ਕੌਣ “ਬਚਾਇਆ ਜਾਵੇਗਾ”?
“ਹਰੇਕ ਜਿਹੜਾ [ਯਹੋਵਾਹ] ਦਾ ਨਾਮ ਲਵੇਗਾ ਬਚਾਇਆ ਜਾਵੇਗਾ।”—ਰਸੂਲਾਂ ਦੇ ਕਰਤੱਬ 2:21.
1. ਸੰਸਾਰ ਦੇ ਇਤਿਹਾਸ ਵਿਚ ਪੰਤੇਕੁਸਤ 33 ਸਾ.ਯੁ. ਇਕ ਅਤਿ ਮਹੱਤਵਪੂਰਣ ਦਿਨ ਕਿਉਂ ਸੀ?
ਸੰਸਾਰ ਦੇ ਇਤਿਹਾਸ ਵਿਚ ਪੰਤੇਕੁਸਤ 33 ਸਾ.ਯੁ. ਇਕ ਅਤਿ ਮਹੱਤਵਪੂਰਣ ਦਿਨ ਸੀ। ਕਿਉਂ? ਕਿਉਂਕਿ ਉਸ ਦਿਨ ਇਕ ਨਵੀਂ ਕੌਮ ਦਾ ਜਨਮ ਹੋਇਆ। ਸ਼ੁਰੂ ਵਿਚ, ਇਹ ਕੌਮ ਇੰਨੀ ਵੱਡੀ ਨਹੀਂ ਸੀ—ਯਿਸੂ ਦੇ ਸਿਰਫ਼ 120 ਚੇਲੇ ਸਨ ਜੋ ਯਰੂਸ਼ਲਮ ਵਿਚ ਇਕ ਚੁਬਾਰੇ ਵਿਚ ਇਕੱਠੇ ਹੋਏ। ਪਰੰਤੂ ਅੱਜ, ਜਦੋਂ ਕਿ ਉਸ ਵੇਲੇ ਦੀਆਂ ਜ਼ਿਆਦਾਤਰ ਕੌਮਾਂ ਨੂੰ ਭੁਲਾ ਦਿੱਤਾ ਗਿਆ ਹੈ, ਉਸ ਚੁਬਾਰੇ ਵਿਚ ਜਨਮ ਲੈਣ ਵਾਲੀ ਉਹ ਕੌਮ ਅਜੇ ਵੀ ਸਾਡੇ ਨਾਲ ਹੈ। ਇਹ ਤੱਥ ਸਾਡੇ ਸਾਰਿਆਂ ਲਈ ਅਤਿਅੰਤ ਮਹੱਤਤਾ ਰੱਖਦਾ ਹੈ, ਕਿਉਂਕਿ ਪਰਮੇਸ਼ੁਰ ਨੇ ਇਸੇ ਕੌਮ ਨੂੰ ਮਨੁੱਖਜਾਤੀ ਦੇ ਸਾਮ੍ਹਣੇ ਆਪਣਾ ਗਵਾਹ ਨਿਯੁਕਤ ਕੀਤਾ ਹੈ।
2. ਕਿਹੜੀਆਂ ਚਮਤਕਾਰੀ ਘਟਨਾਵਾਂ ਨਵੀਂ ਕੌਮ ਦੇ ਜਨਮ ਦੇ ਵੇਲੇ ਹੋਈਆਂ ਸਨ?
2 ਜਦੋਂ ਉਹ ਨਵੀਂ ਕੌਮ ਹੋਂਦ ਵਿਚ ਆਈ, ਤਾਂ ਮਹੱਤਵਪੂਰਣ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਯੋਏਲ ਦੇ ਭਵਿੱਖ-ਸੂਚਕ ਸ਼ਬਦਾਂ ਨੂੰ ਪੂਰਾ ਕੀਤਾ। ਅਸੀਂ ਇਨ੍ਹਾਂ ਘਟਨਾਵਾਂ ਨੂੰ ਰਸੂਲਾਂ ਦੇ ਕਰਤੱਬ 2:2-4 ਵਿਚ ਪੜ੍ਹਦੇ ਹਾਂ: “ਅਚਾਨਕ ਅਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਓਹ ਬੈਠੇ ਸਨ ਭਰ ਗਿਆ। ਅਰ ਉਨ੍ਹਾਂ ਨੂੰ ਅੱਗ ਜਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਓਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ। ਤਦ ਓਹ ਸੱਭੇ ਪਵਿੱਤ੍ਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦਿੱਤਾ।” ਇਸ ਤਰ੍ਹਾਂ, ਉਹ 120 ਵਫ਼ਾਦਾਰ ਆਦਮੀ ਅਤੇ ਔਰਤਾਂ ਇਕ ਅਧਿਆਤਮਿਕ ਕੌਮ ਬਣੇ, ਅਰਥਾਤ ਉਸ ਕੌਮ ਦੇ ਪਹਿਲੇ ਮੈਂਬਰ, ਜਿਸ ਨੂੰ ਪੌਲੁਸ ਰਸੂਲ ਨੇ ਬਾਅਦ ਵਿਚ ‘ਪਰਮੇਸ਼ੁਰ ਦਾ ਇਸਰਾਏਲ’ ਕਿਹਾ।—ਗਲਾਤੀਆਂ 6:16.
3. ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ ਯੋਏਲ ਦੀ ਕਿਹੜੀ ਭਵਿੱਖਬਾਣੀ ਪੂਰੀ ਹੋਈ ਸੀ?
3 ਭੀੜ “ਵੱਡੀ ਭਾਰੀ ਅਨ੍ਹੇਰੀ ਦੇ ਵਗਣ” ਬਾਰੇ ਜਾਣਨ ਲਈ ਇਕੱਠੀ ਹੋਈ, ਅਤੇ ਰਸੂਲ ਪਤਰਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਯੋਏਲ ਦੀ ਇਕ ਭਵਿੱਖਬਾਣੀ ਪੂਰੀ ਹੋ ਰਹੀ ਸੀ। ਕਿਹੜੀ ਭਵਿੱਖਬਾਣੀ? ਚਲੋ, ਉਸ ਦੀ ਗੱਲ ਸੁਣੋ: “ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਐਉਂ ਹੋਵੇਗਾ, ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ਅਤੇ ਤੁਹਾਡੇ ਜੁਆਨ ਦਰਸ਼ਣ ਵੇਖਣਗੇ, ਅਤੇ ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ। ਹਾਂ, ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਨ੍ਹੀਂ ਦਿਨੀਂ ਆਪਣੇ ਆਤਮਾ ਵਿੱਚੋਂ ਵਹਾ ਦਿਆਂਗਾ, ਅਰ ਓਹ ਅਗੰਮ ਵਾਕ ਕਰਨਗੇ। ਅਤੇ ਮੈਂ ਉਤਾਹਾਂ ਅਕਾਸ਼ ਵਿੱਚ ਅਚੰਭੇ, ਅਰ ਹਿਠਾਹਾਂ ਧਰਤੀ ਉੱਤੇ ਨਿਸ਼ਾਨ, ਲਹੂ ਤੇ ਅਗਨ ਤੇ ਧੂੰਏਂ ਦੇ ਬੱਦਲ ਵਿਖਾਵਾਂਗਾ। [ਯਹੋਵਾਹ] ਦੇ ਵੱਡੇ ਤੇ ਪਰਸਿੱਧ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਅਨ੍ਹੇਰਾ ਅਰ ਚੰਦ ਲਹੂ ਹੋ ਜਾਵੇਗਾ, ਅਤੇ ਐਉਂ ਹੋਵੇਗਾ ਕਿ ਹਰੇਕ ਜਿਹੜਾ [ਯਹੋਵਾਹ] ਦਾ ਨਾਮ ਲਵੇਗਾ ਬਚਾਇਆ ਜਾਵੇਗਾ।” (ਰਸੂਲਾਂ ਦੇ ਕਰਤੱਬ 2:17-21) ਪਤਰਸ ਦੁਆਰਾ ਕਹੇ ਗਏ ਇਹ ਸ਼ਬਦ ਯੋਏਲ 2:28-32 ਵਿੱਚੋਂ ਲਏ ਗਏ ਹਨ, ਅਤੇ ਇਨ੍ਹਾਂ ਦੀ ਪੂਰਤੀ ਦਾ ਮਤਲਬ ਸੀ ਕਿ ਯਹੂਦੀ ਕੌਮ ਦਾ ਸਮਾਂ ਘਟਦਾ ਜਾ ਰਿਹਾ ਸੀ। ‘ਯਹੋਵਾਹ ਦਾ ਵੱਡਾ ਤੇ ਪਰਸਿੱਧ ਦਿਨ,’ ਅਰਥਾਤ ਬੇਵਫ਼ਾ ਇਸਰਾਏਲ ਤੋਂ ਲੇਖਾ ਲੈਣ ਦਾ ਦਿਨ, ਨੇੜੇ ਸੀ। ਪਰੰਤੂ ਕੌਣ ਬਚਣਗੇ, ਜਾਂ ਬਚਾਏ ਜਾਣਗੇ? ਅਤੇ ਇਹ ਕਿਸ ਘਟਨਾ ਦਾ ਪੂਰਵ-ਪਰਛਾਵਾਂ ਸੀ?
