ਗਿਆਰ੍ਹਵਾਂ ਅਧਿਆਇ
ਬਾਗ਼ੀਆਂ ਉੱਤੇ ਹਾਇ!
1. ਯਾਰਾਬੁਆਮ ਨੇ ਕਿਹੜੀ ਵੱਡੀ ਗ਼ਲਤੀ ਕੀਤੀ ਸੀ?
ਜਦੋਂ ਯਹੋਵਾਹ ਦੇ ਨੇਮ-ਬੱਧ ਲੋਕਾਂ ਦਾ ਰਾਜ ਦੋ ਹਿੱਸਿਆਂ ਵਿਚ ਵਿੰਡਿਆ ਗਿਆ ਸੀ, ਤਾਂ ਉੱਤਰੀ ਦਸ-ਗੋਤੀ ਰਾਜ ਦਾ ਰਾਜਾ ਯਾਰਾਬੁਆਮ ਸੀ। ਇਹ ਨਵਾਂ ਰਾਜਾ ਇਕ ਕਾਬਲ ਅਤੇ ਹਿੰਮਤੀ ਹਾਕਮ ਸੀ। ਪਰ ਉਹ ਯਹੋਵਾਹ ਵਿਚ ਸੱਚੀ ਨਿਹਚਾ ਨਹੀਂ ਰੱਖਦਾ ਸੀ। ਇਸ ਕਰਕੇ ਉਸ ਨੇ ਇਕ ਵੱਡੀ ਗ਼ਲਤੀ ਕੀਤੀ ਜਿਸ ਨੇ ਉੱਤਰੀ ਰਾਜ ਦੇ ਸਾਰੇ ਇਤਿਹਾਸ ਉੱਤੇ ਬੁਰਾ ਅਸਰ ਪਾਇਆ। ਮੂਸਾ ਦੀ ਬਿਵਸਥਾ ਦੇ ਅਧੀਨ, ਇਸਰਾਏਲੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਸਾਲ ਵਿਚ ਤਿੰਨ ਵਾਰ ਯਰੂਸ਼ਲਮ ਦੀ ਹੈਕਲ ਵਿਚ ਜਾਣਾ ਚਾਹੀਦਾ ਹੈ। ਹੈਕਲ ਹੁਣ ਦੱਖਣੀ ਰਾਜ ਯਹੂਦਾਹ ਵਿਚ ਸੀ। (ਬਿਵਸਥਾ ਸਾਰ 16:16) ਯਾਰਾਬੁਆਮ ਡਰਦਾ ਸੀ ਕਿ ਅਜਿਹੇ ਸਫ਼ਰ ਵਾਰ-ਵਾਰ ਕਰਨ ਨਾਲ ਉਸ ਦੀ ਪਰਜਾ ਆਪਣੇ ਦੱਖਣੀ ਭਰਾਵਾਂ ਨਾਲ ਦੁਬਾਰਾ ਮਿਲਣਾ ਚਾਹੇਗੀ। ਇਸ ਲਈ ਉਸ ਨੇ “ਸੋਨੇ ਦੇ ਦੋ ਵੱਛੇ ਬਣਾਏ ਅਤੇ ਉਨ੍ਹਾਂ ਲੋਕਾਂ ਨੂੰ ਆਖਿਆ, ਕਿ ਯਰੂਸ਼ਲਮ ਨੂੰ ਚੜ੍ਹਨਾ ਤੁਹਾਡਾ ਵਾਧੂ ਹੀ ਹੈ। ਵੇਖ, ਹੇ ਇਸਰਾਏਲ, ਆਪਣੇ ਦਿਓਤੇ ਜਿਹੜੇ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਏ। ਤਾਂ ਉਸ ਨੇ ਇੱਕ ਬੈਤਏਲ ਵਿੱਚ ਟਿਕਾਇਆ ਅਤੇ ਦੂਜਾ ਦਾਨ ਵਿੱਚ ਰੱਖ ਦਿੱਤਾ।”—1 ਰਾਜਿਆਂ 12:28, 29.
2, 3. ਯਾਰਾਬੁਆਮ ਦੀ ਗ਼ਲਤੀ ਨੇ ਇਸਰਾਏਲ ਉੱਤੇ ਕਿਹੜੇ ਅਸਰ ਪਾਏ?
2 ਕੁਝ ਸਮੇਂ ਲਈ, ਇਸ ਤਰ੍ਹਾਂ ਲੱਗਦਾ ਸੀ ਕਿ ਯਾਰਾਬੁਆਮ ਦੀ ਯੋਜਨਾ ਸਫ਼ਲ ਹੋਈ। ਸਹਿਜੇ-ਸਹਿਜੇ ਲੋਕ ਯਰੂਸ਼ਲਮ ਜਾਣ ਤੋਂ ਰੁਕ ਗਏ ਅਤੇ ਦੋ ਵੱਛਿਆਂ ਦੀ ਪੂਜਾ ਕਰਨ ਲੱਗ ਪਏ। (1 ਰਾਜਿਆਂ 12:30) ਪਰ, ਇਸ ਧਰਮ-ਤਿਆਗੀ ਕੰਮ ਨੇ ਦਸ-ਗੋਤੀ ਰਾਜ ਨੂੰ ਭ੍ਰਿਸ਼ਟ ਕਰ ਦਿੱਤਾ। ਭਾਵੇਂ ਕਿ ਯੇਹੂ ਨੇ ਜੋਸ਼ ਨਾਲ ਬਆਲ ਦੀ ਪੂਜਾ ਨੂੰ ਇਸਰਾਏਲ ਵਿੱਚੋਂ ਮਿਟਾ ਦਿੱਤਾ ਸੀ, ਕੁਝ ਸਾਲ ਬਾਅਦ, ਉਹ ਵੀ ਸੋਨੇ ਦੇ ਵੱਛਿਆਂ ਅੱਗੇ ਮੱਥਾ ਟੇਕਣ ਲੱਗ ਪਿਆ। (2 ਰਾਜਿਆਂ 10:28, 29) ਯਾਰਾਬੁਆਮ ਦੇ ਗ਼ਲਤ ਫ਼ੈਸਲੇ ਦਾ ਹੋਰ ਨਤੀਜਾ ਇਹ ਹੋਇਆ ਕਿ ਉੱਥੇ ਦੀ ਹਕੂਮਤ ਬੁਰੀ ਬਣ ਗਈ ਅਤੇ ਲੋਕਾਂ ਨੇ ਦੁੱਖ ਭੋਗੇ।
3 ਯਾਰਾਬੁਆਮ ਨੇ ਸੱਚੇ ਧਰਮ ਨੂੰ ਛੱਡ ਦਿੱਤਾ ਸੀ, ਇਸ ਲਈ ਯਹੋਵਾਹ ਨੇ ਕਿਹਾ ਕਿ ਉਸ ਦੀ ਅੰਸ ਦੇਸ਼ ਉੱਤੇ ਰਾਜ ਨਹੀਂ ਕਰੇਗੀ, ਅਤੇ ਅੰਤ ਵਿਚ ਉੱਤਰੀ ਰਾਜ ਬਰਬਾਦ ਕੀਤਾ ਜਾਵੇਗਾ। (1 ਰਾਜਿਆਂ 14:14, 15) ਯਹੋਵਾਹ ਦਾ ਬਚਨ ਪੂਰਾ ਹੋਇਆ। ਇਸਰਾਏਲ ਦੇ ਰਾਜਿਆਂ ਵਿੱਚੋਂ ਸੱਤਾਂ ਨੇ ਦੋ ਸਾਲਾਂ ਲਈ ਜਾਂ ਇਸ ਤੋਂ ਵੀ ਘੱਟ ਸਮੇਂ ਲਈ ਰਾਜ ਕੀਤਾ—ਕੁਝ ਨੇ ਤਾਂ ਸਿਰਫ਼ ਥੋੜ੍ਹਿਆਂ ਦਿਨਾਂ ਲਈ ਹੀ ਰਾਜ ਕੀਤਾ। ਇਕ ਰਾਜੇ ਨੇ ਆਤਮ-ਹੱਤਿਆ ਕੀਤੀ, ਅਤੇ ਨਾਜਾਇਜ਼ ਤਰੀਕਿਆਂ ਨਾਲ ਰਾਜ-ਗੱਦੀ ਮੱਲਣ ਵਾਲਿਆਂ ਬੰਦਿਆਂ ਨੇ ਛੇ ਰਾਜਿਆਂ ਦਾ ਕਤਲ ਕੀਤਾ। ਖ਼ਾਸ ਕਰਕੇ ਯਾਰਾਬੁਆਮ ਦੂਜੇ ਦੇ ਰਾਜ ਤੋਂ ਬਾਅਦ ਇਸਰਾਏਲ ਦੀ ਕੌਮ ਨੇ ਗੜਬੜੀ ਸਮੇਂ ਦੇਖੇ। ਉਸ ਨੇ ਹਿੰਸਾ ਅਤੇ ਕਤਲ ਦੇ ਬਹੁਤ ਸਾਰੇ ਕਸ਼ਟ ਸਹੇ। ਇਹ ਰਾਜ 804 ਸਾ.ਯੁ.ਪੂ. ਵਿਚ ਖ਼ਤਮ ਹੋਇਆ ਜਦੋਂ ਉੱਜ਼ੀਯਾਹ ਯਹੂਦਾਹ ਵਿਚ ਰਾਜ ਕਰ ਰਿਹਾ ਸੀ। ਇਸ ਸਮੇਂ, ਯਹੋਵਾਹ ਨੇ ਯਸਾਯਾਹ ਰਾਹੀਂ ਉੱਤਰੀ ਰਾਜ ਨੂੰ ਇਕ ਸਿੱਧੀ ਚੇਤਾਵਨੀ ਜਾਂ ਆਪਣਾ “ਬਚਨ” ਘੱਲਿਆ। “ਪ੍ਰਭੁ ਨੇ ਯਾਕੂਬ ਨੂੰ ਬਚਨ ਘੱਲਿਆ, ਅਤੇ ਉਹ ਇਸਰਾਏਲ ਉੱਤੇ ਆ ਪਿਆ।”—ਯਸਾਯਾਹ 9:8.a
ਗਰੂਰ ਅਤੇ ਹੰਕਾਰ ਕਰਕੇ ਪਰਮੇਸ਼ੁਰ ਦਾ ਕ੍ਰੋਧ
4. ਯਹੋਵਾਹ ਨੇ ਇਸਰਾਏਲ ਦੇ ਖ਼ਿਲਾਫ਼ ਕਿਹੜਾ “ਬਚਨ” ਘੱਲਿਆ ਸੀ, ਅਤੇ ਕਿਉਂ?
