ਨਬੇੜੇ ਦੀ ਖੱਡ ਵਿਚ ਨਿਆਉਂ ਪੂਰਾ ਕੀਤਾ ਗਿਆ
‘ਕੌਮਾਂ ਯਹੋਸ਼ਾਫਾਟ ਦੀ ਖੱਡ ਵਿੱਚ ਜਾਣ, ਕਿਉਂ ਜੋ ਮੈਂ ਉੱਥੇ ਬੈਠ ਕੇ ਸਾਰੀਆਂ ਕੌਮਾਂ ਦਾ ਨਿਆਉਂ ਕਰਾਂਗਾ।’—ਯੋਏਲ 3:12.
1. ਯੋਏਲ “ਨਬੇੜੇ ਦੀ ਖੱਡ’ ਵਿਚ ਭੀੜਾਂ ਕਿਉਂ ਇਕੱਠੀਆਂ ਹੋਈਆਂ ਦੇਖਦਾ ਹੈ?
“ਨਬੇੜੇ ਦੀ ਖੱਡ ਵਿੱਚ ਭੀੜਾਂ ਦੀਆਂ ਭੀੜਾਂ!” ਅਸੀਂ ਯੋਏਲ 3:14 ਵਿਚ ਇਨ੍ਹਾਂ ਉਤੇਜਕ ਸ਼ਬਦਾਂ ਨੂੰ ਪੜ੍ਹਦੇ ਹਾਂ। ਇਹ ਭੀੜਾਂ ਕਿਉਂ ਇਕੱਠੀਆਂ ਹੋਈਆਂ ਹਨ? ਯੋਏਲ ਜਵਾਬ ਦਿੰਦਾ ਹੈ: “ਯਹੋਵਾਹ ਦਾ ਦਿਨ ਨੇੜੇ ਹੈ!” ਇਹ ਯਹੋਵਾਹ ਦੇ ਦੋਸ਼-ਨਿਵਾਰਣ ਦਾ ਮਹਾਨ ਦਿਨ ਹੈ—ਉਨ੍ਹਾਂ ਭੀੜਾਂ ਉੱਤੇ ਨਿਆਉਂ ਪੂਰਾ ਕਰਨ ਦਾ ਦਿਨ ਜਿਨ੍ਹਾਂ ਨੇ ਮਸੀਹ ਯਿਸੂ ਅਧੀਨ ਪਰਮੇਸ਼ੁਰ ਦੇ ਸਥਾਪਿਤ ਰਾਜ ਨੂੰ ਰੱਦ ਕੀਤਾ ਹੈ। ਅਖ਼ੀਰ ਵਿਚ, ਪਰਕਾਸ਼ ਦੀ ਪੋਥੀ ਅਧਿਆਇ 7 ਦੇ “ਚਾਰ ਦੂਤ,” ਕੱਸ ਕੇ ਫੜੀਆਂ ਹੋਈਆਂ “ਧਰਤੀ ਦੀਆਂ ਚੌਹਾਂ ਪੌਣਾਂ ਨੂੰ” ਛੱਡਣ ਵਾਲੇ ਹਨ, ਜਿਸ ਦੇ ਕਾਰਨ “ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।”—ਪਰਕਾਸ਼ ਦੀ ਪੋਥੀ 7:1; ਮੱਤੀ 24:21.
2. (ੳ) ਯਹੋਵਾਹ ਦੇ ਨਿਆਉਂ ਦੀ ਪੂਰਤੀ ਦੀ ਜਗ੍ਹਾ ਨੂੰ ਢੁਕਵੇਂ ਤੌਰ ਤੇ “ਯਹੋਸ਼ਾਫਾਟ ਦੀ ਖੱਡ” ਕਿਉਂ ਕਿਹਾ ਗਿਆ ਹੈ? (ਅ) ਹਮਲੇ ਅਧੀਨ ਯਹੋਸ਼ਾਫਾਟ ਨੇ ਕਿਵੇਂ ਢੁਕਵੇਂ ਕਦਮ ਚੁੱਕੇ?
2 ਯੋਏਲ 3:12 ਵਿਚ, ਇਸ ਨਿਆਉਂ ਦੀ ਪੂਰਤੀ ਦੀ ਜਗ੍ਹਾ ਨੂੰ “ਯਹੋਸ਼ਾਫਾਟ ਦੀ ਖੱਡ” ਕਿਹਾ ਗਿਆ ਹੈ। ਢੁਕਵੇਂ ਤੌਰ ਤੇ, ਯਹੂਦਾਹ ਦੇ ਇਤਿਹਾਸ ਵਿਚ ਇਕ ਕਹਿਰ ਦੇ ਸਮੇਂ ਦੌਰਾਨ, ਯਹੋਵਾਹ ਨੇ ਚੰਗੇ ਰਾਜੇ ਯਹੋਸ਼ਾਫਾਟ, ਜਿਸ ਦੇ ਨਾਂ ਦਾ ਅਰਥ ਹੈ “ਯਹੋਵਾਹ ਨਿਆਈ ਹੈ,” ਦੀ ਖ਼ਾਤਰ ਉੱਥੇ ਨਿਆਉਂ ਪੂਰਾ ਕੀਤਾ ਸੀ। ਉਸ ਉੱਤੇ ਵਿਚਾਰ ਕਰਨਾ ਜੋ ਉਸ ਸਮੇਂ ਵਾਪਰਿਆ ਸੀ, ਸਾਡੇ ਸਮੇਂ ਵਿਚ ਜਲਦੀ ਵਾਪਰਨ ਵਾਲੀਆਂ ਘਟਨਾਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿਚ ਸਾਡੀ ਮਦਦ ਕਰੇਗਾ। ਇਹ ਰਿਕਾਰਡ 2 ਇਤਹਾਸ ਅਧਿਆਇ 20 ਵਿਚ ਪਾਇਆ ਜਾਂਦਾ ਹੈ। ਉਸ ਅਧਿਆਇ ਦੀ ਆਇਤ 1 ਵਿਚ, ਅਸੀਂ ਪੜ੍ਹਦੇ ਹਾਂ ਕਿ “ਮੋਆਬੀ ਅਤੇ ਅੰਮੋਨੀ ਅਤੇ ਉਨ੍ਹਾਂ ਨਾਲ ਕਈ ਹੋਰ ਅੰਮੋਨੀਆਂ ਤੋਂ ਛੁੱਟ ਯਹੋਸ਼ਾਫ਼ਾਟ ਦੇ ਨਾਲ ਲੜਨ ਲਈ ਆਏ।” ਯਹੋਸ਼ਾਫਾਟ ਨੇ ਕੀ ਕੀਤਾ? ਉਸ ਨੇ ਉਹੀ ਕੀਤਾ ਜੋ ਯਹੋਵਾਹ ਦੇ ਵਫ਼ਾਦਾਰ ਸੇਵਕ ਸੰਕਟ ਵਿਚ ਹਮੇਸ਼ਾ ਕਰਦੇ ਹਨ। ਉਸ ਨੇ ਅਗਵਾਈ ਲਈ ਯਹੋਵਾਹ ਵੱਲ ਮੁੜ ਕੇ ਦਿਲੋਂ ਪ੍ਰਾਰਥਨਾ ਕੀਤੀ: “ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਨ੍ਹਾਂ ਦਾ ਨਿਆਉਂ ਨਹੀਂ ਕਰੇਂਗਾ? ਕਿਉਂ ਜੋ ਉਸ ਵੱਡੇ ਦੱਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁੱਝ ਤਾਕਤ ਨਹੀਂ ਅਤੇ ਨਾ ਅਸੀਂ ਏਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ।”—2 ਇਤਹਾਸ 20:12.
ਯਹੋਵਾਹ ਪ੍ਰਾਰਥਨਾ ਦਾ ਜਵਾਬ ਦਿੰਦਾ ਹੈ
3. ਯਹੋਵਾਹ ਨੇ ਯਹੂਦਾਹ ਨੂੰ ਕਿਹੜੀਆਂ ਹਿਦਾਇਤਾਂ ਦਿੱਤੀਆਂ ਜਦੋਂ ਉਨ੍ਹਾਂ ਨੇ ਗੁਆਂਢੀ ਕੌਮਾਂ ਦੇ ਹਮਲੇ ਦਾ ਸਾਮ੍ਹਣਾ ਕੀਤਾ?
