ਅਠਾਈਵਾਂ ਅਧਿਆਇ
ਕੌਮਾਂ ਲਈ ਚਾਨਣ
1, 2. ਚਾਨਣ ਅਤਿ ਜ਼ਰੂਰੀ ਕਿਉਂ ਹੈ ਅਤੇ ਅੱਜ ਧਰਤੀ ਉੱਤੇ ਕਿਹੋ ਜਿਹਾ ਹਨੇਰਾ ਛਾਇਆ ਹੈ?
ਯਹੋਵਾਹ ਤੋਂ ਚਾਨਣ ਆਉਂਦਾ ਹੈ। ਉਹ ‘ਦਿਨ ਦੇ ਚਾਨਣ ਲਈ ਸੂਰਜ ਅਤੇ ਰਾਤ ਦੇ ਚਾਨਣ ਲਈ ਚੰਦ ਅਤੇ ਤਾਰਿਆਂ ਦੀ ਬਿਧੀ ਦਿੰਦਾ ਹੈ।’ (ਯਿਰਮਿਯਾਹ 31:35) ਸਿਰਫ਼ ਇਸੇ ਗੱਲ ਕਰਕੇ ਉਸ ਨੂੰ ਜੀਵਨ ਦੇ ਸੋਮੇ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਰੌਸ਼ਨੀ ਤੋਂ ਬਿਨਾਂ ਅਸੀਂ ਜੀਹ ਨਹੀਂ ਸਕਦੇ। ਜੇ ਧਰਤੀ ਨੂੰ ਸੂਰਜ ਤੋਂ ਰੌਸ਼ਨੀ ਅਤੇ ਸੇਕ ਨਾ ਮਿਲਦਾ ਤਾਂ ਧਰਤੀ ਉੱਤੇ ਜੀਉਣਾ ਨਾਮੁਮਕਿਨ ਹੁੰਦਾ ਅਤੇ ਇਹ ਧਰਤੀ ਬੇਆਬਾਦ ਹੁੰਦੀ।
2 ਇਸ ਲਈ ਸਾਨੂੰ ਇਸ ਗੱਲ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਕਿ ਯਹੋਵਾਹ ਨੇ ਸਾਡੇ ਜ਼ਮਾਨੇ ਲਈ ਚਾਨਣ ਨਹੀਂ ਸਗੋਂ ਹਨੇਰੇ ਦੀ ਭਵਿੱਖਬਾਣੀ ਕੀਤੀ ਸੀ। ਯਸਾਯਾਹ ਨੇ ਲਿਖਿਆ ਸੀ: “ਵੇਖੋ ਤਾਂ, ਅਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਨੂੰ ਘਟਾਂ।” (ਯਸਾਯਾਹ 60:2) ਇਹ ਸ਼ਬਦ ਅਸਲੀ ਹਨੇਰੇ ਬਾਰੇ ਨਹੀਂ ਸਗੋਂ ਰੂਹਾਨੀ ਹਨੇਰੇ ਬਾਰੇ ਸਨ, ਪਰ ਸਾਨੂੰ ਇਨ੍ਹਾਂ ਦੀ ਮਹੱਤਤਾ ਸਮਝਣੀ ਚਾਹੀਦੀ ਹੈ। ਜਿਵੇਂ ਅਸੀਂ ਸੂਰਜ ਦੇ ਚਾਨਣ ਤੋਂ ਬਿਨਾਂ ਜ਼ਿਆਦਾ ਦੇਰ ਤਕ ਜੀਉਂਦੇ ਨਹੀਂ ਰਹਿ ਸਕਦੇ, ਉਸੇ ਤਰ੍ਹਾਂ ਰੂਹਾਨੀ ਚਾਨਣ ਤੋਂ ਬਿਨਾਂ ਵੀ ਅਸੀਂ ਜੀਉਂਦੇ ਨਹੀਂ ਰਹਿ ਸਕਦੇ।
3. ਇਨ੍ਹਾਂ ਹਨੇਰੇ ਸਮਿਆਂ ਦੌਰਾਨ ਸਾਨੂੰ ਚਾਨਣ ਕਿੱਥੋਂ ਮਿਲ ਸਕਦਾ ਹੈ?
3 ਇਨ੍ਹਾਂ ਹਨੇਰੇ ਸਮਿਆਂ ਦੌਰਾਨ ਯਹੋਵਾਹ ਵੱਲੋਂ ਰੂਹਾਨੀ ਚਾਨਣ ਦਾ ਪੂਰਾ ਫ਼ਾਇਦਾ ਉਠਾਉਣਾ ਬਹੁਤ ਜ਼ਰੂਰੀ ਹੈ। ਇਹ ਲਾਜ਼ਮੀ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਨਾਲ ਆਪਣੇ ਰਾਹ ਉੱਤੇ ਚਾਨਣ ਕਰੀਏ ਅਤੇ ਜੇ ਹੋ ਸਕੇ ਹਰ ਰੋਜ਼ ਬਾਈਬਲ ਪੜ੍ਹੀਏ। (ਜ਼ਬੂਰ 119:105) ਸਾਨੂੰ ‘ਧਰਮੀਆਂ ਦੇ ਰਾਹ’ ਉੱਤੇ ਰਹਿਣ ਲਈ ਮਸੀਹੀ ਸਭਾਵਾਂ ਤੇ ਇਕ ਦੂਜੇ ਦਾ ਹੌਸਲਾ ਵਧਾਉਣ ਦੇ ਮੌਕੇ ਮਿਲਦੇ ਹਨ। (ਕਹਾਉਤਾਂ 4:18; ਇਬਰਾਨੀਆਂ 10:23-25) ਅਸੀਂ ਬਾਈਬਲ ਦੀ ਸਟੱਡੀ ਕਰ ਕੇ ਅਤੇ ਮਸੀਹੀਆਂ ਨਾਲ ਸੰਗਤ ਰੱਖ ਕੇ ਤਾਕਤ ਹਾਸਲ ਕਰਦੇ ਹਾਂ। ਇਸ ਤਾਕਤ ਨਾਲ ਅਸੀਂ ਇਨ੍ਹਾਂ “ਅੰਤ ਦਿਆਂ ਦਿਨਾਂ” ਦੇ ਹਨੇਰੇ ਵਿਚ ਪੈਣ ਤੋਂ ਬਚ ਸਕਦੇ ਹਾਂ ਜੋ ਦਿਨ “ਯਹੋਵਾਹ ਦੇ ਕ੍ਰੋਧ ਦੇ ਦਿਨ” ਨਾਲ ਖ਼ਤਮ ਹੋਣਗੇ। (2 ਤਿਮੋਥਿਉਸ 3:1; ਸਫ਼ਨਯਾਹ 2:3) ਯਹੋਵਾਹ ਦਾ ਦਿਨ ਤੇਜ਼ੀ ਨਾਲ ਆ ਰਿਹਾ ਹੈ। ਇਹ ਜ਼ਰੂਰ ਆਵੇਗਾ ਠੀਕ ਜਿਵੇਂ ਪ੍ਰਾਚੀਨ ਯਰੂਸ਼ਲਮ ਦੇ ਵਾਸੀਆਂ ਉੱਤੇ ਅਜਿਹਾ ਦਿਨ ਆਇਆ ਸੀ।
ਯਹੋਵਾਹ “ਨਿਆਉਂ ਕਰੇਗਾ”
4, 5. (ੳ) ਯਹੋਵਾਹ ਨੇ ਯਰੂਸ਼ਲਮ ਦੇ ਵਿਰੁੱਧ ਕਿਵੇਂ ਆਉਣਾ ਸੀ? (ਅ) ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਨਾਸ਼ ਵਿੱਚੋਂ ਥੋੜ੍ਹੇ ਜਿਹੇ ਲੋਕ ਬਚੇ ਸਨ? (ਫੁਟਨੋਟ ਦੇਖੋ।)
4 ਯਸਾਯਾਹ ਦੀ ਦਿਲਚਸਪ ਭਵਿੱਖਬਾਣੀ ਦੀਆਂ ਆਖ਼ਰੀ ਆਇਤਾਂ ਵਿਚ ਯਹੋਵਾਹ ਨੇ ਉਨ੍ਹਾਂ ਘਟਨਾਵਾਂ ਬਾਰੇ ਸਾਫ਼-ਸਾਫ਼ ਦੱਸਿਆ ਜੋ ਉਸ ਦੇ ਕ੍ਰੋਧ ਦੇ ਦਿਨ ਤੋਂ ਪਹਿਲਾਂ ਹੋਣਗੀਆਂ। ਅਸੀਂ ਪੜ੍ਹਦੇ ਹਾਂ: “ਵੇਖੋ ਤਾਂ, ਯਹੋਵਾਹ ਅੱਗ ਨਾਲ ਆਵੇਗਾ, ਅਤੇ ਉਹ ਦੇ ਰਥ ਵਾਵਰੋਲੇ ਵਾਂਙੁ, ਭਈ ਉਹ ਆਪਣਾ ਕ੍ਰੋਧ ਤੇਜ਼ੀ ਨਾਲ, ਅਤੇ ਆਪਣੀ ਤਾੜ ਅੱਗ ਦੀਆਂ ਲਾਟਾਂ ਨਾਲ ਪਾਵੇ, ਕਿਉਂ ਜੋ ਯਹੋਵਾਹ ਅੱਗ ਨਾਲ, ਅਤੇ ਆਪਣੀ ਤਲਵਾਰ ਨਾਲ ਹਰ ਬਸ਼ਰ ਦਾ ਨਿਆਉਂ ਕਰੇਗਾ, ਅਤੇ ਯਹੋਵਾਹ ਦੇ ਵੱਢੇ ਹੋਏ ਬਹੁਤ ਹੋਣਗੇ।”—ਯਸਾਯਾਹ 66:15, 16.
