ਚਾਨਣ ਨੂੰ ਚੁਣਨ ਵਾਲੇ ਲੋਕਾਂ ਲਈ ਮੁਕਤੀ
“ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ?”—ਜ਼ਬੂਰ 27:1.
1. ਯਹੋਵਾਹ ਨੇ ਸਾਨੂੰ ਜ਼ਿੰਦਗੀ ਦੇਣ ਲਈ ਕਿਹੜੇ ਪ੍ਰਬੰਧ ਕੀਤੇ ਹਨ?
ਯਹੋਵਾਹ ਉਸ ਚਾਨਣ ਦਾ ਸੋਮਾ ਹੈ ਜਿਸ ਨਾਲ ਧਰਤੀ ਉੱਤੇ ਜੀਉਣਾ ਸੰਭਵ ਹੈ। (ਉਤਪਤ 1:2, 14) ਉਹ ਰੂਹਾਨੀ ਚਾਨਣ ਦਾ ਵੀ ਸ੍ਰਿਸ਼ਟੀਕਰਤਾ ਹੈ ਜਿਸ ਨਾਲ ਸ਼ਤਾਨ ਦੀ ਦੁਨੀਆਂ ਦਾ ਘਾਤਕ ਹਨੇਰਾ ਦੂਰ ਹੁੰਦਾ ਹੈ। (ਯਸਾਯਾਹ 60:2; 2 ਕੁਰਿੰਥੀਆਂ 4:6; ਅਫ਼ਸੀਆਂ 5:8-11; 6:12) ਜਿਹੜੇ ਲੋਕ ਚਾਨਣ ਵਿਚ ਚੱਲਣ ਦੀ ਚੋਣ ਕਰਦੇ ਹਨ, ਉਹ ਜ਼ਬੂਰਾਂ ਦੇ ਲਿਖਾਰੀ ਨਾਲ ਮਿਲ ਕੇ ਇਹ ਕਹਿ ਸਕਦੇ ਹਨ: “ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ?” (ਜ਼ਬੂਰ 27:1ੳ) ਪਰ ਜਿਵੇਂ ਯਿਸੂ ਦੇ ਦਿਨਾਂ ਵਿਚ ਹੋਇਆ ਸੀ, ਜਿਹੜੇ ਲੋਕ ਹਨੇਰੇ ਵਿਚ ਚੱਲਣਾ ਪਸੰਦ ਕਰਦੇ ਹਨ, ਉਹ ਸਿਰਫ਼ ਸਜ਼ਾ ਦੀ ਆਸ ਰੱਖ ਸਕਦੇ ਹਨ।—ਯੂਹੰਨਾ 1:9-11; 3:19-21, 36.
2. ਪੁਰਾਣੇ ਸਮਿਆਂ ਵਿਚ ਉਨ੍ਹਾਂ ਲੋਕਾਂ ਨਾਲ ਕੀ ਵਾਪਰਿਆ ਜਿਹੜੇ ਯਹੋਵਾਹ ਦੇ ਚਾਨਣ ਵਿਚ ਨਹੀਂ ਚੱਲੇ ਤੇ ਉਨ੍ਹਾਂ ਦਾ ਕੀ ਹੋਇਆ ਜਿਨ੍ਹਾਂ ਨੇ ਉਸ ਦੇ ਬਚਨ ਵੱਲ ਧਿਆਨ ਦਿੱਤਾ?
2 ਯਸਾਯਾਹ ਦੇ ਦਿਨਾਂ ਵਿਚ ਯਹੋਵਾਹ ਦੇ ਜ਼ਿਆਦਾਤਰ ਨੇਮ-ਬੱਧ ਲੋਕ ਚਾਨਣ ਵਿਚ ਨਹੀਂ ਚੱਲੇ। ਇਸ ਕਰਕੇ ਯਸਾਯਾਹ ਨੇ ਉੱਤਰੀ ਰਾਜ ਇਸਰਾਏਲ ਨੂੰ ਇਕ ਕੌਮ ਦੇ ਤੌਰ ਤੇ ਨਾਸ਼ ਹੁੰਦੇ ਦੇਖਿਆ। ਅਤੇ 607 ਸਾ.ਯੁ.ਪੂ. ਵਿਚ ਯਰੂਸ਼ਲਮ ਤੇ ਉਸ ਦੀ ਹੈਕਲ ਤਬਾਹ ਕਰ ਦਿੱਤੇ ਗਏ ਅਤੇ ਯਹੂਦਾਹ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ। ਪਰ ਜਿਨ੍ਹਾਂ ਲੋਕਾਂ ਨੇ ਯਹੋਵਾਹ ਦੇ ਬਚਨ ਵੱਲ ਧਿਆਨ ਦਿੱਤਾ, ਉਨ੍ਹਾਂ ਨੂੰ ਉਸ ਸਮੇਂ ਦੇ ਧਰਮ-ਤਿਆਗ ਦਾ ਵਿਰੋਧ ਕਰਨ ਦੀ ਤਾਕਤ ਮਿਲੀ। ਸਾਲ 607 ਸਾ.ਯੁ.ਪੂ. ਬਾਰੇ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਜਿਹੜੇ ਉਸ ਦੀ ਗੱਲ ਸੁਣਨਗੇ ਉਹ ਬਚਾਏ ਜਾਣਗੇ। (ਯਿਰਮਿਯਾਹ 21:8, 9) ਅੱਜ ਅਸੀਂ ਜੋ ਚਾਨਣ ਨੂੰ ਪਿਆਰ ਕਰਦੇ ਹਾਂ, ਉਸ ਸਮੇਂ ਦੀਆਂ ਘਟਨਾਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।—ਅਫ਼ਸੀਆਂ 5:5.
ਚਾਨਣ ਵਿਚ ਚੱਲਣ ਵਾਲਿਆਂ ਦੀ ਖ਼ੁਸ਼ੀ
3. ਅੱਜ ਅਸੀਂ ਕੀ ਭਰੋਸਾ ਰੱਖ ਸਕਦੇ ਹਾਂ ਤੇ ਅਸੀਂ ਕਿਹੜੀ “ਧਰਮੀ ਕੌਮ” ਨਾਲ ਪਿਆਰ ਕਰਦੇ ਹਾਂ ਅਤੇ ਉਸ “ਕੌਮ” ਦਾ ਕਿਹੜਾ “ਇੱਕ ਤਕੜਾ ਸ਼ਹਿਰ” ਹੈ?
3 “ਸਾਡਾ ਇੱਕ ਤਕੜਾ ਸ਼ਹਿਰ ਹੈ, ਉਹ ਦੀਆਂ ਕੰਧਾਂ ਤੇ ਸਫੀਲਾਂ [ਪਰਮੇਸ਼ੁਰ] ਨੇ ਮੁਕਤੀ ਠਹਿਰਾਈਆਂ। ਫਾਟਕ ਖੋਲ੍ਹੋ! ਭਈ ਧਰਮੀ ਕੌਮ ਜਿਹੜੀ ਵਫ਼ਾਦਾਰੀ ਦੀ ਪਾਲਨਾ ਕਰਦੀ ਹੈ ਅੰਦਰ ਆਵੇ।” (ਯਸਾਯਾਹ 26:1, 2) ਯਹੋਵਾਹ ਵਿਚ ਭਰੋਸਾ ਰੱਖਣ ਵਾਲੇ ਲੋਕਾਂ ਨੇ ਬੜੀ ਖ਼ੁਸ਼ੀ ਤੇ ਜੋਸ਼ ਨਾਲ ਇਹ ਸ਼ਬਦ ਕਹੇ ਸਨ। ਯਸਾਯਾਹ ਦੇ ਦਿਨਾਂ ਵਿਚ ਵਫ਼ਾਦਾਰ ਯਹੂਦੀਆਂ ਨੇ ਆਪਣੇ ਦੇਸ਼ਵਾਸੀਆਂ ਵਾਂਗ ਝੂਠੇ ਦੇਵਤਿਆਂ ਉੱਤੇ ਭਰੋਸਾ ਨਹੀਂ ਰੱਖਿਆ, ਸਗੋਂ ਯਹੋਵਾਹ ਉੱਤੇ ਭਰੋਸਾ ਰੱਖਿਆ ਕਿ ਸਿਰਫ਼ ਉਹੀ ਉਨ੍ਹਾਂ ਦੀ ਰੱਖਿਆ ਕਰ ਸਕਦਾ ਸੀ। ਅੱਜ ਅਸੀਂ ਵੀ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ। ਇਸ ਤੋਂ ਇਲਾਵਾ, ਅਸੀਂ ਯਹੋਵਾਹ ਦੀ “ਧਰਮੀ ਕੌਮ” ਜਾਂ “ਪਰਮੇਸ਼ੁਰ ਦੇ ਇਸਰਾਏਲ” ਨਾਲ ਪਿਆਰ ਕਰਦੇ ਹਾਂ। (ਗਲਾਤੀਆਂ 6:16; ਮੱਤੀ 21:43) ਯਹੋਵਾਹ ਵੀ ਇਸ ਕੌਮ ਨਾਲ ਪਿਆਰ ਕਰਦਾ ਹੈ ਕਿਉਂਕਿ ਇਹ ਕੌਮ ਵਫ਼ਾਦਾਰ ਹੈ। ਯਹੋਵਾਹ ਦੀ ਬਰਕਤ ਨਾਲ ਉਸ ਦੇ ਇਸਰਾਏਲ ਦਾ ਸੰਗਠਨ ‘ਇੱਕ ਤਕੜੇ ਸ਼ਹਿਰ’ ਵਰਗਾ ਹੈ ਜੋ ਇਸ ਕੌਮ ਦੀ ਮਦਦ ਅਤੇ ਰੱਖਿਆ ਕਰਦਾ ਹੈ।
4. ਸਾਨੂੰ ਕਿਸ ਤਰ੍ਹਾਂ ਦਾ ਮਾਨਸਿਕ ਰਵੱਈਆ ਪੈਦਾ ਕਰਨਾ ਚਾਹੀਦਾ ਹੈ?
