ਸੱਚੇ ਸੰਦੇਸ਼ਵਾਹਕ ਦੀ ਸ਼ਨਾਖਤ ਕਰਨੀ
“ਮੈਂ ਆਪਣੇ ਦਾਸ ਦੇ ਬਚਨ ਕਾਇਮ ਰੱਖਦਾ, ਅਤੇ ਆਪਣੇ ਦੂਤਾਂ ਦੀ ਸਲਾਹ ਪੂਰੀ ਕਰਦਾ ਹਾਂ।”—ਯਸਾਯਾਹ 44:26.
1. ਯਹੋਵਾਹ ਸੱਚੇ ਸੰਦੇਸ਼ਵਾਹਕਾਂ ਦੀ ਸ਼ਨਾਖਤ ਕਿਸ ਤਰ੍ਹਾਂ ਕਰਦਾ ਹੈ, ਅਤੇ ਝੂਠਿਆਂ ਦਾ ਕਿਸ ਤਰ੍ਹਾਂ ਪਰਦਾ-ਫ਼ਾਸ਼ ਕਰਦਾ ਹੈ?
ਯਹੋਵਾਹ ਪਰਮੇਸ਼ੁਰ ਆਪਣੇ ਸੱਚੇ ਸੰਦੇਸ਼ਵਾਹਕਾਂ ਦਾ ਮਹਾਨ ਸ਼ਨਾਖਤਕਰਤਾ ਹੈ। ਉਹ ਉਨ੍ਹਾਂ ਸੰਦੇਸ਼ਾਂ ਨੂੰ ਸੱਚਾ ਸਾਬਤ ਕਰਨ ਦੁਆਰਾ ਇਨ੍ਹਾਂ ਦੀ ਸ਼ਨਾਖਤ ਕਰਦਾ ਹੈ ਜੋ ਉਹ ਉਨ੍ਹਾਂ ਦੁਆਰਾ ਦਿੰਦਾ ਹੈ। ਯਹੋਵਾਹ ਝੂਠੇ ਸੰਦੇਸ਼ਵਾਹਕਾਂ ਦਾ ਮਹਾਨ ਪਰਦਾ-ਫ਼ਾਸ਼ਕਰਤਾ ਵੀ ਹੈ। ਉਹ ਉਨ੍ਹਾਂ ਦਾ ਕਿਸ ਤਰ੍ਹਾਂ ਪਰਦਾ-ਫ਼ਾਸ਼ ਕਰਦਾ ਹੈ? ਉਹ ਉਨ੍ਹਾਂ ਦੇ ਚਿੰਨ੍ਹਾਂ ਅਤੇ ਪੂਰਵ-ਅਨੁਮਾਨਾਂ ਨੂੰ ਨਿਸਫ਼ਲ ਕਰ ਦਿੰਦਾ ਹੈ। ਇਸ ਤਰੀਕੇ ਨਾਲ ਉਹ ਇਹ ਦਿਖਾਉਂਦਾ ਹੈ ਕਿ ਉਹ ਸਵੈ-ਨਿਯੁਕਤ ਨਬੀ ਹਨ, ਜਿਨ੍ਹਾਂ ਦੇ ਸੰਦੇਸ਼ ਅਸਲ ਵਿਚ ਉਨ੍ਹਾਂ ਦੀ ਆਪਣੀ ਹੀ ਝੂਠੀ ਦਲੀਲਬਾਜ਼ੀ—ਜੀ ਹਾਂ, ਉਨ੍ਹਾਂ ਦੀ ਮੂਰਖ, ਸਰੀਰਕ ਸੋਚ—ਤੋਂ ਉਤਪੰਨ ਹੁੰਦੇ ਹਨ!
2. ਇਸਰਾਏਲੀਆਂ ਦੇ ਸਮੇਂ ਵਿਚ ਸੰਦੇਸ਼ਵਾਹਕਾਂ ਵਿਚਕਾਰ ਕਿਹੜਾ ਵਿਵਾਦ ਪੈਦਾ ਹੋਇਆ ਸੀ?
2 ਯਸਾਯਾਹ ਅਤੇ ਹਿਜ਼ਕੀਏਲ ਦੋਵਾਂ ਨੇ ਯਹੋਵਾਹ ਪਰਮੇਸ਼ੁਰ ਦੇ ਸੰਦੇਸ਼ਵਾਹਕ ਹੋਣ ਦਾ ਦਾਅਵਾ ਕੀਤਾ। ਕੀ ਉਹ ਸਨ? ਆਓ ਅਸੀਂ ਦੇਖੀਏ। ਯਸਾਯਾਹ ਨੇ ਯਰੂਸ਼ਲਮ ਵਿਚ ਲਗਭਗ 778 ਸਾ.ਯੁ.ਪੂ. ਤੋਂ ਲੈ ਕੇ 732 ਸਾ.ਯੁ.ਪੂ. ਤੋਂ ਬਾਅਦ ਕੁਝ ਸਮੇਂ ਤਕ ਭਵਿੱਖਬਾਣੀ ਕੀਤੀ ਸੀ। ਹਿਜ਼ਕੀਏਲ ਨੂੰ 617 ਸਾ.ਯੁ.ਪੂ. ਵਿਚ ਬੰਦੀ ਬਣਾ ਕੇ ਬਾਬਲ ਵਿਚ ਲਿਜਾਇਆ ਗਿਆ ਸੀ। ਉੱਥੇ ਉਸ ਨੇ ਆਪਣੇ ਯਹੂਦੀ ਭਰਾਵਾਂ ਨੂੰ ਭਵਿੱਖਬਾਣੀ ਕੀਤੀ। ਦੋਵਾਂ ਨਬੀਆਂ ਨੇ ਨਿਧੜਕ ਹੋ ਕੇ ਐਲਾਨ ਕੀਤਾ ਕਿ ਯਰੂਸ਼ਲਮ ਤਬਾਹ ਕੀਤਾ ਜਾਵੇਗਾ। ਦੂਸਰੇ ਨਬੀਆਂ ਨੇ ਕਿਹਾ ਕਿ ਪਰਮੇਸ਼ੁਰ ਇਸ ਤਰ੍ਹਾਂ ਨਹੀਂ ਹੋਣ ਦੇਵੇਗਾ। ਕਿਹੜੇ ਸੱਚੇ ਸੰਦੇਸ਼ਵਾਹਕ ਸਾਬਤ ਹੋਏ?
ਯਹੋਵਾਹ ਝੂਠੇ ਨਬੀਆਂ ਦਾ ਪਰਦਾ-ਫ਼ਾਸ਼ ਕਰਦਾ ਹੈ
3, 4. (ੳ) ਬਾਬਲ ਵਿਚ ਇਸਰਾਏਲੀਆਂ ਨੂੰ ਕਿਹੜੇ ਦੋ ਵਿਰੋਧੀ ਸੰਦੇਸ਼ ਦਿੱਤੇ ਗਏ ਸਨ, ਅਤੇ ਯਹੋਵਾਹ ਨੇ ਕਿਸ ਤਰ੍ਹਾਂ ਇਕ ਝੂਠੇ ਸੰਦੇਸ਼ਵਾਹਕ ਦਾ ਪਰਦਾ-ਫ਼ਾਸ਼ ਕੀਤਾ ਸੀ? (ਅ) ਝੂਠੇ ਨਬੀਆਂ ਦਾ ਕੀ ਹੋਵੇਗਾ, ਇਸ ਬਾਰੇ ਯਹੋਵਾਹ ਨੇ ਕੀ ਕਿਹਾ ਸੀ?
