ਯਹੋਵਾਹ ਦਾ ਬਚਨ ਜੀਉਂਦਾ ਹੈ
ਵਿਰਲਾਪ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਯਿਰਮਿਯਾਹ ਨਬੀ ਨੇ ਉਸ ਭਵਿੱਖਬਾਣੀ ਦੀ ਪੂਰਤੀ ਦੇਖੀ ਸੀ ਜਿਸ ਦਾ ਉਸ ਨੇ 40 ਸਾਲਾਂ ਤਕ ਪ੍ਰਚਾਰ ਕੀਤਾ ਸੀ। ਉਸ ਨੂੰ ਕਿੱਦਾਂ ਲੱਗਾ ਜਦ ਉਸ ਨੇ ਯਰੂਸ਼ਲਮ ਸ਼ਹਿਰ ਦੀ ਤਬਾਹੀ ਆਪਣੀ ਅੱਖੀਂ ਦੇਖੀ? ਯੂਨਾਨੀ ਸੈਪਟੁਜਿੰਟ ਵਿਚ ਵਿਰਲਾਪ ਦੀ ਪੋਥੀ ਦੇ ਮੁਖਬੰਧ ਵਿਚ ਲਿਖਿਆ ਹੈ: “ਯਿਰਮਿਯਾਹ ਬੈਠ ਕੇ ਬਹੁਤ ਰੋਇਆ ਅਤੇ ਉਸ ਨੇ ਯਰੂਸ਼ਲਮ ਉੱਤੇ ਸੋਗ ਤੇ ਵਿਰਲਾਪ ਕੀਤਾ।” ਯਿਰਮਿਯਾਹ ਦਾ ਵਿਰਲਾਪ 607 ਈ. ਪੂ. ਵਿਚ ਲਿਖਿਆ ਗਿਆ ਜਦ ਯਰੂਸ਼ਲਮ ਦੀ 18 ਮਹੀਨੇ ਲੰਬੀ ਘੇਰਾਬੰਦੀ ਅਤੇ ਅੱਗ ਨਾਲ ਸਾੜਨ ਦੀ ਯਾਦ ਉਸ ਦੇ ਮਨ ਵਿਚ ਹਾਲੇ ਤਾਜ਼ੀ ਸੀ। ਵਿਰਲਾਪ ਦੀ ਪੋਥੀ ਤੋਂ ਅਸੀਂ ਯਿਰਮਿਯਾਹ ਦੀ ਪੀੜ ਸਾਫ਼ ਦੇਖ ਸਕਦੇ ਹਾਂ। (ਯਿਰਮਿਯਾਹ 52:3-5, 12-14) ਇਤਿਹਾਸ ਵਿਚ ਕੋਈ ਹੋਰ ਸ਼ਹਿਰ ਨਹੀਂ ਹੋਣਾ ਜਿਸ ਉੱਤੇ ਅਜਿਹੇ ਦਰਦ ਭਰੇ ਸ਼ਬਦਾਂ ਨਾਲ ਸੋਗ ਕੀਤਾ ਗਿਆ ਹੋਵੇ।
ਵਿਰਲਾਪ ਦੀ ਪੋਥੀ ਪੰਜ ਗੀਤਾਂ ਦੀ ਬਣੀ ਹੋਈ ਹੈ। ਪਹਿਲੇ ਚਾਰ ਸੋਗ ਗੀਤ ਹਨ ਅਤੇ ਪੰਜਵਾਂ ਗੀਤ ਪਰਮੇਸ਼ੁਰ ਅੱਗੇ ਬੇਨਤੀ ਹੈ। ਇਬਰਾਨੀ ਵਰਣਮਾਲਾ ਵਿਚ 22 ਅੱਖਰ ਹਨ। ਵਿਰਲਾਪ ਦੀ ਪੋਥੀ ਦੇ ਹਰ ਗੀਤ ਵਿਚ 22 ਆਇਤਾਂ ਹਨ ਅਤੇ ਹਰ ਆਇਤ ਇਬਰਾਨੀ ਭਾਸ਼ਾ ਦੀ ਵਰਣਮਾਲਾ ਦੇ ਕ੍ਰਮ ਅਨੁਸਾਰ ਸ਼ੁਰੂ ਹੁੰਦੀ ਹੈ। ਪਰ ਪੰਜਵੇਂ ਗੀਤ ਦੀਆਂ ਆਇਤਾਂ ਵਰਣਮਾਲਾ ਦੇ ਕ੍ਰਮ ਅਨੁਸਾਰ ਸ਼ੁਰੂ ਨਹੀਂ ਹੁੰਦੀਆਂ।
“ਮੇਰੀਆਂ ਅੱਖੀਆਂ ਰੋਣ ਨਾਲ ਜਾਂਦੀਆਂ ਰਹੀਆਂ”
ਯਿਰਮਿਯਾਹ ਨਬੀ ਨੇ ਯਰੂਸ਼ਲਮ ਉੱਤੇ ਇਸ ਤਰ੍ਹਾਂ ਵਿਰਲਾਪ ਕਰਨਾ ਸ਼ੁਰੂ ਕੀਤਾ: “ਹਾਇ! ਉਹ ਨਗਰੀ ਇਕਲਵੰਜੀ ਹੋ ਬੈਠੀ ਹੈ, ਜਿਹੜੀ ਲੋਕਾਂ ਨਾਲ ਭਰੀ ਹੋਈ ਸੀ! ਉਹ ਵਿੱਧਵਾ ਵਾਂਙੁ ਹੋ ਗਈ, ਜਿਹੜੀ ਕੌਮਾਂ ਵਿੱਚ ਵੱਡੀ ਸੀ! ਉਹ ਸੂਬਿਆਂ ਦੀ ਰਾਜ ਕੁਮਾਰੀ ਸੀ, ਪਰ ਮਾਮਲਾ ਦੇਣ ਵਾਲੀ ਹੋ ਗਈ!” ਇਸ ਬਿਪਤਾ ਦਾ ਕਾਰਨ ਦੱਸਦੇ ਹੋਏ ਨਬੀ ਨੇ ਅੱਗੇ ਕਿਹਾ: “ਯਹੋਵਾਹ ਨੇ ਉਹ ਨੂੰ ਉਹ ਦੇ ਬਹੁਤੇ ਅਪਰਾਧਾਂ ਦੇ ਕਾਰਨ ਦੁਖ ਵਿੱਚ ਪਾਇਆ।”—ਵਿਰਲਾਪ 1:1, 5.
