ਯਿਰਮਿਯਾਹ ਵਾਂਗ ਜਾਗਦੇ ਰਹੋ
“ਮੈਂ [ਯਹੋਵਾਹ] ਆਪਣੇ ਬਚਨ ਦੇ ਪੂਰਾ ਕਰਨ ਲਈ ਜਾਗਦਾ ਜੋ ਰਹਿੰਦਾ ਹਾਂ।”—ਯਿਰ. 1:12.
1, 2. ਯਹੋਵਾਹ ਦੇ ‘ਜਾਗਦੇ ਰਹਿਣ’ ਦਾ ਸੰਬੰਧ ਬਦਾਮ ਦੇ ਦਰਖ਼ਤ ਨਾਲ ਕਿਉਂ ਜੋੜਿਆ ਗਿਆ ਹੈ?
ਲਬਾਨੋਨ ਅਤੇ ਇਸਰਾਏਲ ਦੀਆਂ ਪਹਾੜੀਆਂ ਉੱਤੇ ਜਿੰਨੇ ਵੀ ਦਰਖ਼ਤ ਹਨ, ਉਨ੍ਹਾਂ ਵਿੱਚੋਂ ਬਦਾਮ ਦੇ ਦਰਖ਼ਤ ਦੇ ਫੁੱਲ ਪਹਿਲਾਂ ਖਿੜਦੇ ਹਨ। ਉੱਥੇ ਇਹ ਸੋਹਣੇ ਗੁਲਾਬੀ ਜਾਂ ਚਿੱਟੇ ਫੁੱਲ ਜਨਵਰੀ ਦੇ ਅਖ਼ੀਰ ਵਿਚ ਜਾਂ ਫਰਵਰੀ ਦੇ ਸ਼ੁਰੂ ਵਿਚ ਖਿੜਦੇ ਹਨ। ਇਸ ਲਈ ਇਬਰਾਨੀ ਭਾਸ਼ਾ ਵਿਚ ਇਸ ਦਰਖ਼ਤ ਦਾ ਸ਼ਾਬਦਿਕ ਨਾਂ ਹੈ “ਜਾਗਣ ਵਾਲਾ।”
2 ਜਦੋਂ ਯਹੋਵਾਹ ਨੇ ਯਿਰਮਿਯਾਹ ਨੂੰ ਨਬੀ ਬਣਾਇਆ, ਤਾਂ ਉਸ ਨੇ ਬਦਾਮ ਦੇ ਦਰਖ਼ਤ ਦੀ ਇਸ ਖੂਬੀ ਨੂੰ ਉਦਾਹਰਣ ਦੇ ਤੌਰ ਤੇ ਵਰਤ ਕੇ ਇਕ ਅਹਿਮ ਸੱਚਾਈ ਸਮਝਾਈ। ਜਦੋਂ ਯਿਰਮਿਯਾਹ ਪ੍ਰਚਾਰ ਸ਼ੁਰੂ ਕਰਨ ਵਾਲਾ ਸੀ, ਤਾਂ ਉਸ ਨੂੰ ਦਰਸ਼ਨ ਵਿਚ ਉਸ ਦਰਖ਼ਤ ਦੀ ਇਕ ਟਹਿਣੀ ਦਿਖਾਈ ਗਈ ਸੀ। ਇਸ ਦਾ ਕੀ ਮਤਲਬ ਸੀ? ਯਹੋਵਾਹ ਨੇ ਸਮਝਾਇਆ: “ਮੈਂ ਆਪਣੇ ਬਚਨ ਦੇ ਪੂਰਾ ਕਰਨ ਲਈ ਜਾਗਦਾ ਜੋ ਰਹਿੰਦਾ ਹਾਂ।” (ਯਿਰ. 1:11, 12) ਜਿਸ ਤਰ੍ਹਾਂ ਬਦਾਮ ਦਾ ਦਰਖ਼ਤ ਜਲਦੀ ਯਾਨੀ ਸਾਲ ਦੇ ਸ਼ੁਰੂ ਵਿਚ ‘ਜਾਗ’ ਜਾਂਦਾ ਹੈ, ਉਸੇ ਤਰ੍ਹਾਂ ਯਹੋਵਾਹ ਮਾਨੋ “ਮੂੰਹ ਅਨ੍ਹੇਰੇ” ਉੱਠ ਕੇ ਲੋਕਾਂ ਨੂੰ ਬੁਰੇ ਕੰਮਾਂ ਦੇ ਅੰਜਾਮ ਬਾਰੇ ਚੇਤਾਵਨੀ ਦੇਣ ਵਾਸਤੇ ਆਪਣੇ ਨਬੀਆਂ ਨੂੰ ਭੇਜਦਾ ਸੀ। (ਯਿਰ. 7:25) ਉਸ ਨੇ ਆਰਾਮ ਨਹੀਂ ਕੀਤਾ, ਸਗੋਂ “ਜਾਗਦਾ” ਰਿਹਾ ਜਦ ਤਕ ਉਸ ਦਾ ਕਿਹਾ ਬਚਨ ਪੂਰਾ ਨਹੀਂ ਹੋਇਆ। ਯਹੋਵਾਹ ਨੇ ਆਪਣੇ ਨਿਰਧਾਰਿਤ ਸਮੇਂ ਤੇ 607 ਈਸਵੀ ਪੂਰਵ ਵਿਚ ਯਹੂਦਾਹ ਦੀ ਧਰਮ-ਤਿਆਗੀ ਕੌਮ ਨੂੰ ਸਜ਼ਾ ਦਿੱਤੀ।
3. ਅਸੀਂ ਯਹੋਵਾਹ ਬਾਰੇ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
3 ਅੱਜ ਵੀ ਯਹੋਵਾਹ ਜਾਗ ਰਿਹਾ ਹੈ ਯਾਨੀ ਧਿਆਨ ਨਾਲ ਦੇਖ ਰਿਹਾ ਹੈ ਕਿ ਉਸ ਦੀ ਇੱਛਾ ਪੂਰੀ ਹੋ ਰਹੀ ਹੈ। ਉਸ ਲਈ ਆਪਣੇ ਬਚਨ ਦੀ ਪੂਰਤੀ ਨੂੰ ਅਣਗੌਲਿਆਂ ਕਰਨਾ ਨਾਮੁਮਕਿਨ ਹੈ। ਕੀ ਤੁਹਾਡੇ ਲਈ ਇਹ ਗੱਲ ਕੋਈ ਮਾਅਨੇ ਰੱਖਦੀ ਹੈ ਕਿ ਯਹੋਵਾਹ ਧਿਆਨ ਨਾਲ ਦੇਖ ਰਿਹਾ ਹੈ? ਕੀ ਤੁਹਾਨੂੰ ਵਿਸ਼ਵਾਸ ਹੈ ਕਿ ਇਸ ਸਾਲ 2011 ਵਿਚ ਵੀ ਯਹੋਵਾਹ “ਜਾਗਦਾ” ਰਹਿ ਕੇ ਆਪਣੇ ਵਾਅਦਿਆਂ ਦੀ ਪੂਰਤੀ ਦੇਖ ਰਿਹਾ ਹੈ? ਜੇ ਸਾਨੂੰ ਯਹੋਵਾਹ ਦੇ ਪੱਕੇ ਵਾਅਦਿਆਂ ਬਾਰੇ ਕੋਈ ਵੀ ਸ਼ੱਕ ਹੈ, ਤਾਂ ਹੁਣੇ ਸਾਡੇ ਕੋਲ ਨੀਂਦ ਤੋਂ ਜਾਗਣ ਦਾ ਵੇਲਾ ਹੈ। (ਰੋਮੀ. 13:11) ਯਹੋਵਾਹ ਦਾ ਨਬੀ ਹੋਣ ਕਰਕੇ ਯਿਰਮਿਯਾਹ ਜਾਗਦਾ ਰਿਹਾ। ਆਓ ਆਪਾਂ ਦੇਖੀਏ ਕਿ ਯਿਰਮਿਯਾਹ ਨੇ ਕਿਵੇਂ ਅਤੇ ਕਿਉਂ ਜਾਗਦੇ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਇਹ ਦੇਖਣ ਵਿਚ ਮਦਦ ਮਿਲੇਗੀ ਕਿ ਅਸੀਂ ਕਿਵੇਂ ਯਹੋਵਾਹ ਦੇ ਦਿੱਤੇ ਕੰਮ ਵਿਚ ਲੱਗੇ ਰਹਿ ਸਕਦੇ ਹਾਂ।
ਇਕ ਜ਼ਰੂਰੀ ਸੁਨੇਹਾ
4. ਸੁਨੇਹਾ ਦੇਣ ਲਈ ਯਿਰਮਿਯਾਹ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ ਅਤੇ ਇਹ ਸੁਨੇਹਾ ਇੰਨਾ ਜ਼ਰੂਰੀ ਕਿਉਂ ਸੀ?