4 ਇਸ “ਸ਼ਹਿਰ” ਵਿਚ ਰਹਿਣ ਵਾਲੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ‘ਜਿਹੜਾ ਯਹੋਵਾਹ ਵਿੱਚ ਲਿਵਲੀਨ ਹੈ, ਯਹੋਵਾਹ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈ, ਇਸ ਲਈ ਭਈ ਉਹ ਦਾ ਭਰੋਸਾ ਯਹੋਵਾਹ ਉੱਤੇ ਹੈ।’ ਯਹੋਵਾਹ ਉਨ੍ਹਾਂ ਦੀ ਰਾਖੀ ਕਰਦਾ ਹੈ ਜੋ ਉਸ ਉੱਤੇ ਪੂਰਾ ਭਰੋਸਾ ਰੱਖਦੇ ਹਨ ਅਤੇ ਉਸ ਦੇ ਧਰਮੀ ਅਸੂਲਾਂ ਉੱਤੇ ਚੱਲਦੇ ਹਨ। ਇਸ ਕਰਕੇ ਯਹੂਦਾਹ ਦੇ ਵਫ਼ਾਦਾਰ ਲੋਕਾਂ ਨੇ ਯਸਾਯਾਹ ਦੀ ਇਸ ਸਲਾਹ ਨੂੰ ਮੰਨਿਆ: “ਸਦਾ ਤੀਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਯਾਹ ਯਹੋਵਾਹ ਸਨਾਤਨ ਚਟਾਨ ਹੈ।” (ਯਸਾਯਾਹ 26:3, 4; ਜ਼ਬੂਰ 9:10; 37:3; ਕਹਾਉਤਾਂ 3:5) ਇਹੋ ਜਿਹਾ ਮਾਨਸਿਕ ਰਵੱਈਆ ਰੱਖਣ ਵਾਲੇ ਲੋਕ ਹਮੇਸ਼ਾ “ਯਾਹ ਯਹੋਵਾਹ” ਉੱਤੇ ਭਰੋਸਾ ਰੱਖਦੇ ਹਨ ਕਿ ਉਹੀ ਇੱਕੋ-ਇਕ ਸੁਰੱਖਿਅਤ ਚਟਾਨ ਹੈ। ਉਹ ਉਸ ਨਾਲ “ਪੂਰੀ ਸ਼ਾਂਤੀ” ਦਾ ਆਨੰਦ ਮਾਣਦੇ ਹਨ।—ਫ਼ਿਲਿੱਪੀਆਂ 1:2; 4:6, 7.
ਪਰਮੇਸ਼ੁਰ ਦੇ ਵੈਰੀਆਂ ਦਾ ਘਮੰਡ ਟੁੱਟਿਆ
5, 6. (ੳ) ਪੁਰਾਣੇ ਬਾਬਲ ਦਾ ਘਮੰਡ ਕਿਵੇਂ ਟੁੱਟਿਆ ਸੀ? (ਅ) ‘ਵੱਡੀ ਬਾਬੁਲ’ ਦਾ ਘਮੰਡ ਕਿੱਦਾਂ ਟੁੱਟਿਆ?
5 ਪਰ ਜੇ ਯਹੋਵਾਹ ਵਿਚ ਭਰੋਸਾ ਰੱਖਣ ਵਾਲੇ ਲੋਕ ਦੁੱਖ ਝੱਲਦੇ ਹਨ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ। ਯਹੋਵਾਹ ਕੁਝ ਸਮੇਂ ਲਈ ਦੁੱਖ ਨੂੰ ਇਜਾਜ਼ਤ ਦਿੰਦਾ ਹੈ, ਪਰ ਅਖ਼ੀਰ ਉਹ ਉਨ੍ਹਾਂ ਨੂੰ ਦੁੱਖਾਂ ਤੋਂ ਛੁਡਾਉਂਦਾ ਹੈ ਅਤੇ ਜਿਹੜੇ ਉਨ੍ਹਾਂ ਨੂੰ ਦੁੱਖ ਦਿੰਦੇ ਹਨ, ਉਨ੍ਹਾਂ ਨੂੰ ਸਜ਼ਾ ਦਿੰਦਾ ਹੈ। (2 ਥੱਸਲੁਨੀਕੀਆਂ 1:4-7; 2 ਤਿਮੋਥਿਉਸ 1:8-10) ਇਕ “ਉੱਚੇ ਨਗਰ” ਵੱਲ ਧਿਆਨ ਦਿਓ। ਯਸਾਯਾਹ ਨੇ ਕਿਹਾ: “[ਯਹੋਵਾਹ] ਤਾਂ ਉਤਾਹਾਂ ਰਹਿਣ ਵਾਲਿਆਂ ਨੂੰ, ਉੱਚੇ ਨਗਰ ਸਣੇ ਹੇਠਾਂ ਝੁਕਾਉਂਦਾ ਹੈ, ਉਹ ਉਸ ਨੂੰ ਹੇਠਾਂ ਕਰਦਾ ਹੈ, ਉਹ ਉਸ ਨੂੰ ਧਰਤੀ ਤੀਕ ਹੇਠਾਂ ਕਰਦਾ ਹੈ, ਸਗੋਂ ਉਸ ਨੂੰ ਖ਼ਾਕ ਤੀਕ ਲਾਹ ਦਿੰਦਾ ਹੈ। ਪੈਰ ਉਸ ਨੂੰ ਮਿੱਧਣਗੇ, ਮਸਕੀਨਾਂ ਦੇ ਪੈਰ, ਗਰੀਬਾਂ ਦੇ ਕਦਮ।” (ਯਸਾਯਾਹ 26:5, 6) ਇੱਥੇ ਜ਼ਿਕਰ ਕੀਤਾ ਗਿਆ ਸ਼ਹਿਰ ਸ਼ਾਇਦ ਬਾਬਲ ਹੈ। ਇਸ ਸ਼ਹਿਰ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਬਹੁਤ ਅਤਿਆਚਾਰ ਕੀਤੇ ਸਨ। ਪਰ ਬਾਬਲ ਨਾਲ ਕੀ ਹੋਇਆ? ਸਾਲ 539 ਸਾ.ਯੁ.ਪੂ. ਵਿਚ ਇਹ ਮਾਦੀ-ਫ਼ਾਰਸੀਆਂ ਦੇ ਹੱਥੋਂ ਹਾਰ ਗਿਆ। ਕਿੰਨਾ ਵੱਡਾ ਅਪਮਾਨ!