3 ਜਦੋਂ “ਸਾਰੇ ਯਹੂਦੀ ਯਹੋਵਾਹ ਦੇ ਅੱਗੇ ਸਣੇ ਬੱਚਿਆਂ, ਤੀਵੀਆਂ ਅਤੇ ਪੁੱਤ੍ਰਾਂ ਦੇ ਖਲੋਤੇ ਰਹੇ,” ਉਦੋਂ ਯਹੋਵਾਹ ਨੇ ਆਪਣਾ ਜਵਾਬ ਦਿੱਤਾ। (2 ਇਤਹਾਸ 20:13) ਠੀਕ ਜਿਵੇਂ ਉਹ ਅੱਜ “ਮਾਤਬਰ ਅਤੇ ਬੁੱਧਵਾਨ ਨੌਕਰ” ਦਾ ਪ੍ਰਯੋਗ ਕਰਦਾ ਹੈ, ਉਸੇ ਤਰ੍ਹਾਂ ਪ੍ਰਾਰਥਨਾ ਦੇ ਮਹਾਨ ਸੁਣਨ ਵਾਲੇ ਨੇ ਉਨ੍ਹਾਂ ਇਕੱਠੇ ਹੋਏ ਲੋਕਾਂ ਨੂੰ ਆਪਣਾ ਜਵਾਬ ਦੇਣ ਲਈ ਲੇਵੀ ਨਬੀ ਯਹਜ਼ੀਏਲ ਨੂੰ ਸਮਰਥਾ ਦਿੱਤੀ। (ਮੱਤੀ 24:45) ਅਸੀਂ ਪੜ੍ਹਦੇ ਹਾਂ: “ਯਹੋਵਾਹ ਤੁਹਾਨੂੰ ਐਉਂ ਆਖਦਾ ਹੈ ਕਿ ਤੁਸੀਂ ਏਸ ਵੱਡੇ ਦਲ ਦੇ ਕਾਰਨ ਨਾ ਡਰੋ, ਨਾ ਘਾਬਰੋ! ਕਿਉਂ ਜੋ ਏਹ ਲੜਾਈ ਤੁਹਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਹੈ। . . . ਤੁਹਾਨੂੰ ਏਸ ਥਾਂ ਲੜਨਾ ਨਹੀਂ ਪਵੇਗਾ, . . . ਤੁਸੀਂ ਪਾਲ ਬੰਨ੍ਹ ਕੇ ਚੁੱਪ ਚਾਪ ਖਲੋਤੇ ਰਹਿਣਾ ਅਤੇ ਯਹੋਵਾਹ ਦਾ ਬਚਾਓ ਜਿਹੜਾ ਤੁਹਾਡੇ ਲਈ ਹੈ ਵੇਖਣਾ! ਨਾ ਡਰੋ, ਨਾ ਘਾਬਰੋ। ਕਲ ਉਨ੍ਹਾਂ ਦੇ ਟਾਕਰੇ ਲਈ ਚੱਲਣਾ ਕਿਉਂ ਜੋ ਯਹੋਵਾਹ ਤੁਹਾਡੇ ਅੰਗ ਸੰਗ ਹੈ।”—2 ਇਤਹਾਸ 20:15-17.
4. ਯਹੋਵਾਹ ਨੇ ਕਿਸ ਤਰੀਕੇ ਨਾਲ ਆਪਣੇ ਲੋਕਾਂ ਤੋਂ ਮੰਗ ਕੀਤੀ ਕਿ ਉਹ ਵੈਰੀ ਦੀ ਵੰਗਾਰ ਦਾ ਜਵਾਬ ਦਿੰਦੇ ਸਮੇਂ ਢਿੱਲੇ ਹੋਣ ਦੀ ਬਜਾਇ ਸਰਗਰਮ ਹੋਣ?
4 ਯਹੋਵਾਹ ਨੇ ਯਹੋਸ਼ਾਫਾਟ ਅਤੇ ਉਸ ਦੇ ਲੋਕਾਂ ਤੋਂ ਬੇਕਾਰ ਬਹਿ ਕੇ ਚਮਤਕਾਰੀ ਮੁਕਤੀ ਦੀ ਉਡੀਕ ਕਰਨ ਤੋਂ ਜ਼ਿਆਦਾ ਕੁਝ ਕਰਨ ਦੀ ਮੰਗ ਕੀਤੀ। ਉਨ੍ਹਾਂ ਨੂੰ ਵੈਰੀ ਦੀ ਵੰਗਾਰ ਦਾ ਜਵਾਬ ਦੇਣ ਲਈ ਪਹਿਲ ਕਰਨੀ ਸੀ। ਆਗਿਆ ਦੀ ਪਾਲਣਾ ਕਰਦੇ ਹੋਏ, ਰਾਜੇ ਨੇ ਅਤੇ ‘ਸਾਰੇ ਯਹੂਦੀਆਂ ਅਤੇ ਉਨ੍ਹਾਂ ਦੇ ਬੱਚਿਆਂ, ਤੀਵੀਆਂ ਅਤੇ ਪੁੱਤ੍ਰਾਂ’ ਨੇ ਸਵੇਰੇ ਜਲਦੀ ਉੱਠ ਕੇ ਹਮਲਾ ਕਰਨ ਵਾਲੇ ਲਸ਼ਕਰ ਦਾ ਸਾਮ੍ਹਣਾ ਕਰਨ ਲਈ ਨਿਕਲਣ ਦੁਆਰਾ ਮਜ਼ਬੂਤ ਨਿਹਚਾ ਦਿਖਾਈ। ਰਾਹ ਵਿਚ, ਰਾਜੇ ਨੇ ਲਗਾਤਾਰ ਈਸ਼ਵਰੀ ਹਿਦਾਇਤ ਅਤੇ ਉਤਸ਼ਾਹ ਦਿੰਦੇ ਹੋਏ, ਉਨ੍ਹਾਂ ਨੂੰ ਤਾਕੀਦ ਕੀਤੀ: “ਆਪਣੇ ਪਰਮੇਸ਼ੁਰ ਯਹੋਵਾਹ ਦੇ ਉੱਤੇ ਭਰੋਸਾ ਰੱਖੋ ਤਾਂ ਤੁਸੀਂ ਕਾਇਮ ਰਹੋਗੇ। ਉਸ ਦੇ ਨਬੀਆਂ ਉੱਤੇ ਵਿਸ਼ਵਾਸ ਕਰੋ ਤਾਂ ਤੁਸੀਂ ਸਫਲ ਹੋਵੋਗੇ।” (2 ਇਤਹਾਸ 20:20) ਯਹੋਵਾਹ ਵਿਚ ਨਿਹਚਾ! ਉਸ ਦੇ ਨਬੀਆਂ ਵਿਚ ਨਿਹਚਾ! ਇਹੀ ਸਫ਼ਲਤਾ ਦਾ ਰਾਜ਼ ਸੀ। ਉਸੇ ਤਰ੍ਹਾਂ ਅੱਜ, ਜਿਉਂ-ਜਿਉਂ ਅਸੀਂ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿੰਦੇ ਹਾਂ, ਆਓ ਅਸੀਂ ਕਦੀ ਵੀ ਸ਼ੱਕ ਨਾ ਕਰੀਏ ਕਿ ਉਹ ਸਾਡੀ ਨਿਹਚਾ ਨੂੰ ਜਿਤਾਵੇਗਾ!
5. ਅੱਜ ਯਹੋਵਾਹ ਦੇ ਗਵਾਹ ਯਹੋਵਾਹ ਦੀ ਮਹਿਮਾ ਕਰਦੇ ਹੋਏ ਕਿਵੇਂ ਸਰਗਰਮ ਹਨ?
