ਦਸਵਾਂ ਅਧਿਆਇ
ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ ਦੇ ਵਿਰੁੱਧ ਕੌਣ ਖੜ੍ਹਾ ਹੋ ਸਕਦਾ ਹੈ?
1, 2. ਉਹ ਦਰਸ਼ਣ ਸਾਡੇ ਲਈ ਕਿਉਂ ਮਹੱਤਵਪੂਰਣ ਹੈ ਜੋ ਦਾਨੀਏਲ ਨੇ ਬੇਲਸ਼ੱਸਰ ਦੇ ਰਾਜ ਦੇ ਤੀਜੇ ਵਰ੍ਹੇ ਵਿਚ ਦੇਖਿਆ ਸੀ?
ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਨੂੰ ਨਸ਼ਟ ਹੋਏ ਹੁਣ 57 ਸਾਲ ਹੋ ਚੁੱਕੇ ਹਨ। ਬੇਲਸ਼ੱਸਰ ਅਤੇ ਉਸ ਦਾ ਪਿਤਾ ਨਬੋਨਾਈਡਸ ਬਾਬਲੀ ਸਾਮਰਾਜ ਉੱਤੇ ਇਕੱਠੇ ਹਕੂਮਤ ਕਰ ਰਹੇ ਹਨ। ਬਾਈਬਲ ਦੀ ਭਵਿੱਖਬਾਣੀ ਦੀ ਇਹ ਤੀਜੀ ਵਿਸ਼ਵ ਸ਼ਕਤੀ ਹੈ।a ਪਰਮੇਸ਼ੁਰ ਦਾ ਨਬੀ ਦਾਨੀਏਲ ਬਾਬਲ ਵਿਚ ਜਲਾਵਤਨ ਹੈ। ਅਤੇ “ਬੇਲਸ਼ੱਸਰ ਪਾਤਸ਼ਾਹ ਦੇ ਰਾਜ ਦੇ ਤੀਜੇ ਵਰ੍ਹੇ” ਵਿਚ ਯਹੋਵਾਹ ਦਾਨੀਏਲ ਨੂੰ ਇਕ ਦਰਸ਼ਣ ਦਿੰਦਾ ਹੈ ਜੋ ਸੱਚੀ ਉਪਾਸਨਾ ਦੀ ਮੁੜ-ਸਥਾਪਨਾ ਬਾਰੇ ਕੁਝ ਖ਼ਾਸ ਗੱਲਾਂ ਦੱਸਦਾ ਹੈ।—ਦਾਨੀਏਲ 8:1.
2 ਦਾਨੀਏਲ ਉਸ ਭਵਿੱਖ-ਸੂਚਕ ਦਰਸ਼ਣ ਤੋਂ ਕਾਫ਼ੀ ਪ੍ਰਭਾਵਿਤ ਹੋਇਆ। ਇਹ ਸਾਡੇ ਲਈ ਵੀ ਬਹੁਤ ਦਿਲਚਸਪ ਹੈ ਕਿਉਂ ਜੋ ਅਸੀਂ “ਓੜਕ ਦੇ ਸਮੇਂ” ਵਿਚ ਰਹਿੰਦੇ ਹਾਂ। ਜਬਰਾਏਲ ਦੂਤ ਦਾਨੀਏਲ ਨੂੰ ਦੱਸਦਾ ਹੈ ਕਿ “ਮੈਂ ਤੈਨੂੰ ਦੱਸਦਾ ਹਾਂ ਕਿ ਕ੍ਰੋਧ ਦੇ ਛੇਕੜ ਕੀ ਹੋਵੇਗਾ ਕਿਉਂ ਜੋ ਠਹਿਰਾਏ ਹੋਏ ਸਮੇਂ ਉੱਤੇ ਓੜਕ ਹੋਵੇਗਾ।” (ਦਾਨੀਏਲ 8:16, 17, 19, 27) ਫਿਰ ਆਓ ਅਸੀਂ ਡੂੰਘੀ ਦਿਲਚਸਪੀ ਨਾਲ ਉਸ ਉੱਤੇ ਗੌਰ ਕਰੀਏ ਜੋ ਦਾਨੀਏਲ ਨੇ ਦੇਖਿਆ ਅਤੇ ਇਹ ਵੀ ਦੇਖੀਏ ਕਿ ਸਾਡੇ ਲਈ ਉਸ ਦਾ ਕੀ ਅਰਥ ਹੈ।
ਦੋ ਸਿੰਙਾਂ ਵਾਲਾ ਮੇਢਾ
3, 4. ਦਾਨੀਏਲ ਨੇ ਨਦੀ ਦੇ ਅੱਗੇ ਕਿਹੜਾ ਪਸ਼ੂ ਦੇਖਿਆ ਅਤੇ ਉਹ ਕਿਸ ਨੂੰ ਦਰਸਾਉਂਦਾ ਹੈ?
3 ਦਾਨੀਏਲ ਲਿਖਦਾ ਹੈ ਕਿ “ਮੈਂ ਦਰਸ਼ਣ ਵਿੱਚ ਡਿੱਠਾ ਅਤੇ ਜਿਸ ਵੇਲੇ ਮੈਂ ਵੇਖਿਆ ਤਾਂ ਐਉਂ ਹੋਇਆ ਭਈ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਸਾਂ ਜਿਹੜਾ ਏਲਾਮ ਦੇ ਸੂਬੇ ਵਿੱਚ ਹੈ। ਫੇਰ ਮੈਂ ਦਰਸ਼ਣ ਵਿੱਚ ਵੇਖਿਆ ਭਈ ਮੈਂ ਊਲਾਈ ਨਦੀ ਦੇ ਕੰਢੇ ਉੱਤੇ ਹਾਂ।” (ਦਾਨੀਏਲ 8:2) ਇਹ ਨਹੀਂ ਦੱਸਿਆ ਗਿਆ ਕਿ ਦਾਨੀਏਲ ਅਸਲ ਵਿਚ ਸ਼ੂਸ਼ਨ ਸ਼ਹਿਰ ਵਿਚ ਸੀ ਜਾਂ ਕਿ ਦਰਸ਼ਣ ਨੇ ਉਸ ਨੂੰ ਇਵੇਂ ਮਹਿਸੂਸ ਹੀ ਕਰਵਾਇਆ ਸੀ। ਸ਼ੂਸ਼ਨ (ਸੂਸਾ), ਏਲਾਮ ਦੀ ਰਾਜਧਾਨੀ ਸੀ ਅਤੇ ਬਾਬਲ ਤੋਂ 350 ਕਿਲੋਮੀਟਰ ਦੂਰ ਪੂਰਬ ਵੱਲ ਸੀ।
4 ਦਾਨੀਏਲ ਅੱਗੇ ਦੱਸਦਾ ਹੈ ਕਿ “ਮੈਂ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ, ਨਦੀ ਦੇ ਅੱਗੇ ਇੱਕ ਮੇਢਾ ਖਲੋਤਾ ਸੀ ਜਿਹ ਦੇ ਦੋ ਸਿੰਙ ਸਨ।” (ਦਾਨੀਏਲ 8:3ੳ) ਦਾਨੀਏਲ ਨੂੰ ਬੁੱਝਣਾ ਨਹੀਂ ਪੈਂਦਾ ਕਿ ਇਹ ਮੇਢਾ ਕੌਣ ਹੈ। ਜਬਰਾਏਲ ਦੂਤ ਅੱਗੇ ਕਹਿੰਦਾ ਹੈ ਕਿ “ਉਹ ਮੇਢਾ ਜਿਹ ਨੂੰ ਤੈਂ ਡਿੱਠਾ ਕਿ ਉਸ ਦੇ ਦੋ ਸਿੰਙ ਹਨ ਸੋ ਮਾਦਾ ਅਤੇ ਫਾਰਸ ਦੇ ਰਾਜੇ ਹਨ।” (ਦਾਨੀਏਲ 8:20) ਮਾਦੀ ਲੋਕ ਅੱਸ਼ੂਰ ਦੇ ਪੂਰਬੀ ਪਹਾੜੀ ਇਲਾਕੇ ਤੋਂ ਆਏ ਸਨ। ਫ਼ਾਰਸੀ ਲੋਕ ਫ਼ਾਰਸ ਦੀ ਖਾੜੀ ਦੇ ਉੱਤਰੀ ਇਲਾਕੇ ਤੋਂ ਸਨ ਅਤੇ ਉਨ੍ਹਾਂ ਦਾ ਪਹਿਲਾਂ ਕੋਈ ਪੱਕਾ ਟਿਕਾਣਾ ਨਹੀਂ ਸੀ। ਪਰ ਜਿਉਂ-ਜਿਉਂ ਮਾਦੀ-ਫ਼ਾਰਸੀ ਸਾਮਰਾਜ ਵਧਦਾ ਗਿਆ, ਉਸ ਦੇ ਲੋਕ ਐਸ਼-ਅਰਾਮ ਵਾਲਾ ਜੀਵਨ ਪਸੰਦ ਕਰਨ ਲੱਗ ਪਏ।
5. ਉਹ ਸਿੰਙ ਜੋ “ਪਿੱਛੋਂ ਉੱਗਿਆ ਸੀ” ਦੂਜੇ ਨਾਲੋਂ ਕਿਵੇਂ ਵੱਡਾ ਹੋ ਗਿਆ?
5 ਦਾਨੀਏਲ ਦੱਸਦਾ ਹੈ ਕਿ ‘ਓਹ ਦੋਵੇਂ ਸਿੰਙ ਉੱਚੇ ਸਨ ਪਰ ਇੱਕ ਦੂਜੇ ਨਾਲੋਂ ਵੱਡਾ ਸੀ ਅਤੇ ਵੱਡਾ ਦੂਜੇ ਨਾਲੋਂ ਪਿੱਛੋਂ ਉੱਗਿਆ ਸੀ।’ (ਦਾਨੀਏਲ 8:3ਅ) ਉਹ ਵੱਡਾ ਸਿੰਙ ਜੋ ਬਾਅਦ ਵਿਚ ਉੱਗਿਆ ਸੀ ਫ਼ਾਰਸੀਆਂ ਨੂੰ ਦਰਸਾਉਂਦਾ ਹੈ, ਜਦ ਕਿ ਦੂਜਾ ਮਾਦੀਆਂ ਨੂੰ ਦਰਸਾਉਂਦਾ ਹੈ। ਪਹਿਲਾਂ-ਪਹਿਲ ਮਾਦੀ ਲੋਕ ਪ੍ਰਧਾਨ ਰਹੇ। ਪਰ 550 ਸਾ.ਯੁ.ਪੂ. ਵਿਚ ਫ਼ਾਰਸ ਦੇ ਹਾਕਮ ਖੋਰਸ (ਸਾਈਰਸ) ਨੇ ਮਾਦੀ ਰਾਜਾ ਅਸਟਾਇਜੀਜ਼ ਉੱਪਰ ਸੌਖਿਆਂ ਹੀ ਜਿੱਤ ਹਾਸਲ ਕਰ ਲਈ। ਖੋਰਸ ਨੇ ਇਨ੍ਹਾਂ ਦੋਹਾਂ ਕੌਮਾਂ ਦੇ ਲੋਕਾਂ ਦੇ ਰੀਤਾਂ-ਰਿਵਾਜਾਂ ਅਤੇ ਕਾਨੂੰਨਾਂ, ਅਤੇ ਉਨ੍ਹਾਂ ਦੇ ਰਾਜਾਂ ਨੂੰ ਰਲਾ-ਮਿਲਾ ਦਿੱਤਾ ਅਤੇ ਉਨ੍ਹਾਂ ਦੇ ਹਮਲਿਆਂ ਨੂੰ ਹੋਰ ਅੱਗੇ ਵਧਾਇਆ। ਇਸ ਸਮੇਂ ਤੋਂ ਇਹ ਸਾਮਰਾਜ ਦੂਹਰੀ ਵਿਸ਼ਵ ਸ਼ਕਤੀ ਬਣ ਗਿਆ।
ਮੇਢਾ ਆਪਣੇ ਆਪ ਨੂੰ ਵੱਡਾ ਬਣਾਉਂਦਾ ਹੈ
6, 7. ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ‘ਕੋਈ ਦਰਿੰਦਾ ਮੇਢੇ ਦੇ ਸਾਹਮਣੇ ਨਾ ਖਲੋ ਸੱਕਿਆ’?
