ਅਧਿਆਇ 16
“ਮੱਥੇ ʼਤੇ ਨਿਸ਼ਾਨ ਲਾ”
ਮੁੱਖ ਗੱਲ: ਹਿਜ਼ਕੀਏਲ ਦੇ ਦਿਨਾਂ ਵਿਚ ਵਫ਼ਾਦਾਰ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ʼਤੇ ਕਿਵੇਂ ਨਿਸ਼ਾਨ ਲਾਇਆ ਗਿਆ ਤੇ ਨਿਸ਼ਾਨ ਲਾਉਣ ਦਾ ਕੰਮ ਅੱਜ ਕੀ ਮਾਅਨੇ ਰੱਖਦਾ ਹੈ
1-3. (ੳ) ਹਿਜ਼ਕੀਏਲ ਸੁੰਨ ਕਿਉਂ ਹੋ ਗਿਆ ਅਤੇ ਯਰੂਸ਼ਲਮ ਦੇ ਨਾਸ਼ ਬਾਰੇ ਉਸ ਨੂੰ ਕੀ ਪਤਾ ਲੱਗਦਾ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
ਹਿਜ਼ਕੀਏਲ ਸੁੰਨ ਹੋ ਜਾਂਦਾ ਹੈ! ਉਸ ਨੇ ਹੁਣੇ-ਹੁਣੇ ਇਕ ਦਰਸ਼ਣ ਵਿਚ ਦੇਖਿਆ ਕਿ ਧਰਮ-ਤਿਆਗੀ ਯਹੂਦੀ ਯਰੂਸ਼ਲਮ ਦੇ ਮੰਦਰ ਵਿਚ ਕਿੰਨੇ ਘਿਣਾਉਣੇ ਕੰਮ ਕਰ ਰਹੇ ਹਨ।a ਇਨ੍ਹਾਂ ਬਾਗ਼ੀਆਂ ਨੇ ਉਸ ਥਾਂ ਨੂੰ ਭ੍ਰਿਸ਼ਟ ਕੀਤਾ ਜੋ ਇਜ਼ਰਾਈਲ ਵਿਚ ਸ਼ੁੱਧ ਭਗਤੀ ਦਾ ਕੇਂਦਰ ਹੈ। ਉਨ੍ਹਾਂ ਨੇ ਸਿਰਫ਼ ਮੰਦਰ ਨੂੰ ਹੀ ਭ੍ਰਿਸ਼ਟ ਨਹੀਂ ਕੀਤਾ, ਸਗੋਂ ਸਾਰੇ ਯਹੂਦਾਹ ਦੇਸ਼ ਨੂੰ ਹਿੰਸਾ ਨਾਲ ਭਰ ਦਿੱਤਾ। ਦੇਸ਼ ਦਾ ਇੰਨਾ ਬੁਰਾ ਹਾਲ ਹੈ ਕਿ ਉਸ ਦੇ ਸੁਧਰਨ ਦੀ ਕੋਈ ਆਸ ਨਹੀਂ ਬਚੀ। ਯਹੋਵਾਹ ਆਪਣੇ ਚੁਣੇ ਹੋਏ ਲੋਕਾਂ ਦੇ ਕੰਮ ਦੇਖ ਕੇ ਇੰਨਾ ਜ਼ਿਆਦਾ ਦੁਖੀ ਹੋਇਆ ਕਿ ਉਸ ਨੇ ਹਿਜ਼ਕੀਏਲ ਨੂੰ ਕਿਹਾ: “ਮੈਂ ਉਨ੍ਹਾਂ ʼਤੇ ਆਪਣੇ ਗੁੱਸੇ ਦਾ ਕਹਿਰ ਵਰ੍ਹਾਵਾਂਗਾ।”—ਹਿਜ਼. 8:17, 18.
2 ਹਿਜ਼ਕੀਏਲ ਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਯਰੂਸ਼ਲਮ ਅਤੇ ਉੱਥੇ ਦੇ ਮੰਦਰ ਉੱਤੇ, ਜੋ ਇਕ ਸਮੇਂ ਤੇ ਪਵਿੱਤਰ ਹੁੰਦਾ ਸੀ, ਯਹੋਵਾਹ ਦਾ ਕ੍ਰੋਧ ਭੜਕਣ ਵਾਲਾ ਹੈ ਤੇ ਉਸ ਦਾ ਨਾਸ਼ ਹੋ ਜਾਵੇਗਾ! ਹਿਜ਼ਕੀਏਲ ਦੇ ਮਨ ਵਿਚ ਇਹ ਸਵਾਲ ਆਉਂਦੇ ਹਨ: ‘ਸ਼ਹਿਰ ਵਿਚ ਰਹਿੰਦੇ ਵਫ਼ਾਦਾਰ ਲੋਕਾਂ ਦਾ ਕੀ ਹੋਵੇਗਾ? ਕੀ ਉਨ੍ਹਾਂ ਨੂੰ ਬਚਾਇਆ ਜਾਵੇਗਾ? ਜੇ ਹਾਂ, ਤਾਂ ਕਿਵੇਂ?’ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਹਿਜ਼ਕੀਏਲ ਨੂੰ ਜ਼ਿਆਦਾ ਉਡੀਕ ਨਹੀਂ ਕਰਨੀ ਪੈਂਦੀ। ਯਹੋਵਾਹ ਦਰਸ਼ਣ ਵਿਚ ਜਦੋਂ ਯਰੂਸ਼ਲਮ ਨੂੰ ਸਜ਼ਾ ਸੁਣਾਉਂਦਾ ਹੈ, ਉਸ ਤੋਂ ਤੁਰੰਤ ਬਾਅਦ ਕੁਝ ਆਦਮੀਆਂ ਨੂੰ ਉੱਚੀ ਆਵਾਜ਼ ਵਿਚ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਪਰਮੇਸ਼ੁਰ ਵੱਲੋਂ ਯਰੂਸ਼ਲਮ ਦੇ ਲੋਕਾਂ ਨੂੰ ਸਜ਼ਾ ਦੇਣ। (ਹਿਜ਼. 9:1) ਦਰਸ਼ਣ ਵਿਚ ਹਿਜ਼ਕੀਏਲ ਅੱਗੇ ਦੇਖਦਾ ਹੈ ਕਿ ਇਹ ਨਾਸ਼ ਅੰਨ੍ਹੇਵਾਹ ਨਹੀਂ ਕੀਤਾ ਜਾਵੇਗਾ, ਸਗੋਂ ਵਫ਼ਾਦਾਰ ਲੋਕ ਬਚਾਏ ਜਾਣਗੇ। ਇਹ ਜਾਣ ਕੇ ਉਸ ਦੀ ਜਾਨ ਵਿਚ ਜਾਨ ਆ ਜਾਂਦੀ ਹੈ।
3 ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਇਸ ਲਈ ਅਸੀਂ ਵੀ ਸ਼ਾਇਦ ਸੋਚੀਏ ਕਿ ਆਉਣ ਵਾਲੇ ਨਾਸ਼ ਵਿੱਚੋਂ ਕੌਣ ਬਚੇਗਾ ਤੇ ਕੌਣ ਨਹੀਂ। ਆਓ ਆਪਾਂ ਇਨ੍ਹਾਂ ਸਵਾਲਾਂ ʼਤੇ ਗੌਰ ਕਰੀਏ: (1) ਹਿਜ਼ਕੀਏਲ ਨੇ ਦਰਸ਼ਣ ਵਿਚ ਅੱਗੇ ਕੀ ਦੇਖਿਆ? (2) ਦਰਸ਼ਣ ਦੇ ਰੂਪ ਵਿਚ ਕੀਤੀ ਭਵਿੱਖਬਾਣੀ ਉਸ ਦੇ ਦਿਨਾਂ ਵਿਚ ਕਿਵੇਂ ਪੂਰੀ ਹੋਈ? (3) ਇਹ ਭਵਿੱਖਬਾਣੀ ਸਾਡੇ ਲਈ ਕੀ ਮਾਅਨੇ ਰੱਖਦੀ ਹੈ?