ਯਰੂਸ਼ਲਮ ਦੀ ਤੁਲਨਾ ਇਕ ਵਿਧਵਾ ਨਾਲ ਕੀਤੀ ਗਈ ਹੈ ਜੋ ਆਪਣੇ ਪਤੀ ਅਤੇ ਬੱਚਿਆਂ ਦਾ ਸੋਗ ਕਰਦੀ ਹੋਈ ਪੁੱਛਦੀ ਹੈ: “ਕੀ ਕੋਈ ਦੁਖ ਮੇਰੇ ਦੁਖ ਵਰਗਾ ਹੈ?” ਆਪਣੇ ਵੈਰੀਆਂ ਬਾਰੇ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਉਨ੍ਹਾਂ ਦੀ ਸਾਰੀ ਬਦੀ ਤੇਰੇ ਸਾਹਮਣੇ ਆਵੇ, ਉਨ੍ਹਾਂ ਨਾਲ ਓਵੇਂ ਵਰਤ ਜਿਵੇਂ ਤੈਂ ਮੇਰੇ ਨਾਲ ਮੇਰੇ ਸਾਰੇ ਅਪਰਾਧਾਂ ਦੇ ਕਾਰਨ ਵਰਤਿਆ, ਮੇਰੀਆਂ ਹਾਹਾਂ ਤਾਂ ਬਹੁਤੀਆਂ ਹਨ, ਮੇਰਾ ਦਿਲ ਨਢਾਲ ਹੈ।”—ਵਿਰਲਾਪ 1:12, 22.
ਯਿਰਮਿਯਾਹ ਨੇ ਟੁੱਟੇ ਦਿਲ ਨਾਲ ਦੁਹਾਈ ਦਿੱਤੀ ਕਿ ਯਹੋਵਾਹ ਨੇ “ਆਪਣੇ ਤੇਜ਼ ਕ੍ਰੋਧ ਵਿੱਚ ਇਸਰਾਏਲ ਦੇ ਹਰੇਕ ਸਿੰਙ ਨੂੰ ਵੱਢ ਸੁੱਟਿਆ, ਉਸ ਨੇ ਵੈਰੀ ਦੇ ਸਾਹਮਣਿਓਂ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ, ਉਹ ਯਾਕੂਬ ਵਿੱਚ ਭੜਕਦੀ ਅੱਗ ਵਾਂਙੁ ਬਲਿਆ, ਅਤੇ ਆਲਾ ਦੁਆਲਾ ਭਸਮ ਕਰ ਦਿੱਤਾ।” ਆਪਣਾ ਗਮ ਪ੍ਰਗਟ ਕਰਦਿਆਂ ਉਸ ਨੇ ਕਿਹਾ: “ਮੇਰੀਆਂ ਅੱਖੀਆਂ ਰੋਣ ਨਾਲ ਜਾਂਦੀਆਂ ਰਹੀਆਂ, ਮੇਰਾ ਅੰਦਰ ਉੱਬਲਦਾ ਹੈ, ਮੇਰਾ ਕਾਲਜਾ ਧਰਤੀ ਉੱਤੇ ਨਿੱਕਲ ਆਇਆ।” ਲੰਘਣ ਵਾਲਿਆਂ ਨੇ ਵੀ ਹੈਰਾਨ ਹੋ ਕੇ ਕਿਹਾ: “ਕੀ ਏਹ ਉਹ ਸ਼ਹਿਰ ਹੈ ਜਿਹ ਨੂੰ ਓਹ ਏਹ ਨਾਮ ਦਿੰਦੇ,—‘ਸੁਹੱਪਣ ਦੀ ਪੂਰਨਤਾਈ,’ ‘ਸਾਰੇ ਸੰਸਾਰ ਦੀ ਖੁਸ਼ੀ’?”—ਵਿਰਲਾਪ 2:3, 11, 15.
