ਯਹੋਵਾਹ ਦਾ ਦਿਨ ਨੇੜੇ ਹੈ
“ਏਹ ਸੁਣੋ, ਹੇ ਬੁੱਢਿਓ, ਦੇਸ ਦੇ ਸਾਰੇ ਵਾਸੀਓ, ਕੰਨ ਲਾਓ!”—ਯੋਏਲ 1:2.
1, 2. ਯਹੂਦਾਹ ਵਿਚ ਕਿਸ ਹਾਲਤ ਕਾਰਨ ਯਹੋਵਾਹ ਨੇ ਯੋਏਲ ਨੂੰ ਆਪਣੀ ਜ਼ਬਰਦਸਤ ਭਵਿੱਖਬਾਣੀ ਕਰਨ ਲਈ ਪ੍ਰੇਰਿਤ ਕੀਤਾ?
“ਹਾਇ ਉਸ ਦਿਨ ਨੂੰ! ਯਹੋਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ ਆ ਰਿਹਾ ਹੈ!” ਕਿੰਨਾ ਜ਼ਬਰਦਸਤ ਐਲਾਨ! ਇਹ ਨਬੀ ਯੋਏਲ ਦੁਆਰਾ ਉਸ ਦੇ ਲੋਕਾਂ ਨੂੰ ਦਿੱਤਾ ਗਿਆ ਪਰਮੇਸ਼ੁਰ ਦਾ ਸੰਦੇਸ਼ ਸੀ।
2 ਯੋਏਲ 1:15 ਦੇ ਇਹ ਸ਼ਬਦ ਯਹੂਦਾਹ ਵਿਚ, ਸੰਭਵ ਤੌਰ ਤੇ ਲਗਭਗ ਸਾਲ 820 ਸਾ.ਯੁ.ਪੂ. ਵਿਚ ਦਰਜ ਕੀਤੇ ਗਏ ਸਨ। ਉਦੋਂ ਦੇਸ਼ ਦੀਆਂ ਪਹਾੜੀਆਂ ਹਰੀਆਂ-ਭਰੀਆਂ ਸਨ। ਫਲ ਤੇ ਅਨਾਜ ਭਰਪੂਰ ਸਨ। ਚਰਾਂਦਾਂ ਖੁੱਲ੍ਹੀਆਂ-ਡੁੱਲੀਆਂ ਅਤੇ ਹਰੀਆਂ ਸਨ। ਫਿਰ ਵੀ, ਇਕ ਗੱਲ ਬਹੁਤ ਗ਼ਲਤ ਸੀ। ਯਰੂਸ਼ਲਮ ਵਿਚ ਅਤੇ ਯਹੂਦਾਹ ਦੇ ਦੇਸ਼ ਵਿਚ ਬਆਲ ਉਪਾਸਨਾ ਵਧਦੀ-ਫੁੱਲਦੀ ਸੀ। ਲੋਕ ਇਸ ਝੂਠੇ ਦੇਵਤੇ ਸਾਮ੍ਹਣੇ ਨਸ਼ਈ ਰੰਗਰਲੀਆਂ ਮਨਾਉਂਦੇ ਸਨ। (ਤੁਲਨਾ ਕਰੋ 2 ਇਤਹਾਸ 21:4-6, 11.) ਕੀ ਯਹੋਵਾਹ ਇਸ ਨੂੰ ਜਾਰੀ ਰਹਿਣ ਦੇਵੇਗਾ?
3. ਯਹੋਵਾਹ ਨੇ ਕਿਸ ਗੱਲ ਦੀ ਚੇਤਾਵਨੀ ਦਿੱਤੀ, ਅਤੇ ਕੌਮਾਂ ਨੂੰ ਕਿਸ ਚੀਜ਼ ਲਈ ਤਿਆਰ ਹੋਣਾ ਚਾਹੀਦਾ ਹੈ?
3 ਬਾਈਬਲ ਵਿਚ ਯੋਏਲ ਦੀ ਪੋਥੀ ਸਪੱਸ਼ਟ ਜਵਾਬ ਦਿੰਦੀ ਹੈ। ਯਹੋਵਾਹ ਪਰਮੇਸ਼ੁਰ ਆਪਣੀ ਸਰਬਸੱਤਾ ਦਾ ਦੋਸ਼-ਨਿਵਾਰਣ ਕਰੇਗਾ ਅਤੇ ਆਪਣੇ ਪਵਿੱਤਰ ਨਾਂ ਨੂੰ ਬਦਨਾਮੀ ਤੋਂ ਮੁਕਤ ਕਰੇਗਾ। ਯਹੋਵਾਹ ਦਾ ਮਹਾਨ ਦਿਨ ਨੇੜੇ ਸੀ। ਉਸ ਵੇਲੇ ਯਹੋਵਾਹ “ਯਹੋਸ਼ਾਫਾਟ ਦੀ ਖੱਡ ਵਿੱਚ” ਸਾਰੀਆਂ ਕੌਮਾਂ ਉੱਤੇ ਨਿਆਉਂ ਪੂਰਾ ਕਰੇਗਾ। (ਯੋਏਲ 3:12) ਉਨ੍ਹਾਂ ਨੂੰ ਸਰਬਸ਼ਕਤੀਮਾਨ, ਯਹੋਵਾਹ ਨਾਲ ਲੜਨ ਲਈ ਤਿਆਰ ਹੋਣ ਦਿਓ। ਅਸੀਂ ਵੀ ਯਹੋਵਾਹ ਦੇ ਮਹਾਨ ਦਿਨ ਦਾ ਸਾਮ੍ਹਣਾ ਕਰਦੇ ਹਾਂ। ਇਸ ਲਈ ਆਓ ਅਸੀਂ ਆਪਣੇ ਦਿਨ ਲਈ ਅਤੇ ਪ੍ਰਾਚੀਨ ਸਮੇਂ ਲਈ ਯੋਏਲ ਦੇ ਭਵਿੱਖ-ਸੂਚਕ ਸ਼ਬਦਾਂ ਦੀ ਚੰਗੀ ਤਰ੍ਹਾਂ ਜਾਂਚ ਕਰੀਏ।
ਕੀਟ-ਪਤੰਗਿਆਂ ਦਾ ਹਮਲਾ
4. ਯੋਏਲ ਦੁਆਰਾ ਦੱਸੀ ਗਈ ਘਟਨਾ ਕਿੰਨੀ ਕੁ ਵੱਡੀ ਹੋਵੇਗੀ?
4 ਯਹੋਵਾਹ ਆਪਣੇ ਨਬੀ ਰਾਹੀਂ ਕਹਿੰਦਾ ਹੈ: “ਏਹ ਸੁਣੋ, ਹੇ ਬੁੱਢਿਓ, ਦੇਸ ਦੇ ਸਾਰੇ ਵਾਸੀਓ, ਕੰਨ ਲਾਓ! ਤੁਹਾਡਿਆਂ ਦਿਨਾਂ ਵਿੱਚ, ਯਾ ਤੁਹਾਡੇ ਪਿਉ ਦਾਦਿਆਂ ਦੇ ਦਿਨਾਂ ਵਿੱਚ ਏਹ ਹੋਇਆ? ਇਹ ਦੇ ਵਿਖੇ ਤੁਸੀਂ ਆਪਣੇ ਪੁੱਤ੍ਰਾਂ ਨੂੰ, ਅਤੇ ਤੁਹਾਡੇ ਪੁੱਤ੍ਰ ਆਪਣੇ ਪੁੱਤ੍ਰਾਂ ਨੂੰ, ਉਨ੍ਹਾਂ ਦੇ ਪੁੱਤ੍ਰ ਆਪਣੀ ਅਗਲੀ ਪੀੜ੍ਹੀ ਨੂੰ ਖੋਲ੍ਹ ਕੇ ਦੱਸਣ।” (ਯੋਏਲ 1:2, 3) ਬਜ਼ੁਰਗ ਅਤੇ ਸਾਰੇ ਲੋਕ ਅਜਿਹੀ ਘਟਨਾ ਦੀ ਆਸ ਰੱਖ ਸਕਦੇ ਸਨ ਜੋ ਨਾ ਤਾਂ ਉਨ੍ਹਾਂ ਦੇ ਜੀਵਨ-ਕਾਲ ਦੌਰਾਨ ਅਤੇ ਨਾ ਹੀ ਉਨ੍ਹਾਂ ਦੇ ਪਿਉ ਦਾਦਿਆਂ ਦੇ ਦਿਨਾਂ ਵਿਚ ਵਾਪਰੀ ਸੀ। ਇਹ ਇੰਨੀ ਅਸਾਧਾਰਣ ਹੋਵੇਗੀ ਕਿ ਇਹ ਤੀਜੀ ਪੀੜ੍ਹੀ ਤਕ ਸੁਣਾਈ ਜਾਵੇਗੀ! ਇਹ ਮਾਅਰਕੇ ਵਾਲੀ ਘਟਨਾ ਕੀ ਸੀ? ਜਾਣਨ ਲਈ, ਆਓ ਅਸੀਂ ਕਲਪਨਾ ਕਰੀਏ ਕਿ ਅਸੀਂ ਯੋਏਲ ਦੇ ਦਿਨਾਂ ਵਿਚ ਹਾਂ।
5, 6. (ੳ) ਉਸ ਆਫ਼ਤ ਦਾ ਵਰਣਨ ਕਰੋ ਜਿਸ ਦੀ ਯੋਏਲ ਭਵਿੱਖਬਾਣੀ ਕਰਦਾ ਹੈ। (ਅ) ਉਸ ਆਫ਼ਤ ਦੇ ਪਿੱਛੇ ਕਿਸ ਦਾ ਹੱਥ ਸੀ?