ਭਵਿੱਖਬਾਣੀ ਦੀਆਂ ਦੋ ਪੂਰਤੀਆਂ
4, 5. ਭਾਵੀ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਪਤਰਸ ਨੇ ਕਿਹੜੀ ਸਲਾਹ ਦਿੱਤੀ, ਅਤੇ ਇਹ ਉਸ ਦੇ ਦਿਨਾਂ ਤੋਂ ਬਾਅਦ ਵੀ ਕਿਉਂ ਲਾਗੂ ਹੁੰਦੀ?
4 ਸਾਲ 33 ਸਾ.ਯੁ. ਦੇ ਬਾਅਦ ਦੇ ਸਾਲਾਂ ਵਿਚ, ਪਰਮੇਸ਼ੁਰ ਦਾ ਅਧਿਆਤਮਿਕ ਇਸਰਾਏਲ ਵਧਿਆ-ਫੁਲਿਆ, ਪਰੰਤੂ ਪੈਦਾਇਸ਼ੀ ਇਸਰਾਏਲ ਦੀ ਕੌਮ ਨਹੀਂ ਵਧੀ। 66 ਸਾ.ਯੁ. ਵਿਚ, ਪੈਦਾਇਸ਼ੀ ਇਸਰਾਏਲ ਰੋਮ ਦੇ ਨਾਲ ਲੜ ਰਿਹਾ ਸੀ। 70 ਸਾ.ਯੁ. ਵਿਚ, ਇਸਰਾਏਲ ਦਾ ਨਾਂ-ਨਿਸ਼ਾਨ ਤਕਰੀਬਨ ਮਿੱਟ ਗਿਆ ਸੀ, ਅਤੇ ਯਰੂਸ਼ਲਮ ਅਤੇ ਉਸ ਦੀ ਹੈਕਲ ਪੂਰੀ ਤਰ੍ਹਾਂ ਅੱਗ ਨਾਲ ਸਾੜ ਦਿੱਤੇ ਗਏ ਸਨ। ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ, ਪਤਰਸ ਨੇ ਉਸ ਆ ਰਹੀ ਬਿਪਤਾ ਨੂੰ ਧਿਆਨ ਵਿਚ ਰੱਖ ਕੇ ਵਧੀਆ ਸਲਾਹ ਦਿੱਤੀ। ਦੁਬਾਰਾ ਯੋਏਲ ਦਾ ਹਵਾਲਾ ਦਿੰਦੇ ਹੋਏ, ਉਸ ਨੇ ਕਿਹਾ: “ਹਰੇਕ ਜਿਹੜਾ ਪ੍ਰਭੁ [ਯਹੋਵਾਹ] ਦਾ ਨਾਮ ਲਵੇਗਾ ਬਚਾਇਆ ਜਾਵੇਗਾ।” ਹਰੇਕ ਯਹੂਦੀ ਨੂੰ ਯਹੋਵਾਹ ਦਾ ਨਾਂ ਲੈਣ ਦਾ ਨਿੱਜੀ ਫ਼ੈਸਲਾ ਕਰਨਾ ਪੈਣਾ ਸੀ। ਇਸ ਵਿਚ ਪਤਰਸ ਦੀ ਅਗਲੀ ਹਿਦਾਇਤ ਵੱਲ ਧਿਆਨ ਦੇਣਾ ਵੀ ਸ਼ਾਮਲ ਸੀ: “ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ।” (ਰਸੂਲਾਂ ਦੇ ਕਰਤੱਬ 2:38) ਪਤਰਸ ਦੇ ਸੁਣਨ ਵਾਲਿਆਂ ਲਈ ਯਿਸੂ ਨੂੰ ਮਸੀਹਾ ਵਜੋਂ ਸਵੀਕਾਰ ਕਰਨਾ ਜ਼ਰੂਰੀ ਸੀ, ਜਿਸ ਨੂੰ ਕੌਮ ਵਜੋਂ ਇਸਰਾਏਲ ਨੇ ਰੱਦ ਕਰ ਦਿੱਤਾ ਸੀ।
5 ਪਹਿਲੀ ਸਦੀ ਦੇ ਮਸਕੀਨ ਲੋਕਾਂ ਉੱਤੇ ਯੋਏਲ ਦੇ ਇਨ੍ਹਾਂ ਭਵਿੱਖ-ਸੂਚਕ ਸ਼ਬਦਾਂ ਦਾ ਵੱਡਾ ਪ੍ਰਭਾਵ ਪਿਆ। ਪਰੰਤੂ, ਉਨ੍ਹਾਂ ਸ਼ਬਦਾਂ ਦਾ ਉਸ ਤੋਂ ਵੀ ਵੱਡਾ ਪ੍ਰਭਾਵ ਅੱਜ ਪੈ ਰਿਹਾ ਹੈ ਕਿਉਂਕਿ, ਜਿਵੇਂ 20ਵੀਂ ਸਦੀ ਦੀਆਂ ਘਟਨਾਵਾਂ ਦਿਖਾਉਂਦੀਆਂ ਹਨ, ਯੋਏਲ ਦੀ ਭਵਿੱਖਬਾਣੀ ਦੀ ਦੂਸਰੀ ਪੂਰਤੀ ਹੋਈ ਹੈ। ਆਓ ਅਸੀਂ ਦੇਖੀਏ ਕਿਵੇਂ।
6. ਜਿਉਂ ਹੀ 1914 ਦਾ ਸਮਾਂ ਨੇੜੇ ਆਇਆ, ਪਰਮੇਸ਼ੁਰ ਦੇ ਇਸਰਾਏਲ ਦੀ ਪਛਾਣ ਕਿਵੇਂ ਸਪੱਸ਼ਟ ਹੋਣ ਲੱਗੀ?