4 ਯਿਰਮਿਯਾਹ 25 ਕੁ ਸਾਲਾਂ ਦਾ ਹੋਣਾ ਜਦੋਂ ਯਹੋਵਾਹ ਤੋਂ ਉਸ ਨੂੰ ਪਹਿਰੇਦਾਰੀ ਕਰਨ ਦਾ ਕੰਮ ਮਿਲਿਆ। (ਯਿਰ. 1:1, 2) ਪਰ ਉਹ ਆਪਣੇ ਆਪ ਨੂੰ ਨਾਦਾਨ ਬੱਚੇ ਦੀ ਤਰ੍ਹਾਂ ਸਮਝਦਾ ਸੀ ਅਤੇ ਸੋਚਦਾ ਸੀ ਕਿ ਉਹ ਕੌਮ ਦੇ ਮੋਹਰੀ ਬੰਦਿਆਂ ਨਾਲ ਗੱਲ ਕਰਨ ਦੇ ਬਿਲਕੁਲ ਕਾਬਲ ਨਹੀਂ ਸੀ ਕਿਉਂਕਿ ਉਹ ਸਿਆਣੀ ਉਮਰ ਦੇ ਸਨ ਅਤੇ ਉਨ੍ਹਾਂ ਕੋਲ ਕਾਫ਼ੀ ਅਧਿਕਾਰ ਸੀ। (ਯਿਰ. 1:6) ਉਸ ਨੇ ਖ਼ਾਸਕਰ ਜਾਜਕਾਂ, ਝੂਠੇ ਨਬੀਆਂ ਅਤੇ ਰਾਜਿਆਂ ਦੀ ਸਖ਼ਤ ਨਿੰਦਿਆ ਕਰਨੀ ਸੀ ਤੇ ਉਨ੍ਹਾਂ ਨੂੰ ਡਰਾਉਣੀ ਸਜ਼ਾ ਸੁਣਾਉਣੀ ਸੀ, ਉਨ੍ਹਾਂ ਲੋਕਾਂ ਨੂੰ ਵੀ ਜੋ ‘ਆਪਣੇ ਹੀ ਰਾਹ’ ਤੁਰਦੇ ਸਨ ਅਤੇ ਪਰਮੇਸ਼ੁਰ ਤੋਂ ‘ਸਦਾ ਲਈ ਫਿਰ ਗਏ ਸਨ।’ (ਯਿਰ. 6:13; 8:5, 6) ਰਾਜਾ ਸੁਲੇਮਾਨ ਦੁਆਰਾ ਬਣਾਇਆ ਸ਼ਾਨਦਾਰ ਮੰਦਰ ਢਹਿ-ਢੇਰੀ ਹੋ ਜਾਣਾ ਸੀ ਜਿੱਥੇ ਲਗਭਗ ਚਾਰ ਸਦੀਆਂ ਤਾਈਂ ਸੱਚੀ ਭਗਤੀ ਕੀਤੀ ਜਾ ਰਹੀ ਸੀ। ਯਰੂਸ਼ਲਮ ਅਤੇ ਯਹੂਦਾਹ ਉਜਾੜ ਛੱਡਿਆ ਜਾਣਾ ਸੀ ਅਤੇ ਉਨ੍ਹਾਂ ਦੇ ਵਾਸੀਆਂ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਣਾ ਸੀ। ਇਸ ਤੋਂ ਸਪੱਸ਼ਟ ਹੈ ਕਿ ਯਿਰਮਿਯਾਹ ਨੂੰ ਮਿਲਿਆ ਸੁਨੇਹਾ ਸੁਣਾਉਣਾ ਬਹੁਤ ਜ਼ਰੂਰੀ ਸੀ!
5, 6. (ੳ) ਯਹੋਵਾਹ ਅੱਜ ਯਿਰਮਿਯਾਹ ਵਰਗ ਨੂੰ ਕਿਵੇਂ ਵਰਤ ਰਿਹਾ ਹੈ? (ਅ) ਹੁਣ ਅਸੀਂ ਕਿਨ੍ਹਾਂ ਉੱਤੇ ਗੌਰ ਕਰਾਂਗੇ?
5 ਆਧੁਨਿਕ ਸਮਿਆਂ ਵਿਚ ਯਹੋਵਾਹ ਨੇ ਪਿਆਰ ਨਾਲ ਮਨੁੱਖਜਾਤੀ ਲਈ ਮਸਹ ਕੀਤੇ ਮਸੀਹੀਆਂ ਦੇ ਇਕ ਗਰੁੱਪ ਦਾ ਇੰਤਜ਼ਾਮ ਕੀਤਾ ਹੈ। ਉਹ ਇਕ ਤਰ੍ਹਾਂ ਨਾਲ ਪਹਿਰੇਦਾਰਾਂ ਵਜੋਂ ਇਸ ਦੁਨੀਆਂ ਨੂੰ ਪਰਮੇਸ਼ੁਰ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਬਾਰੇ ਚੇਤਾਵਨੀ ਦਿੰਦੇ ਹਨ। ਦਹਾਕਿਆਂ ਤੋਂ ਇਹ ਪਹਿਰੇਦਾਰ ਲੋਕਾਂ ਨੂੰ ਇਨ੍ਹਾਂ ਸਮਿਆਂ ਵੱਲ ਧਿਆਨ ਦੇਣ ਦੀ ਤਾਕੀਦ ਕਰ ਰਹੇ ਹਨ ਜਿਨ੍ਹਾਂ ਵਿਚ ਅਸੀਂ ਰਹਿੰਦੇ ਹਾਂ। (ਯਿਰ. 6:17) ਬਾਈਬਲ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਯਹੋਵਾਹ ਢਿੱਲ-ਮੱਠ ਨਹੀਂ ਕਰਦਾ ਕਿਉਂਕਿ ਉਹ ਸਭ ਕੁਝ ਸਮੇਂ ਸਿਰ ਕਰਦਾ ਹੈ। ਉਸ ਦਾ ਦਿਨ ਐਨ ਸਹੀ ਸਮੇਂ ਤੇ ਆਵੇਗਾ ਜਿਸ ਘੜੀ ਲੋਕਾਂ ਨੂੰ ਆਸ ਵੀ ਨਹੀਂ ਹੋਵੇਗੀ।—ਸਫ਼. 3:8; ਮਰ. 13:33; 2 ਪਤ. 3:9, 10.
