ਅਧਿਆਇ 6
“ਤੇਰਾ ਅੰਤ ਆ ਚੁੱਕਾ ਹੈ”
ਮੁੱਖ ਗੱਲ: ਯਰੂਸ਼ਲਮ ਨੂੰ ਸਜ਼ਾ ਦੇਣ ਦੀਆਂ ਯਹੋਵਾਹ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਈਆਂ
1, 2. (ੳ) ਹਿਜ਼ਕੀਏਲ ਨੇ ਕਿਹੋ ਜਿਹੀਆਂ ਹਰਕਤਾਂ ਕੀਤੀਆਂ ਸਨ? (ਪਹਿਲੀ ਤਸਵੀਰ ਦੇਖੋ।) (ਅ) ਉਹ ਆਪਣੀਆਂ ਹਰਕਤਾਂ ਰਾਹੀਂ ਕੀ ਦੱਸਣਾ ਚਾਹੁੰਦਾ ਸੀ?
ਹਿਜ਼ਕੀਏਲ ਨਬੀ ਦੀਆਂ ਅਜੀਬੋ-ਗ਼ਰੀਬ ਹਰਕਤਾਂ ਬਾਰੇ ਬਾਬਲ ਵਿਚ ਰਹਿੰਦੇ ਸਾਰੇ ਗ਼ੁਲਾਮ ਯਹੂਦੀਆਂ ਨੂੰ ਪਤਾ ਲੱਗ ਜਾਂਦਾ ਹੈ। ਉਹ ਪੂਰਾ ਇਕ ਹਫ਼ਤਾ ਚੁੱਪ ਵੱਟ ਕੇ ਆਪਣੇ ਲੋਕਾਂ ਵਿਚ ਬੇਸੁਧ ਬੈਠਾ ਹੋਇਆ ਸੀ। ਪਰ ਹੁਣ ਉਹ ਅਚਾਨਕ ਉੱਠਦਾ ਹੈ ਅਤੇ ਆਪਣੇ ਘਰ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲੈਂਦਾ ਹੈ। ਹਿਜ਼ਕੀਏਲ ਦੀਆਂ ਇਹ ਹਰਕਤਾਂ ਦੇਖ ਕੇ ਉਸ ਦੇ ਗੁਆਂਢੀ ਹੈਰਾਨ-ਪਰੇਸ਼ਾਨ ਹਨ। ਫਿਰ ਉਸ ਦੇ ਗੁਆਂਢੀ ਦੇਖਦੇ ਹਨ ਕਿ ਉਹ ਨਬੀ ਇਕਦਮ ਬਾਹਰ ਆਉਂਦਾ ਹੈ, ਇਕ ਇੱਟ ਚੁੱਕਦਾ ਹੈ ਅਤੇ ਉਸ ਨੂੰ ਆਪਣੇ ਅੱਗੇ ਰੱਖ ਕੇ ਉਸ ਉੱਤੇ ਇਕ ਤਸਵੀਰ ਉੱਕਰਦਾ ਹੈ। ਫਿਰ ਉਹ ਬਿਨਾਂ ਕੁਝ ਬੋਲੇ ਉਸ ਇੱਟ ਦੇ ਆਲੇ-ਦੁਆਲੇ ਇਕ ਛੋਟੀ ਜਿਹੀ ਕੰਧ ਬਣਾਉਣ ਲੱਗ ਪੈਂਦਾ ਹੈ।—ਹਿਜ਼. 3:10, 11, 15, 24-26; 4:1, 2.
2 ਉਸ ਦੇ ਆਲੇ-ਦੁਆਲੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਸ਼ਾਇਦ ਸੋਚਦੇ ਹਨ, ‘ਇਸ ਸਭ ਦਾ ਕੀ ਮਤਲਬ ਹੈ?’ ਉਨ੍ਹਾਂ ਗ਼ੁਲਾਮ ਯਹੂਦੀਆਂ ਨੂੰ ਬਾਅਦ ਵਿਚ ਹੀ ਸਮਝ ਲੱਗੇਗਾ ਕਿ ਹਿਜ਼ਕੀਏਲ ਆਪਣੀਆਂ ਇਨ੍ਹਾਂ ਅਜੀਬੋ-ਗ਼ਰੀਬ ਹਰਕਤਾਂ ਰਾਹੀਂ ਦੱਸ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਕ ਭਿਆਨਕ ਘਟਨਾ ਵਾਪਰੇਗੀ ਜਦੋਂ ਯਹੋਵਾਹ ਪਰਮੇਸ਼ੁਰ ਦਾ ਗੁੱਸਾ ਭੜਕੇਗਾ। ਕਿਹੜੀ ਘਟਨਾ? ਪੁਰਾਣੇ ਸਮੇਂ ਵਿਚ ਇਜ਼ਰਾਈਲ ਕੌਮ ਉੱਤੇ ਇਸ ਦਾ ਕੀ ਅਸਰ ਪਿਆ? ਇਹ ਘਟਨਾ ਅੱਜ ਸ਼ੁੱਧ ਭਗਤੀ ਕਰਨ ਵਾਲਿਆਂ ਲਈ ਕੀ ਅਹਿਮੀਅਤ ਰੱਖਦੀ ਹੈ?
“ਇਕ ਇੱਟ ਲੈ . . . ਕਣਕ ਲੈ . . . ਤਿੱਖੀ ਤਲਵਾਰ ਲੈ”
3, 4. (ੳ) ਹਿਜ਼ਕੀਏਲ ਨੇ ਯਹੋਵਾਹ ਦੁਆਰਾ ਯਰੂਸ਼ਲਮ ਨੂੰ ਸਜ਼ਾ ਦੇਣ ਬਾਰੇ ਕੀ ਦੱਸਿਆ? (ਅ) ਹਿਜ਼ਕੀਏਲ ਨੇ ਯਰੂਸ਼ਲਮ ਦੀ ਘੇਰਾਬੰਦੀ ਬਾਰੇ ਦੱਸਣ ਲਈ ਕੀ ਕੀਤਾ?
3 ਲਗਭਗ 613 ਈਸਵੀ ਪੂਰਵ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ ਕਿ ਉਹ ਨਿਸ਼ਾਨੀਆਂ ਰਾਹੀਂ ਦਿਖਾਵੇ ਕਿ ਯਹੋਵਾਹ ਯਰੂਸ਼ਲਮ ਨੂੰ ਸਜ਼ਾ ਦੇਣ ਲਈ ਕੀ-ਕੀ ਕਰੇਗਾ। ਉਹ ਸਜ਼ਾ ਦੇਣ ਲਈ ਇਹ ਤਿੰਨ ਕਦਮ ਚੁੱਕੇਗਾ: ਸ਼ਹਿਰ ਦੀ ਘੇਰਾਬੰਦੀ, ਸ਼ਹਿਰ ਦੇ ਲੋਕਾਂ ʼਤੇ ਦੁੱਖਾਂ ਦਾ ਪਹਾੜ, ਸ਼ਹਿਰ ਅਤੇ ਇਸ ਦੇ ਲੋਕਾਂ ਦਾ ਨਾਸ਼।a ਆਓ ਆਪਾਂ ਇਨ੍ਹਾਂ ʼਤੇ ਗੌਰ ਕਰੀਏ।
