ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ
ਜਦੋਂ ਯਿਸੂ ਧਰਤੀ ਤੇ ਸੀ, ਉਸਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਾਰਥਨਾ ਕਰਨ ਲਈ ਆਖਿਆ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਉਹ “ਰਾਜ ਦੀ ਖ਼ੁਸ਼ਖ਼ਬਰੀ” ਬਾਰੇ ਲਗਾਤਾਰ ਦੱਸਦਾ ਵੀ ਰਿਹਾ। (ਮੱਤੀ 4:23) ਅਸਲ ਵਿਚ, ਉਸਨੇ ਹੋਰ ਸਭ ਗੱਲਾਂ ਨਾਲੋਂ ਜ਼ਿਆਦਾ ਰਾਜ ਬਾਰੇ ਦੱਸਿਆ। ਕਿਉਂ? ਕਿਉਂਕਿ ਰਾਜ ਹੀ ਅਜੇਹਾ ਜ਼ਰੀਆ ਹੈ ਜਿਸ ਰਾਹੀਂ ਪਰਮੇਸ਼ੁਰ ਉਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰੇਗਾ ਜਿਹੜੀਆਂ ਅੱਜ ਜ਼ਿੰਦਗੀ ਨੂੰ ਇੰਨਾ ਮੁਸ਼ਕਲ ਬਣਾਉਂਦੀਆਂ ਹਨ। ਰਾਜ ਦੇ ਜ਼ਰੀਏ ਜਲਦੀ ਹੀ ਪਰਮੇਸ਼ੁਰ, ਲੜਾਈਆਂ, ਭੁੱਖ, ਬੀਮਾਰੀ, ਅਤੇ ਜੁਰਮ ਦਾ ਅੰਤ ਕਰਕੇ ਏਕਤਾ ਅਤੇ ਅਮਨ ਲਿਆਵੇਗਾ।
ਕੀ ਤੁਸੀਂ ਅਜੇਹੇ ਸੰਸਾਰ ਵਿਚ ਰਹਿਣਾ ਪਸੰਦ ਕਰੋਗੇ? ਜੇ ਹਾਂ, ਤਾਂ ਤੁਹਾਨੂੰ ਇਸ ਪੁਸਤਿਕਾ ਨੂੰ ਪੜ੍ਹਨਾ ਚਾਹੀਦਾ ਹੈ। ਇਸ ਵਿਚੋਂ, ਤੁਸੀਂ ਸਿੱਖੋਗੇ ਕਿ ਰਾਜ ਇਕ ਸਰਕਾਰ ਹੈ, ਪਰ ਇਹ ਸਰਕਾਰ ਉਨ੍ਹਾਂ ਸਾਰੀਆਂ ਸਰਕਾਰਾਂ ਨਾਲੋਂ ਬੇਹਤਰ ਹੈ ਜਿਨ੍ਹਾਂ ਨੇ ਅੱਜ ਤਕ ਮਨੁੱਖਜਾਤੀ ਉੱਤੇ ਰਾਜ ਕੀਤਾ ਹੈ। ਤੁਸੀਂ ਇਹ ਵੀ ਦੇਖੋਗੇ ਕਿ ਕਿਵੇਂ ਇਕ ਰੋਮਾਂਚਕ ਢੰਗ ਨਾਲ ਪਰਮੇਸ਼ੁਰ ਨੇ ਸਿਲਸਿਲੇਵਾਰ ਆਪਣੇ ਸੇਵਕਾਂ ਨੂੰ ਰਾਜ ਬਾਰੇ ਆਪਣੇ ਮਕਸਦ ਦੀ ਵਿਆਖਿਆ ਕੀਤੀ। ਤੁਸੀਂ ਇਹ ਵੀ ਦੇਖੋਗੇ ਕਿ ਕਿਵੇਂ ਇਹ ਰਾਜ ਅਜ ਵੀ ਤੁਹਾਡੀ ਮਦਦ ਕਰ ਸਕਦਾ ਹੈ।
ਦਰਅਸਲ, ਤੁਸੀਂ ਹੁਣੇ ਹੀ ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣ ਸਕਦੇ ਹੋ। ਪਰ ਇਸ ਤੋਂ ਪਹਿਲਾਂ ਕਿ ਤੁਸੀਂ ਇਹ ਚੋਣ ਕਰੋਂ, ਤੁਹਾਨੂੰ ਇਸ ਬਾਰੇ ਹੋਰ ਵੀ ਜਾਣਕਾਰੀ ਹਾਸਲ ਕਰਨ ਦੀ ਜ਼ਰੂਰਤ ਹੈ। ਇਸ ਲਈ ਅਸੀਂ ਤੁਹਾਨੂੰ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਇਸ ਪੁਸਤਿਕਾ ਦੀ ਜਾਂਚ ਕਰੋ। ਹਰ ਚੀਜ਼ ਜਿਹੜੀ ਇਹ ਤੁਹਾਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸੇਗੀ, ਬਾਈਬਲ ਵਿਚੋਂ ਲਈ ਗਈ ਹੈ।
ਸਭ ਤੋਂ ਪਹਿਲਾਂ, ਆਓ ਅਸੀਂ ਦੇਖੀਏ ਕਿ ਸਾਨੂੰ ਪਰਮੇਸ਼ੁਰ ਦੇ ਰਾਜ ਦੀ ਇੰਨੀ ਸਖ਼ਤ ਜ਼ਰੂਰਤ ਕਿਉਂ ਹੈ।
ਇਨਸਾਨੀ ਇਤਿਹਾਸ ਦੇ ਸ਼ੁਰੂ ਵਿਚ, ਪਰਮੇਸ਼ੁਰ ਨੇ ਆਦਮੀ ਨੂੰ ਸੰਪੂਰਣ ਬਣਾਇਆ ਅਤੇ ਉਸ ਨੂੰ ਇਕ ਪਰਾਦੀਸ ਵਿਚ ਰੱਖਿਆ। ਉਸ ਸਮੇਂ ਰਾਜ ਦੀ ਕੋਈ ਜ਼ਰੂਰਤ ਨਹੀਂ ਸੀ।
ਪਰ ਫਿਰ, ਆਦਮ ਅਤੇ ਹੱਵਾਹ, ਸਾਡੇ ਪਹਿਲੇ ਮਾਂ-ਬਾਪ ਨੇ, ਇਕ ਵਿਦ੍ਰੋਹੀ ਦੂਤ, ਸ਼ਤਾਨ ਦਾ ਕਹਿਣਾ ਮੰਨਿਆ। ਉਸਨੇ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਝੂਠੀਆਂ ਗੱਲਾਂ ਕਹੀਆਂ ਅਤੇ ਉਨ੍ਹਾਂ ਤੋਂ ਪਰਮੇਸ਼ੁਰ ਦੇ ਖ਼ਿਲਾਫ ਵਿਰੋਧ ਵੀ ਕਰਵਾਇਆ। ਇਸ ਤਰ੍ਹਾਂ ਉਹ ਮਰਨ ਦੇ ਲਾਇਕ ਠਹਿਰੇ, ਕਿਉਂਕਿ “ਪਾਪ ਦੀ ਮਜੂਰੀ ਤਾਂ ਮੌਤ ਹੈ।”—ਰੋਮੀਆਂ 6:23.
ਇਕ ਅਪੂਰਣ, ਪਾਪੀ ਆਦਮੀ ਦੀ ਸੰਪੂਰਣ ਔਲਾਦ ਨਹੀਂ ਹੋ ਸਕਦੀ। ਇਸ ਲਈ ਆਦਮ ਦੀ ਸਾਰੀ ਔਲਾਦ, ਅਪੂਰਣ, ਪਾਪੀ, ਅਤੇ ਮਰਨ ਯੋਗ ਪੈਦਾ ਹੋਈ।—ਰੋਮੀਆਂ 5:12.
ਉਦੋਂ ਤੋਂ ਲੈ ਕੇ, ਇਨਸਾਨਾ ਨੂੰ ਪਾਪ ਅਤੇ ਮੌਤ ਦੇ ਸਰਾਪ ਤੋਂ ਮੁੜਕੇ ਠੀਕ ਹੋਣ ਦੀ ਸਹਾਇਤਾ ਲਈ ਪਰਮੇਸ਼ੁਰ ਦੇ ਰਾਜ ਦੀ ਜ਼ਰੂਰਤ ਪਈ। ਰਾਜ ਉਨ੍ਹਾਂ ਝੂਠੀਆਂ ਗੱਲਾਂ ਤੋਂ ਵੀ ਪਰਮੇਸ਼ੁਰ ਦਾ ਨਾਂ ਸਾਫ਼ ਕਰੇਗਾ ਜਿਹੜੀਆਂ ਸ਼ਤਾਨ ਨੇ ਉਸਦੇ ਵਿਰੁਧ ਕਹੀਆਂ।
ਯਹੋਵਾਹ ਪਰਮੇਸ਼ੁਰ ਨੇ ਵਾਇਦਾ ਕੀਤਾ ਕਿ ਮਨੁੱਖਜਾਤੀ ਨੂੰ ਪਾਪ ਤੋਂ ਛੁਟਕਾਰਾ ਦੇਣ ਲਈ ਇਕ ਖਾਸ “ਸੰਤਾਨ” (ਜਾਂ ਅੰਸ) ਪੈਦਾ ਹੋਵੇਗਾ। (ਉਤਪਤ 3:15) ਇਹ “ਸੰਤਾਨ” ਪਰਮੇਸ਼ੁਰ ਦੇ ਰਾਜ ਦਾ ਰਾਜਾ ਹੋਵੇਗਾ।
ਉਹ ਕੌਣ ਹੋਵੇਗਾ?
