ਝੂਠੇ ਸੰਦੇਸ਼ਵਾਹਕਾਂ ਲਈ ਕੋਈ ਸ਼ਾਂਤੀ ਨਹੀਂ!
“ਕੁਕਰਮੀ ਤਾਂ ਛੇਕੇ ਜਾਣਗੇ . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ [“ਸ਼ਾਂਤੀ,” “ਨਿ ਵ”] ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰ 37:9, 11.
1. “ਓੜਕ ਦੇ ਵੇਲੇ” ਵਿਚ ਸਾਨੂੰ ਦੋਵੇਂ ਸੱਚੇ ਅਤੇ ਝੂਠੇ ਸੰਦੇਸ਼ਵਾਹਕਾਂ ਦੀ ਆਸ ਕਿਉਂ ਕਰਨੀ ਚਾਹੀਦੀ ਹੈ?
ਸੰਦੇਸ਼ਵਾਹਕ—ਝੂਠੇ ਜਾਂ ਸੱਚੇ? ਬਾਈਬਲ ਸਮਿਆਂ ਵਿਚ ਦੋਵੇਂ ਤਰ੍ਹਾਂ ਦੇ ਹੁੰਦੇ ਸਨ। ਪਰੰਤੂ ਸਾਡੇ ਦਿਨਾਂ ਬਾਰੇ ਕੀ? ਦਾਨੀਏਲ 12:9, 10 ਵਿਚ, ਅਸੀਂ ਪੜ੍ਹਦੇ ਹਾਂ ਕਿ ਇਕ ਸਵਰਗੀ ਸੰਦੇਸ਼ਵਾਹਕ ਨੇ ਪਰਮੇਸ਼ੁਰ ਦੇ ਨਬੀ ਨੂੰ ਦੱਸਿਆ: “ਏਹ ਗੱਲਾਂ ਓੜਕ ਦੇ ਵੇਲੇ ਤੀਕਰ ਮੁੰਦੀਆਂ ਹੋਈਆਂ ਅਤੇ ਮੋਹਰਾਂ ਲੱਗੀਆਂ ਹੋਈਆਂ ਹਨ। ਬਥੇਰੇ ਆਪਣੇ ਆਪ ਨੂੰ ਪਵਿੱਤ੍ਰ ਕਰਨਗੇ ਅਤੇ ਆਪ ਨੂੰ ਚਿੱਟੇ ਬਣਾਉਣਗੇ ਅਤੇ ਤਾਏ ਜਾਣਗੇ ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ ਅਤੇ ਦੁਸ਼ਟਾਂ ਵਿੱਚੋਂ ਕੋਈ ਨਾ ਸਮਝੇਗਾ ਪਰ ਬੁੱਧਵਾਨ ਸਮਝਣਗੇ।” ਅਸੀਂ ਹੁਣ ਉਸ “ਓੜਕ ਦੇ ਵੇਲੇ” ਵਿਚ ਰਹਿ ਰਹੇ ਹਾਂ। ਕੀ ਅਸੀਂ “ਦੁਸ਼ਟਾਂ” ਅਤੇ ‘ਬੁੱਧਵਾਨਾਂ’ ਵਿਚ ਸਪੱਸ਼ਟ ਭਿੰਨਤਾ ਦੇਖਦੇ ਹਾਂ। ਯਕੀਨਨ ਅਸੀਂ ਦੇਖਦੇ ਹਾਂ!
2. ਯਸਾਯਾਹ 57:20, 21 ਅੱਜ ਕਿਸ ਤਰ੍ਹਾਂ ਪੂਰਾ ਹੋ ਰਿਹਾ ਹੈ?
2 ਅਧਿਆਇ 57, ਆਇਤ 20 ਅਤੇ 21, ਵਿਚ ਅਸੀਂ ਪਰਮੇਸ਼ੁਰ ਦੇ ਸੰਦੇਸ਼ਵਾਹਕ ਯਸਾਯਾਹ ਦੇ ਸ਼ਬਦ ਪੜ੍ਹਦੇ ਹਾਂ: “ਦੁਸ਼ਟ ਉੱਛਲਦੇ ਸਮੁੰਦਰ ਵਾਂਙੁ ਹਨ, ਕਿਉਂ ਜੋ ਉਹ ਚੈਨ ਨਹੀਂ ਕਰ ਸੱਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ। ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ।” ਕਿੰਨੇ ਉਚਿਤ ਢੰਗ ਨਾਲ ਇਹ ਸ਼ਬਦ ਇਸ ਸੰਸਾਰ ਦਾ ਵਰਣਨ ਕਰਦੇ ਹਨ ਜਿਉਂ-ਜਿਉਂ ਇਹ 21ਵੀਂ ਸਦੀ ਵੱਲ ਵੱਧਦਾ ਹੈ! ਕਈ ਇਹ ਵੀ ਪੁੱਛਦੇ ਹਨ, ‘ਕੀ ਅਸੀਂ ਕਦੀ ਉਸ ਸਦੀ ਤਕ ਪਹੁੰਚਾਂਗੇ?’ ਬੁੱਧਵਾਨ ਸੰਦੇਸ਼ਵਾਹਕਾਂ ਕੋਲ ਸਾਨੂੰ ਦੱਸਣ ਲਈ ਕੀ ਹੈ?
3. (ੳ) 1 ਯੂਹੰਨਾ 5:19 ਵਿਚ ਕਿਹੜੀ ਭਿੰਨਤਾ ਦਿਖਾਈ ਗਈ ਹੈ? (ਅ) ਪਰਕਾਸ਼ ਦੀ ਪੋਥੀ ਅਧਿਆਇ 7 ਵਿਚ ‘ਬੁੱਧਵਾਨਾਂ’ ਦਾ ਵਰਣਨ ਕਿਸ ਤਰ੍ਹਾਂ ਕੀਤਾ ਗਿਆ ਹੈ?
3 ਰਸੂਲ ਯੂਹੰਨਾ ਕੋਲ ਈਸ਼ਵਰੀ ਰੂਪ ਵਿਚ ਪ੍ਰੇਰਿਤ ਅੰਤਰਦ੍ਰਿਸ਼ਟੀ ਸੀ। 1 ਯੂਹੰਨਾ 5:19 ਵਿਚ, ਇਹ ਬਿਆਨ ਕੀਤਾ ਗਿਆ ਹੈ: “ਅਸੀਂ ਜਾਣਦੇ ਹਾਂ ਭਈ ਅਸੀਂ ਪਰਮੇਸ਼ੁਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” ਇਸ ਸੰਸਾਰ ਤੋਂ ਭਿੰਨ 1,44,000 ਅਧਿਆਤਮਿਕ ਇਸਰਾਏਲੀ ਹਨ, ਜਿਨ੍ਹਾਂ ਵਿੱਚੋਂ ਇਕ ਬਿਰਧ ਹੋ ਰਿਹਾ ਬਕੀਆ ਅਜੇ ਵੀ ਸਾਡੇ ਨਾਲ ਹੈ। ਅੱਜ ਇਨ੍ਹਾਂ ਨਾਲ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇਕ ਵੱਡੀ ਭੀੜ” ਮਿਲ ਰਹੀ ਹੈ, ਜਿਨ੍ਹਾਂ ਦੀ ਗਿਣਤੀ ਹੁਣ ਪੰਜਾਹ ਲੱਖ ਤੋਂ ਵੀ ਜ਼ਿਆਦਾ ਹੈ, ਅਤੇ ਇਨ੍ਹਾਂ ਕੋਲ ਵੀ ਅੰਤਰਦ੍ਰਿਸ਼ਟੀ ਹੈ। “ਏਹ ਓਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ।” ਅਤੇ ਉਨ੍ਹਾਂ ਨੂੰ ਕਿਉਂ ਪ੍ਰਤਿਫਲ ਦਿੱਤਾ ਜਾਂਦਾ ਹੈ? ਕਿਉਂਕਿ ਉਨ੍ਹਾਂ ਨੇ ਵੀ ਯਿਸੂ ਦੀ ਰਿਹਾਈ-ਕੀਮਤ ਵਿਚ ਵਿਸ਼ਵਾਸ ਕਰਨ ਦੁਆਰਾ ‘ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ ਹੈ।’ ਚਾਨਣ ਦੇ ਸੰਦੇਸ਼ਵਾਹਕਾਂ ਵਜੋਂ, ਉਹ ਵੀ “ਰਾਤ ਦਿਨ [ਪਰਮੇਸ਼ੁਰ] ਦੀ ਉਪਾਸਨਾ ਕਰਦੇ ਹਨ।”—ਪਰਕਾਸ਼ ਦੀ ਪੋਥੀ 7:4, 9, 14, 15.