6 ਰਸੂਲਾਂ ਦੀ ਮੌਤ ਤੋਂ ਬਾਅਦ, ਪਰਮੇਸ਼ੁਰ ਦਾ ਇਸਰਾਏਲ ਈਸਾਈਅਤ ਦੀ ਜੰਗਲੀ ਬੂਟੀ ਥੱਲੇ ਦੱਬਿਆ ਗਿਆ ਸੀ। ਪਰੰਤੂ, ਅੰਤ ਦੇ ਸਮੇਂ ਦੌਰਾਨ, ਜੋ ਕਿ 1914 ਵਿਚ ਸ਼ੁਰੂ ਹੋਇਆ ਸੀ, ਇਸ ਅਧਿਆਤਮਿਕ ਕੌਮ ਦੀ ਪਛਾਣ ਇਕ ਵਾਰ ਫਿਰ ਸਪੱਸ਼ਟ ਹੋਈ। ਇਹ ਸਾਰਾ ਕੁਝ ਯਿਸੂ ਦੇ ਕਣਕ ਅਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਦੀ ਪੂਰਤੀ ਸੀ। (ਮੱਤੀ 13:24-30, 36-43) ਜਿਉਂ ਹੀ 1914 ਦਾ ਸਮਾਂ ਨੇੜੇ ਆਇਆ, ਮਸਹ ਕੀਤੇ ਹੋਏ ਮਸੀਹੀਆਂ ਨੇ ਆਪਣੇ ਆਪ ਨੂੰ ਬੇਵਫ਼ਾ ਈਸਾਈ-ਜਗਤ ਤੋਂ ਵੱਖਰਾ ਕਰਨਾ ਸ਼ੁਰੂ ਕੀਤਾ, ਨਿਡਰਤਾ ਨਾਲ ਉਸ ਦੇ ਝੂਠੇ ਸਿਧਾਂਤਾਂ ਨੂੰ ਰੱਦ ਕੀਤਾ ਅਤੇ “ਪਰਾਈਆਂ ਕੌਮਾਂ ਦੇ ਸਮੇ” ਦੇ ਆ ਰਹੇ ਅੰਤ ਦਾ ਪ੍ਰਚਾਰ ਕੀਤਾ। (ਲੂਕਾ 21:24) ਪਰੰਤੂ ਪਹਿਲੇ ਵਿਸ਼ਵ ਯੁੱਧ, ਜੋ ਕਿ 1914 ਵਿਚ ਸ਼ੁਰੂ ਹੋਇਆ ਸੀ, ਨੇ ਅਜਿਹੇ ਵਾਦ-ਵਿਸ਼ੇ ਖੜ੍ਹੇ ਕੀਤੇ ਜਿਨ੍ਹਾਂ ਲਈ ਉਹ ਤਿਆਰ ਨਹੀਂ ਸਨ। ਭਾਰੇ ਦਬਾਉ ਅਧੀਨ, ਬਹੁਤ ਲੋਕ ਮੱਠੇ ਪੈ ਗਏ, ਅਤੇ ਕਈਆਂ ਨੇ ਸਮਝੌਤਾ ਕਰ ਲਿਆ। 1918 ਤਕ ਉਨ੍ਹਾਂ ਦਾ ਪ੍ਰਚਾਰ ਕੰਮ ਲਗਭਗ ਬੰਦ ਹੋ ਚੁੱਕਾ ਸੀ।
7. (ੳ) ਪੰਤੇਕੁਸਤ 33 ਸਾ.ਯੁ. ਵਾਂਗ 1919 ਵਿਚ ਕਿਹੜੀ ਘਟਨਾ ਵਾਪਰੀ? (ਅ) ਸਾਲ 1919 ਤੋਂ, ਪਰਮੇਸ਼ੁਰ ਦੀ ਆਤਮਾ ਦੇ ਵਹਾਏ ਜਾਣ ਦਾ ਯਹੋਵਾਹ ਦੇ ਸੇਵਕਾਂ ਉੱਤੇ ਕੀ ਪ੍ਰਭਾਵ ਪਿਆ?
7 ਫਿਰ ਵੀ, ਇਹ ਜ਼ਿਆਦਾ ਦੇਰ ਤਕ ਬੰਦ ਨਹੀਂ ਰਿਹਾ। 1919 ਤੋਂ, ਯਹੋਵਾਹ ਨੇ ਆਪਣੇ ਲੋਕਾਂ ਉੱਤੇ ਇਸ ਤਰੀਕੇ ਨਾਲ ਆਪਣੀ ਆਤਮਾ ਵਹਾਈ ਜਿਸ ਨੇ ਪੰਤੇਕੁਸਤ 33 ਸਾ.ਯੁ. ਦੀ ਯਾਦ ਦਿਵਾਈ। ਬੇਸ਼ੱਕ, 1919 ਵਿਚ ਮਸੀਹੀਆਂ ਨੇ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਨਹੀਂ ਬੋਲੀਆਂ ਅਤੇ ਨਾ ਹੀ ਵੱਡੀ ਭਾਰੀ ਹਨੇਰੀ ਚਲੀ। ਅਸੀਂ 1 ਕੁਰਿੰਥੀਆਂ 13:8 ਵਿਚ ਦਰਜ ਪੌਲੁਸ ਦੇ ਸ਼ਬਦਾਂ ਤੋਂ ਸਮਝਦੇ ਹਾਂ ਕਿ ਚਮਤਕਾਰਾਂ ਦਾ ਸਮਾਂ ਬਹੁਤ ਪਹਿਲਾਂ ਬੀਤ ਚੁੱਕਾ ਸੀ। ਫਿਰ ਵੀ, 1919 ਵਿਚ ਪਰਮੇਸ਼ੁਰ ਦੀ ਆਤਮਾ ਬਿਲਕੁਲ ਸਪੱਸ਼ਟ ਸੀ ਜਦੋਂ, ਸੀਡਰ ਪਾਇੰਟ, ਓਹੀਓ, ਯੂ.ਐੱਸ.ਏ., ਵਿਚ ਇਕ ਸੰਮੇਲਨ ਤੇ, ਵਫ਼ਾਦਾਰ ਮਸੀਹੀਆਂ ਨੂੰ ਤਕੜਾ ਕੀਤਾ ਗਿਆ ਅਤੇ ਉਨ੍ਹਾਂ ਨੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਕੰਮ ਦੁਬਾਰਾ ਸ਼ੁਰੂ ਕੀਤਾ। 1922 ਵਿਚ ਉਹ ਸੀਡਰ ਪਾਇੰਟ ਵਾਪਸ ਗਏ ਅਤੇ ਇਸ ਅਰਜ਼ ਤੋਂ ਬਹੁਤ ਪ੍ਰੇਰਿਤ ਹੋਏ ਕਿ “ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ, ਘੋਸ਼ਣਾ ਕਰੋ, ਘੋਸ਼ਣਾ ਕਰੋ”। ਜਿਵੇਂ ਕਿ ਪਹਿਲੀ ਸਦੀ ਵਿਚ ਹੋਇਆ ਸੀ, ਸੰਸਾਰ ਨੂੰ ਪਰਮੇਸ਼ੁਰ ਦੀ ਆਤਮਾ ਦੇ ਵਹਾਏ ਜਾਣ ਦੇ ਪ੍ਰਭਾਵਾਂ ਵੱਲ ਧਿਆਨ ਦੇਣ ਲਈ ਮਜਬੂਰ ਕੀਤਾ ਗਿਆ ਸੀ। ਹਰੇਕ ਸਮਰਪਿਤ ਮਸੀਹੀ—ਆਦਮੀ ਅਤੇ ਔਰਤ, ਬਿਰਧ ਅਤੇ ਜਵਾਨ—ਨੇ ‘ਅਗੰਮ ਵਾਕ ਕਰਨਾ,’ ਅਰਥਾਤ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਦਾ ਐਲਾਨ ਕਰਨਾ ਸ਼ੁਰੂ ਕੀਤਾ। (ਰਸੂਲਾਂ ਦੇ ਕਰਤੱਬ 2:11) ਪਤਰਸ ਦੀ ਤਰ੍ਹਾਂ, ਉਨ੍ਹਾਂ ਨੇ ਮਸਕੀਨਾਂ ਨੂੰ ਉਪਦੇਸ਼ ਦਿੱਤਾ: “ਆਪਣੇ ਆਪ ਨੂੰ ਇਸ ਕੱਬੀ ਪੀਹੜੀ ਕੋਲੋਂ ਬਚਾਓ।” (ਰਸੂਲਾਂ ਦੇ ਕਰਤੱਬ 2:40) ਇਸ ਉਪਦੇਸ਼ ਨੂੰ ਮੰਨਣ ਵਾਲੇ ਲੋਕ ਕਿਵੇਂ ਆਪਣੇ ਆਪ ਨੂੰ ਕੱਬੀ ਪੀੜ੍ਹੀ ਤੋਂ ਬਚਾ ਸਕਦੇ ਸਨ? ਯੋਏਲ 2:32 ਵਿਚ ਪਾਏ ਜਾਂਦੇ ਉਸ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਦੇਣ ਦੁਆਰਾ: “ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ।”
8. ਸਾਲ 1919 ਤੋਂ ਪਰਮੇਸ਼ੁਰ ਦੇ ਇਸਰਾਏਲ ਸੰਬੰਧੀ ਕੰਮ ਕਿਵੇਂ ਅੱਗੇ ਵਧੇ?