ਆਦਮ ਦੇ ਪਾਪ ਕਰਨ ਤੋਂ ਲਗਭਗ 2,000 ਸਾਲ ਬਾਅਦ, ਅਬਰਾਹਾਮ ਨਾਂ ਦਾ ਇਕ ਬਹੁਤ ਵਫ਼ਾਦਾਰ ਮਨੁੱਖ ਰਹਿੰਦਾ ਸੀ। ਯਹੋਵਾਹ ਨੇ ਅਬਰਾਹਾਮ ਨੂੰ ਆਪਣਾ ਸ਼ਹਿਰ ਛੱਡਣ ਅਤੇ ਫਲਿਸਤੀਆਂ ਦੇ ਦੇਸ਼ ਜਾ ਕੇ ਤੰਬੂਆਂ ਵਿਚ ਰਹਿਣ ਲਈ ਆਖਿਆ।
ਅਬਰਾਹਾਮ ਨੇ ਉਹ ਸਭ ਕੁਝ ਕੀਤਾ ਜੋ ਯਹੋਵਾਹ ਨੇ ਉਸ ਨੂੰ ਕਰਨ ਲਈ ਕਿਹਾ, ਜਿਸ ਵਿਚ ਇਕ ਬਹੁਤ ਮੁਸ਼ਕਲ ਗੱਲ ਵੀ ਸੀ। ਯਹੋਵਾਹ ਨੇ ਉਸਨੂੰ ਆਪਣਾ ਪੁੱਤ੍ਰ ਇਸਹਾਕ, ਇਕ ਵੇਦੀ ਉੱਤੇ ਬਲੀਦਾਨ ਕਰਨ ਲਈ ਕਿਹਾ।
ਅਸਲ ਵਿਚ ਯਹੋਵਾਹ ਇਕ ਇਨਸਾਨੀ ਬਲੀਦਾਨ ਨਹੀਂ ਸੀ ਚਾਹੁੰਦਾ। ਪਰ ਉਹ ਜਾਨਣਾ ਚਾਹੁੰਦਾ ਸੀ ਕਿ ਅਬਰਾਹਾਮ ਉਸਦੇ ਨਾਲ ਕਿੰਨਾ-ਕੁ ਪਿਆਰ ਕਰਦਾ ਸੀ। ਅਬਰਾਹਾਮ ਇਸਹਾਕ ਨੂੰ ਮਾਰਨ ਹੀ ਵਾਲਾ ਸੀ ਜਦੋਂ ਯਹੋਵਾਹ ਨੇ ਉਸਨੂੰ ਰੋਕਿਆ।
ਅਬਰਾਹਾਮ ਦੇ ਵੱਡੇ ਵਿਸ਼ਵਾਸ ਕਰਕੇ, ਯਹੋਵਾਹ ਨੇ ਉਸਦੀ ਅੰਸ ਨੂੰ ਫਲਿਸਤੀਆਂ ਦਾ ਦੇਸ਼ ਦੇਣ ਦਾ ਵਾਇਦਾ ਕੀਤਾ ਅਤੇ ਕਿਹਾ ਕਿ ਵਾਇਦਾ ਕੀਤੀ ਹੋਈ ਸੰਤਾਨ ਉਸਦੀ, ਅਤੇ ਉਸਦੇ ਪੁੱਤ੍ਰ ਇਸਹਾਕ ਦੀ ਵੰਸ਼ਾਵਲੀ ਵਿਚੋਂ ਹੋਵੇਗੀ।—ਉਤਪਤ 22:17, 18; 26:4, 5.
ਇਸਹਾਕ ਦੇ ਜੌੜੇ ਪੁੱਤ੍ਰ ਸਨ, ਏਸਾਓ ਅਤੇ ਯਾਕੂਬ। ਯਹੋਵਾਹ ਨੇ ਆਖਿਆ ਕਿ ਵਾਇਦਾ ਕੀਤੀ ਹੋਈ ਸੰਤਾਨ ਯਾਕੂਬ ਰਾਹੀਂ ਆਵੇਗੀ।—ਉਤਪਤ 28:13-15.
ਯਕੂਬ ਦੇ, ਜਿਸਨੂੰ ਯਹੋਵਾਹ ਨੇ ਇਸਰਾਏਲ ਨਾਂ ਵੀ ਦਿੱਤਾ, 12 ਪੁੱਤ੍ਰ ਸਨ, ਬਾਅਦ ਵਿਚ ਜਿਨ੍ਹਾਂ ਸਾਰਿਆਂ ਦੇ ਸੰਤਾਨ ਹੋਈ। ਇਸ ਤਰ੍ਹਾਂ ਅਬਰਾਹਾਮ ਦੀ ਸੰਤਾਨ ਵਿਚ ਵਾਧਾ ਹੋਣ ਲੱਗਾ।—ਉਤਪਤ 46:8-27.
ਜਦੋਂ ਉਸ ਇਲਾਕੇ ਵਿਚ ਇਕ ਵੱਡਾ ਕਾਲ ਪਿਆ ਸੀ, ਯਾਕੂਬ ਅਤੇ ਉਸਦਾ ਘਰਾਣਾ ਮਿਸਰ ਦੇ ਸ਼ਾਸਕ, ਫ਼ਿਰਊਨ ਦੇ ਨਿਮੰਤ੍ਰਣ ਤੇ, ਮਿਸਰ ਨੂੰ ਚਲੇ ਗਏ।—ਉਤਪਤ 45:16-20.
ਮਿਸਰ ਵਿਚ ਇਹ ਪ੍ਰਗਟ ਕੀਤਾ ਗਿਆ ਸੀ ਕਿ ਵਾਇਦਾ ਕੀਤੀ ਹੋਈ ਸੰਤਾਨ ਯਾਕੂਬ ਦੇ ਪੁੱਤ੍ਰ ਯਹੂਦਾਹ ਦਾ ਇਕ ਵੰਸ਼ ਹੋਵੇਗਾ।—ਉਤਪਤ 49:10.
ਆਖ਼ਰਕਾਰ ਯਾਕੂਬ ਦੀ ਮੌਤ ਹੋਈ, ਅਤੇ ਉਸਦੀ ਅੰਸ ਗਿਣਤੀ ਵਿਚ ਵਧੀ ਜਦ ਤਕ ਕਿ ਉਹ ਇਕ ਕੌਮ ਸਮਾਨ ਬਣ ਗਈ। ਤਾਂ ਮਿਸਰੀ ਉਨ੍ਹਾਂ ਤੋਂ ਡਰ ਗਏ ਅਤੇ ਉਨ੍ਹਾਂ ਨੂੰ ਗ਼ੁਲਾਮ ਬਣਾ ਲਿਆ।—ਕੂਚ 1:7-14.
ਆਖ਼ਰਕਾਰ ਯਹੋਵਾਹ ਨੇ ਇਕ ਬਹੁਤ ਵਫ਼ਾਦਾਰ ਮਨੁੱਖ, ਮੂਸਾ ਨੂੰ, ਇਹ ਮੰਗ ਕਰਨ ਲਈ ਘੱਲਿਆ ਕਿ ਉਸ ਸਮੇਂ ਦਾ ਫ਼ਿਰਊਨ ਇਸਰਾਏਲ ਦੀ ਔਲਾਦ ਨੂੰ ਆਜ਼ਾਦ ਕਰੇ ਤੇ ਜਾਣ ਦੇਵੇ।—ਕੂਚ 6:10, 11.
ਫ਼ਿਰਊਨ ਨੇ ਇਨਕਾਰ ਕੀਤਾ, ਇਸ ਲਈ ਯਹੋਵਾਹ ਨੇ ਮਿਸਰੀਆਂ ਉੱਤੇ ਦਸ ਬਵਾਂ ਲਿਆਂਦੀਆਂ। ਆਖ਼ਰੀ ਬਵਾ, ਉਸਨੇ ਮਿਸਰ ਦੇ ਸਾਰੇ ਪਲੋਠੇ ਪੁੱਤ੍ਰਾਂ ਨੂੰ ਮਾਰਨ ਲਈ ਮੌਤ ਦੇ ਫਰਿਸ਼ਤੇ ਨੂੰ ਭੇਜਿਆ।—ਕੂਚ, ਅਧਿਆਇ 7 ਤੋਂ 12.
ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਦੱਸਿਆ ਕਿ ਜੇ ਉਹ ਆਪਣੇ ਸ਼ਾਮ ਦੇ ਭੋਜਨ ਲਈ ਇਕ ਲੇਲਾ ਮਾਰ ਕੇ ਉਹਦਾ ਕੁਝ ਲਹੂ ਆਪਣਿਆਂ ਦਰਵਾਜ਼ਿਆਂ ਦੀਆਂ ਚੁਗਾਠਾਂ ਉੱਤੇ ਲਾਉਣਗੇ, ਮੌਤ ਦਾ ਫਰਿਸ਼ਤਾ ਉਨ੍ਹਾਂ ਦੇ ਘਰਾਂ ਉੱਤੋਂ ਲੰਘ ਜਾਵੇਗਾ। ਇਸ ਤਰ੍ਹਾਂ ਇਸਰਾਏਲੀ ਪਲੋਠੇ ਬਚਾਏ ਗਏ ਸਨ।—ਕੂਚ 12:1-35.
ਨਤੀਜੇ ਵਜੋਂ, ਫ਼ਿਰਊਨ ਨੇ ਇਸਰਾਏਲੀਆਂ ਨੂੰ ਮਿਸਰ ਵਿਚੋਂ ਬਾਹਰ ਨਿੱਕਲਣ ਦਾ ਹੁਕਮ ਦਿੱਤਾ। ਪਰ ਫਿਰ ਉਸ ਨੇ ਆਪਣੀ ਸਲਾਹ ਬਦਲ ਲਈ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਦਾ ਪਿੱਛਾ ਕੀਤਾ।
ਲਾਲ ਸਮੁੰਦਰ ਵਿਚੋਂ ਦੀ ਬੱਚਕੇ ਨਿੱਕਲਣ ਵਾਸਤੇ ਯਹੋਵਾਹ ਨੇ ਇਸਰਾਏਲੀਆਂ ਲਈ ਇਕ ਰਾਹ ਖੋਲ੍ਹਿਆ। ਅਤੇ ਜਦੋਂ ਫ਼ਿਰਊਨ ਅਤੇ ਉਹ ਦੀਆਂ ਫ਼ੌਜਾਂ ਨੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਡੁੱਬ ਹਏ।—ਕੂਚ 15:5-21.
ਯਹੋਵਾਹ ਇਸਰਾਏਲ ਦੇ ਪੁੱਤ੍ਰਾਂ ਨੂੰ ਉਜਾੜ ਵਿਚ ਇਕ ਸੀਨਈ ਨਾਂ ਦੇ ਪਰਬਤ ਕੋਲ ਲੈ ਆਇਆ। ਉਥੇ, ਉਸਨੇ ਉਨ੍ਹਾਂ ਨੂੰ ਆਪਣਾ ਨੇਮ ਦਿੱਤਾ ਅਤੇ ਕਿਹਾ ਕਿ ਜੇ ਉਹ ਉਸਦਾ ਪਾਲਣ ਕਰਨਗੇ, ਉਹ ਜਾਜਕਾਂ ਦੀ ਬਾਦਸ਼ਾਹੀ ਅਤੇ ਇਕ ਪਵਿੱਤਰ ਕੌਮ ਬਣ ਜਾਣਗੇ। ਇਸ ਤਰ੍ਹਾਂ, ਸਮਾਂ ਆਉਣ ਤੇ, ਇਸਰਾਏਲੀਆਂ ਕੋਲ ਪਰਮੇਸ਼ੁਰ ਦੇ ਰਾਜ ਦਾ ਇਕ ਮਹੱਤਵਪੂਰਨ ਹਿੱਸਾ ਬਣਨ ਦਾ ਮੌਕਾ ਸੀ।—ਕੂਚ 19:6; 24:3-8.