5 ਇਨ੍ਹਾਂ ਸ਼ਬਦਾਂ ਤੋਂ ਯਸਾਯਾਹ ਦੇ ਜ਼ਮਾਨੇ ਦਿਆਂ ਲੋਕਾਂ ਨੂੰ ਆਪਣੀ ਹਾਲਤ ਦੀ ਗੰਭੀਰਤਾ ਸਮਝਣੀ ਚਾਹੀਦੀ ਸੀ। ਉਹ ਸਮਾਂ ਆ ਰਿਹਾ ਸੀ ਜਦੋਂ ਯਹੋਵਾਹ ਨੇ ਬਾਬਲੀ ਫ਼ੌਜਾਂ ਨੂੰ ਯਰੂਸ਼ਲਮ ਉੱਤੇ ਹਮਲਾ ਕਰਨ ਲਈ ਵਰਤਨਾ ਸੀ ਅਤੇ ਉਨ੍ਹਾਂ ਦਿਆਂ ਰਥਾਂ ਨੇ ਮਿੱਟੀ ਨੂੰ ਵਾਵਰੋਲੇ ਦੀ ਤਰ੍ਹਾਂ ਉਡਾਉਣਾ ਸੀ। ਇਹ ਦ੍ਰਿਸ਼ ਕਿੰਨਾ ਡਰਾਉਣਾ ਸੀ! ਯਹੋਵਾਹ ਨੇ ਹਮਲਾ ਕਰਨ ਵਾਲਿਆਂ ਰਾਹੀਂ ਆਪਣੇ ਅੱਗ ਵਰਗੇ ਨਿਆਉਂ “ਹਰ ਬਸ਼ਰ,” ਯਾਨੀ ਸਾਰੇ ਬੇਵਫ਼ਾ ਯਹੂਦੀ ਲੋਕਾਂ ਉੱਤੇ ਪੂਰੇ ਕਰਨੇ ਸਨ। ਇਹ ਇਸ ਤਰ੍ਹਾਂ ਹੋਣਾ ਸੀ ਜਿਵੇਂ ਯਹੋਵਾਹ ਖ਼ੁਦ ਆਪਣੇ ਹੀ ਲੋਕਾਂ ਨਾਲ ਲੜ ਰਿਹਾ ਹੋਵੇ। ਉਸ ਦਾ “ਕ੍ਰੋਧ” ਠੰਢਾ ਨਹੀਂ ਕੀਤਾ ਜਾਣਾ ਸੀ। ਕਈਆਂ ਯਹੂਦੀਆਂ ਨੇ “ਯਹੋਵਾਹ ਦੇ ਵੱਢੇ ਹੋਏ” ਹੋਣਾ ਸੀ। ਇਹ ਭਵਿੱਖਬਾਣੀ 607 ਸਾ.ਯੁ.ਪੂ. ਵਿਚ ਪੂਰੀ ਹੋਈ ਸੀ।a
6. ਯਹੂਦਾਹ ਵਿਚ ਕਿਹੋ ਜਿਹੇ ਬੁਰੇ ਕੰਮ ਕੀਤੇ ਜਾ ਰਹੇ ਸਨ?
6 ਕੀ ਯਹੋਵਾਹ ਆਪਣੇ ਲੋਕਾਂ ਦਾ ‘ਨਿਆਉਂ ਕਰਨ’ ਵਿਚ ਸਹੀ ਸੀ? ਬਿਲਕੁਲ! ਯਸਾਯਾਹ ਦੀ ਪੁਸਤਕ ਦੀ ਸਟੱਡੀ ਕਰ ਕੇ ਅਸੀਂ ਦੇਖਿਆ ਹੈ ਕਿ ਯਹੂਦੀ ਲੋਕ ਯਹੋਵਾਹ ਦੇ ਸਮਰਪਿਤ ਸੇਵਕ ਹੋਣ ਦੇ ਬਾਵਜੂਦ ਕਈ ਵਾਰੀ ਝੂਠੀ ਪੂਜਾ ਕਰਨ ਲੱਗ ਪਏ ਸਨ ਅਤੇ ਯਹੋਵਾਹ ਸਭ ਕੁਝ ਦੇਖ ਰਿਹਾ ਸੀ। ਸਾਨੂੰ ਇਸ ਗੱਲ ਦਾ ਭਵਿੱਖਬਾਣੀ ਦੇ ਅਗਲੇ ਸ਼ਬਦਾਂ ਤੋਂ ਵੀ ਪਤਾ ਲੱਗਦਾ ਹੈ: “ਜੋ ਬਾਗਾਂ ਵਿੱਚ ਕਿਸੇ ਦੇ ਪਿੱਛੇ ਜੋ ਓਹਨਾਂ ਦੇ ਵਿੱਚ ਹੈ, ਆਪਣੇ ਆਪ ਨੂੰ ਪਵਿੱਤ੍ਰ ਅਤੇ ਪਾਕ ਕਰਦੇ ਹਨ, ਅਤੇ ਸੂਰ ਦਾ ਮਾਸ, ਸੂਗ ਅਤੇ ਚੂਹੇ ਖਾਂਦੇ ਹਨ, ਓਹ ਇਕੱਠੇ ਮੁੱਕ ਜਾਣਗੇ ਯਹੋਵਾਹ ਦਾ ਵਾਕ ਹੈ।” (ਯਸਾਯਾਹ 66:17) ਕੀ ਉਹ ਯਹੂਦੀ “ਆਪਣੇ ਆਪ ਨੂੰ ਪਵਿੱਤ੍ਰ ਅਤੇ ਪਾਕ” ਇਸ ਲਈ ਕਰਦੇ ਸਨ ਤਾਂਕਿ ਉਹ ਸ਼ੁੱਧ ਉਪਾਸਨਾ ਲਈ ਤਿਆਰ ਹੋ ਸਕਦੇ ਸਨ? ਨਹੀਂ। ਉਹ ਖ਼ਾਸ ਬਾਗ਼ਾਂ ਵਿਚ ਝੂਠੀ ਪੂਜਾ ਕਰਨ ਦੀ ਤਿਆਰੀ ਵਿਚ ਇਹ ਰਸਮ ਕਰ ਰਹੇ ਸਨ। ਇਸ ਤੋਂ ਬਾਅਦ ਉਹ ਲਾਲਚ ਨਾਲ ਸੂਰ ਜਾਂ ਹੋਰ ਜਾਨਵਰਾਂ ਦਾ ਮਾਸ ਖਾਂਦੇ ਸਨ ਜੋ ਮੂਸਾ ਦੀ ਬਿਵਸਥਾ ਅਧੀਨ ਅਸ਼ੁੱਧ ਸਨ।—ਲੇਵੀਆਂ 11:7, 21-23.
7. ਈਸਾਈ-ਜਗਤ ਮੂਰਤੀ-ਪੂਜਕ ਯਹੂਦਾਹ ਵਰਗਾ ਕਿਵੇਂ ਹੈ?
7 ਇਹ ਕੌਮ ਸੱਚੇ ਪਰਮੇਸ਼ੁਰ ਨਾਲ ਇਕ ਨੇਮ-ਬੱਧ ਰਿਸ਼ਤੇ ਵਿਚ ਹੋਣ ਦੇ ਬਾਵਜੂਦ ਇਸ ਘਿਣਾਉਣੀ ਹਾਲਤ ਵਿਚ ਸੀ! ਪਰ ਜ਼ਰਾ ਸੋਚੋ: ਈਸਾਈ-ਜਗਤ ਦੇ ਧਰਮਾਂ ਦੀ ਵੀ ਅੱਜ ਅਜਿਹੀ ਘਿਣਾਉਣੀ ਹਾਲਤ ਹੈ। ਉਹ ਵੀ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ ਅਤੇ ਉਨ੍ਹਾਂ ਦੇ ਕਈ ਆਗੂ ਧਰਮੀ ਹੋਣ ਦਾ ਪਖੰਡ ਕਰਦੇ ਹਨ। ਪਰ ਉਹ ਆਪਣੇ ਆਪ ਨੂੰ ਝੂਠੀਆਂ ਸਿੱਖਿਆਵਾਂ ਅਤੇ ਰਸਮਾਂ-ਰਿਵਾਜਾਂ ਨਾਲ ਭ੍ਰਿਸ਼ਟ ਕਰ ਕੇ ਰੂਹਾਨੀ ਹਨੇਰੇ ਵਿਚ ਹੋਣ ਦਾ ਸਬੂਤ ਦਿੰਦੇ ਹਨ। ਉਨ੍ਹਾਂ ਦਾ ਹਨੇਰਾ ਕਿੰਨਾ ਵੱਡਾ ਹੈ!—ਮੱਤੀ 6:23; ਯੂਹੰਨਾ 3:19, 20.
‘ਉਹ ਮੇਰੇ ਪਰਤਾਪ ਨੂੰ ਵੇਖਣਗੀਆਂ’
8. (ੳ) ਯਹੂਦਾਹ ਨਾਲ ਕੀ ਹੋਇਆ ਸੀ ਅਤੇ ਈਸਾਈ-ਜਗਤ ਨਾਲ ਕੀ ਹੋਵੇਗਾ? (ਅ) ਕੌਮਾਂ ਨੇ ‘ਯਹੋਵਾਹ ਦਾ ਪਰਤਾਪ ਕਿਵੇਂ ਵੇਖਿਆ’ ਸੀ?