ਸ਼ਾਂਤੀ ਦੇ ਅਖਾਉਤੀ ਸੰਦੇਸ਼ਵਾਹਕ
4. (ੳ) ਸ਼ਤਾਨ ਦੇ ਸੰਸਾਰ ਵਿਚ ਸ਼ਾਂਤੀ ਦੇ ਅਖਾਉਤੀ ਸੰਦੇਸ਼ਵਾਹਕ ਕਿਉਂ ਅਸਫ਼ਲ ਹੋਣਗੇ? (ਅ) ਅਫ਼ਸੀਆਂ 4:18, 19 ਅੱਜ ਕਿਸ ਤਰ੍ਹਾਂ ਲਾਗੂ ਹੁੰਦਾ ਹੈ?
4 ਪਰੰਤੂ, ਸ਼ਤਾਨ ਦੀ ਸੰਸਾਰੀ ਵਿਵਸਥਾ ਵਿਚ ਸ਼ਾਂਤੀ ਦੇ ਅਖਾਉਤੀ ਸੰਦੇਸ਼ਵਾਹਕਾਂ ਬਾਰੇ ਕੀ? ਯਸਾਯਾਹ ਅਧਿਆਇ 33, ਆਇਤ 7, ਵਿਚ ਅਸੀਂ ਪੜ੍ਹਦੇ ਹਾਂ: “ਵੇਖੋ, ਓਹਨਾਂ ਦੇ ਸੂਰਮੇ ਬਾਹਰ ਚਿੱਲਾਉਂਦੇ ਹਨ, ਸ਼ਾਂਤੀ ਦੇ ਦੂਤ ਵਿਲਕਦੇ ਹਨ।” ਇਹ ਉਨ੍ਹਾਂ ਦੇ ਬਾਰੇ ਕਿੰਨਾ ਸਹੀ ਹੈ ਜੋ ਸ਼ਾਂਤੀ ਲਿਆਉਣ ਦੇ ਜਤਨਾਂ ਵਿਚ, ਸੰਸਾਰ ਦੀ ਇਕ ਰਾਜਧਾਨੀ ਤੋਂ ਦੂਜੀ ਤਕ ਬੇਚੈਨੀ ਨਾਲ ਨੱਸ-ਭੱਜ ਕਰ ਰਹੇ ਹਨ! ਕਿੰਨਾ ਵਿਅਰਥ! ਇਸ ਤਰ੍ਹਾਂ ਕਿਉਂ? ਕਿਉਂਕਿ ਉਹ ਸੰਸਾਰ ਦੀਆਂ ਬੀਮਾਰੀਆਂ ਦੇ ਮੂਲ ਕਾਰਨਾਂ ਨਾਲ ਨਜਿੱਠਣ ਦੀ ਬਜਾਇ ਉਨ੍ਹਾਂ ਦੇ ਲੱਛਣਾਂ ਨੂੰ ਸਿੱਝਦੇ ਹਨ। ਪਹਿਲੀ ਗੱਲ, ਉਹ ਸ਼ਤਾਨ ਦੀ ਹੋਂਦ ਤੋਂ ਅਣਜਾਣ ਹਨ, ਜਿਸ ਦਾ ਵਰਣਨ ਰਸੂਲ ਪੌਲੁਸ “ਇਸ ਜੁੱਗ ਦੇ ਈਸ਼ੁਰ” ਵਜੋਂ ਕਰਦਾ ਹੈ। (2 ਕੁਰਿੰਥੀਆਂ 4:4) ਸ਼ਤਾਨ ਨੇ ਮਨੁੱਖਜਾਤੀ ਵਿਚ ਦੁਸ਼ਟਤਾ ਦੇ ਬੀਜ ਬੀਜੇ ਹਨ, ਜਿਸ ਦੇ ਨਤੀਜੇ ਵਜੋਂ ਬਹੁਗਿਣਤੀ ਦੇ ਲੋਕ, ਜਿਨ੍ਹਾਂ ਵਿਚ ਬਹੁਤ ਸਾਰੇ ਸ਼ਾਸਕ ਵੀ ਸ਼ਾਮਲ ਹਨ, ਹੁਣ ਅਫ਼ਸੀਆਂ 4:18, 19 ਦੇ ਵਰਣਨ ਤੇ ਪੂਰੇ ਉਤਰਦੇ ਹਨ: “ਉਨ੍ਹਾਂ ਦੀ ਬੁੱਧ ਅਨ੍ਹੇਰੀ ਹੋਈ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਓਹ ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ। ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ ਮੰਦੇ ਕੰਮ ਚੌਂਪ ਨਾਲ ਕਰਨ।”
5. ਮਨੁੱਖੀ ਜ਼ਰੀਏ ਸ਼ਾਂਤੀ-ਸਥਾਪਕਾਂ ਵਜੋਂ ਕਿਉਂ ਅਸਫ਼ਲ ਹੁੰਦੇ ਹਨ? (ਅ) ਜ਼ਬੂਰ 37 ਕਿਹੜਾ ਦਿਲਾਸਾ ਦੇਣ ਵਾਲਾ ਸੰਦੇਸ਼ ਦਿੰਦਾ ਹੈ?
5 ਅਪੂਰਣ ਮਨੁੱਖਾਂ ਦਾ ਕੋਈ ਵੀ ਜ਼ਰੀਆ ਮਨੁੱਖੀ ਦਿਲਾਂ ਵਿੱਚੋਂ ਲਾਲਚ, ਸੁਆਰਥ, ਅਤੇ ਨਫ਼ਰਤ ਨੂੰ ਜੜ੍ਹੋਂ ਨਹੀਂ ਪੁੱਟ ਸਕਦਾ ਹੈ ਜੋ ਕਿ ਅੱਜ ਇੰਨੇ ਜ਼ਿਆਦਾ ਪ੍ਰਚਲਿਤ ਹਨ। ਸਿਰਫ਼ ਸਾਡਾ ਸ੍ਰਿਸ਼ਟੀਕਰਤਾ, ਸਰਬਸੱਤਾਵਾਨ ਪ੍ਰਭੂ ਯਹੋਵਾਹ, ਅਜਿਹਾ ਕਰ ਸਕਦਾ ਹੈ। ਨਾਲੇ, ਸਿਰਫ਼ ਮਸਕੀਨ, ਮਨੁੱਖਜਾਤੀ ਦੀ ਘੱਟ ਗਿਣਤੀ, ਹੀ ਆਪਣੇ ਆਪ ਨੂੰ ਉਸ ਦੀ ਅਗਵਾਈ ਅਧੀਨ ਕਰਨ ਦੇ ਇੱਛੁਕ ਹੈ। ਜ਼ਬੂਰ 37:9-11 ਵਿਚ, ਇਨ੍ਹਾਂ ਵਾਸਤੇ ਅਤੇ ਸੰਸਾਰ ਦੇ ਦੁਸ਼ਟ ਵਿਅਕਤੀਆਂ ਵਾਸਤੇ ਪਰਿਣਾਮ ਦੀ ਭਿੰਨਤਾ ਦਰਸਾਈ ਗਈ ਹੈ: “ਕੁਕਰਮੀ ਤਾਂ ਛੇਕੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ। ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ [“ਸ਼ਾਂਤੀ,” ਨਿ ਵ] ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”
6, 7. ਸੰਸਾਰ ਦੇ ਧਰਮਾਂ ਦਾ ਕਿਹੜਾ ਰਿਕਾਰਡ ਦਿਖਾਉਂਦਾ ਹੈ ਕਿ ਉਹ ਸ਼ਾਂਤੀ ਦੇ ਸੰਦੇਸ਼ਵਾਹਕਾਂ ਵਜੋਂ ਸੇਵਾ ਕਰਨ ਵਿਚ ਅਸਫ਼ਲ ਹੋ ਗਏ ਹਨ?
