ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
4-10 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 42-45
“ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੀ ਗਈ”
(ਹਿਜ਼ਕੀਏਲ 43:10-12) ਹੇ ਆਦਮੀ ਦੇ ਪੁੱਤ੍ਰ, ਤੂੰ ਇਸਰਾਏਲ ਦੇ ਘਰਾਣੇ ਨੂੰ ਇਹ ਭਵਨ ਵਿਖਾ ਤਾਂ ਜੋ ਓਹ ਆਪਣੇ ਔਗਣਾਂ ਤੋਂ ਸ਼ਰਮਿੰਦੇ ਹੋਣ ਅਤੇ ਏਸ ਨਮੂਨੇ ਨੂੰ ਮਿਣਨ। 11 ਜੇ ਓਹ ਇਨ੍ਹਾਂ ਸਾਰਿਆਂ ਕੰਮਾਂ ਤੋਂ ਸ਼ਰਮਿੰਦੇ ਹੋਣ ਜਿਹੜੇ ਉਨ੍ਹਾਂ ਨੇ ਕੀਤੇ ਅਤੇ ਏਸ ਭਵਨ ਦਾ ਨਕਸ਼ਾ ਅਤੇ ਇਹ ਦੀ ਬਣਾਉਟ ਅਤੇ ਉਹ ਦਾ ਬਾਹਰ ਜਾਣ ਅਤੇ ਉਹ ਦਾ ਅੰਦਰ ਆਉਣ ਦੇ ਰਾਹ ਅਤੇ ਸਾਰਾ ਨਕਸ਼ਾ ਅਤੇ ਸਾਰੀਆਂ ਬਿਧੀਆਂ ਅਤੇ ਸਾਰੇ ਕਾਨੂਨ ਅਤੇ ਸਾਰੀ ਬਿਵਸਥਾ ਉਨ੍ਹਾਂ ਨੂੰ ਜਤਾ ਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਲਿਖ ਕਿ ਓਹ ਉਸ ਦੇ ਸਾਰੇ ਨਕਸ਼ੇ ਨੂੰ ਅਤੇ ਸਾਰੀਆਂ ਬਿਧੀਆਂ ਨੂੰ ਮੰਨ ਕੇ ਉਨ੍ਹਾਂ ਉੱਤੇ ਅਮਲ ਕਰਨ। 12 ਏਸ ਭਵਨ ਦੀ ਬਿਵਸਥਾ ਇਹ ਹੈ ਕਿ ਇਹ ਦੀਆਂ ਸਾਰੀਆਂ ਹੱਦਾਂ ਪਰਬਤ ਦੀ ਚੋਟੀ ਤੇ ਅਤੇ ਉਹ ਦੇ ਚੁਫੇਰੇ ਅੱਤ ਪਵਿੱਤ੍ਰ ਹੋਣਗੀਆਂ! ਵੇਖ! ਇਹੀ ਇਸ ਭਵਨ ਦੀ ਬਿਵਸਥਾ ਹੈ।
ਪਰਮੇਸ਼ੁਰ ਦੀ ਹੈਕਲ “ਤੇ ਦਿਲ ਲਾ”!
3 ਹਿਜ਼ਕੀਏਲ ਦੀ ਪੋਥੀ ਦੇ ਨੌਂ ਅਧਿਆਵਾਂ ਵਿਚ ਪਾਏ ਜਾਂਦੇ ਇਸ ਵੱਡੇ ਦਰਸ਼ਣ ਨੇ ਜਲਾਵਤਨ ਕੀਤੇ ਗਏ ਯਹੂਦੀਆਂ ਦੀ ਨਿਹਚਾ ਨੂੰ ਇਕ ਵਾਅਦੇ ਦੁਆਰਾ ਮਜ਼ਬੂਤ ਕੀਤਾ। ਸ਼ੁੱਧ ਉਪਾਸਨਾ ਦੁਬਾਰਾ ਸਥਾਪਿਤ ਕੀਤੀ ਜਾਵੇਗੀ! ਉਸ ਸਮੇਂ ਤੋਂ ਬਾਅਦ ਦੀਆਂ ਸਦੀਆਂ ਦੌਰਾਨ, ਸਾਡੇ ਦਿਨਾਂ ਵਿਚ ਵੀ, ਇਹ ਦਰਸ਼ਣ ਯਹੋਵਾਹ ਦੇ ਪ੍ਰੇਮੀਆਂ ਨੂੰ ਉਤਸ਼ਾਹ ਦਿੰਦਾ ਰਿਹਾ ਹੈ। ਕਿਸ ਤਰ੍ਹਾਂ? ਚਲੋ ਆਪਾਂ ਦੇਖੀਏ ਕਿ ਜਲਾਵਤਨ ਕੀਤੇ ਗਏ ਇਸਰਾਏਲੀਆਂ ਲਈ ਹਿਜ਼ਕੀਏਲ ਦੇ ਭਵਿੱਖ-ਸੂਚਕ ਦਰਸ਼ਣ ਦਾ ਕੀ ਮਤਲਬ ਸੀ। ਇਸ ਦੇ ਚਾਰ ਮੁੱਖ ਪਹਿਲੂ ਹਨ: ਹੈਕਲ, ਜਾਜਕਾਈ, ਰਾਜਕੁਮਾਰ, ਅਤੇ ਦੇਸ਼।
it-2 1082 ਪੈਰਾ 2
ਮੰਦਰ
ਹਿਜ਼ਕੀਏਲ ਦੁਆਰਾ ਦੇਖਿਆ ਮੰਦਰ ਦਾ ਦਰਸ਼ਣ। 593 ਈ. ਪੂ. ਵਿਚ ਯਰੂਸ਼ਲਮ ਅਤੇ ਸੁਲੇਮਾਨ ਦੇ ਮੰਦਰ ਦੇ ਨਾਸ਼ ਤੋਂ ਬਾਅਦ ਚੌਦਵੇਂ ਸਾਲ ਵਿਚ, ਜਾਜਕ ਅਤੇ ਨਬੀ ਹਿਜ਼ਕੀਏਲ ਨੂੰ ਇਕ ਦਰਸ਼ਣ ਵਿਚ ਇਕ ਵੱਡੇ ਅਤੇ ਉੱਚੇ ਪਹਾੜ ʼਤੇ ਲਿਜਾਇਆ ਗਿਆ, ਜਿੱਥੇ ਉਸ ਨੇ ਯਹੋਵਾਹ ਦਾ ਮੰਦਰ ਦੇਖਿਆ। (ਹਿਜ਼ 40:1, 2) ਹਿਜ਼ਕੀਏਲ ਨੂੰ ਕਿਹਾ ਗਿਆ ਸੀ ਕਿ ਉਸ ਨੇ ਜੋ ਦੇਖਿਆ, ਉਹ ਸਾਰਾ ਕੁਝ “ਇਸਰਾਏਲ ਦੇ ਘਰਾਣੇ” ਨੂੰ ਦੱਸੇ ਤਾਂਕਿ ਉਹ ਗ਼ੁਲਾਮ ਯਹੂਦੀਆਂ ਨੂੰ ਸ਼ਰਮਿੰਦਾ ਕਰ ਸਕੇ, ਉਨ੍ਹਾਂ ਨੂੰ ਬੁਰੇ ਕੰਮਾਂ ਤੋਂ ਮੁੜਨ ਲਈ ਪ੍ਰੇਰਿਤ ਕਰ ਸਕੇ ਅਤੇ ਵਫ਼ਾਦਾਰ ਲੋਕਾਂ ਨੂੰ ਦਿਲਾਸਾ ਦੇ ਸਕੇ। (ਹਿਜ਼ 40:4; 43:10, 11) ਦਰਸ਼ਣ ਵਿਚ ਮਿਣਤੀ ਦੀਆਂ ਬਾਰੀਕੀਆਂ ਦਾ ਧਿਆਨ ਰੱਖਿਆ ਗਿਆ ਸੀ। ਮਿਣਤੀ ਲਈ ਵਰਤੀ ਗਈ ਇਕਾਈ “ਕਾਨਾ” (ਲੰਬਾ ਕਾਨਾ, 3.11 ਮੀ; 10.2 ਫੁੱਟ) ਅਤੇ “ਹੱਥ” (ਲੰਬਾ ਹੱਥ, 51.8 ਸੈਂ. ਮੀ; 20.4 ਇੰਚ) ਸੀ। (ਹਿਜ਼ 40:5) ਮਿਣਤੀ ਦੀਆਂ ਬਾਰੀਕੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਲੋਕ ਇਹ ਮੰਨਦੇ ਹਨ ਕਿ ਦਰਸ਼ਣ ਵਿਚ ਦਿਖਾਏ ਗਏ ਮੰਦਰ ਨੇ ਇਕ ਨਮੂਨੇ ਦੇ ਤੌਰ ʼਤੇ ਕੰਮ ਕਰਨਾ ਸੀ ਜਿਸ ਦੇ ਆਧਾਰ ʼਤੇ ਜ਼ਰੁੱਬਾਬਲ ਨੇ ਗ਼ੁਲਾਮੀ ਤੋਂ ਬਾਅਦ ਮੰਦਰ ਬਣਾਇਆ ਸੀ। ਪਰ ਇਸ ਬਾਰੇ ਕੋਈ ਪੱਕੇ ਸਬੂਤ ਨਹੀਂ ਹਨ।
(ਹਿਜ਼ਕੀਏਲ 44:23) ਅਤੇ ਓਹ ਮੇਰੇ ਲੋਕਾਂ ਨੂੰ ਪਵਿੱਤ੍ਰ ਅਤੇ ਅਪਵਿੱਤ੍ਰ ਵਿੱਚ ਫਰਕ ਦੱਸਣਗੇ ਅਤੇ ਉਨ੍ਹਾਂ ਨੂੰ ਸ਼ੁੱਧ ਅਤੇ ਅਸ਼ੁੱਧ ਦੀ ਪਛਾਣ ਕਰਨਾ ਸਿਖਾਉਣਗੇ।
(ਹਿਜ਼ਕੀਏਲ 45:16) ਦੇਸ ਦੇ ਸਾਰੇ ਲੋਕ ਉਸ ਰਾਜਕੁਮਾਰ ਦੇ ਲਈ ਜਿਹੜਾ ਇਸਰਾਏਲ ਵਿੱਚ ਹੈ ਇਹੀ ਭੇਟਾ ਦੇਣਗੇ।
ਪਰਮੇਸ਼ੁਰ ਦੀ ਹੈਕਲ “ਤੇ ਦਿਲ ਲਾ”!
10 ਇਸ ਸਾਰੇ ਨੇ ਉਨ੍ਹਾਂ ਜਲਾਵਤਨੀਆਂ ਨੂੰ ਕਿੰਨਾ ਹੌਸਲਾ ਦਿੱਤਾ ਹੋਣਾ! ਹਰੇਕ ਪਰਿਵਾਰ ਨੂੰ ਯਕੀਨ ਸੀ ਕਿ ਮਿਰਾਸ ਵਜੋਂ ਉਨ੍ਹਾਂ ਨੂੰ ਵੀ ਜ਼ਮੀਨ ਦਾ ਹਿੱਸਾ ਮਿਲੇਗਾ। (ਮੀਕਾਹ 4:4 ਦੀ ਤੁਲਨਾ ਕਰੋ।) ਉੱਥੇ ਸ਼ੁੱਧ ਉਪਾਸਨਾ ਦਾ ਇਕ ਉੱਚਾ ਅਤੇ ਮੁੱਖ ਦਰਜਾ ਹੋਵੇਗਾ। ਅਤੇ ਧਿਆਨ ਦਿਓ ਕਿ ਹਿਜ਼ਕੀਏਲ ਦੇ ਦਰਸ਼ਣ ਵਿਚ ਜਾਜਕਾਂ ਵਾਂਗ, ਰਾਜਕੁਮਾਰ ਵੀ ਲੋਕਾਂ ਦੁਆਰਾ ਭੇਟ ਕੀਤੇ ਹੋਏ ਇਲਾਕੇ ਵਿਚ ਰਹੇਗਾ। (ਹਿਜ਼ਕੀਏਲ 45:16) ਇਸ ਦਾ ਅਰਥ ਸੀ ਕਿ ਮੁੜ-ਬਹਾਲ ਦੇਸ਼ ਵਿਚ, ਲੋਕਾਂ ਨੇ ਯਹੋਵਾਹ ਦੁਆਰਾ ਨਿਯੁਕਤ ਕੀਤੇ ਗਏ ਆਗੂਆਂ ਦੀ ਮਦਦ ਕਰਨੀ ਸੀ, ਅਤੇ ਉਨ੍ਹਾਂ ਦੇ ਨਿਰਦੇਸ਼ਨ ਅਨੁਸਾਰ ਚੱਲਣ ਦੁਆਰਾ ਉਨ੍ਹਾਂ ਦਾ ਸਮਰਥਨ ਕਰਨਾ ਸੀ। ਕਿਹਾ ਜਾਏ ਤਾਂ, ਇਹ ਦੇਸ਼ ਸੁਵਿਵਸਥਾ, ਮਿਲਵਰਤਨ, ਅਤੇ ਸੁਰੱਖਿਆ ਦੀ ਇਕ ਜੀਉਂਦੀ-ਜਾਗਦੀ ਤਸਵੀਰ ਸੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 43:8, 9) ਕਿਉਂ ਜੋ ਉਨ੍ਹਾਂ ਦੀ ਸਰਦਲ ਮੇਰੀ ਸਰਦਲ ਦੇ ਕੋਲ ਅਤੇ ਉਨ੍ਹਾਂ ਦੀ ਚੁਗਾਠ ਮੇਰੀ ਚੁਗਾਠ ਦੇ ਨਾਲ ਲਗਵੀਂ ਸੀ ਅਤੇ ਮੇਰੇ ਅਤੇ ਉਨ੍ਹਾਂ ਦੇ ਵਿਚਾਲੇ ਕੇਵਲ ਇੱਕ ਕੰਧ ਸੀ। ਉਨ੍ਹਾਂ ਆਪਣੇ ਘਿਣਾਉਣੇ ਕੰਮਾਂ ਕਰਕੇ ਜਿਹੜੇ ਉਨ੍ਹਾਂ ਕੀਤੇ ਮੇਰੇ ਪਵਿੱਤ੍ਰ ਨਾਮ ਨੂੰ ਪਲੀਤ ਕੀਤਾ, ਏਸ ਲਈ ਮੈਂ ਆਪਣੇ ਕਹਿਰ ਵਿੱਚ ਉਨ੍ਹਾਂ ਨੂੰ ਖਾ ਲਿਆ। 9 ਸੋ ਹੁਣ ਓਹ ਆਪਣੇ ਵਿਭਚਾਰਾਂ ਨੂੰ ਅਤੇ ਆਪਣੇ ਪਾਤਸ਼ਾਹਾਂ ਦੀਆਂ ਲੋਥਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਤਾਂ ਮੈਂ ਸਦਾ ਤੀਕਰ ਉਨ੍ਹਾਂ ਦੇ ਵਿਚਕਾਰ ਵੱਸਾਂਗਾ।
it-2 467 ਪੈਰਾ 4
ਨਾਂ
ਇਜ਼ਰਾਈਲ ਕੌਮ ਦਾ ਨਾਂ ਪਰਮੇਸ਼ੁਰ ਦੇ ਨਾਂ ਨਾਲ ਜੁੜਿਆ ਸੀ। ਯਹੋਵਾਹ ਦੇ ਧਰਮੀ ਮਿਆਰਾਂ ʼਤੇ ਖਰੇ ਨਾ ਉੱਤਰ ਕੇ ਇਜ਼ਰਾਈਲੀਆਂ ਨੇ ਪਰਮੇਸ਼ੁਰ ਦੇ ਨਾਂ ਦੀ ਬੇਕਦਰੀ ਕੀਤੀ। (ਹਿਜ਼ 43:8; ਆਮੋ 2:7) ਇਜ਼ਰਾਈਲੀਆਂ ਦੀ ਬੇਵਫ਼ਾਈ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ, ਇਸ ਕਰਕੇ ਦੂਸਰੀਆਂ ਕੌਮਾਂ ਨੂੰ ਮੌਕਾ ਮਿਲਿਆ ਕਿ ਉਹ ਪਰਮੇਸ਼ੁਰ ਦੇ ਨਾਂ ਬਾਰੇ ਬੁਰਾ ਭਲਾ ਕਹਿਣ। (ਜ਼ਬੂ 74:10, 18 ਵਿਚ ਨੁਕਤਾ ਦੇਖੋ; ਯਸਾ 52:5) ਇਨ੍ਹਾਂ ਕੌਮਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਸਜ਼ਾ ਯਹੋਵਾਹ ਵੱਲੋਂ ਸੀ, ਇਸ ਕਰਕੇ ਉਹ ਸੋਚਣ ਲੱਗ ਪਏ ਕਿ ਇਜ਼ਰਾਈਲ ਉੱਤੇ ਬਿਪਤਾਵਾਂ ਇਸ ਕਰਕੇ ਆਈਆਂ ਕਿਉਂਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣ ਦੇ ਕਾਬਲ ਨਹੀਂ ਸੀ। ਯਹੋਵਾਹ ਨੇ ਆਪਣੇ ਨਾਂ ਉੱਤੇ ਲੱਗੇ ਦੋਸ਼ ਨੂੰ ਮਿਟਾਉਣ ਲਈ ਕਦਮ ਚੁੱਕਿਆ ਅਤੇ ਇਜ਼ਰਾਈਲ ਦੇ ਬਚੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲਿਆਂਦਾ।—ਹਿਜ਼ 36:22-24.
