ਸ਼ੇਰ—ਅਫ਼ਰੀਕਾ ਦੇ ਜੰਗਲ ਦਾ ਸ਼ਾਨਦਾਰ ਰਾਜਾ
ਕੀਨੀਆ ਵਿਚ “ਜਾਗਰੂਕ ਬਣੋ!” ਦੇ ਪੱਤਰਕਾਰ ਦੁਆਰਾ
ਅਫ਼ਰੀਕਾ ਦੇ ਸੇਰਿਨਗੈਟੀ ਮੈਦਾਨ ਤੇ ਸੂਰਜ ਚੜ੍ਹ ਰਿਹਾ ਹੈ। ਸਵੇਰ ਦੀ ਠੰਢੀ-ਠੰਢੀ ਹਵਾ ਵਿਚ ਅਸੀਂ ਆਪਣੀ ਜੀਪ ਵਿਚ ਬੈਠ ਕੇ ਸ਼ੇਰਨੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਝੁੰਡ ਨੂੰ ਦੇਖ ਰਹੇ ਹਾਂ। ਉਨ੍ਹਾਂ ਦੀਆਂ ਭੂਰੀਆਂ ਅਤੇ ਸੁਨਹਿਰੀਆਂ ਖੱਲਾਂ, ਲੰਬੇ ਅਤੇ ਸੁੱਕੇ ਘਾਹ ਨਾਲ ਰਲਦੀਆਂ-ਮਿਲਦੀਆਂ ਹਨ। ਚੰਚਲ ਬੱਚੇ ਨੱਠਣ-ਭੱਜਣ ਅਤੇ ਖੇਡਣ ਤੋਂ ਨਹੀਂ ਰੁਕਦੇ। ਉਹ ਵੱਡੀਆਂ-ਵੱਡੀਆਂ ਸ਼ੇਰਨੀਆਂ ਦੇ ਆਲੇ-ਦੁਆਲੇ ਉਛਲਦੇ-ਕੁੱਦਦੇ ਅਤੇ ਖੇਡਦੇ ਹਨ, ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਸ਼ੇਰਨੀਆਂ ਉਨ੍ਹਾਂ ਦੀਆਂ ਹਾਸੋਹੀਣੀਆਂ ਹਰਕਤਾਂ ਵੱਲ ਬਹੁਤ ਘੱਟ ਧਿਆਨ ਦੇ ਰਹੀਆਂ ਹਨ।
ਇਕਦਮ ਹੀ ਸਾਰਾ ਝੁੰਡ ਰੁਕ ਜਾਂਦਾ ਹੈ। ਸਾਰੀਆਂ ਅੱਖਾਂ ਮੁੜਦੀਆਂ ਹਨ ਅਤੇ ਨਿਗਾਹ ਲਾ ਕੇ ਦੇਖਦੀਆਂ ਹਨ। ਅਸੀਂ ਆਪਣੀ ਉੱਚੀ ਜਗ੍ਹਾ ਤੋਂ ਉਸ ਪਾਸੇ ਦੇਖਦੇ ਹਾਂ ਜਿੱਧਰ ਉਹ ਦੇਖ ਰਹੇ ਹਨ ਅਤੇ ਉਸ ਚੀਜ਼ ਵੱਲ ਦੇਖਦੇ ਹਾਂ ਜਿਸ ਨੇ ਉਨ੍ਹਾਂ ਦਾ ਧਿਆਨ ਖਿੱਚਿਆ ਹੈ। ਸਵੇਰ ਦੀ ਰੌਸ਼ਨੀ ਵਿਚ ਬੱਬਰ ਸ਼ੇਰ ਨਜ਼ਰ ਆਉਂਦਾ ਹੈ। ਸਾਡੀਆਂ ਅੱਖਾਂ ਉਸ ਦੀਆਂ ਅੱਖਾਂ ਨਾਲ ਜਾ ਮਿਲਦੀਆਂ ਹਨ। ਸਾਨੂੰ ਕਾਂਬਾ ਛਿੜ ਪੈਂਦਾ ਹੈ, ਸਵੇਰ ਦੀ ਠੰਢ ਕਰਕੇ ਨਹੀਂ, ਲੇਕਿਨ ਇਹ ਜਾਣ ਕੇ ਕਿ ਉਹ ਸਾਡੇ ਹੀ ਵੱਲ ਦੇਖ ਰਿਹਾ ਹੈ। ਉਹ ਦੇਖਣ ਨੂੰ ਡਰਾਉਣਾ ਵੀ ਲੱਗਦਾ ਹੈ ਤੇ ਸੋਹਣਾ ਵੀ। ਉਸ ਦੀ ਭੂਰੇ ਰੰਗ ਦੀ ਅਯਾਲ, ਜਿਸ ਵਿਚ ਕਾਲੇ-ਕਾਲੇ ਵਾਲ ਵੀ ਹਨ, ਉਸ ਦੇ ਵੱਡੇ ਸਿਰ ਨੂੰ ਸਜਾਉਂਦਾ ਹੈ। ਉਸ ਦੀਆਂ ਵੱਡੀਆਂ-ਵੱਡੀਆਂ ਅਤੇ ਪੀਲੀਆਂ-ਪੀਲੀਆਂ ਅੱਖਾਂ ਚੁਕੰਨੀਆਂ ਹਨ। ਫਿਰ ਉਸ ਦਾ ਪਰਿਵਾਰ ਉਸ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ, ਤਾਂ ਹੌਲੀ-ਹੌਲੀ ਉਹ ਆਪਣੀ ਨਜ਼ਰ ਮੋੜ ਕੇ ਉਨ੍ਹਾਂ ਵੱਲ ਤੁਰ ਪੈਂਦਾ ਹੈ।
