ਬਾਰਵਾਂ ਅਧਿਆਇ
ਪਰਮੇਸ਼ੁਰ ਨੇ ਆਪਣੇ ਦੂਤ ਦੁਆਰਾ ਦਾਨੀਏਲ ਨੂੰ ਤਕੜਾ ਕੀਤਾ
1. ਦਾਨੀਏਲ ਨੂੰ ਯਹੋਵਾਹ ਦੇ ਮਕਸਦਾਂ ਦੀ ਪੂਰਤੀ ਵਿਚ ਡੂੰਘੀ ਦਿਲਚਸਪੀ ਰੱਖਣ ਦਾ ਵੱਡਾ ਫਲ ਕਿਵੇਂ ਮਿਲਿਆ?
ਦਾਨੀਏਲ ਨੂੰ ਯਹੋਵਾਹ ਦੇ ਮਕਸਦਾਂ ਦੀ ਪੂਰਤੀ ਵਿਚ ਡੂੰਘੀ ਦਿਲਚਸਪੀ ਰੱਖਣ ਦਾ ਵੱਡਾ ਫਲ ਮਿਲਿਆ। ਉਸ ਨੂੰ ਮਸੀਹਾ ਦੇ ਪ੍ਰਗਟਾਵੇ ਬਾਰੇ 70 ਸਾਤਿਆਂ ਦੀ ਉਤੇਜਕ ਭਵਿੱਖਬਾਣੀ ਦੱਸੀ ਗਈ ਸੀ। ਦਾਨੀਏਲ ਨੂੰ ਇਹ ਵੀ ਬਰਕਤ ਮਿਲੀ ਕਿ ਉਸ ਨੇ ਆਪਣੇ ਲੋਕਾਂ ਦੇ ਵਫ਼ਾਦਾਰ ਬਕੀਏ ਨੂੰ ਆਪਣੇ ਦੇਸ਼ ਨੂੰ ਵਾਪਸ ਜਾਂਦੇ ਦੇਖਿਆ। ਇਹ ਘਟਨਾ “ਫਾਰਸ ਦੇ ਪਾਤਸ਼ਾਹ [ਖੋਰਸ] ਦੇ ਪਹਿਲੇ ਵਰਹੇ,” ਦੇ ਅੰਤ ਵਿਚ ਜਾਂ 537 ਸਾ.ਯੁ.ਪੂ. ਵਿਚ ਵਾਪਰੀ ਸੀ।—ਅਜ਼ਰਾ 1:1-4.
2, 3. ਦਾਨੀਏਲ ਯਹੂਦੀ ਬਕੀਏ ਦੇ ਨਾਲ ਯਹੂਦਾਹ ਨੂੰ ਸ਼ਾਇਦ ਕਿਉਂ ਨਹੀਂ ਵਾਪਸ ਮੁੜਿਆ ਸੀ?
2 ਦਾਨੀਏਲ ਯਹੂਦਾਹ ਦੇ ਦੇਸ਼ ਨੂੰ ਖ਼ੁਦ ਵਾਪਸ ਨਹੀਂ ਗਿਆ ਸੀ। ਵੱਡੀ ਉਮਰ ਕਰਕੇ ਸ਼ਾਇਦ ਉਸ ਲਈ ਸਫ਼ਰ ਕਰਨਾ ਮੁਸ਼ਕਲ ਸੀ। ਜੋ ਵੀ ਸੀ, ਪਰਮੇਸ਼ੁਰ ਨੇ ਅਜੇ ਬਾਬਲ ਵਿਚ ਉਸ ਤੋਂ ਹੋਰ ਕੰਮ ਕਰਾਉਣੇ ਸਨ। ਦੋ ਸਾਲ ਬੀਤ ਚੁੱਕੇ ਸਨ। ਫਿਰ ਬਿਰਤਾਂਤ ਦੱਸਦਾ ਹੈ: “ਫਾਰਸ ਦੇ ਪਾਤਸ਼ਾਹ ਖੋਰਸ ਦੇ ਤੀਜੇ ਵਰ੍ਹੇ ਵਿੱਚ ਦਾਨੀਏਲ ਨੂੰ ਜਿਹ ਦਾ ਨਾਉਂ ਬੇਲਟਸ਼ੱਸਰ ਕਹਿੰਦੇ ਸਨ ਇੱਕ ਗੱਲ ਪਰਗਟ ਹੋਈ ਅਤੇ ਉਹ ਗੱਲ ਸੱਚ ਸੀ ਅਰਥਾਤ ਬੜਾ ਜੰਗ ਸੀ ਅਤੇ ਉਹ ਨੇ ਉਸ ਗੱਲ ਨੂੰ ਅਤੇ ਉਸ ਦਰਸ਼ਣ ਦੇ ਅਰਥ ਨੂੰ ਸਮਝ ਲਿਆ।”—ਦਾਨੀਏਲ 10:1.
3 ‘ਖੋਰਸ ਦਾ ਤੀਜਾ ਵਰ੍ਹਾ’ 536/535 ਸਾ.ਯੁ.ਪੂ. ਸੀ। ਰਾਜੇ ਦੀ ਅੰਸ ਅਤੇ ਯਹੂਦਾਹ ਦੇ ਉੱਚੇ ਘਰਾਣਿਆਂ ਦੇ ਨੌਜਵਾਨਾਂ ਸਮੇਤ, ਦਾਨੀਏਲ ਨੂੰ ਬਾਬਲ ਵਿਚ ਲਿਆਂਦੇ ਨੂੰ ਹੁਣ 80 ਸਾਲਾਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਸੀ। (ਦਾਨੀਏਲ 1:3) ਜੇਕਰ ਉਹ ਬਾਬਲ ਵਿਚ ਪਹੁੰਚਣ ਦੇ ਸਮੇਂ ਇਕ ਮੁੱਛ ਫੁੱਟ ਗੱਭਰੂ ਸੀ, ਤਾਂ ਹੁਣ ਉਸ ਦੀ ਉਮਰ ਤਕਰੀਬਨ 100 ਸਾਲ ਦੀ ਸੀ। ਉਸ ਨੇ ਵਫ਼ਾਦਾਰੀ ਨਾਲ ਸੇਵਾ ਕਰ ਕੇ ਕਿੰਨਾ ਵਧੀਆ ਰਿਕਾਰਡ ਕਾਇਮ ਕੀਤਾ ਸੀ!
4. ਵੱਡੀ ਉਮਰ ਦੇ ਬਾਵਜੂਦ ਵੀ ਦਾਨੀਏਲ ਨੇ ਯਹੋਵਾਹ ਦੀ ਸੇਵਾ ਵਿਚ ਅਜੇ ਕਿਹੜਾ ਮਹੱਤਵਪੂਰਣ ਕੰਮ ਕਰਨਾ ਸੀ?
4 ਪਰ ਇੰਨੀ ਉਮਰ ਹੋਣ ਦੇ ਬਾਵਜੂਦ ਵੀ, ਯਹੋਵਾਹ ਦੀ ਸੇਵਾ ਵਿਚ ਦਾਨੀਏਲ ਦਾ ਕੰਮ ਅਜੇ ਖ਼ਤਮ ਨਹੀਂ ਸੀ ਹੋਇਆ। ਪਰਮੇਸ਼ੁਰ ਨੇ ਹਾਲੇ ਉਸ ਦੁਆਰਾ ਇਕ ਹੋਰ ਭਵਿੱਖ-ਸੂਚਕ ਸੰਦੇਸ਼ ਐਲਾਨ ਕਰਾਉਣਾ ਸੀ ਜਿਸ ਦਾ ਗਹਿਰਾ ਅਸਰ ਪੈਣਾ ਸੀ। ਉਹ ਐਸੀ ਭਵਿੱਖਬਾਣੀ ਹੋਣੀ ਸੀ ਜਿਸ ਦਾ ਅਸਰ ਸਾਡੇ ਸਮੇਂ ਅਤੇ ਉਸ ਤੋਂ ਵੀ ਅੱਗੇ ਆਉਣ ਵਾਲੇ ਸਮੇਂ ਤੇ ਪੈਣਾ ਸੀ। ਦਾਨੀਏਲ ਨੂੰ ਇਸ ਅਗਲੇ ਕੰਮ ਲਈ ਤਿਆਰ ਕਰਨ ਲਈ, ਯਹੋਵਾਹ ਨੇ ਉਸ ਨੂੰ ਤਕੜਾ ਕਰ ਕੇ ਉਸ ਦੀ ਮਦਦ ਕਰਨੀ ਉਚਿਤ ਸਮਝੀ।
ਚਿੰਤਾ ਦਾ ਕਾਰਨ
5. ਦਾਨੀਏਲ ਨੂੰ ਸ਼ਾਇਦ ਕਿਹੜੀਆਂ ਖ਼ਬਰਾਂ ਦੇ ਕਾਰਨ ਚਿੰਤਾ ਹੋ ਸਕਦੀ ਸੀ?