5 ਸੁਣੋ! ਯੋਏਲ ਦੂਰੋਂ ਇਕ ਗਰਜ ਦੀ ਆਵਾਜ਼ ਸੁਣਦਾ ਹੈ। ਆਕਾਸ਼ ਕਾਲਾ ਹੋ ਜਾਂਦਾ ਹੈ, ਅਤੇ ਉਹ ਡਰਾਉਣੀ ਆਵਾਜ਼ ਵਧਦੀ ਜਾਂਦੀ ਹੈ ਜਿਉਂ-ਜਿਉਂ ਸਿਰ ਉੱਪਰ ਹਨੇਰਾ ਛਾ ਜਾਂਦਾ ਹੈ। ਫਿਰ ਧੂੰਏਂ ਵਰਗਾ ਬੱਦਲ ਅਕਾਸ਼ੋਂ ਉਤਰਦਾ ਹੈ। ਇਹ ਕਰੋੜਾਂ ਕੀਟ-ਪਤੰਗਿਆਂ ਦੀ ਇਕ ਫ਼ੌਜ ਹੈ। ਅਤੇ ਇਹ ਕਿੰਨੀ ਤਬਾਹੀ ਕਰਦੇ ਹਨ! ਹੁਣ ਯੋਏਲ 1:4 ਵੱਲ ਧਿਆਨ ਦਿਓ। ਇਨ੍ਹਾਂ ਹਮਲਾਵਰ ਕੀਟ-ਪਤੰਗਿਆਂ ਵਿਚ ਸਿਰਫ਼ ਖੰਭਾਂ ਵਾਲੀਆਂ ਪਰਵਾਸੀ ਟਿੱਡੀਆਂ ਹੀ ਨਹੀਂ ਹਨ। ਹਾਏ! ਹਾਏ! ਟਪੂਸੀ ਮਾਰ ਭੁੱਖੀਆਂ ਟਿੱਡੀਆਂ ਦੇ ਦਲ ਵੀ ਆ ਰਹੇ ਹਨ। ਹਵਾ ਦੇ ਨਾਲ ਆਉਣ ਕਰਕੇ, ਟਿੱਡੀਆਂ ਅਚਾਨਕ ਹੀ ਆ ਜਾਂਦੀਆਂ, ਅਤੇ ਉਨ੍ਹਾਂ ਦੀ ਆਵਾਜ਼ ਰਥਾਂ ਦੇ ਸ਼ੋਰ ਵਰਗੀ ਹੈ। (ਯੋਏਲ 2:5) ਆਪਣੇ ਪੇਟੂ ਸੁਭਾਅ ਕਰਕੇ, ਕਰੋੜਾਂ ਟਿੱਡੀਆਂ ਇਕ ਹਰੇ-ਭਰੇ ਇਲਾਕੇ ਨੂੰ ਜਲਦੀ ਹੀ ਉਜਾੜ ਸਕਦੀਆਂ ਹਨ।
6 ਇਨ੍ਹਾਂ ਦੇ ਨਾਲ ਹੀ ਟੋਕੇ ਆ ਰਹੇ ਹਨ, ਯਾਨੀ ਕਿ ਪਤੰਗਿਆਂ ਅਤੇ ਤਿਤਲੀਆਂ ਦੇ ਲਾਰਵੇ। ਭੁੱਖੇ ਟੋਕਿਆਂ ਦੀਆਂ ਵੱਡੀਆਂ ਫ਼ੌਜਾਂ ਬਨਸਪਤੀ ਨੂੰ ਪੱਤਾ-ਪੱਤਾ ਕਰ ਕੇ ਖਾ ਸਕਦੀਆਂ ਹਨ, ਜਦ ਤਕ ਉਹ ਪੌਦਿਆਂ ਦੀ ਹਰਿਆਈ ਤਕਰੀਬਨ ਖ਼ਤਮ ਨਹੀਂ ਕਰ ਦਿੰਦੀਆਂ। ਅਤੇ ਜੋ ਇਹ ਛੱਡ ਦਿੰਦੇ ਹਨ, ਸਲਾ ਅਤੇ ਟਿੱਡੀਆਂ ਖਾ ਜਾਂਦੀਆਂ ਹਨ। ਅਤੇ ਜੋ ਇਹ ਛੱਡ ਦਿੰਦੀਆਂ ਹਨ, ਉਸ ਨੂੰ ਤੇਜ਼ੀ ਨਾਲ ਆ ਰਹੇ ਕੌਕਰੋਚ ਯਕੀਨਨ ਖਾ ਜਾਣਗੇ। ਪਰੰਤੂ ਇਸ ਵੱਲ ਧਿਆਨ ਦਿਓ: ਯੋਏਲ ਅਧਿਆਇ 2, ਆਇਤ 11 ਵਿਚ, ਪਰਮੇਸ਼ੁਰ ਟਿੱਡੀਆਂ ਦੀ ਫ਼ੌਜ ਦੀ ਪਛਾਣ “ਆਪਣੀ ਫੌਜ” ਵਜੋਂ ਕਰਦਾ ਹੈ। ਜੀ ਹਾਂ, ਟਿੱਡੀਆਂ ਦੀ ਆਫ਼ਤ ਦੇ ਪਿੱਛੇ, ਜੋ ਦੇਸ਼ ਨੂੰ ਉਜਾੜੇਗੀ ਅਤੇ ਸਖ਼ਤ ਕਾਲ ਲਿਆਵੇਗੀ, ਯਹੋਵਾਹ ਦਾ ਹੱਥ ਸੀ। ਕਦੋਂ? ਠੀਕ ‘ਯਹੋਵਾਹ ਦੇ ਦਿਨ’ ਤੋਂ ਪਹਿਲਾਂ।
“ਹੇ ਖੀਵਿਓ, ਜਾਗੋ”!
7. (ੳ) ਯਹੂਦਾਹ ਦੇ ਧਾਰਮਿਕ ਆਗੂਆਂ ਦੀ ਹਾਲਤ ਕਿਸ ਤਰ੍ਹਾਂ ਦੀ ਸੀ? (ਅ) ਅੱਜ ਈਸਾਈ-ਜਗਤ ਦੇ ਆਗੂਆਂ ਦੀ ਹਾਲਤ ਕਿਸ ਤਰ੍ਹਾਂ ਯਹੂਦਾਹ ਦੇ ਧਾਰਮਿਕ ਆਗੂਆਂ ਦੀ ਹਾਲਤ ਵਰਗੀ ਹੈ?