6 ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਜਾਗਦਾ ਰਹਿੰਦਾ ਹੈ ਅਤੇ ਉਸ ਦੀ ਨਵੀਂ ਧਰਮੀ ਦੁਨੀਆਂ ਸਹੀ ਸਮੇਂ ਤੇ ਜਲਦੀ ਹੀ ਆਵੇਗੀ। ਇਸ ਲਈ ਮਸਹ ਕੀਤੇ ਹੋਏ ਮਸੀਹੀ ਅਤੇ ਪਰਮੇਸ਼ੁਰ ਨੂੰ ਸਮਰਪਿਤ ਉਨ੍ਹਾਂ ਦੇ ਸਾਥੀ ਜਾਣਦੇ ਹਨ ਕਿ ਉਨ੍ਹਾਂ ਕੋਲ ਪ੍ਰਚਾਰ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੈ। ਇਸ ਲਈ ਹੁਣੇ ਹੀ ਲੋਕਾਂ ਨੂੰ ਯਹੋਵਾਹ ਦਾ ਸੰਦੇਸ਼ ਸੁਣਾਉਣਾ ਬਹੁਤ ਜ਼ਰੂਰੀ ਹੈ। ਇਸ ਦਾ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ? ਸਾਨੂੰ ਵਧ-ਚੜ੍ਹ ਕੇ ਪ੍ਰਚਾਰ ਕਰਨ ਦੀ ਲੋੜ ਹੈ। ਇਸ ਨਾਲ ਸਾਰੇ ਲੋਕਾਂ ਨੂੰ ਇਹ ਫ਼ੈਸਲਾ ਕਰਨ ਦਾ ਮੌਕਾ ਮਿਲੇਗਾ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨਗੇ ਜਾਂ ਨਹੀਂ ਜਿਵੇਂ ਯਿਸੂ ਨੇ ਇਸ਼ਾਰਾ ਕੀਤਾ ਸੀ। ਆਓ ਆਪਾਂ ਤਿੰਨ ਗੁਣਾਂ ਉੱਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਯਿਰਮਿਯਾਹ ਨੇ ਜਾਗਦਾ ਰਹਿ ਕੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਤੇ ਸਾਨੂੰ ਵੀ ਇਸ ਤਰ੍ਹਾਂ ਕਰਨ ਵਿਚ ਮਦਦ ਮਿਲੇਗੀ।
ਲੋਕਾਂ ਲਈ ਪਿਆਰ
7. ਸਮਝਾਓ ਕਿ ਔਖੇ ਹਾਲਾਤਾਂ ਦੇ ਬਾਵਜੂਦ ਪ੍ਰਚਾਰ ਕਰਨ ਲਈ ਯਿਰਮਿਯਾਹ ਨੂੰ ਪਿਆਰ ਨੇ ਕਿਵੇਂ ਪ੍ਰੇਰਿਆ।
7 ਕਿਹੜੀ ਗੱਲ ਦੀ ਪ੍ਰੇਰਣਾ ਨਾਲ ਯਿਰਮਿਯਾਹ ਔਖੇ ਹਾਲਾਤਾਂ ਦੇ ਬਾਵਜੂਦ ਪ੍ਰਚਾਰ ਕਰ ਸਕਿਆ? ਉਹ ਲੋਕਾਂ ਨੂੰ ਪਿਆਰ ਕਰਦਾ ਸੀ। ਯਿਰਮਿਯਾਹ ਜਾਣਦਾ ਸੀ ਕਿ ਲੋਕਾਂ ਦੇ ਜ਼ਿਆਦਾਤਰ ਦੁੱਖਾਂ ਦੀ ਵਜ੍ਹਾ ਝੂਠੇ ਚਰਵਾਹੇ ਸਨ। (ਯਿਰ. 23:1, 2) ਇਸ ਜਾਣਕਾਰੀ ਸਦਕਾ ਉਸ ਨੂੰ ਆਪਣਾ ਕੰਮ ਪਿਆਰ ਅਤੇ ਹਮਦਰਦੀ ਨਾਲ ਕਰਨ ਵਿਚ ਮਦਦ ਮਿਲੀ। ਉਹ ਚਾਹੁੰਦਾ ਸੀ ਕਿ ਉਸ ਦੇ ਵਤਨ ਦੇ ਲੋਕ ਪਰਮੇਸ਼ੁਰ ਦੀਆਂ ਗੱਲਾਂ ਸੁਣਨ ਅਤੇ ਜੀਉਂਦੇ ਰਹਿਣ। ਉਸ ਨੂੰ ਉਨ੍ਹਾਂ ਦੀ ਇੰਨੀ ਚਿੰਤਾ ਸੀ ਕਿ ਉਹ ਉਨ੍ਹਾਂ ਉੱਤੇ ਆਉਣ ਵਾਲੀ ਬਿਪਤਾ ਕਾਰਨ ਰੋਇਆ। (ਯਿਰਮਿਯਾਹ 8:21; 9:1 ਪੜ੍ਹੋ।) ਵਿਰਲਾਪ ਦੀ ਕਿਤਾਬ ਯਹੋਵਾਹ ਦੇ ਨਾਂ ਅਤੇ ਲੋਕਾਂ ਲਈ ਯਿਰਮਿਯਾਹ ਦੇ ਗਹਿਰੇ ਪਿਆਰ ਤੇ ਉਸ ਦੀ ਪਰਵਾਹ ਦਾ ਖੁੱਲ੍ਹ ਕੇ ਬਿਆਨ ਕਰਦੀ ਹੈ। (ਵਿਰ. 4:6, 9) ਜਦੋਂ ਤੁਸੀਂ ਅੱਜ ਲੋਕਾਂ ਨੂੰ ‘ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ’ ਦੇਖਦੇ ਹੋ, ਤਾਂ ਕੀ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਦਿਲਾਸੇ ਭਰੀ ਖ਼ੁਸ਼ ਖ਼ਬਰੀ ਸੁਣਾਓ?—ਮੱਤੀ 9:36.
8. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਰਮਿਯਾਹ ਨੇ ਸਤਾਏ ਜਾਣ ਦੇ ਬਾਵਜੂਦ ਆਪਣੇ ਦਿਲ ਵਿਚ ਕੁੜੱਤਣ ਨਹੀਂ ਭਰੀ?