“ਸਜ਼ਾ ਦੇਣ ਲਈ ਆਦਮੀਆਂ ਨੂੰ ਬੁਲਾ”
4. ਦੱਸੋ ਕਿ ਹਿਜ਼ਕੀਏਲ ਦਰਸ਼ਣ ਵਿਚ ਅੱਗੇ ਕੀ ਦੇਖਦਾ ਤੇ ਸੁਣਦਾ ਹੈ।
4 ਹਿਜ਼ਕੀਏਲ ਅੱਗੇ ਕੀ ਦੇਖਦਾ ਤੇ ਕੀ ਸੁਣਦਾ ਹੈ? (ਹਿਜ਼ਕੀਏਲ 9:1-11 ਪੜ੍ਹੋ।) ਉਸ ਨੇ ਸੱਤ ਆਦਮੀਆਂ ਨੂੰ “ਉੱਪਰਲੇ ਦਰਵਾਜ਼ੇ ਵੱਲੋਂ ਆਉਂਦੇ ਦੇਖਿਆ ਜੋ ਉੱਤਰ ਵੱਲ ਸੀ।” ਸ਼ਾਇਦ ਇਹ ਉਹੀ ਜਗ੍ਹਾ ਹੈ ਜਿੱਥੇ ਪਰਮੇਸ਼ੁਰ ਦਾ ਗੁੱਸਾ ਭੜਕਾਉਣ ਵਾਲੀ ਘਿਣਾਉਣੀ ਮੂਰਤ ਸੀ ਜਾਂ ਜਿੱਥੇ ਤੀਵੀਆਂ ਤਮੂਜ਼ ਦੇਵਤੇ ਲਈ ਰੋ ਰਹੀਆਂ ਸਨ। (ਹਿਜ਼. 8:3, 14) ਉਹ ਸੱਤ ਆਦਮੀ ਮੰਦਰ ਦੇ ਅੰਦਰਲੇ ਵਿਹੜੇ ਵਿਚ ਦਾਖ਼ਲ ਹੋਏ ਅਤੇ ਤਾਂਬੇ ਦੀ ਵੇਦੀ ਦੇ ਲਾਗੇ ਖੜ੍ਹੇ ਹੋ ਗਏ। ਪਰ ਉਹ ਆਦਮੀ ਉੱਥੇ ਬਲ਼ੀ ਚੜ੍ਹਾਉਣ ਨਹੀਂ ਆਏ ਸਨ ਕਿਉਂਕਿ ਉਹ ਸਮਾਂ ਬੀਤ ਚੁੱਕਾ ਸੀ ਜਦੋਂ ਯਹੋਵਾਹ ਮੰਦਰ ਵਿਚ ਚੜ੍ਹਾਈਆਂ ਬਲ਼ੀਆਂ ਸਵੀਕਾਰ ਕਰਦਾ ਸੀ। ਉਨ੍ਹਾਂ ਵਿੱਚੋਂ ਛੇ ਆਦਮੀਆਂ ਦੇ “ਹੱਥ ਵਿਚ ਚਕਨਾਚੂਰ ਕਰਨ ਵਾਲਾ ਹਥਿਆਰ ਸੀ।” ਸੱਤਵਾਂ ਆਦਮੀ ਉਨ੍ਹਾਂ ਨਾਲੋਂ ਥੋੜ੍ਹਾ ਵੱਖਰਾ ਲੱਗਦਾ ਸੀ। ਉਸ ਨੇ ਮਲਮਲ ਦੇ ਕੱਪੜੇ ਪਾਏ ਹੋਏ ਸਨ। ਉਸ ਕੋਲ ਕੋਈ ਹਥਿਆਰ ਨਹੀਂ ਸੀ, ਸਗੋਂ “ਲਿਖਾਰੀ ਦੀ ਕਲਮ-ਦਵਾਤ ਵਾਲੀ ਡੱਬੀ” ਸੀ ਜਾਂ ਜਿਵੇਂ ਫੁਟਨੋਟ ਵਿਚ ਦੱਸਿਆ ਹੈ, “ਸਕੱਤਰ” ਦੀ ਕਲਮ-ਦਵਾਤ ਸੀ।
5, 6. ਕਿਸ ਤਰ੍ਹਾਂ ਦੇ ਲੋਕਾਂ ʼਤੇ ਨਿਸ਼ਾਨ ਲਾਇਆ ਗਿਆ? (ਪਹਿਲੀ ਤਸਵੀਰ ਦੇਖੋ।)
5 ਕਲਮ-ਦਵਾਤ ਵਾਲੇ ਆਦਮੀ ਨੇ ਕੀ ਕਰਨਾ ਸੀ? ਉਸ ਨੂੰ ਯਹੋਵਾਹ ਤੋਂ ਇਕ ਵੱਡੀ ਜ਼ਿੰਮੇਵਾਰੀ ਮਿਲੀ: “ਯਰੂਸ਼ਲਮ ਸ਼ਹਿਰ ਦੇ ਵਿੱਚੋਂ ਦੀ ਲੰਘ ਅਤੇ ਉਨ੍ਹਾਂ ਸਾਰੇ ਲੋਕਾਂ ਦੇ ਮੱਥੇ ʼਤੇ ਨਿਸ਼ਾਨ ਲਾ ਜਿਹੜੇ ਸ਼ਹਿਰ ਵਿਚ ਹੁੰਦੇ ਸਾਰੇ ਘਿਣਾਉਣੇ ਕੰਮਾਂ ਕਰਕੇ ਹਉਕੇ ਭਰਦੇ ਹਨ ਅਤੇ ਦੁੱਖ ਦੇ ਮਾਰੇ ਹੂੰਗਦੇ ਹਨ।” ਇਹ ਸੁਣ ਕੇ ਉਸ ਵੇਲੇ ਹਿਜ਼ਕੀਏਲ ਨੂੰ ਪੁਰਾਣੇ ਜ਼ਮਾਨੇ ਦੀ ਇਕ ਘਟਨਾ ਯਾਦ ਆਈ ਹੋਣੀ। ਵਫ਼ਾਦਾਰ ਇਜ਼ਰਾਈਲੀ ਮਾਪਿਆਂ ਨੇ ਆਪਣੀਆਂ ਚੁਗਾਠਾਂ ਦੇ ਉੱਪਰਲੇ ਪਾਸੇ ਅਤੇ ਦੋਹਾਂ ਪਾਸਿਆਂ ʼਤੇ ਖ਼ੂਨ ਲਾਇਆ ਸੀ। ਇਹ ਖ਼ੂਨ ਇਸ ਗੱਲ ਦੀ ਨਿਸ਼ਾਨੀ ਸੀ ਕਿ ਉਨ੍ਹਾਂ ਦੇ ਜੇਠੇ ਬੱਚਿਆਂ ਦੀ ਜਾਨ ਬਖ਼ਸ਼ ਦਿੱਤੀ ਜਾਵੇ। (ਕੂਚ 12:7, 22, 23) ਕੀ ਹਿਜ਼ਕੀਏਲ ਦੇ ਦਰਸ਼ਣ ਵਿਚ ਲੋਕਾਂ ਦੇ ਮੱਥੇ ਉੱਤੇ ਨਿਸ਼ਾਨ ਲਾਉਣ ਦਾ ਵੀ ਇਹੀ ਮਕਸਦ ਸੀ ਕਿ ਯਰੂਸ਼ਲਮ ਦੇ ਨਾਸ਼ ਵੇਲੇ ਉਨ੍ਹਾਂ ਨੂੰ ਬਚਾਇਆ ਜਾਵੇਗਾ?
