ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ ਖ਼ੁਸ਼ ਘੋਸ਼ਿਤ ਕੀਤੇ ਗਏ
“ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਓਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਅਨੰਤ ਅਨੰਦ ਓਹਨਾਂ ਦੇ ਸਿਰਾਂ ਉੱਤੇ ਹੋਵੇਗਾ।”—ਯਸਾਯਾਹ 35:10.
1. ਸੰਸਾਰ ਨੂੰ ਕਿਸ ਚੀਜ਼ ਦੀ ਸਖ਼ਤ ਲੋੜ ਹੈ?
ਅੱਜ ਜਿਵੇਂ ਕਿ ਪਹਿਲਾਂ ਕਦੀ ਨਹੀਂ, ਮਨੁੱਖਜਾਤੀ ਨੂੰ ਖ਼ੁਸ਼ ਖ਼ਬਰੀ ਦੇ ਸੰਦੇਸ਼ਵਾਹਕ ਦੀ ਲੋੜ ਹੈ। ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸੱਚਾਈ ਦੱਸਣ ਲਈ ਕਿਸੇ ਦੀ ਬਹੁਤ ਜ਼ਿਆਦਾ ਲੋੜ ਹੈ, ਇਕ ਨਿਡਰ ਗਵਾਹ ਦੀ ਜੋ ਦੁਸ਼ਟ ਨੂੰ ਆਉਣ ਵਾਲੇ ਵਿਨਾਸ਼ ਦੀ ਚੇਤਾਵਨੀ ਦੇਵੇਗਾ ਅਤੇ ਨੇਕਦਿਲ ਵਾਲਿਆਂ ਨੂੰ ਈਸ਼ਵਰੀ ਸ਼ਾਂਤੀ ਪ੍ਰਾਪਤ ਕਰਨ ਵਿਚ ਮਦਦ ਦੇਵੇਗਾ।
2, 3. ਇਸਰਾਏਲ ਦੇ ਸੰਬੰਧ ਵਿਚ, ਯਹੋਵਾਹ ਨੇ ਆਮੋਸ 3:7 ਵਿਚ ਦਰਜ ਕੀਤਾ ਆਪਣਾ ਵਾਅਦਾ ਕਿਸ ਤਰ੍ਹਾਂ ਪੂਰਾ ਕੀਤਾ ਸੀ?
2 ਇਸਰਾਏਲ ਦੇ ਦਿਨਾਂ ਵਿਚ, ਯਹੋਵਾਹ ਨੇ ਅਜਿਹੇ ਸੰਦੇਸ਼ਵਾਹਕ ਮੁਹੱਈਆ ਕਰਨ ਦਾ ਵਾਅਦਾ ਕੀਤਾ ਸੀ। ਨੋਵੀਂ ਸਦੀ ਸਾ.ਯੁ.ਪੂ. ਦੇ ਅੰਤ ਤੇ, ਨਬੀ ਆਮੋਸ ਨੇ ਕਿਹਾ: “ਨਿਸੰਗ ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।” (ਆਮੋਸ 3:7) ਇਸ ਐਲਾਨ ਤੋਂ ਬਾਅਦ ਦੀਆਂ ਸਦੀਆਂ ਦੌਰਾਨ, ਯਹੋਵਾਹ ਨੇ ਬਹੁਤ ਸਾਰੇ ਸ਼ਕਤੀਸ਼ਾਲੀ ਕੰਮ ਕੀਤੇ। ਉਦਾਹਰਣ ਲਈ, 607 ਸਾ.ਯੁ.ਪੂ. ਵਿਚ, ਉਸ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਸਖ਼ਤੀ ਨਾਲ ਅਨੁਸ਼ਾਸਨ ਦਿੱਤਾ ਕਿਉਂਕਿ ਉਹ ਬਾਗ਼ੀ ਅਤੇ ਖ਼ੂਨ ਦੇ ਦੋਸ਼ੀ ਸਨ। ਉਸ ਨੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਵੀ ਸਜ਼ਾ ਦਿੱਤੀ ਜਿਹੜੇ ਇਸਰਾਏਲ ਦੇ ਦੁੱਖਾਂ ਨੂੰ ਦੇਖ ਕੇ ਖ਼ੁਸ਼ ਸਨ। (ਯਿਰਮਿਯਾਹ, ਅਧਿਆਇ 46-49) ਫਿਰ, 539 ਸਾ.ਯੁ.ਪੂ. ਵਿਚ, ਯਹੋਵਾਹ ਨੇ ਸ਼ਕਤੀਸ਼ਾਲੀ ਬਾਬਲ ਵਿਸ਼ਵ ਸ਼ਕਤੀ ਦਾ ਪਤਨ ਕਰਵਾਇਆ, ਅਤੇ ਨਤੀਜੇ ਵਜੋਂ, 537 ਸਾ.ਯੁ.ਪੂ. ਵਿਚ, ਇਸਰਾਏਲ ਦਾ ਬਕੀਆ ਹੈਕਲ ਦੀ ਮੁੜ ਉਸਾਰੀ ਲਈ ਆਪਣੇ ਦੇਸ਼ ਪਰਤਿਆ।—2 ਇਤਿਹਾਸ 36:22, 23.
3 ਇਹ ਸੰਸਾਰ-ਹਿਲਾਊ ਘਟਨਾਵਾਂ ਸਨ, ਅਤੇ ਆਮੋਸ ਦੇ ਸ਼ਬਦਾਂ ਦੀ ਇਕਸੁਰਤਾ ਵਿਚ, ਯਹੋਵਾਹ ਨੇ ਇਨ੍ਹਾਂ ਨੂੰ ਆਪਣੇ ਨਬੀਆਂ ਉੱਤੇ ਪਹਿਲਾਂ ਤੋਂ ਹੀ ਪ੍ਰਗਟ ਕਰ ਦਿੱਤੀਆਂ ਸਨ ਜਿਨ੍ਹਾਂ ਨੇ ਇਸਰਾਏਲ ਨੂੰ ਹੋਣ ਵਾਲੀਆਂ ਘਟਨਾਵਾਂ ਬਾਰੇ ਚੇਤਾਵਨੀ ਦਿੰਦੇ ਹੋਏ ਸੰਦੇਸ਼ਵਾਹਕਾਂ ਵਜੋਂ ਸੇਵਾ ਕੀਤੀ। ਅੱਠਵੀਂ ਸਦੀ ਸਾ.ਯੁ.ਪੂ. ਦੇ ਮੱਧ ਵਿਚ, ਉਸ ਨੇ ਯਸਾਯਾਹ ਨੂੰ ਖੜਾ ਕੀਤਾ। ਸੱਤਵੀਂ ਸਦੀ ਸਾ.ਯੁ.ਪੂ. ਦੇ ਮੱਧ ਵਿਚ, ਉਸ ਨੇ ਯਿਰਮਿਯਾਹ ਨੂੰ ਖੜਾ ਕੀਤਾ। ਫਿਰ, ਉਸ ਸਦੀ ਦੇ ਅੰਤ ਨੇੜੇ, ਉਸ ਨੇ ਹਿਜ਼ਕੀਏਲ ਨੂੰ ਖੜਾ ਕੀਤਾ। ਇਨ੍ਹਾਂ ਅਤੇ ਦੂਸਰੇ ਵਫ਼ਾਦਾਰ ਨਬੀਆਂ ਨੇ ਯਹੋਵਾਹ ਦੇ ਮਕਸਦਾਂ ਦੀ ਪੂਰਣ ਗਵਾਹੀ ਦਿੱਤੀ।
ਅੱਜ ਪਰਮੇਸ਼ੁਰ ਦੇ ਸੰਦੇਸ਼ਵਾਹਕਾਂ ਦੀ ਸ਼ਨਾਖਤ ਕਰਨੀ
4. ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਮਨੁੱਖਜਾਤੀ ਨੂੰ ਸ਼ਾਂਤੀ ਦੇ ਸੰਦੇਸ਼ਵਾਹਕਾਂ ਦੀ ਲੋੜ ਹੈ?