5 ਭਾਵੇਂ ਕਿ ਦਾਨੀਏਲ ਯਹੂਦੀ ਬਕੀਏ ਦੇ ਨਾਲ ਯਹੂਦਾਹ ਦੇ ਦੇਸ਼ ਨੂੰ ਵਾਪਸ ਨਹੀਂ ਗਿਆ, ਉਹ ਇਹ ਜਾਣਨ ਲਈ ਬਹੁਤ ਹੀ ਉਤਾਵਲਾ ਸੀ ਕਿ ਉਸ ਦੇ ਪਿਆਰੇ ਦੇਸ਼ ਵਿਚ ਕੀ ਹੋ ਰਿਹਾ ਹੈ। ਦਾਨੀਏਲ ਨੂੰ ਖ਼ਬਰਾਂ ਤੋਂ ਪਤਾ ਚਲਿਆ ਕਿ ਯਰੂਸ਼ਲਮ ਵਿਚ ਸਭ ਕੁਝ ਠੀਕ-ਠਾਕ ਨਹੀਂ ਸੀ। ਜਗਵੇਦੀ ਤਾਂ ਮੁੜ ਕੇ ਆਪਣੇ ਥਾਂ ਤੇ ਟਿਕਾਈ ਗਈ ਸੀ ਅਤੇ ਯਰੂਸ਼ਲਮ ਵਿਚ ਹੈਕਲ ਦੀ ਨੀਂਹ ਵੀ ਰੱਖੀ ਗਈ ਸੀ। (ਅਜ਼ਰਾ ਦਾ ਤੀਜਾ ਅਧਿਆਇ) ਪਰ ਆਲੇ-ਦੁਆਲੇ ਦੀਆਂ ਕੌਮਾਂ ਦੇ ਲੋਕ ਮੁੜ ਉਸਾਰੀ ਦੇ ਇਸ ਕੰਮ ਦਾ ਵਿਰੋਧ ਕਰ ਰਹੇ ਸਨ, ਅਤੇ ਉਹ ਵਾਪਸ ਆਏ ਯਹੂਦੀਆਂ ਦੇ ਹੱਥ ਢਿੱਲੇ ਕਰਨ ਤੇ ਤੁਲੇ ਹੋਏ ਸਨ। (ਅਜ਼ਰਾ 4:1-5) ਵਾਕਈ, ਦਾਨੀਏਲ ਨੂੰ ਕਈਆਂ ਗੱਲਾਂ ਬਾਰੇ ਚਿੰਤਾ ਹੋ ਸਕਦੀ ਸੀ।
6. ਦਾਨੀਏਲ ਯਰੂਸ਼ਲਮ ਦੀਆਂ ਹਾਲਤਾਂ ਕਰਕੇ ਇੰਨਾ ਪਰੇਸ਼ਾਨ ਕਿਉਂ ਸੀ?
6 ਦਾਨੀਏਲ ਯਿਰਮਿਯਾਹ ਦੀ ਭਵਿੱਖਬਾਣੀ ਜਾਣਦਾ ਸੀ। (ਦਾਨੀਏਲ 9:2) ਉਸ ਨੂੰ ਪਤਾ ਸੀ ਕਿ ਯਰੂਸ਼ਲਮ ਵਿਚ ਹੈਕਲ ਦੀ ਮੁੜ ਉਸਾਰੀ ਅਤੇ ਸੱਚੀ ਉਪਾਸਨਾ ਦਾ ਦੁਬਾਰਾ ਕਾਇਮ ਹੋਣਾ, ਦੋਹਾਂ ਦਾ ਯਹੋਵਾਹ ਦੇ ਲੋਕਾਂ ਦੇ ਸੰਬੰਧ ਵਿਚ ਉਸ ਦੇ ਮਕਸਦ ਨਾਲ ਨਜ਼ਦੀਕੀ ਰਿਸ਼ਤਾ ਸੀ। ਉਹ ਇਹ ਵੀ ਜਾਣਦਾ ਸੀ ਕਿ ਇਹ ਸਭ ਕੁਝ ਵਾਅਦਾ ਕੀਤੇ ਗਏ ਮਸੀਹਾ ਦੇ ਪ੍ਰਗਟਾਵੇ ਤੋਂ ਪਹਿਲਾਂ ਹੋਵੇਗਾ। ਅਸਲ ਵਿਚ ਦਾਨੀਏਲ ਲਈ ਇਹ ਬਹੁਤ ਵੱਡਾ ਸਨਮਾਨ ਸੀ ਕਿ ਉਸ ਨੂੰ ਯਹੋਵਾਹ ਤੋਂ ‘ਸੱਤਰ ਸਾਤਿਆਂ’ ਦੀ ਭਵਿੱਖਬਾਣੀ ਮਿਲੀ। ਇਸ ਤੋਂ ਉਸ ਨੂੰ ਪਤਾ ਲੱਗਾ ਕਿ ਯਰੂਸ਼ਲਮ ਨੂੰ ਦੂਜੀ ਵਾਰ ਉਸਾਰਨ ਅਤੇ ਸਥਾਪਿਤ ਕਰਨ ਦੀ ਆਗਿਆ ਨਿਕਲਣ ਤੋਂ 69 ‘ਸਾਤਿਆਂ’ ਬਾਅਦ ਮਸੀਹਾ ਆਵੇਗਾ। (ਦਾਨੀਏਲ 9:24-27) ਪਰ ਯਰੂਸ਼ਲਮ ਦੀ ਮੰਦੀ ਹਾਲਤ ਅਤੇ ਹੈਕਲ ਦੀ ਉਸਾਰੀ ਕਰਨ ਵਿਚ ਦੇਰੀ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਬਿਲਕੁਲ ਸਮਝ ਸਕਦੇ ਹਾਂ ਕਿ ਦਾਨੀਏਲ ਹੌਸਲਾ ਹਾਰ ਕੇ ਇੰਨਾ ਉਦਾਸ ਕਿਉਂ ਹੋ ਗਿਆ ਸੀ।
7. ਦਾਨੀਏਲ ਨੇ ਤਿੰਨਾਂ ਹਫ਼ਤਿਆਂ ਲਈ ਕੀ ਕੀਤਾ ਸੀ?
7 ਬਿਰਤਾਂਤ ਕਹਿੰਦਾ ਹੈ ਕਿ “ਮੈਂ ਦਾਨੀਏਲ ਉਨ੍ਹਾਂ ਦਿਨਾਂ ਵਿੱਚ ਤਿੰਨਾਂ ਸਾਤਿਆਂ ਤੋੜੀ ਸੋਗ ਕਰਦਾ ਰਿਹਾ। ਮੈਂ ਸੁਆਦ ਦੀ ਰੋਟੀ ਨਾ ਖਾਧੀ ਅਤੇ ਮੇਰੇ ਮੂੰਹ ਵਿੱਚ ਮਾਸ ਅਰ ਸ਼ਰਾਬ ਨਾ ਪਏ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ ਐਥੋਂ ਤੀਕਰ ਜੋ ਤਿੰਨ ਸਾਤੇ ਪੂਰੇ ਲੰਘ ਗਏ।” (ਦਾਨੀਏਲ 10:2, 3) ਸੋਗ ਅਤੇ ਵਰਤ ਰੱਖਣ ਦੇ ‘ਪੂਰੇ ਤਿੰਨ ਸਾਤੇ,’ ਜਾਂ 21 ਦਿਨ, ਆਮ ਨਾਲੋਂ ਜ਼ਿਆਦਾ ਹੀ ਲੰਬਾ ਸਮਾਂ ਸੀ। ਜ਼ਾਹਰ ਹੈ ਕਿ ਇਹ ਸਮਾਂ “ਪਹਿਲੇ ਮਹੀਨੇ ਦੇ ਚਵੀਏਂ ਦਿਨ” ਖ਼ਤਮ ਹੋਇਆ। (ਦਾਨੀਏਲ 10:4) ਇਸ ਲਈ ਦਾਨੀਏਲ ਦੇ ਵਰਤ ਰੱਖਣ ਦੇ ਸਮੇਂ ਦੌਰਾਨ, ਪਹਿਲੇ ਮਹੀਨੇ, ਨੀਸਾਨ ਦੇ 14ਵੇਂ ਦਿਨ ਤੇ ਪਸਾਹ ਅਤੇ ਇਸ ਦੇ ਮਗਰੋਂ ਮਨਾਇਆ ਜਾਣ ਵਾਲਾ ਪਤੀਰੀ ਰੋਟੀ ਦਾ ਸੱਤਾਂ ਦਿਨਾਂ ਦਾ ਤਿਉਹਾਰ ਵੀ ਸ਼ਾਮਲ ਸੀ।
8. ਦਾਨੀਏਲ ਨੇ ਇਕ ਵਾਰ ਪਹਿਲਾਂ ਯਹੋਵਾਹ ਤੋਂ ਅਗਵਾਈ ਕਦੋਂ ਮੰਗੀ ਸੀ, ਅਤੇ ਉਸ ਦਾ ਨਤੀਜਾ ਕੀ ਹੋਇਆ ਸੀ?
