ਨੌਜਵਾਨੋ, ਕੀ ਤੁਸੀਂ ਅਗਾਹਾਂ ਲਈ ਤਿਆਰੀ ਕਰ ਰਹੇ ਹੋ?
“ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ, . . . ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ।”—ਯਿਰਮਿਯਾਹ 29:11.
1, 2. ਜਵਾਨੀ ਦੇ ਸਮੇਂ ਨੂੰ ਕਿਸ-ਕਿਸ ਨਜ਼ਰੀਏ ਤੋਂ ਦੇਖਿਆ ਜਾ ਸਕਦਾ ਹੈ?
ਜ਼ਿਆਦਾਤਰ ਲੋਕ ਮੰਨਦੇ ਹਨ ਕਿ ਜਵਾਨੀ ਦੀ ਰੁੱਤ ਹੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ। ਉਨ੍ਹਾਂ ਨੂੰ ਯਾਦ ਹੈ ਕਿ ਉਸ ਸਮੇਂ ਉਨ੍ਹਾਂ ਕੋਲ ਬਹੁਤ ਤਾਕਤ ਤੇ ਜੋਸ਼ ਹੁੰਦਾ ਸੀ। ਉਹ ਬੜੇ ਚਾਹ ਨਾਲ ਆਪਣੀ ਜਵਾਨੀ ਯਾਦ ਕਰਦੇ ਹਨ ਜਦ ਉਨ੍ਹਾਂ ਦੇ ਸਿਰ ਤੇ ਭਾਰੀਆਂ-ਭਾਰੀਆਂ ਜ਼ਿੰਮੇਵਾਰੀਆਂ ਨਹੀਂ ਸਨ, ਜਦ ਉਹ ਮੌਜ-ਮਸਤੀ ਕਰਦੇ ਸਨ ਅਤੇ ਜਦ ਉਨ੍ਹਾਂ ਦੀ ਪੂਰੀ ਜ਼ਿੰਦਗੀ ਉਨ੍ਹਾਂ ਦੇ ਸਾਮ੍ਹਣੇ ਪਈ ਹੋਈ ਸੀ।
2 ਨੌਜਵਾਨੋ, ਤੁਸੀਂ ਸ਼ਾਇਦ ਸੋਚੋ ਕਿ ਤੁਹਾਡੀ ਜਵਾਨੀ ਤਾਂ ਇਸ ਤਰ੍ਹਾਂ ਦੀ ਨਹੀਂ ਹੈ। ਤੁਸੀਂ ਸ਼ਾਇਦ ਚੜ੍ਹਦੀ ਜਵਾਨੀ ਦੀਆਂ ਤਬਦੀਲੀਆਂ ਕਰਕੇ ਪਰੇਸ਼ਾਨ ਹੋਵੋ। ਸਕੂਲ ਵਿਚ ਤੁਹਾਡੇ ਸਾਥੀ ਸ਼ਾਇਦ ਗ਼ਲਤ ਕੰਮ ਕਰਨ ਲਈ ਤੁਹਾਡੇ ਉੱਤੇ ਜ਼ੋਰ ਪਾਉਣ। ਤੁਹਾਨੂੰ ਸ਼ਾਇਦ ਡ੍ਰੱਗਜ਼ ਨਾ ਲੈਣ, ਸ਼ਰਾਬ ਨਾ ਪੀਣ ਅਤੇ ਬਦਚਲਣੀ ਨਾ ਕਰਨ ਲਈ ਡਟੇ ਰਹਿਣਾ ਪੈਂਦਾ ਹੈ। ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਤੁਹਾਡੇ ਵਿੱਚੋਂ ਕਈਆਂ ਨੂੰ ਦੇਸ਼-ਭਗਤੀ ਕਰਨ ਜਾਂ ਨਿਹਚਾ ਤੋੜਨ ਵਾਲੀ ਕੋਈ ਹੋਰ ਚੁਣੌਤੀ ਦਾ ਵੀ ਸਾਮ੍ਹਣਾ ਕਰਨਾ ਪੈ ਰਿਹਾ ਹੈ। ਜੀ ਹਾਂ, ਜਵਾਨੀ ਦਾ ਸਮਾਂ ਬੜਾ ਮੁਸ਼ਕਲ ਹੋ ਸਕਦਾ ਹੈ। ਫਿਰ ਵੀ, ਤੁਹਾਡੇ ਕੋਲ ਬਹੁਤ ਕੁਝ ਕਰਨ ਦੇ ਮੌਕੇ ਵੀ ਹਨ। ਸਵਾਲ ਇਹ ਹੈ, ਕੀ ਤੁਸੀਂ ਉਨ੍ਹਾਂ ਮੌਕਿਆਂ ਦਾ ਪੂਰਾ ਫ਼ਾਇਦਾ ਉਠਾਓਗੇ?
