ਸਤਾਰ੍ਹਵਾਂ ਅਧਿਆਇ
ਅੰਤ ਦੇ ਸਮੇਂ ਵਿਚ ਸੱਚੇ ਉਪਾਸਕਾਂ ਦੀ ਪਛਾਣ ਕਰਨੀ
1. ਦਾਨੀਏਲ ਦੇ ਸੱਤਵੇਂ ਅਧਿਆਇ ਅਨੁਸਾਰ, ਸਾਡੇ ਸਮੇਂ ਵਿਚ ਨਿਰਾਸਰੇ ਲੋਕਾਂ ਦੇ ਇਕ ਛੋਟੇ ਜਿਹੇ ਝੁੰਡ ਦੇ ਨਾਲ ਕਿਹੜੀ ਅਨੋਖੀ ਗੱਲ ਹੋਣੀ ਸੀ?
ਨਿਰਾਸਰੇ ਲੋਕਾਂ ਦੇ ਇਕ ਛੋਟੇ ਜਿਹੇ ਝੁੰਡ ਉੱਤੇ ਇਕ ਤਾਕਤਵਰ ਵਿਸ਼ਵ ਸ਼ਕਤੀ ਬਹੁਤ ਜ਼ੁਲਮ ਕਰਦੀ ਹੈ। ਇਸ ਅਨੁਭਵ ਦੇ ਬਾਵਜੂਦ ਉਹ ਸਹੀ-ਸਲਾਮਤ ਬਚ ਨਿਕਲਦੇ ਹਨ ਅਤੇ ਤਾਜ਼ਗੀ ਵੀ ਮਹਿਸੂਸ ਕਰਦੇ ਹਨ। ਇਹ ਉਨ੍ਹਾਂ ਦੀ ਆਪਣੀ ਤਾਕਤ ਦੇ ਨਾਲ ਨਹੀਂ ਹੁੰਦਾ, ਪਰ ਇਸ ਲਈ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਦੀ ਕਦਰ ਕਰਦਾ ਹੈ। ਦਾਨੀਏਲ ਦੇ ਸੱਤਵੇਂ ਅਧਿਆਇ ਵਿਚ ਇਹ ਘਟਨਾਵਾਂ ਪਹਿਲਾਂ ਹੀ ਦੱਸੀਆਂ ਗਈਆਂ ਸਨ ਅਤੇ ਇਹ 20ਵੀਂ ਸਦੀ ਦੇ ਮੁਢਲੇ ਹਿੱਸੇ ਵਿਚ ਵਾਪਰੀਆਂ ਸਨ। ਪਰ ਇਹ ਲੋਕ ਕੌਣ ਸਨ? ਦਾਨੀਏਲ ਦੇ ਉਸੇ ਅਧਿਆਇ ਨੇ ਉਨ੍ਹਾਂ ਨੂੰ “ਅੱਤ ਮਹਾਨ [ਯਹੋਵਾਹ ਪਰਮੇਸ਼ੁਰ] ਦੇ ਸੰਤ” ਸੱਦਿਆ ਸੀ। ਇਸ ਅਧਿਆਇ ਨੇ ਇਹ ਵੀ ਪ੍ਰਗਟ ਕੀਤਾ ਸੀ ਕਿ ਇਹ ਵਿਅਕਤੀ ਆਖ਼ਰਕਾਰ ਮਸੀਹਾਈ ਰਾਜ ਵਿਚ ਸਹਿ-ਸ਼ਾਸਕ ਹੋਣਗੇ!—ਦਾਨੀਏਲ 7:13, 14, 18, 21, 22, 25-27.
2. (ੳ) ਯਹੋਵਾਹ ਆਪਣੇ ਮਸਹ ਕੀਤੇ ਹੋਏ ਸੇਵਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ? (ਅ) ਸਾਡੇ ਸਮਿਆਂ ਵਿਚ ਕੀ ਕਰਨਾ ਬੁੱਧੀਮਤਾ ਦੀ ਗੱਲ ਹੋਵੇਗੀ?
2 ਜਿਵੇਂ ਅਸੀਂ ਦਾਨੀਏਲ ਦੇ ਗਿਆਰ੍ਹਵੇਂ ਅਧਿਆਇ ਵਿਚ ਦੇਖਿਆ ਸੀ, ਇਨ੍ਹਾਂ ਵਫ਼ਾਦਾਰ ਲੋਕਾਂ ਦੇ ਸੁਰੱਖਿਅਤ ਰੂਹਾਨੀ ਦੇਸ਼ ਨੂੰ ਧਮਕੀ ਦੇਣ ਤੋਂ ਬਾਅਦ, ਉੱਤਰ ਦੇ ਰਾਜੇ ਦਾ ਅੰਤ ਆਵੇਗਾ। (ਦਾਨੀਏਲ 11:45. ਹਿਜ਼ਕੀਏਲ 38:18-23 ਦੀ ਤੁਲਨਾ ਕਰੋ।) ਜੀ ਹਾਂ, ਯਹੋਵਾਹ ਆਪਣੇ ਵਫ਼ਾਦਾਰ ਮਸਹ ਕੀਤੇ ਹੋਇਆਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਵੇਗਾ। ਸਾਨੂੰ ਜ਼ਬੂਰ 105:14, 15 ਵਿਚ ਦੱਸਿਆ ਜਾਂਦਾ ਹੈ ਕਿ “ਉਨ੍ਹਾਂ ਦੇ ਕਾਰਨ [ਯਹੋਵਾਹ ਨੇ] ਰਾਜਿਆਂ ਨੂੰ ਝਿੜਕਿਆ,—ਭਈ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ, ਨਾ ਮੇਰੇ ਨਬੀਆਂ ਦੀ ਹਾਣ ਕਰੋ!” ਫਿਰ, ਕੀ ਤੁਸੀਂ ਸਹਿਮਤ ਨਹੀਂ ਹੋਵੋਗੇ ਕਿ ਇਨ੍ਹਾਂ ਗੜਬੜੀ ਭਰੇ ਸਮਿਆਂ ਵਿਚ, ਵੱਧ ਰਹੀ “ਵੱਡੀ ਭੀੜ” ਲਈ ਇਨ੍ਹਾਂ ਸੰਤਾਂ ਨਾਲ ਨਜ਼ਦੀਕੀ ਤੌਰ ਤੇ ਮੇਲ-ਜੋਲ ਰੱਖਣਾ ਬੁੱਧੀਮਤਾ ਦੀ ਗੱਲ ਹੋਵੇਗੀ? (ਪਰਕਾਸ਼ ਦੀ ਪੋਥੀ 7:9; ਜ਼ਕਰਯਾਹ 8:23) ਯਿਸੂ ਮਸੀਹ ਨੇ ਭੇਡਾਂ ਵਰਗੇ ਲੋਕਾਂ ਨੂੰ ਇਹੀ ਕਰਨ ਦੀ ਸਲਾਹ ਦਿੱਤੀ ਸੀ ਕਿ ਉਹ ਉਸ ਦੇ ਮਸਹ ਕੀਤੇ ਹੋਏ ਭਰਾਵਾਂ ਨੂੰ ਉਨ੍ਹਾਂ ਦੇ ਕੰਮ ਵਿਚ ਸਮਰਥਨ ਦੇ ਕੇ ਉਨ੍ਹਾਂ ਨਾਲ ਮੇਲ-ਜੋਲ ਰੱਖਣ।—ਮੱਤੀ 25:31-46; ਗਲਾਤੀਆਂ 3:29.
3. (ੳ) ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਨੂੰ ਪਛਾਣਨਾ ਅਤੇ ਉਨ੍ਹਾਂ ਦੇ ਨਜ਼ਦੀਕ ਰਹਿਣਾ, ਆਸਾਨ ਕਿਉਂ ਨਹੀਂ ਹੈ? (ਅ) ਦਾਨੀਏਲ ਦਾ ਬਾਰ੍ਹਵਾਂ ਅਧਿਆਇ ਇਸ ਸੰਬੰਧ ਵਿਚ ਕਿਵੇਂ ਮਦਦ ਕਰੇਗਾ?
3 ਪਰ ਪਰਮੇਸ਼ੁਰ ਦਾ ਵਿਰੋਧੀ, ਅਰਥਾਤ ਸ਼ਤਾਨ, ਮਸਹ ਕੀਤੇ ਹੋਇਆਂ ਉੱਤੇ ਸਿਰ-ਤੋੜ ਹਮਲਾ ਕਰਦਾ ਆਇਆ ਹੈ। ਉਸ ਨੇ ਝੂਠੇ ਧਰਮ ਨੂੰ ਵਧਾਇਆ ਹੈ ਅਤੇ ਇਸ ਜਗਤ ਨੂੰ ਨਕਲੀ ਮਸੀਹੀਆਂ ਨਾਲ ਭਰ ਦਿੱਤਾ ਹੈ। ਨਤੀਜੇ ਵਜੋਂ, ਬਹੁਤ ਸਾਰੇ ਲੋਕ ਭਰਮਾਏ ਗਏ ਹਨ ਅਤੇ ਦੂਜਿਆਂ ਕੋਲ ਅਜਿਹੇ ਲੋਕਾਂ ਦੀ ਪਛਾਣ ਕਰਨ ਦੀ ਕੋਈ ਆਸ ਨਹੀਂ ਹੈ ਜੋ ਸੱਚੇ ਧਰਮ ਨੂੰ ਦਰਸਾਉਂਦੇ ਹਨ। (ਮੱਤੀ 7:15, 21-23; ਪਰਕਾਸ਼ ਦੀ ਪੋਥੀ 12:9, 17) ਜਿਹੜੇ “ਛੋਟੇ ਝੁੰਡ” ਦੀ ਪਛਾਣ ਕਰ ਵੀ ਲੈਂਦੇ ਹਨ ਅਤੇ ਉਨ੍ਹਾਂ ਨਾਲ ਮੇਲ-ਜੋਲ ਰੱਖਦੇ ਹਨ, ਉਨ੍ਹਾਂ ਨੂੰ ਵੀ ਨਿਹਚਾ ਕਾਇਮ ਰੱਖਣ ਲਈ ਜਤਨ ਕਰਨਾ ਪੈਂਦਾ ਹੈ, ਕਿਉਂਕਿ ਇਹ ਜਗਤ ਉਨ੍ਹਾਂ ਦੀ ਨਿਹਚਾ ਨੂੰ ਨਸ਼ਟ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦਾ ਹੈ। (ਲੂਕਾ 12:32) ਤੁਹਾਡੇ ਬਾਰੇ ਕੀ? ਕੀ ਤੁਸੀਂ “ਅੱਤ ਮਹਾਨ ਦੇ ਸੰਤ” ਪਛਾਣ ਲਏ ਹਨ, ਅਤੇ ਕੀ ਤੁਸੀਂ ਉਨ੍ਹਾਂ ਦੇ ਨਾਲ ਮੇਲ-ਜੋਲ ਰੱਖਦੇ ਹੋ? ਕੀ ਤੁਸੀਂ ਉਸ ਠੋਸ ਸਬੂਤ ਬਾਰੇ ਜਾਣਦੇ ਹੋ ਜੋ ਦਿਖਾਉਂਦਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਪਛਾਣਿਆ ਹੈ ਅਸਲ ਵਿਚ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਹੈ? ਅਜਿਹਾ ਸਬੂਤ ਤੁਹਾਡੀ ਨਿਹਚਾ ਨੂੰ ਮਜ਼ਬੂਤ ਬਣਾ ਸਕਦਾ ਹੈ। ਅੱਜ-ਕੱਲ੍ਹ ਦੇ ਧਾਰਮਿਕ ਝਮੇਲਿਆਂ ਬਾਰੇ ਦੂਜਿਆਂ ਦੀਆਂ ਅੱਖਾਂ ਖੋਲ੍ਹਣ ਵਿਚ ਵੀ ਇਹ ਸਬੂਤ ਤੁਹਾਡੀ ਮਦਦ ਕਰ ਸਕਦਾ ਹੈ। ਦਾਨੀਏਲ ਦੇ ਬਾਰ੍ਹਵੇਂ ਅਧਿਆਇ ਵਿਚ ਅਜਿਹਾ ਕੀਮਤੀ ਗਿਆਨ ਪਾਇਆ ਜਾਂਦਾ ਹੈ।
ਵੱਡਾ ਸਰਦਾਰ ਸਹਾਇਤਾ ਲਈ ਉੱਠਦਾ ਹੈ
4. (ੳ) ਦਾਨੀਏਲ 12:1 ਮੀਕਾਏਲ ਬਾਰੇ ਕਿਹੜੀਆਂ ਦੋ ਖ਼ਾਸ ਚੀਜ਼ਾਂ ਪੂਰਵ-ਸੂਚਿਤ ਕਰਦਾ ਹੈ? (ਅ) ਦਾਨੀਏਲ ਵਿਚ ਇਕ ਰਾਜੇ ਦੇ ‘ਉੱਠਣ’ ਦਾ ਅਕਸਰ ਕੀ ਅਰਥ ਹੁੰਦਾ ਹੈ?
4 ਦਾਨੀਏਲ 12:1 ਕਹਿੰਦਾ ਹੈ ਕਿ “ਉਸ ਵੇਲੇ ਮੀਕਾਏਲ ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉੱਠੇਗਾ।” ਇਹ ਆਇਤ ਮੀਕਾਏਲ ਬਾਰੇ ਦੋ ਖ਼ਾਸ ਚੀਜ਼ਾਂ ਦੱਸਦੀ ਹੈ: ਪਹਿਲੀ ਚੀਜ਼, ਕਿ ਉਹ “ਖਲੋਤਾ ਹੈ,” ਇਹ ਸ਼ਬਦ ਇਕ ਅਜਿਹੀ ਸਥਿਤੀ ਨੂੰ ਸੰਕੇਤ ਕਰਦੇ ਹਨ ਜੋ ਕੁਝ ਸਮੇਂ ਲਈ ਜਾਰੀ ਰਹਿੰਦੀ ਹੈ; ਦੂਜੀ ਚੀਜ਼, ਕਿ ਉਹ “ਉੱਠੇਗਾ,” ਜਿਸ ਤੋਂ ਇਸ ਸਮੇਂ ਦੇ ਦੌਰਾਨ ਇਕ ਘਟਨਾ ਬਾਰੇ ਪਤਾ ਚੱਲਦਾ ਹੈ। ਪਹਿਲਾਂ, ਅਸੀਂ ਉਸ ਸਮੇਂ ਬਾਰੇ ਜਾਣਨਾ ਚਾਹੁੰਦੇ ਹਾਂ ਜਦੋਂ ਮੀਕਾਏਲ “[ਦਾਨੀਏਲ ਦੇ] ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ।” ਯਾਦ ਰਹੇ ਕਿ ਯਿਸੂ ਨੂੰ ਮੀਕਾਏਲ ਨਾਂ, ਇਕ ਸਵਰਗੀ ਸ਼ਾਸਕ ਤੇ ਤੌਰ ਤੇ ਦਿੱਤਾ ਜਾਂਦਾ ਹੈ। ਉਸ ਦੇ ‘ਉੱਠਣ’ ਦਾ ਜ਼ਿਕਰ ਸਾਨੂੰ ਦਾਨੀਏਲ ਦੀ ਪੋਥੀ ਵਿਚ ਹੋਰ ਜਗ੍ਹਾ ਤੇ ਇਸੇ ਤਰੀਕੇ ਵਿਚ ਵਰਤੇ ਗਏ ਸ਼ਬਦਾਂ ਦੀ ਯਾਦ ਦਿਲਾਉਂਦਾ ਹੈ। ਇਹ ਅਕਸਰ ਇਕ ਰਾਜੇ ਦੇ ਉੱਠਣ, ਜਿਵੇਂ ਕਿ ਸ਼ਾਹੀ ਸੱਤਾ ਅਪਣਾਉਣ ਦਾ ਜ਼ਿਕਰ ਕਰਦਾ ਹੈ।—ਦਾਨੀਏਲ 11:2-4, 7, 20, 21.