8 ਯਿਰਮਿਯਾਹ ਨੂੰ ਉਨ੍ਹਾਂ ਲੋਕਾਂ ਨੇ ਹੀ ਸਤਾਇਆ ਜਿਨ੍ਹਾਂ ਦੀ ਉਹ ਮਦਦ ਕਰਨੀ ਚਾਹੁੰਦਾ ਸੀ। ਫਿਰ ਵੀ ਉਸ ਨੇ ਨਾ ਹੀ ਬਦਲਾ ਲੈਣ ਦੀ ਸੋਚੀ ਤੇ ਨਾ ਹੀ ਆਪਣੇ ਦਿਲ ਵਿਚ ਕੁੜੱਤਣ ਭਰੀ। ਉਹ ਧੀਰਜ ਅਤੇ ਪਿਆਰ ਨਾਲ ਪੇਸ਼ ਆਇਆ, ਇੱਥੋਂ ਤਕ ਕਿ ਭੈੜੇ ਰਾਜੇ ਸਿਦਕੀਯਾਹ ਨਾਲ ਵੀ! ਸਿਦਕੀਯਾਹ ਉਸ ਨੂੰ ਮਾਰਨਾ ਚਾਹੁੰਦਾ ਸੀ, ਫਿਰ ਵੀ ਯਿਰਮਿਯਾਹ ਨੇ ਉਸ ਅੱਗੇ ਤਰਲੇ ਕੀਤੇ ਕਿ ਉਹ ਯਹੋਵਾਹ ਦੀ ਆਵਾਜ਼ ਸੁਣੇ। (ਯਿਰ. 38:4, 5, 19, 20) ਕੀ ਅਸੀਂ ਵੀ ਲੋਕਾਂ ਨੂੰ ਉੱਨਾ ਹੀ ਜ਼ਿਆਦਾ ਪਿਆਰ ਕਰਦੇ ਹਾਂ ਜਿੰਨਾ ਯਿਰਮਿਯਾਹ ਕਰਦਾ ਸੀ?
ਪਰਮੇਸ਼ੁਰ ਨੇ ਦਿੱਤੀ ਹਿੰਮਤ
9. ਅਸੀਂ ਕਿਵੇਂ ਜਾਣਦੇ ਹਾਂ ਕਿ ਯਿਰਮਿਯਾਹ ਨੂੰ ਪਰਮੇਸ਼ੁਰ ਤੋਂ ਹਿੰਮਤ ਮਿਲੀ ਸੀ?
9 ਜਦੋਂ ਯਹੋਵਾਹ ਨੇ ਯਿਰਮਿਯਾਹ ਨਾਲ ਪਹਿਲਾਂ-ਪਹਿਲ ਗੱਲ ਕੀਤੀ ਸੀ, ਤਾਂ ਯਿਰਮਿਯਾਹ ਜ਼ਿੰਮੇਵਾਰੀ ਲੈਣ ਤੋਂ ਪਿੱਛੇ ਹਟ ਰਿਹਾ ਸੀ। ਇਸ ਤੋਂ ਅਸੀਂ ਦੇਖਦੇ ਹਾਂ ਕਿ ਬਾਅਦ ਵਿਚ ਉਸ ਨੇ ਜੋ ਦਲੇਰੀ ਅਤੇ ਦ੍ਰਿੜ੍ਹਤਾ ਦਿਖਾਈ, ਉਹ ਉਸ ਵਿਚ ਸ਼ੁਰੂ ਤੋਂ ਨਹੀਂ ਸੀ। ਨਬੀ ਦਾ ਕੰਮ ਕਰਨ ਦੌਰਾਨ ਯਿਰਮਿਯਾਹ ਵਿਚ ਬੇਹਿਸਾਬੀ ਹਿੰਮਤ ਆ ਗਈ ਕਿਉਂਕਿ ਉਸ ਦਾ ਪੂਰਾ ਭਰੋਸਾ ਪਰਮੇਸ਼ੁਰ ਉੱਤੇ ਸੀ। ਵਾਕਈ, ਯਹੋਵਾਹ ਸ਼ਕਤੀਸ਼ਾਲੀ “ਜੋਧੇ ਵਾਂਙੁ” ਯਿਰਮਿਯਾਹ ਦੇ ਨਾਲ ਸੀ। ਇਸ ਦਾ ਮਤਲਬ ਹੈ ਕਿ ਉਸ ਨੇ ਯਿਰਮਿਯਾਹ ਦਾ ਸਾਥ ਦਿੱਤਾ ਅਤੇ ਜ਼ਿੰਮੇਵਾਰੀ ਨਿਭਾਉਣ ਲਈ ਉਸ ਨੂੰ ਤਾਕਤ ਬਖ਼ਸ਼ੀ। (ਯਿਰ. 20:11) ਯਿਰਮਿਯਾਹ ਆਪਣੀ ਦਲੇਰੀ ਅਤੇ ਹੌਸਲੇ ਲਈ ਇੰਨਾ ਜਾਣਿਆ ਜਾਂਦਾ ਸੀ ਕਿ ਧਰਤੀ ਉੱਤੇ ਯਿਸੂ ਵੱਲੋਂ ਸੇਵਾ ਕਰਦੇ ਸਮੇਂ ਕੁਝ ਲੋਕ ਕਹਿੰਦੇ ਸਨ ਕਿ ਯਿਸੂ ਯਿਰਮਿਯਾਹ ਦੇ ਰੂਪ ਵਿਚ ਵਾਪਸ ਆ ਗਿਆ ਹੈ।—ਮੱਤੀ 16:13, 14.
10. ਕਿਉਂ ਕਿਹਾ ਜਾ ਸਕਦਾ ਹੈ ਕਿ ਮਸਹ ਕੀਤੇ ਹੋਏ ਮਸੀਹੀ ‘ਕੌਮਾਂ ਅਤੇ ਪਾਤਸ਼ਾਹੀਆਂ ਉੱਤੇ’ ਠਹਿਰਾਏ ਗਏ ਹਨ?