3 ਹਿਜ਼ਕੀਏਲ, ਜੋ ਬਾਬਲ ਵਿਚ ਸੀ, ਨੂੰ ਯਰੂਸ਼ਲਮ ਦੀ ਹੈਕਲ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਦਰਸ਼ਣ ਦਿਖਾਇਆ ਗਿਆ। ਉਸ ਦੇ ਪੂਰਬੀ ਫਾਟਕ ਉੱਤੇ 25 ਆਦਮੀ ਸਨ। ਉਨ੍ਹਾਂ ਵਿਚ ਲੋਕਾਂ ਦੇ ਦੋ ਸਰਦਾਰ ਸਨ, ਯਅਜ਼ਨਯਾਹ ਅਤੇ ਫਲਟਯਾਹ। ਯਹੋਵਾਹ ਉਨ੍ਹਾਂ ਨੂੰ ਕਿਸ ਦ੍ਰਿਸ਼ਟੀ ਨਾਲ ਵੇਖਦਾ ਸੀ? ਹਿਜ਼ਕੀਏਲ 11:2, 3 ਜਵਾਬ ਦਿੰਦਾ ਹੈ: “ਹੇ ਆਦਮੀ ਦੇ ਪੁੱਤ੍ਰ, ਏਹ ਓਹ ਮਨੁੱਖ ਹਨ ਜਿਹੜੇ ਇਸ ਸ਼ਹਿਰ ਵਿੱਚ ਬਦੀ ਦੀ ਤਦਬੀਰ ਕਰਦੇ ਅਤੇ ਬੁਰੀ ਸਲਾਹ ਦਿੰਦੇ ਹਨ। ਜਿਹੜੇ ਆਖਦੇ ਹਨ ਕਿ ਅਜੇ ਘਰ ਬਣਾਉਣ ਦਾ ਵੇਲਾ ਨੇੜੇ ਨਹੀਂ।” ਇਹ ਸ਼ਾਂਤੀ ਦੇ ਗੁਸਤਾਖ਼ ਸੰਦੇਸ਼ਵਾਹਕ ਕਹਿ ਰਹੇ ਸਨ, ‘ਯਰੂਸ਼ਲਮ ਨੂੰ ਕੋਈ ਖ਼ਤਰਾ ਨਹੀਂ ਹੈ। ਜੀ ਹਾਂ, ਜਲਦੀ ਹੀ ਅਸੀਂ ਇਸ ਵਿਚ ਹੋਰ ਘਰ ਬਣਾਉਣ ਜਾ ਰਹੇ ਹਾਂ!’ ਇਸ ਕਰਕੇ ਪਰਮੇਸ਼ੁਰ ਨੇ ਹਿਜ਼ਕੀਏਲ ਨੂੰ ਇਨ੍ਹਾਂ ਝੂਠੇ ਨਬੀਆਂ ਵਿਰੁੱਧ ਜਵਾਬੀ ਭਵਿੱਖਬਾਣੀ ਕਰਨ ਲਈ ਕਿਹਾ। ਅਧਿਆਇ 11 ਦੀ ਆਇਤ 13 ਵਿਚ, ਹਿਜ਼ਕੀਏਲ ਸਾਨੂੰ ਦੱਸਦਾ ਹੈ ਕਿ ਉਨ੍ਹਾਂ ਵਿੱਚੋਂ ਇਕ ਨਾਲ ਕੀ ਵਾਪਰਿਆ: “ਜਦੋਂ ਮੈਂ ਅਗੰਮ ਵਾਚ ਰਿਹਾ ਸਾ ਤਾਂ ਐਉਂ ਹੋਇਆ ਕਿ ਬਨਾਯਾਹ ਦਾ ਪੁੱਤ੍ਰ ਫਲਟਯਾਹ ਮਰ ਗਿਆ।” ਇਹ ਸ਼ਾਇਦ ਇਸ ਕਰਕੇ ਵਾਪਰਿਆ ਕਿਉਂਕਿ ਫਲਟਯਾਹ ਸਭ ਤੋਂ ਜ਼ਿਆਦਾ ਉੱਘਾ ਅਤੇ ਅਸਰ-ਰਸੂਖ ਵਾਲਾ ਸਰਦਾਰ ਅਤੇ ਪ੍ਰਮੁੱਖ ਮੂਰਤੀ-ਪੂਜਕ ਸੀ। ਉਸ ਦੀ ਅਚਾਨਕ ਮੌਤ ਨੇ ਸਾਬਤ ਕੀਤਾ ਕਿ ਉਹ ਠੀਕ ਇਕ ਝੂਠਾ ਨਬੀ ਸੀ!
4 ਯਹੋਵਾਹ ਵੱਲੋਂ ਫਲਟਯਾਹ ਨੂੰ ਪ੍ਰਾਣ-ਦੰਡ ਨੇ ਦੂਸਰੇ ਝੂਠੇ ਨਬੀਆਂ ਨੂੰ ਪਰਮੇਸ਼ੁਰ ਦੇ ਨਾਂ ਉੱਤੇ ਝੂਠ ਬੋਲਣ ਤੋਂ ਨਹੀਂ ਰੋਕਿਆ। ਇਹ ਧੋਖੇਬਾਜ਼ ਲੋਕ ਪਰਮੇਸ਼ੁਰ ਦੀ ਇੱਛਾ ਦੇ ਵਿਰੁੱਧ ਭਵਿੱਖਬਾਣੀਆਂ ਕਰਨ ਦੇ ਆਪਣੇ ਮੂਰਖ ਰਾਹ ਉੱਤੇ ਚੱਲਦੇ ਗਏ। ਇਸ ਕਰਕੇ ਯਹੋਵਾਹ ਪਰਮੇਸ਼ੁਰ ਨੇ ਹਿਜ਼ਕੀਏਲ ਨੂੰ ਦੱਸਿਆ: “ਮੂਰਖ ਨਬੀਆਂ ਉੱਤੇ ਹਾਇ ਹਾਇ! ਜਿਹੜੇ ਆਪਣੇ ਹੀ ਆਤਮਾ ਮਗਰ ਤੁਰਦੇ ਹਨ ਅਤੇ ਉਨ੍ਹਾਂ ਨੇ ਕੁਝ ਨਹੀਂ ਵੇਖਿਆ।” ਫਲਟਯਾਹ ਦੀ ਤਰ੍ਹਾਂ, ਉਹ ਯਰੂਸ਼ਲਮ ਲਈ ‘ਸੁਖ ਸਾਂਦ ਦੇ ਦਰਸ਼ਣ, ਜਦੋਂ ਕਿ ਸੁਖ ਨਹੀਂ ਹੈ,’ ਵੇਖਣ ਲਈ ‘ਨਹੀਂ ਰਹਿਣਗੇ।’—ਹਿਜ਼ਕੀਏਲ 13:3, 15, 16.
5, 6. ਸਾਰੇ ਝੂਠੇ ਸੰਦੇਸ਼ਵਾਹਕਾਂ ਦੇ ਹੁੰਦਿਆਂ ਹੋਇਆਂ ਵੀ, ਯਸਾਯਾਹ ਕਿਸ ਤਰ੍ਹਾਂ ਇਕ ਸੱਚਾ ਨਬੀ ਸਿੱਧ ਹੋਇਆ?
5 ਯਸਾਯਾਹ ਦੇ ਸੰਬੰਧ ਵਿਚ, ਯਰੂਸ਼ਲਮ ਦੇ ਬਾਰੇ ਉਸ ਦੇ ਸਾਰੇ ਈਸ਼ਵਰੀ ਸੰਦੇਸ਼ ਸੱਚੇ ਸਾਬਤ ਹੋਏ ਸਨ। 607 ਸਾ.ਯੁ.ਪੂ. ਦੀ ਗਰਮੀ ਦੀ ਰੁੱਤ ਵਿਚ, ਬਾਬਲੀਆਂ ਨੇ ਉਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਅਤੇ ਯਹੂਦੀ ਬਕੀਏ ਨੂੰ ਕੈਦੀ ਬਣਾ ਕੇ ਬਾਬਲ ਲੈ ਗਏ। (2 ਇਤਿਹਾਸ 36:15-21; ਹਿਜ਼ਕੀਏਲ 22:28; ਦਾਨੀਏਲ 9:2) ਕੀ ਇਨ੍ਹਾਂ ਬਿਪਤਾਵਾਂ ਨੇ ਝੂਠੇ ਨਬੀਆਂ ਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਵਿਅਰਥ ਬਕਵਾਸ ਸੁਣਾਉਣ ਤੋਂ ਰੋਕਿਆ? ਨਹੀਂ, ਉਹ ਝੂਠੇ ਸੰਦੇਸ਼ਵਾਹਕ ਅਜਿਹਾ ਕਰਨ ਵਿਚ ਲੱਗੇ ਰਹੇ!