8 ਕੀ ਯਹੋਵਾਹ ਈਸਾਈ-ਜਗਤ ਦੇ ਦੋਸ਼ੀ ਕੰਮਾਂ ਅਤੇ ਝੂਠੀਆਂ ਸਿੱਖਿਆਵਾਂ ਵੱਲ ਧਿਆਨ ਦਿੰਦਾ ਹੈ? ਯਸਾਯਾਹ ਰਾਹੀਂ ਲਿਖੇ ਯਹੋਵਾਹ ਦੇ ਅਗਲੇ ਸ਼ਬਦ ਪੜ੍ਹੋ ਅਤੇ ਦੇਖੋ ਕਿ ਤੁਸੀਂ ਕਿਸ ਸਿੱਟੇ ਤੇ ਪਹੁੰਚਦੇ ਹੋ: “ਮੈਂ ਓਹਨਾਂ ਦੇ ਕੰਮ ਅਤੇ ਓਹਨਾਂ ਦੇ ਖਿਆਲ ਜਾਣ ਕੇ ਆਉਂਦਾ ਹਾਂ, ਭਈ ਮੈਂ ਸਾਰੀਆਂ ਕੌਮਾਂ ਅਤੇ ਬੋਲੀਆਂ ਨੂੰ ਇਕੱਠਾ ਕਰਾਂ, ਤਾਂ ਓਹ ਆਉਣਗੀਆਂ ਅਤੇ ਮੇਰੇ ਪਰਤਾਪ ਨੂੰ ਵੇਖਣਗੀਆਂ।” (ਯਸਾਯਾਹ 66:18) ਯਹੋਵਾਹ ਉਸ ਦੇ ਸੇਵਕ ਹੋਣ ਦਾ ਦਾਅਵਾ ਕਰਨ ਵਾਲਿਆਂ ਦੇ ਕੰਮ ਹੀ ਨਹੀਂ ਪਰ ਉਨ੍ਹਾਂ ਦੇ ਖ਼ਿਆਲ ਵੀ ਜਾਣਦਾ ਹੈ ਅਤੇ ਉਹ ਇਨ੍ਹਾਂ ਦਾ ਨਿਆਉਂ ਕਰਨ ਲਈ ਵੀ ਤਿਆਰ ਹੈ। ਯਹੂਦਾਹ ਯਹੋਵਾਹ ਉੱਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦਾ ਸੀ, ਪਰ ਉਸ ਦੀ ਮੂਰਤੀ ਪੂਜਾ ਨੇ ਉਸ ਦਾਅਵੇ ਨੂੰ ਗ਼ਲਤ ਸਾਬਤ ਕੀਤਾ। ਇਹ ਵਿਅਰਥ ਸੀ ਕਿ ਉਸ ਦੇ ਵਾਸੀਆਂ ਨੇ ਓਪਰੀਆਂ ਰਸਮਾਂ ਨਾਲ ਆਪਣੇ ਆਪ ਨੂੰ “ਪਵਿੱਤ੍ਰ” ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਕੌਮ ਦਾ ਨਾਸ਼ ਉਸ ਦੇ ਆਲੇ-ਦੁਆਲੇ ਦੀਆਂ ਮੂਰਤੀ-ਪੂਜਕ ਕੌਮਾਂ ਦੇ ਸਾਮ੍ਹਣੇ ਕੀਤਾ ਗਿਆ ਸੀ। ਉਨ੍ਹਾਂ ਨੇ ‘ਯਹੋਵਾਹ ਦਾ ਪਰਤਾਪ ਵੇਖਿਆ,’ ਯਾਨੀ ਉਨ੍ਹਾਂ ਨੇ ਮਜਬੂਰ ਹੋ ਕੇ ਉਨ੍ਹਾਂ ਘਟਨਾਵਾਂ ਨੂੰ ਦੇਖਿਆ ਜਿਨ੍ਹਾਂ ਨੇ ਸਾਬਤ ਕੀਤਾ ਕਿ ਯਹੋਵਾਹ ਦਾ ਬਚਨ ਪੂਰਾ ਹੋਇਆ ਸੀ। ਇਹ ਸਭ ਕੁਝ ਈਸਾਈ-ਜਗਤ ਉੱਤੇ ਕਿਵੇਂ ਲਾਗੂ ਹੁੰਦਾ ਹੈ? ਜਦੋਂ ਉਸ ਦਾ ਅੰਤ ਕੀਤਾ ਜਾਵੇਗਾ ਤਾਂ ਉਸ ਦੇ ਪਹਿਲੇ ਮਿੱਤਰ ਅਤੇ ਵਪਾਰ ਕਰਨ ਵਾਲੇ ਸਾਥੀ ਮਜਬੂਰ ਹੋ ਕੇ ਯਹੋਵਾਹ ਦਾ ਬਚਨ ਪੂਰਾ ਹੁੰਦਾ ਦੇਖਣਗੇ।—ਯਿਰਮਿਯਾਹ 25:31-33; ਪਰਕਾਸ਼ ਦੀ ਪੋਥੀ 17:15-18; 18:9-19.
9. ਯਹੋਵਾਹ ਨੇ ਕਿਹੜੀ ਖ਼ੁਸ਼ ਖ਼ਬਰੀ ਦੱਸੀ ਸੀ?
9 ਸੰਨ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਨਾਸ਼ ਦਾ ਮਤਲਬ ਇਹ ਨਹੀਂ ਸੀ ਕਿ ਧਰਤੀ ਉੱਤੇ ਯਹੋਵਾਹ ਦਾ ਕੋਈ ਗਵਾਹ ਨਹੀਂ ਰਿਹਾ ਸੀ। ਦਾਨੀਏਲ ਅਤੇ ਉਸ ਦੇ ਤਿੰਨ ਦੋਸਤਾਂ ਵਰਗੇ ਯਹੋਵਾਹ ਦੇ ਕਈ ਨੇਕਦਿਲ ਸੇਵਕਾਂ ਨੇ ਬਾਬਲ ਵਿਚ ਗ਼ੁਲਾਮਾਂ ਵਜੋਂ ਯਹੋਵਾਹ ਦੀ ਸੇਵਾ ਕੀਤੀ ਸੀ। (ਦਾਨੀਏਲ 1:6, 7) ਜੀ ਹਾਂ, ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀ ਲੜੀ ਟੁੱਟੀ ਨਹੀਂ ਸੀ ਅਤੇ 70 ਸਾਲਾਂ ਬਾਅਦ ਵਫ਼ਾਦਾਰ ਆਦਮੀ ਅਤੇ ਔਰਤਾਂ ਬਾਬਲ ਤੋਂ ਯਹੂਦਾਹ ਨੂੰ ਵਾਪਸ ਮੁੜੇ ਸਨ ਅਤੇ ਉੱਥੇ ਉਨ੍ਹਾਂ ਨੇ ਸ਼ੁੱਧ ਭਗਤੀ ਦੁਬਾਰਾ ਸ਼ੁਰੂ ਕੀਤੀ ਸੀ। ਯਹੋਵਾਹ ਨੇ ਇਸ ਬਾਰੇ ਪਹਿਲਾਂ ਹੀ ਦੱਸਿਆ ਸੀ: “ਮੈਂ ਓਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਓਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ, ਤਰਸ਼ੀਸ਼, ਪੂਲ, ਅਤੇ ਲੂਦ ਵੱਲ ਜੋ ਧਣੁਖ ਕੱਸਦੇ ਹਨ, ਤੂਬਲ ਅਤੇ ਯਾਵਨ ਵਲ ਦੀ, ਦੂਰ ਦੂਰ ਟਾਪੂਆਂ ਵੱਲ, ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ, ਓਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ।”—ਯਸਾਯਾਹ 66:19.
10. (ੳ) ਬਾਬਲ ਤੋਂ ਛੁਡਾਏ ਗਏ ਵਫ਼ਾਦਾਰ ਯਹੂਦੀ ਇਕ ਨਿਸ਼ਾਨ ਕਿਵੇਂ ਸਨ? (ਅ) ਅੱਜ ਇਕ ਨਿਸ਼ਾਨ ਕੌਣ ਹਨ?
10 ਸੰਨ 537 ਸਾ.ਯੁ.ਪੂ. ਵਿਚ ਬਹੁਤ ਸਾਰੇ ਵਫ਼ਾਦਾਰ ਆਦਮੀ ਅਤੇ ਔਰਤਾਂ ਯਰੂਸ਼ਲਮ ਨੂੰ ਵਾਪਸ ਮੁੜੇ ਸਨ। ਉਹ ਸਭ ਇਸ ਸਬੂਤ ਦਾ ਅਸਚਰਜ ਨਿਸ਼ਾਨ ਸਨ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਇਆ ਸੀ। ਕੌਣ ਸੋਚ ਸਕਦਾ ਸੀ ਕਿ ਗ਼ੁਲਾਮ ਕੀਤੇ ਗਏ ਯਹੂਦੀ ਇਕ ਦਿਨ ਯਹੋਵਾਹ ਦੀ ਹੈਕਲ ਵਿਚ ਸ਼ੁੱਧ ਭਗਤੀ ਕਰਨ ਲਈ ਆਜ਼ਾਦ ਹੋਣਗੇ? ਇਸੇ ਤਰ੍ਹਾਂ ਪਹਿਲੀ ਸਦੀ ਵਿਚ ਮਸਹ ਕੀਤੇ ਹੋਏ ਮਸੀਹੀ “ਨਿਸ਼ਾਨ ਅਤੇ ਅਚੰਭੇ” ਸਨ ਅਤੇ ਉਹ ਨੇਕਦਿਲ ਲੋਕ ਜੋ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸਨ ਉਨ੍ਹਾਂ ਵੱਲ ਆਏ ਸਨ। (ਯਸਾਯਾਹ 8:18; ਇਬਰਾਨੀਆਂ 2:13) ਅੱਜ ਮਸਹ ਕੀਤੇ ਹੋਏ ਮਸੀਹੀ ਆਪਣੇ ਦੇਸ਼ ਵਿਚ ਖ਼ੁਸ਼ਹਾਲ ਹਨ ਅਤੇ ਉਹ ਧਰਤੀ ਉੱਤੇ ਇਕ ਅਸਚਰਜ ਨਿਸ਼ਾਨ ਹਨ। (ਯਸਾਯਾਹ 66:8) ਉਹ ਯਹੋਵਾਹ ਦੀ ਪਵਿੱਤਰ ਆਤਮਾ ਦੀ ਸ਼ਕਤੀ ਦਾ ਜੀਉਂਦਾ-ਜਾਗਦਾ ਸਬੂਤ ਹਨ ਅਤੇ ਉਹ ਉਨ੍ਹਾਂ ਲੋਕਾਂ ਨੂੰ ਖਿੱਚਦੇ ਹਨ ਜਿਨ੍ਹਾਂ ਦੇ ਦਿਲ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ।
11. (ੳ) ਵਾਪਸੀ ਤੋਂ ਬਾਅਦ ਕੌਮਾਂ ਵਿੱਚੋਂ ਲੋਕਾਂ ਨੇ ਯਹੋਵਾਹ ਬਾਰੇ ਕਿਵੇਂ ਸਿੱਖਿਆ ਸੀ? (ਅ) ਜ਼ਕਰਯਾਹ 8:23 ਦੀ ਪਹਿਲੀ ਪੂਰਤੀ ਕਿਵੇਂ ਹੋਈ ਸੀ?