ਕੁਝ ਸਵਾਲਾਂ ਦੇ ਜਵਾਬ:
1:15—ਯਹੋਵਾਹ ਨੇ ‘ਯਹੂਦਾਹ ਦੀ ਕੁਆਰੀ ਧੀ ਨੂੰ ਚੁਬੱਚੇ ਵਿੱਚ ਕਿਵੇਂ ਮਿੱਧਿਆ’ ਸੀ? ਇੱਥੇ ਯਰੂਸ਼ਲਮ ਸ਼ਹਿਰ ਨੂੰ ਕੁਆਰੀ ਧੀ ਕਿਹਾ ਗਿਆ ਹੈ। ਸ਼ਹਿਰ ਨੂੰ ਤਬਾਹ ਕਰਦੇ ਹੋਏ ਬਾਬਲੀਆਂ ਨੇ ਖ਼ੂਨ ਦੀਆਂ ਇੰਨੀਆਂ ਨਦੀਆਂ ਵਹਾਈਆਂ ਕਿ ਇਸ ਦੀ ਤੁਲਨਾ ਚੁਬੱਚੇ ਵਿਚ ਮਿੱਧੇ ਅੰਗੂਰਾਂ ਨਾਲ ਕੀਤੀ ਗਈ ਹੈ। ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਸ ਤਰ੍ਹਾਂ ਹੋਵੇਗਾ ਤੇ ਉਸੇ ਨੇ ਇਸ ਤਰ੍ਹਾਂ ਹੋਣ ਦਿੱਤਾ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਸ ਨੇ ਸ਼ਹਿਰ ਨੂੰ “ਚੁਬੱਚੇ ਵਿੱਚ ਮਿੱਧਿਆ” ਸੀ।
2:1—“ਅਕਾਸ਼ੋਂ ਧਰਤੀ ਤੀਕ ਇਸਰਾਏਲ ਦੇ ਸੁਹੱਪਣ” ਨੂੰ ਕਿਵੇਂ ਸੁੱਟਿਆ ਗਿਆ ਸੀ? ਕਿਉਂਕਿ “ਅਕਾਸ਼ ਧਰਤੀ ਤੋਂ ਉੱਚੇ ਹਨ” ਇਸ ਕਰਕੇ ਉੱਚੀਆਂ ਚੀਜ਼ਾਂ ਨੂੰ ਨੀਵੀਆਂ ਕਰਨ ਲਈ ਕਦੀ-ਕਦੀ ਉਨ੍ਹਾਂ ਨੂੰ ‘ਅਕਾਸ਼ੋਂ ਧਰਤੀ ਤੀਕ’ ਸੁੱਟਣ ਦੀ ਗੱਲ ਕੀਤੀ ਜਾਂਦੀ ਹੈ। ‘ਇਸਰਾਏਲ ਦਾ ਸੁਹੱਪਣ’ ਉਹ ਸ਼ਾਨ ਤੇ ਸ਼ਕਤੀ ਸੀ ਜੋ ਪਰਮੇਸ਼ੁਰ ਦੀ ਬਰਕਤ ਸਦਕਾ ਇਸਰਾਏਲੀਆਂ ਕੋਲ ਸੀ। ਪਰ ਯਰੂਸ਼ਲਮ ਦੇ ਨਾਸ਼ ਅਤੇ ਯਹੂਦਾਹ ਦੇ ਉਜੜਨ ਕਰਕੇ ਇਸਰਾਏਲ ਦਾ ਸੁਹੱਪਣ ਜਾਂਦਾ ਰਿਹਾ।—ਯਸਾਯਾਹ 55:9.
2:1, 6—ਯਹੋਵਾਹ ਦੇ “ਪੈਰ ਦੀ ਚੌਂਕੀ” ਅਤੇ ਉਸ ਦੀ “ਝੁਗੀ” ਕੀ ਹੈ? ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਅਸੀਂ ਉਹ ਦੇ ਡੇਹਰੇ ਨੂੰ ਜਾਈਏ, ਅਸੀਂ ਉਹ ਦੇ ਪੈਰਾਂ ਦੀ ਚੌਕੀ ਅੱਗੇ ਮੱਥਾ ਟੇਕੀਏ।” (ਜ਼ਬੂਰਾਂ ਦੀ ਪੋਥੀ 132:7) ਇਸ ਲਈ ਵਿਰਲਾਪ 2:1 ਵਿਚ “ਪੈਰ ਦੀ ਚੌਂਕੀ” ਯਹੋਵਾਹ ਦੀ ਭਗਤੀ ਕਰਨ ਦੀ ਜਗ੍ਹਾ ਜਾਂ ਉਸ ਦੇ ਭਵਨ ਨੂੰ ਸੰਕੇਤ ਕਰਦੀ ਹੈ। ਬਾਬਲੀਆਂ ਨੇ ‘ਯਹੋਵਾਹ ਦੇ ਭਵਨ ਨੂੰ ਸਾੜ ਸੁੱਟਿਆ’ ਜਿਵੇਂ ਕਿਤੇ ਇਹ ਮਾਮੂਲੀ ਜਿਹੀ ਝੁੱਗੀ ਹੋਵੇ।—ਯਿਰਮਿਯਾਹ 52:12, 13.