6 ਸਾਡੇ ਦਿਨਾਂ ਵਿਚ ਯਸਾਯਾਹ ਦੀ ਇਹ ਭਵਿੱਖਬਾਣੀ ਸਾਫ਼-ਸਾਫ਼ ਦੱਸਦੀ ਹੈ ਕਿ 1919 ਵਿਚ ਵੱਡੀ ਬਾਬੁਲ ਨਾਲ ਕੀ ਵਾਪਰਿਆ ਸੀ। ਉਸ ਸਾਲ ਇਸ “ਉੱਚੇ ਨਗਰ” ਦਾ ਅਪਮਾਨਜਨਕ ਪਤਨ ਹੋਇਆ ਜਦੋਂ ਇਸ ਨੂੰ ਮਜਬੂਰ ਹੋ ਕੇ ਯਹੋਵਾਹ ਦੇ ਲੋਕਾਂ ਨੂੰ ਰੂਹਾਨੀ ਕੈਦ ਵਿੱਚੋਂ ਛੱਡਣਾ ਪਿਆ। (ਪਰਕਾਸ਼ ਦੀ ਪੋਥੀ 14:8) ਇਸ ਤੋਂ ਬਾਅਦ ਜੋ ਹੋਇਆ, ਉਹ ਹੋਰ ਵੀ ਅਪਮਾਨਜਨਕ ਸੀ। ਮਸੀਹੀਆਂ ਦੇ ਉਸ ਛੋਟੇ ਜਿਹੇ ਸਮੂਹ ਨੇ ਆਪਣੇ ਪੁਰਾਣੇ ਬੰਦੀਕਾਰ ਨੂੰ ‘ਮਿੱਧਣਾ’ ਸ਼ੁਰੂ ਕਰ ਦਿੱਤਾ। ਸਾਲ 1922 ਵਿਚ ਉਨ੍ਹਾਂ ਨੇ ਈਸਾਈ-ਜਗਤ ਦੇ ਅੰਤ ਬਾਰੇ ਖੁੱਲ੍ਹੇ-ਆਮ ਦੱਸਣਾ ਸ਼ੁਰੂ ਕੀਤਾ। ਉਨ੍ਹਾਂ ਨੇ ਪਰਕਾਸ਼ ਦੀ ਪੋਥੀ 8:7-12 ਵਿਚ ਦੱਸੇ ਚਾਰ ਦੂਤਾਂ ਦੇ ਤੁਰ੍ਹੀਆਂ ਦੇ ਸੁਨੇਹਿਆਂ ਦਾ ਅਤੇ ਪਰਕਾਸ਼ ਦੀ ਪੋਥੀ 9:1–11:15 ਵਿਚ ਦੱਸੀਆਂ ਤਿੰਨ ਬਿਪਤਾਵਾਂ ਦਾ ਐਲਾਨ ਕੀਤਾ।
“ਧਰਮੀ ਦਾ ਮਾਰਗ ਸਿੱਧਾ ਹੈ”
7. ਜਿਹੜੇ ਯਹੋਵਾਹ ਦੇ ਚਾਨਣ ਵੱਲ ਮੁੜਦੇ ਹਨ, ਉਨ੍ਹਾਂ ਨੂੰ ਕਿਹੜੀ ਅਗਵਾਈ ਮਿਲਦੀ ਹੈ ਅਤੇ ਉਹ ਕਿਸ ਉੱਤੇ ਭਰੋਸਾ ਰੱਖਦੇ ਹਨ ਤੇ ਕਿਸ ਚੀਜ਼ ਨਾਲ ਪਿਆਰ ਕਰਦੇ ਹਨ?
7 ਯਹੋਵਾਹ ਉਨ੍ਹਾਂ ਲੋਕਾਂ ਨੂੰ ਮੁਕਤੀ ਦਿੰਦਾ ਹੈ ਜਿਹੜੇ ਉਸ ਦੇ ਚਾਨਣ ਵੱਲ ਮੁੜਦੇ ਹਨ ਅਤੇ ਉਹ ਉਨ੍ਹਾਂ ਦੀ ਅਗਵਾਈ ਕਰਦਾ ਹੈ ਜਿਵੇਂ ਯਸਾਯਾਹ ਦੇ ਅਗਲੇ ਸ਼ਬਦ ਦੱਸਦੇ ਹਨ: “ਧਰਮੀ ਦਾ ਮਾਰਗ ਸਿੱਧਾ ਹੈ, ਤੂੰ ਜੋ ਸਿੱਧਾ ਹੈਂ ਧਰਮੀ ਦਾ ਰਾਹ ਪੱਧਰਾ ਕਰਦਾ ਹੈਂ। ਹਾਂ, ਤੇਰੇ ਨਿਆਉਂ ਦੇ ਮਾਰਗ ਵਿੱਚ, ਹੇ ਯਹੋਵਾਹ, ਅਸੀਂ ਤੈਨੂੰ ਉਡੀਕਦੇ ਹਾਂ, ਤੇਰੇ ਨਾਮ ਲਈ ਅਰ ਤੇਰੀ ਯਾਦ ਲਈ ਸਾਡੇ ਜੀ ਦੀ ਇੱਛਿਆ ਹੈ।” (ਯਸਾਯਾਹ 26:7, 8) ਯਹੋਵਾਹ ਇਕ ਧਰਮੀ ਪਰਮੇਸ਼ੁਰ ਹੈ ਅਤੇ ਜਿਹੜੇ ਉਸ ਦੀ ਭਗਤੀ ਕਰਦੇ ਹਨ, ਉਨ੍ਹਾਂ ਨੂੰ ਉਸ ਦੇ ਧਰਮੀ ਅਸੂਲਾਂ ਉੱਤੇ ਚੱਲਣਾ ਪਵੇਗਾ। ਜਦੋਂ ਉਹ ਚੱਲਦੇ ਹਨ, ਤਾਂ ਯਹੋਵਾਹ ਉਨ੍ਹਾਂ ਦੀ ਅਗਵਾਈ ਕਰਦਾ ਹੈ ਅਤੇ ਉਨ੍ਹਾਂ ਦੇ ਰਾਹ ਨੂੰ ਪੱਧਰਾ ਕਰਦਾ ਹੈ। ਉਸ ਦੀ ਅਗਵਾਈ ਵਿਚ ਚੱਲ ਕੇ ਇਹ ਨਿਮਰ ਲੋਕ ਦਿਖਾਉਂਦੇ ਹਨ ਕਿ ਉਹ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ ਅਤੇ ਉਸ ਦੇ ਨਾਂ—ਉਸ ਦੀ “ਯਾਦਗਾਰੀ”—ਨਾਲ ਪੂਰੇ ਦਿਲ ਨਾਲ ਪਿਆਰ ਕਰਦੇ ਹਨ।—ਕੂਚ 3:15.
8. ਯਸਾਯਾਹ ਨੇ ਕਿਹੜਾ ਮਿਸਾਲੀ ਰਵੱਈਆ ਦਿਖਾਇਆ?
8 ਯਸਾਯਾਹ ਵੀ ਯਹੋਵਾਹ ਦੇ ਨਾਂ ਨਾਲ ਪ੍ਰੀਤ ਰੱਖਦਾ ਸੀ। ਇਹ ਗੱਲ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਚੱਲਦੀ ਹੈ: “ਰਾਤ ਨੂੰ ਮੇਰਾ ਜੀ ਤੈਨੂੰ ਉਡੀਕਦਾ ਹੈ, ਹਾਂ, ਮੇਰਾ ਆਤਮਾ ਮੇਰੇ ਅੰਦਰ ਤੈਨੂੰ ਤਰਸਦਾ ਹੈ, ਜਦ ਕਿ ਤੇਰਾ ਨਿਆਉਂ ਧਰਤੀ ਉੱਤੇ ਹੈ, ਤਾਂ ਜਗਤ ਦੇ ਵਾਸੀ ਧਰਮ ਸਿੱਖਦੇ ਹਨ।” (ਯਸਾਯਾਹ 26:9) ਯਸਾਯਾਹ ‘ਆਪਣੇ ਜੀ’ ਜਾਂ ਪੂਰੇ ਦਿਲ ਨਾਲ ਯਹੋਵਾਹ ਨੂੰ ਉਡੀਕਦਾ ਸੀ। ਜ਼ਰਾ ਕਲਪਨਾ ਕਰੋ ਕਿ ਯਸਾਯਾਹ ਰਾਤ ਦੇ ਸ਼ਾਂਤ ਮਾਹੌਲ ਵਿਚ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੈ। ਉਹ ਪਰਮੇਸ਼ੁਰ ਨੂੰ ਆਪਣੇ ਦਿਲ ਦੀ ਗੱਲ ਦੱਸਦਾ ਹੈ ਅਤੇ ਪੂਰੇ ਮਨ ਨਾਲ ਉਸ ਦੀ ਅਗਵਾਈ ਮੰਗਦਾ ਹੈ। ਸਾਡੇ ਲਈ ਕਿੰਨੀ ਵਧੀਆ ਮਿਸਾਲ! ਇਸ ਤੋਂ ਇਲਾਵਾ ਯਸਾਯਾਹ ਨੇ ਯਹੋਵਾਹ ਦੇ ਨਿਆਂਪੂਰਣ ਕੰਮਾਂ ਤੋਂ ਧਾਰਮਿਕਤਾ ਸਿੱਖੀ। ਇਸ ਵਿਚ ਉਹ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ਹਮੇਸ਼ਾ ਜਾਗਦੇ ਰਹਿਣਾ ਚਾਹੀਦਾ ਹੈ ਅਤੇ ਯਹੋਵਾਹ ਦੀ ਇੱਛਾ ਨੂੰ ਜਾਣਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਕੁਝ ਲੋਕ ਹਨੇਰੇ ਨੂੰ ਚੁਣਦੇ ਹਨ
9, 10. ਯਹੋਵਾਹ ਨੇ ਆਪਣੀ ਬੇਕਦਰੀ ਕੌਮ ਉੱਤੇ ਕਿੱਦਾਂ ਦਇਆ ਕੀਤੀ, ਪਰ ਉਨ੍ਹਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਸੀ?