4 ਯਰੂਸ਼ਲਮ ਦੀ ਘੇਰਾਬੰਦੀ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: “ਇਕ ਇੱਟ ਲੈ ਕੇ ਆਪਣੇ ਸਾਮ੍ਹਣੇ ਰੱਖ ਅਤੇ . . . ਇਸ ਦੀ ਘੇਰਾਬੰਦੀ ਕਰ।” (ਹਿਜ਼ਕੀਏਲ 4:1-3 ਪੜ੍ਹੋ।) ਇੱਟ ਯਰੂਸ਼ਲਮ ਨੂੰ ਦਰਸਾਉਂਦੀ ਸੀ ਅਤੇ ਹਿਜ਼ਕੀਏਲ ਬਾਬਲ ਦੀ ਫ਼ੌਜ ਨੂੰ ਦਰਸਾਉਂਦਾ ਸੀ ਜਿਸ ਨੂੰ ਵਰਤ ਕੇ ਯਹੋਵਾਹ ਨੇ ਯਰੂਸ਼ਲਮ ਦਾ ਨਾਸ਼ ਕਰਨਾ ਸੀ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ ਕਿ ਉਹ ਇੱਟ ਦੇ ਆਲੇ-ਦੁਆਲੇ ਘੇਰਾਬੰਦੀ ਕਰਨ ਲਈ ਕੰਧ ਉਸਾਰੇ, ਇਸ ʼਤੇ ਹਮਲਾ ਕਰਨ ਲਈ ਟਿੱਲਾ ਬਣਾਵੇ ਅਤੇ ਕਿਲਾਤੋੜ ਯੰਤਰ ਖੜ੍ਹੇ ਕਰੇ। ਇਸ ਤੋਂ ਲੋਕਾਂ ਨੂੰ ਪਤਾ ਲੱਗਾ ਕਿ ਦੁਸ਼ਮਣ ਕਿਵੇਂ ਯਰੂਸ਼ਲਮ ਦੀ ਘੇਰਾਬੰਦੀ ਕਰਨਗੇ ਅਤੇ ਇਸ ʼਤੇ ਹਮਲਾ ਕਰਨਗੇ। ਦੁਸ਼ਮਣ ਫ਼ੌਜਾਂ ਦੀ ਲੋਹੇ ਵਰਗੀ ਤਾਕਤ ਨੂੰ ਦਰਸਾਉਣ ਲਈ ਹਿਜ਼ਕੀਏਲ ਨੇ ਆਪਣੇ ਅਤੇ ਇੱਟ ਯਾਨੀ ਸ਼ਹਿਰ ਦੇ ਵਿਚਕਾਰ “ਲੋਹੇ ਦਾ ਇਕ ਤਵਾ” ਰੱਖਿਆ। ਫਿਰ ਉਸ ਨੇ ਸ਼ਹਿਰ ਵੱਲ “ਘੂਰੀ ਵੱਟ ਕੇ” ਦੇਖਿਆ। ਹਿਜ਼ਕੀਏਲ ਨੇ ਜੋ ਕੁਝ ਕੀਤਾ, ਉਹ “ਇਜ਼ਰਾਈਲ ਦੇ ਘਰਾਣੇ ਲਈ ਇਕ ਨਿਸ਼ਾਨੀ” ਸੀ ਕਿ ਅਜਿਹੀ ਘਟਨਾ ਵਾਪਰਨ ਵਾਲੀ ਸੀ ਜਿਸ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ। ਯਹੋਵਾਹ ਨੇ ਦੁਸ਼ਮਣ ਫ਼ੌਜ ਨੂੰ ਵਰਤ ਕੇ ਯਰੂਸ਼ਲਮ ਦੀ ਘੇਰਾਬੰਦੀ ਕਰਨੀ ਸੀ। ਇਹ ਸ਼ਹਿਰ ਪਰਮੇਸ਼ੁਰ ਦੇ ਲੋਕਾਂ ਦਾ ਖ਼ਾਸ ਸ਼ਹਿਰ ਸੀ ਅਤੇ ਇੱਥੇ ਪਰਮੇਸ਼ੁਰ ਦਾ ਮੰਦਰ ਸੀ!
5. ਹਿਜ਼ਕੀਏਲ ਨੇ ਕਿਵੇਂ ਦਿਖਾਇਆ ਕਿ ਯਰੂਸ਼ਲਮ ਦੇ ਲੋਕਾਂ ʼਤੇ ਦੁੱਖ ਆਉਣਗੇ?
5 ਯਰੂਸ਼ਲਮ ਦੇ ਲੋਕਾਂ ʼਤੇ ਦੁੱਖਾਂ ਦਾ ਪਹਾੜ। ਯਹੋਵਾਹ ਨੇ ਹਿਜ਼ਕੀਏਲ ਨੂੰ ਹੁਕਮ ਦਿੱਤਾ: “ਤੂੰ ਕਣਕ, ਜੌਂ, ਰਵਾਂਹ ਦੀਆਂ ਫਲੀਆਂ, ਦਾਲਾਂ, ਬਾਜਰਾ ਅਤੇ ਘਟੀਆ ਕਿਸਮ ਦੀ ਕਣਕ ਲਈਂ . . . ਅਤੇ ਇਨ੍ਹਾਂ ਦੀ ਰੋਟੀ ਪਕਾਈਂ” ਅਤੇ “ਤੂੰ ਰੋਜ਼ 20 ਸ਼ੇਕੇਲ ਭੋਜਨ ਤੋਲ ਕੇ ਖਾਈਂ।” ਫਿਰ ਯਹੋਵਾਹ ਨੇ ਕਿਹਾ: “ਮੈਂ ਯਰੂਸ਼ਲਮ ਵਿੱਚੋਂ ਰੋਟੀ ਖ਼ਤਮ ਕਰ ਦਿਆਂਗਾ।” (ਹਿਜ਼. 4:9-16) ਇਸ ਦ੍ਰਿਸ਼ ਵਿਚ ਹਿਜ਼ਕੀਏਲ ਬਾਬਲ ਦੀ ਫ਼ੌਜ ਨੂੰ ਨਹੀਂ, ਸਗੋਂ ਯਰੂਸ਼ਲਮ ਦੇ ਵਾਸੀਆਂ ਨੂੰ ਦਰਸਾਉਂਦਾ ਸੀ। ਹਿਜ਼ਕੀਏਲ ਨੇ ਜੋ ਕਰ ਕੇ ਦਿਖਾਇਆ, ਉਸ ਤੋਂ ਪਤਾ ਲੱਗਾ ਕਿ ਘੇਰਾਬੰਦੀ ਕਰਕੇ ਯਰੂਸ਼ਲਮ ਵਿਚ ਖਾਣੇ ਦੀ ਕਮੀ ਹੋ ਜਾਣੀ ਸੀ। ਕਾਲ਼ ਦੇ ਸਮੇਂ ਲੋਕਾਂ ਨੇ ਵੱਖੋ-ਵੱਖਰੇ ਅਨਾਜ ਰਲ਼ਾ ਕੇ ਰੋਟੀ ਬਣਾਉਣੀ ਸੀ, ਜਦ ਕਿ ਆਮ ਤੌਰ ਤੇ ਲੋਕ ਇਸ ਤਰ੍ਹਾਂ ਨਹੀਂ ਕਰਦੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਉਹੀ ਕੁਝ ਖਾਣਾ ਪੈਣਾ ਸੀ ਜੋ ਉਸ ਸਮੇਂ ਮਿਲਣਾ ਸੀ। ਖਾਣੇ ਦੀ ਕਮੀ ਕਿਸ ਹੱਦ ਤਕ ਹੋਣੀ ਸੀ? ਹਿਜ਼ਕੀਏਲ ਨੇ ਯਰੂਸ਼ਲਮ ਬਾਰੇ ਕਿਹਾ: “ਤੇਰੇ ਵਿਚ ਪਿਤਾ ਆਪਣੇ ਪੁੱਤਰਾਂ ਨੂੰ ਖਾਣਗੇ ਅਤੇ ਪੁੱਤਰ ਆਪਣੇ ਪਿਤਾਵਾਂ ਨੂੰ ਖਾਣਗੇ।” ਅਖ਼ੀਰ ‘ਕਾਲ਼ ਦੇ ਜਾਨਲੇਵਾ ਤੀਰਾਂ’ ਨਾਲ ਬਹੁਤ ਸਾਰੇ ਲੋਕਾਂ ਨੇ ‘ਹੌਲੀ-ਹੌਲੀ ਮਰ ਜਾਣਾ’ ਸੀ।—ਹਿਜ਼. 4:17; 5:10, 16.
6. (ੳ) ਹਿਜ਼ਕੀਏਲ ਨੇ ਇੱਕੋ ਸਮੇਂ ਤੇ ਕਿਨ੍ਹਾਂ ਦੋ ਜਣਿਆਂ ਦੀ ਭੂਮਿਕਾ ਨਿਭਾਈ? (ਅ) ‘ਵਾਲ਼ਾਂ ਨੂੰ ਤੋਲ ਕੇ ਤਿੰਨ ਹਿੱਸਿਆਂ ਵਿਚ ਵੰਡਣ’ ਦੇ ਹੁਕਮ ਤੋਂ ਕੀ ਪਤਾ ਲੱਗਦਾ ਹੈ?