4 ਅੱਜ ਦੇ ਬਾਰੇ ਕੀ? ਸੰਸਾਰ ਵਿਚ ਬਹੁਤ ਸਾਰੇ ਲੋਕ ਆਫ਼ਤਾਂ ਦੇ ਖ਼ਤਰੇ ਮਹਿਸੂਸ ਕਰਦੇ ਹਨ ਜਦੋਂ ਉਹ ਮਨੁੱਖੀ ਸਮਾਜ ਵਿਚ ਗਿਰਾਵਟ ਨੂੰ ਦੇਖਦੇ ਹਨ। ਧਾਰਮਿਕਤਾ ਨੂੰ ਪਿਆਰ ਕਰਨ ਵਾਲਿਆਂ ਨੂੰ ਦੁੱਖ ਹੁੰਦਾ ਹੈ ਜਦੋਂ ਉਹ ਈਸਾਈ-ਜਗਤ ਦੇ ਪਖੰਡ ਅਤੇ ਨਿਰੀ ਦੁਸ਼ਟਤਾ ਨੂੰ ਵੇਖਦੇ ਹਨ। ਜਿਵੇਂ ਯਹੋਵਾਹ ਨੇ ਹਿਜ਼ਕੀਏਲ ਦੁਆਰਾ ਪਹਿਲਾਂ ਹੀ ਦੱਸਿਆ ਸੀ, ਉਹ “ਓਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਸ ਵਿੱਚ ਕੀਤੇ ਜਾਂਦੇ ਹਨ ਆਹਾਂ ਭਰਦੇ, ਅਤੇ ਰੋਂਦੇ ਹਨ।” (ਹਿਜ਼ਕੀਏਲ 9:4) ਪਰੰਤੂ, ਬਹੁਤ ਸਾਰੇ ਇਹ ਅਹਿਸਾਸ ਨਹੀਂ ਕਰਦੇ ਕਿ ਯਹੋਵਾਹ ਦੇ ਮਕਸਦ ਕੀ ਹਨ। ਉਨ੍ਹਾਂ ਨੂੰ ਇਹ ਦੱਸਣ ਦੀ ਲੋੜ ਹੈ।
5. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਸਾਡੇ ਦਿਨਾਂ ਵਿਚ ਸੰਦੇਸ਼ਵਾਹਕ ਹੋਣਗੇ?
5 ਕੀ ਅੱਜ ਕੋਈ ਯਸਾਯਾਹ, ਯਿਰਮਿਯਾਹ, ਅਤੇ ਹਿਜ਼ਕੀਏਲ ਵਰਗੀ ਨਿਡਰਤਾ ਨਾਲ ਬੋਲਦਾ ਹੈ? ਯਿਸੂ ਨੇ ਸੰਕੇਤ ਕੀਤਾ ਸੀ ਕਿ ਕੋਈ ਬੋਲੇਗਾ। ਸਾਡੇ ਦਿਨਾਂ ਦੀਆਂ ਘਟਨਾਵਾਂ ਬਾਰੇ ਪਹਿਲਾਂ ਤੋਂ ਹੀ ਦੱਸਦੇ ਸਮੇਂ, ਉਸ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਅੱਜ ਕੌਣ ਇਕ ਸੰਦੇਸ਼ਵਾਹਕ, ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਵਜੋਂ ਸੇਵਾ ਕਰਦੇ ਹੋਏ ਇਸ ਭਵਿੱਖਬਾਣੀ ਨੂੰ ਪੂਰਾ ਕਰ ਰਿਹਾ ਹੈ? ਸਾਡੇ ਦਿਨਾਂ ਵਿਚ ਅਤੇ ਪ੍ਰਾਚੀਨ ਇਸਰਾਏਲ ਦੇ ਸਮੇਂ ਵਿਚਕਾਰ ਸਮਾਨਤਾ ਸਾਨੂੰ ਇਸ ਸਵਾਲ ਦਾ ਜਵਾਬ ਦੇਣ ਵਿਚ ਮਦਦ ਕਰੇਗੀ।
6. (ੳ) ਪਹਿਲੇ ਵਿਸ਼ਵ ਯੁੱਧ ਦੌਰਾਨ “ਪਰਮੇਸ਼ੁਰ ਦੇ ਇਸਰਾਏਲ” ਦੇ ਅਨੁਭਵਾਂ ਦਾ ਵਰਣਨ ਕਰੋ। (ਅ) ਪ੍ਰਾਚੀਨ ਇਸਰਾਏਲ ਉੱਤੇ ਹਿਜ਼ਕੀਏਲ 11:17 ਕਿਸ ਤਰ੍ਹਾਂ ਪੂਰਾ ਹੋਇਆ?
6 ਵਿਸ਼ਵ ਯੁੱਧ I ਦੇ ਬੁਰੇ ਦਿਨਾਂ ਦੌਰਾਨ, ਯਹੋਵਾਹ ਦੇ ਆਧੁਨਿਕ-ਦਿਨ ਲੋਕ, ਅਰਥਾਤ ਮਸਹ ਕੀਤੇ ਹੋਏ “ਪਰਮੇਸ਼ੁਰ ਦੇ ਇਸਰਾਏਲ” ਦਾ ਬਕੀਆ ਕੈਦ ਵਿਚ ਚਲਾ ਗਿਆ ਜਿਸ ਤਰ੍ਹਾਂ ਇਸਰਾਏਲ ਬਾਬਲ ਦੀ ਕੈਦ ਵਿਚ ਚਲ ਗਿਆ ਸੀ। (ਗਲਾਤੀਆਂ 6:16) ਉਨ੍ਹਾਂ ਨੇ ਵੱਡੀ ਬਾਬੁਲ, ਅਰਥਾਤ ਝੂਠੇ ਧਰਮਾਂ ਦਾ ਵਿਸ਼ਵ ਇਕੱਠ, ਜਿਸ ਵਿਚ ਈਸਾਈ-ਜਗਤ ਸਭ ਤੋਂ ਪ੍ਰਮੁੱਖ ਅਤੇ ਨਿੰਦਣਯੋਗ ਹੈ, ਵਿਚ ਅਧਿਆਤਮਿਕ ਕੈਦ ਸਹਿਣ ਕੀਤੀ। ਫਿਰ ਵੀ, ਹਿਜ਼ਕੀਏਲ ਨੂੰ ਯਹੋਵਾਹ ਦੇ ਸ਼ਬਦਾਂ ਨੇ ਦਿਖਾਇਆ ਕਿ ਉਹ ਤਿਆਗੇ ਹੋਏ ਨਹੀਂ ਸਨ। ਉਸ ਨੇ ਕਿਹਾ: “ਮੈਂ ਉੱਮਤਾਂ ਵਿੱਚੋਂ ਤੁਹਾਨੂੰ ਇਕੱਠਾ ਕਰ ਲਵਾਂਗਾ ਅਤੇ ਉਨ੍ਹਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿਲਰ ਗਏ ਹੋ ਫੇਰ ਤੁਹਾਨੂੰ ਇਕੱਠਾ ਕਰਾਂਗਾ ਅਤੇ ਇਸਰਾਏਲ ਦੀ ਭੂਮੀ ਤੁਹਾਨੂੰ ਦਿਆਂਗਾ।” (ਹਿਜ਼ਕੀਏਲ 11:17) ਪ੍ਰਾਚੀਨ ਇਸਰਾਏਲ ਲਈ ਇਹ ਵਾਅਦਾ ਪੂਰਾ ਕਰਨ ਵਾਸਤੇ, ਯਹੋਵਾਹ ਨੇ ਫ਼ਾਰਸੀ ਖੋਰੁਸ ਨੂੰ ਖੜ੍ਹਾ ਕੀਤਾ, ਜਿਸ ਨੇ ਬਾਬਲੀ ਵਿਸ਼ਵ ਸ਼ਕਤੀ ਨੂੰ ਉਲਟਾ ਦਿੱਤਾ ਅਤੇ ਇਸਰਾਏਲ ਦੇ ਬਕੀਏ ਲਈ ਆਪਣੇ ਦੇਸ਼ ਪਰਤਣ ਦਾ ਰਾਹ ਖੋਲ੍ਹ ਦਿੱਤਾ। ਪਰੰਤੂ ਅੱਜ ਦੇ ਦਿਨਾਂ ਬਾਰੇ ਕੀ?
