ਸੱਤਵਾਂ ਅਧਿਆਇ
ਚਾਰ ਸ਼ਬਦ ਜਿਨ੍ਹਾਂ ਨੇ ਸੰਸਾਰ ਨੂੰ ਬਦਲ ਦਿੱਤਾ
1. ਬਹੁਤ ਸਮਾਂ ਪਹਿਲਾਂ ਇਕ ਕੰਧ ਉੱਤੇ ਲਿਖੇ ਚਾਰ ਸ਼ਬਦਾਂ ਦਾ ਕਿੰਨਾ ਵੱਡਾ ਪ੍ਰਭਾਵ ਪਿਆ?
ਚੂਨੇ ਗੱਚ ਦੀ ਕੰਧ ਉੱਤੇ ਚਾਰ ਸਾਧਾਰਣ ਜਿਹੇ ਸ਼ਬਦ ਲਿਖੇ ਗਏ। ਪਰ ਉਨ੍ਹਾਂ ਚਾਰ ਸ਼ਬਦਾਂ ਨੇ ਇਕ ਸ਼ਕਤੀਸ਼ਾਲੀ ਬਾਦਸ਼ਾਹ ਨੂੰ ਇੰਨਾ ਡਰਾਇਆ ਕਿ ਉਹ ਕੰਬਣ ਲੱਗ ਪਿਆ। ਉਨ੍ਹਾਂ ਸ਼ਬਦਾਂ ਨੇ ਐਲਾਨ ਕੀਤਾ ਕਿ ਦੋ ਰਾਜਿਆਂ ਨੂੰ ਸਿੰਘਾਸਣ ਉੱਤੋਂ ਲਾਹ ਦਿੱਤਾ ਜਾਵੇਗਾ, ਉਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਜਾਵੇਗੀ ਅਤੇ ਇਕ ਤਾਕਤਵਰ ਵਿਸ਼ਵ ਸ਼ਕਤੀ ਸਮਾਪਤ ਹੋ ਜਾਵੇਗੀ। ਉਨ੍ਹਾਂ ਸ਼ਬਦਾਂ ਤੋਂ ਇਹ ਵੀ ਪਤਾ ਚੱਲਿਆ ਕਿ ਇਕ ਪੂਜਨੀਕ ਪੰਥ ਦਾ ਵੱਡਾ ਅਪਮਾਨ ਹੋਣ ਵਾਲਾ ਸੀ। ਸਭ ਤੋਂ ਮੁੱਖ ਗੱਲ ਇਹ ਹੋਈ ਕਿ ਉਨ੍ਹਾਂ ਸ਼ਬਦਾਂ ਨੇ ਉਦੋਂ ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਉੱਚਾ ਕੀਤਾ ਅਤੇ ਉਸ ਦੀ ਸਰਬਸੱਤਾ ਦੁਬਾਰਾ ਪੱਕੀ ਕੀਤੀ ਜਦੋਂ ਲੋਕ ਇਨ੍ਹਾਂ ਦੋਹਾਂ ਗੱਲਾਂ ਦੀ ਕਦਰ ਘੱਟ ਕਰਦੇ ਸਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਸ਼ਬਦ ਅੱਜ ਵਿਸ਼ਵ ਘਟਨਾਵਾਂ ਉੱਤੇ ਵੀ ਰੌਸ਼ਨੀ ਪਾਉਂਦੇ ਹਨ! ਸਿਰਫ਼ ਚਾਰ ਸ਼ਬਦ ਇੰਨਾ ਕੁਝ ਕਿਵੇਂ ਕਰ ਸਕਦੇ ਸਨ? ਆਓ ਅਸੀਂ ਦੇਖੀਏ।
2. (ੳ) ਨਬੂਕਦਨੱਸਰ ਦੀ ਮੌਤ ਤੋਂ ਬਾਅਦ ਬਾਬਲ ਵਿਚ ਕੀ ਹੋਇਆ? (ਅ) ਨਬੂਕਦਨੱਸਰ ਦੀ ਥਾਂ ਤੇ ਕੌਣ ਰਾਜਾ ਬਣਿਆ?
2 ਦਾਨੀਏਲ ਦੇ ਚੌਥੇ ਅਧਿਆਇ ਵਿਚ ਦੱਸੀਆਂ ਗਈਆਂ ਘਟਨਾਵਾਂ ਦੇ ਵਾਪਰਨ ਤੋਂ ਬਾਅਦ ਹੁਣ ਕਈ ਦਹਾਕੇ ਬੀਤ ਚੁੱਕੇ ਸਨ। ਸੰਨ 582 ਸਾ.ਯੁ.ਪੂ. ਵਿਚ ਘਮੰਡੀ ਰਾਜਾ ਨਬੂਕਦਨੱਸਰ ਦੀ ਮੌਤ ਤੋਂ ਬਾਅਦ, ਬਾਬਲ ਵਿਚ ਉਸ ਦਾ 43 ਸਾਲਾਂ ਦਾ ਰਾਜ ਖ਼ਤਮ ਹੋ ਗਿਆ। ਉਸ ਦੇ ਖ਼ਾਨਦਾਨ ਵਿੱਚੋਂ ਅਨੇਕਾਂ ਵਿਅਕਤੀਆਂ ਨੇ ਉਸ ਦੀ ਥਾਂ ਲਈ, ਪਰ ਵੇਲੇ-ਕੁਵੇਲੇ ਮੌਤ ਜਾਂ ਕਤਲ ਹੋਣ ਕਾਰਨ ਉਨ੍ਹਾਂ ਦੇ ਸ਼ਾਸਨ ਵਾਰੀ-ਵਾਰੀ ਖ਼ਤਮ ਹੋਈ ਗਏ। ਅਖ਼ੀਰ ਵਿਚ ਨਬੋਨਾਈਡਸ ਨਾਮਕ ਇਕ ਆਦਮੀ ਨੇ ਵਿਦਰੋਹ ਕਰ ਕੇ ਸਿੰਘਾਸਣ ਸੰਭਾਲ ਲਿਆ। ਨਬੋਨਾਈਡਸ, ਸਿੰਨ ਨਾਮਕ ਚੰਨ-ਦੇਵਤੇ ਦੀ ਪ੍ਰਮੁੱਖ ਪੂਜਾਰਣ ਦਾ ਪੁੱਤਰ ਸੀ, ਅਤੇ ਬਾਬਲ ਦੇ ਸ਼ਾਹੀ ਖ਼ਾਨਦਾਨ ਨਾਲ ਉਸ ਦਾ ਕੋਈ ਖ਼ੂਨ ਦਾ ਰਿਸ਼ਤਾ ਨਹੀਂ ਸੀ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਆਪਣੀ ਹਕੂਮਤ ਨੂੰ ਕਾਨੂੰਨੀ ਤੌਰ ਤੇ ਕਾਇਮ ਕਰਨ ਲਈ ਉਸ ਨੇ ਨਬੂਕਦਨੱਸਰ ਦੀ ਧੀ ਨਾਲ ਵਿਆਹ ਕਰਵਾ ਲਿਆ। ਇਸ ਕਰਕੇ ਉਨ੍ਹਾਂ ਦਾ ਪੁੱਤਰ ਬੇਲਸ਼ੱਸਰ ਨਬੂਕਦਨੱਸਰ ਦਾ ਦੋਹਤਾ ਲੱਗਦਾ ਸੀ। ਉਹ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਨਬੋਨਾਈਡਸ ਨੇ ਆਪਣੇ ਪੁੱਤਰ ਬੇਲਸ਼ੱਸਰ ਨੂੰ ਆਪਣਾ ਸੰਗੀ ਰਾਜਾ ਬਣਾ ਲਿਆ, ਅਤੇ ਕਈ ਵਾਰ ਉਸ ਨੂੰ ਬਾਬਲ ਦੀ ਸਾਰੀ ਜ਼ਿੰਮੇਵਾਰੀ ਸੌਂਪ ਕੇ ਆਪ ਕਾਫ਼ੀ ਸਮੇਂ ਲਈ ਸ਼ਹਿਰ ਤੋਂ ਬਾਹਰ ਚਲਾ ਜਾਂਦਾ ਸੀ। ਕੀ ਬੇਲਸ਼ੱਸਰ ਨੇ ਆਪਣੇ ਨਾਨੇ ਦੇ ਤਜਰਬੇ ਤੋਂ ਇਹ ਸਬਕ ਸਿੱਖਿਆ ਸੀ ਕਿ ਯਹੋਵਾਹ ਸਭ ਤੋਂ ਉੱਚਾ ਪਰਮੇਸ਼ੁਰ ਹੈ ਅਤੇ ਉਹ ਜਿਸ ਬਾਦਸ਼ਾਹ ਨੂੰ ਚਾਹੇ ਨੀਵਾਂ ਕਰ ਸਕਦਾ ਹੈ? ਨਹੀਂ, ਬਿਲਕੁਲ ਨਹੀਂ!—ਦਾਨੀਏਲ 4:37.
ਇਕ ਦਾਅਵਤ ਵਿਚ ਰੌਲਾ-ਰੱਪਾ
3. ਬੇਲਸ਼ੱਸਰ ਦੀ ਦਾਅਵਤ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ?
3 ਦਾਨੀਏਲ ਦੀ ਪੋਥੀ ਦਾ ਪੰਜਵਾਂ ਅਧਿਆਇ ਸ਼ੁਰੂ ਵਿਚ ਇਕ ਦਾਅਵਤ ਦਾ ਜ਼ਿਕਰ ਕਰਦਾ ਹੈ। “ਬੇਲਸ਼ੱਸਰ ਰਾਜਾ ਨੇ ਆਪਣੇ ਇੱਕ ਹਜ਼ਾਰ ਪਰਧਾਨਾਂ ਦੀ ਵੱਡੀ ਦਾਉਤ ਕੀਤੀ ਅਤੇ ਉਸ ਹਜ਼ਾਰ ਦੇ ਸਾਹਮਣੇ ਨਸ਼ਾ ਪੀਤਾ।” (ਦਾਨੀਏਲ 5:1) ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਨ੍ਹਾਂ ਸਾਰਿਆਂ ਲੋਕਾਂ, ਰਾਜੇ ਦੀਆਂ ਰਾਣੀਆਂ ਅਤੇ ਉਸ ਦੀਆਂ ਰਖੇਲਾਂ ਨੂੰ ਬਿਠਾਉਣ ਲਈ ਕਿੰਨੀ ਵੱਡੀ ਜਗ੍ਹਾ ਦੀ ਜ਼ਰੂਰਤ ਪਈ ਹੋਵੇਗੀ! ਇਕ ਵਿਦਵਾਨ ਦੇ ਅਨੁਸਾਰ “ਬੈਬੀਲੋਨੀ ਦਾਅਵਤਾਂ ਲਾਜਵਾਬ ਹੁੰਦੀਆਂ ਸਨ, ਭਾਵੇਂ ਕਿ ਉੱਥੇ ਅਕਸਰ ਨਸ਼ੇਬਾਜ਼ੀ ਹੁੰਦੀ ਸੀ। ਵਿਦੇਸ਼ਾਂ ਤੋਂ ਮੰਗਵਾਈਆਂ ਸ਼ਰਾਬਾਂ ਅਤੇ ਹਰ ਪ੍ਰਕਾਰ ਦੇ ਸੁਆਦਲੇ ਭੋਜਨ ਮੇਜ਼ਾਂ ਉੱਤੇ ਪਰੋਸੇ ਜਾਂਦੇ ਸਨ। ਸਾਰਾ ਮਹਿਲ ਖ਼ੁਸ਼ਬੂਦਾਰ ਮਹਿਕਾਂ ਨਾਲ ਭਰਿਆ ਹੁੰਦਾ ਸੀ, ਅਤੇ ਗਾਇਕ ਅਤੇ ਸੰਗੀਤਕਾਰ, ਮਹਿਮਾਨਾਂ ਦੇ ਦਿਲ ਬਹਿਲਾਉਂਦੇ ਸਨ।” ਬੇਲਸ਼ੱਸਰ ਸਾਰਿਆਂ ਲੋਕਾਂ ਸਾਮ੍ਹਣੇ ਸ਼ਰਾਬ ਪੀ-ਪੀ ਕੇ ਮਦਹੋਸ਼ ਹੋ ਰਿਹਾ ਸੀ।
4. (ੳ) ਇਹ ਇੰਨੀ ਹੈਰਾਨੀ ਦੀ ਗੱਲ ਕਿਉਂ ਹੈ ਕਿ 5/6 ਅਕਤੂਬਰ 539 ਸਾ.ਯੁ.ਪੂ. ਦੀ ਰਾਤ ਨੂੰ ਬਾਬਲੀ ਲੋਕਾਂ ਨੇ ਰੌਣਕ-ਮੇਲਾ ਲਾਇਆ ਹੋਇਆ ਸੀ? (ਅ) ਕਿਸ ਚੀਜ਼ ਨੇ ਬਾਬਲੀਆਂ ਨੂੰ ਹਮਲਾ ਕਰ ਰਹੀਆਂ ਫ਼ੌਜਾਂ ਦੇ ਸਾਮ੍ਹਣੇ ਇੰਨਾ ਨਿਡਰ ਬਣਾ ਦਿੱਤਾ ਸੀ?