6 ਯਰੂਸ਼ਲਮ ਅਤੇ ਉਸ ਦੇ ਲੋਕਾਂ ਦਾ ਨਾਸ਼। ਭਵਿੱਖਬਾਣੀ ਦੇ ਇਸ ਹਿੱਸੇ ਵਿਚ ਹਿਜ਼ਕੀਏਲ ਨੇ ਇੱਕੋ ਸਮੇਂ ਤੇ ਦੋ ਜਣਿਆਂ ਦੀ ਭੂਮਿਕਾ ਨਿਭਾਈ। ਹਿਜ਼ਕੀਏਲ ਨੇ ਪਹਿਲਾਂ ਯਹੋਵਾਹ ਦੀ ਭੂਮਿਕਾ ਅਦਾ ਕੀਤੀ। ਯਹੋਵਾਹ ਨੇ ਉਸ ਨੂੰ ‘ਇਕ ਤਿੱਖੀ ਤਲਵਾਰ ਲੈ ਕੇ ਨਾਈ ਦੇ ਉਸਤਰੇ ਵਾਂਗ’ ਵਰਤਣ ਲਈ ਕਿਹਾ। (ਹਿਜ਼ਕੀਏਲ 5:1, 2 ਪੜ੍ਹੋ।) ਹਿਜ਼ਕੀਏਲ ਦਾ ਹੱਥ ਜਿਸ ਵਿਚ ਉਸ ਨੇ ਤਲਵਾਰ ਫੜੀ ਸੀ, ਯਹੋਵਾਹ ਦੇ ਹੱਥ ਯਾਨੀ ਉਸ ਸਜ਼ਾ ਨੂੰ ਦਰਸਾਉਂਦਾ ਸੀ ਜੋ ਉਸ ਨੇ ਬਾਬਲ ਦੀ ਫ਼ੌਜ ਰਾਹੀਂ ਯਰੂਸ਼ਲਮ ਨੂੰ ਦੇਣੀ ਸੀ। ਦੂਸਰੀ ਵਾਰ ਹਿਜ਼ਕੀਏਲ ਨੇ ਯਹੂਦੀਆਂ ਦੀ ਭੂਮਿਕਾ ਅਦਾ ਕਰ ਕੇ ਦੱਸਿਆ ਕਿ ਉਨ੍ਹਾਂ ਨਾਲ ਕੀ-ਕੀ ਹੋਣਾ ਸੀ। ਯਹੋਵਾਹ ਨੇ ਉਸ ਨੂੰ ਕਿਹਾ: “ਆਪਣੇ ਸਿਰ ਅਤੇ ਦਾੜ੍ਹੀ ਦੀ ਹਜਾਮਤ ਕਰ।” ਹਿਜ਼ਕੀਏਲ ਦੇ ਸਿਰ ਦੀ ਹਜਾਮਤ ਇਸ ਗੱਲ ਨੂੰ ਦਰਸਾਉਂਦੀ ਸੀ ਕਿ ਕਿਵੇਂ ਯਹੂਦੀਆਂ ʼਤੇ ਹਮਲਾ ਕੀਤਾ ਜਾਵੇਗਾ ਤੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਜਾਵੇਗਾ। ‘ਵਾਲ਼ਾਂ ਨੂੰ ਤੱਕੜੀ ਵਿਚ ਤੋਲ ਕੇ ਤਿੰਨ ਹਿੱਸਿਆਂ ਵਿਚ ਵੰਡਣ’ ਦਾ ਮਤਲਬ ਸੀ ਕਿ ਯਹੋਵਾਹ ਨੇ ਯਰੂਸ਼ਲਮ ਦਾ ਨਾਸ਼ ਸੋਚ-ਸਮਝ ਕੇ ਅਤੇ ਪੂਰੀ ਤਰ੍ਹਾਂ ਕਰਨਾ ਸੀ।
7. ਯਹੋਵਾਹ ਨੇ ਹਿਜ਼ਕੀਏਲ ਨੂੰ ਵਾਲ਼ਾਂ ਦੇ ਤਿੰਨ ਹਿੱਸਿਆਂ ਨਾਲ ਕੀ ਕਰਨ ਲਈ ਕਿਹਾ ਅਤੇ ਕਿਉਂ?
7 ਯਹੋਵਾਹ ਨੇ ਹਿਜ਼ਕੀਏਲ ਨੂੰ ਵਾਲ਼ਾਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਹਰ ਹਿੱਸੇ ਨਾਲ ਕੀ ਕਰਨ ਲਈ ਕਿਹਾ ਅਤੇ ਕਿਉਂ? (ਹਿਜ਼ਕੀਏਲ 5:7-12 ਪੜ੍ਹੋ।) ਹਿਜ਼ਕੀਏਲ ਨੇ ਵਾਲ਼ਾਂ ਦਾ ਇਕ ਹਿੱਸਾ “ਸ਼ਹਿਰ ਅੰਦਰ” ਸਾੜ ਦਿੱਤਾ ਜਿਸ ਦਾ ਮਤਲਬ ਸੀ ਕਿ ਯਰੂਸ਼ਲਮ ਦੇ ਬਹੁਤ ਸਾਰੇ ਲੋਕ ਸ਼ਹਿਰ ਦੇ ਅੰਦਰ ਹੀ ਮਾਰੇ ਜਾਣਗੇ। ਹਿਜ਼ਕੀਏਲ ਨੇ ਵਾਲ਼ਾਂ ਦੇ ਦੂਸਰੇ ਹਿੱਸੇ ਨੂੰ “ਸ਼ਹਿਰ ਦੇ ਹਰ ਪਾਸੇ” ਤਲਵਾਰ ਨਾਲ ਵੱਢ ਸੁੱਟਿਆ। ਇਸ ਦਾ ਮਤਲਬ ਸੀ ਕਿ ਬਹੁਤ ਸਾਰੇ ਲੋਕ ਸ਼ਹਿਰ ਤੋਂ ਬਾਹਰ ਮਾਰੇ ਜਾਣਗੇ। ਵਾਲ਼ਾਂ ਦੇ ਤੀਜੇ ਹਿੱਸੇ ਨੂੰ ਹਵਾ ਵਿਚ ਖਿਲਾਰਨ ਦਾ ਮਤਲਬ ਸੀ ਕਿ ਬਹੁਤ ਸਾਰੇ ਯਹੂਦੀ ਦੂਸਰੀਆਂ ਕੌਮਾਂ ਵਿਚ ਖਿੰਡ-ਪੁੰਡ ਜਾਣਗੇ, ਪਰ ‘ਇਕ ਤਲਵਾਰ ਉਨ੍ਹਾਂ ਦਾ ਪਿੱਛਾ ਕਰੇਗੀ।’ ਉਹ ਬਚੇ ਹੋਏ ਲੋਕ ਚਾਹੇ ਜਿੱਥੇ ਮਰਜ਼ੀ ਚਲੇ ਜਾਂਦੇ, ਪਰ ਉਨ੍ਹਾਂ ਨੂੰ ਸ਼ਾਂਤੀ ਨਹੀਂ ਮਿਲਣੀ ਸੀ।
8. (ੳ) ਹਿਜ਼ਕੀਏਲ ਨੇ ਤੀਸਰੇ ਹਿੱਸੇ ਦੇ ‘ਕੁਝ ਵਾਲ਼ਾਂ’ ਨੂੰ ਵਰਤ ਕੇ ਜੋ ਭਵਿੱਖਬਾਣੀ ਕੀਤੀ ਸੀ, ਉਸ ਤੋਂ ਕੀ ਉਮੀਦ ਮਿਲੀ? (ਅ) ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ?
