ਸੋਲ੍ਹਵਾਂ ਅਧਿਆਇ
ਦੋਹਾਂ ਝਗੜਾਲੂ ਰਾਜਿਆਂ ਦਾ ਅੰਤ ਨਜ਼ਦੀਕ ਹੈ
1, 2. ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉੱਤਰ ਦੇ ਰਾਜੇ ਦਾ ਭੇਸ ਕਿਵੇਂ ਬਦਲ ਗਿਆ?
ਸੰਯੁਕਤ ਰਾਜ ਅਮਰੀਕਾ ਅਤੇ ਰੂਸ ਦੇ ਸਿਆਸੀ ਮਾਹੌਲ ਉੱਤੇ ਗੌਰ ਕਰਦਿਆਂ, ਫਰਾਂਸੀਸੀ ਫ਼ਿਲਾਸਫ਼ਰ ਅਤੇ ਇਤਿਹਾਸਕਾਰ ਅਲੈਕਸੀ ਡ ਟੋਕਵਿਲ ਨੇ 1835 ਵਿਚ ਲਿਖਿਆ: ‘ਸੰਯੁਕਤ ਰਾਜ ਅਮਰੀਕਾ ਆਪਣੀਆਂ ਕਾਰਵਾਈਆਂ ਕਰਨ ਲਈ ਆਜ਼ਾਦ ਹੈ ਪਰ ਰੂਸ ਆਜ਼ਾਦ ਨਹੀਂ ਹੈ। ਉਨ੍ਹਾਂ ਦੇ ਰਾਹ ਵੱਖੋ-ਵੱਖਰੇ ਹਨ, ਪਰ ਫਿਰ ਵੀ ਇਵੇਂ ਲੱਗਦਾ ਹੈ ਕਿ ਰੱਬ ਨੇ ਅੱਧੀ ਕੁ ਦੁਨੀਆਂ ਦੀ ਤਕਦੀਰ ਉਨ੍ਹਾਂ ਦੇ ਹੱਥਾਂ ਵਿਚ ਦੇ ਦਿੱਤੀ ਹੈ।’ ਦੂਜੇ ਵਿਸ਼ਵ ਯੁੱਧ ਦੇ ਨਤੀਜੇ ਵਜੋਂ ਇਹ ਭਵਿੱਖਬਾਣੀ ਕਿੰਨੀ ਕੁ ਸਹੀ ਸਾਬਤ ਹੋਈ? ਇਤਿਹਾਸਕਾਰ ਜੇ. ਐੱਮ. ਰੌਬਰਟਜ਼ ਲਿਖਦਾ ਹੈ: ‘ਅਸਲ ਵਿਚ, ਦੂਜੇ ਵਿਸ਼ਵ ਯੁੱਧ ਦੇ ਅੰਤ ਤੇ ਇਵੇਂ ਪ੍ਰਗਟ ਹੋਣ ਲੱਗਾ ਕਿ ਆਖ਼ਰਕਾਰ ਦੁਨੀਆਂ ਦੀ ਤਕਦੀਰ ਦੋ ਵੱਡੀਆਂ ਅਤੇ ਬਹੁਤ ਭਿੰਨ-ਭਿੰਨ ਸ਼ਕਤੀਆਂ, ਇਕ ਸਾਬਕਾ ਰੂਸ ਅਤੇ ਦੂਜੀ ਸੰਯੁਕਤ ਰਾਜ ਅਮਰੀਕਾ, ਦੇ ਹੱਥਾਂ ਵਿਚ ਹੋਵੇਗੀ।’
2 ਦੋਹਾਂ ਵਿਸ਼ਵ ਯੁੱਧਾਂ ਦੇ ਦੌਰਾਨ, ਉੱਤਰ ਦੇ ਰਾਜੇ ਵਜੋਂ ਜਰਮਨੀ, ਦੱਖਣ ਦੇ ਰਾਜੇ, ਅਰਥਾਤ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦਾ ਵੱਡਾ ਦੁਸ਼ਮਣ ਬਣਿਆ ਰਿਹਾ। ਪਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਕੌਮ ਵਿਚ ਵੰਡ ਪੈ ਗਈ। ਪੱਛਮੀ ਜਰਮਨੀ ਦੱਖਣ ਦੇ ਰਾਜੇ ਦਾ ਮਿੱਤਰ ਬਣ ਗਿਆ ਅਤੇ ਪੂਰਬੀ ਜਰਮਨੀ ਇਕ ਹੋਰ ਸ਼ਕਤੀਸ਼ਾਲੀ ਹਸਤੀ, ਯਾਨੀ ਕਿ ਕਮਿਊਨਿਸਟ ਬਲਾਕ ਦੀਆਂ ਕੌਮਾਂ ਨਾਲ ਰਲ ਗਿਆ ਜਿਨ੍ਹਾਂ ਦੀ ਪ੍ਰਧਾਨਗੀ ਸੋਵੀਅਤ ਸੰਘ ਕਰਦਾ ਸੀ। ਉੱਤਰ ਦੇ ਰਾਜੇ ਵਜੋਂ, ਇਸ ਬਲਾਕ, ਜਾਂ ਸਿਆਸੀ ਹਸਤੀ ਨੇ ਐਂਗਲੋ-ਅਮਰੀਕੀ ਗੱਠਜੋੜ ਦਾ ਸਖ਼ਤ ਵਿਰੋਧ ਕੀਤਾ। ਅਤੇ ਇਨ੍ਹਾਂ ਦੋਹਾਂ ਰਾਜਿਆਂ ਦੇ ਆਪਸੀ ਵਿਰੋਧ ਨੇ ਸੀਤ ਯੁੱਧ ਦਾ ਰੂਪ ਲੈ ਲਿਆ ਜੋ ਕਿ 1948 ਤੋਂ ਲੈ ਕੇ 1989 ਤਕ ਜਾਰੀ ਰਿਹਾ। ਪਹਿਲਾਂ, ਉੱਤਰ ਦੇ ਜਰਮਨ ਰਾਜੇ ਨੇ “ਪਵਿੱਤ੍ਰ ਨੇਮ ਦਾ ਸਾਹਮਣਾ” ਕੀਤਾ ਸੀ। (ਦਾਨੀਏਲ 11:28, 30) ਨੇਮ ਦੇ ਸੰਬੰਧ ਵਿਚ ਹੁਣ ਕਮਿਊਨਿਸਟ ਬਲਾਕ ਕੀ ਕਰੇਗਾ?
ਸੱਚੇ ਮਸੀਹੀ ਸਤਾਹਟ ਦੇ ਬਾਵਜੂਦ ਵਫ਼ਾਦਾਰ ਰਹਿੰਦੇ ਹਨ
3, 4. ‘ਨੇਮ ਦੇ ਨਾਲ ਭੈੜੀ ਕਰਤੂਤ ਕਰਨ’ ਵਾਲੇ ਕੌਣ ਹਨ, ਅਤੇ ਉੱਤਰ ਦੇ ਰਾਜੇ ਨਾਲ ਉਨ੍ਹਾਂ ਦਾ ਕੀ ਰਿਸ਼ਤਾ ਰਿਹਾ ਹੈ?
3 ਪਰਮੇਸ਼ੁਰ ਦਾ ਦੂਤ ਕਹਿੰਦਾ ਹੈ ਕਿ “ਜਿਹੜੇ ਨੇਮ ਦੇ ਨਾਲ ਭੈੜੀ ਕਰਤੂਤ ਕਰਦੇ ਹਨ ਉਨ੍ਹਾਂ ਨੂੰ [ਉੱਤਰ ਦਾ ਰਾਜਾ] ਲੱਲੋ ਪੱਤੋ ਕਰ ਕੇ ਵਿਗਾੜੇਗਾ।” ਦੂਤ ਅੱਗੇ ਦੱਸਦਾ ਹੈ: “ਪਰ ਜਿਹੜੇ ਲੋਕ ਆਪਣੇ ਪਰਮੇਸ਼ੁਰ ਨੂੰ ਸਿਆਣਦੇ ਹਨ ਓਹ ਬਲਵਾਨ ਹੋਣਗੇ ਅਤੇ ਕੰਮ ਕਰਨਗੇ। ਅਤੇ ਏਹ ਜੋ ਲੋਕਾਂ ਦੇ ਵਿਚਕਾਰ ਬੁੱਧਵਾਨ ਹਨ ਕਈਆਂ ਨੂੰ ਸਿਖਾਉਣਗੇ ਪਰ ਓਹ ਤਲਵਾਰ ਨਾਲ ਅਤੇ ਅੱਗ ਨਾਲ ਅਰ ਕੈਦ ਹੋਣ ਕਰਕੇ ਅਤੇ ਲੁੱਟੇ ਜਾਣ ਕਰਕੇ ਢੇਰ ਦਿਨਾਂ ਤੀਕਰ ਤਬਾਹ ਰਹਿਣਗੇ।”—ਦਾਨੀਏਲ 11:32, 33.
4 ‘ਨੇਮ ਦੇ ਨਾਲ ਭੈੜੀ ਕਰਤੂਤ ਕਰਨ’ ਵਾਲੇ ਕੇਵਲ ਈਸਾਈ-ਜਗਤ ਦੇ ਆਗੂ ਹੀ ਹੋ ਸਕਦੇ ਹਨ ਜੋ ਮਸੀਹੀ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ ਆਪਣੇ ਚਾਲ-ਚਲਣਾਂ ਦੁਆਰਾ ਮਸੀਹੀਅਤ ਦੇ ਨਾਂ ਉੱਤੇ ਕਲੰਕ ਲਾਉਂਦੇ ਹਨ। ਸੋਵੀਅਤ ਸੰਘ ਵਿਚ ਧਰਮ (ਅੰਗ੍ਰੇਜ਼ੀ) ਨਾਂ ਦੀ ਆਪਣੀ ਪੁਸਤਕ ਵਿਚ ਵਾਲਟਰ ਕੋਲੌਰਸ ਕਹਿੰਦਾ ਹੈ ਕਿ “ਸੋਵੀਅਤ ਸਰਕਾਰ ਨੇ ਮਾਤ-ਭੂਮੀ ਦੀ ਸੁਰੱਖਿਆ ਲਈ [ਦੂਜੇ ਵਿਸ਼ਵ ਯੁੱਧ ਦੌਰਾਨ] ਚਰਚਾਂ ਤੋਂ ਭੌਤਿਕ ਅਤੇ ਨੈਤਿਕ ਸਹਿਯੋਗ ਪ੍ਰਾਪਤ ਕਰਨ ਦਾ ਜਤਨ ਕੀਤਾ।” ਇਸ ਸ਼ਕਤੀ, ਯਾਨੀ ਕਿ ਉੱਤਰ ਦੇ ਰਾਜੇ ਦੀ ਨਾਸਤਿਕ ਨੀਤੀ ਦੇ ਬਾਵਜੂਦ, ਯੁੱਧ ਤੋਂ ਬਾਅਦ ਚਰਚ ਦੇ ਆਗੂਆਂ ਨੇ ਇਸ ਮਿੱਤਰਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ, ਈਸਾਈ-ਜਗਤ ਅੱਗੇ ਨਾਲੋਂ ਵੀ ਜ਼ਿਆਦਾ ਇਸ ਜਗਤ ਦਾ ਅਟੁੱਟ ਹਿੱਸਾ ਬਣ ਗਿਆ। ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਧਰਮ-ਤਿਆਗ ਹੈ।—ਯੂਹੰਨਾ 17:16; ਯਾਕੂਬ 4:4.