7 ਇਕ ਘਿਰਣਾਯੋਗ ਭੀੜ, ਅਰਥਾਤ ਯਹੂਦਾਹ ਦੇ ਧਾਰਮਿਕ ਆਗੂ ਵੱਖਰੇ ਕੀਤੇ ਜਾਂਦੇ ਹਨ ਜਦੋਂ ਇਹ ਹੁਕਮ ਸੁਣਾਇਆ ਜਾਂਦਾ ਹੈ: “ਹੇ ਖੀਵਿਓ, ਜਾਗੋ ਅਤੇ ਰੋਵੋ! ਤੁਸੀਂ ਸਾਰੇ ਜੋ ਮੈ ਦੇ ਪਿਆਕਲ ਹੋ ਧਾਹਾਂ ਮਾਰੋ, ਨਵੀਂ ਮੈ ਦੇ ਕਾਰਨ, ਉਹ ਤਾਂ ਤੁਹਾਡੇ ਮੂੰਹ ਤੋਂ ਪਰੇ ਕੀਤੀ ਗਈ ਹੈ!” (ਯੋਏਲ 1:5) ਹਾਂ, ਯਹੂਦਾਹ ਦੇ ਅਧਿਆਤਮਿਕ ਖੀਵਿਆਂ, ਜਾਂ ਸ਼ਰਾਬੀਆਂ ਨੂੰ ‘ਜਾਗਣ’ ਲਈ ਅਤੇ ਸੋਫੀ ਹੋਣ ਲਈ ਕਿਹਾ ਗਿਆ ਸੀ। ਪਰੰਤੂ ਇਸ ਨੂੰ ਕੇਵਲ ਪ੍ਰਾਚੀਨ ਇਤਿਹਾਸ ਹੀ ਨਾ ਸਮਝੋ। ਹੁਣ ਵੀ, ਯਹੋਵਾਹ ਦੇ ਮਹਾਨ ਦਿਨ ਤੋਂ ਪਹਿਲਾਂ, ਈਸਾਈ-ਜਗਤ ਦੇ ਪਾਦਰੀ ਨਵੀਂ ਮੈ ਨਾਲ ਇੰਨੇ ਮਸਤ ਹੋਏ ਹਨ ਕਿ ਉਹ ਅੱਤ ਮਹਾਨ ਦੇ ਇਸ ਹੁਕਮ ਪ੍ਰਤੀ ਸਚੇਤ ਨਹੀਂ ਹਨ। ਉਹ ਕਿੰਨੇ ਹੈਰਾਨ ਹੋਣਗੇ ਜਦੋਂ ਉਹ ਯਹੋਵਾਹ ਦੇ ਮਹਾਨ ਅਤੇ ਭੈ-ਦਾਇਕ ਦਿਨ ਦੁਆਰਾ ਆਪਣੀ ਅਧਿਆਤਮਿਕ ਨਸ਼ਈ ਬੇਸੁਰਤੀ ਤੋਂ ਜਗਾਏ ਜਾਣਗੇ!
8, 9. (ੳ) ਯੋਏਲ ਟਿੱਡੀਆਂ ਦਾ ਅਤੇ ਉਨ੍ਹਾਂ ਦੀ ਆਫ਼ਤ ਦੇ ਅਸਰਾਂ ਦਾ ਵਰਣਨ ਕਿਸ ਤਰ੍ਹਾਂ ਕਰਦਾ ਹੈ? (ਅ) ਅੱਜ, ਟਿੱਡੀਆਂ ਕਿਨ੍ਹਾਂ ਨੂੰ ਦਰਸਾਉਂਦੀਆਂ ਹਨ?
8 ਟਿੱਡੀਆਂ ਦੀ ਉਸ ਵੱਡੀ ਫ਼ੌਜ ਨੂੰ ਦੇਖੋ! “ਮੇਰੇ ਦੇਸ ਉੱਤੇ ਇੱਕ ਕੌਮ ਚੜ੍ਹ ਆਈ ਹੈ, ਉਹ ਬਲਵੰਤ ਅਤੇ ਅਣਗਿਣਤ ਹੈ, ਉਹ ਦੇ ਦੰਦ ਬਬਰ ਸ਼ੇਰ ਦੇ ਦੰਦ ਹਨ, ਦਾੜ੍ਹਾਂ ਉਹ ਦੀਆਂ ਸ਼ੇਰਨੀ ਦੀਆਂ ਹਨ। ਉਸ ਮੇਰੀ ਅੰਗੂਰੀ ਵਾੜੀ ਨੂੰ ਉਜਾੜ ਕੇ ਰੱਖ ਦਿੱਤਾ, ਉਸ ਮੇਰੇ ਹਜੀਰ ਦਿਆਂ ਬਿਰਛਾਂ ਨੂੰ ਭੰਨ ਤੋੜ ਸੁੱਟਿਆ, ਉਸ ਉਹ ਦੀ ਛਿੱਲ ਲਾਹ ਕੇ ਸੁੱਟ ਦਿੱਤੀ, ਉਹ ਦੀਆਂ ਟਹਿਣੀਆਂ ਚਿੱਟੀਆਂ ਨਿੱਕਲ ਆਈਆਂ। ਉਸ ਕੁਆਰੀ ਵਾਂਙੁ ਜੋ ਟਾਟ ਦੀ ਧੱਬਲੀ ਬੰਨ੍ਹਦੀ, ਅਤੇ ਆਪਣੀ ਜੁਆਨੀ ਦੇ ਪਤੀ ਉੱਤੇ ਰੋਂਦੀ ਹੈ, ਤੂੰ ਰੋ।”—ਯੋਏਲ 1:6-8.
9 ਕੀ ਇਹ ਸਿਰਫ਼ ਯਹੂਦਾਹ ਉੱਤੇ ਟਿੱਡੀਆਂ ਦੀ “ਇੱਕ ਕੌਮ” ਅਰਥਾਤ ਟਿੱਡੀ ਦਲ ਦੇ ਹਮਲੇ ਬਾਰੇ ਭਵਿੱਖਬਾਣੀ ਹੈ? ਨਹੀਂ, ਇਹ ਭਵਿੱਖਬਾਣੀ ਹੋਰ ਵੀ ਅਰਥ ਰੱਖਦੀ ਹੈ। ਯੋਏਲ 1:6 ਅਤੇ ਪਰਕਾਸ਼ ਦੀ ਪੋਥੀ 9:7 ਦੋਹਾਂ ਵਿਚ, ਪਰਮੇਸ਼ੁਰ ਦੇ ਲੋਕਾਂ ਨੂੰ ਟਿੱਡੀਆਂ ਦੁਆਰਾ ਦਰਸਾਇਆ ਗਿਆ ਹੈ। ਆਧੁਨਿਕ ਦਿਨ ਵਿਚ ਟਿੱਡੀਆਂ ਦੀ ਫ਼ੌਜ ਯਹੋਵਾਹ ਦੀਆਂ ਮਸਹ ਕੀਤੀਆਂ ਹੋਈਆਂ ਟਿੱਡੀਆਂ ਦੀ ਫ਼ੌਜ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਜਿਸ ਨਾਲ ਯਿਸੂ ਦੀਆਂ ਲਗਭਗ 56,00,000 ‘ਹੋਰ ਭੇਡਾਂ’ ਵੀ ਰਲ ਗਈਆਂ ਹਨ। (ਯੂਹੰਨਾ 10:16) ਕੀ ਤੁਸੀਂ ਯਹੋਵਾਹ ਦੇ ਉਪਾਸਕਾਂ ਦੀ ਇਸ ਵੱਡੀ ਭੀੜ ਵਿਚ ਸ਼ਾਮਲ ਹੋ ਕੇ ਖ਼ੁਸ਼ ਨਹੀਂ ਹੋ?
10. ਯਹੂਦਾਹ ਉੱਤੇ ਟਿੱਡੀਆਂ ਦੀ ਆਫ਼ਤ ਦਾ ਕੀ ਅਸਰ ਪੈਂਦਾ ਹੈ?