9 ਯਹੋਵਾਹ ਨੇ ਯਹੂਦਾਹ ਨਾਲ ਬਹੁਤ ਪਿਆਰ ਕੀਤਾ ਤੇ ਉਸ ਤੇ ਵੱਡੀ ਦਇਆ ਦਿਖਾਈ, ਪਰ ਦੁੱਖ ਦੀ ਗੱਲ ਇਹ ਹੈ ਕਿ ਸਾਰੇ ਯਹੂਦੀਆਂ ਨੇ ਇਸ ਦੀ ਕੋਈ ਕਦਰ ਨਹੀਂ ਕੀਤੀ। ਜ਼ਿਆਦਾਤਰ ਯਹੂਦੀ ਵਾਰ-ਵਾਰ ਯਹੋਵਾਹ ਵਿਰੁੱਧ ਬਗਾਵਤ ਕਰਦੇ ਰਹੇ ਅਤੇ ਯਹੋਵਾਹ ਦੀ ਸੱਚਾਈ ਦੇ ਚਾਨਣ ਵਿਚ ਚੱਲਣ ਦੀ ਬਜਾਇ ਉਨ੍ਹਾਂ ਨੇ ਧਰਮ-ਤਿਆਗ ਦਾ ਰਾਹ ਚੁਣਿਆ। ਯਸਾਯਾਹ ਨੇ ਕਿਹਾ: “ਭਾਵੇਂ ਦੁਸ਼ਟ ਉੱਤੇ ਕਿਰਪਾ ਹੋਵੇ, ਪਰ ਉਹ ਧਰਮ ਨਹੀਂ ਸਿੱਖੇਗਾ, ਸਿਧਿਆਈ ਦੇ ਦੇਸ ਵਿੱਚ ਭੀ ਉਹ ਉਲਟਾ ਕੰਮ ਕਰੇਗਾ, ਅਤੇ ਯਹੋਵਾਹ ਦਾ ਤੇਜ ਨਾ ਵੇਖੇਗਾ।”—ਯਸਾਯਾਹ 26:10.
10 ਯਸਾਯਾਹ ਦੇ ਦਿਨਾਂ ਵਿਚ ਯਹੋਵਾਹ ਨੇ ਯਹੂਦਾਹ ਦੇ ਵੈਰੀਆਂ ਤੋਂ ਉਸ ਦੀ ਰੱਖਿਆ ਕੀਤੀ। ਪਰ ਜ਼ਿਆਦਾਤਰ ਯਹੂਦੀਆਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਯਹੋਵਾਹ ਨੇ ਉਨ੍ਹਾਂ ਨੂੰ ਸ਼ਾਂਤੀ ਬਖ਼ਸ਼ੀ, ਪਰ ਉਸ ਕੌਮ ਨੇ ਯਹੋਵਾਹ ਦਾ ਸ਼ੁਕਰ ਨਹੀਂ ਕੀਤਾ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਤਾਂਕਿ ਉਹ “ਹੋਰਨਾਂ ਪ੍ਰਭੁਆਂ” ਦੀ ਸੇਵਾ ਕਰਨ। ਅਤੇ ਅਖ਼ੀਰ 607 ਸਾ.ਯੁ.ਪੂ. ਵਿਚ ਬਾਬਲੀ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਲੈ ਗਏ। (ਯਸਾਯਾਹ 26:11-13) ਪਰ ਫਿਰ ਵੀ ਯਹੋਵਾਹ ਨੇ ਬਾਅਦ ਵਿਚ ਉਸ ਕੌਮ ਦੇ ਕੁਝ ਪਸ਼ਚਾਤਾਪੀ ਲੋਕਾਂ ਨੂੰ ਆਪਣੇ ਵਤਨ ਵਾਪਸ ਲਿਆਂਦਾ।
11, 12. (ੳ) ਯਹੂਦਾਹ ਦੇ ਬੰਦੀਕਾਰਾਂ ਦਾ ਭਵਿੱਖ ਕਿਹੋ ਜਿਹਾ ਸੀ? (ਅ) ਸਾਲ 1919 ਵਿਚ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਦੇ ਬੰਦੀਕਾਰਾਂ ਦਾ ਕੀ ਭਵਿੱਖ ਸੀ?
11 ਯਹੂਦਾਹ ਨੂੰ ਗ਼ੁਲਾਮ ਬਣਾਉਣ ਵਾਲਿਆਂ ਦਾ ਕੀ ਹਸ਼ਰ ਹੋਇਆ? ਯਸਾਯਾਹ ਨੇ ਭਵਿੱਖਬਾਣੀ ਕੀਤੀ: “ਓਹ ਮੁਰਦੇ ਹਨ, ਓਹ ਨਾ ਜੀਉਣਗੇ, ਓਹ ਭੂਤਨੇ ਹਨ, ਓਹ ਨਾ ਉੱਠਣਗੇ, ਐਉਂ ਤੈਂ ਓਹਨਾਂ ਦੀ ਖਬਰ ਲਈ ਅਤੇ ਓਹਨਾਂ ਨੂੰ ਗੁਲ ਕਰ ਦਿੱਤਾ, ਅਤੇ ਓਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ।” (ਯਸਾਯਾਹ 26:14) ਜੀ ਹਾਂ, 539 ਸਾ.ਯੁ.ਪੂ. ਵਿਚ ਬਾਬਲ ਦੇ ਪਤਨ ਮਗਰੋਂ ਉਸ ਦਾ ਭਵਿੱਖ ਧੁੰਦਲਾ ਹੋ ਗਿਆ। ਬਾਅਦ ਵਿਚ ਇਹ ਸ਼ਹਿਰ ਤਬਾਹ ਹੋ ਜਾਣਾ ਸੀ। ਇਸ ਨੇ “ਮੁਰਦੇ” ਵਾਂਗ ਹੋਣਾ ਸੀ। ਇਸ ਵੱਡੇ ਸਾਮਰਾਜ ਨੇ ਇਤਿਹਾਸ ਦੀਆਂ ਕਿਤਾਬਾਂ ਵਿਚ ਸਿਰਫ਼ ਕਹਾਣੀ ਬਣ ਕੇ ਰਹਿ ਜਾਣਾ ਸੀ। ਇਹ ਉਨ੍ਹਾਂ ਲੋਕਾਂ ਲਈ ਕਿੰਨੀ ਜ਼ਬਰਦਸਤ ਚੇਤਾਵਨੀ ਹੈ ਜਿਹੜੇ ਇਸ ਸੰਸਾਰ ਦੀਆਂ ਸ਼ਕਤੀਸ਼ਾਲੀ ਹਸਤੀਆਂ ਉੱਤੇ ਆਸਾਂ ਲਾਈ ਬੈਠੇ ਹਨ!
12 ਇਸ ਭਵਿੱਖਬਾਣੀ ਦੀਆਂ ਕੁਝ ਗੱਲਾਂ ਉਸ ਵੇਲੇ ਵੀ ਪੂਰੀਆਂ ਹੋਈਆਂ ਜਦੋਂ ਪਰਮੇਸ਼ੁਰ ਨੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਨੂੰ 1918 ਵਿਚ ਰੂਹਾਨੀ ਗ਼ੁਲਾਮੀ ਵਿਚ ਜਾਣ ਦਿੱਤਾ ਅਤੇ ਫਿਰ 1919 ਵਿਚ ਉਨ੍ਹਾਂ ਨੂੰ ਆਜ਼ਾਦ ਕਰਵਾਇਆ। ਉਸ ਸਮੇਂ ਤੋਂ ਉਨ੍ਹਾਂ ਦੇ ਬੰਦੀਕਾਰਾਂ, ਖ਼ਾਸ ਕਰਕੇ ਈਸਾਈ-ਜਗਤ ਦਾ ਭਵਿੱਖ ਹਨੇਰਾ ਹੋ ਗਿਆ। ਪਰ ਯਹੋਵਾਹ ਦੇ ਲੋਕਾਂ ਨੂੰ ਭਰਪੂਰ ਬਰਕਤਾਂ ਮਿਲਣੀਆਂ ਸਨ।
“ਤੈਂ ਕੌਮ ਨੂੰ ਵਧਾਇਆ”
13, 14. ਸਾਲ 1919 ਤੋਂ ਯਹੋਵਾਹ ਆਪਣੇ ਮਸਹ ਕੀਤੇ ਹੋਏ ਸੇਵਕਾਂ ਨੂੰ ਕਿਹੜੀਆਂ ਬਰਕਤਾਂ ਦੇ ਰਿਹਾ ਹੈ?