6 ਮਾਨੋ ਕਿ ਇਹ ਕਾਫ਼ੀ ਨਹੀਂ ਸੀ, ਗ਼ੁਲਾਮ ਇਸਰਾਏਲੀਆਂ ਨੂੰ ਬਾਬਲ ਦੇ ਸ਼ੇਖ਼ੀਖੋਰੀ ਨਜੂਮੀਆਂ, ਫਾਲ ਪਾਉਣ ਵਾਲਿਆਂ, ਅਤੇ ਜੋਤਿਸ਼ੀਆਂ ਦਾ ਵੀ ਸਾਮ੍ਹਣਾ ਕਰਨਾ ਪਿਆ। ਪਰੰਤੂ, ਯਹੋਵਾਹ ਨੇ ਇਨ੍ਹਾਂ ਸਾਰੇ ਝੂਠੇ ਸੰਦੇਸ਼ਵਾਹਕਾਂ ਨੂੰ ਨਿਸਫ਼ਲ ਮੂਰਖ ਸਾਬਤ ਕੀਤਾ, ਜੋ ਉਲਟੀਆਂ ਗੱਲਾਂ ਕਹਿੰਦੇ ਸਨ। ਸਮੇਂ ਦੇ ਬੀਤਣ ਨਾਲ ਉਸ ਨੇ ਦਿਖਾਇਆ ਕਿ ਹਿਜ਼ਕੀਏਲ ਉਸ ਦਾ ਸੱਚਾ ਸੰਦੇਸ਼ਵਾਹਕ ਸੀ, ਜਿਵੇਂ ਯਸਾਯਾਹ ਸੀ। ਯਹੋਵਾਹ ਨੇ ਆਪਣੇ ਸਾਰੇ ਸ਼ਬਦਾਂ ਨੂੰ ਪੂਰਾ ਕੀਤਾ ਜੋ ਉਸ ਨੇ ਉਨ੍ਹਾਂ ਦੁਆਰਾ ਕਹੇ ਸਨ, ਠੀਕ ਜਿਵੇਂ ਉਸ ਨੇ ਵਾਅਦਾ ਕੀਤਾ ਸੀ: “ਮੈਂ ਗੱਪੀਆਂ ਦੇ ਨਿਸ਼ਾਨ ਵਿਅਰਥ ਕਰਦਾ ਹਾਂ, ਅਤੇ ਫਾਲ ਪਾਉਣ ਵਾਲਿਆਂ ਨੂੰ ਉੱਲੂ ਬਣਾਉਂਦਾ ਹਾਂ, ਮੈਂ ਸਿਆਣਿਆਂ ਨੂੰ ਪਿੱਛੇ ਹਟਾਉਂਦਾ, ਅਤੇ ਓਹਨਾਂ ਦਾ ਗਿਆਨ ਬੇਵਕੂਫੀ ਬਣਾਉਂਦਾ ਹਾਂ। ਮੈਂ ਆਪਣੇ ਦਾਸ ਦੇ ਬਚਨ ਕਾਇਮ ਰੱਖਦਾ, ਅਤੇ ਆਪਣੇ ਦੂਤਾਂ ਦੀ ਸਲਾਹ ਪੂਰੀ ਕਰਦਾ ਹਾਂ।”—ਯਸਾਯਾਹ 44:25, 26.
ਬਾਬਲ ਅਤੇ ਯਰੂਸ਼ਲਮ ਲਈ ਸਨਸਨੀਖੇਜ਼ ਸੰਦੇਸ਼
7, 8. ਬਾਬਲ ਲਈ ਯਸਾਯਾਹ ਕੋਲ ਕਿਹੜਾ ਪ੍ਰੇਰਿਤ ਸੰਦੇਸ਼ ਸੀ, ਅਤੇ ਉਸ ਦੇ ਸ਼ਬਦਾਂ ਦਾ ਅਰਥ ਕੀ ਸੀ?
7 ਯਹੂਦਾਹ ਅਤੇ ਯਰੂਸ਼ਲਮ ਬਿਨਾਂ ਕਿਸੇ ਮਾਨਵੀ ਨਿਵਾਸ ਦੇ 70 ਸਾਲਾਂ ਲਈ ਵੀਰਾਨ ਕੀਤੇ ਜਾਣੇ ਸਨ। ਫਿਰ ਵੀ, ਯਹੋਵਾਹ ਨੇ ਯਸਾਯਾਹ ਅਤੇ ਹਿਜ਼ਕੀਏਲ ਦੁਆਰਾ ਐਲਾਨ ਕੀਤਾ ਕਿ ਇਹ ਸ਼ਹਿਰ ਦੁਬਾਰਾ ਉਸਾਰਿਆ ਜਾਵੇਗਾ ਅਤੇ ਉਸ ਦੁਆਰਾ ਪਹਿਲਾਂ ਹੀ ਦੱਸੇ ਗਏ ਨਿਯਤ ਸਮੇਂ ਉੱਤੇ ਦੇਸ਼ ਆਬਾਦ ਹੋਇਆ। ਇਹ ਇਕ ਹੈਰਾਨ ਕਰ ਦੇਣ ਵਾਲੀ ਭਵਿੱਖਬਾਣੀ ਸੀ। ਕਿਉਂ? ਕਿਉਂਕਿ ਬਾਬਲ ਦਾ ਇਕ ਵਿਸ਼ੇਸ਼ ਗੁਣ ਇਹ ਸੀ ਕਿ ਉਹ ਆਪਣੇ ਕੈਦੀਆਂ ਨੂੰ ਕਦੀ ਨਹੀਂ ਛੱਡਦੀ ਸੀ। (ਯਸਾਯਾਹ 14:4, 15-17) ਇਸ ਕਰਕੇ ਕੌਣ ਇਨ੍ਹਾਂ ਕੈਦੀਆਂ ਨੂੰ ਸੰਭਵ ਤੌਰ ਤੇ ਆਜ਼ਾਦ ਕਰਵਾ ਸਕਦਾ ਸੀ? ਵੱਡੀਆਂ-ਵੱਡੀਆਂ ਕੰਧਾਂ ਅਤੇ ਦਰਿਆਈ-ਸੁਰੱਖਿਆ ਵਿਵਸਥਾ ਵਾਲੇ ਸ਼ਕਤੀਸ਼ਾਲੀ ਬਾਬਲ ਨੂੰ ਕੌਣ ਹਰਾ ਸਕਦਾ ਸੀ? ਸਰਬਸ਼ਕਤੀਮਾਨ ਯਹੋਵਾਹ ਹਰਾ ਸਕਦਾ ਸੀ! ਅਤੇ ਉਸ ਨੇ ਕਿਹਾ ਜੋ ਉਹ ਕਰੇਗਾ: “ਮੈਂ ਜੋ ਸਾਗਰ [ਯਾਨੀ, ਸ਼ਹਿਰ ਦੀ ਪਣਸੁਰੱਖਿਆ] ਨੂੰ ਆਖਦਾ ਹਾਂ, ਸੁੱਕ ਜਾਹ! ਅਤੇ ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦਿਆਂਗਾ। ਮੈਂ ਜੋ ਖੋਰੁਸ ਵਿਖੇ ਆਖਦਾ ਹਾਂ, ਉਹ ਮੇਰਾ ਅਯਾਲੀ ਹੈ, ਅਤੇ ਉਹ ਮੇਰੀ ਸਾਰੀ ਇੱਛਿਆ ਪੁਰੀ ਕਰੇਗਾ, ਭਈ ਉਹ ਯਰੂਸ਼ਲਮ ਦੇ ਵਿਖੇ ਆਖੇ, ਉਹ ਉਸਾਰਿਆ ਜਾਵੇਗਾ, ਅਤੇ ਹੈਕਲ ਦੀ ਨੀਂਹ ਰੱਖੀ ਜਾਵੇਗੀ।”—ਯਸਾਯਾਹ 44:25, 27, 28.
8 ਜ਼ਰਾ ਸੋਚੋ! ਫਰਾਤ ਦਰਿਆ, ਮਨੁੱਖਾਂ ਦੇ ਭਾਣੇ ਸੱਚ-ਮੁੱਚ ਹੀ ਇਕ ਕਠਿਨ ਰੋਕ, ਪਰੰਤੂ, ਯਹੋਵਾਹ ਲਈ ਗਰਮ ਤਵੇ ਉੱਤੇ ਪਾਣੀ ਦੀ ਇਕ ਬੂੰਦ ਵਾਂਗ ਹੀ ਸੀ। ਅਚਾਨਕ, ਰੋਕ ਭਾਫ਼ ਬਣ ਕੇ ਉੱਡ ਜਾਵੇਗੀ। ਬਾਬਲ ਡਿੱਗ ਜਾਵੇਗਾ। ਫ਼ਾਰਸੀ ਰਾਜੇ ਖੋਰੁਸ ਦੇ ਜਨਮ ਤੋਂ ਲਗਭਗ 150 ਸਾਲ ਪਹਿਲਾਂ ਯਹੋਵਾਹ ਨੇ ਯਸਾਯਾਹ ਦੇ ਰਾਹੀਂ ਪਹਿਲਾਂ ਹੀ ਦੱਸਿਆ ਸੀ ਕਿ ਇਹ ਰਾਜਾ ਬਾਬਲ ਉੱਤੇ ਜਿੱਤ ਪ੍ਰਾਪਤ ਕਰੇਗਾ ਅਤੇ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਮੁੜ ਉਸਾਰਨ ਲਈ ਉਨ੍ਹਾਂ ਦੀ ਵਾਪਸੀ ਦੀ ਪ੍ਰਵਾਨਗੀ ਦੇਣ ਦੁਆਰਾ ਯਹੂਦੀ ਕੈਦੀਆਂ ਨੂੰ ਛੁਡਾਵੇਗਾ।
9. ਬਾਬਲ ਨੂੰ ਸਜ਼ਾ ਦੇਣ ਲਈ ਯਹੋਵਾਹ ਨੇ ਕਿਸ ਦਾ ਨਾਂ ਆਪਣੇ ਕਾਰਿੰਦੇ ਵਜੋਂ ਦਿੱਤਾ ਸੀ?