4 ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ 5/6 ਅਕਤੂਬਰ 539 ਸਾ.ਯੁ.ਪੂ. ਦੀ ਰਾਤ ਨੂੰ ਬਾਬਲੀ ਲੋਕਾਂ ਨੇ ਰੌਣਕ-ਮੇਲਾ ਲਾਇਆ ਹੋਇਆ ਸੀ। ਉਨ੍ਹਾਂ ਦਾ ਦੇਸ਼ ਜੰਗ ਵਿਚ ਜਕੜਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਕਿਤਿਓਂ ਵੀ ਸੁੱਖ ਦਾ ਸਾਹ ਨਹੀਂ ਆ ਰਿਹਾ ਸੀ। ਹਾਲ ਹੀ ਵਿਚ ਨਬੋਨਾਈਡਸ ਮਾਦੀ-ਫ਼ਾਰਸੀਆਂ ਦੇ ਹੱਥੀਂ ਹਾਰ ਖਾ ਚੁੱਕਾ ਸੀ, ਅਤੇ ਉਸ ਨੂੰ ਆਪਣੀ ਜਾਨ ਬਚਾਉਣ ਲਈ ਬਾਬਲ ਦੇ ਦੱਖਣ-ਪੱਛਮੀ ਇਲਾਕੇ ਵੱਲ, ਬੋਰਸਿੱਪਾ ਨਾਮਕ ਜਗ੍ਹਾ ਨੂੰ ਭੱਜਣਾ ਪਿਆ ਸੀ। ਹੁਣ ਖੋਰਸ ਦੀਆਂ ਫ਼ੌਜਾਂ ਨੇ ਬਾਬਲ ਦੇ ਬਾਹਰ ਡੇਰਾ ਲਗਾਇਆ ਹੋਇਆ ਸੀ। ਪਰ, ਇਵੇਂ ਲੱਗਦਾ ਹੈ ਕਿ ਬੇਲਸ਼ੱਸਰ ਅਤੇ ਉਸ ਦੇ ਪ੍ਰਧਾਨਾਂ ਨੂੰ ਇਸ ਦਾ ਨਾ ਹੀ ਕੋਈ ਫ਼ਿਕਰ ਸੀ ਅਤੇ ਨਾ ਹੀ ਕੋਈ ਡਰ ਸੀ। ਆਖ਼ਰਕਾਰ, ਕੀ ਉਨ੍ਹਾਂ ਦਾ ਸ਼ਹਿਰ, ਬਾਬਲ ਆਪਣੀ ਮਜ਼ਬੂਤ ਸੁਰੱਖਿਆ ਲਈ ਮਸ਼ਹੂਰ ਨਹੀਂ ਸੀ? ਸੁਰੱਖਿਆ ਲਈ ਸ਼ਹਿਰ ਦੇ ਆਲੇ-ਦੁਆਲੇ ਵੱਡੀਆਂ-ਵੱਡੀਆਂ ਕੰਧਾਂ ਖੜ੍ਹੀਆਂ ਸਨ। ਕੰਧਾਂ ਦੇ ਬਾਹਰ ਖੋਦੀਆਂ ਹੋਈਆਂ ਡੂੰਘੀਆਂ ਖਾਈਆਂ ਵੱਡੇ ਫਰਾਤ ਦਰਿਆ ਤੋਂ ਵਹਿੰਦੇ ਪਾਣੀ ਨਾਲ ਭਰੀਆਂ ਹੋਈਆਂ ਸਨ। ਦਰਿਆ ਸ਼ਹਿਰ ਵਿੱਚੋਂ ਵਹਿੰਦਾ ਸੀ। ਇਕ ਹਜ਼ਾਰ ਸਾਲ ਤੋਂ ਜ਼ਿਆਦਾ ਸਮੇਂ ਲਈ ਕੋਈ ਵੀ ਦੁਸ਼ਮਣ ਬਾਬਲ ਸ਼ਹਿਰ ਉੱਤੇ ਸਿੱਧਾ ਹਮਲਾ ਕਰ ਕੇ ਇਸ ਉੱਤੇ ਕਬਜ਼ਾ ਨਹੀਂ ਕਰ ਸਕਿਆ ਸੀ। ਤਾਂ ਫਿਰ, ਚਿੰਤਾ ਕਰਨ ਦੀ ਕੀ ਲੋੜ ਸੀ? ਬੇਲਸ਼ੱਸਰ ਸ਼ਾਇਦ ਸੋਚਦਾ ਸੀ ਕਿ ਉਨ੍ਹਾਂ ਦੇ ਮੌਜਮੇਲੇ ਦਾ ਸ਼ੋਰਸ਼ਰਾਬਾ ਬਾਹਰ ਡੇਰਾ ਲਾਏ ਬੈਠੇ ਦੁਸ਼ਮਣਾਂ ਨੂੰ ਦਿਖਾ ਦੇਵੇਗਾ ਕਿ ਉਹ ਡਰਦੇ ਨਹੀਂ, ਅਤੇ ਨਾਲੇ ਇਹ ਦੁਸ਼ਮਣ ਦਾ ਹੌਸਲਾ ਵੀ ਘਟਾ ਦੇਵੇਗਾ।
5, 6. ਨਸ਼ੇ ਵਿਚ ਆਏ ਬੇਲਸ਼ੱਸਰ ਨੇ ਕੀ ਕੀਤਾ, ਅਤੇ ਇਸ ਵਿਚ ਯਹੋਵਾਹ ਦਾ ਵੱਡਾ ਅਪਮਾਨ ਕਿਉਂ ਹੋਇਆ?
5 ਥੋੜ੍ਹੇ ਚਿਰ ਵਿਚ ਬੇਲਸ਼ੱਸਰ ਉੱਤੇ ਨਸ਼ੇ ਦਾ ਅਸਰ ਹੋਇਆ। ਕਹਾਉਤਾਂ 20:1 ਕਹਿੰਦਾ ਹੈ ਕਿ ‘ਮੈ ਠੱਠੇ ਵਾਲੀ ਚੀਜ਼ ਹੈ।’ ਪਰ ਇਸ ਮਾਮਲੇ ਵਿਚ ਨਸ਼ੇ ਵਿਚ ਆਏ ਰਾਜੇ ਨੇ ਮੂਰਖਤਾ ਨਾਲ ਇਕ ਬਹੁਤ ਗੰਭੀਰ ਕੰਮ ਕੀਤਾ। ਉਸ ਨੇ ਹੁਕਮ ਦਿੱਤਾ ਕਿ ਯਹੋਵਾਹ ਦੀ ਹੈਕਲ ਵਿੱਚੋਂ ਲਿਆਂਦੇ ਗਏ ਪਵਿੱਤਰ ਭਾਂਡੇ ਦਾਅਵਤ ਵਿਚ ਲਿਆਏ ਜਾਣ। ਇਹ ਭਾਂਡੇ ਉਦੋਂ ਲੁੱਟ ਕੇ ਲਿਆਂਦੇ ਗਏ ਸਨ ਜਦੋਂ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ ਸੀ। ਇਹ ਸਿਰਫ਼ ਪਵਿੱਤਰ ਉਪਾਸਨਾ ਵਿਚ ਹੀ ਵਰਤੇ ਜਾਣੇ ਚਾਹੀਦੇ ਸਨ। ਜਿਨ੍ਹਾਂ ਯਹੂਦੀ ਜਾਜਕਾਂ ਨੂੰ ਬੀਤਿਆਂ ਸਮਿਆਂ ਵਿਚ ਯਰੂਸ਼ਲਮ ਦੀ ਹੈਕਲ ਵਿਚ ਇਨ੍ਹਾਂ ਭਾਂਡਿਆਂ ਨੂੰ ਵਰਤਣ ਦਾ ਹੱਕ ਸੀ ਉਨ੍ਹਾਂ ਨੂੰ ਵੀ ਆਪਣੇ ਆਪ ਨੂੰ ਸਾਫ਼ ਰੱਖਣ ਦੀ ਚੇਤਾਵਨੀ ਦਿੱਤੀ ਗਈ ਸੀ।—ਦਾਨੀਏਲ 5:2. ਯਸਾਯਾਹ 52:11 ਦੀ ਤੁਲਨਾ ਕਰੋ।
6 ਪਰ ਬੇਲਸ਼ੱਸਰ ਹਾਲੇ ਹੋਰ ਬੇਇੱਜ਼ਤੀ ਕਰਨ ਬਾਰੇ ਸੋਚ ਰਿਹਾ ਸੀ। “ਰਾਜਾ ਤੇ ਉਹ ਦੇ ਪਰਧਾਨਾਂ, ਉਹ ਦੀਆਂ ਰਾਣੀਆਂ ਤੇ ਉਹ ਦੀਆਂ ਰਖੇਲਾਂ ਨੇ ਉਨ੍ਹਾਂ ਵਿੱਚੋਂ . . . ਸ਼ਰਾਬ ਪੀਤੀ ਅਤੇ ਸੋਨੇ, ਚਾਂਦੀ, ਪਿੱਤਲ, ਲੋਹੇ, ਕਾਠ ਤੇ ਪੱਥਰ ਦੇ ਦਿਓਤਿਆਂ ਦੀ ਵੱਡਿਆਈ ਕੀਤੀ।” (ਦਾਨੀਏਲ 5:3, 4) ਸੋ ਬੇਲਸ਼ੱਸਰ ਆਪਣੇ ਝੂਠੇ ਦੇਵੀ-ਦੇਵਤਿਆਂ ਨੂੰ ਯਹੋਵਾਹ ਨਾਲੋਂ ਜ਼ਿਆਦਾ ਉੱਚਾ ਕਰਨਾ ਚਾਹੁੰਦਾ ਸੀ! ਇਸ ਤਰ੍ਹਾਂ ਲੱਗਦਾ ਹੈ ਕਿ ਇਹ ਬਾਬਲੀ ਲੋਕਾਂ ਦਾ ਆਮ ਰਵੱਈਆ ਸੀ। ਉਹ ਆਪਣੇ ਯਹੂਦੀ ਕੈਦੀਆਂ ਨੂੰ ਤੁੱਛ ਸਮਝਦੇ ਸਨ, ਅਤੇ ਉਨ੍ਹਾਂ ਦੀ ਉਪਾਸਨਾ ਦਾ ਮਖੌਲ ਉਡਾਉਂਦੇ ਸਨ ਅਤੇ ਉਨ੍ਹਾਂ ਨੂੰ ਕੋਈ ਆਸ ਨਹੀਂ ਦਿੰਦੇ ਸਨ ਕਿ ਉਹ ਕਿਸੇ ਦਿਨ ਆਪਣੇ ਦੇਸ਼ ਵਿਚ ਵਾਪਸ ਮੁੜਨਗੇ। (ਜ਼ਬੂਰ 137:1-3; ਯਸਾਯਾਹ 14:16, 17) ਸ਼ਾਇਦ ਇਸ ਮਤਵਾਲੇ ਬਾਦਸ਼ਾਹ ਦਾ ਇਹ ਖ਼ਿਆਲ ਸੀ ਕਿ ਇਨ੍ਹਾਂ ਜਲਾਵਤਨਾਂ ਦਾ ਅਪਮਾਨ ਕਰਨ ਨਾਲ ਅਤੇ ਉਨ੍ਹਾਂ ਦੇ ਪਰਮੇਸ਼ੁਰ ਦੀ ਬੇਇੱਜ਼ਤੀ ਕਰਨ ਨਾਲ ਉਸ ਦੇ ਸਾਮ੍ਹਣੇ ਬੈਠੇ ਹੋਏ ਪ੍ਰਧਾਨ ਅਤੇ ਔਰਤਾਂ ਇਹ ਸੋਚਣਗੇ ਕਿ ਬੇਲਸ਼ੱਸਰ ਜਿੰਨਾ ਤਾਕਤਵਰ ਹੋਰ ਕੋਈ ਨਹੀਂ ਹੈ।a ਪਰ, ਜੇ ਬੇਲਸ਼ੱਸਰ ਘਮੰਡ ਨਾਲ ਆਪਣੀ ਛਾਤੀ ਫੁਲਾ ਰਿਹਾ ਸੀ, ਤਾਂ ਇਹ ਥੋੜ੍ਹੇ ਚਿਰ ਲਈ ਹੀ ਸੀ।
ਕੰਧ ਉੱਤੇ ਲਿਖਾਈ
7, 8. ਬੇਲਸ਼ੱਸਰ ਦੀ ਦਾਅਵਤ ਵਿਚ ਰੁਕਾਵਟ ਕਿਵੇਂ ਪਈ, ਅਤੇ ਰਾਜੇ ਉੱਤੇ ਇਸ ਦਾ ਕੀ ਅਸਰ ਪਿਆ ਸੀ?