6 ਇਸ ਦਾ ਜਵਾਬ ਜਾਣਨ ਲਈ ਆਓ ਆਪਾਂ ਗੌਰ ਕਰੀਏ ਕਿ ਇਹ ਨਿਸ਼ਾਨ ਕਿਨ੍ਹਾਂ ਲੋਕਾਂ ਦੇ ਮੱਥੇ ਉੱਤੇ ਲਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਲੋਕਾਂ ਦੇ ਮੱਥੇ ਉੱਤੇ ਜੋ “ਸ਼ਹਿਰ ਵਿਚ ਹੁੰਦੇ” ਸਾਰੇ ਘਿਣਾਉਣੇ ਕੰਮਾਂ ਕਰਕੇ ‘ਹਉਕੇ ਭਰਦੇ ਸਨ ਅਤੇ ਦੁੱਖ ਦੇ ਮਾਰੇ ਹੂੰਗਦੇ ਸਨ।’ ਉਨ੍ਹਾਂ ਲੋਕਾਂ ਬਾਰੇ ਸਾਨੂੰ ਕੀ ਪਤਾ ਲੱਗਦਾ ਹੈ ਜਿਨ੍ਹਾਂ ਦੇ ਮੱਥੇ ʼਤੇ ਨਿਸ਼ਾਨ ਲੱਗਾ ਸੀ? ਇਕ ਗੱਲ ਤਾਂ ਇਹ ਹੈ ਕਿ ਉਹ ਨਾ ਸਿਰਫ਼ ਮੰਦਰ ਵਿਚ ਹੋ ਰਹੀ ਮੂਰਤੀ-ਪੂਜਾ ਕਰਕੇ, ਸਗੋਂ ਪੂਰੇ ਯਰੂਸ਼ਲਮ ਵਿਚ ਹੋ ਰਹੀ ਹਿੰਸਾ, ਅਨੈਤਿਕਤਾ ਅਤੇ ਭ੍ਰਿਸ਼ਟਾਚਾਰ ਕਰਕੇ ਬਹੁਤ ਦੁਖੀ ਸਨ। (ਹਿਜ਼. 22:9-12) ਦੂਜੀ ਗੱਲ, ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਦਿਲ ਵਿਚ ਦਬਾ ਕੇ ਨਹੀਂ ਰੱਖੀਆਂ। ਉਨ੍ਹਾਂ ਦੀਆਂ ਗੱਲਾਂ ਅਤੇ ਕੰਮਾਂ ਤੋਂ ਸਾਫ਼ ਜ਼ਾਹਰ ਸੀ ਕਿ ਦੇਸ਼ ਵਿਚ ਹੋ ਰਹੇ ਬੁਰੇ ਕੰਮਾਂ ਤੋਂ ਉਨ੍ਹਾਂ ਨੂੰ ਕਿੰਨੀ ਘਿਣ ਸੀ ਅਤੇ ਸ਼ੁੱਧ ਭਗਤੀ ਕਰਨ ਦਾ ਉਨ੍ਹਾਂ ਦਾ ਇਰਾਦਾ ਕਿੰਨਾ ਪੱਕਾ ਸੀ। ਇਹ ਲੋਕ ਨਾਸ਼ ਤੋਂ ਬਚਣ ਦੇ ਲਾਇਕ ਸਨ, ਇਸ ਲਈ ਯਹੋਵਾਹ ਨੇ ਉਨ੍ਹਾਂ ʼਤੇ ਦਇਆ ਕਰ ਕੇ ਉਨ੍ਹਾਂ ਨੂੰ ਬਚਾਉਣਾ ਸੀ।
7, 8. ਛੇ ਆਦਮੀਆਂ ਨੇ ਸਭ ਤੋਂ ਪਹਿਲਾਂ ਕਿਸ ਦਾ ਨਾਸ਼ ਕਰਨਾ ਸੀ ਅਤੇ ਦਰਸ਼ਣ ਦੇ ਅਖ਼ੀਰ ਵਿਚ ਕੀ ਹੋਇਆ?
7 ਜਿਨ੍ਹਾਂ ਛੇ ਆਦਮੀਆਂ ਦੇ ਹੱਥ ਵਿਚ ਚਕਨਾਚੂਰ ਕਰਨ ਵਾਲੇ ਹਥਿਆਰ ਸਨ, ਉਨ੍ਹਾਂ ਨੇ ਲੋਕਾਂ ਦਾ ਨਾਸ਼ ਕਿਵੇਂ ਕਰਨਾ ਸੀ? ਹਿਜ਼ਕੀਏਲ ਨੇ ਸੁਣਿਆ ਕਿ ਯਹੋਵਾਹ ਨੇ ਉਨ੍ਹਾਂ ਆਦਮੀਆਂ ਨੂੰ ਇਹ ਹਿਦਾਇਤਾਂ ਦਿੱਤੀਆਂ: ਉਹ ਕਲਮ-ਦਵਾਤ ਵਾਲੇ ਆਦਮੀ ਦੇ ਪਿੱਛੇ-ਪਿੱਛੇ ਜਾਣ ਅਤੇ ਉਨ੍ਹਾਂ ਸਾਰਿਆਂ ਨੂੰ ਮਾਰ ਸੁੱਟਣ ਜਿਨ੍ਹਾਂ ਦੇ ਮੱਥੇ ਉੱਤੇ ਨਿਸ਼ਾਨ ਨਹੀਂ ਸੀ। ਯਹੋਵਾਹ ਨੇ ਕਿਹਾ: “ਤੁਸੀਂ ਇਹ ਕੰਮ ਮੇਰੇ ਪਵਿੱਤਰ ਸਥਾਨ ਤੋਂ ਸ਼ੁਰੂ ਕਰੋ।” (ਹਿਜ਼. 9:6) ਉਨ੍ਹਾਂ ਨੇ ਇਹ ਕੰਮ ਮੰਦਰ ਤੋਂ ਸ਼ੁਰੂ ਕਰਨਾ ਸੀ ਜੋ ਯਰੂਸ਼ਲਮ ਦੀ ਸਭ ਤੋਂ ਖ਼ਾਸ ਜਗ੍ਹਾ ਸੀ। ਹੁਣ ਇਹ ਮੰਦਰ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਨਹੀਂ ਰਿਹਾ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਜ਼ਰਾਈਲ ਦੇ 70 ‘ਬਜ਼ੁਰਗਾਂ ਨੂੰ ਮਾਰ ਸੁੱਟਣਾ’ ਸੀ “ਜਿਹੜੇ ਮੰਦਰ ਦੇ ਸਾਮ੍ਹਣੇ ਸਨ” ਅਤੇ ਝੂਠੇ ਦੇਵੀ-ਦੇਵਤਿਆਂ ਅੱਗੇ ਧੂਪ ਧੁਖਾ ਰਹੇ ਸਨ।—ਹਿਜ਼. 8:11, 12; 9:6.
8 ਦਰਸ਼ਣ ਦੇ ਅਖ਼ੀਰ ਵਿਚ ਕੀ ਹੋਇਆ? ਹਿਜ਼ਕੀਏਲ ਨੇ ਦੇਖਿਆ ਕਿ ਕਲਮ-ਦਵਾਤ ਵਾਲੇ ਆਦਮੀ ਨੇ ਯਹੋਵਾਹ ਕੋਲ ਆ ਕੇ ਕਿਹਾ: “ਮੈਂ ਉਹ ਸਭ ਕੀਤਾ ਜੋ ਤੂੰ ਮੈਨੂੰ ਹੁਕਮ ਦਿੱਤਾ ਸੀ।” (ਹਿਜ਼. 9:11) ਸ਼ਾਇਦ ਸਾਡੇ ਮਨ ਵਿਚ ਸਵਾਲ ਉੱਠਣ: ‘ਯਰੂਸ਼ਲਮ ਦੇ ਲੋਕਾਂ ਦਾ ਕੀ ਹੋਇਆ? ਕੀ ਉੱਥੇ ਕੋਈ ਵਫ਼ਾਦਾਰ ਇਨਸਾਨ ਸੀ ਜੋ ਨਾਸ਼ ਹੋਣ ਤੋਂ ਬਚ ਗਿਆ ਹੋਵੇ?’
ਦਰਸ਼ਣ ਦੀ ਭਵਿੱਖਬਾਣੀ ਹਿਜ਼ਕੀਏਲ ਦੇ ਦਿਨਾਂ ਵਿਚ ਕਿਵੇਂ ਪੂਰੀ ਹੋਈ?
9, 10. ਯਰੂਸ਼ਲਮ ਦੇ ਨਾਸ਼ ਵਿੱਚੋਂ ਬਚਣ ਵਾਲੇ ਕੁਝ ਵਫ਼ਾਦਾਰ ਲੋਕ ਕੌਣ ਸਨ ਅਤੇ ਉਹ ਕਿਹੋ ਜਿਹੇ ਲੋਕ ਸਨ?