5, 6. (ੳ) ਮੀਕਾਏਲ ਕਿਸ ਸਮੇਂ ਦੌਰਾਨ ਖਲੋਂਦਾ ਹੈ? (ਅ) ਮੀਕਾਏਲ ਕਦੋਂ ਅਤੇ ਕਿਸ ਤਰ੍ਹਾਂ ‘ਉੱਠਦਾ’ ਹੈ, ਅਤੇ ਇਸ ਦਾ ਨਤੀਜਾ ਕੀ ਹੁੰਦਾ ਹੈ?
5 ਇਹ ਸਪੱਸ਼ਟ ਹੈ ਕਿ ਦੂਤ ਬਾਈਬਲ ਦੀ ਭਵਿੱਖਬਾਣੀ ਵਿਚ ਹੋਰ ਕਿਤੇ ਦੱਸੇ ਗਏ ਇਕ ਸਮੇਂ ਬਾਰੇ ਇੱਥੇ ਜ਼ਿਕਰ ਕਰ ਰਿਹਾ ਸੀ। ਯਿਸੂ ਨੇ ਇਸ ਨੂੰ ਆਪਣੀ “ਮੌਜੂਦਗੀ” (ਯੂਨਾਨੀ, ਪਰੂਸੀਆ) ਸੱਦਿਆ ਸੀ ਜਦੋਂ ਉਹ ਸਵਰਗ ਵਿਚ ਰਾਜੇ ਵਜੋਂ ਰਾਜ ਕਰੇਗਾ। (ਮੱਤੀ 24:37-39, ਨਿ ਵ) ਇਸ ਸਮੇਂ ਨੂੰ ‘ਅੰਤ ਦੇ ਦਿਨ’ ਅਤੇ ‘ਓੜਕ ਦਾ ਸਮਾਂ’ ਵੀ ਸੱਦਿਆ ਜਾਂਦਾ ਹੈ। (2 ਤਿਮੋਥਿਉਸ 3:1; ਦਾਨੀਏਲ 12:4, 9) ਸੰਨ 1914 ਵਿਚ ਜਦੋਂ ਤੋਂ ਇਹ ਸਮਾਂ ਸ਼ੁਰੂ ਹੋਇਆ, ਮੀਕਾਏਲ ਸਵਰਗ ਵਿਚ ਰਾਜੇ ਵਜੋਂ ਖਲੋ ਰਿਹਾ ਹੈ।—ਯਸਾਯਾਹ 11:10; ਪਰਕਾਸ਼ ਦੀ ਪੋਥੀ 12:7-9 ਦੀ ਤੁਲਨਾ ਕਰੋ।
6 ਫਿਰ ਮੀਕਾਏਲ ਕਦੋਂ ‘ਉੱਠਦਾ’ ਹੈ? ਜਦੋਂ ਉਹ ਖ਼ਾਸ ਕਾਰਵਾਈ ਕਰਨ ਲਈ ਕਦਮ ਚੁੱਕਦਾ ਹੈ। ਯਿਸੂ ਇਹ ਕਾਰਵਾਈ ਭਵਿੱਖ ਵਿਚ ਕਰੇਗਾ। ਭਵਿੱਖ-ਸੂਚਕ ਤੌਰ ਤੇ ਪਰਕਾਸ਼ ਦੀ ਪੋਥੀ 19:11-16 ਯਿਸੂ ਨੂੰ ਇਕ ਸ਼ਕਤੀਸ਼ਾਲੀ ਮਸੀਹਾਈ ਰਾਜੇ ਵਜੋਂ ਵਰਣਨ ਕਰਦੀ ਹੈ ਜੋ ਦੂਤਾਂ ਦੀ ਸੈਨਾ ਦੇ ਮੋਢੀ ਵਜੋਂ ਸਵਾਰ ਹੋ ਕੇ ਪਰਮੇਸ਼ੁਰ ਦੇ ਦੁਸ਼ਮਣਾਂ ਨੂੰ ਤਬਾਹ ਕਰ ਰਿਹਾ ਹੈ। ਦਾਨੀਏਲ 12:1 ਅੱਗੇ ਕਹਿੰਦਾ ਹੈ: “ਅਤੇ ਅਜੇਹੀ ਬਿਪਤਾ ਦਾ ਵੇਲਾ ਹੋਵੇਗਾ ਜਿਹਾ ਕੌਮ ਦੇ ਮੁੱਢ ਤੇ ਲੈ ਕੇ ਉਸ ਵੇਲੇ ਤੀਕਰ ਕਦੀ ਨਹੀਂ ਹੋਇਆ ਸੀ।” ਇਸ ਪੂਰਵ-ਸੂਚਿਤ ‘ਵੱਡੇ ਕਸ਼ਟ’ ਦੌਰਾਨ ਯਹੋਵਾਹ ਦੇ ਮੁੱਖ ਦੰਡਕਾਰ ਵਜੋਂ, ਮਸੀਹ ਸਾਰੀ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਕਰੇਗਾ।—ਮੱਤੀ 24:21; ਯਿਰਮਿਯਾਹ 25:33; 2 ਥੱਸਲੁਨੀਕੀਆਂ 1:6-8; ਪਰਕਾਸ਼ ਦੀ ਪੋਥੀ 7:14; 16:14, 16.
7. (ੳ) ਸਾਰੇ ਵਫ਼ਾਦਾਰ ਵਿਅਕਤੀਆਂ ਲਈ ਆ ਰਹੇ ‘ਬਿਪਤਾ ਦੇ ਵੇਲੇ’ ਕੀ ਉਮੀਦ ਹੈ? (ਅ) ਯਹੋਵਾਹ ਦੀ ਪੋਥੀ ਕੀ ਹੈ, ਅਤੇ ਉਸ ਵਿਚ ਸਾਡਾ ਨਾਂ ਹੋਣਾ ਇੰਨਾ ਜ਼ਰੂਰੀ ਕਿਉਂ ਹੈ?
7 ਉਨ੍ਹਾਂ ਲੋਕਾਂ ਨਾਲ ਕੀ ਹੋਵੇਗਾ ਜੋ ਇਸ ਭੈੜੇ ਸਮੇਂ ਦੌਰਾਨ ਨਿਹਚਾ ਰੱਖਦੇ ਹਨ? ਦਾਨੀਏਲ ਨੂੰ ਅੱਗੇ ਦੱਸਿਆ ਗਿਆ ਸੀ ਕਿ “ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਹ ਦਾ ਨਾਉਂ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਸੋ ਛੁੱਟੇਗਾ।” (ਲੂਕਾ 21:34-36 ਦੀ ਤੁਲਨਾ ਕਰੋ।) ਇਹ ਪੋਥੀ ਕੀ ਹੈ? ਅਸਲ ਵਿਚ ਇਹ ਪੋਥੀ ਯਹੋਵਾਹ ਪਰਮੇਸ਼ੁਰ ਦੀ ਯਾਦਾਸ਼ਤ ਨੂੰ ਦਰਸਾਉਂਦੀ ਹੈ ਜਿਸ ਵਿਚ ਉਹ ਲੋਕ ਹਨ ਜੋ ਉਸ ਦੀ ਇੱਛਾ ਪੂਰੀ ਕਰਦੇ ਹਨ। (ਮਲਾਕੀ 3:16; ਇਬਰਾਨੀਆਂ 6:10) ਜਿਨ੍ਹਾਂ ਲੋਕਾਂ ਦੇ ਨਾਂ ਇਸ ਪੋਥੀ ਵਿਚ ਲਿਖੇ ਗਏ ਹਨ ਉਹ ਇਸ ਦੁਨੀਆਂ ਵਿਚ ਸਭ ਤੋਂ ਸੁਰੱਖਿਅਤ ਹਨ, ਕਿਉਂਕਿ ਪਰਮੇਸ਼ੁਰ ਉਨ੍ਹਾਂ ਦੀ ਹਿਫਾਜ਼ਤ ਕਰੇਗਾ। ਉਨ੍ਹਾਂ ਦਾ ਜੋ ਮਰਜ਼ੀ ਨੁਕਸਾਨ ਹੋਵੇ, ਉਸ ਨੂੰ ਜ਼ਰੂਰ ਸੁਧਾਰਿਆ ਜਾ ਸਕਦਾ ਹੈ ਅਤੇ ਇਵੇਂ ਕੀਤਾ ਵੀ ਜਾਵੇਗਾ। ਜੇਕਰ ਉਹ ਇਸ ਆ ਰਹੇ ‘ਬਿਪਤਾ ਦੇ ਵੇਲੇ’ ਤੋਂ ਪਹਿਲਾਂ ਮਰ ਵੀ ਜਾਣ, ਉਹ ਯਹੋਵਾਹ ਦੀ ਅਸੀਮ ਯਾਦਾਸ਼ਤ ਵਿਚ ਸੁਰੱਖਿਅਤ ਰਹਿੰਦੇ ਹਨ। ਉਹ ਉਨ੍ਹਾਂ ਨੂੰ ਯਾਦ ਰੱਖੇਗਾ ਅਤੇ ਯਿਸੂ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਜੀ ਉਠਾਵੇਗਾ।—ਰਸੂਲਾਂ ਦੇ ਕਰਤੱਬ 24:15; ਪਰਕਾਸ਼ ਦੀ ਪੋਥੀ 20:4-6.
ਸੰਤ ‘ਜਾਗ ਉੱਠਦੇ’ ਹਨ
8. ਦਾਨੀਏਲ 12:2 ਵਿਚ ਕਿਹੜੀ ਖ਼ੁਸ਼ੀ-ਭਰੀ ਉਮੀਦ ਪੇਸ਼ ਕੀਤੀ ਗਈ ਹੈ?
8 ਮੁੜ ਕੇ ਜੀ ਉਠਾਏ ਜਾਣ ਦੀ ਉਮੀਦ ਕਿੰਨੀ ਦਿਲਾਸਾ-ਭਰੀ ਹੈ। ਦਾਨੀਏਲ 12:2 ਇਹ ਕਹਿ ਕੇ ਇਸ ਦਾ ਜ਼ਿਕਰ ਕਰਦਾ ਹੈ: “ਉਨ੍ਹਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ ਅਤੇ ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ।” (ਯਸਾਯਾਹ 26:19 ਦੀ ਤੁਲਨਾ ਕਰੋ।) ਇਹ ਸ਼ਬਦ ਸ਼ਾਇਦ ਸਾਨੂੰ ਯਿਸੂ ਮਸੀਹ ਦੇ ਆਮ ਪੁਨਰ-ਉਥਾਨ ਦੇ ਸੋਹਣੇ ਵਾਅਦੇ ਬਾਰੇ ਯਾਦ ਦਿਲਾਉਣ। (ਯੂਹੰਨਾ 5:28, 29) ਇਹ ਕਿੰਨੀ ਖ਼ੁਸ਼ੀ ਵਾਲੀ ਉਮੀਦ ਹੈ! ਉਨ੍ਹਾਂ ਪਿਆਰੇ ਮਿੱਤਰਾਂ ਅਤੇ ਪਰਿਵਾਰ ਦੇ ਜੀਆਂ ਬਾਰੇ ਜ਼ਰਾ ਸੋਚੋ ਜੋ ਮਰ ਚੁੱਕੇ ਹਨ, ਜਿਨ੍ਹਾਂ ਨੂੰ ਭਵਿੱਖ ਵਿਚ ਜੀਉਣ ਦਾ ਦੁਬਾਰਾ ਮੌਕਾ ਮਿਲੇਗਾ! ਪਰ ਦਾਨੀਏਲ ਦੀ ਪੋਥੀ ਵਿਚ ਇਹ ਵਾਅਦਾ ਮੂਲ ਰੂਪ ਵਿਚ ਕਿਸੇ ਦੂਜੇ ਪੁਨਰ-ਉਥਾਨ ਦਾ ਜ਼ਿਕਰ ਹੈ ਜੋ ਕਿ ਪਹਿਲਾਂ ਹੀ ਹੋ ਚੁੱਕਾ ਹੈ। ਇਹ ਕਿਵੇਂ ਹੋ ਸਕਦਾ ਹੈ?
9. (ੳ) ਇਸ ਦੀ ਉਮੀਦ ਰੱਖਣੀ ਕਿਉਂ ਉਚਿਤ ਹੈ ਕਿ ਦਾਨੀਏਲ 12:2 ਅਖ਼ੀਰਲਿਆਂ ਦਿਨਾਂ ਦੇ ਦੌਰਾਨ ਪੂਰਾ ਹੋਵੇਗਾ? (ਅ) ਭਵਿੱਖਬਾਣੀ ਕਿਸ ਤਰ੍ਹਾਂ ਦੇ ਪੁਨਰ-ਉਥਾਨ ਬਾਰੇ ਜ਼ਿਕਰ ਕਰਦੀ ਹੈ, ਅਤੇ ਅਸੀਂ ਇਹ ਕਿਵੇਂ ਜਾਣਦੇ ਹਾਂ?
9 ਦਾਨੀਏਲ ਦੇ ਬਾਰ੍ਹਵੇਂ ਅਧਿਆਇ ਦੇ ਪ੍ਰਸੰਗ ਉੱਤੇ ਗੌਰ ਕਰੋ। ਜਿਵੇਂ ਅਸੀਂ ਦੇਖਿਆ ਹੈ, ਇਸ ਦੀ ਪਹਿਲੀ ਆਇਤ ਇਸ ਰੀਤੀ-ਵਿਵਸਥਾ ਦੇ ਅੰਤ ਤੇ ਹੀ ਨਹੀਂ, ਪਰ ਅਖ਼ੀਰਲਿਆਂ ਦਿਨਾਂ ਦੇ ਸਾਰੇ ਸਮੇਂ ਉੱਤੇ ਲਾਗੂ ਹੁੰਦੀ ਹੈ। ਅਸਲ ਵਿਚ, ਇਸ ਅਧਿਆਇ ਦੇ ਜ਼ਿਆਦਾਤਰ ਹਿੱਸੇ ਦੀ ਪੂਰਤੀ ਧਰਤੀ ਉੱਤੇ ਸਥਾਪਿਤ ਹੋਣ ਵਾਲੇ ਫਿਰਦੌਸ ਵਿਚ ਨਹੀਂ, ਪਰ ਅੰਤ ਦੇ ਸਮੇਂ ਦੌਰਾਨ ਹੁੰਦੀ ਹੈ। ਕੀ ਇਸ ਸਮੇਂ ਦੌਰਾਨ ਕੋਈ ਪੁਨਰ-ਉਥਾਨ ਹੋਇਆ ਹੈ? ਪੌਲੁਸ ਰਸੂਲ ਨੇ ਉਨ੍ਹਾਂ ਦੇ ਜੀ ਉੱਠਣ ਬਾਰੇ ਲਿਖਿਆ ਸੀ “ਜਿਹੜੇ ਮਸੀਹ ਦੇ ਹਨ,” ਕਿ ਇਹ “ਉਹ ਦੀ ਮੌਜੂਦਗੀ ਦੇ ਦੌਰਾਨ” (ਨਿ ਵ) ਹੋਵੇਗਾ। ਪਰ ਜਿਹੜੇ ਸਵਰਗ ਵਿਚ ਜੀਵਨ ਲਈ ਜੀ ਉਠਾਏ ਜਾਂਦੇ ਹਨ ਉਹ “ਅਵਿਨਾਸੀ” ਹੋ ਕੇ ਜੀ ਉਠਾਏ ਜਾਂਦੇ ਹਨ। (1 ਕੁਰਿੰਥੀਆਂ 15:23, 52) ਉਨ੍ਹਾਂ ਵਿੱਚੋਂ ਕੋਈ ਵੀ ਦਾਨੀਏਲ 12:2 ਵਿਚ ਪਹਿਲਾਂ ਦੱਸੀ ਗਈ “ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ” ਨਹੀਂ ਜੀ ਉਠਾਏ ਜਾਂਦੇ। ਕੀ ਕਿਸੇ ਹੋਰ ਤਰ੍ਹਾਂ ਦਾ ਪੁਨਰ-ਉਥਾਨ ਵੀ ਹੈ? ਬਾਈਬਲ ਵਿਚ ਕਦੇ-ਕਦੇ ਜੀ ਉੱਠਣ ਦਾ ਇਕ ਰੂਹਾਨੀ ਭਾਵ ਹੁੰਦਾ ਹੈ। ਮਿਸਾਲ ਲਈ, ਹਿਜ਼ਕੀਏਲ ਅਤੇ ਪਰਕਾਸ਼ ਦੀ ਪੋਥੀ ਦੋਹਾਂ ਵਿਚ ਭਵਿੱਖ-ਸੂਚਕ ਪਾਠ ਪਾਏ ਜਾਂਦੇ ਹਨ ਜੋ ਕਿ ਰੂਹਾਨੀ ਤੌਰ ਤੇ ਮੁੜ-ਬਹਾਲ ਹੋਣ ਜਾਂ ਜੀ ਉੱਠਣ ਉੱਤੇ ਲਾਗੂ ਹੁੰਦੇ ਹਨ।—ਹਿਜ਼ਕੀਏਲ 37:1-14; ਪਰਕਾਸ਼ ਦੀ ਪੋਥੀ 11:3, 7, 11.