7 ਬਾਈਬਲ ਅੱਗੇ ਦੱਸਦੀ ਹੈ ਕਿ “ਉਸੇ ਘੜੀ ਵਿੱਚ ਮਨੁੱਖ ਦੇ ਹੱਥ ਦੀਆਂ ਉਂਗਲੀਆਂ ਪਰਗਟ ਹੋਈਆਂ ਅਤੇ ਉਨ੍ਹਾਂ ਨੇ ਸ਼ਮਾਦਾਨ ਦੇ ਅੱਗੇ ਰਾਜੇ ਦੇ ਮਹਿਲ ਦੀ ਚੂਨੇ ਗੱਚ ਕੰਧ ਉੱਤੇ ਲਿਖਿਆ ਅਤੇ ਰਾਜੇ ਨੇ ਹੱਥ ਦਾ ਉਹ ਹਿੱਸਾ ਜੋ ਲਿਖਦਾ ਸੀ ਵੇਖਿਆ।” (ਦਾਨੀਏਲ 5:5) ਇਹ ਕਿੰਨਾ ਡਰਾਉਣਾ ਨਜ਼ਾਰਾ ਸੀ! ਹਵਾ ਵਿਚ ਇਕ ਹੱਥ ਨਜ਼ਰ ਆਉਂਦਾ ਹੈ ਅਤੇ ਕੰਧ ਦੇ ਰੌਸ਼ਨਦਾਰ ਹਿੱਸੇ ਤੇ ਅਟਕਦਾ ਹੈ। ਉਸ ਅਚਾਨਕ ਖਾਮੋਸ਼ੀ ਦੀ ਕਲਪਨਾ ਕਰੋ ਜਦੋਂ ਹੈਰਾਨੀ ਨਾਲ ਮਹਿਮਾਨਾਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ। ਇਹ ਹੱਥ ਚੂਨੇ ਗੱਚ ਦੀ ਕੰਧ ਉੱਤੇ ਇਕ ਭੇਤ-ਭਰਿਆ ਸੰਦੇਸ਼ ਲਿਖਣ ਲੱਗ ਪੈਂਦਾ ਹੈ।b ਇਹ ਬਦਸ਼ਗਨ ਚਮਤਕਾਰ ਇੰਨਾ ਪ੍ਰਭਾਵਸ਼ਾਲੀ ਸੀ ਕਿ ਅੱਜ ਵੀ ਅੰਗ੍ਰੇਜ਼ੀ ਬੋਲਣ ਵਾਲੇ ਲੋਕ ਕਿਸੇ ਅਟੱਲ ਦੁਰਘਟਨਾ ਬਾਰੇ ਚੇਤਾਵਨੀ ਦੇਣ ਲਈ ਇਹ ਕਹਾਵਤ ਵਰਤਦੇ ਹਨ ਕਿ “ਕੰਧ ਉੱਤੇ ਲਿਖਾਈ” ਦਿੱਸਦੀ ਹੈ।
8 ਇਸ ਘਮੰਡੀ ਰਾਜੇ ਉੱਤੇ ਕੀ ਅਸਰ ਪਿਆ ਜੋ ਆਪਣੇ ਆਪ ਨੂੰ ਅਤੇ ਆਪਣੇ ਦੇਵੀ-ਦੇਵਤਿਆਂ ਨੂੰ ਯਹੋਵਾਹ ਨਾਲੋਂ ਉੱਚਾ ਕਰਨਾ ਚਾਹੁੰਦਾ ਸੀ? “ਤਾਂ ਰਾਜੇ ਦਾ ਚਿਹਰਾ ਬਦਲ ਗਿਆ ਅਤੇ ਉਹ ਦੀਆਂ ਚਿੰਤਾਂ ਨੇ ਉਹ ਨੂੰ ਓਦਰਾ ਦਿੱਤਾ ਐਥੋਂ ਤੀਕ ਕਿ ਉਹ ਦੇ ਲੱਕ ਦੇ ਜੋੜ ਢਿੱਲੇ ਪੈ ਗਏ ਤੇ ਉਹ ਦੇ ਗੋਡੇ ਇੱਕ ਦੂਏ ਨਾਲ ਟਕਰਾਉਣ ਲੱਗ ਪਏ।” (ਦਾਨੀਏਲ 5:6) ਬੇਲਸ਼ੱਸਰ ਚਾਹੁੰਦਾ ਸੀ ਕਿ ਉਹ ਆਪਣੀ ਪਰਜਾ ਦੇ ਸਾਮ੍ਹਣੇ ਪ੍ਰਤਾਪ ਵਾਲਾ ਅਤੇ ਲਾਜਵਾਬ ਨਜ਼ਰ ਆਵੇ। ਇਸ ਦੀ ਬਜਾਇ, ਉਹ ਖ਼ੁਦ ਹੀ ਖ਼ੌਫ਼ ਦਾ ਰੂਪ ਬਣ ਗਿਆ—ਉਸ ਦੇ ਚਿਹਰੇ ਦਾ ਰੰਗ ਉੱਡ ਗਿਆ, ਉਸ ਦਾ ਲੱਕ ਹਿੱਲਣ ਲੱਗ ਪਿਆ, ਉਸ ਦਾ ਸਾਰਾ ਸਰੀਰ ਇੰਨਾ ਥਰਥਰਾਇਆ ਕਿ ਉਸ ਦੇ ਗੋਡੇ ਇਕ ਦੂਜੇ ਨਾਲ ਟਕਰਾਉਣ ਲੱਗ ਪਏ। ਵਾਕਈ, ਯਹੋਵਾਹ ਦੀ ਉਸਤਤ ਵਿਚ ਗਾਏ ਗਏ ਦਾਊਦ ਦੇ ਗੀਤ ਦੇ ਸ਼ਬਦ ਕਿੰਨੇ ਸੱਚੇ ਹਨ ਕਿ “ਤੇਰੀਆਂ ਅੱਖਾਂ ਹੰਕਾਰੀਆਂ ਦੇ ਉੱਤੇ ਹਨ ਕਿ ਉਨ੍ਹਾਂ ਨੂੰ ਨੀਵਿਆਂ ਕਰੇਂ।”—2 ਸਮੂਏਲ 22:1, 28. ਕਹਾਉਤਾਂ 18:12 ਦੀ ਤੁਲਨਾ ਕਰੋ।
9. (ੳ) ਬੇਲਸ਼ੱਸਰ ਦਾ ਭੈ, ਈਸ਼ਵਰੀ ਭੈ ਕਿਉਂ ਨਹੀਂ ਸੀ? (ਅ) ਰਾਜੇ ਨੇ ਬਾਬਲ ਦੇ ਗਿਆਨੀਆਂ ਨੂੰ ਕਿਹੜਾ ਇਨਾਮ ਪੇਸ਼ ਕੀਤਾ ਸੀ?
9 ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਬੇਲਸ਼ੱਸਰ ਦਾ ਭੈ, ਈਸ਼ਵਰੀ ਭੈ ਨਹੀਂ ਸੀ। ਈਸ਼ਵਰੀ ਭੈ, ਯਹੋਵਾਹ ਲਈ ਡੂੰਘਾ ਸਤਿਕਾਰ ਹੈ ਜੋ ਕਿ ਸਾਰੀ ਬੁੱਧ ਦਾ ਮੁੱਢ ਹੁੰਦਾ ਹੈ। (ਕਹਾਉਤਾਂ 9:10) ਨਹੀਂ, ਇਸ ਖ਼ੌਫ਼ ਵਿਚ ਕੋਈ ਸਤਿਕਾਰ ਪ੍ਰਗਟ ਨਹੀਂ ਸੀ, ਅਤੇ ਇਸ ਨੇ ਕੰਬ ਰਹੇ ਬਾਦਸ਼ਾਹ ਨੂੰ ਬੁੱਧ ਨਹੀਂ ਦਿੱਤੀ।c ਉਸ ਪਰਮੇਸ਼ੁਰ ਤੋਂ ਮਾਫ਼ੀ ਮੰਗਣ ਦੀ ਬਜਾਇ ਜਿਸ ਦਾ ਉਸ ਨੇ ਹੁਣੇ-ਹੁਣੇ ਅਪਮਾਨ ਕੀਤਾ ਸੀ, ਉਸ ਨੇ ਚਿਲਾ ਕੇ “ਜੋਤਸ਼ੀਆਂ, ਕਸਦੀਆਂ ਤੇ ਅਗੰਮ ਗਿਆਨੀਆਂ ਨੂੰ ਸਾਹਮਣੇ” ਬੁਲਾਇਆ। ਉਸ ਨੇ ਇਹ ਵੀ ਐਲਾਨ ਕੀਤਾ ਕਿ “ਜੋ ਕੋਈ ਏਸ ਲਿਖਤ ਨੂੰ ਪੜ੍ਹੇ ਅਤੇ ਏਹ ਦਾ ਅਰਥ ਮੈਨੂੰ ਦੱਸੇ ਉਹ ਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਏਗਾ ਅਤੇ ਉਹ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਏਗਾ ਅਤੇ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣੇਗਾ।” (ਦਾਨੀਏਲ 5:7) ਰਾਜ ਦਾ ਤੀਜਾ ਬਾਦਸ਼ਾਹ ਸੱਚ-ਮੁੱਚ ਹੀ ਇਕ ਉੱਚਾ ਦਰਜਾ ਹੋਣਾ ਸੀ ਕਿਉਂ ਜੋ ਉਸ ਤੋਂ ਉੱਪਰ ਸਿਰਫ਼ ਦੋ ਹੀ ਬਾਦਸ਼ਾਹ ਹੋਣੇ ਸਨ, ਅਰਥਾਤ, ਨਬੋਨਾਈਡਸ ਅਤੇ ਖ਼ੁਦ ਬੇਲਸ਼ੱਸਰ। ਆਮ ਤੌਰ ਤੇ, ਅਜਿਹਾ ਦਰਜਾ ਬੇਲਸ਼ੱਸਰ ਦੇ ਜੇਠੇ ਪੁੱਤਰ ਲਈ ਹੀ ਰੱਖਿਆ ਜਾਣਾ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਇਸ ਚਮਤਕਾਰੀ ਸੰਦੇਸ਼ ਨੂੰ ਸਮਝਣ ਲਈ ਰਾਜਾ ਕਿੰਨਾ ਉਤਾਵਲਾ ਸੀ!
10. ਕੀ ਗਿਆਨੀ ਕੰਧ ਉੱਤੇ ਲਿਖਾਈ ਦਾ ਅਰਥ ਦੱਸ ਸਕਣ ਵਿਚ ਕਾਮਯਾਬ ਹੋਏ?
10 ਗਿਆਨੀ ਵੱਡੇ ਰਾਜ ਦਰਬਾਰ ਵਿਚ ਦਾਖ਼ਲ ਹੋਏ। ਉੱਥੇ ਇਨ੍ਹਾਂ ਬੰਦਿਆਂ ਦੀ ਕੋਈ ਕਮੀ ਨਹੀਂ ਸੀ ਕਿਉਂਕਿ ਬਾਬਲ ਸ਼ਹਿਰ ਝੂਠੇ ਧਰਮ ਅਤੇ ਮੰਦਰਾਂ ਨਾਲ ਭਰਿਆ ਹੋਇਆ ਸੀ। ਇੱਟ ਚੁੱਕੇ ਤੁਹਾਨੂੰ ਜੋਤਸ਼ੀ ਅਤੇ ਭੇਦ-ਭਰੀਆਂ ਲਿਖਤਾਂ ਪੜ੍ਹਨ ਦਾ ਦਾਅਵਾ ਕਰਨ ਵਾਲੇ ਮਨੁੱਖ ਵੀ ਲੱਭ ਸਕਦੇ ਸਨ। ਇਹ ਗਿਆਨੀ ਖ਼ੁਸ਼ੀ ਨਾਲ ਨੱਚ ਉੱਠੇ ਹੋਣੇ ਜਦੋਂ ਉਨ੍ਹਾਂ ਨੂੰ ਇਹ ਮੌਕਾ ਮਿਲਿਆ। ਉਨ੍ਹਾਂ ਨੂੰ ਵੱਡੇ ਲੋਕਾਂ ਸਾਮ੍ਹਣੇ ਹੁਣ ਆਪਣੀਆਂ ਕਲਾਕਾਰੀਆਂ ਦਿਖਾਉਣ ਅਤੇ ਰਾਜੇ ਦੀ ਮਿਹਰਬਾਨੀ ਪ੍ਰਾਪਤ ਕਰਨ ਦਾ ਮੌਕਾ ਮਿਲ ਗਿਆ। ਉਨ੍ਹਾਂ ਸਾਮ੍ਹਣੇ ਹੁਣ ਉੱਚੀਆਂ-ਉੱਚੀਆਂ ਪਦਵੀਆਂ ਹਾਸਲ ਕਰਨ ਦਾ ਮੌਕਾ ਸੀ। ਪਰ ਉਹ ਕਿੰਨੀ ਬੁਰੀ ਤਰ੍ਹਾਂ ਨਾਕਾਮਯਾਬ ਹੋਏ! ਉਹ “ਨਾ ਉਸ ਲਿਖਤ ਨੂੰ ਪੜ੍ਹ ਸੱਕੇ, ਨਾ ਰਾਜੇ ਨੂੰ ਉਹ ਦਾ ਅਰਥ ਦੱਸ ਸੱਕੇ।”d—ਦਾਨੀਏਲ 5:8.
11. ਬਾਬਲ ਦੇ ਗਿਆਨੀ ਸ਼ਾਇਦ ਲਿਖਤ ਕਿਉਂ ਨਹੀਂ ਪੜ੍ਹ ਸਕੇ?