11 ਪਰ 537 ਸਾ.ਯੁ.ਪੂ. ਦੀ ਵਾਪਸੀ ਤੋਂ ਬਾਅਦ ਕੌਮਾਂ ਵਿੱਚੋਂ ਜਿਨ੍ਹਾਂ ਲੋਕਾਂ ਨੇ ਯਹੋਵਾਹ ਬਾਰੇ ਨਹੀਂ ਸੁਣਿਆ ਸੀ, ਉਨ੍ਹਾਂ ਨੇ ਉਸ ਨੂੰ ਕਿਸ ਤਰ੍ਹਾਂ ਜਾਣਿਆ ਸੀ? ਬਾਬਲ ਵਿਚ ਗ਼ੁਲਾਮੀ ਖ਼ਤਮ ਕਰਨ ਤੋਂ ਬਾਅਦ ਸਾਰੇ ਵਫ਼ਾਦਾਰ ਯਹੂਦੀ ਯਰੂਸ਼ਲਮ ਨੂੰ ਵਾਪਸ ਨਹੀਂ ਮੁੜੇ ਸਨ। ਦਾਨੀਏਲ ਵਾਂਗ ਕੁਝ ਲੋਕ ਬਾਬਲ ਵਿਚ ਹੀ ਰਹੇ ਸਨ। ਦੂਸਰੇ ਧਰਤੀ ਦੇ ਚਾਰੋਂ ਪਾਸੇ ਫੈਲ ਗਏ ਸਨ। ਪੰਜਵੀਂ ਸਦੀ ਸਾ.ਯੁ.ਪੂ. ਤਕ ਯਹੂਦੀ ਲੋਕ ਫ਼ਾਰਸ ਦੀ ਬਾਦਸ਼ਾਹੀ ਦੇ ਸਾਰੇ ਇਲਾਕੇ ਵਿਚ ਰਹਿ ਰਹੇ ਸਨ। (ਅਸਤਰ 1:1; 3:8) ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਆਪਣੇ ਗ਼ੈਰ-ਯਹੂਦੀ ਗੁਆਂਢੀਆਂ ਨੂੰ ਯਹੋਵਾਹ ਬਾਰੇ ਦੱਸਿਆ ਸੀ ਕਿਉਂਕਿ ਉਨ੍ਹਾਂ ਕੌਮਾਂ ਵਿੱਚੋਂ ਬਹੁਤ ਸਾਰੇ ਲੋਕ ਨਵ-ਯਹੂਦੀ ਬਣ ਗਏ ਸਨ। ਇਹ ਗੱਲ ਸ਼ਾਇਦ ਈਥੀਓਪੀ ਖੋਜੇ ਬਾਰੇ ਸੱਚ ਸੀ ਜਿਸ ਨੂੰ ਪਹਿਲੀ ਸਦੀ ਵਿਚ ਫ਼ਿਲਿੱਪੁਸ ਨਾਂ ਦੇ ਮਸੀਹੀ ਨੇ ਪ੍ਰਚਾਰ ਕੀਤਾ ਸੀ। (ਰਸੂਲਾਂ ਦੇ ਕਰਤੱਬ 8:26-40) ਇਹ ਸਭ ਕੁਝ ਜ਼ਕਰਯਾਹ ਨਬੀ ਦੀ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਹੋਇਆ ਸੀ: “ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕਰਯਾਹ 8:23) ਯਹੋਵਾਹ ਨੇ ਸੱਚ-ਮੁੱਚ ਕੌਮਾਂ ਨੂੰ ਚਾਨਣ ਘੱਲਿਆ ਸੀ!—ਜ਼ਬੂਰ 43:3.
‘ਯਹੋਵਾਹ ਲਈ ਭੇਟ’ ਲਿਆਉਣੀ
12, 13. ਸੰਨ 537 ਸਾ.ਯੁ.ਪੂ. ਵਿਚ ‘ਭਰਾ’ ਯਰੂਸ਼ਲਮ ਨੂੰ ਕਿਵੇਂ ਲਿਆਏ ਗਏ ਸਨ?
12 ਯਰੂਸ਼ਲਮ ਦੇ ਦੁਬਾਰਾ ਉਸਾਰੇ ਜਾਣ ਤੋਂ ਬਾਅਦ ਜੋ ਯਹੂਦੀ ਆਪਣੇ ਵਤਨ ਤੋਂ ਦੂਰ ਰਹਿੰਦੇ ਸਨ ਉਹ ਇਸ ਸ਼ਹਿਰ ਅਤੇ ਉਸ ਦੀ ਨਵੀਂ ਜਾਜਕਾਈ ਨੂੰ ਸ਼ੁੱਧ ਭਗਤੀ ਦੀ ਮੁੱਖ ਜਗ੍ਹਾ ਸਮਝਦੇ ਸਨ। ਕਈ ਯਹੂਦੀ ਹਰ ਸਾਲ ਉੱਥੇ ਤਿਉਹਾਰ ਮਨਾਉਣ ਲਈ ਦੂਰੋਂ-ਦੂਰੋਂ ਆਉਂਦੇ ਸਨ। ਭਵਿੱਖਬਾਣੀ ਵਿਚ ਯਸਾਯਾਹ ਨੇ ਲਿਖਿਆ: “ਓਹ ਤੁਹਾਡੇ ਸਾਰੇ ਭਰਾਵਾਂ ਨੂੰ ਸਾਰੀਆਂ ਕੌਮਾਂ ਵਿੱਚੋਂ ਯਹੋਵਾਹ ਦੀ ਭੇਟ ਕਰਕੇ ਘੋੜਿਆਂ ਉੱਤੇ, ਰਥਾਂ ਵਿੱਚ, ਪਾਲਕੀਆਂ ਵਿੱਚ, ਖੱਚਰਾਂ ਉੱਤੇ ਅਤੇ ਊਠਾਂ ਉੱਤੇ, ਮੇਰੇ ਪਵਿੱਤ੍ਰ ਪਰਬਤ ਯਰੂਸ਼ਲਮ ਨੂੰ ਲੈ ਆਉਣਗੇ, ਯਹੋਵਾਹ ਆਖਦਾ ਹੈ, ਜਿਵੇਂ ਇਸਰਾਏਲੀ ਆਪਣੀ ਭੇਟ ਸਾਫ਼ ਭਾਂਡੇ ਵਿੱਚ ਯਹੋਵਾਹ ਦੇ ਭਵਨ ਨੂੰ ਲੈ ਆਉਂਦੇ ਹਨ, ਅਤੇ ਓਹਨਾਂ ਵਿੱਚੋਂ ਵੀ ਮੈਂ ਜਾਜਕ ਅਤੇ ਲੇਵੀ ਲਵਾਂਗਾ, ਯਹੋਵਾਹ ਆਖਦਾ ਹੈ।”—ਯਸਾਯਾਹ 66:20, 21.