ਆਪਣੀ ਜਵਾਨੀ ਦਾ ਆਨੰਦ ਮਾਣੋ
3. ਸੁਲੇਮਾਨ ਨੇ ਨੌਜਵਾਨਾਂ ਨੂੰ ਕਿਹੜੀ ਸਲਾਹ ਤੇ ਕਿਹੜੀ ਚੇਤਾਵਨੀ ਦਿੱਤੀ ਸੀ?
3 ਸਿਆਣੀ ਉਮਰ ਦੇ ਲੋਕ ਤੁਹਾਨੂੰ ਦੱਸਣਗੇ ਕਿ ਜਵਾਨੀ ਸਿਰਫ਼ ਚਾਰ ਦਿਨਾਂ ਦੀ ਹੁੰਦੀ ਹੈ ਅਤੇ ਉਹ ਬਿਲਕੁਲ ਸਹੀ ਹਨ। ਤੁਹਾਡੀ ਜਵਾਨੀ ਕੁਝ ਹੀ ਸਾਲਾਂ ਵਿਚ ਬੀਤ ਜਾਵੇਗੀ। ਇਸ ਲਈ ਆਪਣੀ ਜਵਾਨੀ ਦਾ ਆਨੰਦ ਮਾਣੋ! ਰਾਜੇ ਸੁਲੇਮਾਨ ਨੇ ਵੀ ਇਹੋ ਸਲਾਹ ਦਿੱਤੀ ਸੀ ਜਦ ਉਸ ਨੇ ਲਿਖਿਆ: “ਹੇ ਜੁਆਨ, ਤੂੰ ਆਪਣੀ ਜੁਆਨੀ ਵਿੱਚ ਮੌਜ ਕਰ, ਅਤੇ ਆਪਣੀ ਜੁਆਨੀ ਦੇ ਦਿਨਾਂ ਵਿੱਚ ਤੇਰਾ ਜੀ ਤੈਨੂੰ ਪਰਚਾਵੇ, ਅਤੇ ਆਪਣੇ ਮਨ ਦਿਆਂ ਰਾਹਾਂ ਵਿੱਚ ਅਤੇ ਆਪਣੀਆਂ ਅੱਖੀਆਂ ਦੇ ਵੇਖਣ ਅਨੁਸਾਰ ਤੁਰ।” ਪਰ ਉਸ ਨੇ ਨੌਜਵਾਨਾਂ ਨੂੰ ਸਾਵਧਾਨ ਵੀ ਕੀਤਾ: “ਚਿੰਤਾ ਨੂੰ ਆਪਣੇ ਮਨ ਤੋਂ ਦੂਰ ਕਰ, ਅਤੇ ਬੁਰਿਆਈ ਆਪਣੇ ਸਰੀਰ ਤੋਂ ਕੱਢ ਸੁੱਟ ਕਿਉਂ ਜੋ ਬਾਲਕਪੁਣਾ ਅਤੇ ਜੁਆਨੀ ਦੋਵੇਂ ਵਿਅਰਥ ਹਨ!”—ਉਪਦੇਸ਼ਕ ਦੀ ਪੋਥੀ 11:9, 10.