8 ਉਨ੍ਹਾਂ ਮੁਢਲੇ ਸਾਲਾਂ ਤੋਂ, ਪਰਮੇਸ਼ੁਰ ਦੇ ਇਸਰਾਏਲ ਸੰਬੰਧੀ ਕੰਮ ਅੱਗੇ ਵਧੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਮਸਹ ਕੀਤੇ ਹੋਇਆਂ ਉੱਤੇ ਮੋਹਰ ਲਾਉਣ ਦਾ ਕੰਮ ਕਾਫ਼ੀ ਹੱਦ ਤਕ ਪੂਰਾ ਹੋ ਚੁੱਕਾ ਹੈ, ਅਤੇ 1930 ਦੇ ਦਹਾਕੇ ਤੋਂ, ਪਾਰਥਿਵ ਉਮੀਦ ਰੱਖਣ ਵਾਲੇ ਮਸਕੀਨਾਂ ਦੀ ਇਕ ਵੱਡੀ ਭੀੜ ਪ੍ਰਗਟ ਹੋਈ ਹੈ। (ਪਰਕਾਸ਼ ਦੀ ਪੋਥੀ 7:3, 9) ਇਹ ਸਾਰੇ ਜਣੇ ਸਮੇਂ ਦੀ ਤੀਬਰਤਾ ਨੂੰ ਮਹਿਸੂਸ ਕਰਦੇ ਹਨ, ਕਿਉਂਕਿ ਯੋਏਲ 2:28, 29 ਦੀ ਦੂਸਰੀ ਪੂਰਤੀ ਦਿਖਾਉਂਦੀ ਹੈ ਕਿ ਅਸੀਂ ਯਹੋਵਾਹ ਦੇ ਪਹਿਲਾਂ ਨਾਲੋਂ ਜ਼ਿਆਦਾ ਭੈ-ਦਾਇਕ ਦਿਨ ਦੇ ਨੇੜੇ ਹਾਂ, ਜਦੋਂ ਵਿਸ਼ਵ-ਵਿਆਪੀ ਧਾਰਮਿਕ, ਰਾਜਨੀਤਿਕ, ਅਤੇ ਵਪਾਰਕ ਪ੍ਰਬੰਧ ਦਾ ਨਾਸ਼ ਕੀਤਾ ਜਾਵੇਗਾ। ਇਹ ਪੂਰੀ ਨਿਹਚਾ ਰੱਖਦੇ ਹੋਏ ਕਿ ਯਹੋਵਾਹ ਸਾਨੂੰ ਬਚਾਵੇਗਾ, ਸਾਡੇ ਕੋਲ ‘ਯਹੋਵਾਹ ਦਾ ਨਾਮ ਲੈ ਕੇ ਪੁਕਾਰਨ’ ਦਾ ਹਰ ਕਾਰਨ ਹੈ!
ਅਸੀਂ ਕਿਵੇਂ ਯਹੋਵਾਹ ਦਾ ਨਾਂ ਲੈ ਕੇ ਪੁਕਾਰਦੇ ਹਾਂ?
9. ਯਹੋਵਾਹ ਦਾ ਨਾਂ ਲੈ ਕੇ ਪੁਕਾਰਨ ਵਿਚ ਕਿਹੜੀਆਂ ਕੁਝ ਗੱਲਾਂ ਸ਼ਾਮਲ ਹਨ?
9 ਯਹੋਵਾਹ ਦਾ ਨਾਂ ਲੈ ਕੇ ਪੁਕਾਰਨ ਵਿਚ ਕੀ ਸ਼ਾਮਲ ਹੈ? ਯੋਏਲ 2:28, 29 ਦੇ ਆਲੇ-ਦੁਆਲੇ ਦੀਆਂ ਆਇਤਾਂ ਇਸ ਸਵਾਲ ਦਾ ਜਵਾਬ ਦੇਣ ਵਿਚ ਸਾਡੀ ਮਦਦ ਕਰਦੀਆਂ ਹਨ। ਉਦਾਹਰਣ ਲਈ, ਯਹੋਵਾਹ ਉਸ ਨੂੰ ਪੁਕਾਰਨ ਵਾਲੇ ਹਰ ਵਿਅਕਤੀ ਦੀ ਪ੍ਰਾਰਥਨਾ ਨਹੀਂ ਸੁਣਦਾ ਹੈ। ਇਕ ਦੂਸਰੇ ਨਬੀ, ਯਸਾਯਾਹ, ਦੁਆਰਾ ਯਹੋਵਾਹ ਨੇ ਇਸਰਾਏਲ ਨੂੰ ਕਿਹਾ: “ਜਦ ਤੁਸੀਂ ਆਪਣੇ ਹੱਥ ਅੱਡੋਗੇ, ਤਾਂ ਮੈਂ ਤੁਹਾਥੋਂ ਆਪਣੀ ਅੱਖ ਮੀਚ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ।” ਯਹੋਵਾਹ ਨੇ ਆਪਣੀ ਕੌਮ ਦੀ ਪ੍ਰਾਰਥਨਾ ਸੁਣਨ ਤੋਂ ਇਨਕਾਰ ਕਿਉਂ ਕੀਤਾ? ਉਹ ਖ਼ੁਦ ਦੱਸਦਾ ਹੈ: “ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ।” (ਯਸਾਯਾਹ 1:15) ਯਹੋਵਾਹ ਉਸ ਵਿਅਕਤੀ ਦੀ ਪ੍ਰਾਰਥਨਾ ਨਹੀਂ ਸੁਣੇਗਾ ਜੋ ਖ਼ੂਨ ਦਾ ਦੋਸ਼ੀ ਹੈ ਜਾਂ ਪਾਪ ਕਰ ਰਿਹਾ ਹੈ। ਇਸੇ ਕਰਕੇ ਪਤਰਸ ਨੇ ਪੰਤੇਕੁਸਤ ਤੇ ਯਹੂਦੀਆਂ ਨੂੰ ਤੋਬਾ ਕਰਨ ਲਈ ਕਿਹਾ। ਯੋਏਲ 2:28, 29 ਦੇ ਪ੍ਰਸੰਗ ਵਿਚ, ਅਸੀਂ ਦੇਖਦੇ ਹਾਂ ਕਿ ਯੋਏਲ ਵੀ ਤੋਬਾ ਕਰਨ ਉੱਤੇ ਜ਼ੋਰ ਪਾਉਂਦਾ ਹੈ। ਉਦਾਹਰਣ ਲਈ, ਯੋਏਲ 2:12, 13 ਵਿਚ, ਅਸੀਂ ਪੜ੍ਹਦੇ ਹਾਂ: ‘ਹੁਣ ਵੀ, ਯਹੋਵਾਹ ਦਾ ਵਾਕ ਹੈ, ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜੋ, ਵਰਤ ਨਾਲ, ਰੋਣ ਨਾਲ ਅਤੇ ਛਾਤੀ ਪਿੱਟਣ ਨਾਲ। ਆਪਣੇ ਦਿਲਾਂ ਨੂੰ ਪਾੜੋ, ਨਾ ਕਿ ਆਪਣੇ ਕੱਪੜੇ, ਅਤੇ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ, ਉਹ ਤਾਂ ਦਿਆਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ ਹੈ।’ 1919 ਤੋਂ ਲੈ ਕੇ, ਮਸਹ ਕੀਤੇ ਹੋਏ ਮਸੀਹੀਆਂ ਨੇ ਇਨ੍ਹਾਂ ਸ਼ਬਦਾਂ ਅਨੁਸਾਰ ਕੰਮ ਕੀਤਾ। ਉਨ੍ਹਾਂ ਨੇ ਆਪਣੀਆਂ ਗ਼ਲਤੀਆਂ ਤੋਂ ਤੋਬਾ ਕੀਤੀ ਅਤੇ ਫਿਰ ਕਦੀ ਸਮਝੌਤਾ ਨਾ ਕਰਨ ਜਾਂ ਮੱਠੇ ਨਾ ਪੈਣ ਦਾ ਦ੍ਰਿੜ੍ਹ ਇਰਾਦਾ ਬਣਾਇਆ। ਇਸ ਨੇ ਪਰਮੇਸ਼ੁਰ ਦੀ ਆਤਮਾ ਦੇ ਵਹਾਏ ਜਾਣ ਦਾ ਰਾਹ ਖੋਲ੍ਹਿਆ। ਜਿਹੜਾ ਵਿਅਕਤੀ ਯਹੋਵਾਹ ਦਾ ਨਾਂ ਲੈ ਕੇ ਪੁਕਾਰਨ ਦੀ ਇੱਛਾ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦੀ ਪ੍ਰਾਰਥਨਾ ਸੁਣੀ ਜਾਵੇ, ਉਸ ਲਈ ਵੀ ਇਸੇ ਤਰ੍ਹਾਂ ਕਰਨਾ ਜ਼ਰੂਰੀ ਹੈ।
10. (ੳ) ਸੱਚੀ ਤੋਬਾ ਕੀ ਹੈ? (ਅ) ਯਹੋਵਾਹ ਸੱਚੀ ਤੋਬਾ ਦਾ ਜਵਾਬ ਕਿਵੇਂ ਦਿੰਦਾ ਹੈ?