4 ਯਹੋਵਾਹ ਦਾ “ਬਚਨ” ਰੱਦ ਨਹੀਂ ਕੀਤਾ ਗਿਆ। ‘ਸਾਰੇ ਲੋਕ ਜਾਣਨਗੇ, ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ, ਜਿਹੜੇ ਗਰੂਰ ਤੇ ਦਿਲ ਦਾ ਹੰਕਾਰ ਕਰਦੇ ਹਨ।’ (ਯਸਾਯਾਹ 9:9) “ਯਾਕੂਬ,” “ਇਸਰਾਏਲ,” “ਇਫ਼ਰਾਈਮ,” ਅਤੇ “ਸਾਮਰਿਯਾ” ਉੱਤਰੀ ਰਾਜ ਇਸਰਾਏਲ ਨੂੰ ਸੰਕੇਤ ਕਰਦੇ ਸਨ, ਜਿਸ ਦਾ ਸਭ ਤੋਂ ਪ੍ਰਮੁੱਖ ਗੋਤ ਇਫ਼ਰਾਈਮ ਸੀ ਅਤੇ ਸਾਮਰਿਯਾ ਉਸ ਦੀ ਰਾਜਧਾਨੀ ਸੀ। ਉਸ ਰਾਜ ਦੇ ਖ਼ਿਲਾਫ਼ ਯਹੋਵਾਹ ਦਾ ਬਚਨ ਇਕ ਸਖ਼ਤ ਫ਼ੈਸਲਾ ਸੀ, ਕਿਉਂਕਿ ਇਫ਼ਰਾਈਮ ਦੇ ਲੋਕ ਆਪਣਾ ਧਰਮ ਛੱਡ ਕੇ ਹੰਕਾਰੀ ਅਤੇ ਢੀਠ ਬਣ ਗਏ ਸਨ। ਪਰਮੇਸ਼ੁਰ ਨੇ ਲੋਕਾਂ ਨੂੰ ਆਪਣੇ ਭੈੜੇ ਰਾਹਾਂ ਦੇ ਨਤੀਜਿਆਂ ਤੋਂ ਨਹੀਂ ਬਚਾਇਆ। ਉਹ ਪਰਮੇਸ਼ੁਰ ਦਾ ਬਚਨ ਸੁਣਨ ਜਾਂ ਉਸ ਵੱਲ ਧਿਆਨ ਦੇਣ ਲਈ ਮਜਬੂਰ ਕੀਤੇ ਗਏ ਸਨ।—ਗਲਾਤੀਆਂ 6:7.
5. ਇਸਰਾਏਲੀਆਂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਉੱਤੇ ਯਹੋਵਾਹ ਦੇ ਨਿਆਉਂ ਦਾ ਕੋਈ ਅਸਰ ਨਹੀਂ ਪੈਂਦਾ ਸੀ?
5 ਜਿਉਂ-ਜਿਉਂ ਹਾਲਾਤ ਵਿਗੜਦੇ ਗਏ, ਲੋਕਾਂ ਨੇ ਆਪਣੇ ਘਰਾਂ ਦੀ ਤਬਾਹੀ ਵਰਗੇ ਕਈ ਨੁਕਸਾਨ ਝੱਲੇ। ਆਮ ਤੌਰ ਤੇ ਉਨ੍ਹਾਂ ਦੇ ਘਰ ਕੱਚੀਆਂ ਇੱਟਾਂ ਅਤੇ ਸਸਤੀ ਲੱਕੜੀ ਨਾਲ ਬਣੇ ਹੋਏ ਸਨ। ਕੀ ਇਸ ਨੁਕਸਾਨ ਦੇ ਨਤੀਜੇ ਵਜੋਂ ਉਨ੍ਹਾਂ ਦੇ ਦਿਲ ਬਦਲੇ? ਕੀ ਉਹ ਯਹੋਵਾਹ ਦੇ ਨਬੀਆਂ ਦੀ ਗੱਲ ਵੱਲ ਧਿਆਨ ਦੇ ਕੇ ਸੱਚੇ ਪਰਮੇਸ਼ੁਰ ਵੱਲ ਮੁੜੇ?b ਯਸਾਯਾਹ ਨੇ ਲੋਕਾਂ ਦੇ ਢੀਠਪੁਣੇ ਬਾਰੇ ਦੱਸਿਆ: “ਇੱਟਾਂ ਡਿੱਗ ਪਈਆਂ, ਪਰ ਅਸੀਂ ਘੜਵੇਂ ਪੱਥਰਾਂ ਨਾਲ ਉਸਾਰਾਂਗੇ, ਗੁੱਲ੍ਹਰ ਤਾਂ ਵੱਢੇ ਹੋਏ ਹਨ, ਪਰ ਅਸੀਂ ਉਨ੍ਹਾਂ ਦੇ ਥਾਂ ਦਿਆਰ ਪਾਵਾਂਗੇ।” (ਯਸਾਯਾਹ 9:10) ਇਸਰਾਏਲੀਆਂ ਨੇ ਯਹੋਵਾਹ ਦਾ ਵਿਰੋਧ ਕਰ ਕੇ ਉਸ ਦੇ ਨਬੀਆਂ ਨੂੰ ਠੁਕਰਾਇਆ, ਕਿਉਂਕਿ ਨਬੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਅਜਿਹੇ ਦੁੱਖ ਕਿਉਂ ਝੱਲ ਰਹੇ ਸਨ। ਦਰਅਸਲ ਲੋਕਾਂ ਨੇ ਕਿਹਾ: ‘ਅਸੀਂ ਭਾਵੇਂ ਕੱਚੀਆਂ ਇੱਟਾਂ ਅਤੇ ਸਸਤੀ ਲੱਕੜੀ ਨਾਲ ਬਣੇ ਆਪਣੇ ਘਰ ਤਬਾਹ ਹੁੰਦੇ ਦੇਖੀਏ, ਪਰ ਅਸੀਂ ਇਸ ਨੁਕਸਾਨ ਦਾ ਘਾਟਾ ਪੂਰਾ ਕਰਨ ਲਈ ਬਿਹਤਰੀਨ ਸਾਮਾਨ ਨਾਲ, ਯਾਨੀ ਘੜਵੇਂ ਪੱਥਰ ਅਤੇ ਦਿਆਰ ਦੀ ਲੱਕੜੀ ਨਾਲ ਦੁਬਾਰਾ ਘਰ ਬਣਾਵਾਂਗੇ!’ (ਅੱਯੂਬ 4:19 ਦੀ ਤੁਲਨਾ ਕਰੋ।) ਯਹੋਵਾਹ ਉਨ੍ਹਾਂ ਨੂੰ ਹੋਰ ਸਜ਼ਾ ਦੇਣ ਲਈ ਮਜਬੂਰ ਹੋਇਆ।—ਯਸਾਯਾਹ 48:22 ਦੀ ਤੁਲਨਾ ਕਰੋ।
6. ਯਹੋਵਾਹ ਨੇ ਯਹੂਦਾਹ ਦੇ ਵਿਰੁੱਧ, ਸੀਰੀਆਈ-ਇਸਰਾਏਲ ਦੀ ਸਾਜ਼ਸ਼ ਨੂੰ ਸਫ਼ਲ ਕਿਵੇਂ ਨਹੀਂ ਹੋਣ ਦਿੱਤਾ?