2:17—ਯਰੂਸ਼ਲਮ ਦੇ ਸੰਬੰਧ ਵਿਚ ਯਹੋਵਾਹ ਨੇ ਆਪਣਾ ਕਿਹੜਾ “ਬਚਨ” ਪੂਰਾ ਕੀਤਾ ਸੀ? ਉਹ ਬਚਨ ਜੋ ਅਸੀਂ ਲੇਵੀਆਂ 26:17 ਵਿਚ ਪੜ੍ਹਦੇ ਹਾਂ: “ਮੈਂ ਆਪਣਾ ਮੂੰਹ ਤੁਹਾਡੇ ਵਿਰੁੱਧ ਰੱਖਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਵੱਢੇ ਜਾਓਗੇ ਅਤੇ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ ਓਹ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਭਾਵੇਂ ਕੋਈ ਤੁਹਾਡੇ ਮਗਰ ਨਾ ਲੱਗੇ ਤਾਂ ਭੀ ਤੁਸੀਂ ਭੱਜੋਗੇ।”
ਸਾਡੇ ਲਈ ਸਬਕ:
1:1-9. ਯਰੂਸ਼ਲਮ ਨਗਰੀ ਰਾਤ ਨੂੰ ਧਾਹਾਂ ਮਾਰ-ਮਾਰ ਕੇ ਰੋਈ ਤੇ ਉਸ ਦੇ ਅੰਝੂ ਉਸ ਦੀਆਂ ਗੱਲ੍ਹਾਂ ਉੱਤੇ ਸਨ। ਉਸ ਦੇ ਫਾਟਕ ਵਿਰਾਨ ਹੋ ਗਏ ਅਤੇ ਉਸ ਦੇ ਜਾਜਕਾਂ ਨੇ ਆਹਾਂ ਭਰੀਆਂ। ਉਸ ਦੀਆਂ ਕੁਆਰੀਆਂ ਦੁਖੀ ਹੋਈਆਂ ਤੇ ਉਹ ਆਪ ਕੁੜੱਤਣ ਵਿਚ ਸੀ। ਕਿਉਂ? ਕਿਉਂਕਿ ਯਰੂਸ਼ਲਮ ਦੇ ਵਾਸੀਆਂ ਨੇ ਪਾਪ ਕੀਤਾ। ਯਰੂਸ਼ਲਮ ਨਗਰੀ ਅਪਵਿੱਤਰ ਬਣ ਗਈ ਸੀ। ਪਾਪ ਕਰਨ ਦਾ ਨਤੀਜਾ ਖ਼ੁਸ਼ੀ ਨਹੀਂ, ਬਲਕਿ ਰੋਣਾ, ਆਹਾਂ ਭਰਨਾ, ਦੁੱਖ ਅਤੇ ਕੁੜੱਤਣ ਹੈ।
1:18. ਪਾਪੀਆਂ ਨੂੰ ਸਜ਼ਾ ਦੇਣ ਵੇਲੇ ਯਹੋਵਾਹ ਹਮੇਸ਼ਾ ਧਰਮੀ ਤੇ ਸਹੀ ਹੁੰਦਾ ਹੈ।
2:20. ਇਸਰਾਏਲੀਆਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਉਨ੍ਹਾਂ ਨੇ ਯਹੋਵਾਹ ਦੀ ਆਵਾਜ਼ ਨਾ ਸੁਣੀ, ਤਾਂ ਉਨ੍ਹਾਂ ਨੂੰ ਸਰਾਪ ਮਿਲਣਗੇ। ਇਕ ਸਰਾਪ ਇਹ ਸੀ ਕਿ ਉਹ ਆਪਣੇ ‘ਪੁੱਤ੍ਰ ਧੀਆਂ ਦਾ ਮਾਸ ਖਾਣਗੇ।’ (ਬਿਵਸਥਾ ਸਾਰ 28:15, 45, 53) ਪਰਮੇਸ਼ੁਰ ਦੇ ਕਹਿਣੇ ਵਿਚ ਨਾ ਰਹਿਣਾ ਕਿੰਨੀ ਮੂਰਖਤਾ ਦੀ ਗੱਲ ਹੈ!
‘ਆਪਣਾ ਕੰਨ ਮੇਰੀ ਦੁਹਾਈ ਵੱਲੋਂ ਬੰਦ ਨਾ ਕਰ!’