10 ਯਾਦ ਰੱਖੋ, ਸੱਚੀ ਤੋਬਾ ਸਿਰਫ਼ ਮਾਫ਼ੀ ਮੰਗਣ ਤੋਂ ਜ਼ਿਆਦਾ ਅਰਥ ਰੱਖਦੀ ਹੈ। ਇਸਰਾਏਲੀ ਆਪਣੀਆਂ ਭਾਵਨਾਵਾਂ ਦੀ ਤੀਬਰਤਾ ਦਿਖਾਉਣ ਲਈ ਆਪਣੇ ਕੱਪੜੇ ਪਾੜਦੇ ਹੁੰਦੇ ਸਨ। ਪਰੰਤੂ ਯਹੋਵਾਹ ਕਹਿੰਦਾ ਹੈ: “ਆਪਣੇ ਦਿਲਾਂ ਨੂੰ ਪਾੜੋ, ਨਾ ਕਿ ਆਪਣੇ ਕੱਪੜੇ।” ਸੱਚੀ ਤੋਬਾ ਸਾਡੇ ਦਿਲੋਂ, ਅਰਥਾਤ ਐਨ ਸਾਡੇ ਅੰਦਰੋਂ ਹੁੰਦੀ ਹੈ। ਇਸ ਵਿਚ ਗ਼ਲਤ ਕੰਮਾਂ ਤੋਂ ਆਪਣੀ ਪਿੱਠ ਫੇਰਨੀ ਸ਼ਾਮਲ ਹੈ, ਜਿਵੇਂ ਕਿ ਅਸੀਂ ਯਸਾਯਾਹ 55:7 ਵਿਚ ਪੜ੍ਹਦੇ ਹਾਂ: “ਦੁਸ਼ਟ ਆਪਣੇ ਰਾਹ ਨੂੰ ਤਿਆਗੇ, ਅਤੇ ਬੁਰਿਆਰ ਆਪਣੇ ਖ਼ਿਆਲਾਂ ਨੂੰ, ਉਹ ਯਹੋਵਾਹ ਵੱਲ ਮੁੜੇ।” ਇਸ ਵਿਚ ਯਿਸੂ ਵਾਂਗ ਪਾਪ ਨੂੰ ਨਫ਼ਰਤ ਕਰਨਾ ਸ਼ਾਮਲ ਹੈ। (ਇਬਰਾਨੀਆਂ 1:9) ਫਿਰ, ਅਸੀਂ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਸਾਨੂੰ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ ਮਾਫ਼ ਕਰੇਗਾ ਕਿਉਂਕਿ ਯਹੋਵਾਹ ‘ਦਿਆਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ ਹੈ।’ ਉਹ ਸਾਡੀ ਉਪਾਸਨਾ, ਸਾਡੀ ਅਧਿਆਤਮਿਕ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਸਵੀਕਾਰ ਕਰੇਗਾ। ਉਹ ਸਾਡੀ ਪ੍ਰਾਰਥਨਾ ਸੁਣੇਗਾ ਜਦੋਂ ਅਸੀਂ ਉਸ ਦਾ ਨਾਂ ਲੈ ਕੇ ਪੁਕਾਰਾਂਗੇ।—ਯੋਏਲ 2:14.
11. ਸਾਡੇ ਜੀਵਨ ਵਿਚ ਸੱਚੀ ਉਪਾਸਨਾ ਦਾ ਕੀ ਦਰਜਾ ਹੋਣਾ ਚਾਹੀਦਾ ਹੈ?
11 ਪਹਾੜੀ ਉਪਦੇਸ਼ ਵਿਚ, ਯਿਸੂ ਨੇ ਸਾਨੂੰ ਇਕ ਹੋਰ ਗੱਲ ਯਾਦ ਰੱਖਣ ਲਈ ਦੱਸੀ, ਜਦੋਂ ਉਸ ਨੇ ਕਿਹਾ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ।” (ਮੱਤੀ 6:33) ਸਾਨੂੰ ਆਪਣੀ ਉਪਾਸਨਾ ਨੂੰ ਮਾਮੂਲੀ ਨਹੀਂ ਸਮਝਣਾ ਚਾਹੀਦਾ, ਅਜਿਹੀ ਚੀਜ਼ ਜੋ ਅਸੀਂ ਆਪਣੇ ਅੰਤਹਕਰਣ ਨੂੰ ਤਸੱਲੀ ਦੇਣ ਲਈ ਕਰਦੇ ਹਾਂ। ਪਰਮੇਸ਼ੁਰ ਦੀ ਸੇਵਾ ਸਾਡੇ ਜੀਵਨ ਵਿਚ ਪਹਿਲਾ ਹੋਣੀ ਚਾਹੀਦੀ ਹੈ। ਇਸ ਲਈ, ਯੋਏਲ ਰਾਹੀਂ, ਯਹੋਵਾਹ ਅੱਗੇ ਕਹਿੰਦਾ ਹੈ: “ਸੀਯੋਨ ਵਿੱਚ ਤੁਰ੍ਹੀ ਫੂਕੋ . . . ਲੋਕਾਂ ਨੂੰ ਇਕੱਠਾ ਕਰੋ, ਸਭਾ ਨੂੰ ਪਵਿੱਤਰ ਕਰੋ, ਬੁੱਢਿਆਂ ਨੂੰ ਜਮਾ ਕਰੋ, ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ, ਲਾੜਾ ਆਪਣੀ ਕੋਠੜੀ ਵਿੱਚੋਂ, ਲਾੜੀ ਆਪਣੇ ਮੰਡਪ ਵਿੱਚੋਂ ਬਾਹਰ ਨਿੱਕਲਣ।” (ਯੋਏਲ 2:15, 16) ਨਵੇਂ ਵਿਆਹੇ ਵਿਅਕਤੀਆਂ ਲਈ ਇਹ ਸੁਭਾਵਕ ਹੈ ਕਿ ਉਨ੍ਹਾਂ ਦਾ ਧਿਆਨ ਸਿਰਫ਼ ਇਕ ਦੂਜੇ ਵੱਲ ਹੁੰਦਾ ਹੈ। ਪਰੰਤੂ ਉਨ੍ਹਾਂ ਲਈ ਵੀ ਯਹੋਵਾਹ ਦੀ ਸੇਵਾ ਪਹਿਲਾ ਹੋਣੀ ਚਾਹੀਦੀ ਹੈ। ਪਰਮੇਸ਼ੁਰ ਦਾ ਨਾਂ ਲੈ ਕੇ ਪੁਕਾਰਨ ਅਤੇ ਉਸ ਦੇ ਸਾਮ੍ਹਣੇ ਇਕੱਠੇ ਹੋਣ ਨਾਲੋਂ ਹੋਰ ਕਿਸੇ ਚੀਜ਼ ਨੂੰ ਵੱਡੀ ਪਹਿਲ ਨਹੀਂ ਦੇਣੀ ਚਾਹੀਦੀ।
12. ਪਿਛਲੇ ਸਾਲ ਦੀ ਸਮਾਰਕ ਰਿਪੋਰਟ ਤੋਂ ਵਾਧੇ ਦੀ ਕਿਹੜੀ ਸੰਭਾਵਨਾ ਦੇਖੀ ਜਾਂਦੀ ਹੈ?