6 ਤਾਂ ਫਿਰ, ਕੀ ਇਸ ਬੀਮਾਰ ਸੰਸਾਰ ਦੇ ਧਰਮਾਂ ਵਿਚ ਸ਼ਾਂਤੀ ਦੇ ਸੰਦੇਸ਼ਵਾਹਕ ਲੱਭੇ ਜਾ ਸਕਦੇ ਹਨ? ਖ਼ੈਰ, ਅੱਜ ਤਕ ਧਰਮ ਦਾ ਕੀ ਰਿਕਾਰਡ ਰਿਹਾ ਹੈ? ਇਤਿਹਾਸ ਦਿਖਾਉਂਦਾ ਹੈ ਕਿ ਧਰਮ ਨੇ ਸਦੀਆਂ ਦੌਰਾਨ ਖ਼ੂਨ-ਖ਼ਰਾਬੇ ਵਿਚ ਹਿੱਸਾ ਲਿਆ ਹੈ, ਜੀ ਹਾਂ, ਇੱਥੋਂ ਤਕ ਕਿ ਖ਼ੂਨ-ਖ਼ਰਾਬੇ ਨੂੰ ਉਕਸਾਇਆ ਵੀ ਹੈ। ਉਦਾਹਰਣ ਲਈ, ਅਗਸਤ 30, 1995 ਦੇ ਹਫ਼ਤੇ ਦੀ ਮਸੀਹੀ ਸਦੀ (ਅੰਗ੍ਰੇਜ਼ੀ) ਨੇ ਸਾਬਕਾ ਯੁਗੋਸਲਾਵੀਆ ਵਿਚ ਗੜਬੜ ਬਾਰੇ ਰਿਪੋਰਟ ਦਿੰਦੇ ਹੋਏ, ਬਿਆਨ ਕੀਤਾ: “ਸਰਬਾਂ-ਅਧੀਨ ਬੋਸਨੀਆ ਵਿਚ, ਪਾਦਰੀ ਸਵੈ-ਬਣਾਈ ਸੰਸਦ ਦੀ ਮੂਹਰਲੀ ਕਤਾਰ ਵਿਚ ਬੈਠਦੇ ਹਨ, ਅਤੇ ਯੁੱਧ ਸੀਮਾ ਉੱਤੇ ਵੀ ਰਹਿੰਦੇ ਹਨ, ਜਿੱਥੇ ਫ਼ੌਜੀ ਦਸਤਿਆਂ ਨੂੰ ਅਤੇ ਹਥਿਆਰਾਂ ਨੂੰ ਵੀ ਲੜਾਈ ਤੋਂ ਪਹਿਲਾਂ ਅਸੀਸਾਂ ਦਿੱਤੀਆਂ ਜਾਂਦੀਆਂ ਹਨ।”
7 ਅਫ਼ਰੀਕਾ ਵਿਚ ਈਸਾਈ-ਜਗਤ ਦੇ ਮਿਸ਼ਨਰੀ ਕੰਮ ਦੀ ਇਕ ਸਦੀ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲਿਆ ਹੈ, ਜਿਵੇਂ ਇਹ ਰਵਾਂਡਾ ਵਿਚ ਸਪੱਸ਼ਟ ਕੀਤਾ ਗਿਆ ਜਿੱਥੇ ਮੰਨਿਆ ਜਾਂਦਾ ਹੈ ਕਿ 80-ਪ੍ਰਤਿਸ਼ਤ ਆਬਾਦੀ ਕੈਥੋਲਿਕਾਂ ਦੀ ਹੈ। ਜੁਲਾਈ 7, 1995, ਦੇ ਦ ਨਿਊ ਯੌਰਕ ਟਾਈਮਸ ਨੇ ਰਿਪੋਰਟ ਕੀਤਾ: “ਲੀਓਨ [ਫ਼ਰਾਂਸ] ਵਿਚ ਪ੍ਰਕਾਸ਼ਿਤ ਗੌਲੀਆ, ਇਕ ਖੁੱਲ੍ਹ-ਦਿਲਾ ਜਨ-ਸਾਧਾਰਣ ਦਾ ਕੈਥੋਲਿਕ ਰਸਾਲਾ ਰਵਾਂਡਾ ਦੇ 27 ਹੋਰ ਪਾਦਰੀਆਂ ਅਤੇ ਚਾਰ ਨਨਾਂ ਦੇ ਨਾਂ ਦੱਸਣ ਦੀ ਯੋਜਨਾ ਬਣਾਉਂਦਾ ਹੈ, ਜਿਨ੍ਹਾਂ ਨੇ ਪਿਛਲੇ ਸਾਲ ਰਵਾਂਡਾ ਵਿਚ ਹੱਤਿਆਵਾਂ ਕੀਤੀਆਂ ਜਾਂ ਕਤਲਾਮ ਨੂੰ ਉਤਸ਼ਾਹਿਤ ਕੀਤਾ ਸੀ।” ਅਫ਼ਰੀਕੀ ਅਧਿਕਾਰ, ਲੰਡਨ ਵਿਚ ਇਕ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਟਿੱਪਣੀ ਕੀਤੀ: “ਆਪਣੀ ਚੁੱਪ ਲਈ ਹੀ ਨਹੀਂ, ਬਲਕਿ ਗਿਰਜਿਆਂ ਨੂੰ ਆਪਣੇ ਕੁਝ ਪਾਦਰੀਆਂ, ਪਾਸਟਰਾਂ, ਅਤੇ ਨਨਾਂ ਦੁਆਰਾ ਕੁਲ-ਨਾਸ਼ ਵਿਚ ਸਰਗਰਮ ਹਿੱਸਾ ਲੈਣ ਦਾ ਜਵਾਬ ਦੇਣਾ ਪਵੇਗਾ।” ਇਹ ਇਸਰਾਏਲ ਵਿਚਲੀ ਸਥਿਤੀ ਨਾਲ ਮੇਲ ਖਾਂਦੀ ਹੈ ਜਦੋਂ ਯਹੋਵਾਹ ਦੇ ਸੱਚੇ ਸੰਦੇਸ਼ਵਾਹਕ ਯਿਰਮਿਯਾਹ ਨੇ ਇਸਰਾਏਲ ਨਾਲੇ ਇਸ ਦੇ ਸ਼ਾਸਕਾਂ, ਜਾਜਕਾਂ, ਅਤੇ ਨਬੀਆਂ ਦੀ ‘ਸ਼ਰਮਿੰਦਗੀ’ ਦਾ ਵਰਣਨ ਕਰਦੇ ਹੋਏ, ਅੱਗੇ ਕਿਹਾ: “ਤੇਰੇ ਪੱਲੇ ਉੱਤੇ ਬੇਦੋਸ਼ ਕੰਗਾਲਾਂ ਦੀਆਂ ਜਾਨਾਂ ਦਾ ਲਹੂ ਲੱਭਿਆ।”—ਯਿਰਮਿਯਾਹ 2:26, 34.
8. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਰਮਿਯਾਹ ਸ਼ਾਂਤੀ ਦਾ ਸੰਦੇਸ਼ਵਾਹਕ ਸੀ?