ਇਸਰਾਏਲੀਆਂ ਨੂੰ ਸੀਨਈ ਪਰਬਤ ਤੇ ਲਗਭਗ ਇਕ ਸਾਲ ਹੋਣ ਤੋਂ ਬਾਅਦ, ਯਹੋਵਾਹ ਉਨ੍ਹਾਂ ਨੂੰ ਫਲਿਸਤੀਨ ਵੱਲ ਲੈ ਗਿਆ, ਜਿਸ ਦੇਸ਼ ਦਾ ਉਸਨੇ ਉਨ੍ਹਾਂ ਦੇ ਵਡੇਰੇ ਅਬਰਾਹਾਮ ਨਾਲ ਵਾਇਦਾ ਕੀਤਾ ਹੋਇਆ ਸੀ।
ਫਲਿਸਤੀਨ ਵਿਚ, ਪਰਮੇਸ਼ੁਰ ਨੇ ਬਾਅਦ ਵਿਚ ਰਾਜਿਆਂ ਨੂੰ ਇਸਰਾਏਲੀਆਂ ਉੱਤੇ ਰਾਜ ਕਰਨ ਦੀ ਇਜਾਜ਼ਤ ਦਿੱਤੀ। ਉਦੋਂ, ਪਰਮੇਸ਼ੁਰ ਦਾ ਧਰਤੀ ਉੱਤੇ ਇਕ ਰਾਜ ਸੀ।
ਇਸਰਾਏਲ ਦਾ ਦੂਸਰਾ ਰਾਜਾ ਦਾਊਦ, ਯਹੂਦਾਹ ਦਾ ਇਕ ਵੰਸ਼ ਸੀ। ਦਾਊਦ ਨੇ ਇਸਰਾਏਲ ਦੇ ਸਾਰੇ ਦੁਸ਼ਮਣਾ ਉੱਤੇ ਜਿੱਤ ਹਾਸਲ ਕੀਤੀ, ਅਤੇ ਉਸਨੇ ਯਰੂਸ਼ਲਮ ਨੂੰ ਕੌਮ ਦੀ ਰਾਜਧਾਨੀ ਬਣਾਇਆ।
ਦਾਊਦ ਦੇ ਰਾਜ ਦੀਆਂ ਘਟਨਾਵਾਂ ਦਿਖਾਉਂਦੀਆਂ ਹਨ ਕਿ ਜਦੋਂ ਯਹੋਵਾਹ ਕਿਸੇ ਰਾਜੇ ਦਾ ਸਹਾਇਕ ਬਣਦਾ ਹੈ, ਉਹਨੂੰ ਕੋਈ ਵੀ ਸੰਸਾਰਕ ਸ਼ਾਸਕ ਜਿੱਤ ਨਹੀਂ ਸਕਦਾ।
ਯਹੋਵਾਹ ਨੇ ਕਿਹਾ ਸੀ ਕਿ ਵਾਇਦਾ ਕੀਤੀ ਹੋਈ ਸੰਤਾਨ ਦਾਊਦ ਦੇ ਵੰਸ਼ ਵਿਚੋਂ ਇਕ ਹੋਵੇਗੀ।—1 ਇਤਹਾਸ 17:7, 11, 14.
ਸੁਲੇਮਾਨ, ਦਾਊਦ ਦੇ ਪੁੱਤ੍ਰ ਨੇ ਉਸ ਤੋਂ ਬਾਅਦ ਰਾਜ ਕੀਤਾ। ਉਹ ਇਕ ਬੁੱਧੀਮਾਨ ਰਾਜਾ ਸੀ, ਅਤੇ ਇਸਰਾਏਲ ਉਸਦੇ ਰਾਜ ਦੇ ਅਧੀਨ ਖੁਸ਼ਹਾਲ ਰਿਹਾ।
ਸੁਲੇਮਾਨ ਨੇ ਯਹੋਵਾਹ ਦੇ ਨਾਂ ਯਰੂਸ਼ਲਮ ਵਿਚ ਇਕ ਸੋਹਣੀ ਹੈਕਲ ਵੀ ਬਣਾਈ। ਇਸਰਾਏਲ ਵਿਚ ਸੁਲੇਮਾਨ ਦੇ ਰਾਜ ਦੇ ਅਧੀਨ ਹਾਲਤਾਂ ਸਾਨੂੰ ਕੁਝ ਉਹ ਬਰਕਤਾਂ ਦਿਖਾਉਂਦੀਆਂ ਹਨ ਜਿਹੜੀਆਂ ਪਰਮੇਸ਼ੁਰ ਦਾ ਆਉਣ ਵਾਲਾ ਰਾਜ ਮਨੁੱਖਜਾਤੀ ਲਈ ਲਿਆਵੇਗਾ।—1 ਰਾਜਿਆਂ 4:24, 25.
ਮਗਰ, ਸੁਲੇਮਾਨ ਤੋਂ ਬਾਅਦ ਕਈ ਰਾਜੇ ਬਹੁਤ ਅਵਿਸ਼ਵਾਸੀ ਸਨ।
ਪਰ ਜਦੋਂ ਦਾਊਦ ਦਾ ਵੰਸ਼ ਹਾਲੇ ਯਰੂਸ਼ਲਮ ਵਿਚ ਰਾਜ ਕਰ ਰਿਹਾ ਸੀ, ਯਹੋਵਾਹ ਨੇ ਆਪਣੇ ਨਬੀ ਯਸਾਯਾਹ ਨੂੰ, ਭਵਿੱਖ ਵਿਚ ਹੋਣ ਵਾਲੇ ਦਾਊਦ ਦੇ ਇਕ ਪੁੱਤ੍ਰ ਬਾਰੇ ਦੱਸਣ ਲਈ ਇਸਤੇਮਾਲ ਕੀਤਾ, ਜੋ ਸਾਰੀ ਧਰਤੀ ਉੱਤੇ ਵਫ਼ਾਦਾਰੀ ਨਾਲ ਰਾਜ ਕਰੇਗਾ। ਇਹ ਉਹ ਵਾਇਦਾ ਕੀਤੀ ਹੋਈ ਸੰਤਾਨ ਹੋਵੇਗਾ।—ਯਸਾਯਾਹ 9:6, 7.
ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਕਿ ਉਸਦਾ ਸ਼ਾਸਨ ਸੁਲੇਮਾਨ ਨਾਲੋਂ ਵੀ ਜ਼ਿਆਦਾ ਸ਼ਾਨਦਾਰ ਹੋਵੇਗਾ।—ਯਸਾਯਾਹ, ਅਧਿਆਇ 11 ਅਤੇ 65.
ਹੁਣ, ਪਹਿਲੇ ਤੋਂ ਵੀ ਜ਼ਿਆਦਾ, ਪਰਮੇਸ਼ੁਰ ਦੇ ਸੇਵਕ ਉਤਸੁਕ ਹੋਏ ਕਿ ਇਹ ਸੰਤਾਨ ਕੌਣ ਹੋਵੇਗਾ।
ਪਰ, ਸੰਤਾਨ ਦੇ ਆਉਣ ਤੋਂ ਪਹਿਲਾਂ, ਇਸਰਾਏਲ ਦੇ ਰਾਜੇ ਇੰਨੇ ਦੁਸ਼ਟ ਹੋ ਗਏ ਕਿ 607 ਬੀ.ਸੀ.ਈ. ਵਿਚ ਯਹੋਵਾਹ ਨੇ ਇਜਾਜ਼ਤ ਦਿੱਤੀ ਕਿ ਕੌਮ ਬਾਬਲੀਆਂ ਰਾਹੀਂ ਜਿੱਤੀ ਜਾਵੇ, ਅਤੇ ਜ਼ਿਆਦਾ ਲੋਕ ਬਾਬਲ ਨੂੰ ਜਲਾਵਤਨ ਕੀਤੇ ਗਏ। ਪਰ ਪਰਮੇਸ਼ੁਰ ਆਪਣਾ ਵਾਇਦਾ ਭੁੱਲਿਆ ਨਹੀਂ ਸੀ। ਸੰਤਾਨ ਹਾਲੇ ਵੀ ਦਾਊਦ ਦੀ ਵੰਸ਼ਾਵਲੀ ਵਿਚੋਂ ਹਾਜ਼ਰ ਹੋਵੇਗੀ।—ਹਿਜ਼ਕੀਏਲ 21:25-27.
ਇਸਰਾਏਲ ਨਾਲ ਜੋ ਵਾਪਰਿਆ, ਵਿਖਾਉਂਦਾ ਹੈ ਕਿ ਭਾਵੇਂ ਇਕ ਬੁੱਧੀਮਾਨ, ਵਫ਼ਾਦਾਰ ਇਨਸਾਨੀ ਰਾਜਾ ਲਾਭ ਪਹੁੰਚਾ ਸਕਦਾ ਹੈ, ਇਹ ਲਾਭ ਸੀਮਿਤ ਸਨ। ਵਫ਼ਾਦਾਰ ਮਨੁੱਖ ਮਰ ਜਾਂਦੇ ਹਨ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਸ਼ਾਇਦ ਵਫ਼ਾਦਾਰ ਨਾ ਹੋਣ। ਉਪਾਉ ਕੀ ਸੀ? ਵਾਇਦਾ ਕੀਤੀ ਹੋਈ ਸੰਤਾਨ।
ਆਖ਼ਰਕਾਰ, ਹਜ਼ਾਰਾਂ ਹੀ ਸਾਲਾਂ ਬਾਅਦ, ਸੰਤਾਨ ਹਾਜ਼ਰ ਹੋਈ। ਇਹ ਕੌਣ ਸੀ?
ਪਰਮੇਸ਼ੁਰ ਵਲੋਂ ਇਕ ਫਰਿਸ਼ਤੇ ਨੇ ਮਰਿਯਮ ਨਾਂ ਦੀ ਇਕ ਕੁਆਰੀ ਇਸਰਾਏਲੀ ਲੜਕੀ ਨੂੰ ਜਵਾਬ ਦਿੱਤਾ। ਉਹਨੇ ਉਸਨੂੰ ਦੱਸਿਆ ਕਿ ਉਸਦੇ ਇਕ ਪੁੱਤ੍ਰ ਪੈਦਾ ਹੋਵੇਗਾ ਜਿਸਦਾ ਨਾਂ ਯਿਸੂ ਹੋਵੇਗਾ। ਇਹ ਹੈ ਜੋ ਫਰਿਸ਼ਤੇ ਨੇ ਕਿਹਾ:
“ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੂ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ।”—ਲੂਕਾ 1:32, 33.
ਤਾਂ ਯਿਸੂ ਨੇ ਉਹ ਵਾਇਦਾ ਕੀਤੀ ਹੋਈ ਸੰਤਾਨ ਹੋਣਾ ਸੀ ਅਤੇ ਆਖ਼ਿਰ ਪਰਮੇਸ਼ੁਰ ਦੇ ਰਾਜ ਦਾ ਰਾਜਾ। ਪਰ ਯਿਸੂ ਉਨ੍ਹਾਂ ਵਫ਼ਾਦਾਰ ਮਨੁੱਖਾਂ ਨਾਲੋਂ ਕਿਉਂ ਫ਼ਰਕ ਸੀ ਜਿਹੜੇ ਪਹਿਲਾਂ ਰਹਿ ਚੁੱਕੇ ਸਨ?
ਯਿਸੂ ਇਕ ਚਮਤਕਾਰ ਦੁਆਰਾ ਪੈਦਾ ਹੋਇਆ ਸੀ। ਉਸਦੀ ਮਾਤਾ ਇਕ ਕੁਆਰੀ ਸੀ, ਅਤੇ ਉਸਦਾ ਕੋਈ ਇਨਸਾਨੀ ਪਿਤਾ ਨਹੀਂ ਸੀ। ਯਿਸੂ ਪਹਿਲਾਂ ਸਵਰਗ ਵਿਚ ਰਹਿ ਚੁੱਕਾ ਸੀ ਅਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ, ਜਾਂ ਕ੍ਰਿਆਸ਼ੀਲ ਸ਼ਕਤੀ ਨੇ, ਯਿਸੂ ਦੇ ਜੀਵਨ ਨੂੰ ਸਵਰਗ ਤੋਂ, ਮਰਿਯਮ ਦੀ ਕੁੱਖ ਵਿਚ ਤਬਾਦਲਾ ਕੀਤਾ। ਇਸ ਲਈ, ਉਸਨੇ ਆਦਮ ਦਾ ਪਾਪ ਵਿਰਸੇ ਵਿਚ ਪ੍ਰਾਪਤ ਨਹੀਂ ਕੀਤਾ। ਆਪਣੇ ਸਾਰੇ ਜੀਵਨ ਵਿਚ, ਯਿਸੂ ਨੇ ਪਾਪ ਨਹੀਂ ਕੀਤਾ।—1 ਪਤਰਸ 2:22.