5 ਯਹੋਸ਼ਾਫਾਟ ਦੇ ਦਿਨਾਂ ਦੇ ਯਹੂਦੀਆਂ ਵਾਂਗ, ਸਾਨੂੰ ਵੀ ‘ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ, ਉਹ ਦੀ ਦਯਾ ਜੋ ਸਦਾ ਦੀ ਹੈ।’ ਅਸੀਂ ਇਹ ਧੰਨਵਾਦ ਜਾਂ ਉਸਤਤ ਕਿਵੇਂ ਕਰਦੇ ਹਾਂ? ਆਪਣੇ ਜੋਸ਼ੀਲੇ ਰਾਜ ਪ੍ਰਚਾਰ ਦੁਆਰਾ! ਜਿਵੇਂ ਯਹੂਦੀ “ਗਾਉਣ ਅਤੇ ਉਸਤਤ ਕਰਨ ਲੱਗੇ,” ਉਸੇ ਤਰ੍ਹਾਂ ਅਸੀਂ ਵੀ ਆਪਣੀ ਨਿਹਚਾ ਅਨੁਸਾਰ ਕੰਮ ਕਰਦੇ ਹਾਂ। (2 ਇਤਹਾਸ 20:21, 22) ਜੀ ਹਾਂ, ਜਿਉਂ-ਜਿਉਂ ਯਹੋਵਾਹ ਆਪਣੇ ਵੈਰੀਆਂ ਵਿਰੁੱਧ ਕਾਰਵਾਈ ਕਰਨ ਲਈ ਤਿਆਰ ਹੁੰਦਾ ਹੈ, ਆਓ ਅਸੀਂ ਵੀ ਸੱਚੀ ਨਿਹਚਾ ਦਿਖਾਈਏ! ਰਾਹ ਭਾਵੇਂ ਲੰਬਾ ਲੱਗੇ, ਪਰੰਤੂ ਆਓ ਅਸੀਂ ਸਹਿਣ ਕਰਨ, ਅਤੇ ਨਿਹਚਾ ਵਿਚ ਸਰਗਰਮ ਰਹਿਣ ਦਾ ਦ੍ਰਿੜ੍ਹ ਇਰਾਦਾ ਕਰੀਏ, ਜਿਵੇਂ ਕਿ ਅੱਜ ਉਸ ਦੇ ਜੇਤੂ ਲੋਕ ਧਰਤੀ ਦੇ ਗੜਬੜੀ ਭਰੇ ਇਲਾਕਿਆਂ ਵਿਚ ਕਰ ਰਹੇ ਹਨ। ਕੁਝ ਦੇਸ਼ਾਂ ਵਿਚ ਜਿੱਥੇ ਸਖ਼ਤ ਸਤਾਹਟ, ਹਿੰਸਾ, ਕਾਲ, ਅਤੇ ਔਖੀਆਂ ਆਰਥਿਕ ਹਾਲਤਾਂ ਹਨ, ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਮਾਅਰਕੇ ਦੇ ਨਤੀਜੇ ਪ੍ਰਾਪਤ ਕਰ ਰਹੇ ਹਨ, ਜਿਵੇਂ ਕਿ 1998 ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ) ਰਿਪੋਰਟ ਕਰਦੀ ਹੈ।
ਯਹੋਵਾਹ ਆਪਣੇ ਲੋਕਾਂ ਨੂੰ ਬਚਾਉਂਦਾ ਹੈ
6. ਅੱਜ ਪੱਕੀ ਨਿਹਚਾ ਨਿਸ਼ਠਾਵਾਨ ਰਹਿਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ?
6 ਯਹੂਦਾਹ ਦੇ ਆਲੇ-ਦੁਆਲੇ ਦੀਆਂ ਅਧਰਮੀ ਕੌਮਾਂ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਮਿਸਾਲੀ ਨਿਹਚਾ ਨਾਲ ਯਹੋਵਾਹ ਦੇ ਸੇਵਕਾਂ ਨੇ ਜਵਾਬ ਵਜੋਂ ਉਸ ਦੀ ਮਹਿਮਾ ਦੇ ਗੀਤ ਗਾਏ। ਅਸੀਂ ਵੀ ਅੱਜ ਸਮਾਨ ਨਿਹਚਾ ਦਿਖਾ ਸਕਦੇ ਹਾਂ। ਆਪਣੀਆਂ ਜ਼ਿੰਦਗੀਆਂ ਨੂੰ ਯਹੋਵਾਹ ਨੂੰ ਮਹਿਮਾ ਦੇਣ ਵਾਲੇ ਕੰਮਾਂ ਨਾਲ ਭਰ ਕੇ, ਅਸੀਂ ਆਪਣੇ ਅਧਿਆਤਮਿਕ ਸ਼ਸਤਰ-ਬਸਤਰ ਮਜ਼ਬੂਤ ਕਰਦੇ ਹਾਂ, ਅਤੇ ਇਸ ਤਰ੍ਹਾਂ ਅਸੀਂ ਸ਼ਤਾਨ ਦੀਆਂ ਚਲਾਕ ਜੁਗਤੀਆਂ ਨੂੰ ਸਫ਼ਲ ਹੋਣ ਦਾ ਮੌਕਾ ਨਹੀਂ ਦਿੰਦੇ। (ਅਫ਼ਸੀਆਂ 6:11) ਘਟੀਆ ਮਨੋਰੰਜਨ, ਭੌਤਿਕਵਾਦ, ਅਤੇ ਉਦਾਸੀਨਤਾ ਸਾਡੇ ਆਲੇ-ਦੁਆਲੇ ਦੇ ਮਰ ਰਹੇ ਸੰਸਾਰ ਦੀਆਂ ਵਿਸ਼ੇਸ਼ਤਾਵਾਂ ਹਨ। ਪੱਕੀ ਨਿਹਚਾ ਇਨ੍ਹਾਂ ਵੱਲ ਖਿੱਚੇ ਜਾਣ ਦੇ ਪਰਤਾਵੇ ਨੂੰ ਕੁਚਲ ਦੇਵੇਗੀ। ਇਹ ਅਜਿੱਤ ਨਿਹਚਾ “ਮਾਤਬਰ ਅਤੇ ਬੁੱਧਵਾਨ ਨੌਕਰ” ਨਾਲ ਮਿਲ ਕੇ ਨਿਸ਼ਠਾ ਨਾਲ ਸੇਵਾ ਕਰਦੇ ਰਹਿਣ ਵਿਚ ਸਾਡੀ ਮਦਦ ਕਰੇਗੀ ਜਿਉਂ-ਜਿਉਂ ਅਸੀਂ “ਵੇਲੇ ਸਿਰ” ਮੁਹੱਈਆ ਕੀਤੇ ਗਏ ਅਧਿਆਤਮਿਕ ਭੋਜਨ ਦੁਆਰਾ ਤਕੜੇ ਕੀਤੇ ਜਾਂਦੇ ਹਾਂ।—ਮੱਤੀ 24:45.
7. ਯਹੋਵਾਹ ਦੇ ਗਵਾਹਾਂ ਨੇ ਆਪਣੇ ਉੱਤੇ ਹੋਏ ਵਿਭਿੰਨ ਹਮਲਿਆਂ ਵਿਰੁੱਧ ਕੀ ਕੀਤਾ ਹੈ?