7. ਸਾਲ 1919 ਵਿਚ ਕਿਹੜੀ ਘਟਨਾ ਨੇ ਦਿਖਾਇਆ ਕਿ ਯਿਸੂ ਨੇ ਵੱਡੀ ਬਾਬੁਲ ਦੇ ਵਿਰੁੱਧ ਕਾਰਵਾਈ ਕੀਤੀ ਸੀ? ਵਿਆਖਿਆ ਕਰੋ।
7 ਇਸ ਸਦੀ ਦੇ ਮੁਢਲੇ ਭਾਗ ਵਿਚ, ਸ਼ਕਤੀਸ਼ਾਲੀ ਸਬੂਤ ਮੌਜੂਦ ਸੀ ਕਿ ਵੱਡਾ ਖੋਰੁਸ ਕੰਮ ਕਰ ਰਿਹਾ ਸੀ। ਉਹ ਕੌਣ ਸੀ? ਉਹ ਹੋਰ ਕੋਈ ਨਹੀਂ ਬਲਕਿ ਯਿਸੂ ਮਸੀਹ ਸੀ, ਜਿਸ ਨੂੰ ਸਵਰਗੀ ਰਾਜ ਵਿਚ 1914 ਤੋਂ ਸਿੰਘਾਸਣ ਤੇ ਬਿਠਾਇਆ ਗਿਆ ਹੈ। ਇਸ ਮਹਾਨ ਰਾਜੇ ਨੇ ਧਰਤੀ ਉੱਤੇ ਆਪਣੇ ਮਸਹ ਕੀਤੇ ਹੋਏ ਭਰਾਵਾਂ ਪ੍ਰਤੀ ਮਿਹਰਬਾਨੀ ਦਿਖਾਈ ਜਦੋਂ, ਸਾਲ 1919 ਵਿਚ, ਮਸਹ ਕੀਤੇ ਹੋਏ ਮਸੀਹੀਆਂ ਨੂੰ ਅਧਿਆਤਮਿਕ ਕੈਦ ਵਿੱਚੋਂ ਰਿਹਾ ਕਰ ਕੇ ਆਪਣੇ “ਦੇਸ,” ਅਰਥਾਤ ਆਪਣੀ ਅਧਿਆਤਮਿਕ ਸਥਿਤੀ ਵਿਚ ਵਾਪਸ ਲਿਜਾਇਆ ਗਿਆ। (ਯਸਾਯਾਹ 66:8; ਪਰਕਾਸ਼ ਦੀ ਪੋਥੀ 18:4) ਇਸ ਤਰ੍ਹਾਂ ਹਿਜ਼ਕੀਏਲ 11:17 ਦੀ ਆਧੁਨਿਕ ਦਿਨ ਦੀ ਪੂਰਤੀ ਹੋਈ ਸੀ। ਪ੍ਰਾਚੀਨ ਸਮਿਆਂ ਵਿਚ ਇਸਰਾਏਲੀਆਂ ਦਾ ਆਪਣੇ ਦੇਸ਼ ਵਾਪਸ ਜਾਣ ਦਾ ਰਾਹ ਖੋਲ੍ਹਣ ਲਈ ਬਾਬਲ ਦਾ ਢਹਿਣਾ ਜ਼ਰੂਰੀ ਸੀ। ਆਧੁਨਿਕ ਸਮਿਆਂ ਵਿਚ ਪਰਮੇਸ਼ੁਰ ਦੇ ਇਸਰਾਏਲ ਦੀ ਮੁੜ ਬਹਾਲੀ ਸਬੂਤ ਸੀ ਕਿ ਵੱਡੀ ਬਾਬੁਲ ਦਾ ਵੱਡੇ ਖੋਰੁਸ ਦੇ ਹੱਥੋਂ ਪਤਨ ਹੋ ਗਿਆ ਸੀ। ਇਸ ਪਤਨ ਦਾ ਐਲਾਨ ਪਰਕਾਸ਼ ਦੀ ਪੋਥੀ ਅਧਿਆਇ 14 ਦੇ ਦੂਸਰੇ ਦੂਤ ਨੇ ਕੀਤਾ, ਜਦੋਂ ਉਸ ਨੇ ਕਿਹਾ: “ਬਾਬੁਲ! ਉਹ ਵੱਡੀ ਨਗਰੀ ਢਹਿ ਪਈ ਜਿਹ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈ ਸਭਨਾਂ ਕੌਮਾਂ ਨੂੰ ਪਿਆਈ ਹੈ!” (ਪਰਕਾਸ਼ ਦੀ ਪੋਥੀ 14:8) ਵੱਡੀ ਬਾਬੁਲ ਲਈ ਕਿੰਨੀ ਵੱਡੀ ਪਛਾੜ, ਖ਼ਾਸ ਕਰਕੇ ਈਸਾਈ-ਜਗਤ ਲਈ! ਅਤੇ ਸੱਚੇ ਮਸੀਹੀਆਂ ਲਈ ਕਿੰਨੀ ਵੱਡੀ ਬਰਕਤ!
8. ਸਾਲ 1919 ਵਿਚ ਪਰਮੇਸ਼ੁਰ ਦੇ ਲੋਕਾਂ ਦੀ ਰਿਹਾਈ ਦੇ ਬਾਅਦ ਉਨ੍ਹਾਂ ਦੀ ਖ਼ੁਸ਼ੀ ਦਾ ਵਰਣਨ ਹਿਜ਼ਕੀਏਲ ਦੀ ਪੋਥੀ ਕਿਸ ਤਰ੍ਹਾਂ ਕਰਦੀ ਹੈ?
8 ਹਿਜ਼ਕੀਏਲ 11:18-20 ਵਿਚ, ਅਸੀਂ ਪਰਮੇਸ਼ੁਰ ਦੇ ਲੋਕਾਂ ਦੀ ਮੁੜ-ਬਹਾਲੀ ਦੇ ਬਾਅਦ ਉਨ੍ਹਾਂ ਦੀ ਖ਼ੁਸ਼ੀ ਬਾਰੇ ਨਬੀ ਦਾ ਵਿਵਰਣ ਪੜ੍ਹਦੇ ਹਾਂ। ਉਸ ਦੇ ਸ਼ਬਦਾਂ ਦੀ ਪਹਿਲੀ ਪੂਰਤੀ ਦਾ ਅਰਥ ਸੀ ਅਜ਼ਰਾ ਅਤੇ ਨਹਮਯਾਹ ਦੇ ਦਿਨਾਂ ਵਿਚ ਇਸਰਾਏਲ ਨੂੰ ਸਾਫ਼ ਕਰਨਾ। ਆਧੁਨਿਕ ਦਿਨ ਦੀ ਪੂਰਤੀ ਦਾ ਵੀ ਕੁਝ ਸਮਾਨ ਅਰਥ ਹੈ। ਆਓ ਅਸੀਂ ਦੇਖੀਏ ਕਿ ਕਿਸ ਤਰ੍ਹਾਂ। ਯਹੋਵਾਹ ਕਹਿੰਦਾ ਹੈ: “ਓਹ [ਆਪਣੇ ਦੇਸ਼] ਆਉਣਗੇ ਅਤੇ ਉਸ ਦੀਆਂ ਸਾਰੀਆਂ ਘਿਣਾਉਣੀਆਂ ਅਤੇ ਭੈੜੀਆਂ ਚੀਜਾਂ ਉਸ ਵਿੱਚੋਂ ਕੱਢ ਦੇਣਗੇ।” ਠੀਕ ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, 1919 ਵਿਚ ਸ਼ੁਰੂ ਕਰਦੇ ਹੋਏ, ਯਹੋਵਾਹ ਨੇ ਆਪਣੇ ਲੋਕਾਂ ਨੂੰ ਸਾਫ਼ ਕੀਤਾ ਅਤੇ ਉਨ੍ਹਾਂ ਨੂੰ ਉਸ ਦੀ ਸੇਵਾ ਕਰਨ ਲਈ ਪੁਨਰ-ਸ਼ਕਤੀ ਪ੍ਰਦਾਨ ਕੀਤੀ। ਉਨ੍ਹਾਂ ਨੇ ਆਪਣੇ ਅਧਿਆਤਮਿਕ ਵਾਤਾਵਰਣ ਵਿੱਚੋਂ ਸਾਰੇ ਬਾਬਲੀ ਅਭਿਆਸ ਅਤੇ ਸਿਧਾਂਤ ਕੱਢਣੇ ਸ਼ੁਰੂ ਕਰ ਦਿੱਤੇ ਜੋ ਉਨ੍ਹਾਂ ਨੂੰ ਉਸ ਦੀਆਂ ਅੱਖਾਂ ਵਿਚ ਭ੍ਰਿਸ਼ਟ ਕਰਦੇ ਸਨ।
9. ਸਾਲ 1919 ਵਿਚ ਸ਼ੁਰੂ ਕਰਦੇ ਹੋਏ, ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹੜੀਆਂ ਮਹੱਤਵਪੂਰਣ ਬਰਕਤਾਂ ਦਿੱਤੀਆਂ ਸਨ?
