਚੇਤਾਵਨੀ ਮਿਲਦੀ ਹੈ?
19 ਅੱਜ ਮਸੀਹੀਆਂ ਲਈ, ਇਹ ਸੱਚਾ ਇਤਿਹਾਸਕ ਬਿਰਤਾਂਤ ਇਕ ਚੇਤਾਵਨੀ ਹੈ। ਦਬਾਵਾਂ ਦੇ ਅਧੀਨ ਅਸੀਂ ਸ਼ਾਇਦ ਮਸੀਹੀ ਅਸੂਲਾਂ ਨੂੰ ਤੋੜਨ ਲਈ ਪਰਤਾਏ ਜਾਈਏ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਯਹੋਵਾਹ ਦੀ ਸੁਰੱਖਿਆ ਨੂੰ ਠੁਕਰਾਵਾਂਗੇ। ਇਸ ਤਰ੍ਹਾਂ ਕਰਨਾ ਸਮਝਦਾਰੀ ਨਹੀਂ ਦਿਖਾਵੇਗਾ ਅਤੇ ਇਹ ਆਤਮ-ਹੱਤਿਆ ਦੇ ਬਰਾਬਰ ਹੋਵੇਗਾ ਜਿਵੇਂ ਯਸਾਯਾਹ ਦੇ ਅਗਲੇ ਸ਼ਬਦਾਂ ਤੋਂ ਪਤਾ ਚੱਲਦਾ ਹੈ। ਨਬੀ ਨੇ ਅੱਗੇ ਦੱਸਿਆ ਕਿ ਅੱਸ਼ੂਰ ਦੀ ਚੜ੍ਹਾਈ ਕਰਕੇ ਦੇਸ਼ ਅਤੇ ਉਸ ਦੇ ਲੋਕਾਂ ਦਾ ਕੀ ਹਾਲ ਹੋਵੇਗਾ।
20. ‘ਮੱਖੀਆਂ ਅਤੇ ਮਖੀਰ’ ਕੌਣ ਸਨ, ਅਤੇ ਉਨ੍ਹਾਂ ਨੇ ਕੀ ਕੀਤਾ ਸੀ?
20 ਯਸਾਯਾਹ ਨੇ ਆਪਣੇ ਐਲਾਨਾਂ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਸੀ ਅਤੇ ਹਰ ਹਿੱਸੇ ਨੇ ਪਹਿਲਾਂ ਹੀ ਦੱਸਿਆ ਕਿ “ਓਸ ਦਿਨ” ਵਿਚ ਕੀ ਹੋਵੇਗਾ, ਯਾਨੀ ਉਹ ਦਿਨ ਜਦੋਂ ਅੱਸ਼ੂਰ ਯਹੂਦਾਹ ਉੱਤੇ ਹਮਲਾ ਕਰੇਗਾ। “ਐਉਂ ਹੋਵੇਗਾ ਕਿ ਓਸ ਦਿਨ ਯਹੋਵਾਹ ਉਸ ਮੱਖੀ ਲਈ ਜਿਹੜੀ ਮਿਸਰ ਦੀਆਂ ਨਦੀਆਂ ਦੇ ਸਿਰੇ ਤੇ ਹੈ ਅਤੇ ਉਸ ਮਖੀਰ ਨੂੰ ਜਿਹੜਾ ਅੱਸ਼ੂਰ ਦੇ ਦੇਸ ਵਿੱਚ ਹੈ ਸੁਸਕਾਰੇਗਾ। ਫੇਰ ਓਹ ਲੋਕ ਸਭ ਆਉਣਗੇ ਅਤੇ ਢਾਲੂ ਵਾਦੀਆਂ ਵਿੱਚ ਅਤੇ ਢਿੱਗਾਂ ਦੀਆਂ ਤੇੜਾਂ ਵਿੱਚ ਅਤੇ ਸਾਰੇ ਕੰਡਿਆਂ ਉੱਤੇ ਅਰ ਸਾਰੀਆਂ ਝਾੜੀਆਂ ਉੱਤੇ ਬਹਿਣਗੇ।” (ਯਸਾਯਾਹ 7:18, 19) ਮੱਖੀਆਂ ਦੇ ਝੁੰਡ ਵਾਂਗ, ਮਿਸਰ ਅਤੇ ਅੱਸ਼ੂਰ ਦੇਸ਼ਾਂ ਦੀਆਂ ਫ਼ੌਜਾਂ ਦਾ ਧਿਆਨ ਵਾਅਦਾ ਕੀਤੇ ਹੋਏ ਦੇਸ਼ ਵੱਲ ਖਿੱਚਿਆ ਗਿਆ। ਇਹ ਕੋਈ ਥੋੜ੍ਹੇ ਸਮੇਂ ਦਾ ਹਮਲਾ ਨਹੀਂ ਸੀ ਕਿਉਂ ਜੋ ‘ਮੱਖੀਆਂ ਅਤੇ ਮਖੀਰ’ ਦੇਸ਼ ਦੀ ਹਰ ਨੁੱਕਰ ਅਤੇ ਤੇੜ ਵਿਚ ਬੈਠੇ ਸਨ।
21. ਅੱਸ਼ੂਰ ਦਾ ਰਾਜਾ ਇਕ ਉਸਤਰੇ ਵਰਗਾ ਕਿਵੇਂ ਬਣਿਆ?
21 ਯਸਾਯਾਹ ਨੇ ਅੱਗੇ ਕਿਹਾ: “ਓਸ ਦਿਨ ਪ੍ਰਭੁ ਉਸ ਉਸਤਰੇ ਨਾਲ ਜਿਹੜਾ ਦਰਿਆ ਦੇ ਪਾਰੋਂ ਭਾੜੇ ਤੇ ਲਿਆ ਹੈ ਅਰਥਾਤ ਅੱਸ਼ੂਰ ਦੇ ਰਾਜੇ ਨਾਲ ਸਿਰ ਅਤੇ ਪੈਰਾਂ ਦੇ ਵਾਲ ਮੁੰਨ ਸੁੱਟੇਗਾ ਅਤੇ ਦਾੜ੍ਹੀ ਵੀ ਸਾਫ਼ ਕਰ ਸੁੱਟੇਗਾ।” (ਯਸਾਯਾਹ 7:20) ਇੱਥੇ ਸਿਰਫ਼ ਅੱਸ਼ੂਰ ਦੇਸ਼ ਦੇ ਵੱਡੇ ਖ਼ਤਰੇ ਦਾ ਜ਼ਿਕਰ ਕੀਤਾ ਗਿਆ ਸੀ। ਆਹਾਜ਼ ਨੇ ਸੀਰੀਆ ਅਤੇ ਇਸਰਾਏਲ ਨੂੰ ‘ਮੁੰਨਣ’ ਲਈ ਅੱਸ਼ੂਰ ਦੇ ਰਾਜੇ ਨੂੰ ਭਾੜੇ ਤੇ ਲਿਆ ਸੀ। ਪਰ, ਫਰਾਤ ਦੇ ਇਲਾਕੇ ਤੋਂ ‘ਭਾੜੇ ਤੇ ਲਏ ਗਏ ਇਸ ਉਸਤਰੇ’ ਨੇ ਯਹੂਦਾਹ ਦੇ “ਸਿਰ” ਦੇ ਵਾਲ ਮੁੰਨੇ ਅਤੇ ਉਸ ਦੀ ਦਾੜ੍ਹੀ ਵੀ ਸਾਫ਼ ਕਰ ਦਿੱਤੀ!