10 “ਕੌਮਾਂ ਦੇ ਪਾਤਸ਼ਾਹ” ਵਜੋਂ ਯਹੋਵਾਹ ਨੇ ਯਿਰਮਿਯਾਹ ਨੂੰ ਕੌਮਾਂ ਅਤੇ ਪਾਤਸ਼ਾਹੀਆਂ ਨੂੰ ਸਜ਼ਾ ਸੁਣਾਉਣ ਦਾ ਕੰਮ ਦਿੱਤਾ ਸੀ। (ਯਿਰ. 10:6, 7) ਪਰ ਮਸਹ ਕੀਤੇ ਹੋਏ ਮਸੀਹੀ ਕਿਸ ਅਰਥ ਵਿਚ “ਕੌਮਾਂ ਉੱਤੇ ਅਤੇ ਪਾਤਸ਼ਾਹੀਆਂ ਉੱਤੇ” ਠਹਿਰਾਏ ਗਏ ਹਨ? (ਯਿਰ. 1:10) ਪੁਰਾਣੇ ਜ਼ਮਾਨੇ ਦੇ ਨਬੀ ਯਿਰਮਿਯਾਹ ਦੀ ਤਰ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਸਾਰੇ ਬ੍ਰਹਿਮੰਡ ਦੇ ਮਾਲਕ ਤੋਂ ਜ਼ਿੰਮੇਵਾਰੀ ਮਿਲੀ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਦੁਨੀਆਂ ਭਰ ਵਿਚ ਕੌਮਾਂ ਅਤੇ ਪਾਤਸ਼ਾਹੀਆਂ ਖ਼ਿਲਾਫ਼ ਐਲਾਨ ਕਰਨ ਦਾ ਅਧਿਕਾਰ ਹੈ। ਸਰਬਸ਼ਕਤੀਮਾਨ ਪਰਮੇਸ਼ੁਰ ਤੋਂ ਮਿਲਿਆ ਅਧਿਕਾਰ ਅਤੇ ਉਸ ਦੇ ਬਚਨ ਦੀ ਸਾਫ਼-ਸੁਥਰੀ ਭਾਸ਼ਾ ਵਰਤ ਕੇ ਮਸਹ ਕੀਤੇ ਹੋਏ ਮਸੀਹੀ ਐਲਾਨ ਕਰਦੇ ਹਨ ਕਿ ਪਰਮੇਸ਼ੁਰ ਦਾ ਸਮਾਂ ਆਉਣ ਤੇ ਉਸ ਦੇ ਚੁਣੇ ਵਸੀਲੇ ਜ਼ਰੀਏ ਅੱਜ ਦੀਆਂ ਕੌਮਾਂ ਅਤੇ ਪਾਤਸ਼ਾਹੀਆਂ ਨੂੰ ਜੜ੍ਹੋਂ ਉਖਾੜ ਕੇ ਨਾਸ਼ ਕੀਤਾ ਜਾਵੇਗਾ। (ਯਿਰ. 18:7-10; ਪਰ. 11:18) ਮਸਹ ਕੀਤੇ ਹੋਏ ਮਸੀਹੀਆਂ ਨੇ ਠਾਣਿਆ ਹੋਇਆ ਹੈ ਕਿ ਉਹ ਦੁਨੀਆਂ ਭਰ ਵਿਚ ਯਹੋਵਾਹ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਸੁਣਾਉਣ ਤੋਂ ਪਿੱਛੇ ਨਹੀਂ ਹਟਣਗੇ।
11. ਮੁਸ਼ਕਲ ਹਾਲਾਤਾਂ ਵਿਚ ਵੀ ਪ੍ਰਚਾਰ ਕਰਦੇ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
11 ਅਸੀਂ ਕਦੇ-ਕਦੇ ਨਿਰਾਸ਼ ਹੋ ਜਾਂਦੇ ਹਾਂ ਜਦੋਂ ਅਸੀਂ ਸਤਾਹਟਾਂ ਦਾ ਸਾਮ੍ਹਣਾ ਕਰਦੇ ਹਾਂ, ਲੋਕ ਸਾਡੀ ਗੱਲ ਨਹੀਂ ਸੁਣਦੇ ਜਾਂ ਜਦੋਂ ਅਸੀਂ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ। (2 ਕੁਰਿੰ. 1:8) ਪਰ ਯਿਰਮਿਯਾਹ ਦੀ ਤਰ੍ਹਾਂ ਆਓ ਆਪਾਂ ਆਪਣੇ ਕੰਮ ਵਿਚ ਲੱਗੇ ਰਹੀਏ ਤੇ ਹਿੰਮਤ ਨਾ ਹਾਰੀਏ। ਪਰਮੇਸ਼ੁਰ ਤੋਂ ਮਦਦ ਭਾਲਦਿਆਂ ਆਓ ਆਪਾਂ ਸਾਰੇ ਉਸ ਨੂੰ ਬੇਨਤੀ ਕਰਦੇ ਰਹੀਏ, ਉਸ ਉੱਤੇ ਭਰੋਸਾ ਰੱਖੀਏ ਅਤੇ ‘ਦਿਲੇਰ ਹੋਈਏ।’ (1 ਥੱਸ. 2:2) ਸੱਚੇ ਭਗਤ ਹੋਣ ਦੇ ਨਾਤੇ ਸਾਨੂੰ ਹਮੇਸ਼ਾ ਜਾਗਦੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਪਰਮੇਸ਼ੁਰ ਤੋਂ ਮਿਲੀਆਂ ਜ਼ਿੰਮੇਵਾਰੀਆਂ ਨਿਭਾ ਸਕੀਏ। ਸਾਨੂੰ ਪੱਕਾ ਇਰਾਦਾ ਕਰਨ ਦੀ ਲੋੜ ਹੈ ਕਿ ਅਸੀਂ ਬਿਨਾਂ ਰੁਕੇ ਈਸਾਈ-ਜਗਤ ਦੇ ਨਾਸ਼ ਬਾਰੇ ਪ੍ਰਚਾਰ ਕਰਦੇ ਰਹਾਂਗੇ ਜਿਸ ਨੂੰ ਅਣਆਗਿਆਕਾਰ ਯਰੂਸ਼ਲਮ ਨਾਲ ਦਰਸਾਇਆ ਗਿਆ ਹੈ। ਮਸਹ ਕੀਤੇ ਹੋਏ ਮਸੀਹੀ ਨਾ ਸਿਰਫ਼ “ਯਹੋਵਾਹ ਦੇ ਮਨ ਭਾਉਂਦੇ ਵਰ੍ਹੇ” ਦਾ ਪ੍ਰਚਾਰ ਕਰਨਗੇ, ਸਗੋਂ “ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ” ਦਾ ਵੀ ਪ੍ਰਚਾਰ ਕਰਨਗੇ।—ਯਸਾ. 61:1, 2; 2 ਕੁਰਿੰ. 6:2.
ਦਿਲੀ ਖ਼ੁਸ਼ੀ
12. ਅਸੀਂ ਕਿਉਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਯਿਰਮਿਯਾਹ ਨੇ ਆਪਣੀ ਖ਼ੁਸ਼ੀ ਬਰਕਰਾਰ ਰੱਖੀ ਅਤੇ ਇਸ ਤਰ੍ਹਾਂ ਕਰਨ ਦਾ ਰਾਜ਼ ਕੀ ਸੀ?
12 ਯਿਰਮਿਯਾਹ ਆਪਣੇ ਕੰਮ ਤੋਂ ਖ਼ੁਸ਼ ਸੀ। ਉਸ ਨੇ ਯਹੋਵਾਹ ਨੂੰ ਕਿਹਾ: “ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਨ੍ਹਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ।” (ਯਿਰ. 15:16) ਯਿਰਮਿਯਾਹ ਇਸ ਗੱਲ ਨੂੰ ਸਨਮਾਨ ਸਮਝਦਾ ਸੀ ਕਿ ਉਹ ਸੱਚੇ ਪਰਮੇਸ਼ੁਰ ਦਾ ਨੁਮਾਇੰਦਾ ਸੀ ਅਤੇ ਉਸ ਦੇ ਬਚਨ ਦਾ ਪ੍ਰਚਾਰ ਕਰਦਾ ਸੀ। ਦਿਲਚਸਪੀ ਦੀ ਗੱਲ ਹੈ ਕਿ ਜਦੋਂ ਯਿਰਮਿਯਾਹ ਲੋਕਾਂ ਵੱਲੋਂ ਉਡਾਏ ਜਾਂਦੇ ਮਜ਼ਾਕ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਿਆ, ਤਾਂ ਉਸ ਨੇ ਆਪਣੀ ਖ਼ੁਸ਼ੀ ਗੁਆ ਲਈ। ਪਰ ਜਦੋਂ ਉਸ ਨੇ ਆਪਣੇ ਸੰਦੇਸ਼ ਦੀ ਸੁੰਦਰਤਾ ਅਤੇ ਮਹੱਤਤਾ ਵੱਲ ਧਿਆਨ ਦਿੱਤਾ, ਤਾਂ ਉਹ ਫਿਰ ਤੋਂ ਖ਼ੁਸ਼ ਹੋ ਗਿਆ।—ਯਿਰ. 20:8, 9.