5, 6. ‘ਆਪਣੇ ਪਰਮੇਸ਼ੁਰ ਨੂੰ ਸਿਆਣਨ’ ਵਾਲੇ ਲੋਕ ਕੌਣ ਸਨ, ਅਤੇ ਉੱਤਰ ਦੇ ਰਾਜੇ ਦੇ ਅਧੀਨ ਉਨ੍ਹਾਂ ਨਾਲ ਕੀ ਹੋਇਆ?
5 “ਜਿਹੜੇ ਲੋਕ ਆਪਣੇ ਪਰਮੇਸ਼ੁਰ ਨੂੰ ਸਿਆਣਦੇ ਹਨ” ਅਤੇ ‘ਜੋ ਬੁੱਧਵਾਨ ਹਨ,’ ਅਰਥਾਤ ਸੱਚੇ ਮਸੀਹੀ, ਉਨ੍ਹਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਭਾਵੇਂ ਕਿ ਉਹ ਉਚਿਤ ਤੌਰ ਤੇ “ਹਕੂਮਤਾਂ ਦੇ ਅਧੀਨ ਰਹੇ,” ਉੱਤਰ ਦੇ ਰਾਜੇ ਦੀ ਹਕੂਮਤ ਦੇ ਅਧੀਨ ਰਹਿਣ ਵਾਲੇ ਮਸੀਹੀ ਇਸ ਜਗਤ ਦੇ ਨਹੀਂ ਸਨ। (ਰੋਮੀਆਂ 13:1; ਯੂਹੰਨਾ 18:36) ‘ਕੈਸਰ ਦੀਆਂ ਚੀਜ਼ਾਂ ਕੈਸਰ’ ਨੂੰ ਦੇਣ ਬਾਰੇ ਧਿਆਨ ਰੱਖਦੇ ਹੋਏ, ਉਨ੍ਹਾਂ ਨੇ ‘ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ’ ਵੀ ਦਿੱਤੀਆਂ। (ਮੱਤੀ 22:21) ਇਸ ਕਰਕੇ ਉਨ੍ਹਾਂ ਦੀ ਖਰਿਆਈ ਪਰਤਾਈ ਗਈ।—2 ਤਿਮੋਥਿਉਸ 3:12.
6 ਨਤੀਜੇ ਵਜੋਂ, ਸੱਚੇ ਮਸੀਹੀ “ਤਬਾਹ” ਵੀ ਹੋਏ ਅਤੇ “ਬਲਵਾਨ” ਵੀ। ਉਹ ਇਸ ਭਾਵ ਵਿਚ ਤਬਾਹ ਹੋਏ ਕਿ ਉਨ੍ਹਾਂ ਨੇ ਸਖ਼ਤ ਸਤਾਹਟ ਸਹੀ ਅਤੇ ਕੁਝ ਮਾਰੇ ਵੀ ਗਏ। ਪਰ ਉਹ ਇਸ ਭਾਵ ਵਿਚ ਬਲਵਾਨ ਹੋਏ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਫ਼ਾਦਾਰ ਰਹੇ। ਉਨ੍ਹਾਂ ਨੇ ਠੀਕ ਯਿਸੂ ਵਾਂਗ ਇਸ ਜਗਤ ਨੂੰ ਜਿੱਤ ਲਿਆ। (ਯੂਹੰਨਾ 16:33) ਇਸ ਤੋਂ ਇਲਾਵਾ, ਉਹ ਪ੍ਰਚਾਰ ਕਰਨ ਤੋਂ ਕਦੇ ਨਹੀਂ ਹਟੇ, ਭਾਵੇਂ ਕਿ ਕਈ ਜੇਲ੍ਹ ਵਿਚ ਜਾਂ ਨਜ਼ਰਬੰਦੀ-ਕੈਂਪਾਂ ਵਿਚ ਸਨ। ਇਸ ਤਰ੍ਹਾਂ, ਉਨ੍ਹਾਂ ਨੇ ‘ਕਈਆਂ ਨੂੰ ਸਿਖਾਇਆ।’ ਉੱਤਰ ਦੇ ਰਾਜੇ ਦੀ ਹਕੂਮਤ ਅਧੀਨ ਜ਼ਿਆਦਾਤਰ ਦੇਸ਼ਾਂ ਵਿਚ ਸਤਾਹਟ ਦੇ ਬਾਵਜੂਦ, ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵੱਧ ਗਈ। ‘ਬੁੱਧਵਾਨ ਲੋਕਾਂ’ ਦੀ ਵਫ਼ਾਦਾਰੀ ਸਦਕਾ “ਵੱਡੀ ਭੀੜ” ਦੀ ਸਦਾ ਵੱਧ ਰਹੀ ਗਿਣਤੀ ਇਨ੍ਹਾਂ ਦੇਸ਼ਾਂ ਵਿਚ ਪ੍ਰਗਟ ਹੋ ਗਈ ਹੈ।—ਪਰਕਾਸ਼ ਦੀ ਪੋਥੀ 7:9-14.
ਯਹੋਵਾਹ ਦੇ ਲੋਕ ਪਰਤਾਏ ਜਾਂਦੇ ਹਨ
7. ਉੱਤਰ ਦੇ ਰਾਜੇ ਦੇ ਅਧੀਨ ਰਹਿਣ ਵਾਲੇ ਮਸੀਹੀਆਂ ਨੂੰ ਕਿਹੜੀ “ਥੋੜੀ ਜਿਹੀ ਸਹਾਇਤਾ” ਮਿਲੀ?
7 ਦੂਤ ਨੇ ਕਿਹਾ ਕਿ “ਜਦ ਓਹ [ਪਰਮੇਸ਼ੁਰ ਦੇ ਲੋਕ] ਤਬਾਹ ਹੋਣਗੇ ਤਦ ਉਨ੍ਹਾਂ ਦੀ ਥੋੜੀ ਜਿਹੀ ਸਹਾਇਤਾ ਹੋਵੇਗੀ।” (ਦਾਨੀਏਲ 11:34ੳ) ਦੂਜੇ ਵਿਸ਼ਵ ਯੁੱਧ ਵਿਚ ਦੱਖਣ ਦੇ ਰਾਜੇ ਦੀ ਜਿੱਤ ਦੇ ਕਾਰਨ, ਉੱਤਰ ਦੇ ਰਾਜੇ ਦੇ ਅਧੀਨ ਰਹਿਣ ਵਾਲੇ ਮਸੀਹੀਆਂ ਨੂੰ ਕੁਝ ਸੁੱਖ ਮਿਲਿਆ। (ਪਰਕਾਸ਼ ਦੀ ਪੋਥੀ 12:15, 16 ਦੀ ਤੁਲਨਾ ਕਰੋ।) ਇਸੇ ਤਰ੍ਹਾਂ ਜਿਹੜੇ ਮਸੀਹੀ ਉੱਤਰ ਦੇ ਨਵੇਂ ਰਾਜੇ ਦੇ ਹੱਥੀਂ ਸਤਾਏ ਗਏ ਸਨ ਉਨ੍ਹਾਂ ਨੂੰ ਸਮੇਂ-ਸਮੇਂ ਤੇ ਰਾਹਤ ਮਿਲੀ। ਜਿਉਂ-ਜਿਉਂ ਸੀਤ ਯੁੱਧ ਖ਼ਤਮ ਹੋਣ ਤੇ ਆਇਆ, ਕਈਆਂ ਆਗੂਆਂ ਨੂੰ ਪਤਾ ਚੱਲਿਆ ਕਿ ਵਫ਼ਾਦਾਰ ਮਸੀਹੀਆਂ ਤੋਂ ਕੋਈ ਖ਼ਤਰਾ ਨਹੀਂ ਅਤੇ ਇਸ ਕਰਕੇ ਉਨ੍ਹਾਂ ਨੂੰ ਕਾਨੂੰਨੀ ਪ੍ਰਵਾਨਗੀ ਦੇ ਦਿੱਤੀ। ਵੱਧ ਰਹੀ ਵੱਡੀ ਭੀੜ ਤੋਂ ਵੀ ਸਹਾਇਤਾ ਮਿਲੀ ਜਦੋਂ ਉਨ੍ਹਾਂ ਨੇ ਮਸਹ ਕੀਤੇ ਹੋਇਆਂ ਦੁਆਰਾ ਵਫ਼ਾਦਾਰੀ ਨਾਲ ਪ੍ਰਚਾਰ ਕੀਤੀ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕੀਤਾ।—ਮੱਤੀ 25:34-40.
8. ਕੁਝ ਵਿਅਕਤੀ “ਲੱਲੋ ਪੱਤੋ ਕਰਕੇ” ਪਰਮੇਸ਼ੁਰ ਦੇ ਲੋਕਾਂ ਨਾਲ ਕਿਵੇਂ ਰਲ ਗਏ ਸਨ?
8 ਸੀਤ ਯੁੱਧ ਦੇ ਦੌਰਾਨ, ਜੋ ਪਰਮੇਸ਼ੁਰ ਦੀ ਸੇਵਾ ਵਿਚ ਦਿਲਚਸਪੀ ਰੱਖਣ ਦਾ ਦਾਅਵਾ ਕਰਦੇ ਸਨ ਉਨ੍ਹਾਂ ਸਾਰਿਆਂ ਦੀ ਨੀਅਤ ਚੰਗੀ ਨਹੀਂ ਸੀ। ਦੂਤ ਨੇ ਚੇਤਾਵਨੀ ਦਿੱਤੀ ਸੀ ਕਿ “ਬਹੁਤ ਸਾਰੇ ਲੱਲੋ ਪੱਤੋ ਕਰਕੇ ਉਨ੍ਹਾਂ ਨਾਲ ਰਲ ਜਾਣਗੇ।” (ਦਾਨੀਏਲ 11:34ਅ) ਕਾਫ਼ੀ ਲੋਕਾਂ ਨੇ ਸੱਚਾਈ ਵਿਚ ਦਿਲਚਸਪੀ ਦਿਖਾਈ ਸੀ ਪਰ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰਨ ਲਈ ਤਿਆਰ ਨਹੀਂ ਸਨ। ਅਤੇ ਦੂਜੇ ਜੋ ਕਿ ਖ਼ੁਸ਼ ਖ਼ਬਰੀ ਅਪਣਾਉਣ ਦਾ ਦਿਖਾਵਾ ਕਰ ਰਹੇ ਸਨ, ਅਸਲ ਵਿਚ ਸਰਕਾਰੀ ਜਾਸੂਸ ਸਨ। ਇਕ ਦੇਸ਼ ਤੋਂ ਰਿਪੋਰਟ ਦੱਸਦੀ ਹੈ ਕਿ ‘ਇਨ੍ਹਾਂ ਬੇਈਮਾਨ ਵਿਅਕਤੀਆਂ ਵਿੱਚੋਂ ਕੁਝ ਪੱਕੇ ਕਮਿਊਨਿਸਟ ਸਨ ਜੋ ਪ੍ਰਭੂ ਦੀ ਸੰਸਥਾ ਵਿਚ ਘੁਸ ਆਏ ਸਨ। ਉਨ੍ਹਾਂ ਨੇ ਜੋਸ਼ ਦਾ ਵੱਡਾ ਦਿਖਾਵਾ ਕੀਤਾ, ਅਤੇ ਉਨ੍ਹਾਂ ਨੂੰ ਸੇਵਾ ਦੀਆਂ ਉੱਚੀਆਂ ਪਦਵੀਆਂ ਵੀ ਦਿੱਤੀ ਗਈਆਂ ਸਨ।’
9. ਸੰਸਥਾ ਵਿਚ ਘੁਸ ਆਉਣ ਵਾਲਿਆਂ ਕਰਕੇ ਯਹੋਵਾਹ ਨੇ ਕੁਝ ਵਫ਼ਾਦਾਰ ਮਸੀਹੀਆਂ ਨੂੰ ਕਿਉਂ ‘ਡਿੱਗ ਪੈਣ ਦਿੱਤਾ’?