13 ‘ਸਾਰੀਆਂ ਕੌਮਾਂ ਵਿੱਚੋਂ ਕੁਝ ਭਰਾ’ ਪੰਤੇਕੁਸਤ ਦੇ ਦਿਨ ਤੇ ਹਾਜ਼ਰ ਸਨ ਜਦੋਂ ਪਵਿੱਤਰ ਆਤਮਾ ਯਿਸੂ ਦੇ ਚੇਲਿਆਂ ਉੱਤੇ ਆਈ ਸੀ। ਬਾਈਬਲ ਦੱਸਦੀ ਹੈ: “ਹਰੇਕ ਦੇਸ ਵਿੱਚੋਂ ਜੋ ਅਕਾਸ਼ ਦੇ ਹੇਠ ਹੈ ਯਹੂਦੀ ਭਗਤ ਲੋਕ ਯਰੂਸ਼ਲਮ ਵਿੱਚ ਵੱਸਦੇ ਸਨ।” (ਰਸੂਲਾਂ ਦੇ ਕਰਤੱਬ 2:5) ਉਹ ਲੋਕ ਯਹੂਦੀ ਦਸਤੂਰ ਅਨੁਸਾਰ ਯਰੂਸ਼ਲਮ ਨੂੰ ਭਗਤੀ ਕਰਨ ਆਏ ਸਨ, ਪਰ ਜਦੋਂ ਉਨ੍ਹਾਂ ਨੇ ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਸੁਣੀ ਤਾਂ ਕਈਆਂ ਨੇ ਉਸ ਵਿਚ ਨਿਹਚਾ ਕਰ ਕੇ ਬਪਤਿਸਮਾ ਲਿਆ।
14, 15. (ੳ) ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਮਸਹ ਕੀਤੇ ਹੋਏ ਮਸੀਹੀਆਂ ਨੇ ਆਪਣੇ ਹੋਰ ਰੂਹਾਨੀ ‘ਭਰਾ’ ਕਿਵੇਂ ਇਕੱਠੇ ਕੀਤੇ ਸਨ ਅਤੇ ਇਨ੍ਹਾਂ ਨੇ ਯਹੋਵਾਹ ਲਈ “ਆਪਣੀ ਭੇਟ ਸਾਫ਼ ਭਾਂਡੇ ਵਿੱਚ” ਕਿਵੇਂ ਲਿਆਂਦੀ ਸੀ? (ਅ) ਯਹੋਵਾਹ ਨੇ ‘ਓਹਨਾਂ ਵਿੱਚੋਂ ਜਾਜਕ’ ਕਿਵੇਂ ਲਏ ਸਨ? (ੲ) ਕੁਝ ਮਸਹ ਕੀਤੇ ਹੋਏ ਮਸੀਹੀ ਕੌਣ ਸਨ ਜਿਨ੍ਹਾਂ ਨੇ ਆਪਣੇ ਰੂਹਾਨੀ ਭਰਾਵਾਂ ਨੂੰ ਇਕੱਠੇ ਕੀਤਾ ਸੀ? (ਅਗਲੇ ਸਫ਼ੇ ਉੱਤੇ ਡੱਬੀ ਦੇਖੋ।)
14 ਕੀ ਇਸ ਭਵਿੱਖਬਾਣੀ ਦੀ ਪੂਰਤੀ ਸਾਡੇ ਜ਼ਮਾਨੇ ਵਿਚ ਵੀ ਹੋਈ ਹੈ? ਜੀ ਹਾਂ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਯਹੋਵਾਹ ਦੇ ਮਸਹ ਕੀਤੇ ਗਏ ਸੇਵਕਾਂ ਨੂੰ ਬਾਈਬਲ ਤੋਂ ਪਤਾ ਲੱਗਾ ਕਿ ਪਰਮੇਸ਼ੁਰ ਦਾ ਰਾਜ 1914 ਵਿਚ ਸਵਰਗ ਵਿਚ ਸਥਾਪਿਤ ਕੀਤਾ ਜਾ ਚੁੱਕਾ ਸੀ। ਉਨ੍ਹਾਂ ਨੇ ਬੜੇ ਧਿਆਨ ਨਾਲ ਬਾਈਬਲ ਦੀ ਸਟੱਡੀ ਕਰ ਕੇ ਸਿੱਖਿਆ ਕਿ ਇਸ ਰਾਜ ਦੇ ਹੋਰ ਰਾਜੇ ਜਾਂ ‘ਭਰਾ’ ਇਕੱਠੇ ਕੀਤੇ ਜਾ ਰਹੇ ਸਨ। ਪਰਮੇਸ਼ੁਰ ਦੇ ਦਲੇਰ ਸੇਵਕ ਹਰ ਤਰ੍ਹਾਂ ਸਫ਼ਰ ਕਰ ਕੇ ਮਸਹ ਕੀਤੇ ਹੋਏ ਬਕੀਏ ਦੇ ਨਵੇਂ ਮੈਂਬਰ ਭਾਲਣ ਲਈ “ਧਰਤੀ ਦੇ ਬੰਨੇ ਤੀਕੁਰ” ਗਏ। ਖ਼ਾਸ ਕਰਕੇ ਇਹ ਮੈਂਬਰ ਈਸਾਈ-ਜਗਤ ਦਿਆਂ ਚਰਚਾਂ ਵਿੱਚੋਂ ਆਏ ਸਨ। ਜਦੋਂ ਇਨ੍ਹਾਂ ਨੂੰ ਲੱਭਿਆ ਗਿਆ ਤਾਂ ਇਹ ਯਹੋਵਾਹ ਲਈ ਇਕ ਭੇਟ ਵਜੋਂ ਲਿਆਂਦੇ ਗਏ ਸਨ।—ਰਸੂਲਾਂ ਦੇ ਕਰਤੱਬ 1:8.
15 ਮੁਢਲੇ ਸਾਲਾਂ ਵਿਚ ਇਕੱਠੇ ਕੀਤੇ ਗਏ ਮਸਹ ਕੀਤੇ ਹੋਏ ਮਸੀਹੀ ਜਾਣਦੇ ਸਨ ਕਿ ਯਹੋਵਾਹ ਦੀ ਮਨਜ਼ੂਰੀ ਹਾਸਲ ਕਰਨ ਲਈ ਉਨ੍ਹਾਂ ਨੂੰ ਬਾਈਬਲ ਦੀ ਸੱਚਾਈ ਸਿੱਖਣ ਅਤੇ ਉਸ ਉੱਤੇ ਅਮਲ ਕਰਨ ਦੀ ਲੋੜ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਰੂਹਾਨੀ ਅਤੇ ਨੈਤਿਕ ਤੌਰ ਤੇ ਸ਼ੁੱਧ ਕੀਤਾ ਤਾਂਕਿ ਉਹ “ਆਪਣੀ ਭੇਟ ਸਾਫ਼ ਭਾਂਡੇ ਵਿੱਚ” ਲਿਆ ਸਕਣ ਜਾਂ ਜਿਵੇਂ ਪੌਲੁਸ ਰਸੂਲ ਨੇ ਕਿਹਾ ਸੀ ਉਹ ‘ਪਾਕ ਕੁਆਰੀ ਵਾਂਙੁ ਮਸੀਹ ਨੂੰ ਅਰਪਨ’ ਕੀਤੇ ਜਾਣ। (2 ਕੁਰਿੰਥੀਆਂ 11:2) ਝੂਠੀ ਸਿੱਖਿਆ ਰੱਦ ਕਰਨ ਤੋਂ ਇਲਾਵਾ ਮਸਹ ਕੀਤੇ ਹੋਇਆਂ ਨੂੰ ਇਸ ਦੁਨੀਆਂ ਦਿਆਂ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿਣਾ ਸਿੱਖਣਾ ਪਿਆ ਸੀ। ਸੰਨ 1931 ਵਿਚ ਜਦੋਂ ਯਹੋਵਾਹ ਦੇ ਸੇਵਕ ਸਹੀ ਹੱਦ ਤਕ ਸਾਫ਼ ਕੀਤੇ ਗਏ ਸਨ ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਨਾਂ ਤੋਂ ਸੱਦੇ ਜਾਣ ਦਾ ਸਨਮਾਨ ਦਿੱਤਾ, ਯਾਨੀ ਯਹੋਵਾਹ ਦੇ ਗਵਾਹ। (ਯਸਾਯਾਹ 43:10-12) ਪਰ ਯਹੋਵਾਹ ਨੇ ‘ਓਹਨਾਂ ਵਿੱਚੋਂ ਜਾਜਕ’ ਕਿਵੇਂ ਲਏ ਸਨ? ਇਕ ਸਮੂਹ ਵਜੋਂ ਮਸਹ ਕੀਤੇ ਹੋਏ ਮਸੀਹੀ “ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ” ਦਾ ਹਿੱਸਾ ਬਣਦੇ ਹਨ ਅਤੇ ਉਹ ਪਰਮੇਸ਼ੁਰ ਲਈ ਉਸਤਤ ਦੇ ਬਲੀਦਾਨ ਚੜ੍ਹਾਉਂਦੇ ਹਨ।—1 ਪਤਰਸ 2:9; ਯਸਾਯਾਹ 54:1; ਇਬਰਾਨੀਆਂ 13:15.
ਲੋਕਾਂ ਨੂੰ ਇਕੱਠੇ ਕਰਨ ਦਾ ਕੰਮ ਜਾਰੀ ਹੈ
16, 17. ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਰੂਹਾਨੀ ਭਰਾਵਾਂ ਦੀ ਅੰਸ ਕੌਣ ਹੈ?