10. (ੳ) ਅੰਤ ਦੇ ਸਮੇਂ ਦੌਰਾਨ ਮਸਹ ਕੀਤਾ ਹੋਇਆ ਬਕੀਆ ਕਿਸ ਭਾਵ ਵਿਚ ਜੀ ਉਠਾਇਆ ਗਿਆ ਸੀ? (ਅ) ਮਸਹ ਕੀਤੇ ਹੋਏ ਕੁਝ ਵਿਅਕਤੀ ਜੋ ਬਹਾਲ ਕੀਤੇ ਗਏ ਸਨ, ਕਿਸ ਤਰ੍ਹਾਂ “ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ” ਲਈ ਹੀ ਜਾਗੇ?
10 ਕੀ ਅੰਤ ਦੇ ਸਮੇਂ ਵਿਚ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕਾਂ ਦੀ ਅਜਿਹੀ ਕੋਈ ਰੂਹਾਨੀ ਬਹਾਲੀ ਹੋਈ ਹੈ? ਜੀ ਹਾਂ! ਇਹ ਇਕ ਇਤਿਹਾਸਕ ਸੱਚਾਈ ਹੈ ਕਿ 1918 ਵਿਚ ਵਫ਼ਾਦਾਰ ਮਸੀਹੀਆਂ ਦੇ ਇਕ ਛੋਟੇ ਜਿਹੇ ਬਕੀਏ ਉੱਤੇ ਇਕ ਅਨੋਖਾ ਹਮਲਾ ਕੀਤਾ ਗਿਆ ਸੀ ਜਿਸ ਦੇ ਕਾਰਨ ਉਨ੍ਹਾਂ ਦੇ ਸੰਗਠਿਤ ਜਨਤਕ ਪ੍ਰਚਾਰ ਦੇ ਕੰਮ ਵਿਚ ਰੁਕਾਵਟ ਆਈ ਸੀ। ਫਿਰ, ਜਦੋਂ ਕੋਈ ਉਮੀਦ ਨਹੀਂ ਰਹੀ, 1919 ਵਿਚ ਉਹ ਰੂਹਾਨੀ ਤੌਰ ਤੇ ਮੁੜ ਕੇ ਜੀਉਂਦਾ ਹੋਏ ਸਨ। ਇਹ ਹਕੀਕਤਾਂ ਉਸ ਵਰਣਨ ਨਾਲ ਮੇਲ ਖਾਂਦੀਆਂ ਹਨ ਜੋ ਦਾਨੀਏਲ 12:2 ਤੇ ਜੀ ਉੱਠਣ ਬਾਰੇ ਪਹਿਲਾਂ ਦਿੱਤਾ ਗਿਆ ਸੀ। ਕੁਝ ਵਿਅਕਤੀ ਉਦੋਂ ਅਤੇ ਉਸ ਸਮੇਂ ਤੋਂ ਬਾਅਦ ਰੂਹਾਨੀ ਤੌਰ ਤੇ ‘ਜਾਗ ਉੱਠੇ’ ਸਨ। ਪਰ ਅਫ਼ਸੋਸ ਦੀ ਗੱਲ ਹੈ ਕਿ ਸਾਰੇ ਰੂਹਾਨੀ ਤੌਰ ਤੇ ਜਾਗਦੇ ਨਹੀਂ ਰਹੇ। ਜਿਨ੍ਹਾਂ ਨੇ ਜਗਾਏ ਜਾਣ ਤੋਂ ਬਾਅਦ ਮਸੀਹਾਈ ਰਾਜੇ ਨੂੰ ਠੁਕਰਾਇਆ ਅਤੇ ਜਿਨ੍ਹਾਂ ਨੇ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦਿੱਤੀ, ਉਨ੍ਹਾਂ ਨੇ ਆਪਣੇ ਆਪ ਉੱਤੇ ਦਾਨੀਏਲ 12:2 ਵਿਚ ਦੱਸੀ ਗਈ “ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ” ਲਿਆਂਦੀ। (ਇਬਰਾਨੀਆਂ 6:4-6) ਪਰ, ਮਸਹ ਕੀਤੇ ਹੋਏ ਵਫ਼ਾਦਾਰ ਵਿਅਕਤੀਆਂ ਨੇ ਰੂਹਾਨੀ ਤੌਰ ਤੇ ਆਪਣੀ ਬਹਾਲ ਕੀਤੀ ਗਈ ਸਥਿਤੀ ਦਾ ਪੂਰਾ ਲਾਭ ਉਠਾਇਆ ਅਤੇ ਮਸੀਹਾਈ ਰਾਜੇ ਨੂੰ ਵਫ਼ਾਦਾਰੀ ਨਾਲ ਸਮਰਥਨ ਦਿੱਤਾ। ਠੀਕ ਜਿਵੇਂ ਭਵਿੱਖਬਾਣੀ ਕਹਿੰਦੀ ਹੈ, ਅਖ਼ੀਰ ਵਿਚ ਉਨ੍ਹਾਂ ਦੀ ਵਫ਼ਾਦਾਰੀ ਦਾ ਨਤੀਜਾ “ਸਦੀਪਕ ਜੀਉਣ” ਹੁੰਦਾ ਹੈ। ਅੱਜ, ਵਿਰੋਧਤਾ ਦਾ ਸਾਮ੍ਹਣਾ ਕਰਦੇ ਹੋਏ ਉਨ੍ਹਾਂ ਦਾ ਰੂਹਾਨੀ ਜੋਸ਼ ਉਨ੍ਹਾਂ ਦੀ ਪਛਾਣ ਕਰਨ ਵਿਚ ਸਾਡੀ ਮਦਦ ਕਰਦਾ ਹੈ।
ਉਹ ‘ਤਾਰਿਆਂ ਵਾਂਗਰ ਚਮਕਦੇ’ ਹਨ
11. ਅੱਜ ਉਹ “ਬੁੱਧਵਾਨ” ਕੌਣ ਹਨ ਅਤੇ ਉਹ ਕਿਸ ਭਾਵ ਵਿਚ ਤਾਰਿਆਂ ਵਾਂਗਰ ਚਮਕਦੇ ਹਨ?
11 ਦਾਨੀਏਲ ਦੇ ਬਾਰ੍ਹਵੇਂ ਅਧਿਆਇ ਦੀਆਂ ਅਗਲੀਆਂ ਦੋ ਆਇਤਾਂ “ਅੱਤ ਮਹਾਨ ਦੇ ਸੰਤਾਂ” ਦੀ ਪਛਾਣ ਕਰਨ ਵਿਚ ਸਾਡੀ ਹੋਰ ਵੀ ਮਦਦ ਕਰਦੀਆਂ ਹਨ। ਤੀਜੀ ਆਇਤ ਵਿਚ ਦੂਤ ਦਾਨੀਏਲ ਨੂੰ ਦੱਸਦਾ ਹੈ ਕਿ “ਓਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ ਅਤੇ ਓਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁੱਗੋ ਜੁੱਗ ਤੀਕਰ।” ਅੱਜ ਉਹ “ਬੁੱਧਵਾਨ” ਕੌਣ ਹਨ? ਸਬੂਤ ਫਿਰ ਉਨ੍ਹਾਂ “ਅੱਤ ਮਹਾਨ ਦੇ ਸੰਤਾਂ” ਵੱਲ ਹੀ ਇਸ਼ਾਰਾ ਕਰਦਾ ਹੈ। ਆਖ਼ਰਕਾਰ, ਮਸਹ ਕੀਤੇ ਹੋਏ ਵਫ਼ਾਦਾਰ ਬਕੀਏ ਤੋਂ ਇਲਾਵਾ ਹੋਰ ਕਿਸ ਕੋਲ ਇਹ ਸੂਝ ਸੀ ਕਿ ਮੀਕਾਏਲ, ਉਸ ਵੱਡੇ ਸਰਦਾਰ ਨੇ 1914 ਵਿਚ ਰਾਜੇ ਵਜੋਂ ਖੜ੍ਹਨਾ ਸ਼ੁਰੂ ਕੀਤਾ? ਅਜਿਹੀਆਂ ਸੱਚਾਈਆਂ ਦਾ ਪ੍ਰਚਾਰ ਕਰ ਕੇ—ਨਾਲੇ ਮਸੀਹੀ ਆਚਰਣ ਕਾਇਮ ਰੱਖ ਕੇ—ਉਹ ਰੂਹਾਨੀ ਤੌਰ ਤੇ ਇਸ ਹਨੇਰੇ ਜਗਤ ਵਿਚ “ਜੋਤਾਂ ਵਾਂਙੁ ਦਿੱਸਦੇ” ਆਏ ਹਨ। (ਫ਼ਿਲਿੱਪੀਆਂ 2:15; ਯੂਹੰਨਾ 8:12) ਉਨ੍ਹਾਂ ਬਾਰੇ ਯਿਸੂ ਨੇ ਭਵਿੱਖਬਾਣੀ ਕੀਤੀ ਸੀ: “ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਙੁ ਚਮਕਣਗੇ।”—ਮੱਤੀ 13:43.
12. (ੳ) ਅੰਤ ਦੇ ਸਮੇਂ ਦੌਰਾਨ, ‘ਢੇਰ ਸਾਰਿਆਂ ਨੂੰ ਧਰਮੀ ਬਣਾਉਣ’ ਵਿਚ ਮਸਹ ਕੀਤੇ ਹੋਏ ਕਿਸ ਤਰ੍ਹਾਂ ਰੁੱਝੇ ਰਹੇ ਹਨ? (ਅ) ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ, ਮਸਹ ਕੀਤੇ ਹੋਏ ਢੇਰ ਸਾਰਿਆਂ ਨੂੰ ਕਿਸ ਤਰ੍ਹਾਂ ਧਰਮੀ ਬਣਾਉਣਗੇ ਅਤੇ ‘ਤਾਰਿਆਂ ਵਾਂਗਰ ਚਮਕਣਗੇ’?
12 ਦਾਨੀਏਲ 12:3 ਸਾਨੂੰ ਇਹ ਵੀ ਦੱਸਦਾ ਹੈ ਕਿ ਇਹ ਮਸਹ ਕੀਤੇ ਹੋਏ ਮਸੀਹੀ ਅੰਤ ਦੇ ਸਮੇਂ ਵਿਚ ਕਿਹੜਾ ਕੰਮ ਕਰਦੇ ਹੋਣਗੇ। ਉਹ ‘ਢੇਰ ਸਾਰਿਆਂ ਨੂੰ ਧਰਮੀ ਬਣਾਉਣਗੇ।’ ਮਸਹ ਕੀਤੇ ਹੋਏ ਬਕੀਏ ਨੇ ਮਸੀਹ ਦੇ 1,44,000 ਦੇ ਬਾਕੀ ਰਹਿੰਦੇ ਸਾਂਝੇ ਅਧਿਕਾਰੀਆਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। (ਰੋਮੀਆਂ 8:16, 17; ਪਰਕਾਸ਼ ਦੀ ਪੋਥੀ 7:3, 4) ਜ਼ਾਹਰ ਹੈ ਕਿ ਤਕਰੀਬਨ 1935 ਤਕ ਜਦੋਂ ਉਹ ਕੰਮ ਪੂਰਾ ਹੋ ਗਿਆ, ਤਾਂ ਉਨ੍ਹਾਂ ਨੇ ‘ਹੋਰ ਭੇਡਾਂ’ ਦੀ “ਵੱਡੀ ਭੀੜ” ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। (ਯੂਹੰਨਾ 10:16; ਪਰਕਾਸ਼ ਦੀ ਪੋਥੀ 7:9) ਇਹ ਭੇਡ ਸਮਾਨ ਲੋਕ ਵੀ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਰੱਖਦੇ ਹਨ। ਇਸ ਕਰਕੇ ਉਹ ਵੀ ਯਹੋਵਾਹ ਦੇ ਸਾਮ੍ਹਣੇ ਪਵਿੱਤਰ ਮੰਨੇ ਜਾਂਦੇ ਹਨ। ਅੱਜ ਉਨ੍ਹਾਂ ਦੀ ਗਿਣਤੀ ਲੱਖਾਂ ਵਿਚ ਹੈ ਅਤੇ ਉਹ ਇਸ ਦੁਸ਼ਟ ਜਗਤ ਉੱਤੇ ਆਉਣ ਵਾਲੀ ਤਬਾਹੀ ਤੋਂ ਬਚ ਜਾਣ ਦੀ ਉਮੀਦ ਰੱਖਦੇ ਹਨ। ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ, ਯਿਸੂ ਅਤੇ ਉਸ ਦੇ 1,44,000 ਸੰਗੀ ਰਾਜੇ ਅਤੇ ਜਾਜਕ, ਧਰਤੀ ਉੱਤੇ ਆਗਿਆਕਾਰ ਮਨੁੱਖਜਾਤੀ ਉੱਤੇ ਰਿਹਾਈ-ਕੀਮਤ ਦੇ ਪੂਰੇ ਲਾਭ ਲਾਗੂ ਕਰਨਗੇ ਅਤੇ ਇਵੇਂ ਆਦਮ ਤੋਂ ਵਿਰਸੇ ਵਿਚ ਪ੍ਰਾਪਤ ਕੀਤੇ ਗਏ ਪਾਪ ਦੀ ਹਰ ਨਿਸ਼ਾਨੀ ਨੂੰ ਮਿਟਾਉਣ ਵਿਚ ਨਿਹਚਾ ਰੱਖਣ ਵਾਲੇ ਸਾਰਿਆਂ ਦੀ ਮਦਦ ਕਰਨਗੇ। (2 ਪਤਰਸ 3:13; ਪਰਕਾਸ਼ ਦੀ ਪੋਥੀ 7:13, 14; 20:5, 6) ਮਸਹ ਕੀਤੇ ਹੋਏ ਫਿਰ ਪੂਰੇ ਭਾਵ ਵਿਚ ‘ਢੇਰ ਸਾਰਿਆਂ ਨੂੰ ਧਰਮੀ ਬਣਾਉਣਗੇ’ ਅਤੇ ਸਵਰਗ ਵਿਚ “ਤਾਰਿਆਂ ਵਾਂਗਰ ਚਮਕਣਗੇ।” ਕੀ ਤੁਸੀਂ ਮਸੀਹ ਅਤੇ ਉਸ ਦੇ ਸੰਗੀ ਰਾਜਿਆਂ ਦੀ ਵਧੀਆ ਸਵਰਗੀ ਸਰਕਾਰ ਦੇ ਅਧੀਨ ਧਰਤੀ ਉੱਤੇ ਜੀਉਣ ਦੀ ਉਮੀਦ ਦੀ ਕਦਰ ਕਰਦੇ ਹੋ? “ਸੰਤਾਂ” ਨਾਲ ਪਰਮੇਸ਼ੁਰ ਦੇ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਾਡੇ ਲਈ ਕਿੱਡਾ ਸਨਮਾਨ ਹੈ!—ਮੱਤੀ 24:14.