13 ਸਾਲ 1919 ਵਿਚ ਪਰਮੇਸ਼ੁਰ ਨੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਦੀ ਤੋਬਾ ਦੇਖ ਕੇ ਉਨ੍ਹਾਂ ਨੂੰ ਬਰਕਤ ਦਿੱਤੀ ਜਿਸ ਕਰਕੇ ਉਨ੍ਹਾਂ ਦੀ ਗਿਣਤੀ ਵਧਣ ਲੱਗੀ। ਪਹਿਲਾਂ ਪਰਮੇਸ਼ੁਰ ਦੇ ਇਸਰਾਏਲ ਦੇ ਬਾਕੀ ਮੈਂਬਰਾਂ ਨੂੰ ਇਕੱਠਾ ਕਰਨ ਵੱਲ ਧਿਆਨ ਦਿੱਤਾ ਗਿਆ ਅਤੇ ਫਿਰ ‘ਹੋਰ ਭੇਡਾਂ’ ਦੀ “ਵੱਡੀ ਭੀੜ” ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਗਿਆ। (ਪਰਕਾਸ਼ ਦੀ ਪੋਥੀ 7:9; ਯੂਹੰਨਾ 10:16) ਯਸਾਯਾਹ ਦੀ ਭਵਿੱਖਬਾਣੀ ਵਿਚ ਇਨ੍ਹਾਂ ਬਰਕਤਾਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ: “ਯਹੋਵਾਹ, ਤੈਂ ਕੌਮ ਨੂੰ ਵਧਾਇਆ, ਤੈਂ ਕੌਮ ਨੂੰ ਵਧਾਇਆ, ਤੈਂ ਜਲਾਲ ਪਾਇਆ, ਤੈਂ ਦੇਸ ਦੀਆਂ ਹੱਦਾਂ ਨੂੰ ਦੂਰ ਦੂਰ ਫੈਲਾਇਆ। ਹੇ ਯਹੋਵਾਹ, ਦੁਖ ਵਿੱਚ ਓਹਨਾਂ ਨੇ ਤੈਨੂੰ ਤੱਕਿਆ, ਜਦ ਤੇਰਾ ਦਬਕਾ ਓਹਨਾਂ ਉੱਤੇ ਹੋਇਆ, ਤਾਂ ਓਹ ਹੌਲੀ ਹੌਲੀ ਪ੍ਰਾਰਥਨਾ ਕਰਨ ਲੱਗੇ।”—ਯਸਾਯਾਹ 26:15, 16.
14 ਅੱਜ ਪਰਮੇਸ਼ੁਰ ਦੇ ਇਸਰਾਏਲ ਦੀਆਂ “ਹੱਦਾਂ” ਸਾਰੀ ਧਰਤੀ ਉੱਤੇ ਫੈਲੀਆਂ ਹੋਈਆਂ ਹਨ। ਵੱਡੀ ਭੀੜ ਜਿਸ ਦੀ ਗਿਣਤੀ ਕੁਝ 60 ਲੱਖ ਹੈ, ਇਸ ਰੂਹਾਨੀ ਕੌਮ ਨਾਲ ਰਲ ਕੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੀ ਹੈ। (ਮੱਤੀ 24:14) ਯਹੋਵਾਹ ਨੇ ਕਿੰਨੀ ਵੱਡੀ ਬਰਕਤ ਦਿੱਤੀ ਹੈ! ਅਤੇ ਇਸ ਨਾਲ ਉਸ ਦੇ ਨਾਂ ਦੀ ਕਿੰਨੀ ਮਹਿਮਾ ਹੁੰਦੀ ਹੈ! ਯਹੋਵਾਹ ਦੇ ਨਾਂ ਦਾ ਪ੍ਰਚਾਰ ਅੱਜ 235 ਦੇਸ਼ਾਂ ਵਿਚ ਕੀਤਾ ਜਾ ਰਿਹਾ ਹੈ। ਇਹ ਉਸ ਦੇ ਵਾਅਦੇ ਦੀ ਸ਼ਾਨਦਾਰ ਪੂਰਤੀ ਹੈ।
15. ਸਾਲ 1919 ਵਿਚ ਕਿਹੜਾ ਲਾਖਣਿਕ ਪੁਨਰ-ਉਥਾਨ ਹੋਇਆ ਸੀ?
15 ਬਾਬਲ ਦੀ ਗ਼ੁਲਾਮੀ ਤੋਂ ਛੁੱਟਣ ਲਈ ਯਹੂਦੀਆਂ ਨੂੰ ਯਹੋਵਾਹ ਦੀ ਮਦਦ ਦੀ ਲੋੜ ਸੀ। ਉਹ ਆਪਣੀ ਤਾਕਤ ਨਾਲ ਗ਼ੁਲਾਮੀ ਤੋਂ ਨਹੀਂ ਛੁੱਟ ਸਕਦੇ ਸਨ। (ਯਸਾਯਾਹ 26:17, 18) ਇਸੇ ਤਰ੍ਹਾਂ 1919 ਵਿਚ ਪਰਮੇਸ਼ੁਰ ਦੇ ਇਸਰਾਏਲ ਦੀ ਰਿਹਾਈ ਯਹੋਵਾਹ ਦੀ ਮਦਦ ਦਾ ਸਬੂਤ ਸੀ। ਉਸ ਦੀ ਮਦਦ ਤੋਂ ਬਿਨਾਂ ਉਹ ਕਦੀ ਵੀ ਨਹੀਂ ਛੁੱਟ ਸਕਦੇ ਸਨ। ਉਨ੍ਹਾਂ ਦੀ ਹਾਲਤ ਵਿਚ ਆਈ ਤਬਦੀਲੀ ਇੰਨੀ ਹੈਰਾਨੀਜਨਕ ਸੀ ਕਿ ਯਸਾਯਾਹ ਨੇ ਇਸ ਦੀ ਤੁਲਨਾ ਪੁਨਰ-ਉਥਾਨ ਨਾਲ ਕੀਤੀ: “ਸਾਡੇ ਮਰੇ ਹੋਏ ਲੋਕ ਦੁਬਾਰਾ ਜੀ ਉੱਠਣਗੇ, ਅਤੇ ਉਹਨਾਂ ਦੇ ਮੁਰਦੇ ਸਰੀਰਾਂ ਵਿਚ ਫਿਰ ਪ੍ਰਾਣ ਆ ਜਾਣਗੇ। ਉਹ ਸਭ ਜੋ ਆਪਣੀਆਂ ਕਬਰਾਂ ਵਿਚ ਸੌਂ ਰਹੇ ਹਨ, ਉਹ ਜਾਗਣਗੇ ਅਤੇ ਖ਼ੁਸ਼ੀ ਦੇ ਗੀਤ ਗਾਉਣਗੇ। ਜਿਸ ਤਰ੍ਹਾਂ ਤ੍ਰੇਲ ਧਰਤੀ ਨੂੰ ਠੰਡਕ ਦਿੰਦੀ ਹੈ, ਉਸੇ ਤਰ੍ਹਾਂ ਪ੍ਰਭੂ ਉਹਨਾਂ ਸਭ ਨੂੰ, ਜੋ ਬਹੁਤ ਸਮਾਂ ਪਹਿਲਾਂ ਮਰ ਚੁੱਕੇ ਹਨ, ਨਵਾਂ ਜੀਵਨ ਦੇਵੇਗਾ।” (ਯਸਾਯਾਹ 26:19, ਪਵਿੱਤਰ ਬਾਈਬਲ ਨਵਾਂ ਅਨੁਵਾਦ; ਪਰਕਾਸ਼ ਦੀ ਪੋਥੀ 11:7-11) ਜੀ ਹਾਂ, ਜਿਹੜੇ ਲੋਕ ਮਰ ਚੁੱਕੇ ਹਨ ਉਹ ਫਿਰ ਤੋਂ ਕੰਮ ਕਰਨ ਲਈ ਨਵੀਂ ਜ਼ਿੰਦਗੀ ਹਾਸਲ ਕਰਨਗੇ!