10 ਯੋਏਲ 1:9-12 ਵਿਚ, ਅਸੀਂ ਟਿੱਡੀਆਂ ਦੀ ਆਫ਼ਤ ਦੇ ਅਸਰਾਂ ਬਾਰੇ ਪੜ੍ਹਦੇ ਹਾਂ। ਇਕ ਤੋਂ ਬਾਅਦ ਦੂਜਾ ਦਲ ਦੇਸ਼ ਨੂੰ ਪੂਰੀ ਤਰ੍ਹਾਂ ਉਜਾੜ ਦਿੰਦਾ ਹੈ। ਅਨਾਜ, ਮੈ, ਅਤੇ ਤੇਲ ਵਿਚ ਘਾਟਾ ਹੋਣ ਕਰਕੇ, ਬੇਵਫ਼ਾ ਜਾਜਕ ਆਪਣਾ ਕੰਮ ਨਹੀਂ ਕਰ ਸਕਦੇ। ਧਰਤੀ ਵੀ ਸੋਗ ਕਰਦੀ ਹੈ, ਕਿਉਂਕਿ ਟਿੱਡੀਆਂ ਨੇ ਇਸ ਦਾ ਅਨਾਜ ਲੁੱਟ ਲਿਆ, ਅਤੇ ਫਲਾਂ ਦੇ ਦਰਖ਼ਤਾਂ ਨੂੰ ਨੰਗਾ ਕਰ ਦਿੱਤਾ। ਅੰਗੂਰਾਂ ਦੀਆਂ ਵਾੜੀਆਂ ਉਜੜ ਜਾਣ ਕਰਕੇ, ਬਆਲ ਦੇ ਉਨ੍ਹਾਂ ਸ਼ਰਾਬੀਆਂ ਲਈ ਮੈ ਨਹੀਂ ਹੈ, ਜੋ ਅਧਿਆਤਮਿਕ ਤੌਰ ਤੇ ਸ਼ਰਾਬੀ ਵੀ ਸਨ।
‘ਹੇ ਜਾਜਕੋ, ਸਿਆਪਾ ਕਰੋ’
11, 12. (ੳ) ਅੱਜ ਕੌਣ ਪਰਮੇਸ਼ੁਰ ਦੇ ਜਾਜਕ ਹੋਣ ਦਾ ਦਾਅਵਾ ਕਰਦੇ ਹਨ? (ਅ) ਈਸਾਈ-ਜਗਤ ਦੇ ਧਾਰਮਿਕ ਆਗੂਆਂ ਉੱਤੇ ਆਧੁਨਿਕ ਦਿਨ ਦੀ ਟਿੱਡੀਆਂ ਦੀ ਆਫ਼ਤ ਦਾ ਕੀ ਅਸਰ ਪੈਂਦਾ ਹੈ?
11 ਉਨ੍ਹਾਂ ਮਨਮਤੀਏ ਜਾਜਕਾਂ ਲਈ ਪਰਮੇਸ਼ੁਰ ਦੇ ਸੰਦੇਸ਼ ਨੂੰ ਸੁਣੋ: “ਹੇ ਜਾਜਕੋ, ਟਾਟ ਦਾ ਧੱਬਲਾ ਬੰਨ੍ਹੋ ਅਤੇ ਸਿਆਪਾ ਕਰੋ, ਹੇ ਜਗਵੇਦੀ ਦੇ ਸੇਵਕੋ, ਧਾਹਾਂ ਮਾਰੋ।” (ਯੋਏਲ 1:13) ਯੋਏਲ ਦੀ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ, ਲੇਵੀ ਜਾਜਕ ਜਗਵੇਦੀ ਵਿਖੇ ਸੇਵਾ ਕਰਦੇ ਸਨ। ਪਰੰਤੂ ਆਖ਼ਰੀ ਪੂਰਤੀ ਬਾਰੇ ਕੀ? ਅੱਜ, ਈਸਾਈ-ਜਗਤ ਦੇ ਪਾਦਰੀਆਂ ਨੇ ਪਰਮੇਸ਼ੁਰ ਦੀ ਜਗਵੇਦੀ ਵਿਖੇ ਸੇਵਾ ਕਰਨ ਦਾ ਅਧਿਕਾਰ ਜਤਾਇਆ ਹੈ, ਅਤੇ ਉਸ ਦੇ ਸੇਵਕ, ਯਾਨੀ ਉਸ ਦੇ “ਜਾਜਕ” ਹੋਣ ਦਾ ਦਾਅਵਾ ਕੀਤਾ ਹੈ। ਪਰੰਤੂ, ਹੁਣ ਕੀ ਵਾਪਰ ਰਿਹਾ ਹੈ ਜਦ ਕਿ ਪਰਮੇਸ਼ੁਰ ਦੀਆਂ ਆਧੁਨਿਕ ਦਿਨ ਦੀਆਂ ਟਿੱਡੀਆਂ ਅੱਗੇ ਵੱਧ ਰਹੀਆਂ ਹਨ?
12 ਜਦੋਂ ਈਸਾਈ-ਜਗਤ ਦੇ “ਜਾਜਕ” ਯਹੋਵਾਹ ਦੇ ਲੋਕਾਂ ਨੂੰ ਕੰਮ ਕਰਦੇ ਦੇਖਦੇ ਹਨ ਅਤੇ ਈਸ਼ਵਰੀ ਨਿਆਉਂ ਦੀ ਉਨ੍ਹਾਂ ਦੀ ਚੇਤਾਵਨੀ ਨੂੰ ਸੁਣਦੇ ਹਨ, ਤਾਂ ਉਹ ਗੁੱਸੇ ਨਾਲ ਪਾਗਲ ਹੋ ਜਾਂਦੇ ਹਨ। ਉਹ ਰਾਜ ਸੰਦੇਸ਼ ਦੇ ਤਬਾਹਕੁੰਨ ਅਸਰਾਂ ਕਾਰਨ ਦੁੱਖ ਅਤੇ ਗੁੱਸੇ ਵਿਚ ਸਿਆਪਾ ਕਰਦੇ ਹਨ। ਅਤੇ ਉਹ ਧਾਹਾਂ ਮਾਰਦੇ ਹਨ ਜਦੋਂ ਉਨ੍ਹਾਂ ਦੇ ਇੱਜੜ ਉਨ੍ਹਾਂ ਨੂੰ ਛੱਡ ਜਾਂਦੇ ਹਨ। ਉਨ੍ਹਾਂ ਦੀਆਂ ਚਰਾਂਦਾਂ ਉਜੜ ਜਾਣ ਕਾਰਨ, ਉਨ੍ਹਾਂ ਨੂੰ ਟਾਟ ਵਿਚ, ਆਪਣੀ ਕਮਾਈ ਦੇ ਨੁਕਸਾਨ ਉੱਤੇ ਸੋਗ ਕਰਦੇ ਹੋਏ, ਰਾਤ ਕੱਟਣ ਦਿਓ। ਜਲਦੀ ਹੀ, ਉਹ ਆਪਣੀਆਂ ਨੌਕਰੀਆਂ ਵੀ ਖੋਹ ਬੈਠਣਗੇ! ਅਸਲ ਵਿਚ, ਪਰਮੇਸ਼ੁਰ ਉਨ੍ਹਾਂ ਨੂੰ ਪੂਰੀ ਰਾਤ ਸੋਗ ਕਰਨ ਲਈ ਕਹਿੰਦਾ ਹੈ ਕਿਉਂਕਿ ਉਨ੍ਹਾਂ ਦਾ ਅੰਤ ਨੇੜੇ ਹੈ।
13. ਕੀ ਈਸਾਈ-ਜਗਤ ਇਕ ਵਰਗ ਵਜੋਂ ਯਹੋਵਾਹ ਦੀ ਚੇਤਾਵਨੀ ਅਨੁਸਾਰ ਕਦਮ ਚੁੱਕੇਗਾ?
13 ਯੋਏਲ 1:14 ਦੇ ਅਨੁਸਾਰ, ਉਨ੍ਹਾਂ ਲਈ ਇੱਕੋ-ਇਕ ਆਸ ਹੈ ਕਿ ਉਹ ਤੋਬਾ ਕਰਨ ਅਤੇ ‘ਯਹੋਵਾਹ ਦੇ ਅੱਗੇ ਦੁਹਾਈ ਦੇਣ।’ ਕੀ ਅਸੀਂ ਈਸਾਈ-ਜਗਤ ਦੇ ਸਮੁੱਚੇ ਪਾਦਰੀ ਵਰਗ ਤੋਂ ਯਹੋਵਾਹ ਵੱਲ ਮੁੜਨ ਦੀ ਆਸ ਰੱਖ ਸਕਦੇ ਹਾਂ? ਬਿਲਕੁਲ ਨਹੀਂ! ਉਨ੍ਹਾਂ ਵਿੱਚੋਂ ਸ਼ਾਇਦ ਕੁਝ ਵਿਅਕਤੀ ਯਹੋਵਾਹ ਦੀ ਚੇਤਾਵਨੀ ਵੱਲ ਧਿਆਨ ਦੇਣ। ਪਰੰਤੂ ਇਕ ਵਰਗ ਵਜੋਂ ਇਨ੍ਹਾਂ ਧਾਰਮਿਕ ਆਗੂਆਂ ਅਤੇ ਗਿਰਜੇ ਦੇ ਮੈਂਬਰਾਂ ਦੀ ਅਧਿਆਤਮਿਕ ਤੌਰ ਤੇ ਭੁੱਖੀ ਹਾਲਤ ਬਣੀ ਰਹੇਗੀ। ਨਬੀ ਆਮੋਸ ਨੇ ਪਹਿਲਾਂ ਹੀ ਦੱਸਿਆ ਸੀ: “ਵੇਖ, ਓਹ ਦਿਨ ਆਉਂਦੇ ਹਨ, ਪ੍ਰਭੁ ਯਹੋਵਾਹ ਦਾ ਵਾਕ ਹੈ, ਕਿ ਮੈਂ ਦੇਸ ਵਿੱਚ ਕਾਲ ਘੱਲਾਂਗਾ, ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ।” (ਆਮੋਸ 8:11) ਦੂਸਰੇ ਪਾਸੇ, ਅਸੀਂ ਉਸ ਵੱਡੀ ਅਧਿਆਤਮਿਕ ਦਾਅਵਤ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ ਜੋ ਪਰਮੇਸ਼ੁਰ ਪ੍ਰੇਮ ਦੇ ਨਾਲ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਦੇ ਰਿਹਾ ਹੈ!—ਮੱਤੀ 24:45-47.