9 ਫਿਰ, ਆਇਤ 19 ਦੇ ਅਨੁਸਾਰ, ਯਹੋਵਾਹ ਅੱਗੇ ਕਹਿੰਦਾ ਹੈ: “ਅਤੇ ਮੈਂ ਉਨ੍ਹਾਂ ਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ ਅਤੇ ਪੱਥਰ ਦਿਲ ਉਨ੍ਹਾਂ ਦੇ ਸਰੀਰ ਵਿੱਚੋਂ ਕੱਢ ਦਿਆਂਗਾ ਅਤੇ ਉਨ੍ਹਾਂ ਨੂੰ ਇੱਕ ਮਾਸ ਦਾ ਦਿਲ ਦਿਆਂਗਾ।” ਇਨ੍ਹਾਂ ਸ਼ਬਦਾਂ ਦੀ ਇਕਸੁਰਤਾ ਵਿਚ, 1919 ਵਿਚ, ਯਹੋਵਾਹ ਨੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਨੂੰ ਇਕਮੁੱਠ ਕੀਤਾ, ਉਨ੍ਹਾਂ ਨੂੰ “ਇੱਕ ਦਿਲ” ਦਿੱਤਾ, ਇਕ ਤਰ੍ਹਾਂ ਨਾਲ, ਤਾਂਕਿ ਉਹ “ਇੱਕ ਮਨ ਹੋ ਕੇ” ਉਸ ਦੀ ਸੇਵਾ ਕਰਨ। (ਸਫ਼ਨਯਾਹ 3:9) ਇਸ ਤੋਂ ਇਲਾਵਾ, ਯਹੋਵਾਹ ਨੇ ਆਪਣੇ ਲੋਕਾਂ ਨੂੰ ਗਵਾਹੀ ਕਾਰਜ ਵਿਚ ਸ਼ਕਤੀ ਪ੍ਰਦਾਨ ਕਰਨ ਲਈ ਅਤੇ ਉਨ੍ਹਾਂ ਵਿਚ ਗਲਾਤੀਆਂ 5:22, 23 ਵਿਚ ਦੱਸੇ ਗਏ ਵਧੀਆ ਫਲਾਂ ਨੂੰ ਪੈਦਾ ਕਰਨ ਲਈ ਉਨ੍ਹਾਂ ਨੂੰ ਪਵਿੱਤਰ ਆਤਮਾ ਦਿੱਤੀ। ਅਤੇ ਇਕ ਭਾਵਹੀਣ, ਪੱਥਰ ਵਰਗੇ ਦਿਲ ਦੀ ਬਜਾਇ, ਯਹੋਵਾਹ ਨੇ ਉਨ੍ਹਾਂ ਨੂੰ ਇਕ ਨਰਮ, ਕੋਮਲ, ਆਗਿਆਕਾਰ ਦਿਲ ਦਿੱਤਾ, ਅਜਿਹਾ ਦਿਲ ਜੋ ਉਸ ਦੀ ਇੱਛਾ ਪ੍ਰਤੀ ਪ੍ਰਤਿਕ੍ਰਿਆ ਦਿਖਾਉਂਦਾ।
10. ਸਾਲ 1919 ਤੋਂ ਯਹੋਵਾਹ ਨੇ ਆਪਣੇ ਮੁੜ-ਬਹਾਲ ਲੋਕਾਂ ਨੂੰ ਕਿਉਂ ਬਰਕਤ ਦਿੱਤੀ ਹੈ?
10 ਉਸ ਨੇ ਇਹ ਕਿਉਂ ਕੀਤਾ? ਯਹੋਵਾਹ ਖ਼ੁਦ ਵਿਆਖਿਆ ਕਰਦਾ ਹੈ। ਅਸੀਂ ਹਿਜ਼ਕੀਏਲ 11:20 ਵਿਚ ਪੜ੍ਹਦੇ ਹਾਂ: “ਤਾਂ ਜੋ ਓਹ ਮੇਰੀਆਂ ਬਿਧੀਆਂ ਉੱਤੇ ਤੁਰਨ ਅਤੇ ਮੇਰੇ ਕਾਨੂਨਾਂ ਦੀ ਪਾਲਨਾ ਕਰਨ ਅਤੇ ਉਨ੍ਹਾਂ ਤੇ ਅਮਲ ਕਰਨ ਅਤੇ ਓਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।” ਪਰਮੇਸ਼ੁਰ ਦੇ ਇਸਰਾਏਲ ਨੇ ਆਪਣੇ ਖ਼ੁਦ ਦੇ ਵਿਚਾਰਾਂ ਦਾ ਪਿੱਛਾ ਕਰਨ ਦੀ ਬਜਾਇ ਯਹੋਵਾਹ ਦੀ ਬਿਵਸਥਾ ਨੂੰ ਮੰਨਣਾ ਸਿੱਖਿਆ। ਉਨ੍ਹਾਂ ਨੇ ਮਨੁੱਖ ਦੇ ਡਰ ਤੋਂ ਬਿਨਾਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਿੱਖੀ। ਇਸ ਤਰ੍ਹਾਂ, ਉਹ ਈਸਾਈ-ਜਗਤ ਦੇ ਨਕਲੀ ਮਸੀਹੀਆਂ ਤੋਂ ਬਿਲਕੁਲ ਵੱਖਰੇ ਨਜ਼ਰ ਆਏ। ਉਹ ਯਹੋਵਾਹ ਦੇ ਲੋਕ ਸਨ। ਇਸ ਤਰ੍ਹਾਂ, ਯਹੋਵਾਹ ਉਨ੍ਹਾਂ ਨੂੰ ਆਪਣੇ ਸੰਦੇਸ਼ਵਾਹਕ, ਅਰਥਾਤ ਆਪਣੇ “ਮਾਤਬਰ ਅਤੇ ਬੁੱਧਵਾਨ ਨੌਕਰ” ਵਜੋਂ ਵਰਤਣ ਲਈ ਤਿਆਰ ਸੀ।—ਮੱਤੀ 24:45-47.
ਪਰਮੇਸ਼ੁਰ ਦੇ ਸੰਦੇਸ਼ਵਾਹਕਾਂ ਦੀ ਖ਼ੁਸ਼ੀ
11. ਯਸਾਯਾਹ ਦੀ ਪੋਥੀ ਯਹੋਵਾਹ ਦੇ ਲੋਕਾਂ ਦੀ ਖ਼ੁਸ਼ੀ ਦਾ ਵਰਣਨ ਕਿਸ ਤਰ੍ਹਾਂ ਕਰਦੀ ਹੈ?
11 ਕੀ ਤੁਸੀਂ ਉਨ੍ਹਾਂ ਦੀ ਖ਼ੁਸ਼ੀ ਦੀ ਕਲਪਨਾ ਕਰ ਸਕਦੇ ਹੋ ਜਦੋਂ ਉਨ੍ਹਾਂ ਨੇ ਅਹਿਸਾਸ ਕੀਤਾ ਕਿ ਉਹ ਕਿੰਨੀ ਵਿਸ਼ੇਸ਼-ਸਨਮਾਨਿਤ ਪਦਵੀ ਦਾ ਆਨੰਦ ਮਾਣ ਰਹੇ ਸਨ? ਸਮੂਹਕ ਰੂਪ ਵਿਚ, ਉਨ੍ਹਾਂ ਨੇ ਯਸਾਯਾਹ 61:10 ਦੇ ਸ਼ਬਦਾਂ ਨੂੰ ਹੁ-ਬਹੁ ਦੁਹਰਾਇਆ: “ਮੈਂ ਯਹੋਵਾਹ ਵਿੱਚ ਬਹੁਤ ਖੁਸ਼ ਹੋਵਾਂਗਾ, ਮੇਰਾ ਜੀ ਮੇਰੇ ਪਰਮੇਸ਼ੁਰ ਵਿੱਚ ਮਗਨ ਹੋਵੇਗਾ।” ਯਸਾਯਾਹ 35:10 ਦਾ ਵਾਅਦਾ ਉਨ੍ਹਾਂ ਉੱਤੇ ਪੂਰਾ ਹੋਇਆ: “ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਓਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਅਨੰਤ ਅਨੰਦ ਓਹਨਾਂ ਦੇ ਸਿਰਾਂ ਉੱਤੇ ਹੋਵੇਗਾ। ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹੂੰਗਾ ਨੱਠ ਜਾਣਗੇ।” 1919 ਵਿਚ ਯਹੋਵਾਹ ਦੇ ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕਾਂ ਦੀ ਖ਼ੁਸ਼ੀ ਇਸ ਤਰ੍ਹਾਂ ਦੀ ਸੀ ਜਦੋਂ ਉਨ੍ਹਾਂ ਨੇ ਸਾਰੀ ਮਨੁੱਖਜਾਤੀ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਸ ਸਮੇਂ ਤੋਂ ਲੈ ਕੇ ਇਸ ਦਿਨ ਤਕ, ਉਨ੍ਹਾਂ ਨੇ ਇਹ ਕੰਮ ਕਰਨਾ ਨਹੀਂ ਛੱਡਿਆ ਹੈ, ਅਤੇ ਉਨ੍ਹਾਂ ਦੀ ਖ਼ੁਸ਼ੀ ਵੱਧ ਗਈ ਹੈ। ਆਪਣੇ ਪਹਾੜੀ ਉਪਦੇਸ਼ ਵਿਚ, ਯਿਸੂ ਨੇ ਬਿਆਨ ਕੀਤਾ: “ਧੰਨ ਓਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਓਹ ਪਰਮੇਸ਼ੁਰ ਦੇ ਪੁੱਤ੍ਰ ਕਹਾਉਣਗੇ।” (ਮੱਤੀ 5:9) ਮਸਹ ਕੀਤੇ ਹੋਏ ‘ਪਰਮੇਸ਼ੁਰ ਦੇ ਪੁੱਤ੍ਰਾਂ’ ਦੇ ਬਕੀਏ ਨੇ 1919 ਤੋਂ ਲੈ ਕੇ ਅੱਜ ਦੇ ਦਿਨ ਤਕ ਇਸ ਐਲਾਨ ਦੀ ਸੱਚਾਈ ਦਾ ਅਨੁਭਵ ਕੀਤਾ ਹੈ।
12, 13. (ੳ) ਯਹੋਵਾਹ ਦੀ ਸੇਵਾ ਕਰਨ ਵਿਚ ਪਰਮੇਸ਼ੁਰ ਦੇ ਇਸਰਾਏਲ ਦਾ ਸਾਥ ਕਿਸ ਨੇ ਦਿੱਤਾ, ਅਤੇ ਉਨ੍ਹਾਂ ਨੇ ਕਿਹੜਾ ਕੰਮ ਕੀਤਾ? (ਅ) ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਨੇ ਕਿਹੜੇ ਵੱਡੇ ਆਨੰਦ ਦਾ ਅਨੁਭਵ ਕੀਤਾ?