ਜਦੋਂ ਉਹ 30 ਸਾਲ ਦਾ ਸੀ, ਯਿਸੂ ਦਾ ਬਪਤਿਸਮਾ ਹੋਇਆ।
ਉਸਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ ਅਤੇ ਆਖ਼ਿਰ ਆਪਣੇ ਆਪ ਨੂੰ ਉਸ ਰਾਜ ਦਾ ਰਾਜਾ ਪੇਸ਼ ਕੀਤਾ।— ਮੱਤੀ 4:23; 21:4-11.
ਉਸਨੇ ਕਈ ਚਮਤਕਾਰ ਵੀ ਕੀਤੇ।
ਉਸਨੇ ਬੀਮਾਰਾਂ ਨੂੰ ਰਾਜ਼ੀ ਕੀਤਾ।—ਮੱਤੀ 9:35.
ਉਸਨੇ ਚਮਤਕਾਰੀ ਨਾਲ ਭੁੱਖਿਆਂ ਨੂੰ ਖੁਆਇਆ।—ਮੱਤੀ 14:14-22.
ਉਸਨੇ ਮੁਰਦਿਆਂ ਨੂੰ ਵੀ ਜੀ ਉਠਾਇਆ।—ਯੂਹੰਨਾ 11:38-44.
ਇਹ ਚਮਤਕਾਰ ਵਿਖਾਉਂਦੇ ਹਨ ਕਿ ਯਿਸੂ, ਪਰਮੇਸ਼ੁਰ ਦੇ ਰਾਜ ਵਿਚ ਰਾਜੇ ਦੇ ਰੂਪ, ਮਨੁੱਖਜਾਤੀ ਲਈ ਕਿਸ ਤਰ੍ਹਾਂ ਦੇ ਕੰਮ ਕਰੇਗਾ।
ਕੀ ਤੁਹਾਨੂੰ ਯਾਦ ਹੈ ਕਿ ਰਾਜੇ ਦਾਊਦ ਨੇ ਯਰੂਸ਼ਲਮ ਨੂੰ ਕਿਵੇਂ ਆਪਣੇ ਰਾਜ ਦੀ ਰਾਜਧਾਨੀ ਬਣਾਇਆ ਸੀ? ਯਿਸੂ ਨੇ ਵਿਆਖਿਆ ਕੀਤੀ ਕਿ ਪਰਮੇਸ਼ੁਰ ਦਾ ਰਾਜ ਧਰਤੀ ਤੇ ਨਹੀਂ, ਪਰ ਸਵਰਗ ਵਿਚ ਹੋਵੇਗਾ। (ਯੂਹੰਨਾ 18:36) ਇਸੇ ਕਰਕੇ ਰਾਜ ਨੂੰ “ਸੁਰਗੀ ਯਰੂਸ਼ਲਮ” ਆਖਿਆ ਜਾਂਦਾ ਹੈ।—ਇਬਰਾਨੀਆਂ 12:22, 28.
ਯਿਸੂ ਨੇ ਉਨ੍ਹਾਂ ਕਨੂੰਨਾਂ ਦਾ ਵਰਣਨ ਕੀਤਾ ਜਿਨ੍ਹਾਂ ਦੀ ਆਗਿਆ ਪਾਲਣ, ਰਾਜ ਦੀ ਪਰਜਾ ਨੂੰ ਕਰਨਾ ਪਵੇਗਾ। ਇਹ ਕਨੂੰਨ ਹੁਣ ਬਾਈਬਲ ਵਿਚ ਹਨ। ਸਭ ਤੋਂ ਮਹੱਤਵਪੂਰਨ ਕਨੂੰਨ ਇਹ ਸਨ ਕਿ ਲੋਕਾਂ ਨੂੰ ਪਰਮੇਸ਼ੁਰ ਨਾਲ, ਅਤੇ ਇਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ।—ਮੱਤੀ 22:37-39.
ਯਿਸੂ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਰਾਜ ਵਿਚ ਰਾਜ ਕਰਨ ਲਈ ਇਕੱਲਾ ਨਹੀਂ ਹੋਵੇਗਾ। ਉਸਦੇ ਨਾਲ ਸਵਰਗ ਨੂੰ ਜਾਣ ਲਈ ਅਤੇ ਉਥੇ ਰਾਜ ਕਰਨ ਲਈ ਇਨਸਾਨ ਚੁਣੇ ਜਾਣਗੇ। (ਲੂਕਾ 12:32; ਯੂਹੰਨਾ 14:3) ਉਹ ਕਿੰਨੇ ਜਣੇ ਹੋਣਗੇ? ਪਰਕਾਸ਼ ਦੀ ਪੋਥੀ 14:1 ਜਵਾਬ ਦਿੰਦੀ ਹੈ: 1,44,000.
ਜੇ ਸਿਰਫ਼ 1,44,000 ਯਿਸੂ ਨਾਲ ਰਾਜ ਕਰਨ ਲਈ ਸਵਰਗ ਨੂੰ ਜਾਂਦੇ ਹਨ, ਬਾਕੀ ਦੀ ਮਨੁੱਖਜਾਤੀ ਕਿਸ ਚੀਜ਼ ਦੀ ਉਮੀਦ ਰੱਖ ਸਕਦੀ ਹੈ?
ਬਾਈਬਲ ਕਹਿੰਦੀ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:29.
ਉਨ੍ਹਾਂ ਨੂੰ ਜਿਹੜੇ ਸਦਾ ਲਈ ਧਰਤੀ ਉੱਤੇ ਰਹਿਣਗੇ ‘ਹੋਰ ਭੇਡਾਂ’ ਕਿਹਾ ਗਿਆ ਹੈ।—ਯੂਹੰਨਾ 10:16.
ਇਸ ਤਰ੍ਹਾਂ ਦੋ ਉਮੀਦਾਂ ਹਨ। ਉਹ 1,44,000 ਹਨ ਜਿਨ੍ਹਾਂ ਨੂੰ ਯਹੋਵਾਹ ਨੇ ਯਿਸੂ ਮਸੀਹ ਨਾਲ ਸਵਰਗ ਵਿਚ ਜਾ ਕੇ ਰਾਜ ਕਰਨ ਲਈ ਨਿਮੰਤ੍ਰਣ ਦਿੱਤਾ ਹੈ। ਪਰ ਹੋਰ ਲੱਖਾਂ ਹੀ ਕੋਲ ਉਸਦੇ ਰਾਜ ਦੀ ਪਰਜਾ ਬਣਕੇ ਇਸ ਧਰਤੀ ਉੱਤੇ ਸਦਾ ਲਈ ਜੀਉਣ ਦੀ ਪੱਕੀ ਉਮੀਦ ਹੈ।—ਪਰਕਾਸ਼ ਦੀ ਪੋਥੀ 5:10.
ਸ਼ਤਾਨ ਨੇ ਯਿਸੂ ਨਾਲ ਘਿਰਣਾ ਕੀਤੀ ਅਤੇ ਉਸਦਾ ਵਿਰੋਧ ਕੀਤਾ। ਯਿਸੂ ਦੇ ਸਾਢੇ ਤਿੰਨ ਸਾਲ ਪ੍ਰਚਾਰ ਕਰਨ ਤੋਂ ਬਾਅਦ, ਸ਼ਤਾਨ ਨੇ ਉਸਨੂੰ ਗਿਰਫ਼ਤਾਰ ਕਰਵਾਇਆ ਅਤੇ ਇਕ ਕਾਠ ਦੇ ਖੰਭੇ ਉੱਤੇ ਕਿੱਲਾਂ ਨਾਲ ਜਕੜਾ ਕੇ ਮਰਵਾਇਆ। ਪਰਮੇਸ਼ੁਰ ਨੇ ਇਸ ਤਰ੍ਹਾਂ ਕਿਉਂ ਹੋਣ ਦਿੱਤਾ?
ਯਾਦ ਹੈ, ਆਦਮ ਦਾ ਵੰਸ਼ ਹੋਣ ਦੇ ਕਾਰਨ, ਅਸੀਂ ਸਾਰੇ ਪਾਪ ਕਰਦੇ ਹਾਂ ਅਤੇ ਮੌਤ ਦੇ ਲਾਇਕ ਹਾਂ।—ਰੋਮੀਆਂ 6:23.
ਇਹ ਵੀ ਯਾਦ ਹੈ, ਕਿਉਂਕਿ ਯਿਸੂ ਦਾ ਜਨਮ ਚਮਤਕਾਰ ਨਾਲ ਹੋਇਆ ਸੀ, ਉਹ ਸੰਪੂਰਣ ਸੀ ਅਤੇ ਮਰਨ ਦੇ ਲਾਇਕ ਨਹੀਂ ਸੀ। ਫਿਰ ਵੀ, ਪਰਮੇਸ਼ੁਰ ਨੇ ਸ਼ਤਾਨ ਨੂੰ ‘ਯਿਸੂ ਦੀ ਅੱਡੀ ਨੂੰ ਡੰਗ ਕੇ’ ਉਸਨੂੰ ਮਾਰਨ ਦੀ ਇਜਾਜ਼ਤ ਦਿੱਤੀ। ਪਰ ਪਰਮੇਸ਼ੁਰ ਨੇ ਉਸਨੂੰ ਫਿਰ ਤੋਂ ਇਕ ਅਮਰ ਆਤਮਾ ਦੇ ਰੂਪ ਵਿਚ ਜੀ ਉਠਾਇਆ। ਕਿਉਂਜੋ ਉਸਦੇ ਕੋਲ ਹਾਲੇ ਵੀ ਸੰਪੂਰਣ ਮਾਨਵੀ ਜੀਵਨ ਦਾ ਅਧੀਕਾਰ ਸੀ, ਉਹ ਹੁਣ ਇਸ ਨੂੰ ਸਾਡੇ, ਮਨੁੱਖਾਂ ਦੇ ਪਾਪ ਦੀ ਰਿਹਾਈ ਲਈ ਵਰਤੋਂ ਵਿਚ ਲਿਆ ਸਕਦਾ ਸੀ।—ਉਤਪਤ 3:15; ਰੋਮੀਆਂ 5:12, 21; ਮੱਤੀ 20:28.
ਸਾਨੂੰ ਇਹ ਪੂਰੀ ਤਰ੍ਹਾਂ ਸਮਝਾਉਣ ਲਈ ਕਿ ਯਿਸੂ ਦੇ ਬਲੀਦਾਨ ਦਾ ਕੀ ਮਤਲਬ ਹੈ, ਬਾਈਬਲ ਇਸ ਬਾਰੇ ਪੈਗੰਬਰੀ ਨਮੂਨਿਆਂ ਦੇ ਜ਼ਰੀਏ ਗੱਲਾਂ ਦੱਸਦੀ ਹੈ।
ਉਦਾਹਰਣ ਦੇ ਤੌਰ ਤੇ, ਕੀ ਤੁਹਾਨੂੰ ਯਾਦ ਹੈ ਕਿਸ ਤਰ੍ਹਾਂ ਯਹੋਵਾਹ ਨੇ ਅਬਰਾਹਾਮ ਨੂੰ ਉਸਦੇ ਪਿਆਰ ਦੀ ਪਰੀਖਿਆ ਵਜੋਂ, ਉਸਦੇ ਪੁੱਤ੍ਰ ਦਾ ਬਲੀਦਾਨ ਕਰਨ ਲਈ ਆਖਿਆ ਸੀ?