ਵਿਰਲਾਪ ਦੇ ਤੀਜੇ ਅਧਿਆਇ ਵਿਚ ਇਸਰਾਏਲ ਕੌਮ ਨੂੰ “ਪੁਰਖ” ਕਿਹਾ ਗਿਆ ਹੈ। ਮੁਸੀਬਤਾਂ ਸਹਿਣ ਦੇ ਬਾਵਜੂਦ ਇਸ ਪੁਰਖ ਨੇ ਕਿਹਾ: “ਯਹੋਵਾਹ ਉਹ ਦੇ ਲਈ ਭਲਾ ਹੈ ਜਿਹੜਾ ਉਸ ਨੂੰ ਉਡੀਕਦਾ ਹੈ, ਉਸ ਜਾਨ ਲਈ ਜਿਹੜੀ ਉਸ ਦੀ ਤਾਲਿਬ ਹੈ।” ਸੱਚੇ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਇਸ ਪੁਰਖ ਨੇ ਬੇਨਤੀ ਕੀਤੀ: “ਤੈਂ ਮੇਰੀ ਅਵਾਜ਼ ਸੁਣੀ, ਆਪਣਾ ਕੰਨ ਮੇਰੀ ਆਹ, ਮੇਰੀ ਦੁਹਾਈ ਵੱਲੋਂ ਬੰਦ ਨਾ ਕਰ!” ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਦੇ ਦੁਸ਼ਮਣਾਂ ਤੋਂ ਬਦਲਾ ਲਵੇ: “ਹੇ ਯਹੋਵਾਹ, ਤੂੰ ਓਹਨਾਂ ਨੂੰ, ਓਹਨਾਂ ਦੇ ਹੱਥ ਦੇ ਕੰਮ ਅਨੁਸਾਰ ਵੱਟਾ ਦੇਵੇਂਗਾ।”—ਵਿਰਲਾਪ 3:1, 25, 56, 64.
ਯਿਰਮਿਯਾਹ ਨੇ ਯਰੂਸ਼ਲਮ ਦੀ 18 ਮਹੀਨੇ ਲੰਬੀ ਘੇਰਾਬੰਦੀ ਉੱਤੇ ਅਫ਼ਸੋਸ ਤੇ ਸੋਗ ਕਰਦੇ ਹੋਏ ਕਿਹਾ: “ਮੇਰੀ ਪਰਜਾ ਦੀ ਧੀ ਦੀ ਬਦੀ ਸਦੂਮ ਦੇ ਪਾਪ ਨਾਲੋਂ ਵੱਡੀ ਹੈ, ਜਿਹੜਾ ਇੱਕ ਪਲ ਵਿੱਚ ਢਾਹਿਆ ਗਿਆ, ਭਾਵੇਂ ਉਹ ਦੇ ਉੱਤੇ ਕੋਈ ਹੱਥ ਨਹੀਂ ਪਾਇਆ ਗਿਆ।” ਯਿਰਮਿਯਾਹ ਨੇ ਅੱਗੇ ਕਿਹਾ: “ਜਿਹੜੇ ਤਲਵਾਰ ਦੇ ਮਾਰੇ ਹੋਏ ਹਨ, ਓਹ ਓਹਨਾਂ ਨਾਲੋਂ ਚੰਗੇ ਹਨ, ਜਿਹੜੇ ਭੁੱਖ ਦੇ ਮਾਰੇ ਹੋਏ ਹਨ, ਖੇਤ ਦਾ ਫਲ ਨਾ ਮਿਲਣ ਕਰਕੇ ਇਹ ਸੱਲਾਂ ਨਾਲ ਲਿੱਸੇ ਹੁੰਦੇ ਜਾਂਦੇ ਹਨ।”—ਵਿਰਲਾਪ 4:6, 9.
ਪੰਜਵੇਂ ਗੀਤ ਨੂੰ ਇਸ ਤਰ੍ਹਾਂ ਲਿਖਿਆ ਗਿਆ ਹੈ ਜਿਵੇਂ ਸ਼ਹਿਰ ਦੇ ਵਾਸੀ ਗੱਲ ਕਰਦੇ ਹੋਣ। ਉਨ੍ਹਾਂ ਨੇ ਕਿਹਾ: “ਹੇ ਯਹੋਵਾਹ, ਜੋ ਕੁਝ ਸਾਡੇ ਨਾਲ ਬੀਤੀ ਉਹ ਨੂੰ ਚੇਤੇ ਕਰ! ਧਿਆਨ ਦੇਹ, ਅਤੇ ਸਾਡੀ ਨਮੋਸ਼ੀ ਨੂੰ ਵੇਖ!” ਆਪਣੇ ਦੁੱਖ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਤਰਲੇ ਪਾਏ: “ਤੂੰ, ਹੇ ਯਹੋਵਾਹ, ਸਦਾ ਤੀਕ ਬਿਰਾਜਮਾਨ ਹੈਂ, ਤੇਰਾ ਸਿੰਘਾਸਣ ਪੀੜੀਓਂ ਪੀੜ੍ਹੀ ਤੀਕ ਹੈ। ਹੇ ਯਹੋਵਾਹ, ਸਾਨੂੰ ਆਪਣੀ ਵੱਲ ਮੋੜ ਲੈ, ਤਾਂ ਅਸੀਂ ਮੁੜਾਂਗੇ, ਸਾਡੇ ਦਿਨ ਪਹਿਲਾਂ ਵਾਂਙੁ ਨਵੇਂ ਬਣਾ।”—ਵਿਰਲਾਪ 5:1, 19, 21.