(ਹਿਜ਼ਕੀਏਲ 45:9, 10) ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ,— ਹੇ ਇਸਰਾਏਲ ਦੇ ਰਾਜਕੁਮਾਰੋ, ਤੁਹਾਡੇ ਲਈ ਇਹੀ ਬਹੁਤਾ ਹੈ। ਅਤਿਯਾਚਾਰ ਅਤੇ ਲੁੱਟ ਮਾਰ ਨੂੰ ਬੰਦ ਕਰੋ। ਨਿਆਉਂ ਅਤੇ ਧਰਮ ਦੀ ਵਰਤੋਂ ਕਰੋ ਅਤੇ ਮੇਰੀ ਪਰਜਾ ਤੋਂ ਆਪਣੇ ਜ਼ੋਰ ਤੇ ਧੱਕੇ ਨੂੰ ਬੰਦ ਕਰੋ, ਪ੍ਰਭੁ ਯਹੋਵਾਹ ਦਾ ਵਾਕ ਹੈ। 10 ਤੁਸੀਂ ਧਰਮ ਦੀ ਤੱਕੜੀ ਅਤੇ ਧਰਮ ਦਾ ਏਫਾ ਅਤੇ ਧਰਮ ਦਾ ਬਥ ਰੱਖਿਆ ਕਰੋ।
it-2 140
ਨਿਆਂ
ਯਹੋਵਾਹ ਹਮੇਸ਼ਾ ਇਹ ਮੰਗ ਕਰਦਾ ਹੈ ਕਿ ਜਿਹੜੇ ਉਸ ਦੀ ਮਨਜ਼ੂਰੀ ਪਾਉਣਾ ਚਾਹੁੰਦੇ ਹਨ, ਉਹ ਉਸ ਦੇ ਨਿਆਂ ਕਰਨ ਦੇ ਮਿਆਰਾਂ ਤੋਂ ਜਾਣੂ ਹੋਣ ਅਤੇ ਉਨ੍ਹਾਂ ਮੁਤਾਬਕ ਚੱਲਣ। (ਯਸਾ 1:17, 18; 10:1, 2; ਯਿਰ 7:5-7; 21:12; 22:3, 4; ਹਿਜ਼ 45:9, 10; ਆਮੋ 5:15; ਮੀਕਾ 3:9-12; 6:8; ਜ਼ਕ 7:9-12)
ਬਾਈਬਲ ਪੜ੍ਹਾਈ
(ਹਿਜ਼ਕੀਏਲ 44:1-9) ਤਦ ਉਹ ਮੈਨੂੰ ਪਵਿੱਤ੍ਰ ਅਸਥਾਨ ਦੇ ਬਾਹਰਲੇ ਫਾਟਕ ਦੇ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ ਮੋੜ ਕੇ ਲਿਆਇਆ ਅਤੇ ਉਹ ਬੰਦ ਸੀ। 2 ਅਤੇ ਯਹੋਵਾਹ ਨੇ ਮੈਨੂੰ ਆਖਿਆ ਕਿ ਇਹ ਫਾਟਕ ਬੰਦ ਰਹੇਗਾ ਅਤੇ ਖੋਲ੍ਹਿਆ ਨਹੀਂ ਜਾਵੇਗਾ, ਨਾ ਕੋਈ ਮਨੁੱਖ ਅੰਦਰ ਵੜੇਗਾ ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਵਿੱਚੋਂ ਅੰਦਰ ਆਇਆ ਹੈ, ਏਸ ਲਈ ਏਹ ਬੰਦ ਰਹੇਗਾ। 3 ਪਰ ਰਾਜਕੁਮਾਰ ਏਸ ਲਈ ਕਿ ਉਹ ਰਾਜਕੁਮਾਰ ਹੈ ਯਹੋਵਾਹ ਦੇ ਸਾਹਮਣੇ ਰੋਟੀ ਖਾਣ ਲਈ ਇਸ ਵਿੱਚ ਬੈਠੇਗਾ, ਉਹ ਇਸ ਫਾਟਕ ਦੀ ਡੇਉੜ੍ਹੀ ਦੇ ਰਾਹ ਅੰਦਰ ਆਵੇਗਾ ਅਤੇ ਇਸੇ ਰਾਹ ਵਿੱਚੋਂ ਬਾਹਰ ਜਾਵੇਗਾ। 4 ਫੇਰ ਉਹ ਮੈਨੂੰ ਉੱਤਰੀ ਫਾਟਕ ਦੇ ਰਾਹ ਵਿੱਚੋਂ ਭਵਨ ਦੇ ਸਾਹਮਣੇ ਲਿਆਇਆ ਅਤੇ ਮੈਂ ਡਿੱਠਾ ਤਾਂ ਵੇਖੋ, ਯਹੋਵਾਹ ਦੇ ਪਰਤਾਪ ਨੇ ਯਹੋਵਾਹ ਦੇ ਭਵਨ ਨੂੰ ਭਰ ਦਿੱਤਾ ਅਤੇ ਮੈਂ ਮੂੰਹ ਭਾਰ ਡਿੱਗਿਆ। 5 ਅਤੇ ਯਹੋਵਾਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਆਪਣਾ ਦਿਲ ਲਾ ਅਤੇ ਆਪਣੀਆਂ ਅੱਖਾਂ ਨਾਲ ਵੇਖ ਅਤੇ ਜੋ ਕੁਝ ਯਹੋਵਾਹ ਦੇ ਭਵਨ ਦੀਆਂ ਸਾਰੀਆਂ ਬਿਧੀਆਂ ਅਤੇ ਉਸ ਦੀ ਸਾਰੀ ਬਿਵਸਥਾ ਲਈ ਜੋ ਮੈਂ ਤੈਨੂੰ ਬੋਲਦਾ ਹਾਂ ਆਪਣੇ ਕੰਨਾਂ ਨਾਲ ਸੁਣ ਅਤੇ ਭਵਨ ਦੇ ਅੰਦਰ ਆਉਣ ਦੇ ਰਾਹ ਉੱਤੇ ਅਤੇ ਪਵਿੱਤ੍ਰ ਅਸਥਾਨ ਤੋਂ ਬਾਹਰ ਜਾਣ ਦੇ ਰਾਹ ਉੱਤੇ ਆਪਣਾ ਧਿਆਨ ਲਾ। 6 ਅਤੇ ਤੂੰ ਇਸਰਾਏਲ ਦੇ ਘਰਾਣੇ ਦੇ ਆਕੀਆਂ ਨੂੰ ਆਖਣਾ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ,— ਹੇ ਇਸਰਾਏਲ ਦੇ ਘਰਾਣੇ, ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਆਪਣੇ ਲਈ ਕਾਫ਼ੀ ਸਮਝੀਂ। 7 ਸੋ ਜਦ ਤੁਸੀਂ ਮੇਰੀ ਰੋਟੀ ਅਤੇ ਚਰਬੀ ਅਤੇ ਲਹੂ ਚੜ੍ਹਾਉਂਦੇ ਹੋ ਤਾਂ ਬੇਸੁੰਨਤੇ ਦਿਲ ਵਾਲੇ ਅਤੇ ਬੇਸੁੰਨਤੇ ਮਾਸ ਵਾਲੀ ਓਪਰੀ ਸੰਤਾਨ ਨੂੰ ਮੇਰੇ ਪਵਿੱਤ੍ਰ ਅਸਥਾਨ ਵਿੱਚ ਲਿਆਏ ਤਾਂ ਜੋ ਓਹ ਮੇਰੇ ਭਵਨ ਨੂੰ ਵੀ ਪਲੀਤ ਕਰਨ ਅਤੇ ਉਨ੍ਹਾਂ ਨੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਮੇਰੇ ਨੇਮ ਨੂੰ ਤੋੜਿਆ। 8 ਅਤੇ ਤੁਸੀਂ ਮੇਰੀਆਂ ਪਵਿੱਤ੍ਰ ਚੀਜ਼ਾਂ ਦੀ ਰਾਖੀ ਨਾ ਕੀਤੀ ਸਗੋਂ ਤੁਸਾਂ ਓਪਰਿਆਂ ਨੂੰ ਆਪਣੀ ਵੱਲੋਂ ਮੇਰੇ ਪਵਿੱਤ੍ਰ ਅਸਥਾਨ ਦਾ ਰਾਖਾ ਥਾਪ ਦਿੱਤਾ। 9 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ,— ਸਾਰੀ ਓਪਰੀ ਸੰਤਾਨ ਵਿੱਚੋਂ ਜਿਹੜੇ ਓਪਰੀ ਸੰਤਾਨ ਦੇ ਇਸਰਾਏਲੀਆਂ ਦੇ ਵਿੱਚ ਹਨ ਕੋਈ ਦਿਲ ਦਾ ਬੇਸੁੰਨਤਾ ਯਾ ਮਾਸ ਦਾ ਬੇਸੁੰਨਤਾ ਮੇਰੇ ਪਵਿੱਤ੍ਰ ਅਸਥਾਨ ਵਿੱਚ ਨਾ ਵੜੇਗਾ।
11-17 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 46-48
“ਗ਼ੁਲਾਮੀ ਵਿੱਚੋਂ ਵਾਪਸ ਆਏ ਇਜ਼ਰਾਈਲੀਆਂ ਲਈ ਬਰਕਤਾਂ”
(ਹਿਜ਼ਕੀਏਲ 47:1) ਫੇਰ ਉਹ ਮੈਨੂੰ ਭਵਨ ਦੇ ਦਰਵੱਜੇ ਤੇ ਮੋੜ ਲਿਆਇਆ ਅਤੇ ਵੇਖੋ, ਹੈਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਭਵਨ ਦੇ ਸੱਜੇ ਪਾਸੇ ਦੇ ਹੇਠਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ।
(ਹਿਜ਼ਕੀਏਲ 47:7-12) ਜਦੋਂ ਮੈਂ ਮੁੜ ਕੇ ਪੁੱਜਿਆ ਤਾਂ ਵੇਖੋ, ਨਾਲੇ ਦੇ ਇਸ ਪਾਸੇ ਤੇ ਦੂਜੇ ਪਾਸੇ ਬਹੁਤ ਸਾਰੇ ਰੁੱਖ ਸਨ। 8 ਤਦ ਉਹ ਨੇ ਮੈਨੂੰ ਆਖਿਆ ਕਿ ਏਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾਹ ਵਿੱਚੋਂ ਵਗ ਕੇ ਹੇਠਾਂ ਸਾਗਰ ਵਿੱਚ ਜਾ ਪੈਂਦੇ ਹਨ ਅਤੇ ਸਾਗਰ ਵਿੱਚ ਮਿਲਦਿਆਂ ਹੀ ਉਹ ਦੇ ਪਾਣੀਆਂ ਨੂੰ ਤਾਜ਼ਾ ਕਰ ਦੇਣਗੇ। 9 ਅਤੇ ਐਉਂ ਹੋਵੇਗਾ ਕਿ ਜਿੱਥੇ ਇਹ ਨਾਲੇ ਜਾਣਗੇ ਹਰੇਕ ਜਲਜੰਤੂ ਜੋ ਬਹੁਤ ਸਾਰੇ ਹਨ ਜੀਉਂਦਾ ਰਹੇਗਾ ਅਤੇ ਮੱਛੀਆਂ ਦਾ ਬਹੁਤ ਵਾਧਾ ਹੋਵੇਗਾ ਕਿਉਂ ਜੋ ਇਹ ਪਾਣੀ ਉੱਥੇ ਪੁੱਜਿਆ ਅਤੇ ਉਹ ਤਾਜ਼ਾ ਹੋ ਗਿਆ। ਸੋ ਜਿੱਥੇ ਕਿੱਥੇ ਏਹ ਨਾਲੇ ਪੁੱਜਣਗੇ ਜੀਵਨ ਬਖ਼ਸਣਗੇ। 10 ਅਤੇ ਐਉਂ ਹੋਵੇਗਾ ਕਿ ਮਾਛੀ ਉਹ ਦੇ ਕੰਢੇ ਤੇ ਖਲੋਤੇ ਰਹਿਣਗੇ। ਏਨ-ਗਦੀ ਤੋਂ ਲੈਕੇ ਏਨ-ਅਗਲਇਮ ਤੀਕਰ ਜਾਲ ਸੁੱਟਣ ਦੇ ਘਾਟ ਹੋਣਗੇ। ਉਹ ਦੀਆਂ ਮੱਛੀਆਂ ਆਪਣੀ ਆਪਣੀ ਜਾਤੀ ਦੇ ਅਨੁਸਾਰ ਵੱਡੇ ਸਾਗਰ ਦੀਆਂ ਮੱਛੀਆਂ ਵਾਂਙੁ ਬਹੁਤ ਹੀ ਹੋਣਗੀਆਂ। 11 ਪਰੰਤੂ ਉਹ ਦੀਆਂ ਚਿੱਕੜ ਵਾਲੀਆਂ ਅਤੇ ਜਿਲਣ ਵਾਲੀਆਂ ਜਗ੍ਹਾਂ ਤਾਜ਼ੀਆਂ ਨਾ ਕੀਤੀਆਂ ਜਾਣਗੀਆਂ, ਓਹ ਲੂਣ ਵਾਲੀਆਂ ਹੀ ਰਹਿਣਗੀਆਂ। 12 ਅਤੇ ਨਾਲੇ ਦੇ ਨੇੜੇ ਉਹ ਦੇ ਦੋਨਾਂ ਕੰਢਿਆਂ ਤੇ ਹਰ ਪਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ ਜਿਨ੍ਹਾਂ ਦੇ ਪੱਤਰ ਕਦੇ ਨਾ ਸੁੱਕਣਗੇ ਅਤੇ ਜਿਨ੍ਹਾਂ ਦੇ ਮੇਵੇ ਕਦੇ ਨਾ ਮੁੱਕਣਗੇ। ਉਨ੍ਹਾਂ ਨੂੰ ਹਰ ਮਹੀਨੇ ਨਵੇਂ ਮੇਵੇ ਲੱਗਣਗੇ ਕਿਉਂ ਜੋ ਉਨ੍ਹਾਂ ਨੂੰ ਓਹ ਪਾਣੀ ਲੱਗਦੇ ਹਨ ਜਿਹੜੇ ਪਵਿੱਤ੍ਰ ਅਸਥਾਨ ਵਿੱਚੋਂ ਤੁਰਦੇ ਹਨ ਅਤੇ ਉਨ੍ਹਾਂ ਦੇ ਮੇਵੇ ਖਾਣ ਲਈ ਅਤੇ ਉਨ੍ਹਾਂ ਦੇ ਪੱਤਰ ਦਵਾਈ ਦੇ ਕੰਮ ਆਉਣਗੇ।
ਪਰਮੇਸ਼ੁਰ ਦੀ ਹੈਕਲ “ਤੇ ਦਿਲ ਲਾ”!