ਉਹ ‘ਏੱਧਰ ਉੱਧਰ ਭੱਜਦੇ’ ਹਨ
13. ਦਾਨੀਏਲ ਦੀ ਪੋਥੀ ਦੇ ਸ਼ਬਦਾਂ ਉੱਤੇ ਕਿਸ ਭਾਵ ਵਿਚ ਮੋਹਰ ਲੱਗੀ ਰਹੀ ਅਤੇ ਉਹ ਗੁਪਤ ਰਹੇ?
13 ਦਾਨੀਏਲ ਨੂੰ ਦੂਤ ਦਾ ਐਲਾਨ, ਜੋ ਕਿ ਦਾਨੀਏਲ 10:20 ਤੋਂ ਸ਼ੁਰੂ ਹੋਇਆ ਸੀ, ਹੁਣ ਇਨ੍ਹਾਂ ਹੌਸਲੇ ਭਰੇ ਸ਼ਬਦਾਂ ਨਾਲ ਖ਼ਤਮ ਹੁੰਦਾ ਹੈ: “ਪਰ ਤੂੰ ਹੇ ਦਾਨੀਏਲ, ਇਨ੍ਹਾਂ ਗੱਲਾਂ ਨੂੰ ਮੂੰਦ ਰੱਖ ਅਤੇ ਪੋਥੀ ਉੱਤੇ ਓੜਕ ਦੇ ਸਮੇਂ ਤੀਕਰ ਮੋਹਰ ਲਾ ਰੱਖ। ਬਥੇਰੇ ਏੱਧਰ ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ।” (ਦਾਨੀਏਲ 12:4) ਜੋ ਦਾਨੀਏਲ ਨੇ ਪ੍ਰੇਰਣਾ ਅਧੀਨ ਲਿਖਿਆ ਸੀ ਉਸ ਦਾ ਵੱਡਾ ਹਿੱਸਾ ਮਨੁੱਖੀ ਸਮਝ ਤੋਂ ਮੁੰਦਿਆ ਗਿਆ ਜਾਂ ਗੁਪਤ ਰੱਖਿਆ ਗਿਆ ਸੀ ਅਤੇ ਉਸ ਉੱਤੇ ਮੋਹਰ ਲੱਗੀ ਹੋਈ ਸੀ। ਆਖ਼ਰ ਦਾਨੀਏਲ ਨੇ ਬਾਅਦ ਵਿਚ ਖ਼ੁਦ ਹੀ ਇਹ ਲਿਖਿਆ ਕਿ “ਮੈਂ ਸੁਣਿਆ ਤਾਂ ਸਹੀ ਪਰ ਸਮਝਿਆ ਨਾ।” (ਦਾਨੀਏਲ 12:8) ਇਸ ਭਾਵ ਵਿਚ ਸਦੀਆਂ ਲਈ ਦਾਨੀਏਲ ਦੀ ਪੋਥੀ ਉੱਤੇ ਮੋਹਰ ਲੱਗੀ ਰਹੀ। ਪਰ ਅੱਜ ਬਾਰੇ ਕੀ ਕਿਹਾ ਜਾ ਸਕਦਾ ਹੈ?
14. (ੳ) “ਓੜਕ ਦੇ ਸਮੇਂ” ਦੌਰਾਨ, ਕੌਣ ‘ਏੱਧਰ ਉੱਧਰ ਭੱਜੇ’ ਹਨ, ਅਤੇ ਕਿੱਥੇ? (ਅ) ਕੀ ਸਬੂਤ ਹੈ ਕਿ ਯਹੋਵਾਹ ਨੇ ਇਸ ‘ਏੱਧਰ ਉੱਧਰ ਭੱਜਣ’ ਉੱਤੇ ਆਪਣੀ ਬਰਕਤ ਪਾਈ ਹੈ?
14 ਅਸੀਂ ਮੁਬਾਰਕ ਲੋਕ ਹਾਂ ਜੋ ਦਾਨੀਏਲ ਦੀ ਪੋਥੀ ਵਿਚ ਪਹਿਲਾਂ ਦੱਸੇ ਗਏ “ਓੜਕ ਦੇ ਸਮੇਂ” ਵਿਚ ਰਹਿ ਰਹੇ ਹਾਂ। ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, ਬਥੇਰੇ ਵਫ਼ਾਦਾਰ ਵਿਅਕਤੀ ਪਰਮੇਸ਼ੁਰ ਦੇ ਬਚਨ ਵਿਚ ‘ਏੱਧਰ ਉੱਧਰ ਭੱਜੇ’ ਹਨ। ਇਸ ਦਾ ਕੀ ਨਤੀਜਾ ਨਿਕਲਿਆ? ਯਹੋਵਾਹ ਦੀ ਬਰਕਤ ਨਾਲ ਸੱਚਾ ਗਿਆਨ ਵੱਧ ਗਿਆ ਹੈ। ਯਹੋਵਾਹ ਦੇ ਮਸਹ ਕੀਤੇ ਹੋਏ ਵਫ਼ਾਦਾਰ ਗਵਾਹਾਂ ਨੂੰ ਬੁੱਧ ਬਖ਼ਸ਼ੀ ਗਈ ਹੈ ਜਿਸ ਦੇ ਕਾਰਨ ਉਹ ਇਹ ਕੁਝ ਗੱਲਾਂ ਸਮਝ ਸਕੇ ਹਨ ਕਿ ਮਨੁੱਖ ਦਾ ਪੁੱਤਰ 1914 ਵਿਚ ਰਾਜਾ ਬਣਿਆ ਸੀ; ਕਿ ਦਾਨੀਏਲ ਦੀ ਭਵਿੱਖਬਾਣੀ ਦੇ ਦਰਿੰਦੇ ਕੌਣ ਸਨ; ਕਿ “ਵਿਗਾੜਨ ਵਾਲੀ ਘਿਣਾਉਣੀ ਵਸਤ” ਬਾਰੇ ਚੇਤਾਵਨੀ ਦੇਣੀ ਚਾਹੀਦੀ ਹੈ। (ਦਾਨੀਏਲ 11:31) ਤਾਂ ਫਿਰ, ਗਿਆਨ ਦਾ ਵਾਧਾ “ਅੱਤ ਮਹਾਨ ਦੇ ਸੰਤਾਂ” ਦੀ ਪਛਾਣ ਕਰਨ ਵਿਚ, ਇਕ ਹੋਰ ਨਿਸ਼ਾਨੀ ਹੈ। ਪਰ ਦਾਨੀਏਲ ਨੂੰ ਹੋਰ ਵੀ ਸਬੂਤ ਮਿਲਿਆ।
ਉਹ ‘ਮੂਲੋਂ ਤੋੜੇ’ ਜਾਂਦੇ ਹਨ
15. ਇਕ ਦੂਤ ਨੇ ਕੀ ਸਵਾਲ ਪੁੱਛਿਆ, ਅਤੇ ਇਹ ਸਵਾਲ ਸ਼ਾਇਦ ਸਾਨੂੰ ਕਿਨ੍ਹਾਂ ਦੀ ਯਾਦ ਦਿਲਾਵੇ?
15 ਸਾਨੂੰ ਯਾਦ ਹੈ ਕਿ ਦਾਨੀਏਲ ਨੂੰ ਦੂਤ ਕੋਲੋਂ ਇਹ ਸੰਦੇਸ਼ “ਵੱਡੇ ਦਰਿਆ” ਦਜਲੇ (ਹਿੱਦਕਲ) ਦੇ ਕੰਢੇ ਉੱਤੇ ਮਿਲੇ ਸਨ। (ਦਾਨੀਏਲ 10:4) ਇਸ ਦਰਿਆ ਨੂੰ ਟਾਈਗ੍ਰਿਸ ਵੀ ਕਿਹਾ ਜਾਂਦਾ ਹੈ। ਇੱਥੇ ਹੁਣ ਉਹ ਤਿੰਨ ਦੂਤਮਈ ਪ੍ਰਾਣੀਆਂ ਨੂੰ ਦੇਖਦਾ ਹੈ ਅਤੇ ਕਹਿੰਦਾ ਹੈ ਕਿ “ਮੈਂ ਦਾਨੀਏਲ ਨੇ ਡਿੱਠਾ ਅਤੇ ਕੀ ਵੇਖਦਾ ਹਾਂ ਜੋ ਦੋ ਹੋਰ ਖਲੋਤੇ ਸਨ, ਇੱਕ ਦਰਿਆ ਦੇ ਕੰਢੇ ਦੇ ਉਰਲੇ ਪਾਸੇ, ਦੂਜਾ ਦਰਿਆ ਦੇ ਕੰਢੇ ਦੇ ਪਰਲੇ ਪਾਸੇ। ਅਤੇ ਇੱਕ ਨੇ ਉਸ ਮਨੁੱਖ ਨੂੰ ਜੋ ਸੁਥਰੇ ਲੀੜੇ ਪਹਿਨੀ ਦਰਿਆ ਦੇ ਪਾਣੀਆਂ ਉੱਤੇ ਸੀ ਪੁੱਛਿਆ ਭਈ ਏਹ ਅਚਰਜ ਗੱਲਾਂ ਕਿੱਨੇ ਚਿਰ ਪਿੱਛੋਂ ਅੰਤ ਤੋੜੀ ਪੁੱਜਣਗੀਆਂ?” (ਦਾਨੀਏਲ 12:5, 6) ਦੂਤ ਨੇ ਜੋ ਸਵਾਲ ਇੱਥੇ ਪੁੱਛਿਆ, ਸ਼ਾਇਦ ਸਾਨੂੰ ਦੁਬਾਰਾ “ਅੱਤ ਮਹਾਨ ਦੇ ਸੰਤਾਂ” ਦੀ ਯਾਦ ਦਿਲਾਵੇ। “ਓੜਕ ਦੇ ਸਮੇਂ” ਦੇ ਆਰੰਭ, 1914 ਵਿਚ ਉਹ ਬਹੁਤ ਹੀ ਚਿੰਤਿਤ ਸਨ ਕਿ ਪਰਮੇਸ਼ੁਰ ਦੇ ਵਾਅਦੇ ਕਿੰਨੇ ਚਿਰ ਪਿੱਛੋਂ ਪੂਰੇ ਹੋਣਗੇ। ਇਸ ਸਵਾਲ ਦੇ ਜਵਾਬ ਤੋਂ ਪਤਾ ਚੱਲਦਾ ਹੈ ਕਿ ਇਸ ਭਵਿੱਖਬਾਣੀ ਦਾ ਵਿਸ਼ਾ ਸੰਤ ਹੀ ਸਨ।
16. ਦੂਤ ਕਿਹੜੀ ਭਵਿੱਖਬਾਣੀ ਕਰਦਾ ਹੈ, ਅਤੇ ਉਹ ਇਸ ਦੀ ਪੂਰਤੀ ਉੱਤੇ ਕਿਵੇਂ ਜ਼ੋਰ ਦਿੰਦਾ ਹੈ?
16 ਦਾਨੀਏਲ ਦਾ ਬਿਰਤਾਂਤ ਅੱਗੇ ਜਾਰੀ ਰਹਿੰਦਾ ਹੈ: “ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਸੁਥਰੇ ਲੀੜੇ ਪਹਿਨੀ ਅਤੇ ਜਿਹੜਾ ਦਰਿਆ ਦੇ ਪਾਣੀਆਂ ਉੱਤੇ ਸੀ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ ਉਸ ਦੀ ਸੌਂਹ ਚੁੱਕੀ ਅਤੇ ਆਖਿਆ ਜੋ ਇੱਕ ਸਮਾ ਅਤੇ ਸਮੇ ਅਰ ਅੱਧੇ ਸਮੇਂ ਤੀਕਰ ਰਹਿਣਗੀਆਂ ਅਤੇ ਜਦੋਂ ਉਹ ਪਵਿੱਤ੍ਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਏਹ ਸੱਭ ਗੱਲਾਂ ਪੂਰੀਆਂ ਹੋਣਗੀਆਂ।” (ਦਾਨੀਏਲ 12:7) ਇਹ ਇਕ ਗੰਭੀਰ ਮਾਮਲਾ ਹੈ। ਦੂਤ ਸਹੁੰ ਚੁੱਕਦਿਆਂ ਦੋਨੋਂ ਹੱਥ ਸ਼ਾਇਦ ਇਸ ਕਰਕੇ ਉੱਚੇ ਕਰਦਾ ਹੈ ਤਾਂਕਿ ਚੌੜੇ ਦਰਿਆ ਦੇ ਉਰਲੇ ਅਤੇ ਪਰਲੇ ਪਾਸੇ ਤੇ ਖੜ੍ਹੇ ਦੂਤ ਦੇਖ ਸਕਣ। ਇਸ ਤਰ੍ਹਾਂ ਉਹ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਇਹ ਭਵਿੱਖਬਾਣੀ ਜ਼ਰੂਰ ਪੂਰੀ ਹੋਵੇਗੀ। ਪਰ ਫਿਰ, ਇਹ ਠਹਿਰਾਏ ਹੋਏ ਸਮੇਂ ਕਦੋਂ ਆਉਣਗੇ? ਜਵਾਬ ਇੰਨਾ ਮੁਸ਼ਕਲ ਨਹੀਂ ਹੈ ਜਿੰਨਾ ਸ਼ਾਇਦ ਤੁਸੀਂ ਸਮਝੋ।
17. (ੳ) ਦਾਨੀਏਲ 7:25, ਦਾਨੀਏਲ 12:7, ਅਤੇ ਪਰਕਾਸ਼ ਦੀ ਪੋਥੀ 11:3, 7, 9 ਵਿਚ ਦਰਜ ਭਵਿੱਖਬਾਣੀਆਂ ਵਿਚ ਕਿਹੜੀਆਂ ਮਿਲਦੀਆਂ-ਜੁਲਦੀਆਂ ਗੱਲਾਂ ਹਨ? (ਅ) ਸਾਢੇ ਤਿੰਨ ਸਮੇਂ ਕਿੰਨੇ ਲੰਬੇ ਹਨ?