11 ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਹੈ ਕਿ ਬਾਬਲ ਦੇ ਗਿਆਨੀ ਇਸ ਲਿਖਾਈ, ਅਰਥਾਤ, ਉਸ ਦੇ ਅੱਖਰ ਪੜ੍ਹ ਸਕੇ ਸੀ ਜਾਂ ਨਹੀਂ। ਜੇ ਉਹ ਅੱਖਰਾਂ ਨੂੰ ਨਹੀਂ ਪੜ੍ਹ ਸਕੇ, ਤਾਂ ਇਨ੍ਹਾਂ ਬੇਈਮਾਨ ਮਨੁੱਖਾਂ ਦੇ ਸਾਮ੍ਹਣੇ ਆਪਣੇ ਮਨੋ ਹੀ ਅਰਥ ਘੜ ਕੇ ਦੱਸਣ ਦਾ ਸੁਨਹਿਰਾ ਮੌਕਾ ਸੀ। ਉਹ ਰਾਜੇ ਦੀਆਂ ਝੂਠੀਆਂ-ਮੂਠੀਆਂ ਸਿਫ਼ਤਾਂ ਵੀ ਕਰ ਸਕਦੇ ਸਨ। ਇਕ ਸੰਭਾਵਨਾ ਇਹ ਵੀ ਹੈ ਕਿ ਸ਼ਬਦ ਕਾਫ਼ੀ ਆਸਾਨੀ ਨਾਲ ਪੜ੍ਹੇ ਜਾ ਸਕਦੇ ਸਨ। ਪਰ ਕਿਉਂਕਿ ਅਰਾਮੀ ਅਤੇ ਇਬਰਾਨੀ ਵਰਗੀਆਂ ਭਾਸ਼ਾਵਾਂ ਸ੍ਵਰਾਂ ਤੋਂ ਬਿਨਾਂ ਲਿਖੀਆਂ ਜਾਂਦੀਆਂ ਸਨ, ਹਰੇਕ ਸ਼ਬਦ ਦੇ ਕਈ ਅਲੱਗ-ਅਲੱਗ ਅਰਥ ਹੋ ਸਕਦੇ ਸਨ। ਜੇ ਇਵੇਂ ਸੀ, ਤਾਂ ਸੰਭਵ ਹੈ ਕਿ ਗਿਆਨੀ ਆਪਸ ਵਿਚ ਇਹ ਫ਼ੈਸਲਾ ਨਹੀਂ ਕਰ ਸਕੇ ਕਿ ਉਨ੍ਹਾਂ ਅੱਖਰਾਂ ਤੋਂ ਕਿਹੜੇ ਸ਼ਬਦ ਬਣਾਏ ਜਾਣੇ ਚਾਹੀਦੇ ਹਨ। ਜੇਕਰ ਉਹ ਸ਼ਬਦ ਬਣਾ ਵੀ ਸਕੇ, ਤਾਂ ਉਨ੍ਹਾਂ ਨੂੰ ਇਨ੍ਹਾਂ ਦੇ ਅਰਥ ਨਹੀਂ ਸਮਝ ਆਉਣੇ ਸਨ। ਫਿਰ ਉਹ ਕਿਸੇ ਨੂੰ ਕੀ ਦੱਸ ਸਕਦੇ ਸਨ? ਜੋ ਵੀ ਸੀ, ਕੌੜੀ ਸੱਚਾਈ ਇਹ ਸੀ ਕਿ ਉਹ ਇਸ ਦਾ ਅਰਥ ਦੱਸਣ ਵਿਚ ਬਿਲਕੁਲ ਨਾਕਾਮਯਾਬ ਰਹੇ ਸਨ!
12. ਗਿਆਨੀਆਂ ਦੀ ਨਾਕਾਮਯਾਬੀ ਨੇ ਕੀ ਸਾਬਤ ਕੀਤਾ?
12 ਇਸ ਤਰ੍ਹਾਂ ਸਾਰਿਆਂ ਸਾਮ੍ਹਣੇ ਇਹ ਸਾਬਤ ਹੋ ਗਿਆ ਕਿ ਇਹ ਸਾਰੇ ਗਿਆਨੀ ਪਖੰਡੀ ਸਨ ਅਤੇ ਉਨ੍ਹਾਂ ਦਾ ਪੂਜਨੀਕ ਪੰਥ ਫਰੇਬੀ ਸੀ। ਉਹ ਕਿੰਨੇ ਨਿਕੰਮੇ ਨਿਕਲੇ! ਜਦੋਂ ਬੇਲਸ਼ੱਸਰ ਨੇ ਦੇਖਿਆ ਕਿ ਇਨ੍ਹਾਂ ਪਖੰਡੀਆਂ ਵਿਚ ਉਸ ਦਾ ਵਿਸ਼ਵਾਸ ਫਜ਼ੂਲ ਸੀ, ਤਾਂ ਉਹ ਹੋਰ ਵੀ ਡਰ ਗਿਆ ਅਤੇ ਉਸ ਦੇ ਚਿਹਰੇ ਦਾ ਰੰਗ ਹੋਰ ਵੀ ਉੱਡ ਗਿਆ, ਅਤੇ ਉਸ ਦੇ ਪ੍ਰਧਾਨ ਵੀ “ਹੱਕੇ ਬੱਕੇ” ਰਹਿ ਗਏ।e—ਦਾਨੀਏਲ 5:9.
ਇਕ ਸਮਝਦਾਰ ਮਨੁੱਖ ਸੱਦਿਆ ਜਾਂਦਾ ਹੈ
13. (ੳ) ਰਾਣੀ ਨੇ ਦਾਨੀਏਲ ਨੂੰ ਸੱਦਣ ਦੀ ਸਲਾਹ ਕਿਉਂ ਦਿੱਤੀ? (ਅ) ਦਾਨੀਏਲ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਿਹਾ ਸੀ?
13 ਇਸ ਚਿੰਤਾਜਨਕ ਘੜੀ ਵਿਚ ਰਾਜੇ ਦੀ ਮਾਤਾ, ਮਹਾਰਾਣੀ ਰਾਜ ਦਰਬਾਰ ਵਿਚ ਆਈ। ਉਸ ਨੇ ਦਾਅਵਤ ਵਿਚ ਹੋਈ ਹਲਚਲ ਬਾਰੇ ਸੁਣਿਆ ਅਤੇ ਉਹ ਇਕ ਅਜਿਹੇ ਬੰਦੇ ਨੂੰ ਜਾਣਦੀ ਸੀ ਜੋ ਕੰਧ ਉੱਤੇ ਲਿਖਾਈ ਦਾ ਅਰਥ ਦੱਸ ਸਕਦਾ ਸੀ। ਕਈ ਸਾਲ ਪਹਿਲਾਂ ਮਹਾਰਾਣੀ ਦੇ ਪਿਤਾ ਨਬੂਕਦਨੱਸਰ ਨੇ ਦਾਨੀਏਲ ਨੂੰ ਆਪਣੇ ਸਾਰੇ ਗਿਆਨੀਆਂ ਉੱਤੇ ਸਰਦਾਰ ਠਹਿਰਾਇਆ ਸੀ। ਰਾਣੀ ਨੂੰ ਯਾਦ ਸੀ ਕਿ ਉਸ ਵਿਚ “ਇੱਕ ਚੰਗਾ ਆਤਮਾ ਤੇ ਗਿਆਨ ਤੇ ਸਮਝ” ਸੀ। ਕਿਉਂ ਜੋ ਦਾਨੀਏਲ ਬੇਲਸ਼ੱਸਰ ਲਈ ਇਕ ਅਣਜਾਣ ਵਿਅਕਤੀ ਸੀ, ਇਹ ਸੰਭਵ ਹੈ ਕਿ ਨਬੂਕਦਨੱਸਰ ਦੀ ਮੌਤ ਤੋਂ ਬਾਅਦ ਇਹ ਨਬੀ ਆਪਣੀ ਉੱਚ ਸਰਕਾਰੀ ਪਦਵੀ ਗੁਆ ਚੁੱਕਾ ਸੀ। ਪਰ ਦਾਨੀਏਲ ਲਈ ਉੱਚ ਪਦਵੀ ਕੋਈ ਖ਼ਾਸ ਚੀਜ਼ ਨਹੀਂ ਸੀ। ਉਸ ਦੀ ਉਮਰ ਹੁਣ 90 ਸਾਲਾਂ ਤੋਂ ਜ਼ਿਆਦਾ ਸੀ ਅਤੇ ਉਹ ਹਾਲੇ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਸੀ। ਭਾਵੇਂ ਕਿ ਉਸ ਨੂੰ ਬਾਬਲ ਵਿਚ ਜਲਾਵਤਨੀ ਕੱਟਦਿਆਂ ਕੁਝ 80 ਸਾਲ ਹੋ ਚੁੱਕੇ ਸਨ, ਉਹ ਹਾਲੇ ਵੀ ਆਪਣੇ ਇਬਰਾਨੀ ਨਾਂ ਤੋਂ ਜਾਣਿਆ ਜਾਂਦਾ ਸੀ। ਰਾਣੀ ਨੇ ਵੀ ਉਸ ਨੂੰ ਦਾਨੀਏਲ ਹੀ ਸੱਦਿਆ, ਨਾ ਕਿ ਉਸ ਦੇ ਬਾਬਲੀ ਨਾਂ ਤੋਂ ਜੋ ਉਸ ਨੂੰ ਦਿੱਤਾ ਗਿਆ ਸੀ। ਅਸਲ ਵਿਚ, ਉਸ ਨੇ ਰਾਜੇ ਉੱਤੇ ਜ਼ੋਰ ਪਾਇਆ ਕਿ ਉਹ ‘ਦਾਨੀਏਲ ਨੂੰ ਸਦਵਾ ਲਵੇ ਤੇ ਉਹ ਅਰਥ ਦੱਸੇਗਾ।’—ਦਾਨੀਏਲ 1:7; 5:10-12.
14. ਕੰਧ ਉੱਤੇ ਲਿਖਾਈ ਦੇਖ ਕੇ ਦਾਨੀਏਲ ਸਾਮ੍ਹਣੇ ਕਿਹੜੀ ਔਕੜ ਪੇਸ਼ ਹੋਈ?
14 ਦਾਨੀਏਲ ਨੂੰ ਸੱਦਿਆ ਗਿਆ ਅਤੇ ਉਹ ਬੇਲਸ਼ੱਸਰ ਦੇ ਸਾਮ੍ਹਣੇ ਹਾਜ਼ਰ ਹੋਇਆ। ਰਾਜੇ ਨੂੰ ਇਹ ਚੰਗਾ ਨਹੀਂ ਲੱਗਾ ਕਿ ਉਹ ਹੁਣ ਇਸ ਯਹੂਦੀ ਸਾਮ੍ਹਣੇ ਬੇਨਤੀ ਕਰੇ ਜਿਸ ਦੇ ਪਰਮੇਸ਼ੁਰ ਦਾ ਉਸ ਨੇ ਹੁਣੇ-ਹੁਣੇ ਅਪਮਾਨ ਕੀਤਾ ਸੀ। ਫਿਰ ਵੀ, ਬੇਲਸ਼ੱਸਰ ਨੇ ਦਾਨੀਏਲ ਦੀ ਚਾਪਲੂਸੀ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਉਸ ਨੂੰ ਉਹੀ ਇਨਾਮ, ਅਰਥਾਤ ਰਾਜ ਵਿਚ ਤੀਜਾ ਦਰਜਾ ਪੇਸ਼ ਕੀਤਾ, ਜੇਕਰ ਉਹ ਉਨ੍ਹਾਂ ਭੇਤ-ਭਰਿਆਂ ਸ਼ਬਦਾਂ ਨੂੰ ਪੜ੍ਹ ਕੇ ਉਨ੍ਹਾਂ ਦਾ ਅਰਥ ਦੱਸ ਸਕੇ। (ਦਾਨੀਏਲ 5:13-16) ਦਾਨੀਏਲ ਨੇ ਆਪਣੀਆਂ ਅੱਖਾਂ ਚੁੱਕ ਕੇ ਕੰਧ ਉੱਤੇ ਲਿਖਾਈ ਨੂੰ ਦੇਖਿਆ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਸ ਦਾ ਅਰਥ ਸਮਝ ਲਿਆ। ਇਹ ਯਹੋਵਾਹ ਵੱਲੋਂ ਤਬਾਹੀ ਦਾ ਸੰਦੇਸ਼ ਸੀ! ਦਾਨੀਏਲ ਇਸ ਘਮੰਡੀ ਰਾਜੇ ਨੂੰ ਇਹ ਸਖ਼ਤ ਸਜ਼ਾ ਕਿਵੇਂ ਸੁਣਾਵੇਗਾ—ਅਤੇ ਖ਼ਾਸ ਕਰਕੇ ਉਸ ਦੀਆਂ ਪਤਨੀਆਂ ਅਤੇ ਉਸ ਦੇ ਪ੍ਰਧਾਨਾਂ ਦੇ ਸਾਮ੍ਹਣੇ? ਜ਼ਰਾ ਦਾਨੀਏਲ ਦੀ ਔਕੜ ਦਾ ਅੰਦਾਜ਼ਾ ਲਗਾਓ! ਕੀ ਉਹ ਰਾਜੇ ਦੀ ਚਾਪਲੂਸੀ, ਧੰਨ ਅਤੇ ਮੁਖਤਿਆਰੀ ਦੀ ਪੇਸ਼ਕਸ਼ ਤੋਂ ਪ੍ਰਭਾਵਿਤ ਹੋਇਆ? ਕੀ ਇਹ ਨਬੀ ਯਹੋਵਾਹ ਦੇ ਫ਼ੈਸਲੇ ਨੂੰ ਘਟਾ-ਵਧਾ ਕੇ ਪੇਸ਼ ਕਰੇਗਾ?