12 ਜਿਉਂ-ਜਿਉਂ ਸਾਲ ਬੀਤਦੇ ਗਏ, ਪਰਮੇਸ਼ੁਰ ਦੇ ਇਸਰਾਏਲ ਦੀ ਗਿਣਤੀ 1930 ਦੇ ਦਹਾਕੇ ਤਕ ਵੱਧਦੀ ਗਈ ਜਦੋਂ ਮਸਹ ਕੀਤੇ ਹੋਇਆਂ ਦੇ ਬਾਕੀ ਲੋਕਾਂ ਦਾ ਇਕੱਠਾ ਕੀਤਾ ਜਾਣਾ ਪੂਰਤੀ ਦੇ ਨੇੜੇ ਆਇਆ। ਕੀ ਉਸ ਵੇਲੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਦੀ ਗਿਣਤੀ ਵਧਣੀ ਰੁੱਕ ਗਈ? ਬਿਲਕੁਲ ਨਹੀਂ। ਪਾਰਥਿਵ ਉਮੀਦ ਰੱਖਣ ਵਾਲੇ ਮਸੀਹੀਆਂ ਦੀ ਇਕ ਵੱਡੀ ਭੀੜ ਪਹਿਲਾਂ ਹੀ ਪ੍ਰਗਟ ਹੋਣੀ ਸ਼ੁਰੂ ਹੋ ਗਈ ਸੀ, ਅਤੇ ਇਹ ਪ੍ਰਚਾਰ ਕਾਰਜ ਵਿਚ ਆਪਣੇ ਮਸਹ ਕੀਤੇ ਹੋਏ ਭਰਾਵਾਂ ਦਾ ਸਾਥ ਦੇ ਰਹੇ ਸਨ। ਰਸੂਲ ਯੂਹੰਨਾ ਨੇ ਦਰਸ਼ਣ ਵਿਚ ਇਸ ਵੱਡੀ ਭੀੜ ਨੂੰ ਵੇਖਿਆ, ਅਤੇ ਜਿਸ ਤਰੀਕੇ ਨਾਲ ਉਹ ਉਨ੍ਹਾਂ ਦਾ ਵਰਣਨ ਕਰਦਾ ਹੈ ਉਹ ਧਿਆਨ ਦੇਣ ਯੋਗ ਹੈ: “ਓਹ ਪਰਮੇਸ਼ੁਰ ਦੇ ਸਿੰਘਾਸਣ ਦੇ ਮੋਹਰੇ ਹਨ, ਅਤੇ . . . ਰਾਤ ਦਿਨ ਉਹ ਦੀ ਉਪਾਸਨਾ ਕਰਦੇ ਹਨ।” (ਪਰਕਾਸ਼ ਦੀ ਪੋਥੀ 7:15) ਜੀ ਹਾਂ, ਵੱਡੀ ਭੀੜ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਰੁੱਝ ਗਈ। ਸਿੱਟੇ ਵਜੋਂ, 1935 ਤੋਂ ਬਾਅਦ, ਜਦੋਂ ਮਸਹ ਕੀਤੇ ਹੋਇਆਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ, ਉਦੋਂ ਇਨ੍ਹਾਂ ਵਫ਼ਾਦਾਰ ਸਾਥੀਆਂ ਨੇ ਪ੍ਰਚਾਰ ਕਾਰਜ ਨੂੰ ਜ਼ਿਆਦਾ ਜ਼ੋਰ ਨਾਲ ਜਾਰੀ ਰੱਖਿਆ।
13 ਇਸ ਤਰੀਕੇ ਨਾਲ ਯਸਾਯਾਹ 60:3, 4 ਪੂਰਾ ਹੋਇਆ: “ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕਾਹਟ ਵੱਲ। ਆਪਣੀਆਂ ਅੱਖਾਂ ਚੁੱਕ ਕੇ ਆਲੇ ਦੁਆਲੇ ਵੇਖ! ਓਹ ਸਭ ਦੇ ਸਭ ਇਕੱਠੇ ਹੁੰਦੇ, ਓਹ ਤੇਰੇ ਕੋਲ ਆਉਂਦੇ, ਤੇਰੇ ਪੁੱਤ੍ਰ ਦੂਰੋਂ ਆਉਣਗੇ, ਅਤੇ ਤੇਰੀਆਂ ਧੀਆਂ ਕੁੱਛੜ ਚੁੱਕੀਆਂ ਜਾਣਗੀਆਂ।” ਪਰਮੇਸ਼ੁਰ ਦੇ ਇਸਰਾਏਲ ਨੂੰ ਇਨ੍ਹਾਂ ਵਿਕਾਸਾਂ ਤੋਂ ਜੋ ਖ਼ੁਸ਼ੀ ਹਾਸਲ ਹੋਈ, ਉਸ ਦਾ ਵਰਣਨ ਯਸਾਯਾਹ 60:5 ਵਿਚ ਬਹੁਤ ਸੁੰਦਰ ਤਰੀਕੇ ਨਾਲ ਕੀਤਾ ਗਿਆ ਹੈ, ਜਿੱਥੇ ਅਸੀਂ ਪੜ੍ਹਦੇ ਹਾਂ: “ਤਾਂ ਤੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ ਥਰ ਕੰਬੇਗਾ ਤੇ ਫੁੱਲ ਜਾਵੇਗਾ, ਕਿਉਂ ਜੋ ਸਮੁੰਦਰ ਦੀ ਵਾਫਰੀ ਤੇਰੀ ਵੱਲ ਫਿਰੇਗੀ, ਅਤੇ ਕੌਮਾਂ ਦਾ ਧਨ ਤੇਰੀ ਵੱਲ ਆਵੇਗਾ।”
ਯਹੋਵਾਹ ਦਾ ਸੰਗਠਨ ਅੱਗੇ ਵੱਧ ਰਿਹਾ ਹੈ
14. (ੳ) ਹਿਜ਼ਕੀਏਲ ਨੇ ਸਵਰਗੀ ਚੀਜ਼ਾਂ ਦਾ ਕਿਹੜਾ ਦਰਸ਼ਣ ਵੇਖਿਆ ਸੀ, ਅਤੇ ਉਸ ਨੂੰ ਕਿਹੜਾ ਹੁਕਮ ਮਿਲਿਆ ਸੀ? (ਅ) ਆਧੁਨਿਕ ਸਮਿਆਂ ਵਿਚ ਯਹੋਵਾਹ ਦੇ ਲੋਕਾਂ ਨੇ ਕੀ ਵੇਖਿਆ, ਅਤੇ ਉਨ੍ਹਾਂ ਨੇ ਕਿਹੜੀ ਜ਼ਿੰਮੇਵਾਰੀ ਮਹਿਸੂਸ ਕੀਤੀ?