22. ਅੱਸ਼ੂਰੀ ਲੋਕਾਂ ਦੁਆਰਾ ਕੀਤੇ ਜਾਣ ਵਾਲੇ ਹਮਲੇ ਦੇ ਨਤੀਜੇ ਦਿਖਾਉਣ ਲਈ ਯਸਾਯਾਹ ਨੇ ਕਿਹੜੀਆਂ ਉਦਾਹਰਣਾਂ ਦਿੱਤੀਆਂ ਸਨ?
22 ਇਸ ਦਾ ਨਤੀਜਾ ਕੀ ਨਿਕਲਿਆ? “ਐਉਂ ਹੋਵੇਗਾ ਕਿ ਓਸ ਦਿਨ ਇੱਕ ਮਨੁੱਖ ਇੱਕ ਵਹਿੜ ਤੇ ਦੋ ਭੇਡਾਂ ਜੀਉਂਦੀਆਂ ਰੱਖੇਗਾ। ਅਤੇ ਉਨ੍ਹਾਂ ਦੇ ਦੁੱਧ ਦੀ ਵਾਫਰੀ ਦੇ ਕਾਰਨ ਉਹ ਦਹੀਂ ਖਾਵੇਗਾ ਕਿਉਂਕਿ ਜੋ ਕੋਈ ਉਸ ਜਮੀਨ ਦੇ ਵਿੱਚਕਾਰ ਬਾਕੀ ਰਹੇ ਉਹ ਦਹੀਂ ਤੇ ਸ਼ਹਿਤ ਖਾਵੇਗਾ।” (ਯਸਾਯਾਹ 7:21, 22) ਜਦੋਂ ਅੱਸ਼ੂਰੀ ਲੋਕਾਂ ਨੇ ਦੇਸ਼ ਨੂੰ ‘ਮੁੰਨ’ ਲਿਆ ਸੀ, ਤਾਂ ਲੋਕ ਇੰਨੇ ਘੱਟ ਗਏ ਸਨ ਕਿ ਥੋੜ੍ਹੇ ਜਿਹੇ ਪਸ਼ੂਆਂ ਦੀ ਲੋੜ ਸੀ। “ਦਹੀਂ ਤੇ ਸ਼ਹਿਤ” ਤੋਂ ਇਲਾਵਾ ਖਾਣ ਲਈ ਹੋਰ ਕੁਝ ਨਹੀਂ ਸੀ—ਨਾ ਕੋਈ ਮੈ, ਨਾ ਰੋਟੀ, ਜਾਂ ਹੋਰ ਕੋਈ ਖ਼ੁਰਾਕ। ਬਰਬਾਦੀ ਦੀ ਹੱਦ ਦੱਸਣ ਲਈ, ਯਸਾਯਾਹ ਨੇ ਤਿੰਨ ਵਾਰ ਕਿਹਾ ਕਿ ਜਿੱਥੇ ਕੀਮਤੀ ਅਤੇ ਚੰਗੀ ਜ਼ਮੀਨ ਹੁੰਦੀ ਸੀ, ਉੱਥੇ ਹੁਣ ਕੰਡੇ ਅਤੇ ਕੰਡਿਆਲੇ ਹੋਣਗੇ। ਖੇਤੀ-ਬਾੜੀ ਦੇ ਇਲਾਕੇ ਵਿਚ ਜਾਣ ਵਾਲਿਆਂ ਨੂੰ “ਬਾਣਾਂ ਤੇ ਧਣੁਖਾਂ” ਦੀ ਜ਼ਰੂਰਤ ਸੀ ਤਾਂਕਿ ਉਹ ਝਾੜੀਆਂ ਵਿਚ ਲੁਕੇ ਜੰਗਲੀ ਜਾਨਵਰਾਂ ਤੋਂ ਆਪਣਾ ਬਚਾਅ ਕਰ ਸਕਣ। ਬੀਜਣ ਲਈ ਤਿਆਰ ਕੀਤੇ ਗਏ ਖੇਤ ਬਲ਼ਦਾਂ ਅਤੇ ਭੇਡਾਂ ਲਈ ਛੱਡੇ ਗਏ ਸਨ। (ਯਸਾਯਾਹ 7:23-25) ਇਹ ਭਵਿੱਖਬਾਣੀ ਆਹਾਜ਼ ਦੇ ਜ਼ਮਾਨੇ ਵਿਚ ਹੀ ਪੂਰੀ ਹੋਣੀ ਸ਼ੁਰੂ ਹਈ ਸੀ।—2 ਇਤਹਾਸ 28:20.
ਸਪੱਸ਼ਟ ਭਵਿੱਖਬਾਣੀਆਂ
23. (ੳ) ਯਸਾਯਾਹ ਨੂੰ ਅੱਗੇ ਕੀ ਕਰਨ ਦਾ ਹੁਕਮ ਦਿੱਤਾ ਗਿਆ ਸੀ? (ਅ) ਫੱਟੀ ਦਾ ਨਿਸ਼ਾਨ ਪੱਕਾ ਕਿਵੇਂ ਕੀਤਾ ਗਿਆ?