8 ਯਿਰਮਿਯਾਹ ਨੂੰ ਅਕਸਰ ਵਿਨਾਸ਼ ਦਾ ਨਬੀ ਸੱਦਿਆ ਜਾਂਦਾ ਹੈ, ਪਰੰਤੂ ਉਸ ਨੂੰ ਪਰਮੇਸ਼ੁਰ ਦਾ ਸ਼ਾਂਤੀ ਦਾ ਸੰਦੇਸ਼ਵਾਹਕ ਵੀ ਸੱਦਿਆ ਜਾ ਸਕਦਾ ਹੈ। ਉਸ ਨੇ ਸ਼ਾਂਤੀ ਦਾ ਉੱਨਾ ਜ਼ਿਕਰ ਕੀਤਾ ਜਿਨ੍ਹਾਂ ਕਿ ਉਸ ਤੋਂ ਪਹਿਲਾਂ ਯਸਾਯਾਹ ਨੇ ਕੀਤਾ ਸੀ। ਯਹੋਵਾਹ ਨੇ ਯਿਰਮਿਯਾਹ ਨੂੰ ਯਰੂਸ਼ਲਮ ਉੱਤੇ ਨਿਆਉਂ ਦਾ ਐਲਾਨ ਕਰਨ ਲਈ ਵਰਤਿਆ, ਇਹ ਕਹਿੰਦੇ ਹੋਏ: “ਏਹ ਸ਼ਹਿਰ ਜਿਸ ਦਿਨ ਤੋਂ ਓਹਨਾਂ ਏਸ ਨੂੰ ਬਣਾਇਆ ਅੱਜ ਦੇ ਦਿਨ ਤੀਕ ਮੇਰੇ ਕ੍ਰੋਧ ਅਤੇ ਗੁੱਸੇ ਦੇ ਭੜਕਾਉਣ ਦਾ ਕਾਰਨ ਬਣਿਆ ਹੋਇਆ ਹੈ। ਏਸ ਲਈ ਮੈਂ ਉਹ ਨੂੰ ਆਪਣੇ ਅੱਗੋਂ ਹਟਾ ਦਿਆਂਗਾ। ਨਾਲੇ ਉਸ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਇਸਰਾਏਲੀਆਂ ਅਤੇ ਯਹੂਦੀਆਂ ਨੇ ਕੀਤੀ ਭਈ ਮੇਰੇ ਗੁੱਸੇ ਨੂੰ ਭੜਕਾਉਣ, ਓਹਨਾਂ ਨੇ ਅਤੇ ਓਹਨਾਂ ਦੇ ਪਾਤਸ਼ਾਹਾਂ, ਸਰਦਾਰਾਂ, ਜਾਜਕਾਂ, ਨਬੀਆਂ ਨੇ ਨਾਲੇ ਯਹੂਦਾਹ ਦੇ ਮਨੁੱਖਾਂ ਤੇ ਯਰੂਸ਼ਲਮ ਦੇ ਵਾਸੀਆਂ ਨੇ ਵੀ।” (ਯਿਰਮਿਯਾਹ 32:31, 32) ਇਹ ਅੱਜ ਈਸਾਈ-ਜਗਤ ਵਿਚ ਸ਼ਾਸਕਾਂ ਅਤੇ ਪਾਦਰੀਆਂ ਉੱਤੇ ਯਹੋਵਾਹ ਦੇ ਨਿਆਉਂ ਦਾ ਪੂਰਵ-ਪਰਛਾਵਾਂ ਸੀ। ਸੱਚੀ ਸ਼ਾਂਤੀ ਲਿਆਉਣ ਲਈ, ਬੁਰਾਈ ਅਤੇ ਹਿੰਸਾ ਨੂੰ ਭੜਕਾਉਣ ਵਾਲਿਆਂ ਦਾ ਹਟਾਇਆ ਜਾਣਾ ਜ਼ਰੂਰੀ ਹੈ! ਯਕੀਨਨ ਉਹ ਸ਼ਾਂਤੀ ਦੇ ਸੰਦੇਸ਼ਵਾਹਕ ਨਹੀਂ ਹਨ।
ਯੂ ਐੱਨ ਇਕ ਸ਼ਾਂਤੀ-ਸਥਾਪਕ ਵਜੋਂ?
9. ਯੂ ਐੱਨ ਨੇ ਕਿਸ ਤਰ੍ਹਾਂ ਸ਼ਾਂਤੀ ਦੇ ਸੰਦੇਸ਼ਵਾਹਕ ਹੋਣ ਦਾ ਦਾਅਵਾ ਕੀਤਾ ਹੈ?
9 ਕੀ ਸੰਯੁਕਤ ਰਾਸ਼ਟਰ ਸੰਘ ਸ਼ਾਂਤੀ ਦਾ ਇਕ ਸੱਚਾ ਸੰਦੇਸ਼ਵਾਹਕ ਨਹੀਂ ਬਣ ਸਕਦਾ? ਆਖ਼ਰ, ਜੂਨ 1945 ਵਿਚ, ਪਰਮਾਣੂ ਬੰਬ ਦੁਆਰਾ ਹੀਰੋਸ਼ੀਮਾ ਦੇ ਨਾਸ਼ ਤੋਂ ਸਿਰਫ਼ 41 ਦਿਨ ਪਹਿਲਾਂ, ਪੇਸ਼ ਕੀਤੇ ਗਏ ਉਸ ਦੇ ਸੰਵਿਧਾਨ ਦੇ ਮੁਖਬੰਧ ਨੇ “ਭਾਵੀ ਪੀੜ੍ਹੀਆਂ ਨੂੰ ਯੁੱਧ ਦੇ ਦੁੱਖਾਂ ਤੋਂ ਬਚਾਉਣ” ਦਾ ਆਪਣਾ ਉਦੇਸ਼ ਬਿਆਨ ਕੀਤਾ। ਸੰਯੁਕਤ ਰਾਸ਼ਟਰ ਸੰਘ ਦੇ 50 ਸੰਭਾਵੀ ਮੈਂਬਰਾਂ ਨੇ “ਅੰਤਰ-ਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਕਾਇਮ ਰੱਖਣ ਲਈ [ਆਪਣੀ] ਤਾਕਤ ਨੂੰ ਇਕਮੁੱਠ ਕਰਨਾ” ਸੀ। ਅੱਜ ਯੂ ਐੱਨ ਦੇ 185 ਦੇਸ਼ ਮੈਂਬਰ ਹਨ, ਅਤੇ ਅਨੁਮਾਨਤ ਤੌਰ ਤੇ ਸਾਰੇ ਇਕ ਸਮਾਨ ਮੰਤਵ ਨੂੰ ਸਮਰਪਿਤ ਹਨ।
10, 11. (ੳ) ਧਾਰਮਿਕ ਆਗੂਆਂ ਨੇ ਕਿਸ ਤਰ੍ਹਾਂ ਯੂ ਐੱਨ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਹੈ? (ਅ) ਪੋਪਾਂ ਨੇ ਕਿਸ ਤਰੀਕੇ ਨਾਲ “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ” ਨੂੰ ਗ਼ਲਤ ਪੇਸ਼ ਕੀਤਾ ਹੈ?