14 ਸਾਲ 613 ਸਾ.ਯੁ.ਪੂ. ਵਿਚ, ਹਿਜ਼ਕੀਏਲ ਨੇ ਦਰਸ਼ਣ ਵਿਚ ਯਹੋਵਾਹ ਦਾ ਸਵਰਗੀ, ਰਥ-ਸਮਾਨ ਸੰਗਠਨ ਅੱਗੇ ਵੱਧਦਿਆਂ ਦੇਖਿਆ। (ਹਿਜ਼ਕੀਏਲ 1:4-28) ਇਸ ਤੋਂ ਬਾਅਦ, ਯਹੋਵਾਹ ਨੇ ਉਸ ਨੂੰ ਕਿਹਾ: “ਹੇ ਆਦਮੀ ਦੇ ਪੁੱਤ੍ਰ, ਤੂੰ ਇਸਰਾਏਲ ਦੇ ਘਰਾਣੇ ਕੋਲ ਜਾ ਅਤੇ ਮੇਰੀਆਂ ਇਹ ਗੱਲਾਂ ਉਨ੍ਹਾਂ ਨੂੰ ਬੋਲ।” (ਹਿਜ਼ਕੀਏਲ 3:4) ਇਸ ਸਾਲ 1997 ਵਿਚ, ਅਸੀਂ ਵੇਖਦੇ ਹਾਂ ਕਿ ਯਹੋਵਾਹ ਦਾ ਸਵਰਗੀ ਸੰਗਠਨ ਪਰਮੇਸ਼ੁਰ ਦੇ ਮਕਸਦਾਂ ਨੂੰ ਪੂਰਾ ਕਰਨ ਲਈ ਅਜੇ ਵੀ ਬੇਰੋਕ ਅੱਗੇ ਵੱਧ ਰਿਹਾ ਹੈ। ਇਸ ਲਈ, ਅਸੀਂ ਅਜੇ ਵੀ ਇਨ੍ਹਾਂ ਮਕਸਦਾਂ ਬਾਰੇ ਦੂਸਰਿਆਂ ਨੂੰ ਦੱਸਣ ਲਈ ਪ੍ਰੇਰਿਤ ਹੁੰਦੇ ਹਾਂ। ਆਪਣੇ ਦਿਨ ਵਿਚ, ਹਿਜ਼ਕੀਏਲ ਨੇ ਉਹ ਸ਼ਬਦ ਕਹੇ ਜੋ ਸਿੱਧੇ ਯਹੋਵਾਹ ਵੱਲੋਂ ਪ੍ਰੇਰਿਤ ਸਨ। ਅੱਜ, ਅਸੀਂ ਯਹੋਵਾਹ ਦੇ ਪ੍ਰੇਰਿਤ ਬਚਨ, ਬਾਈਬਲ ਤੋਂ ਬੋਲਦੇ ਹਾਂ। ਅਤੇ ਇਸ ਕਿਤਾਬ ਵਿਚ ਮਨੁੱਖਜਾਤੀ ਲਈ ਕਿੰਨਾ ਵਧੀਆ ਸੰਦੇਸ਼ ਹੈ! ਜਦੋਂ ਕਿ ਬਹੁਤ ਸਾਰੇ ਭਵਿੱਖ ਬਾਰੇ ਚਿੰਤਿਤ ਹਨ, ਬਾਈਬਲ ਦਿਖਾਉਂਦੀ ਹੈ ਕਿ ਉਨ੍ਹਾਂ ਦੀ ਕਲਪਨਾ ਨਾਲੋਂ ਹਾਲਾਤ ਬਹੁਤ ਬੁਰੇ ਹਨ, ਨਾਲੇ ਬਹੁਤ ਵਧੀਆ ਵੀ ਹਨ।
15. ਅੱਜ ਹਾਲਾਤ ਬਹੁਤ ਸਾਰਿਆਂ ਦੀ ਕਲਪਨਾ ਨਾਲੋਂ ਕਿਉਂ ਬਦਤਰ ਹਨ?
15 ਹਾਲਾਤ ਬਦਤਰ ਹਨ ਕਿਉਂਕਿ, ਜਿਵੇਂ ਕਿ ਅਸੀਂ ਪਿਛਲੇ ਲੇਖਾਂ ਵਿਚ ਸਿੱਖਿਆ ਸੀ, ਈਸਾਈ-ਜਗਤ ਅਤੇ ਬਾਕੀ ਸਾਰੇ ਝੂਠੇ ਧਰਮ ਜਲਦੀ ਹੀ ਨਾਸ਼ ਕੀਤੇ ਜਾਣਗੇ, ਜਿਸ ਤਰ੍ਹਾਂ ਕਿ 607 ਸਾ.ਯੁ.ਪੂ. ਵਿਚ ਯਰੂਸ਼ਲਮ ਪੂਰੀ ਤਰ੍ਹਾਂ ਨਾਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਪੂਰਾ ਵਿਸ਼ਵ-ਵਿਆਪੀ ਰਾਜਨੀਤਿਕ ਵਜੂਦ, ਜਿਸ ਨੂੰ ਪਰਕਾਸ਼ ਦੀ ਪੋਥੀ ਵਿਚ ਸੱਤ ਸਿਰਾਂ ਅਤੇ ਦਸ ਸਿੰਗਾਂ ਵਾਲੇ ਦਰਿੰਦੇ ਵਜੋਂ ਚਿਤ੍ਰਿਤ ਕੀਤਾ ਗਿਆ ਹੈ, ਜਲਦੀ ਹੀ ਨਾਸ਼ ਹੋਣ ਵਾਲਾ ਹੈ, ਜਿਸ ਤਰ੍ਹਾਂ ਕਿ ਯਰੂਸ਼ਲਮ ਦੇ ਗ਼ੈਰ-ਯਹੂਦੀ ਗੁਆਂਢੀ ਨਾਸ਼ ਹੋਏ ਸਨ। (ਪਰਕਾਸ਼ ਦੀ ਪੋਥੀ 13:1, 2; 19:19-21) ਹਿਜ਼ਕੀਏਲ ਦੇ ਦਿਨਾਂ ਵਿਚ ਯਹੋਵਾਹ ਨੇ ਯਰੂਸ਼ਲਮ ਦੀ ਆ ਰਹੀ ਤਬਾਹੀ ਦੁਆਰਾ ਉਤੇਜਿਤ ਦਹਿਸ਼ਤ ਦਾ ਵਰਣਨ ਸਪੱਸ਼ਟ ਰੂਪ ਵਿਚ ਕੀਤਾ ਸੀ। ਪਰੰਤੂ ਉਸ ਦੇ ਸ਼ਬਦ ਹੋਰ ਜ਼ਿਆਦਾ ਅਰਥ ਰੱਖਣਗੇ ਜਦੋਂ ਲੋਕ ਇਸ ਸੰਸਾਰ ਦੇ ਨਿਕਟ ਨਾਸ਼ ਨੂੰ ਭਾਂਪਦੇ ਹਨ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: “ਹੇ ਆਦਮੀ ਦੇ ਪੁੱਤ੍ਰ, ਤੂੰ ਆਪਣਾ ਲੱਕ ਟੁੱਟ ਜਾਣ ਕਰਕੇ ਹੌਕੇ ਭਰ ਅਤੇ ਕੁੜੱਤਣ ਵਿੱਚ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਠੰਡੇ ਸਾਹ ਲੈ। ਐਉਂ ਹੋਵੇਗਾ ਕਿ ਜਦੋਂ ਓਹ ਤੈਨੂੰ ਆਖਣ ਕਿ ਤੂੰ ਕਿਉਂ ਹਾਇ, ਹਾਇ ਕਰਦਾ ਹੈਂ? ਤਾਂ ਤੂੰ ਆਖੀਂ ਕਿ ਉਸ ਅਵਾਈ ਦੇ ਆਉਣ ਦੇ ਕਾਰਨ ਕਿ ਹਰ ਇੱਕ ਦਿਲ ਪੱਘਰ ਜਾਵੇਗਾ ਅਤੇ ਸਾਰੇ ਹੱਥ ਨਿਰਬਲ ਹੋ ਜਾਣਗੇ ਅਤੇ ਹਰ ਇੱਕ ਆਤਮਾ ਮਾੜਾ ਪੈ ਜਾਏਗਾ ਅਤੇ ਸਾਰੇ ਗੋਡੇ ਪਾਣੀ ਵਰਗੇ ਢਿੱਲੇ ਹੋ ਜਾਣਗੇ। ਵੇਖੋ, ਪ੍ਰਭੁ ਯਹੋਵਾਹ ਦਾ ਵਾਕ ਹੈ, ਇਹ ਆਉਂਦਾ ਹੈ ਅਤੇ ਹੋ ਜਾਵੇਗਾ।” (ਹਿਜ਼ਕੀਏਲ 21:6, 7; ਮੱਤੀ 24:30) ਭੈ-ਦਾਇਕ ਘਟਨਾਵਾਂ ਐਨ ਨੇੜੇ ਹਨ। ਸੰਗੀ ਮਨੁੱਖਾਂ ਲਈ ਸਾਡੀ ਡੂੰਘੀ ਚਿੰਤਾ ਸਾਨੂੰ ਚੇਤਾਵਨੀ ਦੇਣ ਲਈ, ਯਹੋਵਾਹ ਦੇ ਆਉਣ ਵਾਲੇ ਕ੍ਰੋਧ ਦੀ “ਅਵਾਈ” ਦੱਸਣ ਲਈ ਪ੍ਰੇਰਿਤ ਕਰਦੀ ਹੈ।
16. ਮਸਕੀਨਾਂ ਦੇ ਹਾਲਾਤ ਬਹੁਤ ਲੋਕਾਂ ਦੀ ਕਲਪਨਾ ਨਾਲੋਂ ਕਿਉਂ ਬਿਹਤਰ ਹਨ?