6 ਮੇਢੇ ਬਾਰੇ ਅੱਗੇ ਦੱਸਦੇ ਹੋਏ ਦਾਨੀਏਲ ਕਹਿੰਦਾ ਹੈ: “ਮੈਂ ਉਸ ਮੇਢੇ ਨੂੰ ਡਿੱਠਾ ਜਿਹੜਾ ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਙ ਮਾਰਦਾ ਸੀ ਐਥੋਂ ਤੀਕ ਕਿ ਕੋਈ ਦਰਿੰਦਾ ਉਹ ਦੇ ਸਾਹਮਣੇ ਨਾ ਖਲੋ ਸੱਕਿਆ ਅਤੇ ਨਾ ਕੋਈ ਉਹ ਦੇ ਹੱਥੋਂ ਛੁਡਾ ਸੱਕਿਆ ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪ ਨੂੰ ਵੱਡਾ ਬਣਾਉਂਦਾ ਸੀ।”—ਦਾਨੀਏਲ 8:4.
7 ਦਾਨੀਏਲ ਨੂੰ ਪਹਿਲਾਂ ਇਕ ਦਰਸ਼ਣ ਦਿਖਾਇਆ ਗਿਆ ਸੀ ਜਿਸ ਵਿਚ ਬਾਬਲ ਨੂੰ ਇਕ ਅਜਿਹੇ ਦਰਿੰਦੇ ਨਾਲ ਦਰਸਾਇਆ ਗਿਆ ਸੀ ਜੋ ਸਮੁੰਦਰ ਵਿੱਚੋਂ ਨਿਕਲਿਆ ਅਤੇ ਜੋ ਬਬਰ ਸ਼ੇਰ ਵਰਗਾ ਸੀ ਅਤੇ ਜਿਸ ਦੇ ਉਕਾਬ ਜਿਹੇ ਖੰਭ ਸਨ। (ਦਾਨੀਏਲ 7:4, 17) ਉਹ ਪ੍ਰਤੀਕਾਤਮਕ ਦਰਿੰਦਾ ਇਸ ਨਵੇਂ ਦਰਸ਼ਣ ਦੇ “ਮੇਢੇ” ਦਾ ਸਾਮ੍ਹਣਾ ਨਹੀਂ ਕਰ ਸਕਿਆ। ਸੰਨ 539 ਸਾ.ਯੁ.ਪੂ. ਵਿਚ ਬਾਬਲ ਖੋਰਸ ਮਹਾਨ ਦੇ ਅੱਗੇ ਝੁੱਕ ਗਿਆ। ਇਸ ਤੋਂ ਬਾਅਦ ਤਕਰੀਬਨ 50 ਸਾਲਾਂ ਲਈ “ਕੋਈ ਦਰਿੰਦੇਾ,” ਜਾਂ ਸਿਆਸੀ ਸਰਕਾਰ, ਬਾਈਬਲ ਦੀ ਭਵਿੱਖਬਾਣੀ ਦੀ ਇਸ ਚੌਥੀ ਸ਼ਕਤੀ, ਮਾਦੀ-ਫ਼ਾਰਸੀ ਸਾਮਰਾਜ ਦੇ ਸਾਮ੍ਹਣੇ ਨਹੀਂ ਖੜ੍ਹ ਸਕਿਆ।
8, 9. (ੳ) “ਮੇਢੇ” ਨੇ ਕਿਵੇਂ ‘ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਙ ਮਾਰੇ’? (ਅ) ਅਸਤਰ ਦੀ ਪੋਥੀ ਵਿਚ ਫ਼ਾਰਸੀ ਰਾਜਾ ਦਾਰਾ ਪਹਿਲੇ ਤੋਂ ਬਾਅਦ ਆਉਣ ਵਾਲੇ ਰਾਜੇ ਬਾਰੇ ਕੀ ਕਿਹਾ ਗਿਆ ਹੈ?
8 ‘ਪੂਰਬ ਤੋਂ’ ਆਉਣ ਵਾਲੇ ਮਾਦੀ-ਫ਼ਾਰਸੀ ਸਾਮਰਾਜ ਨੇ ਆਪਣੀ ਮਨ-ਮਰਜ਼ੀ ਅਨੁਸਾਰ ‘ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਙ ਮਾਰੇ।’ (ਯਸਾਯਾਹ 46:11) ਖੋਰਸ ਮਹਾਨ ਦੀ ਗੱਦੀ ਉੱਤੇ ਬੈਠਣ ਵਾਲੇ ਰਾਜਾ ਕੈਮਬਾਈਸੀਜ਼ ਦੂਜੇ ਨੇ ਚੜ੍ਹਾਈ ਕਰਕੇ ਮਿਸਰ ਨੂੰ ਜਿੱਤ ਲਿਆ। ਉਸ ਤੋਂ ਮਗਰੋਂ ਫ਼ਾਰਸੀ ਦਾਰਾ ਪਹਿਲਾ ਰਾਜਾ ਬਣਿਆ। ਉਸ ਨੇ 513 ਸਾ.ਯੁ.ਪੂ. ਵਿਚ ਪੱਛਮ ਵੱਲ ਬਾਸਪਰਸ ਦਾ ਪਣਜੋੜ ਪਾਰ ਕਰ ਕੇ ਥ੍ਰੇਸ ਦੇ ਯੂਰਪੀ ਇਲਾਕੇ ਉੱਤੇ ਚੜ੍ਹਾਈ ਕੀਤੀ ਜਿਸ ਦੀ ਰਾਜਧਾਨੀ ਬਾਈਜ਼ੈਂਟੀਅਮ ਸੀ (ਜੋ ਕਿ ਹੁਣ ਇਸਤੰਬੁਲ ਹੈ)। ਉਸ ਨੇ 508 ਸਾ.ਯੁ.ਪੂ. ਵਿਚ ਥ੍ਰੇਸ ਨੂੰ ਆਪਣੇ ਅਧੀਨ ਕਰ ਲਿਆ ਅਤੇ 496 ਸਾ.ਯੁ.ਪੂ. ਵਿਚ ਮਕਦੂਨਿਯਾ ਨੂੰ ਜਿੱਤ ਲਿਆ। ਇਸ ਤਰ੍ਹਾਂ ਦਾਰਾ ਦੇ ਸਮੇਂ ਤਕ, ਉਸ ਮਾਦੀ-ਫ਼ਾਰਸੀ “ਮੇਢੇ” ਨੇ ਤਿੰਨ ਮੁੱਖ ਦਿਸ਼ਾਵਾਂ ਵਿਚ ਇਹ ਦੇਸ਼ ਕਬਜ਼ੇ ਕਰ ਲਏ ਸਨ: ਉੱਤਰ ਵੱਲ ਬਾਬਲ ਅਤੇ ਅੱਸ਼ੂਰ, ਪੱਛਮ ਵੱਲ ਏਸ਼ੀਆ ਮਾਈਨਰ, ਅਤੇ ਦੱਖਣ ਵੱਲ ਮਿਸਰ।
9 ਬਾਈਬਲ ਮਾਦੀ-ਫ਼ਾਰਸੀ ਸਾਮਰਾਜ ਦੀ ਲੰਬਾਈ-ਚੌੜਾਈ ਦਾ ਸਬੂਤ ਦਿੰਦੀ ਹੋਈ ਕਹਿੰਦੀ ਹੈ ਕਿ ਦਾਰਾ ਦੀ ਥਾਂ ਲੈਣ ਵਾਲਾ ਜ਼ਰਕਸੀਜ਼ ਪਹਿਲਾ, “ਉਹ ਅਹਸ਼ਵੇਰੋਸ਼ ਹੈ ਜਿਹੜਾ ਹਿੰਦ ਤੋਂ ਕੂਸ਼ ਤੀਕ ਇੱਕ ਸੌ ਸਤਾਈ ਸੂਬਿਆਂ ਤੇ ਪਾਤਸ਼ਾਹੀ ਕਰਦਾ ਸੀ।” (ਅਸਤਰ 1:1) ਪਰ ਇਸ ਵੱਡੇ ਸਾਮਰਾਜ ਦੀ ਥਾਂ ਇਕ ਹੋਰ ਸਾਮਰਾਜ ਖੜ੍ਹਾ ਹੋਣ ਵਾਲਾ ਸੀ ਅਤੇ ਇਸ ਸੰਬੰਧ ਵਿਚ ਦਾਨੀਏਲ ਦਾ ਦਰਸ਼ਣ ਕੁਝ ਹੋਰ ਦਿਲਚਸਪ ਗੱਲਾਂ ਪ੍ਰਗਟ ਕਰਦਾ ਹੈ। ਇਹ ਗੱਲਾਂ ਪਰਮੇਸ਼ੁਰ ਦੇ ਭਵਿੱਖ-ਸੂਚਕ ਸ਼ਬਦਾਂ ਵਿਚ ਸਾਡੀ ਨਿਹਚਾ ਜ਼ਰੂਰ ਮਜ਼ਬੂਤ ਕਰਨਗੀਆਂ।
ਬੱਕਰਾ ਮੇਢੇ ਨੂੰ ਮਾਰ ਦਿੰਦਾ ਹੈ
10. ਦਾਨੀਏਲ ਦੇ ਦਰਸ਼ਣ ਵਿਚ ਕਿਹੜੇ ਪਸ਼ੂ ਨੇ “ਮੇਢੇ” ਨੂੰ ਢਾਹ ਲਿਆ ਸੀ?
10 ਦਾਨੀਏਲ ਦੀ ਹੈਰਾਨੀ ਦਾ ਅੰਦਾਜ਼ਾ ਲਗਾਓ ਜਦੋਂ ਉਹ ਹੁਣ ਅੱਗੇ ਹੋਰ ਕੁਝ ਦੇਖਦਾ ਹੈ। ਬਿਰਤਾਂਤ ਕਹਿੰਦਾ ਹੈ: “ਮੈਂ ਏਸ ਚਿੰਤਾ ਵਿੱਚ ਸਾਂ ਅਤੇ ਵੇਖੋ ਇੱਕ ਬੱਕਰਾ ਲਹਿੰਦੇ ਪਾਸਿਓਂ ਆਣ ਕੇ ਸਾਰੀ ਧਰਤੀ ਦੇ ਉੱਤੇ ਅਜਿਹਾ ਫਿਰਿਆ ਜੋ ਧਰਤੀ ਨੂੰ ਵੀ ਨਾ ਛੋਹਿਆ ਅਤੇ ਉਸ ਬੱਕਰੇ ਦੀਆਂ ਦੋਹਾਂ ਅੱਖਾਂ ਦੇ ਵਿਚਕਾਰ ਇੱਕ ਅਚਰਜ ਸਿੰਙ ਸੀ। ਅਤੇ ਉਹ ਉਸ ਦੁਹਾਂ ਸਿੰਙਾਂ ਵਾਲੇ ਮੇਢੇ ਦੇ ਕੋਲ ਜਿਹ ਨੂੰ ਮੈਂ ਨਦੀ ਦੇ ਸਾਹਮਣੇ ਖਲੋਤਾ ਵੇਖਿਆ ਸੀ ਆਇਆ ਅਤੇ ਆਪਣੇ ਜ਼ੋਰ ਦੇ ਗੁੱਸੇ ਨਾਲ ਉਸ ਦੇ ਉੱਤੇ ਦੌੜ ਪਿਆ। ਅਤੇ ਮੈਂ ਉਹ ਨੂੰ ਵੇਖਿਆ ਭਈ ਉਹ ਮੇਢੇ ਦੇ ਨੇੜੇ ਪੁੱਜਾ ਅਤੇ ਉਹ ਦਾ ਕ੍ਰੋਧ ਉਸ ਦੇ ਉੱਤੇ ਜਾਗਿਆ ਅਤੇ ਮੇਢੇ ਨੂੰ ਮਾਰਿਆ ਅਤੇ ਉਸ ਦੇ ਦੋਵੇਂ ਸਿੰਙ ਭੰਨ ਸੁੱਟੇ ਅਰ ਮੇਢੇ ਵਿੱਚ ਜ਼ੋਰ ਨਹੀਂ ਸੀ ਕਿ ਉਹ ਦਾ ਸਾਹਮਣਾ ਕਰੇ ਸੋ ਉਹ ਨੇ ਉਸ ਨੂੰ ਧਰਤੀ ਉੱਤੇ ਢਾਹ ਲਿਆ ਅਤੇ ਉਸ ਨੂੰ ਛਿਤਾੜ ਸੁੱਟਿਆ ਅਰ ਕੋਈ ਨਹੀਂ ਸੀ ਜੋ ਮੇਢੇ ਨੂੰ ਉਹ ਦੇ ਹੱਥੋਂ ਛੁਡਾ ਸੱਕੇ।” (ਦਾਨੀਏਲ 8:5-7) ਇਨ੍ਹਾਂ ਸਾਰੀਆਂ ਗੱਲਾਂ ਦਾ ਕੀ ਅਰਥ ਹੈ?
