‘ਯਹੋਵਾਹ ਦੇ ਦਿਨ’ ਵਿੱਚੋਂ ਬਚ ਨਿਕਲਣਾ
“ਯਹੋਵਾਹ ਦਾ ਦਿਨ ਮਹਾਨ ਅਤੇ ਭਿਆਣਕ ਹੈ! ਕੌਣ ਉਸ ਨੂੰ ਸਹਿ ਸੱਕਦਾ ਹੈ?”—ਯੋਏਲ 2:11.
1. ‘ਯਹੋਵਾਹ ਦਾ ਭਿਆਣਕ ਦਿਨ’ ਖ਼ੁਸ਼ੀ ਦਾ ਇਕ ਮੌਕਾ ਕਿਉਂ ਹੋਣਾ ਚਾਹੀਦਾ ਹੈ?
“ਭਿਆਣਕ”! ਇਸ ਤਰ੍ਹਾਂ ਪਰਮੇਸ਼ੁਰ ਦਾ ਨਬੀ ਯੋਏਲ ‘ਯਹੋਵਾਹ ਦੇ ਮਹਾਨ ਦਿਨ’ ਦਾ ਵਰਣਨ ਕਰਦਾ ਹੈ। ਪਰ, ਅਸੀਂ ਜੋ ਯਹੋਵਾਹ ਨੂੰ ਪ੍ਰੇਮ ਕਰਦੇ ਹਾਂ ਅਤੇ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਉੱਤੇ ਆਪਣੇ ਆਪ ਨੂੰ ਸਮਰਪਣ ਕਰਨ ਦੁਆਰਾ ਉਸ ਕੋਲ ਆਏ ਹਾਂ, ਸਾਨੂੰ ਡਰ ਨਾਲ ਕੰਬਣ ਦੀ ਲੋੜ ਨਹੀਂ ਹੈ, ਜਿਉਂ-ਜਿਉਂ ਯਹੋਵਾਹ ਦਾ ਦਿਨ ਨੇੜੇ ਆਉਂਦਾ ਹੈ। ਵਾਕਈ ਹੀ, ਇਹ ਇਕ ਡਰਾਉਣਾ ਦਿਨ ਹੋਵੇਗਾ, ਲੇਕਿਨ ਇਹ ਸ਼ਾਨਦਾਰ ਮੁਕਤੀ ਦਾ ਵੀ ਦਿਨ ਹੋਵੇਗਾ, ਅਰਥਾਤ ਹਜ਼ਾਰਾਂ ਸਾਲਾਂ ਤੋਂ ਮਨੁੱਖਜਾਤੀ ਨੂੰ ਕਸ਼ਟ ਦੇਣ ਵਾਲੀ ਦੁਸ਼ਟ ਰੀਤੀ-ਵਿਵਸਥਾ ਤੋਂ ਛੁਟਕਾਰੇ ਦਾ ਦਿਨ। ਉਸ ਦਿਨ ਦੀ ਸੰਭਾਵਨਾ ਵਿਚ, ਯੋਏਲ ਪਰਮੇਸ਼ੁਰ ਦੀ ਪਰਜਾ ਨੂੰ ‘ਖੁਸ਼ੀ ਮਨਾਉਣ ਤੇ ਅਨੰਦ ਹੋਣ,’ ਲਈ ਕਹਿੰਦਾ ਹੈ, “ਕਿਉਂ ਜੋ ਯਹੋਵਾਹ ਨੇ ਵੱਡੇ ਕੰਮ ਕੀਤੇ” ਹਨ, ਅਤੇ ਉਹ ਅੱਗੇ ਇਹ ਯਕੀਨ ਵੀ ਦਿਵਾਉਂਦਾ ਹੈ: “ਐਉਂ ਹੋਵੇਗਾ ਕਿ ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ।” ਫਿਰ ਪਰਮੇਸ਼ੁਰ ਦੇ ਰਾਜ ਦੇ ਇੰਤਜ਼ਾਮ ਵਿਚ, “ਬਚੇ ਹੋਏ ਹੋਣਗੇ, ਜਿਵੇਂ ਯਹੋਵਾਹ ਨੇ ਆਖਿਆ, ਅਤੇ ਬਕੀਏ ਵਿੱਚ ਓਹ ਹੋਣਗੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ।”—ਯੋਏਲ 2:11, 21, 22, 32.
2. ਪਰਮੇਸ਼ੁਰ ਦੇ ਮਕਸਦਾਂ ਦੀ ਪੂਰਤੀ ਵਿਚ, (ੳ) “ਪ੍ਰਭੁ ਦੇ ਦਿਨ” ਤੇ ਕੀ ਵਾਪਰਦਾ ਹੈ? (ਅ) ‘ਯਹੋਵਾਹ ਦੇ ਦਿਨ’ ਤੇ ਕੀ ਵਾਪਰਦਾ ਹੈ?
2 ਯਹੋਵਾਹ ਦੇ ਭਿਆਨਕ ਦਿਨ ਨੂੰ ਪਰਕਾਸ਼ ਦੀ ਪੋਥੀ 1:10 ਵਿਚ ਦੱਸਿਆ ਗਿਆ ‘ਪ੍ਰਭੁ ਦਾ ਦਿਨ’ ਨਹੀਂ ਸਮਝਣਾ ਚਾਹੀਦਾ ਹੈ। ਪ੍ਰਭੂ ਦੇ ਦਿਨ ਵਿਚ ਪਰਕਾਸ਼ ਦੀ ਪੋਥੀ ਅਧਿਆਇ 1 ਤੋਂ 22 ਵਿਚ ਵਰਣਿਤ 16 ਦਰਸ਼ਣਾਂ ਦੀ ਪੂਰਤੀ ਸ਼ਾਮਲ ਹੈ। ਉਸ ਵਿਚ ਉਨ੍ਹਾਂ ਸਾਰੀਆਂ ਘਟਨਾਵਾਂ ਦੀ ਪੂਰਤੀ ਦਾ ਸਮਾਂ ਸ਼ਾਮਲ ਹੈ ਜੋ ਯਿਸੂ ਨੇ ਆਪਣੇ ਚੇਲਿਆਂ ਦੇ ਇਸ ਸਵਾਲ ਦੇ ਜਵਾਬ ਵਿਚ ਪਹਿਲਾਂ ਦੱਸੀਆਂ ਸਨ: “ਇਹ ਗੱਲਾਂ ਕਦੋਂ ਹੋਣਗੀਆਂ, ਅਤੇ ਤੇਰੀ ਮੌਜੂਦਗੀ ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?” ਯਿਸੂ ਦੀ ਸਵਰਗੀ ਮੌਜੂਦਗੀ ਧਰਤੀ ਉੱਤੇ ਭਿਆਨਕ ‘ਲੜਾਈਆਂ, ਕਾਲ, ਵੈਰ, ਮਰੀਆਂ, ਅਤੇ ਕੁਧਰਮ’ ਨਾਲ ਚਿੰਨ੍ਹਿਤ ਹੋਈ ਹੈ। ਜਿਉਂ-ਜਿਉਂ ਇਹ ਦੁੱਖ ਵਧੇ ਹਨ, ਯਿਸੂ ਨੇ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਨੁੱਖਾਂ ਨੂੰ ਦਿਲਾਸਾ ਦੇਣ ਲਈ ਆਪਣੇ ਆਧੁਨਿਕ ਦਿਨ ਦੇ ਚੇਲਿਆਂ ਨੂੰ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ” ਕਰਨ ਲਈ ਭੇਜਿਆ ਹੈ, “ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।” ਫਿਰ, ਪ੍ਰਭੂ ਦੇ ਦਿਨ ਦੇ ਸਿਖਰ ਵਜੋਂ, ਇਸ ਵਰਤਮਾਨ ਰੀਤੀ-ਵਿਵਸਥਾ ਦਾ “ਅੰਤ,” ਅਥਵਾ ਯਹੋਵਾਹ ਦਾ ਭਿਆਨਕ ਦਿਨ, ਆਰੰਭ ਹੋਵੇਗਾ। (ਮੱਤੀ 24:3, ਨਿ ਵ, 4-14; ਲੂਕਾ 21:11) ਇਹ ਸ਼ਤਾਨ ਦੇ ਭ੍ਰਿਸ਼ਟ ਸੰਸਾਰ ਉੱਤੇ ਤੇਜ਼ੀ ਨਾਲ ਨਿਆਉਂ ਪੂਰਾ ਕਰਨ ਲਈ ਯਹੋਵਾਹ ਦਾ ਦਿਨ ਹੋਵੇਗਾ। “ਅਕਾਸ਼ ਅਰ ਧਰਤੀ ਕੰਬਣਗੇ, ਪਰ ਯਹੋਵਾਹ ਆਪਣੀ ਪਰਜਾ ਲਈ ਓਟ . . . ਹੋਵੇਗਾ।”—ਯੋਏਲ 3:16.