8 ਦਾਨੀਏਲ ਦੇ ਨਾਲ ਪਹਿਲਾਂ ਵੀ ਇਕ ਵਾਰ ਇਵੇਂ ਹੋ ਚੁੱਕਾ ਸੀ। ਉਸ ਵੇਲੇ ਉਹ ਯਹੋਵਾਹ ਦੁਆਰਾ ਕੀਤੀ ਗਈ ਯਰੂਸ਼ਲਮ ਦੀ 70 ਸਾਲਾਂ ਦੀ ਤਬਾਹੀ ਦੀ ਭਵਿੱਖਬਾਣੀ ਦੀ ਪੂਰਤੀ ਬਾਰੇ ਬੌਂਦਲਿਆ ਹੋਇਆ ਸੀ। ਦਾਨੀਏਲ ਨੇ ਉਦੋਂ ਕੀ ਕੀਤਾ ਸੀ? ਉਹ ਦੱਸਦਾ ਹੈ ਕਿ “ਮੈਂ ਆਪਣਾ ਮੂੰਹ ਪ੍ਰਭੁ ਪਰਮੇਸ਼ੁਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰ ਕੇ ਅਰ ਵਰਤ ਰੱਖ ਕੇ ਤੱਪੜ ਅਰ ਸੁਆਹ ਸਣੇ ਉਹ ਦੀ ਭਾਲ ਕੀਤੀ।” ਯਹੋਵਾਹ ਨੇ ਜਬਰਾਈਲ ਦੂਤ ਦੁਆਰਾ ਇਕ ਸੰਦੇਸ਼ ਭੇਜ ਕੇ ਦਾਨੀਏਲ ਦੀ ਪ੍ਰਾਰਥਨਾ ਦਾ ਉੱਤਰ ਦਿੱਤਾ ਅਤੇ ਉਸ ਦਾ ਹੌਸਲਾ ਵਧਾਇਆ। (ਦਾਨੀਏਲ 9:3, 21, 22) ਕੀ ਯਹੋਵਾਹ ਹੁਣ ਫਿਰ ਉਸੇ ਤਰ੍ਹਾਂ ਦਾਨੀਏਲ ਦਾ ਹੌਸਲਾ ਵਧਾਏਗਾ, ਕਿਉਂਕਿ ਦਾਨੀਏਲ ਨੂੰ ਇਸ ਦੀ ਬਹੁਤ ਹੀ ਜ਼ਰੂਰਤ ਸੀ?
ਇਕ ਅਸਚਰਜਜਨਕ ਦਰਸ਼ਣ
9, 10. (ੳ) ਦਾਨੀਏਲ ਕਿੱਥੇ ਸੀ ਜਦੋਂ ਉਸ ਨੂੰ ਇਕ ਦਰਸ਼ਣ ਦਿੱਤਾ ਗਿਆ ਸੀ? (ਅ) ਦਾਨੀਏਲ ਨੇ ਦਰਸ਼ਣ ਵਿਚ ਕੀ ਦੇਖਿਆ ਸੀ?
9 ਯਹੋਵਾਹ ਦਾਨੀਏਲ ਨੂੰ ਨਿਰਾਸ਼ ਨਹੀਂ ਹੋਣ ਦਿੰਦਾ। ਉਹ ਦੱਸਦਾ ਹੈ ਕਿ ਅੱਗੇ ਕੀ ਹੁੰਦਾ ਹੈ: ‘ਜਦੋਂ ਮੈਂ ਵੱਡੇ ਦਰਿਆ ਦਜਲੇ [ਹਿੱਦਕਲ] ਦੇ ਕੰਢੇ ਉੱਤੇ ਸਾਂ ਅਤੇ ਮੈਂ ਅੱਖੀਆਂ ਉਘਾੜ ਕੇ ਡਿੱਠਾ ਅਤੇ ਕੀ ਵੇਖਦਾ ਹਾਂ ਜੋ ਇੱਕ ਮਨੁੱਖ ਸੂਤੀ ਲੀੜੇ ਪਾਏ ਹੋਏ ਜਿਹ ਦੇ ਲੱਕ ਨਾਲ ਊਫਾਜ਼ ਦੇ ਕੁੰਦਨ ਸੋਨੇ ਦੀ ਪੇਟੀ ਬੰਨ੍ਹੀ ਹੋਈ ਖਲੋਤਾ ਹੈ।’ (ਦਾਨੀਏਲ 10:4, 5) ਹਿੱਦਕਲ ਉਨ੍ਹਾਂ ਚਾਰ ਦਰਿਆਵਾਂ ਵਿੱਚੋਂ ਇਕ ਸੀ ਜੋ ਅਦਨ ਦੇ ਬਾਗ਼ ਵਿੱਚੋਂ ਵਹਿੰਦੇ ਸਨ। (ਉਤਪਤ 2:10-14) ਪ੍ਰਾਚੀਨ ਫ਼ਾਰਸੀ ਭਾਸ਼ਾ ਵਿਚ ਹਿੱਦਕਲ ਨੂੰ ਟਾਈਗਰਾ ਸੱਦਿਆ ਜਾਂਦਾ ਸੀ ਜਿਸ ਤੋਂ ਯੂਨਾਨੀ ਨਾਂ ਟਾਈਗ੍ਰਿਸ ਬਣਿਆ। ਫਰਾਤ ਅਤੇ ਟਾਈਗ੍ਰਿਸ ਦਰਿਆ ਦਾ ਵਿਚਕਾਰਲਾ ਇਲਾਕਾ ਮੇਸੋਪੋਟੇਮੀਆ ਸੱਦਿਆ ਜਾਣ ਲੱਗਿਆ, ਜਿਸ ਦਾ ਅਰਥ ਹੈ “ਦਰਿਆਵਾਂ ਵਿਚਕਾਰ ਜ਼ਮੀਨ।” ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਦਾਨੀਏਲ ਨੂੰ ਇਹ ਦਰਸ਼ਣ ਮਿਲਿਆ, ਉਹ ਹਾਲੇ ਬੈਬੀਲੋਨੀਆ ਵਿਚ ਸੀ, ਭਾਵੇਂ ਸ਼ਾਇਦ ਬਾਬਲ ਸ਼ਹਿਰ ਵਿਚ ਨਹੀਂ।
10 ਦਾਨੀਏਲ ਨੂੰ ਕਿੰਨਾ ਅਸਚਰਜ ਦਰਸ਼ਣ ਦਿੱਤਾ ਗਿਆ! ਇਹ ਸਪੱਸ਼ਟ ਹੈ ਕਿ ਜਦੋਂ ਉਸ ਨੇ ਆਪਣੀਆਂ ਅੱਖਾਂ ਉਘਾੜ ਕੇ ਦੇਖਿਆ, ਤਾਂ ਉਸ ਦੇ ਸਾਮ੍ਹਣੇ ਕੋਈ ਸਾਧਾਰਣ ਆਦਮੀ ਨਹੀਂ ਖੜ੍ਹਾ ਸੀ। ਦਾਨੀਏਲ ਨੇ ਇਹ ਸਪੱਸ਼ਟ ਵਰਣਨ ਪੇਸ਼ ਕੀਤਾ: “ਉਹ ਦਾ ਸਰੀਰ ਬੈਰੂਜ਼ ਵਰਗਾ ਅਤੇ ਉਹ ਦਾ ਮੂੰਹ ਬਿਜਲੀ ਜਿਹਾ ਸੀ ਅਤੇ ਉਹ ਦੀਆਂ ਅੱਖੀਆਂ ਦੋ ਜਗਦਿਆਂ ਦੀਵਿਆਂ ਵਰਗੀਆਂ ਸਨ। ਉਸ ਦੀਆਂ ਬਾਂਹਾਂ ਅਤੇ ਉਸ ਦੇ ਪੈਰ ਰੰਗਾਂ ਵਿੱਚ ਲਿਸ਼ਕਦੇ ਪਿੱਤਲ ਜਿਹੇ ਸਨ ਅਤੇ ਉਸ ਦੀਆਂ ਗੱਲਾਂ ਕਰਨ ਦੀ ਅਵਾਜ਼ ਐਹੋ ਜਿਹੀ ਸੀ ਜਿਵੇਂ ਭੀੜ ਦੀ।”—ਦਾਨੀਏਲ 10:6.
11. ਦਾਨੀਏਲ ਅਤੇ ਉਸ ਦੇ ਨਾਲ ਦਿਆਂ ਮਨੁੱਖਾਂ ਉੱਪਰ ਦਰਸ਼ਣ ਦਾ ਕੀ ਅਸਰ ਪਿਆ?