23 ਯਸਾਯਾਹ ਨੇ ਅੱਗੇ ਹੋ ਰਹੀਆਂ ਘਟਨਾਵਾਂ ਵੱਲ ਵਾਪਸ ਧਿਆਨ ਖਿੱਚਿਆ। ਸੀਰੀਆ ਅਤੇ ਇਸਰਾਏਲ ਦੁਆਰਾ ਯਰੂਸ਼ਲਮ ਦੀ ਘੇਰਾਬੰਦੀ ਦੇ ਸਮੇਂ ਯਸਾਯਾਹ ਨੇ ਦੱਸਿਆ: “ਯਹੋਵਾਹ ਨੇ ਮੈਨੂੰ ਆਖਿਆ, ਇੱਕ ਵੱਡੀ ਤਖ਼ਤੀ ਲੈ ਕੇ ਉਹ ਦੇ ਉੱਤੇ ਆਮ ਅੱਖਰਾਂ ਵਿੱਚ ਲਿਖ, ‘ਮਹੇਰ-ਸ਼ਲਾਲ-ਹਾਸ਼-ਬਜ਼ ਦੇ ਲਈ।’ ਸੋ ਮੈਂ ਆਪਣੇ ਲਈ ਮਾਤਬਰ ਗਵਾਹ ਬਣਾਏ, ਅਰਥਾਤ ਊਰੀਯਾਹ ਜਾਜਕ ਅਤੇ ਯਬਰਕਯਾਹ ਦਾ ਪੁੱਤ੍ਰ ਜ਼ਕਰਯਾਹ।” (ਯਸਾਯਾਹ 8:1, 2) ਇਸ ਨਾਂ, ਮਹੇਰ-ਸ਼ਲਾਲ-ਹਾਸ਼-ਬਜ਼ ਦਾ ਮਤਲਬ ਹੈ “ਹੇ ਲੁੱਟੇ ਹੋਏ ਮਾਲ, ਕਾਹਲੀ ਕਰ! ਉਹ ਲੁੱਟਣ ਲਈ ਜਲਦੀ ਆਇਆ ਹੈ।” ਯਸਾਯਾਹ ਨੇ ਸਮਾਜ ਵਿੱਚੋਂ ਦੋ ਇੱਜ਼ਤਦਾਰ ਬੰਦਿਆਂ ਨੂੰ ਚੁਣਿਆ। ਇਹ ਬਾਅਦ ਵਿਚ ਗਵਾਹੀ ਦੇ ਸਕਦੇ ਸਨ ਕਿ ਉਸ ਨੇ ਇਕ ਵੱਡੀ ਫੱਟੀ ਤੇ ਇਹ ਨਾਂ ਲਿਖਿਆ ਸੀ ਅਤੇ ਇਸ ਤਰ੍ਹਾਂ ਉਹ ਇਸ ਦੀ ਸੱਚਾਈ ਦਾ ਸਬੂਤ ਦੇ ਸਕਦੇ ਸਨ। ਫਿਰ ਵੀ, ਇਸ ਨਿਸ਼ਾਨ ਦੇ ਨਾਲ-ਨਾਲ ਇਕ ਹੋਰ ਨਿਸ਼ਾਨ ਵੀ ਦਿੱਤਾ ਗਿਆ ਸੀ।
24. ਮਹੇਰ-ਸ਼ਲਾਲ-ਹਾਸ਼-ਬਜ਼ ਦੇ ਨਿਸ਼ਾਨ ਨੂੰ ਯਹੂਦਾਹ ਦੇ ਲੋਕਾਂ ਉੱਤੇ ਕੀ ਅਸਰ ਪਾਉਣਾ ਚਾਹੀਦਾ ਸੀ?
24 ਯਸਾਯਾਹ ਨੇ ਕਿਹਾ: “ਤਾਂ ਮੈਂ ਨਬੀਆ ਨਾਲ ਸੰਗ ਕੀਤਾ ਅਤੇ ਉਹ ਗਰਭਵੰਤੀ ਹੋਈ ਤੇ ਪੁੱਤ੍ਰ ਜਣੀ, ਤਾਂ ਯਹੋਵਾਹ ਨੇ ਮੈਨੂੰ ਆਖਿਆ, ਉਹ ਦਾ ਨਾਉਂ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ। ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ “ਮੇਰਾ ਪਿਤਾ” ਤੇ “ਮੇਰੀ ਮਾਤਾ” ਕਹਿਣਾ ਸਿੱਖੇ, ਦੰਮਿਸਕ ਦਾ ਮਾਲ ਅਤੇ ਸਾਮਰਿਯਾ ਦੀ ਲੁੱਟ ਅੱਸ਼ੂਰ ਦੇ ਰਾਜੇ ਦੇ ਅੱਗੇ ਚੁਕਵਾਈ ਜਾਏਗੀ।” (ਯਸਾਯਾਹ 8:3, 4) ਵੱਡੀ ਫੱਟੀ ਅਤੇ ਨਵ-ਜੰਮਿਆ ਮੁੰਡਾ ਦੋਵੇਂ ਨਿਸ਼ਾਨ ਸਨ ਕਿ ਅੱਸ਼ੂਰ ਦੇਸ਼ ਨੇ ਜਲਦੀ ਹੀ ਯਹੂਦਾਹ ਉੱਤੇ ਅਤਿਆਚਾਰ ਕਰਨੇ ਸਨ, ਯਾਨੀ ਸੀਰੀਆ ਅਤੇ ਇਸਰਾਏਲ ਦੀ ਲੁੱਟਮਾਰ ਕਰਨੀ ਸੀ। ਇਹ ਕਿੰਨੀ ਜਲਦੀ ਹੋਇਆ? ਇਸ ਤੋਂ ਪਹਿਲਾਂ ਕਿ ਮੁੰਡਾ ਆਪਣੇ ਪਹਿਲੇ ਲਫ਼ਜ਼ “ਮਾਤਾ” ਜਾਂ “ਪਿਤਾ” ਕਹਿ ਸਕੇ। ਅਜਿਹੀ ਸਪੱਸ਼ਟ ਭਵਿੱਖਬਾਣੀ ਕਰਕੇ ਲੋਕਾਂ ਦਾ ਯਹੋਵਾਹ ਉੱਤੇ ਵਿਸ਼ਵਾਸ ਹੋਰ ਵੀ ਪੱਕਾ ਹੋਣਾ ਚਾਹੀਦਾ ਸੀ। ਜਾਂ ਹੋ ਸਕਦਾ ਹੈ ਕਿ ਕੁਝ ਲੋਕਾਂ ਨੇ ਯਸਾਯਾਹ ਅਤੇ ਉਸ ਦੇ ਪੁੱਤਰਾਂ ਦਾ ਮਖੌਲ ਉਡਾਇਆ ਹੋਵੇ। ਭਾਵੇਂ ਜੋ ਵੀ ਹੋਇਆ, ਯਸਾਯਾਹ ਦੇ ਸ਼ਬਦ ਪੂਰੇ ਹੋ ਕੇ ਰਹੇ।—2 ਰਾਜਿਆਂ 17:1-6.
25. ਸਾਡਾ ਜ਼ਮਾਨਾ ਯਸਾਯਾਹ ਦੇ ਜ਼ਮਾਨੇ ਵਰਗਾ ਕਿਸ ਤਰ੍ਹਾਂ ਹੈ?