9 ਦੂਤ ਅੱਗੇ ਦੱਸਦਾ ਹੈ: “ਅਤੇ ਕਈ ਬੁੱਧਵਾਨ ਵੀ ਡਿੱਗ ਪੈਣਗੇ ਇਸ ਕਰਕੇ ਜੋ ਓਹ ਪਰਤਾਏ ਜਾਣ ਅਤੇ ਓਹ ਸਫਾ ਅਰ ਚਿੱਟੇ ਹੋ ਜਾਣ ਐਥੋਂ ਤੀਕਰ ਜੋ ਓੜਕ ਦਾ ਸਮਾ ਆਵੇ ਕਿਉਂ ਜੋ ਇਹ ਵੇਲੇ ਸਿਰ ਉੱਤੇ ਠਹਿਰਾਈ ਹੋਈ ਹੈ।” (ਦਾਨੀਏਲ 11:35) ਸੰਸਥਾ ਵਿਚ ਘੁਸ ਆਉਣ ਵਾਲਿਆਂ ਨੇ ਕੁਝ ਵਫ਼ਾਦਾਰ ਵਿਅਕਤੀਆਂ ਨੂੰ ਸਰਕਾਰ ਦੇ ਹਵਾਲੇ ਕਰਵਾ ਦਿੱਤਾ ਸੀ। ਯਹੋਵਾਹ ਨੇ ਅਜਿਹੀਆਂ ਚੀਜ਼ਾਂ ਹੋਣ ਦਿੱਤੀਆਂ ਤਾਂ ਕਿ ਉਸ ਦੇ ਲੋਕ ਪਰਤਾਏ ਅਤੇ ਸੁਧਾਰੇ ਜਾਣ। ਠੀਕ ਜਿਵੇਂ ਯਿਸੂ ਨੇ ‘ਉਨ੍ਹਾਂ ਦੁਖਾਂ ਤੋਂ ਆਗਿਆਕਾਰੀ ਸਿੱਖੀ ਜੋ ਉਸ ਨੇ ਭੋਗੇ,’ ਇਸੇ ਤਰ੍ਹਾਂ ਇਨ੍ਹਾਂ ਵਫ਼ਾਦਾਰ ਵਿਅਕਤੀਆਂ ਨੇ ਵੀ ਆਪਣੀ ਨਿਹਚਾ ਦੇ ਪਰਤਾਵੇ ਤੋਂ ਆਗਿਆਕਾਰੀ ਸਿੱਖੀ। (ਇਬਰਾਨੀਆਂ 5:8; ਯਾਕੂਬ 1:2, 3. ਮਲਾਕੀ 3:3 ਦੀ ਤੁਲਨਾ ਕਰੋ।) ਇਸ ਤਰ੍ਹਾਂ ਉਹ ‘ਪਰਤਾਏ, ਸਫਾ, ਅਤੇ ਚਿੱਟੇ’ ਕੀਤੇ ਜਾਂਦੇ ਹਨ।
10. ‘ਓੜਕ ਦੇ ਸਮੇਂ ਤੀਕਰ’ ਸ਼ਬਦਾਂ ਦਾ ਕੀ ਅਰਥ ਹੈ?
10 ਯਹੋਵਾਹ ਦੇ ਲੋਕਾਂ ਨੇ ‘ਓੜਕ ਦੇ ਸਮੇਂ ਤੀਕਰ’ ਡਿੱਗਣਾ ਅਤੇ ਪਰਤਾਏ ਜਾਣਾ ਸੀ। ਇਹ ਗੱਲ ਸੱਚ ਹੈ ਕਿ ਉਹ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਤਕ ਸਤਾਏ ਜਾਣ ਦੀ ਉਮੀਦ ਰੱਖਦੇ ਹਨ। ਲੇਕਿਨ, ਉੱਤਰ ਦੇ ਰਾਜੇ ਦੇ ਹਮਲੇ ਦੇ ਨਤੀਜੇ ਵਜੋਂ ਪਰਮੇਸ਼ੁਰ ਦੇ ਲੋਕਾਂ ਦਾ ਸਾਫ਼ ਅਤੇ ਚਿੱਟੇ ਕੀਤੇ ਜਾਣਾ, ‘ਵੇਲੇ ਸਿਰ ਉੱਤੇ ਠਹਿਰਾਇਆ ਹੋਇਆ’ ਸੀ। ਇਸ ਕਰਕੇ, ਦਾਨੀਏਲ 11:35 ਤੇ “ਓੜਕ ਦਾ ਸਮਾ” ਉਸ ਸਮੇਂ ਦੇ ਅੰਤ ਨਾਲ ਸੰਬੰਧ ਰੱਖਦਾ ਹੈ ਜੋ ਪਰਮੇਸ਼ੁਰ ਦੇ ਲੋਕਾਂ ਨੂੰ ਪਰਤਾਏ ਜਾਣ ਲਈ ਚਾਹੀਦਾ ਸੀ ਜਦੋਂ ਉਹ ਉੱਤਰ ਦੇ ਰਾਜੇ ਦੇ ਹਮਲੇ ਦੌਰਾਨ ਸਤਾਹਟ ਸਹਿ ਰਹੇ ਸਨ। ਜ਼ਾਹਰ ਹੈ ਕਿ ਇਹ ਤਬਾਹੀ ਯਹੋਵਾਹ ਦੇ ਠਹਿਰਾਏ ਹੋਏ ਸਮੇਂ ਤੇ ਖ਼ਤਮ ਹੋਈ।
ਰਾਜਾ ਆਪਣੇ ਆਪ ਨੂੰ ਉੱਚਾ ਕਰਦਾ ਹੈ
11. ਦੂਤ ਨੇ ਯਹੋਵਾਹ ਦੀ ਸਰਬਸੱਤਾ ਪ੍ਰਤੀ ਉੱਤਰ ਦੇ ਰਾਜੇ ਦੇ ਰਵੱਈਏ ਬਾਰੇ ਕੀ ਕਿਹਾ ਸੀ?
11 ਉੱਤਰ ਦੇ ਰਾਜੇ ਬਾਰੇ ਦੂਤ ਨੇ ਅੱਗੇ ਦੱਸਿਆ ਕਿ “ਰਾਜਾ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਆਪ ਨੂੰ ਉੱਚਾ ਕਰੇਗਾ ਅਰ ਆਪਣੇ ਆਪ ਨੂੰ ਸਾਰਿਆਂ ਦਿਓਤਿਆਂ ਨਾਲੋਂ ਵੱਡਾ ਜਾਣੇਗਾ ਅਤੇ [ਯਹੋਵਾਹ ਦੀ ਸਰਬਸੱਤਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹੋਏ] ਈਸ਼ੁਰਾਂ ਦੇ ਪਰਮੇਸ਼ੁਰ ਦੇ ਵਿਰੁੱਧ ਢੇਰ ਸਾਰੀਆਂ ਅਚਰਜ ਗੱਲਾਂ ਆਖੇਗਾ ਅਤੇ ਭਾਗਵਾਨ ਹੋਵੇਗਾ ਐਥੋਂ ਤੋੜੀ ਜੋ ਕ੍ਰੋਧ ਦੇ ਦਿਨ ਪੂਰੇ ਹੋਣ ਕਿਉਂ ਕਿ ਉਹ ਜੋ ਠਹਿਰਾਇਆ ਗਿਆ ਹੈ ਸੋ ਹੋਵੇਗਾ। ਅਤੇ ਉਹ ਆਪਣੇ ਪਿਉ ਦਾਦਿਆਂ ਦੇ ਦਿਓਤਿਆਂ ਦੀ ਵੱਲ ਕੁਝ ਲੋੜ ਨਾ ਰੱਖੇਗਾ ਅਤੇ ਨਾ ਹੀ ਤੀਵੀਆਂ ਦੀ, ਨਾ ਹੀ ਕਿਸੇ ਦਿਓਤੇ ਨੂੰ ਮੰਨੇਗਾ ਸਗੋਂ ਆਪ ਨੂੰ ਸਭਨਾਂ ਨਾਲੋਂ ਵੱਡਾ ਜਾਣੇਗਾ।”—ਦਾਨੀਏਲ 11:36, 37.
12, 13. (ੳ) ਉੱਤਰ ਦੇ ਰਾਜੇ ਨੇ “ਆਪਣੇ ਪਿਉ ਦਾਦਿਆਂ ਦੇ ਦਿਓਤਿਆਂ” ਨੂੰ ਕਿਵੇਂ ਰੱਦ ਕੀਤਾ? (ਅ) ਉਹ “ਤੀਵੀਆਂ” ਕੌਣ ਸਨ ਜਿਨ੍ਹਾਂ ਦੀ “ਲੋੜ” ਵੱਲ ਉੱਤਰ ਦੇ ਰਾਜੇ ਨੇ ਧਿਆਨ ਨਹੀਂ ਦਿੱਤਾ? (ੲ) ਉੱਤਰ ਦੇ ਰਾਜੇ ਨੇ ਕਿਸ “ਦਿਓਤੇ” ਦਾ ਆਦਰ ਕੀਤਾ?