9 ਦੂਜਾ ਇਤਿਹਾਸ 36:17-20 ਪੜ੍ਹੋ। ਹਿਜ਼ਕੀਏਲ ਦੀ ਭਵਿੱਖਬਾਣੀ 607 ਈਸਵੀ ਪੂਰਵ ਵਿਚ ਪੂਰੀ ਹੋਈ ਜਦੋਂ ਬਾਬਲੀ ਫ਼ੌਜ ਨੇ ਯਰੂਸ਼ਲਮ ਅਤੇ ਇਸ ਦੇ ਮੰਦਰ ਦਾ ਨਾਸ਼ ਕੀਤਾ ਸੀ। ਬਾਬਲ ‘ਯਹੋਵਾਹ ਦੇ ਹੱਥ ਵਿਚ ਪਿਆਲਾ ਸੀ’ ਜਿਸ ਨੂੰ ਵਰਤ ਕੇ ਯਹੋਵਾਹ ਨੇ ਯਰੂਸ਼ਲਮ ਦੇ ਬੇਵਫ਼ਾ ਲੋਕਾਂ ਨੂੰ ਸਜ਼ਾ ਦਿੱਤੀ। (ਯਿਰ. 51:7) ਕੀ ਉਸ ਵੇਲੇ ਅੰਨ੍ਹੇਵਾਹ ਨਾਸ਼ ਕੀਤਾ ਗਿਆ ਸੀ? ਨਹੀਂ। ਹਿਜ਼ਕੀਏਲ ਦੇ ਦਰਸ਼ਣ ਵਿਚ ਦੱਸਿਆ ਗਿਆ ਸੀ ਕਿ ਬਾਬਲੀ ਕੁਝ ਲੋਕਾਂ ਨੂੰ ਨਹੀਂ ਮਾਰਨਗੇ।—ਉਤ. 18:22-33; 2 ਪਤ. 2:9.
10 ਕਈ ਵਫ਼ਾਦਾਰ ਲੋਕਾਂ ਨੂੰ ਬਚਾਇਆ ਗਿਆ ਸੀ ਜਿਨ੍ਹਾਂ ਵਿਚ ਰੇਕਾਬੀ ਲੋਕ, ਇਥੋਪੀਆਈ ਅਬਦ-ਮਲਕ, ਯਿਰਮਿਯਾਹ ਨਬੀ ਅਤੇ ਉਸ ਦਾ ਸਕੱਤਰ ਬਾਰੂਕ ਸ਼ਾਮਲ ਸਨ। (ਯਿਰ. 35:1-19; 39:15-18; 45:1-5) ਹਿਜ਼ਕੀਏਲ ਦੇ ਦਰਸ਼ਣ ਤੋਂ ਅਸੀਂ ਸਮਝ ਸਕਦੇ ਹਾਂ ਕਿ ਇਹ ਲੋਕ ਯਰੂਸ਼ਲਮ ਵਿਚ ਹੁੰਦੇ ‘ਘਿਣਾਉਣੇ ਕੰਮਾਂ ਕਰਕੇ ਹਉਕੇ ਭਰਦੇ ਅਤੇ ਦੁੱਖ ਦੇ ਮਾਰੇ ਹੂੰਗਦੇ’ ਹੋਣੇ। (ਹਿਜ਼. 9:4) ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਉਨ੍ਹਾਂ ਨੇ ਦਿਖਾਇਆ ਸੀ ਕਿ ਉੱਥੇ ਹੁੰਦੇ ਬੁਰੇ ਕੰਮਾਂ ਤੋਂ ਉਨ੍ਹਾਂ ਨੂੰ ਘਿਣ ਸੀ ਅਤੇ ਸ਼ੁੱਧ ਭਗਤੀ ਕਰਨ ਦਾ ਉਨ੍ਹਾਂ ਦਾ ਇਰਾਦਾ ਪੱਕਾ ਸੀ। ਇਸੇ ਕਰਕੇ ਉਹ ਬਚਣ ਦੇ ਲਾਇਕ ਸਨ।
11. ਕਲਮ-ਦਵਾਤ ਵਾਲਾ ਆਦਮੀ ਅਤੇ ਹਥਿਆਰਾਂ ਵਾਲੇ ਛੇ ਆਦਮੀ ਕਿਸ ਨੂੰ ਦਰਸਾਉਂਦੇ ਹਨ?
11 ਕੀ ਉਨ੍ਹਾਂ ਵਫ਼ਾਦਾਰ ਲੋਕਾਂ ਦੇ ਮੱਥੇ ਉੱਤੇ ਸੱਚ-ਮੁੱਚ ਕੋਈ ਨਿਸ਼ਾਨ ਲਾਇਆ ਗਿਆ ਸੀ? ਬਾਈਬਲ ਵਿਚ ਕਿਤੇ ਨਹੀਂ ਲਿਖਿਆ ਕਿ ਹਿਜ਼ਕੀਏਲ ਜਾਂ ਕਿਸੇ ਹੋਰ ਨਬੀ ਨੇ ਸਾਰੇ ਯਰੂਸ਼ਲਮ ਵਿਚ ਜਾ ਕੇ ਵਫ਼ਾਦਾਰ ਲੋਕਾਂ ਦੇ ਮੱਥੇ ਉੱਤੇ ਨਿਸ਼ਾਨ ਲਾਇਆ ਸੀ। ਹਿਜ਼ਕੀਏਲ ਨੇ ਦਰਸ਼ਣ ਵਿਚ ਇਸ ਗੱਲ ਦੀ ਝਲਕ ਦੇਖੀ ਕਿ ਸਵਰਗ ਵਿਚ ਕੀ ਹੋ ਰਿਹਾ ਸੀ ਜੋ ਇਨਸਾਨਾਂ ਨੂੰ ਨਜ਼ਰ ਨਹੀਂ ਆਉਂਦਾ ਸੀ। ਕਲਮ-ਦਵਾਤ ਵਾਲਾ ਆਦਮੀ ਅਤੇ ਚਕਨਾਚੂਰ ਕਰਨ ਵਾਲੇ ਹਥਿਆਰਾਂ ਵਾਲੇ ਛੇ ਆਦਮੀ ਯਹੋਵਾਹ ਦੇ ਵਫ਼ਾਦਾਰ ਦੂਤਾਂ ਨੂੰ ਦਰਸਾਉਂਦੇ ਸਨ ਜੋ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। (ਜ਼ਬੂ. 103:20, 21) ਜਦੋਂ ਯਰੂਸ਼ਲਮ ਦੇ ਲੋਕਾਂ ਨੂੰ ਸਜ਼ਾ ਦਿੱਤੀ ਗਈ ਸੀ, ਉਸ ਸਮੇਂ ਯਹੋਵਾਹ ਨੇ ਆਪਣੇ ਦੂਤਾਂ ਨੂੰ ਵਰਤਿਆ ਹੋਣਾ। ਉਨ੍ਹਾਂ ਦੂਤਾਂ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਯਰੂਸ਼ਲਮ ਵਿਚ ਅੰਨ੍ਹੇਵਾਹ ਕੱਟ-ਵੱਢ ਨਾ ਹੋਵੇ ਤੇ ਵਫ਼ਾਦਾਰ ਲੋਕਾਂ ਨੂੰ ਬਚਾਇਆ ਜਾਵੇ। ਇਹ ਲੋਕਾਂ ਦੇ ਮੱਥੇ ਉੱਤੇ ਨਿਸ਼ਾਨ ਲਾਉਣ ਵਾਂਗ ਸੀ।
ਹਿਜ਼ਕੀਏਲ ਦਾ ਦਰਸ਼ਣ ਅੱਜ ਸਾਡੇ ਲਈ ਕੀ ਮਾਅਨੇ ਰੱਖਦਾ ਹੈ?