13. ਖ਼ੁਸ਼ੀ ਬਰਕਰਾਰ ਰੱਖਣ ਲਈ ਡੂੰਘੀਆਂ ਸੱਚਾਈਆਂ ਉੱਤੇ ਮਨਨ ਕਰਨਾ ਕਿਉਂ ਜ਼ਰੂਰੀ ਹੈ?
13 ਅੱਜ ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ ਬਰਕਰਾਰ ਰੱਖਣ ਲਈ ਸਾਨੂੰ “ਅੰਨ” ਖਾਣ ਯਾਨੀ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਸੱਚਾਈਆਂ ਉੱਤੇ ਮਨ ਲਾਉਣ ਦੀ ਲੋੜ ਹੈ। (ਇਬ. 5:14) ਡੂੰਘਾਈ ਨਾਲ ਅਧਿਐਨ ਕਰਨ ਨਾਲ ਨਿਹਚਾ ਵਧਦੀ ਹੈ। (ਕੁਲੁ. 2:6, 7) ਸਾਨੂੰ ਸਮਝ ਲੱਗਦੀ ਹੈ ਕਿ ਕਿਵੇਂ ਸਾਡੇ ਕੰਮ ਯਹੋਵਾਹ ਦੇ ਦਿਲ ਨੂੰ ਛੂੰਹਦੇ ਹਨ। ਜੇ ਅਸੀਂ ਬਾਈਬਲ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਲਈ ਸਮਾਂ ਕੱਢਣ ਵਾਸਤੇ ਜੱਦੋ-ਜਹਿਦ ਕਰ ਰਹੇ ਹਾਂ, ਤਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਸਾਡਾ ਸਮਾਂ ਜਾਂਦਾ ਕਿੱਥੇ ਹੈ। ਹਰ ਰੋਜ਼ ਅਧਿਐਨ ਅਤੇ ਮਨਨ ਕਰਨ ਲਈ ਕੁਝ ਮਿੰਟ ਕੱਢਣ ਨਾਲ ਵੀ ਅਸੀਂ ਯਹੋਵਾਹ ਦੇ ਕਰੀਬ ਆਵਾਂਗੇ ਅਤੇ ਯਿਰਮਿਯਾਹ ਵਾਂਗ ਸਾਨੂੰ ‘ਖ਼ੁਸ਼ੀ, ਅਤੇ ਦਿਲ ਦਾ ਆਨੰਦ’ ਮਿਲੇਗਾ।
14, 15. (ੳ) ਯਿਰਮਿਯਾਹ ਦੁਆਰਾ ਵਫ਼ਾਦਾਰੀ ਨਾਲ ਆਪਣਾ ਕੰਮ ਕਰਨ ਦੇ ਕਿਹੜੇ ਨਤੀਜੇ ਨਿਕਲੇ? (ਅ) ਅੱਜ ਪਰਮੇਸ਼ੁਰ ਦੇ ਲੋਕ ਪ੍ਰਚਾਰ ਦੇ ਕੰਮ ਬਾਰੇ ਕੀ ਮੰਨਦੇ ਹਨ?
14 ਯਿਰਮਿਯਾਹ ਨੇ ਬਿਨਾਂ ਰੁਕੇ ਯਹੋਵਾਹ ਦੀਆਂ ਚੇਤਾਵਨੀਆਂ ਅਤੇ ਸਜ਼ਾ ਦਾ ਐਲਾਨ ਕੀਤਾ, ਪਰ ਉਸ ਨੇ ਦਿਲੋਂ ‘ਬਣਾਉਣ ਤੇ ਲਾਉਣ’ ਦਾ ਕੰਮ ਕੀਤਾ। (ਯਿਰ. 1:10) ਮਤਲਬ ਕਿ ਉਸ ਨੇ ਉਮੀਦ ਹਾਸਲ ਕਰਨ ਵਿਚ ਨੇਕਦਿਲ ਲੋਕਾਂ ਦੀ ਮਦਦ ਕੀਤੀ ਜਿਸ ਦਾ ਉਸ ਨੂੰ ਫਲ ਮਿਲਿਆ। ਕੁਝ ਯਹੂਦੀ ਅਤੇ ਗ਼ੈਰ ਇਸਰਾਏਲੀ 607 ਈਸਵੀ ਪੂਰਵ ਵਿਚ ਯਰੂਸ਼ਲਮ ਦੇ ਨਾਸ਼ ਵਿੱਚੋਂ ਬਚ ਗਏ। ਅਸੀਂ ਰੇਕਾਬੀਆਂ, ਅਬਦ-ਮਲਕ ਅਤੇ ਬਾਰੂਕ ਬਾਰੇ ਜਾਣਦੇ ਹਾਂ। (ਯਿਰ. 35:19; 39:15-18; 43:5-7) ਯਿਰਮਿਯਾਹ ਦੇ ਇਹ ਵਫ਼ਾਦਾਰ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲੇ ਦੋਸਤ ਅੱਜ ਮਸਹ ਕੀਤੇ ਹੋਏ ਮਸੀਹੀਆਂ ਦੇ ਦੋਸਤਾਂ ਨੂੰ ਦਰਸਾਉਂਦੇ ਹਨ ਜੋ ਧਰਤੀ ਉੱਤੇ ਸਦਾ ਰਹਿਣ ਦੀ ਉਮੀਦ ਰੱਖਦੇ ਹਨ। ਮਸਹ ਕੀਤੇ ਹੋਏ ਮਸੀਹੀ ਬਹੁਤ ਖ਼ੁਸ਼ ਹਨ ਕਿ ਉਹ “ਵੱਡੀ ਭੀੜ” ਦੀ ਨਿਹਚਾ ਮਜ਼ਬੂਤ ਕਰ ਰਹੇ ਹਨ। (ਪਰ. 7:9) ਉਨ੍ਹਾਂ ਦੇ ਇਹ ਵਫ਼ਾਦਾਰ ਸਾਥੀ ਵੀ ਸੱਚਾਈ ਦਾ ਗਿਆਨ ਲੈਣ ਵਿਚ ਨੇਕਦਿਲ ਲੋਕਾਂ ਦੀ ਮਦਦ ਕਰ ਕੇ ਬਹੁਤ ਖ਼ੁਸ਼ ਹੁੰਦੇ ਹਨ।
15 ਪਰਮੇਸ਼ੁਰ ਦੇ ਲੋਕ ਮੰਨਦੇ ਹਨ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲ ਨਾ ਸਿਰਫ਼ ਉਹ ਖ਼ੁਸ਼ ਖ਼ਬਰੀ ਸੁਣਨ ਵਾਲੇ ਲੋਕਾਂ ਦੀ ਸੇਵਾ ਕਰਦੇ ਹਨ, ਸਗੋਂ ਇਹ ਸਾਡੇ ਪਰਮੇਸ਼ੁਰ ਦੀ ਭਗਤੀ ਵੀ ਹੈ। ਪ੍ਰਚਾਰ ਕਰਨ ਦੁਆਰਾ ਯਹੋਵਾਹ ਦੀ ਪਵਿੱਤਰ ਸੇਵਾ ਕਰਨ ਨਾਲ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ, ਭਾਵੇਂ ਲੋਕ ਸਾਡੀ ਗੱਲ ਸੁਣਨ ਜਾਂ ਨਾ ਸੁਣਨ।—ਜ਼ਬੂ. 71:23; ਰੋਮੀਆਂ 1:9 ਪੜ੍ਹੋ।
‘ਜਾਗਦੇ ਰਹਿ’ ਕੇ ਆਪਣਾ ਕੰਮ ਕਰੋ!