ਉਸ ਦੀ ਚਾਲ ਸ਼ਾਨ ਵਾਲੀ ਅਤੇ ਰਾਜੇ ਵਰਗੀ ਹੈ। ਸਾਡੇ ਵੱਲ ਦੁਬਾਰਾ ਦੇਖਣ ਤੋਂ ਬਗੈਰ, ਉਹ ਸਾਡੀ ਜੀਪ ਦੇ ਸਾਮ੍ਹਣਿਓਂ ਲੰਘ ਕੇ ਸ਼ੇਰਨੀਆਂ ਅਤੇ ਉਨ੍ਹਾਂ ਦੇ ਬੱਚਿਆਂ ਕੋਲ ਜਾਂਦਾ ਹੈ। ਉਹ ਸਾਰੇ ਉਸ ਨੂੰ ਮਿਲਣ ਉੱਠਦੇ ਹਨ ਤਾਂ ਇਕ-ਇਕ ਕਰ ਕੇ ਮੂੰਹ ਨਾਲ ਮੂੰਹ ਰਗੜਦੇ ਹਨ, ਜਿੱਦਾਂ ਆਮ ਤੌਰ ਤੇ ਬਿੱਲੀਆਂ ਮਿਲਣ ਤੇ ਇਕ ਦੂਸਰੇ ਨਾਲ ਕਰਦੀਆਂ ਹੁੰਦੀਆਂ ਹਨ। ਝੁੰਡ ਦੇ ਵਿਚ ਜਾ ਕੇ ਸ਼ੇਰ ਧੜੰਮ ਕਰ ਕੇ ਡਿੱਗਦਾ ਹੈ ਜਿੱਦਾਂ ਕਿ ਉਹ ਆਪਣੀ ਸੈਰ ਤੋਂ ਬਾਅਦ ਬਹੁਤ ਥੱਕ ਗਿਆ ਹੈ ਅਤੇ ਆਪਣੀ ਪਿੱਠ ਭਾਰ ਲੰਮਾ ਪੈ ਜਾਂਦਾ ਹੈ। ਉਸ ਦੀ ਸੁਸਤੀ ਦੇਖ ਕੇ ਦੂਜਿਆਂ ਨੂੰ ਵੀ ਨੀਂਦ ਆਉਣ ਲੱਗ ਪੈਂਦੀ ਹੈ। ਸਵੇਰ ਦੇ ਸੂਰਜ ਦੀਆਂ ਪਹਿਲੀਆਂ ਨਿੱਘੀਆਂ ਕਿਰਨਾਂ ਵਿਚ, ਜਲਦੀ ਹੀ ਸਾਰਾ ਝੁੰਡ ਹਲਕੀ ਨੀਂਦ ਸੌਂ ਜਾਂਦਾ ਹੈ। ਅਸੀਂ ਆਪਣੇ ਸਾਮ੍ਹਣੇ ਸ਼ਾਂਤੀ ਅਤੇ ਸੰਤੁਸ਼ਟੀ ਦੀ ਤਸਵੀਰ ਦੇਖਦੇ ਹਾਂ ਜੋ ਇਸ ਖੁੱਲ੍ਹੇ ਮੈਦਾਨ ਦੇ ਸੋਨੇ-ਰੰਗੇ ਅਤੇ ਹਵਾ ਨਾਲ ਹਿਲਦੇ-ਜੁਲਦੇ ਘਾਹ ਦੇ ਫ਼ਰੇਮ ਵਿਚ ਜੜੀ ਗਈ ਹੈ।
ਇਕ ਦਿਲਚਸਪ ਅਤੇ ਮਨਮੋਹਣਾ ਜਾਨਵਰ
ਸ਼ੇਰ ਤੋਂ ਸਿਵਾਇ ਸ਼ਾਇਦ ਹੀ ਕਿਸੇ ਹੋਰ ਜਾਨਵਰ ਨੇ ਮਨੁੱਖਾਂ ਦੀ ਕਲਪਨਾ ਨੂੰ ਇੰਨਾ ਉਤੇਜਿਤ ਕੀਤਾ ਹੋਵੇ। ਅੱਜ ਤੋਂ ਕਈ ਸਾਲ ਪਹਿਲਾਂ, ਅਫ਼ਰੀਕੀ ਚਿੱਤਰਕਾਰਾਂ ਨੇ ਵੱਡਿਆਂ-ਵੱਡਿਆਂ ਪੱਥਰਾਂ ਉੱਤੇ ਸ਼ਿਕਾਰ ਕਰ ਰਹੇ ਸ਼ੇਰਾਂ ਦੀਆਂ ਤਸਵੀਰਾਂ ਬਣਾਈਆਂ। ਪੱਥਰਾਂ ਦੇ ਬਣੇ ਹੋਏ ਵੱਡੇ-ਵੱਡੇ ਬੱਬਰ ਸ਼ੇਰਾਂ ਦੇ ਬੁੱਤਾਂ ਨੇ ਪੁਰਾਣੇ ਮਹਿਲਾਂ ਅਤੇ ਮੰਦਰਾਂ ਨੂੰ ਸਜਾਇਆ। ਅੱਜ-ਕੱਲ੍ਹ, ਲੋਕਾਂ ਦੀਆਂ ਭੀੜਾਂ ਇਨ੍ਹਾਂ ਦਿਲਚਸਪ ਸ਼ੇਰਾਂ ਨੂੰ ਦੇਖਣ ਲਈ ਚਿੜੀਆ-ਘਰਾਂ ਵਿਚ ਜਾਂਦੀਆਂ ਹਨ। ਕਿਤਾਬਾਂ ਅਤੇ ਫਿਲਮਾਂ ਵਿਚ ਸ਼ੇਰਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਪੇਸ਼ ਕੀਤੀਆਂ ਗਈਆਂ ਹਨ। ਉਦਾਹਰਣ ਲਈ ਬੋਰਨ ਫਰੀ ਘਰ ਵਿਚ ਪਾਲੀ ਗਈ ਸ਼ੇਰ ਦੀ ਬੱਚੀ ਬਾਰੇ ਇਕ ਸੱਚੀ ਕਹਾਣੀ ਹੈ, ਜਿਸ ਨੂੰ ਅੰਤ ਵਿਚ ਅਜ਼ਾਦ ਕੀਤਾ ਗਿਆ ਸੀ। ਦੂਜੀਆਂ ਕਈ ਕਹਾਣੀਆਂ ਵਿਚ ਸ਼ੇਰ ਨੂੰ ਮਨੁੱਖਾਂ ਨੂੰ ਪਾੜ ਖਾਣ ਵਾਲੇ ਦਰਿੰਦੇ ਵਜੋਂ ਵੀ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਸੱਚੀਆਂ ਕੁਝ ਝੂਠੀਆਂ ਹਨ। ਇਸ ਲਈ ਹੈਰਾਨੀ ਦੀ ਕੋਈ ਗੱਲ ਨਹੀਂ ਕਿ ਸ਼ੇਰ ਇਕ ਦਿਲਚਸਪ ਅਤੇ ਮਨਮੋਹਣਾ ਜਾਨਵਰ ਕਿਉਂ ਹੈ!