12, 13. (ੳ) ਯਹੋਵਾਹ ਨੇ ਆਪਣੇ ਕ੍ਰੋਧ ਦਾ ਪਿਆਲਾ ਯਰੂਸ਼ਲਮ ਉੱਤੇ ਕਿਉਂ ਡੋਲ੍ਹਿਆ ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅੱਜ ਵੀ ਯਹੋਵਾਹ ਅਜਿਹਾ ਹੀ ਕੁਝ ਕਰੇਗਾ? (ਅ) ਕੀ ਬੇਵਫ਼ਾ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ? ਸਮਝਾਓ। (“ਕੀ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ?” ਨਾਂ ਦੀ ਡੱਬੀ ਦੇਖੋ।)
12 ਅੱਜ ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਦੋਂ ਯਹੋਵਾਹ ਇੰਨੇ ਵੱਡੇ ਪੈਮਾਨੇ ʼਤੇ ਦੁਸ਼ਟਾਂ ਦਾ ਨਾਸ਼ ਕਰੇਗਾ ਜਿੰਨਾ ਉਸ ਨੇ ਪਹਿਲਾਂ ਕਦੇ ਨਹੀਂ ਕੀਤਾ। ਜਲਦੀ ਹੀ “ਅਜਿਹਾ ਮਹਾਂਕਸ਼ਟ ਆਵੇਗਾ ਜਿਹੋ ਜਿਹਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਨਾ ਕਦੇ ਆਇਆ ਹੈ ਤੇ ਨਾ ਦੁਬਾਰਾ ਕਦੇ ਆਵੇਗਾ।” (ਮੱਤੀ 24:21) ਉਸ ਸਮੇਂ ਦੀ ਉਡੀਕ ਕਰਦਿਆਂ ਸਾਡੇ ਮਨ ਵਿਚ ਇਹ ਕੁਝ ਸਵਾਲ ਉੱਠ ਸਕਦੇ ਹਨ: ਕੀ ਉਸ ਸਮੇਂ ਅੰਨ੍ਹੇਵਾਹ ਨਾਸ਼ ਕਰਨ ਦੀ ਬਜਾਇ ਸਿਰਫ਼ ਦੁਸ਼ਟਾਂ ਦਾ ਨਾਸ਼ ਕੀਤਾ ਜਾਵੇਗਾ? ਕੀ ਯਹੋਵਾਹ ਦੀ ਸ਼ੁੱਧ ਭਗਤੀ ਕਰਨ ਵਾਲਿਆਂ ਨੂੰ ਬਚਾਉਣ ਲਈ ਉਨ੍ਹਾਂ ਉੱਤੇ ਕਿਸੇ ਤਰ੍ਹਾਂ ਦਾ ਨਿਸ਼ਾਨ ਲਾਇਆ ਜਾਵੇਗਾ? ਦੂਜੇ ਸ਼ਬਦਾਂ ਵਿਚ ਕਹੀਏ, ਤਾਂ ਕੀ ਕਲਮ-ਦਵਾਤ ਵਾਲੇ ਆਦਮੀ ਬਾਰੇ ਕੀਤੀ ਭਵਿੱਖਬਾਣੀ ਸਾਡੇ ਦਿਨਾਂ ਵਿਚ ਪੂਰੀ ਹੋਵੇਗੀ? ਇਨ੍ਹਾਂ ਸਵਾਲਾਂ ਦਾ ਜਵਾਬ ਹੈ, ਹਾਂ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਜਵਾਬ ਜਾਣਨ ਲਈ ਆਓ ਆਪਾਂ ਫਿਰ ਤੋਂ ਹਿਜ਼ਕੀਏਲ ਦੇ ਦਰਸ਼ਣ ʼਤੇ ਗੌਰ ਕਰੀਏ।
13 ਕੀ ਤੁਹਾਨੂੰ ਯਾਦ ਹੈ ਕਿ ਯਹੋਵਾਹ ਨੇ ਪੁਰਾਣੇ ਸਮੇਂ ਦੇ ਯਰੂਸ਼ਲਮ ਉੱਤੇ ਆਪਣੇ ਕ੍ਰੋਧ ਦਾ ਪਿਆਲਾ ਕਿਉਂ ਡੋਲ੍ਹਿਆ ਸੀ? ਇਕ ਵਾਰ ਫਿਰ ਹਿਜ਼ਕੀਏਲ 9:8, 9 (ਪੜ੍ਹੋ।) ਉੱਤੇ ਗੌਰ ਕਰੋ। ਜਦੋਂ ਹਿਜ਼ਕੀਏਲ ਨੂੰ ਚਿੰਤਾ ਹੋਣ ਲੱਗੀ ਕਿ ਯਹੋਵਾਹ ਸ਼ਾਇਦ “ਇਜ਼ਰਾਈਲ ਦੇ ਬਾਕੀ ਬਚੇ ਸਾਰੇ ਲੋਕਾਂ ਨੂੰ” ਨਾਸ਼ ਕਰ ਦੇਵੇਗਾ, ਤਾਂ ਯਹੋਵਾਹ ਨੇ ਉਸ ਨੂੰ ਚਾਰ ਕਾਰਨ ਦੱਸੇ ਕਿ ਉਹ ਲੋਕਾਂ ਨੂੰ ਸਜ਼ਾ ਕਿਉਂ ਦੇਵੇਗਾ। ਪਹਿਲਾ, ਇਜ਼ਰਾਈਲ ਕੌਮ ਨੇ “ਘੋਰ ਪਾਪ” ਕੀਤੇ ਸਨ।b ਦੂਜਾ, ਯਹੂਦਾਹ “ਖ਼ੂਨ-ਖ਼ਰਾਬੇ ਨਾਲ ਭਰਿਆ ਹੋਇਆ” ਸੀ। ਤੀਜਾ, ਯਹੂਦਾਹ ਦੀ ਰਾਜਧਾਨੀ ਯਰੂਸ਼ਲਮ ਵਿਚ “ਹਰ ਪਾਸੇ ਭ੍ਰਿਸ਼ਟਾਚਾਰ ਫੈਲਿਆ ਹੋਇਆ” ਸੀ। ਚੌਥਾ, ਲੋਕ ਆਪਣੇ ਕੰਮਾਂ ਨੂੰ ਸਹੀ ਠਹਿਰਾਉਣ ਲਈ ਕਹਿ ਰਹੇ ਸਨ ਕਿ ਯਹੋਵਾਹ ਉਨ੍ਹਾਂ ਦੇ ਬੁਰੇ ਕੰਮਾਂ ਨੂੰ “ਨਹੀਂ ਦੇਖ ਰਿਹਾ।” ਕੀ ਅੱਜ ਦੁਨੀਆਂ ਦੀ ਹਾਲਤ ਵੀ ਕੁਝ ਇਹੋ ਜਿਹੀ ਨਹੀਂ ਹੈ? ਅਨੈਤਿਕਤਾ, ਹਿੰਸਾ, ਭ੍ਰਿਸ਼ਟਾਚਾਰ ਅਤੇ ਵਿਸ਼ਵਾਸਘਾਤ ਆਮ ਹੀ ਹੋ ਗਿਆ ਹੈ। ਯਹੋਵਾਹ “ਕਦੀ ਬਦਲਦਾ ਨਹੀਂ,” ਇਸ ਲਈ ਜਿਹੜੇ ਕੰਮਾਂ ਕਰਕੇ ਹਿਜ਼ਕੀਏਲ ਦੇ ਸਮੇਂ ਵਿਚ ਉਸ ਦਾ ਕ੍ਰੋਧ ਭੜਕਿਆ ਸੀ, ਉਸੇ ਤਰ੍ਹਾਂ ਸਾਡੇ ਜ਼ਮਾਨੇ ਵਿਚ ਵੀ ਉਸ ਦਾ ਕ੍ਰੋਧ ਭੜਕੇਗਾ। (ਯਾਕੂ. 1:17; ਮਲਾ. 3:6) ਇਸ ਲਈ ਇਹ ਕਹਿਣਾ ਸਹੀ ਹੋਵੇਗਾ ਕਿ ਹਥਿਆਰਾਂ ਵਾਲੇ ਛੇ ਆਦਮੀ ਅਤੇ ਕਲਮ-ਦਵਾਤ ਵਾਲਾ ਆਦਮੀ ਸਾਡੇ ਦਿਨਾਂ ਵਿਚ ਵੀ ਯਹੋਵਾਹ ਦਾ ਦਿੱਤਾ ਕੰਮ ਪੂਰਾ ਕਰਨਗੇ।
14, 15. ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨਾਸ਼ ਕਰਨ ਤੋਂ ਪਹਿਲਾਂ ਲੋਕਾਂ ਨੂੰ ਚੇਤਾਵਨੀ ਦਿੰਦਾ ਹੈ?