11. (ੳ) ਜਬਰਾਏਲ ਦੂਤ ਨੇ ‘ਬਲਵਾਨ ਬੱਕਰੇ’ ਅਤੇ ਉਸ ਦੇ ‘ਵੱਡੇ ਸਿੰਙ’ ਬਾਰੇ ਕੀ ਕਿਹਾ? (ਅ) ਅਸਚਰਜ ਸਿੰਙ ਦੁਆਰਾ ਕੌਣ ਦਰਸਾਇਆ ਗਿਆ ਸੀ?
11 ਦਾਨੀਏਲ ਨੂੰ ਇਸ ਦਰਸ਼ਣ ਦਾ ਅਰਥ ਬੁੱਝਣਾ ਨਹੀਂ ਪਿਆ ਅਤੇ ਨਾ ਹੀ ਸਾਨੂੰ ਬੁੱਝਣਾ ਪੈਂਦਾ ਹੈ। ਜਬਰਾਏਲ ਦੂਤ ਦਾਨੀਏਲ ਨੂੰ ਦੱਸਦਾ ਹੈ ਕਿ “ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹ ਵੱਡਾ ਸਿੰਙ ਜੋ ਉਸ ਦੀਆਂ ਅੱਖੀਆਂ ਦੇ ਵਿਚਕਾਰ ਹੈ ਸੋ ਉਹ ਪਹਿਲਾ ਰਾਜਾ ਹੈ।” (ਦਾਨੀਏਲ 8:21) ਫ਼ਾਰਸੀ ਸਾਮਰਾਜ ਦੇ ਅਖ਼ੀਰਲੇ ਰਾਜੇ, ਦਾਰਾ ਤੀਜੇ (ਕਾਡੋਮੈਨਸ) ਨੂੰ 336 ਸਾ.ਯੁ.ਪੂ. ਵਿਚ ਸ਼ਹਿਨਸ਼ਾਹ ਬਣਾਇਆ ਗਿਆ। ਉਸੇ ਸਾਲ ਸਿਕੰਦਰ ਮਕਦੂਨਿਯਾ ਵਿਚ ਰਾਜਾ ਬਣਿਆ। ਇਤਿਹਾਸ ਦਿਖਾਉਂਦਾ ਹੈ ਕਿ ਸਿਕੰਦਰ ਮਹਾਨ ਹੀ ਉਹ ਪੂਰਵ-ਸੂਚਿਤ ਕੀਤਾ ਗਿਆ “ਯੂਨਾਨ ਦਾ [ਪਹਿਲਾ] ਰਾਜਾ” ਸਾਬਤ ਹੋਇਆ। “ਲਹਿੰਦੇ ਪਾਸਿਓਂ” ਜਾਂ ਪੱਛਮ ਵੱਲੋਂ ਸ਼ੁਰੂ ਹੋ ਕੇ ਸਿਕੰਦਰ, 334 ਸਾ.ਯੁ.ਪੂ. ਵਿਚ ਤੇਜ਼ੀ ਨਾਲ ਅੱਗੇ ਵਧਿਆ। ਜਿਵੇਂ ਕਿ ‘ਧਰਤੀ ਨੂੰ ਵੀ ਨਾ ਛੋਂਦਿਆਂ,’ ਉਸ ਨੇ ਅਨੇਕ ਇਲਾਕਿਆਂ ਉੱਪਰ ਕਬਜ਼ਾ ਕਰ ਲਿਆ ਅਤੇ “ਮੇਢੇ” ਨੂੰ ਮਾਰ ਦਿੱਤਾ। ਇਸ ਤਰ੍ਹਾਂ ਤਕਰੀਬਨ ਦੋ ਸਦੀਆਂ ਤੋਂ ਸਥਾਪਿਤ ਫ਼ਾਰਸੀ ਰਾਜ ਨੂੰ ਖ਼ਤਮ ਕਰ ਕੇ ਯੂਨਾਨ ਬਾਈਬਲ ਸੰਬੰਧੀ ਮਹੱਤਤਾ ਦੀ ਪੰਜਵੀਂ ਵਿਸ਼ਵ ਸ਼ਕਤੀ ਬਣਿਆ। ਈਸ਼ਵਰੀ ਭਵਿੱਖਬਾਣੀ ਦੀ ਕਿੰਨੀ ਮਾਅਰਕੇ ਦੀ ਪੂਰਤੀ!
12. ਬੱਕਰੇ ਦਾ “ਵੱਡਾ ਸਿੰਙ” ਕਿਵੇਂ ‘ਟੁੱਟਿਆ,’ ਅਤੇ ਉਹ ਚਾਰ ਸਿੰਙ ਕੌਣ ਸਨ ਜੋ ਉਸ ਦੀ ਥਾਂ ਤੇ ਨਿਕਲੇ?
12 ਪਰ ਸਿਕੰਦਰ ਦਾ ਰਾਜ ਥੋੜ੍ਹੇ ਚਿਰ ਲਈ ਹੀ ਰਹਿਣਾ ਸੀ। ਦਰਸ਼ਣ ਅੱਗੇ ਦੱਸਦਾ ਹੈ ਕਿ “ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ ਅਤੇ ਜਦ ਉਹ ਬਲਵਾਨ ਹੋਇਆ ਤਾਂ ਉਹ ਦਾ ਵੱਡਾ ਸਿੰਙ ਭਜ ਪਿਆ ਅਤੇ ਉਹ ਦੇ ਥਾਂ ਚਾਰ ਅਚਰਜ ਸਿੰਙ ਅਕਾਸ਼ ਦੀਆਂ ਚੌਹਾਂ ਪੌਣਾਂ ਵੱਲ ਨਿੱਕਲੇ।” (ਦਾਨੀਏਲ 8:8) ਇਸ ਭਵਿੱਖਬਾਣੀ ਨੂੰ ਸਮਝਾਉਂਦੇ ਹੋਏ ਜਬਰਾਏਲ ਦੂਤ ਕਹਿੰਦਾ ਹੈ ਕਿ “ਉਹ ਦੇ ਟੁੱਟਣ ਦੇ ਪਿੱਛੋਂ ਉਹ ਦੇ ਥਾਂ ਵਿੱਚ ਚਾਰ ਹੋਰ ਨਿੱਕਲੇ ਸੋ ਇਹ ਚਾਰ ਰਾਜੇ ਹਨ ਜਿਹੜੇ ਉਸ ਦੇਸ ਦੇ ਵਿਚਕਾਰ ਉੱਠਣਗੇ ਪਰ ਉਨ੍ਹਾਂ ਦਾ ਵਸ ਉਹ ਦੇ ਵਰਗਾ ਨਾ ਹੋਵੇਗਾ।” (ਦਾਨੀਏਲ 8:22) ਜਿਵੇਂ ਪਹਿਲਾਂ ਦੱਸਿਆ ਹੋਇਆ ਸੀ, ਸਿਰਫ਼ 32 ਸਾਲ ਦੀ ਉਮਰ ਤੇ ਸਿਕੰਦਰ ਆਪਣੀਆਂ ਜਿੱਤਾਂ ਦੀ ਚੜ੍ਹਦੀ ਕਲਾ ਵਿਚ ‘ਟੁੱਟ ਗਿਆ,’ ਜਾਂ ਮਰ ਗਿਆ। ਅੰਤ ਵਿਚ ਉਸ ਦੇ ਚਾਰ ਜਨਰਲਾਂ ਨੇ ਆਪਸ ਵਿਚ ਉਸ ਦਾ ਵੱਡਾ ਸਾਮਰਾਜ ਵੰਡ ਲਿਆ।
ਇਕ ਭੇਤ-ਭਰਿਆ ਨਿੱਕਾ ਸਿੰਙ
13. ਉਨ੍ਹਾਂ ਚਾਰਾਂ ਸਿੰਙਾਂ ਦੇ ਇਕ ਸਿੰਙ ਵਿੱਚੋਂ ਕੀ ਨਿਕਲਿਆ, ਅਤੇ ਉਸ ਨੇ ਕੀ ਕੀਤਾ?
13 ਦਰਸ਼ਣ ਦਾ ਅਗਲਾ ਹਿੱਸਾ 2,200 ਤੋਂ ਜ਼ਿਆਦਾ ਸਾਲਾਂ ਬਾਰੇ ਦੱਸਦਾ ਹੈ ਅਤੇ ਇਸ ਦੀ ਪੂਰਤੀ ਸਾਡੇ ਜ਼ਮਾਨੇ ਤਕ ਪਹੁੰਚਦੀ ਹੈ। ਦਾਨੀਏਲ ਲਿਖਦਾ ਹੈ ਕਿ “ਉਨ੍ਹਾਂ [ਚਾਰਾਂ ਸਿੰਙਾਂ] ਵਿੱਚੋਂ ਇੱਕ ਥੀਂ ਇੱਕ ਨਿੱਕਾ ਸਿੰਙ ਨਿੱਕਲਿਆ ਜੋ ਦੱਖਣ ਅਤੇ ਚੜ੍ਹਦੇ ਅਰ ਮਨ ਭਾਉਂਦੇ ਦੇਸ ਵੱਲ ਅਤਿਯੰਤ ਵੱਧ ਗਿਆ। ਅਤੇ ਉਹ ਵਧ ਕੇ ਅਕਾਸ਼ ਦੀ ਸੈਨਾ ਤੀਕ ਪੁੱਜ ਪਿਆ ਅਰ ਉਸ ਸੈਨਾ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਡੇਗ ਦਿੱਤਾ ਅਰ ਉਨ੍ਹਾਂ ਨੂੰ ਛਿਤਾੜਿਆ। ਸਗੋਂ ਉਸ ਨੇ ਸੈਨਾ ਦੇ ਸ਼ਜ਼ਾਦੇ ਤੀਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤ੍ਰ ਥਾਂ ਢਾਇਆ ਗਿਆ। ਸੋ ਉਹ ਸੈਨਾ ਸਦਾ ਦੀ ਹੋਮ ਦੀ ਭੇਟ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸਚਿਆਈ ਨੂੰ ਧਰਤੀ ਉੱਤੇ ਸੁੱਟਿਆ। ਉਹ ਇਹ ਕਰਦਾ ਅਤੇ ਭਾਗਵਾਨ ਹੁੰਦਾ ਰਿਹਾ।”—ਦਾਨੀਏਲ 8:9-12.
14. ਜਬਰਾਏਲ ਦੂਤ ਨੇ ਿਨੱਕੇ ਸਿੰਙ ਦੇ ਕੰਮਾਂ ਬਾਰੇ ਕੀ ਕਿਹਾ, ਅਤੇ ਉਸ ਸਿੰਙ ਨਾਲ ਕੀ ਹੋਵੇਗਾ?