7 ਸਾਡੀ ਬਾਈਬਲ-ਆਧਾਰਿਤ ਨਿਹਚਾ ਸਾਨੂੰ ਮੱਤੀ 24:48-51 ਦੇ “ਦੁਸ਼ਟ ਨੌਕਰ” ਵਰਗੀ ਆਤਮਾ ਦਿਖਾਉਣ ਵਾਲਿਆਂ ਦੁਆਰਾ ਭੜਕਾਈ ਗਈ ਨਫ਼ਰਤ ਦੀਆਂ ਮੁਹਿੰਮਾਂ ਦੇ ਵਿਰੁੱਧ ਦ੍ਰਿੜ੍ਹ ਰਹਿਣ ਲਈ ਮਜ਼ਬੂਤ ਕਰੇਗੀ। ਇਸ ਭਵਿੱਖਬਾਣੀ ਨੂੰ ਅਸਚਰਜ ਤਰੀਕੇ ਨਾਲ ਪੂਰਾ ਕਰਦੇ ਹੋਏ, ਅੱਜ ਧਰਮ-ਤਿਆਗੀ ਬਹੁਤ ਸਾਰੇ ਦੇਸ਼ਾਂ ਵਿਚ ਝੂਠ ਅਤੇ ਪ੍ਰਾਪੇਗੰਡੇ ਦੇ ਬੀ ਬੀਜ ਰਹੇ ਹਨ, ਇੱਥੋਂ ਤਕ ਕਿ ਉਹ ਕੌਮਾਂ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਸਾਜ਼ਸ਼ਾਂ ਵੀ ਰਚਦੇ ਹਨ। ਜਿੱਥੇ ਉਚਿਤ ਸੀ, ਉੱਥੇ ਯਹੋਵਾਹ ਦੇ ਗਵਾਹਾਂ ਨੇ ਫ਼ਿਲਿੱਪੀਆਂ 1:7 ਦੇ ਵਰਣਨ ਅਨੁਸਾਰ “ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ” ਦੁਆਰਾ ਕਦਮ ਚੁੱਕੇ ਹਨ। ਉਦਾਹਰਣ ਲਈ, ਸਤੰਬਰ 26, 1996 ਨੂੰ, ਯੂਨਾਨ ਦੇ ਇਕ ਮੁਕੱਦਮੇ ਵਿਚ, ਸਟ੍ਰਾਸਬੁਰਗ ਵਿਚ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਦੇ ਸਾਰੇ ਨੌਂ ਜੱਜਾਂ ਨੇ ਸਹਿਮਤੀ ਨਾਲ ਮੁੜ ਪੁਸ਼ਟੀ ਕੀਤੀ ਕਿ “ਯਹੋਵਾਹ ਦੇ ਗਵਾਹ ‘ਜਾਣੇ-ਪਛਾਣੇ ਧਰਮ’ ਦੇ ਦਰਜੇ ਤੇ ਹਨ,” ਜਿਨ੍ਹਾਂ ਨੂੰ ਵਿਚਾਰਾਂ, ਅੰਤਹਕਰਣ, ਅਤੇ ਵਿਸ਼ਵਾਸਾਂ ਦੀ ਆਜ਼ਾਦੀ ਦਾ ਹੱਕ ਹੈ, ਅਤੇ ਜੋ ਆਪਣੀ ਨਿਹਚਾ ਦਾ ਪ੍ਰਚਾਰ ਕਰਨ ਦੇ ਵੀ ਹੱਕਦਾਰ ਹਨ। ਧਰਮ-ਤਿਆਗੀਆਂ ਬਾਰੇ ਪਰਮੇਸ਼ੁਰ ਦਾ ਨਿਆਉਂ ਬਿਆਨ ਕਰਦਾ ਹੈ: “ਇਹ ਸੱਚੀ ਕਹਾਉਤ ਉਨ੍ਹਾਂ ਉੱਤੇ ਠੀਕ ਬਹਿੰਦੀ ਹੈ ਭਈ ਕੁੱਤਾ ਆਪਣੀ ਉੱਪਰ ਛਲ ਵੱਲ ਮੁੜਿਆ ਅਤੇ ਨੁਲ੍ਹਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਮੁੜ ਗਈ।”—2 ਪਤਰਸ 2:22.
8. ਯਹੋਸ਼ਾਫਾਟ ਦੇ ਦਿਨਾਂ ਵਿਚ, ਯਹੋਵਾਹ ਨੇ ਆਪਣੇ ਲੋਕਾਂ ਦੇ ਵੈਰੀਆਂ ਵਿਰੁੱਧ ਕਿਵੇਂ ਨਿਆਉਂ ਪੂਰਾ ਕੀਤਾ ਸੀ?
8 ਯਹੋਸ਼ਾਫਾਟ ਦੇ ਦਿਨਾਂ ਵਿਚ, ਯਹੋਵਾਹ ਨੇ ਉਨ੍ਹਾਂ ਦੇ ਵਿਰੁੱਧ ਆਪਣਾ ਨਿਆਉਂ ਪੂਰਾ ਕੀਤਾ ਜੋ ਉਸ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। ਅਸੀਂ ਪੜ੍ਹਦੇ ਹਾਂ: “ਯਹੋਵਾਹ ਨੇ ਅੰਮੋਨੀਆਂ ਅਤੇ ਮੋਆਬੀਆਂ ਅਤੇ ਸਈਰ ਪਰਬਤ ਦੇ ਵਸਨੀਕਾਂ ਉੱਤੇ ਜਿਹੜੇ ਯਹੂਦਾਹ ਉੱਤੇ ਚੜ੍ਹੇ ਆਉਂਦੇ ਸਨ ਛਹਿ ਵਾਲਿਆਂ ਨੂੰ ਬਿਠਾ ਦਿੱਤਾ ਸੋ ਓਹ ਮਾਰੇ ਗਏ। ਕਿਉਂ ਜੋ ਅੰਮੋਨੀ ਅਤੇ ਮੋਆਬੀ ਸਈਰ ਦੇ ਵਸਨੀਕਾਂ ਦੇ ਟਾਕਰੇ ਵਿੱਚ ਖਲੋ ਗਏ ਤਾਂ ਜੋ ਉਨ੍ਹਾਂ ਨੂੰ ਕਤਲ ਕਰ ਕੇ ਮੇਟ ਦੇਣ ਅਤੇ ਜਦ ਓਹ ਸਈਰ ਦੇ ਵਸਨੀਕਾਂ ਨੂੰ ਮੁਕਾ ਚੁੱਕੇ ਤਾਂ ਓਹ ਆਪਸ ਵਿੱਚ ਇੱਕ ਦੂਜੇ ਨੂੰ ਵੱਢਣ ਲੱਗ ਪਏ।” (2 ਇਤਹਾਸ 20:22, 23) ਯਹੂਦੀਆਂ ਨੇ ਉਸ ਜਗ੍ਹਾ ਦਾ ਨਾਂ ਬਰਾਕਾਹ ਦੀ ਵਾਦੀ ਰੱਖਿਆ, ਅਤੇ ਬਰਾਕਾਹ ਦਾ ਅਰਥ ਹੈ “ਬਰਕਤ।” ਆਧੁਨਿਕ ਸਮਿਆਂ ਵਿਚ ਵੀ, ਆਪਣੇ ਵੈਰੀਆਂ ਉੱਤੇ ਯਹੋਵਾਹ ਦੇ ਨਿਆਉਂ ਦੇ ਕਾਰਨ ਉਸ ਦੇ ਲੋਕਾਂ ਨੂੰ ਵੱਡੀਆਂ ਬਰਕਤਾਂ ਮਿਲਣਗੀਆਂ।
9, 10. ਕਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਪ੍ਰਤਿਕੂਲ ਨਿਆਉਂ ਦੇ ਯੋਗ ਦਿਖਾਇਆ ਹੈ?
9 ਅਸੀਂ ਸ਼ਾਇਦ ਪੁੱਛੀਏ, ਆਧੁਨਿਕ ਸਮਿਆਂ ਵਿਚ ਯਹੋਵਾਹ ਕਿਨ੍ਹਾਂ ਦਾ ਪ੍ਰਤਿਕੂਲ ਨਿਆਉਂ ਕਰੇਗਾ? ਇਸ ਸਵਾਲ ਦੇ ਜਵਾਬ ਲਈ, ਸਾਨੂੰ ਯੋਏਲ ਦੀ ਭਵਿੱਖਬਾਣੀ ਵੱਲ ਦੁਬਾਰਾ ਮੁੜਨਾ ਪਵੇਗਾ। ਯੋਏਲ 3:3 ਉਸ ਦੇ ਲੋਕਾਂ ਦੇ ਵੈਰੀਆਂ ਬਾਰੇ ਦੱਸਦਾ ਹੈ ਜਿਨ੍ਹਾਂ ਨੇ “ਇੱਕ ਮੁੰਡਾ ਬੇਸਵਾ ਦੇ ਵੱਟੇ ਵਿੱਚ ਦੇ ਦਿੱਤਾ ਅਤੇ ਇੱਕ ਕੁੜੀ ਮੈ ਲਈ ਵੇਚੀ।” ਜੀ ਹਾਂ, ਉਹ ਪਰਮੇਸ਼ੁਰ ਦੇ ਸੇਵਕਾਂ ਨੂੰ ਆਪਣੇ ਆਪ ਤੋਂ ਘਟੀਆ ਸਮਝਦੇ ਹਨ, ਉਨ੍ਹਾਂ ਦੇ ਬੱਚਿਆਂ ਦੀ ਕੀਮਤ ਨੂੰ ਵੇਸਵਾ ਜਾਂ ਮੈ ਦੇ ਇਕ ਪਿਆਲੇ ਦੀ ਕੀਮਤ ਜਿੰਨੀ ਸਮਝਦੇ ਹਨ। ਉਨ੍ਹਾਂ ਨੂੰ ਇਸ ਦਾ ਲੇਖਾ ਦੇਣਾ ਪਵੇਗਾ।
10 ਅਧਿਆਤਮਿਕ ਵਿਭਚਾਰ ਕਰਨ ਵਾਲੇ ਵੀ ਸਮਾਨ ਨਿਆਉਂ ਦੇ ਯੋਗ ਹਨ। (ਪਰਕਾਸ਼ ਦੀ ਪੋਥੀ 17:3-6) ਅਤੇ ਖ਼ਾਸ ਕਰਕੇ ਉਹ ਲੋਕ ਨਿੰਦਣਯੋਗ ਹਨ ਜੋ ਯਹੋਵਾਹ ਦੇ ਗਵਾਹਾਂ ਨੂੰ ਸਤਾਉਣ ਲਈ ਅਤੇ ਉਨ੍ਹਾਂ ਦੇ ਕੰਮਾਂ ਨੂੰ ਰੋਕਣ ਲਈ ਰਾਜਨੀਤਿਕ ਸ਼ਕਤੀਆਂ ਨੂੰ ਭੜਕਾਉਂਦੇ ਹਨ, ਜਿਵੇਂ ਕਿ ਹਾਲ ਹੀ ਦੇ ਸਮੇਂ ਵਿਚ ਪੂਰਬੀ ਯੂਰਪ ਵਿਚ ਭੀੜ ਭੜਕਾਉਣ ਵਾਲੇ ਕੁਝ ਧਾਰਮਿਕ ਆਗੂ ਕਰਦੇ ਆਏ ਹਨ। ਯਹੋਵਾਹ ਇਨ੍ਹਾਂ ਅਤਿਆਚਾਰੀ ਕਾਮਿਆਂ ਵਿਰੁੱਧ ਕਾਰਵਾਈ ਕਰਨ ਦੇ ਆਪਣੇ ਦ੍ਰਿੜ੍ਹ ਇਰਾਦੇ ਨੂੰ ਪ੍ਰਗਟ ਕਰਦਾ ਹੈ।—ਯੋਏਲ 3:4-8.