8 ਪਰ ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਇਕ ਉਮੀਦ ਵੀ ਦਿੱਤੀ ਗਈ ਸੀ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: “ਕੁਝ ਵਾਲ਼ ਲੈ ਕੇ ਆਪਣੇ ਚੋਗੇ ਦੇ ਪੱਲੇ ਵਿਚ ਵੀ ਬੰਨ੍ਹ ਲਈਂ।” (ਹਿਜ਼. 5:3) ਇਸ ਦਾ ਮਤਲਬ ਸੀ ਕਿ ਜਿਹੜੇ ਯਹੂਦੀ ਦੂਸਰੀਆਂ ਕੌਮਾਂ ਵਿਚ ਖਿੰਡ-ਪੁੰਡ ਜਾਣੇ ਸਨ, ਉਨ੍ਹਾਂ ਵਿੱਚੋਂ ਕੁਝ ਨੂੰ ਸਹੀ-ਸਲਾਮਤ ਰੱਖਿਆ ਜਾਣਾ ਸੀ। ਇਹ “ਕੁਝ ਵਾਲ਼” ਉਹ ਲੋਕ ਸਨ ਜਿਨ੍ਹਾਂ ਨੇ ਬਾਬਲ ਵਿਚ 70 ਸਾਲਾਂ ਦੀ ਗ਼ੁਲਾਮੀ ਤੋਂ ਬਾਅਦ ਯਰੂਸ਼ਲਮ ਵਾਪਸ ਮੁੜ ਆਉਣਾ ਸੀ। (ਹਿਜ਼. 6:8, 9; 11:17) ਕੀ ਇਹ ਭਵਿੱਖਬਾਣੀ ਪੂਰੀ ਹੋਈ? ਜੀ ਹਾਂ। ਬਾਬਲ ਵਿਚ 70 ਸਾਲਾਂ ਦੀ ਗ਼ੁਲਾਮੀ ਖ਼ਤਮ ਹੋਣ ਤੋਂ ਕਈ ਸਾਲਾਂ ਬਾਅਦ ਹੱਜਈ ਨਬੀ ਨੇ ਲਿਖਿਆ ਕਿ ਜਿਹੜੇ ਯਹੂਦੀ ਖਿੰਡ-ਪੁੰਡ ਗਏ ਸਨ, ਉਨ੍ਹਾਂ ਵਿੱਚੋਂ ਕੁਝ ਜਣੇ ਯਰੂਸ਼ਲਮ ਵਾਪਸ ਆਏ। ਇਹ ਯਹੂਦੀ ‘ਉਹ ਬੁੱਢੇ ਆਦਮੀ ਸਨ ਜਿਨ੍ਹਾਂ ਨੇ ਪਹਿਲਾ ਭਵਨ ਦੇਖਿਆ ਸੀ’ ਜੋ ਸੁਲੇਮਾਨ ਨੇ ਬਣਵਾਇਆ ਸੀ। (ਅਜ਼. 3:12; ਹੱਜ. 2:1-3) ਯਹੋਵਾਹ ਨੇ ਆਪਣੇ ਵਾਅਦੇ ਮੁਤਾਬਕ ਇਸ ਗੱਲ ਦਾ ਧਿਆਨ ਰੱਖਿਆ ਕਿ ਸ਼ੁੱਧ ਭਗਤੀ ਪੂਰੀ ਤਰ੍ਹਾਂ ਖ਼ਤਮ ਨਾ ਹੋਵੇ। ਇਸ ਬਾਰੇ ਹੋਰ ਜਾਣਕਾਰੀ ਇਸ ਕਿਤਾਬ ਦੇ 9ਵੇਂ ਅਧਿਆਇ ਵਿਚ ਦਿੱਤੀ ਗਈ ਹੈ।—ਹਿਜ਼. 11:17-20.
ਇਸ ਭਵਿੱਖਬਾਣੀ ਤੋਂ ਸਾਨੂੰ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਕੀ ਪਤਾ ਲੱਗਦਾ ਹੈ?
9, 10. ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਜ਼ਿਕਰ ਕੀਤੀਆਂ ਘਟਨਾਵਾਂ ਵਰਗੀਆਂ ਕਿਹੜੀਆਂ ਕੁਝ ਖ਼ਾਸ ਘਟਨਾਵਾਂ ਸਾਡੇ ਦਿਨਾਂ ਵਿਚ ਵਾਪਰਨਗੀਆਂ?
9 ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਜ਼ਿਕਰ ਕੀਤੀਆਂ ਘਟਨਾਵਾਂ ਵਰਗੀਆਂ ਕੁਝ ਖ਼ਾਸ ਘਟਨਾਵਾਂ ਸਾਡੇ ਦਿਨਾਂ ਵਿਚ ਵੀ ਵਾਪਰਨਗੀਆਂ ਜਿਨ੍ਹਾਂ ਬਾਰੇ ਪਰਮੇਸ਼ੁਰ ਦੇ ਬਚਨ ਵਿਚ ਪਹਿਲਾਂ ਹੀ ਦੱਸਿਆ ਗਿਆ ਹੈ। ਜਿਵੇਂ ਪੁਰਾਣੇ ਸਮੇਂ ਵਿਚ ਯਹੋਵਾਹ ਨੇ ਯਰੂਸ਼ਲਮ ਨਾਲ ਕੀਤਾ, ਉਸੇ ਤਰ੍ਹਾਂ ਅੱਜ ਵੀ ਯਹੋਵਾਹ ਰਾਜਨੀਤਿਕ ਤਾਕਤਾਂ ਨੂੰ ਵਰਤ ਕੇ ਸਾਰੇ ਝੂਠੇ ਧਰਮਾਂ ʼਤੇ ਹਮਲਾ ਕਰੇਗਾ। ਇਸ ਹਮਲੇ ਬਾਰੇ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੈ। (ਪ੍ਰਕਾ. 17:16-18) ਜਿਵੇਂ ਯਰੂਸ਼ਲਮ ਦਾ ਨਾਸ਼ “ਅਜਿਹੀ ਬਿਪਤਾ ਸੀ ਜਿਹੜੀ ਪਹਿਲਾਂ ਕਦੇ ਨਹੀਂ ਆਈ” ਸੀ, ਉਸੇ ਤਰ੍ਹਾਂ “ਮਹਾਂਕਸ਼ਟ” ਵੀ ਅਜਿਹੀ ਬਿਪਤਾ ਹੋਵੇਗੀ ‘ਜੋ ਹੁਣ ਤਕ ਕਦੇ ਨਹੀਂ ਆਈ’ ਅਤੇ ਇਸ ਦੇ ਅਖ਼ੀਰ ਵਿਚ ਆਰਮਾਗੇਡਨ ਦਾ ਯੁੱਧ ਹੋਵੇਗਾ।—ਹਿਜ਼. 5:9; 7:5; ਮੱਤੀ 24:21.
10 ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਧਰਮਾਂ ਦੇ ਨਾਸ਼ ਵੇਲੇ ਇਨ੍ਹਾਂ ਨੂੰ ਮੰਨਣ ਵਾਲੇ ਜ਼ਿਆਦਾਤਰ ਲੋਕ ਬਚ ਜਾਣਗੇ। ਸਮਾਜ ਦੇ ਹੋਰ ਲੋਕਾਂ ਵਾਂਗ ਉਹ ਵੀ ਡਰ ਦੇ ਮਾਰੇ ਲੁਕਣ ਲਈ ਥਾਂ ਲੱਭਣਗੇ। (ਜ਼ਕ. 13:4-6; ਪ੍ਰਕਾ. 6:15-17) ਉਨ੍ਹਾਂ ਲੋਕਾਂ ਦੀ ਉਹੀ ਹਾਲਤ ਹੋਵੇਗੀ ਜੋ ਯਰੂਸ਼ਲਮ ਦੇ ਨਾਸ਼ ਤੋਂ ਬਚੇ ਲੋਕਾਂ ਦੀ ਹੋਈ ਸੀ। ਉਨ੍ਹਾਂ ਨੂੰ “ਹਵਾ ਵਿਚ ਖਿਲਾਰ” ਦਿੱਤਾ ਗਿਆ ਸੀ ਯਾਨੀ ਦੂਜੀਆਂ ਕੌਮਾਂ ਵਿਚ ਖਿੰਡਾ ਦਿੱਤਾ ਗਿਆ ਸੀ। ਜਿਵੇਂ ਕਿ ਅਸੀਂ 7ਵੇਂ ਪੈਰੇ ਵਿਚ ਦੇਖਿਆ ਸੀ, ਚਾਹੇ ਉਸ ਵੇਲੇ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ ਸਨ, ਪਰ ਯਹੋਵਾਹ ਨੇ “ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ” ਕੀਤਾ। (ਹਿਜ਼. 5:2) ਬਿਲਕੁਲ ਇਸੇ ਤਰ੍ਹਾਂ ਧਰਮਾਂ ਦੇ ਨਾਸ਼ ਤੋਂ ਬਚਣ ਵਾਲੇ ਲੋਕ ਚਾਹੇ ਜਿੱਥੇ ਮਰਜ਼ੀ ਲੁਕਣ, ਪਰ ਉਹ ਯਹੋਵਾਹ ਦੀ ਤਲਵਾਰ ਤੋਂ ਨਹੀਂ ਬਚ ਸਕਣਗੇ। ਆਰਮਾਗੇਡਨ ਵੇਲੇ ਬੱਕਰੀਆਂ ਵਰਗੇ ਹੋਰ ਲੋਕਾਂ ਨਾਲ ਉਨ੍ਹਾਂ ਸਾਰਿਆਂ ਦਾ ਵੀ ਨਾਸ਼ ਹੋ ਜਾਵੇਗਾ।—ਹਿਜ਼. 7:4; ਮੱਤੀ 25:33, 41, 46; ਪ੍ਰਕਾ. 19:15, 18.