14. ਟਿੱਡੀਆਂ ਦੀ ਆਫ਼ਤ ਕਿਸ ਗੱਲ ਦੀ ਅਗਾਊਂ-ਸੂਚਨਾ ਹੈ?
14 ਟਿੱਡੀਆਂ ਦੀ ਆਫ਼ਤ ਕਿਸੇ ਗੱਲ ਦੀ ਅਗਾਊਂ-ਸੂਚਨਾ ਸੀ ਅਤੇ ਹੈ। ਕਿਸ ਗੱਲ ਦੀ? ਯੋਏਲ ਸਾਨੂੰ ਸਾਫ਼-ਸਾਫ਼ ਇਹ ਕਹਿੰਦੇ ਹੋਏ ਦੱਸਦਾ ਹੈ: “ਹਾਇ ਉਸ ਦਿਨ ਨੂੰ! ਯਹੋਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ ਆ ਰਿਹਾ ਹੈ!” (ਯੋਏਲ 1:15) ਅੱਜ ਪਰਮੇਸ਼ੁਰ ਦੀ ਟਿੱਡੀਆਂ ਦੀ ਫ਼ੌਜ ਦੇ ਵਿਸ਼ਵ-ਵਿਆਪੀ ਹਮਲੇ ਸਪੱਸ਼ਟ ਤੌਰ ਤੇ ਸੰਕੇਤ ਕਰਦੇ ਹਨ ਕਿ ਯਹੋਵਾਹ ਦਾ ਮਹਾਨ ਅਤੇ ਭੈ-ਦਾਇਕ ਦਿਨ ਨੇੜੇ ਹੈ। ਯਕੀਨਨ, ਸਾਰੇ ਨੇਕਦਿਲ ਇਨਸਾਨ ਲੇਖਾ ਲੈਣ ਦੇ ਉਸ ਖ਼ਾਸ ਦਿਨ ਨੂੰ ਲੋਚਦੇ ਹਨ ਜਦੋਂ ਦੁਸ਼ਟਾਂ ਵਿਰੁੱਧ ਈਸ਼ਵਰੀ ਨਿਆਉਂ ਪੂਰਾ ਕੀਤਾ ਜਾਵੇਗਾ ਅਤੇ ਯਹੋਵਾਹ ਵਿਸ਼ਵ ਸਰਬਸੱਤਾਵਾਨ ਵਜੋਂ ਜਿੱਤ ਪ੍ਰਾਪਤ ਕਰੇਗਾ।
15. ਦੇਸ਼ ਦੀ ਅਫ਼ਸੋਸਜਨਕ ਹਾਲਤ ਨੂੰ ਦੇਖਦੇ ਹੋਏ, ਈਸ਼ਵਰੀ ਚੇਤਾਵਨੀ ਵੱਲ ਧਿਆਨ ਦੇਣ ਵਾਲੇ ਲੋਕ ਕੀ ਕਰਦੇ ਹਨ?
15 ਜਿਵੇਂ ਯੋਏਲ 1:16-20 ਦਿਖਾਉਂਦਾ ਹੈ, ਪ੍ਰਾਚੀਨ ਯਹੂਦਾਹ ਵਿਚ ਖਾਣਾ ਤਾਂ ਖ਼ੁਸ਼ੀ ਦੋਨੋਂ ਚੁੱਕੇ ਗਏ ਸਨ। ਇਸੇ ਤਰ੍ਹਾਂ ਖ਼ੁਸ਼ੀ ਨੂੰ ਵੀ। ਖਾਤੇ ਵਿਰਾਨ ਪਏ ਹੋਏ ਸਨ, ਅਤੇ ਮੋਦੀਖ਼ਾਨੇ ਢਾਹੁਣੇ ਪਏ। ਚਰਾਂਦਾਂ ਨਾ ਹੋਣ ਕਰਕੇ ਬਲਦਾਂ ਦੇ ਵੱਗ ਕਾਹਲੇ ਪਏ ਹੋਏ ਸਨ ਅਤੇ ਭੇਡਾਂ ਦੇ ਇੱਜੜ ਖ਼ਤਮ ਹੋ ਗਏ ਸਨ ਕਿਉਂਕਿ ਟਿੱਡੀਆਂ ਨੇ ਬਨਸਪਤੀ ਖਾ ਲਈ ਸੀ। ਕਿੰਨੀ ਵੱਡੀ ਆਫ਼ਤ! ਅਜਿਹੀਆਂ ਹਾਲਤਾਂ ਵਿਚ, ਯੋਏਲ ਨੂੰ ਕੀ ਹੋਇਆ? ਆਇਤ 19 ਦੇ ਅਨੁਸਾਰ, ਉਸ ਨੇ ਕਿਹਾ: “ਹੇ ਯਹੋਵਾਹ, ਮੈਂ ਤੇਰੇ ਅੱਗੇ ਪੁਕਾਰਦਾ ਹਾਂ।” ਅੱਜ ਵੀ, ਬਹੁਤ ਸਾਰੇ ਲੋਕ ਈਸ਼ਵਰੀ ਚੇਤਾਵਨੀਆਂ ਵੱਲ ਧਿਆਨ ਦਿੰਦੇ ਹਨ ਅਤੇ ਨਿਹਚਾ ਵਿਚ ਯਹੋਵਾਹ ਪਰਮੇਸ਼ੁਰ ਅੱਗੇ ਦੁਹਾਈ ਦਿੰਦੇ ਹਨ।
“ਯਹੋਵਾਹ ਦਾ ਦਿਨ ਆ ਰਿਹਾ ਹੈ”
16. ‘ਦੇਸ ਦੇ ਵਾਸੀਆਂ’ ਨੂੰ ਕਿਉਂ ਕੰਬਣਾ ਚਾਹੀਦਾ ਹੈ?
16 ਯਹੋਵਾਹ ਵੱਲੋਂ ਦਿੱਤੇ ਗਏ ਇਸ ਹੁਕਮ ਨੂੰ ਸੁਣੋ: “ਸੀਯੋਨ ਵਿੱਚ ਤੁਰ੍ਹੀ ਫੂਕੋ! ਮੇਰੇ ਪਵਿੱਤਰ ਪਹਾੜ ਉੱਤੇ ਸਾਹ ਸੋਧ ਕੇ ਫੂਕੋ! ਦੇਸ ਦੇ ਸਾਰੇ ਵਾਸੀ ਕੰਬਣ।” (ਯੋਏਲ 2:1) ਉਹ ਇਸ ਤਰ੍ਹਾਂ ਕਿਉਂ ਕਰਨਗੇ? ਭਵਿੱਖਬਾਣੀ ਜਵਾਬ ਦਿੰਦੀ ਹੈ: “ਕਿਉਂ ਜੋ ਯਹੋਵਾਹ ਦਾ ਦਿਨ ਆ ਰਿਹਾ ਹੈ, ਸਗੋਂ ਨੇੜੇ ਹੀ ਹੈ! ਅਨ੍ਹੇਰੇ ਅਰ ਅੰਧਕਾਰ ਦਾ ਦਿਨ, ਬੱਦਲ ਅਰ ਘੁੱਪ ਅਨ੍ਹੇਰ ਦਾ ਦਿਨ! ਕਾਲਕ ਵਾਂਙੁ ਪਹਾੜਾਂ ਉੱਤੇ ਇੱਕ ਉੱਮਤ ਬਹੁਤੀ ਅਤੇ ਤਕੜੀ ਫੈਲੀ ਹੋਈ ਹੈ।” (ਯੋਏਲ 2:1, 2) ਯਹੋਵਾਹ ਦੇ ਮਹਾਨ ਦਿਨ ਨਾਲ ਤੀਬਰਤਾ ਦੀ ਜ਼ਬਰਦਸਤ ਭਾਵਨਾ ਜੁੜੀ ਹੋਈ ਹੈ।
17. ਯਹੂਦਾਹ ਦੀ ਜ਼ਮੀਨ ਅਤੇ ਲੋਕਾਂ ਉੱਤੇ ਟਿੱਡੀਆਂ ਦੀ ਆਫ਼ਤ ਦਾ ਕਿਸ ਤਰ੍ਹਾਂ ਅਸਰ ਪਿਆ?