9 ਸਾਨੂੰ ਇਹ ਭਵਿੱਖਬਾਣੀ ਯਸਾਯਾਹ 45:1-3 ਵਿਚ ਮਿਲਦੀ ਹੈ: “ਯਹੋਵਾਹ ਆਪਣੇ ਮਸਹ ਕੀਤੇ ਹੋਏ ਖੋਰੁਸ ਨੂੰ ਇਉਂ ਆਖਦਾ ਹੈ, ਜਿਸ ਦਾ ਸੱਜਾ ਹੱਥ ਮੈਂ ਫੜਿਆ, ਭਈ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, . . . ਭਈ ਮੈਂ ਦਰਵੱਜੇ ਉਹ ਦੇ ਸਾਹਮਣੇ ਖੋਲ੍ਹ ਦਿਆਂ, ਅਤੇ ਫਾਟਕ ਬੰਦ ਨਾ ਕੀਤੇ ਜਾਣ, ਮੈਂ ਤੇਰੇ ਅੱਗੇ ਚੱਲਾਂਗਾ, ਅਤੇ ਉੱਚਿਆਈਆਂ ਨੂੰ ਪੱਧਰਿਆਂ ਕਰਾਂਗਾ, ਮੈਂ ਪਿੱਤਲ [“ਤਾਂਬੇ,” ਨਿ ਵ] ਦੇ ਦਰ ਭੰਨ ਸੁੱਟਾਂਗਾ, ਅਤੇ ਲੋਹੇ ਦੇ ਹੋੜੇ ਵੱਢ ਦਿਆਂਗਾ। ਮੈਂ ਤੈਨੂੰ ਅਨ੍ਹੇਰੇ ਦੇ ਖ਼ਜ਼ਾਨੇ, ਅਤੇ ਲੁਕੇ ਹੋਏ ਥਾਵਾਂ ਦੇ ਪਦਾਰਥ ਦਿਆਂਗਾ, ਤਾਂ ਜੋ ਤੂੰ ਜਾਣੇਂ ਕਿ ਮੈਂ ਯਹੋਵਾਹ . . . ਹਾਂ, ਜੋ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਉਂਦਾ ਹਾਂ।”
10. ਕਿਸ ਤਰੀਕੇ ਨਾਲ ਖੋਰੁਸ ‘ਮਸਹ ਕੀਤਾ ਹੋਇਆ’ ਸੀ, ਅਤੇ ਯਹੋਵਾਹ ਨੇ ਉਸ ਦੇ ਜਨਮ ਤੋਂ ਸੋ ਸਾਲਾਂ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਕਿਸ ਤਰ੍ਹਾਂ ਉਸ ਨਾਲ ਗੱਲ ਕੀਤੀ?
10 ਧਿਆਨ ਦਿਓ ਕਿ ਯਹੋਵਾਹ ਖੋਰੁਸ ਨਾਲ ਇਸ ਤਰ੍ਹਾਂ ਬੋਲਦਾ ਹੈ ਜਿਸ ਤਰ੍ਹਾਂ ਉਹ ਪਹਿਲਾਂ ਹੀ ਹੋਂਦ ਵਿਚ ਹੈ। ਇਹ ਪੌਲੁਸ ਦੇ ਕਥਨ ਦੀ ਇਕਸੁਰਤਾ ਵਿਚ ਹੈ ਕਿ ਯਹੋਵਾਹ “ਓਹਨਾਂ ਅਣਹੋਈਆਂ ਵਸਤਾਂ ਨੂੰ ਇਉਂ ਸੱਦਦਾ ਹੈ ਭਈ ਜਾਣੋ ਓਹ ਸਨਮੁਖ ਹਨ।” (ਰੋਮੀਆਂ 4:17) ਅਤੇ ਪਰਮੇਸ਼ੁਰ ਖੋਰੁਸ ਦੀ ਪਛਾਣ “ਆਪਣੇ ਮਸਹ ਕੀਤੇ ਹੋਏ” ਵਜੋਂ ਕਰਦਾ ਹੈ। ਉਸ ਨੇ ਅਜਿਹਾ ਕਿਉਂ ਕੀਤਾ? ਜਦ ਕਿ ਯਹੋਵਾਹ ਦੇ ਪ੍ਰਧਾਨ ਜਾਜਕ ਨੇ ਖੋਰੁਸ ਦੇ ਸਿਰ ਉੱਤੇ ਮਸਹ ਕਰਨ ਵਾਲਾ ਪਵਿੱਤਰ ਤੇਲ ਕਦੀ ਵੀ ਨਹੀਂ ਡੋਲ੍ਹਿਆ ਸੀ। ਇਹ ਸੱਚ ਹੈ, ਪਰੰਤੂ ਇਹ ਇਕ ਭਵਿੱਖ-ਸੂਚਕ ਮਸਹ ਕੀਤਾ ਜਾਣਾ ਹੈ। ਇਹ ਇਕ ਖ਼ਾਸ ਪਦਵੀ ਲਈ ਨਿਯੁਕਤੀ ਨੂੰ ਸੰਕੇਤ ਕਰਦਾ ਹੈ। ਇਸ ਲਈ ਪਰਮੇਸ਼ੁਰ ਖੋਰੁਸ ਦੀ ਅਗਾਊਂ ਨਿਯੁਕਤੀ ਨੂੰ ਮਸਹ ਕੀਤਾ ਜਾਣਾ ਕਹਿ ਸਕਦਾ ਸੀ।—ਤੁਲਨਾ ਕਰੋ 1 ਰਾਜਿਆਂ 19:15-17; 2 ਰਾਜਿਆਂ 8:13.
ਪਰਮੇਸ਼ੁਰ ਆਪਣੇ ਸੰਦੇਸ਼ਵਾਹਕਾਂ ਦੇ ਸ਼ਬਦਾਂ ਨੂੰ ਪੂਰਾ ਕਰਦਾ ਹੈ
11. ਬਾਬਲ ਦੇ ਵਾਸੀ ਕਿਉਂ ਮਹਿਫੂਜ਼ ਮਹਿਸੂਸ ਕਰਦੇ ਸਨ?
11 ਜਿਸ ਵੇਲੇ ਖੋਰੁਸ ਬਾਬਲ ਦੇ ਵਿਰੁੱਧ ਤੁਰਿਆ, ਉਸ ਦੇ ਵਸਨੀਕ ਬਹੁਤ ਹੀ ਸੁਰੱਖਿਅਤ ਅਤੇ ਮਹਿਫੂਜ਼ ਮਹਿਸੂਸ ਕਰਦੇ ਸਨ। ਉਨ੍ਹਾਂ ਦਾ ਸ਼ਹਿਰ ਡੂੰਘੀ ਅਤੇ ਚੌੜੀ ਰੱਖਿਆਕਾਰੀ ਖਾਈ ਦੁਆਰਾ ਘੇਰਿਆ ਹੋਇਆ ਸੀ, ਜੋ ਕਿ ਫਰਾਤ ਦਰਿਆ ਦੇ ਵਸੀਲੇ ਬਣੀ ਸੀ। ਸ਼ਹਿਰ ਵਿਚ ਜਿੱਥੋਂ-ਜਿੱਥੋਂ ਦੀ ਦਰਿਆ ਲੰਘਦਾ, ਦਰਿਆ ਦੇ ਪੂਰਬੀ ਕਿਨਾਰੇ ਉੱਤੇ ਇਕ ਲਗਾਤਾਰ ਘਾਟ ਬਣਿਆ ਹੋਇਆ ਸੀ। ਇਸ ਨੂੰ ਸ਼ਹਿਰ ਤੋਂ ਵੱਖਰਾ ਕਰਨ ਲਈ, ਨਬੂਕਦਨੱਸਰ ਨੇ ਇਕ ਕੰਧ ਉਸਾਰੀ ਜਿਸ ਨੂੰ ਉਸ ਨੇ ਸੱਦਿਆ “ਪਹਾੜ ਵਰਗੀ ਵੱਡੀ ਕੰਧ, ਜੋ ਹਿਲਾਈ ਨਹੀਂ ਜਾ ਸਕਦੀ . . . ਇਸ ਦਾ ਸਿਖਰ [ਉਸ ਨੇ] ਪਹਾੜ ਜਿੰਨਾ ਉੱਚਾ ਕੀਤਾ।”a ਇਸ ਕੰਧ ਤੇ ਤਾਂਬੇ ਦੇ ਵੱਡੇ-ਵੱਡੇ ਦਰਵਾਜ਼ਿਆਂ ਵਾਲੇ ਫਾਟਕ ਸਨ। ਇਨ੍ਹਾਂ ਵਿਚ ਦਾਖ਼ਲ ਹੋਣ ਲਈ, ਇਕ ਵਿਅਕਤੀ ਨੂੰ ਦਰਿਆ ਦੇ ਕੰਢੇ ਤੋਂ ਢਲਾਣ ਉੱਤੇ ਚੜ੍ਹਨਾ ਪੈਂਦਾ ਸੀ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਾਬਲ ਦੇ ਕੈਦੀ ਕਦੇ ਵੀ ਆਜ਼ਾਦ ਕੀਤੇ ਜਾਣ ਪ੍ਰਤੀ ਬੇਆਸ ਸਨ!