4, 5. ਸਮਝਾਓ ਕਿ ਨੌਜਵਾਨਾਂ ਨੂੰ ਅਗਾਹਾਂ ਲਈ ਤਿਆਰੀ ਕਿਉਂ ਕਰਨੀ ਚਾਹੀਦੀ ਹੈ।
4 ਕੀ ਤੁਸੀਂ ਸਮਝਦੇ ਹੋ ਕਿ ਸੁਲੇਮਾਨ ਕੀ ਕਹਿ ਰਿਹਾ ਹੈ? ਫ਼ਰਜ਼ ਕਰੋ ਕਿ ਕਿਸੇ ਨੌਜਵਾਨ ਨੂੰ ਤੋਹਫ਼ੇ ਵਜੋਂ ਬਹੁਤ ਸਾਰਾ ਪੈਸਾ ਮਿਲਦਾ ਹੈ। ਉਹ ਉਸ ਪੈਸੇ ਨਾਲ ਕੀ ਕਰੇਗਾ? ਉਹ ਐਸ਼ ਕਰਨ ਲਈ ਸਾਰਾ ਪੈਸਾ ਉਡਾ ਸਕਦਾ ਹੈ ਜਿਸ ਤਰ੍ਹਾਂ ਯਿਸੂ ਦੇ ਦ੍ਰਿਸ਼ਟਾਂਤ ਵਿਚ ਨੌਜਵਾਨ ਨੇ ਆਪਣਾ ਪੈਸਾ ਉਡਾ ਦਿੱਤਾ ਸੀ। (ਲੂਕਾ 15:11-23) ਪਰ ਉਦੋਂ ਕੀ ਜਦ ਪੈਸਾ ਖ਼ਤਮ ਹੋ ਜਾਵੇਗਾ? ਉਹ ਨੌਜਵਾਨ ਫ਼ਜ਼ੂਲ ਖ਼ਰਚਾ ਕਰਨ ਬਾਰੇ ਜ਼ਰੂਰ ਪਛਤਾਵੇਗਾ। ਦੂਜੇ ਪਾਸੇ, ਫ਼ਰਜ਼ ਕਰੋ ਕਿ ਉਹ ਕੱਲ੍ਹ ਬਾਰੇ ਸੋਚ ਕੇ ਇਹ ਪੈਸਾ ਬੈਂਕ ਵਿਚ ਜਮ੍ਹਾ ਕਰਾ ਦਿੰਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਕਈ ਸਾਲ ਬਾਅਦ ਜਦੋਂ ਉਹ ਇਸ ਪੂੰਜੀ ਦਾ ਲਾਭ ਉਠਾ ਰਿਹਾ ਹੋਵੇਗਾ, ਤਾਂ ਉਹ ਇਸ ਗੱਲ ਉੱਤੇ ਪਛਤਾਵੇਗਾ ਕਿ ਉਸ ਨੇ ਜਵਾਨੀ ਵਿਚ ਮੌਜਾਂ ਕਰਨ ਲਈ ਪੈਸਾ ਖ਼ਰਚ ਨਹੀਂ ਕੀਤਾ ਸੀ? ਬਿਲਕੁਲ ਨਹੀਂ!
5 ਸਮਝ ਲਓ ਕਿ ਤੁਹਾਡੀ ਜਵਾਨੀ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ। ਤੁਸੀਂ ਇਸ ਸਮੇਂ ਨੂੰ ਕਿਸ ਤਰ੍ਹਾਂ ਵਰਤੋਗੇ? ਤੁਸੀਂ ਕੱਲ੍ਹ ਬਾਰੇ ਸੋਚਣ ਦੀ ਬਜਾਇ, ਐਸ਼ ਤੇ ਮੌਜਾਂ ਕਰਨ ਲਈ ਆਪਣੀ ਤਾਕਤ ਅਤੇ ਆਪਣਾ ਜੋਸ਼ ਵਰਤ ਸਕਦੇ ਹੋ। ਪਰ ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਹਾਡਾ “ਬਾਲਕਪੁਣਾ ਅਤੇ ਜੁਆਨੀ” ਸੱਚ-ਮੁੱਚ “ਵਿਅਰਥ” ਸਾਬਤ ਹੋਣਗੇ। ਇਸ ਨਾਲੋਂ ਬਿਹਤਰ ਹੋਵੇਗਾ ਕਿ ਤੁਸੀਂ ਜਵਾਨੀ ਵਿਚ ਅਗਾਹਾਂ ਲਈ ਤਿਆਰੀ ਕਰੋ।
6. (ੳ) ਸੁਲੇਮਾਨ ਦੀ ਕਿਹੜੀ ਸਲਾਹ ਨੌਜਵਾਨਾਂ ਦੀ ਮਦਦ ਕਰਦੀ ਹੈ? (ਅ) ਯਹੋਵਾਹ ਨੌਜਵਾਨਾਂ ਲਈ ਕੀ ਕਰਨਾ ਚਾਹੁੰਦਾ ਹੈ ਅਤੇ ਇਸ ਤੋਂ ਲਾਭ ਉਠਾਉਣ ਲਈ ਉਨ੍ਹਾਂ ਨੂੰ ਕੀ ਕਰਨਾ ਪਵੇਗਾ?