16, 17. ਪਰਕਾਸ਼ ਦੀ ਪੋਥੀ 17:10 ਅਤੇ ਹਬੱਕੂਕ 2:3 ਤੋਂ ਸਾਡੇ ਸਮਿਆਂ ਦੀ ਨਾਜ਼ੁਕਤਾ ਬਾਰੇ ਕੀ ਪਤਾ ਲੱਗਦਾ ਹੈ?
16 ਸਾਨੂੰ ਆਪਣੇ ਸਮਿਆਂ ਦੀ ਨਾਜ਼ੁਕਤਾ ਬਾਰੇ ਪਤਾ ਲੱਗਦਾ ਹੈ ਜਦੋਂ ਅਸੀਂ ਪਰਕਾਸ਼ ਦੀ ਪੋਥੀ 17:10 ਦੀ ਭਵਿੱਖਬਾਣੀ ਉੱਤੇ ਗੌਰ ਕਰਦੇ ਹਾਂ। ਸੱਤਵਾਂ ਰਾਜਾ ਯਾਨੀ ਐਂਗਲੋ-ਅਮਰੀਕਨ ਵਿਸ਼ਵ ਸ਼ਕਤੀ ਹੋਂਦ ਵਿਚ ਆ ਚੁੱਕੀ ਹੈ। ਅਸੀਂ ਪੜ੍ਹਦੇ ਹਾਂ ਕਿ ਸੱਤਵੀਂ ਵਿਸ਼ਵ ਸ਼ਕਤੀ ‘ਜਦੋਂ ਆਵੇਗੀ ਤਾਂ ਉਹ ਨੂੰ ਥੋੜਾ ਚਿਰ ਰਹਿਣਾ ਜ਼ਰੂਰੀ ਹੈ।’ ਹੁਣ ਉਹ “ਥੋੜਾ ਚਿਰ” ਖ਼ਤਮ ਹੋਣ ਹੀ ਵਾਲਾ ਹੈ। ਹਬੱਕੂਕ ਨਬੀ ਇਸ ਦੁਸ਼ਟ ਦੁਨੀਆਂ ਦੇ ਅੰਤ ਬਾਰੇ ਸਾਨੂੰ ਇਹ ਭਰੋਸਾ ਦਿੰਦਾ ਹੈ: “ਦਰਸ਼ਨ ਪੂਰਾ ਹੋਣ ਦੇ ਲਈ ਆਪਣੇ ਸਮੇਂ ਦੀ ਉਡੀਕ ਕਰਦਾ ਰਹਿ . . . ਇਸ ਦੇ ਲਈ ਉਡੀਕ ਕਰ ਕਿਉਂਕਿ ਜ਼ਰੂਰ ਆਪਣੇ ਸਮੇਂ ਤੇ ਪੂਰਾ ਹੋਵੇਗਾ, ਇਹ ਰੁਕਿਆ ਨਹੀਂ ਰਹੇਗਾ।”—ਹਬ. 2:3, CL.
17 ਆਪਣੇ ਤੋਂ ਪੁੱਛੋ: ‘ਕੀ ਮੇਰੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਮੈਂ ਅੱਜ ਦੇ ਸਮੇਂ ਦੀ ਨਾਜ਼ੁਕਤਾ ਨੂੰ ਸਮਝਦਾ ਹਾਂ? ਕੀ ਮੇਰਾ ਜੀਉਣ ਦਾ ਤੌਰ-ਤਰੀਕਾ ਦਿਖਾਉਂਦਾ ਹੈ ਕਿ ਮੈਂ ਅੰਤ ਦੇ ਜਲਦੀ ਆਉਣ ਦੀ ਉਮੀਦ ਰੱਖਦਾ ਹਾਂ? ਜਾਂ ਜੋ ਮੈਂ ਫ਼ੈਸਲੇ ਕਰਦਾ ਹਾਂ ਅਤੇ ਜਿਨ੍ਹਾਂ ਗੱਲਾਂ ਨੂੰ ਮੈਂ ਪਹਿਲ ਦਿੰਦਾ ਹਾਂ, ਕੀ ਉਨ੍ਹਾਂ ਤੋਂ ਇੱਦਾਂ ਲੱਗਦਾ ਕਿ ਮੈਨੂੰ ਅੰਤ ਦੇ ਜਲਦੀ ਆਉਣ ਦੀ ਉਮੀਦ ਨਹੀਂ ਹੈ ਜਾਂ ਕੀ ਮੈਨੂੰ ਯਕੀਨ ਹੀ ਨਹੀਂ ਹੈ ਕਿ ਇਹ ਕਦੇ ਆਵੇਗਾ ਵੀ?’
18, 19. ਹੁਣ ਠੰਢੇ ਪੈਣ ਦਾ ਵੇਲਾ ਕਿਉਂ ਨਹੀਂ ਹੈ?