14 ਹਿਜ਼ਕੀਏਲ ਦੇ ਦਰਸ਼ਣ ਵਿਚਲੀ ਭਵਿੱਖਬਾਣੀ ਅੱਜ ਸਾਡੇ ਜ਼ਮਾਨੇ ਵਿਚ ਕਿਵੇਂ ਪੂਰੀ ਹੋ ਰਹੀ ਹੈ? ਜੇ ਅਸੀਂ ਗੌਰ ਕਰੀਏ ਕਿ ਇਹ ਭਵਿੱਖਬਾਣੀ ਪਹਿਲਾਂ ਕਿਵੇਂ ਪੂਰੀ ਹੋਈ ਸੀ, ਤਾਂ ਅਸੀਂ ਜਾਣ ਪਾਵਾਂਗੇ ਕਿ ਅੱਜ ਇਹ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ ਤੇ ਅੱਗੇ ਚੱਲ ਕੇ ਕਿਵੇਂ ਪੂਰੀ ਹੋਵੇਗੀ। ਧਿਆਨ ਦਿਓ ਕਿ ਅੱਜ ਅਸੀਂ ਆਪਣੀਆਂ ਅੱਖਾਂ ਸਾਮ੍ਹਣੇ ਕਿਹੜੀਆਂ ਕੁਝ ਗੱਲਾਂ ਪੂਰੀਆਂ ਹੁੰਦੀਆਂ ਦੇਖ ਰਹੇ ਹਾਂ ਅਤੇ ਅੱਗੇ ਕੀ ਹੋਣ ਦੀ ਉਮੀਦ ਰੱਖ ਸਕਦੇ ਹਾਂ।
15 ਨਾਸ਼ ਕਰਨ ਤੋਂ ਪਹਿਲਾਂ ਯਹੋਵਾਹ ਲੋਕਾਂ ਨੂੰ ਚੇਤਾਵਨੀ ਦਿੰਦਾ ਹੈ। ਅਸੀਂ ਇਸ ਕਿਤਾਬ ਦੇ 11ਵੇਂ ਅਧਿਆਇ ਵਿਚ ਦੇਖਿਆ ਸੀ ਕਿ ਯਹੋਵਾਹ ਨੇ ਹਿਜ਼ਕੀਏਲ ਨੂੰ “ਇਜ਼ਰਾਈਲ ਦੇ ਘਰਾਣੇ ਦਾ ਪਹਿਰੇਦਾਰ ਨਿਯੁਕਤ ਕੀਤਾ” ਸੀ। (ਹਿਜ਼. 3:17-19) 613 ਈਸਵੀ ਪੂਰਵ ਤੋਂ ਹਿਜ਼ਕੀਏਲ ਨੇ ਇਜ਼ਰਾਈਲ ਦੇ ਲੋਕਾਂ ਨੂੰ ਸਾਫ਼ ਸ਼ਬਦਾਂ ਵਿਚ ਚੇਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਸੀ ਕਿ ਯਰੂਸ਼ਲਮ ਦਾ ਨਾਸ਼ ਹੋਣ ਵਾਲਾ ਹੈ। ਯਸਾਯਾਹ ਅਤੇ ਯਿਰਮਿਯਾਹ ਵਰਗੇ ਕਈ ਹੋਰ ਨਬੀਆਂ ਨੇ ਵੀ ਇਹ ਚੇਤਾਵਨੀ ਦਿੱਤੀ ਕਿ ਯਰੂਸ਼ਲਮ ਉੱਤੇ ਬਿਪਤਾ ਆਵੇਗੀ। (ਯਸਾ. 39:6, 7; ਯਿਰ. 25:8, 9, 11) ਅੱਜ ਸਾਡੇ ਦਿਨਾਂ ਵਿਚ ਯਹੋਵਾਹ ਨੇ ਮਸੀਹ ਦੇ ਜ਼ਰੀਏ ਚੁਣੇ ਹੋਏ ਮਸੀਹੀਆਂ ਦੇ ਇਕ ਛੋਟੇ ਸਮੂਹ ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੇ ਨਾ ਸਿਰਫ਼ ਨੌਕਰਾਂ-ਚਾਕਰਾਂ ਯਾਨੀ ਸ਼ੁੱਧ ਭਗਤੀ ਕਰਨ ਵਾਲਿਆਂ ਨੂੰ ਪਰਮੇਸ਼ੁਰ ਦਾ ਗਿਆਨ ਦੇਣਾ ਹੈ, ਸਗੋਂ ਦੂਜਿਆਂ ਨੂੰ ਚੇਤਾਵਨੀ ਵੀ ਦੇਣੀ ਹੈ ਕਿ ਮਹਾਂਕਸ਼ਟ ਬਹੁਤ ਜਲਦੀ ਆਉਣ ਵਾਲਾ ਹੈ।—ਮੱਤੀ 24:45.
16. ਕੀ ਯਹੋਵਾਹ ਦੇ ਗਵਾਹ ਨਿਸ਼ਾਨ ਲਾਉਣ ਦਾ ਕੰਮ ਕਰਦੇ ਹਨ? ਸਮਝਾਓ।
16 ਨਾਸ਼ ਤੋਂ ਬਚਣ ਵਾਲਿਆਂ ਉੱਤੇ ਨਿਸ਼ਾਨ ਲਾਉਣ ਦਾ ਕੰਮ ਯਹੋਵਾਹ ਦੇ ਗਵਾਹ ਨਹੀਂ ਕਰਦੇ। ਯਾਦ ਕਰੋ ਕਿ ਹਿਜ਼ਕੀਏਲ ਨੂੰ ਇਹ ਨਹੀਂ ਕਿਹਾ ਗਿਆ ਸੀ ਕਿ ਉਹ ਸਾਰੇ ਯਰੂਸ਼ਲਮ ਵਿਚ ਜਾਵੇ ਤੇ ਬਚਣ ਵਾਲੇ ਲੋਕਾਂ ʼਤੇ ਨਿਸ਼ਾਨ ਲਾਵੇ। ਉਸੇ ਤਰ੍ਹਾਂ ਅੱਜ ਯਹੋਵਾਹ ਦੇ ਲੋਕਾਂ ਨੂੰ ਇਹ ਨਹੀਂ ਕਿਹਾ ਗਿਆ ਕਿ ਉਹ ਉਨ੍ਹਾਂ ਲੋਕਾਂ ਉੱਤੇ ਨਿਸ਼ਾਨ ਲਾਉਣ ਜੋ ਨਾਸ਼ ਤੋਂ ਬਚਣ ਦੇ ਯੋਗ ਹਨ। ਮਸੀਹ ਦੇ ਨੌਕਰ-ਚਾਕਰ ਹੋਣ ਕਰਕੇ ਸਾਨੂੰ ਪ੍ਰਚਾਰ ਕਰਨ ਦਾ ਕੰਮ ਦਿੱਤਾ ਗਿਆ ਹੈ। ਅਸੀਂ ਇਸ ਕੰਮ ਨੂੰ ਗੰਭੀਰਤਾ ਨਾਲ ਲੈਂਦੇ ਹਾਂ, ਇਸ ਲਈ ਅਸੀਂ ਜ਼ੋਰਾਂ-ਸ਼ੋਰਾਂ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ ਅਤੇ ਲੋਕਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਬਹੁਤ ਜਲਦੀ ਇਸ ਦੁਸ਼ਟ ਦੁਨੀਆਂ ਦਾ ਅੰਤ ਹੋਣ ਵਾਲਾ ਹੈ। (ਮੱਤੀ 24:14; 28:18-20) ਇਸ ਤਰ੍ਹਾਂ ਸ਼ੁੱਧ ਭਗਤੀ ਕਰਨ ਦਾ ਫ਼ੈਸਲਾ ਕਰਨ ਵਿਚ ਅਸੀਂ ਨੇਕਦਿਲ ਲੋਕਾਂ ਦੀ ਮਦਦ ਕਰਦੇ ਹਾਂ।—1 ਤਿਮੋ. 4:16.
17. ਆਉਣ ਵਾਲੇ ਨਾਸ਼ ਤੋਂ ਬਚਣ ਲਈ ਲੋਕਾਂ ਨੂੰ ਹੁਣ ਤੋਂ ਹੀ ਕੀ ਕਰਨਾ ਪਵੇਗਾ?