14 ਇਸ ਤੋਂ ਪਹਿਲਾਂ ਕਿ ਅਸੀਂ ਉੱਪਰ ਲਿਖੇ ਸ਼ਬਦਾਂ ਦੇ ਅਰਥ ਸਮਝ ਸਕੀਏ, ਸਾਨੂੰ ਪਰਮੇਸ਼ੁਰ ਦੇ ਦੂਤ ਵੱਲ ਧਿਆਨ ਦੇਣਾ ਚਾਹੀਦਾ ਹੈ। ਪਹਿਲਾਂ ਜਬਰਾਏਲ ਦੂਤ ਨੇ ਸਿਕੰਦਰ ਦੇ ਸਾਮਰਾਜ ਤੋਂ ਚਾਰ ਰਾਜ ਬਣਨ ਬਾਰੇ ਦੱਸਿਆ। ਫਿਰ ਉਸ ਨੇ ਕਿਹਾ ਕਿ “ਉਨ੍ਹਾਂ ਦੇ ਰਾਜ ਦੇ ਛੇਕੜਲੇ ਸਮੇਂ ਜਿਸ ਵੇਲੇ ਅਪਰਾਧੀ ਲੋਕ ਕੰਢਿਆਂ ਤੀਕ ਪੁੱਜ ਪੈਣਗੇ ਤਾਂ ਇੱਕ ਰਾਜਾ ਕਰੜੇ ਮੂੰਹ ਅਤੇ ਭੇਤ ਦੀਆਂ ਗੱਲਾਂ ਦੇ ਬੁੱਝਣ ਵਾਲਾ ਉੱਠੇਗਾ। ਇਹ ਵੱਡਾ ਡਾਢਾ ਹੋਵੇਗਾ ਪਰ ਉਸ ਦਾ ਜ਼ੋਰ ਉਸ ਦੇ ਬਲ ਉੱਤੇ ਨਾ ਹੋਵੇਗਾ ਅਤੇ ਉਹ ਅਚਰਜ ਡੌਲ ਨਾਲ ਮਾਰ ਸੁੱਟੇਗਾ ਅਤੇ ਭਾਗਵਾਨ ਹੋਵੇਗਾ ਅਰ ਕੰਮ ਕਰੇਗਾ ਅਤੇ ਜੋਰਾਵਰਾਂ ਨੂੰ ਅਰ ਪਵਿੱਤ੍ਰ ਲੋਕਾਂ ਨੂੰ ਨਾਸ ਕਰ ਸੁੱਟੇਗਾ। ਅਤੇ ਆਪਣੀ ਸਿਆਣਪ ਨਾਲ ਉਹ ਚਤੁਰਾਈ ਨੂੰ ਆਪਣੇ ਹੱਥ ਵਿੱਚ ਭਾਗਵਾਨ ਕਰੇਗਾ ਅਤੇ ਆਪਣੇ ਮਨ ਵਿੱਚ ਆਪ ਨੂੰ ਉੱਚਾ ਕਰੇਗਾ ਅਤੇ ਮੇਲ ਦੇ ਵੇਲੇ ਬਹੁਤਿਆਂ ਦਾ ਨਾਸ ਕਰੇਗਾ। ਉਹ ਸ਼ਜ਼ਾਦਿਆਂ ਦੇ ਸ਼ਜ਼ਾਦੇ ਦੇ ਵਿਰੁੱਧ ਉੱਠ ਖਲੋਵੇਗਾ ਪਰ ਬਿਨਾ ਹੱਥ ਲਾਏ ਤੋੜਿਆ ਜਾਵੇਗਾ।”—ਦਾਨੀਏਲ 8:23-25.
15. ਦਰਸ਼ਣ ਦੇ ਸੰਬੰਧ ਵਿਚ ਦੂਤ ਨੇ ਦਾਨੀਏਲ ਨੂੰ ਕੀ ਕਰਨ ਲਈ ਆਖਿਆ?
15 ਦੂਤ ਨੇ ਦਾਨੀਏਲ ਨੂੰ ਕਿਹਾ ਕਿ “ਤੂੰ ਉਸ ਦਰਸ਼ਣ ਨੂੰ ਬੰਦ ਕਰ ਛੱਡ ਕਿਉਂ ਜੋ ਇਹ ਦੇ ਵਿੱਚ ਅਜੇ ਢੇਰ ਸਾਰਾ ਚਿਰ ਪਿਆ ਹੈ।” (ਦਾਨੀਏਲ 8:26) ਦਰਸ਼ਣ ਦੇ ਇਸ ਹਿੱਸੇ ਦੀ ਪੂਰਤੀ ਅਜੇ ‘ਢੇਰ ਸਾਰੇ ਚਿਰ’ ਲਈ ਨਹੀਂ ਹੋਣੀ ਸੀ, ਅਤੇ ਦਾਨੀਏਲ ਨੂੰ ‘ਇਹ ਦਰਸ਼ਣ ਬੰਦ ਕਰ ਕੇ ਰੱਖਣਾ’ ਪੈਣਾ ਸੀ। ਜ਼ਾਹਰ ਹੈ ਕਿ ਦਾਨੀਏਲ ਲਈ ਇਸ ਦਾ ਅਰਥ ਭੇਤ-ਭਰਿਆ ਰਿਹਾ। ਨਿਸ਼ਚੇ ਹੀ ਹੁਣ ਉਹ “ਢੇਰ ਸਾਰਾ ਚਿਰ” ਖ਼ਤਮ ਹੋ ਚੁੱਕਾ ਹੋਣਾ ਹੈ। ਇਸ ਲਈ ਅਸੀਂ ਪੁੱਛਦੇ ਹਾਂ ਕਿ ‘ਦੁਨੀਆਂ ਦਾ ਇਤਿਹਾਸ ਇਸ ਭਵਿੱਖ-ਸੂਚਕ ਦਰਸ਼ਣ ਦੀ ਪੂਰਤੀ ਬਾਰੇ ਕੀ ਪ੍ਰਗਟ ਕਰਦਾ ਹੈ?’
ਨਿੱਕਾ ਸਿੰਙ ਸ਼ਕਤੀਸ਼ਾਲੀ ਬਣ ਜਾਂਦਾ ਹੈ
16. (ੳ) ਇਕ ਨਿੱਕਾ ਸਿੰਙ ਕਿਹੜੇ ਸਿੰਙ ਵਿੱਚੋਂ ਨਿਕਲਿਆ ਸੀ? (ਅ) ਰੋਮ ਬਾਈਬਲ ਦੀ ਭਵਿੱਖਬਾਣੀ ਦੀ ਛੇਵੀਂ ਵਿਸ਼ਵ ਸ਼ਕਤੀ ਕਿਵੇਂ ਬਣਿਆ, ਪਰ ਉਹ ਨਿੱਕਾ ਸਿੰਙ ਕਿਉਂ ਨਹੀਂ ਸੀ?
16 ਚਾਰ ਪ੍ਰਤੀਕਾਤਮਕ ਸਿੰਙਾਂ ਵਿੱਚੋਂ ਇਕ ਸਿੰਙ ਜਨਰਲ ਕਸੈਂਡਰ ਦਾ ਹੈਲਨਵਾਦੀ ਰਾਜ ਸੀ। ਉਹ ਸਭ ਤੋਂ ਦੂਰ ਪੱਛਮ ਵੱਲ ਮਕਦੂਨਿਯਾ ਅਤੇ ਯੂਨਾਨ ਉੱਪਰ ਰਾਜ ਕਰਦਾ ਸੀ। ਇਤਿਹਾਸ ਦੇ ਅਨੁਸਾਰ ਨਿੱਕਾ ਸਿੰਙ ਇਸ ਸਿੰਙ ਵਿੱਚੋਂ ਉਤਪੰਨ ਹੋਇਆ। ਬਾਅਦ ਵਿਚ ਇਹ ਰਾਜ ਥ੍ਰੇਸ ਅਤੇ ਏਸ਼ੀਆ ਮਾਈਨਰ ਦੇ ਰਾਜੇ, ਜਨਰਲ ਲਾਈਸਿਮਿਕਸ ਦੇ ਰਾਜ ਦੀ ਲਪੇਟ ਵਿਚ ਆ ਗਿਆ ਸੀ। ਸਾਧਾਰਣ ਯੁਗ ਪੂਰਵ ਦੀ ਦੂਜੀ ਸਦੀ ਵਿਚ ਰੋਮ ਨੇ ਇਸ ਹੈਲਨਵਾਦੀ ਰਾਜ-ਖੇਤਰ ਦੇ ਪੱਛਮੀ ਹਿੱਸਿਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਜਿੱਤ ਲਿਆ। ਅਤੇ 30 ਸਾ.ਯੁ.ਪੂ. ਤਕ ਰੋਮ ਨੇ ਸਾਰੇ ਹੈਲਨਵਾਦੀ ਰਾਜਾਂ ਉੱਤੇ ਕਬਜ਼ਾ ਕਰ ਲਿਆ ਅਤੇ ਉਹ ਬਾਈਬਲ ਦੀ ਭਵਿੱਖਬਾਣੀ ਦੀ ਛੇਵੀਂ ਵਿਸ਼ਵ ਸ਼ਕਤੀ ਬਣ ਗਿਆ। ਪਰ ਰੋਮੀ ਸਾਮਰਾਜ ਦਾਨੀਏਲ ਦੇ ਦਰਸ਼ਣ ਦਾ ਨਿੱਕਾ ਸਿੰਙ ਨਹੀਂ ਸੀ ਕਿਉਂਕਿ ਉਹ ਸਾਮਰਾਜ ‘ਓੜਕ ਦੇ ਠਹਿਰਾਏ ਹੋਏ ਸਮੇਂ’ ਤਕ ਜਾਰੀ ਨਹੀਂ ਰਿਹਾ।—ਦਾਨੀਏਲ 8:19.
17. (ੳ) ਬਰਤਾਨੀਆ ਦਾ ਰੋਮੀ ਸਾਮਰਾਜ ਨਾਲ ਕੀ ਸੰਬੰਧ ਸੀ? (ਅ) ਬਰਤਾਨਵੀ ਸਾਮਰਾਜ ਦਾ ਮਕਦੂਨਿਯਾ ਅਤੇ ਯੂਨਾਨ ਦੇ ਹੈਲਨਵਾਦੀ ਰਾਜ ਨਾਲ ਕੀ ਸੰਬੰਧ ਹੈ?