12 ਇਨ੍ਹਾਂ ਭਵਿੱਖ-ਸੂਚਕ ਸ਼ਬਦਾਂ ਨੂੰ ਪੂਰਾ ਕਰਦਿਆਂ, ਉੱਤਰ ਦੇ ਰਾਜੇ ਨੇ “ਆਪਣੇ ਪਿਉ ਦਾਦਿਆਂ ਦੇ ਦਿਓਤਿਆਂ,” ਜਿਵੇਂ ਕਿ ਈਸਾਈ-ਜਗਤ ਦੇ ਤ੍ਰਿਏਕੀ ਦੇਵਤੇ ਨੂੰ ਰੱਦ ਕਰ ਦਿੱਤਾ। ਕਮਿਊਨਿਸਟ ਬਲਾਕ ਨੇ ਸਿੱਧੇ ਤੌਰ ਤੇ ਨਾਸਤਿਕਤਾ ਨੂੰ ਅੱਗੇ ਵਧਾਇਆ। ਇਸ ਤਰ੍ਹਾਂ ਉੱਤਰ ਦੇ ਰਾਜੇ ਨੇ ਖ਼ੁਦ ਨੂੰ ਇਕ ਦੇਵਤਾ ਬਣਾਇਆ ਅਤੇ ਆਪਣੇ ‘ਆਪ ਨੂੰ ਸਭਨਾਂ ਨਾਲੋਂ ਵੱਡਾ ਜਾਣਿਆ।’ ਰਾਜੇ ਨੇ ‘ਤੀਵੀਆਂ ਦੀ ਲੋੜ’ ਵੱਲ ਕੋਈ ਧਿਆਨ ਨਹੀਂ ਦਿੱਤਾ, ਅਰਥਾਤ ਉੱਤਰੀ ਵੀਅਤਨਾਮ ਵਰਗੇ ਅਧੀਨ ਦੇਸ਼ਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜੋ ਕਿ ਉਸ ਦੇ ਰਾਜ ਦੀ ਨੌਕਰਾਣੀਆਂ ਵਜੋਂ ਸੇਵਾ ਕਰਦੇ ਸਨ, ਪਰ ਉਸ ਨੇ “ਆਪਣੀ ਇੱਛਿਆ ਦੇ ਅਨੁਸਾਰ” ਕੰਮ ਕੀਤਾ।
13 ਭਵਿੱਖਬਾਣੀ ਕਰਦਿਆਂ ਦੂਤ ਅੱਗੇ ਕਹਿੰਦਾ ਹੈ ਕਿ “ਉਸ ਦੇ ਥਾਂ ਤੇ [ਉਹ] ਕੋਟਾਂ ਦੇ ਦਿਓਤੇ ਦਾ ਆਦਰ ਕਰੇਗਾ ਅਤੇ ਉਸ ਦਿਓਤੇ ਦਾ ਜਿਹ ਨੂੰ ਉਸ ਦੇ ਪਿਉ ਦਾਦੇ ਨਹੀਂ ਜਾਣਦੇ ਸਨ ਸੋਨੇ, ਚਾਂਦੀ, ਬਹੁ ਮੁੱਲੇ ਪੱਥਰ ਅਰ ਸੁਆਦ ਵਾਲੀਆਂ ਵਸਤਾਂ ਨਾਲ ਆਦਰ ਕਰੇਗਾ।” (ਦਾਨੀਏਲ 11:38) ਅਸਲ ਵਿਚ ਉੱਤਰ ਦੇ ਰਾਜੇ ਨੇ ਆਪਣਾ ਭਰੋਸਾ ਆਧੁਨਿਕ ਵਿਗਿਆਨਕ ਸੈਨਾਵਾਦ, “ਕੋਟਾਂ ਦੇ ਦਿਓਤੇ” ਉੱਤੇ ਰੱਖਿਆ। ਉਸ ਨੇ ਇਸ “ਦਿਓਤੇ” ਰਾਹੀਂ ਮੁਕਤੀ ਭਾਲੀ ਅਤੇ ਉਸ ਦੀ ਜਗਵੇਦੀ ਉੱਤੇ ਧਨ-ਦੌਲਤ ਦਾ ਚੜ੍ਹਾਵਾ ਚੜ੍ਹਾਇਆ।
14. ਉੱਤਰ ਦੇ ਰਾਜੇ ਨੇ ਕਿਵੇਂ ‘ਕੰਮ ਕੀਤਾ’?
14 “ਉਹ ਸਾਰਿਆਂ ਨਾਲੋਂ ਪੱਕਿਆਂ ਕੋਟਾਂ ਦੇ ਵਿਰੁੱਧ ਪਰਾਏ ਦਿਓਤੇ ਦੀ ਸਹਾਇਤਾ ਨਾਲ ਕੰਮ ਕਰੇਗਾ, ਉਸ ਦੇ ਮੰਨਣ ਵਾਲਿਆਂ ਨੂੰ ਉਹ ਵੱਡਾ ਆਦਰ ਕਰੇਗਾ ਅਤੇ ਉਨ੍ਹਾਂ ਨੂੰ ਕਈਆਂ ਦਾ ਸਰਦਾਰ ਬਣਾਵੇਗਾ ਅਤੇ ਮੁੱਲ ਲਈ ਧਰਤੀ ਨੂੰ ਵੰਡੇਗਾ।” (ਦਾਨੀਏਲ 11:39) ਆਪਣੇ ਸੈਨਿਕ “ਪਰਾਏ ਦਿਓਤੇ” ਵਿਚ ਭਰੋਸਾ ਰੱਖ ਕੇ, ਉੱਤਰ ਦੇ ਰਾਜੇ ਨੇ ਅਤਿ ਅਧਿਕ ‘ਕੰਮ ਕੀਤਾ,’ ਅਤੇ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਉਹ ਇਕ ਡਾਢੀ ਸੈਨਿਕ ਸ਼ਕਤੀ ਸਾਬਤ ਹੋਇਆ। (2 ਤਿਮੋਥਿਉਸ 3:1) ਜਿਨ੍ਹਾਂ ਨੇ ਉਸ ਦੇ ਸਿਧਾਂਤਾਂ ਨੂੰ ਸਮਰਥਨ ਦਿੱਤਾ ਉਨ੍ਹਾਂ ਨੂੰ ਸਿਆਸੀ, ਮਾਇਕ, ਅਤੇ ਕਦੇ-ਕਦੇ ਸੈਨਿਕ ਸਹਾਇਤਾ ਮਿਲੀ।
ਓੜਕ ਦੇ ਸਮੇਂ ਵਿਚ ‘ਧੱਕਮ-ਧੱਕਾ’
15. ਦੱਖਣ ਦੇ ਰਾਜੇ ਨੇ ਉੱਤਰ ਦੇ ਰਾਜੇ ਨਾਲ ਕਿਵੇਂ ‘ਧੱਕਮ-ਧੱਕਾ’ ਕੀਤਾ?
15 ਦੂਤ ਨੇ ਦਾਨੀਏਲ ਨੂੰ ਦੱਸਿਆ ਕਿ “ਓੜਕ ਦੇ ਸਮੇਂ ਵਿੱਚ ਦੱਖਣ ਦਾ ਰਾਜਾ ਉਸ ਨੂੰ ਧਕ ਦੇਵੇਗਾ।” (ਦਾਨੀਏਲ 11:40ੳ) ਕੀ ਦੱਖਣ ਦੇ ਰਾਜੇ ਨੇ ਉੱਤਰ ਦੇ ਰਾਜੇ ਨਾਲ “ਓੜਕ ਦੇ ਸਮੇਂ” ਵਿਚ ‘ਧੱਕਮ-ਧੱਕਾ’ ਕੀਤਾ ਹੈ? (ਦਾਨੀਏਲ 12:4, 9) ਜੀ ਹਾਂ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ, ਉਸ ਸਮੇਂ ਦੇ ਉੱਤਰ ਦੇ ਰਾਜੇ, ਯਾਨੀ ਕਿ ਜਰਮਨੀ ਉੱਤੇ ਲਾਗੂ ਕੀਤੀ ਗਈ ਦੰਡਾਤਮਕ ਸ਼ਾਂਤੀ ਸੰਧੀ ਸੱਚ-ਮੁੱਚ ਹੀ ‘ਧੱਕਮ-ਧੱਕਾ’ ਸੀ, ਅਰਥਾਤ ਉਸ ਵੱਲੋਂ ਬਦਲਾ ਲੈਣ ਲਈ ਉਕਸਾਹਟ ਸੀ। ਦੂਜੇ ਵਿਸ਼ਵ ਯੁੱਧ ਵਿਚ ਆਪਣੀ ਜਿੱਤ ਤੋਂ ਬਾਅਦ, ਦੱਖਣ ਦੇ ਰਾਜੇ ਨੇ ਆਪਣੇ ਵਿਰੋਧੀ ਨੂੰ ਖੌਫ਼ਨਾਕ ਪਰਮਾਣੂ ਹਥਿਆਰਾਂ ਦਾ ਨਿਸ਼ਾਨਾ ਬਣਾਇਆ ਅਤੇ ਉਸ ਦੇ ਵਿਰੁੱਧ ਨੋਰਥ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਨਾਂ ਦਾ ਇਕ ਸ਼ਕਤੀਸ਼ਾਲੀ ਗੱਠਜੋੜ ਕਾਇਮ ਕੀਤਾ। ਨਾਟੋ ਦੀ ਕਾਰਵਾਈ ਬਾਰੇ ਇਕ ਬਰਤਾਨਵੀ ਇਤਿਹਾਸਕਾਰ ਕਹਿੰਦਾ ਹੈ ਕਿ ‘ਯੂ. ਐੱਸ. ਐੱਸ. ਆਰ. ਦੇ ‘ਵਾਧੇ ਨੂੰ ਰੋਕਣ’ ਲਈ ਇਹ ਇਕ ਪ੍ਰਮੁੱਖ ਸਾਧਨ ਸੀ। ਯੂ. ਐੱਸ. ਐੱਸ. ਆਰ. ਨੂੰ ਹੁਣ ਯੂਰਪੀ ਸ਼ਾਂਤੀ ਦਾ ਸਭ ਤੋਂ ਵੱਡਾ ਖ਼ਤਰਾ ਸਮਝਿਆ ਜਾਂਦਾ ਸੀ। ਨਾਟੋ ਦਾ ਕੰਮ 40 ਤੋਂ ਜ਼ਿਆਦਾ ਸਾਲਾਂ ਲਈ ਜਾਰੀ ਰਿਹਾ, ਅਤੇ ਉਸ ਦੀ ਸਫ਼ਲਤਾ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।’ ਜਿਉਂ-ਜਿਉਂ ਸੀਤ ਯੁੱਧ ਦਾ ਸਮਾਂ ਬੀਤਦਾ ਗਿਆ, ਦੱਖਣ ਦੇ ਰਾਜੇ ਨੇ ਉੱਚ ਤਕਨਾਲੋਜੀ ਦੀ ਜਾਸੂਸੀ ਨਾਲੇ ਰਾਜਦੂਤਕ ਅਤੇ ਸੈਨਿਕ ਚੜ੍ਹਾਈਆਂ ਨਾਲ ‘ਧੱਕਮ-ਧੱਕਾ’ ਕੀਤਾ।
16. ਜਦੋਂ ਦੱਖਣ ਦੇ ਰਾਜੇ ਨੇ ‘ਧੱਕਮ-ਧੱਕਾ’ ਕੀਤਾ, ਤਾਂ ਉੱਤਰ ਦੇ ਰਾਜੇ ਨੇ ਕੀ ਕੀਤਾ?