ਨੂਹ ਦੇ ਦਿਨਾਂ ਵਿਚ ਯਹੋਵਾਹ ਕਾਰਵਾਈ ਕਰਦਾ ਹੈ
3. ਅੱਜ ਦੇ ਹਾਲਾਤ ਨੂਹ ਦੇ ਦਿਨਾਂ ਦੇ ਹਾਲਾਤ ਸਮਾਨ ਕਿਵੇਂ ਹਨ?
3 ਅੱਜ ਸੰਸਾਰ ਦੇ ਹਾਲਾਤ, 4,000 ਤੋਂ ਜ਼ਿਆਦਾ ਸਾਲ ਪਹਿਲਾਂ “ਨੂਹ ਦੇ ਦਿਨਾਂ” ਦੇ ਹਾਲਾਤ ਸਮਾਨ ਹਨ। (ਲੂਕਾ 17:26, 27) ਉਤਪਤ 6:5 ਵਿਚ, ਅਸੀਂ ਪੜ੍ਹਦੇ ਹਾਂ: “ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵੱਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।” ਇਹ ਕਿੰਨਾ ਵਰਤਮਾਨ ਸਮੇਂ ਦੇ ਸੰਸਾਰ ਵਰਗਾ ਹੈ! ਦੁਸ਼ਟਤਾ, ਲੋਭ, ਅਤੇ ਨਿਰਮੋਹ ਚਾਰੇ ਪਾਸੇ ਪਾਏ ਜਾਂਦੇ ਹਨ। ਕਦੇ-ਕਦਾਈਂ ਅਸੀਂ ਸ਼ਾਇਦ ਇਹ ਸੋਚੀਏ ਕਿ ਮਨੁੱਖਜਾਤੀ ਦੀ ਭ੍ਰਿਸ਼ਟਤਾ ਅੰਤਿਮ ਹੱਦ ਤਕ ਪਹੁੰਚ ਗਈ ਹੈ। ਲੇਕਿਨ “ਅੰਤ ਦਿਆਂ ਦਿਨਾਂ” ਬਾਰੇ ਪੌਲੁਸ ਰਸੂਲ ਦੀ ਭਵਿੱਖਬਾਣੀ ਦੀ ਪੂਰਤੀ ਜਾਰੀ ਰਹਿੰਦੀ ਹੈ: “ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।”—2 ਤਿਮੋਥਿਉਸ 3:1, 13.
4. ਮੁਢਲੇ ਸਮਿਆਂ ਵਿਚ ਝੂਠੀ ਉਪਾਸਨਾ ਦਾ ਕੀ ਅਸਰ ਪਿਆ ਸੀ?
4 ਕੀ ਨੂਹ ਦੇ ਸਮੇਂ ਵਿਚ ਧਰਮ ਮਨੁੱਖਜਾਤੀ ਲਈ ਰਾਹਤ ਲਿਆ ਸਕਦਾ ਸੀ? ਇਸ ਦੇ ਉਲਟ, ਅਜਿਹਾ ਪਤਿਤ ਧਰਮ, ਜੋ ਉਸ ਸਮੇਂ ਮੌਜੂਦ ਸੀ, ਵਿਗੜੇ ਹਾਲਾਤ ਨੂੰ ਹੋਰ ਵਿਗਾੜ ਦਿੰਦਾ। ਸਾਡੇ ਪਹਿਲੇ ਮਾਪੇ ‘ਉਸ ਪੁਰਾਣੇ ਸੱਪ’ ਦੀ ਝੂਠੀ ਸਿੱਖਿਆ ਅੱਗੇ ਝੁਕ ਗਏ “ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ।” ਆਦਮ ਤੋਂ ਦੂਜੀ ਪੀੜ੍ਹੀ ਵਿਚ, “ਲੋਕ ਯਹੋਵਾਹ ਦਾ ਨਾਮ ਲੈਣ ਲੱਗੇ,” ਜ਼ਾਹਰਾ ਤੌਰ ਤੇ ਕੁਫ਼ਰੀ ਢੰਗ ਨਾਲ। (ਪਰਕਾਸ਼ ਦੀ ਪੋਥੀ 12:9; ਉਤਪਤ 3:3-6; 4:26) ਬਾਅਦ ਵਿਚ, ਪਰਮੇਸ਼ੁਰ ਦੀ ਅਣਵੰਡੀ ਭਗਤੀ ਛੱਡ ਦੇਣ ਵਾਲੇ ਉਨ੍ਹਾਂ ਬਾਗ਼ੀ ਦੂਤਾਂ ਨੇ ਮਾਨਵ ਸਰੀਰ ਧਾਰ ਲਏ ਤਾਂਕਿ ਉਹ ਮਨੁੱਖਾਂ ਦੀਆਂ ਸੋਹਣੀਆਂ ਧੀਆਂ ਦੇ ਨਾਲ ਨਾਜਾਇਜ਼ ਲਿੰਗੀ ਸੰਬੰਧ ਰੱਖ ਸਕਣ। ਇਨ੍ਹਾਂ ਔਰਤਾਂ ਨੇ ਨੈਫ਼ਲਿਮ ਨਾਮਕ ਦੁਜਾਤੀ ਦੈਂਤਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਮਨੁੱਖਜਾਤੀ ਉੱਤੇ ਦਮਨ ਕੀਤਾ ਅਤੇ ਉਸ ਨੂੰ ਦਬਕਾਇਆ। ਇਸ ਪਿਸ਼ਾਚੀ ਪ੍ਰਭਾਵ ਦੇ ਅਧੀਨ, “ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ।”—ਉਤਪਤ 6:1-12.
5. ਨੂਹ ਦੇ ਦਿਨਾਂ ਦੀਆਂ ਘਟਨਾਵਾਂ ਦੇ ਸੰਬੰਧ ਵਿਚ, ਯਿਸੂ ਸਾਨੂੰ ਕਿਹੜੀ ਚੇਤਾਵਨੀ-ਸੂਚਕ ਤਾਕੀਦ ਕਰਦਾ ਹੈ?
5 ਫਿਰ ਵੀ, ਇਕ ਪਰਿਵਾਰ ਨੇ ਯਹੋਵਾਹ ਦੇ ਪ੍ਰਤੀ ਖਰਿਆਈ ਕਾਇਮ ਰੱਖੀ। ਇਸ ਲਈ, ਪਰਮੇਸ਼ੁਰ ਨੇ “ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ ਤਾਂ ਨੂਹ ਨੂੰ ਜਿਹੜਾ ਧਰਮ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਸਣੇ ਬਚਾ ਲਿਆ।” (2 ਪਤਰਸ 2:5) ਉਹ ਜਲ-ਪਰਲੋ ਯਹੋਵਾਹ ਦੇ ਭਿਆਨਕ ਦਿਨ ਦਾ ਪੂਰਵ-ਪਰਛਾਵਾਂ ਸੀ, ਜੋ ਇਸ ਰੀਤੀ-ਵਿਵਸਥਾ ਦੇ ਅੰਤ ਨੂੰ ਸੰਕੇਤ ਕਰਦਾ ਹੈ ਅਤੇ ਜਿਸ ਬਾਰੇ ਯਿਸੂ ਨੇ ਭਵਿੱਖਬਾਣੀ ਕੀਤੀ ਸੀ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ। ਪਰ ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ [“ਦੀ ਮੌਜੂਦਗੀ,” ਨਿ ਵ] ਉਸੇ ਤਰਾਂ ਹੋਵੇਗਾ। ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ [“ਦੀ ਮੌਜੂਦਗੀ,” ਨਿ ਵ] ਹੋਵੇਗਾ।” (ਮੱਤੀ 24:36-39) ਅੱਜ ਅਸੀਂ ਵੀ ਇਕ ਸਮਾਨ ਸਥਿਤੀ ਵਿਚ ਹਾਂ, ਇਸ ਲਈ ਯਿਸੂ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ‘ਖਬਰਦਾਰ ਰਹੀਏ, ਅਤੇ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੀਏ ਭਈ ਅਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੀਏ।’—ਲੂਕਾ 21:34-36.