11 ਦਾਨੀਏਲ ਦੱਸਦਾ ਹੈ ਕਿ ਦਰਸ਼ਣ ਦੀ ਚਮਕ ਦੇ ਬਾਵਜੂਦ, “ਜਿਹੜੇ ਮਨੁੱਖ ਮੇਰੇ ਨਾਲ ਸਨ ਉਨ੍ਹਾਂ ਨੇ ਇਸ ਦਰਸ਼ਣ ਨੂੰ ਨਾ ਡਿੱਠਾ।” ਕਿਸੇ ਅਣਜਾਣ ਕਾਰਨ ਕਰਕੇ “ਉਨ੍ਹਾਂ ਨੂੰ ਅਜੇਹੀ ਕੰਬਣੀ ਛਿੜੀ [ਕਿ ਉਹ] ਆਪਣੇ ਆਪ ਨੂੰ ਲੁਕਾਉਣ ਲਈ ਨੱਠੇ।” ਇਸ ਲਈ ਦਾਨੀਏਲ ਇਕੱਲਾ ਹੀ ਦਰਿਆ ਦੇ ਕਿਨਾਰੇ ਰਹਿ ਗਿਆ ਸੀ। ‘ਇਸ ਵੱਡੇ ਦਰਸ਼ਣ’ ਨੇ ਦਾਨੀਏਲ ਉੱਤੇ ਇੰਨਾ ਡੂੰਘਾ ਅਸਰ ਪਾਇਆ ਕਿ ਉਸ ਨੇ ਕਬੂਲ ਕੀਤਾ: “ਮੇਰੇ ਵਿੱਚ ਸਾਹ ਸਤ ਨਾ ਰਿਹਾ ਕਿਉਂ ਜੋ ਮੇਰਾ ਰੂਪ ਰੰਗ ਮੇਰੇ ਮੂੰਹ ਦੀ ਪਿਲੱਤਣ ਨਾਲ ਵੱਟਿਆ ਗਿਆ ਅਤੇ ਮੇਰੇ ਵਿੱਚ ਕੁਝ ਬਲ ਨਾ ਰਿਹਾ।”—ਦਾਨੀਏਲ 10:7, 8.
12, 13. (ੳ) ਦੂਤ ਦੇ ਕੱਪੜਿਆਂ ਤੋਂ ਉਸ ਬਾਰੇ ਕੀ ਪਤਾ ਚੱਲਦਾ ਹੈ? (ਅ) ਦੂਤ ਦੇ ਰੂਪ ਤੋਂ ਉਸ ਬਾਰੇ ਕੀ ਪਤਾ ਚੱਲਦਾ ਹੈ?
12 ਆਓ ਅਸੀਂ ਇਸ ਅਸਚਰਜ ਦੂਤ ਵੱਲ ਧਿਆਨ ਦੇਈਏ ਜਿਸ ਨੇ ਦਾਨੀਏਲ ਨੂੰ ਇੰਨਾ ਡਰਾਇਆ ਸੀ। ਉਸ ਨੇ ‘ਸੂਤੀ ਲੀੜੇ ਪਾਏ ਹੋਏ ਸਨ ਅਤੇ ਉਸ ਦੇ ਲੱਕ ਨਾਲ ਊਫਾਜ਼ ਦੇ ਕੁੰਦਨ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ।’ ਪ੍ਰਾਚੀਨ ਇਸਰਾਏਲ ਵਿਚ, ਪ੍ਰਧਾਨ ਜਾਜਕ ਦਾ ਪਟਕਾ, ਏਫ਼ੋਦ, ਅਤੇ ਸੀਨਾ ਬੰਦ, ਨਾਲੇ ਦੂਜੇ ਜਾਜਕਾਂ ਦੇ ਚੋਗੇ ਮਹੀਨ ਕਤਾਨ ਨਾਲ ਬੁਣੇ ਜਾਂਦੇ ਸਨ ਜਿਨ੍ਹਾਂ ਉੱਤੇ ਸੋਨੇ ਦੀ ਕਢਾਈ ਕੀਤੀ ਹੁੰਦੀ ਸੀ। (ਕੂਚ 28:4-8; 39:27-29) ਇਸ ਕਰਕੇ ਦੂਤ ਦੇ ਕੱਪੜੇ ਉਸ ਦੀ ਪਵਿੱਤਰਤਾ ਅਤੇ ਉਸ ਦੇ ਉੱਚੇ ਅਹੁਦੇ ਵੱਲ ਸੰਕੇਤ ਕਰਦੇ ਸਨ।
13 ਦਾਨੀਏਲ ਵੀ ਦੂਤ ਦੇ ਰੂਪ ਨੂੰ ਦੇਖ ਕੇ ਹੱਕਾ-ਬੱਕਾ ਰਹਿ ਗਿਆ ਸੀ—ਉਸ ਦੇ ਹੀਰਿਆਂ ਵਰਗੇ ਸਰੀਰ ਦਾ ਚਮਕੀਲਾ ਤੇਜ, ਉਸ ਦੇ ਲਿਸ਼ਕਦੇ ਮੂੰਹ ਦੀ ਬਿਜਲੀ ਵਰਗੀ ਚਮਕ, ਉਸ ਦੀਆਂ ਅੱਗ ਵਰਗੀਆਂ ਅੱਖਾਂ ਦੀ ਚੁਭਵੀਂ ਸ਼ਕਤੀ, ਅਤੇ ਉਸ ਦੀਆਂ ਬਾਹਾਂ ਅਤੇ ਪੈਰਾਂ ਦੀ ਲਿਸ਼ਕ। ਉਸ ਦੀ ਰੋਅਬਦਾਰ ਆਵਾਜ਼ ਵੀ ਡਰਾਉਣੀ ਸੀ। ਇਹ ਸਭ ਕੁਝ ਸੰਕੇਤ ਕਰਦਾ ਹੈ ਕਿ ਉਹ ਕੋਈ ਆਮ ਮਨੁੱਖ ਨਹੀਂ ਸੀ। ਇਹ ‘ਸੂਤੀ ਲੀੜਿਆਂ ਵਾਲਾ ਮਨੁੱਖ’ ਹੋਰ ਕੋਈ ਨਹੀਂ ਸੀ, ਪਰ ਇਕ ਉੱਚੇ ਅਹੁਦੇ ਵਾਲਾ ਦੂਤ ਸੀ, ਜੋ ਯਹੋਵਾਹ ਦੀ ਪਵਿੱਤਰ ਮੌਜੂਦਗੀ ਵਿਚ ਸੇਵਾ ਕਰਦਾ ਸੀ, ਜਿੱਥੋਂ ਉਹ ਇਕ ਸੰਦੇਸ਼ ਲੈ ਕੇ ਆਇਆ ਸੀ।a
ਇਕ “ਅੱਤ ਪਿਆਰੇ ਮਨੁੱਖ” ਨੂੰ ਤਕੜਾ ਕੀਤਾ ਜਾਂਦਾ ਹੈ
14. ਦੂਤ ਤੋਂ ਸੰਦੇਸ਼ ਸੁਣਨ ਦੇ ਯੋਗ ਹੋਣ ਲਈ, ਦਾਨੀਏਲ ਨੂੰ ਕਿਸ ਮਦਦ ਦੀ ਜ਼ਰੂਰਤ ਸੀ?
14 ਯਹੋਵਾਹ ਦਾ ਦੂਤ ਦਾਨੀਏਲ ਲਈ ਇਕ ਮਹੱਤਵਪੂਰਣ ਅਤੇ ਅਸਾਧਾਰਣ ਸੰਦੇਸ਼ ਲਿਆਇਆ ਸੀ। ਇਸ ਸੰਦੇਸ਼ ਨੂੰ ਸੁਣਨ ਦੇ ਯੋਗ ਹੋਣ ਤੋਂ ਪਹਿਲਾਂ, ਦਾਨੀਏਲ ਨੂੰ ਆਪਣੀ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਤੋਂ ਚੰਗਾ ਹੋਣ ਦੀ ਜ਼ਰੂਰਤ ਸੀ। ਜ਼ਾਹਰ ਹੈ ਕਿ ਦੂਤ ਨੂੰ ਇਸ ਬਾਰੇ ਪਤਾ ਸੀ, ਇਸ ਲਈ ਉਸ ਨੇ ਪ੍ਰੇਮ ਨਾਲ ਦਾਨੀਏਲ ਨੂੰ ਨਿੱਜੀ ਮਦਦ ਅਤੇ ਹੌਸਲਾ ਦਿੱਤਾ। ਆਓ ਅਸੀਂ ਦਾਨੀਏਲ ਦਾ ਬਿਆਨ ਸੁਣੀਏ ਕਿ ਅੱਗੇ ਕੀ ਹੋਇਆ।
15. ਦਾਨੀਏਲ ਦੀ ਮਦਦ ਕਰਨ ਲਈ ਦੂਤ ਨੇ ਕੀ ਕੀਤਾ ਸੀ?