“ਲੜਾਈ ਦੀ ਤਿਆਰੀ ਕਰੋ”
11. ਯਹੋਵਾਹ ਆਪਣੇ ਵੈਰੀਆਂ ਨੂੰ ਯੁੱਧ ਲਈ ਕਿਵੇਂ ਵੰਗਾਰਦਾ ਹੈ?
11 ਅੱਗੇ, ਯਹੋਵਾਹ ਆਪਣੇ ਲੋਕਾਂ ਨੂੰ ਕੌਮਾਂ ਨੂੰ ਵੰਗਾਰਨ ਲਈ ਕਹਿੰਦਾ ਹੈ: “ਲੜਾਈ ਦੀ ਤਿਆਰੀ ਕਰੋ, ਸੂਰਮਿਆਂ ਨੂੰ ਪਰੇਰੋ, ਭਈ ਸਾਰੇ ਜੋਧੇ ਨੇੜੇ ਆਉਣ, ਓਹ ਉਤਾਹਾਂ ਆਉਣ!” (ਯੋਏਲ 3:9) ਇਹ ਇਕ ਅਨੋਖੇ ਯੁੱਧ ਦਾ ਐਲਾਨ ਹੈ, ਯਾਨੀ ਕਿ ਧਰਮੀ ਯੁੱਧ। ਯਹੋਵਾਹ ਦੇ ਨਿਸ਼ਠਾਵਾਨ ਗਵਾਹ ਝੂਠੇ ਪ੍ਰਾਪੇਗੰਡੇ ਦਾ ਜਵਾਬ ਦੇਣ, ਅਤੇ ਸੱਚਾਈ ਨਾਲ ਝੂਠ ਦਾ ਵਿਰੋਧ ਕਰਨ ਲਈ ਅਧਿਆਤਮਿਕ ਸ਼ਸਤਰ-ਬਸਤਰ ਉੱਤੇ ਭਰੋਸਾ ਰੱਖਦੇ ਹਨ। (2 ਕੁਰਿੰਥੀਆਂ 10:4; ਅਫ਼ਸੀਆਂ 6:17) ਜਲਦੀ ਹੀ, ਪਰਮੇਸ਼ੁਰ ‘ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਵੱਡੇ ਦਿਹਾੜੇ ਦੇ ਜੁੱਧ’ ਸ਼ੁਰੂ ਕਰਨ ਦਾ ਹੁਕਮ ਦੇਵੇਗਾ। (ਪਰਕਾਸ਼ ਦੀ ਪੋਥੀ 16:14) ਇਹ ਪਰਮੇਸ਼ੁਰ ਦੀ ਸਰਬਸੱਤਾ ਦੇ ਸਾਰੇ ਵਿਰੋਧੀਆਂ ਨੂੰ ਧਰਤੀ ਤੋਂ ਖ਼ਤਮ ਕਰ ਦੇਵੇਗਾ। ਧਰਤੀ ਉੱਤੇ ਉਸ ਦੇ ਲੋਕ ਇਸ ਵਿਚ ਸਰੀਰਕ ਤੌਰ ਤੇ ਕੋਈ ਹਿੱਸਾ ਨਹੀਂ ਲੈਣਗੇ। ਅਸਲ ਵਿਚ ਅਤੇ ਲਾਖਣਿਕ ਤੌਰ ਤੇ, ਉਨ੍ਹਾਂ ਨੇ ‘ਤਲਵਾਰਾਂ ਨੂੰ ਕੁੱਟ ਕੇ ਫਾਲੇ ਅਤੇ ਆਪਣੇ ਬਰਛਿਆਂ ਨੂੰ ਦਾਤ’ ਬਣਾ ਲਿਆ ਹੈ। (ਯਸਾਯਾਹ 2:4) ਪਰੰਤੂ, ਯਹੋਵਾਹ ਵਿਰੋਧੀ ਕੌਮਾਂ ਨੂੰ ਇਸ ਦੇ ਉਲਟ ਕਰਨ ਲਈ ਕਹਿੰਦਾ ਹੈ: “ਤੁਸੀਂ ਆਪਣਿਆਂ ਫਾਲਿਆਂ ਨੂੰ ਕੁੱਟ ਕੇ ਤਲਵਾਰਾਂ, ਅਤੇ ਆਪਣਿਆਂ ਦਾਤਾਂ ਨੂੰ ਬਰਛੀਆਂ ਬਣਾਓ।” (ਯੋਏਲ 3:10) ਉਹ ਉਨ੍ਹਾਂ ਨੂੰ ਆਪਣੇ ਆਧੁਨਿਕ ਹਥਿਆਰਾਂ ਦੇ ਪੂਰੇ ਭੰਡਾਰ ਨੂੰ ਯੁੱਧ ਵਿਚ ਵਰਤਣ ਲਈ ਸੱਦਾ ਦਿੰਦਾ ਹੈ। ਪਰੰਤੂ ਉਹ ਸਫ਼ਲ ਨਹੀਂ ਹੋ ਸਕਦੇ, ਕਿਉਂਕਿ ਲੜਾਈ ਅਤੇ ਜਿੱਤ ਯਹੋਵਾਹ ਦੀ ਹੈ!
12, 13. (ੳ) ਸੀਤ ਯੁੱਧ ਦੇ ਖ਼ਤਮ ਹੋਣ ਦੇ ਬਾਵਜੂਦ, ਬਹੁਤ ਸਾਰੀਆਂ ਕੌਮਾਂ ਨੇ ਕਿਵੇਂ ਦਿਖਾਇਆ ਹੈ ਕਿ ਉਹ ਅਜੇ ਵੀ ਯੁੱਧ ਨੂੰ ਪਸੰਦ ਕਰਦੀਆਂ ਹਨ? (ਅ) ਕੌਮਾਂ ਕਿਸ ਗੱਲ ਲਈ ਤਿਆਰ ਨਹੀਂ ਹਨ?