10 ਸਾਲਾਂ ਦੇ ਦੌਰਾਨ, ਯੂ ਐੱਨ ਦੀ ਉੱਚੀ ਆਵਾਜ਼ ਵਿਚ ਸ਼ਲਾਘਾ ਕੀਤੀ ਗਈ ਹੈ, ਖ਼ਾਸ ਕਰਕੇ ਧਾਰਮਿਕ ਆਗੂਆਂ ਦੁਆਰਾ। ਅਪ੍ਰੈਲ 11, 1963 ਨੂੰ, ਪੋਪ ਜੌਨ XXIII ਨੇ ਆਪਣੇ “ਪਾਕੇਮ ਇਨ ਟੈਰਿਸ” (ਧਰਤੀ ਉੱਤੇ ਸ਼ਾਂਤੀ), ਨਾਮਕ ਗਸ਼ਤੀ ਪੱਤਰ ਉੱਤੇ ਦਸਤਖਤ ਕੀਤੇ ਜਿਸ ਵਿਚ ਉਸ ਨੇ ਬਿਆਨ ਕੀਤਾ: “ਇਹ ਸਾਡੀ ਦਿਲੀ ਇੱਛਾ ਹੈ ਕਿ ਸੰਯੁਕਤ ਰਾਸ਼ਟਰ ਸੰਘ—ਆਪਣੇ ਬਣਤਰ ਅਤੇ ਆਪਣੇ ਸਾਧਨਾਂ ਵਿਚ—ਆਪਣੇ ਕੰਮਾਂ ਦੀ ਵਿਸ਼ਾਲਤਾ ਅਤੇ ਸ੍ਰੇਸ਼ਟਤਾ ਵਿਚ ਹੋਰ ਪੂਰਾ ਉਤਰੇ।” ਬਾਅਦ ਵਿਚ, ਜੂਨ 1965 ਵਿਚ, ਧਾਰਮਿਕ ਆਗੂਆਂ, ਜੋ ਸੰਭਵ ਤੌਰ ਤੇ ਦੁਨੀਆਂ ਦੀ ਅੱਧੀ ਆਬਾਦੀ ਦੀ ਪ੍ਰਤਿਨਿਧਤਾ ਕਰਦੇ ਸਨ, ਨੇ ਸਾਨ ਫ਼ਰਾਂਸਿਸਕੋ ਵਿਚ ਯੂ ਐੱਨ ਦੀ 20ਵੀਂ ਵਰ੍ਹੇ-ਗੰਢ ਮਨਾਈ। ਨਾਲੇ 1965 ਵਿਚ, ਪੋਪ ਪੌਲ VI ਨੇ ਯੂ ਐੱਨ ਦੇ ਦੌਰੇ ਵੇਲੇ ਇਸ ਦਾ ਵਰਣਨ “ਏਕੇ ਅਤੇ ਸ਼ਾਂਤੀ ਦੀ ਆਖ਼ਰੀ ਉਮੀਦ” ਵਜੋਂ ਕੀਤਾ। 1986 ਵਿਚ, ਪੋਪ ਜੌਨ ਪੌਲ II ਨੇ ਯੂ ਐੱਨ ਦੇ ਅੰਤਰ-ਰਾਸ਼ਟਰੀ ਸ਼ਾਂਤੀ ਦੇ ਵਰ੍ਹੇ ਦਾ ਪ੍ਰਚਾਰ ਕਰਨ ਵਿਚ ਸਹਿਯੋਗ ਦਿੱਤਾ।
11 ਇਕ ਵਾਰ ਫਿਰ, ਅਕਤੂਬਰ 1995 ਵਿਚ ਆਪਣੇ ਦੌਰੇ ਦੌਰਾਨ, ਪੋਪ ਨੇ ਐਲਾਨ ਕੀਤਾ: “ਅੱਜ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਜਸ਼ਨ ਮਨਾ ਰਹੇ ਹਾਂ।” ਪਰੰਤੂ ਕੀ ਉਹ ਸੱਚ-ਮੁੱਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਸੰਦੇਸ਼ਵਾਹਕ ਹੈ? ਸੰਸਾਰ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ, ਉਸ ਨੇ ਅੱਗੇ ਕਿਹਾ: “ਜਿਉਂ-ਜਿਉਂ ਅਸੀਂ ਇਨ੍ਹਾਂ ਭਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਾਂ, ਅਸੀਂ ਸੰਯੁਕਤ ਰਾਸ਼ਟਰ ਸੰਘ ਦੀ ਭੂਮਿਕਾ ਕਬੂਲਣ ਤੋਂ ਕਿਸ ਤਰ੍ਹਾਂ ਇਨਕਾਰ ਕਰ ਸਕਦੇ ਹਾਂ?” ਪਰਮੇਸ਼ੁਰ ਦੇ ਰਾਜ ਦੀ ਬਜਾਇ, ਯੂ ਐੱਨ ਪੋਪ ਦੀ ਚੋਣ ਹੈ।
‘ਵਿਲਕਣ’ ਦੇ ਕਾਰਨ
12, 13. (ੳ) ਯੂ ਐੱਨ ਨੇ ਯਿਰਮਿਯਾਹ 6:14 ਵਿਚ ਵਰਣਨ ਕੀਤੇ ਗਏ ਤਰੀਕੇ ਨਾਲ ਕਿਸ ਤਰ੍ਹਾਂ ਕੰਮ ਕੀਤਾ ਹੈ? (ਅ) ਯਸਾਯਾਹ 33:7 ਦੇ ਵਰਣਨ ਵਿਚ ਯੂ ਐੱਨ ਦੀ ਲੀਡਰੀ ਕਿਉਂ ਸ਼ਾਮਲ ਹੈ?
12 ਯੂ ਐੱਨ ਦੀ 50ਵੀਂ ਵਰ੍ਹੇ-ਗੰਢ ਦੇ ਸਮਾਰੋਹ ਨੇ “ਧਰਤੀ ਉੱਤੇ ਸ਼ਾਂਤੀ” ਦੀ ਕੋਈ ਵੀ ਅਸਲੀ ਸੰਭਾਵਨਾ ਜ਼ਾਹਰ ਨਹੀਂ ਕੀਤੀ। ਇਕ ਕਾਰਨ ਦਾ ਸੰਕੇਤ ਕੈਨੇਡਾ ਦੀ ਦ ਟੋਰੌਂਟੋ ਸਟਾਰ ਦੇ ਇਕ ਲੇਖਕ ਨੇ ਕੀਤਾ, ਜਿਸ ਨੇ ਲਿਖਿਆ: “ਯੂ. ਐੱਨ. ਇਕ ਬੋੜਾ ਸ਼ੇਰ ਹੈ, ਜੋ ਉਸ ਵੇਲੇ ਦਹਾੜਦਾ ਹੈ ਜਦੋਂ ਉਹ ਮਨੁੱਖੀ ਵਹਿਸ਼ੀਪੁਣੇ ਦਾ ਸਾਮ੍ਹਣਾ ਕਰਦਾ ਹੈ, ਪਰੰਤੂ ਇਸ ਨੂੰ ਉਡੀਕ ਕਰਨੀ ਪੈਂਦੀ ਹੈ ਕਿ ਵੱਢਣ ਤੋਂ ਪਹਿਲਾਂ ਉਸ ਦੇ ਮੈਂਬਰ ਉਸ ਦੇ ਨਕਲੀ ਦੰਦ ਉਸ ਦੇ ਮੂੰਹ ਵਿਚ ਲਾਉਣ।” ਅਕਸਰ ਉਹ ਘੱਟ ਜ਼ੋਰ ਨਾਲ ਅਤੇ ਦੇਰੀ ਨਾਲ ਵੱਢਦਾ ਹੈ। ਮੌਜੂਦਾ ਸੰਸਾਰ ਦੀ ਵਿਵਸਥਾ ਵਿਚ, ਅਤੇ ਖ਼ਾਸ ਕਰਕੇ ਈਸਾਈ-ਜਗਤ ਵਿਚ ਸ਼ਾਂਤੀ ਦੇ ਸੰਦੇਸ਼ਵਾਹਕ ਯਿਰਮਿਯਾਹ 6:14 ਦੇ ਸ਼ਬਦਾਂ ਨੂੰ ਹੂ-ਬਹੂ ਦੁਹਰਾ ਰਹੇ ਹਨ: “ਓਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ ਹੈ, ਓਹ ਆਖਦੇ ਹਨ, ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ।”
13 ਯੂ ਐੱਨ ਦੇ ਇਕ ਦੇ ਬਾਅਦ ਇਕ ਸਕੱਤਰ-ਜਨਰਲਾਂ ਨੇ ਯੂ ਐੱਨ ਨੂੰ ਸਫ਼ਲ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ, ਅਤੇ ਨਿਰਸੰਦੇਹ ਸੱਚੇ ਦਿੱਲੋਂ ਮਿਹਨਤ ਕੀਤੀ ਹੈ। ਪਰੰਤੂ ਬਹੁ ਮਨੋਰਥੀ 185 ਮੈਂਬਰਾਂ ਵਿਚਕਾਰ ਲਗਾਤਾਰ ਇਸ ਬਾਰੇ ਝਗੜਿਆਂ ਨੇ ਕਿ ਯੁੱਧ ਉੱਤੇ ਕਿਵੇਂ ਕਾਬੂ ਪਾਉਣਾ ਹੈ, ਨੀਤੀ ਕਿਵੇਂ ਬਣਾਉਣੀ ਹੈ ਅਤੇ ਪੈਸਾ ਕਿਵੇਂ ਖ਼ਰਚ ਕਰਨਾ ਹੈ, ਸਫ਼ਲਤਾ ਦੀ ਸੰਭਾਵਨਾ ਵਿਚ ਰੁਕਾਵਟ ਪਾਈ ਹੈ। 1995 ਲਈ ਆਪਣੀ ਸਲਾਨਾ ਰਿਪੋਰਟ ਵਿਚ, ਉਸ ਸਮੇਂ ਦੇ ਸਕੱਤਰ-ਜਨਰਲ ਨੇ “ਵਿਸ਼ਵ-ਵਿਆਪੀ ਪਰਮਾਣੂ ਉਥਲ-ਪੁਥਲ ਦੀ ਛਾਇਆ” ਘਟਣ ਬਾਰੇ ਇਹ ਲਿਖਿਆ, ਕਿ ਇਹ “ਸਾਰੀ ਮਨੁੱਖਜਾਤੀ ਦੀ ਆਰਥਿਕ ਅਤੇ ਸਮਾਜਕ ਉੱਨਤੀ ਲਈ ਕੌਮਾਂ ਨੂੰ ਇਕੱਠੇ ਮਿਲ ਕੇ ਕੰਮ ਕਰਨ” ਦਾ ਰਸਤਾ ਖੋਲ੍ਹੇਗੀ। ਪਰੰਤੂ ਉਸ ਨੇ ਅੱਗੇ ਲਿਖਿਆ: “ਦੁੱਖ ਦੀ ਗੱਲ ਹੈ, ਬੀਤੇ ਕੁਝ ਸਾਲਾਂ ਵਿਚ ਸੰਸਾਰ ਦਿਆਂ ਮਾਮਲਿਆਂ ਦੇ ਰਿਕਾਰਡ ਨੇ ਉੱਚੀਆਂ ਉਮੀਦਾਂ ਨੂੰ ਬਹੁਤ ਹੱਦ ਤਕ ਗ਼ਲਤ ਸਾਬਤ ਕੀਤਾ ਹੈ।” ਵਾਕਈ, ਸ਼ਾਂਤੀ ਦੇ ਸੰਭਾਵੀ ਸੰਦੇਸ਼ਵਾਹਕ ‘ਵਿਲਕ’ ਰਹੇ ਹਨ।
14. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯੂ ਐੱਨ ਆਰਥਿਕ ਅਤੇ ਨੈਤਿਕ ਤੌਰ ਤੇ ਦਿਵਾਲੀਆ ਹੈ? (ਅ) ਯਿਰਮਿਯਾਹ 8:15 ਕਿਸ ਤਰ੍ਹਾਂ ਪੂਰਾ ਹੋ ਰਿਹਾ ਹੈ?