12, 13. ਆਪਣੇ ਸੰਦੇਸ਼ਵਾਹਕ ਯਸਾਯਾਹ ਦੁਆਰਾ ਕਹੇ ਗਏ ਯਹੋਵਾਹ ਦੇ ਸ਼ਬਦ ਕਿਸ ਤਰ੍ਹਾਂ ਸੱਚ ਸਾਬਤ ਹੋਏ ਜਦੋਂ ਬਾਬਲ ਖੋਰੁਸ ਤੋਂ ਹਾਰ ਗਿਆ?
12 ਪਰੰਤੂ ਯਹੋਵਾਹ ਵਿਚ ਵਿਸ਼ਵਾਸ ਰੱਖਣ ਵਾਲੇ ਯਹੂਦੀ ਕੈਦੀ ਬੇਆਸ ਨਹੀਂ ਸਨ! ਉਨ੍ਹਾਂ ਕੋਲ ਇਕ ਉੱਜਲ ਉਮੀਦ ਸੀ। ਆਪਣੇ ਨਬੀਆਂ ਦੁਆਰਾ, ਪਰਮੇਸ਼ੁਰ ਨੇ ਉਨ੍ਹਾਂ ਨੂੰ ਆਜ਼ਾਦ ਕਰਵਾਉਣ ਦਾ ਵਾਅਦਾ ਕੀਤਾ ਸੀ। ਪਰਮੇਸ਼ੁਰ ਨੇ ਆਪਣਾ ਵਾਅਦਾ ਕਿਵੇਂ ਨਿਭਾਇਆ? ਖੋਰੁਸ ਨੇ ਬਾਬਲ ਦੇ ਉੱਤਰ ਵੱਲ ਕੁਝ ਕਿਲੋਮੀਟਰ ਦੂਰ ਇਕ ਜਗ੍ਹਾ ਤੇ ਫਰਾਤ ਦਰਿਆ ਨੂੰ ਮੋੜਨ ਲਈ ਆਪਣੀ ਫ਼ੌਜ ਨੂੰ ਹੁਕਮ ਦਿੱਤਾ। ਇਸ ਤਰ੍ਹਾਂ, ਸ਼ਹਿਰ ਦੀ ਮੁੱਖ ਸੁਰੱਖਿਆ ਤੁਲਨਾਤਮਕ ਤੌਰ ਤੇ ਇਕ ਸੁੱਕੇ ਨਦੀ ਤਲ ਵਿਚ ਬਦਲ ਗਈ। ਉਸ ਨਿਰਣਾਕਾਰੀ ਰਾਤ ਨੂੰ, ਬਾਬਲ ਵਿਚ ਹੱਦੋਂ ਵੱਧ ਸ਼ਰਾਬ ਪੀ ਕੇ ਮੌਜ ਮੇਲਾ ਕਰਨ ਵਾਲਿਆਂ ਨੇ ਲਾਪਰਵਾਹੀ ਨਾਲ ਫਰਾਤ ਦਰਿਆ ਵੱਲ ਦੇ ਦਰਵਾਜ਼ੇ ਖੁੱਲ੍ਹੇ ਛੱਡ ਦਿੱਤੇ। ਯਹੋਵਾਹ ਨੇ ਤਾਂਬੇ ਦੇ ਦਰਵਾਜ਼ਿਆਂ ਨੂੰ ਸੱਚ-ਮੁੱਚ ਨਹੀਂ ਭੰਨਿਆ; ਨਾ ਹੀ ਉਸ ਨੇ ਇਨ੍ਹਾਂ ਨੂੰ ਬੰਦ ਕਰਨ ਵਾਲੇ ਲੋਹੇ ਦੇ ਹੋੜਿਆਂ ਨੂੰ ਵੱਢਿਆ, ਪਰੰਤੂ ਇਨ੍ਹਾਂ ਨੂੰ ਖੁੱਲ੍ਹਾ ਰੱਖਣ ਅਤੇ ਬਿਨਾਂ ਹੋੜਿਆਂ ਦੇ ਛੱਡਣ ਦੀ ਉਸ ਦੀ ਅਦਭੁਤ ਯੋਜਨਾ ਨੇ ਉਹੀ ਕੰਮ ਸੰਪੰਨ ਕੀਤਾ। ਬਾਬਲ ਦੀਆਂ ਕੰਧਾਂ ਬੇਕਾਰ ਸਨ। ਖੋਰੁਸ ਦੀ ਫ਼ੌਜ ਨੂੰ ਅੰਦਰ ਜਾਣ ਲਈ ਕੰਧਾਂ ਨਹੀਂ ਟੱਪਣੀਆਂ ਪਈਆਂ। ਯਹੋਵਾਹ “ਉੱਚਿਆਈਆਂ” ਨੂੰ, ਜੀ ਹਾਂ, ਸਾਰੀਆਂ ਰੁਕਾਵਟਾਂ ਨੂੰ ਪੱਧਰਾ ਕਰਦੇ ਹੋਏ ਖੋਰੁਸ ਦੇ ਅੱਗੇ ਤੁਰਿਆ। ਯਸਾਯਾਹ ਪਰਮੇਸ਼ੁਰ ਦਾ ਸੱਚਾ ਸੰਦੇਸ਼ਵਾਹਕ ਸਾਬਤ ਕੀਤਾ ਗਿਆ।
13 ਜਦੋਂ ਖੋਰੁਸ ਨੇ ਸ਼ਹਿਰ ਦੇ ਉੱਤੇ ਪੂਰਾ ਨਿਯੰਤ੍ਰਣ ਕਰ ਲਿਆ, ਤਾਂ ਉਸ ਦੇ ਸਾਰੇ ਖ਼ਜ਼ਾਨੇ ਉਸ ਦੇ ਹੱਥਾਂ ਵਿਚ ਆ ਗਏ, ਜਿਸ ਵਿਚ ਅਨ੍ਹੇਰੇ, ਲੁਕੇ ਹੋਏ ਥਾਵਾਂ ਦੇ ਖ਼ਜ਼ਾਨੇ ਸ਼ਾਮਲ ਸਨ। ਯਹੋਵਾਹ ਪਰਮੇਸ਼ੁਰ ਨੇ ਖੋਰੁਸ ਲਈ ਇਹ ਸਭ ਕੁਝ ਕਿਉਂ ਕੀਤਾ? ਤਾਂਕਿ ਉਹ ਜਾਣ ਜਾਵੇ ਕਿ ਯਹੋਵਾਹ, ‘ਜੋ ਉਸ ਦਾ ਨਾਉਂ ਲੈ ਕੇ ਉਸ ਨੂੰ ਬੁਲਾਉਂਦਾ ਹੈ,’ ਸੱਚੀ ਭਵਿੱਖਬਾਣੀ ਦਾ ਪਰਮੇਸ਼ੁਰ ਹੈ ਅਤੇ ਵਿਸ਼ਵ ਦਾ ਸਰਬਸੱਤਾਵਾਨ ਪ੍ਰਭੂ ਹੈ। ਉਹ ਜਾਣ ਜਾਵੇ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ, ਇਸਰਾਏਲ ਨੂੰ ਆਜ਼ਾਦ ਕਰਵਾਉਣ ਲਈ ਉਸ ਨੂੰ ਇਖ਼ਤਿਆਰ ਵਿਚ ਲਿਆਉਣ ਦਾ ਪ੍ਰਬੰਧ ਕੀਤਾ ਸੀ।
14, 15. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਬਾਬਲ ਉੱਤੇ ਖੋਰੁਸ ਦੀ ਜਿੱਤ ਦਾ ਸਿਹਰਾ ਯਹੋਵਾਹ ਨੂੰ ਦਿੱਤਾ ਜਾਣਾ ਚਾਹੀਦਾ ਹੈ?