ਸਦੂਮ ਅਤੇ ਅਮੂਰਾਹ ਉੱਤੇ ਯਹੋਵਾਹ ਦੀ ਨਿਆਇਕ ਸਜ਼ਾ
6, 7. (ੳ) ਲੂਤ ਦੇ ਸਮੇਂ ਦੀਆਂ ਘਟਨਾਵਾਂ ਕਿਹੜੀਆਂ ਘਟਨਾਵਾਂ ਦਾ ਪੂਰਵ-ਪਰਛਾਵਾਂ ਹਨ? (ਅ) ਇਹ ਸਾਨੂੰ ਕਿਹੜੀ ਸਾਫ਼ ਚੇਤਾਵਨੀ ਦਿੰਦਾ ਹੈ?
6 ਜਲ-ਪਰਲੋ ਤੋਂ ਕਈ ਸੈਂਕੜੇ ਸਾਲਾਂ ਬਾਅਦ, ਜਦੋਂ ਨੂਹ ਦੀ ਸੰਤਾਨ ਧਰਤੀ ਉੱਤੇ ਵੱਧ ਚੁੱਕੀ ਸੀ, ਵਫ਼ਾਦਾਰ ਅਬਰਾਹਾਮ ਅਤੇ ਉਸ ਦਾ ਭਤੀਜਾ ਲੂਤ ਯਹੋਵਾਹ ਦੇ ਇਕ ਹੋਰ ਭਿਆਨਕ ਦਿਨ ਦੇ ਚਸ਼ਮਦੀਦ ਗਵਾਹ ਬਣੇ। ਲੂਤ ਅਤੇ ਉਸ ਦਾ ਪਰਿਵਾਰ ਸਦੂਮ ਸ਼ਹਿਰ ਵਿਚ ਰਹਿੰਦੇ ਸਨ। ਇਹ ਸ਼ਹਿਰ ਗੁਆਂਢੀ ਸ਼ਹਿਰ ਅਮੂਰਾਹ ਦੇ ਸੰਗ, ਘਿਣਾਉਣੀ ਲਿੰਗੀ ਅਨੈਤਿਕਤਾ ਵਿਚ ਪੈ ਚੁੱਕਾ ਸੀ। ਭੌਤਿਕਵਾਦ ਵੀ ਬਹੁਤ ਪ੍ਰਚਲਿਤ ਸੀ, ਜਿਸ ਨੇ ਅਖ਼ੀਰ ਵਿਚ ਲੂਤ ਦੀ ਪਤਨੀ ਨੂੰ ਵੀ ਪ੍ਰਭਾਵਿਤ ਕੀਤਾ। ਯਹੋਵਾਹ ਨੇ ਅਬਰਾਹਾਮ ਨੂੰ ਦੱਸਿਆ ਸੀ: “ਸਦੂਮ ਅਰ ਅਮੂਰਾਹ ਦਾ ਰੌਲਾ ਬਹੁਤ ਵਧ ਗਿਆ ਹੈ ਅਰ ਉਨ੍ਹਾਂ ਦਾ ਪਾਪ ਵੀ ਬਹੁਤ ਭਾਰੀ ਹੈ।” (ਉਤਪਤ 18:20) ਅਬਰਾਹਾਮ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਸ਼ਹਿਰਾਂ ਦੇ ਧਰਮੀ ਲੋਕਾਂ ਦੀ ਖ਼ਾਤਰ ਉਨ੍ਹਾਂ ਨੂੰ ਛੱਡ ਦੇਵੇ, ਪਰ ਯਹੋਵਾਹ ਨੇ ਐਲਾਨ ਕੀਤਾ ਕਿ ਉਹ ਉੱਥੇ ਦਸ ਧਰਮੀ ਮਨੁੱਖ ਵੀ ਨਾ ਲੱਭ ਸਕਿਆ। ਪਰਮੇਸ਼ੁਰ ਵੱਲੋਂ ਭੇਜੇ ਗਏ ਦੂਤਾਂ ਨੇ ਲੂਤ ਅਤੇ ਉਸ ਦੀਆਂ ਦੋ ਧੀਆਂ ਦੀ ਸੋਆਰ ਨਾਮਕ ਨੇੜਲੇ ਸ਼ਹਿਰ ਨੂੰ ਭੱਜਣ ਵਿਚ ਮਦਦ ਕੀਤੀ।
7 ਇਸ ਤੋਂ ਬਾਅਦ ਕੀ ਵਾਪਰਿਆ? ਸਾਡੇ “ਅੰਤ ਦਿਆਂ ਦਿਨਾਂ” ਦੀ ਲੂਤ ਦੇ ਦਿਨਾਂ ਨਾਲ ਤੁਲਨਾ ਕਰਦੇ ਹੋਏ, ਲੂਕਾ 17:28-30 ਰਿਪੋਰਟ ਕਰਦਾ ਹੈ: “ਅਰ ਜਿਸ ਤਰਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਓਹ ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ। ਪਰ ਜਿਸ ਦਿਨ ਲੂਤ ਸਦੂਮ ਤੋਂ ਨਿੱਕਲਿਆ ਅੱਗ ਅਤੇ ਗੰਧਕ ਅਕਾਸ਼ੋਂ ਬਰਸੀ ਅਤੇ ਸਭਨਾਂ ਦਾ ਨਾਸ ਕੀਤਾ। ਇਸੇ ਤਰਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ।” ਯਹੋਵਾਹ ਦੇ ਉਸ ਡਰਾਉਣੇ ਦਿਨ ਤੇ ਸਦੂਮ ਅਤੇ ਅਮੂਰਾਹ ਦੀ ਤਬਾਹੀ ਸਾਨੂੰ ਇਸ ਸਮੇਂ ਯਿਸੂ ਦੀ ਮੌਜੂਦਗੀ ਦੌਰਾਨ ਇਕ ਸਾਫ਼ ਚੇਤਾਵਨੀ ਦਿੰਦੀ ਹੈ। ਮਨੁੱਖਜਾਤੀ ਦੀ ਆਧੁਨਿਕ ਪੀੜ੍ਹੀ ਵੀ ‘ਹਰਾਮਕਾਰੀ ਕਰ ਕੇ ਪਰਾਏ ਸਰੀਰ ਦੇ ਮਗਰ ਲੱਗੀ’ ਹੋਈ ਹੈ। (ਯਹੂਦਾਹ 7) ਇਸ ਤੋਂ ਇਲਾਵਾ, ਸਾਡੇ ਸਮਿਆਂ ਦੇ ਅਨੈਤਿਕ ਲਿੰਗੀ ਰੁਝਾਨ ਅਨੇਕ “ਮਰੀਆਂ” ਲਈ ਜ਼ਿੰਮੇਵਾਰ ਹਨ, ਜੋ ਯਿਸੂ ਦੁਆਰਾ ਸਾਡੇ ਦਿਨਾਂ ਵਾਸਤੇ ਪਹਿਲਾਂ ਦੱਸੀਆਂ ਗਈਆਂ ਸਨ।—ਲੂਕਾ 21:11.