6 ਯਸਾਯਾਹ ਨੇ ਅੱਗੇ ਕਿਹਾ ਕਿ “ਯਹੋਵਾਹ ਰਸੀਨ ਦੇ ਵਿਰੋਧੀਆਂ ਨੂੰ ਉਹ ਦੇ ਵਿਰੁੱਧ ਚੁੱਕੇਗਾ।” (ਯਸਾਯਾਹ 9:11ੳ) ਇਸਰਾਏਲ ਦਾ ਰਾਜਾ ਪਕਹ ਅਤੇ ਸੀਰੀਆ ਦਾ ਰਾਜਾ ਰਸੀਨ ਮਿੱਤਰ ਸਨ। ਉਹ ਦੋ-ਗੋਤੀ ਰਾਜ ਯਹੂਦਾਹ ਉੱਤੇ ਜਿੱਤ ਪ੍ਰਾਪਤ ਕਰ ਕੇ ਯਰੂਸ਼ਲਮ ਵਿਚ ਯਹੋਵਾਹ ਦੇ ਸਿੰਘਾਸਣ ਉੱਤੇ “ਟਾਬਲ ਦੇ ਪੁੱਤ੍ਰ” ਨੂੰ ਰਾਜੇ ਵਜੋਂ ਬਿਠਾਉਣ ਦਾ ਇਰਾਦਾ ਰੱਖਦੇ ਸਨ, ਜਿਸ ਨੇ ਉਨ੍ਹਾਂ ਦੇ ਇਸ਼ਾਰਿਆਂ ਤੇ ਨੱਚਣਾ ਸੀ। (ਯਸਾਯਾਹ 7:6) ਪਰ ਇਹ ਸਾਜ਼ਸ਼ ਸਫ਼ਲ ਨਹੀਂ ਹੋਈ। ਰਸੀਨ ਦੇ ਦੁਸ਼ਮਣ ਸ਼ਕਤੀਸ਼ਾਲੀ ਸਨ ਅਤੇ ਯਹੋਵਾਹ ਨੇ ਇਨ੍ਹਾਂ ਨੂੰ “ਉਹ” ਦੇ, ਯਾਨੀ ਇਸਰਾਏਲ ‘ਦੇ ਵਿਰੁੱਧ ਚੁੱਕਿਆ।’ ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਇਨ੍ਹਾਂ ਦੁਸ਼ਮਣਾਂ ਨੂੰ ਚੰਗੀ ਤਰ੍ਹਾਂ ਲੜਾਈ ਲੜਨ ਦਿੱਤੀ ਜਿਸ ਦੇ ਕਾਰਨ ਇਸ ਮਿੱਤਰਤਾ ਦਾ ਅੰਤ ਹੋ ਗਿਆ।
7, 8. ਜਦੋਂ ਅੱਸ਼ੂਰ ਨੇ ਸੀਰੀਆ ਉੱਤੇ ਜਿੱਤ ਪ੍ਰਾਪਤ ਕੀਤੀ, ਤਾਂ ਇਸਰਾਏਲ ਲਈ ਇਸ ਦਾ ਕੀ ਨਤੀਜਾ ਹੋਇਆ?
7 ਇਸ ਮਿੱਤਰਤਾ ਵਿਚ ਉਦੋਂ ਫੁੱਟ ਪੈਣੀ ਸ਼ੁਰੂ ਹੋਈ ਜਦੋਂ ਅੱਸ਼ੂਰ ਦੇਸ਼ ਨੇ ਸੀਰੀਆ ਦੇਸ਼ ਉੱਤੇ ਹਮਲਾ ਕੀਤਾ। “ਅੱਸ਼ੂਰ ਦੇ ਪਾਤਸ਼ਾਹ ਨੇ ਦੰਮਿਸ਼ਕ [ਸੀਰੀਆ ਦੀ ਰਾਜਧਾਨੀ] ਉੱਤੇ ਚੜ੍ਹਾਈ ਕਰਕੇ ਉਹ ਨੂੰ ਲੈ ਲਿਆ ਅਰ ਉੱਥੋਂ ਦਿਆਂ ਲੋਕਾਂ ਨੂੰ ਅਸੀਰ ਕਰਕੇ ਕੀਰ ਨੂੰ ਲੈ ਗਿਆ ਅਰ ਰਸੀਨ ਨੂੰ ਮਾਰ ਛੱਡਿਆ।” (2 ਰਾਜਿਆਂ 16:9) ਆਪਣੇ ਤਾਕਤਵਰ ਮਿੱਤਰ ਨੂੰ ਖੋਹ ਕੇ, ਯਹੂਦਾਹ ਬਾਰੇ ਪਕਹ ਦੇ ਇਰਾਦੇ ਰੋਕੇ ਗਏ। ਅਸਲ ਵਿਚ, ਰਸੀਨ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ, ਹੋਸ਼ੇਆ ਨੇ ਪਕਹ ਦਾ ਕਤਲ ਕਰ ਕੇ ਸਾਮਰਿਯਾ ਦੀ ਰਾਜ-ਗੱਦੀ ਉੱਤੇ ਕਬਜ਼ਾ ਕਰ ਲਿਆ।—2 ਰਾਜਿਆਂ 15:23-25, 30.
8 ਸੀਰੀਆ ਜੋ ਅੱਗੇ ਇਸਰਾਏਲ ਦਾ ਮਿੱਤਰ ਹੁੰਦਾ ਸੀ, ਅੱਸ਼ੂਰ ਦੇ ਅਧੀਨ ਇਕ ਰਾਜ ਬਣ ਗਿਆ ਸੀ। ਅੱਸ਼ੂਰ ਇਸ ਇਲਾਕੇ ਵਿਚ ਸਭ ਤੋਂ ਸ਼ਕਤੀਸ਼ਾਲੀ ਤਾਕਤ ਸੀ। ਯਸਾਯਾਹ ਨੇ ਭਵਿੱਖਬਾਣੀ ਕੀਤੀ ਕਿ ਯਹੋਵਾਹ ਇਸ ਨਵੇਂ ਰਾਜਨੀਤਿਕ ਗੱਠਜੋੜ ਨੂੰ ਕਿਵੇਂ ਇਸਤੇਮਾਲ ਕਰੇਗਾ: “[ਯਹੋਵਾਹ ਇਸਰਾਏਲ] ਦੇ ਵੈਰੀਆਂ ਨੂੰ ਪਰੇਰੇਗਾ। ਅਰਾਮੀ ਅੱਗੇ ਅਤੇ ਫਲਿਸਤੀ ਪਿੱਛੇ ਹੋਣਗੇ, ਅਤੇ ਓਹ ਇਸਰਾਏਲ ਨੂੰ ਅੱਡੇ ਹੋਏ ਮੂੰਹ ਨਾਲ ਭੱਖ ਲੈਣਗੇ। ਏਹ ਦੇ ਹੁੰਦਿਆਂ ਤੇ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਇਆ ਹੈ।” (ਯਸਾਯਾਹ 9:11ਅ, 12) ਜੀ ਹਾਂ, ਸੀਰੀਆ ਇਸਰਾਏਲ ਦਾ ਦੁਸ਼ਮਣ ਬਣ ਗਿਆ, ਅਤੇ ਇਸਰਾਏਲ ਨੂੰ ਅੱਸ਼ੂਰ ਅਤੇ ਸੀਰੀਆ ਦੇ ਹਮਲੇ ਲਈ ਤਿਆਰੀ ਕਰਨੀ ਪਈ। ਹਮਲਾ ਸਫ਼ਲ ਹੋਇਆ। ਅੱਸ਼ੂਰ ਨੇ ਰਾਜ-ਗੱਦੀ ਉੱਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਰਾਜਾ ਹੋਸ਼ੇਆ ਨੂੰ ਆਪਣਾ ਸੇਵਕ ਬਣਾ ਕੇ ਉਸ ਤੋਂ ਭਾਰਾ ਕਰ ਵਸੂਲ ਕੀਤਾ। (ਕੁਝ ਦਹਾਕੇ ਪਹਿਲਾਂ, ਅੱਸ਼ੂਰ ਨੇ ਇਸਰਾਏਲ ਦੇ ਰਾਜਾ ਮਨਹੇਮ ਤੋਂ ਵੱਡੀ ਰਕਮ ਵਸੂਲ ਕੀਤੀ ਸੀ।) ਹੋਸ਼ੇਆ ਨਬੀ ਦੇ ਸ਼ਬਦ ਕਿੰਨੇ ਸੱਚੇ ਸਨ: “ਓਪਰੇ [ਇਫ਼ਰਾਈਮ] ਦੀ ਸ਼ਕਤੀ ਨੂੰ ਖਾ ਗਏ”!—ਹੋਸ਼ੇਆ 7:9; 2 ਰਾਜਿਆਂ 15:19, 20; 17:1-3.
9. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਫਲਿਸਤੀਆਂ ਨੇ ‘ਪਿੱਛਿਓਂ’ ਹਮਲਾ ਕੀਤਾ?
9 ਕੀ ਯਸਾਯਾਹ ਨੇ ਇਹ ਨਹੀਂ ਕਿਹਾ ਸੀ ਕਿ ਫਲਿਸਤੀ ‘ਪਿੱਛਿਓਂ’ ਹਮਲਾ ਕਰਨਗੇ? ਜੀ ਹਾਂ। ਮੈਗਨੈਟਿਕ ਕੰਪਾਸਾਂ ਦੇ ਸਮਿਆਂ ਤੋਂ ਪਹਿਲਾਂ, ਇਬਰਾਨੀ ਲੋਕ ਚੜ੍ਹਦੇ ਸੂਰਜ ਵੱਲ ਖੜ੍ਹੇ ਇਕ ਵਿਅਕਤੀ ਦੀ ਦ੍ਰਿਸ਼ਟੀ ਤੋਂ ਦਿਸ਼ਾ ਦੱਸਦੇ ਸਨ। ਇਸ ਤਰ੍ਹਾਂ, “ਅੱਗੇ” ਦਾ ਮਤਲਬ ਪੂਰਬ ਸੀ, ਜਦ ਕਿ “ਪਿੱਛੇ” ਦਾ ਮਤਲਬ ਪੱਛਮ ਸੀ, ਜਿੱਥੇ ਸਮੁੰਦਰ ਦੇ ਕਿਨਾਰੇ ਫਲਿਸਤੀਆਂ ਦਾ ਦੇਸ਼ ਸੀ। ਯਸਾਯਾਹ 9:12 ਵਿਚ “ਇਸਰਾਏਲ” ਦੇ ਜ਼ਿਕਰ ਵਿਚ ਸ਼ਾਇਦ ਯਹੂਦਾਹ ਵੀ ਸ਼ਾਮਲ ਹੋ ਸਕਦਾ ਹੈ, ਕਿਉਂਕਿ ਫਲਿਸਤੀਆਂ ਨੇ ਪਕਹ ਦੇ ਜ਼ਮਾਨੇ ਵਿਚ ਰਹਿਣ ਵਾਲੇ ਆਹਾਜ਼ ਦੇ ਰਾਜ ਦੌਰਾਨ ਹਮਲਾ ਕਰ ਕੇ ਕਈ ਯਹੂਦੀ ਨਗਰਾਂ ਅਤੇ ਕਿਲ੍ਹਿਆਂ ਉੱਤੇ ਕਬਜ਼ਾ ਕੀਤਾ। ਉੱਤਰ ਵੱਲ ਇਫ਼ਰਾਈਮ ਵਾਂਗ, ਯਹੂਦਾਹ ਨੂੰ ਯਹੋਵਾਹ ਵੱਲੋਂ ਇਹ ਸਜ਼ਾ ਮਿਲਣੀ ਜਾਇਜ਼ ਸੀ, ਕਿਉਂਕਿ ਉੱਥੇ ਦੇ ਵੀ ਬਹੁਤ ਸਾਰੇ ਲੋਕ ਧਰਮ-ਤਿਆਗੀ ਸਨ।—2 ਇਤਹਾਸ 28:1-4, 18, 19.
‘ਸਿਰ ਤੋਂ ਪੂਛ’ ਤਕ—ਬਾਗ਼ੀਆਂ ਦੀ ਕੌਮ
10, 11. ਇਸਰਾਏਲ ਦੀ ਵਾਰ-ਵਾਰ ਕੀਤੀ ਗਈ ਬਗਾਵਤ ਦੇ ਕਾਰਨ ਯਹੋਵਾਹ ਨੇ ਉਨ੍ਹਾਂ ਨੂੰ ਕਿਹੜੀ ਸਜ਼ਾ ਦਿੱਤੀ?
10 ਉੱਤਰੀ ਰਾਜ ਦੇ ਸਾਰੇ ਦੁੱਖਾਂ ਦੇ ਬਾਵਜੂਦ ਨਾਲੇ ਉਸ ਦੇ ਖ਼ਿਲਾਫ਼ ਯਹੋਵਾਹ ਦੇ ਨਬੀਆਂ ਦੇ ਸ਼ਕਤੀਸ਼ਾਲੀ ਐਲਾਨ ਦੇ ਬਾਵਜੂਦ, ਉਸ ਨੇ ਯਹੋਵਾਹ ਵਿਰੁੱਧ ਆਪਣੀ ਬਗਾਵਤ ਜਾਰੀ ਰੱਖੀ। “ਪਰਜਾ ਆਪਣੇ ਮਾਰਨ ਵਾਲੇ ਵੱਲ ਨਾ ਮੁੜੀ, ਨਾ ਸੈਨਾਂ ਦੇ ਯਹੋਵਾਹ ਨੂੰ ਭਾਲਿਆ।” (ਯਸਾਯਾਹ 9:13) ਨਤੀਜੇ ਵਜੋਂ, ਨਬੀ ਨੇ ਕਿਹਾ ਕਿ “ਯਹੋਵਾਹ ਨੇ ਇਸਰਾਏਲ ਵਿੱਚੋਂ ਸਿਰ ਅਰ ਪੂਛ, ਖਜੂਰ ਦੀ ਟਹਿਣੀ ਤੇ ਕਾਨਾ ਇੱਕੇ ਦਿਨ ਵੱਢ ਸੁੱਟਿਆ, ਬਜ਼ੁਰਗ ਅਰ ਪਤਵੰਤ, ਓਹ ਸਿਰ ਹਨ, ਅਤੇ ਨਬੀ ਜਿਹੜਾ ਝੂਠ ਸਿਖਾਉਂਦਾ ਹੈ, ਉਹ ਪੂਛ ਹੈ। ਇਸ ਪਰਜਾ ਦੇ ਆਗੂ ਕੁਰਾਹ ਪਾਉਣ ਵਾਲੇ ਹਨ, ਅਤੇ ਉਨ੍ਹਾਂ ਦੇ ਪਿੱਛੇ ਲੱਗਣ ਵਾਲੇ ਨਿਗਲੇ ਜਾਂਦੇ ਹਨ।”—ਯਸਾਯਾਹ 9:14-16.
11 “ਸਿਰ” ਅਤੇ “ਟਹਿਣੀ” ਨੇ ਕੌਮ ਦੇ ਉਨ੍ਹਾਂ ਆਗੂਆਂ ਨੂੰ ਦਰਸਾਇਆ ਜੋ “ਬਜ਼ੁਰਗ ਅਰ ਪਤਵੰਤ” ਸੱਦੇ ਗਏ ਸਨ। “ਪੂਛ” ਅਤੇ “ਕਾਨਾ” ਝੂਠੇ ਨਬੀ ਸਨ ਜੋ ਸਿਰਫ਼ ਉਹੀ ਕਹਿੰਦੇ ਸਨ ਜੋ ਆਗੂ ਸੁਣਨਾ ਚਾਹੁੰਦੇ ਸਨ। ਬਾਈਬਲ ਦੇ ਇਕ ਵਿਦਵਾਨ ਨੇ ਲਿਖਿਆ: “ਝੂਠੇ ਨਬੀਆਂ ਨੂੰ ਇਸ ਲਈ ਪੂਛ ਸੱਦਿਆ ਗਿਆ ਹੈ ਕਿਉਂਕਿ ਉਨ੍ਹਾਂ ਦੇ ਨੈਤਿਕ ਚਾਲ-ਚਲਣ ਸਾਰਿਆਂ ਲੋਕਾਂ ਨਾਲੋਂ ਭੈੜੇ ਸਨ, ਅਤੇ ਉਹ ਦੁਸ਼ਟ ਹਾਕਮਾਂ ਦੇ ਚਮਚੇ ਸਨ।” ਇਕ ਪ੍ਰੋਫ਼ੈਸਰ ਇਨ੍ਹਾਂ ਝੂਠੇ ਨਬੀਆਂ ਬਾਰੇ ਕਹਿੰਦਾ ਹੈ: “ਉਹ ਆਗੂ ਨਹੀਂ ਸਨ, ਪਰ ਉਹ ਆਗੂਆਂ ਦੇ ਪਿੱਛੇ-ਪਿੱਛੇ ਫਿਰਦੇ ਸਨ ਅਤੇ ਉਨ੍ਹਾਂ ਦੀ ਚਾਪਲੂਸੀ ਕਰਦੇ ਸਨ। ਉਹ ਕੁੱਤੇ ਦੀ ਪੂਛ ਵਰਗੇ ਸਨ।”—2 ਤਿਮੋਥਿਉਸ 4:3 ਦੀ ਤੁਲਨਾ ਕਰੋ।
‘ਵਿਧਵਾਂ ਅਤੇ ਯਤੀਮ’ ਵੀ ਬਾਗ਼ੀ ਸਨ
12. ਇਸਰਾਏਲੀ ਸਮਾਜ ਕਿਸ ਹੱਦ ਤਕ ਵਿਗੜਿਆ ਹੋਇਆ ਸੀ?