14 ਖੋਰੁਸ ਨੂੰ ਕਹੇ ਗਏ ਯਹੋਵਾਹ ਦੇ ਸ਼ਬਦਾਂ ਨੂੰ ਸੁਣੋ: “ਮੇਰੇ ਦਾਸ ਯਾਕੂਬ ਦੀ, ਅਤੇ ਇਸਰਾਏਲ ਮੇਰੇ ਚੁਣਵੇਂ ਦੀ ਖਾਤਰ, ਮੈਂ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਇਆ ਹੈ, ਅਤੇ ਤੈਨੂੰ ਪਦਵੀ ਦਿੱਤੀ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ। ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ, ਮੈਥੋਂ ਬਿਨਾ ਕੋਈ ਪਰਮੇਸ਼ੁਰ ਨਹੀਂ, ਮੈਂ ਤੇਰਾ ਲੱਕ ਬੰਨ੍ਹਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ, ਤਾਂ ਜੋ ਓਹ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲਹਿੰਦੇ ਪਾਸੇ ਤੋਂ ਜਾਣਨ, ਕਿ ਮੈਥੋਂ ਬਿਨਾ ਹੋਰ ਕੋਈ ਨਹੀਂ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਹੀ ਨਹੀਂ। ਮੈਂ ਚਾਨਣ ਦਾ ਸਿਰਜਣਹਾਰ ਅਤੇ ਅਨ੍ਹੇਰੇ ਦਾ ਕਰਤਾਰ, ਮੈਂ [ਆਪਣੇ ਜਲਾਵਤਨੀ ਲੋਕਾਂ ਲਈ] ਸ਼ਾਂਤੀ ਦਾ ਬਣਾਉਣ ਵਾਲਾ ਅਤੇ [ਬਾਬਲ ਲਈ] ਬਿਪਤਾ ਦਾ ਕਰਤਾ ਹਾਂ, ਮੈਂ ਯਹੋਵਾਹ ਏਹ ਸਾਰੇ ਕੰਮ ਕਰਦਾ ਹਾਂ।”—ਯਸਾਯਾਹ 45:4-7.
15 ਬਾਬਲ ਉੱਤੇ ਖੋਰੁਸ ਦੀ ਜਿੱਤ ਦਾ ਸਿਹਰਾ ਯਹੋਵਾਹ ਨੂੰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਸ ਨੇ ਹੀ ਖੋਰੁਸ ਨੂੰ ਉਸ ਦੁਸ਼ਟ ਸ਼ਹਿਰ ਦੇ ਵਿਰੁੱਧ ਆਪਣੀ ਇੱਛਾ ਪੂਰੀ ਕਰਨ ਅਤੇ ਆਪਣੇ ਕੈਦੀ ਲੋਕਾਂ ਨੂੰ ਆਜ਼ਾਦ ਕਰਾਉਣ ਲਈ ਉਸ ਨੂੰ ਬਲ ਦਿੱਤਾ ਸੀ। ਇਸ ਤਰ੍ਹਾਂ ਕਰਨ ਵਿਚ, ਪਰਮੇਸ਼ੁਰ ਨੇ ਆਪਣੇ ਆਕਾਸ਼ਾਂ ਨੂੰ ਧਰਮੀ ਪ੍ਰਭਾਵ ਜਾਂ ਬਲ ਬਰਸਾਉਣ ਲਈ ਸੱਦਾ ਦਿੱਤਾ। ਉਸ ਨੇ ਆਪਣੀ ਧਰਤੀ ਨੂੰ ਖੁੱਲ੍ਹ ਜਾਣ ਅਤੇ ਉਸ ਦੇ ਜਲਾਵਤਨੀ ਲੋਕਾਂ ਲਈ ਧਰਮੀ ਘਟਨਾਵਾਂ ਅਤੇ ਮੁਕਤੀ ਪੈਦਾ ਕਰਨ ਲਈ ਸੱਦਾ ਦਿੱਤਾ। ਅਤੇ ਉਸ ਦੇ ਲਾਖਣਿਕ ਆਕਾਸ਼ਾਂ ਅਤੇ ਧਰਤੀ ਨੇ ਉਸ ਦਾ ਹੁਕਮ ਮੰਨਿਆ। (ਯਸਾਯਾਹ 45:8) ਆਪਣੀ ਮੌਤ ਤੋਂ ਸੌ ਸਾਲਾਂ ਤੋਂ ਜ਼ਿਆਦਾ ਸਮੇਂ ਬਾਅਦ, ਯਸਾਯਾਹ ਯਹੋਵਾਹ ਦਾ ਸੱਚਾ ਸੰਦੇਸ਼ਵਾਹਕ ਸਾਬਤ ਕੀਤਾ ਗਿਆ!
ਸੀਯੋਨ ਲਈ ਸੰਦੇਸ਼ਵਾਹਕ ਦੀ ਖ਼ੁਸ਼ ਖ਼ਬਰੀ!
16. ਯਰੂਸ਼ਲਮ ਦੇ ਵਿਰਾਨ ਸ਼ਹਿਰ ਵਿਚ ਕਿਹੜੀ ਖ਼ੁਸ਼ ਖ਼ਬਰੀ ਐਲਾਨ ਕੀਤੀ ਜਾ ਸਕਦੀ ਸੀ ਜਦੋਂ ਬਾਬਲ ਹਾਰ ਗਿਆ?
16 ਪਰੰਤੂ ਇਸ ਤੋਂ ਵੀ ਕੁਝ ਵੱਧ ਹੈ। ਯਸਾਯਾਹ 52:7 ਯਰੂਸ਼ਲਮ ਲਈ ਖ਼ੁਸ਼ ਖ਼ਬਰੀ ਬਾਰੇ ਦੱਸਦਾ ਹੈ: “ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ! ਜਿਹੜਾ ਸ਼ਾਂਤੀ ਸੁਣਾਉਂਦਾ, ਭਲਿਆਈ ਦੀ ਖੁਸ਼ ਖਬਰੀ ਲਿਆਉਂਦਾ, ਜਿਹੜਾ ਮੁਕਤੀ ਸੁਣਾਉਂਦਾ ਹੈ, ਉਹ ਸੀਯੋਨ ਨੂੰ ਆਖਦਾ ਹੈ, ਤੇਰਾ ਪਰਮੇਸ਼ੁਰ ਰਾਜ ਕਰਦਾ ਹੈ।” ਕਲਪਨਾ ਕਰੋ ਕਿ ਇਕ ਸੰਦੇਸ਼ਵਾਹਕ ਨੂੰ ਪਹਾੜਾਂ ਤੋਂ ਯਰੂਸ਼ਲਮ ਨੂੰ ਆਉਂਦੇ ਹੋਏ ਦੇਖਣਾ ਕਿੰਨਾ ਰੁਮਾਂਚਕਾਰੀ ਸੀ। ਉਸ ਕੋਲ ਜ਼ਰੂਰ ਖ਼ਬਰ ਹੋਵੇਗੀ। ਉਹ ਕੀ ਹੈ? ਉਹ ਸੀਯੋਨ ਲਈ ਇਕ ਉਤੇਜਕ ਖ਼ਬਰ ਹੈ। ਸ਼ਾਂਤੀ ਦੀ ਖ਼ਬਰ, ਜੀ ਹਾਂ, ਪਰਮੇਸ਼ੁਰ ਦੀ ਮਿਹਰਬਾਨੀ ਦੀ ਖ਼ਬਰ। ਯਰੂਸ਼ਲਮ ਅਤੇ ਉਸ ਦੀ ਹੈਕਲ ਮੁੜ ਉਸਾਰੇ ਜਾਣੇ ਹਨ! ਅਤੇ ਸੰਦੇਸ਼ਵਾਹਕ ਜੇਤੂ ਉਤਸ਼ਾਹ ਨਾਲ ਐਲਾਨ ਕਰਦਾ ਹੈ: “ਤੇਰਾ ਪਰਮੇਸ਼ੁਰ ਰਾਜ ਕਰਦਾ ਹੈ।”
17, 18. ਖੋਰੁਸ ਦੁਆਰਾ ਬਾਬਲ ਉੱਤੇ ਜਿੱਤ ਨੇ ਕਿਸ ਤਰ੍ਹਾਂ ਯਹੋਵਾਹ ਦੇ ਨਾਂ ਉੱਤੇ ਅਸਰ ਕੀਤਾ?