ਕੁਝ ਸਵਾਲਾਂ ਦੇ ਜਵਾਬ:
3:16—ਇਸ ਦਾ ਕੀ ਮਤਲਬ ਹੋ ਸਕਦਾ ਹੈ ਕਿ “ਉਸ ਨੇ ਮੇਰੇ ਦੰਦ ਰੋੜਿਆਂ ਨਾਲ ਭੰਨੇ”? ਇਸ ਬਾਰੇ ਇਕ ਪੁਸਤਕ ਕਹਿੰਦੀ ਹੈ: ‘ਜਦ ਬਾਬਲੀ ਲੋਕ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਲੈ ਜਾ ਰਹੇ ਸਨ, ਤਾਂ ਰਸਤੇ ਵਿਚ ਉਨ੍ਹਾਂ ਨੂੰ ਜ਼ਮੀਨ ਵਿਚ ਟੋਆ ਪੁੱਟ ਕੇ ਰੋਟੀ ਪਕਾਉਣੀ ਪਈ ਜਿਸ ਕਰਕੇ ਉਸ ਵਿਚ ਕੰਕਰ ਸੀ।’ ਅਜਿਹੀ ਰੋਟੀ ਖਾਣ ਨਾਲ ਕਿਸੇ ਦੇ ਵੀ ਦੰਦ ਟੁੱਟ ਸਕਦੇ ਸਨ।
4:3, 10—ਯਿਰਮਿਯਾਹ ਨੇ ਆਪਣੀ “ਪਰਜਾ ਦੀ ਧੀ” ਦੀ ਤੁਲਨਾ “ਉਜਾੜ ਦੇ ਸ਼ੁਤਰ-ਮੁਰਗਾਂ” ਨਾਲ ਕਿਉਂ ਕੀਤੀ ਸੀ? ਅੱਯੂਬ 39:16 ਵਿਚ ਲਿਖਿਆ ਹੈ ਕਿ ਸ਼ੁਤਰਮੁਰਗ “ਆਪਣੇ ਬੱਚਿਆਂ ਨਾਲ ਸਖ਼ਤੀ ਕਰਦੀ ਹੈ।” ਜਦ ਅੰਡਿਆਂ ਵਿੱਚੋਂ ਬੱਚੇ ਨਿਕਲਦੇ ਹਨ, ਤਾਂ ਮਾਦਾ ਸ਼ੁਤਰਮੁਰਗ ਹੋਰਨਾਂ ਮਾਦਾ ਸ਼ੁਤਰਮੁਰਗਾਂ ਨਾਲ ਚੱਲੀ ਜਾਂਦੀ ਹੈ। ਇਸ ਲਈ ਬੱਚਿਆਂ ਦੀ ਦੇਖ-ਭਾਲ ਨਰ ਸ਼ੁਤਰਮੁਰਗ ਨੂੰ ਕਰਨੀ ਪੈਂਦੀ ਹੈ। ਉਦੋਂ ਕੀ ਹੁੰਦਾ ਹੈ ਜਦ ਕੋਈ ਖ਼ਤਰਾ ਖੜ੍ਹਾ ਹੋ ਜਾਂਦਾ ਹੈ? ਮਾਦਾ ਅਤੇ ਨਰ ਬੱਚਿਆਂ ਨੂੰ ਆਲ੍ਹਣੇ ਵਿਚ ਛੱਡ ਕੇ ਭੱਜ ਜਾਂਦੇ ਹਨ। ਜਦ ਬਾਬਲੀਆਂ ਨੇ ਯਰੂਸ਼ਲਮ ਦੇ ਆਲੇ-ਦੁਆਲੇ ਘੇਰਾ ਪਾਇਆ ਸੀ, ਤਾਂ ਸ਼ਹਿਰ ਦੇ ਅੰਦਰ ਕਾਲ ਪੈ ਗਿਆ। ਇਹ ਕਾਲ ਇੰਨਾ ਡਾਢਾ ਸੀ ਕਿ ਸ਼ੁਤਰਮੁਰਗਾਂ ਵਾਂਗ ਮਾਵਾਂ ਆਪਣੀ ਹੀ ਔਲਾਦ ਨਾਲ ਬੇਰਹਿਮੀ ਨਾਲ ਪੇਸ਼ ਆਈਆਂ। ਇਹ ਗਿੱਦੜਾਂ ਦੇ ਬਿਲਕੁਲ ਉਲਟ ਹੈ ਜੋ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦੇ ਹਨ।
5:7—ਕੀ ਯਹੋਵਾਹ ਪੜਦਾਦਿਆਂ ਦੇ ਪਾਪ ਦਾ ਲੇਖਾ ਉਨ੍ਹਾਂ ਦੇ ਬੱਚਿਆਂ ਤੋਂ ਲੈਂਦਾ ਹੈ? ਨਹੀਂ, ਯਹੋਵਾਹ ਇਸ ਤਰ੍ਹਾਂ ਨਹੀਂ ਕਰਦਾ। ਬਾਈਬਲ ਵਿਚ ਲਿਖਿਆ ਹੈ: “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀਆਂ 14:12) ਪਰ ਇਹ ਗੱਲ ਸੱਚ ਹੈ ਕਿ ਕਿਸੇ ਦੇ ਪਾਪ ਦਾ ਅਸਰ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਪੈ ਸਕਦਾ ਹੈ। ਮਿਸਾਲ ਲਈ, ਪ੍ਰਾਚੀਨ ਇਸਰਾਏਲ ਨੇ ਮੂਰਤੀ-ਪੂਜਾ ਕੀਤੀ ਸੀ ਜਿਸ ਕਰਕੇ ਬਾਅਦ ਦੀਆਂ ਪੀੜ੍ਹੀਆਂ ਲਈ ਸਹੀ ਰਾਹ ਤੇ ਚੱਲਣਾ ਮੁਸ਼ਕਲ ਹੋ ਗਿਆ ਸੀ।—ਕੂਚ 20:5.