12 ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦਾ ਰਖਵਾਲਾ ਹੈ। (ਕੂਚ 22:22, 23) ਪਰ ਧਿਆਨ ਦਿਓ ਕਿ ਯਸਾਯਾਹ ਨੇ ਅੱਗੇ ਕੀ ਕਿਹਾ: “ਪ੍ਰਭੁ ਉਨ੍ਹਾਂ ਦੇ ਜੁਆਨਾਂ ਉੱਤੇ ਖੁਸ਼ ਨਹੀਂ, ਨਾ ਉਨ੍ਹਾਂ ਦੇ ਯਤੀਮਾਂ ਅਤੇ ਵਿਧਵਾਂ ਉੱਤੇ ਰਹਮ ਕਰੇਗਾ, ਕਿਉਂ ਜੋ ਹਰੇਕ ਬੇਧਰਮ ਅਰ ਕੁਕਰਮੀ ਹੈ, ਅਤੇ ਹਰ ਮੂੰਹ ਮੂਰਖਤਾਈ ਬੱਕਦਾ ਹੈ। ਏਹ ਦੇ ਹੁੰਦਿਆਂ ਤੇ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਇਆ ਹੈ।” (ਯਸਾਯਾਹ 9:17) ਸਮਾਜ ਦੇ ਸਾਰੇ ਲੋਕ, ਵਿਧਵਾਵਾਂ ਅਤੇ ਯਤੀਮਾਂ ਸਮੇਤ ਧਰਮ-ਤਿਆਗੀ ਸਨ! ਇਸ ਉਮੀਦ ਨਾਲ ਕਿ ਲੋਕ ਆਪਣੇ ਰਾਹ ਬਦਲਣਗੇ, ਯਹੋਵਾਹ ਧੀਰਜ ਨਾਲ ਆਪਣੇ ਨਬੀ ਭੇਜਦਾ ਸੀ। ਉਦਾਹਰਣ ਲਈ, ਹੋਸ਼ੇਆ ਨੇ ਮਿੰਨਤ ਕੀਤੀ ਕਿ “ਹੇ ਇਸਰਾਏਲ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜ, ਕਿਉਂ ਜੋ ਤੈਂ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ।” (ਹੋਸ਼ੇਆ 14:1) ਵਿਧਵਾਵਾਂ ਅਤੇ ਯਤੀਮਾਂ ਦੇ ਇਸ ਰਖਵਾਲੇ ਨੂੰ ਕਿੰਨਾ ਦੁੱਖ ਹੋਇਆ ਕਿ ਉਸ ਨੂੰ ਉਨ੍ਹਾਂ ਨੂੰ ਵੀ ਸਜ਼ਾ ਦੇਣੀ ਪਈ!
13. ਅਸੀਂ ਯਸਾਯਾਹ ਦੇ ਜ਼ਮਾਨੇ ਦੀ ਹਾਲਤ ਤੋਂ ਕੀ ਸਿੱਖ ਸਕਦੇ ਹਾਂ?
13 ਯਸਾਯਾਹ ਦੀ ਤਰ੍ਹਾਂ, ਅਸੀਂ ਵੀ ਭੈੜੇ ਸਮਿਆਂ ਵਿਚ ਜੀ ਰਹੇ ਹਾਂ ਅਤੇ ਬਹੁਤ ਜਲਦੀ ਯਹੋਵਾਹ ਦੇ ਨਿਆਉਂ ਦਾ ਦਿਨ ਦੁਸ਼ਟ ਲੋਕਾਂ ਦੇ ਖ਼ਿਲਾਫ਼ ਆਵੇਗਾ। (2 ਤਿਮੋਥਿਉਸ 3:1-5) ਤਾਂ ਫਿਰ, ਇਹ ਕਿੰਨਾ ਜ਼ਰੂਰੀ ਹੈ ਕਿ ਸੱਚੇ ਮਸੀਹੀਆਂ ਦੇ ਹਾਲਾਤ ਜੋ ਵੀ ਹੋਣ ਉਹ ਰੂਹਾਨੀ, ਨੈਤਿਕ, ਅਤੇ ਮਾਨਸਿਕ ਤੌਰ ਤੇ ਸ਼ੁੱਧ ਰਹਿਣ ਤਾਂਕਿ ਯਹੋਵਾਹ ਦੀ ਕਿਰਪਾ ਉਨ੍ਹਾਂ ਉੱਤੇ ਰਹੇ। ਉਮੀਦ ਹੈ ਕਿ ਹਰੇਕ ਮਸੀਹੀ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਬਣਾਈ ਰੱਖੇਗਾ। ਇਸ ਤਰ੍ਹਾਂ ਨਾ ਹੋਵੇ ਕਿ ਜਿਹੜੇ ‘ਵੱਡੀ ਬਾਬੁਲ’ ਵਿੱਚੋਂ ਨਿਕਲ ਚੁੱਕੇ ਹਨ ਉਹ ਦੁਬਾਰਾ ‘ਉਹ ਦਿਆਂ ਪਾਪਾਂ ਦੇ ਭਾਗੀ ਬਣਨ।’—ਪਰਕਾਸ਼ ਦੀ ਪੋਥੀ 18:2, 4.
ਝੂਠੀ ਪੂਜਾ ਨੇ ਹਿੰਸਾ ਪੈਦਾ ਕੀਤੀ
14, 15. (ੳ) ਬੁਰੇ ਦੂਤਾਂ ਦੀ ਪੂਜਾ ਦਾ ਨਤੀਜਾ ਕੀ ਹੋਇਆ ਸੀ? (ਅ) ਯਸਾਯਾਹ ਨੇ ਇਸਰਾਏਲ ਲਈ ਕਿਹੜੇ ਵੱਧ ਰਹੇ ਦੁੱਖ ਬਾਰੇ ਭਵਿੱਖਬਾਣੀ ਕੀਤੀ ਸੀ?
14 ਅਸਲ ਵਿਚ, ਝੂਠੀ ਪੂਜਾ ਭੂਤਾਂ, ਯਾਨੀ ਬੁਰੇ ਦੂਤਾਂ ਦੀ ਪੂਜਾ ਹੈ। (1 ਕੁਰਿੰਥੀਆਂ 10:20) ਜਿਵੇਂ ਜਲ-ਪਰਲੋ ਤੋਂ ਪਹਿਲਾਂ ਦੇਖਿਆ ਗਿਆ ਸੀ, ਬੁਰੇ ਦੂਤਾਂ ਦਾ ਅਸਰ ਹਿੰਸਾ ਪੈਦਾ ਕਰਦਾ ਹੈ। (ਉਤਪਤ 6:11, 12) ਤਾਂ ਫਿਰ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜਦੋਂ ਇਸਰਾਏਲੀ ਲੋਕ ਸੱਚਾ ਧਰਮ ਛੱਡ ਕੇ ਬੁਰੇ ਦੂਤਾਂ ਦੀ ਪੂਜਾ ਕਰਨ ਲੱਗੇ, ਤਾਂ ਦੇਸ਼ ਹਿੰਸਾ ਅਤੇ ਦੁਸ਼ਟਤਾ ਨਾਲ ਭਰ ਗਿਆ।—ਬਿਵਸਥਾ ਸਾਰ 32:17; ਜ਼ਬੂਰ 106:35-38.