17 ਤਾਂ ਫਿਰ ਇਤਿਹਾਸ ਅਨੁਸਾਰ ‘ਕਰੜੇ ਮੂੰਹ ਵਾਲਾ’ ਇਕ ਧੱਕੜ ਰਾਜਾ ਕੌਣ ਹੈ? ਅਸਲ ਵਿਚ ਬਰਤਾਨੀਆ ਰੋਮੀ ਸਾਮਰਾਜ ਦੇ ਉੱਤਰ-ਪੱਛਮੀ ਇਲਾਕੇ ਦੀ ਇਕ ਟਾਹਣੀ ਸੀ। ਸਾਡੇ ਸਮੇਂ ਦੀ ਪੰਜਵੀਂ ਸਦੀ ਦੇ ਪਹਿਲੇ ਹਿੱਸੇ ਤਕ ਮੌਜੂਦਾ ਬਰਤਾਨੀਆ ਵਿਚ ਰੋਮੀ ਸੂਬੇ ਪਾਏ ਜਾਂਦੇ ਸਨ। ਸਮਾਂ ਆਉਣ ਤੇ ਰੋਮੀ ਸਾਮਰਾਜ ਘਟਦਾ ਗਿਆ, ਪਰ ਬਰਤਾਨੀਆ ਅਤੇ ਯੂਰਪ ਦੇ ਉਨ੍ਹਾਂ ਦੂਜੇ ਹਿੱਸਿਆਂ ਵਿਚ ਜੋ ਰੋਮੀ ਰਾਜ-ਖੇਤਰ ਦੇ ਅਧੀਨ ਸਨ, ਯੂਨਾਨੀ-ਰੋਮੀ ਸਭਿਅਤਾ ਦਾ ਪ੍ਰਭਾਵ ਜਾਰੀ ਰਿਹਾ। ਮੈੱਕਸੀਕਨ ਕਵੀ ਅਤੇ ਲੇਖਕ, ਓਕਟੇਵੀਓ ਪਾਸ ਨਾਂ ਦੇ ਨੋਬਲ ਪੁਰਸਕਾਰ ਵਿਜੇਤਾ ਨੇ ਕਿਹਾ ਕਿ ‘ਰੋਮ ਦੇ ਢਹਿਣ ਨਾਲ ਚਰਚ ਉਸ ਦੀ ਥਾਂ ਵੱਡਾ ਪ੍ਰਭਾਵ ਪਾਉਣ ਲੱਗ ਪਿਆ।’ ਉਸ ਨੇ ਅੱਗੇ ਕਿਹਾ ਕਿ ‘ਚਰਚ ਦੇ ਵਡੇਰਿਆਂ ਅਤੇ ਬਾਅਦ ਦੇ ਵਿਦਵਾਨਾਂ ਨੇ ਮਸੀਹੀ ਮੱਤ ਨਾਲ ਯੂਨਾਨੀ ਫ਼ਲਸਫ਼ਿਆਂ ਨੂੰ ਜੋੜ ਦਿੱਤਾ।’ ਵੀਹਵੀਂ ਸਦੀ ਦੇ ਫ਼ਿਲਾਸਫ਼ਰ ਅਤੇ ਹਿਸਾਬਦਾਨ, ਬਰਟਰੈਂਡ ਰਸਲ ਨੇ ਕਿਹਾ ਕਿ “ਪੱਛਮ ਦੀ ਸਭਿਅਤਾ, ਜਿਸ ਦਾ ਮੁੱਢ ਯੂਨਾਨ ਹੈ, ਉਨ੍ਹਾਂ ਦਾਰਸ਼ਨਿਕ ਅਤੇ ਵਿਗਿਆਨਕ ਰੀਤਾਂ-ਰਿਵਾਜਾਂ ਉੱਤੇ ਆਧਾਰਿਤ ਹੈ ਜੋ ਢਾਈ ਹਜ਼ਾਰ ਸਾਲ ਪਹਿਲਾਂ ਮਾਈਲੀਟਸ [ਏਸ਼ੀਆ ਮਾਈਨਰ ਵਿਚ ਇਕ ਯੂਨਾਨੀ ਸ਼ਹਿਰ] ਵਿਚ ਸ਼ੁਰੂ ਹੋਏ।” ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਬਰਤਾਨਵੀ ਸਾਮਰਾਜ ਦੀਆਂ ਸਭਿਆਚਾਰਕ ਜੜ੍ਹਾਂ ਮਕਦੂਨਿਯਾ ਅਤੇ ਯੂਨਾਨ ਦੇ ਹੈਲਨਵਾਦੀ ਰਾਜ ਵਿਚ ਹਨ।
18. ਉਹ ਨਿੱਕਾ ਸਿੰਙ ਕੌਣ ਹੈ ਜੋ ‘ਓੜਕ ਦੇ ਸਮੇਂ’ ਇਕ ‘ਕਰੜੇ ਮੂੰਹ ਵਾਲਾ ਰਾਜਾ’ ਬਣਿਆ? ਵਿਆਖਿਆ ਕਰੋ।
18 ਬਰਤਾਨਵੀ ਸਾਮਰਾਜ ਨੇ 1763 ਤਕ ਆਪਣੇ ਸ਼ਕਤੀਸ਼ਾਲੀ ਵਿਰੋਧੀਆਂ, ਸਪੇਨ ਅਤੇ ਫਰਾਂਸ ਨੂੰ ਹਰਾ ਦਿੱਤਾ ਸੀ। ਉਸ ਸਮੇਂ ਤੋਂ ਉਸ ਨੇ ਆਪਣੇ ਆਪ ਨੂੰ ਦੂਜਿਆਂ ਦੇਸ਼ਾਂ ਉੱਪਰ ਪ੍ਰਧਾਨ ਅਤੇ ਬਾਈਬਲ ਦੀ ਭਵਿੱਖਬਾਣੀ ਦੀ ਸੱਤਵੀਂ ਵਿਸ਼ਵ ਸ਼ਕਤੀ ਸਾਬਤ ਕੀਤਾ। ਸੰਨ 1776 ਵਿਚ, 13 ਅਮਰੀਕਨ ਬਸਤੀਆਂ ਨੇ ਬਰਤਾਨੀਆ ਤੋਂ ਆਪਣੇ ਆਪ ਨੂੰ ਆਜ਼ਾਦ ਕੀਤਾ ਅਤੇ ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਕੀਤੀ। ਇਸ ਦੇ ਬਾਵਜੂਦ ਵੀ ਬਰਤਾਨਵੀ ਸਾਮਰਾਜ ਇੰਨਾ ਵੱਧ ਗਿਆ ਕਿ ਧਰਤੀ ਦਾ ਚੌਥਾ ਹਿੱਸਾ ਅਤੇ ਉਸ ਦੀ ਚੌਥੀ ਆਬਾਦੀ ਇਸ ਦੀ ਲਪੇਟ ਵਿਚ ਆ ਗਏ ਸਨ। ਸੱਤਵੀਂ ਵਿਸ਼ਵ ਸ਼ਕਤੀ ਅਜੇ ਹੋਰ ਵੀ ਤਕੜੀ ਹੋਈ ਜਦੋਂ ਸੰਯੁਕਤ ਰਾਜ ਅਮਰੀਕਾ ਨੇ ਬਰਤਾਨੀਆ ਨੂੰ ਸਹਿਯੋਗ ਦਿੱਤਾ ਅਤੇ ਉਹ ਐਂਗਲੋ-ਅਮਰੀਕੀ ਦੂਹਰੀ ਵਿਸ਼ਵ ਸ਼ਕਤੀ ਬਣ ਗਈ। ਇਹ ਸ਼ਕਤੀ ਆਰਥਿਕ ਅਤੇ ਫ਼ੌਜੀ ਤੌਰ ਤੇ ਸੱਚ-ਮੁੱਚ ਹੀ ਇਕ ‘ਕਰੜੇ ਮੂੰਹ ਵਾਲਾ ਰਾਜਾ’ ਬਣ ਗਈ। ਫਿਰ ਉਹ ਨਿੱਕਾ ਸਿੰਙ ਜੋ ‘ਓੜਕ ਦੇ ਸਮੇਂ’ ਇਕ ਕਰੜੀ ਸਿਆਸੀ ਸ਼ਕਤੀ ਬਣਿਆ, ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹੈ।
19. ਦਰਸ਼ਣ ਵਿਚ ਜ਼ਿਕਰ ਕੀਤਾ ਗਿਆ ‘ਮਨ ਭਾਉਂਦਾ ਦੇਸ਼’ ਕੀ ਹੈ?
19 ਦਾਨੀਏਲ ਨੇ ਦੇਖਿਆ ਕਿ ਨਿੱਕਾ ਸਿੰਙ “ਮਨ ਭਾਉਂਦੇ ਦੇਸ” ਵੱਲ ‘ਅਤਿਯੰਤ ਵਧੀ ਜਾ ਰਿਹਾ ਸੀ।’ (ਦਾਨੀਏਲ 8:9) ਉਹ ਵਾਅਦਾ ਕੀਤਾ ਹੋਇਆ ਦੇਸ਼ ਜੋ ਯਹੋਵਾਹ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਦਿੱਤਾ ਸੀ, ਇੰਨਾ ਮਨ-ਭਾਉਂਦਾ ਦੇਸ਼ ਸੀ ਕਿ ਉਸ ਨੂੰ ‘ਸਾਰੇ ਦੇਸ਼ਾਂ ਦੀ ਸ਼ਾਨ,’ ਅਰਥਾਤ ਸਾਰੀ ਧਰਤੀ ਦੇ ਦੇਸ਼ਾਂ ਦੀ ਸ਼ਾਨ ਸੱਦਿਆ ਗਿਆ ਸੀ। (ਹਿਜ਼ਕੀਏਲ 20:6, 15) ਇਹ ਗੱਲ ਸੱਚ ਹੈ ਕਿ 9 ਦਸੰਬਰ, 1917 ਨੂੰ ਬਰਤਾਨੀਆ ਨੇ ਯਰੂਸ਼ਲਮ ਉੱਤੇ ਕਬਜ਼ਾ ਕਰ ਲਿਆ ਸੀ, ਅਤੇ 1920 ਵਿਚ ਰਾਸ਼ਟਰ-ਸੰਘ ਨੇ ਬਰਤਾਨੀਆ ਮਹਾਨ ਨੂੰ ਫਲਸਤੀਨ ਉੱਪਰ ਅਧਿਕਾਰ ਦੇ ਦਿੱਤਾ ਸੀ, ਜਿਸ ਨੇ 14 ਮਈ, 1948 ਤਕ ਜਾਰੀ ਰਹਿਣਾ ਸੀ। ਪਰ ਇਹ ਭਵਿੱਖ-ਸੂਚਕ ਦਰਸ਼ਣ ਹੈ ਅਤੇ ਇਸ ਦੇ ਅਨੇਕ ਚਿੰਨ੍ਹ ਹਨ। ਅਤੇ ਦਰਸ਼ਣ ਵਿਚ ਜ਼ਿਕਰ ਕੀਤਾ ਗਿਆ ‘ਮਨ ਭਾਉਂਦਾ ਦੇਸ਼’ ਯਰੂਸ਼ਲਮ ਨੂੰ ਨਹੀਂ ਪਰ, ਸੱਤਵੀ ਵਿਸ਼ਵ ਸ਼ਕਤੀ ਦੇ ਸਮੇਂ ਦੌਰਾਨ, ਧਰਤੀ ਉੱਪਰ ਉਨ੍ਹਾਂ ਲੋਕਾਂ ਦੀ ਸਥਿਤੀ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਪਵਿੱਤਰ ਵਿਚਾਰਦਾ ਹੈ। ਆਓ ਅਸੀਂ ਦੇਖੀਏ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਇਨ੍ਹਾਂ ਪਵਿੱਤਰ ਲੋਕਾਂ ਨੂੰ ਕਿਵੇਂ ਧਮਕਾਉਣ ਦੀ ਕੋਸ਼ਿਸ਼ ਕਰਦੀ ਹੈ।
“ਉਸ ਦਾ ਪਵਿੱਤ੍ਰ ਥਾਂ” ਢਾਇਆ ਗਿਆ
20. “ਅਕਾਸ਼ ਦੀ ਸੈਨਾ” ਅਤੇ ‘ਤਾਰੇ’ ਕੌਣ ਹਨ ਜਿਨ੍ਹਾਂ ਨੂੰ ਨਿੱਕਾ ਸਿੰਙ ਢਾਉਣ ਦੀ ਕੋਸ਼ਿਸ਼ ਕਰਦਾ ਹੈ?
20 ਨਿੱਕਾ ਸਿੰਙ “ਵਧ ਕੇ ਅਕਾਸ਼ ਦੀ ਸੈਨਾ ਤੀਕ ਪੁੱਜ ਪਿਆ ਅਰ ਉਸ ਸੈਨਾ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਡੇਗ ਦਿੱਤਾ।” ਦੂਤ ਦੀ ਵਿਆਖਿਆ ਅਨੁਸਾਰ, ਉਹ “ਅਕਾਸ਼ ਦੀ ਸੈਨਾ” ਅਤੇ ‘ਤਾਰੇ’ ਜਿਨ੍ਹਾਂ ਨੂੰ ਨਿੱਕਾ ਸਿੰਙ ਢਾਉਣ ਦੀ ਕੋਸ਼ਿਸ਼ ਕਰਦਾ ਹੈ, ‘ਪਵਿੱਤ੍ਰ ਲੋਕ’ ਹਨ। (ਦਾਨੀਏਲ 8:10, 24) ਇਹ ‘ਪਵਿੱਤ੍ਰ ਲੋਕ’ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਮਸਹ ਕੀਤੇ ਹੋਏ ਮਸੀਹੀ ਹਨ। ਉਨ੍ਹਾਂ ਨੂੰ ਨਵੇਂ ਨੇਮ ਦੁਆਰਾ ਪਰਮੇਸ਼ੁਰ ਨਾਲ ਇਕ ਰਿਸ਼ਤੇ ਵਿਚ ਲਿਆਇਆ ਜਾਂਦਾ ਹੈ ਜੋ ਯਿਸੂ ਮਸੀਹ ਦੇ ਵਹਾਏ ਲਹੂ ਦੇ ਰਾਹੀਂ ਸੰਭਵ ਹੋਇਆ ਹੈ। ਇਸ ਕਾਰਨ ਹੀ ਉਹ ਪਰਮੇਸ਼ੁਰ ਦੀ ਅਣਵੰਡੀ ਸੇਵਾ ਲਈ ਪਵਿੱਤਰ, ਸਾਫ਼ ਅਤੇ ਵੱਖਰੇ ਠਹਿਰਾਏ ਜਾਂਦੇ ਹਨ। (ਇਬਰਾਨੀਆਂ 10:10; 13:20) ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਨਾਲ ਸਵਰਗੀ ਅਧਿਕਾਰ ਦੇ ਵਾਰਸਾਂ ਵਜੋਂ ਠਹਿਰਾ ਕੇ ਪਵਿੱਤਰ ਸਮਝਿਆ ਹੈ। (ਅਫ਼ਸੀਆਂ 1:3, 11, 18-20) ਫਿਰ ਦਾਨੀਏਲ ਦੇ ਦਰਸ਼ਣ ਵਿਚ “ਅਕਾਸ਼ ਦੀ ਸੈਨਾ,” ਧਰਤੀ ਉੱਤੇ 1,44,000 “ਪਵਿੱਤ੍ਰ ਲੋਕਾਂ” ਦਾ ਬਕੀਆ ਹਨ ਜੋ ਲੇਲੇ ਦੇ ਨਾਲ ਸਵਰਗ ਵਿਚ ਰਾਜ ਕਰਨਗੇ।—ਪਰਕਾਸ਼ ਦੀ ਪੋਥੀ 14:1-5.