ਖ਼ਤਰਨਾਕ ਸਮਿਆਂ ਵਿਚ ਸੁਰੱਖਿਆ
16, 17. (ੳ) ਸਾਲ 539 ਸਾ.ਯੁ.ਪੂ. ਵਿਚ ਬਾਬਲ ਦੇ ਪਤਨ ਵੇਲੇ ਯਹੂਦੀਆਂ ਨੂੰ ਬਚਣ ਲਈ ਕੀ ਕਰਨ ਦੀ ਲੋੜ ਸੀ? (ਅ) ਅੱਜ “ਕੋਠੜੀਆਂ” ਸ਼ਾਇਦ ਕੀ ਹਨ ਅਤੇ ਉਨ੍ਹਾਂ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
16 ਯਹੋਵਾਹ ਦੇ ਸੇਵਕਾਂ ਨੂੰ ਹਮੇਸ਼ਾ ਇਹ ਲੋੜ ਰਹੀ ਹੈ ਕਿ ਉਹ ਉਨ੍ਹਾਂ ਦੀ ਰੱਖਿਆ ਕਰੇ। ਪਰ ਜਲਦੀ ਹੀ ਉਹ ਆਖ਼ਰੀ ਵਾਰ ਸ਼ਤਾਨ ਦੇ ਸੰਸਾਰ ਵਿਰੁੱਧ ਆਪਣਾ ਹੱਥ ਚੁੱਕੇਗਾ ਅਤੇ ਉਸ ਵੇਲੇ ਯਹੋਵਾਹ ਦੇ ਉਪਾਸਕਾਂ ਨੂੰ ਉਸ ਦੀ ਮਦਦ ਦੀ ਇੰਨੀ ਲੋੜ ਪਏਗੀ ਜਿੰਨੀ ਪਹਿਲਾਂ ਕਦੀ ਨਹੀਂ ਪਈ। (1 ਯੂਹੰਨਾ 5:19) ਉਸ ਖ਼ਤਰਨਾਕ ਸਮੇਂ ਬਾਰੇ ਯਹੋਵਾਹ ਸਾਨੂੰ ਚੇਤਾਵਨੀ ਦਿੰਦਾ ਹੈ: “ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਆਪਣੇ ਉੱਤੇ ਭੇੜ ਲੈ, ਥੋੜੇ ਚਿਰ ਲਈ ਆਪ ਨੂੰ ਲੁਕਾ, ਜਦ ਤੀਕ ਕਹਿਰ ਟਲ ਨਾ ਜਾਵੇ। ਵੇਖੋ ਤਾਂ, ਯਹੋਵਾਹ ਆਪਣੇ ਅਸਥਾਨ ਤੋਂ ਨਿੱਕਲ ਰਿਹਾ ਹੈ, ਭਈ ਉਹ ਧਰਤੀ ਦੇ ਵਾਸੀਆਂ ਦੇ ਉੱਤੇ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵੇ। ਧਰਤੀ ਆਪਣਾ ਖੂਨ ਪਰਗਟ ਕਰੇਗੀ, ਅਤੇ ਫੇਰ ਆਪਣੇ ਵੱਢੇ ਹੋਇਆਂ ਨੂੰ ਨਾ ਢੱਕੇਗੀ।” (ਯਸਾਯਾਹ 26:20, 21; ਸਫ਼ਨਯਾਹ 1:14) ਇਸ ਚੇਤਾਵਨੀ ਨੇ ਯਹੂਦੀਆਂ ਨੂੰ ਦਿਖਾਇਆ ਕਿ ਉਹ 539 ਸਾ.ਯੁ.ਪੂ. ਵਿਚ ਬਾਬਲ ਦੇ ਪਤਨ ਵੇਲੇ ਆਪਣੇ ਆਪ ਨੂੰ ਕਿੱਦਾਂ ਬਚਾ ਸਕਦੇ ਸਨ। ਜਿਨ੍ਹਾਂ ਨੇ ਇਸ ਚੇਤਾਵਨੀ ਵੱਲ ਧਿਆਨ ਦਿੱਤਾ ਸੀ, ਉਹ ਆਪਣੇ ਘਰਾਂ ਤੋਂ ਬਾਹਰ ਨਹੀਂ ਆਏ ਹੋਣੇ ਜਿਸ ਕਰਕੇ ਉਹ ਗਲੀਆਂ ਵਿਚ ਕੱਟ-ਵੱਢ ਕਰ ਰਹੇ ਫ਼ੌਜੀਆਂ ਤੋਂ ਬਚ ਗਏ।
17 ਭਵਿੱਖਬਾਣੀ ਵਿਚ ਜ਼ਿਕਰ ਕੀਤੀਆਂ ਗਈਆਂ “ਕੋਠੜੀਆਂ” ਅੱਜ ਸ਼ਾਇਦ ਪੂਰੇ ਸੰਸਾਰ ਵਿਚ ਯਹੋਵਾਹ ਦੇ ਲੋਕਾਂ ਦੀਆਂ ਹਜ਼ਾਰਾਂ ਕਲੀਸਿਯਾਵਾਂ ਨੂੰ ਦਰਸਾਉਂਦੀਆਂ ਹਨ। ਇਹ ਕਲੀਸਿਯਾਵਾਂ ਮਸੀਹੀਆਂ ਨੂੰ ਹੁਣ ਵੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਕਲੀਸਿਯਾ ਵਿਚ ਮਸੀਹੀ ਆਪਣੇ ਭਰਾਵਾਂ ਵਿਚਕਾਰ ਅਤੇ ਬਜ਼ੁਰਗਾਂ ਦੀ ਪਿਆਰ ਭਰੀ ਦੇਖ-ਭਾਲ ਅਧੀਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। (ਯਸਾਯਾਹ 32:1, 2; ਇਬਰਾਨੀਆਂ 10:24, 25) ਇਸ ਰੀਤੀ-ਵਿਵਸਥਾ ਦਾ ਅੰਤ ਨਜ਼ਦੀਕ ਹੋਣ ਕਰਕੇ ਇਹ ਗੱਲ ਹੋਰ ਵੀ ਸੱਚ ਹੈ ਕਿਉਂਕਿ ਅੰਤ ਵੇਲੇ ਸਾਡਾ ਬਚਾਅ ਸਾਡੀ ਆਗਿਆਕਾਰਤਾ ਉੱਤੇ ਨਿਰਭਰ ਹੋਵੇਗਾ।—ਸਫ਼ਨਯਾਹ 2:3.
18. ਯਹੋਵਾਹ ਕਿਵੇਂ ਜਲਦੀ ਹੀ ਉਸ “ਸਰਾਲ ਨੂੰ ਜਿਹੜੀ ਸਮੁੰਦਰ ਵਿਚ ਹੈ ਕਤਲ ਕਰੇਗਾ”?
18 ਉਸ ਸਮੇਂ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ: “ਓਸ ਦਿਨ ਯਹੋਵਾਹ ਆਪਣੀ ਤਿੱਖੀ, ਵੱਡੀ ਤੇ ਤਕੜੀ ਤਲਵਾਰ ਨਾਲ ਲਿਵਯਾਥਾਨ ਨੱਠਣ ਵਾਲੇ ਸੱਪ ਉੱਤੇ ਅਰਥਾਤ ਲਿਵਯਾਥਾਨ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾ ਅਤੇ ਉਸ ਸਰਾਲ ਨੂੰ ਜਿਹੜੀ ਸਮੁੰਦਰ ਵਿੱਚ ਹੈ ਕਤਲ ਕਰੇਗਾ।” (ਯਸਾਯਾਹ 27:1) ਅੱਜ “ਲਿਵਯਾਥਾਨ” ਕੌਣ ਹੈ? ਸਪੱਸ਼ਟ ਤੌਰ ਤੇ ਇਹ “ਪੁਰਾਣਾ ਸੱਪ” ਅਰਥਾਤ ਸ਼ਤਾਨ ਅਤੇ ਉਸ ਦੀ ਦੁਸ਼ਟ ਰੀਤੀ-ਵਿਵਸਥਾ ਨੂੰ ਦਰਸਾਉਂਦਾ ਹੈ ਜਿਸ ਨੂੰ ਉਹ ਪਰਮੇਸ਼ੁਰ ਦੇ ਇਸਰਾਏਲ ਨਾਲ ਲੜਾਈ ਕਰਨ ਲਈ ਵਰਤਦਾ ਹੈ। (ਪਰਕਾਸ਼ ਦੀ ਪੋਥੀ 12:9, 10, 17; 13:14, 16, 17) ਸਾਲ 1919 ਵਿਚ ਪਰਮੇਸ਼ੁਰ ਦੇ ਲੋਕ ਇਸ ਲਿਵਯਾਥਾਨ ਦੀ ਗਰਿਫਤ ਤੋਂ ਆਜ਼ਾਦ ਹੋ ਗਏ। ਸਮਾਂ ਆਉਣ ਤੇ ਇਹ ਲਿਵਯਾਥਾਨ ਸਦਾ ਲਈ ਖ਼ਤਮ ਹੋ ਜਾਵੇਗਾ। (ਪਰਕਾਸ਼ ਦੀ ਪੋਥੀ 19:19-21; 20:1-3, 10) ਇਸ ਤਰ੍ਹਾਂ ਯਹੋਵਾਹ ਇਸ “ਸਰਾਲ ਨੂੰ ਜਿਹੜੀ ਸਮੁੰਦਰ ਵਿਚ ਹੈ ਕਤਲ ਕਰੇਗਾ।” ਇਸ ਦੌਰਾਨ, ਲਿਵਯਾਥਾਨ ਵੱਲੋਂ ਯਹੋਵਾਹ ਦੇ ਲੋਕਾਂ ਉੱਤੇ ਕੀਤਾ ਕੋਈ ਵੀ ਵਾਰ ਜ਼ਿਆਦਾ ਦੇਰ ਤਕ ਕਾਮਯਾਬ ਨਹੀਂ ਹੋਵੇਗਾ। (ਯਸਾਯਾਹ 54:17) ਇਹ ਭਰੋਸਾ ਪਾ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ!