15 ਯਸਾਯਾਹ ਨੇ ਤਸਵੀਰੀ ਭਾਸ਼ਾ ਵਿਚ ਦੁਸ਼ਟਤਾ ਅਤੇ ਹਿੰਸਾ ਦੇ ਫੈਲ ਜਾਣ ਬਾਰੇ ਦੱਸਿਆ: “ਬੁਰਿਆਈ ਤਾਂ ਅੱਗ ਵਾਂਙੁ ਬਲਦੀ ਹੈ, ਉਹ ਕੰਡੇ ਤੇ ਕੰਡਿਆਲੇ ਭਸਮ ਕਰਦੀ ਹੈ, ਅਤੇ ਉਹ ਬਣ ਦੀਆਂ ਝੰਗੀਆਂ ਵਿੱਚ ਭੜਕ ਉੱਠਦੀ ਹੈ, ਓਹ ਧੂੰਏਂ ਦੇ ਗੂੜ੍ਹੇ ਬੱਦਲਾਂ ਵਿੱਚ ਉਤਾਹਾਂ ਚੜ੍ਹਦੀਆਂ ਹਨ। ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ ਧਰਤੀ ਸੜ ਜਾਂਦੀ ਹੈ, ਲੋਕ ਅੱਗ ਦੇ ਬਾਲਣ ਜੇਹੇ ਹੁੰਦੇ ਹਨ, ਕੋਈ ਆਪਣੇ ਭਰਾ ਦੀ ਰਈ ਨਹੀਂ ਕਰਦਾ। ਕੋਈ ਸੱਜੇ ਹੱਥ ਵੱਲੋਂ ਕੁਝ ਖਿੱਚਦਾ ਪਰ ਰਹਿੰਦਾ ਭੁੱਖਾ ਹੈ, ਕੋਈ ਖੱਬੇ ਹੱਥ ਵੱਲੋਂ ਖਾਂਦਾ ਪਰ ਓਹ ਰੱਜਦੇ ਨਹੀਂ, ਹਰ ਮਨੁੱਖ ਆਪਣੀ ਬਾਂਹ ਦਾ ਮਾਸ ਖਾਵੇਗਾ, ਮਨੱਸ਼ਹ ਇਫ਼ਰਾਈਮ ਨੂੰ ਅਰ ਇਫ਼ਰਾਈਮ ਮਨੱਸ਼ਹ ਨੂੰ, ਅਤੇ ਓਹ ਮਿਲ ਕੇ ਯਹੂਦਾਹ ਦੇ ਵਿਰੁੱਧ ਹੁੰਦੇ ਹਨ। ਏਹ ਦੇ ਹੁੰਦਿਆਂ ਤੇ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਇਆ ਹੈ।”—ਯਸਾਯਾਹ 9:18-21.
16. ਯਸਾਯਾਹ 9:18-21 ਦੇ ਸ਼ਬਦ ਕਿਵੇਂ ਪੂਰੇ ਹੋਏ?
16 ਇਕ ਝਾੜੀ ਤੋਂ ਦੂਜੀ ਝਾੜੀ ਤਕ ਫੈਲ ਜਾਣ ਵਾਲੀ ਲਾਟ ਦੀ ਤਰ੍ਹਾਂ, ਹਿੰਸਾ ਆਸਾਨੀ ਨਾਲ “ਬਣ ਦੀਆਂ ਝੰਗੀਆਂ” ਤਕ ਫੈਲ ਜਾਂਦੀ ਹੈ। ਹਿੰਸਾ ਬਣ ਦੀ ਭੱਖਦੀ ਅੱਗ ਵਰਗੀ ਚੀਜ਼ ਹੈ। ਬਾਈਬਲ ਉੱਤੇ ਟਿੱਪਣੀ ਕਰਨ ਵਾਲੇ ਹਿੰਸਾ ਦੀ ਹੱਦ ਬਾਰੇ ਕਹਿੰਦੇ ਹਨ ਕਿ “ਘਰੇਲੂ ਲੜਾਈ ਦੌਰਾਨ ਇਕ ਦੂਜੇ ਨੂੰ ਖ਼ਤਮ ਕਰਨ ਦਾ ਇਹ ਸਭ ਤੋਂ ਵਹਿਸ਼ੀ ਰੂਪ ਸੀ। ਉਨ੍ਹਾਂ ਨੇ ਕੋਈ ਕੋਮਲ ਭਾਵਨਾ ਨਹੀਂ ਦਿਖਾਈ ਸਗੋਂ ਇਕ ਦੂਜੇ ਨੂੰ ਖ਼ਤਮ ਕਰ ਦਿੱਤਾ, ਲੇਕਿਨ ਫਿਰ ਵੀ ਉਨ੍ਹਾਂ ਨੂੰ ਕੋਈ ਤਸੱਲੀ ਨਾ ਮਿਲੀ।” ਸ਼ਾਇਦ, ਇੱਥੇ ਇਫ਼ਰਾਈਮ ਅਤੇ ਮਨੱਸ਼ਹ ਦੇ ਨਾਂ ਇਸ ਕਰਕੇ ਲਏ ਗਏ ਹਨ ਕਿਉਂਕਿ ਉਹ ਉੱਤਰੀ ਰਾਜ ਦੇ ਮੁੱਖ ਗੋਤ ਸਨ। ਨਾਲੇ ਯੂਸੁਫ਼ ਦੇ ਦੋ ਪੁੱਤਰਾਂ ਦੀ ਸੰਤਾਨ ਹੋਣ ਕਰਕੇ ਦਸਾਂ ਗੋਤਾਂ ਵਿੱਚੋਂ ਇਨ੍ਹਾਂ ਦੋਹਾਂ ਦਾ ਆਪਸ ਵਿਚ ਸਭ ਤੋਂ ਨਜ਼ਦੀਕੀ ਰਿਸ਼ਤਾ ਸੀ। ਪਰ ਇਸ ਦੇ ਬਾਵਜੂਦ, ਉਨ੍ਹਾਂ ਨੇ ਭਰਾ-ਭਰਾ ਵਿਚਕਾਰ ਹਿੰਸਾ ਨੂੰ ਸਿਰਫ਼ ਉਦੋਂ ਰੋਕਿਆ ਜਦੋਂ ਉਨ੍ਹਾਂ ਨੇ ਦੱਖਣ ਵਿਚ ਯਹੂਦਾਹ ਨਾਲ ਲੜਾਈ ਕੀਤੀ।—2 ਇਤਹਾਸ 28:1-8.
ਭ੍ਰਿਸ਼ਟ ਨਿਆਈਆਂ ਨੇ ਆਪਣੇ ਨਿਆਈ ਨੂੰ ਲੇਖਾ ਦਿੱਤਾ
17, 18. ਇਸਰਾਏਲ ਦੇ ਨਿਆਈਆਂ ਅਤੇ ਅਧਿਕਾਰੀਆਂ ਵਿਚ ਕਿਹੜੀ ਭ੍ਰਿਸ਼ਟਤਾ ਸੀ?
17 ਯਹੋਵਾਹ ਨੇ ਅੱਗੇ ਇਸਰਾਏਲ ਦੇ ਭ੍ਰਿਸ਼ਟ ਨਿਆਈਆਂ ਅਤੇ ਹੋਰਨਾਂ ਅਧਿਕਾਰੀਆਂ ਵੱਲ ਧਿਆਨ ਦਿੱਤਾ। ਇਹ ਇਨਸਾਫ਼ ਭਾਲਣ ਵਾਲੇ ਮਸਕੀਨ ਅਤੇ ਦੁਖੀ ਲੋਕਾਂ ਨੂੰ ਲੁੱਟ ਕੇ ਆਪਣੇ ਇਖ਼ਤਿਆਰ ਦੀ ਗ਼ਲਤ ਵਰਤੋਂ ਕਰਦੇ ਸਨ। ਯਸਾਯਾਹ ਨੇ ਕਿਹਾ: “ਹਾਇ ਓਹਨਾਂ ਉੱਤੇ ਜਿਹੜੇ ਬੁਰੀਆਂ ਬਿਧੀਆਂ ਬਣਾਉਂਦੇ ਹਨ, ਅਤੇ ਓਹਨਾਂ ਲਿਖਾਰੀਆਂ ਉੱਤੇ ਜਿਹੜੇ ਜ਼ੁਲਮ ਨੂੰ ਲਿਖੀ ਜਾਂਦੇ ਹਨ! ਭਈ ਓਹ ਗਰੀਬਾਂ ਨੂੰ ਇਨਸਾਫ਼ ਤੋਂ ਮੋੜ ਦੇਣ, ਅਤੇ ਮੇਰੀ ਪਰਜਾ ਦੇ ਮਸਕੀਨਾਂ ਦਾ ਹੱਕ ਖੋਹ ਲੈਣ, ਭਈ ਵਿਧਵਾਂ ਓਹਨਾਂ ਦੀ ਲੁੱਟ ਹੋਣ, ਅਤੇ ਓਹ ਯਤੀਮਾਂ ਨੂੰ ਸ਼ਿਕਾਰ ਬਣਾਉਣ!”—ਯਸਾਯਾਹ 10:1, 2.