6 ਸੁਲੇਮਾਨ ਨੇ ਜਵਾਨੀ ਬਾਰੇ ਹੋਰ ਸਲਾਹ ਵੀ ਦਿੱਤੀ ਸੀ ਜਦ ਉਸ ਨੇ ਕਿਹਾ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।” (ਉਪਦੇਸ਼ਕ ਦੀ ਪੋਥੀ 12:1) ਇਹ ਸਲਾਹ ਕਾਮਯਾਬੀ ਦੀ ਬੁਨਿਆਦ ਹੈ—ਯਹੋਵਾਹ ਦੀ ਸੁਣੋ ਅਤੇ ਉਸ ਦੀ ਮਰਜ਼ੀ ਪੂਰੀ ਕਰੋ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਇਸਰਾਏਲੀਆਂ ਨੂੰ ਦੱਸਿਆ ਸੀ ਕਿ ਉਹ ਉਨ੍ਹਾਂ ਲਈ ਕੀ ਕਰਨਾ ਚਾਹੁੰਦਾ ਸੀ: “ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ, . . . ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ।” (ਯਿਰਮਿਯਾਹ 29:11) ਯਹੋਵਾਹ ਤੁਹਾਨੂੰ ਵੀ ਅਗਾਹਾਂ ਲਈ ਆਸ ਦੇਣੀ ਚਾਹੁੰਦਾ ਹੈ। ਜੇ ਤੁਸੀਂ ਹਰ ਵੇਲੇ ਉਸ ਨੂੰ ਯਾਦ ਰੱਖੋਗੇ ਤੇ ਸੋਚ-ਸਮਝ ਕੇ ਫ਼ੈਸਲੇ ਕਰੋਗੇ, ਤਾਂ ਤੁਹਾਡਾ ਭਵਿੱਖ ਵੀ ਚੰਗਾ ਹੋਵੇਗਾ।—ਪਰਕਾਸ਼ ਦੀ ਪੋਥੀ 7:16, 17; 21:3, 4.
“ਪਰਮੇਸ਼ੁਰ ਦੇ ਨੇੜੇ ਜਾਓ”
7, 8. ਨੌਜਵਾਨੋ ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ?
7 ਯਾਕੂਬ ਨੇ ਵੀ ਸਾਨੂੰ ਯਹੋਵਾਹ ਨੂੰ ਯਾਦ ਰੱਖਣ ਲਈ ਕਿਹਾ ਸੀ ਜਦੋਂ ਉਸ ਨੇ ਤਾਕੀਦ ਕੀਤੀ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਸਾਨੂੰ ਯਹੋਵਾਹ ਦੀ ਭਗਤੀ ਅਤੇ ਵਡਿਆਈ ਤਾਂ ਕਰਨੀ ਹੀ ਚਾਹੀਦੀ ਹੈ ਕਿਉਂਕਿ ਸਾਡਾ ਸਿਰਜਣਹਾਰ ਤੇ ਸਾਡਾ ਮਾਲਕ ਹੋਣ ਦੇ ਨਾਤੇ ਉਹ ਇਸ ਦੇ ਲਾਇਕ ਹੈ। (ਪਰਕਾਸ਼ ਦੀ ਪੋਥੀ 4:11) ਪਰ ਜੇ ਅਸੀਂ ਉਸ ਦੇ ਨੇੜੇ ਜਾਵਾਂਗੇ, ਤਾਂ ਉਹ ਸਾਡੇ ਨੇੜੇ ਆਵੇਗਾ। ਕੀ ਇਹ ਜਾਣ ਕੇ ਤੁਹਾਡਾ ਦਿਲ ਖ਼ੁਸ਼ ਨਹੀਂ ਹੁੰਦਾ?—ਮੱਤੀ 22:37.