15, 16. ਬੇਲਸ਼ੱਸਰ ਨੇ ਇਤਿਹਾਸ ਤੋਂ ਕਿਹੜਾ ਜ਼ਰੂਰੀ ਸਬਕ ਨਹੀਂ ਸਿੱਖਿਆ, ਅਤੇ ਇਹੀ ਗ਼ਲਤੀ ਅੱਜ ਕਿੰਨੀ ਕੁ ਆਮ ਹੈ?
15 ਦਾਨੀਏਲ ਨੇ ਬਹਾਦਰੀ ਨਾਲ ਕਿਹਾ ਕਿ “ਤੇਰੇ ਇਨਾਮ ਤੇਰੇ ਕੋਲ ਹੀ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇਹ ਤਾਂ ਵੀ ਮੈਂ ਰਾਜੇ ਦੇ ਲਈ ਇਸ ਲਿਖਤ ਨੂੰ ਪੜ੍ਹਾਂਗਾ ਅਤੇ ਉਹ ਦਾ ਅਰਥ ਦੱਸਾਂਗਾ।” (ਦਾਨੀਏਲ 5:17) ਫਿਰ ਦਾਨੀਏਲ ਨੇ ਨਬੂਕਦਨੱਸਰ ਦੀ ਪ੍ਰਸ਼ੰਸਾ ਕੀਤੀ ਕਿ ਉਹ ਇੰਨਾ ਸ਼ਕਤੀਸ਼ਾਲੀ ਰਾਜਾ ਸੀ, ਜੋ ਜਿਹ ਨੂੰ ਚਾਹੇ ਜਾਨੋਂ ਮਾਰ ਸਕਦਾ ਸੀ ਜਾਂ ਕੁੱਟ ਸਕਦਾ ਸੀ ਅਤੇ ਉੱਚਾ ਜਾਂ ਨੀਵਾਂ ਕਰ ਸਕਦਾ ਸੀ। ਪਰ ਦਾਨੀਏਲ ਨੇ ਬੇਲਸ਼ੱਸਰ ਨੂੰ ਯਾਦ ਦਿਲਾਇਆ ਕਿ ਯਹੋਵਾਹ ਹੀ ਉਹ “ਅੱਤ ਮਹਾਨ ਪਰਮੇਸ਼ੁਰ” ਹੈ ਜਿਸ ਨੇ ਨਬੂਕਦਨੱਸਰ ਨੂੰ ਮਹਾਨ ਬਣਾਇਆ ਸੀ। ਉਹ ਯਹੋਵਾਹ ਹੀ ਸੀ ਜਿਸ ਨੇ ਉਸ ਵੱਡੇ ਬਾਦਸ਼ਾਹ ਦਾ ਅਪਮਾਨ ਕੀਤਾ ਜਦੋਂ ਉਹ ਘਮੰਡੀ ਬਣ ਗਿਆ ਸੀ। ਜੀ ਹਾਂ, ਨਬੂਕਦਨੱਸਰ ਨੂੰ ਇਹ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਸੀ ਕਿ “ਅੱਤ ਮਹਾਨ ਪਰਮੇਸ਼ੁਰ ਮਨੁੱਖਾਂ ਦੇ ਰਾਜ ਉੱਤੇ ਰਾਜ ਕਰਦਾ ਹੈ ਅਤੇ ਜਿਹ ਨੂੰ ਚਾਹੇ ਉਹ ਨੂੰ ਉਸ ਦੇ ਉੱਤੇ ਅਟੱਲ ਕਰਦਾ ਹੈ।”—ਦਾਨੀਏਲ 5:18-21.
16 ਬੇਲਸ਼ੱਸਰ ‘ਇਹ ਸਾਰੀ ਗੱਲ ਜਾਣਦਾ ਸੀ।’ ਪਰ ਉਸ ਨੇ ਇਤਿਹਾਸ ਤੋਂ ਸਬਕ ਨਹੀਂ ਸਿੱਖਿਆ। ਅਸਲ ਵਿਚ, ਯਹੋਵਾਹ ਦੀ ਬੇਇੱਜ਼ਤੀ ਕਰ ਕੇ ਉਸ ਨੇ ਨਬੂਕਦਨੱਸਰ ਦੇ ਘਮੰਡ ਦੇ ਪਾਪ ਨਾਲੋਂ ਵੀ ਵੱਡਾ ਪਾਪ ਕੀਤਾ। ਦਾਨੀਏਲ ਨੇ ਰਾਜੇ ਦੇ ਪਾਪ ਦਾ ਭੇਤ ਖੋਲ੍ਹਿਆ। ਇਸ ਤੋਂ ਇਲਾਵਾ, ਉਸ ਨੇ ਦਲੇਰੀ ਨਾਲ ਉਸ ਵੱਡੇ ਮੂਰਤੀ-ਪੂਜਕ ਇਕੱਠ ਦੇ ਸਾਮ੍ਹਣੇ ਬੇਲਸ਼ੱਸਰ ਨੂੰ ਦੱਸਿਆ ਕਿ ਝੂਠੇ ਈਸ਼ਵਰ “ਨਾ ਵੇਖਦੇ, ਨਾ ਹੀ ਸੁਣਦੇ ਅਤੇ ਨਾ ਜਾਣਦੇ ਹਨ।” ਉਨ੍ਹਾਂ ਵਿਅਰਥ ਈਸ਼ਵਰਾਂ ਦੀ ਤੁਲਨਾ ਵਿਚ, ਪਰਮੇਸ਼ੁਰ ਦੇ ਨਿਡਰ ਨਬੀ ਨੇ ਅੱਗੇ ਕਿਹਾ ਕਿ ਯਹੋਵਾਹ ਹੀ ਉਹ ਪਰਮੇਸ਼ੁਰ ਹੈ ‘ਜਿਹ ਦੇ ਹੱਥ ਵਿੱਚ ਤੇਰਾ ਦਮ ਹੈ।’ ਹੁਣ ਵੀ ਲੋਕ ਬੇਜਾਨ ਚੀਜ਼ਾਂ ਨੂੰ ਆਪਣੇ ਈਸ਼ਵਰ ਬਣਾਉਂਦੇ ਹਨ, ਅਤੇ ਪੈਸੇ, ਕੰਮ, ਮਾਣ, ਅਤੇ ਐਸ਼ ਦੀ ਵੀ ਪੂਜਾ ਕਰਦੇ ਹਨ। ਪਰ ਇਨ੍ਹਾਂ ਚੀਜ਼ਾਂ ਵਿੱਚੋਂ ਕੋਈ ਵੀ ਚੀਜ਼ ਜਾਨ ਨਹੀਂ ਦੇ ਸਕਦੀ। ਆਪਣੀ ਜਾਨ ਲਈ ਅਸੀਂ ਸਾਰੇ ਸਿਰਫ਼ ਯਹੋਵਾਹ ਦੇ ਹੀ ਰਿਣੀ ਹਾਂ, ਅਤੇ ਉਸ ਉੱਤੇ ਸਾਡਾ ਹਰ ਸੁਆਸ ਨਿਰਭਰ ਹੈ।—ਦਾਨੀਏਲ 5:22, 23; ਰਸੂਲਾਂ ਦੇ ਕਰਤੱਬ 17:24, 25.
ਬੁਝਾਰਤ ਦਾ ਅਰਥ!
17, 18. ਕੰਧ ਉੱਤੇ ਲਿਖੇ ਗਏ ਚਾਰ ਸ਼ਬਦ ਕੀ ਸਨ, ਅਤੇ ਉਨ੍ਹਾਂ ਦਾ ਅਸਲੀ ਅਰਥ ਕੀ ਹੈ?
17 ਹੁਣ ਬਜ਼ੁਰਗ ਨਬੀ ਨੇ ਉਹ ਕਰ ਕੇ ਦਿਖਾਇਆ ਜੋ ਬਾਬਲ ਦੇ ਸਾਰੇ ਗਿਆਨੀ ਨਹੀਂ ਕਰ ਸਕੇ। ਉਸ ਨੇ ਕੰਧ ਤੋਂ ਲਿਖਾਈ ਪੜ੍ਹੀ ਅਤੇ ਉਸ ਦਾ ਅਰਥ ਦੱਸਿਆ। ਉਹ ਸ਼ਬਦ ਸਨ: “ਮਨੇ ਮਨੇ ਤਕੇਲ ਊਫਰਸੀਨ।” (ਦਾਨੀਏਲ 5:24, 25) ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ?
18 ਇਨ੍ਹਾਂ ਦਾ ਅਸਲੀ ਅਰਥ ਹੈ “ਮਾਨੇਹ, ਮਾਨੇਹ, ਸ਼ਕਲ, ਅਤੇ ਅੱਧੇ ਸ਼ਕਲ।” ਹਰ ਸ਼ਬਦ ਪੈਸੇ ਦੇ ਭਾਰ ਅਤੇ ਮੁੱਲ ਨੂੰ ਸੰਕੇਤ ਕਰਦਾ ਸੀ ਅਤੇ ਇਹ ਘਟਦੇ ਕ੍ਰਮ ਵਿਚ ਲਿਖੇ ਗਏ ਸਨ। ਇਹ ਕਿੰਨਾ ਅਜੀਬ ਸੀ! ਜੇਕਰ ਬਾਬਲੀ ਗਿਆਨੀ ਇਨ੍ਹਾਂ ਸ਼ਬਦਾਂ ਨੂੰ ਪਛਾਣ ਵੀ ਲੈਂਦੇ, ਤਾਂ ਉਹ ਉਨ੍ਹਾਂ ਦੇ ਅਰਥ ਨਹੀਂ ਦੱਸ ਸਕਦੇ ਸਨ।
19. “ਮਨੇ” ਸ਼ਬਦ ਦਾ ਕੀ ਅਰਥ ਸੀ?
19 ਦਾਨੀਏਲ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਸਮਝਾਇਆ: “‘ਮਨੇ’ ਪਦ ਦਾ ਇਹ ਅਰਥ ਹੈ ਪਰਮੇਸ਼ੁਰ ਨੇ ਤੇਰੇ ਰਾਜ ਦਾ ਲੇਖਾ ਕੀਤਾ ਅਤੇ ਉਹ ਦਾ ਛੇਕੜ ਕਰ ਦਿੱਤਾ।” (ਦਾਨੀਏਲ 5:26) ਪਹਿਲੇ ਸ਼ਬਦ ਦੇ ਵਿਅੰਜਨਾਂ ਤੋਂ ਸਿਰਫ਼ “ਮਾਨੇਹ” ਸ਼ਬਦ ਹੀ ਨਹੀਂ, ਪਰ “ਲੇਖਾ ਕੀਤਾ” ਜਾਂ “ਹਿਸਾਬ-ਕਿਤਾਬ ਕੀਤਾ” ਵਾਸਤੇ ਅਰਾਮੀ ਭਾਸ਼ਾ ਦੇ ਸ਼ਬਦ ਦਾ ਇਕ ਰੂਪ ਵੀ ਬਣ ਸਕਦਾ ਸੀ। ਇਹ ਪਾਠਕ ਦੁਆਰਾ ਚੁਣੇ ਗਏ ਸ੍ਵਰਾਂ ਉੱਤੇ ਨਿਰਭਰ ਕਰਦਾ ਸੀ। ਦਾਨੀਏਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਹੂਦੀਆਂ ਦੀ ਜਲਾਵਤਨੀ ਦਾ ਸਮਾਂ ਖ਼ਤਮ ਹੋਣ ਵਾਲਾ ਸੀ। ਭਵਿੱਖਬਾਣੀ ਵਿਚ ਦੱਸੇ ਗਏ 70 ਸਾਲਾਂ ਵਿੱਚੋਂ ਹੁਣ 68 ਸਾਲ ਲੰਘ ਚੁੱਕੇ ਸਨ। (ਯਿਰਮਿਯਾਹ 29:10) ਯਹੋਵਾਹ ਹਮੇਸ਼ਾ ਸਮੇਂ ਦਾ ਪਾਬੰਦ ਹੈ। ਉਸ ਨੇ ਬਾਬਲ ਦਾ ਹਿਸਾਬ-ਕਿਤਾਬ ਕਰ ਦਿੱਤਾ ਸੀ ਕਿ ਉਹ ਵਿਸ਼ਵ ਸ਼ਕਤੀ ਵਜੋਂ ਹੋਰ ਕਿੰਨਾ ਚਿਰ ਹਕੂਮਤ ਕਰੇਗਾ, ਅਤੇ ਬੇਲਸ਼ੱਸਰ ਦੀ ਦਾਅਵਤ ਵਿਚ ਹਾਜ਼ਰ ਲੋਕਾਂ ਦੇ ਖ਼ਿਆਲਾਂ ਨਾਲੋਂ ਅੰਤ ਬਹੁਤ ਹੀ ਨਜ਼ਦੀਕ ਸੀ। ਸਿਰਫ਼ ਬੇਲਸ਼ੱਸਰ ਲਈ ਹੀ ਨਹੀਂ, ਸਗੋਂ ਉਸ ਦੇ ਪਿਤਾ, ਨਬੋਨਾਈਡਸ ਲਈ ਵੀ ਸਮਾਂ ਖ਼ਤਮ ਹੋ ਚੁੱਕਾ ਸੀ। ਇਹ ਸੰਭਵ ਹੈ ਕਿ ਇਸੇ ਕਾਰਨ “ਮਨੇ” ਸ਼ਬਦ ਦੋ ਵਾਰ ਲਿਖਿਆ ਗਿਆ ਸੀ—ਇਨ੍ਹਾਂ ਦੋਹਾਂ ਬਾਦਸ਼ਾਹੀਆਂ ਦੇ ਅੰਤ ਦਾ ਐਲਾਨ ਕਰਨ ਲਈ।
20. “ਤਕੇਲ” ਸ਼ਬਦ ਦਾ ਕੀ ਅਰਥ ਸੀ, ਅਤੇ ਇਹ ਬੇਲਸ਼ੱਸਰ ਉੱਤੇ ਕਿਵੇਂ ਲਾਗੂ ਹੋਇਆ?