16 “ਜਾਜਕਾਂ ਦੀ ਸ਼ਾਹੀ ਮੰਡਲੀ” ਦੀ ਪੂਰੀ ਗਿਣਤੀ 1,44,000 ਹੈ ਅਤੇ ਉਹ ਸਮਾਂ ਆਇਆ ਸੀ ਜਦੋਂ ਇਹ ਪੂਰੀ ਗਿਣਤੀ ਇਕੱਠੀ ਹੋ ਗਈ ਸੀ। (ਪਰਕਾਸ਼ ਦੀ ਪੋਥੀ 7:1-8; 14:1) ਪਰ ਲੋਕਾਂ ਨੂੰ ਇਕੱਠੇ ਕਰਨ ਦਾ ਕੰਮ ਖ਼ਤਮ ਨਹੀਂ ਹੋਇਆ ਸੀ। ਯਸਾਯਾਹ ਦੀ ਭਵਿੱਖਬਾਣੀ ਨੇ ਅੱਗੇ ਕਿਹਾ: “ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਯਹੋਵਾਹ ਦਾ ਵਾਕ ਹੈ, ਤਿਵੇਂ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹਿਣਗੇ।” (ਯਸਾਯਾਹ 66:22) ਇਸ ਦੀ ਪਹਿਲੀ ਪੂਰਤੀ ਵਿਚ ਬਾਬਲ ਤੋਂ ਵਾਪਸ ਮੁੜਨ ਵਾਲੇ ਗ਼ੁਲਾਮ ਯਹੂਦੀਆਂ ਨੇ ਆਪਣੇ ਬੱਚੇ ਪਾਲਣੇ ਸ਼ੁਰੂ ਕੀਤੇ ਸਨ। ਇਸ ਤਰ੍ਹਾਂ “ਨਵੀਂ ਧਰਤੀ” ਯਾਨੀ ਵਾਪਸ ਮੁੜਿਆ ਯਹੂਦੀ ਬਕੀਆ, ‘ਨਵੇਂ ਅਕਾਸ਼’ ਯਾਨੀ ਨਵੀਂ ਯਹੂਦੀ ਹਕੂਮਤ ਅਧੀਨ ਪੱਕੀ ਤਰ੍ਹਾਂ ਸਥਾਪਿਤ ਕੀਤੀ ਗਈ ਸੀ। ਲੇਕਿਨ ਇਹ ਭਵਿੱਖਬਾਣੀ ਸਾਡੇ ਜ਼ਮਾਨੇ ਵਿਚ ਖ਼ਾਸ ਤਰੀਕੇ ਵਿਚ ਪੂਰੀ ਹੁੰਦੀ ਹੈ।
17 ਰੂਹਾਨੀ ਭਰਾਵਾਂ ਦੀ “ਅੰਸ” ਲੋਕਾਂ ਦੀ “ਵੱਡੀ ਭੀੜ” ਹੈ ਜੋ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਦੇ ਹਨ। ਉਹ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਆਉਂਦੇ ਹਨ ਅਤੇ “ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ” ਖੜ੍ਹੇ ਹੁੰਦੇ ਹਨ। ਇਨ੍ਹਾਂ ਨੇ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ” ਹੈ। (ਪਰਕਾਸ਼ ਦੀ ਪੋਥੀ 7:9-14; 22:17) ਅੱਜ “ਵੱਡੀ ਭੀੜ” ਰੂਹਾਨੀ ਹਨੇਰੇ ਵਿੱਚੋਂ ਯਹੋਵਾਹ ਦੇ ਚਾਨਣ ਵੱਲ ਆ ਰਹੀ ਹੈ। ਉਹ ਯਿਸੂ ਮਸੀਹ ਵਿਚ ਨਿਹਚਾ ਕਰਦੇ ਹਨ ਅਤੇ ਆਪਣੇ ਮਸਹ ਕੀਤੇ ਹੋਏ ਭੈਣਾਂ-ਭਰਾਵਾਂ ਵਾਂਗ ਉਹ ਰੂਹਾਨੀ ਅਤੇ ਨੈਤਿਕ ਤੌਰ ਤੇ ਸ਼ੁੱਧ ਰਹਿਣ ਦਾ ਜਤਨ ਕਰ ਰਹੇ ਹਨ। ਉਹ ਇਕ ਸਮੂਹ ਵਜੋਂ ਮਸੀਹ ਦੀ ਅਗਵਾਈ ਅਧੀਨ ਸੇਵਾ ਕਰਦੇ ਰਹਿਣਗੇ ਅਤੇ ਸਦਾ ਲਈ “ਕਾਇਮ ਰਹਿਣਗੇ।”—ਜ਼ਬੂਰ 37:11, 29.
18. (ੳ) ਵੱਡੀ ਭੀੜ ਦੇ ਮੈਂਬਰਾਂ ਨੇ ਆਪਣੇ ਚਾਲ-ਚਲਣ ਵਿਚ ਆਪਣੇ ਮਸਹ ਕੀਤੇ ਹੋਏ ਭਰਾਵਾਂ ਦੀ ਰੀਸ ਕਿਵੇਂ ਕੀਤੀ ਹੈ? (ਅ) ਮਸਹ ਕੀਤੇ ਹੋਏ ਅਤੇ ਉਨ੍ਹਾਂ ਦੇ ਸਾਥੀ ਯਹੋਵਾਹ ਦੀ ਭਗਤੀ “ਨਵੇਂ ਚੰਦ ਤੋਂ ਨਵੇਂ ਚੰਦ ਤੀਕ, ਅਤੇ ਸਬਤ ਤੋਂ ਸਬਤ ਤੀਕ” ਕਿਵੇਂ ਕਰਦੇ ਹਨ?
18 ਉਹ ਮਿਹਨਤੀ ਆਦਮੀ ਅਤੇ ਔਰਤਾਂ ਜਿਨ੍ਹਾਂ ਦੀ ਧਰਤੀ ਉੱਤੇ ਰਹਿਣ ਦੀ ਉਮੀਦ ਹੈ ਜਾਣਦੇ ਹਨ ਕਿ ਨੈਤਿਕ ਅਤੇ ਰੂਹਾਨੀ ਤੌਰ ਤੇ ਸ਼ੁੱਧ ਰਹਿਣਾ ਬਹੁਤ ਜ਼ਰੂਰੀ ਹੈ। ਪਰ ਉਹ ਇਹ ਵੀ ਜਾਣਦੇ ਹਨ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਇਹ ਕਾਫ਼ੀ ਨਹੀਂ ਹੈ। ਲੋਕਾਂ ਨੂੰ ਇਕੱਠੇ ਕਰਨ ਦਾ ਕੰਮ ਬੜੇ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ ਅਤੇ ਉਹ ਉਸ ਵਿਚ ਹਿੱਸਾ ਲੈਣਾ ਚਾਹੁੰਦੇ ਹਨ। ਪਰਕਾਸ਼ ਦੀ ਪੋਥੀ ਨੇ ਉਨ੍ਹਾਂ ਬਾਰੇ ਭਵਿੱਖਬਾਣੀ ਕੀਤੀ: “ਓਹ ਪਰਮੇਸ਼ੁਰ ਦੇ ਸਿੰਘਾਸਣ ਦੇ ਮੋਹਰੇ ਹਨ, ਅਤੇ ਉਹ ਦੀ ਹੈਕਲ ਵਿੱਚ ਰਾਤ ਦਿਨ ਉਹ ਦੀ ਉਪਾਸਨਾ ਕਰਦੇ ਹਨ।” (ਪਰਕਾਸ਼ ਦੀ ਪੋਥੀ 7:15) ਇਹ ਸ਼ਬਦ ਯਸਾਯਾਹ ਦੀ ਭਵਿੱਖਬਾਣੀ ਦੀ ਅਗਲੀ ਆਇਤ ਬਾਰੇ ਯਾਦ ਕਰਾਉਂਦੇ ਹਨ: “ਐਉਂ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੀਕ, ਅਤੇ ਸਬਤ ਤੋਂ ਸਬਤ ਤੀਕ, ਸਾਰੇ ਬਸ਼ਰ ਆਉਣਗੇ ਭਈ ਮੇਰੇ ਸਨਮੁਖ ਮੱਥਾ ਟੇਕਣ, ਯਹੋਵਾਹ ਆਖਦਾ ਹੈ।” (ਯਸਾਯਾਹ 66:23) ਇਹ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ। “ਨਵੇਂ ਚੰਦ ਤੋਂ ਨਵੇਂ ਚੰਦ ਤੀਕ, ਅਤੇ ਸਬਤ ਤੋਂ ਸਬਤ ਤੀਕ” ਦਾ ਮਤਲਬ ਹੈ ਕਿ ਵੱਡੀ ਭੀੜ ਦੇ ਲੋਕ ਆਪਣੇ ਮਸਹ ਕੀਤੇ ਹੋਏ ਸਾਥੀਆਂ ਦੇ ਨਾਲ ਲਗਾਤਾਰ ਹਰ ਮਹੀਨੇ, ਹਰ ਹਫ਼ਤੇ ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ। ਮਿਸਾਲ ਲਈ ਉਹ ਮਸੀਹੀ ਸਭਾਵਾਂ ਵਿਚ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲਈ ਇਕੱਠੇ ਹੁੰਦੇ ਹਨ। ਕੀ ਤੁਸੀਂ ਲਗਾਤਾਰ ‘ਯਹੋਵਾਹ ਦੇ ਸਨਮੁਖ ਮੱਥਾ ਟੇਕਣ ਆਉਂਦੇ’ ਹੋ? ਯਹੋਵਾਹ ਦੇ ਲੋਕਾਂ ਨੂੰ ਇਸ ਤਰ੍ਹਾਂ ਕਰਨ ਵਿਚ ਵੱਡੀ ਖ਼ੁਸ਼ੀ ਮਿਲਦੀ ਹੈ। ਵੱਡੀ ਭੀੜ ਦੇ ਲੋਕ ਉਸ ਸਮੇਂ ਦੀ ਉਡੀਕ ਕਰਦੇ ਹਨ ਜਦੋਂ “ਸਾਰੇ ਬਸ਼ਰ” ਯਾਨੀ ਸਾਰੇ ਇਨਸਾਨ ਸਦਾ ਲਈ “ਨਵੇਂ ਚੰਦ ਤੋਂ ਨਵੇਂ ਚੰਦ ਤੀਕ, ਅਤੇ ਸਬਤ ਤੋਂ ਸਬਤ ਤੀਕ” ਯਹੋਵਾਹ ਦੀ ਸੇਵਾ ਕਰਨਗੇ।
ਪਰਮੇਸ਼ੁਰ ਦੇ ਵੈਰੀਆਂ ਦਾ ਹਮੇਸ਼ਾ ਲਈ ਅੰਤ
19, 20. ਬਾਈਬਲ ਦੇ ਜ਼ਮਾਨੇ ਵਿਚ ਗ਼ਹੈਨਾ ਨਾਂ ਦੀ ਜਗ੍ਹਾ ਕਿਸ ਲਈ ਵਰਤੀ ਜਾਂਦੀ ਸੀ ਅਤੇ ਇਹ ਕੀ ਦਰਸਾਉਂਦੀ ਹੈ?