8 ਅਸੀਂ ਕਈ ਤਰੀਕਿਆਂ ਨਾਲ ਯਹੋਵਾਹ ਦੇ ਨੇੜੇ ਜਾ ਸਕਦੇ ਹਾਂ। ਮਿਸਾਲ ਲਈ, ਪੌਲੁਸ ਰਸੂਲ ਨੇ ਕਿਹਾ: “ਲਗਾਤਾਰ ਪ੍ਰਾਰਥਨਾ ਕਰਦੇ ਰਹੋ ਅਤੇ ਧੰਨਵਾਦ ਕਰਦਿਆਂ ਹੋਇਆਂ ਉਸ ਵਿੱਚ ਸੁਚੇਤ ਰਹੋ।” (ਕੁਲੁੱਸੀਆਂ 4:2) ਤੁਸੀਂ ਵੀ ਪ੍ਰਾਰਥਨਾ ਕਰਨ ਦੀ ਆਦਤ ਪਾਓ। ਇੰਨੇ ਵਿਚ ਹੀ ਖ਼ੁਸ਼ ਨਾ ਹੋਵੋ ਕਿ ਤੁਹਾਡੇ ਲਈ ਤੁਹਾਡੇ ਪਿਤਾ ਜੀ ਜਾਂ ਕਲੀਸਿਯਾ ਵਿਚ ਕੋਈ ਹੋਰ ਭਰਾ ਪ੍ਰਾਰਥਨਾ ਕਰ ਦਿੰਦਾ ਹੈ ਜਿਸ ਤੋਂ ਬਾਅਦ ਤੁਸੀਂ ਆਮੀਨ ਕਹਿ ਦਿੰਦੇ ਹੋ। ਕੀ ਤੁਸੀਂ ਕਦੀ ਵੀ ਦਿਲ ਖੋਲ੍ਹ ਕੇ ਯਹੋਵਾਹ ਨਾਲ ਆਪ ਗੱਲ ਕੀਤੀ ਹੈ? ਕੀ ਤੁਸੀਂ ਉਸ ਨੂੰ ਕਦੀ ਦੱਸਿਆ ਹੈ ਕਿ ਤੁਸੀਂ ਕੀ ਸੋਚਦੇ ਹੋ, ਤੁਹਾਨੂੰ ਕਿਨ੍ਹਾਂ ਗੱਲਾਂ ਤੋਂ ਡਰ ਲੱਗਦਾ ਹੈ ਅਤੇ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਪਾਰ ਕਰਨੀਆਂ ਪੈਂਦੀਆਂ ਹਨ? ਕੀ ਤੁਸੀਂ ਯਹੋਵਾਹ ਨੂੰ ਅਜਿਹੀ ਕੋਈ ਗੱਲ ਦੱਸੀ ਹੈ ਜੋ ਤੁਸੀਂ ਕਿਸੇ ਹੋਰ ਨੂੰ ਦੱਸਣ ਤੋਂ ਸ਼ਰਮਾਉਂਦੇ ਹੋ? ਦਿਲੋਂ ਪ੍ਰਾਰਥਨਾ ਕਰਨ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। (ਫ਼ਿਲਿੱਪੀਆਂ 4:6, 7) ਪ੍ਰਾਰਥਨਾ ਰਾਹੀਂ ਅਸੀਂ ਯਹੋਵਾਹ ਦੇ ਨਜ਼ਦੀਕ ਮਹਿਸੂਸ ਕਰਦੇ ਹਾਂ ਅਤੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਵੀ ਸਾਡੇ ਨਜ਼ਦੀਕ ਹੈ।
9. ਨੌਜਵਾਨੋ ਤੁਸੀਂ ਯਹੋਵਾਹ ਦੀ ਕਿਵੇਂ ਸੁਣ ਸਕਦੇ ਹੋ?