“ਇੱਕ ਰਸਿਆ ਹੋਇਆ ਅੰਗੂਰੀ ਬਾਗ”
19. ਅੱਜ ਪਰਮੇਸ਼ੁਰ ਦੇ ਇਸਰਾਏਲ ਦੇ ਬਾਕੀ ਮੈਂਬਰਾਂ ਦੀ ਹਾਲਤ ਕੀ ਹੈ?
19 ਜਦ ਕਿ ਯਹੋਵਾਹ ਸਾਨੂੰ ਇੰਨਾ ਸਾਰਾ ਚਾਨਣ ਦਿੰਦਾ ਹੈ, ਤਾਂ ਕੀ ਸਾਨੂੰ ਇਸ ਗੱਲ ਤੇ ਖ਼ੁਸ਼ ਨਹੀਂ ਹੋਣਾ ਚਾਹੀਦਾ? ਜੀ ਹਾਂ, ਸਾਨੂੰ ਜ਼ਰੂਰ ਖ਼ੁਸ਼ ਹੋਣਾ ਚਾਹੀਦਾ ਹੈ। ਯਸਾਯਾਹ ਨੇ ਯਹੋਵਾਹ ਦੇ ਲੋਕਾਂ ਦੀ ਖ਼ੁਸ਼ੀ ਦਾ ਬਹੁਤ ਵਧੀਆ ਤਰੀਕੇ ਨਾਲ ਵਰਣਨ ਕੀਤਾ ਹੈ: “ਉਸ ਦਿਨ ਇੱਕ ਰਸਿਆ ਹੋਇਆ ਅੰਗੂਰੀ ਬਾਗ, ਉਹ ਦਾ ਗੀਤ ਗਾਓ! ਮੈਂ ਯਹੋਵਾਹ ਉਹ ਦਾ ਰਾਖਾ ਹਾਂ, ਮੈਂ ਉਹ ਨੂੰ ਹਰ ਦਮ ਸਿੰਜਦਾ ਰਹਾਂਗਾ, ਮਤੇ ਕੋਈ ਉਹ ਦਾ ਨੁਕਸਾਨ ਕਰੇ, ਮੈਂ ਰਾਤ ਦਿਨ ਉਹ ਦੀ ਰਾਖੀ ਕਰਾਂਗਾ।” (ਯਸਾਯਾਹ 27:2, 3) ਯਹੋਵਾਹ ਆਪਣੇ “ਅੰਗੂਰੀ ਬਾਗ” ਯਾਨੀ ਪਰਮੇਸ਼ੁਰ ਦੇ ਇਸਰਾਏਲ ਦੇ ਬਾਕੀ ਮੈਂਬਰਾਂ ਅਤੇ ਉਨ੍ਹਾਂ ਦੇ ਮਿਹਨਤੀ ਸਾਥੀਆਂ ਦੀ ਦੇਖ-ਭਾਲ ਕਰਦਾ ਹੈ। (ਯੂਹੰਨਾ 15:1-8) ਇਸ ਤਰ੍ਹਾਂ ਉਨ੍ਹਾਂ ਨੇ ਇੰਨੇ ਫਲ ਪੈਦਾ ਕੀਤੇ ਜਿਸ ਨਾਲ ਯਹੋਵਾਹ ਦੇ ਨਾਂ ਦੀ ਮਹਿਮਾ ਹੁੰਦੀ ਹੈ ਅਤੇ ਧਰਤੀ ਉੱਤੇ ਉਸ ਦੇ ਸੇਵਕ ਵੱਡੀ ਖ਼ੁਸ਼ੀ ਮਨਾਉਂਦੇ ਹਨ।
20. ਯਹੋਵਾਹ ਆਪਣੀ ਮਸੀਹੀ ਕਲੀਸਿਯਾ ਦੀ ਕਿਵੇਂ ਰਾਖੀ ਕਰਦਾ ਹੈ?
20 ਯਹੋਵਾਹ ਪਹਿਲਾਂ ਆਪਣੇ ਮਸਹ ਕੀਤੇ ਹੋਏ ਸੇਵਕਾਂ ਨਾਲ ਗੁੱਸੇ ਸੀ ਜਿਸ ਕਰਕੇ ਉਸ ਨੇ 1918 ਵਿਚ ਉਨ੍ਹਾਂ ਨੂੰ ਰੂਹਾਨੀ ਕੈਦ ਵਿਚ ਜਾਣ ਦਿੱਤਾ। ਪਰ ਅਸੀਂ ਬਹੁਤ ਖ਼ੁਸ਼ ਹੋ ਸਕਦੇ ਹਾਂ ਕਿ ਉਸ ਦਾ ਗੁੱਸਾ ਹੁਣ ਠੰਢਾ ਹੋ ਗਿਆ ਹੈ। ਯਹੋਵਾਹ ਆਪ ਕਹਿੰਦਾ ਹੈ: “ਮੈਨੂੰ ਗੁੱਸਾ ਨਹੀਂ। ਕਾਸ਼ ਕਿ ਕੰਡੇ ਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ ਵਿੱਚ ਹੁੰਦੇ! ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ, ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ। ਯਾ ਓਹ ਮੇਰੀ ਓਟ ਨੂੰ ਤਕੜੇ ਹੋ ਕੇ ਫੜਨ, ਓਹ ਮੇਰੇ ਨਾਲ ਸੁਲਾਹ ਕਰਨ, ਹਾਂ, ਸੁਲਾਹ ਕਰਨ ਮੇਰੇ ਨਾਲ।” (ਯਸਾਯਾਹ 27:4, 5) ਇਹ ਯਕੀਨੀ ਬਣਾਉਣ ਲਈ ਕਿ ਉਸ ਦੀਆਂ ਅੰਗੂਰੀ ਵੇਲਾਂ ਭਰਪੂਰ ਮਾਤਰਾ ਵਿਚ ‘ਰਸ’ ਪੈਦਾ ਕਰਦੀਆਂ ਰਹਿਣ, ਯਹੋਵਾਹ ਕੰਡਿਆਲਿਆਂ ਵਰਗੇ ਕਿਸੇ ਵੀ ਪ੍ਰਭਾਵ ਨੂੰ ਖ਼ਤਮ ਕਰ ਦਿੰਦਾ ਹੈ, ਜੋ ਉਨ੍ਹਾਂ ਵੇਲਾਂ ਨੂੰ ਭ੍ਰਿਸ਼ਟ ਕਰ ਸਕਦਾ ਹੈ। ਇਸ ਲਈ, ਕਿਸੇ ਨੂੰ ਵੀ ਮਸੀਹੀ ਕਲੀਸਿਯਾ ਦੀ ਭਲਾਈ ਲਈ ਖ਼ਤਰਾ ਨਾ ਬਣਨ ਦਿਓ! ਆਓ ਆਪਾਂ ਸਾਰੇ ‘ਯਹੋਵਾਹ ਦੀ ਓਟ ਨੂੰ ਤਕੜੇ ਹੋ ਕੇ ਫੜੀਏ’ ਅਤੇ ਉਸ ਦੀ ਮਿਹਰ ਤੇ ਸੁਰੱਖਿਆ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਯਹੋਵਾਹ ਨਾਲ ਸੁਲ੍ਹਾ ਕਰਦੇ ਹਾਂ ਜੋ ਕਿ ਇੰਨੀ ਜ਼ਰੂਰੀ ਹੈ ਕਿ ਯਸਾਯਾਹ ਨੇ ਦੋ ਵਾਰ ਇਸ ਦਾ ਜ਼ਿਕਰ ਕੀਤਾ।—ਜ਼ਬੂਰ 85:1, 2, 8; ਰੋਮੀਆਂ 5:1.
21. ਧਰਤੀ ਕਿਵੇਂ “ਫਲ” ਨਾਲ ਭਰ ਗਈ ਹੈ?