21. ਉਸ “ਪਵਿੱਤ੍ਰ ਥਾਂ” ਵਿਚ ਕੌਣ ਹਨ ਜਿਸ ਨੂੰ ਸੱਤਵੀਂ ਵਿਸ਼ਵ ਸ਼ਕਤੀ ਉਜਾੜਨ ਦੀ ਕੋਸ਼ਿਸ਼ ਕਰਦੀ ਹੈ?
21 ਅੱਜ 1,44,000 ਦਾ ਬਕੀਆ ਪਰਮੇਸ਼ੁਰ ਦੇ ਸ਼ਹਿਰ ਵਰਗੇ ਰਾਜ, “ਸੁਰਗੀ ਯਰੂਸ਼ਲਮ” ਅਤੇ ਉਸ ਦੀ ਹੈਕਲ ਵਾਲੇ ਪ੍ਰਬੰਧ ਦੇ ਜ਼ਮੀਨੀ ਪ੍ਰਤਿਨਿਧ ਹਨ। (ਇਬਰਾਨੀਆਂ 12:22, 28; 13:14) ਇਸ ਭਾਵ ਵਿਚ ਉਹ ਉਸ “ਪਵਿੱਤ੍ਰ ਥਾਂ” ਵਿਚ ਖੜ੍ਹੇ ਹਨ ਜਿਸ ਨੂੰ ਸੱਤਵੀਂ ਵਿਸ਼ਵ ਸ਼ਕਤੀ ਕੁਚਲਣ ਅਤੇ ਉਜਾੜਨ ਦੀ ਕੋਸ਼ਿਸ਼ ਕਰਦੀ ਹੈ। (ਦਾਨੀਏਲ 8:13) ਉਸ ਥਾਂ ਨੂੰ “[ਯਹੋਵਾਹ] ਦਾ ਪਵਿੱਤ੍ਰ ਥਾਂ” ਸੱਦ ਕੇ ਦਾਨੀਏਲ ਕਹਿੰਦਾ ਹੈ ਕਿ “[ਯਹੋਵਾਹ] ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤ੍ਰ ਥਾਂ ਢਾਇਆ ਗਿਆ। ਸੋ ਉਹ ਸੈਨਾ ਸਦਾ ਦੀ ਹੋਮ ਦੀ ਭੇਟ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸਚਿਆਈ ਨੂੰ ਧਰਤੀ ਉੱਤੇ ਸੁੱਟਿਆ। ਉਹ ਇਹ ਕਰਦਾ ਅਤੇ ਭਾਗਵਾਨ ਹੁੰਦਾ ਰਿਹਾ।” (ਦਾਨੀਏਲ 8:11, 12) ਇਹ ਕਿਵੇਂ ਪੂਰਾ ਹੋਇਆ?
22. ਦੂਜੇ ਵਿਸ਼ਵ ਯੁੱਧ ਦੌਰਾਨ, ਸੱਤਵੀਂ ਵਿਸ਼ਵ ਸ਼ਕਤੀ ਨੇ ਇਕ ਵੱਡਾ “ਅਪਰਾਧ” ਕਿਵੇਂ ਕੀਤਾ?
22 ਦੂਜੇ ਵਿਸ਼ਵ ਯੁੱਧ ਦੌਰਾਨ ਯਹੋਵਾਹ ਦੇ ਗਵਾਹਾਂ ਦੇ ਨਾਲ ਕੀ ਹੋਇਆ? ਉਨ੍ਹਾਂ ਦੇ ਨਾਲ ਬਹੁਤ ਜ਼ੁਲਮ ਕੀਤਾ ਗਿਆ। ਇਹ ਨਾਜ਼ੀ ਅਤੇ ਫ਼ਾਸੀ ਦੇਸ਼ਾਂ ਵਿਚ ਸ਼ੁਰੂ ਹੋਇਆ। ਪਰ ਜਲਦੀ ਹੀ ‘ਵੱਡਾ ਡਾਢਾ ਬਣਨ ਵਾਲੇ ਿਨੱਕੇ ਸਿੰਙ’ ਦੇ ਵਿਸ਼ਾਲ ਰਾਜ-ਖੇਤਰ ਵਿਚ ‘ਸਚਾਈ ਧਰਤੀ ਉੱਤੇ ਸੁੱਟੀ ਜਾਣ ਲੱਗ ਪਈ।’ ਤਕਰੀਬਨ ਸਾਰੇ ਬਰਤਾਨਵੀ ਕਾਮਨਵੈਲਥ ਵਿਚ ਰਾਜ ਪ੍ਰਚਾਰਕਾਂ ਦੀ “ਸੈਨਾ” ਅਤੇ ਉਨ੍ਹਾਂ ਦੇ “ਖ਼ੁਸ਼ ਖ਼ਬਰੀ” ਦੇ ਪ੍ਰਚਾਰ ਕਰਨ ਦੇ ਕੰਮ ਉੱਤੇ ਪਾਬੰਦੀ ਲਗਾਈ ਗਈ। (ਮਰਕੁਸ 13:10) ਜਦੋਂ ਇਨ੍ਹਾਂ ਕੌਮਾਂ ਨੇ ਜਬਰੀ ਤੌਰ ਤੇ ਮਨੁੱਖਾਂ ਨੂੰ ਫ਼ੌਜ ਵਿਚ ਭਰਤੀ ਕੀਤਾ, ਤਾਂ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਨੂੰ ਸੈਨਿਕ ਸੇਵਾ ਤੋਂ ਮੁਕਤ ਨਹੀਂ ਕੀਤਾ, ਅਤੇ ਉਨ੍ਹਾਂ ਦੀ ਪਰਮੇਸ਼ੁਰ ਵੱਲੋਂ ਸੇਵਕਾਂ ਦੇ ਤੌਰ ਤੇ ਨਿਯੁਕਤੀ ਦਾ ਜ਼ਰਾ ਵੀ ਆਦਰ ਨਹੀਂ ਕੀਤਾ। ਸੰਯੁਕਤ ਰਾਜ ਅਮਰੀਕਾ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਭੀੜਾਂ ਦੁਆਰਾ ਹਿੰਸਾ ਅਤੇ ਹੋਰ ਕਈ ਪ੍ਰਕਾਰ ਦੀਆਂ ਨਿਰਾਦਰੀਆਂ ਸਹਿਣੀਆਂ ਪਈਆਂ। ਅਸਲ ਵਿਚ ਸੱਤਵੀਂ ਵਿਸ਼ਵ ਸ਼ਕਤੀ ਨੇ ‘ਬੁੱਲ੍ਹਾਂ ਦੇ ਫਲ,’ ਅਰਥਾਤ ਉਸਤਤ ਦੇ ਬਲੀਦਾਨ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਯਹੋਵਾਹ ਦੇ ਲੋਕ ਆਪਣੀ ਉਪਾਸਨਾ ਵਿਚ ਇਹ “ਸਦਾ ਦੀ ਬਲੀ” ਉਸ ਨੂੰ ਬਾਕਾਇਦਾ ਚੜ੍ਹਾਉਂਦੇ ਹਨ। (ਇਬਰਾਨੀਆਂ 13:15) ਇਸ ਤਰ੍ਹਾਂ ਉਸ ਵਿਸ਼ਵ ਸ਼ਕਤੀ ਨੇ ਅੱਤ ਮਹਾਨ ਪਰਮੇਸ਼ੁਰ ਦੇ ਜਾਇਜ਼ ਰਾਜ-ਖੇਤਰ, ਅਰਥਾਤ ‘ਉਸ ਦੇ ਪਵਿੱਤ੍ਰ ਥਾਂ’ ਉੱਪਰ ਚੜ੍ਹਾਈ ਕਰਨ ਦਾ “ਅਪਰਾਧ” ਕੀਤਾ ਸੀ।
23. (ੳ) ਦੂਜੇ ਵਿਸ਼ਵ ਯੁੱਧ ਦੌਰਾਨ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ “ਸ਼ਜ਼ਾਦਿਆਂ ਦੇ ਸ਼ਜ਼ਾਦੇ ਦੇ ਵਿਰੁੱਧ” ਕਿਵੇਂ ਖੜ੍ਹੀ ਹੋਈ? (ਅ) “ਸ਼ਜ਼ਾਦਿਆਂ ਦਾ ਸ਼ਜ਼ਾਦਾ” ਕੌਣ ਹੈ?
23 ਦੂਜੇ ਵਿਸ਼ਵ ਯੁੱਧ ਦੌਰਾਨ “ਪਵਿੱਤ੍ਰ ਲੋਕਾਂ” ਨੂੰ ਸਤਾ ਕੇ, ਿਨੱਕੇ ਸਿੰਙ ਨੇ ਆਪਣੇ ਆਪ ਨੂੰ “ਸੈਨਾ ਦੇ ਸ਼ਜ਼ਾਦੇ ਤੀਕ” ਵੱਡਾ ਬਣਾਇਆ, ਜਾਂ ਜਿਸ ਤਰ੍ਹਾਂ ਜਬਰਾਏਲ ਦੂਤ ਕਹਿੰਦਾ ਹੈ ਕਿ ‘ਉਹ ਸ਼ਜ਼ਾਦਿਆਂ ਦੇ ਸ਼ਜ਼ਾਦੇ ਦੇ ਵਿਰੁੱਧ ਉੱਠ ਖਲੋਇਆ।’ (ਦਾਨੀਏਲ 8:11, 25) ਇਹ ਨਾਂ ‘ਸ਼ਜ਼ਾਦਿਆਂ ਦਾ ਸ਼ਜ਼ਾਦਾ’ ਕੇਵਲ ਯਹੋਵਾਹ ਪਰਮੇਸ਼ੁਰ ਤੇ ਹੀ ਲਾਗੂ ਹੁੰਦਾ ਹੈ। “ਸ਼ਜ਼ਾਦਾ” ਤਰਜਮਾ ਕੀਤਾ ਹੋਇਆ ਇਬਰਾਨੀ ਸ਼ਬਦ ਸਾਰ, ਇਕ ਕ੍ਰਿਆ ਨਾਲ ਸੰਬੰਧ ਰੱਖਦਾ ਹੈ ਜਿਸ ਦਾ ਅਰਥ ਹੈ “ਰਾਜ ਕਰਨਾ।” ਕਿਸੇ ਰਾਜੇ ਦੇ ਪੁੱਤਰ ਜਾਂ ਸ਼ਾਹੀ ਵਿਅਕਤੀ ਨੂੰ ਸੰਕੇਤ ਕਰਨ ਤੋਂ ਇਲਾਵਾ, ਇਹ ਸ਼ਬਦ ਇਕ ਸਰਦਾਰ ਜਾਂ ਮੁਖੀਏ ਉੱਤੇ ਲਾਗੂ ਹੁੰਦਾ ਹੈ। ਦਾਨੀਏਲ ਦੀ ਪੋਥੀ ਦੂਜੇ ਦੂਤਮਈ ਸ਼ਹਿਜ਼ਾਦਿਆਂ ਦਾ ਜ਼ਿਕਰ ਕਰਦੀ ਹੈ—ਮਿਸਾਲ ਲਈ ਮੀਕਾਏਲ। ਪਰਮੇਸ਼ੁਰ ਅਜਿਹੇ ਸ਼ਹਿਜ਼ਾਦਿਆਂ ਦਾ ਮੁੱਖ ਸ਼ਹਿਜ਼ਾਦਾ ਹੈ। (ਦਾਨੀਏਲ 10:13, 21. ਜ਼ਬੂਰ 83:18 ਦੀ ਤੁਲਨਾ ਕਰੋ।) ਕੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ ਦੇ ਵਿਰੁੱਧ ਕੋਈ ਖੜ੍ਹਾ ਹੋ ਸਕਦਾ ਹੈ?