ਮਹਾਂਕਸ਼ਟ ਵਿਚ ਅਸੀਂ “ਗੁੰਗੇ” ਹੋ ਜਾਵਾਂਗੇ ਯਾਨੀ ਖ਼ੁਸ਼ੀ ਦੀ ਖ਼ਬਰ ਨਹੀਂ ਸੁਣਾਵਾਂਗੇ
11, 12. ਇਸ ਭਵਿੱਖਬਾਣੀ ਦੀ ਸਮਝ ਦਾ ਪ੍ਰਚਾਰ ਦੇ ਕੰਮ ਬਾਰੇ ਸਾਡੇ ਨਜ਼ਰੀਏ ʼਤੇ ਕੀ ਅਸਰ ਪੈਣ ਚਾਹੀਦਾ ਹੈ? (ਅ) ਭਵਿੱਖ ਵਿਚ ਸਾਡਾ ਸੰਦੇਸ਼ ਕਿਵੇਂ ਬਦਲ ਸਕਦਾ ਹੈ?
11 ਯਰੂਸ਼ਲਮ ਦੀ ਘੇਰਾਬੰਦੀ ਬਾਰੇ ਹਿਜ਼ਕੀਏਲ ਦੀ ਭਵਿੱਖਬਾਣੀ ਦੀ ਸਮਝ ਦਾ ਪ੍ਰਚਾਰ ਦੇ ਕੰਮ ਬਾਰੇ ਸਾਡੇ ਨਜ਼ਰੀਏ ʼਤੇ ਕੀ ਅਸਰ ਪੈਣਾ ਚਾਹੀਦਾ ਹੈ? ਸਾਨੂੰ ਲੋਕਾਂ ਦੀ ਮਦਦ ਕਰਨ ਵਿਚ ਪੂਰੀ ਵਾਹ ਲਾਉਣੀ ਚਾਹੀਦੀ ਹੈ ਤਾਂਕਿ ਉਹ ਵੀ ਯਹੋਵਾਹ ਦੇ ਸੇਵਕ ਬਣ ਸਕਣ। ਕਿਉਂ? ਕਿਉਂਕਿ “ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ” ਬਣਾਉਣ ਦੇ ਕੰਮ ਨੂੰ ਪੂਰਾ ਕਰਨ ਲਈ ਬਹੁਤ ਘੱਟ ਸਮਾਂ ਬਚਿਆ ਹੈ। (ਮੱਤੀ 28:19, 20; ਹਿਜ਼. 33:14-16) ਜਦੋਂ ਝੂਠੇ ਧਰਮਾਂ ʼਤੇ “ਡੰਡਾ” (ਯਾਨੀ ਰਾਜਨੀਤਿਕ ਤਾਕਤਾਂ) ਚੱਲਣਾ ਸ਼ੁਰੂ ਹੋਵੇਗਾ, ਤਾਂ ਅਸੀਂ ਮੁਕਤੀ ਦਾ ਸੰਦੇਸ਼ ਸੁਣਾਉਣਾ ਬੰਦ ਕਰ ਦੇਵਾਂਗੇ। (ਹਿਜ਼. 7:10) ਜਿੱਥੋਂ ਤਕ ਖ਼ੁਸ਼ੀ ਦੀ ਖ਼ਬਰ ਸੁਣਾਉਣ ਦੀ ਗੱਲ ਹੈ, ਅਸੀਂ ਵੀ ਹਿਜ਼ਕੀਏਲ ਵਾਂਗ “ਗੁੰਗੇ” ਹੋ ਜਾਵਾਂਗੇ। ਉਸ ਨੇ ਵੀ ਕੁਝ ਸਮੇਂ ਲਈ ਸੰਦੇਸ਼ ਸੁਣਾਉਣਾ ਬੰਦ ਕਰ ਦਿੱਤਾ ਸੀ। (ਹਿਜ਼. 3:26, 27; 33:21, 22) ਝੂਠੇ ਧਰਮਾਂ ਦੇ ਨਾਸ਼ ਤੋਂ ਬਾਅਦ ਹਾਲੋਂ ਬੇਹਾਲ ਹੋਏ ਲੋਕ “ਨਬੀ ਤੋਂ ਦਰਸ਼ਣ ਦੀ ਆਸ ਰੱਖਣਗੇ,” ਪਰ ਉਨ੍ਹਾਂ ਨੂੰ ਅਜਿਹੀ ਕੋਈ ਹਿਦਾਇਤ ਨਹੀਂ ਮਿਲੇਗੀ ਜਿਸ ਨਾਲ ਉਨ੍ਹਾਂ ਦੀਆਂ ਜਾਨਾਂ ਬਚ ਸਕਣ। (ਹਿਜ਼. 7:26) ਉਸ ਵੇਲੇ ਹਿਦਾਇਤਾਂ ਲੈਣ ਅਤੇ ਮਸੀਹ ਦੇ ਚੇਲੇ ਬਣਨ ਦਾ ਸਮਾਂ ਲੰਘ ਚੁੱਕਾ ਹੋਵੇਗਾ।
12 ਪਰ ਸਾਡਾ ਪ੍ਰਚਾਰ ਦਾ ਕੰਮ ਬੰਦ ਨਹੀਂ ਹੋਵੇਗਾ। ਕਿਉਂ? ਮਹਾਂਕਸ਼ਟ ਦੌਰਾਨ ਅਸੀਂ ਸਜ਼ਾ ਦਾ ਸੰਦੇਸ਼ ਸੁਣਾਉਣਾ ਸ਼ੁਰੂ ਕਰਾਂਗੇ ਜੋ ਗੜਿਆਂ ਦੀ ਮਾਰ ਵਾਂਗ ਹੋਵੇਗਾ। ਇਸ ਸੰਦੇਸ਼ ਤੋਂ ਸਾਫ਼ ਜ਼ਾਹਰ ਹੋਵੇਗਾ ਕਿ ਇਸ ਦੁਸ਼ਟ ਦੁਨੀਆਂ ਦਾ ਅੰਤ ਆ ਗਿਆ ਹੈ।—ਪ੍ਰਕਾ. 16:21.
“ਦੇਖ! ਇਹ ਆ ਰਿਹਾ ਹੈ”
13. ਯਹੋਵਾਹ ਨੇ ਹਿਜ਼ਕੀਏਲ ਨੂੰ ਪਹਿਲਾਂ ਖੱਬੇ ਪਾਸੇ ਅਤੇ ਫਿਰ ਸੱਜੇ ਪਾਸੇ ਲੰਮਾ ਪੈਣ ਲਈ ਕਿਉਂ ਕਿਹਾ?
13 ਹਿਜ਼ਕੀਏਲ ਨੇ ਸਿਰਫ਼ ਇਹੀ ਨਹੀਂ ਦੱਸਿਆ ਕਿ ਯਰੂਸ਼ਲਮ ਦਾ ਨਾਸ਼ ਕਿਵੇਂ ਹੋਵੇਗਾ, ਸਗੋਂ ਇਹ ਵੀ ਦੱਸਿਆ ਕਿ ਇਹ ਨਾਸ਼ ਕਦੋਂ ਹੋਵੇਗਾ। ਹਿਜ਼ਕੀਏਲ ਨੇ ਇਕ ਨਾਟਕ ਦੇ ਰੂਪ ਵਿਚ ਯਰੂਸ਼ਲਮ ਦੇ ਨਾਸ਼ ਦੇ ਸਮੇਂ ਬਾਰੇ ਭਵਿੱਖਬਾਣੀ ਕੀਤੀ। ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ 390 ਦਿਨਾਂ ਲਈ ਖੱਬੇ ਪਾਸੇ ਅਤੇ 40 ਦਿਨਾਂ ਲਈ ਸੱਜੇ ਪਾਸੇ ਵੱਖ ਲੈ ਕੇ ਲੰਮਾ ਪਵੇ। ਇਕ ਦਿਨ ਇਕ ਸਾਲ ਨੂੰ ਦਰਸਾਉਂਦਾ ਸੀ। (ਹਿਜ਼ਕੀਏਲ 4:4-6 ਪੜ੍ਹੋ; ਗਿਣ. 14:34) ਉਹ ਸ਼ਾਇਦ ਹਰ ਦਿਨ ਕੁਝ ਸਮੇਂ ਲਈ ਹੀ ਇਸ ਤਰ੍ਹਾਂ ਲੰਮਾ ਪੈਂਦਾ ਹੋਣਾ। ਇਜ਼ਰਾਈਲ ਨੇ 390 ਸਾਲ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ। ਇਹ ਸਾਲ ਸ਼ਾਇਦ 997 ਈਸਵੀ ਪੂਰਵ ਵਿਚ ਸ਼ੁਰੂ ਹੋਏ ਜਦੋਂ ਇਜ਼ਰਾਈਲ ਦਾ 12 ਗੋਤੀ ਰਾਜ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। (1 ਰਾਜ. 12:12-20) ਯਹੂਦਾਹ ਦੇ ਪਾਪ ਦੇ 40 ਸਾਲ ਸ਼ਾਇਦ 647 ਈਸਵੀ ਪੂਰਵ ਵਿਚ ਸ਼ੁਰੂ ਹੋਏ ਸਨ ਜਦੋਂ ਯਿਰਮਿਯਾਹ ਨੂੰ ਨਬੀ ਵਜੋਂ ਨਿਯੁਕਤ ਕੀਤਾ ਗਿਆ ਸੀ ਕਿ ਉਹ ਯਹੂਦਾਹ ਦੇ ਰਾਜ ਨੂੰ ਉਸ ਦੇ ਨਾਸ਼ ਦੀ ਸਾਫ਼-ਸਾਫ਼ ਚੇਤਾਵਨੀ ਦੇਵੇ। (ਯਿਰ. 1:1, 2, 17-19; 19:3, 4) ਇਹ ਦੋਵੇਂ ਸਮੇਂ 607 ਈਸਵੀ ਪੂਰਵ ਵਿਚ ਜਾ ਕੇ ਖ਼ਤਮ ਹੋਏ ਜਦੋਂ ਯਹੋਵਾਹ ਦੀ ਭਵਿੱਖਬਾਣੀ ਮੁਤਾਬਕ ਯਰੂਸ਼ਲਮ ਦਾ ਨਾਸ਼ ਹੋਇਆ ਸੀ।b
14. (ੳ) ਹਿਜ਼ਕੀਏਲ ਨੇ ਇਸ ਗੱਲ ʼਤੇ ਭਰੋਸਾ ਕਿਵੇਂ ਦਿਖਾਇਆ ਕਿ ਯਹੋਵਾਹ ਤੈਅ ਕੀਤੇ ਸਮੇਂ ਤੇ ਇਹ ਭਵਿੱਖਬਾਣੀ ਪੂਰੀ ਕਰੇਗਾ? (ਅ) ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਕੀ ਹੋਣਾ ਸੀ?