16 ਨਾਲ ਹੀ, ਮਸਕੀਨਾਂ ਦੇ ਹਾਲਾਤ ਜ਼ਿਆਦਾਤਰ ਲੋਕਾਂ ਦੀ ਕਲਪਨਾ ਨਾਲੋਂ ਜ਼ਿਆਦਾ ਬਿਹਤਰ ਹਨ। ਕਿਸ ਤਰੀਕੇ ਨਾਲ? ਇਸ ਤਰੀਕੇ ਨਾਲ ਕਿ ਯਿਸੂ ਮਸੀਹ ਸਾਡੇ ਪਾਪਾਂ ਲਈ ਮਰਿਆ ਹੈ ਅਤੇ ਹੁਣ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਸ਼ਾਸਨ ਕਰ ਰਿਹਾ ਹੈ। (1 ਤਿਮੋਥਿਉਸ 1:15; ਪਰਕਾਸ਼ ਦੀ ਪੋਥੀ 11:15) ਮਨੁੱਖਜਾਤੀ ਦੀਆਂ ਬੇਕਾਬੂ ਲੱਗਦੀਆਂ ਸਮੱਸਿਆਵਾਂ ਜਲਦੀ ਹੀ ਉਸ ਸਵਰਗੀ ਰਾਜ ਦੁਆਰਾ ਨਿਪਟਾਈਆਂ ਜਾਣਗੀਆਂ। ਮੌਤ, ਬੀਮਾਰੀ, ਭ੍ਰਿਸ਼ਟਾਚਾਰ, ਭੁੱਖ, ਅਤੇ ਅਪਰਾਧ ਬੀਤੇ ਸਮੇਂ ਦੀਆਂ ਚੀਜ਼ਾਂ ਬਣ ਜਾਣਗੀਆਂ, ਅਤੇ ਪਰਮੇਸ਼ੁਰ ਦਾ ਰਾਜ ਬਿਨਾਂ ਕਿਸੇ ਵਿਰੋਧ ਦੇ ਪਰਾਦੀਸ ਧਰਤੀ ਉੱਤੇ ਰਾਜ ਕਰੇਗਾ। (ਪਰਕਾਸ਼ ਦੀ ਪੋਥੀ 21:3, 4) ਮਨੁੱਖਜਾਤੀ ਈਸ਼ਵਰੀ ਸ਼ਾਂਤੀ ਦਾ ਆਨੰਦ ਮਾਣੇਗੀ—ਯਹੋਵਾਹ ਪਰਮੇਸ਼ੁਰ ਨਾਲ ਅਤੇ ਇਕ ਦੂਸਰੇ ਨਾਲ ਸ਼ਾਂਤੀਪੂਰਣ ਸੰਬੰਧ।—ਜ਼ਬੂਰ 72:7.
17. ਕਿਹੜੇ ਵਾਧੇ ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕਾਂ ਦੇ ਦਿਲਾਂ ਲਈ ਆਨੰਦ ਲਿਆਉਂਦੇ ਹਨ?
17 ਸੰਸਾਰ ਦੇ ਕੁਝ ਹਿੱਸਿਆਂ ਵਿਚ, ਮਸਕੀਨਾਂ ਦੀਆਂ ਅਤਿਅੰਤ ਵੱਡੀਆਂ ਭੀੜਾਂ ਈਸ਼ਵਰੀ ਸ਼ਾਂਤੀ ਦੇ ਇਸ ਸੰਦੇਸ਼ ਪ੍ਰਤੀ ਪ੍ਰਤਿਕ੍ਰਿਆ ਦਿਖਾ ਰਹੀਆਂ ਹਨ। ਕੁਝ ਉਦਾਹਰਣਾਂ ਹਨ, ਪਿਛਲੇ ਸਾਲ ਯੂਕਰੇਨ ਨੇ ਪ੍ਰਕਾਸ਼ਕਾਂ ਦੀ ਗਿਣਤੀ ਵਿਚ 17-ਪ੍ਰਤਿਸ਼ਤ ਵਾਧਾ ਰਿਪੋਰਟ ਕੀਤਾ। ਮੌਜ਼ਾਮਬੀਕ ਨੇ 17-ਪ੍ਰਤਿਸ਼ਤ ਵਾਧਾ ਰਿਪੋਰਟ ਕੀਤਾ, ਅਤੇ ਲਿਥੁਆਨੀਆ ਨੇ 29-ਪ੍ਰਤਿਸ਼ਤ ਵਾਧਾ। ਰੂਸ ਵਿਚ 31-ਪ੍ਰਤਿਸ਼ਤ ਵਾਧਾ ਹੋਇਆ, ਜਦ ਕਿ ਅਲਬਾਨੀਆ ਨੇ ਪ੍ਰਕਾਸ਼ਕਾਂ ਵਿਚ 52-ਪ੍ਰਤਿਸ਼ਤ ਵਾਧੇ ਦਾ ਅਨੁਭਵ ਕੀਤਾ। ਇਹ ਵਾਧੇ ਉਨ੍ਹਾਂ ਹਜ਼ਾਰਾਂ ਨੇਕਦਿਲ ਵਿਅਕਤੀਆਂ ਦੀ ਪ੍ਰਤਿਨਿਧਤਾ ਕਰਦੇ ਹਨ ਜੋ ਈਸ਼ਵਰੀ ਸ਼ਾਂਤੀ ਦਾ ਆਨੰਦ ਮਾਣਨਾ ਚਾਹੁੰਦੇ ਹਨ ਅਤੇ ਜੋ ਧਾਰਮਿਕਤਾ ਦੇ ਪੱਖ ਵਿਚ ਖੜ੍ਹੇ ਹੋਏ ਹਨ। ਅਜਿਹਾ ਤੇਜ਼ ਵਾਧਾ ਪੂਰੇ ਮਸੀਹੀ ਭਾਈਚਾਰੇ ਲਈ ਆਨੰਦ ਲਿਆਉਂਦਾ ਹੈ।
18. ਚਾਹੇ ਲੋਕ ਸੁਣਨ ਜਾਂ ਨਾ ਸੁਣਨ, ਸਾਡਾ ਰਵੱਈਆ ਕੀ ਹੋਵੇਗਾ?