12 ਉੱਨੀ ਸੌ ਨੱਬੇ ਦੇ ਦਹਾਕੇ ਦੇ ਸ਼ੁਰੂ ਵਿਚ, ਕੌਮਾਂ ਨੇ ਐਲਾਨ ਕੀਤਾ ਕਿ ਸੀਤ ਯੁੱਧ ਖ਼ਤਮ ਹੋ ਗਿਆ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਕੀ ਸੰਯੁਕਤ ਰਾਸ਼ਟਰ ਨੇ ਸ਼ਾਂਤੀ ਅਤੇ ਸੁਰੱਖਿਆ ਦਾ ਆਪਣਾ ਮੁੱਖ ਟੀਚਾ ਪ੍ਰਾਪਤ ਕਰ ਲਿਆ ਹੈ? ਬਿਲਕੁਲ ਨਹੀਂ। ਬੁਰੁੰਡੀ, ਕਾਂਗੋ ਲੋਕਤੰਤਰੀ ਗਣਰਾਜ, ਇਰਾਕ, ਲਾਈਬੇਰੀਆ, ਰਵਾਂਡਾ, ਸੋਮਾਲੀਆ, ਅਤੇ ਸਾਬਕਾ ਯੁਗੋਸਲਾਵੀਆ ਵਿਚ ਵਾਪਰੀਆਂ ਘਟਨਾਵਾਂ ਸਾਨੂੰ ਕੀ ਦੱਸਦੀਆਂ ਹਨ? ਯਿਰਮਿਯਾਹ 6:14 ਦੇ ਸ਼ਬਦਾਂ ਵਿਚ, ਉਹ ਕਹਿ ਰਹੇ ਹਨ: “ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ।”
13 ਭਾਵੇਂ ਕਿ ਕੁਝ ਥਾਵਾਂ ਤੇ ਸਿੱਧੇ ਤੌਰ ਤੇ ਯੁੱਧ ਖ਼ਤਮ ਹੋ ਗਏ ਹਨ, ਪਰੰਤੂ ਯੂ. ਐੱਨ. ਦੇ ਮੈਂਬਰ ਦੇਸ਼ ਅਜੇ ਵੀ ਯੁੱਧ ਦੇ ਗੁੰਝਲਦਾਰ ਹਥਿਆਰ ਬਣਾਉਣ ਵਿਚ ਇਕ ਦੂਸਰੇ ਨਾਲ ਮੁਕਾਬਲਾ ਕਰ ਰਹੇ ਹਨ। ਕਈਆਂ ਕੋਲ ਅਜੇ ਵੀ ਪਰਮਾਣੂ ਹਥਿਆਰਾਂ ਦੇ ਭੰਡਾਰ ਹਨ। ਦੂਸਰੇ ਵੱਡੀ ਤਬਾਹੀ ਕਰਨ ਵਾਲੇ ਕੈਮਿਕਲ ਅਤੇ ਬੈਕਟੀਰੀਓਲਾਜੀਕਲ ਹਥਿਆਰ ਬਣਾਉਂਦੇ ਹਨ। ਜਿਉਂ-ਜਿਉਂ ਉਹ ਕੌਮਾਂ ਆਰਮਾਗੇਡਨ ਦੇ ਪ੍ਰਤੀਕਾਤਮਕ ਸਥਾਨ ਤੇ ਇਕੱਠੀਆਂ ਹੁੰਦੀਆਂ ਹਨ, ਉਹ ਉਨ੍ਹਾਂ ਨੂੰ ਵੰਗਾਰਦਾ ਹੈ: “ਕਮਜ਼ੋਰ ਆਖੇ, ਮੈਂ ਸੂਰਬੀਰ ਹਾਂ! ਹੇ ਆਲੇ ਦੁਆਲੇ ਦੀਓ ਸਾਰੀਓ ਕੌਮੋ, ਛੇਤੀ ਨਾਲ ਆਓ ਅਤੇ ਇਕੱਠੀਆਂ ਹੋ ਜਾਓ।” ਫਿਰ ਯੋਏਲ ਗੱਲ ਟੋਕਦੇ ਹੋਏ ਬੇਨਤੀ ਕਰਦਾ ਹੈ: “ਹੇ ਯਹੋਵਾਹ, ਉੱਥੇ ਆਪਣੇ ਸੂਰ ਬੀਰਾਂ ਨੂੰ ਉਤਾਰ ਦੇਹ।” (ਟੇਢੇ ਟਾਈਪ ਸਾਡੇ)—ਯੋਏਲ 3:10, 11.
ਯਹੋਵਾਹ ਆਪਣਿਆਂ ਦੀ ਰੱਖਿਆ ਕਰਦਾ ਹੈ
14. ਯਹੋਵਾਹ ਦੇ ਸੂਰਬੀਰ ਕੌਣ ਹਨ?
14 ਯਹੋਵਾਹ ਦੇ ਸੂਰਬੀਰ ਕੌਣ ਹਨ? ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਕੁਝ 280 ਵਾਰ, ਸੱਚੇ ਪਰਮੇਸ਼ੁਰ ਨੂੰ ‘ਸੈਨਾਂ ਦਾ ਯਹੋਵਾਹ’ ਕਿਹਾ ਗਿਆ ਹੈ। (2 ਰਾਜਿਆਂ 3:14) ਇਹ ਸਵਰਗੀ ਦੂਤਾਂ ਦੀਆਂ ਸੈਨਾਵਾਂ ਹਨ ਜੋ ਯਹੋਵਾਹ ਦੀ ਹਰ ਆਗਿਆ ਪੂਰੀ ਕਰਨ ਲਈ ਤਿਆਰ ਖੜ੍ਹੀਆਂ ਰਹਿੰਦੀਆਂ ਹਨ। ਜਦੋਂ ਅਰਾਮੀਆਂ ਨੇ ਅਲੀਸ਼ਾ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਯਹੋਵਾਹ ਨੇ ਅਖ਼ੀਰ ਵਿਚ ਅਲੀਸ਼ਾ ਦੇ ਸੇਵਾਦਾਰ ਦੀਆਂ ਅੱਖਾਂ ਖੋਲ੍ਹੀਆਂ ਤਾਂਕਿ ਉਹ ਦੇਖ ਸਕੇ ਕਿ ਅਰਾਮੀਆਂ ਨੇ ਕਿਉਂ ਸਫ਼ਲ ਨਹੀਂ ਹੋਣਾ ਸੀ: ‘ਅਲੀਸ਼ਾ ਦੇ ਦਵਾਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰਥਾਂ ਨਾਲ ਭਰਿਆ ਹੋਇਆ ਸੀ।’ (2 ਰਾਜਿਆਂ 6:17) ਯਿਸੂ ਨੇ ਕਿਹਾ ਕਿ ਉਹ ਆਪਣੇ ਪਿਤਾ ਨੂੰ “ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ” ਭੇਜਣ ਲਈ ਬੇਨਤੀ ਕਰ ਸਕਦਾ ਸੀ। (ਮੱਤੀ 26:53) ਆਰਮਾਗੇਡਨ ਵਿਚ ਨਿਆਉਂ ਨੂੰ ਪੂਰਾ ਕਰਨ ਲਈ ਘੋੜੇ ਤੇ ਯਿਸੂ ਦੀ ਸਵਾਰੀ ਦਾ ਵਰਣਨ ਕਰਦੇ ਹੋਏ, ਪਰਕਾਸ਼ ਦੀ ਪੋਥੀ ਦੱਸਦੀ ਹੈ: “ਜਿਹੜੀਆਂ ਫੌਜਾਂ ਸੁਰਗ ਵਿੱਚ ਹਨ ਓਹ ਚਿੱਟੇ ਕਤਾਨੀ ਕੱਪੜੇ ਪਹਿਨੀ ਨੁਕਰਿਆਂ ਘੋੜਿਆਂ ਉੱਤੇ ਉਹ ਦੇ ਮਗਰ ਮਗਰ ਆਉਂਦੀਆਂ ਹਨ। ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਭਈ ਓਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਓਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈ ਦੇ ਚੁਬੱਚੇ ਨੂੰ ਲਿਤਾੜਦਾ ਹੈ।” (ਪਰਕਾਸ਼ ਦੀ ਪੋਥੀ 19:14, 15) ਉਸ ਪ੍ਰਤੀਕਾਤਮਕ ਮੈ ਦੇ ਚੁਬੱਚੇ ਦਾ ਵਰਣਨ “ਪਰਮੇਸ਼ੁਰ ਦੇ ਕ੍ਰੋਧ ਦੇ ਵੱਡੇ ਚੁਬੱਚੇ” ਵਜੋਂ ਕੀਤਾ ਗਿਆ ਹੈ।—ਪਰਕਾਸ਼ ਦੀ ਪੋਥੀ 14:17-20.
15. ਯੋਏਲ ਕੌਮਾਂ ਵਿਰੁੱਧ ਯਹੋਵਾਹ ਦੀ ਲੜਾਈ ਦਾ ਵਰਣਨ ਕਿਵੇਂ ਕਰਦਾ ਹੈ?