ਇਸਰਾਏਲ ‘ਵਾਵਰੋਲਾ’ ਵੱਢਦਾ ਹੈ
8. ਇਸਰਾਏਲ ਨੇ ਕਿਸ ਹੱਦ ਤਕ ਯਹੋਵਾਹ ਦੇ ਨੇਮ ਦੀ ਪਾਲਣਾ ਕੀਤੀ?
8 ਸਮਾਂ ਆਉਣ ਤੇ, ਯਹੋਵਾਹ ਨੇ ਇਸਰਾਏਲ ਨੂੰ ‘ਸਾਰੀਆਂ ਕੌਮਾਂ ਵਿੱਚੋਂ ਆਪਣੀ ਨਿਜੀ ਪਰਜਾ ਅਤੇ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਣ ਲਈ’ ਚੁਣਿਆ। ਲੇਕਿਨ ਇਹ ਗੱਲ ਇਸ ਉੱਤੇ ਨਿਰਭਰ ਕਰਦੀ ਸੀ ਕਿ ਉਹ ‘ਉਸ ਦੇ ਨੇਮ ਦੀ ਪਾਲਨਾ ਕਰਨ, ਅਤੇ ਉਸ ਦੀ ਅਵਾਜ਼ ਸੁਣਨ।’ (ਕੂਚ 19:5, 6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਉਨ੍ਹਾਂ ਨੇ ਇਸ ਉੱਤਮ ਵਿਸ਼ੇਸ਼-ਸਨਮਾਨ ਦੀ ਕਦਰ ਕੀਤੀ? ਬਿਲਕੁਲ ਨਹੀਂ! ਇਹ ਸੱਚ ਹੈ ਕਿ ਉਸ ਕੌਮ ਦੇ ਵਫ਼ਾਦਾਰ ਵਿਅਕਤੀਆਂ ਨੇ ਯਹੋਵਾਹ ਦੀ ਸੇਵਾ ਨਿਸ਼ਠਾ ਨਾਲ ਕੀਤੀ, ਜਿਵੇਂ ਕਿ ਮੂਸਾ, ਸਮੂਏਲ, ਦਾਊਦ, ਯਹੋਸ਼ਾਫਾਟ, ਹਿਜ਼ਕੀਯਾਹ, ਯੋਸੀਯਾਹ, ਅਤੇ ਸ਼ਰਧਾਲੂ ਨਬੀ ਅਤੇ ਨਬੀਆਵਾਂ। ਲੇਕਿਨ ਸਮੁੱਚੇ ਤੌਰ ਤੇ ਕੌਮ ਬੇਵਫ਼ਾ ਸੀ। ਆਖ਼ਰਕਾਰ, ਰਾਜ ਦੋ ਹਿੱਸਿਆਂ ਵਿਚ ਵੰਡਿਆ ਗਿਆ—ਇਸਰਾਏਲ ਅਤੇ ਯਹੂਦਾਹ। ਸਮੁੱਚੇ ਤੌਰ ਤੇ, ਦੋਵੇਂ ਕੌਮਾਂ ਗੁਆਂਢੀ ਦੇਸ਼ਾਂ ਦੀ ਗ਼ੈਰ-ਯਹੂਦੀ ਉਪਾਸਨਾ ਅਤੇ ਦੂਜੇ ਪਰਮੇਸ਼ੁਰ-ਨਿੰਦਕ ਰਿਵਾਜਾਂ ਵਿਚ ਪੈ ਗਈਆਂ।—ਹਿਜ਼ਕੀਏਲ 23:49.
9. ਯਹੋਵਾਹ ਨੇ ਬਾਗ਼ੀ ਦਸ-ਗੋਤ ਰਾਜ ਦਾ ਕਿਵੇਂ ਨਿਆਉਂ ਕੀਤਾ?
9 ਯਹੋਵਾਹ ਨੇ ਮਾਮਲਿਆਂ ਦਾ ਨਿਆਉਂ ਕਿਵੇਂ ਕੀਤਾ? ਜਿਵੇਂ ਉਹ ਹਮੇਸ਼ਾ ਕਰਦਾ ਹੈ, ਉਸ ਨੇ ਆਮੋਸ ਦੁਆਰਾ ਬਿਆਨ ਕੀਤੇ ਗਏ ਸਿਧਾਂਤ ਦੇ ਅਨੁਸਾਰ ਇਕ ਚੇਤਾਵਨੀ ਦਿੱਤੀ: “ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।” ਖ਼ੁਦ ਆਮੋਸ ਨੇ ਇਸਰਾਏਲ ਦੇ ਉੱਤਰੀ ਰਾਜ ਲਈ ਕਸ਼ਟ ਐਲਾਨ ਕੀਤਾ: “ਤੁਸੀਂ ਯਹੋਵਾਹ ਦਾ ਦਿਨ ਕਾਹਨੂੰ ਚਾਹੁੰਦੇ ਹੋ? ਉਹ ਅਨ੍ਹੇਰਾ ਹੈ, ਚਾਨਣ ਨਹੀਂ!” (ਆਮੋਸ 3:7; 5:18) ਨਾਲੇ, ਆਮੋਸ ਦੇ ਸੰਗੀ ਨਬੀ ਹੋਸ਼ੇਆ ਨੇ ਐਲਾਨ ਕੀਤਾ: “ਓਹ ਹਵਾ ਬੀਜਦੇ ਹਨ ਅਤੇ ਵਾਵਰੋਲੇ ਵੱਢਦੇ ਹਨ!” (ਹੋਸ਼ੇਆ 8:7) 740 ਸਾ.ਯੁ.ਪੂ. ਵਿਚ, ਯਹੋਵਾਹ ਨੇ ਇਸਰਾਏਲ ਦੇ ਉੱਤਰੀ ਰਾਜ ਨੂੰ ਸਦਾ ਲਈ ਤਬਾਹ ਕਰਨ ਵਾਸਤੇ ਅੱਸ਼ੂਰੀ ਫ਼ੌਜ ਨੂੰ ਇਸਤੇਮਾਲ ਕੀਤਾ।
ਧਰਮ-ਤਿਆਗੀ ਯਹੂਦਾਹ ਨਾਲ ਯਹੋਵਾਹ ਦਾ ਲੇਖਾ
10, 11. (ੳ) ਯਹੋਵਾਹ ਯਹੂਦਾਹ ਨੂੰ ਖਿਮਾ ਕਿਉਂ ਨਹੀਂ ਕਰਨਾ ਚਾਹੁੰਦਾ ਸੀ? (ਅ) ਕਿਹੜੇ ਘਿਣਾਉਣੇ ਕੰਮਾਂ ਦੁਆਰਾ ਕੌਮ ਭ੍ਰਿਸ਼ਟ ਹੋ ਗਈ ਸੀ?
10 ਯਹੋਵਾਹ ਨੇ ਯਹੂਦਾਹ ਦੇ ਦੱਖਣੀ ਰਾਜ ਕੋਲ ਵੀ ਆਪਣੇ ਨਬੀ ਭੇਜੇ ਸਨ। ਫਿਰ ਵੀ, ਯਹੂਦਾਹ ਦੇ ਰਾਜੇ ਜਿਵੇਂ ਕਿ ਮਨੱਸ਼ਹ ਅਤੇ ਉਸ ਤੋਂ ਬਾਅਦ, ਆਮੋਨ, ਉਹੀ ਕੰਮ ਕਰਦੇ ਰਹੇ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ, ਅਤੇ ਉਨ੍ਹਾਂ ਨੇ ‘ਨਿਰਦੋਸ਼ਾਂ ਦਾ ਲਹੂ ਬਾਹਲਾ ਵਹਾਇਆ ਅਤੇ ਬੁੱਤਾਂ ਦੀ ਪੂਜਾ ਕੀਤੀ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ।’ ਭਾਵੇਂ ਕਿ ਆਮੋਨ ਦੇ ਪੁੱਤਰ, ਯੋਸੀਯਾਹ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕੀਤੇ ਸਨ, ਪਰ ਉਸ ਦੇ ਬਾਅਦ ਆਉਣ ਵਾਲੇ ਰਾਜੇ ਅਤੇ ਪਰਜਾ ਦੁਬਾਰਾ ਦੁਸ਼ਟਤਾ ਵਿਚ ਪੈ ਗਏ, ਜਿਸ ਕਰਕੇ “ਯਹੋਵਾਹ ਖਿਮਾ ਕਰਨਾ ਨਹੀਂ ਸੀ ਚਾਹੁੰਦਾ।”—2 ਰਾਜਿਆਂ 21:16-21; 24:3, 4.