17 ਆਉਣ ਵਾਲੇ ਨਾਸ਼ ਤੋਂ ਬਚਣ ਲਈ ਲੋਕਾਂ ਨੂੰ ਹੁਣ ਤੋਂ ਹੀ ਆਪਣੀ ਨਿਹਚਾ ਦਾ ਸਬੂਤ ਦੇਣਾ ਪਵੇਗਾ। ਅਸੀਂ ਦੇਖ ਚੁੱਕੇ ਹਾਂ ਕਿ ਜਿਹੜੇ ਲੋਕ 607 ਈਸਵੀ ਪੂਰਵ ਵਿਚ ਯਰੂਸ਼ਲਮ ਦੇ ਨਾਸ਼ ਤੋਂ ਬਚੇ ਸਨ, ਉਨ੍ਹਾਂ ਨੇ ਪਹਿਲਾਂ ਹੀ ਸਾਬਤ ਕੀਤਾ ਸੀ ਕਿ ਉਹ ਦੇਸ਼ ਵਿਚ ਹੋ ਰਹੀ ਬੁਰਾਈ ਤੋਂ ਘਿਣ ਕਰਦੇ ਸਨ ਤੇ ਹਰ ਹਾਲ ਵਿਚ ਸ਼ੁੱਧ ਭਗਤੀ ਕਰਦੇ ਰਹਿਣਗੇ। ਅੱਜ ਵੀ ਲੋਕਾਂ ਤੋਂ ਇਹੀ ਉਮੀਦ ਕੀਤੀ ਜਾਂਦੀ ਹੈ। ਨਾਸ਼ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸਾਬਤ ਕਰਨਾ ਪਵੇਗਾ ਕਿ ਉਹ ਦੁਨੀਆਂ ਵਿਚ ਹੁੰਦੀ ਦੁਸ਼ਟਤਾ ਦੇਖ ਕੇ “ਹਉਕੇ ਭਰਦੇ ਹਨ ਅਤੇ ਦੁੱਖ ਦੇ ਮਾਰੇ ਹੂੰਗਦੇ ਹਨ।” ਆਪਣੀਆਂ ਭਾਵਨਾਵਾਂ ਨੂੰ ਦਬਾ ਕੇ ਰੱਖਣ ਦੀ ਬਜਾਇ ਉਨ੍ਹਾਂ ਨੂੰ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਸਾਬਤ ਕਰਨਾ ਪੈਣਾ ਕਿ ਉਹ ਸ਼ੁੱਧ ਭਗਤੀ ਕਰਨੀ ਚਾਹੁੰਦੇ ਹਨ। ਇਹ ਉਹ ਕਿਵੇਂ ਕਰ ਸਕਦੇ ਹਨ? ਉਨ੍ਹਾਂ ਨੂੰ ਜੋ ਖ਼ੁਸ਼ ਖ਼ਬਰੀ ਸੁਣਾਈ ਜਾਂਦੀ ਹੈ, ਉਸ ਨੂੰ ਉਹ ਸਵੀਕਾਰ ਕਰਨ, ਮਸੀਹ ਵਰਗਾ ਸੁਭਾਅ ਪੈਦਾ ਕਰਦੇ ਰਹਿਣ, ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣ ਅਤੇ ਵਫ਼ਾਦਾਰੀ ਨਾਲ ਮਸੀਹ ਦੇ ਭਰਾਵਾਂ ਦਾ ਸਾਥ ਦੇਣ। (ਹਿਜ਼. 9:4; ਮੱਤੀ 25:34-40; ਅਫ਼. 4:22-24; 1 ਪਤ. 3:21) ਜਿਹੜੇ ਲੋਕ ਹੁਣ ਤੋਂ ਹੀ ਇਹ ਕੰਮ ਕਰਦੇ ਹਨ ਅਤੇ ਮਹਾਂਕਸ਼ਟ ਦੇ ਸ਼ੁਰੂ ਹੋਣ ਵੇਲੇ ਸ਼ੁੱਧ ਭਗਤੀ ਕਰ ਰਹੇ ਹੋਣਗੇ, ਸਿਰਫ਼ ਉਨ੍ਹਾਂ ʼਤੇ ਹੀ ਨਾਸ਼ ਤੋਂ ਬਚਣ ਦਾ ਨਿਸ਼ਾਨ ਲਾਇਆ ਜਾਵੇਗਾ।
18. (ੳ) ਯਿਸੂ ਕਦੋਂ ਅਤੇ ਕਿਵੇਂ ਲਾਇਕ ਲੋਕਾਂ ʼਤੇ ਨਿਸ਼ਾਨ ਲਾਵੇਗਾ? (ਅ) ਕੀ ਚੁਣੇ ਹੋਏ ਮਸੀਹੀਆਂ ਉੱਤੇ ਨਿਸ਼ਾਨ ਲਾਉਣ ਦੀ ਲੋੜ ਹੈ? ਸਮਝਾਓ।
18 ਲਾਇਕ ਲੋਕਾਂ ʼਤੇ ਨਿਸ਼ਾਨ ਲਾਉਣ ਦਾ ਕੰਮ ਯਿਸੂ ਕਰੇਗਾ। ਹਿਜ਼ਕੀਏਲ ਦੇ ਦਿਨਾਂ ਵਿਚ ਨਾਸ਼ ਤੋਂ ਬਚਣ ਵਾਲੇ ਵਫ਼ਾਦਾਰ ਲੋਕਾਂ ਉੱਤੇ ਨਿਸ਼ਾਨ ਲਾਉਣ ਵਿਚ ਦੂਤ ਵੀ ਸ਼ਾਮਲ ਸਨ। ਅੱਜ ਕਲਮ-ਦਵਾਤ ਵਾਲਾ ਆਦਮੀ ਯਿਸੂ ਮਸੀਹ ਨੂੰ ਦਰਸਾਉਂਦਾ ਹੈ ਜੋ ਸਾਰੀਆਂ ਕੌਮਾਂ ਦਾ ਨਿਆਂਕਾਰ ਬਣ ਕੇ “ਪੂਰੀ ਸ਼ਾਨੋ-ਸ਼ੌਕਤ ਨਾਲ” ਆਵੇਗਾ। (ਮੱਤੀ 25:31-33) ਇਹ ਘਟਨਾ ਝੂਠੇ ਧਰਮਾਂ ਦੇ ਨਾਸ਼ ਤੋਂ ਬਾਅਦ ਮਹਾਂਕਸ਼ਟ ਦੌਰਾਨ ਹੋਵੇਗੀ।c ਉਸ ਅਹਿਮ ਘੜੀ ਦੌਰਾਨ ਯਾਨੀ ਆਰਮਾਗੇਡਨ ਸ਼ੁਰੂ ਹੋਣ ਤੋਂ ਕੁਝ ਹੀ ਸਮਾਂ ਪਹਿਲਾਂ ਯਿਸੂ ਲੋਕਾਂ ਦਾ ਨਿਆਂ ਕਰੇਗਾ ਕਿ ਉਨ੍ਹਾਂ ਵਿੱਚੋਂ ਕੌਣ ਭੇਡਾਂ ਵਰਗੇ ਹਨ ਤੇ ਕੌਣ ਬੱਕਰੀਆਂ ਵਰਗੇ ਹਨ। “ਵੱਡੀ ਭੀੜ” ਦੇ ਲੋਕਾਂ ʼਤੇ ਨਿਸ਼ਾਨ ਲਾਇਆ ਜਾਵੇਗਾ ਕਿ ਉਹ ਭੇਡਾਂ ਵਰਗੇ ਹਨ, ਇਸ ਲਈ ਉਨ੍ਹਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਮਿਲੇਗੀ। (ਪ੍ਰਕਾ. 7:9-14; ਮੱਤੀ 25:34-40, 46) ਕੀ ਵਫ਼ਾਦਾਰ ਚੁਣੇ ਹੋਏ ਮਸੀਹੀਆਂ ʼਤੇ ਵੀ ਨਿਸ਼ਾਨ ਲਾਇਆ ਜਾਵੇਗਾ? ਜੀ ਨਹੀਂ। ਆਰਮਾਗੇਡਨ ਵਿੱਚੋਂ ਬਚਣ ਲਈ ਉਨ੍ਹਾਂ ʼਤੇ ਨਿਸ਼ਾਨ ਲਾਉਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਜਾਂ ਫਿਰ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਉੱਤੇ ਆਖ਼ਰੀ ਮੁਹਰ ਲੱਗ ਚੁੱਕੀ ਹੋਵੇਗੀ। ਫਿਰ ਆਰਮਾਗੇਡਨ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਧਰਤੀ ਉੱਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਉਠਾ ਲਿਆ ਜਾਵੇਗਾ।—ਪ੍ਰਕਾ. 7:1-3.