11 ਕੀ ਯਹੋਵਾਹ ਉਨ੍ਹਾਂ ਦੇ ਦੇਸ਼ ਨੂੰ ਬਰਕਤ ਦੇਵੇਗਾ? ਇਸ ਸਵਾਲ ਦੇ ਜਵਾਬ ਵਿਚ, ਇਹ ਭਵਿੱਖਬਾਣੀ ਦਿਲ ਨੂੰ ਖ਼ੁਸ਼ ਕਰਨ ਵਾਲੀ ਇਕ ਤਸਵੀਰ ਖਿੱਚਦੀ ਹੈ। ਹੈਕਲ ਤੋਂ ਇਕ ਧਾਰਾ ਵਗਦੀ ਹੈ, ਅਤੇ ਵਹਿੰਦੀ-ਵਹਿੰਦੀ ਚੌੜੀ ਹੁੰਦੀ ਜਾਂਦੀ ਹੈ। ਉਹ ਮ੍ਰਿਤ ਸਾਗਰ ਤਕ ਪਹੁੰਚਣ ਤਕ ਇਕ ਤੇਜ਼ ਵਹਾਅ ਵਾਲਾ ਨਾਲ਼ਾ ਬਣ ਜਾਂਦੀ ਹੈ। ਉੱਥੇ ਉਹ ਬੇਜਾਨ ਪਾਣੀ ਵਿਚ ਜਾਨ ਪਾਉਂਦੀ ਹੈ, ਅਤੇ ਸਾਗਰ ਦੇ ਕੰਢੇ ਤੇ ਮੱਛੀ-ਵਪਾਰ ਵਧਣ-ਫੁੱਲਣ ਲੱਗਦਾ ਹੈ। ਨਾਲੇ ਦੇ ਕਿਨਾਰੇ ਤੇ ਅਨੇਕ ਦਰਖ਼ਤ ਹਨ ਜੋ ਖਾਣ ਲਈ ਅਤੇ ਦਵਾਈ ਲਈ ਸਾਲ ਭਰ ਫਲ ਦਿੰਦੇ ਹਨ।—ਹਿਜ਼ਕੀਏਲ 47:1-12.
12 ਇਸ ਵਾਅਦੇ ਨੇ ਮੁੜ-ਬਹਾਲੀ ਦੀਆਂ ਉਨ੍ਹਾਂ ਪਹਿਲੀਆਂ ਭਵਿੱਖਬਾਣੀਆਂ ਨੂੰ ਹੂ-ਬਹੂ ਦੁਹਰਾਇਆ ਅਤੇ ਪੱਕਾ ਕੀਤਾ ਜੋ ਜਲਾਵਤਨੀਆਂ ਨੂੰ ਬਹੁਤ ਪਿਆਰੀਆਂ ਸਨ। ਯਹੋਵਾਹ ਦੇ ਪ੍ਰੇਰਿਤ ਨਬੀਆਂ ਨੇ ਪਹਿਲਾਂ ਵੀ ਕਈ ਵਾਰ ਮੁੜ ਬਹਾਲ ਅਤੇ ਮੁੜ ਆਬਾਦ ਕੀਤੇ ਗਏ ਇਸਰਾਏਲ ਦੇਸ਼ ਨੂੰ ਇਕ ਫਿਰਦੌਸ ਦੀ ਤਰ੍ਹਾਂ ਵਰਣਨ ਕੀਤਾ ਸੀ। ਭਵਿੱਖਬਾਣੀਆਂ ਵਿਚ ਵਿਰਾਨ ਇਲਾਕਿਆਂ ਦੇ ਆਬਾਦ ਹੋਣ ਦਾ ਵਿਸ਼ਾ ਵਾਰ-ਵਾਰ ਦੁਹਰਾਇਆ ਗਿਆ ਸੀ। (ਯਸਾਯਾਹ 35:1, 6, 7; 51:3; ਹਿਜ਼ਕੀਏਲ 36:35; 37:1-14) ਇਸ ਕਰਕੇ ਲੋਕ ਆਸ ਕਰ ਸਕਦੇ ਸਨ ਕਿ ਮੁੜ-ਬਹਾਲ ਹੈਕਲ ਤੋਂ ਯਹੋਵਾਹ ਦੀਆਂ ਜੀਵਨਦਾਇਕ ਬਰਕਤਾਂ ਨਦੀ ਵਾਂਗ ਵਹਿਣਗੀਆਂ। ਨਤੀਜੇ ਵਜੋਂ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮੋਈ ਕੌਮ ਫਿਰ ਤੋਂ ਸੁਰਜੀਤ ਹੋ ਜਾਵੇਗੀ। ਮੁੜ ਸਥਾਪਿਤ ਕੀਤੇ ਗਏ ਲੋਕਾਂ ਨੂੰ ਰੂਹਾਨੀ ਤੌਰ ਤੇ ਗੁਣਵੰਤ ਆਦਮੀਆਂ ਦੇ ਰੂਪ ਵਿਚ ਬਰਕਤ ਮਿਲੇਗੀ—ਆਦਮੀ ਜੋ ਦਰਸ਼ਣ ਵਿਚ ਨਦੀ ਦੇ ਕਿਨਾਰਿਆਂ ਤੇ ਲੱਗੇ ਬਲੂਤ ਦੇ ਰੁੱਖਾਂ ਵਾਂਗ ਮਜ਼ਬੂਤ ਅਤੇ ਧਰਮੀ ਹੋਣਗੇ, ਅਤੇ ਜੋ ਬਰਬਾਦ ਕੀਤੇ ਗਏ ਦੇਸ਼ ਨੂੰ ਮੁੜ ਉਸਾਰਨ ਵਿਚ ਅਗਵਾਈ ਕਰਨਗੇ। ਯਸਾਯਾਹ ਨੇ ਵੀ ‘ਧਰਮ ਦੇ ਬਲੂਤਾਂ’ ਬਾਰੇ ਲਿਖਿਆ ਸੀ ਜੋ “ਪਰਾਚੀਨ ਬਰਬਾਦੀਆਂ ਨੂੰ ਬਣਾਉਣਗੇ।”—ਯਸਾਯਾਹ 61:3, 4.
(ਹਿਜ਼ਕੀਏਲ 47:13, 14) ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ,— ਇਹ ਉਹ ਹੱਦ ਹੈ ਜਿਸ ਦੇ ਅਨੁਸਾਰ ਤੁਸੀਂ ਦੇਸ ਨੂੰ ਵੰਡੋਗੇ ਤਾਂ ਜੋ ਇਸਰਾਏਲ ਦਿਆਂ ਬਾਰਾਂ ਗੋਤਾਂ ਦੀ ਮਿਰਾਸ ਹੋਵੇ। ਯੂਸੁਫ਼ ਦੇ ਘਰਾਣੇ ਦੇ ਲਈ ਦੂਣਾ ਭਾਗ ਹੋਵੇਗਾ। 14 ਅਤੇ ਤੁਸੀਂ ਸਾਰੇ ਇੱਕੋ ਜਿੰਨਾ ਦੇਸ ਮਿਰਾਸ ਵਿੱਚ ਲਵੋਗੇ ਜਿਸ ਦੇ ਵਿਖੇ ਮੈਂ ਸੌਂਹ ਖਾਧੀ ਕਿ ਤੁਹਾਡੇ ਪਿਉ ਦਾਦਿਆਂ ਨੂੰ ਦੇਵਾਂ ਅਤੇ ਇਹ ਦੇਸ ਤੁਹਾਡੀ ਮਿਰਾਸ ਹੋਵੇਗਾ।
ਪਰਮੇਸ਼ੁਰ ਦੀ ਹੈਕਲ “ਤੇ ਦਿਲ ਲਾ”!
10 ਇਸ ਸਾਰੇ ਨੇ ਉਨ੍ਹਾਂ ਜਲਾਵਤਨੀਆਂ ਨੂੰ ਕਿੰਨਾ ਹੌਸਲਾ ਦਿੱਤਾ ਹੋਣਾ! ਹਰੇਕ ਪਰਿਵਾਰ ਨੂੰ ਯਕੀਨ ਸੀ ਕਿ ਮਿਰਾਸ ਵਜੋਂ ਉਨ੍ਹਾਂ ਨੂੰ ਵੀ ਜ਼ਮੀਨ ਦਾ ਹਿੱਸਾ ਮਿਲੇਗਾ। (ਮੀਕਾਹ 4:4 ਦੀ ਤੁਲਨਾ ਕਰੋ।) ਉੱਥੇ ਸ਼ੁੱਧ ਉਪਾਸਨਾ ਦਾ ਇਕ ਉੱਚਾ ਅਤੇ ਮੁੱਖ ਦਰਜਾ ਹੋਵੇਗਾ। ਅਤੇ ਧਿਆਨ ਦਿਓ ਕਿ ਹਿਜ਼ਕੀਏਲ ਦੇ ਦਰਸ਼ਣ ਵਿਚ ਜਾਜਕਾਂ ਵਾਂਗ, ਰਾਜਕੁਮਾਰ ਵੀ ਲੋਕਾਂ ਦੁਆਰਾ ਭੇਟ ਕੀਤੇ ਹੋਏ ਇਲਾਕੇ ਵਿਚ ਰਹੇਗਾ। (ਹਿਜ਼ਕੀਏਲ 45:16) ਇਸ ਦਾ ਅਰਥ ਸੀ ਕਿ ਮੁੜ-ਬਹਾਲ ਦੇਸ਼ ਵਿਚ, ਲੋਕਾਂ ਨੇ ਯਹੋਵਾਹ ਦੁਆਰਾ ਨਿਯੁਕਤ ਕੀਤੇ ਗਏ ਆਗੂਆਂ ਦੀ ਮਦਦ ਕਰਨੀ ਸੀ, ਅਤੇ ਉਨ੍ਹਾਂ ਦੇ ਨਿਰਦੇਸ਼ਨ ਅਨੁਸਾਰ ਚੱਲਣ ਦੁਆਰਾ ਉਨ੍ਹਾਂ ਦਾ ਸਮਰਥਨ ਕਰਨਾ ਸੀ। ਕਿਹਾ ਜਾਏ ਤਾਂ, ਇਹ ਦੇਸ਼ ਸੁਵਿਵਸਥਾ, ਮਿਲਵਰਤਨ, ਅਤੇ ਸੁਰੱਖਿਆ ਦੀ ਇਕ ਜੀਉਂਦੀ-ਜਾਗਦੀ ਤਸਵੀਰ ਸੀ।
(ਹਿਜ਼ਕੀਏਲ 48:9, 10) ਭੇਟਾ ਦਾ ਭਾਗ ਜਿਹੜਾ ਤੁਸੀਂ ਯਹੋਵਾਹ ਦੇ ਲਈ ਧਰਮ ਅਰਥ ਛੱਡੋਗੇ, ਪੰਜੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਹੋਵੇਗਾ। 10 ਅਤੇ ਇਹ ਪਵਿੱਤ੍ਰ ਭੇਟਾ ਦਾ ਭਾਗ ਉਨ੍ਹਾਂ ਦੇ ਲਈ, ਹਾਂ, ਜਾਜਕਾਂ ਦੇ ਲਈ ਹੋਵੇਗਾ। ਉੱਤਰ ਵੱਲ ਉਹ ਦੀ ਲੰਮਾਈ ਪੰਜੀ ਹਜ਼ਾਰ ਹੋਵੇਗੀ ਅਤੇ ਦਸ ਹਜ਼ਾਰ ਉਹ ਦੀ ਚੁੜਾਈ ਪੱਛਮ ਦੀ ਵੱਲ ਅਤੇ ਦਸ ਹਜ਼ਾਰ ਉਹ ਦੀ ਚੁੜਾਈ ਪੂਰਬ ਦੀ ਵੱਲ ਅਤੇ ਪੰਜੀ ਹਜ਼ਾਰ ਉਹ ਦੀ ਲੰਮਾਈ ਦੱਖਣ ਦੀ ਵੱਲ, ਅਤੇ ਯਹੋਵਾਹ ਦਾ ਪਵਿੱਤ੍ਰ ਅਸਥਾਨ ਉਹ ਦੇ ਵਿਚਕਾਰ ਹੋਵੇਗਾ।
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 47:1) ਫੇਰ ਉਹ ਮੈਨੂੰ ਭਵਨ ਦੇ ਦਰਵੱਜੇ ਤੇ ਮੋੜ ਲਿਆਇਆ ਅਤੇ ਵੇਖੋ, ਹੈਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਭਵਨ ਦੇ ਸੱਜੇ ਪਾਸੇ ਦੇ ਹੇਠਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ।
(ਹਿਜ਼ਕੀਏਲ 47:8) ਤਦ ਉਹ ਨੇ ਮੈਨੂੰ ਆਖਿਆ ਕਿ ਏਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾਹ ਵਿੱਚੋਂ ਵਗ ਕੇ ਹੇਠਾਂ ਸਾਗਰ ਵਿੱਚ ਜਾ ਪੈਂਦੇ ਹਨ ਅਤੇ ਸਾਗਰ ਵਿੱਚ ਮਿਲਦਿਆਂ ਹੀ ਉਹ ਦੇ ਪਾਣੀਆਂ ਨੂੰ ਤਾਜ਼ਾ ਕਰ ਦੇਣਗੇ।
(ਹਿਜ਼ਕੀਏਲ 48:30) ਸ਼ਹਿਰ ਤੋਂ ਬਾਹਰ ਜਾਣ ਵਾਲੇ ਰਾਹ ਏਹ ਹਨ— ਉੱਤਰ ਵੱਲ ਮਿਣਤੀ ਚਾਰ ਹਜ਼ਾਰ ਪੰਜ ਸੌ।
(ਹਿਜ਼ਕੀਏਲ 48:32-34) ਅਤੇ ਪੂਰਬ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ— ਇੱਕ ਫਾਟਕ ਯੂਸੁਫ਼ ਦਾ, ਇੱਕ ਫਾਟਕ ਬਿਨਯਾਮੀਨ ਦਾ, ਇੱਕ ਫਾਟਕ ਦਾਨ ਦਾ। 33 ਅਤੇ ਦੱਖਣ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ— ਇੱਕ ਫਾਟਕ ਸ਼ਿਮਓਨ ਦਾ, ਇੱਕ ਫਾਟਕ ਯਿੱਸਾਕਾਰ ਦਾ, ਅਤੇ ਇੱਕ ਫਾਟਕ ਜ਼ਬੂਲੁਨ ਦਾ। 34 ਅਤੇ ਪੱਛਮ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ— ਇੱਕ ਫਾਟਕ ਗਾਦ ਦਾ, ਇੱਕ ਫਾਟਕ ਆਸ਼ੇਰ ਦਾ, ਇੱਕ ਫਾਟਕ ਨਫਤਾਲੀ ਦਾ।
ਪਰਮੇਸ਼ੁਰ ਦੀ ਹੈਕਲ “ਤੇ ਦਿਲ ਲਾ”!