9 ਯਹੋਵਾਹ ਦੇ ਨੇੜੇ ਜਾਣ ਦਾ ਇਕ ਹੋਰ ਤਰੀਕਾ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ: “ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ, ਤਾਂ ਜੋ ਓੜਕ ਨੂੰ ਬੁੱਧਵਾਨ ਬਣੇਂ।” (ਕਹਾਉਤਾਂ 19:20) ਜੇ ਤੁਸੀਂ ਯਹੋਵਾਹ ਦੀ ਸੁਣ ਕੇ ਉਸ ਦੇ ਆਖੇ ਲੱਗੋਗੇ, ਤਾਂ ਤੁਸੀਂ ਅਗਾਹਾਂ ਲਈ ਤਿਆਰੀ ਕਰ ਰਹੇ ਹੋਵੋਗੇ। ਤੁਸੀਂ ਯਹੋਵਾਹ ਦੀ ਕਿਵੇਂ ਸੁਣ ਸਕਦੇ ਹੋ? ਤੁਸੀਂ ਸ਼ਾਇਦ ਸਾਰੀਆਂ ਮੀਟਿੰਗਾਂ ਵਿਚ ਜਾਂਦੇ ਹੋ ਅਤੇ ਸਭ ਕੁਝ ਧਿਆਨ ਨਾਲ ਸੁਣਦੇ ਹੋ। ਇਸ ਤੋਂ ਇਲਾਵਾ, ਤੁਸੀਂ ਆਪਣੀ ਫੈਮਲੀ ਸਟੱਡੀ ਵਿਚ ਬੈਠ ਕੇ “ਆਪਣੇ ਮਾਂ ਪਿਉ ਦਾ ਆਦਰ” ਕਰਦੇ ਹੋ। (ਅਫ਼ਸੀਆਂ 6:1, 2; ਇਬਰਾਨੀਆਂ 10:24, 25) ਇਹ ਬਹੁਤ ਚੰਗੀ ਗੱਲ ਹੈ। ਪਰ ਇਸ ਦੇ ਨਾਲ-ਨਾਲ ਕੀ ਤੁਸੀਂ ਸਮਾਂ ਕੱਢ ਕੇ ਮੀਟਿੰਗਾਂ ਲਈ ਤਿਆਰੀ ਕਰਦੇ ਹੋ, ਰੋਜ਼ ਬਾਈਬਲ ਪੜ੍ਹਦੇ ਹੋ ਅਤੇ ਰਿਸਰਚ ਕਰਦੇ ਹੋ? ਕੀ ਤੁਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂਕਿ ਤੁਸੀਂ “ਬੁੱਧਵਾਨਾਂ” ਵਾਂਗ ਚੱਲ ਸਕੋ? (ਅਫ਼ਸੀਆਂ 5:15-17; ਜ਼ਬੂਰਾਂ ਦੀ ਪੋਥੀ 1:1-3) ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਯਹੋਵਾਹ ਦੇ ਨੇੜੇ ਜਾ ਰਹੇ ਹੋਵੋਗੇ।
10, 11. ਨੌਜਵਾਨਾਂ ਨੂੰ ਯਹੋਵਾਹ ਦੀ ਸੁਣਨ ਦੇ ਕਿਹੜੇ ਫ਼ਾਇਦੇ ਹੁੰਦੇ ਹਨ?