12 ਇਸ ਨੂੰ ਮਨ ਵਿਚ ਰੱਖਦੇ ਹੋਏ, ਆਓ ਅਸੀਂ ਯਹੋਵਾਹ ਦੇ ਗਵਾਹਾਂ ਦੀ 1997 ਸੇਵਾ ਸਾਲ ਦੀ ਰਿਪੋਰਟ ਦੁਆਰਾ ਦਿਖਾਏ ਗਏ ਅੰਕੜਿਆਂ ਉੱਤੇ ਵਿਚਾਰ ਕਰੀਏ। ਪਿਛਲੇ ਸਾਲ 55,99,931 ਰਾਜ ਪ੍ਰਕਾਸ਼ਕਾਂ ਦਾ ਸਿਖਰ ਪ੍ਰਾਪਤ ਹੋਇਆ—ਪ੍ਰਸ਼ੰਸਾ ਕਰਨ ਵਾਲਿਆਂ ਦੀ ਸੱਚ-ਮੁੱਚ ਇਕ ਵੱਡੀ ਭੀੜ! ਸਮਾਰਕ ਤੇ ਹਾਜ਼ਰੀ 1,43,22,226 ਸੀ—ਪ੍ਰਕਾਸ਼ਕਾਂ ਦੀ ਗਿਣਤੀ ਤੋਂ ਲਗਭਗ 85 ਲੱਖ ਜ਼ਿਆਦਾ। ਇਹ ਅੰਕੜਾ ਵਾਧੇ ਦੀ ਅਦਭੁਤ ਸੰਭਾਵਨਾ ਦਿਖਾਉਂਦਾ ਹੈ। ਉਨ੍ਹਾਂ 85 ਲੱਖ ਵਿੱਚੋਂ ਬਹੁਤ ਸਾਰੇ ਵਿਅਕਤੀ ਦਿਲਚਸਪੀ ਰੱਖਣ ਵਾਲਿਆਂ ਵਜੋਂ ਜਾਂ ਬਪਤਿਸਮਾ-ਪ੍ਰਾਪਤ ਮਾਪਿਆਂ ਦੇ ਬੱਚਿਆਂ ਵਜੋਂ ਯਹੋਵਾਹ ਦੇ ਗਵਾਹਾਂ ਨਾਲ ਪਹਿਲਾਂ ਹੀ ਬਾਈਬਲ ਦਾ ਅਧਿਐਨ ਕਰ ਰਹੇ ਸਨ। ਕਈ ਲੋਕ ਪਹਿਲੀ ਵਾਰ ਸਭਾ ਵਿਚ ਹਾਜ਼ਰ ਹੋਏ ਸਨ। ਉਨ੍ਹਾਂ ਦੇ ਹਾਜ਼ਰ ਹੋਣ ਨਾਲ, ਯਹੋਵਾਹ ਦੇ ਗਵਾਹਾਂ ਨੂੰ ਉਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਜਾਣਨ ਅਤੇ ਅੱਗੇ ਵਧਣ ਵਿਚ ਮਦਦ ਦੇਣ ਦਾ ਵਧੀਆ ਮੌਕਾ ਮਿਲਿਆ। ਫਿਰ, ਉਨ੍ਹਾਂ ਵਿਚ ਅਜਿਹੇ ਵਿਅਕਤੀ ਵੀ ਸਨ ਜੋ ਹਰ ਸਾਲ ਸਮਾਰਕ ਤੇ ਅਤੇ ਸ਼ਾਇਦ ਇਕ-ਦੋ ਦੂਸਰੀਆਂ ਸਭਾਵਾਂ ਤੇ ਵੀ ਹਾਜ਼ਰ ਹੁੰਦੇ ਹਨ, ਪਰੰਤੂ ਉਹ ਅੱਗੇ ਕੋਈ ਤਰੱਕੀ ਨਹੀਂ ਕਰਦੇ। ਨਿਰਸੰਦੇਹ, ਅਜਿਹੇ ਲੋਕਾਂ ਦਾ ਸਭਾਵਾਂ ਵਿਚ ਹਾਜ਼ਰ ਹੋਣ ਲਈ ਸੁਆਗਤ ਕੀਤਾ ਜਾਂਦਾ ਹੈ। ਪਰੰਤੂ ਅਸੀਂ ਉਨ੍ਹਾਂ ਨੂੰ ਯੋਏਲ ਦੇ ਭਵਿੱਖ-ਸੂਚਕ ਸ਼ਬਦਾਂ ਉੱਤੇ ਧਿਆਨ ਨਾਲ ਮਨਨ ਕਰਨ ਅਤੇ ਇਸ ਗੱਲ ਉੱਤੇ ਵਿਚਾਰ ਕਰਨ ਦੀ ਤਾਕੀਦ ਕਰਦੇ ਹਾਂ ਕਿ ਉਨ੍ਹਾਂ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ ਜੇਕਰ ਉਹ ਯਕੀਨੀ ਹੋਣਾ ਚਾਹੁੰਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਸੁਣੇਗਾ ਜਦੋਂ ਉਹ ਉਸ ਦਾ ਨਾਂ ਲੈ ਕੇ ਪੁਕਾਰਨਗੇ।
13. ਜੇਕਰ ਅਸੀਂ ਪਹਿਲਾਂ ਹੀ ਯਹੋਵਾਹ ਦਾ ਨਾਂ ਲੈ ਕੇ ਪੁਕਾਰ ਰਹੇ ਹਾਂ, ਤਾਂ ਦੂਸਰਿਆਂ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ?
13 ਪੌਲੁਸ ਰਸੂਲ ਨੇ ਯਹੋਵਾਹ ਦਾ ਨਾਂ ਲੈ ਕੇ ਪੁਕਾਰਨ ਦੇ ਇਕ ਹੋਰ ਪਹਿਲੂ ਉੱਤੇ ਜ਼ੋਰ ਦਿੱਤਾ। ਰੋਮੀਆਂ ਨੂੰ ਆਪਣੀ ਪੱਤ੍ਰੀ ਵਿਚ, ਉਸ ਨੇ ਯੋਏਲ ਦੇ ਭਵਿੱਖ-ਸੂਚਕ ਸ਼ਬਦਾਂ ਦਾ ਹਵਾਲਾ ਦਿੱਤਾ: “ਹਰੇਕ ਜਿਹੜਾ [ਯਹੋਵਾਹ] ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।” ਫਿਰ ਉਸ ਨੇ ਤਰਕ ਕੀਤਾ: “ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ? ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ?” (ਰੋਮੀਆਂ 10:13, 14) ਜੀ ਹਾਂ, ਬਹੁਤ ਸਾਰੇ ਦੂਸਰੇ ਲੋਕਾਂ ਨੂੰ, ਜਿਨ੍ਹਾਂ ਨੇ ਹੁਣ ਤਕ ਯਹੋਵਾਹ ਨੂੰ ਨਹੀਂ ਜਾਣਿਆ ਹੈ, ਉਸ ਦਾ ਨਾਂ ਲੈ ਕੇ ਪੁਕਾਰਨ ਦੀ ਲੋੜ ਹੈ। ਜੋ ਪਹਿਲਾਂ ਹੀ ਯਹੋਵਾਹ ਨੂੰ ਜਾਣਦੇ ਹਨ ਉਨ੍ਹਾਂ ਉੱਤੇ ਨਾ ਸਿਰਫ਼ ਅਜਿਹਿਆਂ ਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਹੈ ਪਰੰਤੂ ਹੱਥ ਵਧਾ ਕੇ ਉਨ੍ਹਾਂ ਦੀ ਇਸ ਵਿਚ ਮਦਦ ਕਰਨ ਦੀ ਵੀ ਜ਼ਿੰਮੇਵਾਰੀ ਹੈ।
ਇਕ ਅਧਿਆਤਮਿਕ ਪਰਾਦੀਸ
14, 15. ਕਿਉਂਕਿ ਯਹੋਵਾਹ ਦੇ ਲੋਕ ਉਸ ਦਾ ਨਾਂ ਉਸ ਨੂੰ ਖ਼ੁਸ਼ ਕਰਨ ਦੇ ਤਰੀਕੇ ਵਿਚ ਪੁਕਾਰਦੇ ਹਨ, ਤਾਂ ਉਹ ਕਿਹੜੀਆਂ ਪਰਾਦੀਸੀ ਬਰਕਤਾਂ ਦਾ ਆਨੰਦ ਮਾਣਦੇ ਹਨ?