14 ਜਦੋਂ ਹਿਜ਼ਕੀਏਲ ਨੂੰ 390 ਅਤੇ 40 ਦਿਨਾਂ ਦੀ ਭਵਿੱਖਬਾਣੀ ਕਰਨ ਲਈ ਕਿਹਾ ਗਿਆ ਸੀ, ਤਾਂ ਸ਼ਾਇਦ ਉਸ ਨੂੰ ਸਮਝ ਨਹੀਂ ਆਇਆ ਹੋਣਾ ਕਿ ਯਰੂਸ਼ਲਮ ਦਾ ਨਾਸ਼ ਕਿਸ ਸਾਲ ਹੋਵੇਗਾ। ਪਰ ਨਾਸ਼ ਆਉਣ ਤਕ ਉਹ ਯਹੂਦੀਆਂ ਨੂੰ ਕਈ ਸਾਲ ਵਾਰ-ਵਾਰ ਚੇਤਾਵਨੀ ਦਿੰਦਾ ਰਿਹਾ ਕਿ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ। ਉਸ ਨੇ ਐਲਾਨ ਕੀਤਾ: “ਤੇਰਾ ਅੰਤ ਆ ਚੁੱਕਾ ਹੈ।” (ਹਿਜ਼ਕੀਏਲ 7:3, 5-10 ਪੜ੍ਹੋ।) ਹਿਜ਼ਕੀਏਲ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਤੈਅ ਕੀਤੇ ਸਮੇਂ ਤੇ ਇਹ ਭਵਿੱਖਬਾਣੀ ਪੂਰੀ ਕਰੇਗਾ। (ਯਸਾ. 46:10) ਉਸ ਨੇ ਦੱਸਿਆ ਕਿ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਕੀ ਹੋਵੇਗਾ: “ਉਨ੍ਹਾਂ ʼਤੇ ਇਕ ਤੋਂ ਬਾਅਦ ਇਕ ਤਬਾਹੀ ਆਵੇਗੀ।” ਇਸ ਕਰਕੇ ਸਮਾਜ ਦੀ ਹਾਲਤ ਵਿਗੜਦੀ ਜਾਵੇਗੀ, ਧਾਰਮਿਕ ਆਗੂ ਭਗਤੀ ਦੇ ਮਾਮਲਿਆਂ ਵਿਚ ਲੋਕਾਂ ਦੀ ਅਗਵਾਈ ਕਰਨੀ ਬੰਦ ਕਰ ਦੇਣਗੇ ਅਤੇ ਰਾਜਨੀਤਿਕ ਆਗੂ ਰਾਜ ਕਰਨਾ ਬੰਦ ਕਰ ਦੇਣਗੇ।—ਹਿਜ਼. 7:11-13, 25-27.
15. ਸੰਨ 609 ਈਸਵੀ ਪੂਰਵ ਤੋਂ ਹਿਜ਼ਕੀਏਲ ਦੀ ਭਵਿੱਖਬਾਣੀ ਦੀਆਂ ਕਿਹੜੀਆਂ ਗੱਲਾਂ ਪੂਰੀਆਂ ਹੋਣ ਲੱਗੀਆਂ?
15 ਯਰੂਸ਼ਲਮ ਦੇ ਨਾਸ਼ ਦਾ ਐਲਾਨ ਕਰਨ ਤੋਂ ਕੁਝ ਸਾਲਾਂ ਬਾਅਦ ਇਹ ਭਵਿੱਖਬਾਣੀ ਪੂਰੀ ਹੋਣ ਲੱਗੀ। 609 ਈਸਵੀ ਪੂਰਵ ਵਿਚ ਹਿਜ਼ਕੀਏਲ ਨੂੰ ਖ਼ਬਰ ਮਿਲੀ ਕਿ ਯਰੂਸ਼ਲਮ ʼਤੇ ਹਮਲਾ ਹੋਣਾ ਸ਼ੁਰੂ ਹੋ ਗਿਆ ਹੈ। ਉਸ ਸਮੇਂ ਤੁਰ੍ਹੀ ਵਜਾਈ ਗਈ ਕਿ ਲੋਕ ਆਪਣੇ ਸ਼ਹਿਰ ਨੂੰ ਬਚਾਉਣ ਲਈ ਇਕੱਠੇ ਹੋਣ, ਪਰ ਹਿਜ਼ਕੀਏਲ ਦੀ ਭਵਿੱਖਬਾਣੀ ਮੁਤਾਬਕ “ਕੋਈ ਵੀ ਲੜਾਈ ਲਈ ਨਹੀਂ” ਗਿਆ। (ਹਿਜ਼. 7:14) ਯਰੂਸ਼ਲਮ ਦੇ ਲੋਕ ਬਾਬਲੀ ਲੋਕਾਂ ਤੋਂ ਆਪਣੇ ਸ਼ਹਿਰ ਨੂੰ ਬਚਾਉਣ ਲਈ ਇਕੱਠੇ ਨਹੀਂ ਹੋਏ। ਕੁਝ ਯਹੂਦੀਆਂ ਨੇ ਸੋਚਿਆ ਹੋਣਾ ਕਿ ਯਹੋਵਾਹ ਉਨ੍ਹਾਂ ਨੂੰ ਬਚਾਵੇਗਾ ਕਿਉਂਕਿ ਉਸ ਨੇ ਪਹਿਲਾਂ ਵੀ ਯਰੂਸ਼ਲਮ ਨੂੰ ਬਚਾਇਆ ਸੀ। ਜਦੋਂ ਅੱਸ਼ੂਰੀਆਂ ਨੇ ਯਰੂਸ਼ਲਮ ʼਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਸੀ, ਤਾਂ ਯਹੋਵਾਹ ਨੇ ਇਕ ਦੂਤ ਭੇਜ ਕੇ ਉਨ੍ਹਾਂ ਦੀ ਜ਼ਿਆਦਾਤਰ ਫ਼ੌਜ ਖ਼ਤਮ ਕਰ ਦਿੱਤੀ ਸੀ। (2 ਰਾਜ. 19:32) ਪਰ ਇਸ ਵਾਰ ਕੋਈ ਦੂਤ ਬਚਾਉਣ ਨਹੀਂ ਆਇਆ। ਘੇਰਾਬੰਦੀ ਕਰਕੇ ਬਹੁਤ ਜਲਦ ਸ਼ਹਿਰ ਦੀ ਹਾਲਤ ‘ਅੱਗ ʼਤੇ ਰੱਖੇ ਪਤੀਲੇ’ ਵਰਗੀ ਹੋ ਗਈ ਅਤੇ ਇਸ ਦੇ ਵਾਸੀ ‘ਪਤੀਲੇ ਵਿਚ ਮੀਟ ਦੇ ਟੁਕੜਿਆਂ’ ਵਾਂਗ ਸਨ। (ਹਿਜ਼. 24:1-10) 18 ਮਹੀਨਿਆਂ ਦੀ ਘੇਰਾਬੰਦੀ ਦੌਰਾਨ ਲੋਕਾਂ ਨੂੰ ਬਹੁਤ ਕਸ਼ਟ ਸਹਿਣੇ ਪਏ ਅਤੇ ਫਿਰ ਯਰੂਸ਼ਲਮ ਦਾ ਨਾਸ਼ ਕਰ ਦਿੱਤਾ ਗਿਆ।
“ਸਵਰਗ ਵਿਚ ਆਪਣੇ ਲਈ ਧਨ ਜੋੜੋ”
16. ਯਹੋਵਾਹ ਦੀ ਗੱਲ ʼਤੇ ਭਰੋਸਾ ਹੋਣ ਕਰਕੇ ਅਸੀਂ ਕੀ ਕਰਾਂਗੇ?