16 ਉੱਤਰ ਦੇ ਰਾਜੇ ਨੇ ਕੀ ਕੀਤਾ? “ਉੱਤਰ ਦਾ ਰਾਜਾ ਰਥ ਅਤੇ ਘੋੜ ਚੜ੍ਹੇ ਅਰ ਬਹੁਤੇ ਜਹਾਜ਼ ਲੈ ਕੇ ਵਾਵਰੋਲੇ ਵਾਂਙੁ ਉਸ ਦੇ ਉੱਤੇ ਚੜ੍ਹਾਈ ਕਰੇਗਾ ਅਤੇ ਉਨ੍ਹਾਂ ਦੇਸਾਂ ਵਿੱਚ ਵੜੇਗਾ ਅਤੇ ਆਫਰੇਗਾ ਅਰ ਲੰਘੇਗਾ।” (ਦਾਨੀਏਲ 11:40ਅ) ਅੰਤ ਦੇ ਸਮੇਂ ਦਾ ਇਤਿਹਾਸ ਉੱਤਰ ਦੇ ਰਾਜੇ ਦੇ ਫੈਲਰਨ ਬਾਰੇ ਦੱਸਦਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ “ਰਾਜਾ” ਆਪਣੀਆਂ ਸਰਹੱਦਾਂ ਪਾਰ ਲੰਘ ਕੇ ਆਸ-ਪਾਸ ਦੇ ਦੇਸ਼ਾਂ ਵਿਚ ਵੜਿਆ। ਇਸ ਯੁੱਧ ਦੇ ਅੰਤ ਤੇ ਉੱਤਰ ਦੇ ਅਗਲੇ “ਰਾਜੇ” ਨੇ ਇਕ ਸ਼ਕਤੀਸ਼ਾਲੀ ਸਾਮਰਾਜ ਬਣਾਇਆ। ਸੀਤ ਯੁੱਧ ਦੇ ਦੌਰਾਨ, ਉੱਤਰ ਦਾ ਰਾਜਾ ਅਫ਼ਰੀਕਾ, ਏਸ਼ੀਆ, ਅਤੇ ਲਾਤੀਨੀ ਅਮਰੀਕਾ ਵਿਚ ਯੁੱਧ ਅਤੇ ਵਿਦਰੋਹ ਕਰਵਾ ਕੇ ਆਪਣੇ ਵਿਰੋਧੀ ਖ਼ਿਲਾਫ ਲੜਿਆ। ਉਸ ਨੇ ਸੱਚੇ ਮਸੀਹੀਆਂ ਨੂੰ ਸਤਾਇਆ, ਅਤੇ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਵਿਚ ਰੁਕਾਵਟ ਪਾਈ, ਪਰ ਫਿਰ ਵੀ ਇਸ ਨੂੰ ਰੋਕਣ ਵਿਚ ਉਹ ਅਸਫ਼ਲ ਰਿਹਾ। ਅਤੇ ਉਸ ਨੇ ਸੈਨਿਕ ਅਤੇ ਸਿਆਸੀ ਚੜ੍ਹਾਈਆਂ ਕਰ ਕੇ ਕਈ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ। ਦੂਤ ਨੇ ਇਹੋ ਹੀ ਭਵਿੱਖਬਾਣੀ ਕੀਤੀ ਸੀ ਕਿ “[ਉਹ] ਪਰਤਾਪਵਾਨ ਦੇਸ [ਯਹੋਵਾਹ ਦੇ ਲੋਕਾਂ ਦੀ ਰੂਹਾਨੀ ਦਸ਼ਾ] ਵਿੱਚ ਵੀ ਵੜੇਗਾ ਅਤੇ ਬਹੁਤ ਢਾਹੇ ਜਾਣਗੇ।”—ਦਾਨੀਏਲ 11:41ੳ.
17. ਉੱਤਰ ਦਾ ਰਾਜਾ ਆਪਣੇ ਫੈਲਰਨ ਵਿਚ ਕਿਵੇਂ ਸੀਮਿਤ ਹੋਇਆ?
17 ਪਰ ਫਿਰ ਵੀ ਉੱਤਰ ਦੇ ਰਾਜੇ ਨੇ ਪੂਰੀ ਦੁਨੀਆਂ ਉੱਤੇ ਜਿੱਤ ਨਹੀਂ ਹਾਸਲ ਕੀਤੀ। ਦੂਤ ਨੇ ਪਹਿਲਾਂ ਦੱਸਿਆ ਸੀ ਕਿ “ਅਦੋਮ ਅਤੇ ਮੋਆਬ ਅਰ ਅੰਮੋਨੀਆਂ ਦਾ ਵੱਡਾ ਹਿੱਸਾ ਵੀ ਉਸ ਦੇ ਹੱਥੋਂ ਬਚਾਏ ਜਾਣਗੇ।” (ਦਾਨੀਏਲ 11:41ਅ) ਪ੍ਰਾਚੀਨ ਸਮਿਆਂ ਵਿਚ ਅਦੋਮ, ਮੋਆਬ ਅਤੇ ਅੰਮੋਨ, ਦੱਖਣ ਦੇ ਮਿਸਰੀ ਰਾਜੇ ਅਤੇ ਉੱਤਰ ਦੇ ਸੀਰੀਆਈ ਰਾਜੇ ਦੇ ਖੇਤਰਾਂ ਵਿਚਾਲੇ ਸਥਿਤ ਸਨ। ਆਧੁਨਿਕ ਸਮਿਆਂ ਵਿਚ ਉਹ ਉਨ੍ਹਾਂ ਕੌਮਾਂ ਅਤੇ ਸੰਸਥਾਵਾਂ ਨੂੰ ਦਰਸਾਉਂਦੇ ਹਨ ਜੋ ਉੱਤਰ ਦੇ ਰਾਜੇ ਦਾ ਨਿਸ਼ਾਨਾ ਸਨ ਪਰ ਜਿਨ੍ਹਾਂ ਨੂੰ ਉਹ ਆਪਣੇ ਪ੍ਰਭਾਵ ਅਧੀਨ ਨਹੀਂ ਲਿਆ ਸਕਿਆ।
ਮਿਸਰ ਦੇਸ਼ ਛੁਟਕਾਰਾ ਨਹੀਂ ਪਾਉਂਦਾ
18, 19. ਦੱਖਣ ਦੇ ਰਾਜੇ ਨੇ ਕਿਨ੍ਹਾਂ ਤਰੀਕਿਆਂ ਵਿਚ ਆਪਣੇ ਵਿਰੋਧੀ ਦਾ ਪ੍ਰਭਾਵ ਮਹਿਸੂਸ ਕੀਤਾ?
18 ਯਹੋਵਾਹ ਦੇ ਦੂਤ ਨੇ ਅੱਗੇ ਕਿਹਾ ਕਿ “ਉਹ [ਉੱਤਰ ਦਾ ਰਾਜਾ] ਆਪਣਾ ਹੱਥ ਦੇਸਾਂ ਉੱਤੇ ਚਲਾਵੇਗਾ ਅਤੇ ਮਿਸਰ ਦੇਸ ਵੀ ਛੁਟਕਾਰਾ ਨਾ ਪਾਏਗਾ। ਪਰ ਉਹ ਸੋਨੇ, ਚਾਂਦੀ ਦੇ ਖ਼ਜ਼ਾਨਿਆਂ ਅਤੇ ਮਿਸਰ ਦੇਸ ਦਿਆਂ ਸਾਰਿਆਂ ਪਦਾਰਥਾਂ ਉੱਤੇ ਜ਼ੋਰ ਰੱਖੇਗਾ ਅਤੇ ਲੂਬੀ ਅਰ ਕੂਸ਼ੀ ਉਸ ਦੇ ਮਗਰ ਲੱਗਣਗੇ।” (ਦਾਨੀਏਲ 11:42, 43) ਦੱਖਣ ਦਾ ਰਾਜ, “ਮਿਸਰ” ਵੀ ਉੱਤਰ ਦੇ ਰਾਜੇ ਦੀਆਂ ਫੈਲਾਉ ਨੀਤੀਆਂ ਦੇ ਅਸਰਾਂ ਤੋਂ ਨਹੀਂ ਬਚਿਆ। ਮਿਸਾਲ ਲਈ, ਦੱਖਣ ਦਾ ਰਾਜਾ ਵੀਅਤਨਾਮ ਵਿਚ ਬੁਰੀ ਤਰ੍ਹਾਂ ਹਾਰਿਆ। ਅਤੇ ‘ਲੂਬੀਆਂ ਅਰ ਕੂਸ਼ੀਆਂ’ ਬਾਰੇ ਕੀ ਕਿਹਾ ਜਾ ਸਕਦਾ ਹੈ? ਪ੍ਰਾਚੀਨ ਮਿਸਰ ਦੇ ਇਹ ਗੁਆਂਢੀ ਦੇਸ਼ ਸ਼ਾਇਦ ਉਨ੍ਹਾਂ ਕੌਮਾਂ ਦਾ ਪਰਛਾਵਾਂ ਹੋਣ ਜੋ ਭੂਗੋਲਕ ਬੋਲੀ ਵਿਚ ਆਧੁਨਿਕ “ਮਿਸਰ” (ਦੱਖਣ ਦੇ ਰਾਜੇ) ਦੇ ਗੁਆਂਢੀ ਹਨ। ਸਮੇਂ-ਸਮੇਂ ਤੇ, ਉਹ ਉੱਤਰ ਦੇ ਰਾਜੇ ਦਿਆਂ ਕਦਮਾਂ ਤੇ ਚਲੇ, ਅਰਥਾਤ ਉਸ ਦੇ ‘ਮਗਰ ਲੱਗੇ।’
19 ਕੀ ਉੱਤਰ ਦੇ ਰਾਜੇ ਨੇ ‘ਮਿਸਰ ਦੇਸ ਦਿਆਂ ਖ਼ਜ਼ਾਨਿਆਂ’ ਉੱਪਰ ਰਾਜ ਕੀਤਾ ਹੈ? ਉਸ ਨੇ ਦੱਖਣ ਦੇ ਰਾਜੇ ਦੇ ਸਰਕਾਰੀ ਖ਼ਰਚ ਉੱਤੇ ਵੱਡਾ ਪ੍ਰਭਾਵ ਪਾਇਆ। ਆਪਣੇ ਵਿਰੋਧੀ ਤੋਂ ਡਰ ਕੇ, ਦੱਖਣ ਦੇ ਰਾਜੇ ਨੇ ਵੱਡੀ ਫ਼ੌਜ, ਜਲ ਸੈਨਾ, ਅਤੇ ਹਵਾਈ ਸੈਨਾ ਨੂੰ ਕਾਇਮ ਰੱਖਣ ਲਈ ਕਰੋੜਾਂ ਡਾਲਰ ਖ਼ਰਚ ਕੀਤੇ। ਉੱਤਰ ਦੇ ਰਾਜੇ ਨੇ ਇਸ ਹੱਦ ਤਕ ਦੱਖਣ ਦੇ ਰਾਜੇ ਦੀ ਧਨ-ਦੌਲਤ ਦੇ ਖ਼ਰਚ ‘ਉੱਤੇ ਜ਼ੋਰ ਰੱਖਿਆ,’ ਜਾਂ ਉਸ ਨੂੰ ਕੰਟ੍ਰੋਲ ਕੀਤਾ।
ਅੰਤਲੀ ਕਾਰਵਾਈ
20. ਉੱਤਰ ਦੇ ਰਾਜੇ ਦੀ ਅੰਤਲੀ ਕਾਰਵਾਈ ਬਾਰੇ ਦੂਤ ਕੀ ਕਹਿੰਦਾ ਹੈ?