18 ਜਿੱਥੇ ਤੁਸੀਂ ਰਹਿੰਦੇ ਹੋ ਕੀ ਉੱਥੇ ਲੋਕ ਇੰਨੀ ਛੇਤੀ ਪ੍ਰਤਿਕ੍ਰਿਆ ਦਿਖਾਉਂਦੇ ਹਨ? ਜੇਕਰ ਹਾਂ, ਤਾਂ ਅਸੀਂ ਤੁਹਾਡੇ ਨਾਲ ਆਨੰਦਿਤ ਹੁੰਦੇ ਹਾਂ। ਪਰੰਤੂ, ਕੁਝ ਖੇਤਰਾਂ ਵਿਚ ਇਕ ਦਿਲਚਸਪੀ ਦਿਖਾਉਣ ਵਾਲੇ ਵਿਅਕਤੀ ਨੂੰ ਲੱਭਣ ਲਈ ਕਈ ਘੰਟੇ ਮਿਹਨਤ ਕਰਨੀ ਪੈਂਦੀ ਹੈ। ਕੀ ਅਜਿਹੇ ਖੇਤਰਾਂ ਵਿਚ ਸੇਵਾ ਕਰਨ ਵਾਲੇ ਆਪਣੇ ਹੱਥ ਢਿੱਲੇ ਪੈਣ ਦਿੰਦੇ ਹਨ ਜਾਂ ਆਪਣਾ ਦਿਲ ਛੱਡ ਦਿੰਦੇ ਹਨ? ਨਹੀਂ। ਯਹੋਵਾਹ ਦੇ ਗਵਾਹ ਹਿਜ਼ਕੀਏਲ ਨੂੰ ਕਹੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਯਾਦ ਰੱਖਦੇ ਹਨ ਜਦੋਂ ਉਸ ਨੇ ਜਵਾਨ ਨਬੀ ਨੂੰ ਆਪਣੇ ਯਹੂਦੀ ਦੇਸ਼ਵਾਸੀਆਂ ਨੂੰ ਪ੍ਰਚਾਰ ਕਰਨ ਦਾ ਪਹਿਲਾਂ-ਪਹਿਲ ਹੁਕਮ ਦਿੱਤਾ: “ਸੋ ਭਾਵੇਂ ਓਹ ਸੁਣਨ ਯਾ ਨਾ ਸੁਣਨ ਕਿਉਂ ਜੋ ਓਹ ਤਾਂ ਇੱਕ ਆਕੀ ਘਰਾਣਾ ਹੈ, ਪਰ ਓਹ ਜਾਣ ਲੈਣਗੇ ਕਿ ਉਨ੍ਹਾਂ ਦੇ ਵਿੱਚ ਇੱਕ ਨਬੀ ਹੋਇਆ ਹੈ।” (ਹਿਜ਼ਕੀਏਲ 2:5) ਹਿਜ਼ਕੀਏਲ ਦੀ ਤਰ੍ਹਾਂ, ਅਸੀਂ ਲੋਕਾਂ ਨੂੰ ਈਸ਼ਵਰੀ ਸ਼ਾਂਤੀ ਬਾਰੇ ਦੱਸਦੇ ਜਾ ਰਹੇ ਹਾਂ ਚਾਹੇ ਉਹ ਸੁਣਨ ਜਾਂ ਨਾ ਸੁਣਨ। ਜੇ ਉਹ ਸੁਣਦੇ ਹਨ, ਤਾਂ ਅਸੀਂ ਰੁਮਾਂਚਿਤ ਹੁੰਦੇ ਹਾਂ। ਜੇਕਰ ਉਹ ਸਾਨੂੰ ਠੁਕਰਾਉਂਦੇ ਹਨ, ਸਾਡਾ ਮਖੌਲ ਉਡਾਉਂਦੇ ਹਨ, ਇੱਥੋਂ ਤਕ ਕਿ ਸਾਨੂੰ ਸਤਾਉਂਦੇ ਹਨ, ਤਾਂ ਅਸੀਂ ਦ੍ਰਿੜ੍ਹ ਰਹਿੰਦੇ ਹਾਂ। ਅਸੀਂ ਯਹੋਵਾਹ ਨੂੰ ਪ੍ਰੇਮ ਕਰਦੇ ਹਾਂ, ਅਤੇ ਬਾਈਬਲ ਕਹਿੰਦੀ ਹੈ: “ਪ੍ਰੇਮ . . . ਸਭ ਕੁਝ ਸਹਿ ਲੈਂਦਾ” ਹੈ। (1 ਕੁਰਿੰਥੀਆਂ 13:4, 7) ਕਿਉਂਕਿ ਅਸੀਂ ਸਹਿਣਸ਼ੀਲਤਾ ਨਾਲ ਪ੍ਰਚਾਰ ਕਰਦੇ ਹਾਂ, ਲੋਕ ਜਾਣਦੇ ਹਨ ਕਿ ਯਹੋਵਾਹ ਦੇ ਗਵਾਹ ਕੌਣ ਹਨ। ਉਹ ਸਾਡਾ ਸੰਦੇਸ਼ ਜਾਣਦੇ ਹਨ। ਜਦੋਂ ਅੰਤ ਆਵੇਗਾ, ਉਹ ਜਾਣਨਗੇ ਕਿ ਯਹੋਵਾਹ ਦੇ ਗਵਾਹਾਂ ਨੇ ਈਸ਼ਵਰੀ ਸ਼ਾਂਤੀ ਦਾ ਆਨੰਦ ਮਾਣਨ ਲਈ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ।
19. ਸੱਚੇ ਪਰਮੇਸ਼ੁਰ ਦੇ ਸੇਵਕਾਂ ਵਜੋਂ, ਅਸੀਂ ਕਿਹੜਾ ਵੱਡਾ ਵਿਸ਼ੇਸ਼-ਸਨਮਾਨ ਸੰਭਾਲ ਕੇ ਰੱਖਦੇ ਹਾਂ?
19 ਕੀ ਯਹੋਵਾਹ ਦੀ ਸੇਵਾ ਕਰਨ ਨਾਲੋਂ ਕੋਈ ਹੋਰ ਵੱਡਾ ਵਿਸ਼ੇਸ਼-ਸਨਮਾਨ ਹੈ? ਨਹੀਂ! ਸਾਨੂੰ ਸਭ ਤੋਂ ਵੱਡੀ ਖ਼ੁਸ਼ੀ ਪਰਮੇਸ਼ੁਰ ਨਾਲ ਆਪਣੇ ਸੰਬੰਧ ਤੋਂ ਮਿਲਦੀ ਹੈ ਅਤੇ ਇਸ ਗੱਲ ਦੀ ਜਾਣਕਾਰੀ ਤੋਂ ਕਿ ਅਸੀਂ ਉਸ ਦੀ ਇੱਛਾ ਪੂਰੀ ਕਰ ਰਹੇ ਹਾਂ। “ਧੰਨ ਓਹ ਲੋਕ ਹਨ ਜਿਹੜੇ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ, ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ!” (ਜ਼ਬੂਰ 89:15) ਆਓ ਅਸੀਂ ਮਨੁੱਖਜਾਤੀ ਲਈ ਪਰਮੇਸ਼ੁਰੀ ਸ਼ਾਂਤੀ ਦੇ ਸੰਦੇਸ਼ਵਾਹਕ ਹੋਣ ਦੇ ਆਨੰਦ ਨੂੰ ਹਮੇਸ਼ਾ ਸੰਭਾਲ ਕੇ ਰੱਖੀਏ। ਆਓ ਅਸੀਂ ਇਸ ਕੰਮ ਵਿਚ ਤਨਦੇਹੀ ਨਾਲ ਆਪਣੀ ਭੂਮਿਕਾ ਨਿਭਾਈਏ ਜਦੋਂ ਤਕ ਯਹੋਵਾਹ ਨਹੀਂ ਕਹਿੰਦਾ ਕਿ ਇਹ ਪੂਰਾ ਹੋ ਗਿਆ ਹੈ।
ਕੀ ਤੁਹਾਨੂੰ ਯਾਦ ਹੈ?
◻ ਅੱਜ ਪਰਮੇਸ਼ੁਰ ਦੇ ਸ਼ਾਂਤੀ ਦੇ ਸੰਦੇਸ਼ਵਾਹਕ ਕੌਣ ਹਨ?
◻ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ 1919 ਵਿਚ ਵੱਡੀ ਬਾਬੁਲ ਦਾ ਪਤਨ ਹੋਇਆ ਸੀ?
◻ “ਵੱਡੀ ਭੀੜ” ਦਾ ਮੁੱਖ ਕੰਮ ਕੀ ਹੈ?
◻ ਅੱਜ ਭਵਿੱਖ ਬਹੁਤ ਸਾਰੇ ਲੋਕਾਂ ਦੀ ਕਲਪਨਾ ਨਾਲੋਂ ਜ਼ਿਆਦਾ ਨਿਰਾਸ਼ਾਜਨਕ ਕਿਉਂ ਹੈ?
◻ ਨੇਕਦਿਲ ਵਾਲਿਆਂ ਲਈ, ਭਵਿੱਖ ਉਨ੍ਹਾਂ ਦੀ ਕਲਪਨਾ ਨਾਲੋਂ ਬਿਹਤਰ ਕਿਉਂ ਹੋ ਸਕਦਾ ਹੈ?
[ਸਫ਼ੇ 16 ਉੱਤੇ ਤਸਵੀਰਾਂ]
ਬਹੁਤ ਸਾਰੇ ਲੋਕ ਆਫ਼ਤਾਂ ਦੇ ਖ਼ਤਰੇ ਮਹਿਸੂਸ ਕਰਦੇ ਹਨ ਜਦੋਂ ਉਹ ਮਨੁੱਖੀ ਸਮਾਜ ਵਿਚ ਗਿਰਾਵਟ ਨੂੰ ਦੇਖਦੇ ਹਨ
[ਸਫ਼ੇ 18 ਉੱਤੇ ਤਸਵੀਰਾਂ]
ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ ਅੱਜ ਧਰਤੀ ਉਤੇ ਸਭ ਤੋਂ ਖ਼ੁਸ਼ ਲੋਕ ਹਨ