20 ਦੂਸਰੇ ਪਾਸੇ, “ਤਕੇਲ” ਸ਼ਬਦ ਸਿਰਫ਼ ਇਕ ਵਾਰ ਅਤੇ ਇਕਵਚਨ ਵਿਚ ਲਿਖਿਆ ਗਿਆ ਸੀ। ਇਸ ਦਾ ਇਹ ਅਰਥ ਹੋ ਸਕਦਾ ਹੈ ਕਿ ਇਹ ਖ਼ਾਸ ਕਰਕੇ ਬੇਲਸ਼ੱਸਰ ਲਈ ਲਿਖਿਆ ਗਿਆ ਸੀ। ਇਹ ਬਿਲਕੁਲ ਢੁਕਵਾਂ ਸੀ ਕਿਉਂਕਿ ਉਸ ਨੇ ਯਹੋਵਾਹ ਦਾ ਘੋਰ ਨਿਰਾਦਰ ਕੀਤਾ ਸੀ। ਇਸ ਸ਼ਬਦ ਦਾ ਅਰਥ ਹੈ “ਸ਼ਕਲ,” ਪਰ ਇਸ ਦੇ ਵਿਅੰਜਨਾਂ ਤੋਂ ਸ਼ਬਦ “ਤੋਲਿਆ ਗਿਆ” ਵੀ ਬਣ ਸਕਦਾ ਹੈ। ਇਸ ਲਈ ਦਾਨੀਏਲ ਨੇ ਬੇਲਸ਼ੱਸਰ ਨੂੰ ਕਿਹਾ ਕਿ “‘ਤਕੇਲ’ ਦਾ ਇਹ ਅਰਥ ਹੈ ਜੋ ਤੂੰ ਤਕੜੀ ਵਿੱਚ ਤੋਲਿਆ ਗਿਆ ਅਤੇ ਘੱਟ ਨਿੱਕਲਿਆ।” (ਦਾਨੀਏਲ 5:27) ਯਹੋਵਾਹ ਦੀ ਨਜ਼ਰ ਵਿਚ ਸਾਰੀਆਂ ਕੌਮਾਂ ਛਾਬਿਆਂ ਦੀ ਧੂੜ ਜਿਹੀਆਂ ਹਨ। (ਯਸਾਯਾਹ 40:15) ਉਹ ਉਸ ਦੇ ਮਕਸਦਾਂ ਵਿਚ ਕਦੇ ਵੀ ਰੁਕਾਵਟ ਨਹੀਂ ਬਣ ਸਕਦੀਆਂ ਹਨ। ਫਿਰ ਇਕ ਘਮੰਡੀ ਬਾਦਸ਼ਾਹ ਆਪਣੇ ਆਪ ਨੂੰ ਕੀ ਸਮਝਦਾ ਸੀ? ਬੇਲਸ਼ੱਸਰ ਨੇ ਆਪਣੇ ਆਪ ਨੂੰ ਵਿਸ਼ਵ ਦੇ ਸਰਬਸ਼ਕਤੀਮਾਨ ਤੋਂ ਉੱਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮੂਲੀ ਮਨੁੱਖ ਨੇ ਯਹੋਵਾਹ ਦੀ ਬੇਇੱਜ਼ਤੀ ਕਰਨ ਦਾ ਹੌਸਲਾ ਕੀਤਾ ਅਤੇ ਉਸ ਨੇ ਸ਼ੁੱਧ ਉਪਾਸਨਾ ਦਾ ਵੀ ਮਖੌਲ ਉਡਾਇਆ, ਪਰ ਉਹ “ਘੱਟ ਨਿੱਕਲਿਆ” ਸੀ। ਜੀ ਹਾਂ, ਬੇਲਸ਼ੱਸਰ ਉਸ ਸਜ਼ਾ ਦੇ ਪੂਰੀ ਤਰ੍ਹਾਂ ਲਾਇਕ ਸੀ ਜੋ ਉਸ ਨੂੰ ਬਹੁਤ ਜਲਦੀ ਮਿਲਣ ਵਾਲੀ ਸੀ!
21. ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ “ਊਫਰਸੀਨ” ਦੁਆਰਾ ਤਿੰਨ ਸੰਦੇਸ਼ ਦਿੱਤੇ ਗਏ ਸਨ, ਅਤੇ ਇਸ ਸ਼ਬਦ ਦੇ ਅਨੁਸਾਰ, ਬਾਬਲ ਦਾ ਇਕ ਵਿਸ਼ਵ ਸ਼ਕਤੀ ਵਜੋਂ ਕੀ ਭਵਿੱਖ ਸੀ?
21 ਕੰਧ ਉੱਤੇ ਅਖ਼ੀਰਲਾ ਸ਼ਬਦ “ਊਫਰਸੀਨ” ਸੀ। ਦਾਨੀਏਲ ਨੇ ਇਸ ਦਾ ਇਕਵਚਨੀ ਰੂਪ, ਅਰਥਾਤ “ਪਰੇਸ” ਪੜ੍ਹਿਆ ਕਿਉਂਕਿ ਉਹ ਸਿਰਫ਼ ਇੱਕੋ ਹੀ ਰਾਜੇ ਨਾਲ ਗੱਲ ਕਰ ਰਿਹਾ ਸੀ ਜਦ ਕਿ ਦੂਜਾ ਹਾਜ਼ਰ ਨਹੀਂ ਸੀ। ਇੱਕੋ ਸ਼ਬਦ ਦੁਆਰਾ ਤਿੰਨ ਸੰਦੇਸ਼ ਦੇ ਕੇ ਯਹੋਵਾਹ ਦੀ ਇਹ ਬੁਝਾਰਤ ਹੱਲ ਹੋਈ। “ਊਫਰਸੀਨ” ਦਾ ਅਸਲੀ ਅਰਥ “ਅੱਧੇ ਸ਼ਕਲ” ਹੈ। ਪਰ ਇਨ੍ਹਾਂ ਅੱਖਰਾਂ ਦੇ ਦੋ ਹੋਰ ਵੀ ਅਰਥ ਹੋ ਸਕਦੇ ਹਨ—“ਵੰਡ” ਅਤੇ “ਫ਼ਾਰਸੀ।” ਦਾਨੀਏਲ ਨੇ ਪਹਿਲਾਂ ਹੀ ਦੱਸਿਆ ਕਿ “‘ਪਰੇਸ’ ਦਾ ਇਹ ਅਰਥ ਹੈ ਜੋ ਤੇਰਾ ਰਾਜ ਵੰਡਿਆ ਗਿਆ ਅਤੇ ਮਾਦੀਆਂ ਅਰ ਫਾਰਸੀਆਂ ਨੂੰ ਦਿੱਤਾ ਗਿਆ।”—ਦਾਨੀਏਲ 5:28.
22. ਬੁਝਾਰਤ ਦਾ ਅਰਥ ਪਤਾ ਲੱਗਣ ਤੇ ਬੇਲਸ਼ੱਸਰ ਨੇ ਕੀ ਕੀਤਾ, ਅਤੇ ਉਸ ਨੇ ਸ਼ਾਇਦ ਕੀ ਉਮੀਦ ਰੱਖੀ ਸੀ?
22 ਇਸ ਤਰ੍ਹਾਂ ਬੁਝਾਰਤ ਦਾ ਅਰਥ ਪਤਾ ਲੱਗਾ। ਸ਼ਕਤੀਸ਼ਾਲੀ ਬਾਬਲ ਹੁਣ ਮਾਦੀ-ਫ਼ਾਰਸੀ ਫ਼ੌਜਾਂ ਦੇ ਕਬਜ਼ੇ ਵਿਚ ਆਉਣ ਵਾਲਾ ਸੀ। ਤਬਾਹੀ ਦਾ ਐਲਾਨ ਸੁਣ ਕੇ ਭਾਵੇਂ ਬੇਲਸ਼ੱਸਰ ਦੇ ਪੈਰਾਂ ਥੱਲਿਓਂ ਜ਼ਮੀਨ ਖਿੱਸਕ ਗਈ ਹੋਣੀ, ਪਰ ਉਸ ਨੇ ਆਪਣਾ ਵਾਅਦਾ ਨਿਭਾਇਆ। ਉਸ ਨੇ ਆਪਣੇ ਸੇਵਕਾਂ ਨੂੰ ਆਗਿਆ ਦਿੱਤੀ ਅਤੇ ਉਨ੍ਹਾਂ ਨੇ ਦਾਨੀਏਲ ਨੂੰ ਕਿਰਮਚੀ ਚੋਗਾ ਪਹਿਨਾਇਆ, ਉਸ ਦੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਅਤੇ ਉਸ ਦੇ ਲਈ ਢੰਡੋਰਾ ਫਿਰਾਇਆ ਕਿ ਉਹ ਰਾਜ ਵਿਚ ਹੁਣ ਤੀਜੇ ਦਰਜੇ ਤੇ ਹਾਕਮ ਹੈ। (ਦਾਨੀਏਲ 5:29) ਦਾਨੀਏਲ ਨੇ ਇਨ੍ਹਾਂ ਸਨਮਾਨਾਂ ਨੂੰ ਠੁਕਰਾਇਆ ਨਹੀਂ, ਕਿਉਂਕਿ ਉਹ ਜਾਣਦਾ ਸੀ ਕਿ ਇਸ ਵਿਚ ਯਹੋਵਾਹ ਦਾ ਹੀ ਮਾਣ ਹੋ ਰਿਹਾ ਸੀ ਜਿਸ ਦੇ ਉਹ ਯੋਗ ਹੈ। ਨਿਰਸੰਦੇਹ, ਬੇਲਸ਼ੱਸਰ ਨੇ ਯਹੋਵਾਹ ਦੇ ਨਬੀ ਦਾ ਸਨਮਾਨ ਕਰ ਕੇ ਸ਼ਾਇਦ ਇਹ ਉਮੀਦ ਵੀ ਰੱਖੀ ਹੋਵੇ ਕਿ ਪਰਮੇਸ਼ੁਰ ਉਸ ਦੀ ਸਜ਼ਾ ਘਟਾ ਦੇਵੇਗਾ। ਜੇਕਰ ਇਵੇਂ ਸੀ, ਤਾਂ ਹੁਣ ਸਮਾਂ ਹੱਥੋਂ ਨਿਕਲ ਚੁੱਕਾ ਸੀ!
ਬਾਬਲ ਦਾ ਢਹਿਣਾ
23. ਬੇਲਸ਼ੱਸਰ ਦੀ ਦਾਅਵਤ ਦੇ ਦੌਰਾਨ ਕਿਹੜੀ ਪ੍ਰਾਚੀਨ ਭਵਿੱਖਬਾਣੀ ਪੂਰੀ ਹੋ ਰਹੀ ਸੀ?
23 ਜਦੋਂ ਬੇਲਸ਼ੱਸਰ ਅਤੇ ਉਸ ਦੇ ਦਰਬਾਰੀ ਆਪਣੇ ਦੇਵਤਿਆਂ ਦੇ ਨਾਂ ਲੈ ਕੇ ਸ਼ਰਾਬ ਪੀ ਰਹੇ ਸਨ ਅਤੇ ਯਹੋਵਾਹ ਦਾ ਮਖੌਲ ਉਡਾ ਰਹੇ ਸਨ, ਉਦੋਂ ਮਹਿਲ ਦੇ ਬਾਹਰ ਹਨੇਰੇ ਵਿਚ ਕੁਝ ਹੋਰ ਹੀ ਹੋ ਰਿਹਾ ਸੀ। ਉਹ ਭਵਿੱਖਬਾਣੀ ਪੂਰੀ ਹੋ ਰਹੀ ਸੀ ਜੋ ਤਕਰੀਬਨ ਦੋ ਸਦੀਆਂ ਪਹਿਲਾਂ ਯਸਾਯਾਹ ਨਬੀ ਦੁਆਰਾ ਦੱਸੀ ਗਈ ਸੀ। ਬਾਬਲ ਦੇ ਸੰਬੰਧ ਵਿਚ ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ “ਮੈਂ ਉਹ ਦਾ ਸਾਰਾ ਹੂੰਗਾ ਮੁਕਾ ਦਿੰਦਾ ਹਾਂ।” ਜੀ ਹਾਂ, ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਉੱਤੇ ਉਸ ਦੁਸ਼ਟ ਸ਼ਹਿਰ ਦੁਆਰਾ ਕੀਤੇ ਜਾ ਰਹੇ ਸਾਰਿਆਂ ਜ਼ੁਲਮਾਂ ਦਾ ਅੰਤ ਹੋਣ ਵਾਲਾ ਸੀ। ਕਿਸ ਦੇ ਜ਼ਰੀਏ? ਉਹੀ ਭਵਿੱਖਬਾਣੀ ਕਹਿੰਦੀ ਹੈ ਕਿ “ਹੇ ਏਲਾਮ, ਚੜ੍ਹ! ਹੇ ਮਾਦਈ, ਘੇਰ ਲੈ!” ਯਸਾਯਾਹ ਦੇ ਸਮੇਂ ਤੋਂ ਬਾਅਦ ਏਲਾਮ ਫ਼ਾਰਸ ਦੇਸ਼ ਦਾ ਹਿੱਸਾ ਬਣ ਗਿਆ ਸੀ। ਬੇਲਸ਼ੱਸਰ ਦੀ ਦਾਅਵਤ ਦੇ ਸਮੇਂ ਤਕ, ਫ਼ਾਰਸ ਅਤੇ ਮਾਦੀ ਬਾਬਲ ਦੇ ਵਿਰੁੱਧ ‘ਚੜ੍ਹਾਈ ਕਰਨ’ ਅਤੇ ‘ਘੇਰਨ ਲਈ’ ਇਕਮੁੱਠ ਹੋ ਗਏ ਸਨ। ਯਸਾਯਾਹ ਦੀ ਉਸੇ ਭਵਿੱਖਬਾਣੀ ਵਿਚ ਇਸ ਦਾਅਵਤ ਬਾਰੇ ਵੀ ਦੱਸਿਆ ਗਿਆ ਸੀ।—ਯਸਾਯਾਹ 21:1, 2, 5, 6.