17 ਜਦੋਂ ਯਹੋਵਾਹ ਨੇ ਬਾਬਲੀਆਂ ਨੂੰ ਆਪਣੇ ਉਸ ਪ੍ਰਤਿਰੂਪੀ ਸਿੰਘਾਸਣ ਨੂੰ ਉਲਟਾਉਣ ਦੀ ਇਜਾਜ਼ਤ ਦਿੱਤੀ, ਜਿਸ ਉੱਤੇ ਦਾਊਦ ਦੇ ਰਾਜਵੰਸ਼ ਵਿੱਚੋਂ ਰਾਜੇ ਬੈਠਦੇ ਹੁੰਦੇ ਸਨ, ਤਾਂ ਸ਼ਾਇਦ ਇੰਜ ਜਾਪਿਆ ਹੋਵੇ ਕਿ ਉਹ ਹੁਣ ਰਾਜਾ ਨਹੀਂ ਸੀ ਰਿਹਾ। ਮਾਰਦੁੱਕ, ਬਾਬਲ ਦਾ ਮੁੱਖ ਦੇਵਤਾ ਉਸ ਦੀ ਜਗ੍ਹਾ ਰਾਜਾ ਜਾਪਦਾ ਸੀ। ਪਰੰਤੂ, ਜਦੋਂ ਸੀਯੋਨ ਦੇ ਪਰਮੇਸ਼ੁਰ ਨੇ ਬਾਬਲ ਨੂੰ ਉਖੇੜ ਦਿੱਤਾ, ਤਾਂ ਉਸ ਨੇ ਆਪਣੀ ਵਿਸ਼ਵ ਸਰਬਸੱਤਾ ਦਾ ਪ੍ਰਦਰਸ਼ਨ ਕੀਤਾ—ਕਿ ਉਹ ਸਭ ਤੋਂ ਵੱਡਾ ਰਾਜਾ ਸੀ। ਅਤੇ ਇਸ ਤੱਥ ਉੱਤੇ ਜ਼ੋਰ ਦੇਣ ਲਈ, ਯਰੂਸ਼ਲਮ, ਜੋ “ਮਹਾਰਾਜ ਦਾ ਸ਼ਹਿਰ ਹੈ,” ਨੂੰ ਉਸ ਦੀ ਹੈਕਲ ਸਮੇਤ ਮੁੜ ਸਥਾਪਿਤ ਕੀਤਾ ਜਾਣਾ ਸੀ। (ਮੱਤੀ 5:35) ਅਜਿਹੀ ਖ਼ੁਸ਼ ਖ਼ਬਰੀ ਲਿਆਉਣ ਵਾਲੇ ਸੰਦੇਸ਼ਵਾਹਕ ਦੇ ਸੰਬੰਧ ਵਿਚ, ਭਾਵੇਂ ਕਿ ਉਸ ਦੇ ਪੈਰ ਮਿੱਟੀ ਨਾਲ ਲਿਬੜੇ, ਗੰਦੇ, ਅਤੇ ਰਗੜ ਖਾਧੇ ਹੋਏ ਸਨ, ਸੀਯੋਨ ਅਤੇ ਉਸ ਦੇ ਪਰਮੇਸ਼ੁਰ ਦੇ ਪ੍ਰੇਮੀਆਂ ਦੀਆਂ ਅੱਖਾਂ ਵਿਚ ਉਹ ਬਹੁਤ ਫੱਬਦੇ ਹਨ!
18 ਭਵਿੱਖ-ਸੂਚਕ ਭਾਵ ਵਿਚ, ਬਾਬਲ ਦੇ ਪਤਨ ਦਾ ਅਰਥ ਸੀ ਕਿ ਪਰਮੇਸ਼ੁਰ ਦਾ ਰਾਜ ਸਥਾਪਿਤ ਹੋ ਗਿਆ ਸੀ ਅਤੇ ਕਿ ਖ਼ੁਸ਼ ਖ਼ਬਰੀ ਦਾ ਵਾਹਕ ਉਸ ਹਕੀਕਤ ਦਾ ਘੋਸ਼ਕ ਸੀ। ਇਸ ਤੋਂ ਇਲਾਵਾ, ਯਸਾਯਾਹ ਦੁਆਰਾ ਪਹਿਲਾਂ ਹੀ ਦੱਸੇ ਗਏ ਇਸ ਪ੍ਰਾਚੀਨ ਹਰਕਾਰੇ ਨੇ ਹੋਰ ਵੀ ਉੱਤਮ ਖ਼ੁਸ਼ ਖ਼ਬਰੀ ਦੇ ਸੰਦੇਸ਼ਵਾਹਕ ਦਾ ਪੂਰਵ-ਚਿੰਨ੍ਹ ਦਿੱਤਾ—ਹੋਰ ਵੀ ਉੱਤਮ ਕਿਉਂਕਿ ਇਸ ਦਾ ਵਿਸ਼ਾਵਸਤੂ ਅਤੇ ਇਸ ਦਾ ਰਾਜਕੀ ਵਿਸ਼ਾ ਦੋਵੇਂ ਸ਼ਾਨਦਾਰ ਹਨ, ਅਤੇ ਸਾਰੇ ਵਿਸ਼ਵਾਸ ਰੱਖਣ ਵਾਲੇ ਲੋਕਾਂ ਲਈ ਇਸ ਦਾ ਅਦਭੁਤ ਭਾਵ-ਅਰਥ ਰੱਖਦੇ ਹਨ।
19. ਯਹੋਵਾਹ ਨੇ ਹਿਜ਼ਕੀਏਲ ਦੁਆਰਾ ਇਸਰਾਏਲ ਦੇ ਦੇਸ਼ ਬਾਰੇ ਕਿਹੜਾ ਸੰਦੇਸ਼ ਦਿੱਤਾ?
19 ਹਿਜ਼ਕੀਏਲ ਨੂੰ ਵੀ ਮੁੜ-ਬਹਾਲੀ ਦੀਆਂ ਜੋਸ਼ੀਲੀਆਂ ਭਵਿੱਖਬਾਣੀਆਂ ਦਿੱਤੀਆਂ ਗਈਆਂ। ਉਸ ਨੇ ਭਵਿੱਖਬਾਣੀ ਕੀਤੀ: “ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, . . . ਮੈਂ ਤੁਹਾਨੂੰ ਤੁਹਾਡੇ ਸ਼ਹਿਰਾਂ ਵਿੱਚ ਵਸਾਵਾਂਗਾ ਅਤੇ ਤੁਹਾਡੇ ਵਿਰਾਨ ਥਾਂ ਬਣਾਏ ਜਾਣਗੇ। ਅਤੇ ਓਹ ਆਖਣਗੇ ਕਿ ਇਹ ਧਰਤੀ ਜਿਹੜੀ ਵਿਰਾਨ ਪਈ ਹੋਈ ਸੀ ਅਦਨ ਦੇ ਬਾਗ਼ ਵਾਂਙੁ ਹੋ ਗਈ।”—ਹਿਜ਼ਕੀਏਲ 36:33, 35.
20. ਯਸਾਯਾਹ ਨੇ ਭਵਿੱਖ-ਸੂਚਕ ਤੌਰ ਤੇ ਯਰੂਸ਼ਲਮ ਨੂੰ ਕਿਹੜੀ ਆਨੰਦਦਾਇਕ ਤਾਕੀਦ ਕੀਤੀ?
20 ਬਾਬਲੀ ਕੈਦ ਵਿਚ, ਪਰਮੇਸ਼ੁਰ ਦੇ ਲੋਕ ਸੀਯੋਨ ਉੱਤੇ ਸੋਗ ਮਨਾਉਂਦੇ ਸਨ। (ਜ਼ਬੂਰ 137:1) ਹੁਣ, ਉਹ ਖ਼ੁਸ਼ੀਆਂ ਮਨਾ ਸਕਦੇ ਸਨ। ਯਸਾਯਾਹ ਨੇ ਤਾਕੀਦ ਕੀਤੀ: “ਖੁਲ੍ਹ ਕੇ ਇਕੱਠੇ ਜੈਕਾਰੇ ਗਜਾਓ, ਹੇ ਯਰੂਸ਼ਲਮ ਦੇ ਵਿਰਾਨਿਓ! ਕਿਉਂ ਜੋ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਓਸ ਯਰੂਸ਼ਲਮ ਨੂੰ ਛੁਡਾਇਆ ਹੈ। ਯਹੋਵਾਹ ਨੇ ਆਪਣੀ ਪਵਿੱਤ੍ਰ ਬਾਂਹ ਸਾਰੀਆਂ ਕੌਮਾਂ ਦੇ ਵੇਖਦਿਆਂ ਤੇ ਚੜ੍ਹਾਈ, ਅਤੇ ਧਰਤੀ ਦੇ ਸਾਰੇ ਬੰਨੇ ਸਾਡੇ ਪਰਮੇਸ਼ੁਰ ਦੇ ਬਚਾਓ ਨੂੰ ਵੇਖਣਗੇ।”—ਯਸਾਯਾਹ 52:9, 10.
21. ਬਾਬਲ ਦੀ ਹਾਰ ਤੋਂ ਬਾਅਦ ਯਸਾਯਾਹ 52:9, 10 ਦੇ ਸ਼ਬਦ ਕਿਸ ਤਰ੍ਹਾਂ ਪੂਰੇ ਹੋਏ?