14 ਕੈਲੇਫ਼ੋਰਨੀਆ ਦੇ ਦ ਔਰੇਂਜ ਕਾਊਂਟੀ ਰਜਿਸਟਰ ਵਿਚ ਇਕ ਸੁਰਖੀ ਇਹ ਕਹਿੰਦੀ ਹੈ: “ਯੂ. ਐੱਨ. ਆਰਥਿਕ ਅਤੇ ਨੈਤਿਕ ਤੌਰ ਤੇ ਦਿਵਾਲੀਆ ਹੈ।” ਲੇਖ ਨੇ ਬਿਆਨ ਕੀਤਾ ਕਿ 1945 ਅਤੇ 1990 ਵਿਚਕਾਰ, 80 ਤੋਂ ਵੱਧ ਯੁੱਧ ਹੋਏ, ਜਿਨ੍ਹਾਂ ਵਿਚ ਤਿੰਨ ਕਰੋੜ ਤੋਂ ਜ਼ਿਆਦਾ ਜਾਨਾਂ ਮਾਰੀਆਂ ਗਈਆਂ। ਇਸ ਨੇ ਰੀਡਰਸ ਡਾਈਜੈੱਸਟ ਦੇ ਅਕਤੂਬਰ 1995 ਦੇ ਅੰਕ ਦੇ ਇਕ ਲੇਖਕ ਦਾ ਹਵਾਲਾ ਦਿੱਤਾ ਜੋ “ਯੂ. ਐੱਨ. ਫ਼ੌਜੀ ਕਾਰਵਾਈਆਂ ਦੀ ਵਿਸ਼ੇਸ਼ਤਾ ਦਾ ਵਰਣਨ ‘ਨਾਕਾਬਲ ਕਮਾਂਡਰ, ਅਨੁਸ਼ਾਸਨਹੀਣ ਫ਼ੌਜੀ, ਹਮਲਾਵਰਾਂ ਨਾਲ ਗਠਜੋੜ, ਅੱਤਿਆਚਾਰਾਂ ਨੂੰ ਰੋਕਣ ਵਿਚ ਅਸਫ਼ਲਤਾ, ਅਤੇ ਕਈ ਵਾਰ ਤਾਂ ਦਹਿਸ਼ਤ ਫੈਲਾਉਣ ਵਿਚ ਹਿੱਸਾ ਲੈਣ’ ਵਜੋਂ ਕਰਦਾ ਹੈ। ਇਸ ਤੋਂ ਇਲਾਵਾ, ‘ਫਜ਼ੂਲਖਰਚੀ, ਧੋਖੇਬਾਜ਼ੀ, ਅਤੇ ਕੁਵਰਤੋਂ ਦਾ ਪੱਧਰ ਹਾਵੀ ਹੈ।’” “ਯੂ. ਐੱਨ. ਆਪਣੀ 50ਵੀਂ ਵਰ੍ਹੇ-ਗੰਢ ਤੇ,” ਨਾਮਕ ਅਨੁਭਾਗ ਵਿਚ ਦ ਨਿਊ ਯੌਰਕ ਟਾਈਮਸ ਨੇ ਇਹ ਸਿਰਲੇਖ ਪ੍ਰਕਾਸ਼ਿਤ ਕੀਤਾ, “ਬਦਇੰਤਜ਼ਾਮੀ ਅਤੇ ਫਜ਼ੂਲਖਰਚੀ ਨੇ ਯੂ. ਐੱਨ. ਦੇ ਸਭ ਤੋਂ ਚੰਗੇ ਇਰਾਦਿਆਂ ਉੱਤੇ ਪਾਣੀ ਫੇਰ ਦਿੱਤਾ।” ਲੰਡਨ, ਇੰਗਲੈਂਡ ਦੀ ਦ ਟਾਈਮਸ ਨੇ ਇਕ ਲੇਖ ਇਨ੍ਹਾਂ ਸ਼ਬਦਾਂ ਨਾਲ ਸਿਰਲੇਖਬੱਧ ਕੀਤਾ, “ਪੰਜਾਹਵੇਂ ਵਰ੍ਹੇ ਵਿਚ ਕਮਜ਼ੋਰ—ਯੂ ਐੱਨ ਨੂੰ ਦੁਬਾਰਾ ਤੰਦਰੁਸਤ ਹੋਣ ਲਈ ਕਸਰਤ ਕਰਨ ਦੀ ਲੋੜ ਹੈ।” ਵਾਸਤਵਿਕ ਰੂਪ ਵਿਚ, ਇਹ ਉਸ ਦੇ ਸਮਾਨ ਹੈ ਜੋ ਅਸੀਂ ਯਿਰਮਿਯਾਹ ਅਧਿਆਇ 8, ਆਇਤ 15 ਵਿਚ ਪੜ੍ਹਦੇ ਹਾਂ: “ਅਸਾਂ ਸ਼ਾਂਤੀ ਨੂੰ ਉਡੀਕਿਆ ਪਰ ਕੋਈ ਚੰਗੀ ਚੀਜ਼ ਨਾ ਆਈ, ਅਤੇ ਤੰਦਰੁਸਤੀ ਦੇ ਮੌਕੇ ਨੂੰ ਵੀ, ਪਰ ਵੇਖੋ, ਭੈ ਸੀ।” ਅਤੇ ਪਰਮਾਣੂ ਤਬਾਹੀ ਦਾ ਖ਼ਤਰਾ ਅਜੇ ਵੀ ਮਨੁੱਖਜਾਤੀ ਉੱਤੇ ਲਟਕ ਰਿਹਾ ਹੈ। ਸਪੱਸ਼ਟ ਤੌਰ ਤੇ, ਯੂ ਐੱਨ ਸ਼ਾਂਤੀ ਦਾ ਉਹ ਸੰਦੇਸ਼ਵਾਹਕ ਨਹੀਂ ਹੈ ਜਿਸ ਦੀ ਮਨੁੱਖਜਾਤੀ ਨੂੰ ਲੋੜ ਹੈ।
15. ਪ੍ਰਾਚੀਨ ਬਾਬਲ ਅਤੇ ਉਸ ਦੀ ਧਾਰਮਿਕ ਸੰਤਾਨ ਕਿਸ ਤਰ੍ਹਾਂ ਦੋਵੇਂ ਵਿਨਾਸ਼ਕਾਰੀ ਅਤੇ ਬੇਸੁਰਤ ਕਰਨ ਵਾਲੇ ਸਾਬਤ ਹੋਏ ਹਨ?