16 ਹਿਜ਼ਕੀਏਲ ਦੀ ਭਵਿੱਖਬਾਣੀ ਦੇ ਇਸ ਹਿੱਸੇ ਤੋਂ ਅਸੀਂ ਕੀ ਸਿੱਖਦੇ ਹਾਂ? ਇਸ ਤੋਂ ਅਸੀਂ ਸਿੱਖਦੇ ਹਾਂ ਕਿ ਪ੍ਰਚਾਰ ਦੇ ਕੰਮ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ ਅਤੇ ਸਾਡੇ ਸੰਦੇਸ਼ ਪ੍ਰਤੀ ਲੋਕਾਂ ਦਾ ਕੀ ਰਵੱਈਆ ਹੋ ਸਕਦਾ ਹੈ। ਯਹੋਵਾਹ ਨੇ ਝੂਠੇ ਧਰਮਾਂ ਦੇ ਨਾਸ਼ ਦਾ ਸਮਾਂ ਪਹਿਲਾਂ ਹੀ ਤੈਅ ਕੀਤਾ ਹੋਇਆ ਹੈ ਅਤੇ ਉਹ ਐਨ ਸਹੀ ਸਮੇਂ ਤੇ ਇਸ ਦਾ ਨਾਸ਼ ਕਰੇਗਾ। (2 ਪਤ. 3:9, 10; ਪ੍ਰਕਾ. 7:1-3) ਸਾਨੂੰ ਨਹੀਂ ਪਤਾ ਕਿ ਨਾਸ਼ ਕਿਸ ਦਿਨ ਹੋਵੇਗਾ। ਪਰ ਅਸੀਂ ਵੀ ਹਿਜ਼ਕੀਏਲ ਵਾਂਗ ਉਹ ਦਿਨ ਆਉਣ ਤਕ ਯਹੋਵਾਹ ਦੀ ਇਹ ਚੇਤਾਵਨੀ ਲੋਕਾਂ ਨੂੰ ਵਾਰ-ਵਾਰ ਦਿੰਦੇ ਰਹਾਂਗੇ: “ਤੇਰਾ ਅੰਤ ਆ ਚੁੱਕਾ ਹੈ।” ਸਾਨੂੰ ਇਹ ਸੰਦੇਸ਼ ਵਾਰ-ਵਾਰ ਲੋਕਾਂ ਨੂੰ ਕਿਉਂ ਦੇਣ ਦੀ ਲੋੜ ਹੈ? ਯਾਦ ਕਰੋ ਕਿ ਹਿਜ਼ਕੀਏਲ ਨੇ ਵਾਰ-ਵਾਰ ਸੰਦੇਸ਼ ਕਿਉਂ ਸੁਣਾਇਆ ਸੀ।c ਯਰੂਸ਼ਲਮ ਦੇ ਨਾਸ਼ ਬਾਰੇ ਦਿੱਤੀ ਚੇਤਾਵਨੀ ʼਤੇ ਜ਼ਿਆਦਾਤਰ ਲੋਕਾਂ ਨੇ ਯਕੀਨ ਨਹੀਂ ਕੀਤਾ। (ਹਿਜ਼. 12:27, 28) ਪਰ ਬਾਅਦ ਵਿਚ ਬਾਬਲ ਵਿਚ ਗ਼ੁਲਾਮ ਕੁਝ ਯਹੂਦੀਆਂ ਨੇ ਸਹੀ ਰਵੱਈਆ ਰੱਖਿਆ ਅਤੇ ਆਪਣਾ ਮਨ ਬਦਲਿਆ। ਉਹ ਆਪਣੇ ਦੇਸ਼ ਵਾਪਸ ਗਏ। (ਯਸਾ. 49:8) ਬਿਲਕੁਲ ਇਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਲੋਕ ਨਹੀਂ ਮੰਨਦੇ ਕਿ ਇਸ ਬੁਰੀ ਦੁਨੀਆਂ ਦਾ ਨਾਸ਼ ਹੋ ਜਾਵੇਗਾ। (2 ਪਤ. 3:3, 4) ਫਿਰ ਵੀ, ਜਦ ਤਕ ਯਹੋਵਾਹ ਉਨ੍ਹਾਂ ਨੂੰ ਮੌਕਾ ਦੇ ਰਿਹਾ ਹੈ, ਅਸੀਂ ਜ਼ਿੰਦਗੀ ਦੇ ਰਾਹ ʼਤੇ ਚੱਲਣ ਵਿਚ ਨੇਕਦਿਲ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ।—ਮੱਤੀ 7:13, 14; 2 ਕੁਰਿੰ. 6:2.
17. ਮਹਾਂਕਸ਼ਟ ਦੌਰਾਨ ਅਸੀਂ ਕਿਨ੍ਹਾਂ ਹਾਲਾਤਾਂ ਅਤੇ ਘਟਨਾਵਾਂ ਨੂੰ ਆਪਣੀ ਅੱਖੀਂ ਦੇਖਾਂਗੇ?
17 ਹਿਜ਼ਕੀਏਲ ਦੀ ਭਵਿੱਖਬਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਝੂਠੇ ਧਰਮਾਂ ʼਤੇ ਹਮਲਾ ਕੀਤਾ ਜਾਵੇਗਾ, ਤਾਂ ਲੋਕ ਆਪਣੇ ਧਰਮਾਂ ਨੂੰ ਬਚਾਉਣ ਲਈ ‘ਲੜਾਈ ਲਈ ਨਹੀਂ ਜਾਣਗੇ।’ ਇਸ ਦੀ ਬਜਾਇ, ਉਹ “ਪ੍ਰਭੂ, ਪ੍ਰਭੂ” ਕਹਿ ਕੇ ਮਦਦ ਲਈ ਦੁਹਾਈ ਦੇਣਗੇ, ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲੇਗਾ। ਇਸ ਕਰਕੇ ‘ਉਨ੍ਹਾਂ ਦੇ ਹੱਥਾਂ ਵਿਚ ਜਾਨ ਨਹੀਂ ਰਹੇਗੀ’ ਅਤੇ ਉਹ ‘ਡਰ ਨਾਲ ਕੰਬਣਗੇ।’ (ਹਿਜ਼. 7:3, 14, 17, 18; ਮੱਤੀ 7:21-23) ਉਹ ਹੋਰ ਕੀ ਕਰਨਗੇ? (ਹਿਜ਼ਕੀਏਲ 7:19-21 ਪੜ੍ਹੋ।) ਯਹੋਵਾਹ ਕਹਿੰਦਾ ਹੈ: “ਉਹ ਆਪਣੀ ਚਾਂਦੀ ਗਲੀਆਂ ਵਿਚ ਸੁੱਟ ਦੇਣਗੇ।” ਇਹ ਗੱਲ ਪੁਰਾਣੇ ਸਮੇਂ ਦੇ ਯਰੂਸ਼ਲਮ ਦੇ ਵਾਸੀਆਂ ਬਾਰੇ ਕਹੀ ਗਈ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਮਹਾਂਕਸ਼ਟ ਦੌਰਾਨ ਵੀ ਇਸੇ ਤਰ੍ਹਾਂ ਹੋਵੇਗਾ। ਉਸ ਸਮੇਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਪੈਸਾ ਉਨ੍ਹਾਂ ਨੂੰ ਨਾਸ਼ ਤੋਂ ਨਹੀਂ ਬਚਾ ਸਕਦਾ।
18. ਹਿਜ਼ਕੀਏਲ ਦੀ ਭਵਿੱਖਬਾਣੀ ਤੋਂ ਅਸੀਂ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦੇਣੀ ਸਿੱਖਦੇ ਹਾਂ?