ਸ਼ੇਰ ਬਹੁਤ ਹੀ ਵਹਿਸ਼ੀ ਹੋ ਸਕਦੇ ਹਨ, ਪਰ ਕਦੀ-ਕਦੀ ਬਲੂੰਗੜਿਆਂ ਵਾਂਗ ਸ਼ਾਂਤ ਅਤੇ ਚੰਚਲ ਵੀ ਹੋ ਸਕਦੇ ਹਨ। ਉਹ ਜਦੋਂ ਆਰਾਮ ਕਰਦੇ ਹਨ ਤਾਂ ਹੌਲੀ-ਹੌਲੀ ਘੁਰ-ਘੁਰ ਕਰਦੇ ਹਨ, ਪਰ ਉਹ ਡਰਾਉਣੇ ਤਰੀਕੇ ਨਾਲ ਗਰਜ ਵੀ ਸਕਦੇ ਹਨ ਜਿਸ ਨੂੰ ਪੰਜ ਮੀਲ ਦੂਰ ਤਕ ਸੁਣਿਆ ਜਾ ਸਕਦਾ ਹੈ। ਕਦੀ-ਕਦੀ ਉਹ ਆਲਸੀ ਅਤੇ ਸੁਸਤ ਲੱਗਦੇ ਹਨ, ਪਰ ਉਹ ਹੈਰਾਨੀਜਨਕ ਤੇਜ਼ੀ ਨਾਲ ਦੌੜ ਵੀ ਸਕਦੇ ਹਨ। ਮਨੁੱਖਾਂ ਨੇ ਸ਼ੇਰ ਨੂੰ ਉਸ ਦੀ ਬਹਾਦਰੀ ਲਈ ਮਸ਼ਹੂਰ ਕੀਤਾ ਹੈ, ਅਤੇ ਇਕ ਬਹਾਦਰ ਮਨੁੱਖ ਨੂੰ ਸ਼ੇਰਦਿਲ ਕਿਹਾ ਜਾਂਦਾ ਹੈ।
ਸਿਮਬਾa—ਇਕ ਮਿਲਣਸਾਰ ਸ਼ੇਰ
ਪੂਰੀ ਬਿੱਲੀ-ਜਾਤੀ ਵਿੱਚੋਂ ਸ਼ੇਰ ਸਭ ਤੋਂ ਜ਼ਿਆਦਾ ਮਿਲਣਸਾਰ ਹੈ। ਉਹ ਵੱਡੇ ਪਰਿਵਾਰਕ ਸਮੂਹਾਂ ਵਿਚ ਵਧਦੇ-ਫੁੱਲਦੇ ਹਨ ਜਿਨ੍ਹਾਂ ਨੂੰ ਝੁੰਡ ਕਿਹਾ ਜਾਂਦਾ ਹੈ। ਇਨ੍ਹਾਂ ਝੁੰਡਾਂ ਵਿਚ ਥੋੜ੍ਹੇ ਤੋਂ ਲੈ ਕੇ 30 ਤੋਂ ਜ਼ਿਆਦਾ ਮੈਂਬਰ ਵੀ ਹੋ ਸਕਦੇ ਹਨ। ਝੁੰਡ ਵਿਚ ਸ਼ੇਰਨੀਆਂ ਦਾ ਇਕ ਸਮੂਹ ਹੁੰਦਾ ਹੈ ਜਿਨ੍ਹਾਂ ਵਿਚ ਸ਼ਾਇਦ ਨਜ਼ਦੀਕੀ ਰਿਸ਼ਤਾ ਵੀ ਹੋਵੇ। ਉਹ ਇਕੱਠੀਆਂ ਹੀ ਰਹਿੰਦੀਆਂ, ਸ਼ਿਕਾਰ ਕਰਦੀਆਂ ਅਤੇ ਜਣਦੀਆਂ ਹਨ। ਅਜਿਹਾ ਨਜ਼ਦੀਕੀ ਸੰਬੰਧ, ਜੋ ਸ਼ਾਇਦ ਜੀਵਨ-ਭਰ ਰਹਿੰਦਾ ਹੋਵੇ, ਸ਼ੇਰ ਦੇ ਪਰਿਵਾਰਕ ਇਕੱਠ ਦੀ ਬੁਨਿਆਦ ਹੈ ਅਤੇ ਇਹ ਉਨ੍ਹਾਂ ਨੂੰ ਸੁਰੱਖਿਅਤ ਰੱਖਦਾ ਹੈ।
ਹਰੇਕ ਝੁੰਡ ਵਿਚ ਘੱਟੋ-ਘੱਟ ਇਕ ਬੱਬਰ ਸ਼ੇਰ ਹੁੰਦਾ ਹੈ ਜੋ ਝੁੰਡ ਦੇ ਇਲਾਕੇ ਵਿਚ ਤੁਰਦਾ-ਫਿਰਦਾ ਹੈ ਅਤੇ ਥਾਂ-ਥਾਂ ਤੇ ਮੁਸ਼ਕਦਾਰ ਨਿਸ਼ਾਨ ਲਾਉਂਦਾ ਹੈ। ਉਸ ਦੇ ਕਾਲੇ ਨੱਕ ਤੋਂ ਲੈ ਕੇ ਉਸ ਦੀ ਪੂਛ ਤਕ, ਇਹ ਸ਼ਾਨਦਾਰ ਜਾਨਵਰ ਤਿੰਨ ਮੀਟਰ ਤਕ ਲੰਬਾ ਹੋ ਸਕਦਾ ਹੈ, ਅਤੇ ਇਸ ਦਾ ਭਾਰ 225 ਕਿਲੋਗ੍ਰਾਮ ਤੋਂ ਵੀ ਜ਼ਿਆਦਾ ਹੋ ਸਕਦਾ ਹੈ। ਭਾਵੇਂ ਕਿ ਝੁੰਡ ਦਾ ਆਗੂ ਸ਼ੇਰ ਹੈ, ਫਿਰ ਵੀ ਅਗਵਾਈ ਸ਼ੇਰਨੀਆਂ ਹੀ ਕਰਦੀਆਂ ਹਨ, ਅਤੇ ਆਮ ਤੌਰ ਤੇ ਉਹੀ ਕਿਸੇ ਕਾਰਵਾਈ ਨੂੰ ਸ਼ੁਰੂ ਕਰਦੀਆਂ ਹਨ, ਜਿਵੇਂ ਕਿ ਛਾਂ ਵਾਲੀ ਜਗ੍ਹਾ ਨੂੰ ਜਾਣਾ ਜਾਂ ਸ਼ਿਕਾਰ ਕਰਨਾ।