15 ਇਸ ਸਾਰੇ ਦਾ ਸਿੱਟਾ ਕੀ ਨਿਕਲੇਗਾ? ਯਹੋਵਾਹ ਦਾ ਭਵਿੱਖ-ਸੂਚਕ ਬਚਨ ਕੋਈ ਸ਼ੱਕ ਪੈਦਾ ਨਹੀਂ ਕਰਦਾ ਹੈ। ਸਭ ਤੋਂ ਪਹਿਲਾਂ, ਸੰਸਾਰ ਦੇ ਝੂਠੇ ਧਰਮਾਂ ਲਈ ਭਵਿੱਖ ਵਿਚ ਕੀ ਰੱਖਿਆ ਹੋਇਆ ਹੈ ਜੋ ਯੂ ਐੱਨ ਦਾ ਅਕਸਰ ਬਹੁਤ ਗਹਿਰਾ ਮਿੱਤਰ ਰਿਹਾ ਹੈ? ਉਹ ਇਕ ਮੂਰਤੀ-ਪੂਜਕ ਸੋਮੇ, ਪ੍ਰਾਚੀਨ ਬਾਬਲ ਦੀ ਸੰਤਾਨ ਹਨ। ਢੁਕਵੇਂ ਤੌਰ ਤੇ, ਪਰਕਾਸ਼ ਦੀ ਪੋਥੀ 17:5 ਵਿਚ ਉਨ੍ਹਾਂ ਦਾ ਵਰਣਨ “ਬਾਬੁਲ ਉਹ ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ” ਵਜੋਂ ਕੀਤਾ ਗਿਆ ਹੈ। ਯਿਰਮਿਯਾਹ ਨੇ ਇਸ ਪਖੰਡੀ ਇਕੱਠ ਦੇ ਵਿਨਾਸ਼ ਦਾ ਵਰਣਨ ਕੀਤਾ। ਕੰਜਰੀ ਦੀ ਤਰ੍ਹਾਂ, ਉਨ੍ਹਾਂ ਨੇ ਧਰਤੀ ਦੇ ਰਾਜਨੀਤਿਕ ਨੇਤਾਵਾਂ ਨੂੰ ਲੁਭਾਇਆ ਹੈ, ਯੂ ਐੱਨ ਦੀ ਚਾਪਲੂਸੀ ਕੀਤੀ ਹੈ ਅਤੇ ਇਸ ਦੀਆਂ ਮੈਂਬਰ ਰਾਜਨੀਤਿਕ ਸ਼ਕਤੀਆਂ ਨਾਲ ਨਜਾਇਜ਼ ਸੰਬੰਧ ਬਣਾਏ ਹਨ। ਇਹ ਇਤਿਹਾਸ ਦੇ ਯੁੱਧਾਂ ਵਿਚ ਮੁੱਖ ਹਿੱਸੇਦਾਰ ਰਹੇ ਹਨ। ਭਾਰਤ ਵਿਚ ਧਾਰਮਿਕ ਯੁੱਧ ਦੇ ਹਵਾਲੇ ਨਾਲ ਇਕ ਵਿਵਰਣਕਾਰ ਨੇ ਬਿਆਨ ਕੀਤਾ: “ਕਾਰਲ ਮਾਰਕਸ ਨੇ ਧਰਮ ਨੂੰ ਲੋਕਾਂ ਦੀ ਅਫ਼ੀਮ ਸੱਦਿਆ। ਪਰੰਤੂ ਇਹ ਕਥਨ ਬਿਲਕੁਲ ਠੀਕ ਨਹੀਂ ਹੋ ਸਕਦਾ ਕਿਉਂਕਿ ਅਫ਼ੀਮ ਇਕ ਵਿਸ਼ਾਦਕਾਰੀ ਦਵਾਈ ਹੈ, ਇਹ ਲੋਕਾਂ ਨੂੰ ਬੇਸੁਰਤ ਕਰ ਦਿੰਦੀ ਹੈ। ਨਹੀਂ, ਧਰਮ ਸ਼ੁੱਧ ਕੋਕੀਨ ਦੀ ਤਰ੍ਹਾਂ ਹੈ। ਇਹ ਘੋਰ ਹਿੰਸਾ ਨੂੰ ਭੜਕਾਉਂਦਾ ਹੈ ਅਤੇ ਇਹ ਇਕ ਬਹੁਤ ਹੀ ਵਿਨਾਸ਼ਕਾਰੀ ਸ਼ਕਤੀ ਹੈ।” ਇਹ ਲੇਖਕ ਵੀ ਬਿਲਕੁਲ ਠੀਕ ਨਹੀਂ ਹੈ। ਝੂਠਾ ਧਰਮ ਦੋਵੇਂ ਬੇਸੁਰਤ ਕਰਨ ਵਾਲਾ ਅਤੇ ਵਿਨਾਸ਼ਕਾਰੀ ਹੈ।
16. ਨੇਕਦਿਲ ਇਨਸਾਨਾਂ ਨੂੰ ਵੱਡੀ ਬਾਬੁਲ ਵਿੱਚੋਂ ਹੁਣ ਕਿਉਂ ਭੱਜ ਨਿਕਲਣਾ ਚਾਹੀਦਾ ਹੈ? (ਨਾਲੇ ਦੇਖੋ ਪਰਕਾਸ਼ ਦੀ ਪੋਥੀ 18:4, 5.)
16 ਫਿਰ, ਨੇਕਦਿਲ ਇਨਸਾਨਾਂ ਨੂੰ ਕੀ ਕਰਨਾ ਚਾਹੀਦਾ ਹੈ? ਪਰਮੇਸ਼ੁਰ ਦਾ ਸੰਦੇਸ਼ਵਾਹਕ ਯਿਰਮਿਯਾਹ ਸਾਨੂੰ ਉੱਤਰ ਦਿੰਦਾ ਹੈ: “ਬਾਬਲ ਦੇ ਵਿਚਕਾਰੋਂ ਨੱਠੋ, ਹਰੇਕ ਮਨੁੱਖ ਆਪਣੀ ਜਾਨ ਬਚਾਵੇ! . . . ਕਿਉਂ ਜੋ ਏਹ ਯਹੋਵਾਹ ਦੇ ਬਦਲੇ ਦਾ ਵੇਲਾ ਹੈ।” ਅਸੀਂ ਖ਼ੁਸ਼ ਹਾਂ ਕਿ ਲੱਖਾਂ ਲੋਕ ਵੱਡੀ ਬਾਬੁਲ, ਅਰਥਾਤ ਝੂਠੇ ਧਰਮਾਂ ਦਾ ਵਿਸ਼ਵ ਸਾਮਰਾਜ, ਦੀ ਕੈਦ ਵਿੱਚੋਂ ਭੱਜ ਨਿਕਲੇ ਹਨ। ਕੀ ਤੁਸੀਂ ਉਨ੍ਹਾਂ ਵਿੱਚੋਂ ਇਕ ਹੋ? ਤਾਂ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਵੱਡੀ ਬਾਬੁਲ ਨੇ ਧਰਤੀ ਦੀਆਂ ਕੌਮਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ: “ਕੌਮਾਂ ਨੇ ਉਸ ਦੀ ਮਧ ਪੀਤੀ ਏਸ ਲਈ ਕੌਮਾਂ ਖੀਵੀਆਂ ਹੋ ਗਈਆਂ।”—ਯਿਰਮਿਯਾਹ 51:6, 7.
17. ਵੱਡੀ ਬਾਬੁਲ ਉੱਤੇ ਕਿਹੜਾ ਨਿਆਉਂ ਲਾਗੂ ਹੋਣ ਵਾਲਾ ਹੈ, ਅਤੇ ਉਸ ਕਾਰਵਾਈ ਤੋਂ ਬਾਅਦ ਕੀ ਹੁੰਦਾ ਹੈ?