15 ਤਾਂ ਫਿਰ, ਪਰਮੇਸ਼ੁਰ ਦੇ ਆਪਣੇ ਸੂਰਬੀਰਾਂ ਨੂੰ ਉਤਾਰ ਦੇਣ ਦੀ ਯੋਏਲ ਦੀ ਬੇਨਤੀ ਦਾ ਜਵਾਬ ਯਹੋਵਾਹ ਕਿਸ ਤਰ੍ਹਾਂ ਦਿੰਦਾ ਹੈ? ਇਹ ਜਵਾਬ ਇਨ੍ਹਾਂ ਸਜੀਵ ਸ਼ਬਦਾਂ ਵਿਚ ਹੈ: “ਕੌਮਾਂ ਆਪਣੇ ਆਪ ਨੂੰ ਉਕਸਾਉਣ, ਅਤੇ ਯਹੋਸ਼ਾਫਾਟ ਦੀ ਖੱਡ ਵਿੱਚ ਜਾਣ, ਕਿਉਂ ਜੋ ਮੈਂ ਉੱਥੇ ਬੈਠ ਕੇ ਆਲੇ ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਨਿਆਉਂ ਕਰਾਂਗਾ। ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ। ਆਓ, ਮਿੱਧੋ ਕਿਉਂਕਿ ਚੁਬੱਚਾ ਭਰ ਗਿਆ ਹੈ, ਮੱਟੀ ਉੱਛਲਦੀ ਹੈ, ਕਿਉਂ ਜੋ ਓਹਨਾਂ ਦੀ ਬਦੀ ਵੱਡੀ ਹੈ। ਨਬੇੜੇ ਦੀ ਖੱਡ ਵਿੱਚ ਭੀੜਾਂ ਦੀਆਂ ਭੀੜਾਂ! ਨਬੇੜੇ ਦੀ ਖੱਡ ਵਿੱਚ ਯਹੋਵਾਹ ਦਾ ਦਿਨ ਨੇੜੇ ਹੈ! ਸੂਰਜ ਤੇ ਚੰਦ ਕਾਲੇ ਹੋ ਗਏ ਹਨ, ਤਾਰੇ ਆਪਣੀ ਚਮਕ ਹਟਾਈ ਜਾਂਦੇ ਹਨ! ਯਹੋਵਾਹ ਸੀਯੋਨ ਤੋਂ ਗੱਜੇਗਾ, ਅਤੇ ਯਰੂਸ਼ਲਮ ਤੋਂ ਆਪਣੀ ਅਵਾਜ਼ ਕੱਢੇਗਾ, ਅਕਾਸ਼ ਅਰ ਧਰਤੀ ਕੰਬਣਗੇ।”—ਯੋਏਲ 3:12-16.
16. ਉਨ੍ਹਾਂ ਲੋਕਾਂ ਵਿਚ ਕੌਣ ਸ਼ਾਮਲ ਹੋਣਗੇ ਜਿਨ੍ਹਾਂ ਦੇ ਵਿਰੁੱਧ ਯਹੋਵਾਹ ਨਿਆਉਂ ਪੂਰਾ ਕਰੇਗਾ?
16 ਜਿੰਨਾ ਯਕੀਨੀ ਤੌਰ ਤੇ ਯਹੋਸ਼ਾਫਾਟ ਦੇ ਨਾਂ ਦਾ ਅਰਥ ਹੈ “ਯਹੋਵਾਹ ਨਿਆਈ ਹੈ,” ਉੱਨੇ ਹੀ ਯਕੀਨੀ ਤੌਰ ਤੇ ਪਰਮੇਸ਼ੁਰ, ਯਹੋਵਾਹ, ਆਪਣੀ ਸਰਬਸੱਤਾ ਦਾ ਪੂਰੀ ਤਰ੍ਹਾਂ ਦੋਸ਼-ਨਿਵਾਰਣ ਕਰੇਗਾ ਜਦੋਂ ਉਹ ਨਿਆਉਂ ਪੂਰਾ ਕਰੇਗਾ। ਭਵਿੱਖਬਾਣੀ ਪ੍ਰਤਿਕੂਲ ਨਿਆਉਂ ਪ੍ਰਾਪਤ ਕਰਨ ਵਾਲੇ ਲੋਕਾਂ ਦਾ ਵਰਣਨ “ਨਬੇੜੇ ਦੀ ਖੱਡ ਵਿੱਚ ਭੀੜਾਂ ਦੀਆਂ ਭੀੜਾਂ” ਵਜੋਂ ਕਰਦੀ ਹੈ। ਝੂਠੇ ਧਰਮ ਦੇ ਕੋਈ ਵੀ ਬਚੇ ਹੋਏ ਸਮਰਥਕ ਉਨ੍ਹਾਂ ਭੀੜਾਂ ਵਿਚ ਹੋਣਗੇ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹੋਣਗੇ ਜਿਨ੍ਹਾਂ ਦਾ ਦੂਸਰੇ ਜ਼ਬੂਰ ਵਿਚ ਵਰਣਨ ਕੀਤਾ ਗਿਆ ਹੈ, ਯਾਨੀ ਕਿ ਕੌਮਾਂ, ਉੱਮਤਾਂ, ਧਰਤੀ ਦੇ ਰਾਜੇ, ਅਤੇ ਹਾਕਮ, ਜਿਨ੍ਹਾਂ ਨੇ ‘ਭੈ ਨਾਲ ਯਹੋਵਾਹ ਦੀ ਸੇਵਾ ਕਰਨ’ ਦੀ ਬਜਾਇ ਇਸ ਸੰਸਾਰ ਦੀ ਭ੍ਰਿਸ਼ਟ ਵਿਵਸਥਾ ਨੂੰ ਚੁਣਿਆ ਹੈ। ਇਹ ‘ਪੁੱਤ੍ਰ ਨੂੰ ਚੁੰਮਣ’ ਤੋਂ ਇਨਕਾਰ ਕਰਦੇ ਹਨ। (ਜ਼ਬੂਰ 2:1, 2, 11, 12) ਉਹ ਯਿਸੂ ਨੂੰ ਯਹੋਵਾਹ ਦੇ ਸੰਗੀ ਰਾਜੇ ਵਜੋਂ ਸਵੀਕਾਰ ਨਹੀਂ ਕਰਦੇ। ਇਸ ਤੋਂ ਇਲਾਵਾ, ਵਿਨਾਸ਼ ਲਈ ਠਹਿਰਾਈਆਂ ਗਈਆਂ ਭੀੜਾਂ ਵਿਚ ਉਹ ਸਾਰੇ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਦਾ ਨਿਆਉਂ ਮਹਿਮਾਯੁਕਤ ਰਾਜਾ “ਬੱਕਰੀਆਂ” ਵਜੋਂ ਕਰੇਗਾ। (ਮੱਤੀ 25:33, 41) ਜਦੋਂ ਸਵਰਗੀ ਯਰੂਸ਼ਲਮ ਤੋਂ ਯਹੋਵਾਹ ਦੇ ਗਰਜਣ ਦਾ ਸਮਾਂ ਆਵੇਗਾ, ਉਦੋਂ ਉਸ ਦਾ ਨਿਯੁਕਤ ਰਾਜਿਆਂ ਦਾ ਰਾਜਾ ਇਸ ਨਿਆਉਂ ਨੂੰ ਪੂਰਾ ਕਰਨ ਲਈ ਘੋੜੇ ਤੇ ਸਵਾਰ ਹੋ ਕੇ ਅੱਗੇ ਵਧੇਗਾ। ਆਕਾਸ਼ ਅਤੇ ਧਰਤੀ ਨਿਸ਼ਚੇ ਹੀ ਕੰਬਣਗੇ! ਪਰੰਤੂ, ਸਾਨੂੰ ਭਰੋਸਾ ਦਿੱਤਾ ਜਾਂਦਾ ਹੈ: “ਯਹੋਵਾਹ ਆਪਣੀ ਪਰਜਾ ਲਈ ਓਟ, ਅਤੇ ਇਸਰਾਏਲੀਆਂ ਲਈ ਗੜ੍ਹ ਹੋਵੇਗਾ।”—ਯੋਏਲ 3:16.
17, 18. ਕਿਹੜੇ ਲੋਕਾਂ ਦੀ ਸ਼ਨਾਖਤ ਵੱਡੀ ਬਿਪਤਾ ਵਿੱਚੋਂ ਬਚਣ ਵਾਲਿਆਂ ਵਜੋਂ ਕੀਤੀ ਗਈ ਹੈ, ਅਤੇ ਉਹ ਕਿਨ੍ਹਾਂ ਹਾਲਤਾਂ ਦਾ ਆਨੰਦ ਮਾਣਨਗੇ?
