ਪਾਠਕਾਂ ਵੱਲੋਂ ਸਵਾਲ
ਯਸਾਯਾਹ 30:21 ਵਿਚ ਇਹ ਕਿਉਂ ਕਿਹਾ ਗਿਆ ਹੈ ਕਿ ਯਹੋਵਾਹ ਦੀ ਆਵਾਜ਼ “ਤੁਹਾਡੇ ਪਿੱਛੋਂ” ਆਵੇਗੀ ਜਦ ਕਿ 20 ਆਇਤ ਵਿਚ ਕਿਹਾ ਗਿਆ ਹੈ ਕਿ “ਤੁਹਾਡੀਆਂ ਅੱਖਾਂ ਆਪਣੇ ਗੁਰੂ ਨੂੰ ਵੇਖਣਗੀਆਂ,” ਜਿਸ ਦਾ ਮਤਲਬ ਹੈ ਕਿ ਉਹ ਸਾਡੇ ਸਾਮ੍ਹਣੇ ਹੈ?
ਯਸਾਯਾਹ 30:20, 21 ਵਿਚ ਲਿਖਿਆ ਹੈ: “ਤੁਹਾਡਾ ਗੁਰੂ ਆਪ ਨੂੰ ਨਾ ਲੁਕਾਵੇਗਾ, ਸਗੋਂ ਤੁਹਾਡੀਆਂ ਅੱਖਾਂ ਆਪਣੇ ਗੁਰੂ ਨੂੰ ਵੇਖਣਗੀਆਂ। ਅਤੇ ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।”
ਜੇ ਇਸ ਹਵਾਲੇ ਦਾ ਸ਼ਾਬਦਿਕ ਅਰਥ ਕੱਢਿਆ ਜਾਵੇ, ਤਾਂ ਪੜ੍ਹਨ ਵਾਲਾ ਵਿਅਕਤੀ ਮਹਾਨ ਗੁਰੂ ਯਹੋਵਾਹ ਨੂੰ ਆਪਣੇ ਸਾਮ੍ਹਣੇ ਦੇਖਦਾ ਹੈ ਜਦ ਕਿ ਉਹ ਉਸ ਦੀ ਆਵਾਜ਼ ਨੂੰ ਪਿੱਛਿਓਂ ਦੀ ਸੁਣਦਾ ਹੈ। ਪਰ ਇਹ ਸ਼ਬਦ ਲਾਖਣਿਕ ਹਨ ਅਤੇ ਇਨ੍ਹਾਂ ਦਾ ਮਤਲਬ ਵੀ ਲਾਖਣਿਕ ਹੈ।
ਆਇਤ 20 ਨੂੰ ਪੜ੍ਹਨ ਨਾਲ ਸਾਡੇ ਮਨ ਵਿਚ ਇਕ ਦਾਸ ਦੀ ਤਸਵੀਰ ਆਉਂਦੀ ਹੈ ਜੋ ਆਪਣੇ ਮਾਲਕ ਦੀ ਹਜ਼ੂਰੀ ਵਿਚ ਖੜ੍ਹਾ ਰਹਿੰਦਾ ਹੈ ਅਤੇ ਉਸ ਦਾ ਹੁਕਮ ਮੰਨਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਠੀਕ ਜਿਵੇਂ ਦਾਸ ਆਪਣੇ ਮਾਲਕ ਦੀ ਇੱਛਾ ਜਾਣਨ ਲਈ ਉਸ ਦੇ ਹੱਥਾਂ ਦੇ ਇਸ਼ਾਰਿਆਂ ਵੱਲ ਦੇਖਦਾ ਰਹਿੰਦਾ ਹੈ, ਉਸੇ ਤਰ੍ਹਾਂ ਅੱਜ ਯਹੋਵਾਹ ਦੇ ਲੋਕ ਬੜੇ ਧਿਆਨ ਨਾਲ ਆਪਣੀਆਂ ਅੱਖਾਂ ਉਨ੍ਹਾਂ ਬਾਈਬਲ-ਆਧਾਰਿਤ ਹਿਦਾਇਤਾਂ ਉੱਤੇ ਟਿਕਾਈ ਰੱਖਦੇ ਹਨ ਜੋ ਯਹੋਵਾਹ ਆਪਣੇ ਜ਼ਮੀਨੀ ਸੰਗਠਨ ਰਾਹੀਂ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 123:1, 2) ਜੀ ਹਾਂ, ਉਹ ਉਸ ਦੀ ਅਗਵਾਈ ਵਿਚ ਚੱਲਦੇ ਹਨ ਅਤੇ ਹਮੇਸ਼ਾ ਉਨ੍ਹਾਂ ਗੱਲਾਂ ਵੱਲ ਧਿਆਨ ਦਿੰਦੇ ਹਨ ਜੋ ਯਹੋਵਾਹ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਦੱਸਦਾ ਹੈ।—ਮੱਤੀ 24:45-47.