24. ਯਸਾਯਾਹ ਦੀ ਭਵਿੱਖਬਾਣੀ ਵਿਚ ਬਾਬਲ ਦੇ ਢਹਿਣ ਬਾਰੇ ਕਿਹੜੀਆਂ ਗੱਲਾਂ ਪਹਿਲਾਂ ਹੀ ਦੱਸੀਆਂ ਗਈਆਂ ਸਨ?
24 ਅਸਲ ਵਿਚ, ਇਨ੍ਹਾਂ ਫ਼ੌਜਾਂ ਦੇ ਸਰਦਾਰ ਦਾ ਨਾਂ ਅਤੇ ਉਸ ਦੇ ਯੁੱਧ ਦੇ ਮੁੱਖ ਤਰੀਕੇ ਵੀ ਪਹਿਲਾਂ ਹੀ ਦੱਸੇ ਗਏ ਸਨ। ਕੁਝ 200 ਸਾਲ ਪਹਿਲਾਂ, ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਬਾਬਲ ਉੱਤੇ ਹਮਲਾ ਕਰਨ ਲਈ ਯਹੋਵਾਹ ਖੋਰਸ (ਸਾਈਰਸ) ਨਾਮਕ ਇਕ ਬੰਦੇ ਨੂੰ ਮਸਹ ਕਰੇਗਾ। ਇਸ ਹਮਲੇ ਦੌਰਾਨ ਉਸ ਦੇ ਸਾਮ੍ਹਣਿਓਂ ਸਾਰੀਆਂ ਰੁਕਾਵਟਾਂ ਹਟਾਈਆਂ ਜਾਣਗੀਆਂ। ਬਾਬਲ ਦੀਆਂ ਨਦੀਆਂ ‘ਸੁਕਾਈਆਂ ਜਾਣਗੀਆਂ,’ ਅਤੇ ਉਸ ਦੇ ਵੱਡੇ ਦਰਵਾਜ਼ੇ ਖੁੱਲ੍ਹੇ ਰਹਿਣ ਦਿੱਤੇ ਜਾਣਗੇ। (ਯਸਾਯਾਹ 44:27–45:3) ਸੱਚ-ਮੁੱਚ ਇਵੇਂ ਹੀ ਹੋਇਆ। ਖੋਰਸ ਦੀਆਂ ਫ਼ੌਜਾਂ ਨੇ ਫਰਾਤ ਦਰਿਆ ਨੂੰ ਮੋੜ ਦਿੱਤਾ, ਜਿਸ ਕਰਕੇ ਉਸ ਵਿਚ ਪਾਣੀ ਘੱਟ ਗਿਆ ਅਤੇ ਉਹ ਖਾਈ ਪਾਰ ਕਰ ਸਕੇ। ਲਾਪਰਵਾਹ ਚੌਕੀਦਾਰਾਂ ਨੇ ਬਾਬਲ ਦੇ ਫਾਟਕਾਂ ਨੂੰ ਖੁੱਲ੍ਹੇ ਰਹਿਣ ਦਿੱਤਾ। ਦੁਨਿਆਵੀ ਇਤਿਹਾਸਕਾਰ ਸਵੀਕਾਰ ਕਰਦੇ ਹਨ ਕਿ ਸ਼ਹਿਰ ਉੱਤੇ ਉਸ ਸਮੇਂ ਹਮਲਾ ਕੀਤਾ ਗਿਆ ਸੀ ਜਦੋਂ ਲੋਕ ਇਕ ਦਾਅਵਤ ਵਿਚ ਮਸਤ ਸਨ। ਬਾਬਲ ਨੂੰ ਲੜਾਈ ਕੀਤੇ ਬਿਨਾਂ ਜਿੱਤ ਲਿਆ ਗਿਆ ਸੀ। (ਯਿਰਮਿਯਾਹ 51:30) ਪਰ ਧਿਆਨ ਦਿਓ ਕਿ ਕਿਸ ਦਾ ਕਤਲ ਕੀਤਾ ਗਿਆ। ਦਾਨੀਏਲ ਨੇ ਦੱਸਿਆ ਕਿ “ਉਸੇ ਰਾਤ ਨੂੰ ਬੇਲਸ਼ੱਸਰ ਜੋ ਕਸਦੀਆਂ ਦਾ ਰਾਜਾ ਸੀ ਵੱਢਿਆ ਗਿਆ। ਅਤੇ ਦਾਰਾ ਮਾਦੀ ਨੇ ਬਾਹਠਾਂ ਵਰਿਹਾਂ ਦੀ ਉਮਰ ਵਿੱਚ ਰਾਜ ਲੈ ਲਿਆ।”—ਦਾਨੀਏਲ 5:30, 31.
ਕੰਧ ਦੀ ਲਿਖਾਈ ਤੋਂ ਸਬਕ ਸਿੱਖੋ
25. (ੳ) ਪ੍ਰਾਚੀਨ ਬਾਬਲ ਵਰਤਮਾਨ ਸਮੇਂ ਦੇ ਸਾਰੇ ਝੂਠੇ ਧਰਮਾਂ ਦਾ ਇਕ ਢੁਕਵਾਂ ਪ੍ਰਤੀਕ ਕਿਉਂ ਹੈ? (ਅ) ਪਰਮੇਸ਼ੁਰ ਦੇ ਆਧੁਨਿਕ ਸਮੇਂ ਦੇ ਸੇਵਕ ਕਿਸ ਭਾਵ ਵਿਚ ਬਾਬਲ ਵਿਚ ਕੈਦੀ ਸਨ?
25 ਦਾਨੀਏਲ ਦੇ ਪੰਜਵੇਂ ਅਧਿਆਇ ਵਿਚ ਪਾਇਆ ਜਾਂਦਾ ਪ੍ਰੇਰਿਤ ਬਿਰਤਾਂਤ ਅੱਜ ਸਾਡੇ ਲਈ ਬਹੁਤ ਹੀ ਮਹੱਤਵਪੂਰਣ ਹੈ। ਪ੍ਰਾਚੀਨ ਬਾਬਲ ਝੂਠਿਆਂ ਧਾਰਮਿਕ ਰੀਤਾਂ-ਰਿਵਾਜਾਂ ਦਾ ਕੇਂਦਰ ਸੀ, ਅਤੇ ਇਸ ਕਰਕੇ ਉਹ ਵਰਤਮਾਨ ਸਮੇਂ ਦੇ ਸਾਰੇ ਝੂਠਿਆਂ ਧਰਮਾਂ ਦਾ ਇਕ ਢੁਕਵਾਂ ਪ੍ਰਤੀਕ ਹੈ। ਪਰਕਾਸ਼ ਦੀ ਪੋਥੀ ਵਿਚ ਇਸ ਨੂੰ ਖ਼ੂੰਖ਼ਾਰ ਕੰਜਰੀ ਵਜੋਂ ਦਿਖਾਇਆ ਗਿਆ ਹੈ, ਅਤੇ ਝੂਠ-ਮੂਠ ਦੇ ਇਸ ਵਿਸ਼ਵ ਭੰਡਾਰ ਨੂੰ ‘ਵੱਡੀ ਬਾਬੁਲ’ ਸੱਦਿਆ ਜਾਂਦਾ ਹੈ। (ਪਰਕਾਸ਼ ਦੀ ਪੋਥੀ 17:5) ਉਹ ਪਰਮੇਸ਼ੁਰ ਦਾ ਨਿਰਾਦਰ ਕਰਨ ਵਾਲੇ ਝੂਠੇ ਸਿਧਾਂਤਾਂ ਅਤੇ ਰੀਤਾਂ-ਰਿਵਾਜਾਂ ਦੀਆਂ ਸਾਰੀਆਂ ਚੇਤਾਵਨੀਆਂ ਬਾਰੇ ਬੇਪਰਵਾਹ ਰਹੀ ਹੈ, ਅਤੇ ਉਸ ਨੇ ਪਰਮੇਸ਼ੁਰ ਦੇ ਸ਼ਬਦ ਦੀ ਸੱਚਾਈ ਦੇ ਪ੍ਰਚਾਰਕਾਂ ਨੂੰ ਸਤਾਇਆ ਹੈ। ਪ੍ਰਾਚੀਨ ਯਰੂਸ਼ਲਮ ਅਤੇ ਯਹੂਦਾਹ ਦੇ ਵਾਸੀਆਂ ਵਾਂਗ, ਮਸਹ ਕੀਤੇ ਹੋਏ ਮਸੀਹੀਆਂ ਦਾ ਵਫ਼ਾਦਾਰ ਬਕੀਆ, ਵਾਕਈ ਹੀ ‘ਵੱਡੀ ਬਾਬੁਲ’ ਵਿਚ ਜਲਾਵਤਨੀ ਸੀ ਜਦੋਂ ਪਾਦਰੀਆਂ ਦੁਆਰਾ ਉਕਸਾਏ ਅਤਿਆਚਾਰ ਕਾਰਨ 1918 ਵਿਚ ਰਾਜ-ਪ੍ਰਚਾਰ ਦਾ ਕੰਮ ਤਕਰੀਬਨ ਬੰਦ ਹੋ ਗਿਆ ਸੀ।
26. (ੳ) ‘ਵੱਡੀ ਬਾਬਲ’ 1919 ਵਿਚ ਕਿਵੇਂ ਢਹਿ ਗਈ ਸੀ? (ਅ) ਸਾਨੂੰ ਕਿਹੜੀ ਚੇਤਾਵਨੀ ਵੱਲ ਖ਼ੁਦ ਧਿਆਨ ਦੇਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਦੱਸਣਾ ਚਾਹੀਦਾ ਹੈ?
26 ਫਿਰ ਅਚਾਨਕ ਹੀ, ‘ਵੱਡੀ ਬਾਬੁਲ’ ਢਹਿ ਗਈ! ਉਹ ਅਸਲ ਵਿਚ ਬਿਨਾਂ ਕਿਸੇ ਰੌਲੇਗੌਲੇ ਢਹਿ ਗਈ ਸੀ, ਠੀਕ ਜਿਵੇਂ 539 ਸਾ.ਯੁ.ਪੂ. ਵਿਚ ਪ੍ਰਾਚੀਨ ਬਾਬਲ ਬਿਨਾਂ ਕਿਸੇ ਖ਼ਾਸ ਰੌਲੇਗੌਲੇ ਢਹਿ ਗਈ ਸੀ। ਪਰ, ਫਿਰ ਵੀ ਲਾਖਣਿਕ ਤੌਰ ਤੇ ਉਸ ਦਾ ਢਹਿਣਾ ਉਸ ਦੀ ਬਰਬਾਦੀ ਸੀ। ਉਸ ਦਾ ਢਹਿਣਾ 1919 ਸਾ.ਯੁ. ਵਿਚ ਹੋਇਆ ਜਦੋਂ ਯਹੋਵਾਹ ਦੇ ਲੋਕਾਂ ਨੇ ਬਾਬਲੀ ਕੈਦ ਤੋਂ ਮੁਕਤ ਹੋ ਕੇ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕੀਤੀ ਸੀ। ਇਸ ਨੇ ਪਰਮੇਸ਼ੁਰ ਦੇ ਲੋਕਾਂ ਉੱਪਰ ‘ਵੱਡੀ ਬਾਬੁਲ’ ਦੇ ਕਬਜ਼ੇ ਨੂੰ ਖ਼ਤਮ ਕੀਤਾ ਅਤੇ ਜਨਤਾ ਸਾਮ੍ਹਣੇ ਉਸ ਦਾ ਇਕ ਢੌਂਗੀ ਵਜੋਂ ਭੇਤ ਖੋਲ੍ਹਣਾ ਸ਼ੁਰੂ ਕੀਤਾ। ਉਸ ਦਾ ਢਹਿਣਾ ਇਕ ਪੱਕੀ ਹਕੀਕਤ ਹੈ ਅਤੇ ਉਸ ਦੀ ਆਖ਼ਰੀ ਤਬਾਹੀ ਨਜ਼ਦੀਕ ਹੈ। ਇਸ ਕਰਕੇ ਯਹੋਵਾਹ ਦੇ ਸੇਵਕ ਇਹ ਚੇਤਾਵਨੀ ਸੁਣਾ ਰਹੇ ਹਨ: “ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ!” (ਪਰਕਾਸ਼ ਦੀ ਪੋਥੀ 18:4) ਕੀ ਤੁਸੀਂ ਇਸ ਚੇਤਾਵਨੀ ਵੱਲ ਧਿਆਨ ਦਿੱਤਾ ਹੈ? ਕੀ ਤੁਸੀਂ ਇਸ ਬਾਰੇ ਦੂਜਿਆਂ ਨੂੰ ਦੱਸਦੇ ਹੋ?f
27, 28. (ੳ) ਦਾਨੀਏਲ ਕਿਹੜੀ ਅਤਿ-ਮਹੱਤਵਪੂਰਣ ਸੱਚਾਈ ਨੂੰ ਕਦੇ ਵੀ ਨਹੀਂ ਭੁੱਲਿਆ? (ਅ) ਸਾਡੇ ਕੋਲ ਕੀ ਸਬੂਤ ਹੈ ਕਿ ਯਹੋਵਾਹ ਜਲਦੀ ਹੀ ਇਸ ਦੁਸ਼ਟ ਸੰਸਾਰ ਵਿਰੁੱਧ ਕਾਰਵਾਈ ਕਰੇਗਾ?