14 ਮਸਹ ਕੀਤੇ ਹੋਏ ਵਿਅਕਤੀ ਅਤੇ ਦੂਸਰੀਆਂ ਭੇਡਾਂ ਦੋਨੋਂ ਹੀ ਮਾਮਲਿਆਂ ਨੂੰ ਇਸ ਤਰੀਕੇ ਨਾਲ ਵਿਚਾਰਦੇ ਹਨ, ਅਤੇ ਇਸ ਕਰਕੇ ਯਹੋਵਾਹ ਉਨ੍ਹਾਂ ਨੂੰ ਬਰਕਤ ਦਿੰਦਾ ਹੈ। “ਯਹੋਵਾਹ ਆਪਣੇ ਦੇਸ ਲਈ ਅਣਖੀ ਹੋਇਆ, ਅਤੇ ਆਪਣੀ ਪਰਜਾ ਉੱਤੇ ਤਰਸ ਖਾਧਾ।” (ਯੋਏਲ 2:18) ਸਾਲ 1919 ਵਿਚ, ਯਹੋਵਾਹ ਨੇ ਆਪਣੇ ਲੋਕਾਂ ਲਈ ਅਣਖ ਅਤੇ ਤਰਸ ਦਿਖਾਇਆ ਜਦੋਂ ਉਸ ਨੇ ਉਨ੍ਹਾਂ ਨੂੰ ਮੁੜ ਬਹਾਲ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਅਧਿਆਤਮਿਕ ਸਰਗਰਮੀ ਦੇ ਖੇਤਰ ਵਿਚ ਲਿਆਂਦਾ। ਇਹ ਸੱਚ-ਮੁੱਚ ਇਕ ਅਧਿਆਤਮਿਕ ਪਰਾਦੀਸ ਹੈ, ਜਿਸ ਦਾ ਯੋਏਲ ਨੇ ਇਨ੍ਹਾਂ ਸ਼ਬਦਾਂ ਵਿਚ ਵਧੀਆ ਵਰਣਨ ਦਿੱਤਾ: “ਹੇ ਭੂਮੀ, ਨਾ ਡਰ! ਖੁਸ਼ੀ ਮਨਾ ਤੇ ਅਨੰਦ ਹੋ, ਕਿਉਂ ਜੋ ਯਹੋਵਾਹ ਨੇ ਵੱਡੇ ਕੰਮ ਕੀਤੇ! ਹੇ ਰੜ ਦੇ ਡੰਗਰੋ, ਨਾ ਡਰੋ! ਕਿਉਂ ਜੋ ਉਜਾੜ ਦੀਆਂ ਚਰਾਂਦਾਂ ਹਰੀਆਂ ਹੋ ਗਈਆਂ, ਅਤੇ ਬਿਰਛ ਆਪਣੇ ਫਲ ਦਿੰਦੇ ਹਨ, ਹਜੀਰ ਅਤੇ ਅੰਗੂਰੀ ਬੇਲ ਆਪਣਾ ਪੂਰਾ ਹਾਸਲ ਦਿੰਦੀ ਹੈ। ਹੇ ਸੀਯੋਨ ਦੇ ਪੁੱਤ੍ਰੋ, ਯਹੋਵਾਹ ਆਪਣੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਓ ਅਤੇ ਅਨੰਦ ਹੋਵੋ! ਕਿਉਂ ਜੋ ਉਹ ਨੇ ਤੁਹਾਡੇ ਸੁਖ ਲਈ ਪਹਿਲੀ ਬਾਰਸ਼ ਦਿੱਤੀ, ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿੱਛਲੀ ਵਰਖਾ ਵਰਹਾਈ, ਜਿਵੇਂ ਪਹਿਲਾਂ ਹੁੰਦਾ ਸੀ। ਖਲਵਾੜੇ ਅੰਨ ਨਾਲ ਭਰ ਜਾਣਗੇ, ਅਤੇ ਚੁਬੱਚੇ ਮੈ ਅਰ ਤੇਲ ਨਾਲ ਉੱਛਲਣਗੇ।”—ਯੋਏਲ 2:21-24.
15 ਇਹ ਕਿੰਨਾ ਸੁਖਾਵਾਂ ਵਰਣਨ ਹੈ! ਇਸਰਾਏਲ ਵਿਚ ਜੀਵਨ ਦੀਆਂ ਤਿੰਨ ਮੁਢਲੀਆਂ ਲੋੜਾਂ—ਅਨਾਜ, ਜ਼ੈਤੂਨ ਦਾ ਤੇਲ, ਅਤੇ ਮੈ—ਦਾ ਚੋਖਾ ਪ੍ਰਬੰਧ ਨਾਲੇ ਬਹੁਤ ਸਾਰੇ ਇੱਜੜ। ਸਾਡੇ ਦਿਨਾਂ ਵਿਚ, ਇਹ ਭਵਿੱਖ-ਸੂਚਕ ਸ਼ਬਦ ਅਧਿਆਤਮਿਕ ਰੂਪ ਵਿਚ ਸੱਚ-ਮੁੱਚ ਪੂਰੇ ਹੋਏ ਹਨ। ਯਹੋਵਾਹ ਸਾਨੂੰ ਲੋੜੀਂਦਾ ਅਧਿਆਤਮਿਕ ਭੋਜਨ ਦਿੰਦਾ ਹੈ। ਕੀ ਅਸੀਂ ਅਜਿਹੀ ਪਰਮੇਸ਼ੁਰ-ਦਿੱਤ ਭਰਪੂਰੀ ਵਿਚ ਖ਼ੁਸ਼ ਨਹੀਂ ਹੁੰਦੇ? ਸੱਚ-ਮੁੱਚ, ਜਿਵੇਂ ਮਲਾਕੀ ਨੇ ਪਹਿਲਾਂ ਹੀ ਦੱਸਿਆ ਸੀ, ਸਾਡੇ ਪਰਮੇਸ਼ੁਰ ਨੇ ‘ਸਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹ ਦਿੱਤੀਆਂ ਹਨ ਭਈ ਸਾਡੇ ਲਈ ਬਰਕਤ ਵਰ੍ਹਾਵੇ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ।’—ਮਲਾਕੀ 3:10.
ਇਕ ਰੀਤੀ-ਵਿਵਸਥਾ ਦਾ ਅੰਤ
16. (ੳ) ਯਹੋਵਾਹ ਦੀ ਆਤਮਾ ਦਾ ਵਹਾਇਆ ਜਾਣਾ ਸਾਡੇ ਸਮੇਂ ਲਈ ਕੀ ਸੰਕੇਤ ਕਰਦਾ ਹੈ? (ਅ) ਭਵਿੱਖ ਵਿਚ ਕੀ ਰੱਖਿਆ ਹੋਇਆ ਹੈ?