17 ਨਬੀ ਦੇ ਦਰਸ਼ਣ ਦੇ ਅਸਰ ਦੀ ਕਲਪਨਾ ਕਰੋ ਜਿਉਂ-ਜਿਉਂ ਕਠੋਰ ਟਿੱਡੀਆਂ ਨੇ ਅਦਨ ਵਰਗੇ ਹਰੇ-ਭਰੇ ਇਲਾਕੇ ਨੂੰ ਵਿਰਾਨ ਭੂਮੀ ਵਿਚ ਬਦਲ ਦਿੱਤਾ। ਟਿੱਡੀਆਂ ਦੀ ਫ਼ੌਜ ਦੇ ਵਰਣਨ ਨੂੰ ਸੁਣੋ: “ਓਹਨਾਂ ਦਾ ਰੂਪ ਘੋੜਿਆਂ ਦੇ ਰੂਪ ਵਰਗਾ ਹੈ, ਜੰਗੀ ਘੋੜਿਆਂ ਵਾਂਙੁ ਓਹ ਦੌੜਦੇ ਹਨ। ਪਹਾੜਾਂ ਦੀਆਂ ਚੋਟੀਆਂ ਉੱਤੇ ਰਥਾਂ ਦੇ ਸ਼ੋਰ ਵਾਂਙੁ ਅੱਗ ਦੀ ਲੰਬ ਵਾਂਙੁ ਜਿਹੜੀ ਵੱਢ ਨੂੰ ਭਸਮ ਕਰਦੀ ਹੈ, ਓਹ ਕੁੱਦਦੇ ਹਨ, ਜਿਵੇਂ ਬਲਵੰਤ ਲੋਕ ਲੜਾਈ ਦੀਆਂ ਪਾਲਾਂ ਬੰਨ੍ਹਦੇ ਹਨ! ਓਹਨਾਂ ਦੇ ਅੱਗੇ ਲੋਕ ਤੜਫ ਉੱਠਦੇ ਹਨ, ਸਾਰੇ ਮੂੰਹ ਪੀਲੇ ਪੈ ਜਾਂਦੇ ਹਨ।” (ਯੋਏਲ 2:4-6) ਯੋਏਲ ਦੇ ਦਿਨਾਂ ਵਿਚ ਟਿੱਡੀਆਂ ਦੀ ਆਫ਼ਤ ਦੇ ਦੌਰਾਨ, ਬਆਲ ਦੇ ਉਪਾਸਕਾਂ ਦੀ ਪਰੇਸ਼ਾਨੀ ਵੱਧ ਗਈ, ਅਤੇ ਚਿੰਤਾ ਕਾਰਨ ਉਨ੍ਹਾਂ ਦੇ ਚਿਹਰੇ ਪੀਲੇ ਪੈ ਗਏ ਸਨ।
18, 19. ਅੱਜ ਪਰਮੇਸ਼ੁਰ ਦੇ ਲੋਕਾਂ ਦਾ ਕੰਮ ਕਿਸ ਤਰ੍ਹਾਂ ਟਿੱਡੀਆਂ ਦੀ ਆਫ਼ਤ ਵਰਗਾ ਹੈ?
18 ਕੋਈ ਵੀ ਚੀਜ਼ ਉਨ੍ਹਾਂ ਵਿਵਸਥਿਤ, ਅਣਥੱਕ ਟਿੱਡੀਆਂ ਨੂੰ ਰੋਕ ਨਾ ਸਕੀ। ਉਹ “ਸੂਰਮਿਆਂ ਵਾਂਙੁ” ਭੱਜੀਆਂ ਅਤੇ ਉਨ੍ਹਾਂ ਨੇ ਕੰਧਾਂ ਵੀ ਟੱਪੀਆਂ। ਜੇਕਰ ‘ਉਨ੍ਹਾਂ ਵਿੱਚੋਂ ਕੁਝ ਸ਼ਸਤਰਾਂ ਦੇ ਵਿਚਕਾਰ ਡਿੱਗ ਵੀ ਪੈਂਦੀਆਂ ਸਨ, ਤਾਂ ਦੂਸਰੀਆਂ ਰੁਕਦੀਆਂ ਨਹੀਂ।’ (ਯੋਏਲ 2:7, 8) ਯਹੋਵਾਹ ਦੀ ਪ੍ਰਤੀਕਾਤਮਕ ਟਿੱਡੀਆਂ ਦੀ ਆਧੁਨਿਕ ਦਿਨ ਦੀ ਫ਼ੌਜ ਦਾ ਕਿੰਨਾ ਸਜੀਵ ਭਵਿੱਖ-ਸੂਚਕ ਵਰਣਨ! ਅੱਜ ਵੀ, ਯਹੋਵਾਹ ਦੀ ਟਿੱਡੀਆਂ ਦੀ ਫ਼ੌਜ ਲਗਾਤਾਰ ਅੱਗੇ ਵੱਧ ਰਹੀ ਹੈ। ਵਿਰੋਧ ਦੀ ਕੋਈ ਵੀ ‘ਕੰਧ’ ਉਨ੍ਹਾਂ ਨੂੰ ਰੋਕਦੀ ਨਹੀਂ। ਉਹ ਪਰਮੇਸ਼ੁਰ ਪ੍ਰਤੀ ਆਪਣੀ ਖਰਿਆਈ ਦਾ ਸਮਝੌਤਾ ਨਹੀਂ ਕਰਦੇ ਪਰੰਤੂ ਮਰਨ ਲਈ ਤਿਆਰ ਹਨ, ਜਿਵੇਂ ਕਿ ਹਜ਼ਾਰਾਂ ਗਵਾਹ ਤਿਆਰ ਸਨ ਜੋ ਜਰਮਨੀ ਦੇ ਨਾਜ਼ੀ ਰਾਜ ਦੌਰਾਨ ਹੇਲ ਹਿਟਲਰ ਕਹਿਣ ਤੋਂ ਇਨਕਾਰ ਕਰਨ ਕਰਕੇ ‘ਸ਼ਸਤਰਾਂ ਦੇ ਵਿਚਕਾਰ ਡਿੱਗ ਪਏ।’
19 ਪਰਮੇਸ਼ੁਰ ਦੀ ਆਧੁਨਿਕ ਦਿਨ ਦੀ ਟਿੱਡੀਆਂ ਦੀ ਫ਼ੌਜ ਨੇ ਈਸਾਈ-ਜਗਤ ਦੇ “ਸ਼ਹਿਰ” ਵਿਚ ਮੁਕੰਮਲ ਗਵਾਹੀ ਦਿੱਤੀ ਹੈ। (ਯੋਏਲ 2:9) ਉਨ੍ਹਾਂ ਨੇ ਇਸ ਤਰ੍ਹਾਂ ਪੂਰੇ ਸੰਸਾਰ ਵਿਚ ਕੀਤਾ ਹੈ। ਜਿਉਂ-ਜਿਉਂ ਉਹ ਯਹੋਵਾਹ ਦੇ ਸੰਦੇਸ਼ ਦਾ ਐਲਾਨ ਕਰਦੇ ਹਨ ਉਹ ਅਜੇ ਵੀ ਸਾਰੀਆਂ ਔਕੜਾਂ ਪਾਰ ਕਰ ਰਹੇ ਹਨ, ਕਰੋੜਾਂ ਘਰਾਂ ਵਿਚ ਜਾ ਰਹੇ ਹਨ, ਸੜਕਾਂ ਤੇ ਲੋਕਾਂ ਨੂੰ ਗਵਾਹੀ ਦੇ ਰਹੇ ਹਨ, ਫ਼ੋਨ ਉੱਤੇ ਉਨ੍ਹਾਂ ਨਾਲ ਗੱਲ ਕਰ ਰਹੇ ਹਨ, ਅਤੇ ਉਨ੍ਹਾਂ ਨੂੰ ਹਰ ਸੰਭਵ ਤਰੀਕੇ ਨਾਲ ਮਿਲ ਰਹੇ ਹਨ। ਸੱਚ-ਮੁੱਚ, ਉਨ੍ਹਾਂ ਨੇ ਅਰਬਾਂ ਹੀ ਬਾਈਬਲ ਪ੍ਰਕਾਸ਼ਨਾਂ ਨੂੰ ਵੰਡਿਆ ਹੈ ਅਤੇ ਆਪਣੀ ਨਿਰੰਤਰ ਸੇਵਕਾਈ ਵਿਚ ਹੋਰ ਬਹੁਤ ਸਾਰੇ ਪ੍ਰਕਾਸ਼ਨ ਵੰਡਣਗੇ, ਭਾਵੇਂ ਜਨਤਕ ਸੇਵਕਾਈ ਵਿਚ ਜਾਂ ਘਰ-ਘਰ।—ਰਸੂਲਾਂ ਦੇ ਕਰਤੱਬ 20:20, 21.