“ਪਵਿੱਤ੍ਰ ਥਾਂ” ਸੁੱਚਾ ਬਣਾਇਆ ਜਾਂਦਾ ਹੈ
24. ਦਾਨੀਏਲ 8:14 ਸਾਨੂੰ ਕੀ ਭਰੋਸਾ ਦਿੰਦਾ ਹੈ?
24 ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ ਵਿਰੁੱਧ ਕੋਈ ਵੀ ਨਹੀਂ, ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਵਰਗਾ ਇਕ ‘ਕਰੜੇ ਮੂੰਹ ਵਾਲਾ’ ਰਾਜਾ ਵੀ ਨਹੀਂ ਖੜ੍ਹਾ ਹੋ ਸਕਦਾ! ਇਹ ਰਾਜਾ ਪਰਮੇਸ਼ੁਰ ਦੀ ਥਾਂ ਨੂੰ ਉਜਾੜਨ ਵਿਚ ਸਫ਼ਲ ਨਹੀਂ ਹੋਇਆ। ਇਕ ਦੂਤ ਦੱਸਦਾ ਹੈ ਕਿ “ਦੋ ਹਜ਼ਾਰ ਤਿੰਨ ਸੌ ਸੰਝ ਸਵੇਰਾਂ” ਤੋਂ ਬਾਅਦ “ਪਵਿੱਤ੍ਰ ਥਾਂ ਸੁੱਚਾ ਬਣਾਇਆ ਜਾਵੇਗਾ,” ਜਾਂ ਉਸ “ਦੀ ਜਿੱਤ ਹੋਵੇਗੀ।”—ਦਾਨੀਏਲ 8:13, 14; ਦ ਨਿਊ ਇੰਗਲਿਸ਼ ਬਾਈਬਲ.
25. ਉਹ 2,300 ਦਿਨਾਂ ਦਾ ਭਵਿੱਖ-ਸੂਚਕ ਸਮਾਂ ਕਿੰਨਾ ਲੰਬਾ ਹੈ, ਅਤੇ ਇਹ ਕਿਸ ਘਟਨਾ ਦੇ ਨਾਲ ਸੰਬੰਧ ਰੱਖਦਾ ਹੈ?
25 ਇਹ 2,300 ਦਿਨ ਇਕ ਭਵਿੱਖ-ਸੂਚਕ ਸਮਾਂ ਹੈ। ਇਸ ਕਰਕੇ ਇੱਥੇ 360 ਦਿਨਾਂ ਵਾਲਾ ਭਵਿੱਖ-ਸੂਚਕ ਸਾਲ ਲਾਗੂ ਹੁੰਦਾ ਹੈ। (ਪਰਕਾਸ਼ ਦੀ ਪੋਥੀ 11:2, 3; 12:6, 14) ਇਸ ਲਈ ਇਹ 2,300 ਦਿਨ, 6 ਸਾਲ, 4 ਮਹੀਨੇ, ਅਤੇ 20 ਦਿਨ ਬਣਦੇ ਹਨ। ਇਹ ਸਮਾਂ ਕਦੋਂ ਸੀ? ਅਨੇਕ ਦੇਸ਼ਾਂ ਵਿਚ 1930 ਦੇ ਦਹਾਕੇ ਦੌਰਾਨ ਪਰਮੇਸ਼ੁਰ ਦੇ ਲੋਕਾਂ ਉੱਪਰ ਸਤਾਹਟਾਂ ਆਈਆਂ। ਅਤੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੇ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੇ ਜ਼ਬਰਦਸਤ ਸਤਾਹਟਾਂ ਦਾ ਸਾਮ੍ਹਣਾ ਕੀਤਾ। ਕਿਉਂ? ਕਿਉਂਕਿ ਉਹ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ” ਸਮਝਦੇ ਸਨ। (ਰਸੂਲਾਂ ਦੇ ਕਰਤੱਬ 5:29) ਇਸ ਕਰਕੇ ਉਹ 2,300 ਦਿਨ ਉਸ ਯੁੱਧ ਦੇ ਨਾਲ ਸੰਬੰਧ ਰੱਖਦੇ ਹਨ।b ਇਸ ਭਵਿੱਖ-ਸੂਚਕ ਸਮੇਂ ਦੀ ਸ਼ੁਰੂਆਤ ਅਤੇ ਖ਼ਾਤਮੇ ਬਾਰੇ ਕੀ ਕਿਹਾ ਜਾ ਸਕਦਾ ਹੈ?
26. (ੳ) ਸਾਨੂੰ ਉਹ 2,300 ਦਿਨ ਘੱਟੋ-ਘੱਟ ਕਦੋਂ ਗਿਣਨੇ ਸ਼ੁਰੂ ਕਰਨੇ ਚਾਹੀਦੇ ਹਨ? (ਅ) ਉਹ 2,300 ਦਿਨਾਂ ਦਾ ਸਮਾਂ ਕਦੋਂ ਖ਼ਤਮ ਹੋਇਆ?
26 “ਪਵਿੱਤ੍ਰ ਥਾਂ” ਨੂੰ ਮੁੜ ਕੇ ਉਸੇ ਤਰ੍ਹਾਂ ਦਾ ‘ਬਣਾਉਣ ਲਈ’ ਜਿਸ ਤਰ੍ਹਾਂ ਦਾ ਉਹ ਪਹਿਲਾਂ ਸੀ, ਉਹ 2,300 ਦਿਨ ਉਦੋਂ ਸ਼ੁਰੂ ਹੋਏ ਹੋਣੇ ਜਦੋਂ ਉਹ ਥਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਹਾਲੇ “ਸੁੱਚਾ” ਸੀ। ਘੱਟੋ-ਘੱਟ, ਇਹ 1 ਜੂਨ, 1938 ਵਿਚ ਸੀ, ਜਦੋਂ ਦ ਵਾਚਟਾਵਰ ਵਿਚ “ਸੰਗਠਨ” ਨਾਮਕ ਲੇਖ ਦਾ ਪਹਿਲਾ ਹਿੱਸਾ ਪ੍ਰਕਾਸ਼ਿਤ ਹੋਇਆ। ਇਸ ਦਾ ਦੂਜਾ ਹਿੱਸਾ 15 ਜੂਨ, 1938 ਵਿਚ ਛਾਪਿਆ ਗਿਆ। ਜੇ ਅਸੀਂ 1 ਜਾਂ 15 ਜੂਨ, 1938 ਤੋਂ ਲੈ ਕੇ, 2,300 ਦਿਨ ਗਿਣੀਏ, (ਇਬਰਾਨੀ ਕਲੰਡਰ ਤੇ 6 ਸਾਲ, 4 ਮਹੀਨੇ ਅਤੇ 20 ਦਿਨ), ਤਾਂ ਇਹ ਸਾਨੂੰ 8 ਜਾਂ 22 ਅਕਤੂਬਰ, 1944 ਤਕ ਲਿਆਉਂਦਾ ਹੈ। ਪਿਟੱਸਬਰਗ, ਪੈਨਸਿਲਵੇਨੀਆ, ਯੂ.ਐੱਸ.ਏ. ਵਿਖੇ, 30 ਸਤੰਬਰ ਅਤੇ 1 ਅਕਤੂਬਰ, 1944 ਨੂੰ ਆਯੋਜਿਤ ਵਿਸ਼ੇਸ਼ ਸੰਮੇਲਨ ਦੇ ਪਹਿਲੇ ਦਿਨ, ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਨੇ “ਸਾਡੇ ਸਮੇਂ ਵਿਚ ਈਸ਼ਵਰੀ ਸੁਧਾਰ” ਦੇ ਵਿਸ਼ੇ ਉੱਤੇ ਭਾਸ਼ਣ ਦਿੱਤਾ। ਫਿਰ 2 ਅਕਤੂਬਰ ਨੂੰ ਹੋਈ ਸਾਲਾਨਾ ਕਾਰਪੋਰੇਟ ਸਭਾ ਵਿਚ ਸੋਸਾਇਟੀ ਦਾ ਚਾਰਟਰ ਸੁਧਾਰਿਆ ਗਿਆ ਸੀ ਤਾਂਕਿ ਜਿੰਨਾ ਹੋ ਸਕੇ ਇਹ ਈਸ਼ਵਰੀ ਪ੍ਰਬੰਧਾਂ ਨਾਲ ਮਿਲੇ-ਜੁਲੇ ਅਤੇ ਕਾਨੂੰਨੀ ਤੌਰ ਤੇ ਵੀ ਜਾਇਜ਼ ਹੋਵੇ। ਉਦੋਂ ਜ਼ਿਆਦਾ ਸਪੱਸ਼ਟ ਬਾਈਬਲੀ ਮੰਗਾਂ ਪ੍ਰਕਾਸ਼ਿਤ ਹੋਣ ਕਰਕੇ, ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਈਸ਼ਵਰੀ ਸੰਗਠਨ ਬਿਹਤਰ ਤਰੀਕੇ ਵਿਚ ਲਾਗੂ ਕੀਤਾ ਗਿਆ।
27. ਕੀ ਸਬੂਤ ਹੈ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਸਤਾਹਟ ਦੇ ਕਾਰਨ “ਸਦਾ ਦੀ ਬਲੀ” ਘੱਟ ਗਈ ਸੀ?
27 ਦੂਜਾ ਵਿਸ਼ਵ ਯੁੱਧ 1939 ਵਿਚ ਸ਼ੁਰੂ ਹੋਇਆ ਸੀ ਜਿਸ ਸਮੇਂ ਦੌਰਾਨ ਇਹ 2,300 ਦਿਨਾਂ ਦਾ ਸਮਾਂ ਜਾਰੀ ਰਿਹਾ ਅਤੇ ਸਤਾਹਟ ਦੇ ਕਾਰਨ ਪਰਮੇਸ਼ੁਰ ਦੀ ਪਵਿੱਤਰ ਥਾਂ ਵਿਖੇ “ਸਦਾ ਦੀ ਬਲੀ” ਦੀ ਭੇਟ ਬਹੁਤ ਘੱਟ ਗਈ ਸੀ। ਸਾਲ 1938 ਵਿਚ ਵਾਚ ਟਾਵਰ ਸੋਸਾਇਟੀ ਦੇ 39 ਸ਼ਾਖਾ ਦਫ਼ਤਰ ਸਨ ਜੋ ਸੰਸਾਰ ਭਰ ਗਵਾਹਾਂ ਦੇ ਕੰਮ ਦੀ ਦੇਖ-ਭਾਲ ਕਰਦੇ ਸਨ, ਪਰ 1943 ਤਕ ਇਨ੍ਹਾਂ ਵਿੱਚੋਂ ਸਿਰਫ਼ 21 ਰਹਿ ਗਏ। ਉਸ ਸਮੇਂ ਦੌਰਾਨ ਰਾਜ ਪ੍ਰਕਾਸ਼ਕਾਂ ਦੀ ਗਿਣਤੀ ਵੀ ਬਹੁਤੀ ਨਹੀਂ ਵਧੀ।
28, 29. (ੳ) ਜਿਉਂ ਹੀ ਦੂਜਾ ਵਿਸ਼ਵ ਯੁੱਧ ਖ਼ਤਮ ਹੋਇਆ, ਯਹੋਵਾਹ ਦੇ ਸੰਗਠਨ ਵਿਚ ਕਿਹੜੀਆਂ ਤਬਦੀਲੀਆਂ ਆਈਆਂ? (ਅ) ਦੁਸ਼ਮਣ ਦੁਆਰਾ “ਪਵਿੱਤ੍ਰ ਥਾਂ” ਨੂੰ ਉਜਾੜਨ ਅਤੇ ਨਾਸ਼ ਕਰਨ ਦੇ ਡਾਢੇ ਜਤਨ ਬਾਰੇ ਕੀ ਕਿਹਾ ਜਾ ਸਕਦਾ ਹੈ?