14 ਕੀ ਸਿਰਫ਼ ਇਹ ਹੀ ਘਟਨਾਵਾਂ ਹਿਜ਼ਕੀਏਲ ਦੇ ਦਰਸ਼ਣ ਦੀ ਪੂਰਤੀ ਸਨ? ਨਹੀਂ; ਇਹ ਇਕ ਬਹੁਤ ਵੱਡੀ ਪੂਰਤੀ ਵੱਲ ਸੰਕੇਤ ਕਰਦਾ ਹੈ। ਜ਼ਰਾ ਸੋਚੋ: ਹਿਜ਼ਕੀਏਲ ਨੇ ਜਿਹੜੀ ਹੈਕਲ ਦੇਖੀ ਸੀ, ਉਸ ਨੂੰ ਵਰਣਨ ਅਨੁਸਾਰ ਉਸਾਰਨਾ ਸੰਭਵ ਨਹੀਂ ਸੀ। ਇਹ ਸੱਚ ਹੈ ਕਿ ਯਹੂਦੀਆਂ ਨੇ ਇਸ ਦਰਸ਼ਣ ਬਾਰੇ ਗੰਭੀਰਤਾ ਨਾਲ ਸੋਚਿਆ ਅਤੇ ਇਸ ਦੀਆਂ ਕੁਝ ਗੱਲਾਂ ਦਾ ਸ਼ਾਬਦਿਕ ਅਰਥ ਕੱਢਿਆ। ਪਰ ਦਰਸ਼ਣ ਵਿਚ ਦੇਖੀ ਗਈ ਪੂਰੀ ਹੈਕਲ ਦਾ ਨਾਪ ਮੋਰੀਯਾਹ ਪਹਾੜ ਨਾਲੋਂ ਬਹੁਤ ਵੱਡਾ ਸੀ ਜਿੱਥੇ ਕਿ ਪਹਿਲੀ ਹੈਕਲ ਸੀ। ਇਸ ਤੋਂ ਇਲਾਵਾ, ਹਿਜ਼ਕੀਏਲ ਦੀ ਹੈਕਲ, ਸ਼ਹਿਰ ਵਿਚ ਨਹੀਂ ਸੀ ਪਰ ਉਸ ਤੋਂ ਕੁਝ ਦੂਰੀ ਤੇ ਜ਼ਮੀਨ ਦੇ ਇਕ ਵੱਖਰੇ ਹਿੱਸੇ ਉੱਤੇ ਸੀ, ਹਾਲਾਂਕਿ ਦੂਸਰੀ ਹੈਕਲ ਪਹਿਲੀ ਹੈਕਲ ਦੀ ਜਗ੍ਹਾ ਉੱਤੇ, ਅਰਥਾਤ ਯਰੂਸ਼ਲਮ ਸ਼ਹਿਰ ਦੇ ਅੰਦਰ ਉਸਾਰੀ ਗਈ ਸੀ। (ਅਜ਼ਰਾ 1:1, 2) ਨਾਲੇ, ਯਰੂਸ਼ਲਮ ਦੀ ਹੈਕਲ ਵਿੱਚੋਂ ਕੋਈ ਨਦੀ ਕਦੇ ਨਹੀਂ ਵਗੀ। ਇਸ ਲਈ, ਪ੍ਰਾਚੀਨ ਇਸਰਾਏਲ ਨੇ ਹਿਜ਼ਕੀਏਲ ਦੀ ਭਵਿੱਖਬਾਣੀ ਦੀ ਸਿਰਫ਼ ਇਕ ਛੋਟੀ ਜਿਹੀ ਪੂਰਤੀ ਹੀ ਦੇਖੀ। ਇਸ ਦਾ ਅਰਥ ਇਹ ਹੋਇਆ ਕਿ ਇਕ ਵੱਡੀ, ਰੂਹਾਨੀ ਪੂਰਤੀ ਵੀ ਹੋਵੇਗੀ।
(ਹਿਜ਼ਕੀਏਲ 47:6) ਤਾਂ ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਕੀ ਤੂੰ ਇਹ ਵੇਖਿਆ? ਤਦ ਉਹ ਮੈਨੂੰ ਲੈ ਆਇਆ ਅਤੇ ਨਾਲ ਦੇ ਕੰਢੇ ਤੇ ਮੋੜ ਲਿਆਂਦਾ।
it-2 1001
ਆਦਮੀ ਦਾ ਪੁੱਤ੍ਰ
ਇਬਰਾਨੀ ਲਿਖਤਾਂ ਵਿਚ ਹਿਜ਼ਕੀਏਲ ਦੀ ਕਿਤਾਬ ਵਿਚ ਪਰਮੇਸ਼ੁਰ ਨੇ 90 ਤੋਂ ਜ਼ਿਆਦਾ ਵਾਰ ਨਬੀ ਨੂੰ “ਆਦਮੀ ਦਾ ਪੁੱਤ੍ਰ” ਕਿਹਾ ਹੈ। (ਹਿਜ਼ 2:1, 3, 6, 8) ਆਦਮੀ ਦਾ ਪੁੱਤ੍ਰ ਸ਼ਬਦ ਦਾ ਮਤਲਬ ਹੈ ਕਿ ਨਬੀ ਇਕ ਆਮ ਇਨਸਾਨ ਸੀ। ਪਰ ਉਸ ਨੇ ਜੋ ਸੰਦੇਸ਼ ਸੁਣਾਇਆ ਉਹ ਅੱਤ ਮਹਾਨ ਪਰਮੇਸ਼ੁਰ ਵੱਲੋਂ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਇਨਸਾਨੀ ਬੁਲਾਰੇ ਅਤੇ ਅੱਤ ਮਹਾਨ ਪਰਮੇਸ਼ੁਰ ਵਿਚ ਕਿੰਨਾ ਫ਼ਰਕ ਹੈ। ਇਹੀ ਸ਼ਬਦ ਦਾਨੀਏਲ 8:17 ਵਿਚ ਦਾਨੀਏਲ ਨਬੀ ʼਤੇ ਲਾਗੂ ਹੁੰਦੇ ਹਨ।
ਬਾਈਬਲ ਪੜ੍ਹਾਈ
(ਹਿਜ਼ਕੀਏਲ 48:13-22) ਜਾਜਕਾਂ ਦੀ ਹੱਦ ਦੇ ਸਾਹਮਣੇ ਲੇਵੀ ਦੇ ਲਈ ਇੱਕ ਭਾਗ ਹੋਵੇਗਾ, ਪੰਜੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ। ਉਹ ਦੀ ਸਾਰੀ ਲੰਮਾਈ ਪੰਜੀ ਹਜ਼ਾਰ ਅਤੇ ਚੁੜਾਈ ਦਸ ਹਜ਼ਾਰ ਹੋਵੇਗੀ। 14 ਅਤੇ ਓਹ ਉਸ ਵਿੱਚੋਂ ਨਾ ਵੇਚਣ, ਨਾ ਕਿਸੇ ਨਾਲ ਬਦਲਣ, ਅਤੇ ਨਾ ਦੇਸ ਦਾ ਪਹਿਲਾ ਫਲ ਆਪਣੇ ਪਾਸੋਂ ਜਾਣ ਦੇਣ ਕਿਉਂ ਜੋ ਓਹ ਯਹੋਵਾਹ ਲਈ ਪਵਿੱਤ੍ਰ ਹੈ। 15 ਅਤੇ ਉਹ ਪੰਜ ਹਜ਼ਾਰ ਦੀ ਚੁੜਾਈ ਦਾ ਬਾਕੀ ਭਾਗ ਉਸ ਪੰਜੀ ਹਜ਼ਾਰ ਦੇ ਸਾਹਮਣੇ ਸ਼ਹਿਰ ਅਤੇ ਉਹ ਦੇ ਆਲੇ ਦੁਆਲੇ ਦੇ ਲਈ ਸ਼ਾਮਲਾਤ ਹੋਵੇਗੀ ਅਤੇ ਸ਼ਹਿਰ ਉਹ ਦੇ ਵਿਚਕਾਰ ਹੋਵੇਗਾ। 16 ਅਤੇ ਉਹ ਦੀ ਮਿਣਤੀ ਇਹ ਹੋਵੇਗੀ— ਉੱਤਰ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਦੱਖਣ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਪੂਰਬ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਪੱਛਮ ਵੱਲ ਚਾਰ ਹਜ਼ਾਰ ਪੰਜ ਸੌ। 17 ਅਤੇ ਸ਼ਹਿਰ ਦੀ ਸ਼ਾਮਲਾਤ ਉੱਤਰ ਵੱਲ ਦੋ ਸੌ ਪੰਜਾਹ ਅਤੇ ਦੱਖਣ ਵੱਲ ਦੋ ਸੌ ਪੰਜਾਹ ਅਤੇ ਪੂਰਬ ਵੱਲ ਦੋ ਸੌ ਪੰਜਾਹ ਅਤੇ ਪੱਛਮ ਵੱਲ ਦੋ ਸੌ ਪੰਜਾਹ। 18 ਅਤੇ ਪਵਿੱਤ੍ਰ ਭੇਟਾ ਦੇ ਸਾਹਮਣੇ ਰਹਿੰਦੀ ਲੰਮਾਈ ਪੂਰਬ ਵੱਲ ਦਸ ਹਜ਼ਾਰ ਅਤੇ ਪੱਛਮ ਵੱਲ ਦਸ ਹਜ਼ਾਰ ਅਤੇ ਉਹ ਪਵਿੱਤ੍ਰ ਭੇਟਾ ਦੇ ਸਾਹਮਣੇ ਹੋਵੇਗੀ ਅਤੇ ਉਹ ਦਾ ਹਾਸਲ ਉਨ੍ਹਾਂ ਦੇ ਖਾਣ ਪੀਣ ਲਈ ਹੋਵੇਗਾ ਜਿਹੜੇ ਸ਼ਹਿਰ ਵਿੱਚ ਕੰਮ ਕਰਦੇ ਹਨ। 19 ਅਤੇ ਸ਼ਹਿਰ ਵਿੱਚ ਕੰਮ ਕਰਨ ਵਾਲੇ ਇਸਰਾਏਲ ਦਿਆਂ ਸਾਰਿਆਂ ਗੋਤਾਂ ਵਿੱਚੋਂ ਉਸ ਦੀ ਸੇਵਾ ਕਰਨਗੇ। 20 ਭੇਟਾ ਦੇ ਸਾਰੇ ਭਾਗ ਦੀ ਲੰਮਾਈ ਪੰਜੀ ਹਜ਼ਾਰ ਅਤੇ ਚੁੜਾਈ ਪੰਜੀ ਹਜ਼ਾਰ ਹੋਵੇਗੀ, ਤੁਸੀਂ ਪਵਿੱਤ੍ਰ ਭੇਟਾ ਦੇ ਭਾਗ ਨੂੰ ਵਰਗਾਕਾਰ ਦੀ ਸ਼ਕਲ ਵਿੱਚ ਸ਼ਹਿਰ ਦੀ ਮਿਰਾਸ ਦੇ ਨਾਲ ਧਰਮ ਅਰਥ ਛੱਡੋਗੇ। 21 ਅਤੇ ਰਹਿੰਦਾ ਜਿਹੜਾ ਪਵਿੱਤ੍ਰ ਭੇਟਾ ਦਾ ਭਾਗ ਅਤੇ ਸ਼ਹਿਰ ਦੀ ਮਿਰਾਸ ਦੇ ਦੋਵੇਂ ਪਾਸੇ ਰਾਜਕੁਮਾਰ ਲਈ ਹੋਣਗੇ ਅਤੇ ਜਿਹੜਾ ਭੇਟਾ ਦੇ ਭਾਗ ਦੇ ਪੰਜੀ ਹਜ਼ਾਰ ਦੇ ਸਾਹਮਣੇ ਪੂਰਬ ਵੱਲ ਅਤੇ ਪੰਜੀ ਹਜ਼ਾਰ ਦੇ ਸਾਹਮਣੇ ਪੱਛਮ ਵੱਲ ਰਾਜਕੁਮਾਰ ਦੇ ਭਾਗਾਂ ਦੇ ਸਾਹਮਣੇ ਹੈ ਉਹ ਰਾਜਕੁਮਾਰ ਦੇ ਲਈ ਹੋਵੇਗਾ ਅਤੇ ਪਵਿੱਤ੍ਰ ਭੇਟਾ ਦਾ ਭਾਗ ਅਤੇ ਪਵਿੱਤ੍ਰ ਅਸਥਾਨ ਅਤੇ ਭਵਨ ਉਹ ਦੇ ਵਿਚਕਾਰ ਹੋਵੇਗਾ। 22 ਅਤੇ ਲੇਵੀ ਦੀ ਮਿਰਾਸ ਵਿੱਚੋਂ ਅਤੇ ਸ਼ਹਿਰ ਦੀ ਮਿਰਾਸ ਵਿੱਚੋਂ ਜਿਹੜੀ ਰਾਜਕੁਮਾਰ ਦੀ ਮਿਰਾਸ ਦੇ ਵਿਚਕਾਰ ਹੈ, ਯਹੂਦਾਹ ਦੀ ਹੱਦ ਅਤੇ ਬਿਨਯਾਮੀਨ ਦੀ ਹੱਦ ਦੇ ਵਿਚਾਲੇ, ਰਾਜਕੁਮਾਰ ਦੇ ਲਈ ਹੋਵੇਗੀ।
18-24 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਦਾਨੀਏਲ 1-3
“ਯਹੋਵਾਹ ਦੇ ਵਫ਼ਾਦਾਰਾਂ ਲਈ ਬਰਕਤਾਂ”
(ਦਾਨੀਏਲ 3:16-20) ਤਾਂ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨੱਸਰ, ਅਸੀਂ ਏਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜਰੂਰੀ ਨਹੀਂ ਸਮਝਦੇ ਹਾਂ। 17 ਸਾਡਾ ਪਰਮੇਸ਼ੁਰ ਜਿਹ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਮਹਾਰਾਜ ਜੀ, ਓਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। 18 ਨਹੀਂ ਤਾਂ ਹੇ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦਿਓਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਹ ਨੂੰ ਤੁਸਾਂ ਖੜਾ ਕੀਤਾ ਹੈ ਮੱਥਾ ਟੇਕਾਂਗੇ। 19 ਤਦ ਨਬੂਕਦਨੱਸਰ ਨੇ ਆਪਣੇ ਆਪ ਵਿੱਚ ਤਾਓ ਖਾਧਾ ਅਤੇ ਉਹ ਦੇ ਮੂੰਹ ਦਾ ਰੰਗ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਉੱਤੇ ਬਦਲ ਗਿਆ। ਤਾਂ ਉਹ ਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ ਸੱਤਗੁਣਾ ਹੋਰ ਤਾਓ ਦਿਓ। 20 ਅਤੇ ਉਹ ਨੇ ਆਪਣੀ ਫੌਜ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੂੰ ਬੰਨ੍ਹ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ।
ਯਹੋਵਾਹ ਦੇ ਰਾਜ ਪ੍ਰਤੀ ਵਫ਼ਾਦਾਰ ਰਹੋ
15 ਅਸੀਂ ਸ਼ੁੱਧ ਜ਼ਮੀਰ ਨਾਲ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹਾਂ। ਇਸ ਲਈ ਕਈ ਵਾਰ ਅਸੀਂ ਆਪਣੇ ਨਾਲ ਕੰਮ ਕਰਨ ਵਾਲਿਆਂ, ਪੜ੍ਹਨ ਵਾਲਿਆਂ, ਗੁਆਂਢੀਆਂ ਜਾਂ ਰਿਸ਼ਤੇਦਾਰਾਂ ਤੋਂ ਵੱਖਰੇ ਨਜ਼ਰ ਆਉਂਦੇ ਹਾਂ। (1 ਪਤ. 2:19) ਯਿਸੂ ਨੇ ਸਾਨੂੰ ਚੇਤਾਵਨੀ ਦਿੱਤੀ ਸੀ ਕਿ ਵੱਖਰੇ ਹੋਣ ਕਰਕੇ ਕਈ ਲੋਕ ਸਾਡੇ ਨਾਲ ਨਫ਼ਰਤ ਵੀ ਕਰਨਗੇ। ਯਾਦ ਰੱਖੋ ਕਿ ਸਾਡਾ ਵਿਰੋਧ ਕਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਰਾਜ ਬਾਰੇ ਜਾਣਦੇ ਹੀ ਨਹੀਂ ਹਨ। ਇਸ ਲਈ ਉਹ ਇਹ ਨਹੀਂ ਸਮਝ ਸਕਦੇ ਕਿ ਸਾਡੇ ਲਈ ਸਰਕਾਰਾਂ ਦੀ ਬਜਾਇ ਰਾਜ ਪ੍ਰਤੀ ਵਫ਼ਾਦਾਰ ਰਹਿਣਾ ਇੰਨਾ ਜ਼ਰੂਰੀ ਕਿਉਂ ਹੈ।