ਸ਼ੇਰਨੀਆਂ ਆਮ ਤੌਰ ਤੇ ਹਰੇਕ ਦੋ ਸਾਲ ਬਾਅਦ ਬੱਚੇ ਜਣਦੀਆਂ ਹਨ। ਇਨ੍ਹਾਂ ਦੇ ਬੱਚੇ ਬਿਲਕੁਲ ਲਾਚਾਰ ਪੈਦਾ ਹੁੰਦੇ ਹਨ। ਉਨ੍ਹਾਂ ਨੂੰ ਪਾਲਣਾ ਇਕ ਸਾਂਝਾ ਕੰਮ ਹੁੰਦਾ ਹੈ, ਅਤੇ ਸਾਰੀਆਂ ਸ਼ੇਰਨੀਆਂ ਝੁੰਡ ਦੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਅਤੇ ਉਨ੍ਹਾਂ ਦੀ ਰੱਖਿਆ ਕਰਦੀਆਂ ਹਨ। ਬੱਚੇ ਛੇਤੀ ਹੀ ਵੱਡੇ ਹੋ ਜਾਂਦੇ ਹਨ; ਦੋ ਮਹੀਨਿਆਂ ਦੇ ਅੰਦਰ-ਅੰਦਰ ਉਹ ਦੌੜਨ ਅਤੇ ਖੇਡਣ ਲੱਗ ਪੈਂਦੇ ਹਨ। ਬਲੂੰਗੜਿਆਂ ਵਾਂਗ ਉਹ ਆਪਸ ਵਿਚ ਇੱਧਰ-ਉੱਧਰ ਡਿੱਗਦੇ, ਘੁੱਲਦੇ, ਇਕ ਦੂਜੇ ਉੱਤੇ ਝਪਟਦੇ, ਅਤੇ ਲੰਬੇ-ਲੰਬੇ ਘਾਹ ਵਿਚ ਛਾਲਾਂ ਮਾਰਦੇ ਹਨ। ਜੋ ਵੀ ਚੀਜ਼ ਹਿਲਦੀ ਹੈ ਉਹ ਉਸ ਵੱਲ ਖਿੱਚੇ ਜਾਂਦੇ ਹਨ, ਉਹ ਤਿਤਲੀਆਂ ਮਗਰ ਛਾਲਾਂ ਮਾਰਦੇ, ਕੀੜਿਆਂ ਦੇ ਪਿੱਛੇ ਭੱਜਦੇ, ਅਤੇ ਟਾਹਣੀਆਂ ਅਤੇ ਵੇਲਾਂ ਦੇ ਨਾਲ ਘੁੱਲਦੇ ਹਨ। ਉਨ੍ਹਾਂ ਦੀ ਸਭ ਤੋਂ ਪਸੰਦ ਦੀ ਖੇਡ ਉਨ੍ਹਾਂ ਦੀ ਮਾਂ ਦੀ ਹਿਲਦੀ ਪੂਛ ਹੈ, ਜਿਸ ਨੂੰ ਉਹ ਜਾਣ-ਬੁੱਝ ਕੇ ਹਿਲਾਉਂਦੀ ਰਹਿੰਦੀ ਹੈ ਤਾਂ ਕਿ ਉਹ ਖੇਡ ਸਕਣ।
ਹਰੇਕ ਝੁੰਡ ਇਕ ਚੰਗੀ ਤਰ੍ਹਾਂ ਮਿਥੇ ਗਏ ਇਲਾਕੇ ਦੇ ਵਿਚ ਰਹਿੰਦਾ ਹੈ ਜੋ ਕਈ ਮੀਲ ਵੱਡਾ ਹੋ ਸਕਦਾ ਹੈ। ਸ਼ੇਰ ਅਜਿਹੇ ਉੱਚੇ ਥਾਂ ਪਸੰਦ ਕਰਦੇ ਹਨ ਜਿੱਥੇ ਕਾਫ਼ੀ ਪਾਣੀ ਹੋਣ ਦੇ ਨਾਲ-ਨਾਲ ਦੁਪਹਿਰ ਵੇਲੇ ਸੂਰਜ ਦੀ ਗਰਮੀ ਤੋਂ ਛਾਂ ਵੀ ਮਿਲਦੀ ਹੋਵੇ। ਉੱਥੇ ਉਹ ਹਾਥੀਆਂ, ਜਿਰਾਫਾਂ, ਮੱਝਾਂ, ਅਤੇ ਮੈਦਾਨ ਦੇ ਦੂਸਰਿਆਂ ਪਸ਼ੂਆਂ ਨਾਲ ਰਹਿੰਦੇ ਹਨ। ਸ਼ੇਰ ਦੇ ਜੀਵਨ ਦਾ ਸਮਾਂ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ, ਯਾਨੀ ਕਿ ਇਕ ਸੌਣ ਦਾ ਲੰਬਾ ਸਮਾਂ ਅਤੇ ਦੂਜਾ ਸ਼ਿਕਾਰ ਕਰਨ ਅਤੇ ਮੇਲ ਕਰਨ ਦਾ ਥੋੜ੍ਹਾ ਜਿਹਾ ਸਮਾਂ। ਦਰਅਸਲ ਸੱਚਾਈ ਇਹ ਹੈ ਕਿ ਸ਼ੇਰ ਇਕ ਦਿਨ ਵਿਚ 20 ਘੰਟੇ ਆਰਾਮ ਕਰਦੇ, ਸੌਂਦੇ, ਜਾਂ ਬੈਠੇ ਦੇਖੇ ਜਾਂਦੇ ਹਨ। ਸੁੱਤੇ ਹੋਏ ਉਹ ਮਾਸੂਮ ਅਤੇ ਪਾਲਤੂ ਜਿਹੇ ਲੱਗਦੇ ਹਨ। ਲੇਕਿਨ, ਧੋਖਾ ਨਾ ਖਾਓ—ਸ਼ੇਰ ਸਭ ਤੋਂ ਵਹਿਸ਼ੀ ਜੰਗਲੀ ਜਾਨਵਰਾਂ ਵਿੱਚੋਂ ਹੈ।