17 ਇਹ ਧਿਆਨਯੋਗ ਗੱਲ ਹੈ ਕਿ ਇਹ ਭਵਿੱਖਬਾਣੀ ਦੋ ਹੋਰ ਭਵਿੱਖਬਾਣੀਆਂ ਨਾਲ ਕਾਫ਼ੀ ਮਿਲਦੀ-ਜੁਲਦੀ ਹੈ। ਇਕ ਦਾਨੀਏਲ 7:25 ਵਿਚ ਪਾਈ ਜਾਂਦੀ ਹੈ ਜਿਸ ਦੀ ਅਸੀਂ ਇਸ ਪੁਸਤਕ ਦੇ ਨੌਵੇਂ ਅਧਿਆਇ ਵਿਚ ਚਰਚਾ ਕੀਤੀ ਸੀ; ਦੂਜੀ ਪਰਕਾਸ਼ ਦੀ ਪੋਥੀ 11:3, 7, 9 ਵਿਚ ਪਾਈ ਜਾਂਦੀ ਹੈ। ਕੁਝ ਮਿਲਦੀਆਂ-ਜੁਲਦੀਆਂ ਗੱਲਾਂ ਉੱਤੇ ਗੌਰ ਕਰੋ। ਦੋਹਾਂ ਭਵਿੱਖਬਾਣੀਆਂ ਨੇ ਅੰਤ ਦੇ ਸਮੇਂ ਵਿਚ ਪੂਰੀਆਂ ਹੋਣਾ ਹੈ। ਦੋਹਾਂ ਦਾ ਪਰਮੇਸ਼ੁਰ ਦੇ ਪਵਿੱਤਰ ਸੇਵਕਾਂ ਨਾਲ ਤੱਲਕ ਹੈ ਅਤੇ ਉਨ੍ਹਾਂ ਨੂੰ ਸਤਾਏ ਜਾਂਦੇ, ਅਤੇ ਕੁਝ ਸਮੇਂ ਲਈ ਆਪਣਾ ਜਨਤਕ ਪ੍ਰਚਾਰ ਦਾ ਕੰਮ ਵੀ ਨਹੀਂ ਕਰ ਸਕਦਿਆਂ ਦਿਖਾਇਆ ਜਾਂਦਾ ਹੈ। ਦੋਵੇਂ ਭਵਿੱਖਬਾਣੀਆਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰ ਦੇ ਸੇਵਕ ਆਪਣੇ ਸਤਾਉਣ ਵਾਲਿਆਂ ਦੇ ਜਤਨਾਂ ਨੂੰ ਨਿਸਫਲ ਕਰ ਦਿੰਦੇ ਹਨ ਅਤੇ ਬਹਾਲ ਹੋ ਕੇ ਆਪਣਾ ਕੰਮ ਫਿਰ ਕਰਨ ਲੱਗ ਪੈਂਦੇ ਹਨ। ਅਤੇ ਹਰੇਕ ਭਵਿੱਖਬਾਣੀ ਸੰਤਾਂ ਲਈ ਸਖ਼ਤੀਆਂ ਦੇ ਇਸ ਸਮੇਂ ਦਾ ਜ਼ਿਕਰ ਕਰਦੀ ਹੈ। ਦਾਨੀਏਲ (7:25 ਅਤੇ 12:7) ਵਿਚ ਦੋਵੇਂ ਭਵਿੱਖਬਾਣੀਆਂ ‘ਇੱਕ ਸਮਾ ਅਤੇ ਸਮੇ ਅਰ ਅੱਧੇ ਸਮੇ’ ਦਾ ਜ਼ਿਕਰ ਕਰਦੀਆਂ ਹਨ। ਆਮ ਤੌਰ ਤੇ ਵਿਦਵਾਨ ਸਵੀਕਾਰ ਕਰਦੇ ਹਨ ਕਿ ਇਹ ਸਾਢੇ ਤਿੰਨ ਸਮੇਂ ਹਨ। ਪਰਕਾਸ਼ ਦੀ ਪੋਥੀ ਇਸੇ ਸਮੇਂ ਨੂੰ 42 ਮਹੀਨੇ, ਜਾਂ 1,260 ਦਿਨ ਸੱਦਦੀ ਹੈ। (ਪਰਕਾਸ਼ ਦੀ ਪੋਥੀ 11:2, 3) ਇਹ ਇਸ ਗੱਲ ਨੂੰ ਪੱਕਾ ਕਰਦਾ ਹੈ ਕਿ ਦਾਨੀਏਲ ਦੇ ਸਾਢੇ ਤਿੰਨ ਸਮੇਂ, ਸਾਢੇ ਤਿੰਨ ਸਾਲ ਹਨ, ਅਤੇ ਹਰੇਕ ਸਾਲ ਵਿਚ 360 ਦਿਨ ਹਨ। ਪਰ ਇਹ 1,260 ਦਿਨ ਕਦੋਂ ਸ਼ੁਰੂ ਹੋਏ?
18. (ੳ) ਦਾਨੀਏਲ 12:7 ਦੇ ਅਨੁਸਾਰ, 1,260 ਦਿਨ ਕਿਸ ਘਟਨਾ ਨਾਲ ਖ਼ਤਮ ਹੋਣੇ ਸਨ? (ਅ) ‘ਪਵਿੱਤ੍ਰ ਲੋਕਾਂ ਦਾ ਜ਼ੋਰ’ ਅੰਤ ਵਿਚ ਕਦੋਂ ਮੂਲੋਂ ਤੋੜਿਆ ਗਿਆ ਸੀ, ਅਤੇ ਇਹ ਕਿਸ ਤਰ੍ਹਾਂ ਹੋਇਆ ਸੀ? (ੲ) ਉਹ 1,260 ਦਿਨ ਕਦੋਂ ਸ਼ੁਰੂ ਹੋਏ, ਅਤੇ ਮਸਹ ਕੀਤੇ ਹੋਇਆਂ ਨੇ ਇਸ ਸਮੇਂ ਦੌਰਾਨ ਕਿਵੇਂ ‘ਤਪੜ ਪਹਿਨੇ ਅਗੰਮ ਵਾਕ ਕੀਤਾ’?
18 ਇਹ ਭਵਿੱਖਬਾਣੀ ਕਾਫ਼ੀ ਸਪੱਸ਼ਟ ਹੈ ਕਿ 1,260 ਦਿਨ ਕਦੋਂ ਖ਼ਤਮ ਹੋਣਗੇ—ਜਦੋਂ ‘ਪਵਿੱਤ੍ਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਹੋਵੇਗਾ।’ ਸਾਲ 1918 ਦੇ ਮੱਧ ਵਿਚ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੇ ਮੁੱਖ ਮੈਂਬਰਾਂ, ਜਿਨ੍ਹਾਂ ਵਿਚ ਜੇ. ਐੱਫ਼. ਰਦਰਫ਼ਰਡ ਵੀ ਸ਼ਾਮਲ ਸੀ, ਉੱਤੇ ਝੂਠੇ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਲੰਬੇ ਸਮੇਂ ਲਈ ਜੇਲ੍ਹ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਸਨ। ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੇ ਸੱਚ-ਮੁੱਚ ਹੀ ਆਪਣੇ ਕੰਮ ਜਾਂ ਜ਼ੋਰ ਨੂੰ ‘ਮੂਲੋਂ ਤੋੜਿਆ’ ਜਾਂਦਾ ਦੇਖਿਆ। ਸੰਨ 1918 ਦੇ ਮੱਧ ਤੋਂ ਸਾਢੇ ਤਿੰਨ ਸਾਲ ਪਿੱਛੇ ਨੂੰ ਗਿਣਦਿਆਂ, ਅਸੀਂ 1914 ਦੇ ਅੰਤ ਤੇ ਪਹੁੰਚਦੇ ਹਾਂ। ਉਸ ਸਮੇਂ ਮਸਹ ਕੀਤੇ ਹੋਇਆਂ ਦਾ ਛੋਟਾ ਜਿਹਾ ਝੁੰਡ ਸਤਾਹਟ ਦੀ ਸਖ਼ਤੀ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਸੀ। ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ ਅਤੇ ਉਨ੍ਹਾਂ ਦੇ ਕੰਮ ਦੇ ਖ਼ਿਲਾਫ਼ ਵਿਰੋਧਤਾ ਵੱਧ ਰਹੀ ਸੀ। ਉਨ੍ਹਾਂ ਨੇ 1915 ਦੇ ਲਈ ਆਪਣਾ ਵਰ੍ਹਾ-ਪਾਠ ਇਸ ਸਵਾਲ ਉੱਤੇ ਆਧਾਰਿਤ ਕੀਤਾ ਜੋ ਮਸੀਹ ਨੇ ਆਪਣੇ ਚੇਲਿਆਂ ਨੂੰ ਪੁੱਛਿਆ ਸੀ: ‘ਕੀ ਤੁਸੀਂ ਮੇਰਾ ਪਿਆਲਾ ਪੀ ਸਕਦੇ ਹੋ?’ (ਮੱਤੀ 20:22) ਜਿਵੇਂ ਪਰਕਾਸ਼ ਦੀ ਪੋਥੀ 11:3 ਵਿਚ ਪਹਿਲਾਂ ਦੱਸਿਆ ਗਿਆ ਸੀ, ਬਾਅਦ ਦੇ 1,260 ਦਿਨਾਂ ਦਾ ਸਮਾਂ ਮਸਹ ਕੀਤੇ ਹੋਇਆਂ ਲਈ ਸੋਗ ਦਾ ਸਮਾਂ ਸੀ—ਇਹ ਇਸ ਤਰ੍ਹਾਂ ਸੀ ਜਿਵੇਂ ਕਿ ਉਹ ਤੱਪੜ ਪਹਿਨੇ ਹੋਏ ਅਗੰਮ ਵਾਕ ਕਰ ਰਹੇ ਸਨ। ਸਤਾਹਟ ਹੋਰ ਵੀ ਵੱਧ ਗਈ। ਉਨ੍ਹਾਂ ਵਿੱਚੋਂ ਕੁਝ ਮਸੀਹੀ ਜੇਲ੍ਹ ਵਿਚ ਸੁੱਟੇ ਗਏ, ਦੂਜਿਆਂ ਉੱਤੇ ਹਮਲੇ ਕੀਤੇ ਗਏ, ਅਤੇ ਹੋਰਨਾਂ ਨੂੰ ਤਸੀਹੇ ਦਿੱਤੇ ਗਏ ਸਨ। ਸੰਨ 1916 ਵਿਚ ਸੋਸਾਇਟੀ ਦੇ ਪਹਿਲੇ ਪ੍ਰਧਾਨ, ਸੀ. ਟੀ. ਰਸਲ ਦੀ ਮੌਤ ਹੋਣ ਤੇ ਕਈਆਂ ਦਾ ਹੌਸਲਾ ਘੱਟ ਗਿਆ। ਇਨ੍ਹਾਂ ਸੰਤਾਂ ਨੂੰ ਪ੍ਰਚਾਰਕਾਂ ਦੀ ਇਕ ਸੰਸਥਾ ਵਜੋਂ ਮਾਰਨ ਤੋਂ ਬਾਅਦ, ਇਸ ਘੋਰ ਸਮੇਂ ਦੇ ਖ਼ਾਤਮੇ ਤੇ ਕੀ ਹੋਣਾ ਸੀ?
19. ਪਰਕਾਸ਼ ਦੀ ਪੋਥੀ ਦੇ ਗਿਆਰ੍ਹਵੇਂ ਅਧਿਆਇ ਦੀ ਭਵਿੱਖਬਾਣੀ ਕਿਵੇਂ ਭਰੋਸਾ ਦਿਲਾਉਂਦੀ ਹੈ ਕਿ ਮਸਹ ਕੀਤੇ ਹੋਏ ਬਹੁਤ ਦੇਰ ਲਈ ਚੁੱਪ ਨਹੀਂ ਰਹਿਣਗੇ?
19 ਪਰਕਾਸ਼ ਦੀ ਪੋਥੀ 11:3, 9, 11 ਵਿਚ ਪਾਈ ਜਾਂਦੀ ਮਿਲਦੀ-ਜੁਲਦੀ ਭਵਿੱਖਬਾਣੀ ਦਿਖਾਉਂਦੀ ਹੈ ਕਿ “ਦੋਹਾਂ ਗਵਾਹਾਂ” ਨੂੰ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਲੋਥਾਂ ਥੋੜ੍ਹੀ ਹੀ ਦੇਰ ਲਈ, ਯਾਨੀ ਕਿ ਸਾਢੇ ਤਿੰਨ ਦਿਨਾਂ ਲਈ ਪਈਆਂ ਰਹਿਣਗੀਆਂ। ਉਸ ਤੋਂ ਬਾਅਦ ਉਹ ਮੁੜ ਕੇ ਜੀਉਂਦੇ ਕੀਤੇ ਜਾਣਗੇ। ਇਸੇ ਤਰ੍ਹਾਂ, ਦਾਨੀਏਲ ਦੇ ਬਾਰ੍ਹਵੇਂ ਅਧਿਆਇ ਦੀ ਭਵਿੱਖਬਾਣੀ ਦਿਖਾਉਂਦੀ ਹੈ ਕਿ ਸੰਤ ਚੁੱਪ ਨਹੀਂ ਰਹਿਣਗੇ ਕਿਉਂਕਿ ਉਨ੍ਹਾਂ ਦੇ ਸਾਮ੍ਹਣੇ ਅਜੇ ਬਹੁਤ ਸਾਰਾ ਕੰਮ ਕਰਨ ਲਈ ਪਿਆ ਸੀ।
ਉਹ ‘ਪਵਿੱਤ੍ਰ ਕੀਤੇ, ਚਿੱਟੇ ਬਣਾਏ, ਅਤੇ ਤਾਏ ਜਾਂਦੇ ਹਨ’
20. ਦਾਨੀਏਲ 12:10 ਦੇ ਅਨੁਸਾਰ, ਮਸਹ ਕੀਤੇ ਹੋਇਆਂ ਦੀਆਂ ਸਖ਼ਤ ਅਜ਼ਮਾਇਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
20 ਜਿਵੇਂ ਅਸੀਂ ਪਹਿਲਾਂ ਦੇਖਿਆ ਹੈ, ਦਾਨੀਏਲ ਨੇ ਇਹ ਗੱਲਾਂ ਲਿਖੀਆਂ ਤਾਂ ਸੀ ਪਰ ਉਹ ਇਨ੍ਹਾਂ ਨੂੰ ਸਮਝ ਨਹੀਂ ਸਕਿਆ। ਫਿਰ ਵੀ, ਉਹ ਜ਼ਰੂਰ ਸੋਚਦਾ ਹੋਣਾ ਕਿ ਕੀ ਇਹ ਸੰਤ ਆਪਣੇ ਸਤਾਉਣ ਵਾਲਿਆਂ ਦੇ ਹੱਥੀਂ ਅਸਲ ਵਿਚ ਨਾਸ਼ ਕੀਤੇ ਜਾਣਗੇ, ਕਿਉਂਕਿ ਉਸ ਨੇ ਪੁੱਛਿਆ, “ਇਨ੍ਹਾਂ ਗੱਲਾਂ ਦਾ ਓੜਕ ਕੀ ਹੋਵੇਗਾ?” ਦੂਤ ਨੇ ਜਵਾਬ ਦਿੱਤਾ ਕਿ “ਹੇ ਦਾਨੀਏਲ, ਤੂੰ ਆਪਣੇ ਰਾਹ ਪੁਰ ਤੁਰਿਆ ਜਾਹ ਕਿਉਂ ਜੋ ਏਹ ਗੱਲਾਂ ਓੜਕ ਦੇ ਵੇਲੇ ਤੀਕਰ ਮੁੰਦੀਆਂ ਹੋਈਆਂ ਅਤੇ ਮੋਹਰਾਂ ਲੱਗੀਆਂ ਹੋਈਆਂ ਹਨ। ਬਥੇਰੇ ਆਪਣੇ ਆਪ ਨੂੰ ਪਵਿੱਤ੍ਰ ਕਰਨਗੇ ਅਤੇ ਆਪ ਨੂੰ ਚਿੱਟੇ ਬਣਾਉਣਗੇ ਅਤੇ ਤਾਏ ਜਾਣਗੇ ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ ਅਤੇ ਦੁਸ਼ਟਾਂ ਵਿੱਚੋਂ ਕੋਈ ਨਾ ਸਮਝੇਗਾ ਪਰ ਬੁੱਧਵਾਨ ਸਮਝਣਗੇ।” (ਦਾਨੀਏਲ 12:8-10) ਸੰਤਾਂ ਲਈ ਇਕ ਪੱਕੀ ਉਮੀਦ ਸੀ! ਨਾਸ਼ ਕੀਤੇ ਜਾਣ ਦੀ ਬਜਾਇ, ਉਹ ਚਿੱਟੇ ਕੀਤੇ ਜਾਣਗੇ, ਮਤਲਬ ਕਿ ਯਹੋਵਾਹ ਪਰਮੇਸ਼ੁਰ ਦੇ ਸਾਮ੍ਹਣੇ ਉਨ੍ਹਾਂ ਨੂੰ ਇਕ ਪਵਿੱਤਰ ਸਥਿਤੀ ਬਖ਼ਸ਼ੀ ਜਾਵੇਗੀ। (ਮਲਾਕੀ 3:1-3) ਰੂਹਾਨੀ ਮਾਮਲਿਆਂ ਵਿਚ ਉਨ੍ਹਾਂ ਦੀ ਬੁੱਧੀ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਸ ਪਵਿੱਤਰ ਸਥਿਤੀ ਨੂੰ ਕਾਇਮ ਰੱਖਣ ਦੇਵੇਗੀ। ਇਸ ਦੇ ਉਲਟ, ਦੁਸ਼ਟ ਲੋਕ ਰੂਹਾਨੀ ਚੀਜ਼ਾਂ ਨੂੰ ਸਮਝਣ ਤੋਂ ਇਨਕਾਰ ਕਰਨਗੇ। ਪਰ ਇਹ ਸਭ ਕੁਝ ਕਦੋਂ ਹੋਵੇਗਾ?