17 ਪਰਕਾਸ਼ ਦੀ ਪੋਥੀ 7:9-17 ਵੱਡੀ ਬਿਪਤਾ ਵਿੱਚੋਂ ਬਚਣ ਵਾਲੇ ਲੋਕਾਂ ਦੀ ਸ਼ਨਾਖਤ “ਇੱਕ ਵੱਡੀ ਭੀੜ” ਵਜੋਂ ਕਰਦੀ ਹੈ। ਇਹ ਉਹ ਲੋਕ ਹਨ ਜੋ ਨਿਹਚਾ ਰੱਖਦੇ ਹਨ ਕਿ ਯਿਸੂ ਦੇ ਖ਼ੂਨ ਵਿਚ ਰਿਹਾਈ-ਕੀਮਤ ਪ੍ਰਦਾਨ ਕਰਨ ਦੀ ਸਮਰਥਾ ਹੈ। ਇਹ ਯਹੋਵਾਹ ਦੇ ਦਿਨ ਤੇ ਸੁਰੱਖਿਆ ਪ੍ਰਾਪਤ ਕਰਦੇ ਹਨ, ਜਦ ਕਿ ਯੋਏਲ ਦੀ ਭਵਿੱਖਬਾਣੀ ਵਿਚ ਜ਼ਿਕਰ ਕੀਤੀਆਂ ਗਈਆਂ ਵੱਡੀਆਂ ਭੀੜਾਂ ਦਾ ਪ੍ਰਤਿਕੂਲ ਨਿਆਉਂ ਕੀਤਾ ਜਾਂਦਾ ਹੈ। ਬਚਣ ਵਾਲਿਆਂ ਨੂੰ ਯੋਏਲ ਕਹਿੰਦਾ ਹੈ: “ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਆਪਣੇ ਪਵਿੱਤਰ ਪਹਾੜ [ਯਹੋਵਾਹ ਦਾ ਸਵਰਗੀ ਨਿਵਾਸ-ਸਥਾਨ] ਸੀਯੋਨ ਵਿੱਚ ਵੱਸਦਾ ਹਾਂ।”—ਯੋਏਲ 3:17ੳ.
18 ਫਿਰ ਭਵਿੱਖਬਾਣੀ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਖੇਤਰ “ਪਵਿੱਤਰ ਹੋਵੇਗਾ, ਅਤੇ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ।” (ਯੋਏਲ 3:17ਅ) ਸਵਰਗ ਵਿਚ ਅਤੇ ਉਸ ਸਵਰਗੀ ਰਾਜ ਦੇ ਪਾਰਥਿਵ ਖੇਤਰ ਵਿਚ ਕੋਈ ਵੀ ਓਪਰਾ ਨਹੀਂ ਹੋਵੇਗਾ, ਕਿਉਂਕਿ ਸਾਰੇ ਸ਼ੁੱਧ ਉਪਾਸਨਾ ਵਿਚ ਇਕਮੁੱਠ ਹੋਣਗੇ।
19. ਅੱਜ ਪਰਮੇਸ਼ੁਰ ਦੇ ਲੋਕਾਂ ਦੀ ਪਰਾਦੀਸੀ ਖ਼ੁਸ਼ੀ ਦਾ ਵਰਣਨ ਯੋਏਲ ਕਿਸ ਤਰ੍ਹਾਂ ਕਰਦਾ ਹੈ?
19 ਅੱਜ ਵੀ, ਧਰਤੀ ਉੱਤੇ ਯਹੋਵਾਹ ਦੇ ਲੋਕਾਂ ਵਿਚਕਾਰ ਭਰਪੂਰ ਸ਼ਾਂਤੀ ਹੈ। ਇਕਮੁੱਠ ਹੋ ਕੇ, ਉਹ 230 ਤੋਂ ਜ਼ਿਆਦਾ ਦੇਸ਼ਾਂ ਵਿਚ ਅਤੇ 300 ਤੋਂ ਜ਼ਿਆਦਾ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਵਿਚ ਉਸ ਦੇ ਨਿਆਉਂ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਦੀ ਖ਼ੁਸ਼ਹਾਲੀ ਦੀ ਭਵਿੱਖਬਾਣੀ ਯੋਏਲ ਦੁਆਰਾ ਸੁੰਦਰ ਤਰੀਕੇ ਨਾਲ ਕੀਤੀ ਗਈ ਹੈ: “ਉਸ ਦਿਨ ਐਉਂ ਹੋਵੇਗਾ ਕਿ ਪਹਾੜਾਂ ਤੋਂ ਮਿੱਠੀ ਮੈ ਚੋਵੇਗੀ, ਅਤੇ ਟਿੱਲਿਆਂ ਤੋਂ ਦੁੱਧ ਵੱਗੇਗਾ, ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ ਵਗੇਗਾ।” (ਯੋਏਲ 3:18) ਜੀ ਹਾਂ, ਯਹੋਵਾਹ ਧਰਤੀ ਉੱਤੇ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਬਹੁਤ ਆਨੰਦਮਈ ਬਰਕਤਾਂ ਅਤੇ ਖ਼ੁਸ਼ਹਾਲੀ ਦੇਵੇਗਾ ਅਤੇ ਲਗਾਤਾਰ ਅਣਮੋਲ ਸੱਚਾਈਆਂ ਦੱਸੇਗਾ। ਯਹੋਵਾਹ ਦੀ ਸਰਬਸੱਤਾ ਨਬੇੜੇ ਦੀ ਖੱਡ ਵਿਚ ਪੂਰੀ ਤਰ੍ਹਾਂ ਦੋਸ਼-ਨਿਵਾਰਿਤ ਹੋ ਗਈ ਹੋਵੇਗੀ, ਅਤੇ ਖੂਬ ਆਨੰਦ ਹੋਵੇਗਾ ਜਦੋਂ ਉਹ ਆਪਣੇ ਛੁਡਾਏ ਹੋਏ ਲੋਕਾਂ ਵਿਚਕਾਰ ਅਨੰਤ ਕਾਲ ਤਕ ਡੇਰਾ ਕਰੇਗਾ।—ਪਰਕਾਸ਼ ਦੀ ਪੋਥੀ 21:3, 4.
ਕੀ ਤੁਹਾਨੂੰ ਯਾਦ ਹੈ?
◻ ਯਹੋਸ਼ਾਫਾਟ ਦੇ ਦਿਨਾਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਸੀ?
◻ “ਨਬੇੜੇ ਦੀ ਖੱਡ ਵਿਚ” ਯਹੋਵਾਹ ਕਿਨ੍ਹਾਂ ਨੂੰ ਵਿਨਾਸ਼ ਦੇ ਯੋਗ ਠਹਿਰਾਉਂਦਾ ਹੈ?
◻ ਪਰਮੇਸ਼ੁਰ ਦੇ ਸੂਰਬੀਰ ਕੌਣ ਹਨ ਅਤੇ ਉਹ ਆਖ਼ਰੀ ਯੁੱਧ ਵਿਚ ਕਿਹੜੀ ਭੂਮਿਕਾ ਅਦਾ ਕਰਨਗੇ?
◻ ਵਫ਼ਾਦਾਰ ਉਪਾਸਕ ਕਿਹੜੀਆਂ ਖ਼ੁਸ਼ੀਆਂ ਦਾ ਆਨੰਦ ਮਾਣਦੇ ਹਨ?
[ਸਫ਼ੇ 19 ਉੱਤੇ ਤਸਵੀਰ]
ਯਹੂਦਾਹ ਨੂੰ ਦੱਸਿਆ ਗਿਆ ਸੀ: ‘ਨਾ ਡਰੋ ਕਿਉਂ ਜੋ ਏਹ ਲੜਾਈ ਤੁਹਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਹੈ’
[ਸਫ਼ੇ 21 ਉੱਤੇ ਤਸਵੀਰ]
ਯਹੋਵਾਹ ਆਪਣੇ ਵੈਰੀਆਂ ਨੂੰ ‘ਆਪਣਿਆਂ ਫਾਲਿਆਂ ਨੂੰ ਕੁੱਟ ਕੇ ਤਲਵਾਰਾਂ ਬਣਾਉਣ’ ਲਈ ਵੰਗਾਰਦਾ ਹੈ