25 ਯਸਾਯਾਹ ਦੀਆਂ ਵਾਰ-ਵਾਰ ਦਿੱਤੀਆਂ ਚੇਤਾਵਨੀਆਂ ਤੋਂ ਮਸੀਹੀ ਕਈ ਕੁਝ ਸਿੱਖ ਸਕਦੇ ਹਨ। ਪੌਲੁਸ ਰਸੂਲ ਨੇ ਸਾਨੂੰ ਦਿਖਾਇਆ ਕਿ ਇਸ ਇਤਿਹਾਸਕ ਡਰਾਮੇ ਵਿਚ, ਯਸਾਯਾਹ ਨੇ ਯਿਸੂ ਮਸੀਹ ਨੂੰ ਦਰਸਾਇਆ ਅਤੇ ਯਸਾਯਾਹ ਦੇ ਪੁੱਤਰਾਂ ਨੇ ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਨੂੰ ਦਰਸਾਇਆ ਸੀ। (ਇਬਰਾਨੀਆਂ 2:10-13) ਧਰਤੀ ਉੱਤੇ ਆਪਣੇ ਮਸਹ ਕੀਤੇ ਹੋਏ ਚੇਲਿਆਂ ਰਾਹੀਂ, ਯਿਸੂ ਸੱਚੇ ਮਸੀਹੀਆਂ ਨੂੰ ਇਨ੍ਹਾਂ ਭੈੜੇ ਸਮਿਆਂ ਦੌਰਾਨ ‘ਜਾਗਦੇ ਰਹਿਣ’ ਦੀ ਜ਼ਰੂਰਤ ਬਾਰੇ ਯਾਦ ਕਰਾਉਂਦਾ ਆਇਆ ਹੈ। (ਲੂਕਾ 21:34-36) ਨਾਲ ਦੀ ਨਾਲ, ਨਾ ਪਛਤਾਉਣ ਵਾਲੇ ਵਿਰੋਧੀਆਂ ਨੂੰ ਉਨ੍ਹਾਂ ਦੇ ਆਉਣ ਵਾਲੇ ਨਾਸ਼ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ, ਭਾਵੇਂ ਕਿ ਉਹ ਅਜਿਹੀਆਂ ਚੇਤਾਵਨੀਆਂ ਦਾ ਠੱਠਾ ਉਡਾਉਂਦੇ ਹਨ। (2 ਪਤਰਸ 3:3, 4) ਯਸਾਯਾਹ ਦੇ ਜ਼ਮਾਨੇ ਦੀਆਂ ਸਮੇਂ-ਸੰਬੰਧੀ ਭਵਿੱਖਬਾਣੀਆਂ ਦੀ ਪੂਰਤੀ ਇਕ ਗਾਰੰਟੀ ਹੈ ਕਿ ਸਾਡੇ ਜ਼ਮਾਨੇ ਲਈ ਪਰਮੇਸ਼ੁਰ ਦਾ ਅਗੰਮ ਵਾਕ ਸਮੇਂ ਸਿਰ ‘ਜ਼ਰੂਰ ਪੂਰਾ ਹੋਵੇਗਾ, ਉਹ ਚਿਰ ਨਾ ਲਾਵੇਗਾ।’—ਹਬੱਕੂਕ 2:3.
ਬਰਬਾਦੀ ਲਿਆਉਣ ਵਾਲੇ “ਪਾਣੀ”
26, 27. (ੳ) ਯਸਾਯਾਹ ਨੇ ਕਿਹੜੀਆਂ ਘਟਨਾਵਾਂ ਬਾਰੇ ਭਵਿੱਖਬਾਣੀ ਕੀਤੀ ਸੀ? (ਅ) ਯਸਾਯਾਹ ਦੇ ਸ਼ਬਦ ਅੱਜ ਯਹੋਵਾਹ ਦੇ ਸੇਵਕਾਂ ਲਈ ਕੀ ਸੰਕੇਤ ਕਰਦੇ ਹਨ?
26 ਯਸਾਯਾਹ ਨੇ ਹੋਰ ਚੇਤਾਵਨੀਆਂ ਦਿੱਤੀਆਂ: “ਏਸ ਲਈ ਕਿ ਇਸ ਪਰਜਾ ਨੇ ਸ਼ੀਲੋਆਹ ਦੇ ਹੌਲੀ ਵਗਣ ਵਾਲੇ ਪਾਣੀ ਨੂੰ ਰੱਦ ਕੀਤਾ ਅਤੇ ਰਸੀਨ ਤੇ ਰਮਲਯਾਹ ਦੇ ਪੁੱਤ੍ਰ ਉੱਤੇ ਖੁਸ਼ ਹਨ। ਤਾਂ ਵੇਖੋ, ਪ੍ਰਭੁ ਉਨ੍ਹਾਂ ਦੇ ਉੱਤੇ ਦਰਿਆ ਦੇ ਤੇਜ ਤੇ ਬਹੁਤੇ ਪਾਣੀ ਚੜ੍ਹਾਵੇਗਾ, ਅਰਥਾਤ ਅੱਸ਼ੂਰ ਦੇ ਰਾਜੇ ਨੂੰ ਉਹ ਦੀ ਸਾਰੀ ਸ਼ਾਨ ਨਾਲ ਅਤੇ ਉਹ ਆਪਣੇ ਸਾਰੇ ਨਾਲਿਆਂ ਉੱਤੇ ਚੜ੍ਹੇਗਾ ਅਤੇ ਆਪਣੇ ਸਾਰੇ ਕੰਢਿਆਂ ਦੇ ਉੱਤੋਂ ਦੀ ਵਗੇਗਾ। ਉਹ ਯਹੂਦਾਹ ਦੇ ਵਿੱਚ ਵੀ ਲੰਘੇਗਾ, ਉਹ ਹੜ੍ਹ ਬਣ ਕੇ ਵਗੇਗਾ ਅਤੇ ਗਰਦਨ ਤੀਕ ਚੜ੍ਹੇਗਾ ਅਤੇ ਹੇ ਇੰਮਾਨੂਏਲ, ਉਹ ਦੇ ਪਰਾਂ ਦਾ ਫੈਲਾਓ ਤੇਰੇ ਦੇਸ ਦੀ ਚੁੜਾਈ ਨੂੰ ਭਰ ਦੇਵੇਗਾ!”—ਯਸਾਯਾਹ 8:5-8.