21. (ੳ) ਦਾਨੀਏਲ 12:11 ਵਿਚ ਪੂਰਵ-ਸੂਚਿਤ ਕੀਤਾ ਗਿਆ ਸਮਾਂ ਕਿਹੜੀ ਸਥਿਤੀ ਪੈਦਾ ਕੀਤੇ ਜਾਣ ਤੇ ਸ਼ੁਰੂ ਹੋਵੇਗਾ? (ਅ) “ਸਦਾ ਦੀ ਹੋਮ ਦੀ ਬਲੀ” ਕੀ ਸੀ, ਅਤੇ ਇਹ ਕਦੋਂ ਹਟਾਈ ਗਈ ਸੀ? (ਸਫ਼ੇ 298 ਉੱਤੇ ਡੱਬੀ ਦੇਖੋ।)
21 ਦਾਨੀਏਲ ਨੂੰ ਦੱਸਿਆ ਗਿਆ ਸੀ ਕਿ “ਜਿਸ ਵੇਲੇ ਥੀਂ ਸਦਾ ਦੀ ਹੋਮ ਦੀ ਬਲੀ ਹਟਾਈ ਜਾਵੇਗੀ ਅਤੇ ਉਹ ਉਜਾੜਨ ਵਾਲੀ ਘਿਣਾਉਣੀ ਵਸਤ ਖੜੀ ਕੀਤੀ ਜਾਏਗੀ ਇੱਕ ਹਜ਼ਾਰ ਦੋ ਸੌ ਨੱਵੇ ਦਿਨ ਹੋਣਗੇ।” ਸੋ ਇਹ ਸਮਾਂ ਉਦੋਂ ਸ਼ੁਰੂ ਹੋਵੇਗਾ ਜਦੋਂ ਖ਼ਾਸ ਸਥਿਤੀ ਪੈਦਾ ਕੀਤੀ ਜਾਵੇਗੀ। “ਸਦਾ ਦੀ ਹੋਮ ਦੀ ਬਲੀ”a ਨੂੰ ਹਟਾਇਆ ਜਾਣਾ ਸੀ। (ਦਾਨੀਏਲ 12:11) ਦੂਤ ਕਿਹੜੇ ਬਲੀਦਾਨ, ਜਾਂ ਬਲੀ ਦੀ ਗੱਲ ਕਰ ਰਿਹਾ ਸੀ? ਉਹ ਕਿਸੇ ਜ਼ਮੀਨੀ ਹੈਕਲ ਵਿਚ ਚੜ੍ਹਾਏ ਗਏ ਪਸ਼ੂਆਂ ਦੇ ਬਲੀਦਾਨਾਂ ਦੀ ਗੱਲ ਨਹੀਂ ਸੀ ਕਰ ਰਿਹਾ। ਯਰੂਸ਼ਲਮ ਵਿਚ ਇਕ ਸਮੇਂ ਖੜ੍ਹੀ ਹੈਕਲ ਵੀ “ਅਸਲ ਦੀ ਨਕਲ” ਸੀ। ਇਹ “ਅਸਲ” ਯਹੋਵਾਹ ਦੀ ਵੱਡੀ ਰੂਹਾਨੀ ਹੈਕਲ ਹੈ ਜੋ 29 ਸਾ.ਯੁ. ਵਿਚ ਸ਼ੁਰੂ ਹੋਈ ਸੀ ਜਦੋਂ ਮਸੀਹ ਉਸ ਦਾ ਪਰਧਾਨ ਜਾਜਕ ਬਣਿਆ ਸੀ! ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਦੇ ਪ੍ਰਬੰਧ ਨੂੰ ਦਰਸਾ ਰਹੀ ਇਸ ਰੂਹਾਨੀ ਹੈਕਲ ਵਿਚ ਲਗਾਤਾਰ ਪਾਪ ਦੇ ਚੜ੍ਹਾਵਿਆਂ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ “ਮਸੀਹ . . . ਬਾਹਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜ੍ਹਾਇਆ ਗਿਆ” ਸੀ। (ਇਬਰਾਨੀਆਂ 9:24-28) ਫਿਰ ਵੀ ਸਾਰੇ ਸੱਚੇ ਮਸੀਹੀ ਇਸ ਹੈਕਲ ਵਿਚ ਚੜ੍ਹਾਵੇ ਚੜ੍ਹਾਉਂਦੇ ਹਨ। ਪੌਲੁਸ ਰਸੂਲ ਨੇ ਲਿਖਿਆ: “ਸੋ ਅਸੀਂ [ਮਸੀਹ] ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ।” (ਇਬਰਾਨੀਆਂ 13:15) ਸੋ ਭਵਿੱਖਬਾਣੀ ਦੀ ਇਹ ਪਹਿਲੀ ਸ਼ਰਤ—“ਸਦਾ ਦੀ ਹੋਮ ਦੀ ਬਲੀ” ਦਾ ਹਟਾਇਆ ਜਾਣਾ—1918 ਦੇ ਮੱਧ ਵਿਚ ਲਾਗੂ ਕੀਤੀ ਗਈ ਸੀ ਜਦੋਂ ਪ੍ਰਚਾਰ ਦਾ ਕੰਮ ਤਕਰੀਬਨ ਬੰਦ ਹੀ ਹੋ ਗਿਆ ਸੀ।
22. (ੳ) ਉਜਾੜਨ ਵਾਲੀ “ਘਿਣਾਉਣੀ ਵਸਤ” ਕੀ ਹੈ, ਅਤੇ ਇਹ ਕਦੋਂ ਸਥਾਪਿਤ ਕੀਤੀ ਗਈ ਸੀ? (ਅ) ਦਾਨੀਏਲ 12:11 ਵਿਚ ਪੂਰਵ-ਸੂਚਿਤ ਕੀਤਾ ਗਿਆ ਸਮਾਂ ਕਦੋਂ ਸ਼ੁਰੂ ਹੋਇਆ ਸੀ, ਅਤੇ ਕਦੋਂ ਖ਼ਤਮ ਹੋਇਆ?
22 ਪਰ ਫਿਰ ਦੂਜੀ ਸ਼ਰਤ ਬਾਰੇ ਕੀ, ਮਤਲਬ ਕਿ, “ਉਹ ਉਜਾੜਨ ਵਾਲੀ ਘਿਣਾਉਣੀ ਵਸਤ” ਦਾ ‘ਖੜ੍ਹਾ ਕੀਤਾ ਜਾਣਾ,’ ਜਾਂ ਸਥਾਪਿਤ ਕੀਤਾ ਜਾਣਾ? ਜਿਵੇਂ ਅਸੀਂ ਦਾਨੀਏਲ 11:31 ਦੀ ਆਪਣੀ ਚਰਚਾ ਵਿਚ ਦੇਖਿਆ ਸੀ, ਇਹ ਘਿਣਾਉਣੀ ਵਸਤ ਪਹਿਲਾਂ ਰਾਸ਼ਟਰ-ਸੰਘ ਸੀ ਅਤੇ ਬਾਅਦ ਵਿਚ ਸੰਯੁਕਤ ਰਾਸ਼ਟਰ-ਸੰਘ ਵਜੋਂ ਪ੍ਰਗਟ ਹੋਈ। ਦੋਵੇਂ ਇਸ ਭਾਵ ਵਿਚ ਘਿਣਾਉਣੇ ਹਨ ਕਿ ਉਨ੍ਹਾਂ ਨੂੰ ਧਰਤੀ ਉੱਤੇ ਸ਼ਾਂਤੀ ਦੀ ਕੇਵਲ ਇੱਕੋ-ਇਕ ਉਮੀਦ ਮੰਨਿਆ ਗਿਆ ਹੈ। ਇਸ ਤਰ੍ਹਾਂ, ਇਹ ਸੰਸਥਾਵਾਂ ਕਈਆਂ ਲੋਕਾਂ ਦੇ ਮਨਾਂ ਵਿਚ ਪਰਮੇਸ਼ੁਰ ਦੇ ਰਾਜ ਦੀ ਥਾਂ ਲੈਂਦੀਆਂ ਹਨ! ਰਾਸ਼ਟਰ-ਸੰਘ ਦਾ ਸਰਕਾਰੀ ਸੁਝਾਅ ਜਨਵਰੀ 1919 ਵਿਚ ਪੇਸ਼ ਕੀਤਾ ਗਿਆ ਸੀ। ਤਾਂ ਫਿਰ, ਉਸ ਵੇਲੇ ਦਾਨੀਏਲ 12:11 ਦੀਆਂ ਦੋਵੇਂ ਸ਼ਰਤਾਂ ਪੂਰੀਆਂ ਹੋਈਆਂ। ਸੋ 1,290 ਦਿਨ, 1919 ਦੇ ਮੁੱਢ ਤੋਂ ਸ਼ੁਰੂ ਹੋਏ ਅਤੇ 1922 ਦੀ ਪਤਝੜ (ਉੱਤਰੀ ਗੋਲਾਰਧ) ਤਕ ਜਾਰੀ ਰਹੇ।
23. ਦਾਨੀਏਲ ਦੇ ਬਾਰ੍ਹਵੇਂ ਅਧਿਆਇ ਵਿਚ ਪੂਰਵ-ਸੂਚਿਤ ਕੀਤੇ ਗਏ 1,290 ਦਿਨਾਂ ਦੇ ਦੌਰਾਨ ਪਰਮੇਸ਼ੁਰ ਦੇ ਸੰਤਾਂ ਨੇ ਇਕ ਪਵਿੱਤਰ ਸਥਿਤੀ ਵੱਲ ਕਿਵੇਂ ਤਰੱਕੀ ਕੀਤੀ?
23 ਉਸ ਸਮੇਂ ਦੌਰਾਨ, ਕੀ ਸੰਤਾਂ ਨੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚਿੱਟੇ ਅਤੇ ਪਵਿੱਤਰ ਬਣਨ ਲਈ ਤਰੱਕੀ ਕੀਤੀ? ਉਨ੍ਹਾਂ ਨੇ ਯਕੀਨਨ ਤਰੱਕੀ ਕੀਤੀ! ਮਾਰਚ 1919 ਵਿਚ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਅਤੇ ਉਸ ਦੇ ਨਜ਼ਦੀਕੀ ਸਾਥੀਆਂ ਨੂੰ ਜੇਲ੍ਹ ਵਿੱਚੋਂ ਰਿਹਾ ਕੀਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਝੂਠਿਆਂ ਇਲਜ਼ਾਮਾਂ ਤੋਂ ਮੁਕਤ ਕੀਤਾ ਗਿਆ। ਇਹ ਜਾਣਦੇ ਹੋਏ ਕਿ ਉਨ੍ਹਾਂ ਦਾ ਕੰਮ ਹਾਲੇ ਖ਼ਤਮ ਨਹੀਂ ਸੀ ਹੋਇਆ, ਉਹ ਤੁਰੰਤ ਹੀ ਆਪਣੇ ਕੰਮ ਵਿਚ ਰੁੱਝ ਗਏ ਅਤੇ ਉਨ੍ਹਾਂ ਨੇ ਸਤੰਬਰ 1919 ਵਿਚ ਇਕ ਮਹਾਂ-ਸੰਮੇਲਨ ਦਾ ਪ੍ਰਬੰਧ ਕੀਤਾ। ਉਸੇ ਸਾਲ ਵਿਚ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਨਾਲ ਇਕ ਦੂਜਾ ਰਸਾਲਾ ਪ੍ਰਕਾਸ਼ਿਤ ਕੀਤਾ ਗਿਆ। ਇਸ ਰਸਾਲੇ, ਜਿਸ ਨੂੰ ਪਹਿਲਾਂ-ਪਹਿਲ ਦ ਗੋਲਡਨ ਏਜ ਸੱਦਿਆ ਜਾਂਦਾ ਸੀ (ਹੁਣ ਜਾਗਰੂਕ ਬਣੋ!), ਨੇ ਹਮੇਸ਼ਾ ਪਹਿਰਾਬੁਰਜ ਨੂੰ ਇਸ ਭ੍ਰਿਸ਼ਟਾਚਾਰ ਜਗਤ ਦਾ ਭੇਤ ਖੋਲ੍ਹਣ ਵਿਚ ਨਿਡਰਤਾ ਨਾਲ ਸਮਰਥਨ ਦਿੱਤਾ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਸਾਫ਼ ਰਹਿਣ ਵਿਚ ਮਦਦ ਦਿੱਤੀ ਹੈ। ਪੂਰਵ-ਸੂਚਿਤ ਕੀਤੇ ਗਏ 1,290 ਦਿਨਾਂ ਦੇ ਅੰਤ ਤੇ, ਸੰਤ ਕਾਫ਼ੀ ਹੱਦ ਤਕ ਇਕ ਪਵਿੱਤਰ ਅਤੇ ਮੁੜ-ਬਹਾਲ ਸਥਿਤੀ ਵਿਚ ਸਨ। ਸਤੰਬਰ 1922 ਵਿਚ ਜਦੋਂ ਇਹ ਸਮਾਂ ਤਕਰੀਬਨ ਸਮਾਪਤ ਹੋਇਆ, ਉਨ੍ਹਾਂ ਨੇ ਸੀਡਰ ਪਾਇੰਟ, ਓਹੀਓ, ਯੂ.ਐੱਸ.ਏ. ਵਿਖੇ ਇਕ ਉੱਘੜਵਾਂ ਮਹਾਂ-ਸੰਮੇਲਨ ਆਯੋਜਿਤ ਕੀਤਾ। ਇਸ ਤੋਂ ਉਨ੍ਹਾਂ ਨੂੰ ਪ੍ਰਚਾਰ ਦਾ ਕੰਮ ਕਰਨ ਲਈ ਕਾਫ਼ੀ ਉਤਸ਼ਾਹ ਮਿਲਿਆ। ਪਰ, ਹਾਲੇ ਵੀ ਹੋਰ ਤਰੱਕੀ ਕਰਨ ਦੀ ਜ਼ਰੂਰਤ ਸੀ। ਇਹ ਕੰਮ ਅਗਲੇ ਖ਼ਾਸ ਸਮੇਂ ਲਈ ਰਿਹਾ।
ਸੰਤ ਧੰਨ ਹਨ
24, 25. (ੳ) ਦਾਨੀਏਲ 12:12 ਵਿਚ ਕਿਹੜਾ ਸਮਾਂ ਪੂਰਵ-ਸੂਚਿਤ ਕੀਤਾ ਗਿਆ ਹੈ, ਅਤੇ ਜ਼ਾਹਰਾ ਤੌਰ ਤੇ ਇਹ ਕਦੋਂ ਸ਼ੁਰੂ ਹੋਇਆ ਅਤੇ ਕਦੋਂ ਸਮਾਪਤ ਹੋਇਆ? (ਅ) ਉਨ੍ਹਾਂ 1,335 ਦਿਨਾਂ ਦੇ ਸ਼ੁਰੂ ਵਿਚ ਮਸਹ ਕੀਤੇ ਹੋਏ ਬਕੀਏ ਦੀ ਰੂਹਾਨੀ ਸਥਿਤੀ ਕੀ ਸੀ?