20 ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦੀ ਵਿਰੋਧਤਾ—ਭਾਵੇਂ ਸੈਨਿਕ, ਆਰਥਿਕ, ਜਾਂ ਕਿਸੇ ਦੂਜੇ ਜ਼ਰੀਏ—ਦਾ ਅੰਤ ਨਜ਼ਦੀਕ ਹੈ। ਅਜੇ ਅੱਗੇ ਹੋਣ ਵਾਲੇ ਇਕ ਸੰਘਰਸ਼ ਦੀਆਂ ਗੱਲਾਂ ਪ੍ਰਗਟ ਕਰਦਿਆਂ ਯਹੋਵਾਹ ਦੇ ਦੂਤ ਨੇ ਕਿਹਾ ਕਿ “ਚੜ੍ਹਦੇ ਅਤੇ ਉੱਤਰ ਵੱਲ ਦੀਆਂ ਖਬਰਾਂ [ਉੱਤਰ ਦੇ ਰਾਜੇ] ਨੂੰ ਘਬਰਾਉਣਗੀਆਂ, ਇਸ ਲਈ ਉਹ ਵੱਡੇ ਕ੍ਰੋਧ ਨਾਲ ਨਿੱਕਲੇਗਾ ਜੋ ਬਹੁਤਿਆਂ ਦਾ ਨਾਸ ਕਰੇ ਅਤੇ ਉਨ੍ਹਾਂ ਨੂੰ ਮੂਲੋਂ ਮਿਟਾ ਸੁੱਟੇ। ਅਤੇ ਉਹ ਆਪਣੇ ਸ਼ਾਹੀ ਡੇਰੇ ਸਮੁੰਦਰ ਤੇ ਪਰਤਾਪਵਾਨ ਪਵਿੱਤ੍ਰ ਪਹਾੜ ਦੇ ਵਿਚਕਾਰ ਲਾਵੇਗਾ ਪਰ ਉਹ ਆਪਣੇ ਅੰਤ ਨੂੰ ਪੁੱਜ ਪਵੇਗਾ ਅਤੇ ਉਸ ਦਾ ਸਹਾਇਕ ਕੋਈ ਨਾ ਹੋਵੇਗਾ।”—ਦਾਨੀਏਲ 11:44, 45.
21. ਉੱਤਰ ਦੇ ਰਾਜੇ ਬਾਰੇ ਹਾਲੇ ਹੋਰ ਕੀ ਪਤਾ ਚੱਲਣਾ ਹੈ?
21 ਦਸੰਬਰ 1991 ਵਿਚ ਸੋਵੀਅਤ ਸੰਘ ਦੇ ਟੁੱਟ ਜਾਣ ਨਾਲ ਉੱਤਰ ਦਾ ਰਾਜਾ ਬੁਰੀ ਤਰ੍ਹਾਂ ਹਾਰਿਆ। ਜਦੋਂ ਦਾਨੀਏਲ 11:44, 45 ਦੀ ਪੂਰਤੀ ਹੋਵੇਗੀ, ਇਹ ਰਾਜਾ ਕੌਣ ਹੋਵੇਗਾ? ਕੀ ਉਹ ਸਾਬਕਾ ਸੋਵੀਅਤ ਸੰਘ ਦਿਆਂ ਦੇਸ਼ਾਂ ਵਿੱਚੋਂ ਇਕ ਦੇਸ਼ ਹੋਵੇਗਾ? ਜਾਂ ਕੀ ਉਹ ਆਪਣਾ ਭੇਸ ਬਿਲਕੁਲ ਹੀ ਬਦਲ ਲਵੇਗਾ, ਜਿਵੇਂ ਉਸ ਨੇ ਕਈ ਵਾਰ ਪਹਿਲਾਂ ਬਦਲਿਆ ਹੈ? ਕੀ ਹੋਰ ਕੌਮਾਂ ਦੁਆਰਾ ਪਰਮਾਣੂ ਹਥਿਆਰਾਂ ਦੀ ਤਰੱਕੀ ਦਾ ਨਤੀਜਾ, ਹਥਿਆਰਾਂ ਦੀ ਇਕ ਨਵੀਂ ਦੌੜ ਸ਼ੁਰੂ ਹੋਵੇਗੀ ਜਿਸ ਕਾਰਨ ਇਹ ਰਾਜਾ ਕੋਈ ਹੋਰ ਹੀ ਹੋਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਸਮਾਂ ਆਉਣ ਤੇ ਹੀ ਮਿਲਣਗੇ। ਇਹ ਅਕਲਮੰਦੀ ਦੀ ਗੱਲ ਹੈ ਕਿ ਅਸੀਂ ਅੰਦਾਜ਼ਾ ਨਾ ਲਗਾਈਏ। ਜਦੋਂ ਉੱਤਰ ਦਾ ਰਾਜਾ ਆਪਣੀ ਆਖ਼ਰੀ ਕਾਰਵਾਈ ਸ਼ੁਰੂ ਕਰੇਗਾ, ਬਾਈਬਲ-ਆਧਾਰਿਤ ਸੂਝ ਵਾਲੇ ਸਾਰੇ ਵਿਅਕਤੀ ਇਸ ਦੀ ਪੂਰਤੀ ਨੂੰ ਚੰਗੀ ਤਰ੍ਹਾਂ ਸਿਆਣਨਗੇ।—ਸਫ਼ਾ 284 ਉੱਤੇ “ਦਾਨੀਏਲ ਦੇ ਗਿਆਰ੍ਹਵੇਂ ਅਧਿਆਇ ਵਿਚ ਰਾਜੇ” ਦੇਖੋ।
22. ਉੱਤਰ ਦੇ ਰਾਜੇ ਦੇ ਅੰਤਲੇ ਹਮਲੇ ਬਾਰੇ ਕਿਹੜੇ ਸਵਾਲ ਪੈਦਾ ਹੁੰਦੇ ਹਨ?
22 ਪਰ, ਸਾਨੂੰ ਇਹ ਜ਼ਰੂਰ ਪਤਾ ਹੈ ਕਿ ਜਲਦੀ ਹੀ ਉੱਤਰ ਦਾ ਰਾਜਾ ਕੀ ਕਰਨ ਵਾਲਾ ਹੈ। “ਚੜ੍ਹਦੇ ਅਤੇ ਉੱਤਰ ਵੱਲ ਦੀਆਂ ਖਬਰਾਂ” ਸੁਣ ਕੇ ਉਹ ਕਾਰਵਾਈ ਕਰੇਗਾ ਤਾਂ “ਜੋ [ਉਹ] ਬਹੁਤਿਆਂ ਦਾ ਨਾਸ ਕਰੇ।” ਇਹ ਕਾਰਵਾਈ ਕਿਨ੍ਹਾਂ ਵਿਰੁੱਧ ਹੈ? ਅਤੇ ਕਿਹੜੀਆਂ “ਖਬਰਾਂ” ਅਜਿਹੇ ਹਮਲੇ ਨੂੰ ਸ਼ੁਰੂ ਕਰਦੀਆਂ ਹਨ?
ਘਬਰਾਉਣ ਵਾਲੀਆਂ ਖ਼ਬਰਾਂ ਦੁਆਰਾ ਹੈਰਾਨ
23. (ੳ) ਆਰਮਾਗੇਡਨ ਤੋਂ ਪਹਿਲਾਂ ਕਿਹੜੀ ਵੱਡੀ ਘਟਨਾ ਵਾਪਰਨੀ ਹੈ? (ਅ) ‘ਚੜ੍ਹਦੀ ਵੱਲੋਂ ਰਾਜੇ’ ਕੌਣ ਹਨ?
23 ਗੌਰ ਕਰੋ ਕਿ ਪਰਕਾਸ਼ ਦੀ ਪੋਥੀ ਵੱਡੀ ਬਾਬੁਲ, ਅਰਥਾਤ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ, ਦੇ ਅੰਤ ਬਾਰੇ ਕੀ ਕਹਿੰਦੀ ਹੈ। ਆਰਮਾਗੇਡਨ, ਅਰਥਾਤ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ” ਤੋਂ ਪਹਿਲਾਂ, ਸੱਚੀ ਉਪਾਸਨਾ ਦੀ ਇਹ ਡਾਢੀ ਵੈਰਣ “ਅੱਗ ਨਾਲ ਭਸਮ ਕੀਤੀ ਜਾਵੇਗੀ।” (ਪਰਕਾਸ਼ ਦੀ ਪੋਥੀ 16:14, 16; 18:2-8) ਉਸ ਦੀ ਤਬਾਹੀ, ਪ੍ਰਤੀਕਾਤਮਕ ਫਰਾਤ ਦਰਿਆ ਉੱਤੇ ਪਰਮੇਸ਼ੁਰ ਦੇ ਕ੍ਰੋਧ ਦੇ ਛੇਵੇਂ ਕਟੋਰੇ ਦੇ ਉਲੱਦਣ ਨਾਲ ਦਰਸਾਈ ਗਈ ਹੈ। ਦਰਿਆ ਦਾ ਪਾਣੀ ਸੁੱਕ ਗਿਆ “ਤਾਂ ਜੋ ਚੜ੍ਹਦੀ ਵੱਲੋਂ ਜਿਹੜੇ ਰਾਜੇ ਆਉਣ ਵਾਲੇ ਹਨ ਓਹਨਾਂ ਲਈ ਰਾਹ ਤਿਆਰ ਕੀਤਾ ਜਾਵੇ।” (ਪਰਕਾਸ਼ ਦੀ ਪੋਥੀ 16:12) ਇਹ ਰਾਜੇ ਕੌਣ ਹਨ? ਉਹ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਹੀ ਹਨ!—ਯਸਾਯਾਹ 41:2; 46:10, 11 ਦੀ ਤੁਲਨਾ ਕਰੋ।
24. ਯਹੋਵਾਹ ਦਾ ਕਿਹੜਾ ਕਾਰਜ ਸ਼ਾਇਦ ਉੱਤਰ ਦੇ ਰਾਜੇ ਨੂੰ ਘਬਰਾਏਗਾ?
24 ਪਰਕਾਸ਼ ਦੀ ਪੋਥੀ ਵਿਚ ਵੱਡੀ ਬਾਬੁਲ ਦੀ ਤਬਾਹੀ ਸਪੱਸ਼ਟ ਤਰੀਕੇ ਨਾਲ ਬਿਆਨ ਕੀਤੀ ਗਈ ਹੈ, ਜਿੱਥੇ ਲਿਖਿਆ ਗਿਆ ਹੈ ਕਿ “ਜਿਹੜੇ ਦਸ ਸਿੰਙ ਤੈਂ ਵੇਖੇ ਸਨ [ਅੰਤ ਦੇ ਸਮੇਂ ਵਿਚ ਰਾਜ ਕਰ ਰਹੇ ਹਾਕਮ] ਨਾਲੇ ਉਹ ਦਰਿੰਦਾ [ਸੰਯੁਕਤ ਰਾਸ਼ਟਰ-ਸੰਘ], ਏਹ ਓਸ ਕੰਜਰੀ ਨਾਲ ਵੈਰ ਕਰਨਗੇ ਅਤੇ ਉਹ ਨੂੰ ਉਜਾੜ ਦੇਣਗੇ ਅਤੇ ਨੰਗਿਆਂ ਕਰਨਗੇ ਅਤੇ ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ।” (ਪਰਕਾਸ਼ ਦੀ ਪੋਥੀ 17:16) ਹਾਕਮ ਵੱਡੀ ਬਾਬੁਲ ਨੂੰ ਕਿਉਂ ਤਬਾਹ ਕਰਨਗੇ? ਕਿਉਂਕਿ ‘ਪਰਮੇਸ਼ੁਰ ਓਹਨਾਂ ਦੇ ਦਿਲ ਵਿੱਚ ਇਹ ਗੱਲ ਪਾਉਂਦਾ ਹੈ।’ (ਪਰਕਾਸ਼ ਦੀ ਪੋਥੀ 17:17) ਇਨ੍ਹਾਂ ਹਾਕਮਾਂ ਵਿਚ ਉੱਤਰ ਦਾ ਰਾਜਾ ਵੀ ਸ਼ਾਮਲ ਹੈ। ਜੋ ਕੁਝ ਉਹ ‘ਚੜ੍ਹਦੇ ਵੱਲੋਂ’ ਸੁਣਦਾ ਹੈ, ਉਹ ਸ਼ਾਇਦ ਯਹੋਵਾਹ ਦੇ ਇਸ ਕਾਰਜ ਦਾ ਜ਼ਿਕਰ ਹੋ ਸਕਦਾ ਹੈ, ਜਦੋਂ ਉਹ ਮਨੁੱਖੀ ਆਗੂਆਂ ਦੇ ਦਿਲਾਂ ਵਿਚ ਇਸ ਵੱਡੀ ਧਾਰਮਿਕ ਕੰਜਰੀ ਨੂੰ ਨਾਸ ਕਰਨ ਦਾ ਇਰਾਦਾ ਪਾ ਦਿੰਦਾ ਹੈ।
25. (ੳ) ਉੱਤਰ ਦੇ ਰਾਜੇ ਦਾ ਖ਼ਾਸ ਨਿਸ਼ਾਨਾ ਕੀ ਹੈ? (ਅ) ਉੱਤਰ ਦਾ ਰਾਜਾ “ਆਪਣੇ ਸ਼ਾਹੀ ਡੇਰੇ” ਕਿੱਥੇ ‘ਲਾਉਂਦਾ’ ਹੈ?