19 ਯਸਾਯਾਹ ਦੀ ਭਵਿੱਖਬਾਣੀ ਦੀ ਸਟੱਡੀ ਕਰਨ ਵਿਚ ਸਿਰਫ਼ ਇਕ ਆਇਤ ਬਾਕੀ ਰਹਿ ਗਈ ਹੈ। ਇਸ ਦੇ ਆਖ਼ਰੀ ਸ਼ਬਦ ਇਹ ਹਨ: “ਓਹ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜੋ ਮੇਰੇ ਅਪਰਾਧੀ ਹੋਏ, ਕਿਉਂ ਜੋ ਨਾ ਉਨ੍ਹਾਂ ਦਾ ਕੀੜਾ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਓਹ ਸਾਰੇ ਬਸ਼ਰਾਂ ਲਈ ਸੂਗ ਹੋਣਗੇ।” (ਯਸਾਯਾਹ 66:24) ਯਿਸੂ ਮਸੀਹ ਦੇ ਮਨ ਵਿਚ ਸ਼ਾਇਦ ਇਹੀ ਭਵਿੱਖਬਾਣੀ ਸੀ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਆਪਣੀ ਜ਼ਿੰਦਗੀ ਸਾਦੀ ਰੱਖਣ ਅਤੇ ਪਰਮੇਸ਼ੁਰ ਦੇ ਰਾਜ ਨੂੰ ਪਹਿਲਾਂ ਰੱਖਣ। ਉਸ ਨੇ ਕਿਹਾ: “ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਸੁੱਟ। ਕਾਣਾ ਹੋਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ [“ਗ਼ਹੈਨਾ,” ਨਿ ਵ] ਵਿੱਚ ਸੁੱਟਿਆ ਜਾਵੇਂ। ਜਿੱਥੇ ਉਨ੍ਹਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁਝਦੀ।”—ਮਰਕੁਸ 9:47, 48; ਮੱਤੀ 5:29, 30; ਮੱਤੀ 6:33.
20 ਗ਼ਹੈਨਾ ਨਾਂ ਦੀ ਇਹ ਜਗ੍ਹਾ ਕੀ ਹੈ? ਸਦੀਆਂ ਪਹਿਲਾਂ ਇਕ ਯਹੂਦੀ ਵਿਦਵਾਨ ਨੇ ਲਿਖਿਆ: ‘ਇਹ ਜਗ੍ਹਾ ਯਰੂਸ਼ਲਮ ਦੇ ਨਾਲ ਲੱਗਦੀ ਸੀ। ਇਹ ਇਕ ਘਿਣਾਉਣੀ ਜਗ੍ਹਾ ਸੀ ਜਿੱਥੇ ਲੋਕ ਗੰਦ-ਮੰਦ ਅਤੇ ਲਾਸ਼ਾਂ ਸੁੱਟਦੇ ਸਨ। ਉੱਥੇ ਗੰਦ-ਮੰਦ ਅਤੇ ਲਾਸ਼ਾਂ ਦੀਆਂ ਹੱਡੀਆਂ ਜਾਲਣ ਲਈ ਅੱਗ ਬਲਦੀ ਰਹਿੰਦੀ ਸੀ। ਇਸ ਲਈ ਦ੍ਰਿਸ਼ਟਾਂਤ ਵਿਚ ਦੁਸ਼ਟ ਲੋਕਾਂ ਦੀ ਸਜ਼ਾ ਨੂੰ ਜਹੰਨਮ ਯਾਨੀ ਗ਼ਹੈਨਾ ਸੱਦਿਆ ਜਾਂਦਾ ਹੈ।’ ਇਸ ਯਹੂਦੀ ਵਿਦਵਾਨ ਦੀ ਗੱਲ ਅਨੁਸਾਰ ਜੇ ਗ਼ਹੈਨਾ ਵਿਚ ਕੂੜਾ-ਕਰਕਟ ਅਤੇ ਉਨ੍ਹਾਂ ਲਾਸ਼ਾਂ ਨੂੰ ਸੁੱਟਿਆ ਜਾਂਦਾ ਸੀ ਜੋ ਦਫ਼ਨਾਉਣ ਦੇ ਲਾਇਕ ਨਹੀਂ ਸਨ, ਤਾਂ ਅੱਗ ਨਾਲ ਅਜਿਹਾ ਕੁਝ ਨਸ਼ਟ ਕਰਨਾ ਇਕ ਚੰਗਾ ਤਰੀਕਾ ਸੀ। ਜੋ ਕੁਝ ਅੱਗ ਭਸਮ ਨਹੀਂ ਕਰ ਸਕੀ ਉਸ ਨੂੰ ਕੀੜਾ ਖਾ ਜਾਂਦਾ ਸੀ। ਇਹ ਪਰਮੇਸ਼ੁਰ ਦੇ ਸਾਰੇ ਦੁਸ਼ਮਣਾਂ ਦੇ ਸਦੀਵੀ ਅੰਤ ਦੀ ਕਿੰਨੀ ਢੁਕਵੀਂ ਤਸਵੀਰ ਹੈ!b
21. ਯਸਾਯਾਹ ਦੀ ਪੁਸਤਕ ਕਿਨ੍ਹਾਂ ਨੂੰ ਹੌਸਲਾ ਦਿੰਦੀ ਹੈ ਅਤੇ ਕਿਉਂ?
21 ਲੋਥਾਂ, ਅੱਗ, ਅਤੇ ਕੀੜੇ ਬਾਰੇ ਗੱਲ ਕਰ ਕੇ ਕੀ ਇਹ ਸੱਚ ਨਹੀਂ ਹੈ ਕਿ ਯਸਾਯਾਹ ਦੀ ਦਿਲਚਸਪ ਭਵਿੱਖਬਾਣੀ ਡਰਾਉਣੀ ਤਰ੍ਹਾਂ ਖ਼ਤਮ ਹੁੰਦੀ ਹੈ? ਪਰਮੇਸ਼ੁਰ ਦੇ ਦੁਸ਼ਮਣ ਇਸ ਤਰ੍ਹਾਂ ਜ਼ਰੂਰ ਸੋਚਦੇ ਹਨ। ਪਰ ਪਰਮੇਸ਼ੁਰ ਦੇ ਮਿੱਤਰਾਂ ਨੂੰ ਯਸਾਯਾਹ ਦੀ ਗੱਲ ਤੋਂ ਬੜਾ ਹੌਸਲਾ ਮਿਲਦਾ ਹੈ ਕਿ ਦੁਸ਼ਟ ਲੋਕਾਂ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ। ਯਹੋਵਾਹ ਦੇ ਲੋਕਾਂ ਨੂੰ ਇਸ ਭਰੋਸੇ ਦੀ ਲੋੜ ਹੈ ਕਿ ਉਨ੍ਹਾਂ ਦੇ ਵੈਰੀ ਫਿਰ ਕਦੀ ਵੀ ਉਨ੍ਹਾਂ ਉੱਤੇ ਹਮਲਾ ਨਹੀਂ ਕਰ ਸਕਣਗੇ। ਉਨ੍ਹਾਂ ਵੈਰੀਆਂ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ ਜਿਨ੍ਹਾਂ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਇੰਨਾ ਦੁੱਖ ਦਿੱਤਾ ਹੈ ਅਤੇ ਯਹੋਵਾਹ ਨੂੰ ਇੰਨਾ ਬਦਨਾਮ ਕੀਤਾ ਹੈ। ਫਿਰ “ਬਿਪਤਾ ਦੂਜੀ ਵਾਰੀ ਨਾ ਉੱਠੇਗੀ!”—ਨਹੂਮ 1:9.
22, 23. (ੳ) ਇਹ ਸਮਝਾਓ ਕਿ ਤੁਹਾਨੂੰ ਯਸਾਯਾਹ ਦੀ ਪੁਸਤਕ ਦੀ ਸਟੱਡੀ ਤੋਂ ਕਿਹੜੇ ਲਾਭ ਮਿਲੇ ਹਨ। (ਅ) ਯਸਾਯਾਹ ਦੀ ਪੁਸਤਕ ਸਟੱਡੀ ਕਰਨ ਤੋਂ ਬਾਅਦ, ਤੁਹਾਡਾ ਕੀ ਇਰਾਦਾ ਹੈ ਅਤੇ ਤੁਹਾਡੀ ਕੀ ਉਮੀਦ ਹੈ?