18 ਯਹੋਵਾਹ ਦੀ ਬਿਵਸਥਾ ਨੇ ਹਰ ਕਿਸਮ ਦੀ ਬੇਇਨਸਾਫ਼ੀ ਨੂੰ ਮਨ੍ਹਾ ਕੀਤਾ ਸੀ: “ਤੁਸਾਂ ਨਿਆਉਂ ਵਿੱਚ ਕੋਈ ਅਨਿਆਉਂ ਨਾ ਕਰਨਾ, ਤੂੰ ਕੰਗਾਲ ਦੀ ਰਈ ਨਾ ਕਰੀਂ, ਨਾ ਸਮਰੱਥੀ ਦਾ ਲਿਹਾਜ ਕਰੀਂ।” (ਲੇਵੀਆਂ 19:15) ਇਸ ਕਾਨੂੰਨ ਨੂੰ ਤੋੜ ਕੇ ਇਨ੍ਹਾਂ ਅਧਿਕਾਰੀਆਂ ਨੇ ਆਪਣੀਆਂ “ਬੁਰੀਆਂ ਬਿਧੀਆਂ” ਬਣਾਈਆਂ। ਉਨ੍ਹਾਂ ਨੇ ਸਭ ਤੋਂ ਭੈੜੇ ਕਿਸਮ ਦਾ ਅਪਰਾਧ ਕੀਤਾ, ਯਾਨੀ ਗ਼ਰੀਬ ਵਿਧਵਾਵਾਂ ਅਤੇ ਯਤੀਮਾਂ ਦੀਆਂ ਚੀਜ਼ਾਂ ਲੁੱਟੀਆਂ। ਇਸਰਾਏਲ ਦੇ ਝੂਠੇ ਦੇਵਤੇ ਤਾਂ ਇਸ ਬੇਇਨਸਾਫ਼ੀ ਨੂੰ ਨਹੀਂ ਦੇਖ ਸਕਦੇ ਸਨ, ਪਰ ਯਹੋਵਾਹ ਦੇਖਦਾ ਸੀ। ਯਸਾਯਾਹ ਰਾਹੀਂ, ਯਹੋਵਾਹ ਨੇ ਇਨ੍ਹਾਂ ਬੁਰੇ ਨਿਆਈਆਂ ਵੱਲ ਧਿਆਨ ਖਿੱਚਿਆ।
19, 20. ਭ੍ਰਿਸ਼ਟ ਇਸਰਾਏਲੀ ਨਿਆਈਆਂ ਦੀ ਹਾਲਤ ਕਿਵੇਂ ਬਦਲੀ ਅਤੇ ਉਨ੍ਹਾਂ ਦੇ “ਮਾਲ ਧਨ” ਨੂੰ ਕੀ ਹੋਇਆ?
19 “ਤੁਸੀਂ ਸਜ਼ਾ ਦੇ ਦਿਨ ਕੀ ਕਰੋਗੇ, ਉਸ ਬਰਬਾਦੀ ਵਿੱਚ ਜਿਹੜੀ ਦੂਰੋਂ ਆਵੇਗੀ? ਤੁਸੀਂ ਸਹਾਇਤਾ ਲਈ ਕਿਹ ਦੇ ਕੋਲ ਨੱਠੋਗੇ, ਅਤੇ ਆਪਣਾ ਮਾਲ ਧਨ ਕਿੱਥੇ ਛੱਡੋਗੇ? ਏਹੋ ਈ ਹੈ ਭਈ ਓਹ ਕੈਦੀਆਂ ਦੇ ਹੇਠ ਨਿਉ ਜਾਣ, ਅਤੇ ਵੱਢਿਆਂ ਹੋਇਆਂ ਦੇ ਹੇਠ ਡਿੱਗ ਪੈਣ।” (ਯਸਾਯਾਹ 10:3, 4ੳ) ਕੋਈ ਅਜਿਹੇ ਇਮਾਨਦਾਰ ਨਿਆਈ ਨਹੀਂ ਸਨ ਜਿਨ੍ਹਾਂ ਕੋਲ ਵਿਧਵਾਵਾਂ ਅਤੇ ਯਤੀਮ ਬੈਨਤੀ ਕਰਨ ਲਈ ਜਾ ਸਕਦੇ ਸਨ। ਤਾਂ ਫਿਰ, ਇਹ ਕਿੰਨਾ ਢੁਕਵਾਂ ਸੀ ਕਿ ਯਹੋਵਾਹ ਨੇ ਲੇਖਾ ਲੈਂਦੇ ਹੋਏ ਉਨ੍ਹਾਂ ਭ੍ਰਿਸ਼ਟ ਇਸਰਾਏਲੀ ਨਿਆਈਆਂ ਨੂੰ ਪੁੱਛਿਆ ਕਿ ਉਹ ਆਪ ਕਿਹ ਦੇ ਵੱਲ ਮੁੜ ਸਕਦੇ ਸਨ। ਹਾਂ, ਯਹੋਵਾਹ ਉਨ੍ਹਾਂ ਨੂੰ ਸਬਕ ਸਿਖਾਉਣ ਵਾਲਾ ਸੀ ਕਿ “ਜੀਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਣਕ ਗੱਲ ਹੈ!”—ਇਬਰਾਨੀਆਂ 10:31.
20 ਇਨ੍ਹਾਂ ਨਿਆਈਆਂ ਦਾ “ਮਾਲ ਧਨ,” ਯਾਨੀ ਦੁਨੀਆਂ ਵਿਚ ਇੱਜ਼ਤ, ਮਾਣ, ਅਤੇ ਜੋ ਅਧਿਕਾਰ ਉਨ੍ਹਾਂ ਨੂੰ ਧਨ-ਦੌਲਤ ਅਤੇ ਪਦਵੀ ਦੇ ਕਾਰਨ ਮਿਲਿਆ ਸੀ, ਬਹੁਤਾ ਚਿਰ ਨਹੀਂ ਰਿਹਾ। ਉਨ੍ਹਾਂ ਵਿੱਚੋਂ ਕੁਝ ਕੈਦ ਕੀਤੇ ਗਏ ਅਤੇ ਉਹ ਹੋਰਨਾਂ ਕੈਦੀਆਂ ਨਾਲ ‘ਨੀਵੇਂ ਕੀਤੇ ਗਏ’ ਜਾਂ ਝੁਕਾਏ ਗਏ। ਬਾਕੀ ਦੇ ਮਾਰੇ ਗਏ ਅਤੇ ਉਨ੍ਹਾਂ ਨੂੰ ਦਫ਼ਨਾਉਣ ਦੀ ਬਜਾਇਆ ਉਨ੍ਹਾਂ ਉੱਤੇ ਹੋਰ ਲਾਸ਼ਾਂ ਸੁੱਟੀਆਂ ਗਈਆਂ। ਦੁਸ਼ਮਣ ਇਨ੍ਹਾਂ ਦਾ ਨਾਜਾਇਜ਼ ਤਰੀਕੇ ਨਾਲ ਪ੍ਰਾਪਤ ਕੀਤਾ ਗਿਆ “ਮਾਲ ਧਨ,” ਲੁੱਟ ਕੇ ਲੈ ਗਏ।
21. ਇਸਰਾਏਲ ਦੀਆਂ ਸਾਰੀਆਂ ਸਜ਼ਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਕੀ ਉਨ੍ਹਾਂ ਉੱਤੋਂ ਯਹੋਵਾਹ ਦਾ ਕ੍ਰੋਧ ਖ਼ਤਮ ਹੋਇਆ?