20. ਆਧੁਨਿਕ ਦਿਨ ਦੀਆਂ ਟਿੱਡੀਆਂ ਨੂੰ ਕੌਣ ਸਮਰਥਨ ਦੇ ਰਿਹਾ ਹੈ, ਅਤੇ ਇਸ ਦੇ ਕੀ ਨਤੀਜੇ ਨਿਕਲੇ ਹਨ?
20 ਯੋਏਲ 2:10 ਦਿਖਾਉਂਦਾ ਹੈ ਕਿ ਟਿੱਡੀਆਂ ਦਾ ਇਕ ਬਹੁਤ ਵੱਡਾ ਝੁੰਡ ਬੱਦਲ ਵਾਂਗ ਹੈ ਜੋ ਸੂਰਜ, ਚੰਨ, ਅਤੇ ਤਾਰਿਆਂ ਨੂੰ ਢੱਕ ਸਕਦਾ ਹੈ। (ਤੁਲਨਾ ਕਰੋ ਯਸਾਯਾਹ 60:8.) ਕੀ ਇਸ ਵਿਚ ਕੋਈ ਸ਼ੱਕ ਹੈ ਕਿ ਇਸ ਫ਼ੌਜ ਦੇ ਪਿੱਛੇ ਕਿਸ ਦਾ ਹੱਥ ਹੈ? ਟਿੱਡੀਆਂ ਦੀ ਗਰਜ ਨਾਲੋਂ ਉੱਚੀ ਆਵਾਜ਼ ਵਿਚ, ਅਸੀਂ ਯੋਏਲ 2:11 ਦੇ ਇਹ ਸ਼ਬਦ ਸੁਣਦੇ ਹਾਂ: “ਯਹੋਵਾਹ ਆਪਣੀ ਅਵਾਜ਼ ਆਪਣੀ ਫੌਜ ਦੇ ਸਾਹਮਣੇ ਕੱਢਦਾ ਹੈ, ਕਿਉਂ ਜੋ ਉਹ ਦੀ ਛੌਣੀ ਬਹੁਤ ਹੀ ਵੱਡੀ ਹੈ, ਜੋ ਉਹ ਦਾ ਆਖਾ ਪੂਰਾ ਕਰਦਾ ਹੈ ਉਹ ਬਲਵਾਨ ਹੈ, ਯਹੋਵਾਹ ਦਾ ਦਿਨ ਮਹਾਨ ਅਤੇ ਭਿਆਣਕ ਹੈ! ਕੌਣ ਉਸ ਨੂੰ ਸਹਿ ਸੱਕਦਾ ਹੈ?” ਜੀ ਹਾਂ, ਯਹੋਵਾਹ ਪਰਮੇਸ਼ੁਰ ਹੁਣ—ਆਪਣੇ ਮਹਾਨ ਦਿਨ ਤੋਂ ਪਹਿਲਾਂ—ਟਿੱਡੀਆਂ ਦੀ ਆਪਣੀ ਫ਼ੌਜ ਨੂੰ ਘੱਲ ਰਿਹਾ ਹੈ।
‘ਯਹੋਵਾਹ ਮੱਠਾ ਨਹੀਂ ਹੈ’
21. ਕੀ ਨਤੀਜਾ ਨਿਕਲੇਗਾ ਜਦੋਂ ‘ਯਹੋਵਾਹ ਦਾ ਦਿਨ ਚੋਰ ਵਾਂਙੁ ਆਵੇਗਾ’?
21 ਯੋਏਲ ਦੀ ਤਰ੍ਹਾਂ, ਰਸੂਲ ਪਤਰਸ ਨੇ ਵੀ ਯਹੋਵਾਹ ਦੇ ਮਹਾਨ ਦਿਨ ਬਾਰੇ ਜ਼ਿਕਰ ਕੀਤਾ। ਉਸ ਨੇ ਲਿਖਿਆ: “[ਯਹੋਵਾਹ] ਦਾ ਦਿਨ ਚੋਰ ਵਾਂਙੁ ਆਵੇਗਾ ਜਿਹ ਦੇ ਵਿੱਚ ਅਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ।” (2 ਪਤਰਸ 3:10) ਸ਼ਤਾਨ ਅਰਥਾਤ ਇਬਲੀਸ ਦੇ ਪ੍ਰਭਾਵ ਅਧੀਨ, ਦੁਸ਼ਟ ਸਰਕਾਰੀ “ਅਕਾਸ਼,” “ਧਰਤੀ” ਉੱਤੇ, ਯਾਨੀ ਕਿ ਪਰਮੇਸ਼ੁਰ ਤੋਂ ਦੂਰ ਹੋਈ ਮਨੁੱਖਜਾਤੀ ਉੱਤੇ ਸ਼ਾਸਨ ਕਰਦਾ ਹੈ। (ਅਫ਼ਸੀਆਂ 6:12; 1 ਯੂਹੰਨਾ 5:19) ਇਹ ਪ੍ਰਤੀਕਾਤਮਕ ਆਕਾਸ਼ ਅਤੇ ਧਰਤੀ ਯਹੋਵਾਹ ਦੇ ਮਹਾਨ ਦਿਨ ਦੌਰਾਨ ਈਸ਼ਵਰੀ ਕ੍ਰੋਧ ਦੀ ਤਪਸ਼ ਵਿੱਚੋਂ ਬਚਣਗੇ ਨਹੀਂ। ਇਸ ਦੀ ਬਜਾਇ, ਉਨ੍ਹਾਂ ਦੀ ਜਗ੍ਹਾ ਤੇ ‘ਉਹ ਦੇ ਬਚਨ ਦੇ ਅਨੁਸਾਰ ਨਵਾਂ ਅਕਾਸ਼ ਅਤੇ ਨਵੀਂ ਧਰਤੀ’ ਹੋਣਗੇ “ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।”—2 ਪਤਰਸ 3:13.
22, 23. (ੳ) ਸਾਨੂੰ ਯਹੋਵਾਹ ਦੇ ਦਿਖਾਏ ਗਏ ਦਇਆ ਭਰੇ ਧੀਰਜ ਨੂੰ ਦੇਖ ਕਿ ਕੀ ਕਰਨਾ ਚਾਹੀਦਾ ਹੈ? (ਅ) ਸਾਨੂੰ ਯਹੋਵਾਹ ਦੇ ਦਿਨ ਦੀ ਨੇੜਤਾ ਬਾਰੇ ਜਾਣ ਕੇ ਕੀ ਕਰਨਾ ਚਾਹੀਦਾ?
22 ਵਰਤਮਾਨ ਸਮੇਂ ਵਿਚ ਇੰਨੀਆਂ ਪਰੇਸ਼ਾਨੀਆਂ ਅਤੇ ਨਿਹਚਾ ਦੀਆਂ ਅਜ਼ਮਾਇਸ਼ਾਂ ਹੋਣ ਕਰਕੇ, ਅਸੀਂ ਆਪਣੇ ਸਮੇਂ ਦੀ ਮਹੱਤਤਾ ਨੂੰ ਅੱਖੋਂ ਓਹਲੇ ਕਰ ਸਕਦੇ ਹਾਂ। ਪਰੰਤੂ, ਜਿਉਂ-ਜਿਉਂ ਪ੍ਰਤੀਕਾਤਮਕ ਟਿੱਡੀਆਂ ਅੱਗੇ ਵਧਦੀਆਂ ਜਾਂਦੀਆਂ ਹਨ, ਬਹੁਤ ਸਾਰੇ ਲੋਕ ਰਾਜ ਸੰਦੇਸ਼ ਪ੍ਰਤੀ ਕਦਮ ਚੁੱਕ ਰਹੇ ਹਨ। ਭਾਵੇਂ ਪਰਮੇਸ਼ੁਰ ਨੇ ਇਸ ਲਈ ਸਮਾਂ ਦਿੱਤਾ ਹੈ, ਸਾਨੂੰ ਉਸ ਦੇ ਧੀਰਜ ਨੂੰ ਮੱਠਾਪਣ ਨਹੀਂ ਸਮਝਣਾ ਚਾਹੀਦਾ। “[ਯਹੋਵਾਹ] ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।”—2 ਪਤਰਸ 3:9.