24 ਯਹੋਵਾਹ ਦਾ ਦੂਤ ਸੰਤਾਂ ਦੇ ਸੰਬੰਧ ਵਿਚ ਇਸ ਭਵਿੱਖਬਾਣੀ ਨੂੰ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕਰਦਾ ਹੈ: “ਧੰਨ ਉਹ ਹੈ ਜੋ ਉਡੀਕਦਾ ਹੈ ਅਤੇ ਇੱਕ ਹਜ਼ਾਰ ਤਿੰਨ ਸੌ ਪੈਂਤੀਆਂ ਦਿਨਾਂ ਤੋੜੀ ਆਉਂਦਾ ਹੈ।” (ਦਾਨੀਏਲ 12:12) ਦੂਤ ਕੋਈ ਸੰਕੇਤ ਨਹੀਂ ਦਿੰਦਾ ਕਿ ਇਹ ਸਮਾਂ ਕਦੋਂ ਸ਼ੁਰੂ ਹੁੰਦਾ ਹੈ ਜਾਂ ਕਦੋਂ ਖ਼ਤਮ ਹੁੰਦਾ ਹੈ। ਇਤਿਹਾਸ ਅਨੁਸਾਰ ਇਹ ਸਮਾਂ ਪਹਿਲਾਂ ਜ਼ਿਕਰ ਕੀਤੇ ਗਏ ਸਮੇਂ ਦੇ ਤੁਰੰਤ ਮਗਰੋਂ ਸ਼ੁਰੂ ਹੁੰਦਾ ਹੈ। ਇਸ ਹਿਸਾਬ ਨਾਲ ਇਹ ਸਮਾਂ 1922 ਦੀ ਪਤਝੜ ਤੋਂ ਲੈ ਕੇ 1926 ਦੀ ਬਸੰਤ (ਉੱਤਰੀ ਗੋਲਾਰਧ) ਦੇ ਅਖ਼ੀਰ ਤਕ ਜਾਰੀ ਰਿਹਾ। ਕੀ ਉਸ ਸਮੇਂ ਦੇ ਅੰਤ ਤੇ ਸੰਤ ਧੰਨ ਹੋਏ? ਜੀ ਹਾਂ, ਮਹੱਤਵਪੂਰਣ ਰੂਹਾਨੀ ਤਰੀਕਿਆਂ ਵਿਚ ਉਹ ਧੰਨ ਹੋਏ।
25 ਸੰਨ 1922 ਦੇ ਮਹਾਂ-ਸੰਮੇਲਨ ਤੋਂ ਬਾਅਦ ਵੀ (ਸਫ਼ੇ 302 ਤੇ ਦਿਖਾਇਆ ਗਿਆ), ਪਰਮੇਸ਼ੁਰ ਦੇ ਕੁਝ ਸੰਤ ਹਾਲੇ ਵੀ ਤਾਂਘਦਿਆਂ ਪਿੱਛੇ ਨਜ਼ਰ ਮਾਰ ਰਹੇ ਸਨ। ਉਨ੍ਹਾਂ ਦੀਆਂ ਸਭਾਵਾਂ ਲਈ ਮੂਲ ਅਧਿਐਨ ਪੁਸਤਕਾਂ ਹਾਲੇ ਵੀ ਬਾਈਬਲ ਅਤੇ ਸੀ. ਟੀ. ਰਸਲ ਦੁਆਰਾ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਦੇ ਖੰਡ ਹੀ ਸਨ। ਉਸ ਸਮੇਂ, ਕਾਫ਼ੀ ਭਰਾ ਇਹ ਸੋਚਦੇ ਸਨ ਕਿ 1925 ਵਿਚ ਪੁਨਰ-ਉਥਾਨ ਸ਼ੁਰੂ ਹੋਵੇਗਾ ਅਤੇ ਧਰਤੀ ਫਿਰਦੌਸ ਬਣਾਈ ਜਾਵੇਗੀ। ਇਹ ਦੇਖਿਆ ਜਾਂਦਾ ਹੈ ਕਿ ਕਈ ਭਰਾ ਮਨ ਵਿਚ ਇਕ ਨਿਯਤ ਤਾਰੀਖ਼ ਨਾਲ ਹੀ ਸੇਵਾ ਕਰ ਰਹੇ ਸਨ। ਕੁਝ ਭਰਾਵਾਂ ਨੇ ਘਮੰਡ ਕਾਰਨ ਜਨਤਕ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਚੰਗੀ ਗੱਲ ਨਹੀਂ ਸੀ।
26. ਜਿਉਂ-ਜਿਉਂ 1,335 ਦਿਨ ਬੀਤਦੇ ਗਏ, ਤਾਂ ਮਸਹ ਕੀਤੇ ਹੋਇਆਂ ਦੀ ਰੂਹਾਨੀ ਸਥਿਤੀ ਕਿਵੇਂ ਬਦਲ ਗਈ?
26 ਪਰ ਜਿਉਂ-ਜਿਉਂ 1,335 ਦਿਨ ਬੀਤਦੇ ਗਏ, ਇਹ ਸਭ ਕੁਝ ਬਦਲਣਾ ਸ਼ੁਰੂ ਹੋ ਗਿਆ। ਪ੍ਰਚਾਰ ਦੇ ਕੰਮ ਨੂੰ ਹੋਰ ਮਹੱਤਤਾ ਦਿੱਤੀ ਜਾਣ ਲੱਗ ਪਈ, ਅਤੇ ਸਾਰਿਆਂ ਲਈ ਖੇਤਰ ਸੇਵਾ ਵਿਚ ਹਿੱਸਾ ਲੈਣ ਦੇ ਬਾਕਾਇਦਾ ਪ੍ਰਬੰਧ ਕੀਤੇ ਗਏ। ਹਰ ਹਫ਼ਤੇ ਪਹਿਰਾਬੁਰਜ ਦਾ ਅਧਿਐਨ ਕਰਨ ਲਈ ਸਭਾਵਾਂ ਦੇ ਪ੍ਰਬੰਧ ਕੀਤੇ ਗਏ। ਫਿਰ, 1 ਮਾਰਚ, 1925 ਦੇ ਅੰਕ ਵਿਚ ਇਕ ਇਤਿਹਾਸਕ ਲੇਖ, “ਕੌਮ ਦਾ ਜਨਮ” ਛਾਪਿਆ ਗਿਆ, ਅਤੇ ਇਸ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਕਿ 1914-19 ਦੇ ਸਮੇਂ ਦੌਰਾਨ ਕੀ ਹੋਇਆ ਸੀ। ਸੰਨ 1925 ਤੋਂ ਬਾਅਦ, ਸੰਤ ਅੱਗੇ ਵਾਂਗ ਕਿਸੇ ਨੇੜਲੀ, ਸਪੱਸ਼ਟ ਅੰਤਿਮ ਤਾਰੀਖ਼ ਉੱਤੇ ਨਜ਼ਰ ਰੱਖ ਕੇ ਪਰਮੇਸ਼ੁਰ ਦੀ ਸੇਵਾ ਨਹੀਂ ਸੀ ਕਰਦੇ। ਇਸ ਦੀ ਬਜਾਇ, ਯਹੋਵਾਹ ਦੇ ਨਾਂ ਦਾ ਪਵਿੱਤਰੀਕਰਣ ਸਭ ਤੋਂ ਮੁੱਖ ਗੱਲ ਬਣੀ। ਫਿਰ, 1 ਜਨਵਰੀ, 1926 ਦੇ ਪਹਿਰਾਬੁਰਜ ਦੇ “ਯਹੋਵਾਹ ਦਾ ਸਨਮਾਨ ਕੌਣ ਕਰੇਗਾ?” ਲੇਖ ਵਿਚ ਇਹ ਅਤਿ-ਮਹੱਤਵਪੂਰਣ ਸੱਚਾਈ ਉਜਾਗਰ ਕੀਤੀ ਗਈ, ਜਿਵੇਂ ਪਹਿਲਾਂ ਕਦੇ ਵੀ ਨਹੀਂ ਕੀਤੀ ਗਈ ਸੀ। ਮਈ 1926 ਦੇ ਮਹਾਂ-ਸੰਮੇਲਨ ਤੇ ਅੰਗ੍ਰੇਜ਼ੀ ਵਿਚ ਮੁਕਤੀ ਨਾਂ ਦੀ ਪੁਸਤਕ ਰਿਲੀਸ ਕੀਤੀ ਗਈ ਸੀ। (ਸਫ਼ਾ 302 ਦੇਖੋ।) ਇਹ ਨਵੀਆਂ ਪੁਸਤਕਾਂ ਦੀਆਂ ਲੜੀਆਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਸ਼ਾਸਤਰ ਦਾ ਅਧਿਐਨ ਦੀ ਥਾਂ ਲੈਣੀ ਸੀ। ਹੁਣ ਸੰਤ ਪਿੱਛੇ ਵੱਲ ਨਹੀਂ ਦੇਖ ਰਹੇ ਸਨ। ਉਹ ਭਰੋਸੇ ਨਾਲ ਭਵਿੱਖ ਵੱਲ ਅਤੇ ਸਾਮ੍ਹਣੇ ਪਏ ਕੰਮ ਵੱਲ ਵੱਧ ਰਹੇ ਸਨ। ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, 1,335 ਦਿਨਾਂ ਦੇ ਅੰਤ ਤੇ ਸੰਤ ਇਕ ਮੁਬਾਰਕ ਸਥਿਤੀ ਵਿਚ ਪਾਏ ਗਏ।
27. ਦਾਨੀਏਲ ਦੇ ਬਾਰ੍ਹਵੇਂ ਅਧਿਆਇ ਦਾ ਸਾਰਾਂਸ਼ ਸਾਡੀ ਯਹੋਵਾਹ ਦੇ ਮਸਹ ਕੀਤੇ ਹੋਇਆਂ ਦੀ ਇਕ ਪੱਕੀ ਪਛਾਣ ਕਰਨ ਵਿਚ ਕਿਵੇਂ ਮਦਦ ਕਰਦਾ ਹੈ?
27 ਜੀ ਹਾਂ, ਇਸ ਗੜਬੜੀ ਭਰੇ ਯੁਗ ਦੌਰਾਨ ਸਾਰਿਆਂ ਨੇ ਸਹਿਣ-ਸ਼ਕਤੀ ਨਹੀਂ ਦਿਖਾਈ। ਕੋਈ ਸ਼ੱਕ ਨਹੀਂ ਹੈ ਕਿ ਦੂਤ ਨੇ ਇਸੇ ਕਾਰਨ ਹੀ ‘ਉਡੀਕ ਕਰਨ’ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਸੀ। ਜਿਨ੍ਹਾਂ ਨੇ ਸਹਿਣ-ਸ਼ਕਤੀ ਦਿਖਾਈ ਅਤੇ ਉਡੀਕ ਕਰਦੇ ਰਹੇ ਉਨ੍ਹਾਂ ਨੇ ਬਹੁਤ ਹੀ ਬਰਕਤਾਂ ਪਾਈਆਂ। ਦਾਨੀਏਲ ਦੇ ਬਾਰ੍ਹਵੇਂ ਅਧਿਆਇ ਦਾ ਸਾਰਾਂਸ਼ ਇਸ ਨੂੰ ਸਪੱਸ਼ਟ ਕਰਦਾ ਹੈ। ਜਿਵੇਂ ਭਵਿੱਖ-ਸੂਚਿਤ ਕੀਤਾ ਗਿਆ ਸੀ, ਮਸਹ ਕੀਤੇ ਹੋਏ ਰੂਹਾਨੀ ਭਾਵ ਵਿਚ ਮੁੜ-ਬਹਾਲ ਜਾਂ ਜੀਉਂਦਾ ਕੀਤੇ ਗਏ ਸਨ। ਉਨ੍ਹਾਂ ਨੂੰ ਪਰਮੇਸ਼ੁਰ ਦਾ ਬਚਨ ਸਮਝਣ ਲਈ ਵਿਸ਼ੇਸ਼ ਸੂਝ ਦਿੱਤੀ ਗਈ ਸੀ, ਅਤੇ ਉਹ ਇਸ ਵਿਚ ‘ਏੱਧਰ ਉੱਧਰ ਭੱਜਣ’ ਦੇ ਯੋਗ ਬਣੇ, ਅਤੇ ਉਹ ਉਸ ਵਿਚ ਪਾਈਆਂ ਯੁਗੋ-ਯੁਗ ਪੁਰਾਣੀਆਂ ਗੁਪਤ ਗੱਲਾਂ ਨੂੰ ਸਮਝਣ ਲਈ ਪਵਿੱਤਰ ਸ਼ਕਤੀ ਤੋਂ ਨਿਰਦੇਸ਼ਿਤ ਹੋਏ। ਯਹੋਵਾਹ ਨੇ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਪਵਿੱਤਰ ਕੀਤਾ ਅਤੇ ਉਨ੍ਹਾਂ ਨੂੰ ਤਾਰਿਆਂ ਵਾਂਗ ਚਮਕਾਇਆ। ਨਤੀਜੇ ਵਜੋਂ, ਉਨ੍ਹਾਂ ਨੇ ਢੇਰ ਸਾਰਿਆਂ ਨੂੰ ਯਹੋਵਾਹ ਪਰਮੇਸ਼ੁਰ ਨਾਲ ਇਕ ਧਰਮੀ ਸਥਿਤੀ ਵਿਚ ਲਿਆਂਦਾ।
28, 29. ਜਿਉਂ ਹੀ ‘ਓੜਕ ਦਾ ਸਮਾਂ’ ਆਪਣੀ ਸਮਾਪਤੀ ਤਕ ਪਹੁੰਚਦਾ ਹੈ, ਸਾਡਾ ਪੱਕਾ ਇਰਾਦਾ ਕੀ ਹੋਣਾ ਚਾਹੀਦਾ ਹੈ?