ਸਾਡੇ ਲਈ ਸਬਕ:
3:8, 43, 44. ਯਰੂਸ਼ਲਮ ਉੱਤੇ ਆਈ ਬਿਪਤਾ ਦੌਰਾਨ ਯਹੋਵਾਹ ਨੇ ਸ਼ਹਿਰ ਦੇ ਵਾਸੀਆਂ ਦੀ ਇਕ ਵੀ ਪੁਕਾਰ ਨਾ ਸੁਣੀ। ਕਿਉਂ? ਕਿਉਂਕਿ ਲੋਕਾਂ ਨੇ ਨਾ ਤਾਂ ਉਸ ਦੀ ਗੱਲ ਮੰਨੀ ਤੇ ਨਾ ਹੀ ਉਨ੍ਹਾਂ ਨੇ ਪਛਤਾਵਾ ਕੀਤਾ। ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਉਸ ਦਾ ਕਹਿਣਾ ਮੰਨਣਾ ਜ਼ਰੂਰੀ ਹੈ।—ਕਹਾਉਤਾਂ 28:9.
3:21-26, 28-33. ਅਸੀਂ ਡਾਢਾ ਦੁੱਖ ਕਿਵੇਂ ਸਹਿ ਸਕਦੇ ਹਾਂ? ਯਿਰਮਿਯਾਹ ਨੇ ਸਾਨੂੰ ਇਸ ਦਾ ਜਵਾਬ ਦਿੱਤਾ। ਸਾਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ ਦਇਆਵਾਨ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਦੀ ਦਇਆ ਬਦੌਲਤ ਹੀ ਅਸੀਂ ਜੀਉਂਦੇ ਹਾਂ। ਇਸ ਲਈ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ, ਸਗੋਂ ਧੀਰਜ ਨਾਲ ਦੁੱਖਾਂ ਤੋਂ ਛੁਟਕਾਰਾ ਪਾਉਣ ਦੀ ਉਡੀਕ ਕਰਨੀ ਚਾਹੀਦੀ ਹੈ। ਸਾਨੂੰ ਆਪਣੀ ਹਾਲਤ ਬਾਰੇ ਸ਼ਿਕਾਇਤ ਕਰਨ ਦੀ ਬਜਾਇ “ਆਪਣਾ ਮੂੰਹ ਖਾਕ ਉੱਤੇ” ਰੱਖਣਾ ਚਾਹੀਦਾ ਹੈ ਮਤਲਬ ਕਿ ਨਿਮਰ ਹੋ ਕੇ ਦੁੱਖਾਂ ਨੂੰ ਸਹਿਣਾ ਚਾਹੀਦਾ ਹੈ। ਸਾਨੂੰ ਪੱਕੀ ਨਿਹਚਾ ਹੋਣੀ ਚਾਹੀਦਾ ਹੈ ਕਿ ਪਰਮੇਸ਼ੁਰ ਜੋ ਵੀ ਹੋਣ ਦਿੰਦਾ ਹੈ ਉਸ ਦੇ ਪਿੱਛੇ ਚੰਗਾ ਕਾਰਨ ਹੁੰਦਾ ਹੈ।
3:27. ਕਈ ਵਾਰ ਨੌਜਵਾਨਾਂ ਦੀ ਨਿਹਚਾ ਪਰਖੀ ਜਾਂਦੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਮੁਸ਼ਕਲਾਂ ਤੇ ਲੋਕਾਂ ਦੀਆਂ ਮਸ਼ਕਰੀਆਂ ਸਹਿਣੀਆਂ ਪੈਣ। ਪਰ “ਗਭਰੂ ਲਈ ਚੰਗਾ ਹੈ ਕਿ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।” ਕਿਉਂ? ਕਿਉਂਕਿ ਜਵਾਨੀ ਵਿਚ ਦੁੱਖਾਂ ਦਾ ਜੂਲਾ ਚੁੱਕਣ ਕਰਕੇ ਨੌਜਵਾਨ ਆਪਣੀ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਹਿਣ ਲਈ ਤਿਆਰ ਹੋ ਜਾਂਦੇ ਹਨ।
3:39-42. ਆਪਣੇ ਪਾਪਾਂ ਦੀ ਸਜ਼ਾ ਮਿਲਣ ਤੇ ਸਾਨੂੰ ਗਿਲਾ ਨਹੀਂ ਕਰਨਾ ਚਾਹੀਦਾ। ਆਪਣੀਆਂ ਗ਼ਲਤੀਆਂ ਦੇ ਨਤੀਜੇ ਭੁਗਤਣ ਕਰਕੇ ਗਿਲਾ ਕਰਨ ਦੀ ਬਜਾਇ “ਆਓ, ਅਸੀਂ ਆਪਣੇ ਰਾਹਾਂ ਨੂੰ ਪਰਤਾਈਏ ਤੇ ਪਰਖੀਏ, ਅਤੇ ਯਹੋਵਾਹ ਵੱਲ ਫਿਰੀਏ!” ਇਹ ਬੁੱਧੀਮਤਾ ਦੀ ਗੱਲ ਹੈ ਕਿ ਅਸੀਂ ਤੋਬਾ ਕਰੀਏ ਅਤੇ ਬੁਰੇ ਰਾਹ ਤੋਂ ਮੁੜੀਏ।