11 ਯਹੋਵਾਹ ਨੇ ਆਪਣੇ ਨਬੀ ਯਿਰਮਿਯਾਹ ਰਾਹੀਂ ਐਲਾਨ ਕੀਤਾ: “ਇੱਕ ਅਚਰਜ ਅਤੇ ਭਿਆਣਕ ਗੱਲ ਦੇਸ ਵਿੱਚ ਹੋਈ ਹੈ, ਨਬੀ ਝੂਠੇ ਅਗੰਮ ਵਾਚਦੇ ਹਨ, ਜਾਜਕ ਓਹਨਾਂ ਦੇ ਕਾਰਨ ਹੁਕਮ ਚਲਾਉਂਦੇ ਹਨ, ਅਤੇ ਮੇਰੀ ਪਰਜਾ ਇਉਂ ਹੀ ਪਸੰਦ ਕਰਦੀ ਹੈ! ਪਰ ਜਦ ਓੜਕ ਹੋਵੇਗਾ ਤਾਂ ਤੁਸੀਂ ਕੀ ਕਰੋਗੇ?” ਯਹੂਦਾਹ ਦੀ ਕੌਮ ਹੱਦੋਂ ਵੱਧ ਖ਼ੂਨ ਵਹਾਉਣ ਦੀ ਦੋਸ਼ੀ ਬਣ ਚੁੱਕੀ ਸੀ, ਅਤੇ ਉਸ ਦੀ ਪਰਜਾ ਚੋਰੀ ਕਰਨ, ਖ਼ੂਨ ਕਰਨ, ਜ਼ਨਾਹ ਕਰਨ, ਝੂਠੀ ਸੌਂਹ ਖਾਣ, ਦੂਸਰੇ ਦੇਵਤਿਆਂ ਪਿੱਛੇ ਚੱਲਣ, ਅਤੇ ਹੋਰ ਘਿਣਾਉਣੇ ਕੰਮ ਕਰਨ ਦੁਆਰਾ ਭ੍ਰਿਸ਼ਟ ਹੋ ਗਈ ਸੀ। ਪਰਮੇਸ਼ੁਰ ਦੀ ਹੈਕਲ “ਧਾੜਵੀਆਂ ਦੀ ਗੁਫਾ” ਬਣ ਗਈ ਸੀ।—ਯਿਰਮਿਯਾਹ 2:34; 5:30, 31; 7:8-12.
12. ਯਹੋਵਾਹ ਨੇ ਪਤਿਤ ਯਰੂਸ਼ਲਮ ਨੂੰ ਕਿਵੇਂ ਸਜ਼ਾ ਦਿੱਤੀ?
12 ਯਹੋਵਾਹ ਨੇ ਐਲਾਨ ਕੀਤਾ: “ਮੈਂ ਉੱਤਰ [ਕਸਦੀਆ] ਵੱਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹਾਂ!” (ਯਿਰਮਿਯਾਹ 4:6) ਇਸ ਤਰ੍ਹਾਂ, ਉਸ ਨੇ ਪਤਿਤ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਤਬਾਹ ਕਰਨ ਲਈ ਬਾਬਲੀ ਵਿਸ਼ਵ ਸ਼ਕਤੀ, ਅਥਵਾ, ਉਸ ਸਮੇਂ ਦਾ “ਸਾਰੀ ਧਰਤੀ ਦਾ ਹਥੌੜਾ,” ਇਸਤੇਮਾਲ ਕੀਤਾ। (ਯਿਰਮਿਯਾਹ 50:23) 607 ਸਾ.ਯੁ.ਪੂ. ਵਿਚ, ਇਕ ਸਖ਼ਤ ਘੇਰਾਬੰਦੀ ਤੋਂ ਬਾਅਦ, ਇਹ ਸ਼ਹਿਰ ਨਬੂਕਦਨੱਸਰ ਦੀ ਸ਼ਕਤੀਸ਼ਾਲੀ ਫ਼ੌਜ ਦੇ ਕਬਜ਼ੇ ਵਿਚ ਆ ਗਿਆ। “ਬਾਬਲ ਦੇ ਪਾਤਸ਼ਾਹ ਨੇ [ਰਾਜਾ] ਸਿਦਕੀਯਾਹ ਦੇ ਪੁੱਤ੍ਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਰਿਬਲਾਹ ਵਿੱਚ ਵੱਢ ਸੁੱਟਿਆ ਅਤੇ ਬਾਬਲ ਦੇ ਪਾਤਸ਼ਾਹ ਨੇ ਯਹੂਦਾਹ ਦੇ ਸਾਰੇ ਸ਼ਰੀਫਾਂ ਨੂੰ ਵੀ ਵੱਢ ਸੁੱਟਿਆ। ਉਸ ਸਿਦਕੀਯਾਹ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਨੂੰ ਲੈ ਗਿਆ। ਕਸਦੀਆਂ ਨੇ ਪਾਤਸ਼ਾਹ ਦੇ ਮਹਿਲ ਨੂੰ ਅਤੇ ਲੋਕਾਂ ਦੇ ਘਰ ਅੱਗ ਨਾਲ ਸਾੜ ਸੁੱਟੇ ਅਤੇ ਯਰੂਸ਼ਲਮ ਦੀਆਂ ਕੰਧਾਂ ਢਾਹ ਦਿੱਤੀਆਂ। ਤਦ ਬਾਕੀ ਦੇ ਲੋਕਾਂ ਨੂੰ ਜਿਹੜੇ ਸ਼ਹਿਰ ਵਿੱਚ ਬਚ ਰਹੇ ਸਨ ਅਤੇ ਓਹਨਾਂ ਨੂੰ ਜਿਹੜੇ ਉਹ ਦੀ ਵੱਲ ਚੱਲੇ ਗਏ ਸਨ ਅਤੇ ਬਾਕੀ ਦੇ ਲੋਕਾਂ ਨੂੰ ਨਬੂਜ਼ਰਦਾਨ ਜਲਾਦਾਂ ਦਾ ਕਪਤਾਨ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ।”—ਯਿਰਮਿਯਾਹ 39:6-9.
13. ਸੰਨ 607 ਸਾ.ਯੁ.ਪੂ. ਵਿਚ ਯਹੋਵਾਹ ਦੇ ਦਿਨ ਵਿੱਚੋਂ ਕੌਣ ਬਚਾਏ ਗਏ ਸਨ, ਅਤੇ ਕਿਉਂ?