27 “ਇਸ ਪਰਜਾ,” ਯਾਨੀ ਉੱਤਰੀ ਰਾਜ ਇਸਰਾਏਲ ਨੇ ਦਾਊਦ ਨਾਲ ਬੰਨ੍ਹੇ ਯਹੋਵਾਹ ਦੇ ਨੇਮ ਨੂੰ ਰੱਦ ਕੀਤਾ। (2 ਰਾਜਿਆਂ 17:16-18) ਇਹ ਨੇਮ ਉਨ੍ਹਾਂ ਨੂੰ ਕਮਜ਼ੋਰ ਨਜ਼ਰ ਆਉਂਦਾ ਸੀ—ਸ਼ੀਲੋਆਹ ਦੇ ਟਪਕਦੇ ਪਾਣੀ ਵਾਂਗ ਜਿੱਥੋਂ ਯਰੂਸ਼ਲਮ ਲਈ ਪਾਣੀ ਆਉਂਦਾ ਸੀ। ਉੱਤਰੀ ਰਾਜ ਇਸਰਾਏਲ ਯਹੂਦਾਹ ਵਿਰੁੱਧ ਆਪਣੀ ਲੜਾਈ ਵਿਚ ਖ਼ੁਸ਼ ਸਨ। ਅਜਿਹਾ ਅਪਮਾਨ ਦਿਖਾਉਣ ਲਈ ਸਜ਼ਾ ਜ਼ਰੂਰ ਦਿੱਤੀ ਜਾਣੀ ਸੀ। ਯਹੋਵਾਹ ਨੇ ਅੱਸ਼ੂਰੀਆਂ ਨੂੰ “ਹੜ੍ਹ” ਵਾਂਗ ਸੀਰੀਆ ਅਤੇ ਇਸਰਾਏਲ ਨੂੰ ਤਬਾਹ ਕਰਨ ਦਿੱਤਾ। ਅੱਜ ਵੀ ਕੁਝ ਇਹੋ ਜਿਹਾ ਹੋਵੇਗਾ ਜਦੋਂ ਯਹੋਵਾਹ ਥੋੜ੍ਹੀ ਦੇਰ ਵਿਚ ਸੰਸਾਰ ਦੇ ਰਾਜਨੀਤਿਕ ਹਿੱਸੇ ਨੂੰ ਝੂਠੇ ਧਰਮ ਉੱਤੇ ਹੜ੍ਹ ਲਿਆਉਣ ਦੇਵੇਗਾ। (ਪਰਕਾਸ਼ ਦੀ ਪੋਥੀ 17:16. ਦਾਨੀਏਲ 9:26 ਦੀ ਤੁਲਨਾ ਕਰੋ।) ਯਸਾਯਾਹ ਨੇ ਕਿਹਾ ਕਿ ਫਿਰ ਚੜ੍ਹਦੇ “ਪਾਣੀ” ‘ਯਹੂਦਾਹ ਦੇ ਵਿੱਚ ਵੀ ਲੰਘਣਗੇ,’ ਉਹ “ਗਰਦਨ ਤੀਕ,” ਯਾਨੀ ਯਰੂਸ਼ਲਮ ਤਕ ਪਹੁੰਚਣਗੇ, ਜਿੱਥੇ ਯਹੂਦਾਹ ਦਾ ਸਿਰ (ਰਾਜਾ) ਰਾਜ ਕਰਦਾ ਸੀ।b ਸਾਡੇ ਜ਼ਮਾਨੇ ਵਿਚ ਵੀ ਝੂਠੇ ਧਰਮ ਦੇ ਰਾਜਨੀਤਿਕ ਦੰਡਕਾਰ ਯਹੋਵਾਹ ਦੇ ਸੇਵਕਾਂ ਉੱਤੇ ਚੜ੍ਹਾਈ ਕਰਨਗੇ ਅਤੇ “ਗਰਦਨ ਤੀਕ” ਉਨ੍ਹਾਂ ਨੂੰ ਘੇਰ ਲੈਣਗੇ। (ਹਿਜ਼ਕੀਏਲ 38:2, 10-16) ਇਸ ਦਾ ਨਤੀਜਾ ਕੀ ਹੋਵੇਗਾ? ਯਸਾਯਾਹ ਦੇ ਸਮੇਂ ਵਿਚ ਕੀ ਹੋਇਆ ਸੀ? ਕੀ ਅੱਸ਼ੂਰੀ ਲੋਕ ਸ਼ਹਿਰ ਦੀਆਂ ਕੰਧਾਂ ਉੱਤੋਂ ਦੀ ਆ ਕੇ ਪਰਮੇਸ਼ੁਰ ਦੇ ਲੋਕਾਂ ਨੂੰ ਵਹਾ ਕੇ ਲੈ ਗਏ ਸਨ? ਨਹੀਂ, ਕਿਉਂ ਜੋ ਪਰਮੇਸ਼ੁਰ ਆਪਣੇ ਲੋਕਾਂ ਦੇ ਸੰਗ ਸੀ।
ਡਰੋ ਨਾ—“ਪਰਮੇਸ਼ੁਰ ਸਾਡੇ ਸੰਗ ਹੈ!”
28. ਯਹੂਦਾਹ ਦੇ ਦੁਸ਼ਮਣਾਂ ਦੇ ਵੱਡੇ ਜਤਨਾਂ ਦੇ ਬਾਵਜੂਦ, ਯਹੋਵਾਹ ਨੇ ਉਨ੍ਹਾਂ ਨੂੰ ਕਿਸ ਗੱਲ ਦਾ ਦਿਲਾਸਾ ਦਿੱਤਾ ਸੀ?
28 ਯਸਾਯਾਹ ਨੇ ਚੇਤਾਵਨੀ ਦਿੱਤੀ: “ਹੇ ਲੋਕੋ! [ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਦਾ ਵਿਰੋਧ ਕਰਨ ਵਾਲਿਓ] ਮਿਲ ਜਾਓ, ਪਰ ਟੋਟੇ ਟੋਟੇ ਕੀਤੇ ਜਾਓਗੇ, ਹੇ ਸਾਰੇ ਦੂਰ ਦੇਸ ਦਿਓ, ਕੰਨ ਲਾਓ, ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੋਟੇ ਟੋਟੇ ਕੀਤੇ ਜਾਓਗੇ, ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੋਟੇ ਟੋਟੇ ਕੀਤੇ ਜਾਓਗੇ! ਆਪੋ ਵਿੱਚ ਸਲਾਹ ਕਰੋ ਪਰ ਉਹ ਨਿਸਫਲ ਹੋਵੇਗੀ, ਬਚਨ ਕਰੋ ਪਰ ਉਹ ਕਾਇਮ ਨਾ ਰਹੇਗਾ, ਕਿਉਂ ਜੋ ਪਰਮੇਸ਼ੁਰ ਸਾਡੇ ਸੰਗ ਹੈ।” (ਯਸਾਯਾਹ 8:9, 10) ਇਹ ਸ਼ਬਦ ਆਹਾਜ਼ ਦੇ ਵਫ਼ਾਦਾਰ ਪੁੱਤਰ ਹਿਜ਼ਕੀਯਾਹ ਦੇ ਰਾਜ ਦੌਰਾਨ ਪੂਰੇ ਹੋਏ ਸਨ। ਜਦੋਂ ਅੱਸ਼ੂਰੀ ਲੋਕ ਯਰੂਸ਼ਲਮ ਵਿਰੁੱਧ ਆਏ, ਯਹੋਵਾਹ ਦੇ ਦੂਤ ਨੇ 1,85,000 ਲੋਕਾਂ ਨੂੰ ਮਾਰ ਦਿੱਤਾ ਸੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੇ ਲੋਕਾਂ ਅਤੇ ਦਾਊਦ ਦੀ ਸ਼ਾਹੀ ਵੰਸ਼ਾਵਲੀ ਦੇ ਸੰਗ ਸੀ। (ਯਸਾਯਾਹ 37:33-37) ਆਰਮਾਗੇਡਨ ਦੀ ਆ ਰਹੀ ਲੜਾਈ ਦੌਰਾਨ, ਯਹੋਵਾਹ ਉਸੇ ਤਰ੍ਹਾਂ ਮਹਾਨ ਇੰਮਾਨੂਏਲ ਨੂੰ ਭੇਜੇਗਾ। ਉਹ ਨਾ ਸਿਰਫ਼ ਆਪਣੇ ਦੁਸ਼ਮਣਾਂ ਨੂੰ ਚਕਨਾਚੂਰ ਕਰ ਦੇਵੇਗਾ ਪਰ ਉਹ ਉਨ੍ਹਾਂ ਨੂੰ ਵੀ ਬਚਾਵੇਗਾ ਜੋ ਉਸ ਵਿਚ ਭਰੋਸਾ ਰੱਖਦੇ ਹਨ।—ਜ਼ਬੂਰ 2:2, 9, 12.