21 ਯਸਾਯਾਹ ਨੇ ਹੋਰ ਬਰਕਤਾਂ ਬਾਰੇ ਦੱਸਿਆ: “ਆਉਣ ਵਾਲਿਆਂ ਸਮਿਆਂ ਵਿੱਚ ਯਾਕੂਬ ਜੜ੍ਹ ਫੜੇਗਾ, ਇਸਰਾਏਲ ਫੁੱਟੇਗਾ ਤੇ ਫੁੱਲੇਗਾ, ਅਤੇ ਜਗਤ ਦੀ ਪਰਤ ਨੂੰ ਫਲ ਨਾਲ ਭਰ ਦੇਵੇਗਾ।” (ਯਸਾਯਾਹ 27:6) ਇਹ ਆਇਤ 1919 ਤੋਂ ਪੂਰੀ ਹੋ ਰਹੀ ਹੈ ਜੋ ਕਿ ਯਹੋਵਾਹ ਦੀ ਸ਼ਕਤੀ ਦਾ ਵਧੀਆ ਸਬੂਤ ਦਿੰਦੀ ਹੈ। ਮਸਹ ਕੀਤੇ ਹੋਏ ਮਸੀਹੀਆਂ ਨੇ ਧਰਤੀ ਨੂੰ “ਫਲ,” ਯਾਨੀ ਪੌਸ਼ਟਿਕ ਰੂਹਾਨੀ ਭੋਜਨ ਨਾਲ ਭਰ ਦਿੱਤਾ ਹੈ। ਇਸ ਭ੍ਰਿਸ਼ਟ ਸੰਸਾਰ ਵਿਚ ਵੀ ਉਹ ਪੂਰੇ ਆਨੰਦ ਨਾਲ ਪਰਮੇਸ਼ੁਰ ਦੇ ਉੱਚੇ ਮਿਆਰਾਂ ਉੱਤੇ ਚੱਲਦੇ ਹਨ। ਅਤੇ ਯਹੋਵਾਹ ਦੀ ਲਗਾਤਾਰ ਬਰਕਤ ਨਾਲ ਉਨ੍ਹਾਂ ਨਾਲ ਹੋਰ ਜ਼ਿਆਦਾ ਲੋਕ ਆ ਕੇ ਮਿਲ ਰਹੇ ਹਨ। ਨਤੀਜੇ ਵਜੋਂ, ਉਨ੍ਹਾਂ ਦੇ ਲੱਖਾਂ ਸਾਥੀ, ਅਰਥਾਤ ਹੋਰ ਭੇਡਾਂ ‘ਰਾਤ ਦਿਨ [ਪਰਮੇਸ਼ੁਰ] ਦੀ ਉਪਾਸਨਾ ਕਰਦੀਆਂ ਹਨ।’ (ਪਰਕਾਸ਼ ਦੀ ਪੋਥੀ 7:15) ਆਓ ਆਪਾਂ ਕਦੀ ਵੀ ਇਹ “ਫਲ” ਖਾਣ ਤੇ ਦੂਸਰਿਆਂ ਨਾਲ ਇਸ ਨੂੰ ਸਾਂਝਾ ਕਰਨ ਦੇ ਵਿਸ਼ੇਸ਼-ਸਨਮਾਨ ਨੂੰ ਐਵੇਂ ਨਾ ਸਮਝੀਏ!
22. ਜਿਹੜੇ ਚਾਨਣ ਨੂੰ ਚੁਣਦੇ ਹਨ, ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
22 ਇਨ੍ਹਾਂ ਮੁਸ਼ਕਲ ਸਮਿਆਂ ਵਿਚ ਹਨੇਰੇ ਨੇ ਧਰਤੀ ਨੂੰ ਅਤੇ ਘੁੱਪ ਹਨੇਰੇ ਨੇ ਕੌਮਾਂ ਨੂੰ ਢਕਿਆ ਹੋਇਆ ਹੈ, ਤਾਂ ਕੀ ਸਾਨੂੰ ਇਸ ਗੱਲ ਲਈ ਸ਼ੁਕਰਗੁਜ਼ਾਰ ਨਹੀਂ ਹੋਣਾ ਚਾਹੀਦਾ ਕਿ ਯਹੋਵਾਹ ਆਪਣੇ ਲੋਕਾਂ ਉੱਤੇ ਰੂਹਾਨੀ ਚਾਨਣ ਪਾ ਰਿਹਾ ਹੈ? (ਯਸਾਯਾਹ 60:2; ਰੋਮੀਆਂ 2:19; 13:12) ਜਿਹੜਾ ਵੀ ਇਨਸਾਨ ਚਾਨਣ ਨੂੰ ਚੁਣਦਾ ਹੈ, ਇਹ ਚਾਨਣ ਉਸ ਨੂੰ ਹੁਣ ਵੀ ਮਨ ਦੀ ਸ਼ਾਂਤੀ ਤੇ ਖ਼ੁਸ਼ੀ ਦਿੰਦਾ ਹੈ ਅਤੇ ਭਵਿੱਖ ਵਿਚ ਉਸ ਨੂੰ ਅਨੰਤ ਜ਼ਿੰਦਗੀ ਦੇਵੇਗਾ। ਇਨ੍ਹਾਂ ਚੰਗੇ ਕਾਰਨਾਂ ਕਰਕੇ ਅਸੀਂ ਜਿਹੜੇ ਚਾਨਣ ਨਾਲ ਪਿਆਰ ਕਰਦੇ ਹਾਂ, ਦਿਲੋਂ ਯਹੋਵਾਹ ਦੀ ਵਡਿਆਈ ਕਰਦੇ ਹਾਂ ਅਤੇ ਜ਼ਬੂਰਾਂ ਦੇ ਲਿਖਾਰੀ ਨਾਲ ਮਿਲ ਕੇ ਇਹ ਕਹਿੰਦੇ ਹਾਂ: “ਯਹੋਵਾਹ ਮੇਰੇ ਜੀਉਣ ਦਾ ਗੜ੍ਹ ਹੈ, ਮੈਂ ਕਿਸ ਦਾ ਭੈ ਖਾਵਾਂ? ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ, ਹਾਂ, ਯਹੋਵਾਹ ਨੂੰ ਹੀ ਉਡੀਕ।”—ਜ਼ਬੂਰ 27:1ਅ, 14.
ਕੀ ਤੁਹਾਨੂੰ ਯਾਦ ਹੈ?
• ਜਿਹੜੇ ਯਹੋਵਾਹ ਦੇ ਲੋਕਾਂ ਨੂੰ ਸਤਾਉਂਦੇ ਹਨ, ਉਨ੍ਹਾਂ ਦਾ ਭਵਿੱਖ ਕੀ ਹੈ?
• ਯਸਾਯਾਹ ਨੇ ਕਿਸ ਵਾਧੇ ਬਾਰੇ ਭਵਿੱਖਬਾਣੀ ਕੀਤੀ ਸੀ?
• ਸਾਨੂੰ ਕਿਹੜੀਆਂ “ਕੋਠੜੀਆਂ” ਅੰਦਰ ਵੜੇ ਰਹਿਣਾ ਚਾਹੀਦਾ ਹੈ ਅਤੇ ਕਿਉਂ?
• ਯਹੋਵਾਹ ਦੇ ਲੋਕਾਂ ਦੀ ਹਾਲਤ ਉਸ ਦੀ ਕਿਵੇਂ ਮਹਿਮਾ ਕਰਦੀ ਹੈ?
[ਸਫ਼ੇ 22 ਉੱਤੇ ਡੱਬੀ]
ਨਵੀਂ ਕਿਤਾਬ
ਇਨ੍ਹਾਂ ਦੋ ਅਧਿਐਨ ਲੇਖਾਂ ਵਿਚ ਚਰਚਾ ਕੀਤੀ ਗਈ ਜਾਣਕਾਰੀ 2000/2001 ਦੇ ਜ਼ਿਲ੍ਹਾ ਸੰਮੇਲਨ ਦੇ ਪ੍ਰੋਗ੍ਰਾਮ ਵਿਚ ਇਕ ਭਾਸ਼ਣ ਦੇ ਰੂਪ ਵਿਚ ਦਿੱਤੀ ਗਈ ਸੀ। ਭਾਸ਼ਣ ਦੇ ਅਖ਼ੀਰ ਵਿਚ, ਇਕ ਨਵੀਂ ਕਿਤਾਬ ਰਿਲੀਸ ਕੀਤੀ ਗਈ ਸੀ ਜਿਸ ਦਾ ਨਾਂ ਹੈ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1. ਇਸ 416 ਸਫ਼ਿਆਂ ਦੀ ਕਿਤਾਬ ਵਿਚ ਯਸਾਯਾਹ ਦੀ ਕਿਤਾਬ ਦੇ ਪਹਿਲੇ 40 ਅਧਿਆਵਾਂ ਦੀ ਇਕ-ਇਕ ਆਇਤ ਉੱਤੇ ਚਰਚਾ ਕੀਤੀ ਗਈ ਹੈ।
[ਸਫ਼ੇ 18 ਉੱਤੇ ਤਸਵੀਰ]
ਯਹੋਵਾਹ ਦੇ ‘ਤਕੜੇ ਸ਼ਹਿਰ’ ਯਾਨੀ ਉਸ ਦੇ ਸੰਗਠਨ ਵਿਚ ਸਿਰਫ਼ ਧਰਮੀਆਂ ਨੂੰ ਹੀ ਅੰਦਰ ਆਉਣ ਦੀ ਇਜਾਜ਼ਤ ਹੈ
[ਸਫ਼ੇ 19 ਉੱਤੇ ਤਸਵੀਰ]
ਯਸਾਯਾਹ “ਰਾਤ ਨੂੰ” ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ
[ਸਫ਼ੇ 21 ਉੱਤੇ ਤਸਵੀਰ]
ਯਹੋਵਾਹ ਆਪਣੇ “ਅੰਗੂਰੀ ਬਾਗ” ਦੀ ਰਾਖੀ ਕਰਦਾ ਹੈ ਜਿਸ ਕਰਕੇ ਇਹ ਫਲ ਦਿੰਦਾ ਹੈ