13 ਸੱਚ-ਮੁੱਚ ਹੀ ਇਕ ਭਿਆਨਕ ਦਿਨ! ਪਰ, ਕੁਝ ਵਿਅਕਤੀ ਜਿਨ੍ਹਾਂ ਨੇ ਯਹੋਵਾਹ ਦੀ ਆਗਿਆਪਾਲਣਾ ਕੀਤੀ ਸੀ, ਉਹ ਉਸ ਅਗਨਮਈ ਨਿਆਉਂ ਤੋਂ ਬਚਾਏ ਗਏ ਲੋਕਾਂ ਵਿਚ ਸ਼ਾਮਲ ਸਨ। ਇਨ੍ਹਾਂ ਵਿਚ ਗ਼ੈਰ-ਇਸਰਾਏਲੀ ਰੇਕਾਬੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਯਹੂਦੀਆਂ ਤੋਂ ਭਿੰਨ ਇਕ ਨਿਮਰ ਅਤੇ ਆਗਿਆਕਾਰ ਮਨੋਬਿਰਤੀ ਦਿਖਾਈ ਸੀ। ਵਫ਼ਾਦਾਰ ਦਰਬਾਰੀ ਅਫ਼ਸਰ ਅਬਦ-ਮਲਕ, ਜਿਸ ਨੇ ਯਿਰਮਿਯਾਹ ਨੂੰ ਇਕ ਚਿੱਕੜ ਭਰੇ ਭੋਹਰੇ ਵਿਚ ਮਰਨ ਤੋਂ ਬਚਾਇਆ ਸੀ, ਅਤੇ ਯਿਰਮਿਯਾਹ ਦਾ ਨਿਸ਼ਠਾਵਾਨ ਕਾਤਬ, ਬਾਰੂਕ, ਵੀ ਬਚਾਏ ਗਏ ਸਨ। (ਯਿਰਮਿਯਾਹ 35:18, 19; 38:7-13; 39:15-18; 45:1-5) ਇਹੋ ਜਿਹੇ ਵਿਅਕਤੀਆਂ ਨੂੰ ਯਹੋਵਾਹ ਨੇ ਐਲਾਨ ਕੀਤਾ: “ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ, . . . ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ।” ਇਸ ਵਾਅਦੇ ਦੀ ਇਕ ਛੋਟੀ ਪੂਰਤੀ 539 ਸਾ.ਯੁ.ਪੂ. ਵਿਚ ਹੋਈ ਸੀ ਜਦੋਂ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਯਹੂਦੀ ਲੋਕ ਬਾਬਲ ਦੇ ਵਿਜੇਤਾ, ਰਾਜਾ ਖੋਰੁਸ ਦੇ ਰਾਹੀਂ ਮੁਕਤ ਕੀਤੇ ਗਏ ਸਨ, ਅਤੇ ਉਹ ਯਰੂਸ਼ਲਮ ਸ਼ਹਿਰ ਅਤੇ ਹੈਕਲ ਨੂੰ ਮੁੜ ਉਸਾਰਨ ਲਈ ਵਾਪਸ ਗਏ ਸਨ। ਇਸੇ ਤਰ੍ਹਾਂ, ਅੱਜ ਜੋ ਬਾਬਲੀ ਧਰਮ ਵਿੱਚੋਂ ਨਿਕਲਦੇ ਹਨ ਅਤੇ ਯਹੋਵਾਹ ਦੀ ਸ਼ੁੱਧ ਉਪਾਸਨਾ ਕਰਨ ਲੱਗਦੇ ਹਨ, ਉਹ ਯਹੋਵਾਹ ਦੇ ਮੁੜ ਸਥਾਪਿਤ ਕੀਤੇ ਗਏ ਪਰਾਦੀਸ ਵਿਚ ਸਦੀਪਕ ਸ਼ਾਂਤੀ ਵਾਲੇ ਸ਼ਾਨਦਾਰ ਭਵਿੱਖ ਦੀ ਉਮੀਦ ਰੱਖ ਸਕਦੇ ਹਨ।—ਯਿਰਮਿਯਾਹ 29:11; ਜ਼ਬੂਰ 37:34; ਪਰਕਾਸ਼ ਦੀ ਪੋਥੀ 18:2, 4.
ਪਹਿਲੀ ਸਦੀ ਦਾ “ਵੱਡਾ ਕਸ਼ਟ”
14. ਯਹੋਵਾਹ ਨੇ ਇਸਰਾਏਲ ਨੂੰ ਹਮੇਸ਼ਾ ਲਈ ਕਿਉਂ ਰੱਦ ਕੀਤਾ ਸੀ?
14 ਆਓ ਅਸੀਂ ਹੁਣ ਪਹਿਲੀ ਸਦੀ ਸਾ.ਯੁ. ਵੱਲ ਆਪਣਾ ਧਿਆਨ ਮੋੜੀਏ। ਉਸ ਸਮੇਂ ਤੇ ਮੁੜ ਬਹਾਲ ਕੀਤੇ ਗਏ ਯਹੂਦੀ ਫਿਰ ਤੋਂ ਧਰਮ-ਤਿਆਗ ਵਿਚ ਪੈ ਗਏ ਸਨ। ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਆਪਣਾ ਮਸਹ ਕੀਤਾ ਹੋਇਆ ਜਨ, ਜਾਂ ਮਸੀਹਾ ਬਣਨ ਲਈ ਧਰਤੀ ਉੱਤੇ ਭੇਜਿਆ। 29 ਤੋਂ 33 ਸਾ.ਯੁ. ਦੇ ਸਾਲਾਂ ਦੌਰਾਨ, ਯਿਸੂ ਨੇ ਸਾਰੇ ਇਸਰਾਏਲ ਦੇਸ਼ ਵਿਚ ਇਹ ਕਹਿੰਦੇ ਹੋਏ ਪ੍ਰਚਾਰ ਕੀਤਾ: “ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 4:17) ਇਸ ਤੋਂ ਇਲਾਵਾ, ਉਸ ਨੇ ਰਾਜ ਦੀ ਖ਼ੁਸ਼ ਖ਼ਬਰੀ ਘੋਸ਼ਿਤ ਕਰਨ ਵਿਚ ਆਪਣੇ ਨਾਲ ਹਿੱਸਾ ਲੈਣ ਲਈ ਚੇਲੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ। ਯਹੂਦੀਆਂ ਦੇ ਸ਼ਾਸਕਾਂ ਨੇ ਕੀ ਰਵੱਈਆ ਦਿਖਾਇਆ? ਉਨ੍ਹਾਂ ਨੇ ਯਿਸੂ ਨੂੰ ਬਦਨਾਮ ਕੀਤਾ ਅਤੇ ਅਖ਼ੀਰ ਵਿਚ ਉਸ ਨੂੰ ਇਕ ਕਸ਼ਟਦਾਇਕ ਮੌਤ ਮਰਨ ਲਈ ਤਸੀਹੇ ਦੀ ਸੂਲੀ ਉੱਤੇ ਚੜ੍ਹਵਾਉਣ ਦਾ ਘੋਰ ਅਪਰਾਧ ਕੀਤਾ। ਯਹੋਵਾਹ ਨੇ ਯਹੂਦੀਆਂ ਨੂੰ ਆਪਣੀ ਪਰਜਾ ਵਜੋਂ ਰੱਦ ਕਰ ਦਿੱਤਾ। ਹੁਣ ਉਸ ਕੌਮ ਦਾ ਰੱਦ ਕੀਤਾ ਜਾਣਾ ਹਮੇਸ਼ਾ ਲਈ ਸੀ।
15. ਪਸ਼ਚਾਤਾਪੀ ਯਹੂਦੀਆਂ ਨੂੰ ਕਿਹੜਾ ਕੰਮ ਪੂਰਾ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ ਸੀ?