19. ਇਸ ਦੁਨੀਆਂ ਨੂੰ ਸਜ਼ਾ ਦੇਣ ਵੇਲੇ ਯਿਸੂ ਨਾਲ ਕੌਣ ਹੋਣਗੇ? (“ਹਉਕੇ ਭਰਨੇ ਤੇ ਹੂੰਗਣਾ, ਨਿਸ਼ਾਨ ਲਾਉਣਾ, ਚਕਨਾਚੂਰ ਕਰਨਾ—ਕਦੋਂ ਤੇ ਕਿਵੇਂ?” ਨਾਂ ਦੀ ਡੱਬੀ ਦੇਖੋ।)
19 ਸਵਰਗੀ ਰਾਜਾ ਯਿਸੂ ਮਸੀਹ ਅਤੇ ਉਸ ਦੀਆਂ ਸਵਰਗੀ ਫ਼ੌਜਾਂ ਇਸ ਦੁਨੀਆਂ ਨੂੰ ਸਜ਼ਾ ਦੇਣਗੀਆਂ। ਹਿਜ਼ਕੀਏਲ ਦੇ ਦਰਸ਼ਣ ਵਿਚ ਦੇਖੇ ਛੇ ਆਦਮੀਆਂ ਨੇ, ਜਿਨ੍ਹਾਂ ਕੋਲ ਚਕਨਾਚੂਰ ਕਰਨ ਵਾਲੇ ਹਥਿਆਰ ਸਨ, ਉਦੋਂ ਤਕ ਨਾਸ਼ ਕਰਨਾ ਸ਼ੁਰੂ ਨਹੀਂ ਕੀਤਾ ਜਦ ਤਕ ਮਲਮਲ ਦੇ ਕੱਪੜੇ ਪਹਿਨੇ ਹੋਏ ਆਦਮੀ ਨੇ ਲੋਕਾਂ ʼਤੇ ਨਿਸ਼ਾਨ ਲਾਉਣ ਦਾ ਕੰਮ ਪੂਰਾ ਨਹੀਂ ਕਰ ਦਿੱਤਾ। (ਹਿਜ਼. 9:4-7) ਇਸੇ ਤਰ੍ਹਾਂ ਭਵਿੱਖ ਵਿਚ ਜਦੋਂ ਯਿਸੂ ਸਾਰੀਆਂ ਕੌਮਾਂ ਦੇ ਲੋਕਾਂ ਦਾ ਨਿਆਂ ਕਰ ਚੁੱਕਾ ਹੋਵੇਗਾ ਅਤੇ ਭੇਡਾਂ ਵਰਗੇ ਲੋਕਾਂ ʼਤੇ ਨਿਸ਼ਾਨ ਲਾ ਚੁੱਕਾ ਹੋਵੇਗਾ, ਉਸ ਤੋਂ ਬਾਅਦ ਹੀ ਨਾਸ਼ ਕਰਨ ਦਾ ਕੰਮ ਸ਼ੁਰੂ ਹੋਵੇਗਾ। ਹਾਂ, ਆਰਮਾਗੇਡਨ ਦੇ ਯੁੱਧ ਦੌਰਾਨ ਯਿਸੂ ਪਵਿੱਤਰ ਦੂਤਾਂ ਅਤੇ 1,44,000 ਜਣਿਆਂ ਨਾਲ ਮਿਲ ਕੇ ਇਸ ਬੁਰੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ ਅਤੇ ਸ਼ੁੱਧ ਭਗਤੀ ਕਰਨ ਵਾਲਿਆਂ ਨੂੰ ਨਵੀਂ ਦੁਨੀਆਂ ਵਿਚ ਲੈ ਜਾਵੇਗਾ।—ਪ੍ਰਕਾ. 16:14-16; 19:11-21.
20. ਕਲਮ-ਦਵਾਤ ਵਾਲੇ ਆਦਮੀ ਬਾਰੇ ਹਿਜ਼ਕੀਏਲ ਦੇ ਦਰਸ਼ਣ ਤੋਂ ਅਸੀਂ ਕਿਹੜੀਆਂ ਗੱਲਾਂ ਸਿੱਖੀਆਂ?
20 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਕਲਮ-ਦਵਾਤ ਵਾਲੇ ਆਦਮੀ ਦੇ ਦਰਸ਼ਣ ਤੋਂ ਕਈ ਗੱਲਾਂ ਸਿੱਖਣ ਨੂੰ ਮਿਲੀਆਂ! ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੁਸ਼ਟਾਂ ਦੇ ਨਾਲ ਧਰਮੀਆਂ ਨੂੰ ਨਾਸ਼ ਨਹੀਂ ਕਰੇਗਾ। (ਜ਼ਬੂ. 97:10) ਅਸੀਂ ਜਾਣਿਆ ਹੈ ਕਿ ਅੱਜ ਸਾਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਭਵਿੱਖ ਵਿਚ ਸਾਡੇ ʼਤੇ ਨਿਸ਼ਾਨ ਲਾਇਆ ਜਾਵੇ ਤੇ ਅਸੀਂ ਬਚਾਏ ਜਾਈਏ। ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਅਜਿਹੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਰਹਾਂਗੇ ਜੋ ਦੁਨੀਆਂ ਵਿਚ ਹੁੰਦੇ ਬੁਰੇ ਕੰਮਾਂ ਕਰਕੇ ਹਉਕੇ ਭਰਦੇ ਅਤੇ ਹੂੰਗਦੇ ਹਨ ਤੇ ਅਸੀਂ ਉਨ੍ਹਾਂ ਨੂੰ ਆਉਣ ਵਾਲੇ ਅੰਤ ਬਾਰੇ ਚੇਤਾਵਨੀ ਵੀ ਦਿੰਦੇ ਰਹਾਂਗੇ। ਇਸ ਤਰ੍ਹਾਂ ਕਰ ਕੇ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰ ਪਾਵਾਂਗੇ ਜੋ “ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ” ਹਨ। ਫਿਰ ਉਹ ਵੀ ਸਾਡੇ ਨਾਲ ਮਿਲ ਕੇ ਸ਼ੁੱਧ ਭਗਤੀ ਕਰ ਸਕਣਗੇ ਅਤੇ ਇਸ ਲਾਇਕ ਠਹਿਰਨਗੇ ਕਿ ਉਨ੍ਹਾਂ ਉੱਤੇ ਨਿਸ਼ਾਨ ਲਾਇਆ ਜਾਵੇ ਤੇ ਉਨ੍ਹਾਂ ਨੂੰ ਬਚਾ ਕੇ ਨਵੀਂ ਦੁਨੀਆਂ ਵਿਚ ਲਿਜਾਇਆ ਜਾਵੇ।—ਰਸੂ. 13:48.
a ਮੰਦਰ ਵਿਚ ਹੋ ਰਹੇ ਘਿਣਾਉਣੇ ਕੰਮਾਂ ਬਾਰੇ ਹਿਜ਼ਕੀਏਲ ਨੇ ਜੋ ਦਰਸ਼ਣ ਦੇਖਿਆ, ਉਸ ਬਾਰੇ ਇਸ ਕਿਤਾਬ ਦੇ ਪੰਜਵੇਂ ਅਧਿਆਇ ਵਿਚ ਸਮਝਾਇਆ ਗਿਆ ਹੈ।
b ਜਿਸ ਇਬਰਾਨੀ ਨਾਂਵ ਦਾ ਅਨੁਵਾਦ “ਪਾਪ” ਕੀਤਾ ਗਿਆ ਹੈ, ਉਸ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਉਸ ਦਾ ਮਤਲਬ ਹੈ, “ਬਹੁਤ ਹੀ ਘਟੀਆ ਕੰਮ।” ਇਕ ਹੋਰ ਕਿਤਾਬ ਕਹਿੰਦੀ ਹੈ ਕਿ ਇਹ ਨਾਂਵ “ਧਰਮ ਨਾਲ ਜੁੜੀਆਂ ਗੱਲਾਂ ਦੇ ਸੰਬੰਧ ਵਿਚ ਵਰਤਿਆ ਜਾਂਦਾ ਹੈ ਅਤੇ ਜ਼ਿਆਦਾਤਰ ਅਨੈਤਿਕਤਾ ਜਾਂ ਅਜਿਹੇ ਕੰਮਾਂ ਲਈ ਵਰਤਿਆ ਜਾਂਦਾ ਹੈ ਜੋ ਪਰਮੇਸ਼ੁਰ ਦੀ ਨਜ਼ਰ ਵਿਚ ਬਹੁਤ ਬੁਰੇ ਹਨ।”
c ਮਹਾਂ ਬਾਬਲ ਦੇ ਨਾਸ਼ ਦਾ ਮਤਲਬ ਇਹ ਨਹੀਂ ਕਿ ਝੂਠੇ ਧਰਮਾਂ ਨੂੰ ਮੰਨਣ ਵਾਲੇ ਸਾਰੇ ਲੋਕ ਮਾਰ ਦਿੱਤੇ ਜਾਣਗੇ। ਉਸ ਸਮੇਂ ਸ਼ਾਇਦ ਕੁਝ ਪਾਦਰੀ ਵੀ ਝੂਠੇ ਧਰਮਾਂ ਨੂੰ ਛੱਡ ਦੇਣਗੇ ਅਤੇ ਦਾਅਵਾ ਕਰਨਗੇ ਕਿ ਉਹ ਉਨ੍ਹਾਂ ਧਰਮਾਂ ਨੂੰ ਕਦੇ ਜਾਣਦੇ ਵੀ ਨਹੀਂ ਸੀ।—ਜ਼ਕ. 13:3-6.