ਸ਼ਿਕਾਰੀ
ਦੁਪਹਿਰ ਢਲਣ ਤੇ, ਧੁੱਪ ਨਾਲ ਤਪਦੇ ਹੋਏ ਘਾਹ ਦੇ ਮੈਦਾਨ ਠੰਢੇ ਹੋਣ ਲੱਗਦੇ ਹਨ। ਉਸ ਝੁੰਡ ਦੀਆਂ ਤਿੰਨ ਸ਼ੇਰਨੀਆਂ ਜਿਨ੍ਹਾਂ ਉੱਤੇ ਅਸੀਂ ਨਜ਼ਰ ਰੱਖੀ ਹੋਈ ਹੈ, ਦੁਪਹਿਰ ਦੀ ਨੀਂਦ ਤੋਂ ਉੱਠਣ ਲੱਗਦੀਆਂ ਹਨ। ਭੁੱਖ ਕਾਰਨ, ਇਹ ਸ਼ੇਰਨੀਆਂ ਉੱਠ ਕੇ ਤੁਰਨ-ਫਿਰਨ ਲੱਗਦੀਆਂ, ਅਤੇ ਪੀਲੇ ਪੈ ਰਹੇ ਘਾਹ ਤੇ ਇੱਧਰ-ਉੱਧਰ ਦੇਖਦੀਆਂ ਹੋਈਆਂ ਹਵਾ ਨੂੰ ਸੁੰਘਦੀਆਂ ਹਨ। ਸਾਡੇ ਤੋਂ ਦੱਖਣ ਵੱਲ ਨੂੰ ਹਜ਼ਾਰਾਂ ਹੀ ਅਜੀਬ ਕਿਸਮ ਦੇ ਹਿਰਨਾਂ ਵਰਗੇ ਪਸ਼ੂ, ਜਿਨ੍ਹਾਂ ਨੂੰ ਨੀਲ ਗਾਂ ਕਿਹਾ ਜਾਂਦਾ ਹੈ, ਸ਼ਾਂਤੀ ਨਾਲ ਚਰ ਰਹੇ ਹਨ। ਇਹ ਉਨ੍ਹਾਂ ਦੇ ਪਰਵਾਸ ਦਾ ਸਭ ਤੋਂ ਖ਼ਾਸ ਸਮਾਂ ਹੈ। ਤਿੰਨ ਸ਼ੇਰਨੀਆਂ ਹੁਣ ਉਨ੍ਹਾਂ ਵੱਲ ਜਾਂਦੀਆਂ ਹਨ। ਉਹ ਵੱਖਰੀਆਂ ਹੋ ਕੇ ਹਰ ਪਾਸਿਓਂ ਘੇਰਾ ਪਾਉਣ ਲਈ ਉੱਚੇ-ਨੀਵੇਂ ਖੇਤਰ ਵਿੱਚੋਂ ਦੱਬੇ ਪੈਰ ਲੰਘਦੀਆਂ ਹਨ। ਭੂਰੇ ਰੰਗ ਦੀਆਂ ਇਹ ਸ਼ੇਰਨੀਆਂ ਲੰਬੇ ਘਾਹ ਵਿਚ ਬਿਲਕੁਲ ਲੁਕੀਆਂ ਰਹਿੰਦੀਆਂ ਹਨ ਅਤੇ ਬੇਖ਼ਬਰ ਇੱਜੜ ਦੇ 30 ਮੀਟਰ ਤਕ ਨਜ਼ਦੀਕ ਆ ਪਹੁੰਚਦੀਆਂ ਹਨ। ਹੁਣ ਉਹ ਹਮਲਾ ਕਰਨ ਲਈ ਤਿਆਰ ਹੋ ਜਾਂਦੀਆਂ ਹਨ। ਬਿਜਲੀ ਵਾਂਗ ਇਹ ਸ਼ੇਰਨੀਆਂ, ਚੁਕੰਨੀਆਂ ਹੋ ਚੁੱਕੀਆਂ ਨੀਲ ਗਾਵਾਂ ਦੇ ਇੱਜੜ ਉੱਤੇ ਟੁੱਟ ਪੈਂਦੀਆਂ ਹਨ। ਘਬਰਾਇਆ ਹੋਇਆ ਇੱਜੜ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ-ਉੱਧਰ ਨੱਠਦਾ-ਭੱਜਦਾ ਹੈ। ਸੈਂਕੜੇ ਹੀ ਥਪ-ਥਪ ਕਰ ਰਹੇ ਪੈਰ ਧਰਤੀ ਨੂੰ ਮਿੱਧਦੇ ਹਨ, ਅਤੇ ਲਾਲ ਧੂੜ ਉੱਡਣ ਲੱਗ ਪੈਂਦੀ ਹੈ। ਹੌਲੀ-ਹੌਲੀ ਜਦੋਂ ਧੂੜ ਉੱਡ ਜਾਂਦੀ ਹੈ, ਤਾਂ ਅਸੀਂ ਵੱਡੇ-ਵੱਡੇ ਸਾਹ ਭਰਦਿਆਂ ਤਿੰਨਾਂ ਸ਼ੇਰਨੀਆਂ ਨੂੰ ਇਕੱਲੀਆਂ ਖੜ੍ਹੀਆਂ ਦੇਖਦੇ ਹਾਂ। ਉਨ੍ਹਾਂ ਦਾ ਸ਼ਿਕਾਰ ਬਚ ਨਿਕਲਿਆ। ਪਤਾ ਨਹੀਂ ਹੁਣ ਰਾਤ ਨੂੰ ਸ਼ਿਕਾਰ ਕਰਨ ਦਾ ਹੋਰ ਮੌਕਾ ਮਿਲੇ ਜਾਂ ਨਹੀਂ। ਤੇਜ਼ ਹੋਣ ਦੇ ਬਾਵਜੂਦ ਵੀ, ਸ਼ਿਕਾਰ ਕਰਦੇ ਸਮੇਂ ਸ਼ੇਰ ਸਿਰਫ਼ 30 ਫੀ ਸਦੀ ਵਾਰ ਸਫ਼ਲ ਹੁੰਦੇ ਹਨ। ਇਸ ਲਈ ਭੁੱਖ ਨਾਲ ਮਰਨਾ ਸ਼ੇਰਾਂ ਵਾਸਤੇ ਸਭ ਤੋਂ ਵੱਡਾ ਖ਼ਤਰਾ ਹੈ।