15 ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ, ਪੁਨਰ-ਉਥਿਤ ਯਿਸੂ ਨੇ ਪਵਿੱਤਰ ਆਤਮਾ ਵਹਾਈ, ਅਤੇ ਇਸ ਨੇ ਉਸ ਦੇ ਚੇਲਿਆਂ ਨੂੰ ਉਨ੍ਹਾਂ ਯਹੂਦੀਆਂ ਅਤੇ ਨਵਧਰਮੀਆਂ ਨਾਲ ਵੱਖੋ-ਵੱਖ ਭਾਸ਼ਾਵਾਂ ਵਿਚ ਬੋਲਣ ਦੇ ਯੋਗ ਬਣਾਇਆ, ਜੋ ਜਲਦੀ ਇਕੱਠੇ ਹੋ ਗਏ ਸਨ। ਭੀੜ ਨੂੰ ਸੰਬੋਧਿਤ ਕਰਦੇ ਹੋਏ, ਪਤਰਸ ਰਸੂਲ ਨੇ ਐਲਾਨ ਕੀਤਾ: “ਉਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਉਠਾਇਆ ਜਿਹ ਦੇ ਅਸੀਂ ਸੱਭੋ ਗਵਾਹ ਹਾਂ। . . . ਉਪਰੰਤ ਇਸਰਾਏਲ ਦਾ ਸਾਰਾ ਘਰਾਣਾ ਪੱਕ ਜਾਣੇ ਭਈ ਇਸੇ ਯਿਸੂ ਨੂੰ ਜਿਹ ਨੂੰ ਤੁਸਾਂ ਸਲੀਬ ਉੱਤੇ ਚਾੜ੍ਹਿਆ ਪਰਮੇਸ਼ੁਰ ਨੇ ਓਸ ਨੂੰ ਪ੍ਰਭੁ ਭੀ ਅਤੇ ਮਸੀਹ ਭੀ ਕੀਤਾ।” ਸੁਹਿਰਦ ਯਹੂਦੀਆਂ ਨੇ ਕੀ ਰਵੱਈਆ ਦਿਖਾਇਆ? “ਉਨ੍ਹਾਂ ਦੇ ਦਿਲ ਛਿਦ ਗਏ,” ਅਤੇ ਉਨ੍ਹਾਂ ਨੇ ਆਪਣੇ ਪਾਪਾਂ ਦੀ ਤੋਬਾ ਕੀਤੀ, ਅਤੇ ਬਪਤਿਸਮਾ ਲਿਆ। (ਰਸੂਲਾਂ ਦੇ ਕਰਤੱਬ 2:32-41) ਰਾਜ ਪ੍ਰਚਾਰ ਦਾ ਕੰਮ ਤੇਜ਼ੀ ਨਾਲ ਵਧਿਆ, ਅਤੇ 30 ਸਾਲਾਂ ਦੇ ਅੰਦਰ-ਅੰਦਰ ਇਹ ਪ੍ਰਚਾਰ “ਅਕਾਸ਼ ਹੇਠਲੀ ਸਾਰੀ ਸਰਿਸ਼ਟ” ਵਿਚ ਕੀਤਾ ਜਾ ਚੁੱਕਾ ਸੀ।—ਕੁਲੁੱਸੀਆਂ 1:23.
16. ਯਹੋਵਾਹ ਨੇ ਸਰੀਰਕ ਇਸਰਾਏਲ ਉੱਤੇ ਨਿਆਉਂ ਪੂਰਾ ਕਰਨ ਵੱਲ ਲੈ ਜਾਣ ਵਾਲੀਆਂ ਘਟਨਾਵਾਂ ਨੂੰ ਕਿਵੇਂ ਨਿਰਦੇਸ਼ਿਤ ਕੀਤਾ?
16 ਹੁਣ ਯਹੋਵਾਹ ਲਈ ਆਪਣੀ ਰੱਦ ਕੀਤੀ ਪਰਜਾ, ਅਥਵਾ ਸਰੀਰਕ ਇਸਰਾਏਲ ਉੱਤੇ ਨਿਆਉਂ ਪੂਰਾ ਕਰਨ ਦਾ ਸਮਾਂ ਆ ਚੁੱਕਾ ਸੀ। ਉਸ ਸਮੇਂ ਦੇ ਜਾਣੇ ਜਾਂਦੇ ਸੰਸਾਰ ਦੀਆਂ ਕੌਮਾਂ ਦੇ ਕਈ ਹਜ਼ਾਰਾਂ ਲੋਕ ਮਸੀਹੀ ਕਲੀਸਿਯਾ ਵਿਚ ਇਕੱਠੇ ਹੋ ਗਏ ਸਨ ਅਤੇ “ਪਰਮੇਸ਼ੁਰ ਦੇ” ਅਧਿਆਤਮਿਕ “ਇਸਰਾਏਲ” ਵਜੋਂ ਮਸਹ ਕੀਤੇ ਜਾ ਚੁੱਕੇ ਸਨ। (ਗਲਾਤੀਆਂ 6:16) ਪਰ, ਉਸ ਸਮੇਂ ਦੇ ਯਹੂਦੀ ਲੋਕ, ਨਫ਼ਰਤ ਅਤੇ ਸੰਪ੍ਰਦਾਇਕ ਹਿੰਸਾ ਦੇ ਰਾਹ ਉੱਤੇ ਪੈ ਗਏ ਸਨ। ਪੌਲੁਸ ਨੇ ‘ਹਕੂਮਤਾਂ ਦੇ ਅਧੀਨ ਰਹਿਣ’ ਬਾਰੇ ਜੋ ਲਿਖਿਆ ਸੀ, ਉਸ ਦੇ ਉਲਟ ਉਨ੍ਹਾਂ ਨੇ ਆਪਣੇ ਉੱਤੇ ਹਕੂਮਤ ਕਰ ਰਹੀ ਰੋਮੀ ਸਰਕਾਰ ਦੇ ਵਿਰੁੱਧ ਖੁੱਲ੍ਹੇ-ਆਮ ਬਗਾਵਤ ਕੀਤੀ। (ਰੋਮੀਆਂ 13:1) ਜ਼ਾਹਰਾ ਤੌਰ ਤੇ ਯਹੋਵਾਹ ਨੇ ਅੱਗੇ ਹੋਣ ਵਾਲੀਆਂ ਘਟਨਾਵਾਂ ਨੂੰ ਨਿਰਦੇਸ਼ਿਤ ਕੀਤਾ। ਸੰਨ 66 ਸਾ.ਯੁ. ਵਿਚ, ਜਰਨੈਲ ਗੈਲਸ ਦੇ ਅਧੀਨ ਰੋਮੀ ਲੀਜਨਾਂ ਯਰੂਸ਼ਲਮ ਨੂੰ ਘੇਰਾ ਪਾਉਣ ਲਈ ਅੱਗੇ ਵਧੀਆਂ। ਹਮਲਾ ਕਰਨ ਵਾਲੇ ਰੋਮੀ, ਹੈਕਲ ਦੀ ਦੀਵਾਰ ਦੇ ਹੇਠਾਂ ਸੁਰੰਗ ਪੁੱਟਣ ਤਕ ਸ਼ਹਿਰ ਵਿਚ ਦਾਖ਼ਲ ਹੋਏ। ਜਿਵੇਂ ਜੋਸੀਫ਼ਸ ਦਾ ਇਤਿਹਾਸਕ ਰਿਕਾਰਡ ਦੱਸਦਾ ਹੈ, ਸ਼ਹਿਰ ਅਤੇ ਉਸ ਦੇ ਲੋਕਾਂ ਉੱਤੇ ਸੱਚ-ਮੁੱਚ ਹੀ ਕਸ਼ਟ ਆਇਆ ਸੀ।a ਲੇਕਿਨ ਅਚਾਨਕ ਹੀ ਹਮਲਾ ਕਰਨ ਵਾਲੇ ਫ਼ੌਜੀ ਭੱਜ ਗਏ। ਇਸ ਘਟਨਾ ਨੇ ਯਿਸੂ ਦੇ ਚੇਲਿਆਂ ਨੂੰ ‘ਪਹਾੜਾਂ ਉੱਤੇ ਭੱਜਣ’ ਦਾ ਮੌਕਾ ਦਿੱਤਾ, ਜਿਵੇਂ ਮੱਤੀ 24:15, 16 ਵਿਚ ਦਰਜ ਉਸ ਦੀ ਭਵਿੱਖਬਾਣੀ ਨੇ ਉਪਦੇਸ਼ ਦਿੱਤਾ ਸੀ।
17, 18. (ੳ) ਯਹੋਵਾਹ ਨੇ ਕਿਸ ਕਸ਼ਟ ਦੇ ਰਾਹੀਂ ਯਹੂਦੀ ਲੋਕਾਂ ਉੱਤੇ ਨਿਆਉਂ ਪੂਰਾ ਕੀਤਾ? (ਅ) ਕਿਹੜਾ ਸਰੀਰ ‘ਬਚਾਇਆ ਗਿਆ,’ ਅਤੇ ਇਹ ਕਿਸ ਚੀਜ਼ ਦੀ ਝਲਕ ਸੀ?