10 ਕਹਾਉਤਾਂ ਦੀ ਪੁਸਤਕ ਦੇ ਲਿਖਾਰੀ ਨੇ ਇਸ ਪੁਸਤਕ ਦੇ ਸ਼ੁਰੂ ਵਿਚ ਦੱਸਿਆ ਕਿ ਇਹ ਕਿਉਂ ਲਿਖੀ ਗਈ ਸੀ। ਉਸ ਨੇ ਕਿਹਾ ਕਿ ਇਹ “ਬੁੱਧ ਤੇ ਸਿੱਖਿਆ ਜਾਣਨ ਲਈ, ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ, ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ, ਨਿਆਉਂ, ਤੇ ਇਨਸਾਫ਼ ਵੀ, ਭੋਲਿਆਂ ਨੂੰ ਸਿਆਣਪ, ਅਤੇ ਜੁਆਨਾਂ ਨੂੰ ਗਿਆਨ ਤੇ ਮੱਤ ਦੇਣ ਲਈ” ਲਿਖੀ ਗਈ ਸੀ। (ਕਹਾਉਤਾਂ 1:1-4) ਇਸ ਲਈ ਜਦ ਤੁਸੀਂ ਕਹਾਉਤਾਂ ਅਤੇ ਬਾਕੀ ਦੀ ਬਾਈਬਲ ਵਿੱਚੋਂ ਗੱਲਾਂ ਪੜ੍ਹਦੇ ਹੋ ਅਤੇ ਉਨ੍ਹਾਂ ਉੱਤੇ ਚੱਲਦੇ ਹੋ, ਤਾਂ ਤੁਸੀਂ ਨੇਕ ਤੇ ਈਮਾਨਦਾਰ ਬਣਨਾ ਸਿੱਖ ਰਹੇ ਹੋ। ਯਹੋਵਾਹ ਵੀ ਤੁਹਾਨੂੰ ਇਸ ਤਰ੍ਹਾਂ ਕਰਦੇ ਦੇਖ ਕੇ ਆਪਣੇ ਨਜ਼ਦੀਕ ਲਿਆਉਣਾ ਚਾਹੇਗਾ। (ਜ਼ਬੂਰਾਂ ਦੀ ਪੋਥੀ 15:1-5) ਜਿੱਦਾਂ-ਜਿੱਦਾਂ ਤੁਸੀਂ ਬੁੱਧ, ਸਮਝ, ਗਿਆਨ ਅਤੇ ਮੱਤ ਪ੍ਰਾਪਤ ਕਰੋਗੇ ਉੱਦਾਂ-ਉੱਦਾਂ ਤੁਸੀਂ ਚੰਗੇ ਫ਼ੈਸਲੇ ਕਰਨੇ ਸਿੱਖੋਗੇ।
11 ਕੀ ਇਕ ਨੌਜਵਾਨ ਲਈ ਇਸ ਤਰ੍ਹਾਂ ਬੁੱਧੀਮਤਾ ਨਾਲ ਕੰਮ ਕਰਨਾ ਮੁਨਾਸਬ ਹੈ? ਜੀ ਹਾਂ, ਕਿਉਂਕਿ ਬਹੁਤ ਸਾਰੇ ਨੌਜਵਾਨ ਮਸੀਹੀ ਇਸ ਤਰ੍ਹਾਂ ਕਰ ਰਹੇ ਹਨ। ਨਤੀਜੇ ਵਜੋਂ ਦੂਸਰੇ ਲੋਕ ਉਨ੍ਹਾਂ ਦਾ ਆਦਰ ਕਰਦੇ ਹਨ ਅਤੇ ਉਨ੍ਹਾਂ ਦੀ ‘ਜੁਆਨੀ ਨੂੰ ਤੁੱਛ ਨਹੀਂ ਜਾਣਦੇ।’ (1 ਤਿਮੋਥਿਉਸ 4:12) ਉਨ੍ਹਾਂ ਦੇ ਮਾਪੇ ਉਨ੍ਹਾਂ ਉੱਤੇ ਫ਼ਖ਼ਰ ਕਰਦੇ ਹਨ ਅਤੇ ਉਹ ਨੌਜਵਾਨ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰਦੇ ਹਨ। (ਕਹਾਉਤਾਂ 27:11) ਭਾਵੇਂ ਉਹ ਜਵਾਨ ਹਨ, ਫਿਰ ਵੀ ਉਹ ਯਕੀਨ ਕਰ ਸਕਦੇ ਹਨ ਕਿ ਉਨ੍ਹਾਂ ਦਾ ਭਵਿੱਖ ਸੁਖੀ ਹੋਵੇਗਾ ਕਿਉਂਕਿ ਪਰਮੇਸ਼ੁਰ ਵਾਅਦਾ ਕਰਦਾ ਹੈ: “ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ।”—ਜ਼ਬੂਰਾਂ ਦੀ ਪੋਥੀ 37:37.