16 ਭਾਵੇਂ ਲੋਕ ਸਾਡੇ ਨਾਲ ਜੋ ਮਰਜ਼ੀ ਕਰਨ ਜਾਂ ਸਾਨੂੰ ਜੋ ਮਰਜ਼ੀ ਕਹਿਣ, ਪਰ ਸਾਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਉਸ ਦਾ ਕਹਿਣਾ ਮੰਨਣਾ ਚਾਹੀਦਾ ਹੈ। (ਦਾਨੀ. 3:16-18) ਖ਼ਾਸ ਕਰਕੇ ਨੌਜਵਾਨਾਂ ਨੂੰ ਸ਼ਾਇਦ ਦੂਜਿਆਂ ਤੋਂ ਵੱਖਰੇ ਨਜ਼ਰ ਆਉਣਾ ਔਖਾ ਲੱਗੇ। ਮਾਪਿਓ, ਸਕੂਲ ਵਿਚ ਆਪਣੇ ਬੱਚਿਆਂ ਦੀ ਦਲੇਰ ਬਣਨ ਵਿਚ ਮਦਦ ਕਰੋ। ਤੁਹਾਡੇ ਬੱਚੇ ਸ਼ਾਇਦ ਝੰਡੇ ਨੂੰ ਸਲਾਮੀ ਦੇਣ ਜਾਂ ਹੋਰ ਦਿਨ-ਤਿਉਹਾਰ ਮਨਾਉਣ ਤੋਂ ਇਨਕਾਰ ਕਰਨ ਤੋਂ ਡਰਨ। ਤੁਸੀਂ ਪਰਿਵਾਰਕ ਸਟੱਡੀ ਦੌਰਾਨ ਜਾਣ ਸਕਦੇ ਹੋ ਕਿ ਯਹੋਵਾਹ ਇਨ੍ਹਾਂ ਗੱਲਾਂ ਬਾਰੇ ਕੀ ਸੋਚਦਾ ਹੈ। ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਾਫ਼-ਸਾਫ਼ ਤੇ ਆਦਰ ਨਾਲ ਦੱਸਣਾ ਸਿਖਾਓ। (ਰੋਮੀ. 1:16) ਨਾਲੇ ਜੇ ਜ਼ਰੂਰੀ ਹੈ, ਤਾਂ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਤੁਸੀਂ ਖ਼ੁਦ ਟੀਚਰ ਨਾਲ ਗੱਲ ਕਰੋ ਤੇ ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾਓ।
(ਦਾਨੀਏਲ 3:26-29) ਫੇਰ ਨਬੂਕਦਨੱਸਰ ਅੱਗ ਦੀ ਬਲਦੀ ਹੋਈ ਭੱਠੀ ਦੇ ਬੂਹੇ ਦੇ ਨੇੜੇ ਆਇਆ। ਉਹ ਬੋਲਿਆ, ਹੇ ਸ਼ਦਰਕ, ਮੇਸ਼ਕ ਤੇ ਅਬਦ-ਨਗੋ, ਅੱਤ ਮਹਾਨ ਪਰਮੇਸ਼ੁਰ ਦੇ ਬੰਦਿਓ, ਬਾਹਰ ਨਿੱਕਲ ਕੇ ਐਧਰ ਆਓ! ਤਾਂ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਅੱਗ ਵਿੱਚੋਂ ਨਿੱਕਲ ਆਏ। 27 ਅਤੇ ਸ਼ਜ਼ਾਦਿਆਂ, ਦੀਵਾਨਾਂ, ਸਰਦਾਰਾਂ ਤੇ ਰਾਜੇ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਉਨ੍ਹਾਂ ਮਨੁੱਖਾਂ ਨੂੰ ਡਿੱਠਾ ਕਿ ਅੱਗ ਦਾ ਉਨ੍ਹਾਂ ਦੇ ਸਰੀਰਾਂ ਉੱਤੇ ਕੁਝ ਵੱਸ ਨਹੀਂ ਸੀ ਚੱਲਿਆ, ਨਾ ਉਨ੍ਹਾਂ ਦੇ ਸਿਰ ਦੇ ਵਾਲ ਝੁਲਸੇ, ਨਾ ਉਨ੍ਹਾਂ ਦੇ ਝੱਗਿਆਂ ਵਿੱਚ ਕੁਝ ਫ਼ਰਕ ਪਿਆ ਅਤੇ ਨਾ ਉਨ੍ਹਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ। 28 ਨਬੂਕਦਨੱਸਰ ਨੇ ਪੁਕਾਰ ਕੇ ਆਖਿਆ ਕਿ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਆਪਣੇ ਦੂਤ ਨੂੰ ਘੱਲਿਆ ਅਤੇ ਆਪਣੇ ਬੰਦਿਆਂ ਨੂੰ ਛੁਡਾ ਲਿਆ ਜਿਨ੍ਹਾਂ ਨੇ ਉਹ ਦੇ ਉੱਤੇ ਨਿਹਚਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸਰੀਰਾਂ ਨੂੰ ਨਜ਼ਰ ਕੀਤਾ ਕਿ ਆਪਣੇ ਪਰਮੇਸ਼ੁਰ ਦੇ ਬਿਨਾ ਹੋਰ ਕਿਸੇ ਦਿਓਤੇ ਦੀ ਸੇਵਾ ਯਾ ਬੰਦਗੀ ਨਾ ਕਰਨ। 29 ਏਸ ਕਰਕੇ ਮੈਂ ਏਹ ਹੁਕਮ ਜਾਰੀ ਕਰਦਾ ਹਾਂ ਕਿ ਜੋ ਲੋਕ ਯਾ ਕੌਮਾਂ ਯਾ ਭਾਖਿਆਂ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਪਰਮੇਸ਼ੁਰ ਦੇ ਵਿਰੁੱਧ ਕੋਈ ਬੁਰੀ ਗੱਲ ਆਖਣਗੀਆਂ ਤਾਂ ਉਨ੍ਹਾਂ ਦੇ ਟੁਕੜੇ ਟੁਕੜੇ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਘਰ ਕੂੜੇ ਦੇ ਢੇਰ ਹੋ ਜਾਣਗੇ, ਕਿਉਂ ਜੋ ਹੋਰ ਕੋਈ ਦਿਓਤਾ ਨਹੀਂ ਜਿਹੜਾ ਏਸ ਪਰਕਾਰ ਬਚਾ ਸੱਕੇ!
ਦਲੇਰ ਬਣੋ—ਯਹੋਵਾਹ ਤੁਹਾਡੇ ਨਾਲ ਹੈ!
13 ਧਰਤੀ ʼਤੇ ਮਸੀਹ ਦੇ ਆਉਣ ਤੋਂ ਲਗਭਗ 600 ਸਾਲ ਪਹਿਲਾਂ ਪਰਮੇਸ਼ੁਰ ਨੇ ਆਪਣੇ ਤਿੰਨ ਸੇਵਕਾਂ ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ ਨਿਹਚਾ ਤੇ ਦਲੇਰੀ ਦਿਖਾਉਣ ਦਾ ਇਨਾਮ ਦਿੱਤਾ। ਇਕ ਵਾਰ ਰਾਜਾ ਨਬੂਕਦਨੱਸਰ ਨੇ ਬਾਬਲ ਦੇ ਵੱਡੇ-ਵੱਡੇ ਲੋਕਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਸੋਨੇ ਦੀ ਵੱਡੀ ਸਾਰੀ ਮੂਰਤ ਅੱਗੇ ਮੱਥਾ ਟੇਕਣ ਦਾ ਹੁਕਮ ਦਿੱਤਾ। ਇਨ੍ਹਾਂ ਤਿੰਨਾਂ ਸੇਵਕਾਂ ਨੇ ਰਾਜੇ ਨਬੂਕਦਨੱਸਰ ਨੂੰ ਆਦਰ ਨਾਲ ਕਿਹਾ: “ਸਾਡਾ ਪਰਮੇਸ਼ੁਰ ਜਿਹ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਮਹਾਰਾਜ ਜੀ, ਓਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। ਨਹੀਂ ਤਾਂ ਹੇ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦਿਓਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਹ ਨੂੰ ਤੁਸਾਂ ਖੜਾ ਕੀਤਾ ਹੈ ਮੱਥਾ ਟੇਕਾਂਗੇ।” (ਦਾਨੀ. 3:16-18) ਦਾਨੀਏਲ 3:19-30 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਨੇ ਚਮਤਕਾਰ ਕਰ ਕੇ ਇਨ੍ਹਾਂ ਤਿੰਨਾਂ ਨੂੰ ਕਿਵੇਂ ਬਚਾਇਆ। ਸਾਨੂੰ ਸ਼ਾਇਦ ਅੱਗ ਦੀ ਬਲ਼ਦੀ ਹੋਈ ਭੱਠੀ ਵਿਚ ਨਾ ਸੁੱਟਿਆ ਜਾਵੇ, ਪਰ ਸਾਡੀ ਨਿਹਚਾ ਜ਼ਰੂਰ ਪਰਖੀ ਜਾਂਦੀ ਹੈ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਡੀ ਨਿਹਚਾ ਤੇ ਦਲੇਰੀ ਦਾ ਇਨਾਮ ਜ਼ਰੂਰ ਦੇਵੇਗਾ।
ਹੀਰੇ-ਮੋਤੀਆਂ ਦੀ ਖੋਜ ਕਰੋ
(ਦਾਨੀਏਲ 1:5) ਅਤੇ ਰਾਜੇ ਨੇ ਉਨ੍ਹਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਸ਼ਰਾਬ ਵਿੱਚੋਂ ਨਿੱਤ ਦਿਹਾੜੇ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਵਰਿਹਾਂ ਤੀਕਰ ਓਹ ਪਾਲੇ ਜਾਣ ਤਾਂ ਜੋ ਓੜਕ ਨੂੰ ਓਹ ਰਾਜੇ ਦੀ ਦਰਗਾਹੇ ਖੜੇ ਹੋਣ।
(ਦਾਨੀਏਲ 1:8) ਪਰ ਦਾਨੀਏਲ ਨੇ ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ ਭਈ ਆਪਣੇ ਤਾਈਂ ਰਾਜੇ ਦੇ ਸੁਆਦਲੇ ਭੋਜਨ ਨਾਲ ਅਤੇ ਉਹ ਦੀ ਸ਼ਰਾਬ ਨਾਲ ਜਿਹੜੀ ਉਹ ਪੀਂਦਾ ਸੀ ਨਪਾਕ ਨਾ ਕਰੇ, ਏਸ ਕਰਕੇ ਉਸ ਨੇ ਖੁਸਰਿਆਂ ਦੇ ਸਰਦਾਰ ਦੇ ਅੱਗੇ ਬੇਨਤੀ ਕੀਤੀ ਭਈ ਉਹ ਆਪਣੇ ਆਪ ਨੂੰ ਨਪਾਕ ਕਰਨ ਤੋਂ ਮੁਆਫ ਕੀਤਾ ਜਾਵੇ।
it-2 382
ਮੇਸ਼ਕ
ਸ਼ਾਇਦ ਤਿੰਨ ਕਾਰਨ ਹੋ ਸਕਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੇ ਰਾਜੇ ਦੇ ਸੁਆਦਲੇ ਭੋਜਨ ਨੂੰ ‘ਨਾਪਾਕ’ ਕਰਨ ਵਾਲਾ ਦੱਸਿਆ (1) ਬਾਬਲੀ ਉਹ ਜਾਨਵਰ ਖਾਂਦੇ ਸਨ ਜਿਨ੍ਹਾਂ ਨੂੰ ਮੂਸਾ ਦੇ ਕਾਨੂੰਨ ਵਿਚ ਅਸ਼ੁੱਧ ਦੱਸਿਆ ਗਿਆ ਸੀ; (2) ਉਹ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਸਨ ਕਿ ਜਾਨਵਰ ਦਾ ਖ਼ੂਨ ਪੂਰੀ ਤਰ੍ਹਾਂ ਨਿਕਲਿਆ ਹੋਵੇ, ਕਈ ਸ਼ਾਇਦ ਗੱਲ ਘੁੱਟ ਕੇ ਮਾਰੇ ਗਏ ਹੋਣ (3) ਮੂਰਤੀ-ਪੂਜਾ ਕਰਨ ਵਾਲੇ ਲੋਕ ਅਕਸਰ ਸਭ ਤੋਂ ਪਹਿਲਾਂ ਇਨ੍ਹਾਂ ਜਾਨਵਰਾਂ ਨੂੰ ਆਪਣੇ ਦੇਵਤਿਆਂ ਨੂੰ ਚੜ੍ਹਾਉਂਦੇ ਸਨ, ਇਨ੍ਹਾਂ ਨੂੰ ਖਾਣਾ ਉਨ੍ਹਾਂ ਦੇਵਤਿਆਂ ਦੀ ਭਗਤੀ ਵਿਚ ਹਿੱਸਾ ਲੈਣ ਦੇ ਬਰਾਬਰ ਸੀ।—ਦਾਨੀ 1:8; 1 ਕੁਰਿੰ 10:18-20, 28 ਵਿਚ ਨੁਕਤਾ ਦੇਖੋ।
(ਦਾਨੀਏਲ 2:44) ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।
w12 6/15 ਸਫ਼ਾ 17, ਡੱਬੀ
“ਏਹਨਾਂ ਸਾਰੀਆਂ ਪਾਤਸ਼ਾਹੀਆਂ” ਵਿਚ ਕੌਣ-ਕੌਣ ਹੈ?
ਦਾਨੀਏਲ 2:44 ਅਨੁਸਾਰ ਪਰਮੇਸ਼ੁਰ ਦਾ ਰਾਜ “ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ।” ਇਸ ਭਵਿੱਖਬਾਣੀ ਵਿਚ ਸਿਰਫ਼ ਉਨ੍ਹਾਂ ਸਰਕਾਰਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਮੂਰਤ ਦੇ ਵੱਖੋ-ਵੱਖਰੇ ਹਿੱਸਿਆਂ ਦੁਆਰਾ ਦਰਸਾਇਆ ਗਿਆ ਹੈ।
ਹੋਰ ਇਨਸਾਨੀ ਸਰਕਾਰਾਂ ਬਾਰੇ ਕੀ? ਇਸ ਦਾ ਜਵਾਬ ਸਾਨੂੰ ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਭਵਿੱਖਬਾਣੀ ਤੋਂ ਮਿਲਦਾ ਹੈ। ਇਸ ਵਿਚ ਦੱਸਿਆ ਹੈ ਕਿ “ਸਾਰੀ ਧਰਤੀ ਦੇ ਰਾਜਿਆਂ” ਨੂੰ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ” ਯਹੋਵਾਹ ਨਾਲ ਲੜਨ ਲਈ ਇਕੱਠਾ ਕੀਤਾ ਜਾਵੇਗਾ। (ਪ੍ਰਕਾ. 16:14; 19:19-21) ਇਸ ਲਈ ਆਰਮਾਗੇਡਨ ਵਿਚ ਨਾ ਸਿਰਫ਼ ਮੂਰਤ ਦੁਆਰਾ ਦਰਸਾਈਆਂ ਗਈਆਂ ਮਨੁੱਖੀ ਸਰਕਾਰਾਂ ਨੂੰ ਖ਼ਤਮ ਕੀਤਾ ਜਾਵੇਗਾ, ਸਗੋਂ ਬਾਕੀ ਸਾਰੀਆਂ ਸਰਕਾਰਾਂ ਨੂੰ ਵੀ ਖ਼ਤਮ ਕੀਤਾ ਜਾਵੇਗਾ।
ਸੰਸਾਰ ਨੂੰ ਕੌਣ ਸੁਖੀ ਬਣਾਵੇਗਾ?