17 ਪਰ, ਕਸ਼ਟ ਦੇ ਸਿਖਰ ਤੇ ਯਹੋਵਾਹ ਦੇ ਨਿਆਉਂ ਦੀ ਮੁਕੰਮਲ ਪੂਰਤੀ ਅਜੇ ਬਾਕੀ ਸੀ। 70 ਸਾ.ਯੁ. ਵਿਚ, ਰੋਮੀ ਲੀਜਨਾਂ, ਇਸ ਵਾਰੀ ਜਰਨੈਲ ਟਾਈਟਸ ਦੇ ਅਧੀਨ ਹਮਲਾ ਕਰਨ ਲਈ ਵਾਪਸ ਮੁੜੀਆਂ। ਇਸ ਵਾਰ ਲੜਾਈ ਨਿਰਣਾਇਕ ਸੀ! ਯਹੂਦੀਆਂ ਦਾ, ਜੋ ਆਪਸ ਵਿਚ ਵੀ ਯੁੱਧ ਕਰਦੇ ਰਹੇ ਸਨ, ਰੋਮੀਆਂ ਨਾਲ ਕੋਈ ਮੁਕਾਬਲਾ ਨਹੀਂ ਸੀ। ਸ਼ਹਿਰ ਅਤੇ ਉਸ ਦੀ ਹੈਕਲ ਤਬਾਹ ਕੀਤੇ ਗਏ। ਦਸ ਲੱਖ ਤੋਂ ਜ਼ਿਆਦਾ ਲਿੱਸੇ ਯਹੂਦੀਆਂ ਨੇ ਕਸ਼ਟ ਭੋਗਿਆ ਅਤੇ ਮਰ ਗਏ, ਅਤੇ ਕੁਝ 6,00,000 ਲਾਸ਼ਾਂ ਸ਼ਹਿਰ ਦੇ ਫਾਟਕਾਂ ਤੋਂ ਬਾਹਰ ਸੁੱਟੀਆਂ ਗਈਆਂ। ਸ਼ਹਿਰ ਉੱਤੇ ਕਬਜ਼ਾ ਕਰਨ ਤੋਂ ਬਾਅਦ, 97,000 ਯਹੂਦੀਆਂ ਨੂੰ ਕੈਦ ਵਿਚ ਲਿਜਾਇਆ ਗਿਆ, ਅਤੇ ਬਾਅਦ ਵਿਚ ਇਨ੍ਹਾਂ ਵਿੱਚੋਂ ਅਨੇਕ ਤਲਵਾਰੀ ਤਮਾਸ਼ਿਆਂ ਵਿਚ ਮਾਰੇ ਗਏ। ਸੱਚ-ਮੁੱਚ, ਉਸ ਕਸ਼ਟ ਦੇ ਸਾਲਾਂ ਦੌਰਾਨ ਸਿਰਫ਼ ਉਨ੍ਹਾਂ ਆਗਿਆਕਾਰ ਮਸੀਹੀਆਂ ਦੇ ਹੀ ਸਰੀਰ ਬਚਾਏ ਗਏ ਸਨ ਜੋ ਯਰਦਨ ਦੇ ਪਾਰ ਪਹਾੜਾਂ ਉੱਤੇ ਭੱਜ ਗਏ ਸਨ।—ਮੱਤੀ 24:21, 22; ਲੂਕਾ 21:20-22.
18 ਇਸ ਤਰ੍ਹਾਂ, “ਰੀਤੀ-ਵਿਵਸਥਾ ਦੀ ਸਮਾਪਤੀ” ਬਾਰੇ ਯਿਸੂ ਦੀ ਮਹਾਨ ਭਵਿੱਖਬਾਣੀ ਦੀ ਪਹਿਲੀ ਪੂਰਤੀ ਹੋਈ, ਜਿਸ ਦਾ ਸਿਖਰ ਯਹੋਵਾਹ ਦਾ ਉਹ ਦਿਨ ਸੀ ਜਦੋਂ ਉਸ ਨੇ 66-70 ਸਾ.ਯੁ. ਵਿਚ ਬਾਗ਼ੀ ਯਹੂਦੀ ਕੌਮ ਉੱਤੇ ਨਿਆਉਂ ਪੂਰਾ ਕੀਤਾ। (ਮੱਤੀ 24:3, ਨਿ ਵ, 4-22) ਪਰ, ਇਹ ਤਾਂ “ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ,” ਅਰਥਾਤ, ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿਚ ਲੈਣ ਵਾਲੇ ਅਖ਼ੀਰਲੇ ਕਸ਼ਟ ਦੇ ਆਉਣ ਦੀ ਕੇਵਲ ਇਕ ਝਲਕ ਹੀ ਸੀ। (ਯੋਏਲ 2:31) ਤੁਸੀਂ ਕਿਵੇਂ ‘ਬਚਾਏ’ ਜਾ ਸਕਦੇ ਹੋ? ਅਗਲਾ ਲੇਖ ਇਹ ਦੱਸੇਗਾ।
[ਫੁਟਨੋਟ]
a ਜੋਸੀਫ਼ਸ ਬਿਆਨ ਕਰਦਾ ਹੈ ਕਿ ਹਮਲਾ ਕਰਨ ਵਾਲੇ ਰੋਮੀਆਂ ਨੇ ਸ਼ਹਿਰ ਨੂੰ ਘੇਰ ਲਿਆ ਸੀ, ਅਤੇ ਦੀਵਾਰ ਦੇ ਇਕ ਹਿੱਸੇ ਦੇ ਹੇਠਾਂ ਸੁਰੰਗ ਪੁੱਟ ਕੇ ਉਹ ਯਹੋਵਾਹ ਦੀ ਹੈਕਲ ਦੇ ਫਾਟਕ ਨੂੰ ਅੱਗ ਲਾਉਣ ਹੀ ਵਾਲੇ ਸਨ। ਇਸ ਘਟਨਾ ਨੇ ਅੰਦਰ ਫਸੇ ਕਈ ਯਹੂਦੀਆਂ ਵਿਚ ਹੌਲਨਾਕ ਡਰ ਪੈਦਾ ਕੀਤਾ, ਕਿਉਂਕਿ ਉਹ ਦੇਖ ਸਕਦੇ ਸਨ ਕਿ ਮੌਤ ਕਰੀਬ ਸੀ।—ਯਹੂਦੀਆਂ ਦੇ ਯੁੱਧ (ਅੰਗ੍ਰੇਜ਼ੀ), ਪੁਸਤਕ II, ਅਧਿਆਇ 19.
ਪੁਨਰ-ਵਿਚਾਰ ਲਈ ਸਵਾਲ
◻ ‘ਯਹੋਵਾਹ ਦੇ ਦਿਨ’ ਦਾ “ਪ੍ਰਭੁ ਦੇ ਦਿਨ” ਨਾਲ ਕੀ ਸੰਬੰਧ ਹੈ?
◻ ਨੂਹ ਦੇ ਦਿਨ ਉੱਤੇ ਪੁਨਰ-ਵਿਚਾਰ ਕਰਦੇ ਹੋਏ, ਸਾਨੂੰ ਕਿਹੜੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ?
◻ ਸਦੂਮ ਅਤੇ ਅਮੂਰਾਹ ਇਕ ਪ੍ਰਭਾਵਸ਼ਾਲੀ ਸਬਕ ਕਿਵੇਂ ਦਿੰਦੇ ਹਨ?
◻ ਪਹਿਲੀ ਸਦੀ ਦੇ ‘ਵੱਡੇ ਕਸ਼ਟ’ ਵਿੱਚੋਂ ਕੌਣ ਬਚਾਏ ਗਏ ਸਨ?
[ਸਫ਼ੇ 24 ਉੱਤੇ ਤਸਵੀਰਾਂ]
ਯਹੋਵਾਹ ਨੇ ਨੂਹ ਅਤੇ ਲੂਤ ਦੇ ਪਰਿਵਾਰਾਂ ਲਈ, ਅਤੇ ਨਾਲ ਹੀ 607 ਸਾ.ਯੁ.ਪੂ. ਅਤੇ 70 ਸਾ.ਯੁ. ਵਿਚ ਬਚਾਅ ਪ੍ਰਦਾਨ ਕੀਤਾ