ਪਰ ਇਸ ਦਾ ਕੀ ਮਤਲਬ ਹੈ ਕਿ ਦਾਸ ਆਪਣੇ ਪਿੱਛਿਓਂ ਆਪਣੇ ਮਾਲਕ ਦੀ ਆਵਾਜ਼ ਸੁਣਦੇ ਹਨ? ਪਰਮੇਸ਼ੁਰ ਨੇ ਪੁਰਾਣੇ ਸਮੇਂ ਵਿਚ ਆਪਣੇ ਸੇਵਕਾਂ ਨੂੰ ਬਹੁਤ ਸਾਰੀਆਂ ਹਿਦਾਇਤਾਂ ਦਿੱਤੀਆਂ ਸਨ ਜੋ ਉਸ ਨੇ ਆਪਣੇ ਲਿਖਤੀ ਬਚਨ ਵਿਚ ਦਰਜ ਕਰਵਾਈਆਂ ਸਨ। ਇਹ ਗੱਲਾਂ ਅੱਜ ਸਾਨੂੰ ‘ਮਾਤਬਰ ਮੁਖ਼ਤਿਆਰ’ ਸਮਝਾ ਰਿਹਾ ਹੈ। (ਲੂਕਾ 12:42) ਜਦੋਂ ਅਸੀਂ ਪੁਰਾਣੇ ਸਮੇਂ ਵਿਚ ਦਿੱਤੀਆਂ ਇਨ੍ਹਾਂ ਹਿਦਾਇਤਾਂ ਨੂੰ ਸੁਣਦੇ ਹਾਂ, ਤਾਂ ਅਸੀਂ ਪਿੱਛਿਓਂ ਦੀ ਪਰਮੇਸ਼ੁਰ ਦੀ ਆਵਾਜ਼ ਸੁਣਦੇ ਹਾਂ। ਅੱਜ ਦੇ ਸਮੇਂ ਵਿਚ ਪਰਮੇਸ਼ੁਰ ਦੇ ਦਾਸ ਦਿਲ ਲਾ ਕੇ ਬਾਈਬਲ ਦਾ ਅਧਿਐਨ ਕਰਨ ਅਤੇ “ਮਾਤਬਰ ਮੁਖ਼ਤਿਆਰ” ਯਾਨੀ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੇ ਪ੍ਰਕਾਸ਼ਨਾਂ ਦੀ ਮਦਦ ਨਾਲ ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲ ਲਾਗੂ ਕਰ ਕੇ ਆਪਣੇ ਮਹਾਨ ਗੁਰੂ ਦੀ ਆਵਾਜ਼ ਸੁਣਦੇ ਹਨ। ਆਪਣੇ ਮਹਾਨ ਗੁਰੂ ਦੀ ਅਗਵਾਈ ਵਿਚ ਚੱਲ ਕੇ ਅਤੇ ਸਦੀਆਂ ਪਹਿਲਾਂ ਲਿਖਵਾਏ ਗਏ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਉਸ ਦੇ ਸੇਵਕ ਲਾਖਣਿਕ ਤੌਰ ਤੇ ਉਸ ਨੂੰ ਆਪਣੀਆਂ ਅੱਖਾਂ ਨਾਲ ਆਪਣੇ ਸਾਮ੍ਹਣੇ ਦੇਖਦੇ ਹਨ ਅਤੇ ਪਿਛਿਓਂ ਦੀ ਉਸ ਦੀ ਆਵਾਜ਼ ਸੁਣਦੇ ਹਨ।—ਰੋਮੀਆਂ 15:4.