ਦਾਨੀਏਲ 2:44 ਵਿਚ ਸਾਨੂੰ ਇਸ ਦਾ ਜਵਾਬ ਮਿਲਦਾ ਹੈ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ [ਜੋ ਅੱਜ ਰਾਜ ਕਰ ਰਹੇ ਹਨ] ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ [ਮਨੁੱਖੀ] ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਟੇਢੇ ਟਾਈਪ ਸਾਡੇ।) ਪਰਮੇਸ਼ੁਰ ਦੇ ਰਾਜ ਨੂੰ ਧਰਤੀ ਦੀਆਂ ਪਾਤਸ਼ਾਹੀਆਂ ਨੂੰ “ਚੂਰ ਚੂਰ” ਕਿਉਂ ਕਰਨਾ ਪਵੇਗਾ? ਕਿਉਂਕਿ ਉਹ ਪਰਮੇਸ਼ੁਰ ਤੋਂ ਆਜ਼ਾਦੀ ਚਾਹੁੰਦੀਆਂ ਹਨ ਅਤੇ ਖ਼ੁਦ ਰਾਜ ਕਰਨ ਉੱਤੇ ਅੜੀਆਂ ਹੋਈਆਂ ਹਨ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸ਼ਤਾਨ ਨੇ ਅਦਨ ਦੇ ਬਾਗ਼ ਵਿਚ ਗੱਲ ਸ਼ੁਰੂ ਕੀਤੀ ਸੀ। ਜੋ ਸ਼ਤਾਨ ਦਾ ਲੜ ਫੜਨਾ ਚਾਹੁੰਦੇ ਹਨ ਉਹ ਨਾ ਸਿਰਫ਼ ਇਨਸਾਨਾਂ ਦੀ ਭਲਾਈ ਦੇ ਖ਼ਿਲਾਫ਼ ਹਨ, ਪਰ ਉਹ ਆਪਣੇ ਸਿਰਜਣਹਾਰ ਨਾਲ ਟਕਰਾਉਣ ਉੱਤੇ ਤੁਲੇ ਹੋਏ ਹਨ। (ਜ਼ਬੂਰ 2:6-12; ਪਰਕਾਸ਼ ਦੀ ਪੋਥੀ 16:14, 16) ਇਸ ਕਰਕੇ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ‘ਮੈਂ ਪਰਮੇਸ਼ੁਰ ਦਾ ਰਾਜ ਚਾਹੁੰਦਾ ਹਾਂ ਕਿ ਨਹੀਂ?’
ਬਾਈਬਲ ਪੜ੍ਹਾਈ
(ਦਾਨੀਏਲ 2:31-43) ਹੇ ਮਹਾਰਾਜ, ਤੁਸਾਂ ਨਿਗਾਹ ਕੀਤੀ ਤਾਂ ਕੀ ਵੇਖਿਆ ਭਈ ਇੱਕ ਵੱਡੀ ਮੂਰਤ ਹੈਸੀ। ਉਹ ਮੂਰਤ ਜਿਹੜੀ ਬਲਵੰਤ ਸੀ ਜਿਹ ਦੀ ਚਮਕ ਅੱਤ ਉੱਤਮ ਸੀ ਤੁਹਾਡੇ ਸਾਹਮਣੇ ਖੜੀ ਹੋਈ ਅਤੇ ਉਹ ਦਾ ਰੂਪ ਭਿਆਣਕ ਸੀ। 32 ਰਹੀ ਉਹ ਮੂਰਤ,— ਉਹ ਦਾ ਸਿਰ ਚੋਖੇ ਸੋਨੇ ਦਾ ਸੀ, ਉਹ ਦੀ ਹਿੱਕ ਤੇ ਉਹ ਦੀਆਂ ਬਾਂਹਾਂ ਚਾਂਦੀ ਦੀਆਂ, ਉਹ ਦਾ ਢਿੱਡ ਤੇ ਉਹ ਦੇ ਪੱਟ ਪਿੱਤਲ ਦੇ। 33 ਉਹ ਦੀਆਂ ਲੱਤਾਂ ਲੋਹੇ ਦੀਆਂ, ਉਹ ਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ। 34 ਤੁਸੀਂ ਉਹ ਨੂੰ ਵੇਖਦੇ ਰਹੇ ਇਥੋਂ ਤੀਕ ਭਈ ਇੱਕ ਪੱਥਰ ਬਿਨਾ ਹੱਥ ਲਾਏ ਵੱਢ ਕੇ ਕੱਢਿਆ ਗਿਆ ਜਿਹ ਨੇ ਉਸ ਮੂਰਤ ਨੂੰ ਉਹ ਦੇ ਪੈਰਾਂ ਉੱਤੇ ਜਿਹੜੇ ਲੋਹੇ ਤੇ ਮਿੱਟੀ ਦੇ ਸਨ ਮਾਰਿਆ ਅਤੇ ਉਹ ਨੂੰ ਟੋਟੇ ਟੋਟੇ ਕਰ ਦਿੱਤਾ। 35 ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਙੁ ਹੋ ਗਏ ਅਤੇ ਵਾਉ ਉਨ੍ਹਾਂ ਨੂੰ ਉਡਾ ਲੈ ਗਈ ਇਥੋਂ ਤਾਈਂ ਕਿ ਉਨ੍ਹਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹ ਪੱਥਰ ਜਿਹ ਨੇ ਉਸ ਮੂਰਤ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ। 36 ਸੁਫ਼ਨਾ ਇਹੀ ਹੈ ਅਤੇ ਅਸੀਂ ਉਹ ਦਾ ਅਰਥ ਮਹਾਰਾਜ ਦੇ ਦਰਬਾਰ ਦੱਸਦੇ ਹਾਂ। 37 ਹੇ ਮਹਾਰਾਜ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ ਜਿਹ ਨੂੰ ਅਕਾਸ਼ ਦੇ ਪਰਮੇਸ਼ੁਰ ਨੇ ਰਾਜ ਤੇ ਸ਼ਕਤੀ ਤੇ ਬਲ ਤੇ ਤੇਜ ਦੇ ਦਿੱਤਾ ਹੈ। 38 ਅਤੇ ਜਿੱਥੇ ਕਿਤੇ ਮਨੁੱਖ ਦੀ ਵੰਸ ਵੱਸਦੀ ਹੈ ਉਸ ਨੇ ਖੇਤ ਦੇ ਜਨਾਉਰ ਅਤੇ ਅਕਾਸ਼ ਦੇ ਪੰਛੀ ਤੁਹਾਡੇ ਹੱਥ ਵਿੱਚ ਕਰ ਕੇ ਤੁਹਾਨੂੰ ਉਨ੍ਹਾਂ ਸਭਨਾਂ ਦਾ ਮਾਲਿਕ ਬਣਾਇਆ ਹੈ। ਉਹੀ ਸੋਨੇ ਦਾ ਸਿਰ ਤੁਸੀਂ ਹੋ। 39 ਅਤੇ ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜਿਹੜਾ ਤੁਹਾਥੋਂ ਛੋਟਾ ਹੋਵੇਗਾ ਅਤੇ ਫੇਰ ਤੀਜਾ ਰਾਜ ਪਿੱਤਲ ਦਾ ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ। 40 ਅਤੇ ਚੌਥਾ ਰਾਜ ਲੋਹੇ ਵਰਗਾ ਕਰੜਾ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ ਟੋਟੇ ਕਰਦਾ ਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਹਾਂ, ਜਿਵੇਂ ਲੋਹਾ ਏਹਨਾਂ ਸਭਨਾ ਨੂੰ ਕੁਚਲਦਾ ਤਿਵੇਂ ਉਹ ਤੋੜ ਕੇ ਚੂਰ ਚੂਰ ਕਰੇਗਾ ਅਤੇ ਕੁਚਲ ਦੇਵੇਗਾ। 41 ਅਤੇ ਜੋ ਤੁਸਾਂ ਵੇਖਿਆ ਕਿ ਉਹ ਦੇ ਪੈਰ ਤੇ ਉਂਗਲੀਆਂ ਕੁਝ ਤਾਂ ਘਮਿਆਰਾਂ ਦੀ ਮਿੱਟੀ ਦੀਆਂ ਅਤੇ ਕੁਝ ਲੋਹੇ ਦੀਆਂ ਸਨ ਸੋ ਉਸ ਰਾਜ ਵਿੱਚ ਵੰਡ ਪੈ ਜਾਵੇਗੀ ਅਤੇ ਜਿਵੇਂ ਤੁਸਾਂ ਵੇਖਿਆ ਹੈ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਤਿਵੇਂ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ। 42 ਅਤੇ ਜਿਵੇਂ ਪੈਰਾਂ ਦੀਆਂ ਉਂਗਲੀਆਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ ਤਿਵੇਂ ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ। 43 ਜਿਵੇਂ ਤੁਸਾਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਤਿਵੇਂ ਓਹ ਮਨੁੱਖ ਦੀ ਅੰਸ ਨਾਲ ਮਿਲਣਗੇ ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ ਤਿਵੇਂ ਉਨ੍ਹਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ।
25 ਸਤੰਬਰ–1 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਦਾਨੀਏਲ 4-6
“ਕੀ ਤੁਸੀਂ ਲਗਾਤਾਰ ਯਹੋਵਾਹ ਦੀ ਸੇਵਾ ਕਰ ਰਹੇ ਹੋ?”
(ਦਾਨੀਏਲ 6:7-10) ਰਾਜ ਦੇ ਸਾਰੇ ਪਰਧਾਨਾਂ, ਦੀਵਾਨਾਂ, ਮਨਸਬਦਾਰਾਂ, ਸਲਾਹਕਾਰਾਂ ਤੇ ਸਰਦਾਰਾਂ ਨੇ ਆਪੋ ਵਿੱਚ ਸਲਾਹ ਕੀਤੀ ਹੈ ਕਿ ਇੱਕ ਸ਼ਾਹੀ ਬਿਧੀ ਠਹਿਰਾਈ ਜਾਵੇ ਅਤੇ ਮਨਾਹੀ ਦਾ ਇੱਕ ਪੱਕਾ ਕਨੂਨ ਬਣਾਇਆ ਜਾਵੇ ਭਈ ਜਿਹੜਾ ਕੋਈ ਤੀਹਾਂ ਦਿਹਾੜਿਆਂ ਤੀਕ ਤੁਹਾਥੋਂ ਬਾਝ, ਹੇ ਰਾਜਨ, ਕਿਸੇ ਦਿਓਤੇ ਯਾ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ। 8 ਹੁਣ ਹੇ ਰਾਜਨ, ਏਸ ਬਿਧੀ ਨੂੰ ਤੋਰੋ ਅਤੇ ਲਿਖਤ ਉੱਤੇ ਆਪਣੀ ਸਹੀ ਪਾ ਦਿਓ ਜੋ ਨਾ ਬਦਲੀ ਜਾਵੇ ਮਾਦੀਆਂ ਅਤੇ ਫਾਰਸੀਆਂ ਦੀ ਮਨਾਹੀ ਦੇ ਪੱਕੇ ਕਨੂਨ ਦੇ ਅਨੁਸਾਰ ਜੋ ਬਦਲਦਾ ਨਹੀਂ। 9 ਸੋ ਦਾਰਾ ਰਾਜਾ ਨੇ ਉਸ ਲਿਖਤ ਅਤੇ ਬਿੱਧੀ ਉੱਤੇ ਸਹੀ ਪਾਈ। 10 ਜਦ ਦਾਨੀਏਲ ਨੂੰ ਮਲੂਮ ਹੋਇਆ ਕਿ ਉਸ ਲਿਖਤ ਉੱਤੇ ਸਹੀ ਪੈ ਗਈ ਹੈ ਤਾਂ ਉਹ ਆਪਣੇ ਘੱਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਵੱਲ ਸੀ ਅਤੇ ਦਿਨ ਵਿੱਚ ਤਿੰਨ ਵਾਰੀ ਗੋਡੇ ਨਿਵਾ ਕੇ ਪਰਮੇਸ਼ੁਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ।
ਨੌਜਵਾਨੋ—ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲੋ
16 ਜਦੋਂ ਤੁਸੀਂ ਇਕੱਲੇ ਹੁੰਦੇ ਹੋ, ਉਦੋਂ ਵੀ ਤੁਹਾਨੂੰ ਯਹੋਵਾਹ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ? ਯਾਦ ਰੱਖੋ: ਤੁਸੀਂ ਜਾਂ ਤਾਂ ਯਹੋਵਾਹ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹੋ ਜਾਂ ਉਸ ਦੇ ਦਿਲ ਨੂੰ ਖ਼ੁਸ਼ ਕਰ ਸਕਦੇ ਹੋ। (ਉਤ. 6:5, 6; ਕਹਾ. 27:11) ਯਹੋਵਾਹ ਤੁਹਾਡੇ ਕੰਮਾਂ ਤੋਂ ਪ੍ਰਭਾਵਿਤ ਹੁੰਦਾ ਹੈ ਕਿਉਂਕਿ “ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤ. 5:7) ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਸੁਣੋ ਤਾਂਕਿ ਤੁਹਾਨੂੰ ਫ਼ਾਇਦਾ ਹੋਵੇ। (ਯਸਾ. 48:17, 18) ਪ੍ਰਾਚੀਨ ਇਸਰਾਏਲ ਵਿਚ ਜਦੋਂ ਯਹੋਵਾਹ ਦੇ ਕੁਝ ਸੇਵਕਾਂ ਨੇ ਉਸ ਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ ਸੀ, ਤਾਂ ਉਨ੍ਹਾਂ ਨੇ ਯਹੋਵਾਹ ਨੂੰ ਦੁੱਖ ਪਹੁੰਚਾਇਆ ਸੀ। (ਜ਼ਬੂ. 78:40, 41) ਦੂਜੇ ਪਾਸੇ, ਯਹੋਵਾਹ ਦਾਨੀਏਲ ਨਬੀ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਇਕ ਦੂਤ ਨੇ ਉਸ ਨੂੰ ‘ਅੱਤ ਪਿਆਰਾ ਮਨੁੱਖ’ ਕਿਹਾ ਸੀ। (ਦਾਨੀ. 10:11) ਕਿਉਂ? ਦਾਨੀਏਲ ਨਾ ਸਿਰਫ਼ ਲੋਕਾਂ ਸਾਮ੍ਹਣੇ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਿਹਾ, ਬਲਕਿ ਇਕੱਲੇ ਹੁੰਦਿਆਂ ਵੀ ਵਫ਼ਾਦਾਰ ਰਿਹਾ।—ਦਾਨੀਏਲ 6:10 ਪੜ੍ਹੋ।
ਪਵਿੱਤਰ ਚੀਜ਼ਾਂ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਓ
12 ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਕਈ ਗੱਲਾਂ ਨੂੰ ਪਵਿੱਤਰ ਮੰਨਦੇ ਹਨ। ਯਹੋਵਾਹ ਨਾਲ ਸਾਡਾ ਰਿਸ਼ਤਾ ਪਵਿੱਤਰ ਹੈ। (1 ਇਤਹਾਸ 28:9; ਜ਼ਬੂਰਾਂ ਦੀ ਪੋਥੀ 36:7) ਇਹ ਇੰਨਾ ਅਨਮੋਲ ਹੈ ਕਿ ਅਸੀਂ ਕਿਸੇ ਵੀ ਚੀਜ਼ ਜਾਂ ਵਿਅਕਤੀ ਨੂੰ ਆਪਣੇ ਅਤੇ ਯਹੋਵਾਹ ਦੇ ਵਿਚਕਾਰ ਨਹੀਂ ਆਉਣ ਦੇਵਾਂਗੇ। (2 ਇਤਹਾਸ 15:2; ਯਾਕੂਬ 4:7, 8) ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। ਦਾਨੀਏਲ ਨਬੀ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਦੇ ਆਪਣੇ ਸਨਮਾਨ ਦੀ ਇੰਨੀ ਕਦਰ ਕਰਦਾ ਸੀ ਕਿ ਉਹ ਆਪਣੀ ਜਾਨ ਦਾਅ ਤੇ ਲਾ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ। (ਦਾਨੀਏਲ 6:7-11) ਮਸਹ ਕੀਤੇ ਹੋਏ ਮਸੀਹੀਆਂ ਜਾਂ “ਸੰਤਾਂ ਦੀਆਂ ਪ੍ਰਾਰਥਨਾਂ” ਹੈਕਲ ਵਿਚ ਧੂਪ ਵਾਂਗ ਹਨ। (ਪਰਕਾਸ਼ ਦੀ ਪੋਥੀ 5:8; 8:3, 4; ਲੇਵੀਆਂ 16:12, 13) ਇਸ ਤੁਲਨਾ ਰਾਹੀਂ ਪ੍ਰਾਰਥਨਾ ਦੀ ਪਵਿੱਤਰਤਾ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਸਾਰੇ ਜਹਾਨ ਦੇ ਮਾਲਕ ਨਾਲ ਗੱਲ ਕਰ ਸਕਦੇ ਹਾਂ! ਜੀ ਹਾਂ, ਅਸੀਂ ਪ੍ਰਾਰਥਨਾ ਕਰਨ ਦੇ ਸਨਮਾਨ ਨੂੰ ਪਵਿੱਤਰ ਸਮਝਦੇ ਹਾਂ।
(ਦਾਨੀਏਲ 6:16) ਤਾਂ ਰਾਜੇ ਨੇ ਆਗਿਆ ਕੀਤੀ ਅਤੇ ਓਹ ਦਾਨੀਏਲ ਨੂੰ ਲੈ ਆਏ ਅਤੇ ਉਸ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ, ਪਰ ਰਾਜੇ ਨੇ ਦਾਨੀਏਲ ਨੂੰ ਆਖਿਆ ਸੀ ਕਿ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਉਹ ਤੈਨੂੰ ਛੁਡਾਊ!