15 “ਮੈਂ ਉਸ ਦੀ ਅਵਾਜ਼ ਅਤੇ ਗੱਲਾਂ ਸੁਣਨ ਦੇ ਵੇਲੇ ਘੂਕ ਨੀਂਦ੍ਰ ਵਿੱਚ ਮੂੰਹ ਪਰਨੇ ਪੈ ਗਿਆ ਅਤੇ ਮੇਰਾ ਮੂੰਹ ਧਰਤੀ ਵੱਲ ਸੀ।” ਇਹ ਸੰਭਵ ਹੈ ਕਿ ਡਰ ਅਤੇ ਫ਼ਿਕਰ ਨੇ ਦਾਨੀਏਲ ਨੂੰ ਬੇਸੁਰਤ ਕਰ ਦਿੱਤਾ ਸੀ। ਦੂਤ ਨੇ ਉਸ ਦੀ ਮਦਦ ਕਿਵੇਂ ਕੀਤੀ? ਦਾਨੀਏਲ ਦੱਸਦਾ ਹੈ ਕਿ “ਵੇਖੋ, ਇੱਕ ਹੱਥ ਨੇ ਮੈਨੂੰ ਆ ਛੋਹਿਆ ਅਤੇ ਮੈਨੂੰ ਗੋਡਿਆਂ ਅਰ ਤਲੀਆਂ ਉੱਤੇ ਬਿਠਾਇਆ।” ਇਸ ਤੋਂ ਇਲਾਵਾ, ਦੂਤ ਨੇ ਇਨ੍ਹਾਂ ਸ਼ਬਦਾਂ ਨਾਲ ਨਬੀ ਦਾ ਹੌਸਲਾ ਵਧਾਇਆ: “ਹੇ ਦਾਨੀਏਲ ਅੱਤ ਪਿਆਰੇ ਮਨੁੱਖ, ਜੋ ਮੈਂ ਤੈਨੂੰ ਆਖਦਾ ਹਾਂ ਉਨ੍ਹਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖਲੋ ਜਾਹ! ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ।” ਇਸ ਮਦਦ ਅਤੇ ਹੌਸਲੇ ਨੇ ਦਾਨੀਏਲ ਨੂੰ ਤਕੜਾ ਕੀਤਾ। ਭਾਵੇਂ ਕਿ ਦਾਨੀਏਲ ‘ਕੰਬ ਰਿਹਾ ਸੀ,’ ਫਿਰ ਵੀ ਉਹ “ਖਲੋ ਗਿਆ।”—ਦਾਨੀਏਲ 10:9-11.
16. (ੳ) ਇਹ ਕਿਵੇਂ ਦੇਖਿਆ ਜਾ ਸਕਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਜਲਦੀ ਦਿੰਦਾ ਹੈ? (ਅ) ਦਾਨੀਏਲ ਦੀ ਮਦਦ ਕਰਨ ਲਈ ਦੂਤ ਦੇ ਆਉਣ ਵਿਚ ਦੇਰ ਕਿਉਂ ਹੋ ਗਈ ਸੀ? (ਪਿਛਲੇ ਸਫ਼ੇ ਤੇ ਡੱਬੀ ਸ਼ਾਮਲ ਕਰੋ।) (ੲ) ਦੂਤ ਦਾਨੀਏਲ ਲਈ ਕੀ ਸੰਦੇਸ਼ ਲਿਆਇਆ ਸੀ?
16 ਦੂਤ ਨੇ ਸਮਝਾਇਆ ਕਿ ਉਸ ਨੂੰ ਖ਼ਾਸ ਕਰਕੇ ਦਾਨੀਏਲ ਨੂੰ ਤਕੜਾ ਕਰਨ ਲਈ ਭੇਜਿਆ ਗਿਆ ਸੀ। ਉਸ ਨੇ ਦਾਨੀਏਲ ਨੂੰ ਕਿਹਾ: “ਹੇ ਦਾਨੀਏਲ, ਨਾ ਡਰ ਕਿਉਂ ਜੋ ਪਹਿਲੇ ਹੀ ਦਿਨ ਤੋਂ ਜਦ ਤੂੰ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ੁਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਗੱਲਾਂ ਦੇ ਲਈ ਹੀ ਮੈਂ ਆਇਆ ਹਾਂ।” ਫਿਰ ਦੂਤ ਨੇ ਸਮਝਾਇਆ ਕਿ ਉਸ ਦੇ ਆਉਣ ਵਿਚ ਦੇਰ ਕਿਉਂ ਹੋ ਗਈ ਸੀ। ਉਸ ਨੇ ਕਿਹਾ “ਪਰ ਫਾਰਸ ਦੇ ਰਾਜ ਦੇ ਪਰਧਾਨ ਨੇ ਮੈਨੂੰ ਇੱਕੀਆਂ ਦਿਨਾਂ ਤੀਕਰ ਅਟਕਾ ਛੱਡਿਆ। ਵੇਖ, ਮੀਕਾਏਲ ਜੋ ਪਰਧਾਨਾਂ ਵਿੱਚੋਂ ਵੱਡਾ ਹੈ ਮੇਰੀ ਸਹਾਇਤਾ ਨੂੰ ਪਹੁੰਚਿਆ ਸੋ ਮੈਂ ਉੱਥੇ ਫਾਰਸ ਦੇ ਰਾਜਿਆਂ ਨਾਲ ਰਿਹਾ।” ਮੀਕਾਏਲ ਦੀ ਮਦਦ ਨਾਲ ਦੂਤ ਆਪਣਾ ਕੰਮ ਪੂਰਾ ਕਰ ਸਕਿਆ, ਯਾਨੀ ਕਿ ਦਾਨੀਏਲ ਕੋਲ ਇਹ ਬਹੁਤ ਜ਼ਰੂਰੀ ਸੰਦੇਸ਼ ਲਿਆ ਸਕਿਆ: “ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ ਸੋ ਮੈਂ ਤੈਨੂੰ ਦੱਸਣ ਲਈ ਆਇਆ ਹਾਂ ਕਿਉਂ ਜੋ ਇਹ ਦਰਸ਼ਣ ਅਜੇ ਢੇਰ ਸਾਰੇ ਦਿਨਾਂ ਦੇ ਲਈ ਹੈ।”—ਦਾਨੀਏਲ 10:12-14.
17, 18. ਦਾਨੀਏਲ ਦੀ ਮਦਦ ਦੂਜੀ ਵਾਰ ਕਿਵੇਂ ਕੀਤੀ ਗਈ ਸੀ, ਅਤੇ ਇਸ ਨੇ ਉਸ ਨੂੰ ਕੀ ਕਰਨ ਦੇ ਯੋਗ ਬਣਾਇਆ?
17 ਇੰਨੇ ਅਨੋਖੇ ਸੰਦੇਸ਼ ਮਿਲਣ ਦੀ ਸੰਭਾਵਨਾ ਤੋਂ ਉਤੇਜਿਤ ਹੋਣ ਦੀ ਬਜਾਇ, ਇਵੇਂ ਲੱਗਦਾ ਹੈ ਕਿ ਦਾਨੀਏਲ ਉੱਪਰ ਇਸ ਦਾ ਉਲਟਾ ਅਸਰ ਪਿਆ। ਬਿਰਤਾਂਤ ਕਹਿੰਦਾ ਹੈ ਕਿ “ਜਦ ਉਸ ਨੇ ਏਹ ਗੱਲਾਂ ਮੈਨੂੰ ਆਖੀਆਂ ਮੈਂ ਆਪਣਾ ਮੂੰਹ ਧਰਤੀ ਵੱਲ ਨਿਵਾਇਆ ਅਤੇ ਗੁੰਗਾ ਹੋ ਗਿਆ।” ਪਰ ਦੂਤ ਪ੍ਰੇਮਮਈ ਮਦਦ ਦੇਣ ਲਈ ਦੂਜੀ ਵਾਰ ਤਿਆਰ ਸੀ। ਦਾਨੀਏਲ ਕਹਿੰਦਾ ਹੈ: “ਵੇਖੋ, ਕਿਸੇ ਨੇ ਜੋ ਮਨੁੱਖ ਦੇ ਪੁੱਤ੍ਰਾਂ ਵਾਂਙੁ ਸੀ ਮੇਰੇ ਹੋਠਾਂ ਨੂੰ ਛੋਹਿਆ, ਤਦ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਿਆ।”b—ਦਾਨੀਏਲ 10:15, 16ੳ.
18 ਜਦੋਂ ਦੂਤ ਨੇ ਦਾਨੀਏਲ ਦੇ ਹੋਠਾਂ ਨੂੰ ਛੋਹਿਆ, ਤਾਂ ਉਹ ਤਕੜਾ ਹੋ ਗਿਆ ਸੀ। (ਯਸਾਯਾਹ 6:7 ਦੀ ਤੁਲਨਾ ਕਰੋ।) ਮੁੜ ਕੇ ਬੋਲਣ ਦੀ ਸ਼ਕਤੀ ਪਾਉਣ ਨਾਲ, ਦਾਨੀਏਲ ਦੂਤ ਨੂੰ ਆਪਣੀ ਤਕਲੀਫ਼ ਸਮਝਾ ਸਕਿਆ ਜੋ ਉਹ ਸਹਿ ਰਿਹਾ ਸੀ। ਦਾਨੀਏਲ ਨੇ ਕਿਹਾ: “ਹੇ ਮੇਰੇ ਸੁਆਮੀ, ਉਸ ਦਰਸ਼ਣ ਦੇ ਕਾਰਨ ਮੇਰੇ ਸੋਗਾਂ ਨੇ ਮੇਰੇ ਉੱਤੇ ਹੱਲਾ ਕੀਤਾ ਹੈ ਅਤੇ ਮੇਰੇ ਵਿੱਚ ਰਤਾ ਬਲ ਨਹੀਂ ਰਿਹਾ। ਅਤੇ ਇਹ ਕਿੱਕੁਰ ਹੋ ਸੱਕਦਾ ਹੈ ਜੋ ਮੇਰੇ ਐਹੋ ਜਿਹੇ ਸੁਆਮੀ ਦਾ ਇਹ ਸੇਵਕ ਮੇਰੇ ਅਜੇਹੇ ਸੁਆਮੀ ਨਾਲ ਗੱਲਾਂ ਕਰੇ? ਪਰ ਮੈਂ ਜੋ ਹਾਂ ਸੋ ਝਟ ਮੇਰੇ ਵਿੱਚ ਨਾ ਸ਼ਕਤੀ ਰਹੀ ਨਾ ਮੇਰੇ ਵਿੱਚ ਸਾਹ ਰਿਹਾ।”—ਦਾਨੀਏਲ 10:16ਅ, 17.