ਇਕ ਵੱਡੇ ਸ਼ੇਰ ਦੀ ਤਾਕਤ ਬੇਹਿਸਾਬ ਹੁੰਦੀ ਹੈ। ਇਹ ਜਾਣੀ-ਪਛਾਣੀ ਗੱਲ ਹੈ ਕਿ ਝੁੰਡਾਂ ਵਿਚ ਸ਼ਿਕਾਰ ਕਰਦੇ ਹੋਏ, ਉਹ 1,300 ਕਿਲੋਗ੍ਰਾਮ ਤੋਂ ਜ਼ਿਆਦਾ ਭਾਰੇ ਜਾਨਵਰਾਂ ਨੂੰ ਥੱਲੇ ਖਿੱਚ ਕੇ ਮਾਰ ਸਕਦੇ ਹਨ। ਸ਼ਿਕਾਰ ਦਾ ਪਿੱਛਾ ਕਰਦਿਆਂ, ਸ਼ੇਰ ਸ਼ੁਰੂ-ਸ਼ੁਰੂ ਵਿਚ 36 ਮੀਲ ਪ੍ਰਤੀ ਘੰਟਾ ਦੀ ਤੇਜ਼ੀ ਨਾਲ ਦੌੜ ਸਕਦੇ ਹਨ, ਪਰ ਉਹ ਇਸ ਰਫ਼ਤਾਰ ਨੂੰ ਜ਼ਿਆਦਾ ਚਿਰ ਲਈ ਕਾਇਮ ਨਹੀਂ ਰੱਖ ਸਕਦੇ। ਇਸੇ ਕਰਕੇ, ਉਹ ਆਪਣਾ ਸ਼ਿਕਾਰ ਹਾਸਲ ਕਰਨ ਲਈ ਲੁਕ-ਛਿਪ ਕੇ ਹਮਲਾ ਕਰਦੇ ਹਨ। ਸ਼ੇਰਨੀਆਂ ਹੀ 90 ਫੀ ਸਦੀ ਸ਼ਿਕਾਰ ਫੜਦੀਆਂ ਹਨ, ਲੇਕਿਨ ਜਦੋਂ ਸ਼ਿਕਾਰ ਖਾਣ ਦਾ ਵੇਲਾ ਆਉਂਦਾ ਹੈ ਤਾਂ ਬੱਬਰ ਸ਼ੇਰ ਹੀ ਆਮ ਤੌਰ ਤੇ ਸਭ ਤੋਂ ਜ਼ਿਆਦਾ ਖਾਂਦੇ ਹਨ। ਜਦੋਂ ਸ਼ਿਕਾਰ ਥੋੜ੍ਹਾ ਹੁੰਦਾ ਹੈ ਤਾਂ ਸ਼ੇਰ ਸ਼ਾਇਦ ਕਦੀ-ਕਦੀ ਇੰਨੇ ਭੁੱਖੇ ਹੋਣ ਕਿ ਉਹ ਆਪਣੇ ਬੱਚਿਆਂ ਨੂੰ ਖਾਣ ਤੋਂ ਰੋਕ ਦਿੰਦੇ ਹਨ।
ਸ਼ਿਕਾਰ
ਬਹੁਤ ਸਮਾਂ ਪਹਿਲਾਂ, ਸ਼ਾਨਦਾਰ ਸ਼ੇਰ ਅਫ਼ਰੀਕਾ ਦੇ ਸਾਰੇ ਮਹਾਂ-ਦੀਪਾਂ, ਏਸ਼ੀਆ, ਯੂਰਪ, ਭਾਰਤ, ਅਤੇ ਫਲਸਤੀਨ ਦੇ ਕੁਝ ਹਿੱਸਿਆਂ ਵਿਚ ਆਮ ਤੁਰਦੇ-ਫਿਰਦੇ ਹੁੰਦੇ ਸਨ। ਇਕ ਸ਼ਿਕਾਰੀ ਹੋਣ ਦੇ ਨਾਤੇ ਸ਼ੇਰ ਅਤੇ ਮਨੁੱਖ ਦੋਵੇਂ ਇਕ ਦੂਜੇ ਦੇ ਵਿਰੋਧੀ ਹਨ। ਪਾਲਤੂ ਪਸ਼ੂਆਂ ਨੂੰ ਖ਼ਤਰੇ ਕਰਕੇ ਅਤੇ ਲੋਕਾਂ ਨੂੰ ਹਾਨੀ ਪਹੁੰਚਾਉਣ ਕਰਕੇ, ਸ਼ੇਰ ਨੂੰ ਅਜਿਹਾ ਜਾਨਵਰ ਸਮਝਿਆ ਗਿਆ ਜਿਸ ਨੂੰ ਦੇਖਦਿਆਂ ਹੀ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਸੀ। ਇਨਸਾਨਾਂ ਦੀ ਵਧਦੀ ਆਬਾਦੀ ਨੇ ਸ਼ੇਰਾਂ ਦੀ ਰਿਹਾਇਸ਼ ਨੂੰ ਬਹੁਤ ਘਟਾ ਦਿੱਤਾ ਹੈ। ਅਫ਼ਰੀਕਾ ਤੋਂ ਬਾਹਰ, ਸਿਰਫ਼ ਕੁਝ ਹੀ ਸੌ ਸ਼ੇਰ ਅੱਜ ਜੰਗਲ ਵਿਚ ਜ਼ਿੰਦਾ ਹਨ। ਹੁਣ ਸ਼ੇਰ ਇਨਸਾਨਾਂ ਤੋਂ ਸਿਰਫ਼ ਉਦੋਂ ਹੀ ਸੁਰੱਖਿਅਤ ਹੁੰਦੇ ਹਨ ਜਦੋਂ ਉਹ ਸੁਰੱਖਿਅਤ ਇਲਾਕਿਆਂ ਜਾਂ ਜੰਗਲੀ ਜਾਨਵਰਾਂ ਦੇ ਪਾਰਕਾਂ ਵਿਚ ਹੁੰਦੇ ਹਨ।