18 ਪਹਿਰੇਦਾਰਾਂ ਦਾ ਕੰਮ ਅਜੇ ਪੂਰਾ ਨਹੀਂ ਹੋਇਆ। (ਯਿਰਮਿਯਾਹ 1:17-19 ਪੜ੍ਹੋ।) ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਮਸਹ ਕੀਤੇ ਹੋਏ ਮਸੀਹੀ ‘ਲੋਹੇ ਦੇ ਥੰਮ੍ਹ’ ਅਤੇ ‘ਇੱਕ ਗੜ੍ਹ ਵਾਲੇ ਸ਼ਹਿਰ’ ਵਾਂਗ ਸਥਿਰ ਖੜ੍ਹੇ ਹਨ! ਉਨ੍ਹਾਂ ਨੇ ‘ਆਪਣੀ ਕਮਰ ਸਚਿਆਈ ਨਾਲ ਕੱਸੀ’ ਹੋਈ ਹੈ। ਇਸ ਦਾ ਮਤਲਬ ਹੈ ਕਿ ਉਹ ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਆਪਣੇ ਆਪ ਨੂੰ ਮਜ਼ਬੂਤ ਕਰਦੇ ਹਨ ਜਦ ਤਕ ਉਨ੍ਹਾਂ ਦਾ ਕੰਮ ਪੂਰਾ ਨਹੀਂ ਹੋ ਜਾਂਦਾ। (ਅਫ਼. 6:14) ਇਸੇ ਤਰ੍ਹਾਂ ਦੇ ਇਰਾਦੇ ਨਾਲ ਵੱਡੀ ਭੀੜ ਦੇ ਮੈਂਬਰ ਪਰਮੇਸ਼ੁਰ ਵੱਲੋਂ ਮਿਲੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਮਸਹ ਕੀਤੇ ਹੋਏ ਮਸੀਹੀਆਂ ਦਾ ਵਧ-ਚੜ੍ਹ ਕੇ ਸਾਥ ਦਿੰਦੇ ਹਨ।
19 ਹੁਣ ਰਾਜ ਦੇ ਕੰਮ ਵਿਚ ਠੰਢੇ ਪੈਣ ਦਾ ਵੇਲਾ ਨਹੀਂ ਹੈ ਸਗੋਂ ਯਿਰਮਿਯਾਹ 12:5 (ਪੜ੍ਹੋ।) ਵਿਚ ਦੱਸੇ ਸ਼ਬਦਾਂ ਦੀ ਮਹੱਤਤਾ ਨੂੰ ਸਮਝਣ ਦਾ ਵੇਲਾ ਹੈ। ਸਾਨੂੰ ਸਾਰਿਆਂ ਨੂੰ ਅਜ਼ਮਾਇਸ਼ਾਂ ਆਉਂਦੀਆਂ ਹਨ ਜਿਨ੍ਹਾਂ ਦਾ ਸਾਮ੍ਹਣਾ ਸਾਨੂੰ ਕਰਨਾ ਹੀ ਪੈਣਾ ਹੈ। ਨਿਹਚਾ ਦੀਆਂ ਇਨ੍ਹਾਂ ਪਰੀਖਿਆਵਾਂ ਦੀ ਤੁਲਨਾ “ਪੈਦਲ ਤੁਰਨ ਵਾਲਿਆਂ” ਯਾਨੀ ਇਨਸਾਨਾਂ ਨਾਲ ਕੀਤੀ ਜਾ ਸਕਦੀ ਹੈ ਜਿਨ੍ਹਾਂ ਨਾਲ ਸਾਨੂੰ ਦੌੜਨਾ ਹੀ ਪੈਣਾ ਹੈ। ਫਿਰ ਵੀ ਜਿੱਦਾਂ-ਜਿੱਦਾਂ “ਮਹਾਂ ਕਸ਼ਟ” ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਅਸੀਂ ਮੁਸ਼ਕਲਾਂ ਦੇ ਵਧਣ ਦੀ ਉਮੀਦ ਕਰ ਸਕਦੇ ਹਾਂ। (ਮੱਤੀ 24:21) ਆਉਣ ਵਾਲੀਆਂ ਹੋਰ ਔਖੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤੁਲਨਾ ਸ਼ਾਇਦ ‘ਘੋੜਿਆਂ ਦੇ ਬਰਾਬਰ’ ਦੌੜਨ ਨਾਲ ਕੀਤੀ ਜਾ ਸਕਦੀ ਹੈ। ਇਕ ਆਦਮੀ ਨੂੰ ਇਨ੍ਹਾਂ ਤੇਜ਼ ਘੋੜਿਆਂ ਨਾਲ ਦੌੜਨ ਲਈ ਬਹੁਤ ਜ਼ਿਆਦਾ ਸ਼ਕਤੀ ਦੀ ਲੋੜ ਪਵੇਗੀ। ਇਸ ਲਈ ਹੁਣ ਆਉਂਦੀਆਂ ਅਜ਼ਮਾਇਸ਼ਾਂ ਨੂੰ ਸਹਿਣਾ ਲਾਭਕਾਰੀ ਹੈ ਜੋ ਸਾਨੂੰ ਅਗਾਂਹ ਆਉਣ ਵਾਲੀਆਂ ਅਜ਼ਮਾਇਸ਼ਾਂ ਲਈ ਤਿਆਰ ਕਰਦੀਆਂ ਹਨ।
20. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
20 ਅਸੀਂ ਸਾਰੇ ਯਿਰਮਿਯਾਹ ਦੀ ਰੀਸ ਕਰ ਸਕਦੇ ਹਾਂ ਅਤੇ ਪ੍ਰਚਾਰ ਕਰਨ ਦੀ ਆਪਣੀ ਜ਼ਿੰਮੇਵਾਰੀ ਸਫ਼ਲਤਾ ਨਾਲ ਪੂਰੀ ਕਰ ਸਕਦੇ ਹਾਂ! ਯਿਰਮਿਯਾਹ ਨੂੰ ਪਿਆਰ, ਹਿੰਮਤ ਅਤੇ ਖ਼ੁਸ਼ੀ ਆਦਿ ਗੁਣਾਂ ਨੇ 67 ਸਾਲਾਂ ਤਾਈਂ ਵਫ਼ਾਦਾਰੀ ਨਾਲ ਸੇਵਾ ਕਰਨ ਲਈ ਪ੍ਰੇਰਿਆ। ਬਦਾਮ ਦਾ ਖਿੜਿਆ ਹੋਇਆ ਸੋਹਣਾ ਦਰਖ਼ਤ ਸਾਨੂੰ ਯਾਦ ਕਰਾਉਂਦਾ ਹੈ ਕਿ ਯਹੋਵਾਹ ਆਪਣੇ ਬਚਨ ਨੂੰ ਪੂਰਾ ਕਰਨ ਲਈ ‘ਜਾਗਦਾ’ ਰਹੇਗਾ। ਤਾਂ ਫਿਰ ਸਾਡੇ ਕੋਲ ਵੀ ਇਸ ਤਰ੍ਹਾਂ ਕਰਨ ਦਾ ਵਧੀਆ ਕਾਰਨ ਹੈ। ਯਿਰਮਿਯਾਹ ‘ਜਾਗਦਾ’ ਰਿਹਾ ਤੇ ਅਸੀਂ ਵੀ ਜਾਗਦੇ ਰਹਿ ਸਕਦੇ ਹਾਂ।
ਕੀ ਤੁਹਾਨੂੰ ਯਾਦ ਹੈ?
• ਪਿਆਰ ਕਾਰਨ ਯਿਰਮਿਯਾਹ ਨੂੰ ‘ਜਾਗਦੇ’ ਰਹਿ ਕੇ ਆਪਣਾ ਕੰਮ ਕਰਨ ਵਿਚ ਕਿਵੇਂ ਮਦਦ ਮਿਲੀ?
• ਸਾਨੂੰ ਪਰਮੇਸ਼ੁਰ ਤੋਂ ਦਲੇਰੀ ਦੀ ਲੋੜ ਕਿਉਂ ਹੈ?
• ਕਿਸ ਚੀਜ਼ ਦੀ ਮਦਦ ਨਾਲ ਯਿਰਮਿਯਾਹ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕਿਆ?
• ਤੁਸੀਂ ਕਿਉਂ ‘ਜਾਗਦੇ’ ਰਹਿਣਾ ਚਾਹੁੰਦੇ ਹੋ?
[ਸਫ਼ਾ 31 ਉੱਤੇ ਤਸਵੀਰਾਂ]
ਕੀ ਤੁਸੀਂ ਵਿਰੋਧ ਦੇ ਬਾਵਜੂਦ ਪ੍ਰਚਾਰ ਕਰਦੇ ਰਹੋਗੇ?