18 ਅਸੀਂ ਭਵਿੱਖਬਾਣੀ ਦੇ ਇਸ ਹਿੱਸੇ ਤੋਂ ਸਿੱਖਦੇ ਹਾਂ ਕਿ ਸਾਨੂੰ ਜ਼ਿੰਦਗੀ ਵਿਚ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਗੌਰ ਕਰੋ ਕਿ ਜਦੋਂ ਯਰੂਸ਼ਲਮ ਦੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਉਨ੍ਹਾਂ ਦੇ ਸ਼ਹਿਰ ਦਾ ਨਾਸ਼ ਪੱਕਾ ਹੈ ਤੇ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਹੈ ਅਤੇ ਉਨ੍ਹਾਂ ਦੀ ਧਨ-ਦੌਲਤ ਵੀ ਉਨ੍ਹਾਂ ਨੂੰ ਨਹੀਂ ਬਚਾ ਸਕਦੀ, ਉਸ ਤੋਂ ਬਾਅਦ ਹੀ ਉਨ੍ਹਾਂ ਦੇ ਹੋਸ਼ ਟਿਕਾਣੇ ਆਏ ਅਤੇ ਉਨ੍ਹਾਂ ਨੇ ਸਹੀ ਗੱਲਾਂ ਨੂੰ ਅਹਿਮੀਅਤ ਦੇਣੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੀਆਂ ਚੀਜ਼ਾਂ ਸੁੱਟ ਦਿੱਤੀਆਂ ਅਤੇ ‘ਨਬੀ ਤੋਂ ਦਰਸ਼ਣ ਦੀ ਆਸ ਰੱਖਣ’ ਲੱਗੇ। ਪਰ ਹੁਣ ਵੇਲਾ ਹੱਥੋਂ ਲੰਘ ਚੁੱਕਾ ਸੀ। (ਹਿਜ਼. 7:26) ਉਨ੍ਹਾਂ ਤੋਂ ਉਲਟ, ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਦੁਸ਼ਟ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਇਸ ਲਈ ਅਸੀਂ ਪਰਮੇਸ਼ੁਰ ਦੇ ਵਾਅਦਿਆਂ ʼਤੇ ਭਰੋਸਾ ਰੱਖਦੇ ਹੋਏ ਜ਼ਿੰਦਗੀ ਵਿਚ ਸਹੀ ਗੱਲਾਂ ਨੂੰ ਪਹਿਲ ਦਿੰਦੇ ਹਾਂ। ਨਤੀਜੇ ਵਜੋਂ, ਅਸੀਂ ਸਵਰਗ ਵਿਚ ਧਨ ਇਕੱਠਾ ਕਰਨ ਵਿਚ ਲੱਗੇ ਰਹਿੰਦੇ ਹਾਂ ਜੋ ਹਮੇਸ਼ਾ ਰਹੇਗਾ ਅਤੇ ਕਦੇ ਵੀ “ਗਲੀਆਂ ਵਿਚ” ਨਹੀਂ ਸੁੱਟਿਆ ਜਾਵੇਗਾ।—ਮੱਤੀ 6:19-21, 24 ਪੜ੍ਹੋ।
19. ਹਿਜ਼ਕੀਏਲ ਦੀ ਭਵਿੱਖਬਾਣੀ ਦਾ ਅੱਜ ਸਾਡੇ ʼਤੇ ਕੀ ਅਸਰ ਪੈਂਦਾ ਹੈ?
19 ਯਰੂਸ਼ਲਮ ਦੇ ਨਾਸ਼ ਬਾਰੇ ਹਿਜ਼ਕੀਏਲ ਦੀ ਭਵਿੱਖਬਾਣੀ ਦਾ ਅੱਜ ਸਾਡੇ ʼਤੇ ਕੀ ਅਸਰ ਪੈਂਦਾ ਹੈ? ਇਹ ਸਾਨੂੰ ਖ਼ਬਰਦਾਰ ਕਰਦੀ ਹੈ ਕਿ ਪਰਮੇਸ਼ੁਰ ਦੇ ਸੇਵਕ ਬਣਨ ਵਿਚ ਲੋਕਾਂ ਦੀ ਮਦਦ ਕਰਨ ਦਾ ਸਮਾਂ ਥੋੜ੍ਹਾ ਹੀ ਰਹਿ ਗਿਆ ਹੈ। ਇਸ ਕਰਕੇ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਬਿਲਕੁਲ ਵੀ ਢਿੱਲ-ਮੱਠ ਨਹੀਂ ਕਰਦੇ। ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਨੇਕਦਿਲ ਲੋਕ ਸਾਡੇ ਪਿਤਾ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕਰਦੇ ਹਨ। ਪਰ ਜਿਹੜੇ ਲੋਕ ਪਰਮੇਸ਼ੁਰ ਦੇ ਸੇਵਕ ਨਹੀਂ ਬਣਦੇ, ਅਸੀਂ ਹਿਜ਼ਕੀਏਲ ਵਾਂਗ ਉਨ੍ਹਾਂ ਨੂੰ ਵਾਰ-ਵਾਰ ਚੇਤਾਵਨੀ ਦਿੰਦੇ ਹਾਂ: “ਤੇਰਾ ਅੰਤ ਆ ਚੁੱਕਾ ਹੈ।” (ਹਿਜ਼. 3:19, 21; 7:3) ਇਸ ਦੇ ਨਾਲ-ਨਾਲ ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਯਹੋਵਾਹ ʼਤੇ ਨਿਹਚਾ ਕਰਦੇ ਰਹਾਂਗੇ ਅਤੇ ਉਸ ਦੀ ਸ਼ੁੱਧ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਰਹਾਂਗੇ।—ਜ਼ਬੂ. 52:7, 8; ਕਹਾ. 11:28; ਮੱਤੀ 6:33.
a ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਹਿਜ਼ਕੀਏਲ ਨੇ ਇਹ ਸਾਰੀਆਂ ਨਿਸ਼ਾਨੀਆਂ ਲੋਕਾਂ ਦੇ ਸਾਮ੍ਹਣੇ ਦਿਖਾਈਆਂ ਹੋਣੀਆਂ? ਕਿਉਂਕਿ ਯਹੋਵਾਹ ਨੇ ਹੀ ਖ਼ਾਸ ਤੌਰ ਤੇ ਉਸ ਨੂੰ ਹੁਕਮ ਦਿੱਤਾ ਸੀ ਕਿ ਉਹ “ਲੋਕਾਂ ਦੀਆਂ ਅੱਖਾਂ ਸਾਮ੍ਹਣੇ” ਕੁਝ ਨਿਸ਼ਾਨੀਆਂ ਦਿਖਾਵੇ, ਜਿਵੇਂ ਰੋਟੀ ਪਕਾਉਣੀ ਅਤੇ ਆਪਣਾ ਸਾਮਾਨ ਚੁੱਕ ਕੇ ਘਰੋਂ ਤੁਰਨਾ।—ਹਿਜ਼. 4:12; 12:7.
b ਯਹੋਵਾਹ ਨੇ ਯਰੂਸ਼ਲਮ ਦਾ ਨਾਸ਼ ਕਰ ਕੇ ਸਿਰਫ਼ ਯਹੂਦਾਹ ਦੇ ਦੋ-ਗੋਤੀ ਰਾਜ ਨੂੰ ਹੀ ਸਜ਼ਾ ਨਹੀਂ ਦਿੱਤੀ, ਸਗੋਂ ਇਜ਼ਰਾਈਲ ਦੇ ਦਸ-ਗੋਤੀ ਰਾਜ ਨੂੰ ਵੀ ਸਜ਼ਾ ਦਿੱਤੀ। (ਯਿਰ. 11:17; ਹਿਜ਼. 9:9, 10) ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 1 ਦਾ ਸਫ਼ਾ 462 ʼਤੇ “997 ਈਸਵੀ ਪੂਰਵ ਤੋਂ ਯਰੂਸ਼ਲਮ ਦੇ ਨਾਸ਼ ਤਕ ਸਿਲਸਿਲੇਵਾਰ ਹੋਈਆਂ ਘਟਨਾਵਾਂ” ਬਾਰੇ ਪੜ੍ਹੋ।
c ਹਿਜ਼ਕੀਏਲ 7:5-7 ਵਿਚ ਯਹੋਵਾਹ ਨੇ “ਆ ਰਹੀ,” “ਆ ਰਿਹਾ ਹੈ,” “ਆਵੇਗਾ” ਵਰਗੇ ਸ਼ਬਦ ਵਾਰ-ਵਾਰ ਵਰਤੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਸੰਦੇਸ਼ ਕਿੰਨਾ ਜ਼ਰੂਰੀ ਹੈ।