ਖ਼ੁਸ਼ੀ ਦੀ ਗੱਲ ਇਹ ਹੈ ਕਿ ਇਸ ਸ਼ਾਨਦਾਰ ਜਾਨਵਰ ਦੇ ਹਾਲਾਤ ਬਦਲਣ ਵਾਲੇ ਹਨ। ਬਾਈਬਲ ਇਕ ਅਜਿਹੇ ਸਮੇਂ ਬਾਰੇ ਦੱਸਦੀ ਹੈ ਜਦੋਂ ਸ਼ੇਰ ਮਨੁੱਖਾਂ ਨਾਲ ਸ਼ਾਂਤੀ ਵਿਚ ਰਹਿਣਗੇ। (ਯਸਾਯਾਹ 11:6-9) ਬਹੁਤ ਜਲਦੀ ਸਾਡਾ ਪ੍ਰੇਮਪੂਰਣ ਸ੍ਰਿਸ਼ਟੀਕਰਤਾ ਇਸ ਨੂੰ ਇਕ ਹਕੀਕਤ ਬਣਾਵੇਗਾ। ਉਸ ਸਮੇਂ ਅਫ਼ਰੀਕਾ ਦੇ ਜੰਗਲ ਦਾ ਇਹ ਸ਼ਾਨਦਾਰ ਰਾਜਾ ਬਾਕੀ ਸਾਰੀ ਸ੍ਰਿਸ਼ਟੀ ਨਾਲ ਇਕਸੁਰਤਾ ਅਤੇ ਸ਼ਾਂਤੀ ਵਿਚ ਰਹੇਗਾ।
[ਫੁਟਨੋਟ]
a ਸਹੇਲੀ ਭਾਸ਼ਾ ਵਿਚ “ਸ਼ੇਰ” ਨੂੰ ਸਿਮਬਾ ਕਹਿੰਦੇ ਹਨ।
[ਸਫ਼ੇ 19 ਉੱਤੇ ਡੱਬੀ]
ਜਦੋਂ ਸ਼ੇਰ ਗਰਜਦਾ ਹੈ
ਸ਼ੇਰ ਆਪਣੀ ਅਨੋਖੀ ਆਵਾਜ਼ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਉੱਚੀ ਗਰਜ ਕਈ ਮੀਲ ਦੂਰ ਤਕ ਸੁਣੀ ਜਾ ਸਕਦੀ ਹੈ। ਸ਼ੇਰ ਦੀ ਗਰਜ ਨੂੰ “ਸਭ ਤੋਂ ਪ੍ਰਭਾਵਸ਼ਾਲੀ ਕੁਦਰਤੀ ਆਵਾਜ਼ਾਂ” ਵਿੱਚੋਂ ਇਕ ਸਮਝਿਆ ਜਾਂਦਾ ਹੈ। ਸ਼ੇਰ ਆਮ ਤੌਰ ਤੇ ਰਾਤ ਨੂੰ ਅਤੇ ਸਵੇਰ ਨੂੰ ਗਰਜਦੇ ਹਨ। ਸ਼ੇਰਾਂ ਨਾਲ ਸ਼ੇਰਨੀਆਂ ਵੀ ਗਰਜਦੀਆਂ ਹਨ ਅਤੇ ਕਦੀ-ਕਦੀ ਸਾਰਾ ਝੁੰਡ ਮਿਲ ਕੇ ਇੱਕ ਸਮੂਹ ਵਜੋਂ ਇਕੱਠਾ ਗਰਜਦਾ ਹੈ।
ਸ਼ੇਰਾਂ ਬਾਰੇ ਅਧਿਐਨ ਕਰਨ ਵਾਲੇ ਵਿਗਿਆਨੀ ਇਹ ਸੁਝਾਅ ਦਿੰਦੇ ਹਨ ਕਿ ਸ਼ੇਰ ਦੀ ਗਰਜ ਕਈ ਮਕਸਦ ਪੂਰੇ ਕਰਦੀ ਹੈ। ਸ਼ੇਰ ਆਪਣੇ ਇਲਾਕੇ ਦੀਆਂ ਸਰਹੱਦਾਂ ਦੱਸਣ ਲਈ ਅਤੇ ਹਮਲੇ ਦੇ ਸੰਕੇਤ ਵਜੋਂ ਆਪਣੇ ਇਲਾਕੇ ਵਿਚ ਆਉਣ ਵਾਲੇ ਦੂਜੇ ਸ਼ੇਰਾਂ ਨੂੰ ਚੇਤਾਵਨੀ ਦੇਣ ਲਈ ਗਰਜਦਾ ਹੈ। ਇਸੇ ਲਈ, ਬਾਈਬਲ ਨੇ ਵਰਣਨ ਕੀਤਾ ਕਿ ਅੱਸ਼ੂਰ ਅਤੇ ਬਾਬਲ ਦੇ ਲੜਾਕੇ, ਘਮੰਡੀ, ਅਤੇ ਲਾਲਚੀ ਪਾਤਸ਼ਾਹ “ਜੁਆਨ ਸ਼ੇਰ” ਵਾਂਗ ਗਰਜਦੇ ਸਨ, ਜਿਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਦਾ ਸਖ਼ਤ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਮਾਰ ਦਿੱਤਾ।—ਯਸਾਯਾਹ 5:29; ਯਿਰਮਿਯਾਹ 50:17.