29. (ੳ) ਆਹਾਜ਼ ਦੇ ਜ਼ਮਾਨੇ ਦੇ ਯਹੂਦੀ, ਹਿਜ਼ਕੀਯਾਹ ਦੇ ਜ਼ਮਾਨੇ ਦੇ ਯਹੂਦੀਆਂ ਤੋਂ ਕਿਵੇਂ ਵੱਖਰੇ ਸਨ? (ਅ) ਅੱਜ ਯਹੋਵਾਹ ਦੇ ਸੇਵਕ ਧਾਰਮਿਕ ਅਤੇ ਰਾਜਨੀਤਿਕ ਗੱਠਜੋੜਾਂ ਨਾਲ ਇਕਮੁੱਠ ਕਿਉਂ ਨਹੀਂ ਹੁੰਦੇ?
29 ਹਿਜ਼ਕੀਯਾਹ ਦੇ ਜ਼ਮਾਨੇ ਦੇ ਯਹੂਦੀ ਲੋਕਾਂ ਤੋਂ ਉਲਟ, ਆਹਾਜ਼ ਦੇ ਜ਼ਮਾਨੇ ਦੇ ਲੋਕਾਂ ਨੇ ਯਹੋਵਾਹ ਦੇ ਬਚਾਅ ਵਿਚ ਵਿਸ਼ਵਾਸ ਨਹੀਂ ਰੱਖਿਆ ਸੀ। ਉਨ੍ਹਾਂ ਨੇ ਸੀਰੀਆ ਅਤੇ ਇਸਰਾਏਲ ਦੇ ਗੱਠਜੋੜ ਤੋਂ ਬਚਣ ਲਈ ਅੱਸ਼ੂਰੀਆਂ ਨਾਲ ਮਿਲਣਾ, ਜਾਂ “ਏਕਾ” ਕਰਨਾ, ਪਸੰਦ ਕੀਤਾ ਸੀ। ਪਰ, ਯਹੋਵਾਹ ਦੇ “ਹੱਥ” ਨੇ ਯਸਾਯਾਹ ਨੂੰ “ਇਸ ਪਰਜਾ ਦੇ ਚਾਲ ਚਲਣ” ਖ਼ਿਲਾਫ਼ ਬੋਲਣ ਲਈ ਉਕਸਾਇਆ। ਉਸ ਨੇ ਚੇਤਾਵਨੀ ਦਿੱਤੀ: “ਜਿਸ ਤੋਂ ਏਹ ਭੈ ਖਾਂਦੀ ਹੈ ਤੁਸੀਂ ਭੈ ਨਾ ਖਾਓ, ਨਾ ਕੰਬੋ। ਸੈਨਾਂ ਦਾ ਯਹੋਵਾਹ, ਉਹ ਨੂੰ ਪਵਿੱਤਰ ਮੰਨੋ ਅਤੇ ਉਹ ਤੁਹਾਡੇ ਲਈ ਭੈ ਅਤੇ ਉਹ ਤੁਹਾਡੇ ਲਈ ਕਾਂਬਾ ਹੋਵੇ।” (ਯਸਾਯਾਹ 8:11-13) ਇਸ ਨੂੰ ਮਨ ਵਿਚ ਰੱਖਦੇ ਹੋਏ, ਅੱਜ ਯਹੋਵਾਹ ਦੇ ਸੇਵਕ ਧਾਰਮਿਕ ਅਤੇ ਰਾਜਨੀਤਿਕ ਗੱਠਜੋੜਾਂ ਨਾਲ ਇਕਮੁੱਠ ਹੋਣ ਜਾਂ ਉਨ੍ਹਾਂ ਉੱਤੇ ਭਰੋਸਾ ਰੱਖਣ ਤੋਂ ਖ਼ਬਰਦਾਰ ਰਹਿੰਦੇ ਹਨ। ਯਹੋਵਾਹ ਦੇ ਸੇਵਕ ਪਰਮੇਸ਼ੁਰ ਦੀ ਸੁਰੱਖਿਆ ਦੇਣ ਦੀ ਸ਼ਕਤੀ ਉੱਤੇ ਪੂਰਾ ਭਰੋਸਾ ਰੱਖਦੇ ਹਨ। ਕਿਉਂ ਜੋ, ਜੇ ‘ਯਹੋਵਾਹ ਸਾਡੇ ਵੱਲ ਹੈ, ਤਾਂ ਆਦਮੀ ਸਾਡਾ ਕੀ ਕਰ ਸੱਕਦਾ ਹੈ?’—ਜ਼ਬੂਰ 118:6.
30. ਉਨ੍ਹਾਂ ਦਾ ਭਵਿੱਖ ਕੀ ਹੋਵੇਗਾ ਜੋ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਦੇ?