25 ਪਰ ਉੱਤਰ ਦੇ ਰਾਜੇ ਦੇ ਕ੍ਰੋਧ ਦਾ ਇਕ ਖ਼ਾਸ ਨਿਸ਼ਾਨਾ ਹੈ। ਦੂਤ ਕਹਿੰਦਾ ਹੈ ਕਿ “ਉਹ ਆਪਣੇ ਸ਼ਾਹੀ ਡੇਰੇ ਸਮੁੰਦਰ ਤੇ ਪਰਤਾਪਵਾਨ ਪਵਿੱਤ੍ਰ ਪਹਾੜ ਦੇ ਵਿਚਕਾਰ ਲਾਵੇਗਾ।” ਦਾਨੀਏਲ ਦੇ ਸਮਿਆਂ ਵਿਚ ਇਹ ਸਮੁੰਦਰ ਭੂਮੱਧ ਸਾਗਰ ਸੀ ਅਤੇ ਪਵਿੱਤਰ ਪਹਾੜ ਸੀਯੋਨ ਸੀ, ਜਿੱਥੇ ਇਕ ਸਮੇਂ ਪਰਮੇਸ਼ੁਰ ਦੀ ਹੈਕਲ ਸੀ। ਇਸ ਤਰ੍ਹਾਂ ਭਵਿੱਖਬਾਣੀ ਦੀ ਪੂਰਤੀ ਵਿਚ ਉੱਤਰ ਦਾ ਕ੍ਰੋਧਿਤ ਰਾਜਾ ਪਰਮੇਸ਼ੁਰ ਦੇ ਲੋਕਾਂ ਵਿਰੁੱਧ ਕਾਰਵਾਈ ਕਰਦਾ ਹੈ। ਰੂਹਾਨੀ ਭਾਵ ਵਿਚ “ਸਮੁੰਦਰ ਤੇ ਪਰਤਾਪਵਾਨ ਪਵਿੱਤ੍ਰ ਪਹਾੜ ਦੇ ਵਿਚਕਾਰ” ਸਥਾਨ, ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਦੀ ਰੂਹਾਨੀ ਦਸ਼ਾ ਨੂੰ ਦਰਸਾਉਂਦਾ ਹੈ। ਉਹ ਪਰਮੇਸ਼ੁਰ ਤੋਂ ਅੱਡ ਮਨੁੱਖਜਾਤੀ ਦੇ “ਸਮੁੰਦਰ” ਵਿੱਚੋਂ ਨਿਕਲ ਆਏ ਹਨ ਅਤੇ ਯਿਸੂ ਮਸੀਹ ਨਾਲ ਸਵਰਗੀ ਸੀਯੋਨ ਦੇ ਪਹਾੜ ਉੱਤੇ ਰਾਜ ਕਰਨ ਦੀ ਉਮੀਦ ਰੱਖਦੇ ਹਨ।—ਯਸਾਯਾਹ 57:20; ਇਬਰਾਨੀਆਂ 12:22; ਪਰਕਾਸ਼ ਦੀ ਪੋਥੀ 14:1.
26. ਹਿਜ਼ਕੀਏਲ ਦੀ ਭਵਿੱਖਬਾਣੀ ਦੇ ਅਨੁਸਾਰ, “ਉੱਤਰ ਵੱਲੋਂ” ਖ਼ਬਰ ਸ਼ਾਇਦ ਕਿਸ ਤੋਂ ਆਵੇਗੀ?
26 ਦਾਨੀਏਲ ਦੇ ਇਕ ਹਾਣੀ, ਹਿਜ਼ਕੀਏਲ ਨੇ ਵੀ ਪਰਮੇਸ਼ੁਰ ਦੇ ਲੋਕਾਂ ਉੱਤੇ “ਅਖੀਰੀ ਦਿਹਾੜਿਆਂ ਵਿੱਚ” ਇਕ ਹਮਲੇ ਬਾਰੇ ਭਵਿੱਖਬਾਣੀ ਕੀਤੀ ਸੀ। ਉਸ ਨੇ ਕਿਹਾ ਸੀ ਕਿ ਮਾਗੋਗ ਦਾ ਗੋਗ, ਸ਼ਤਾਨ ਅਰਥਾਤ ਇਬਲੀਸ, ਵਿਰੋਧਤਾ ਸ਼ੁਰੂ ਕਰੇਗਾ। (ਹਿਜ਼ਕੀਏਲ 38:14, 16) ਪ੍ਰਤੀਕਾਤਮਕ ਤੌਰ ਤੇ, ਗੋਗ ਕਿੱਧਰੋਂ ਆਉਂਦਾ ਹੈ? ਹਿਜ਼ਕੀਏਲ ਦੁਆਰਾ ਯਹੋਵਾਹ ਕਹਿੰਦਾ ਹੈ: “ਉੱਤਰ ਵੱਲੋਂ ਦੁਰੇਡਿਓਂ।” (ਹਿਜ਼ਕੀਏਲ 38:15) ਇਹ ਹਮਲਾ ਜਿੰਨਾ ਵੀ ਮਰਜ਼ੀ ਭੈੜਾ ਹੋਵੇ, ਫਿਰ ਵੀ ਇਹ ਯਹੋਵਾਹ ਦੇ ਲੋਕਾਂ ਨੂੰ ਨਾਸ ਨਹੀਂ ਕਰੇਗਾ। ਯਹੋਵਾਹ ਗੋਗ ਦਿਆਂ ਲਸ਼ਕਰਾਂ ਨੂੰ ਨਾਸ ਕਰਨ ਲਈ ਇਕ ਜੁਗਤ ਆਰੰਭ ਕਰੇਗਾ ਅਤੇ ਫਿਰ ਇਹ ਜ਼ਬਰਦਸਤ ਟਾਕਰਾ ਹੋਵੇਗਾ। ਇਸ ਕਰਕੇ ਯਹੋਵਾਹ ਸ਼ਤਾਨ ਨੂੰ ਕਹਿੰਦਾ ਹੈ ਕਿ “ਮੈਂ . . . ਤੇਰੇ ਜਬਾੜਿਆਂ ਵਿੱਚ ਕੰਡਿਆਲਾ ਪਾਕੇ ਤੈਨੂੰ . . . ਖਿੱਚ ਕੇ ਕੱਢ ਲਵਾਂਗਾ।” “ਮੈਂ ਤੈਨੂੰ . . . ਉੱਤਰ ਵੱਲੋਂ ਦੁਰੇਡਿਓਂ ਚੜ੍ਹਾ ਲਿਆਵਾਂਗਾ ਅਤੇ ਤੈਨੂੰ ਇਸਰਾਏਲ ਦੇ ਪਰਬਤਾਂ ਉੱਤੇ ਲਿਆਵਾਂਗਾ।” (ਹਿਜ਼ਕੀਏਲ 38:4; 39:2) ਇਸ ਲਈ ਇਹ ਖ਼ਬਰ ਜੋ “ਉੱਤਰ ਵੱਲੋਂ” ਉੱਤਰ ਦੇ ਰਾਜੇ ਨੂੰ ਚਿੜਾਉਂਦੀ ਹੈ, ਨਿਸ਼ਚੇ ਹੀ ਯਹੋਵਾਹ ਤੋਂ ਆਵੇਗੀ। ਪਰ ਅਸਲ ਵਿਚ ‘ਚੜ੍ਹਦੇ ਅਤੇ ਉੱਤਰ ਵੱਲੋਂ’ ਇਨ੍ਹਾਂ ਖ਼ਬਰਾਂ ਵਿਚ ਕੀ ਹੋਵੇਗਾ, ਇਹ ਸਿਰਫ਼ ਪਰਮੇਸ਼ੁਰ ਹੀ ਠਾਣੇਗਾ ਅਤੇ ਸਮਾਂ ਆਉਣ ਤੇ ਸਾਨੂੰ ਪਤਾ ਚੱਲੇਗਾ।
27. (ੳ) ਗੋਗ ਕੌਮਾਂ ਨੂੰ, ਜਿਨ੍ਹਾਂ ਵਿਚ ਉੱਤਰ ਦਾ ਰਾਜਾ ਵੀ ਸ਼ਾਮਲ ਹੈ, ਯਹੋਵਾਹ ਦੇ ਲੋਕਾਂ ਉੱਤੇ ਹਮਲਾ ਕਰਨ ਲਈ ਕਿਉਂ ਉਕਸਾਏਗਾ? (ਅ) ਗੋਗ ਦੇ ਹਮਲੇ ਦਾ ਕੀ ਨਤੀਜਾ ਨਿਕਲੇਗਾ?