23 ਯਹੋਵਾਹ ਦੇ ਮਹਾਨ ਦਿਨ ਨੂੰ ਉਡੀਕਦੇ ਹੋਏ, ਆਓ ਅਸੀਂ 2 ਪਤਰਸ 3:11, 12 ਵਿਚ ਦਰਜ ਪਤਰਸ ਦੇ ਸ਼ਬਦਾਂ ਨੂੰ ਦਿਲ ਵਿਚ ਬਿਠਾਈਏ: “ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ ਜਿਹ ਦੇ ਕਾਰਨ ਅਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੱਘਰ ਜਾਣਗੀਆਂ।” ਨਿਰਸੰਦੇਹ ਇਸ ਚਲਣ ਅਤੇ ਭਗਤੀ ਵਿਚ ਇਹ ਸ਼ਾਮਲ ਹੈ ਕਿ ਅਸੀਂ ਅੰਤ ਆਉਣ ਤੋਂ ਪਹਿਲਾਂ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਲਗਾਤਾਰ ਅਤੇ ਅਰਥਪੂਰਣ ਭਾਗ ਲੈਣ ਦੁਆਰਾ ਯਹੋਵਾਹ ਦੀ ਟਿੱਡੀਆਂ ਦੀ ਫ਼ੌਜ ਦੇ ਨਾਲ-ਨਾਲ ਚੱਲਦੇ ਰਹੀਏ।—ਮਰਕੁਸ 13:10.
24, 25. (ੳ) ਤੁਸੀਂ ਯਹੋਵਾਹ ਦੀ ਟਿੱਡੀਆਂ ਦੀ ਫ਼ੌਜ ਦੇ ਕੰਮ ਵਿਚ ਹਿੱਸਾ ਲੈਣ ਦੇ ਵਿਸ਼ੇਸ਼-ਸਨਮਾਨ ਪ੍ਰਤੀ ਕਿਹੜੇ ਕਦਮ ਚੁੱਕਦੇ ਹੋ? (ਅ) ਯੋਏਲ ਕਿਹੜਾ ਅਰਥਪੂਰਣ ਸਵਾਲ ਪੁੱਛਦਾ ਹੈ?
24 ਪਰਮੇਸ਼ੁਰ ਦੀ ਟਿੱਡੀਆਂ ਦੀ ਫ਼ੌਜ ਆਪਣਾ ਕੰਮ ਤਦ ਤਕ ਨਹੀਂ ਰੋਕੇਗੀ ਜਦ ਤਕ ਯਹੋਵਾਹ ਦਾ ਮਹਾਨ ਅਤੇ ਭੈ-ਦਾਇਕ ਦਿਨ ਸ਼ੁਰੂ ਨਹੀਂ ਹੋ ਜਾਂਦਾ। ਨਾ ਰੁਕਣ ਵਾਲੀ ਇਸ ਟਿੱਡੀਆਂ ਦੀ ਫ਼ੌਜ ਦੀ ਹੋਂਦ ਖ਼ੁਦ ਇਕ ਜ਼ਬਰਦਸਤ ਸਬੂਤ ਹੈ ਕਿ ਯਹੋਵਾਹ ਦਾ ਦਿਨ ਨੇੜੇ ਹੈ। ਕੀ ਤੁਸੀਂ ਯਹੋਵਾਹ ਦੇ ਮਹਾਨ ਅਤੇ ਭੈ-ਦਾਇਕ ਦਿਨ ਦੇ ਆਉਣ ਤੋਂ ਪਹਿਲਾਂ ਇਸ ਆਖ਼ਰੀ ਹਮਲੇ ਵਿਚ ਪਰਮੇਸ਼ੁਰ ਦੀਆਂ ਮਸਹ ਕੀਤੀਆਂ ਹੋਈਆਂ ਟਿੱਡੀਆਂ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸੇਵਾ ਕਰ ਕੇ ਖ਼ੁਸ਼ ਨਹੀਂ ਹੁੰਦੇ ਹੋ?
25 ਯਹੋਵਾਹ ਦਾ ਦਿਨ ਕਿੰਨਾ ਮਹਾਨ ਹੋਵੇਗਾ! ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਹ ਸਵਾਲ ਪੁੱਛਿਆ ਜਾਂਦਾ ਹੈ: “ਕੌਣ ਉਸ ਨੂੰ ਸਹਿ ਸੱਕਦਾ ਹੈ?” (ਯੋਏਲ 2:11) ਇਸ ਸਵਾਲ ਉੱਤੇ ਅਤੇ ਬਹੁਤ ਸਾਰੇ ਦੂਸਰੇ ਸਵਾਲਾਂ ਉੱਤੇ ਅਗਲੇ ਦੋ ਲੇਖਾਂ ਵਿਚ ਵਿਚਾਰ ਕੀਤਾ ਜਾਵੇਗਾ।
ਕੀ ਤੁਸੀਂ ਸਮਝਾ ਸਕਦੇ ਹੋ?
◻ ਯਹੋਵਾਹ ਨੇ ਯਹੂਦਾਹ ਉੱਤੇ ਕੀਟ-ਪਤੰਗਿਆਂ ਦੀ ਆਫ਼ਤ ਦੀ ਚੇਤਾਵਨੀ ਕਿਉਂ ਦਿੱਤੀ ਸੀ?
◻ ਯੋਏਲ ਦੀ ਭਵਿੱਖਬਾਣੀ ਦੀ ਆਧੁਨਿਕ ਦਿਨ ਦੀ ਪੂਰਤੀ ਵਿਚ, ਯਹੋਵਾਹ ਦੀਆਂ ਟਿੱਡੀਆਂ ਕੌਣ ਹਨ?
◻ ਈਸਾਈ-ਜਗਤ ਦੇ ਆਗੂ ਟਿੱਡੀਆਂ ਦੀ ਆਫ਼ਤ ਪ੍ਰਤੀ ਕਿਹੜੇ ਕਦਮ ਚੁੱਕਦੇ ਹਨ, ਅਤੇ ਇਸ ਦੇ ਸਿੱਟਿਆਂ ਤੋਂ ਕੁਝ ਲੋਕ ਕਿਵੇਂ ਬਚ ਸਕਦੇ ਹਨ?
◻ ਟਿੱਡੀਆਂ ਦੀ ਆਫ਼ਤ 20ਵੀਂ ਸਦੀ ਦੌਰਾਨ ਕਿੰਨੀ ਵਿਆਪਕ ਰਹੀ ਹੈ, ਅਤੇ ਇਹ ਕਦੋਂ ਤਕ ਜਾਰੀ ਰਹੇਗੀ?
[ਸਫ਼ੇ 8 ਉੱਤੇ ਤਸਵੀਰ]
ਕੀਟ-ਪਤੰਗਿਆਂ ਦੀ ਆਫ਼ਤ ਇਕ ਹੋਰ ਬੁਰੀ ਘਟਨਾ ਦੀ ਅਗਾਊਂ-ਸੂਚਨਾ ਸੀ
[ਕ੍ਰੈਡਿਟ ਲਾਈਨ]
ਸੁੱਕਾ ਦਰਖ਼ਤ: FAO photo/G. Singh
[ਸਫ਼ੇ 9 ਉੱਤੇ ਤਸਵੀਰ]
ਆਧੁਨਿਕ ਦਿਨ ਦੀ ਟਿੱਡੀਆਂ ਦੀ ਆਫ਼ਤ ਦੇ ਪਿੱਛੇ ਯਹੋਵਾਹ ਦਾ ਹੱਥ ਹੈ
[ਸਫ਼ੇ 7 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਟਿੱਡੀਆਂ: FAO photo/G. Tortoli; ਟਿੱਡੀ ਦਲ: FAO photo/Desert Locust Survey