(ਦਾਨੀਏਲ 6:20) ਅਤੇ ਜਦੋਂ ਉਹ ਘੁਰੇ ਮੁੱਢ ਦਾਨੀਏਲ ਕੋਲ ਜਾ ਪੁੱਜਾ ਤਾਂ ਚਿੰਤਾ ਦੀ ਅਵਾਜ਼ ਨਾਲ ਪੁਕਾਰਿਆ। ਰਾਜੇ ਨੇ ਦਾਨੀਏਲ ਨੂੰ ਆਖਿਆ, ਹੇ ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਉਪਾਸਕ, ਕੀ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਤੈਨੂੰ ਸ਼ੇਰਾਂ ਥੀਂ ਛੁਡਾਉਣ ਜੋਗ ਹੋਇਆ?
ਸਾਨੂੰ ਲਗਾਤਾਰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
2 ਯਹੋਵਾਹ ਦਾਨੀਏਲ ਬਾਰੇ ਕੀ ਸੋਚਦਾ ਸੀ? ਜਦੋਂ ਦਾਨੀਏਲ ਦੀ ਇਕ ਪ੍ਰਾਰਥਨਾ ਦੇ ਜਵਾਬ ਵਿਚ ਜਬਰਾਈਲ ਦੂਤ ਘੱਲਿਆ ਗਿਆ, ਤਾਂ ਉਸ ਨੇ ਦਾਨੀਏਲ ਨਬੀ ਨੂੰ “ਵੱਡਾ ਪਿਆਰਾ” ਸੱਦਿਆ। (ਦਾਨੀਏਲ 9:20-23) ਹਿਜ਼ਕੀਏਲ ਨਬੀ ਦੀ ਭਵਿੱਖਬਾਣੀ ਵਿਚ ਯਹੋਵਾਹ ਨੇ ਦਾਨੀਏਲ ਨੂੰ ਇਕ ਧਰਮੀ ਇਨਸਾਨ ਸੱਦਿਆ। (ਹਿਜ਼ਕੀਏਲ 14:14, 20) ਇੱਦਾਂ ਲੱਗਦਾ ਹੈ ਕਿ ਕਈ ਸਾਲਾਂ ਦੌਰਾਨ ਦਾਨੀਏਲ ਨੇ ਪ੍ਰਾਰਥਨਾ ਕਰ-ਕਰ ਕੇ ਪਰਮੇਸ਼ੁਰ ਨਾਲ ਇਕ ਗੂੜ੍ਹਾ ਸੰਬੰਧ ਜੋੜਿਆ ਸੀ ਅਤੇ ਦਾਰਾ ਰਾਜੇ ਨੇ ਵੀ ਇਹ ਗੱਲ ਕਬੂਲ ਕੀਤੀ।—ਦਾਨੀਏਲ 6:16.
(ਦਾਨੀਏਲ 6:22, 23) ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਹੈ ਐਥੋਂ ਤੀਕ ਕਿ ਉਨ੍ਹਾਂ ਨੇ ਮੈਨੂੰ ਰਤੀ ਭਰ ਵੀ ਦੁਖ ਨਹੀਂ ਦਿੱਤਾ ਇਸ ਕਰਕੇ ਜੋ ਉਸ ਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਹੇ ਰਾਜਨ, ਮੈਂ ਦੋਸ਼ ਨਹੀਂ ਕੀਤਾ। 23 ਤਾਂ ਰਾਜਾ ਆਪਣੇ ਆਪ ਵਿੱਚ ਉਹ ਦੇ ਲਈ ਬਹੁਤ ਖੁਸ਼ ਹੋਇਆ ਅਤੇ ਆਗਿਆ ਦਿੱਤੀ ਕਿ ਦਾਨੀਏਲ ਨੂੰ ਉਸ ਘੁਰੇ ਤੋਂ ਕੱਢੋ, ਸੋ ਦਾਨੀਏਲ ਉਸ ਘੁਰੇ ਤੋਂ ਕੱਢਿਆ ਗਿਆ ਅਤੇ ਉਸ ਦੇ ਉੱਤੋਂ ਰਤੀ ਵੀ ਔਖ ਨਾ ਲੱਭਾ ਇਸ ਕਰਕੇ ਜੋ ਉਸ ਨੇ ਆਪਣੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ।
“ਪਵਿੱਤਰ ਸ਼ਕਤੀ ਅਤੇ ਲਾੜੀ ਆਖਦੀ ਹੈ, ‘ਆਓ!’”
15 ਜਦੋਂ ਦਾਨੀਏਲ ਨੇ ਪੂਰੀ ਰਾਤ ਸ਼ੇਰਾਂ ਦੇ ਘੁਰੇ ਵਿਚ ਗੁਜ਼ਾਰੀ, ਤਾਂ ਰਾਜੇ ਨੇ ਉੱਥੇ ਜਾ ਕੇ ਆਵਾਜ਼ ਮਾਰੀ: “ਹੇ ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਉਪਾਸਕ, ਕੀ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਤੈਨੂੰ ਸ਼ੇਰਾਂ ਥੀਂ ਛੁਡਾਉਣ ਜੋਗ ਹੋਇਆ?” ਫਿਰ ਦਾਨੀਏਲ ਨੇ ਤੁਰੰਤ ਰਾਜੇ ਨੂੰ ਜਵਾਬ ਦਿੱਤਾ: “ਹੇ ਰਾਜਨ, ਜੁੱਗੋ ਜੁੱਗ ਜੀ। ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਹੈ ਐਥੋਂ ਤੀਕ ਕਿ ਉਨ੍ਹਾਂ ਨੇ ਮੈਨੂੰ ਰਤੀ ਭਰ ਵੀ ਦੁਖ ਨਹੀਂ ਦਿੱਤਾ ਇਸ ਕਰਕੇ ਜੋ ਉਸ ਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਹੇ ਰਾਜਨ, ਮੈਂ ਦੋਸ਼ ਨਹੀਂ ਕੀਤਾ।” ਯਹੋਵਾਹ ਨੇ ਦਾਨੀਏਲ ਨੂੰ ਬਰਕਤ ਦਿੱਤੀ ਕਿਉਂਕਿ ਉਹ “ਸਦਾ” ਉਸ ਦੀ ਸੇਵਾ ਕਰਦਾ ਰਿਹਾ।—ਦਾਨੀ. 6:19-22.
ਹੀਰੇ-ਮੋਤੀਆਂ ਦੀ ਖੋਜ ਕਰੋ
(ਦਾਨੀਏਲ 4:10, 11) ਸਿਰ ਦੀਆਂ ਦਰਿਸ਼ਟਾਂ ਜੋ ਮੈਂ ਆਪਣੇ ਪਲੰਘ ਉੱਤੇ ਡਿੱਠੀਆਂ ਐਉਂ ਸਨ,— ਜਾਂ ਮੈਂ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਕਿ ਧਰਤੀ ਦੇ ਵਿਚਕਾਰ ਇੱਕ ਰੁੱਖ ਹੈਸੀ ਜਿਹ ਦੀ ਉੱਚਿਆਈ ਬਹੁਤ ਵੱਡੀ ਸੀ। 11 ਉਹ ਰੁੱਖ ਵਧਿਆ ਤੇ ਤਕੜਾ ਹੋ ਗਿਆ ਅਤੇ ਉਹ ਦੀ ਚੋਟੀ ਅਕਾਸ਼ ਤੀਕ ਅੱਪੜ ਪਈ, ਉਹ ਧਰਤੀ ਦੇ ਕੰਢਿਆਂ ਤੀਕ ਵਿਖਾਈ ਦੇਣ ਲੱਗਾ।
(ਦਾਨੀਏਲ 4:20-22) ਉਹ ਰੁੱਖ ਜੋ ਤੁਸਾਂ ਡਿੱਠਾ ਕਿ ਉਹ ਵਿਧਆ ਤੇ ਤਕੜਾ ਹੋਇਆ ਜਿਹ ਦੀ ਚੋਟੀ ਅਕਾਸ਼ ਤਾਈਂ ਅੱਪੜੀ ਤੇ ਉਹ ਧਰਤੀ ਦੇ ਕੰਢਿਆਂ ਤੀਕ ਵਿਖਾਈ ਦਿੰਦਾ ਸੀ। 21 ਜਿਸ ਦੇ ਪੱਤੇ ਸੋਹਣੇ ਸਨ ਅਤੇ ਫਲ ਬਹੁਤਾ ਸੀ ਜਿਹ ਦੇ ਵਿੱਚ ਸਭਨਾਂ ਲਈ ਭੋਜਨ ਸੀ, ਜਿਹ ਦੇ ਹੇਠ ਜੰਗਲੀ ਜਨਾਉਰ ਬਹਿੰਦੇ ਅਤੇ ਜਿਹ ਦੀਆਂ ਟਹਿਣੀਆਂ ਵਿੱਚ ਅਕਾਸ਼ ਦੇ ਪੰਛੀ ਵਸੇਰਾ ਕਰਦੇ ਸਨ। 22 ਹੇ ਰਾਜਨ, ਉਹ ਤੁਸੀਂ ਹੀ ਹੋ ਜਿਹੜੇ ਵਧੇ ਤੇ ਤਕੜੇ ਹੋਏ ਕਿਉਂ ਜੋ ਤੁਹਾਡੀ ਬਜ਼ੁਰਗੀ ਵਧੀ ਹੋਈ ਤੇ ਅਕਾਸ਼ ਤਾਈਂ ਅੱਪੜ ਪਈ ਹੈ ਤੇ ਤੁਹਾਡਾ ਰਾਜ ਧਰਤੀ ਦੇ ਕੰਢਿਆਂ ਤੀਕ ਪਹੁੰਚਾ ਹੈ।
ਦਾਨੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
4:10, 11, 20-22—ਨਬੂਕਦਨੱਸਰ ਦੇ ਸੁਪਨੇ ਵਿਚ ਵੱਡੀ ਉਚਾਈ ਵਾਲਾ ਦਰਖ਼ਤ ਕਿਸ ਨੂੰ ਦਰਸਾਉਂਦਾ ਸੀ? ਪਹਿਲਾਂ ਤਾਂ ਇਹ ਦਰਖ਼ਤ ਵਿਸ਼ਵ ਸ਼ਕਤੀ ਦੇ ਰਾਜੇ ਨਬੂਕਦਨੱਸਰ ਨੂੰ ਦਰਸਾਉਂਦਾ ਸੀ। ਪਰ ਇਹ ਦਰਖ਼ਤ ਜਾਂ ਰਾਜ “ਧਰਤੀ ਦੇ ਕੰਢਿਆਂ ਤੀਕ” ਸੀ, ਇਸ ਲਈ ਇਹ ਕਿਸੇ ਹੋਰ ਜ਼ਿਆਦਾ ਮਹਾਨ ਰਾਜੇ ਨੂੰ ਵੀ ਦਰਸਾਉਂਦਾ ਸੀ। ਦਾਨੀਏਲ 4:17 ਵਿਚ ਦੱਸਿਆ ਜਾਂਦਾ ਹੈ ਕਿ ਇਸ ਸੁਪਨੇ ਦਾ ਸੰਬੰਧ ਮਨੁੱਖਾਂ ਉੱਤੇ “ਅੱਤ ਮਹਾਨ” ਦੇ ਰਾਜ ਨਾਲ ਹੈ। ਤਾਂ ਫਿਰ, ਇਹ ਦਰਖ਼ਤ ਯਹੋਵਾਹ ਦੀ ਹਕੂਮਤ ਨੂੰ ਵੀ ਦਰਸਾਉਂਦਾ ਹੈ ਜੋ ਸਾਰੇ ਵਿਸ਼ਵ ਤੇ ਅਤੇ ਖ਼ਾਸ ਕਰਕੇ ਧਰਤੀ ਤੇ ਰਾਜ ਕਰਨ ਦਾ ਹੱਕ ਰੱਖਦਾ ਹੈ। ਹਾਂ, ਇਸ ਸੁਪਨੇ ਦੀਆਂ ਦੋ ਪੂਰਤੀਆਂ ਹਨ—ਇਕ ਨਬੂਕਦਨੱਸਰ ਦੀ ਹਕੂਮਤ ਸੰਬੰਧੀ ਅਤੇ ਦੂਜੀ ਯਹੋਵਾਹ ਦੀ ਹਕੂਮਤ ਸੰਬੰਧੀ।
(ਦਾਨੀਏਲ 5:17) ਤਦ ਦਾਨੀਏਲ ਨੇ ਉੱਤਰ ਦੇ ਕੇ ਰਾਜੇ ਦੇ ਸਾਹਮਣੇ ਆਖਿਆ, ਤੇਰੇ ਇਨਾਮ ਤੇਰੇ ਕੋਲ ਹੀ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇਹ ਤਾਂ ਵੀ ਮੈਂ ਰਾਜੇ ਦੇ ਲਈ ਇਸ ਲਿਖਤ ਨੂੰ ਪੜ੍ਹਾਂਗਾ ਅਤੇ ਉਹ ਦਾ ਅਰਥ ਦੱਸਾਂਗਾ।
(ਦਾਨੀਏਲ 5:29) ਤਦ ਬੇਲਸ਼ੱਸਰ ਨੇ ਆਗਿਆ ਦਿੱਤੀ ਅਤੇ ਉਨ੍ਹਾਂ ਨੇ ਦਾਨੀਏਲ ਨੂੰ ਕਿਰਮਚੀ ਚੋਗਾ ਪਹਿਨਾਇਆ ਅਤੇ ਸੋਨੇ ਦਾ ਕੈਂਠਾ ਉਸ ਦੇ ਗਲ ਵਿੱਚ ਪਾਇਆ ਅਤੇ ਉਸ ਦੇ ਲਈ ਢੰਡੋਰਾ ਫਿਰਾਇਆ ਭਈ ਉਹ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਗਿਆ ਹੈ।
w88 10/1 30 ਪੈਰੇ 3-5
ਪਾਠਕਾਂ ਵੱਲੋਂ ਸਵਾਲ
ਜਦੋਂ ਦਾਨੀਏਲ ਨਾਂ ਦੇ ਇਬਰਾਨੀ ਆਦਮੀ ਨੂੰ ਅੰਦਰ ਲਿਆਂਦਾ ਗਿਆ, ਤਾਂ ਰਾਜੇ ਨੇ ਆਪਣੀ ਪੇਸ਼ਕਸ਼ ਬਾਰੇ ਦੁਬਾਰਾ ਦੱਸਿਆ ਕਿ ਦਾਨੀਏਲ ਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ, ਉਸ ਦੇ ਗੱਲ ਵਿਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਉਸ ਨੂੰ ਰਾਜ ਵਿਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਵੇਗਾ। ਨਬੀ ਨੇ ਆਦਰ ਨਾਲ ਜਵਾਬ ਦਿੱਤਾ: “ਤੇਰੇ ਇਨਾਮ ਤੇਰੇ ਕੋਲ ਹੀ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇਹ ਤਾਂ ਵੀ ਮੈਂ ਰਾਜੇ ਦੇ ਲਈ ਇਸ ਲਿਖਤ ਨੂੰ ਪੜ੍ਹਾਂਗਾ ਅਤੇ ਉਹ ਦਾ ਅਰਥ ਦੱਸਾਂਗਾ।”—ਦਾਨੀਏਲ 5:17.