30 ਯਸਾਯਾਹ ਨੇ ਵਾਰ-ਵਾਰ ਕਿਹਾ ਕਿ ਯਹੋਵਾਹ ਉਨ੍ਹਾਂ ਲਈ “ਪਵਿੱਤਰ ਅਸਥਾਨ,” ਯਾਨੀ ਸੁਰੱਖਿਆ ਸਾਬਤ ਹੋਵੇਗਾ ਜੋ ਉਸ ਉੱਤੇ ਭਰੋਸਾ ਰੱਖਦੇ ਹਨ। ਇਸ ਦੇ ਉਲਟ, ਜਿਹੜੇ ਉਸ ਨੂੰ ਰੱਦ ਕਰਦੇ ਹਨ ਉਹ “ਠੇਡੇ ਖਾਣਗੇ ਅਤੇ ਡਿੱਗਣਗੇ ਅਤੇ ਚੂਰ ਚੂਰ ਹੋ ਜਾਣਗੇ ਅਤੇ ਫਾਹੇ ਜਾਣਗੇ ਅਤੇ ਫੜੇ ਜਾਣਗੇ।” (ਯਸਾਯਾਹ 8:14, 15) ਇੱਥੇ ਪੰਜ ਸਪੱਸ਼ਟ ਕਿਰਿਆਵਾਂ ਵਰਤੀਆਂ ਗਈਆਂ ਹਨ ਜੋ ਯਹੋਵਾਹ ਉੱਤੇ ਭਰੋਸਾ ਨਾ ਰੱਖਣ ਵਾਲਿਆਂ ਦੇ ਭਵਿੱਖ ਬਾਰੇ ਸਾਫ਼-ਸਾਫ਼ ਦੱਸਦੀਆਂ ਹਨ। ਪਹਿਲੀ ਸਦੀ ਵਿਚ, ਜਿਨ੍ਹਾਂ ਨੇ ਯਿਸੂ ਨੂੰ ਰੱਦਿਆ ਸੀ ਉਹ ਵੀ ਠੇਡਾ ਖਾ ਕੇ ਡਿੱਗੇ ਸਨ। (ਲੂਕਾ 20:17, 18) ਅੱਜ ਜਿਹੜੇ ਲੋਕ ਯਿਸੂ ਨੂੰ ਬਿਰਾਜਮਾਨ ਸਵਰਗੀ ਰਾਜੇ ਵਜੋਂ ਸਵੀਕਾਰ ਨਹੀਂ ਕਰਦੇ, ਉਨ੍ਹਾਂ ਨਾਲ ਵੀ ਅਜਿਹਾ ਹੀ ਹੋਵੇਗਾ।—ਜ਼ਬੂਰ 2:5-9.
31. ਅੱਜ ਸੱਚੇ ਮਸੀਹੀ ਯਸਾਯਾਹ ਦੀ ਅਤੇ ਉਸ ਦੀ ਸਿੱਖਿਆ ਸੁਣਨ ਵਾਲਿਆਂ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਨ?
31 ਯਸਾਯਾਹ ਦੇ ਜ਼ਮਾਨੇ ਵਿਚ ਸਾਰਿਆਂ ਲੋਕਾਂ ਨੇ ਠੇਡਾ ਨਹੀਂ ਖਾਧਾ ਸੀ। ਯਸਾਯਾਹ ਨੇ ਕਿਹਾ: “ਸਾਖੀ ਨਾਮੇ ਨੂੰ ਠੱਪ ਲੈ, ਅਤੇ ਮੇਰੇ ਚੇਲਿਆਂ ਵਿੱਚ ਬਿਵਸਥਾ ਉੱਤੇ ਮੋਹਰ ਲਾ। ਅਤੇ ਮੈਂ ਯਹੋਵਾਹ ਲਈ ਠਹਿਰਾਂਗਾ ਜਿਹੜਾ ਯਾਕੂਬ ਦੇ ਘਰਾਣੇ ਤੋਂ ਆਪਣਾ ਮੂੰਹ ਲੁਕਾਉਂਦਾ ਹੈ ਅਤੇ ਮੈਂ ਉਹ ਨੂੰ ਉਡੀਕਾਂਗਾ।” (ਯਸਾਯਾਹ 8:16, 17) ਯਸਾਯਾਹ ਅਤੇ ਉਸ ਦੀ ਸਿੱਖਿਆ ਵੱਲ ਧਿਆਨ ਦੇਣ ਵਾਲੇ ਲੋਕ ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ ਚੱਲਦੇ ਰਹੇ ਸਨ। ਉਹ ਯਹੋਵਾਹ ਉੱਤੇ ਭਰੋਸਾ ਰੱਖਦੇ ਗਏ ਭਾਵੇਂ ਕਿ ਉਨ੍ਹਾਂ ਦੇ ਵਿਗੜੇ ਹੋਏ ਹਮਵਤਨੀਆਂ ਨੇ ਭਰੋਸਾ ਨਹੀਂ ਰੱਖਿਆ ਸੀ ਅਤੇ ਇਸ ਲਈ ਯਹੋਵਾਹ ਨੇ ਉਨ੍ਹਾਂ ਹਮਵਤਨੀਆਂ ਤੋਂ ਆਪਣਾ ਮੂੰਹ ਲੁਕਾਇਆ। ਉਮੀਦ ਹੈ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਣ ਵਾਲਿਆਂ ਦੀ ਮਿਸਾਲ ਉੱਤੇ ਚੱਲਾਂਗੇ ਅਤੇ ਉਨ੍ਹਾਂ ਵਰਗੀ ਦ੍ਰਿੜ੍ਹਤਾ ਨਾਲ ਸ਼ੁੱਧ ਉਪਾਸਨਾ ਨੂੰ ਫੜੀ ਰੱਖਾਂਗੇ!—ਦਾਨੀਏਲ 12:4, 9; ਮੱਤੀ 24:45. ਇਬਰਾਨੀਆਂ 6:11, 12 ਦੀ ਤੁਲਨਾ ਕਰੋ।
“ਨਿਸ਼ਾਨ ਅਤੇ ਅਚੰਭੇ”
32. (ੳ) ਅੱਜ “ਨਿਸ਼ਾਨ ਅਤੇ ਅਚੰਭੇ” ਕੌਣ ਹਨ? (ਅ) ਮਸੀਹੀਆਂ ਨੂੰ ਦੁਨੀਆਂ ਤੋਂ ਵੱਖਰੇ ਕਿਉਂ ਨਜ਼ਰ ਆਉਣਾ ਚਾਹੀਦਾ ਹੈ?