27 ਇਸ ਲਈ ਸਮਝ ਲਵੋ ਕਿ ਅੱਜ ਵੀ ਕੰਧ ਉੱਤੇ ਲਿਖਾਈ ਲਿਖੀ ਜਾ ਚੁੱਕੀ ਹੈ, ਮਤਲਬ ਕਿ ਚੇਤਾਵਨੀ ਦਿੱਤੀ ਜਾ ਚੁੱਕੀ ਹੈ, ਪਰ ਸਿਰਫ਼ ‘ਵੱਡੀ ਬਾਬੁਲ’ ਲਈ ਹੀ ਨਹੀਂ। ਦਾਨੀਏਲ ਦੀ ਪੋਥੀ ਵਿਚ ਪਾਈ ਜਾਂਦੀ ਇਕ ਅਤਿ-ਮਹੱਤਵਪੂਰਣ ਸੱਚਾਈ ਨੂੰ ਯਾਦ ਰੱਖੋ ਕਿ ਯਹੋਵਾਹ ਹੀ ਸਰਬਸ਼ਕਤੀਮਾਨ ਪਰਮੇਸ਼ੁਰ ਹੈ। ਇਕੱਲਾ ਉਹ ਹੀ ਮਨੁੱਖਾਂ ਦੇ ਰਾਜ ਵਿਚ ਸਰਦਾਰੀ ਕਰਨ ਦਾ ਹੱਕਦਾਰ ਹੈ। (ਦਾਨੀਏਲ 4:17, 25; 5:21) ਹਰ ਕੋਈ ਚੀਜ਼ ਹਟਾਈ ਜਾਵੇਗੀ ਜੋ ਯਹੋਵਾਹ ਦੇ ਮਕਸਦਾਂ ਵਿਰੁੱਧ ਹੈ। ਹੁਣ ਯਹੋਵਾਹ ਦੁਆਰਾ ਕਾਰਵਾਈ ਕਰਨ ਲਈ ਥੋੜ੍ਹਾ ਹੀ ਚਿਰ ਰਹਿੰਦਾ ਹੈ। (ਹਬੱਕੂਕ 2:3) ਦਾਨੀਏਲ ਲਈ ਅਜਿਹਾ ਸਮਾਂ ਉਦੋਂ ਆਇਆ ਜਦੋਂ ਉਸ ਦੀ ਉਮਰ ਤਕਰੀਬਨ 100 ਸਾਲਾਂ ਦੀ ਸੀ। ਉਦੋਂ ਉਸ ਨੇ ਯਹੋਵਾਹ ਨੂੰ ਇਕ ਅਜਿਹੀ ਵਿਸ਼ਵ ਸ਼ਕਤੀ ਨੂੰ ਖ਼ਤਮ ਕਰਦਿਆਂ ਦੇਖਿਆ ਜੋ ਦਾਨੀਏਲ ਦੇ ਬਚਪਨ ਤੋਂ ਹੀ ਪਰਮੇਸ਼ੁਰ ਦੇ ਲੋਕਾਂ ਨੂੰ ਸਤਾਉਂਦੀ ਆਈ ਸੀ।
28 ਇਸ ਗੱਲ ਦਾ ਪੱਕਾ ਸਬੂਤ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਸਵਰਗੀ ਸਿੰਘਾਸਣ ਉੱਤੇ ਮਨੁੱਖਜਾਤੀ ਲਈ ਇਕ ਹਾਕਮ ਨੂੰ ਬਿਠਾਇਆ ਹੈ। ਇਹ ਹਕੀਕਤ ਕਿ ਸੰਸਾਰ ਨੇ ਇਸ ਰਾਜੇ ਨੂੰ ਰੱਦ ਕਰ ਦਿੱਤਾ ਹੈ ਅਤੇ ਉਸ ਦੀ ਹਕੂਮਤ ਦਾ ਵਿਰੋਧ ਕੀਤਾ ਹੈ, ਇਸ ਗੱਲ ਦਾ ਪੱਕਾ ਸਬੂਤ ਹੈ ਕਿ ਯਹੋਵਾਹ ਹੁਣ ਜਲਦੀ ਹੀ ਇਸ ਰਾਜ ਦੇ ਸਾਰੇ ਵਿਰੋਧੀਆਂ ਨੂੰ ਖ਼ਤਮ ਕਰਨ ਵਾਲਾ ਹੈ। (ਜ਼ਬੂਰ 2:1-11; 2 ਪਤਰਸ 3:3-7) ਕੀ ਤੁਸੀਂ ਸਾਡੇ ਸਮੇਂ ਦੀ ਮਹੱਤਤਾ ਨੂੰ ਜਾਣ ਕੇ ਇਸ ਦੇ ਅਨੁਸਾਰ ਚੱਲ ਰਹੇ ਹੋ ਅਤੇ ਆਪਣਾ ਭਰੋਸਾ ਪਰਮੇਸ਼ੁਰ ਦੇ ਰਾਜ ਵਿਚ ਰੱਖ ਰਹੇ ਹੋ? ਜੇ ਇਵੇਂ ਕਰ ਰਹੇ ਹੋ, ਤਾਂ ਤੁਸੀਂ ਸੱਚ-ਮੁੱਚ ਹੀ ਕੰਧ ਦੀ ਲਿਖਾਈ ਤੋਂ ਸਬਕ ਸਿੱਖ ਲਿਆ ਹੈ!
[ਫੁਟਨੋਟ]
a ਇਕ ਪ੍ਰਾਚੀਨ ਸ਼ਿਲਾ-ਲੇਖ ਵਿਚ ਰਾਜਾ ਖੋਰਸ ਨੇ ਬੇਲਸ਼ੱਸਰ ਬਾਰੇ ਕਿਹਾ ਕਿ “ਕਿਸੇ ਨਾਲਾਇਕ ਨੂੰ ਉਸ ਦੇ ਦੇਸ਼ ਦਾ [ਬਾਦਸ਼ਾਹ] ਬਣਾ ਦਿੱਤਾ ਗਿਆ ਹੈ।”
b ਇਸ ਤਰ੍ਹਾਂ ਦੇ ਛੋਟੇ-ਛੋਟੇ ਵੇਰਵੇ ਵੀ ਦਾਨੀਏਲ ਦੀ ਕਹਾਣੀ ਨੂੰ ਸੱਚੀ ਸਾਬਤ ਕਰਦੇ ਹਨ। ਪੁਰਾਣੀਆਂ ਲਭਤਾਂ ਦੇ ਵਿਗਿਆਨੀਆਂ ਨੇ ਦੇਖਿਆ ਹੈ ਕਿ ਪ੍ਰਾਚੀਨ ਬਾਬਲ ਦਾ ਮਹਿਲ ਇੱਟਾਂ ਦਾ ਬਣਿਆ ਹੋਇਆ ਸੀ ਜਿਨ੍ਹਾਂ ਉੱਤੇ ਚੂਨਾ ਪੋਚਿਆ ਗਿਆ ਸੀ।
c ਇਹ ਸੰਭਵ ਹੈ ਕਿ ਬਾਬਲੀ ਲੋਕਾਂ ਦੇ ਵਹਿਮਾਂ ਕਾਰਨ ਇਹ ਚਮਤਕਾਰ ਹੱਦੋਂ ਵੱਧ ਡਰਾਉਣਾ ਜਾਪਿਆ ਹੋਣਾ। ਬੈਬੀਲੋਨੀ ਜੀਵਨ ਅਤੇ ਇਤਿਹਾਸ (ਅੰਗ੍ਰੇਜ਼ੀ) ਨਾਮਕ ਇਕ ਪੁਸਤਕ ਕਹਿੰਦੀ ਹੈ ਕਿ “ਸਾਨੂੰ ਪਤਾ ਚੱਲਦਾ ਹੈ ਕਿ ਬੈਬੀਲੋਨੀ ਲੋਕ ਅਣਗਿਣਤ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਉਹ ਭੂਤਾਂ-ਪ੍ਰੇਤਾਂ ਵਿਚ ਵੀ ਇੰਨਾ ਵਿਸ਼ਵਾਸ ਕਰਦੇ ਸਨ ਕਿ ਉਨ੍ਹਾਂ ਦੇ ਧਾਰਮਿਕ ਸਾਹਿੱਤ ਵਿਚ ਇਨ੍ਹਾਂ ਵਿਰੁੱਧ ਬਹੁਤ ਸਾਰੀਆਂ ਪ੍ਰਾਰਥਨਾਵਾਂ ਅਤੇ ਜਾਦੂ-ਟੂਣਾ ਪਾਇਆ ਜਾਂਦਾ ਹੈ।”
d ਬਿਬਲੀਕਲ ਆਰਕਿਓਲੋਜੀ ਰਿਵਿਊ ਕਹਿੰਦੀ ਹੈ ਕਿ “ਬੈਬੀਲੋਨੀ ਮਾਹਰਾਂ ਨੇ ਹਜ਼ਾਰਾਂ ਹੀ ਬਦਸ਼ਗਨ ਨਿਸ਼ਾਨੀਆਂ ਦੇ ਰਿਕਾਰਡ ਰੱਖੇ ਹੋਏ ਸਨ। . . . ਜਦੋਂ ਬੇਲਸ਼ੱਸਰ ਨੇ ਪੁੱਛਿਆ ਕਿ ਕੰਧ ਉੱਤੇ ਲਿਖਤ ਦਾ ਕੀ ਅਰਥ ਹੈ, ਤਾਂ ਬਿਨਾਂ ਸ਼ੱਕ ਬੈਬੀਲੋਨ ਦੇ ਗਿਆਨੀਆਂ ਨੇ ਜਵਾਬ ਦੇਣ ਲਈ ਇਨ੍ਹਾਂ ਪੁਸਤਕਾਂ ਵਿਚ ਖੋਜ ਕੀਤੀ ਹੋਣੀ। ਪਰ ਇਹ ਵਿਅਰਥ ਸਾਬਤ ਹੋਈਆਂ।”
e ਕੋਸ਼ਕਾਰ ਨੋਟ ਕਰਦੇ ਹਨ ਕਿ “ਹੱਕੇ ਬੱਕੇ” ਲਈ ਇੱਥੇ ਇਸਤੇਮਾਲ ਕੀਤਾ ਗਿਆ ਸ਼ਬਦ ਵੱਡੀ ਹਲਚਲ ਨੂੰ ਸੰਕੇਤ ਕਰਦਾ ਹੈ, ਜਿਵੇਂ ਕਿ ਕਿਤੇ ਸਾਰੇ ਇਕੱਠੇ ਹੋਏ ਲੋਕਾਂ ਵਿਚ ਹਫੜਾ-ਦਫੜੀ ਪੈ ਗਈ ਹੋਵੇ।
f ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ, ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਨਾਮਕ ਪੁਸਤਕ ਦੇ 205-71 ਸਫ਼ੇ ਦੇਖੋ।
ਅਸੀਂ ਕੀ ਸਿੱਖਿਆ?
• ਬੇਲਸ਼ੱਸਰ ਦੀ ਦਾਅਵਤ ਵਿਚ 5/6 ਅਕਤੂਬਰ 539 ਸਾ.ਯੁ.ਪੂ. ਦੀ ਰਾਤ ਨੂੰ ਰੁਕਾਵਟ ਕਿਵੇਂ ਪਈ?
• ਕੰਧ ਉੱਤੇ ਲਿਖਾਈ ਦਾ ਅਰਥ ਕੀ ਸੀ?
• ਬੇਲਸ਼ੱਸਰ ਦੀ ਦਾਅਵਤ ਦੇ ਦੌਰਾਨ ਬਾਬਲ ਦੇ ਢਹਿਣ ਬਾਰੇ ਕਿਹੜੀ ਭਵਿੱਖਬਾਣੀ ਪੂਰੀ ਹੋ ਰਹੀ ਸੀ?
• ਕੰਧ ਉੱਤੇ ਲਿਖਾਈ ਦਾ ਬਿਰਤਾਂਤ ਸਾਡੇ ਸਮੇਂ ਲਈ ਕੀ ਅਰਥ ਰੱਖਦਾ ਹੈ?
[ਪੂਰੇ ਸਫ਼ੇ 98 ਉੱਤੇ ਤਸਵੀਰ]
[ਪੂਰੇ ਸਫ਼ੇ 103 ਉੱਤੇ ਤਸਵੀਰ]