ਯਹੋਵਾਹ ਉੱਤੇ ਭਰੋਸਾ ਰੱਖੋ
ਯਿਰਮਿਯਾਹ ਦੇ ਵਿਰਲਾਪ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਰੂਸ਼ਲਮ ਅਤੇ ਯਹੂਦਾਹ ਦੇ ਦੇਸ਼ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਸੀ ਜਦ ਬਾਬਲੀਆਂ ਨੇ ਸ਼ਹਿਰ ਨੂੰ ਸਾੜ ਸੁੱਟਿਆ ਅਤੇ ਦੇਸ਼ ਨੂੰ ਉਜਾੜ ਦਿੱਤਾ। ਵਿਰਲਾਪ ਦੀ ਪੋਥੀ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਲੋਕਾਂ ਉੱਤੇ ਇਹ ਬਿਪਤਾ ਇਸ ਲਈ ਆਈ ਕਿਉਂਕਿ ਉਨ੍ਹਾਂ ਨੇ ਵੱਡੇ ਪਾਪ ਕੀਤੇ ਸਨ। ਸਾਰਾ ਕਸੂਰ ਉਨ੍ਹਾਂ ਦਾ ਹੀ ਸੀ। ਇਸ ਪੋਥੀ ਵਿਚ ਯਿਰਮਿਯਾਹ ਅਤੇ ਕੁਝ ਪਸ਼ਚਾਤਾਪੀ ਲੋਕਾਂ ਨੇ ਯਹੋਵਾਹ ਉੱਤੇ ਆਸ ਅਤੇ ਸਹੀ ਰਾਹ ਤੇ ਚੱਲਣ ਦੀ ਇੱਛਾ ਵੀ ਪ੍ਰਗਟ ਕੀਤੀ ਸੀ। ਪਰ ਜ਼ਿਆਦਾਤਰ ਲੋਕਾਂ ਨੇ ਯਹੋਵਾਹ ਤੋਂ ਮੂੰਹ ਮੋੜ ਲਿਆ ਸੀ।
ਵਿਰਲਾਪ ਦੀ ਪੋਥੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਯਰੂਸ਼ਲਮ ਦੇ ਲੋਕਾਂ ਦੇ ਕੰਮ ਦੇਖੇ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ। ਇਸ ਤੋਂ ਅਸੀਂ ਦੋ ਜ਼ਰੂਰੀ ਸਬਕ ਸਿੱਖਦੇ ਹਾਂ। ਪਹਿਲਾ, ਯਰੂਸ਼ਲਮ ਦਾ ਨਾਸ਼ ਅਤੇ ਯਹੂਦਾਹ ਦਾ ਉਜੜਨਾ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਹਮੇਸ਼ਾ ਯਹੋਵਾਹ ਦੇ ਕਹਿਣੇ ਵਿਚ ਰਹਿਣਾ ਚਾਹੀਦਾ ਹੈ। ਇਸ ਤੋਂ ਸਾਨੂੰ ਚੇਤਾਵਨੀ ਮਿਲਦੀ ਹੈ ਕਿ ਅਸੀਂ ਪਰਮੇਸ਼ੁਰ ਦੀ ਮਰਜ਼ੀ ਖ਼ਿਲਾਫ਼ ਕਦੀ ਵੀ ਨਾ ਚੱਲੀਏ। (1 ਕੁਰਿੰਥੀਆਂ 10:11) ਦੂਜਾ ਸਬਕ ਅਸੀਂ ਯਿਰਮਿਯਾਹ ਦੀ ਮਿਸਾਲ ਤੋਂ ਸਿੱਖਦੇ ਹਾਂ। (ਰੋਮੀਆਂ 15:4) ਉਦੋਂ ਵੀ ਜਦ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆਉਂਦੀ ਸੀ, ਯਿਰਮਿਯਾਹ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ। ਸਾਡੇ ਲਈ ਵੀ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਬਚਨ ਉੱਤੇ ਪੱਕਾ ਭਰੋਸਾ ਰੱਖੀਏ।—ਇਬਰਾਨੀਆਂ 4:12.
[ਸਫ਼ਾ 9 ਉੱਤੇ ਤਸਵੀਰ]
ਯਿਰਮਿਯਾਹ ਨੇ ਉਸ ਭਵਿੱਖਬਾਣੀ ਦੀ ਪੂਰਤੀ ਦੇਖੀ ਜਿਸ ਦਾ ਉਸ ਨੇ ਪ੍ਰਚਾਰ ਕੀਤਾ ਸੀ
[ਸਫ਼ਾ 10 ਉੱਤੇ ਤਸਵੀਰ]
ਨਿਰਪੱਖ ਰਹਿਣ ਕਰਕੇ ਕੋਰੀਆ ਵਿਚ ਯਹੋਵਾਹ ਦੇ ਇਨ੍ਹਾਂ ਗਵਾਹਾਂ ਦੀ ਨਿਹਚਾ ਪਰਖੀ ਗਈ