21 ਯਸਾਯਾਹ ਨੇ ਇਸ ਆਖ਼ਰੀ ਬੋਲੀ ਨੂੰ ਸਖ਼ਤ ਚੇਤਾਵਨੀ ਨਾਲ ਸਮਾਪਤ ਕੀਤਾ: “ਏਹ [ਸਾਰੀ ਤਕਲੀਫ਼ ਜੋ ਕੌਮ ਨੇ ਹੁਣ ਤਕ ਝੱਲੀ ਸੀ] ਦੇ ਹੁੰਦਿਆਂ ਤੇ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਇਆ ਹੈ।” (ਯਸਾਯਾਹ 10:4ਅ) ਹਾਂ, ਯਹੋਵਾਹ ਇਸਰਾਏਲ ਨੂੰ ਅਜੇ ਬਹੁਤ ਕੁਝ ਕਹਿਣਾ ਚਾਹੁੰਦਾ ਸੀ। ਯਹੋਵਾਹ ਦਾ ਚੁੱਕਿਆ ਹੋਇਆ ਹੱਥ ਉਦੋਂ ਤਕ ਥੱਲੇ ਨਹੀਂ ਕੀਤਾ ਗਿਆ ਜਦ ਤਕ ਉਸ ਨੇ ਬਾਗ਼ੀ ਉੱਤਰੀ ਰਾਜ ਦਾ ਆਖ਼ਰੀ ਨਾਸ਼ ਨਾ ਕੀਤਾ।
ਝੂਠ ਅਤੇ ਖ਼ੁਦਗਰਜ਼ੀ ਦਾ ਸ਼ਿਕਾਰ ਕਦੀ ਵੀ ਨਾ ਬਣਿਓ
22. ਇਸਰਾਏਲ ਨਾਲ ਜੋ ਹੋਇਆ ਸੀ ਅਸੀਂ ਉਸ ਤੋਂ ਕੀ ਸਬਕ ਸਿੱਖ ਸਕਦੇ ਹਾਂ?
22 ਯਸਾਯਾਹ ਰਾਹੀਂ ਯਹੋਵਾਹ ਦਾ ਬਚਨ ਇਸਰਾਏਲ ਲਈ ਕਰੜਾ ਸੀ ਅਤੇ ‘ਉਹ ਯਹੋਵਾਹ ਵੱਲ ਅਵਿਰਥਾ ਨਹੀਂ ਮੁੜਿਆ।’ (ਯਸਾਯਾਹ 55:10, 11) ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉੱਤਰੀ ਰਾਜ ਇਸਰਾਏਲ ਦਾ ਦੁਖਦਾਇਕ ਅੰਤ ਹੋਇਆ ਸੀ, ਅਤੇ ਅਸੀਂ ਇਸ ਗੱਲ ਦੀ ਸਿਰਫ਼ ਕਲਪਨਾ ਹੀ ਕਰ ਸਕਦੇ ਹਾਂ ਕਿ ਉਸ ਦੇਸ਼ ਦੇ ਲੋਕਾਂ ਨੇ ਕੀ-ਕੀ ਝੱਲਿਆ ਹੋਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੀ ਦੁਨੀਆਂ ਅਤੇ ਖ਼ਾਸ ਕਰਕੇ ਧਰਮ-ਤਿਆਗੀ ਈਸਾਈ-ਜਗਤ ਉੱਤੇ ਪਰਮੇਸ਼ੁਰ ਦਾ ਬਚਨ ਪੂਰਾ ਹੋਵੇਗਾ। ਤਾਂ ਫਿਰ, ਇਹ ਕਿੰਨਾ ਜ਼ਰੂਰੀ ਹੈ ਕਿ ਮਸੀਹੀ ਪਰਮੇਸ਼ੁਰ ਦੇ ਖ਼ਿਲਾਫ਼ ਝੂਠੀਆਂ ਗੱਲਾਂ ਨਾ ਸੁਣਨ! ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ, ਸ਼ਤਾਨ ਦੀਆਂ ਚਲਾਕ ਜੁਗਤਾਂ ਸਾਫ਼-ਸਾਫ਼ ਦੇਖੀਆਂ ਜਾ ਸਕਦੀਆਂ ਹਨ। ਇਸ ਲਈ ਸਾਨੂੰ ਇਨ੍ਹਾਂ ਵਿਚ ਫਸਣਾ ਨਹੀਂ ਚਾਹੀਦਾ ਜਿਵੇਂ ਪ੍ਰਾਚੀਨ ਇਸਰਾਏਲ ਦੇ ਲੋਕ ਫਸ ਗਏ ਸਨ। (2 ਕੁਰਿੰਥੀਆਂ 2:11) ਉਮੀਦ ਹੈ ਕਿ ਅਸੀਂ ਹਮੇਸ਼ਾ ਲਈ ਯਹੋਵਾਹ ਦੀ ਉਪਾਸਨਾ “ਆਤਮਾ ਅਤੇ ਸਚਿਆਈ ਨਾਲ” ਕਰਾਂਗੇ। (ਯੂਹੰਨਾ 4:24) ਜੇ ਅਸੀਂ ਇਹ ਕਰਾਂਗੇ, ਤਾਂ ਉਸ ਦਾ ਚੁੱਕਿਆ ਹੋਇਆ ਹੱਥ ਉਸ ਦੇ ਉਪਾਸਕਾਂ ਉੱਤੇ ਵਾਰ ਨਹੀਂ ਕਰੇਗਾ ਜਿਵੇਂ ਉਸ ਨੇ ਬਾਗ਼ੀ ਇਫ਼ਰਾਈਮ ਉੱਤੇ ਵਾਰ ਕੀਤਾ ਸੀ; ਉਹ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿਚ ਲਵੇਗਾ ਅਤੇ ਫਿਰਦੌਸ ਵਰਗੀ ਇਕ ਸੁੰਦਰ ਧਰਤੀ ਉੱਤੇ ਸਦਾ ਦੇ ਜੀਵਨ ਦੇ ਰਾਹ ਉੱਤੇ ਚੱਲਣ ਵਿਚ ਉਨ੍ਹਾਂ ਦੀ ਮਦਦ ਕਰੇਗਾ।—ਯਾਕੂਬ 4:8.
[ਫੁਟਨੋਟ]
a ਯਸਾਯਾਹ 9:8–10:4 ਵਿਚ ਚਾਰ ਬੋਲੀਆਂ (ਯੂਨਾਨੀ ਸਹਿਗਾਨ) ਹਨ ਜੋ ਇਸ ਅਸ਼ੁਭ ਵਾਕ ਨਾਲ ਖ਼ਤਮ ਹੁੰਦੀਆਂ ਹਨ: “ਏਹ ਦੇ ਹੁੰਦਿਆਂ ਤੇ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਇਆ ਹੈ।” (ਯਸਾਯਾਹ 9:12, 17, 21; 10:4) ਇਸ ਵਾਕ ਕਰਕੇ ਇਸ ਤਰ੍ਹਾਂ ਲੱਗਦਾ ਹੈ ਕਿ ਯਸਾਯਾਹ 9:8–10:4 ਇਕ ਸੰਯੁਕਤ “ਬਚਨ” ਹੈ। (ਯਸਾਯਾਹ 9:8) ਇਸ ਗੱਲ ਉੱਤੇ ਵੀ ਗੌਰ ਕਰੋ ਕਿ ਯਹੋਵਾਹ “ਦਾ ਹੱਥ” ਸੁਲ੍ਹਾ ਕਰਨ ਲਈ ਨਹੀਂ, ਸਗੋਂ ਨਿਆਉਂ ਕਰਨ ਲਈ “ਅਜੇ ਚੁੱਕਿਆ ਹੋਇਆ ਹੈ।”—ਯਸਾਯਾਹ 9:13.
b ਯਹੋਵਾਹ ਨੇ ਉੱਤਰੀ ਰਾਜ ਇਸਰਾਏਲ ਨੂੰ ਕਈ ਨਬੀ ਘੱਲੇ, ਜਿਨ੍ਹਾਂ ਵਿਚ ਯੇਹੂ (ਰਾਜਾ ਯੇਹੂ ਨਹੀਂ), ਏਲੀਯਾਹ, ਮੀਕਾਯਾਹ, ਅਲੀਸ਼ਾ, ਯੂਨਾਹ, ਓਦੇਦ, ਹੋਸ਼ੇਆ, ਆਮੋਸ, ਅਤੇ ਮੀਕਾਹ ਸ਼ਾਮਲ ਸਨ।
[ਸਫ਼ਾ 139 ਉੱਤੇ ਤਸਵੀਰ]
ਇਸਰਾਏਲ ਵਿਚ ਦੁਸ਼ਟਤਾ ਅਤੇ ਹਿੰਸਾ ਬਣ ਦੀ ਅੱਗ ਵਾਂਗ ਫੈਲੇ
[ਸਫ਼ਾ 141 ਉੱਤੇ ਤਸਵੀਰ]
ਯਹੋਵਾਹ ਉਨ੍ਹਾਂ ਸਾਰਿਆਂ ਤੋਂ ਲੇਖਾ ਲਵੇਗਾ ਜੋ ਦੂਸਰਿਆਂ ਦਾ ਸ਼ਿਕਾਰ ਕਰਦੇ ਸਨ