ਇਹ ਯਿਸੂ ਦੇ ਬਲੀਦਾਨ ਦਾ ਪੈਗੰਬਰੀ ਨਮੂਨਾ ਸੀ। ਇਸਨੇ ਵਿਖਾਇਆ ਕਿ ਯਹੋਵਾਹ ਦਾ ਪਿਆਰ ਮਨੁੱਖਜਾਤੀ ਲਈ ਇੰਨਾ ਜ਼ਿਆਦਾ ਸੀ ਕਿ ਉਸਨੇ ਆਪਣੇ ਪੁੱਤ੍ਰ, ਯਿਸੂ ਨੂੰ ਸਾਡੇ ਲਈ ਮਰ ਲੈਣ ਦਿੱਤਾ, ਤਾਂਕਿ ਸਾਨੂੰ ਜੀਵਨ ਮਿਲ ਸਕੇ।—ਯੂਹੰਨਾ 3:16.
ਕੀ ਤਹਾਨੂੰ ਯਾਦ ਹੈ ਕਿ ਕਿਸ ਤਰ੍ਹਾਂ ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰ ਤੋਂ ਛੁਡਾਇਆ ਸੀ ਅਤੇ ਮੌਤ ਦੇ ਫਰਿਸ਼ਤੇ ਨੂੰ ਉਨ੍ਹਾਂ ਦੇ ਉੱਪਰੋਂ ਲੰਘਾਕੇ ਉਨ੍ਹਾਂ ਦੇ ਪਲੋਠਿਆਂ ਨੂੰ ਬਚਾਇਆ ਸੀ?—ਕੂਚ 12:12, 13.
ਇਹ ਇਕ ਪੈਗੰਬਰੀ ਨਮੂਨਾ ਸੀ। ਜਿਵੇਂ ਲੇਲੇ ਦੇ ਖੂਨ ਦਾ ਅਰਥ ਇਸਰਾਏਲੀਆਂ ਦੇ ਪਲੋਠਿਆਂ ਲਈ ਜੀਵਨ ਸੀ, ਯਿਸੂ ਦੇ ਵਹਾਏ ਹੋਏ ਖੂਨ ਦਾ ਅਰਥ ਉਨ੍ਹਾਂ ਲਈ ਜੀਵਨ ਹੈ ਜੋ ਉਸ ਤੇ ਵਿਸ਼ਵਾਸ ਰੱਖਦੇ ਹਨ। ਅਤੇ ਜਿਵੇਂ ਉਸ ਰਾਤ ਦੀਆਂ ਘਟਨਾਵਾਂ ਦਾ ਅਰਥ ਇਸਰਾਏਲੀਆਂ ਲਈ ਆਜ਼ਾਦੀ ਸੀ, ਯਿਸੂ ਦੀ ਮੌਤ ਮਨੁੱਖਜਾਤੀ ਲਈ ਪਾਪ ਅਤੇ ਮੌਤ ਤੋਂ ਛੁਟਕਾਰੇ ਦਾ ਮੌਕਾ ਖੋਲ੍ਹ ਦਿੰਦੀ ਹੈ।
ਇਸ ਕਾਰਨ ਯਿਸੂ ਨੂੰ “ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ” ਸੱਦਿਆ ਗਿਆ ਹੈ।—ਯੂਹੰਨਾ 1:29.
ਫਿਰ ਵੀ, ਜਦੋਂ ਯਿਸੂ ਧਰਤੀ ਤੇ ਸੀ ਉਸਨੇ ਚੇਲੇ ਵੀ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਸਿੱਖਿਆ ਦਿੱਤੀ, ਆਪਣੀ ਮੌਤ ਤੋਂ ਬਾਅਦ ਵਿਚ ਵੀ।—ਮੱਤੀ 10:5; ਲੂਕਾ 10:1.
ਇਹ ਪਹਿਲੇ ਮਨੁੱਖ ਸੀ ਜਿਹੜੇ ਪਰਮੇਸ਼ੁਰ ਨੇ ਯਿਸੂ ਨਾਲ ਉਸਦੇ ਰਾਜ ਵਿਚ ਰਾਜ ਕਰਨ ਲਈ ਚੁਣੇ ਸੀ।—ਲੂਕਾ 12:32.
ਕੀ ਤੁਹਾਨੂੰ ਯਾਦ ਹੈ ਕਿ ਪਰਮੇਸ਼ੁਰ ਨੇ ਯਹੂਦੀਆਂ ਨਾਲ ਵਾਇਦਾ ਕੀਤਾ ਸੀ ਕਿ ਜੇ ਉਹ ਨੇਮ ਦੀ ਮਨੌਤ ਕਰਨਗੇ, ਉਹ ਇਕ “ਜਾਜਕਾਂ ਦੀ ਬਾਦਸ਼ਾਹੀ” ਹੋਣਗੇ? ਹੁਣ ਉਨ੍ਹਾਂ ਕੋਲ ਪਰਮੇਸ਼ੁਰ ਦੇ ਰਾਜ ਦਾ ਹਿੱਸਾ ਬਣਨ ਦਾ ਅਤੇ ਸਵਰਗੀ ਜਾਜਕ ਸੇਵਾ ਕਰਨ ਦਾ ਇਕ ਮੌਕਾ ਸੀ, ਜੇ ਉਹ ਯਿਸੂ ਨੂੰ ਸਵੀਕਾਰ ਕਰਨ। ਪਰ ਉਨ੍ਹਾਂ ਬਹੁਤਿਆਂ ਨੇ ਯਿਸੂ ਨੂੰ ਰੱਦ ਕੀਤਾ।
ਤਾਂ ਫਿਰ ਉਸ ਸਮੇਂ ਤੋਂ ਲੈ ਕੇ, ਯਹੂਦੀ ਲੋਕ ਹੁਣ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਨਹੀਂ ਸੀ; ਫਲਿਸਤੀਨ ਹੁਣ ਵਾਇਦਾ ਕੀਤਾ ਹੋਇਆ ਦੇਸ਼ ਨਹੀਂ ਸੀ।—ਮੱਤੀ 21:43; 23:37, 38.
ਯਿਸੂ ਦੇ ਦਿਨਾਂ ਤੋਂ ਲੈ ਕੇ ਸਾਡਿਆਂ ਤਕ, ਯਹੋਵਾਹ ਇਨ੍ਹਾਂ ਨੂੰ ਇਕੱਠਿਆਂ ਕਰਦਾ ਰਿਹਾ ਹੈ ਜਿਹੜੇ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। ਇਨ੍ਹਾਂ ਵਿਚੋਂ ਹਾਲੇ ਵੀ ਧਰਤੀ ਉੱਤੇ ਅੱਜ ਕੁਝ ਹਜ਼ਾਰ ਜੀਉਂਦੇ ਹਨ। ਅਸੀਂ ਇਨ੍ਹਾਂ ਨੂੰ ਮਸਹ ਕੀਤੇ ਹੋਏ ਬਾਕੀ ਦੇ ਸੱਦਦੇ ਹਾਂ।—ਪਰਕਾਸ਼ ਦੀ ਪੋਥੀ 12:17.
ਹੁਣ, ਤੁਸੀਂ ਵੇਖਣਾ ਸ਼ੁਰੂ ਕਰ ਰਹੇ ਹੋ ਕਿ ਪਰਮੇਸ਼ੁਰ ਦਾ ਰਾਜ ਕੀ ਹੈ। ਇਹ ਸਵਰਗ ਵਿਚ ਇਕ ਸਰਕਾਰ ਹੈ, ਇਸਦਾ ਰਾਜਾ ਯਿਸੂ ਮਸੀਹ ਹੈ, ਅਤੇ ਉਸਦੇ ਨਾਲ ਧਰਤੀ ਤੋਂ 1,44,000 ਲੋਕ ਹੋਣਗੇ। ਇਹ ਧਰਤੀ ਤੇ ਵਫ਼ਾਦਾਰ ਮਨੁੱਖਜਾਤੀ ਉੱਤੇ ਰਾਜ ਕਰੇਗੀ ਅਤੇ ਇਹਦੇ ਕੋਲ ਧਰਤੀ ਤੇ ਸ਼ਾਂਤੀ ਲਿਆਉਣ ਦੀ ਸ਼ਕਤੀ ਹੋਵੇਗੀ।
ਉਸਦੀ ਮੌਤ ਤੋਂ ਬਾਅਦ, ਯਿਸੂ ਨੂੰ ਪੁਨਰ-ਉੱਥਾਨ ਕੀਤਾ ਗਿਆ ਸੀ ਅਤੇ ਉਹ ਸਵਰਗ ਨੂੰ ਗਿਆ। ਉਥੇ, ਉਸਨੇ ਪਰਮੇਸ਼ੁਰ ਦੇ ਕਹਿਣ ਦੀ ਉਡੀਕ ਕੀਤੀ ਕਿ ਉਹ ਕਦੋਂ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੋ ਕੇ ਹਕੂਮਤ ਸ਼ੁਰੂ ਕਰੇਗਾ। (ਜ਼ਬੂਰਾਂ ਦੀ ਪੋਥੀ 110:1) ਇਹ ਕਦੋਂ ਹੋਵੇਗਾ?
ਕਦੇ ਕਦੇ ਯਹੋਵਾਹ ਨੇ ਲੋਕਾਂ ਨੂੰ ਸੁਪਨੇ ਭੇਜੇ ਤਾਂਕਿ ਉਨ੍ਹਾਂ ਨੂੰ ਆਪਣੇ ਰਾਜ ਬਾਰੇ ਗੱਲਾਂ ਦੱਸੇ।
ਦਾਨੀਏਲ ਦੇ ਦਿਨਾਂ ਵਿਚ, ਯਹੋਵਾਹ ਨੇ ਬਾਬੁਲ ਦੇ ਰਾਜਾ, ਨਬੂਕਦਨੱਸਰ ਨੂੰ ਇਕ ਅਜੇਹਾ ਸੁਪਨਾ ਭੇਜਿਆ। ਇਹ ਇਕ ਵੱਡੇ ਦਰਖ਼ਤ ਦਾ ਸੀ।—ਦਾਨੀਏਲ 4:10-37.