17 ਜਲਦੀ ਹੀ, ਯਹੋਵਾਹ ਝੂਠੇ ਧਰਮ ਉੱਤੇ ਹਮਲਾ ਕਰਨ ਲਈ ਯੂ ਐੱਨ ਦੇ ‘ਖੀਵੇ’ ਮੈਂਬਰਾਂ ਨੂੰ ਵਰਤੇਗਾ, ਜਿਵੇਂ ਪਰਕਾਸ਼ ਦੀ ਪੋਥੀ 17:16 ਵਿਚ ਵਰਣਨ ਕੀਤਾ ਗਿਆ ਹੈ: “ਏਹ ਓਸ ਕੰਜਰੀ ਨਾਲ ਵੈਰ ਕਰਨਗੇ ਅਤੇ ਉਹ ਨੂੰ ਉਜਾੜ ਦੇਣਗੇ ਅਤੇ ਨੰਗਿਆਂ ਕਰਨਗੇ ਅਤੇ ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ।” ਇਹ ਵੱਡੇ ਕਸ਼ਟ ਦੀ ਸ਼ੁਰੂਆਤ ਨੂੰ ਚਿੰਨ੍ਹਿਤ ਕਰੇਗਾ ਜੋ ਕਿ ਮੱਤੀ 24:21 ਵਿਚ ਜ਼ਿਕਰ ਕੀਤਾ ਗਿਆ ਹੈ ਅਤੇ ਜੋ ਕਿ ਆਰਮਾਗੇਡਨ, ਅਰਥਾਤ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਉਸ ਵੱਡੇ ਦਿਹਾੜੇ ਦੇ ਯੁੱਧ ਵਿਚ ਆਪਣੇ ਸਿਖਰ ਤੇ ਪਹੁੰਚੇਗਾ। ਪ੍ਰਾਚੀਨ ਬਾਬਲ ਦੀ ਤਰ੍ਹਾਂ, ਵੱਡੀ ਬਾਬੁਲ ਵੀ ਯਿਰਮਿਯਾਹ 51:13, 25 ਵਿਚ ਐਲਾਨ ਕੀਤਾ ਗਿਆ ਨਿਆਉਂ ਪ੍ਰਾਪਤ ਕਰੇਗੀ: “ਬਹੁਤਿਆਂ ਖ਼ਜ਼ਾਨਿਆਂ ਵਾਲੀਏ, ਤੂੰ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਵੱਸਦੀ ਹੈਂ, ਤੇਰਾ ਅੰਤ ਆ ਗਿਆ, ਤੇਰੀ ਮਾਰ ਧਾੜ ਦਾ ਹਾੜਾ ਭਰ ਗਿਆ! ਵੇਖ, ਹੇ ਨਾਸ ਕਰਨ ਵਾਲੇ ਪਹਾੜ, ਮੈਂ ਤੇਰੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਸ ਨੇ ਸਾਰੀ ਧਰਤੀ ਨੂੰ ਨਾਸ ਕਰ ਦਿੱਤਾ ਹੈ, ਮੈਂ ਤੇਰੇ ਵਿਰੁੱਧ ਆਪਣੇ ਹੱਥ ਪਸਾਰਾਂਗਾ, ਅਤੇ ਤੈਨੂੰ ਚਟਾਨਾਂ ਵਿੱਚੋਂ ਰੇੜ੍ਹ ਦਿਆਂਗਾ, ਤੈਨੂੰ ਬਲਿਆ ਹੋਇਆ ਪਹਾੜ ਬਣਾ ਦਿਆਂਗਾ।” ਭ੍ਰਿਸ਼ਟ, ਲੜਾਈ ਭੜਕਾਊ ਕੌਮਾਂ ਝੂਠੇ ਧਰਮ ਤੋਂ ਬਾਅਦ ਨਾਸ਼ ਕੀਤੀਆਂ ਜਾਣਗੀਆਂ ਜਿਉਂ ਹੀ ਯਹੋਵਾਹ ਦੇ ਬਦਲੇ ਦਾ ਦਿਨ ਉਨ੍ਹਾਂ ਉੱਤੇ ਵੀ ਆ ਪਵੇਗਾ।
18. ਯਸਾਯਾਹ 48:22 ਹਾਲੇ ਕਦੋਂ ਅਤੇ ਕਿਸ ਤਰ੍ਹਾਂ ਪੂਰਾ ਹੋਵੇਗਾ?
18 ਪਹਿਲੇ ਥੱਸਲੁਨੀਕੀਆਂ 5:3 ਵਿਚ, ਦੁਸ਼ਟਾਂ ਦੇ ਬਾਰੇ ਕਿਹਾ ਗਿਆ ਹੈ: “ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਨਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ।” ਇਹ ਉਹ ਹਨ ਜਿਨ੍ਹਾਂ ਬਾਰੇ ਯਸਾਯਾਹ ਨੇ ਕਿਹਾ ਸੀ: “ਵੇਖੋ, . . . ਸ਼ਾਂਤੀ ਦੇ ਦੂਤ ਵਿਲਕਦੇ ਹਨ।” (ਯਸਾਯਾਹ 33:7) ਸੱਚ-ਮੁੱਚ, ਜਿਵੇਂ ਕਿ ਅਸੀਂ ਯਸਾਯਾਹ 48:22 ਵਿਚ ਪੜ੍ਹਦੇ ਹਾਂ, “ਯਹੋਵਾਹ ਕਹਿੰਦਾ ਹੈ, ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ।” ਪਰੰਤੂ ਈਸ਼ਵਰੀ ਸ਼ਾਂਤੀ ਦੇ ਸੱਚੇ ਸੰਦੇਸ਼ਵਾਹਕਾਂ ਲਈ ਕਿਸ ਤਰ੍ਹਾਂ ਦਾ ਭਵਿੱਖ ਰੱਖਿਆ ਹੋਇਆ ਹੈ? ਸਾਡਾ ਅਗਲਾ ਲੇਖ ਦੱਸੇਗਾ।
ਪੁਨਰ-ਵਿਚਾਰ ਲਈ ਸਵਾਲ
◻ ਪਰਮੇਸ਼ੁਰ ਦੇ ਨਬੀਆਂ ਨੇ ਕਿਨ੍ਹਾਂ ਸਖ਼ਤ ਸ਼ਬਦਾਂ ਨਾਲ ਝੂਠੇ ਸੰਦੇਸ਼ਵਾਹਕਾਂ ਦਾ ਪਰਦਾ-ਫ਼ਾਸ਼ ਕੀਤਾ?
◻ ਮਨੁੱਖੀ ਜ਼ਰੀਏ ਸਥਾਈ ਸ਼ਾਂਤੀ ਲਿਆਉਣ ਦੇ ਜਤਨਾਂ ਵਿਚ ਕਿਉਂ ਅਸਫ਼ਲ ਹੁੰਦੇ ਹਨ?
◻ ਸ਼ਾਂਤੀ ਦੇ ਸੱਚੇ ਸੰਦੇਸ਼ਵਾਹਕ ਯੂ ਐੱਨ ਦੇ ਸਮਰਥਕਾਂ ਤੋਂ ਕਿਸ ਤਰ੍ਹਾਂ ਭਿੰਨ ਹਨ?
◻ ਯਹੋਵਾਹ ਦੁਆਰਾ ਵਾਅਦਾ ਕੀਤੀ ਗਈ ਸ਼ਾਂਤੀ ਵਿਚ ਆਨੰਦ ਮਾਣਨ ਲਈ ਮਸਕੀਨਾਂ ਨੂੰ ਕੀ ਕਰਨਾ ਚਾਹੀਦਾ ਹੈ?
[ਸਫ਼ੇ 9 ਉੱਤੇ ਤਸਵੀਰਾਂ]
ਯਸਾਯਾਹ, ਯਿਰਮਿਯਾਹ, ਅਤੇ ਦਾਨੀਏਲ ਸਭ ਨੇ ਨਿਰੇ ਮਨੁੱਖੀ ਸ਼ਾਂਤੀ ਜਤਨਾਂ ਦੀ ਅਸਫ਼ਲਤਾ ਬਾਰੇ ਪਹਿਲਾਂ ਹੀ ਦੱਸਿਆ ਸੀ
[ਸਫ਼ੇ 10 ਉੱਤੇ ਤਸਵੀਰ]
“ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।”—ਰਸੂਲ ਯੂਹੰਨਾ
[ਸਫ਼ੇ 11 ਉੱਤੇ ਤਸਵੀਰ]
“ਉਨ੍ਹਾਂ ਦੀ ਬੁੱਧ ਅਨ੍ਹੇਰੀ ਹੋਈ ਹੋਈ ਹੈ।”—ਰਸੂਲ ਪੌਲੁਸ