28 ਜਿਵੇਂ ਅਸੀਂ ਦੇਖਿਆ ਹੈ, ਦੂਜੇ ਵਿਸ਼ਵ ਯੁੱਧ ਦੇ ਅਖ਼ੀਰਲੇ ਮਹੀਨਿਆਂ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਮੁੜ ਕੇ ਆਪਣਾ ਇਰਾਦਾ ਪੱਕਾ ਕੀਤਾ ਕਿ ਉਹ ਇਕ ਈਸ਼ਵਰੀ ਸੰਗਠਨ ਵਜੋਂ ਪਰਮੇਸ਼ੁਰ ਦੀ ਹਕੂਮਤ ਦੀ ਵਡਿਆਈ ਕਰਨਗੇ। ਉਨ੍ਹਾਂ ਨੇ 1944 ਵਿਚ ਇਸੇ ਮਕਸਦ ਲਈ ਆਪਣੇ ਕੰਮ ਦਾ ਮੁੜ ਕੇ ਇੰਤਜ਼ਾਮ ਕੀਤਾ ਅਤੇ ਪ੍ਰਬੰਧਕੀ ਸਭਾ ਮੁੜ ਕੇ ਸਥਾਪਿਤ ਕੀਤੀ। ਅਸਲ ਵਿਚ, 15 ਅਕਤੂਬਰ, 1944 ਦੇ ਵਾਚਟਾਵਰ ਵਿਚ “ਅੰਤਲੇ ਕੰਮ ਲਈ ਤਿਆਰ” ਨਾਮਕ ਇਕ ਲੇਖ ਛਾਪਿਆ ਗਿਆ। ਉਸ ਸਮੇਂ ਦੇ ਇਸ ਲੇਖ ਨੇ ਅਤੇ ਦੂਜੇ ਸੇਵਾ-ਸੰਬੰਧਿਤ ਲੇਖਾਂ ਨੇ ਸੰਕੇਤ ਕੀਤਾ ਕਿ 2,300 ਦਿਨ ਖ਼ਤਮ ਹੋ ਗਏ ਸਨ ਅਤੇ “ਪਵਿੱਤ੍ਰ ਥਾਂ” ਫਿਰ ਤੋਂ “ਸੁੱਚਾ” ਬਣ ਗਿਆ ਸੀ।
29 ਦੁਸ਼ਮਣ ਦੁਆਰਾ “ਪਵਿੱਤ੍ਰ ਥਾਂ” ਨੂੰ ਉਜਾੜਨ ਅਤੇ ਨਾਸ਼ ਕਰਨ ਦੇ ਡਾਢੇ ਜਤਨ ਬਿਲਕੁਲ ਹੀ ਅਸਫ਼ਲ ਰਹੇ। ਵਾਕਈ, ਧਰਤੀ ਉੱਤੇ “ਸੰਤਾਂ” ਦਾ ਬਕੀਆ, ਅਤੇ ਉਨ੍ਹਾਂ ਦੇ ਸਾਥੀਆਂ ਦੀ “ਵੱਡੀ ਭੀੜ” ਹੁਣ ਜਿੱਤ ਗਏ ਸਨ। (ਪਰਕਾਸ਼ ਦੀ ਪੋਥੀ 7:9) ਪਵਿੱਤਰ ਥਾਂ ਹੁਣ ਆਪਣੀ ਸੁੱਚੀ ਈਸ਼ਵਰੀ ਸਥਿਤੀ ਵਿਚ ਯਹੋਵਾਹ ਦੀ ਸੇਵਾ ਕਰ ਰਿਹਾ ਹੈ।
30. ਬਹੁਤ ਜਲਦੀ ਹੀ ‘ਕਰੜੇ ਮੂੰਹ ਵਾਲੇ ਰਾਜੇ’ ਨਾਲ ਕੀ ਹੋਵੇਗਾ?
30 ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹਾਲੇ ਵੀ ਹਕੂਮਤ ਕਰ ਰਹੀ ਹੈ। “ਪਰ [ਉਸ ਨੂੰ] ਬਿਨਾ ਹੱਥ ਲਾਏ ਤੋੜਿਆ ਜਾਵੇਗਾ,” ਜਬਰਾਏਲ ਦੂਤ ਨੇ ਕਿਹਾ। (ਦਾਨੀਏਲ 8:25) ਬਹੁਤ ਜਲਦੀ ਹੀ ਬਾਈਬਲ ਦੀ ਭਵਿੱਖਬਾਣੀ ਦੀ ਇਹ ਸੱਤਵੀਂ ਸ਼ਕਤੀ, ਅਰਥਾਤ ਉਹ ‘ਕਰੜੇ ਮੂੰਹ ਵਾਲਾ ਰਾਜਾ,’ ਮਨੁੱਖੀ ਹੱਥਾਂ ਦੁਆਰਾ ਨਹੀਂ, ਪਰ ਆਰਮਾਗੇਡਨ ਤੇ ਈਸ਼ਵਰੀ ਸ਼ਕਤੀ ਦੁਆਰਾ ਤੋੜਿਆ ਜਾਵੇਗਾ। (ਦਾਨੀਏਲ 2:44; ਪਰਕਾਸ਼ ਦੀ ਪੋਥੀ 16:14, 16) ਇਹ ਜਾਣਨਾ ਕਿੰਨੇ ਆਨੰਦ ਦੀ ਗੱਲ ਹੈ ਕਿ ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ, ਯਹੋਵਾਹ ਪਰਮੇਸ਼ੁਰ ਦੀ ਸਰਬਸੱਤਾ ਸਹੀ ਸਿੱਧ ਹੋ ਜਾਵੇਗੀ!
[ਫੁਟਨੋਟ]
a ਬਾਈਬਲ ਨਾਲ ਖ਼ਾਸ ਸੰਬੰਧ ਰੱਖਣ ਵਾਲੀਆਂ ਸੱਤ ਵਿਸ਼ਵ ਸ਼ਕਤੀਆਂ ਹਨ: ਮਿਸਰ, ਅੱਸ਼ੂਰ, ਬਾਬਲ, ਮਾਦੀ-ਫ਼ਾਰਸ, ਯੂਨਾਨ, ਰੋਮ, ਅਤੇ ਐਂਗਲੋ-ਅਮਰੀਕੀ ਦੂਹਰੀ ਸ਼ਕਤੀ। ਇਹ ਸਾਰੀਆਂ ਸ਼ਕਤੀਆਂ ਇਸ ਕਰਕੇ ਧਿਆਨਯੋਗ ਹਨ ਕਿਉਂਕਿ ਇਨ੍ਹਾਂ ਦਾ ਯਹੋਵਾਹ ਦੇ ਲੋਕਾਂ ਨਾਲ ਸੰਬੰਧ ਰਿਹਾ ਹੈ।
b ਦਾਨੀਏਲ 7:25 ਵੀ ਉਸ ਸਮੇਂ ਬਾਰੇ ਜ਼ਿਕਰ ਕਰਦਾ ਹੈ ਜਦੋਂ ‘ਅੱਤ ਮਹਾਨ ਦੇ ਸੰਤ ਦੁਖਾਏ ਜਾਂਦੇ ਹਨ।’ ਜਿਸ ਤਰ੍ਹਾਂ ਪਿੱਛਲੇ ਅਧਿਆਇ ਵਿਚ ਸਮਝਾਇਆ ਗਿਆ ਸੀ, ਇਹ ਪਹਿਲੇ ਵਿਸ਼ਵ ਯੁੱਧ ਨਾਲ ਸੰਬੰਧ ਰੱਖਦਾ ਸੀ।
ਅਸੀਂ ਕੀ ਸਿੱਖਿਆ?
• ਇਨ੍ਹਾਂ ਪਸ਼ੂਆਂ ਦੁਆਰਾ ਕੀ ਦਰਸਾਇਆ ਗਿਆ ਹੈ:
“ਇੱਕ ਮੇਢਾ” ਜਿਸ ਦੇ “ਦੋ ਸਿੰਙ” ਸਨ?
“ਉਹ ਬਲਵਾਨ ਬੱਕਰਾ” ਜਿਸ ਦਾ “ਵੱਡਾ ਸਿੰਙ” ਸੀ?
‘ਉਸ ਵੱਡੇ ਸਿੰਙ’ ਦੀ ਥਾਂ ਤੇ ਆਉਣ ਵਾਲੇ ਚਾਰ ਸਿੰਙ?
ਉਹ ਨਿੱਕਾ ਸਿੰਙ ਜੋ ਚਾਰਾਂ ਸਿੰਙਾਂ ਦੇ ਇਕ ਸਿੰਙ ਵਿੱਚੋਂ ਨਿਕਲਿਆ?
• ਦੂਜੇ ਵਿਸ਼ਵ ਯੁੱਧ ਦੌਰਾਨ, ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ “ਪਵਿੱਤ੍ਰ ਥਾਂ” ਨੂੰ ਕਿਵੇਂ ਉਜਾੜਨ ਦੀ ਕੋਸ਼ਿਸ਼ ਕੀਤੀ ਅਤੇ ਕੀ ਉਹ ਸਫ਼ਲ ਹੋਈ?
[ਸਫ਼ਾ 166 ਉੱਤੇ ਨਕਸ਼ਾ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਮਾਦੀ-ਫ਼ਾਰਸੀ ਸਾਮਰਾਜ
ਮੈਸੇਡੋਨੀਆ
ਮਿਸਰ
ਮੈਮਫ਼ਿਸ
ਈਥੀਓਪੀਆ
ਯਰੂਸ਼ਲਮ
ਬਾਬਲ
ਐਕਬਟਾਨਾ
ਸੂਸਾ
ਪਰਸੇਪੋਲਿਸ
ਭਾਰਤ
[ਸਫ਼ਾ 169 ਉੱਤੇ ਨਕਸ਼ਾ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਯੂਨਾਨੀ ਸਾਮਰਾਜ
ਮਕਦੂਨਿਯਾ
ਮਿਸਰ
ਬਾਬਲ
ਸਿੰਧ ਦਰਿਆ
[ਸਫ਼ਾ 172 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਰੋਮੀ ਸਾਮਰਾਜ
ਬਰਤਾਨੀਆ
ਇਟਲੀ
ਰੋਮ
ਯਰੂਸ਼ਲਮ
ਮਿਸਰ
[ਪੂਰੇ ਸਫ਼ੇ 164 ਉੱਤੇ ਤਸਵੀਰ]
[ਸਫ਼ਾ 174 ਉੱਤੇ ਤਸਵੀਰਾਂ]
ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੇ ਕੁਝ ਮਸ਼ਹੂਰ ਵਿਅਕਤੀ:
1. ਯੂ.ਐੱਸ. ਦਾ ਪਹਿਲਾ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ (1789-97)
2. ਬਰਤਾਨੀਆ ਦੀ ਰਾਣੀ ਵਿਕਟੋਰੀਆ (1837-1901)
3. ਯੂ.ਐੱਸ. ਦਾ ਰਾਸ਼ਟਰਪਤੀ ਵੁਡਰੋ ਵਿਲਸਨ (1913-21)
4. ਬਰਤਾਨੀਆ ਦਾ ਪ੍ਰਧਾਨ ਮੰਤਰੀ ਡੇਵਿਡ ਲੋਈਡ ਜੌਰਜ (1916-22)
5. ਬਰਤਾਨੀਆ ਦਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ (1940-45, 1951-55)
6. ਯੂ.ਐੱਸ. ਦਾ ਰਾਸ਼ਟਰਪਤੀ ਫ਼ਰੈਂਕਲਿਨ ਡੀ. ਰੁਜ਼ਾਵਲਟ (1933-45)