ਦਰਖ਼ਤ ਵੱਡਿਆ ਗਿਆ ਸੀ ਅਤੇ ਉਸਦਾ ਮੁੱਢ ਸੱਤ ਸਾਲਾਂ ਲਈ ਬੰਨ੍ਹਿਆਂ ਗਿਆ ਸੀ।
ਦਰਖ਼ਤ ਨੇ ਨਬੂਕਦਨੱਸਰ ਨੂੰ ਪ੍ਰਤਿਨਿਧਤ ਕੀਤਾ। ਜਿਵੇਂ ਮੁੱਢ ਨੂੰ ਸੱਤ ਸਾਲਾਂ ਲਈ ਬੰਨ੍ਹਿਆਂ ਗਿਆ ਸੀ, ਨਬੂਕਦਨੱਸਰ ਸੱਤ ਸਾਲਾਂ ਲਈ ਪਾਗਲ ਹੋ ਗਿਆ ਸੀ। ਫਿਰ ਉਸ ਦੀ ਸਮਝ ਉਸ ਨੂੰ ਵਾਪਸ ਦਿੱਤੀ ਗਈ ਸੀ।
ਇਹ ਸਾਰਾ ਕੁਝ ਇਕ ਪੈਗੰਬਰੀ ਨਮੂਨਾ ਸੀ। ਨਬੂਕਦਨੱਸਰ ਨੇ ਯਹੋਵਾਹ ਦੀ ਵਿਸ਼ਵ ਵਿਆਪੀ ਹਕੂਮਤ ਨੂੰ ਚਿਤ੍ਰਿਤ ਕੀਤਾ। ਇਹ ਪਹਿਲਾਂ, ਯਰੂਸ਼ਲਮ ਵਿਚ ਰਾਜੇ ਦਾਊਦ ਦੇ ਵੰਸ਼ ਰਾਹੀਂ ਚਲਾਈ ਗਈ ਸੀ। 607 ਬੀ.ਸੀ.ਈ., ਵਿਚ ਜਦੋਂ ਬਾਬਲ ਨੇ ਯਰੂਸ਼ਲਮ ਨੂੰ ਜਿੱਤਿਆ, ਉਨ੍ਹਾਂ ਰਾਜਿਆਂ ਦੀ ਵੰਸ਼ਾਵਲੀ ਵਿਚ ਰੁਕਾਵਟ ਪੈ ਗਈ ਸੀ। ਦਾਊਦ ਦੀ ਵੰਸ਼ਾਵਲੀ ਵਿਚੋਂ ਕਦੇ ਵੀ ਹੋਰ ਰਾਜਾ ਨਹੀਂ ਹੋਵੇਗਾ “ਜਦ ਤੀਕ ਉਹ ਆਵੇਗਾ ਜਿਸ ਦਾ ਹੱਕ ਹੈ।” (ਹਿਜ਼ਕੀਏਲ 21:27) ਉਹ ਯਿਸੂ ਮਸੀਹ ਸੀ।
607 ਬੀ.ਸੀ.ਈ. ਤੋਂ ਲੈ ਕੇ ਯਿਸੂ ਦੇ ਰਾਜ ਸ਼ੁਰੂ ਕਰਨ ਵਿਚ ਕਿੰਨਾ ਚਿਰ ਹੋਵੇਗਾ? ਸੱਤ ਪੈਗੰਬਰੀ ਸਾਲ। ਮਤਲਬ ਕਿ, 2,520 ਸਾਲ। (ਪਰਕਾਸ਼ ਦੀ ਪੋਥੀ 12:6, 14) ਅਤੇ 607 ਬੀ.ਸੀ.ਈ. ਤੋਂ ਲੈ ਕੇ, 2,520 ਸਾਲ ਸਾਨੂੰ 1914 ਸੀ.ਈ. ਤੇ ਲੈ ਆਉਂਦੇ ਹਨ।
ਤਾਂ ਫਿਰ, ਯਿਸੂ ਨੇ 1914 ਤੋਂ ਸਵਰਗ ਵਿਚ ਰਾਜ ਕਰਨਾ ਸ਼ੁਰੂ ਕੀਤਾ। ਇਸ ਦਾ ਕੀ ਮਤਲਬ ਹੋਇਆ?
ਬਾਈਬਲ ਸਾਨੂੰ ਰਸੂਲ ਯੂਹੰਨਾ ਦੁਆਰਾ ਦੇਖੇ ਗਏ ਇਕ ਦਰਸ਼ਨ ਰਾਹੀਂ ਦੱਸਦੀ ਹੈ।
ਉਸਨੇ ਇਕ ਇਸਤ੍ਰੀ ਨੂੰ ਸਵਰਗ ਵਿਚ ਇਕ ਨਰ-ਬਾਲਕ ਨੂੰ ਜਨਮ ਦਿੰਦੀ ਹੋਈ ਵੇਖਿਆ।—ਪਰਕਾਸ਼ ਦੀ ਪੋਥੀ 12:1-12.
ਇਸਤ੍ਰੀ ਨੇ ਪਰਮੇਸ਼ੁਰ ਦੇ ਸਵਰਗੀ ਸੰਗਠਨ ਨੂੰ ਚਿਤ੍ਰਿਤ ਕੀਤਾ, ਜੋ ਸਵਰਗ ਵਿਚ ਪਰਮੇਸ਼ੁਰ ਦੇ ਸਾਰੇ ਫਰਿਸ਼ਤਿਆਂ ਦੇ ਰੂਪ ਵਿਚ ਸੇਵਕਾਂ ਨਾਲ ਬਣਿਆ ਹੋਇਆ ਹੈ। ਨਰ-ਬਾਲਕ ਪਰਮੇਸ਼ੁਰ ਦੇ ਰਾਜ ਨੂੰ ਚਿਤ੍ਰਿਤ ਕਰਦਾ ਹੈ। ਇਹ 1914 ਵਿਚ “ਪੈਦਾ” ਹੋਇਆ ਸੀ।
ਉਸ ਤੋਂ ਬਾਅਦ ਕੀ ਹੋਇਆ? ਰਾਜੇ ਦੇ ਰੂਪ ਵਿਚ, ਪਹਿਲੀ ਚੀਜ਼ ਯਿਸੂ ਨੇ ਇਹ ਕੀਤੀ ਕਿ ਸ਼ਤਾਨ ਅਤੇ ਉਨ੍ਹਾਂ ਫਰਿਸ਼ਤਿਆਂ ਨੂੰ ਜਿਨ੍ਹਾਂ ਨੇ ਉਸਦੇ ਨਾਲ ਵਿਦ੍ਰੋਹ ਕੀਤਾ, ਸਵਰਗ ਵਿਚੋਂ ਕੱਢ ਕੇ ਧਰਤੀ ਉੱਤੇ ਸੁੱਟਿਆ।—ਪਰਕਾਸ਼ ਦੀ ਪੋਥੀ 12:9.
ਬਾਈਬਲ ਸਾਨੂੰ ਨਤੀਜਾ ਦੱਸਦੀ ਹੈ: “ਇਸ ਕਰਕੇ ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”—ਪਰਕਾਸ਼ ਦੀ ਪੋਥੀ 12:12.
ਤਾਂ ਜਦੋਂ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕੀਤਾ, ਉਸਦੇ ਦੁਸ਼ਮਣ ਧਰਤੀ ਉੱਤੇ ਬਹੁਤ ਕ੍ਰਿਆਸ਼ੀਲ ਹੋ ਗਏ। ਜਿਵੇਂ ਬਾਈਬਲ ਵਿਚ ਪਹਿਲਾਂ ਦੱਸਿਆ ਸੀ, ਉਸਨੇ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰਨਾ ਸ਼ੁਰੂ ਕੀਤਾ।—ਜ਼ਬੂਰਾਂ ਦੀ ਪੋਥੀ 110:1, 2.
ਮਨੁੱਖਜਾਤੀ ਲਈ ਇਸ ਦਾ ਕੀ ਮਤਲਬ ਹੋਵੇਗਾ?
ਯਿਸੂ ਨੇ ਸਾਨੂੰ ਦੱਸਿਆ: ਲੜਾਈਆਂ, ਕਾਲ, ਬੀਮਾਰੀਆਂ, ਅਤੇ ਭੁਚਾਲ।—ਮੱਤੀ 24:7, 8; ਲੂਕਾ 21:10, 11.
ਅਸੀਂ ਇਨ੍ਹਾਂ ਚੀਜ਼ਾ ਨੂੰ 1914 ਤੋਂ ਹੁੰਦੀਆਂ ਦੇਖਦੇ ਹਾਂ ਜਿਹੜਾ ਇਕ ਹੋਰ ਕਾਰਨ ਹੈ, ਕਿ ਕਿਉਂ ਸਾਨੂੰ ਪਤਾ ਹੈ ਕਿ ਰਾਜ ਉਦੋਂ ਸ਼ੁਰੂ ਹੋਇਆ।
ਨਾਲੇ ਹੋਰ, “ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ, ਅਰ ਡਰ ਦੇ ਮਾਰੇ . . . ਲੋਕਾਂ ਦੇ ਜੀ ਡੁੱਬ ਜਾਣਗੇ।” (ਲੂਕਾ 21:25, 26) ਇਹ ਵੀ, ਅਸੀਂ 1914 ਤੋਂ ਵੇਖਿਆ ਹੈ।
ਰਸੂਲ ਪੌਲੁਸ ਨੇ ਹੋਰ ਵੀ ਦੱਸਿਆ, ਕਿ ਲੋਕ “ਆਪ ਸੁਆਰਥੀ, ਮਾਇਆ ਦੇ ਲੋਭੀ, . . . ਮਾਪਿਆਂ ਦੇ ਅਣਆਗਿਆਕਾਰ, . . . ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ ਹੋਣਗੇ।”—2 ਤਿਮੋਥਿਉਸ 3:1-5.
ਹੁਣ ਤੁਸੀਂ ਜਾਣਦੇ ਹੋ ਕਿ ਅੱਜਕਲ੍ਹ ਜੀਵਨ ਇੰਨਾ ਮੁਸ਼ਕਲ ਕਿਉਂ ਹੈ। ਸ਼ਤਾਨ ਬਹੁਤ ਕ੍ਰਿਆਸ਼ੀਲ ਰਿਹਾ ਹੈ। ਪਰ ਪਰਮੇਸ਼ੁਰ ਦਾ ਰਾਜ ਵੀ ਕ੍ਰਿਆਸ਼ੀਲ ਰਿਹਾ ਹੈ।
1914 ਤੋਂ ਜਲਦੀ ਬਾਅਦ ਹੀ, ਉਨ੍ਹਾਂ ਬਾਕੀ ਦਿਆਂ ਨੇ, ਜਿਹੜੇ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਦੀ ਉਮੀਦ ਰੱਖਦੇ ਹਨ, ਖ਼ੁਸ਼ ਖ਼ਬਰੀ ਦੱਸਣਾ ਸ਼ੁਰੂ ਕੀਤਾ, ਕਿ ਰਾਜ ਸਥਾਪਿਤ ਹੋ ਗਿਆ ਹੈ। ਇਹ ਕੰਮ ਹੁਣ ਸਾਰੀ ਧਰਤੀ ਵਿਚ ਫੈਲ ਗਿਆ ਹੈ, ਜਿਵੇਂ ਯਿਸੂ ਨੇ ਕਿਹਾ ਸੀ ਕਿ ਹੋਵੇਗਾ।—ਮੱਤੀ 24:14.
ਇਸ ਪ੍ਰਚਾਰ ਦੇ ਕੰਮ ਦਾ ਕੀ ਮਕਸਦ ਹੈ?
ਪਹਿਲਾ ਹੈ ਕਿ, ਲੋਕਾਂ ਨੂੰ ਪਰਮੇਸ਼ਰ ਦੇ ਰਾਜ ਬਾਰੇ ਦੱਸਣਾ।
ਦੂਸਰਾ ਹੈ ਕਿ, ਲੋਕਾਂ ਨੂੰ ਫੈਸਲਾ ਕਰਨ ਵਿਚ ਮਦਦ ਦੇਣਾ ਜੇ ਉਹ ਰਾਜ ਦੀ ਪਰਜਾ ਬਣਨਾ ਚਾਹੁੰਦੇ ਹਨ।
ਯਿਸੂ ਨੇ ਕਿਹਾ ਸੀ ਕਿ ਸਾਡੇ ਸਮਿਆਂ ਵਿਚ ਸਾਰੀ ਮਨੁੱਖਜਾਤੀ ਨੂੰ ਭੇਡਾਂ ਵਰਗੇ ਅਤੇ ਬੱਕਰੀਆਂ ਵਰਗੇ ਲੋਕਾਂ ਵਿਚ ਵੱਖ ਵੱਖ ਕੀਤਾ ਜਾਵੇਗਾ।—ਮੱਤੀ 25:31-46.