ਦਾਨੀਏਲ ਨੂੰ ਅਰਥ ਦੱਸਣ ਲਈ ਰਿਸ਼ਵਤ ਜਾਂ ਤੋਹਫ਼ਿਆਂ ਦੀ ਜ਼ਰੂਰਤ ਨਹੀਂ ਸੀ। ਰਾਜਾ ਤੋਹਫ਼ੇ ਆਪਣੇ ਕੋਲ ਰੱਖ ਸਕਦਾ ਸੀ ਜਾਂ ਕਿਸੇ ਹੋਰ ਨੂੰ ਦੇ ਸਕਦਾ ਸੀ। ਦਾਨੀਏਲ ਨੇ ਕਿਸੇ ਇਨਾਮ ਦੇ ਬਦਲੇ ਵਿਚ ਅਰਥ ਨਹੀਂ ਦੱਸਣਾ ਸੀ, ਸਗੋਂ ਇਸ ਕਰਕੇ ਦੱਸਣਾ ਸੀ ਕਿਉਂਕਿ ਸੱਚੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਇਸ ਤਰ੍ਹਾਂ ਕਰਨ ਦੇ ਕਾਬਲ ਬਣਾਇਆ ਸੀ, ਜੋ ਬਹੁਤ ਜਲਦ ਬਾਬਲ ਦਾ ਨਿਆਂ ਕਰਨ ਵਾਲਾ ਸੀ।
ਜਿੱਦਾਂ ਅਸੀਂ ਦਾਨੀਏਲ 5:29 ਵਿਚ ਪੜ੍ਹਦੇ ਹਾਂ ਕਿ ਲਿਖਤ ਨੂੰ ਪੜ੍ਹਨ ਅਤੇ ਸ਼ਬਦਾਂ ਦਾ ਅਰਥ ਦੱਸਣ ਤੋਂ ਬਾਅਦ ਰਾਜੇ ਨੇ ਹੁਕਮ ਦਿੱਤਾ ਕਿ ਦਾਨੀਏਲ ਨੂੰ ਇਨਾਮ ਦਿੱਤੇ ਜਾਣ। ਦਾਨੀਏਲ ਨੇ ਆਪ ਚੋਗਾ ਅਤੇ ਹਾਰ ਨਹੀਂ ਪਾਇਆ। ਇਹ ਰਾਜਾ ਬੇਲਸ਼ੱਸਰ ਦੇ ਹੁਕਮ ʼਤੇ ਉਸ ਨੂੰ ਪਹਿਨਾਏ ਗਏ ਸਨ। ਇਹ ਗੱਲ ਦਾਨੀਏਲ 5:17 ਵਿਚ ਲਿਖੀ ਗੱਲ ਮੇਲ ਖਾਂਦੀ ਹੈ, ਜਿਸ ਵਿਚ ਨਬੀ ਨੇ ਸਾਫ਼ ਦੱਸਿਆ ਸੀ ਕਿ ਇਸ ਪਿੱਛੇ ਉਸ ਦਾ ਕੋਈ ਸੁਆਰਥ ਨਹੀਂ ਸੀ।
ਚਾਰ ਸ਼ਬਦ ਜਿਨ੍ਹਾਂ ਨੇ ਸੰਸਾਰ ਨੂੰ ਬਦਲ ਦਿੱਤਾ
22 ਇਸ ਤਰ੍ਹਾਂ ਬੁਝਾਰਤ ਦਾ ਅਰਥ ਪਤਾ ਲੱਗਾ। ਸ਼ਕਤੀਸ਼ਾਲੀ ਬਾਬਲ ਹੁਣ ਮਾਦੀ-ਫ਼ਾਰਸੀ ਫ਼ੌਜਾਂ ਦੇ ਕਬਜ਼ੇ ਵਿਚ ਆਉਣ ਵਾਲਾ ਸੀ। ਤਬਾਹੀ ਦਾ ਐਲਾਨ ਸੁਣ ਕੇ ਭਾਵੇਂ ਬੇਲਸ਼ੱਸਰ ਦੇ ਪੈਰਾਂ ਥੱਲਿਓਂ ਜ਼ਮੀਨ ਖਿੱਸਕ ਗਈ ਹੋਣੀ, ਪਰ ਉਸ ਨੇ ਆਪਣਾ ਵਾਅਦਾ ਨਿਭਾਇਆ। ਉਸ ਨੇ ਆਪਣੇ ਸੇਵਕਾਂ ਨੂੰ ਆਗਿਆ ਦਿੱਤੀ ਅਤੇ ਉਨ੍ਹਾਂ ਨੇ ਦਾਨੀਏਲ ਨੂੰ ਕਿਰਮਚੀ ਚੋਗਾ ਪਹਿਨਾਇਆ, ਉਸ ਦੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਅਤੇ ਉਸ ਦੇ ਲਈ ਢੰਡੋਰਾ ਫਿਰਾਇਆ ਕਿ ਉਹ ਰਾਜ ਵਿਚ ਹੁਣ ਤੀਜੇ ਦਰਜੇ ਤੇ ਹਾਕਮ ਹੈ। (ਦਾਨੀਏਲ 5:29) ਦਾਨੀਏਲ ਨੇ ਇਨ੍ਹਾਂ ਸਨਮਾਨਾਂ ਨੂੰ ਠੁਕਰਾਇਆ ਨਹੀਂ, ਕਿਉਂਕਿ ਉਹ ਜਾਣਦਾ ਸੀ ਕਿ ਇਸ ਵਿਚ ਯਹੋਵਾਹ ਦਾ ਹੀ ਮਾਣ ਹੋ ਰਿਹਾ ਸੀ ਜਿਸ ਦੇ ਉਹ ਯੋਗ ਹੈ। ਨਿਰਸੰਦੇਹ, ਬੇਲਸ਼ੱਸਰ ਨੇ ਯਹੋਵਾਹ ਦੇ ਨਬੀ ਦਾ ਸਨਮਾਨ ਕਰ ਕੇ ਸ਼ਾਇਦ ਇਹ ਉਮੀਦ ਵੀ ਰੱਖੀ ਹੋਵੇ ਕਿ ਪਰਮੇਸ਼ੁਰ ਉਸ ਦੀ ਸਜ਼ਾ ਘਟਾ ਦੇਵੇਗਾ। ਜੇਕਰ ਇਵੇਂ ਸੀ, ਤਾਂ ਹੁਣ ਸਮਾਂ ਹੱਥੋਂ ਨਿਕਲ ਚੁੱਕਾ ਸੀ!
ਬਾਈਬਲ ਪੜ੍ਹਾਈ
(ਦਾਨੀਏਲ 4:29-37) ਬਾਰਾਂ ਮਹੀਨਿਆਂ ਦੇ ਪਿੱਛੋਂ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ। 30 ਤਾਂ ਰਾਜੇ ਨੇ ਆਖਿਆ, ਕੀ ਏਹ ਉਹ ਵੱਡਾ ਬਾਬਲ ਨਹੀਂ ਜਿਹ ਨੂੰ ਮੈਂ ਆਪਣੀ ਸ਼ਕਤੀ ਦੇ ਬਲ ਨਾਲ ਮਹਾਰਾਜੇ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵੱਡਿਆਈ ਹੋਵੇ? 31 ਰਾਜਾ ਏਹ ਗੱਲ ਕਰ ਹੀ ਰਿਹਾ ਸੀ ਕਿ ਅਕਾਸ਼ੋਂ ਇੱਕ ਅਵਾਜ਼ ਆਈ ਕਿ ਹੇ ਨਬੂਕਦਨੱਸਰ ਰਾਜਾ, ਤੇਰੇ ਵਿਖੇ ਏਹ ਹੁਕਮ ਹੋ ਚੁੱਕਿਆ ਹੈ ਕਿ ਰਾਜ ਤੈਥੋਂ ਲੈ ਲਿਆ ਗਿਆ ਹੈ। 32 ਤੂੰ ਮਨੁੱਖਾਂ ਵਿੱਚੋਂ ਹਕਿਆ ਜਾਵੇਂਗਾ ਤੇ ਤੇਰਾ ਵਾਸ ਖੇਤ ਦੇ ਪਸੂਆਂ ਨਾਲ ਹੋਵੇਗਾ ਤੇ ਤੈਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ ਤੇ ਸੱਤ ਸਮੇ ਤੇਰੇ ਉੱਤੇ ਬੀਤਣਗੇ ਤਾਂ ਤੈਨੂੰ ਪਤਾ ਲਗੇਗਾ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਅਤੇ ਜਿਹ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ! 33 ਉਸੇ ਘੜੀ ਉਹ ਗੱਲ ਨਬੂਕਦਨੱਸਰ ਉੱਤੇ ਪੂਰੀ ਹੋਈ। ਉਹ ਮਨੁੱਖਾਂ ਵਿੱਚੋਂ ਹਕਿਆ ਗਿਆ ਤੇ ਬਲਦਾਂ ਵਾਂਙੁ ਘਾਹ ਖਾਣ ਲੱਗ ਪਿਆ ਅਤੇ ਉਹ ਦੀ ਦੇਹੀ ਅਕਾਸ਼ ਦੀ ਤ੍ਰੇਲ ਨਾਲ ਤਰ ਹੋਈ ਐਥੋਂ ਤੀਕ ਕਿ ਉਹ ਦੇ ਵਾਲ ਉਕਾਬਾਂ ਦੇ ਪਰਾਂ ਵਾਂਙੁ ਅਤੇ ਉਹ ਦੇ ਨੌਂਹ ਪੰਛੀਆਂ ਦੇ ਨੌਂਹਾਂ ਵਰਗੇ ਵੱਧ ਗਏ!। 34 ਉਨ੍ਹਾਂ ਦਿਨਾਂ ਦੇ ਬੀਤਣ ਉੱਤੇ ਮੈਂ ਨਬੂਕਦਨੱਸਰ ਨੇ ਆਪਣੀਆਂ ਅੱਖੀਆਂ ਅਕਾਸ਼ ਵੱਲ ਚੁੱਕੀਆਂ ਅਤੇ ਮੇਰੀ ਸਮਝ ਫੇਰ ਮੇਰੇ ਵਿੱਚ ਮੁੜ ਆਈ ਤਾਂ ਮੈਂ ਅੱਤ ਮਹਾਨ ਦਾ ਧੰਨਵਾਦ ਕੀਤਾ ਅਤੇ ਉਹ ਦਾ ਜੋ ਸਦਾ ਜੀਉਂਦਾ ਹੈ ਵੱਡਿਆਈ ਤੇ ਆਦਰ ਕੀਤਾ। ਜਿਹ ਦੀ ਸਰਦਾਰੀ ਸਦੀਪਕ ਸਰਦਾਰੀ, ਅਤੇ ਜਿਹ ਦਾ ਰਾਜ ਪੀੜ੍ਹੀਓਂ ਪੀੜ੍ਹੀ ਹੈ! 35 ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ, ਅਤੇ ਉਹ ਸੁਰਗ ਦੀਆਂ ਫੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਅਤੇ ਕੋਈ ਨਹੀਂ ਜੋ ਉਹ ਦੇ ਹੱਥ ਨੂੰ ਰੋਕ ਸੱਕੇ, ਯਾ ਉਹ ਨੂੰ ਆਖੇ ਕਿ ਤੂੰ ਕੀ ਕਰਦਾ ਹੈਂ?। 36 ਉਸੇ ਵੇਲੇ ਮੇਰੀ ਸਮਝ ਮੇਰੇ ਵਿੱਚ ਫੇਰ ਮੁੜ ਆਈ ਅਤੇ ਮੇਰੇ ਰਾਜ ਦੇ ਪਰਤਾਪ ਲਈ ਮੇਰਾ ਆਦਰ ਅਤੇ ਮੇਰਾ ਦਬਕਾ ਫੇਰ ਮੇਰੇ ਵਿੱਚ ਆ ਗਿਆ ਅਤੇ ਮੇਰੇ ਸਲਾਹਕਾਰਾਂ ਤੇ ਪਰਧਾਨਾਂ ਨੇ ਮੈਨੂੰ ਫੇਰ ਲੱਭ ਲਿਆ ਅਤੇ ਮੈਂ ਆਪਣੇ ਰਾਜ ਵਿੱਚ ਕਾਇਮ ਹੋ ਗਿਆ ਅਤੇ ਚੰਗਾ ਪਰਤਾਪ ਮੈਨੂੰ ਮਿਲਦਾ ਜਾਂਦਾ ਸੀ। 37 ਹੁਣ ਮੈਂ ਨਬੂਕਦਨੱਸਰ ਅਕਾਸ਼ ਦੇ ਮਹਾਰਾਜੇ ਦੀ ਵੱਡਿਆਈ ਤੇ ਮਹਿਮਾ ਤੇ ਆਦਰ ਕਰਦਾ ਹਾਂ ਕਿਉਂ ਜੋ ਉਹ ਆਪਣੇ ਸਭਨਾਂ ਕੰਮਾਂ ਵਿੱਚ ਸਤ ਤੇ ਆਪਣੇ ਸਾਰੇ ਰਾਹਾਂ ਵਿੱਚ ਨਿਆਉਂਕਾਰ ਹੈ ਅਤੇ ਜਿਹੜੇ ਘੁਮੰਡ ਨਾਲ ਚੱਲਦੇ ਹਨ ਉਨ੍ਹਾਂ ਨੂੰ ਨੀਵਾਂ ਕਰ ਸੱਕਦਾ ਹੈ!।