21 ਜੀ ਹਾਂ, ਯਹੋਵਾਹ ਦੇ ਚੁਣੇ ਹੋਏ ਲੋਕਾਂ ਕੋਲ ਆਨੰਦ ਮਨਾਉਣ ਦਾ ਵੱਡਾ ਕਾਰਨ ਸੀ। ਉਹ ਹੁਣ ਉਨ੍ਹਾਂ ਇਕ ਸਮੇਂ ਤੇ ਵਿਰਾਨ ਥਾਵਾਂ ਵਿਚ ਵੱਸਣ ਅਤੇ ਉਨ੍ਹਾਂ ਨੂੰ ਅਦਨ ਦੇ ਬਾਗ ਵਰਗੀ ਬਣਾਉਣ ਲਈ ਜਾ ਰਹੇ ਸਨ। ਯਹੋਵਾਹ ਨੇ ਉਨ੍ਹਾਂ ਲਈ “ਆਪਣੀ ਪਵਿੱਤ੍ਰ ਬਾਂਹ . . . ਚੜ੍ਹਾਈ।” ਉਨ੍ਹਾਂ ਨੂੰ ਉਨ੍ਹਾਂ ਦੀ ਪਿਆਰੀ ਜਨਮ-ਭੂਮੀ ਵਿਚ ਵਾਪਸ ਲਿਆਉਣ ਵਾਸਤੇ ਕੰਮ ਕਰਨ ਲਈ ਉਸ ਨੇ, ਇਕ ਤਰ੍ਹਾਂ ਨਾਲ ਆਪਣੀ ਕਮਰ ਕੱਸੀ। ਇਹ ਇਤਿਹਾਸ ਵਿਚ ਕੋਈ ਛੋਟੀ ਜਿਹੀ, ਅਪ੍ਰਗਟ ਘਟਨਾ ਨਹੀਂ ਸੀ। ਉਸ ਵੇਲੇ ਰਹਿੰਦੇ ਸਾਰੇ ਲੋਕਾਂ ਨੇ ਇਕ ਕੌਮ ਦੇ ਨਿਮਿੱਤ ਹੈਰਾਨਕੁਨ ਮੁਕਤੀ ਲਿਆਉਣ ਲਈ ਪਰਮੇਸ਼ੁਰ ਦੀ ‘ਚੜ੍ਹਾਈ ਹੋਈ ਬਾਂਹ’ ਮਨੁੱਖੀ ਮਾਮਲਿਆਂ ਵਿਚ ਤਾਕਤ ਵਰਤਦੀ ਹੋਈ ਦੇਖੀ। ਉਨ੍ਹਾਂ ਨੂੰ ਅਨਿੰਦਣਯੋਗ ਸਬੂਤ ਦਿੱਤੇ ਗਏ ਕਿ ਯਸਾਯਾਹ ਅਤੇ ਹਿਜ਼ਕੀਏਲ ਯਹੋਵਾਹ ਦੇ ਸੱਚੇ ਸੰਦੇਸ਼ਵਾਹਕ ਸਨ। ਕੋਈ ਸ਼ੱਕ ਨਹੀਂ ਕਰ ਸਕਦਾ ਸੀ ਕਿ ਸੀਯੋਨ ਦਾ ਪਰਮੇਸ਼ੁਰ ਹੀ ਪੂਰੀ ਧਰਤੀ ਉੱਤੇ ਇੱਕੋ-ਇਕ ਜੀਉਂਦਾ ਅਤੇ ਸੱਚਾ ਪਰਮੇਸ਼ੁਰ ਸੀ। ਯਸਾਯਾਹ 35:2 ਵਿਚ ਅਸੀਂ ਪੜ੍ਹਦੇ ਹਾਂ: “ਓਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ।” ਜਿਨ੍ਹਾਂ ਨੇ ਯਹੋਵਾਹ ਦੀ ਈਸ਼ੁਰਤਾਈ ਦੇ ਇਸ ਸਬੂਤ ਨੂੰ ਸਵੀਕਾਰ ਕੀਤਾ ਉਹ ਉਸ ਦੀ ਉਪਾਸਨਾ ਕਰਨ ਲੱਗ ਪਏ।
22. (ੳ) ਅੱਜ ਅਸੀਂ ਕਿਸ ਚੀਜ਼ ਲਈ ਸ਼ੁਕਰਗੁਜ਼ਾਰ ਹੋ ਸਕਦੇ ਹਾਂ? (ਅ) ਸਾਨੂੰ ਖ਼ਾਸ ਤੌਰ ਤੇ ਸ਼ੁਕਰਗੁਜ਼ਾਰ ਕਿਉਂ ਹੋਣਾ ਚਾਹੀਦਾ ਹੈ ਕਿ ਯਹੋਵਾਹ ਝੂਠੇ ਸੰਦੇਸ਼ਵਾਹਕਾਂ ਦਾ ਪਰਦਾ-ਫ਼ਾਸ਼ ਕਰਦਾ ਹੈ?
22 ਸਾਨੂੰ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਸੰਦੇਸ਼ਵਾਹਕਾਂ ਦੀ ਸ਼ਨਾਖਤ ਕਰਦਾ ਹੈ! ਉਹ ਸੱਚ-ਮੁੱਚ ‘ਆਪਣੇ ਦਾਸ ਦੇ ਬਚਨ ਕਾਇਮ ਰੱਖਦਾ, ਅਤੇ ਆਪਣੇ ਦੂਤਾਂ ਦੀ ਸਲਾਹ ਪੂਰੀ ਕਰਦਾ ਹੈ।’ (ਯਸਾਯਾਹ 44:26) ਯਸਾਯਾਹ ਅਤੇ ਹਿਜ਼ਕੀਏਲ ਨੂੰ ਦਿੱਤੀਆਂ ਮੁੜ-ਬਹਾਲੀ ਦੀਆਂ ਭਵਿੱਖਬਾਣੀਆਂ ਆਪਣੇ ਸੇਵਕਾਂ ਪ੍ਰਤੀ ਉਸ ਦੇ ਮਹਾਨ ਪ੍ਰੇਮ, ਅਯੋਗ ਦਿਆਲਗੀ, ਅਤੇ ਦਇਆ ਨੂੰ ਵਡਿਆਉਂਦੀਆਂ ਹਨ। ਯਕੀਨਨ, ਯਹੋਵਾਹ ਇਸ ਕਾਰਨ ਸਾਡੀ ਸਾਰੀ ਪ੍ਰਸ਼ੰਸਾ ਦੇ ਯੋਗ ਹੈ! ਅਤੇ ਅੱਜ ਸਾਨੂੰ ਖ਼ਾਸ ਤੌਰ ਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹ ਝੂਠੇ ਸੰਦੇਸ਼ਵਾਹਕਾਂ ਦਾ ਪਰਦਾ-ਫ਼ਾਸ਼ ਕਰਦਾ ਹੈ। ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਹੁਣ ਸੰਸਾਰ ਵਿਚ ਹਨ। ਉਨ੍ਹਾਂ ਦੇ ਸ਼ੇਖ਼ੀਖੋਰੇ ਸੰਦੇਸ਼ ਯਹੋਵਾਹ ਦੇ ਘੋਸ਼ਿਤ ਉਦੇਸ਼ਾਂ ਨੂੰ ਅਣਡਿੱਠ ਕਰਦੇ ਹਨ। ਅਗਲਾ ਲੇਖ ਉਨ੍ਹਾਂ ਝੂਠੇ ਸੰਦੇਸ਼ਵਾਹਕਾਂ ਦੀ ਸ਼ਨਾਖਤ ਕਰਨ ਵਿਚ ਸਾਡੀ ਮਦਦ ਕਰੇਗਾ।
[ਫੁਟਨੋਟ]
a ਆਏਰਾ ਮੌਰੀਸ ਪ੍ਰਾਈਸ ਦੁਆਰਾ, ਸ਼ਿਲਾਲੇਖ ਅਤੇ ਪੁਰਾਣਾ ਨੇਮ (ਅੰਗ੍ਰੇਜ਼ੀ), 1925.
ਕੀ ਤੁਸੀਂ ਸਮਝਾ ਸਕਦੇ ਹੋ?
◻ ਯਹੋਵਾਹ ਆਪਣੇ ਸੱਚੇ ਸੰਦੇਸ਼ਵਾਹਕਾਂ ਦੀ ਸ਼ਨਾਖਤ ਕਿਸ ਤਰ੍ਹਾਂ ਕਰਦਾ ਹੈ?
◻ ਯਸਾਯਾਹ ਦੁਆਰਾ, ਬਾਬਲ ਨੂੰ ਹਰਾਉਣ ਲਈ ਯਹੋਵਾਹ ਨੇ ਕਿਸ ਦਾ ਨਾਂ ਆਪਣੇ ਕਾਰਿੰਦੇ ਵਜੋਂ ਦਿੱਤਾ ਸੀ?
◻ ਬਾਬਲ ਦੀ ਹਾਰ ਦਾ ਵਰਣਨ ਕਰਨ ਵਾਲੀਆਂ ਯਸਾਯਾਹ ਦੀਆਂ ਭਵਿੱਖਬਾਣੀਆਂ ਕਿਸ ਤਰ੍ਹਾਂ ਪੂਰੀਆਂ ਹੋਈਆਂ ਸਨ?
◻ ਬਾਬਲ ਦੀ ਹਾਰ ਕਾਰਨ ਯਹੋਵਾਹ ਦੇ ਨਾਂ ਉੱਤੇ ਕਿਹੜਾ ਚੰਗਾ ਅਸਰ ਪਿਆ?
[ਸਫ਼ੇ 4 ਉੱਤੇ ਤਸਵੀਰ]
ਹਿਜ਼ਕੀਏਲ ਦੇ ਦਿਨਾਂ ਵਿਚ ਬਾਬਲ ਕੌਮਾਂ ਲਈ ਅਜਿੱਤ ਜਾਪਦਾ ਸੀ