“ਭੇਡਾਂ” ਉਹ ਹੋਣਗੇ ਜੋ ਉਸਨੂੰ ਅਤੇ ਉਸਦੇ ਭਰਾਵਾਂ ਨਾਲ ਪਿਆਰ ਕਰਦੇ ਹਨ। “ਬੱਕਰੀਆਂ” ਉਹ ਹੋਣਗੇ ਜੋ ਨਹੀਂ ਕਰਦੇ।
“ਭੇਡਾਂ” ਨੂੰ ਸਦੀਪਕ ਜੀਵਨ ਮਿਲੇਗਾ ਅਤੇ “ਬੱਕਰੀਆਂ” ਨੂੰ ਨਹੀਂ।
ਇਹ ਵੱਖਰਿਆਂ ਕਰਨ ਦਾ ਕੰਮ ਰਾਜ ਦੀ ਖ਼ੁਸ਼ਖ਼ਬਰੀ ਦੇ ਪ੍ਰਚਾਰ ਦੁਆਰਾ ਪੂਰਾ ਹੋ ਰਿਹਾ ਹੈ।
ਇਹ ਹੈ ਇਕ ਭਵਿੱਖਬਾਣੀ ਯਸਾਯਾਹ ਨਬੀ ਦੁਆਰਾ।
“ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ।”—ਯਸਾਯਾਹ 2:2.
ਮਨੁੱਖਜਾਤੀ ਹੁਣ “ਆਖਰੀ ਦਿਨਾਂ” ਦਾ ਸਾਮ੍ਹਣਾ ਕਰ ਰਹੀ ਹੈ।
ਯਹੋਵਾਹ ਦੀ ਉਪਾਸਨਾ ਦਾ “ਭਵਨ” ਝੂੱਠੇ ਧਰਮਾਂ ਤੋਂ “ਉੱਚਾ ਕੀਤਾ” ਜਾਂਦਾ ਹੈ।
“ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।”—ਯਸਾਯਾਹ 2:3.
ਇਸ ਲਈ, ਸਾਰੇ ਦੇਸ਼ਾਂ ਤੋਂ ਅਨੇਕ ਲੋਕ ਯਹੋਵਾਹ ਦੀ ਉਪਾਸਨਾ ਕਰਦੇ ਹਨ ਅਤੇ ਦੂਸਰਿਆਂ ਨੂੰ ਆਪਣੇ ਨਾਲ ਇਕੱਠੇ ਹੋਣ ਲਈ ਸੱਦਾ ਦਿੰਦੇ ਹਨ। ਉਹ ਉਸ ਤਰ੍ਹਾਂ ਦੇ ਕਾਰਜ ਸਿੱਖਦੇ ਹਨ ਜਿਵੇਂ ਯਹੋਵਾਹ ਚਾਹੁੰਦਾ ਹੈ।
“ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”—ਯਸਾਯਾਹ 2:4.
ਜੋ ਯਹੋਵਾਹ ਦੀ ਉਪਾਸਨਾ ਕਰਦੇ ਹਨ ਉਹ ਸੰਯੁਕਤ ਅਤੇ ਸਾਂਤਮਈ ਹਨ।
ਪਰਮੇਸ਼ੁਰ ਦੇ ਰਾਜ ਦੁਆਰਾ ਇਸ ਕ੍ਰਿਆਸ਼ੀਲਤਾ ਦਾ ਨਤੀਜਾ ਇਹ ਹੈ ਕਿ ਹੁਣ ਵਿਸ਼ਵ-ਵਿਆਪੀ ਤੌਰ ਤੇ ਕਈ ਲੱਖਾਂ ਹੀ ਲੋਕ ਹਨ ਜੋ ਰਾਜ ਦੀ ਪਰਜਾ ਹਨ।
ਉਹ ਬਾਕੀਆਂ ਦੇ ਇਰਦ-ਗਿਰਦ ਇਕੱਠੇ ਹਨ, ਉਹ ਬਾਕੀ ਦੇ ਜਿਨ੍ਹਾਂ ਦੀ ਉਮੀਦ ਸਵਰਗ ਨੂੰ ਜਾਣ ਅਤੇ ਮਸੀਹ ਨਾਲ ਰਾਜ ਕਰਨ ਦੀ ਹੈ।
ਉਹ ਪਰਮੇਸ਼ੁਰ ਦੇ ਸੰਗਠਨ ਦੁਆਰਾ ਆਤਮਿਕ ਭੋਜਨ ਪ੍ਰਾਪਤ ਕਰਦੇ ਹਨ।—ਮੱਤੀ 24:45-47.
ਉਹ ਮਸੀਹਾਂ ਦਾ ਇਕ ਅੰਤਰਰਾਸ਼ਟਰੀ ਭਾਈਚਾਰਾ ਹੈ ਜੋ ਇਕ ਦੂਜੇ ਨਾਲ ਸੱਚਾ ਪਿਆਰ ਕਰਦੇ ਹਨ।—ਯੂਹੰਨਾ 13:35.
ਉਹ ਮਨ ਦੀ ਸ਼ਾਂਤੀ ਦਾ ਅੰਨਦ ਲੈਂਦੇ ਹਨ, ਭਵਿੱਖ ਲਈ ਉਮੀਦ।—ਫ਼ਿਲਿੱਪੀਆਂ 4:7.
ਜਲਦੀ ਹੀ, ਖ਼ੁਸ਼ਖ਼ਬਰੀ ਦਾ ਪ੍ਰਚਾਰ ਹੋ ਚੁੱਕਾ ਹੋਵੇਗਾ। “ਭੇਡਾਂ” ਇਕੱਠੀਆਂ ਕੀਤੀਆਂ ਜਾ ਚੁੱਕੀਆਂ ਹੋਣਗੀਆਂ। ਫਿਰ ਰਾਜ ਕੀ ਕਰੇਗਾ?
ਕੀ ਤੁਹਾਨੂੰ ਯਾਦ ਹੈ ਕਿ ਵਫ਼ਾਦਾਰ ਰਾਜੇ ਦਾਊਦ ਨੇ ਪਰਮੇਸ਼ੁਰ ਦੇ ਲੋਕਾਂ ਦੇ ਸਾਰੇ ਦੁਸ਼ਮਣਾ ਉੱਤੇ ਜਿੱਤ ਪ੍ਰਾਪਤ ਕੀਤੀ ਸੀ? ਬਿਲਕੁਲ, ਰਾਜਾ ਯਿਸੂ ਵੀ ਇਹੋ ਹੀ ਕਰੇਗਾ।
ਇਕ ਵਾਰ ਰਾਜੇ ਨਬੂਕਦਨੱਸਰ ਨੂੰ ਇਕ ਬਹੁਤ ਵੱਡੇ ਬੁੱਤ ਦਾ ਸੁਪਨਾ ਆਇਆ ਸੀ ਜਿਸਨੇ ਉਸਦੇ ਦਿਨਾਂ ਤੋਂ ਲੈ ਕੇ ਸਾਡੇ ਦਿਨਾਂ ਤਕ ਦੁਨੀਆਂ ਦੇ ਸਾਰੇ ਸਾਮਰਾਜਾਂ ਨੂੰ ਪ੍ਰਤੀਕ ਕੀਤਾ।
ਫਿਰ ਉਸਨੇ ਪਹਾੜ ਵਿਚੋਂ ਘੜਿਆ ਹੋਇਆ ਇਕ ਪਥੱਰ ਦੇਖਿਆ, ਅਤੇ ਉਸਨੇ ਇਹ ਬੁੱਤ ਨੂੰ ਚੂਰ ਚੂਰ ਕਰ ਦਿੱਤਾ। ਪਥੱਰ ਨੇ ਪਰਮੇਸ਼ੁਰ ਦੇ ਰਾਜ ਨੂੰ ਪ੍ਰਤਿਨਿਧਤ ਕੀਤਾ।
ਇਸ ਦਾ ਮਤਲਬ ਵਰਤਮਾਨ ਦੁਸ਼ਟ ਰੀਤੀ ਰਿਵਾਜ ਦਾ ਵਿਨਾਸ਼ ਹੈ।—ਦਾਨੀਏਲ 2:44.
ਇਹ ਹਨ ਕੁਝ ਚੀਜ਼ਾਂ ਜਿਨ੍ਹਾਂ ਨੂੰ ਰਾਜ ਨਸ਼ਟ ਕਰੇਗਾ।
ਝੂੱਠਾ ਧਰਮ ਲੋਪ ਹੋ ਜਾਵੇਗਾ, ਜਿਵੇਂ ਚੱਕੀ ਦੇ ਇਕ ਪੁੜ ਨੂੰ ਸਮੁੰਦਰ ਵਿਚ ਸੁੱਟਿਆ ਜਾਵੇ।—ਪਰਕਾਸ਼ ਦੀ ਪੋਥੀ 18:21.
ਇਸੇ ਕਰਕੇ, ਸਾਰੇ ਪਰਮੇਸ਼ੁਰ ਦੇ ਪ੍ਰੇਮੀਆਂ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਕਿ ਉਹ ਝੂੱਠੇ ਧਰਮ ਵਿਚੋਂ ਹੁਣੇ ਹੀ ਨਿੱਕਲ ਜਾਣ।—ਪਰਕਾਸ਼ ਦੀ ਪੋਥੀ 18:4.
ਫਿਰ, ਰਾਜਾ ਯਿਸੂ ‘ਕੌਮਾਂ ਨੂੰ ਮਾਰੇਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਓਹਨਾਂ ਉੱਤੇ ਹਕੂਮਤ ਕਰੇਗਾ।’—ਪਰਕਾਸ਼ ਦੀ ਪੋਥੀ 19:15.
ਸੋ ਇਸ ਲਈ, ਯਹੋਵਾਹ ਦੇ ਗਵਾਹ, ਹਾਲਾਂਕਿ ਉਹ ਟੈਕਸ ਭਰਦੇ ਹਨ ਅਤੇ ਦੇਸ਼ ਦੇ ਕਨੂੰਨਾਂ ਦੀ ਪਾਲਣਾ ਕਰਦੇ ਹਨ, ਉਹ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ ਹਨ।
ਆਖ਼ਿਰ ਵਿਚ, ਸ਼ਤਾਨ, ਜੋ ਵੱਡਾ “ਅਜਗਰ” ਹੈ, ਆਪ ਵੀ ਅਥਾਹ ਕੁੰਡ ਵਿਚ ਸੁੱਟਿਆ ਜਾਂਦਾ ਹੈ।—ਪਰਕਾਸ਼ ਦੀ ਪੋਥੀ 20:2, 3.