19. ਦਾਨੀਏਲ ਦੀ ਮਦਦ ਤੀਜੀ ਵਾਰ ਕਿਵੇਂ ਕੀਤੀ ਗਈ ਸੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
19 ਦਾਨੀਏਲ ਨਾ ਕੋਈ ਸ਼ਿਕਾਇਤ ਕਰ ਰਿਹਾ ਸੀ ਅਤੇ ਨਾ ਹੀ ਕੋਈ ਬਹਾਨਾ ਬਣਾ ਰਿਹਾ ਸੀ। ਉਹ ਸਿਰਫ਼ ਆਪਣੀ ਤਕਲੀਫ਼ ਬਾਰੇ ਦੱਸ ਰਿਹਾ ਸੀ ਅਤੇ ਦੂਤ ਨੇ ਉਸ ਦੀ ਗੱਲ ਸੁਣ ਲਈ। ਇਸ ਤਰ੍ਹਾਂ ਦੂਤ ਨੇ ਦਾਨੀਏਲ ਦੀ ਮਦਦ ਤੀਜੀ ਵਾਰ ਕੀਤੀ। ਨਬੀ ਦੱਸਦਾ ਹੈ: “ਤਦ ਇੱਕ ਜਨ ਨੇ ਜਿਹ ਦਾ ਰੂਪ ਮਨੁੱਖ ਵਰਗਾ ਸੀ ਮੁੜ ਮੈਨੂੰ ਛੋਹਿਆ ਅਤੇ ਉਹ ਨੇ ਮੈਨੂੰ ਜ਼ੋਰ ਦਿੱਤਾ।” ਦੂਤ ਨੇ ਛੋਹ ਕੇ ਤਕੜਾ ਕਰਨ ਮਗਰੋਂ, ਦਿਲਾਸੇ ਭਰੇ ਅਗਲੇ ਸ਼ਬਦ ਕਹੇ: “ਹੇ ਅੱਤ ਪਿਆਰੇ ਮਨੁੱਖ, ਨਾ ਡਰ, ਤੈਨੂੰ ਸੁਖ ਸਾਂਦ ਹੋਵੇ! ਜ਼ੋਰ ਫੜ, ਹਾਂ, ਬਲਵਾਨ ਹੋ!” ਜਾਪਦਾ ਹੈ ਕਿ ਦਾਨੀਏਲ ਨੂੰ ਸਿਰਫ਼ ਪਿਆਰ ਨਾਲ ਛੋਹੇ ਜਾਣ ਅਤੇ ਇਨ੍ਹਾਂ ਹੌਸਲੇ ਵਾਲੇ ਸ਼ਬਦਾਂ ਦੀ ਹੀ ਜ਼ਰੂਰਤ ਸੀ। ਨਤੀਜਾ ਕੀ ਹੋਇਆ? ਦਾਨੀਏਲ ਦੱਸਦਾ ਹੈ ਕਿ “ਜਦੋਂ ਉਸ ਨੇ ਮੈਨੂੰ ਇਹ ਆਖਿਆ ਮੈਂ ਜ਼ੋਰ ਪਾਇਆ ਅਰ ਬੋਲਿਆ, ਹੇ ਮੇਰੇ ਸੁਆਮੀ, ਹੁਣ ਦੱਸ ਕਿਉਂ ਜੋ ਤੈਂ ਹੀ ਮੈਨੂੰ ਜ਼ੋਰ ਦਿੱਤਾ ਹੈ!” ਦਾਨੀਏਲ ਹੁਣ ਇਕ ਹੋਰ ਵੱਡੀ ਜ਼ਿੰਮੇਵਾਰੀ ਲਈ ਤਿਆਰ ਸੀ।—ਦਾਨੀਏਲ 10:18, 19.
20. ਦੂਤ ਨੂੰ ਆਪਣਾ ਕੰਮ ਪੂਰਾ ਕਰਨ ਲਈ ਸੰਘਰਸ਼ ਕਿਉਂ ਕਰਨਾ ਪਿਆ ਸੀ?
20 ਦਾਨੀਏਲ ਨੂੰ ਤਕੜਾ ਕਰ ਕੇ ਅਤੇ ਉਸ ਦੀਆਂ ਮਾਨਸਿਕ ਅਤੇ ਸਰੀਰਕ ਸ਼ਕਤੀਆਂ ਨੂੰ ਤਾਜ਼ਾ ਕਰ ਕੇ, ਦੂਤ ਨੇ ਆਪਣੇ ਆਉਣ ਦਾ ਮਕਸਦ ਦੁਬਾਰਾ ਦੱਸਿਆ। ਉਸ ਨੇ ਪੁੱਛਿਆ: “ਕੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਕੋਲ ਕਿਸ ਲਈ ਆਇਆ ਹਾਂ? ਮੈਂ ਹੁਣ ਫਾਰਸ ਦੇ ਪਰਧਾਨ ਨਾਲ ਲੜਨ ਨੂੰ ਫੇਰ ਜਾਵਾਂਗਾ ਅਤੇ ਜਦੋਂ ਮੈਂ ਚੱਲਿਆ ਜਾਵਾਂਗਾ ਤਾਂ ਵੇਖ, ਯੂਨਾਨ ਦਾ ਪਰਧਾਨ ਆਵੇਗਾ। ਪਰ ਮੈਂ ਤੈਨੂੰ ਦੱਸਾਂਗਾ ਜੋ ਕੁਝ ਸਚਿਆਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਕੋਈ ਨਹੀਂ ਹੈ ਜੋ ਇਨ੍ਹਾਂ ਗੱਲਾਂ ਵਿੱਚ ਮੇਰੀ ਸਹਾਇਤਾ ਕਰਨ ਲਈ ਲੱਕ ਬੰਨ੍ਹੇਗਾ ਇੱਕ ਮੀਕਾਏਲ ਬਾਝੋਂ ਜੋ ਤੁਹਾਡਾ ਪਰਧਾਨ ਹੈ।”—ਦਾਨੀਏਲ 10:20, 21.
21, 22. (ੳ) ਦਾਨੀਏਲ ਦੇ ਤਜਰਬੇ ਤੋਂ ਅਸੀਂ ਯਹੋਵਾਹ ਦੇ ਆਪਣੇ ਸੇਵਕਾਂ ਨਾਲ ਪੇਸ਼ ਆਉਣ ਦੇ ਤਰੀਕਿਆਂ ਬਾਰੇ ਕੀ ਸਿੱਖ ਸਕਦੇ ਹਾਂ? (ਅ) ਦਾਨੀਏਲ ਹੁਣ ਕਿਸ ਕੰਮ ਲਈ ਤਕੜਾ ਕੀਤਾ ਗਿਆ ਸੀ?
21 ਯਹੋਵਾਹ ਕਿੰਨੇ ਪ੍ਰੇਮ ਅਤੇ ਲਿਹਾਜ਼ ਵਾਲਾ ਪਰਮੇਸ਼ੁਰ ਹੈ! ਉਹ ਹਮੇਸ਼ਾ ਆਪਣੇ ਸੇਵਕਾਂ ਦੀਆਂ ਯੋਗਤਾਵਾਂ ਅਤੇ ਉਨ੍ਹਾਂ ਦੀਆਂ ਸੀਮਾਵਾਂ ਦੇ ਅਨੁਸਾਰ ਉਨ੍ਹਾਂ ਨਾਲ ਪੇਸ਼ ਆਉਂਦਾ ਹੈ। ਇਕ ਪਾਸੇ, ਉਹ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਜਾਣਦਾ ਹੋਇਆ ਉਨ੍ਹਾਂ ਨੂੰ ਕੰਮ ਸੌਂਪਦਾ ਹੈ, ਭਾਵੇਂ ਕਿ ਉਹ ਆਪਣੇ ਆਪ ਨੂੰ ਨਾਕਾਬਲ ਹੀ ਮਹਿਸੂਸ ਕਰਦੇ ਹੋਣ। ਦੂਸਰੇ ਪਾਸੇ, ਉਹ ਉਨ੍ਹਾਂ ਦੀਆਂ ਬੇਨਤੀਆਂ ਸੁਣਨ ਲਈ ਵੀ ਤਿਆਰ ਹੈ ਅਤੇ ਫਿਰ ਜੋ ਕੁਝ ਉਨ੍ਹਾਂ ਨੂੰ ਆਪਣਾ ਕੰਮ ਪੂਰਾ ਕਰਨ ਲਈ ਚਾਹੀਦਾ ਹੋਵੇ, ਉਸ ਦਾ ਪ੍ਰਬੰਧ ਵੀ ਕਰਦਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਵੀ ਹਮੇਸ਼ਾ ਆਪਣੇ ਸਵਰਗੀ ਪਿਤਾ, ਯਹੋਵਾਹ ਦੀ ਨਕਲ ਕਰਾਂਗੇ ਅਤੇ ਆਪਣੇ ਸੰਗੀ ਉਪਾਸਕਾਂ ਨੂੰ ਪਿਆਰ ਭਰਿਆ ਹੌਸਲਾ ਦੇ ਕੇ ਤਕੜਾ ਕਰਾਂਗੇ।—ਇਬਰਾਨੀਆਂ 10:24.