27 ‘ਪਰਮੇਸ਼ੁਰ ਦਾ ਇਸਰਾਏਲ’ ਅਤੇ ‘ਹੋਰ ਭੇਡਾਂ’ ਦੀ “ਵੱਡੀ ਭੀੜ” ਹੁਣ ਇਸ ਜਗਤ ਦੇ ਨਹੀਂ ਹਨ। “ਪਰਮੇਸ਼ੁਰ ਦੇ ਇਸਰਾਏਲ” ਦੀ ਖ਼ੁਸ਼ਹਾਲੀ ਕਾਰਨ, ਗੋਗ ਇਕ ਸਿਰ-ਤੋੜ ਹਮਲੇ ਦਾ ਪ੍ਰਬੰਧ ਕਰਦਾ ਹੈ। (ਗਲਾਤੀਆਂ 6:16; ਯੂਹੰਨਾ 10:16; ਪਰਕਾਸ਼ ਦੀ ਪੋਥੀ 7:9; ਯੂਹੰਨਾ 17:15, 16; 1 ਯੂਹੰਨਾ 5:19) ਗੋਗ ‘ਉਨ੍ਹਾਂ ਲੋਕਾਂ ਤੇ ਜਿਹੜੇ ਸਾਰੀਆਂ ਕੌਮਾਂ ਵਿੱਚੋਂ ਇਕੱਠੇ ਹੋਏ ਹਨ, ਜਿਨ੍ਹਾਂ ਨੇ ਰੂਹਾਨੀ ਮਾਲ ਨੂੰ ਪਰਾਪਤ ਕੀਤਾ ਹੈ,’ ਘਿਰਣਾ ਨਾਲ ਦੇਖਦਾ ਹੈ। (ਹਿਜ਼ਕੀਏਲ 38:12) ਮਸੀਹੀ ਰੂਹਾਨੀ ਦਸ਼ਾ ਨੂੰ “ਬੇਸਫੀਲਿਆਂ ਪਿੰਡਾਂ ਦੇ ਦੇਸ” ਵਜੋਂ ਦੇਖਦਿਆਂ ਜਿਸ ਉੱਤੇ ਸੌਖਿਆਂ ਹੀ ਕਾਬੂ ਪਾਇਆ ਜਾ ਸਕਦਾ ਹੈ, ਗੋਗ ਮਨੁੱਖਜਾਤੀ ਉੱਤੇ ਆਪਣੇ ਪੂਰੇ ਕੰਟ੍ਰੋਲ ਦੇ ਇਸ ਅੜਿੱਕੇ ਨੂੰ ਮਿਟਾਉਣ ਦਾ ਵੱਡਾ ਜਤਨ ਕਰਦਾ ਹੈ। ਪਰ ਉਹ ਅਸਫ਼ਲ ਹੁੰਦਾ ਹੈ। (ਹਿਜ਼ਕੀਏਲ 38:11, 18; 39:4) ਜਦੋਂ ਧਰਤੀ ਦੇ ਰਾਜੇ, ਜਿਨ੍ਹਾਂ ਵਿਚ ਉੱਤਰ ਦਾ ਰਾਜਾ ਵੀ ਸ਼ਾਮਲ ਹੈ, ਯਹੋਵਾਹ ਦੇ ਲੋਕਾਂ ਉੱਤੇ ਹਮਲਾ ਕਰਨਗੇ, ਤਾਂ ‘ਉਹ ਆਪਣੇ ਅੰਤ ਤੇ ਪੁੱਜ ਜਾਣਗੇ।’
‘ਰਾਜਾ ਆਪਣੇ ਅੰਤ ਤੇ ਪੁੱਜ ਜਾਵੇਗਾ’
28. ਅਸੀਂ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦੇ ਭਵਿੱਖ ਬਾਰੇ ਕੀ ਜਾਣਦੇ ਹਾਂ?
28 ਉੱਤਰ ਦੇ ਰਾਜੇ ਦੀ ਅੰਤਲੀ ਕਾਰਵਾਈ ਦੱਖਣ ਦੇ ਰਾਜੇ ਦੇ ਵਿਰੁੱਧ ਨਹੀਂ ਕੀਤੀ ਜਾਂਦੀ। ਇਸ ਕਰਕੇ, ਉੱਤਰ ਦੇ ਰਾਜੇ ਦਾ ਅੰਤ ਉਸ ਦੇ ਡਾਢੇ ਵਿਰੋਧੀ ਦੁਆਰਾ ਨਹੀਂ ਹੁੰਦਾ ਹੈ। ਇਸੇ ਤਰ੍ਹਾਂ, ਦੱਖਣ ਦਾ ਰਾਜਾ ਵੀ ਉੱਤਰ ਦੇ ਰਾਜੇ ਦੇ ਹੱਥੀਂ ਤਬਾਹ ਨਹੀਂ ਹੁੰਦਾ। ਦੱਖਣ ਦਾ ਰਾਜਾ ਪਰਮੇਸ਼ੁਰ ਦੇ ਰਾਜ ਦੁਆਰਾ, “ਬਿਨਾ [ਮਨੁੱਖੀ] ਹੱਥ ਲਾਏ” ਤਬਾਹ ਕੀਤਾ ਜਾਂਦਾ ਹੈ।a (ਦਾਨੀਏਲ 8:25) ਅਸਲ ਵਿਚ, ਆਰਮਾਗੇਡਨ ਦੇ ਯੁੱਧ ਤੇ ਧਰਤੀ ਦੇ ਸਾਰਿਆਂ ਰਾਜਿਆਂ ਨੂੰ ਪਰਮੇਸ਼ੁਰ ਦੇ ਰਾਜ ਦੁਆਰਾ ਹਟਾਇਆ ਜਾਣਾ ਹੈ, ਅਤੇ ਜ਼ਾਹਰ ਹੈ ਕਿ ਉੱਤਰ ਦੇ ਰਾਜੇ ਨਾਲ ਵੀ ਇਹੀ ਹੋਵੇਗਾ। (ਦਾਨੀਏਲ 2:44) ਦਾਨੀਏਲ 11:44, 45 ਇਸ ਅੰਤਲੇ ਯੁੱਧ ਤਕ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਦਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਜਦੋਂ ਉੱਤਰ ਦੇ ਰਾਜੇ ਦਾ ਅੰਤ ਹੁੰਦਾ ਹੈ “ਉਸ ਦਾ ਸਹਾਇਕ ਕੋਈ ਨਾ ਹੋਵੇਗਾ”!
[ਫੁਟਨੋਟ]
a ਇਸ ਪੁਸਤਕ ਦਾ ਦਸਵਾਂ ਅਧਿਆਇ ਦੇਖੋ।
ਅਸੀਂ ਕੀ ਸਿੱਖਿਆ?
• ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉੱਤਰ ਦੇ ਰਾਜੇ ਦਾ ਭੇਸ ਕਿਵੇਂ ਬਦਲ ਗਿਆ?
• ਅੰਤ ਵਿਚ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਨਾਲ ਕੀ ਹੋਵੇਗਾ?
• ਦੋ ਰਾਜਿਆਂ ਵਿਚਕਾਰ ਵਿਰੋਧਤਾ ਬਾਰੇ ਦਾਨੀਏਲ ਦੀ ਭਵਿੱਖਬਾਣੀ ਉੱਤੇ ਧਿਆਨ ਦੇ ਕੇ ਤੁਹਾਨੂੰ ਕਿਵੇਂ ਲਾਭ ਹਾਸਲ ਹੋਇਆ ਹੈ?
[ਸਫ਼ਾ 284 ਉੱਤੇ ਚਾਰਟ/ਤਸਵੀਰ]
ਦਾਨੀਏਲ ਦੇ ਗਿਆਰ੍ਹਵੇਂ ਅਧਿਆਇ ਵਿਚ ਰਾਜੇ
ਉੱਤਰ ਦਾ ਰਾਜਾ ਦੱਖਣ ਦਾ ਰਾਜਾ
ਦਾਨੀਏਲ 11:5 ਸਿਲੂਕਸ ਪਹਿਲਾ ਨਿਕੇਟਰ ਟਾਲਮੀ ਪਹਿਲਾ
ਦਾਨੀਏਲ 11:6 ਐਂਟੀਓਕਸ ਦੂਜਾ ਟਾਲਮੀ ਦੂਜਾ
(ਪਤਨੀ ਲੇਓਡੀਸ) (ਧੀ ਬੇਰੇਨਾਈਸੀ)
ਦਾਨੀਏਲ 11:7-9 ਸਿਲੂਕਸ ਦੂਜਾ ਟਾਲਮੀ ਤੀਜਾ
ਦਾਨੀਏਲ 11:10-12 ਐਂਟੀਓਕਸ ਤੀਜਾ ਟਾਲਮੀ ਚੌਥਾ
ਦਾਨੀਏਲ 11:13-19 ਐਂਟੀਓਕਸ ਤੀਜਾ ਟਾਲਮੀ ਪੰਜਵਾਂ
(ਧੀ ਕਲੀਓਪੇਟਰਾ ਪਹਿਲੀ) ਵਾਰਸ: ਟਾਲਮੀ ਛੇਵਾਂ
ਵਾਰਸ:
ਸਿਲੂਕਸ ਚੌਥਾ ਅਤੇ
ਐਂਟੀਓਕਸ ਚੌਥਾ
ਦਾਨੀਏਲ 11:20 ਅਗਸਟਸ
ਦਾਨੀਏਲ 11:21-24 ਟਾਈਬੀਰੀਅਸ
ਦਾਨੀਏਲ 11:30ਅ, 31 ਹਿਟਲਰ ਦਾ ਤੀਜਾ ਰਾਜ ਐਂਗਲੋ-ਅਮਰੀਕੀ
(ਦੂਜਾ ਵਿਸ਼ਵ ਯੁੱਧ) ਵਿਸ਼ਵ ਸ਼ਕਤੀ
ਦਾਨੀਏਲ 11:32-43 ਕਮਿਊਨਿਸਟ ਬਲਾਕ ਐਂਗਲੋ-ਅਮਰੀਕੀ
(ਸੀਤ ਯੁੱਧ) ਵਿਸ਼ਵ ਸ਼ਕਤੀ
ਦਾਨੀਏਲ 11:44, 45 ਹਾਲੇ ਉੱਠਣ ਵਾਲਾb ਐਂਗਲੋ-ਅਮਰੀਕੀ
ਵਿਸ਼ਵ ਸ਼ਕਤੀ
[ਫੁਟਨੋਟ]
b ਦਾਨੀਏਲ ਦੇ ਗਿਆਰ੍ਹਵੇਂ ਅਧਿਆਇ ਦੀ ਭਵਿੱਖਬਾਣੀ ਉਨ੍ਹਾਂ ਸਿਆਸੀ ਹਸਤੀਆਂ ਦੇ ਨਾਂ ਨਹੀਂ ਦੱਸਦੀ ਹੈ ਜੋ ਸਮੇਂ-ਸਮੇਂ ਤੇ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਵਜੋਂ ਠਹਿਰੀਆਂ ਹਨ। ਘਟਨਾਵਾਂ ਸ਼ੁਰੂ ਹੋਣ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਉਹ ਕੌਣ ਹਨ। ਇਸ ਤੋਂ ਇਲਾਵਾ, ਕਿਉਂਕਿ ਸੰਘਰਸ਼ ਦੀ ਲੜੀ ਕਦੇ ਜਾਰੀ ਰਹਿੰਦੀ ਹੈ ਅਤੇ ਕਦੇ ਨਹੀਂ, ਇਸ ਤਰ੍ਹਾਂ ਇਕ ਰਾਜਾ ਕਦੇ ਹਕੂਮਤ ਕਰਦਾ ਹੈ ਅਤੇ ਦੂਜਾ ਸੰਘਰਸ਼ ਵਿਚ ਹਿੱਸਾ ਨਹੀਂ ਲੈਂਦਾ।
[ਪੂਰੇ ਸਫ਼ੇ 271 ਉੱਤੇ ਤਸਵੀਰ]
[ਸਫ਼ਾ 279 ਉੱਤੇ ਤਸਵੀਰਾਂ]
ਦੱਖਣ ਦੇ ਰਾਜੇ ਨੇ ਉੱਚ ਤਕਨਾਲੋਜੀ ਦੀ ਜਾਸੂਸੀ ਨਾਲੇ ਸੈਨਿਕ ਚੜ੍ਹਾਈਆਂ ਨਾਲ ‘ਧੱਕਮ-ਧੱਕਾ’ ਕੀਤਾ ਹੈ