32 ਯਸਾਯਾਹ ਨੇ ਅੱਗੇ ਐਲਾਨ ਕੀਤਾ: “ਵੇਖੋ, ਮੈਂ ਅਤੇ ਓਹ ਬੱਚੇ ਜਿਹੜੇ ਯਹੋਵਾਹ ਨੇ ਮੈਨੂੰ ਬਖ਼ਸ਼ੇ ਇਸਰਾਏਲ ਵਿੱਚ ਸੈਨਾਂ ਦੇ ਯਹੋਵਾਹ ਵੱਲੋਂ ਜੋ ਸੀਯੋਨ ਪਰਬਤ ਉੱਤੇ ਵੱਸਦਾ ਹੈ ਨਿਸ਼ਾਨ ਅਤੇ ਅਚੰਭੇ ਹਾਂ।” (ਯਸਾਯਾਹ 8:18) ਹਾਂ, ਯਸਾਯਾਹ, ਸ਼ਆਰ ਯਾਸ਼ੂਬ, ਅਤੇ ਮਹੇਰ-ਸ਼ਲਾਲ-ਹਾਸ਼-ਬਜ਼ ਯਹੂਦਾਹ ਲਈ ਯਹੋਵਾਹ ਦੇ ਮਕਸਦਾਂ ਦੇ ਨਿਸ਼ਾਨ ਸਨ। ਅੱਜ, ਯਿਸੂ ਅਤੇ ਉਸ ਦੇ ਮਸਹ ਕੀਤੇ ਹੋਏ ਭਰਾ ਵੀ ਨਿਸ਼ਾਨ ਹਨ। (ਇਬਰਾਨੀਆਂ 2:11-13) ਅਤੇ ‘ਹੋਰ ਭੇਡਾਂ’ ਦੀ “ਵੱਡੀ ਭੀੜ” ਉਨ੍ਹਾਂ ਨਾਲ ਕੰਮ ਕਰ ਰਹੀ ਹੈ। (ਯੂਹੰਨਾ 10:16; ਪਰਕਾਸ਼ ਦੀ ਪੋਥੀ 7:9, 14) ਕਿਸੇ ਨਿਸ਼ਾਨ ਦਾ ਫ਼ਾਇਦਾ ਉਦੋਂ ਹੁੰਦਾ ਹੈ ਜਦੋਂ ਉਹ ਆਲੇ-ਦੁਆਲੇ ਦੇ ਮਾਹੌਲ ਤੋਂ ਵੱਖਰਾ ਨਜ਼ਰ ਆਏ। ਇਸੇ ਤਰ੍ਹਾਂ, ਨਿਸ਼ਾਨਾਂ ਵਜੋਂ ਮਸੀਹੀ ਆਪਣੇ ਸੌਂਪੇ ਗਏ ਕੰਮ ਨੂੰ ਸਿਰਫ਼ ਉਦੋਂ ਪੂਰਾ ਕਰ ਸਕਦੇ ਹਨ ਜਦੋਂ ਉਹ ਇਸ ਦੁਨੀਆਂ ਤੋਂ ਵੱਖਰੇ ਨਜ਼ਰ ਆਉਂਦੇ ਹਨ, ਆਪਣਾ ਪੂਰਾ ਭਰੋਸਾ ਯਹੋਵਾਹ ਉੱਤੇ ਰੱਖਦੇ ਹਨ, ਅਤੇ ਦਲੇਰੀ ਨਾਲ ਉਸ ਦੇ ਮਕਸਦਾਂ ਬਾਰੇ ਦੱਸਦੇ ਹਨ।
33. (ੳ) ਸੱਚੇ ਮਸੀਹੀ ਕੀ ਕਰਨ ਦਾ ਪੱਕਾ ਇਰਾਦਾ ਰੱਖਦੇ ਹਨ? (ਅ) ਸੱਚੇ ਮਸੀਹੀ ਦ੍ਰਿੜ੍ਹਤਾ ਨਾਲ ਖੜ੍ਹੇ ਕਿਉਂ ਹੋ ਸਕਣਗੇ?
33 ਇਸ ਲਈ, ਆਓ ਅਸੀਂ ਸਾਰੇ ਜਣੇ ਦੁਨੀਆਂ ਦੇ ਅਸੂਲਾਂ ਤੇ ਨਹੀਂ, ਸਗੋਂ ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲੀਏ। ਅਤੇ ਬਿਨਾਂ ਡਰ ਨਿਸ਼ਾਨਾਂ ਵਾਂਗ ਵੱਖਰੇ ਨਜ਼ਰ ਆਈਏ। ਮਹਾਨ ਯਸਾਯਾਹ, ਯਿਸੂ ਮਸੀਹ ਦੇ ਸੌਂਪੇ ਗਏ ਕੰਮ ਵਿਚ ਹਿੱਸਾ ਲੈ ਕੇ ‘ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰੀਏ।’ (ਯਸਾਯਾਹ 61:1, 2; ਲੂਕਾ 4:17-21) ਵਾਕਈ, ਜਦੋਂ ਅੱਸ਼ੂਰੀ ਹੜ੍ਹ ਧਰਤੀ ਉੱਤੇ ਵਗੇਗਾ—ਭਾਵੇਂ ਇਹ ਸਾਡੀਆਂ ਗਰਦਨਾਂ ਤਕ ਪਹੁੰਚੇ—ਸੱਚੇ ਮਸੀਹੀ ਵਹਿ ਨਹੀਂ ਜਾਣਗੇ। ਅਸੀਂ ਦ੍ਰਿੜ੍ਹਤਾ ਨਾਲ ਖੜ੍ਹੇ ਰਹਾਂਗੇ ਕਿਉਂਕਿ “ਪਰਮੇਸ਼ੁਰ ਸਾਡੇ ਸੰਗ ਹੈ।”
[ਫੁਟਨੋਟ]
a ਇਸ ਭਵਿੱਖਬਾਣੀ ਦੀ ਪੂਰਤੀ ਬਾਰੇ ਹੋਰ ਜਾਣਕਾਰੀ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 1 ਦੇ ਸਫ਼ੇ 62 ਅਤੇ 758 ਦੇਖੋ।
b ਅੱਸ਼ੂਰ ਦੀ ਤੁਲਨਾ ਇਕ ਪੰਛੀ ਨਾਲ ਵੀ ਕੀਤੀ ਗਈ ਹੈ ਜਿਸ ਦੇ ਫੈਲਾਏ ਹੋਏ ਪਰ ‘ਦੇਸ ਦੀ ਚੁੜਾਈ ਨੂੰ ਭਰ ਦੇਣਗੇ।’ ਇਸ ਤਰ੍ਹਾਂ, ਜਿੱਥੇ ਤਕ ਦੇਸ਼ ਦੀ ਚੁੜਾਈ ਸੀ, ਉੱਥੇ ਤਕ ਅੱਸ਼ੂਰ ਦੇਸ਼ ਦੀ ਫ਼ੌਜ ਸੀ।
[ਸਫ਼ਾ 103 ਉੱਤੇ ਤਸਵੀਰ]
ਆਹਾਜ਼ ਨੂੰ ਯਹੋਵਾਹ ਦਾ ਸੁਨੇਹਾ ਦੇਣ ਦੇ ਸਮੇਂ ਯਸਾਯਾਹ ਸ਼ਆਰ ਯਾਸ਼ੂਬ ਨੂੰ ਨਾਲ ਲੈ ਕੇ ਗਿਆ
[ਸਫ਼ਾ 111 ਉੱਤੇ ਤਸਵੀਰ]
ਯਸਾਯਾਹ ਨੇ ਇਕ ਵੱਡੀ ਫੱਟੀ ਤੇ “ਮਹੇਰ-ਸ਼ਲਾਲ-ਹਾਸ਼-ਬਜ਼ ਦੇ ਲਈ” ਕਿਉਂ ਲਿਖਿਆ ਸੀ?