22 ਦੂਤ ਦੇ ਦਿਲਾਸੇ ਭਰੇ ਸੰਦੇਸ਼ ਨੇ ਦਾਨੀਏਲ ਦਾ ਬਹੁਤ ਹੀ ਹੌਸਲਾ ਵਧਾਇਆ। ਵੱਡੀ ਉਮਰ ਦੇ ਹੋਣ ਦੇ ਬਾਵਜੂਦ ਵੀ, ਦਾਨੀਏਲ ਹੁਣ ਤਕੜਾ ਕੀਤਾ ਗਿਆ ਸੀ ਅਤੇ ਸਾਡੇ ਲਾਭ ਲਈ ਹੋਰ ਧਿਆਨਯੋਗ ਭਵਿੱਖਬਾਣੀ ਕਰਨ ਅਤੇ ਲਿਖਣ ਲਈ ਤਿਆਰ ਹੋਇਆ।
[ਫੁਟਨੋਟ]
a ਭਾਵੇਂ ਕਿ ਇਸ ਦੂਤ ਦਾ ਨਾਂ ਨਹੀਂ ਦੱਸਿਆ ਗਿਆ, ਇਵੇਂ ਲੱਗਦਾ ਹੈ ਕਿ ਇਹ ਉਹੀ ਦੂਤ ਹੈ ਜਿਸ ਨੇ ਜਬਰਾਈਲ ਨੂੰ ਦਾਨੀਏਲ ਦੀ ਮਦਦ ਕਰਨ ਲਈ ਕਿਹਾ ਸੀ ਜਦੋਂ ਦਾਨੀਏਲ ਨੂੰ ਇਕ ਦਰਸ਼ਣ ਦਿੱਤਾ ਗਿਆ ਸੀ। (ਦਾਨੀਏਲ 8:2, 15, 16 ਦੀ 12:7, 8 ਨਾਲ ਤੁਲਨਾ ਕਰੋ।) ਇਸ ਤੋਂ ਇਲਾਵਾ, ਦਾਨੀਏਲ 10:13 ਦਿਖਾਉਂਦਾ ਹੈ ਕਿ ਮੀਕਾਏਲ “ਜੋ ਪਰਧਾਨਾਂ ਵਿੱਚੋਂ ਵੱਡਾ ਹੈ,” ਇਸ ਦੂਤ ਦੀ ਸਹਾਇਤਾ ਕਰਨ ਲਈ ਆਇਆ ਸੀ। ਇੱਥੋਂ ਪਤਾ ਚੱਲਦਾ ਹੈ ਕਿ ਇਹ ਦੂਤ, ਜਿਸ ਦਾ ਨਾਂ ਨਹੀਂ ਦੱਸਿਆ ਗਿਆ, ਜਬਰਾਈਲ ਅਤੇ ਮੀਕਾਏਲ ਦੇ ਨਾਲ ਨਜ਼ਦੀਕੀ ਤੌਰ ਤੇ ਕੰਮ ਕਰਨ ਦਾ ਆਨੰਦ ਮਾਣਦਾ ਹੋਵੇਗਾ।
b ਭਾਵੇਂ ਕਿ ਦਾਨੀਏਲ ਦੇ ਨਾਲ ਬੋਲ ਰਹੇ ਦੂਤ ਨੇ ਹੀ ਉਸ ਦੇ ਹੋਠਾਂ ਨੂੰ ਛੋਹ ਕੇ ਉਸ ਨੂੰ ਚੰਗਾ ਕੀਤਾ ਹੋਵੇ, ਇਸ ਕਥਨ ਵਿਚ ਇਹ ਸੰਭਾਵਨਾ ਵੀ ਹੈ ਕਿ ਕਿਸੇ ਦੂਜੇ ਦੂਤ ਨੇ, ਸ਼ਾਇਦ ਜਬਰਾਈਲ ਨੇ ਇਹ ਕੀਤਾ ਹੋਵੇ। ਜੋ ਵੀ ਸੀ, ਇਕ ਦੂਤ ਨੇ ਦਾਨੀਏਲ ਨੂੰ ਤਕੜਾ ਕੀਤਾ ਸੀ।
ਅਸੀਂ ਕੀ ਸਿੱਖਿਆ?
• ਯਹੋਵਾਹ ਦੇ ਦੂਤ ਨੂੰ 536/535 ਸਾ.ਯੁ.ਪੂ. ਵਿਚ ਦਾਨੀਏਲ ਦੀ ਮਦਦ ਕਰਨ ਵਿਚ ਦੇਰ ਕਿਉਂ ਹੋ ਗਈ ਸੀ?
• ਪਰਮੇਸ਼ੁਰ ਦੇ ਦੂਤ ਦੇ ਕੱਪੜਿਆਂ ਅਤੇ ਰੂਪ ਤੋਂ ਉਸ ਬਾਰੇ ਕੀ ਪਤਾ ਚੱਲਦਾ ਹੈ?
• ਦਾਨੀਏਲ ਨੂੰ ਕਿਸ ਮਦਦ ਦੀ ਲੋੜ ਸੀ, ਅਤੇ ਦੂਤ ਨੇ ਇਹ ਲੋੜ ਤਿੰਨ ਵਾਰ ਕਿਵੇਂ ਪੂਰੀ ਕੀਤੀ ਸੀ?
• ਦੂਤ, ਦਾਨੀਏਲ ਲਈ ਕੀ ਸੰਦੇਸ਼ ਲਿਆਇਆ ਸੀ?
[ਸਫ਼ੇ 204, 205 ਉੱਤੇ ਡੱਬੀ]
ਰਾਖੀ ਕਰਨ ਵਾਲੇ ਦੂਤ ਜਾਂ ਸ਼ਤਾਨੀ ਹਾਕਮ?
ਅਸੀਂ ਦਾਨੀਏਲ ਦੀ ਪੋਥੀ ਤੋਂ ਦੂਤਾਂ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਾਂ। ਇਹ ਸਾਨੂੰ ਦੱਸਦੀ ਹੈ ਕਿ ਯਹੋਵਾਹ ਦਾ ਬਚਨ ਪੂਰਾ ਕਰਨ ਲਈ ਉਹ ਕੀ ਕਰਦੇ ਹਨ ਅਤੇ ਆਪਣੇ ਸੌਂਪੇ ਗਏ ਕੰਮ ਵਿਚ ਉਹ ਕਿੰਨੇ ਮਿਹਨਤੀ ਹਨ।
ਪਰਮੇਸ਼ੁਰ ਦੇ ਦੂਤ ਨੇ ਕਿਹਾ ਕਿ ਜਦੋਂ ਉਹ ਦਾਨੀਏਲ ਦੇ ਨਾਲ ਗੱਲ ਕਰਨ ਆ ਰਿਹਾ ਸੀ, ਤਾਂ “ਫਾਰਸ ਦੇ ਰਾਜ ਦੇ ਪਰਧਾਨ” ਨੇ ਉਸ ਨੂੰ ਰੋਕ ਰੱਖਿਆ ਸੀ। ਉਹ 21 ਦਿਨਾਂ ਲਈ ਉਸ ਦੇ ਨਾਲ ਮੁਕਾਬਲਾ ਕਰਨ ਤੋਂ ਬਾਅਦ, ਸਿਰਫ਼ “ਮੀਕਾਏਲ ਜੋ ਪਰਧਾਨਾਂ ਵਿੱਚੋਂ ਵੱਡਾ ਹੈ,” ਦੀ ਸਹਾਇਤਾ ਨਾਲ ਹੀ ਅੱਗੇ ਵੱਧ ਸਕਿਆ। ਦੂਤ ਨੇ ਕਿਹਾ ਕਿ ਉਸ ਨੂੰ ਫਿਰ ਤੋਂ ਉਸ ਦੁਸ਼ਮਣ ਨਾਲ ਅਤੇ ਸ਼ਾਇਦ ‘ਯੂਨਾਨ ਦੇ ਪਰਧਾਨ’ ਨਾਲ ਵੀ ਲੜਨਾ ਪਵੇਗਾ। (ਦਾਨੀਏਲ 10:13, 20) ਇਹ ਕੰਮ ਇਕ ਦੂਤ ਲਈ ਵੀ ਸੌਖਾ ਨਹੀਂ ਸੀ! ਖ਼ੈਰ, ਫ਼ਾਰਸ ਅਤੇ ਯੂਨਾਨ ਦੇ ਇਹ ਪ੍ਰਧਾਨ ਕੌਣ ਸਨ?