16 ਪਰਮੇਸ਼ੁਰ ਦੇ ਲੋਕਾਂ ਦੀ ਪਰਾਦੀਸੀ ਹਾਲਤ ਬਾਰੇ ਭਵਿੱਖਬਾਣੀ ਕਰਨ ਤੋਂ ਬਾਅਦ ਹੀ ਯੋਏਲ ਯਹੋਵਾਹ ਦੀ ਆਤਮਾ ਦੇ ਵਹਾਏ ਜਾਣ ਬਾਰੇ ਭਵਿੱਖਬਾਣੀ ਕਰਦਾ ਹੈ। ਜਦੋਂ ਪਤਰਸ ਨੇ ਪੰਤੇਕੁਸਤ ਦੇ ਦਿਨ ਤੇ ਇਸ ਭਵਿੱਖਬਾਣੀ ਦਾ ਹਵਾਲਾ ਦਿੱਤਾ, ਤਾਂ ਉਸ ਨੇ ਕਿਹਾ ਕਿ ਇਹ “ਅੰਤ ਦੇ ਦਿਨਾਂ ਵਿੱਚ” ਪੂਰੀ ਹੋਈ ਸੀ। (ਰਸੂਲਾਂ ਦੇ ਕਰਤੱਬ 2:17) ਉਸ ਵੇਲੇ ਪਰਮੇਸ਼ੁਰ ਦੀ ਆਤਮਾ ਦੇ ਵਹਾਏ ਜਾਣ ਦਾ ਮਤਲਬ ਇਹ ਸੀ ਕਿ ਯਹੂਦੀ ਰੀਤੀ-ਵਿਵਸਥਾ ਦੇ ਅੰਤ ਦੇ ਦਿਨ ਸ਼ੁਰੂ ਹੋ ਗਏ ਸਨ। 20ਵੀਂ ਸਦੀ ਵਿਚ ਪਰਮੇਸ਼ੁਰ ਦੇ ਇਸਰਾਏਲ ਉੱਤੇ ਪਰਮੇਸ਼ੁਰ ਦੀ ਆਤਮਾ ਦੇ ਵਹਾਏ ਜਾਣ ਦਾ ਅਰਥ ਹੈ ਕਿ ਅਸੀਂ ਵਿਸ਼ਵ-ਵਿਆਪੀ ਰੀਤੀ-ਵਿਵਸਥਾ ਦੇ ਅੰਤ ਦੇ ਦਿਨਾਂ ਵਿਚ ਰਹਿ ਰਹੇ ਹਾਂ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਭਵਿੱਖ ਵਿਚ ਕੀ ਰੱਖਿਆ ਹੋਇਆ ਹੈ? ਯੋਏਲ ਦੀ ਭਵਿੱਖਬਾਣੀ ਸਾਨੂੰ ਅੱਗੇ ਦੱਸਦੀ ਹੈ: “ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ, ਲਹੂ, ਅੱਗ, ਧੂੰਏਂ ਦਾ ਥੰਮ੍ਹ। ਸੂਰਜ ਅਨ੍ਹੇਰਾ ਅਤੇ ਚੰਦ ਲਹੂ ਹੋ ਜਾਵੇਗਾ, ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ!”—ਯੋਏਲ 2:30, 31.
17, 18. (ੳ) ਯਰੂਸ਼ਲਮ ਉੱਤੇ ਯਹੋਵਾਹ ਦਾ ਕਿਹੜਾ ਭੈ-ਦਾਇਕ ਦਿਨ ਆਇਆ? (ਅ) ਯਹੋਵਾਹ ਦੇ ਭਾਵੀ ਭੈ-ਦਾਇਕ ਦਿਨ ਦੀ ਅਸਲੀਅਤ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰਦੀ ਹੈ?
17 ਸਾਲ 66 ਸਾ.ਯੁ. ਵਿਚ, ਇਹ ਭਵਿੱਖ-ਸੂਚਕ ਸ਼ਬਦ ਯਹੂਦਿਯਾ ਵਿਚ ਸੱਚੇ ਸਾਬਤ ਹੋਣ ਲੱਗੇ ਜਿਉਂ-ਜਿਉਂ ਘਟਨਾਵਾਂ 70 ਸਾ.ਯੁ. ਵਿਚ ਯਹੋਵਾਹ ਦੇ ਭੈ-ਦਾਇਕ ਦਿਨ ਦੇ ਸਿਖਰ ਵੱਲ ਬਿਨਾਂ ਰੁਕੇ ਵਧੀਆਂ। ਉਸ ਵੇਲੇ ਉਨ੍ਹਾਂ ਲੋਕਾਂ ਵਿਚ ਹੋਣਾ ਕਿੰਨਾ ਡਰਾਉਣਾ ਲੱਗਿਆ ਹੋਵੇਗਾ ਜੋ ਯਹੋਵਾਹ ਦੇ ਨਾਂ ਦੀ ਵਡਿਆਈ ਨਹੀਂ ਕਰ ਰਹੇ ਸਨ! ਅੱਜ ਵੀ ਸਾਡੇ ਭਵਿੱਖ ਵਿਚ ਇੰਨੀਆਂ ਹੀ ਡਰਾਉਣੀਆਂ ਘਟਨਾਵਾਂ ਵਾਪਰਨ ਵਾਲੀਆਂ ਹਨ, ਜਦੋਂ ਯਹੋਵਾਹ ਦੇ ਹੱਥੋਂ ਇਹ ਪੂਰੀ ਵਿਸ਼ਵ-ਵਿਆਪੀ ਰੀਤੀ-ਵਿਵਸਥਾ ਨਾਸ਼ ਕੀਤੀ ਜਾਵੇਗੀ। ਫਿਰ ਵੀ, ਬਚਾਉ ਸੰਭਵ ਹੈ। ਭਵਿੱਖਬਾਣੀ ਅੱਗੇ ਕਹਿੰਦੀ ਹੈ: “ਤਾਂ ਐਉਂ ਹੋਵੇਗਾ ਕਿ ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ, ਸੀਯੋਨ ਦੇ ਪਹਾੜ ਵਿੱਚ ਅਤੇ ਯਰੂਸ਼ਲਮ ਵਿੱਚ ਬਚੇ ਹੋਏ ਹੋਣਗੇ, ਜਿਵੇਂ ਯਹੋਵਾਹ ਨੇ ਆਖਿਆ, ਅਤੇ ਬਕੀਏ ਵਿੱਚ ਓਹ ਹੋਣਗੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ।” (ਯੋਏਲ 2:32) ਯਹੋਵਾਹ ਦੇ ਗਵਾਹ ਯਹੋਵਾਹ ਦੇ ਨਾਂ ਨੂੰ ਜਾਣ ਕੇ ਸੱਚ-ਮੁੱਚ ਸ਼ੁਕਰਗੁਜ਼ਾਰ ਹਨ, ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਉਨ੍ਹਾਂ ਨੂੰ ਬਚਾਏਗਾ ਜਦੋਂ ਉਹ ਉਸ ਨੂੰ ਪੁਕਾਰਨਗੇ।
18 ਪਰੰਤੂ, ਉਸ ਵੇਲੇ ਕੀ ਹੋਵੇਗਾ ਜਦੋਂ ਯਹੋਵਾਹ ਦਾ ਮਹਾਨ ਅਤੇ ਪ੍ਰਸਿੱਧ ਦਿਨ ਆਪਣੇ ਪੂਰੇ ਕਹਿਰ ਨਾਲ ਇਸ ਸੰਸਾਰ ਉੱਤੇ ਹਮਲਾ ਕਰੇਗਾ? ਇਸ ਦੀ ਚਰਚਾ ਆਖ਼ਰੀ ਅਧਿਐਨ ਲੇਖ ਵਿਚ ਕੀਤੀ ਜਾਵੇਗੀ।
ਕੀ ਤੁਹਾਨੂੰ ਯਾਦ ਹੈ?
◻ ਯਹੋਵਾਹ ਨੇ ਆਪਣੇ ਲੋਕਾਂ ਉੱਤੇ ਪਹਿਲੀ ਵਾਰ ਕਦੋਂ ਆਪਣੀ ਆਤਮਾ ਵਹਾਈ ਸੀ?
◻ ਯਹੋਵਾਹ ਦਾ ਨਾਂ ਲੈ ਕੇ ਪੁਕਾਰਨ ਵਿਚ ਕਿਹੜੀਆਂ ਕੁਝ ਗੱਲਾਂ ਸ਼ਾਮਲ ਹਨ?
◻ ਪੈਦਾਇਸ਼ੀ ਇਸਰਾਏਲ ਉੱਤੇ ਯਹੋਵਾਹ ਦਾ ਮਹਾਨ ਅਤੇ ਪ੍ਰਸਿੱਧ ਦਿਨ ਕਦੋਂ ਆਇਆ ਸੀ?
◻ ਯਹੋਵਾਹ ਉਨ੍ਹਾਂ ਲੋਕਾਂ ਨੂੰ ਕਿਵੇਂ ਬਰਕਤ ਦਿੰਦਾ ਹੈ ਜੋ ਅੱਜ ਉਸ ਦਾ ਨਾਂ ਲੈ ਕੇ ਪੁਕਾਰਦੇ ਹਨ?
[ਸਫ਼ੇ 14 ਉੱਤੇ ਤਸਵੀਰ]
ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ ਇਕ ਨਵੀਂ ਕੌਮ ਦਾ ਜਨਮ ਹੋਇਆ
[ਸਫ਼ੇ 16 ਉੱਤੇ ਤਸਵੀਰ]
ਯਹੋਵਾਹ ਦਾ ਨਾਂ ਲੈ ਕੇ ਪੁਕਾਰਨ ਵਿਚ ਲੋਕਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