28 “ਅੱਤ ਮਹਾਨ ਦੇ ਸੰਤਾਂ” ਨੂੰ ਪਛਾਣਨ ਲਈ ਬਥੇਰੀਆਂ ਭਵਿੱਖ-ਸੂਚਕ ਨਿਸ਼ਾਨੀਆਂ ਹਨ। ਇਸ ਲਈ, ਕੀ ਉਨ੍ਹਾਂ ਦੀ ਪਛਾਣ ਨਾ ਕਰਨ ਜਾਂ ਉਨ੍ਹਾਂ ਨਾਲ ਮੇਲ-ਜੋਲ ਨਾ ਰੱਖਣ ਦਾ ਕੋਈ ਬਹਾਨਾ ਹੋ ਸਕਦਾ ਹੈ? ਗਿਣਤੀ ਵਿਚ ਘੱਟ ਰਹੇ ਮਸਹ ਕੀਤੇ ਹੋਇਆਂ ਨਾਲ ਯਹੋਵਾਹ ਦੀ ਸੇਵਾ ਕਰ ਰਹੀ ਵੱਡੀ ਭੀੜ ਲਈ ਭਵਿੱਖ ਵਿਚ ਵਧੀਆ ਤੋਂ ਵਧੀਆ ਬਰਕਤਾਂ ਰੱਖੀਆਂ ਹੋਈਆਂ ਹਨ। ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਦੀ ਉਡੀਕ ਵਿਚ ਰਹਿਣਾ ਚਾਹੀਦਾ ਹੈ। (ਹਬੱਕੂਕ 2:3) ਮੀਕਾਏਲ ਉਹ ਵੱਡਾ ਸਰਦਾਰ ਸਾਡੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਨਿਮਿੱਤ ਦਹਾਕਿਆਂ ਤੋਂ ਖਲੋਇਆ ਰਿਹਾ ਹੈ। ਹੁਣ ਜਲਦੀ ਹੀ ਉਹ ਇਸ ਰੀਤੀ-ਵਿਵਸਥਾ ਵਿਰੁੱਧ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਦੰਡਕਾਰ ਵਜੋਂ ਖਲੋਵੇਗਾ। ਜਦੋਂ ਉਹ ਇਹ ਕਰੇਗਾ, ਸਾਡੀ ਸਥਿਤੀ ਕੀ ਹੋਵੇਗੀ?
29 ਇਸ ਸਵਾਲ ਦਾ ਜਵਾਬ ਉਸ ਗੱਲ ਉੱਤੇ ਨਿਰਭਰ ਕਰੇਗਾ ਕਿ ਕੀ ਅਸੀਂ ਹੁਣ ਖਰਿਆਈ ਦਾ ਇਕ ਜੀਵਨ ਬਤੀਤ ਕਰਦੇ ਹਾਂ ਜਾਂ ਨਹੀਂ। ਜਿਉਂ-ਜਿਉਂ ‘ਓੜਕ ਦਾ ਸਮਾਂ’ ਨਜ਼ਦੀਕ ਆਉਂਦਾ ਹੈ, ਖਰਿਆਈ ਕਾਇਮ ਰੱਖਣ ਲਈ ਆਪਣੇ ਇਰਾਦੇ ਨੂੰ ਮਜ਼ਬੂਤ ਕਰਨ ਵਾਸਤੇ ਆਓ ਅਸੀਂ ਦਾਨੀਏਲ ਦੀ ਪੁਸਤਕ ਦੀ ਅਖ਼ੀਰਲੀ ਆਇਤ ਉੱਤੇ ਗੌਰ ਕਰੀਏ। ਅਗਲੇ ਅਧਿਆਇ ਦੀ ਚਰਚਾ ਇਹ ਦੇਖਣ ਵਿਚ ਸਾਡੀ ਮਦਦ ਕਰੇਗੀ ਕਿ ਦਾਨੀਏਲ ਆਪਣੇ ਪਰਮੇਸ਼ੁਰ ਮੋਹਰੇ ਕਿਵੇਂ ਖਲੋਇਆ ਅਤੇ ਅਸੀਂ ਭਵਿੱਖ ਵਿਚ ਉਸ ਦੇ ਸਾਮ੍ਹਣੇ ਕਿਵੇਂ ਖਲੋਵਾਂਗੇ।
[ਫੁਟਨੋਟ]
a ਯੂਨਾਨੀ ਸੈਪਟੁਜਿੰਟ ਵਿਚ ਇਸ ਦਾ ਤਰਜਮਾ ਸਿਰਫ਼ “ਬਲੀਦਾਨ” ਹੀ ਕੀਤਾ ਗਿਆ ਹੈ।
ਅਸੀਂ ਕੀ ਸਿੱਖਿਆ?
• ਮੀਕਾਏਲ ਕਿਸ ਸਮੇਂ ਦੌਰਾਨ “ਖਲੋਤਾ” ਹੈ ਅਤੇ ਉਹ ਕਿਵੇਂ ਅਤੇ ਕਦੋਂ “ਉੱਠੇਗਾ”?
• ਦਾਨੀਏਲ 12:2 ਕਿਸ ਪ੍ਰਕਾਰ ਦੇ ਪੁਨਰ-ਉਥਾਨ ਦਾ ਜ਼ਿਕਰ ਕਰਦਾ ਹੈ?
• ਇਹ ਸਮੇਂ ਕਿਹੜੀਆਂ ਤਾਰੀਖ਼ਾਂ ਨਾਲ ਸ਼ੁਰੂ ਅਤੇ ਖ਼ਤਮ ਹੁੰਦੇ ਹਨ?
ਦਾਨੀਏਲ 12:7 ਵਿਚ ਜ਼ਿਕਰ ਕੀਤੇ ਗਏ ਸਾਢੇ ਤਿੰਨ ਸਮੇਂ
ਦਾਨੀਏਲ 12:11 ਦੇ 1,290 ਪੂਰਵ-ਸੂਚਿਤ ਦਿਨ
ਦਾਨੀਏਲ 12:12 ਦੇ 1,335 ਭਵਿੱਖ-ਸੂਚਿਤ ਦਿਨ
• ਸਾਨੂੰ ਦਾਨੀਏਲ ਦੇ ਬਾਰ੍ਹਵੇਂ ਅਧਿਆਇ ਵੱਲ ਧਿਆਨ ਦੇਣ ਨਾਲ ਯਹੋਵਾਹ ਦੇ ਸੱਚੇ ਉਪਾਸਕਾਂ ਦੀ ਪਛਾਣ ਕਰਨ ਵਿਚ ਕਿਵੇਂ ਮਦਦ ਮਿਲਦੀ ਹੈ?
[ਸਫ਼ਾ 298 ਉੱਤੇ ਡੱਬੀ]
ਸਦਾ ਦੀ ਹੋਮ ਦੀ ਬਲੀ ਦਾ ਹਟਾਇਆ ਜਾਣਾ
ਦਾਨੀਏਲ ਦੀ ਪੋਥੀ ਵਿਚ “ਸਦਾ ਦੀ ਹੋਮ ਦੀ ਬਲੀ” ਦਾ ਪੰਜ ਵਾਰ ਜ਼ਿਕਰ ਪਾਇਆ ਜਾਂਦਾ ਹੈ। ਇਹ ਉਸਤਤ ਦੇ ਬਲੀਦਾਨ—‘ਬੁੱਲ੍ਹਾਂ ਦੇ ਫਲ’—ਵੱਲ ਸੰਕੇਤ ਕਰਦੀ ਹੈ, ਜੋ ਕਿ ਉਸ ਦੇ ਸੇਵਕਾਂ ਦੁਆਰਾ ਯਹੋਵਾਹ ਨੂੰ ਬਾਕਾਇਦਾ ਚੜ੍ਹਾਏ ਜਾਂਦੇ ਹਨ। (ਇਬਰਾਨੀਆਂ 13:15) ਬਲੀ ਦੇ ਹਟਾਏ ਜਾਣ ਬਾਰੇ ਕੀਤੀ ਗਈ ਭਵਿੱਖਬਾਣੀ ਦਾਨੀਏਲ 8:11; 11:31, ਅਤੇ 12:11 ਵਿਚ ਪਾਈ ਜਾਂਦੀ ਹੈ।
ਦੋਹਾਂ ਵਿਸ਼ਵ ਯੁੱਧਾਂ ਦੌਰਾਨ, ਯਹੋਵਾਹ ਦੇ ਲੋਕਾਂ ਨੇ ‘ਉੱਤਰ ਦੇ ਰਾਜੇ’ ਅਤੇ “ਦੱਖਣ ਦੇ ਰਾਜੇ” ਦੇ ਖੇਤਰਾਂ ਵਿਚ ਸਖ਼ਤ ਅਜ਼ਮਾਇਸ਼ਾਂ ਸਹਿਣ ਕੀਤੀਆਂ ਸਨ। (ਦਾਨੀਏਲ 11:14, 15) “ਸਦਾ ਦੀ ਹੋਮ ਦੀ ਬਲੀ” ਪਹਿਲੇ ਵਿਸ਼ਵ ਯੁੱਧ ਦੇ ਅੰਤ ਤੇ ਹਟਾਈ ਗਈ ਸੀ ਜਦੋਂ 1918 ਦੇ ਮੱਧ ਵਿਚ ਪ੍ਰਚਾਰ ਦਾ ਕੰਮ ਤਕਰੀਬਨ ਬੰਦ ਹੀ ਹੋ ਗਿਆ ਸੀ। (ਦਾਨੀਏਲ 12:7) ਦੂਜੇ ਵਿਸ਼ਵ ਯੁੱਧ ਦੌਰਾਨ, “ਸਦਾ ਦੀ ਹੋਮ ਦੀ ਬਲੀ” ਇਸੇ ਤਰ੍ਹਾਂ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੁਆਰਾ 2,300 ਦਿਨਾਂ ਲਈ “ਚੁੱਕੀ ਗਈ” ਸੀ। (ਦਾਨੀਏਲ 8:11-14; ਇਸ ਪੁਸਤਕ ਦਾ ਦੱਸਵਾਂ ਅਧਿਆਇ ਦੇਖੋ।) ਇਹ ਨਾਜ਼ੀ ‘ਜੱਥਿਆਂ’ ਦੁਆਰਾ ਵੀ ਹਟਾਈ ਗਈ ਸੀ ਅਤੇ ਬਾਈਬਲ ਵਿਚ ਇਸ ਦੀ ਮਿਆਦ ਨਹੀਂ ਦੱਸੀ ਗਈ ਹੈ।—ਦਾਨੀਏਲ 11:31; ਇਸ ਪੁਸਤਕ ਦਾ ਪੰਦ੍ਹਰਵਾਂ ਅਧਿਆਇ ਦੇਖੋ।
[ਸਫ਼ਾ 301 ਉੱਤੇ ਚਾਰਟ/ਤਸਵੀਰ]
ਦਾਨੀਏਲ ਦੀ ਪੋਥੀ ਵਿਚ ਭਵਿੱਖ-ਸੂਚਕ ਸਮੇਂ
ਸੱਤ ਸਮੇਂ (2,520 ਸਾਲ): ਅਕਤੂਬਰ 607 ਸਾ.ਯੁ.ਪੂ. ਤੋਂ
ਦਾਨੀਏਲ 4:16, 25 ਅਕਤੂਬਰ 1914 ਸਾ.ਯੁ.
(ਮਸੀਹਾਈ ਰਾਜ ਸਥਾਪਿਤ ਕੀਤਾ ਗਿਆ।
ਇਸ ਪੁਸਤਕ ਦਾ ਛੇਵਾਂ ਅਧਿਆਇ ਦੇਖੋ।)
ਸਾਢੇ ਤਿੰਨ ਸਮੇਂ ਦਸੰਬਰ 1914 ਤੋਂ ਜੂਨ 1918 ਤਕ
(1,260 ਦਿਨ): (ਮਸਹ ਕੀਤੇ ਹੋਏ ਸਤਾਏ ਗਏ।
ਦਾਨੀਏਲ 7:25; 12:7 ਇਸ ਪੁਸਤਕ ਦਾ ਨੌਵਾਂ ਅਧਿਆਇ ਦੇਖੋ।)
2,300 ਸੰਝ ਅਤੇ ਜੂਨ 1 ਜਾਂ 15, 1938 ਤੋਂ
ਸਵੇਰਾਂ: ਅਕਤੂਬਰ 8 ਜਾਂ 22, 1944 ਤਕ
ਦਾਨੀਏਲ 8:14 (“ਵੱਡੀ ਭੀੜ” ਉੱਠਦੀ ਅਤੇ ਵਧਦੀ ਹੈ।
ਇਸ ਪੁਸਤਕ ਦਾ ਦਸਵਾਂ ਅਧਿਆਇ ਦੇਖੋ।)
70 ਸਾਤੇ (490 ਸਾਲ): 455 ਸਾ.ਯੁ.ਪੂ. ਤੋਂ 36 ਸਾ.ਯੁ. ਤਕ
ਦਾਨੀਏਲ 9:24-27 (ਮਸੀਹਾ ਦਾ ਆਉਣਾ ਅਤੇ ਉਸ ਦੀ
ਧਰਤੀ ਉੱਤੇ ਸੇਵਾ। ਇਸ ਪੁਸਤਕ ਦਾ
ਗਿਆਰ੍ਹਵਾਂ ਅਧਿਆਇ ਦੇਖੋ।)
1,290 ਦਿਨ: ਜਨਵਰੀ 1919 ਤੋਂ
ਦਾਨੀਏਲ 12:11 ਸਤੰਬਰ 1922 ਤਕ
(ਮਸਹ ਕੀਤੇ ਹੋਏ ਮਸੀਹੀ ਜਾਗ ਉੱਠਦੇ ਹਨ ਅਤੇ
ਰੂਹਾਨੀ ਤੌਰ ਤੇ ਤਰੱਕੀ ਕਰਦੇ ਹਨ।)
[ਸਫ਼ਾ 287 ਉੱਤੇ ਤਸਵੀਰਾਂ]
ਯਹੋਵਾਹ ਦੇ ਉੱਘੇ ਸੇਵਕ, ਨਾਜਾਇਜ਼ ਤੌਰ ਤੇ ਐਟਲਾਂਟਾ, ਜਾਰਜੀਆ, ਯੂ.ਐੱਸ.ਏ. ਸਰਕਾਰੀ ਜੇਲ੍ਹ ਵਿਚ ਭੇਜੇ ਗਏ ਸਨ। ਸੱਜੇ ਤੋਂ ਖੱਬੇ: (ਬੈਠੇ) ਏ. ਐੱਚ. ਮਕਮਿਲਨ, ਜੇ. ਐੱਫ਼. ਰਦਰਫ਼ਰਡ, ਡਬਲਯੂ. ਈ. ਵੈਨ ਐਮਬਰਗ; (ਖੜ੍ਹੇ) ਜੀ. ਏਚ ਫਿਸ਼ਰ, ਆਰ. ਜੇ. ਮਾਰਟਿਨ, ਜੀ. ਡ ਚੇਕਾ, ਐੱਫ਼. ਏਚ. ਰੌਬਿਸਨ, ਅਤੇ ਸੀ. ਜੇ. ਵੁਡਵਰਥ
[ਸਫ਼ਾ 299 ਉੱਤੇ ਤਸਵੀਰਾਂ]
ਸੰਨ 1919 ਵਿਚ (ਉੱਪਰ) ਅਤੇ 1922 ਵਿਚ (ਹੇਠਾਂ) ਸੀਡਰ ਪਾਇੰਟ, ਓਹੀਓ, ਯੂ.ਐੱਸ.ਏ. ਵਿਖੇ ਉੱਘੜਵੇਂ ਮਹਾਂ-ਸੰਮੇਲਨ ਆਯੋਜਿਤ ਕੀਤੇ ਗਏ ਸਨ
[ਪੂਰੇ ਸਫ਼ੇ 302 ਉੱਤੇ ਤਸਵੀਰ]