ਦੂਰੀ ਜਾਂ ਹਨੇਰੇ ਕਰਕੇ ਅਲੱਗ ਹੋਏ ਝੁੰਡ ਦੇ ਮੈਂਬਰ ਗਰਜਣ ਦੁਆਰਾ ਇਕ ਦੂਸਰੇ ਦਾ ਪਤਾ ਲਗਾ ਸਕਦੇ ਹਨ। ਸ਼ਿਕਾਰ ਕਰਨ ਤੋਂ ਬਾਅਦ, ਇਸ ਤਰ੍ਹਾਂ ਗਰਜਣਾ ਝੁੰਡ ਦੇ ਬਾਕੀ ਮੈਂਬਰਾਂ ਨੂੰ ਦੱਸਦਾ ਹੈ ਕਿ ਸ਼ਿਕਾਰ ਕਿੱਥੇ ਹੈ। ਇਸ ਖ਼ਾਸ ਗੁਣ ਵੱਲ ਸੰਕੇਤ ਕਰਦੇ ਹੋਏ ਬਾਈਬਲ ਕਹਿੰਦੀ ਹੈ: “ਕੀ ਜੁਆਨ ਸ਼ੇਰ ਆਪਣੀ ਖੁੰਦਰ ਤੋਂ ਆਵਾਜ਼ ਕੱਢੇਗਾ, ਜੇ ਉਹ ਨੇ ਕੁਝ ਫੜਿਆ ਨਾ ਹੋਵੇ?”—ਆਮੋਸ 3:4.
ਹੈਰਾਨੀ ਦੀ ਗੱਲ ਹੈ ਕਿ ਸ਼ੇਰ ਸ਼ਿਕਾਰ ਕਰਨ ਲੱਗਿਆਂ ਆਪਣੇ ਸ਼ਿਕਾਰ ਨੂੰ ਡਰਾਉਣ ਲਈ ਨਹੀਂ ਗਰਜਦੇ। ਰਿਚਰਡ ਇਸਟੀਜ਼ ਨੇ ਆਪਣੀ ਕਿਤਾਬ ਦ ਬਿਹੇਵੀਅਰ ਗਾਇਡ ਟੂ ਅਫ਼ਰੀਕਨ ਮੈਮਲਜ਼ ਵਿਚ ਕਿਹਾ ਕਿ “ਕੋਈ ਵੀ ਗੱਲ ਇਹ ਸੰਕੇਤ ਨਹੀਂ ਕਰਦੀ ਕਿ ਸ਼ੇਰ ਆਪਣੇ ਸ਼ਿਕਾਰ ਨੂੰ ਫਸਾਉਣ ਲਈ ਜਾਣ-ਬੁੱਝ ਕੇ ਗਰਜਦੇ ਹਨ (ਮੇਰਾ ਇਹ ਤਜਰਬਾ ਰਿਹਾ ਹੈ ਕਿ ਸ਼ਿਕਾਰ ਕੀਤੇ ਜਾਣ ਵਾਲੇ ਜਾਨਵਰ ਆਮ ਤੌਰ ਤੇ ਸ਼ੇਰ ਦੀ ਗਰਜ ਵੱਲ ਧਿਆਨ ਨਹੀਂ ਦਿੰਦੇ)।”
ਤਾਂ ਫਿਰ, ਬਾਈਬਲ ਕਿਉਂ ਕਹਿੰਦੀ ਹੈ ਕਿ ਸ਼ਤਾਨ ਇਕ ‘ਬੁਕਦੇ ਸ਼ੀਂਹ ਵਾਂਙੁ ਹੈ ਜੋ ਭਾਲਦਾ ਫਿਰਦਾ ਹੈ ਭਈ ਕਿਸੇ ਨੂੰ ਪਾੜ ਖਾਵੇ’? (1 ਪਤਰਸ 5:8) ਭਾਵੇਂ ਜੰਗਲੀ ਜਾਨਵਰ ਸ਼ੇਰ ਦੀ ਗਰਜ ਤੋਂ ਨਹੀਂ ਡਰਦੇ, ਪਰ ਮਨੁੱਖਾਂ ਅਤੇ ਉਸ ਦੇ ਪਾਲਤੂ ਜਾਨਵਰਾਂ ਬਾਰੇ ਇਹ ਗੱਲ ਸੱਚ ਨਹੀਂ ਹੈ। ਸ਼ੇਰ ਦੀ ਗਰਜ ਦੀ ਡਰਾਉਣੀ ਆਵਾਜ਼, ਜੋ ਰਾਤ ਦੇ ਹਨੇਰੇ ਵਿਚ ਗੂੰਜਦੀ ਹੈ, ਕਿਸੇ ਵੀ ਇਨਸਾਨ ਨੂੰ ਡਰਾ ਦਿੰਦੀ ਹੈ ਜੋ ਬੰਦ ਦਰਵਾਜ਼ੇ ਪਿੱਛੇ ਸੁਰੱਖਿਅਤ ਨਹੀਂ ਹੁੰਦਾ। ਬਹੁਤ ਸਮੇਂ ਪਹਿਲਾਂ ਇਸ ਬਾਰੇ ਸਹੀ ਟਿੱਪਣੀ ਕੀਤੀ ਗਈ ਸੀ: “ਬਬਰ ਸ਼ੇਰ ਗੱਜਿਆ ਹੈ, ਕੌਣ ਨਾ ਡਰੇਗਾ?”—ਆਮੋਸ 3:8.
ਸ਼ਤਾਨ ਲੋਕਾਂ ਨੂੰ ਡਰਾਉਣ ਵਿਚ, ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰਨ ਵਿਚ ਮਾਹਰ ਹੈ। ਸ਼ੁਕਰ ਹੈ ਕਿ ਪਰਮੇਸ਼ੁਰ ਦੇ ਲੋਕਾਂ ਕੋਲ ਇਕ ਸ਼ਕਤੀਸ਼ਾਲੀ ਸਹਾਇਕ ਹੈ। ਯਹੋਵਾਹ ਦੇ ਸਮਰਥਨ ਉੱਤੇ ਦ੍ਰਿੜ੍ਹ ਵਿਸ਼ਵਾਸ ਨਾਲ ਉਹ ਸਫ਼ਲਤਾ ਨਾਲ ਇਸ “ਬੁਕਦੇ ਸ਼ੀਂਹ” ਦਾ ਵਿਰੋਧ ਕਰ ਸਕਦੇ ਹਨ। ਮਸੀਹੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ‘ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹ ਦਾ ਸਾਹਮਣਾ ਕਰਨ।’—1 ਪਤਰਸ 5:9.