ਸਿਰਫ਼ ਉਹ “ਭੇਡਾਂ,” ਜਿਹੜੀਆਂ ਯਿਸੂ ਨੂੰ ਰਾਜੇ ਦੇ ਰੂਪ ਵਿਚ ਸਵੀਕਾਰ ਕਰਨ ਗੀਆਂ, ਇਸ ਕਸ਼ਟ ਵਿਚੋਂ ਬਚ ਜਾਣਗੀਆਂ।—ਮੱਤੀ 25:31-34, 41, 46.
ਰਸੂਲ ਯੂਹੰਨਾ ਨੇ ਉਨ੍ਹਾਂ “ਭੇਡਾਂ” ਦਾ ਇਕ ਦਰਸ਼ਨ ਦੇਖਿਆ ਜਿਹੜੀਆਂ ਕਸ਼ਟ ਵਿਚੋਂ ਬਚ ਜਾਂਦੀਆਂ ਹਨ।
“ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ।”—ਪਰਕਾਸ਼ ਦੀ ਪੋਥੀ 7:9.
“ਵੱਡੀ ਭੀੜ” ਉਨ੍ਹਾਂ ਸਾਰਿਆਂ ਦੀ ਬਣੀ ਹੋਈ ਹੈ ਜਿਨ੍ਹਾਂ ਨੇ ਖ਼ੁਸ਼ਖ਼ਬਰੀ ਦੇ ਪ੍ਰਚਾਰ ਤੇ ਪ੍ਰਤਿਕ੍ਰਿਆ ਵਿਖਾਈ ਹੈ।
ਉਹ “ਵੱਡੀ ਬਿਪਤਾ ਵਿਚੋਂ ਆਉਂਦੇ ਹਨ।”—ਪਰਕਾਸ਼ ਦੀ ਪੋਥੀ 7:14.
“ਖਜੂਰ ਦੀਆਂ ਟਹਿਣੀਆਂ” ਪ੍ਰਗਟ ਕਰਦੀਆਂ ਹਨ ਕਿ ਉਹ ਯਿਸੂ ਨੂੰ ਆਪਣਾ ਰਾਜਾ ਮੰਨ ਕੇ ਉਸਦਾ ਸਵਾਗਤ ਕਰਦੇ ਹਨ।
ਉਨ੍ਹਾਂ ਦਾ “ਚਿੱਟੇ ਬਸਤਰ” ਪਹਿਨਣਾ ਚਿਤ੍ਰਿਤ ਕਰਦਾ ਹੈ ਕਿ ਉਨ੍ਹਾਂ ਨੂੰ ਯਿਸੂ ਦੇ ਬਲੀਦਾਨ ਵਿਚ ਵਿਸ਼ਵਾਸ ਹੈ।
“ਲੇਲਾ” ਯਿਸੂ ਮਸੀਹ ਹੈ।
ਤਾਂ ਫਿਰ ਉਹ ਕਿਨ੍ਹਾਂ ਬਰਕਤਾਂ ਦਾ ਅਨੰਦ ਲੈਂਦੇ ਹਨ? ਕੀ ਤੁਹਾਨੂੰ ਇਸਰਾਏਲ ਵਿਚ ਉਹ ਖ਼ੁਸ਼ੀਆਂ ਯਾਦ ਹਨ ਜਦੋਂ ਵਫ਼ਾਦਾਰ ਬਾਦਸ਼ਾਹ ਸੁਲੇਮਾਨ ਰਾਜ ਕਰਦਾ ਸੀ? ਇਹਨੇ ਉਸ ਖ਼ੁਸ਼ੀ ਦੀ ਇਕ ਛੋਟੀ ਜਿਹੀ ਤਸਵੀਰ ਵਿਖਾਈ ਜੋ ਰਾਜੇ ਯਿਸੂ ਦੇ ਅਧੀਨ ਧਰਤੀ ਉੱਤੇ ਹੋਵੇਗੀ।
ਜਿਵੇਂ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ, ਮਨੁੱਖਜਾਤੀ ਵਿਚ ਅਤੇ ਇਨਸਾਨਾਂ ਤਾਂ ਜਾਨਵਰਾਂ ਦਰਮਿਆਨ ਸੱਚੀਂ ਮੁੱਚੀਂ ਸ਼ਾਂਤੀ ਹੋਵੇਗੀ।—ਜ਼ਬੂਰਾਂ ਦੀ ਪੋਥੀ 46:9; ਯਸਾਯਾਹ 11:6-9.
ਜਿਸ ਤਰ੍ਹਾਂ ਯਿਸੂ ਨੇ ਬੀਮਾਰਾਂ ਨੂੰ ਠੀਕ ਕੀਤਾ ਜਦੋਂ ਉਹ ਧਰਤੀ ਤੇ ਸੀ, ਉਸੇ ਤਰ੍ਹਾਂ ਉਹ ਸਾਰੀ ਮਨੁੱਖਜਾਤੀ ਤੋਂ ਬੀਮਾਰੀ ਨੂੰ ਦੂਰ ਕਰੇਗਾ।—ਯਸਾਯਾਹ 33:24.
ਜਿਸ ਤਰ੍ਹਾਂ ਉਸਨੇ ਭੀੜਾਂ ਨੂੰ ਖਾਣਾ ਖੁਆਇਆ, ਉਸੇ ਤਰ੍ਹਾਂ ਉਹ ਸਾਰੀ ਮਨੁੱਖਜਾਤੀ ਲਈ ਖਾਣੇ ਦੀ ਕਮੀ ਦਾ ਅੰਤ ਲਿਆਵੇਗਾ।—ਜ਼ਬੂਰਾਂ ਦੀ ਪੋਥੀ 72:16.
ਜਿਸ ਤਰ੍ਹਾਂ ਉਸਨੇ ਮੁਰਦਿਆਂ ਨੂੰ ਜੀ ਉਠਾਇਆ, ਉਸੇ ਤਰ੍ਹਾਂ ਉਹ ਉਨ੍ਹਾਂ ਮਰੇ ਹੋਇਆਂ ਨੂੰ ਜੀ ਉਠਾਵੇਗਾ ਜਿਨ੍ਹਾਂ ਨੂੰ ਆਪਣੇ ਆਪ ਨੂੰ ਪਰਮੇਸ਼ੁਰ ਦੇ ਰਾਜ ਦੇ ਅਧੀਨ ਕਰਨ ਦਾ ਪੂਰਾ ਮੌਕਾ ਨਹੀਂ ਮਿਲਿਆ।—ਯੂਹੰਨਾ 5:28, 29.
ਹੌਲੀ ਹੌਲੀ, ਉਹ ਮਨੁੱਖਜਾਤੀ ਨੂੰ ਵਾਪਸ ਉਸ ਸੰਪੂਰਣਤਾ ਵਿਚ ਲਿਆਵੇਗਾ ਜਿਹੜੀ ਆਦਮ ਨੇ ਖੋਹ ਦਿੱਤੀ ਸੀ।
ਕੀ ਇਹ ਅਦਭੁਤ ਭਵਿੱਖ ਨਹੀਂ ਹੈ? ਕੀ ਤੁਸੀਂ ਇਹ ਵੇਖਣਾ ਚਾਹੁੰਦੇ ਹੋ? ਤਾਂ ਫਿਰ, ਉਸ ਤਰ੍ਹਾਂ ਚੱਲੋ ਤਾਂਕਿ ਤੁਸੀਂ ਆਪਣੇ ਆਪ ਨੂੰ ਹੁਣ ਪਰਮੇਸ਼ੁਰ ਦੇ ਰਾਜ ਦੇ ਅਧੀਨ ਕਰ ਸਕੋ ਅਤੇ ਇਕ “ਭੇਡ” ਬਣ ਸਕੋ।
ਬਾਈਬਲ ਦਾ ਅਧਿਐਨ ਕਰੋ ਅਤੇ ਯਹੋਵਾਹ ਪਰਮੇਸ਼ੁਰ ਤਾਂ ਯਿਸੂ ਮਸੀਹ ਬਾਰੇ ਜਾਣਕਾਰੀ ਹਾਸਲ ਕਰੋ।—ਯੂਹੰਨਾ 17:3.
ਉਨ੍ਹਾਂ ਨਾਲ ਮੇਲ ਜੋਲ ਰੱਖੋ ਜਿਹੜੇ ਆਪ ਵੀ ਰਾਜ ਦੇ ਅਧੀਨ ਹਨ।—ਇਬਰਾਨੀਆਂ 10:25.
ਰਾਜ ਦੇ ਕਨੂੰਨਾਂ ਨੂੰ ਸਿੱਖੋ ਅਤੇ ਉਨ੍ਹਾਂ ਦੀ ਆਗਿਆ ਪਾਲਣਾ ਕਰੋ।—ਯਸਾਯਾਹ 2:3, 4.
ਯਹੋਵਾਹ ਦੀ ਸੇਵਾ ਕਰਨ ਲਈ ਆਪਣਾ ਜੀਵਨ ਸਮਰਪਣ ਕਰੋ, ਅਤੇ ਬਪਤਿਸਮਾ ਲਵੋ।—ਮੱਤੀ 28:19, 20.
ਬੁਰੀਆਂ ਚੀਜ਼ਾਂ ਤੋਂ ਦੂਰ ਰਵੋ, ਜਿਵੇਂ ਚੋਰੀ ਕਰਨਾ, ਝੂੱਠ ਬੋਲਣਾ, ਬਦਚਲਣੀ, ਅਤੇ ਨਸ਼ੇਬਾਜ਼ੀ, ਜਿਹੜੀਆਂ ਯਹੋਵਾਹ ਪਰਮੇਸ਼ੁਰ ਨੂੰ ਨਾਰਾਜ਼ ਕਰਦੀਆਂ ਹਨ।—1 ਕੁਰਿੰਥੀਆਂ 6:9-11.
ਰਾਜ ਦੀ ਖ਼ੁਸ਼ਖ਼ਬਰੀ ਦੇ ਪ੍ਰਚਾਰ ਵਿਚ ਹਿੱਸਾ ਲਵੋ।—ਮੱਤੀ 24:14.
ਫਿਰ ਪਰਮੇਸ਼ੁਰ ਦੀ ਸਹਾਇਤਾ ਨਾਲ, ਤੁਸੀਂ ਉਹ ਪਰਾਦੀਸ ਸਥਾਪਿਤ ਹੋਇਆ ਵੇਖੋਗੇ ਜਿਹੜਾ ਆਦਮ ਨੇ ਆਪਣੇ ਵੰਸ਼ ਲਈ ਗੁਆ ਦਿੱਤਾ ਸੀ, ਅਤੇ ਤੁਸੀਂ ਇਹ ਵਾਇਦਾ ਪੂਰਾ ਹੋਇਆ ਵੇਖੋਗੇ: “ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.
[ਸਫ਼ੇ 20 ਉੱਤੇ ਚਾਰਟ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
607 ਬੀ.ਸੀ.ਈ. 1914 ਸੀ.ਈ.
ਬੀ.ਸੀ.ਈ. ਸੀ.ਈ.
500 1,000 1,500 2,000 2,520
[ਸਫ਼ੇ 11 ਉੱਤੇ ਤਸਵੀਰਾਂ]
ਅਬਰਾਹਾਮ
ਇਸਹਾਕ
ਯਾਕੂਬ
ਯਹੂਦਾਹ
ਦਾਊਦ
[ਸਫ਼ੇ 14 ਉੱਤੇ ਤਸਵੀਰ]
1,44,000
[ਸਫ਼ੇ 16 ਉੱਤੇ ਤਸਵੀਰਾਂ]
ਆਦਮ
ਯਿਸੂ