22 ਯਸਾਯਾਹ ਦੀ ਪੁਸਤਕ ਦੀ ਸਟੱਡੀ ਖ਼ਤਮ ਕਰਦੇ ਹੋਏ ਅਸੀਂ ਜ਼ਰੂਰ ਕਦਰ ਕਰ ਸਕਦੇ ਹਾਂ ਕਿ ਬਾਈਬਲ ਦੀ ਇਹ ਪੋਥੀ ਸਿਰਫ਼ ਇਤਿਹਾਸ ਹੀ ਨਹੀਂ ਹੈ। ਇਸ ਦੇ ਉਲਟ ਇਸ ਵਿਚ ਸਾਡੇ ਲਈ ਸੁਨੇਹਾ ਵੀ ਹੈ। ਜਦੋਂ ਅਸੀਂ ਯਸਾਯਾਹ ਦੇ ਜ਼ਮਾਨੇ ਦੇ ਹਨੇਰੇ ਸਮੇਂ ਬਾਰੇ ਸੋਚਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਅੱਜ ਦੇ ਹਾਲਾਤ ਯਸਾਯਾਹ ਦੇ ਦਿਨਾਂ ਦੇ ਹਾਲਾਤਾਂ ਨਾਲ ਕਾਫ਼ੀ ਮਿਲਦੇ-ਜੁਲਦੇ ਹਨ। ਯਸਾਯਾਹ ਦੇ ਜ਼ਮਾਨੇ ਵਿਚ ਰਾਜਨੀਤਿਕ ਗੜਬੜ, ਨਿਆਂਕਾਰਾਂ ਵਿਚ ਭ੍ਰਿਸ਼ਟਾਚਾਰ, ਮਜ਼ਹਬੀ ਪਖੰਡ, ਅਤੇ ਵਫ਼ਾਦਾਰ ਤੇ ਗ਼ਰੀਬ ਲੋਕਾਂ ਉੱਤੇ ਜ਼ੁਲਮ ਹੁੰਦੇ ਸਨ ਅਤੇ ਅਜਿਹਾ ਕੁਝ ਅੱਜ ਵੀ ਹੁੰਦਾ ਹੈ। ਛੇਵੀਂ ਸਦੀ ਸਾ.ਯੁ.ਪੂ. ਵਿਚ ਵਫ਼ਾਦਾਰ ਯਹੂਦੀ ਯਸਾਯਾਹ ਦੀ ਭਵਿੱਖਬਾਣੀ ਦੇ ਧੰਨਵਾਦੀ ਹੋਏ ਹੋਣਗੇ ਅਤੇ ਅੱਜ ਇਸ ਦੀ ਸਟੱਡੀ ਕਰ ਕੇ ਸਾਨੂੰ ਵੀ ਦਿਲਾਸਾ ਮਿਲਦਾ ਹੈ।
23 ਇਨ੍ਹਾਂ ਭੈੜਿਆਂ ਸਮਿਆਂ ਵਿਚ ਜਦੋਂ ਸਾਰੀ ਧਰਤੀ ਉੱਤੇ ਹਨੇਰਾ ਹੈ ਅਤੇ ਉੱਮਤਾਂ ਉੱਤੇ ਘਟਾਂ, ਅਸੀਂ ਸਾਰੇ ਜਣੇ ਯਹੋਵਾਹ ਦਾ ਸ਼ੁਕਰ ਕਰ ਸਕਦੇ ਹਾਂ ਕਿ ਯਸਾਯਾਹ ਰਾਹੀਂ ਉਸ ਨੇ ਸਾਰੀ ਮਨੁੱਖਜਾਤੀ ਨੂੰ ਚਾਨਣ ਦਿੱਤਾ ਹੈ! ਜਿਹੜੇ ਇਸ ਰੂਹਾਨੀ ਚਾਨਣ ਨੂੰ ਪੂਰੇ ਦਿਲ ਨਾਲ ਸਵੀਕਾਰ ਕਰਦੇ ਹਨ ਉਹ ਹਮੇਸ਼ਾ ਲਈ ਜੀਉਂਦੇ ਰਹਿਣ ਦੀ ਉਮੀਦ ਰੱਖ ਸਕਦੇ ਹਨ, ਅਤੇ ਇਸ ਦਾ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿਸ ਕੌਮ ਜਾਂ ਜਾਤ ਦੇ ਹਨ। (ਰਸੂਲਾਂ ਦੇ ਕਰਤੱਬ 10:34, 35) ਤਾਂ ਫਿਰ ਆਓ ਆਪਾਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹ ਕੇ, ਉਸ ਉੱਤੇ ਮਨਨ ਕਰ ਕੇ, ਅਤੇ ਉਸ ਦੇ ਸੁਨੇਹੇ ਦੀ ਕਦਰ ਕਰ ਕੇ ਉਸ ਦੇ ਚਾਨਣ ਵਿਚ ਚੱਲਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਸਾਨੂੰ ਹਮੇਸ਼ਾ ਲਈ ਬਰਕਤਾਂ ਮਿਲਣਗੀਆਂ ਅਤੇ ਯਹੋਵਾਹ ਦੇ ਪਵਿੱਤਰ ਨਾਂ ਦੀ ਵਡਿਆਈ ਹੋਵੇਗੀ!
[ਫੁਟਨੋਟ]
a ਯਰੂਸ਼ਲਮ ਉੱਤੇ ਬਾਬਲੀਆਂ ਦੇ ਹਮਲੇ ਤੋਂ ਬਾਅਦ ਦੀ ਹਾਲਤ ਬਾਰੇ ਦੱਸਦੇ ਹੋਏ ਯਿਰਮਿਯਾਹ 52:15 ਨੇ ‘ਲੋਕਾਂ ਦੇ ਅੱਤ ਗਰੀਬਾਂ ਅਤੇ ਬਚੇ ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ’ ਬਾਰੇ ਗੱਲ ਕੀਤੀ ਸੀ। (ਟੇਢੇ ਟਾਈਪ ਸਾਡੇ) ਇਸ ਉੱਤੇ ਟਿੱਪਣੀ ਕਰਦੇ ਹੋਏ ਇਨਸਾਈਟ ਔਨ ਦ ਸਕ੍ਰਿਪਚਰਸ ਦੀ ਪਹਿਲੀ ਪੁਸਤਕ ਦੇ 415ਵੇਂ ਸਫ਼ੇ ਤੇ ਲਿਖਿਆ ਗਿਆ ਹੈ: “ਇਸ ਵਾਕ ‘ਬਚੇ ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ’ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰ ਲੋਕ ਕਾਲ, ਰੋਗ, ਅੱਗ, ਜਾਂ ਲੜਾਈ ਵਿਚ ਮਾਰੇ ਗਏ ਸਨ।”
b ਗ਼ਹੈਨਾ ਵਿਚ ਜੀਉਂਦੇ-ਜਾਗਦੇ ਲੋਕਾਂ ਨੂੰ ਨਹੀਂ ਪਰ ਸਿਰਫ਼ ਲਾਸ਼ਾਂ ਨੂੰ ਸੁੱਟਿਆ ਜਾਂਦਾ ਸੀ। ਤਾਂ ਫਿਰ ਇਹ ਸਦੀਵੀ ਦੁੱਖ ਦੀ ਜਗ੍ਹਾ ਨੂੰ ਨਹੀਂ ਦਰਸਾਉਂਦਾ।
[ਸਫ਼ਾ 409 ਉੱਤੇ ਡੱਬੀ]
ਸਾਰੀਆਂ ਕੌਮਾਂ ਵਿੱਚੋਂ ਯਹੋਵਾਹ ਲਈ ਭੇਟ
ਸੰਨ 1920 ਵਿਚ ਹੁਆਨ ਮੂਨਯੀਸ ਅਮਰੀਕਾ ਛੱਡ ਕੇ ਸਪੇਨ ਨੂੰ ਅਤੇ ਫਿਰ ਅਰਜਨਟੀਨਾ ਨੂੰ ਗਿਆ, ਜਿੱਥੇ ਉਸ ਨੇ ਮਸਹ ਕੀਤੇ ਹੋਇਆਂ ਦੀਆਂ ਕਲੀਸਿਯਾਵਾਂ ਸ਼ੁਰੂ ਕੀਤੀਆਂ। ਸੰਨ 1923 ਤੋਂ ਲੈ ਕੇ ਪੱਛਮੀ ਅਫ਼ਰੀਕਾ ਵਿਚ ਸੱਚਾਈ ਦਾ ਚਾਨਣ ਨੇਕਦਿਲ ਲੋਕਾਂ ਉੱਤੇ ਉਦੋਂ ਚਮਕਣ ਲੱਗਾ ਜਦੋਂ ਵਿਲੀਅਮ ਬ੍ਰਾਊਨ ਨਾਂ ਦਾ ਮਿਸ਼ਨਰੀ (ਜਿਸ ਨੂੰ ਬਾਈਬਲ ਬ੍ਰਾਊਨ ਸੱਦਿਆ ਜਾਂਦਾ ਸੀ) ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸੀਅਰਾ ਲਿਓਨ, ਘਾਨਾ, ਲਾਈਬੀਰੀਆ, ਗੈਂਬੀਆ, ਅਤੇ ਨਾਈਜੀਰੀਆ ਵਿਚ ਪ੍ਰਚਾਰ ਕਰਨ ਗਿਆ। ਉਸੇ ਸਾਲ ਕੈਨੇਡਾ ਤੋਂ ਜੋਰਜ ਯੰਗ ਬ੍ਰਾਜ਼ੀਲ ਨੂੰ ਗਿਆ ਅਤੇ ਫਿਰ ਅਰਜਨਟੀਨਾ, ਕਾਸਟਾ ਰੀਕਾ, ਪਨਾਮਾ, ਵੈਨੇਜ਼ੁਏਲਾ, ਅਤੇ ਸੋਵੀਅਤ ਸੰਘ ਨੂੰ ਵੀ ਗਿਆ। ਲਗਭਗ ਉਸੇ ਸਮੇਂ ਐਡਵਿਨ ਸਕਿਨਰ ਸਮੁੰਦਰੀ ਜਹਾਜ਼ ਵਿਚ ਇੰਗਲੈਂਡ ਤੋਂ ਭਾਰਤ ਨੂੰ ਗਿਆ ਜਿੱਥੇ ਉਸ ਨੇ ਕਈ ਸਾਲ ਪ੍ਰਚਾਰ ਦਾ ਕੰਮ ਕੀਤਾ।
[ਸਫ਼ਾ 411 ਉੱਤੇ ਤਸਵੀਰ]
ਪੰਤੇਕੁਸਤ ਦੇ ਦਿਨ ਤੇ ਕੁਝ ਯਹੂਦੀ ‘ਸਾਰੀਆਂ ਕੌਮਾਂ ਵਿੱਚੋਂ ਭਰਾ’ ਬਣੇ
[ਪੂਰੇ ਸਫ਼ੇ 413 ਉੱਤੇ ਤਸਵੀਰ]