ਸਭ ਤੋਂ ਪਹਿਲਾਂ, ਅਸੀਂ ਦੇਖਦੇ ਹਾਂ ਕਿ ਮੀਕਾਏਲ ਨੂੰ “ਪਰਧਾਨਾਂ ਵਿੱਚੋਂ ਵੱਡਾ” ਅਤੇ “ਤੁਹਾਡਾ ਪਰਧਾਨ” ਸੱਦਿਆ ਜਾਂਦਾ ਹੈ। ਬਾਅਦ ਵਿਚ ਮੀਕਾਏਲ ਦਾ ‘ਉਹ ਵੱਡੇ ਸਰਦਾਰ’ ਵਜੋਂ ਜ਼ਿਕਰ ਕੀਤਾ ਜਾਂਦਾ ਹੈ “ਜੋ ਤੇਰੇ [ਦਾਨੀਏਲ ਦੇ] ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ।” (ਦਾਨੀਏਲ 10:21; 12:1) ਇਹ ਸੰਕੇਤ ਕਰਦਾ ਹੈ ਕਿ ਮੀਕਾਏਲ ਹੀ ਉਹ ਦੂਤ ਸੀ ਜਿਸ ਨੂੰ ਯਹੋਵਾਹ ਨੇ ਇਸਰਾਏਲੀ ਲੋਕਾਂ ਦੀ ਉਜਾੜ ਵਿਚ ਰਾਖੀ ਅਤੇ ਅਗਵਾਈ ਕਰਨ ਲਈ ਥਾਪਿਆ ਸੀ।—ਕੂਚ 23:20-23; 32:34; 33:2.
ਇਸ ਸਿੱਟੇ ਤੇ ਪਹੁੰਚਣ ਦਾ ਸਬੂਤ ਯਹੂਦਾਹ ਦੇ ਬਿਆਨ ਵਿਚ ਪਾਇਆ ਜਾਂਦਾ ਹੈ, ਜਿੱਥੇ ਅਸੀਂ ਪੜ੍ਹਦੇ ਹਾਂ ਕਿ ‘ਮਹਾਂ ਦੂਤ ਮੀਕਾਏਲ ਨੇ ਸ਼ਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲੋਥ ਦੇ ਵਿਖੇ ਵਿਵਾਦ ਕੀਤਾ ਸੀ।’ (ਯਹੂਦਾਹ 9) ਮੀਕਾਏਲ ਦੀ ਪਦਵੀ ਅਤੇ ਸ਼ਕਤੀ ਨੇ ਅਤੇ ਉਸ ਦੇ ਅਧਿਕਾਰ ਨੇ ਉਸ ਨੂੰ ਸੱਚ-ਮੁੱਚ ਹੀ “ਮਹਾਂ ਦੂਤ” ਬਣਾਇਆ ਹੈ, ਜਿਸ ਦਾ ਅਰਥ ਹੈ “ਪ੍ਰਧਾਨ ਦੂਤ,” ਜਾਂ “ਮੁੱਖ ਦੂਤ।” ਧਰਤੀ ਉੱਤੇ ਆਉਣ ਤੋਂ ਪਹਿਲਾਂ ਅਤੇ ਬਾਅਦ ਦੇ ਉਸ ਦੇ ਜੀਵਨ ਨਾਲ ਸੰਬੰਧਿਤ, ਇਹ ਉੱਚੀ ਪਦਵੀ ਪਰਮੇਸ਼ੁਰ ਦੇ ਪੁੱਤਰ, ਯਿਸੂ ਮਸੀਹ ਤੋਂ ਇਲਾਵਾ ਹੋਰ ਕਿਸੇ ਦੀ ਨਹੀਂ ਹੋ ਸਕਦੀ।—1 ਥੱਸਲੁਨੀਕੀਆਂ 4:16; ਪਰਕਾਸ਼ ਦੀ ਪੋਥੀ 12:7-9.
ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਨੇ ਫ਼ਾਰਸ ਅਤੇ ਯੂਨਾਨ ਵਰਗੀਆਂ ਕੌਮਾਂ ਦੀ ਅਗਵਾਈ ਕਰਨ ਲਈ ਉਨ੍ਹਾਂ ਉੱਤੇ ਦੂਤ ਨਿਯੁਕਤ ਕੀਤੇ ਸਨ? ਪਰਮੇਸ਼ੁਰ ਦੇ ਪੁੱਤਰ, ਯਿਸੂ ਮਸੀਹ ਨੇ ਸਾਫ਼-ਸਾਫ਼ ਦੱਸਿਆ ਸੀ ਕਿ ‘ਸੰਸਾਰ ਦੇ ਸਰਦਾਰ ਨੂੰ ਮੇਰੇ ਉੱਤੇ ਕੋਈ ਅਧਿਕਾਰ ਨਹੀਂ।’ ਯਿਸੂ ਨੇ ਇਹ ਵੀ ਕਿਹਾ ਸੀ ਕਿ “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ . . . ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।” (ਯੂਹੰਨਾ 14:30, ਪਵਿੱਤਰ ਬਾਈਬਲ ਨਵਾਂ ਅਨੁਵਾਦ; 18:36) ਯੂਹੰਨਾ ਰਸੂਲ ਨੇ ਵੀ ਕਿਹਾ ਸੀ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਇਹ ਸਪੱਸ਼ਟ ਹੈ ਕਿ ਸੰਸਾਰ ਦੀਆਂ ਕੌਮਾਂ ਪਰਮੇਸ਼ੁਰ ਜਾਂ ਮਸੀਹ ਦੀ ਅਗਵਾਈ ਦੇ ਅਧੀਨ ਕਦੇ ਵੀ ਨਹੀਂ ਰਹੀਆਂ ਸਨ ਅਤੇ ਨਾ ਹੀ ਉਹ ਹੁਣ ਹਨ। ਭਾਵੇਂ ਕਿ ਯਹੋਵਾਹ “ਹਕੂਮਤਾਂ” ਨੂੰ ਰਹਿਣ ਦੀ ਇਜਾਜ਼ਤ ਦਿੰਦਾ ਹੈ ਤਾਂਕਿ ਉਹ ਧਰਤੀ ਉੱਤੇ ਸਰਕਾਰੀ ਕੰਮਾਂ ਨੂੰ ਸਾਂਭਣ, ਉਹ ਉਨ੍ਹਾਂ ਦੇ ਉੱਪਰ ਦੂਤ ਨਿਯੁਕਤ ਨਹੀਂ ਕਰਦਾ। (ਰੋਮੀਆਂ 13:1-7) ਉਨ੍ਹਾਂ ਦੇ ਉੱਪਰ ਕੋਈ ਵੀ “ਪਰਧਾਨ” ਜਾਂ “ਸਰਦਾਰ,” ਸਿਰਫ਼ ‘ਜਗਤ ਦੇ ਸਰਦਾਰ,’ ਸ਼ਤਾਨ ਅਰਥਾਤ ਇਬਲੀਸ ਦੁਆਰਾ ਹੀ ਠਹਿਰਾਇਆ ਜਾ ਸਕਦਾ ਹੈ। ਉਹ ਰਾਖੀ ਕਰਨ ਵਾਲੇ ਦੂਤਾਂ ਦੀ ਬਜਾਇ, ਸ਼ਤਾਨੀ ਹਾਕਮ ਹੀ ਹੋ ਸਕਦੇ ਹਨ। ਫਿਰ ਉਨ੍ਹਾਂ ਦ੍ਰਿਸ਼ਟ ਹਾਕਮਾਂ ਦੇ ਪਿੱਛੇ ਅਦ੍ਰਿਸ਼ਟ ਸ਼ਤਾਨੀ ਸ਼ਕਤੀਆਂ, ਜਾਂ “ਪਰਧਾਨਾਂ” ਦਾ ਹੱਥ ਹੈ ਅਤੇ ਇੱਥੋਂ ਪਤਾ ਲੱਗਦਾ ਹੈ ਕਿ ਕੌਮੀ ਮਤ-ਭੇਦਾਂ ਵਿਚ ਸਿਰਫ਼ ਮਨੁੱਖ ਹੀ ਨਹੀਂ ਸ਼ਾਮਲ ਹਨ।
[ਪੂਰੇ ਸਫ਼ੇ 199 ਉੱਤੇ ਤਸਵੀਰ]
[ਪੂਰੇ ਸਫ਼ੇ 207 ਉੱਤੇ ਤਸਵੀਰ]