ਚੰਗੇ ਫ਼ੈਸਲੇ ਕਰੋ
12. ਨੌਜਵਾਨਾਂ ਨੂੰ ਕਿਹੜਾ ਇਕ ਅਹਿਮ ਫ਼ੈਸਲਾ ਕਰਨਾ ਪੈਂਦਾ ਹੈ ਅਤੇ ਇਸ ਦਾ ਉਨ੍ਹਾਂ ਦੀ ਬਾਕੀ ਦੀ ਜ਼ਿੰਦਗੀ ਉੱਤੇ ਕੀ ਅਸਰ ਪੈ ਸਕਦਾ ਹੈ?
12 ਜਵਾਨੀ ਦੌਰਾਨ ਤੁਹਾਨੂੰ ਕਈ ਫ਼ੈਸਲੇ ਕਰਨੇ ਪੈਣਗੇ ਜਿਨ੍ਹਾਂ ਦਾ ਅਸਰ ਤੁਹਾਡੀ ਬਾਕੀ ਦੀ ਜ਼ਿੰਦਗੀ ਉੱਤੇ ਪਵੇਗਾ। ਚੰਗੇ ਫ਼ੈਸਲੇ ਕਰਨ ਨਾਲ ਤੁਸੀਂ ਖ਼ੁਸ਼ ਹੋਵੋਗੇ ਅਤੇ ਤੁਹਾਡੀ ਜ਼ਿੰਦਗੀ ਕਾਮਯਾਬ ਹੋਵੇਗੀ। ਬੁਰੇ ਫ਼ੈਸਲੇ ਤੁਹਾਡੀ ਬਾਕੀ ਦੀ ਜ਼ਿੰਦਗੀ ਉੱਤੇ ਧੱਬਾ ਲਾ ਸਕਦੇ ਹਨ। ਮਿਸਾਲ ਲਈ, ਦੋ ਫ਼ੈਸਲਿਆਂ ਵੱਲ ਧਿਆਨ ਦਿਓ। ਪਹਿਲਾ: ਤੁਸੀਂ ਕਿਨ੍ਹਾਂ ਨਾਲ ਮੇਲ-ਜੋਲ ਰੱਖੋਗੇ? ਇਹ ਗੱਲ ਅਹਿਮ ਕਿਉਂ ਹੈ? ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਇਸ ਦਾ ਮਤਲਬ ਹੈ ਕਿ ਅਸੀਂ ਖ਼ੁਦ ਉਨ੍ਹਾਂ ਵਰਗੇ ਬਣ ਜਾਂਦੇ ਹਾਂ ਜਿਨ੍ਹਾਂ ਨਾਲ ਅਸੀਂ ਸੰਗਤ ਰੱਖਦੇ ਹਾਂ। ਤੁਸੀਂ ਕੀ ਬਣਨਾ ਚਾਹੋਗੇ—ਬੁੱਧਵਾਨ ਜਾਂ ਮੂਰਖ?
13, 14. (ੳ) ਲੋਕਾਂ ਨਾਲ ਉੱਠਣ-ਬੈਠਣ ਤੋਂ ਇਲਾਵਾ ਹੋਰ ਕਿਸ-ਕਿਸ ਚੀਜ਼ ਦਾ ਸਾਡੇ ਉੱਤੇ ਅਸਰ ਪੈ ਸਕਦਾ ਹੈ? (ਅ) ਨੌਜਵਾਨਾਂ ਨੂੰ ਕਿਹੜੀ ਗ਼ਲਤੀ ਨਹੀਂ ਕਰਨੀ ਚਾਹੀਦੀ?
13 ਜਦ ਤੁਸੀਂ ਆਪਣੀ ਸੰਗਤ ਬਾਰੇ ਸੋਚਦੇ ਹੋ, ਤਾਂ ਸ਼ਾਇਦ ਤੁਸੀਂ ਹੋਰਨਾਂ ਲੋਕਾਂ ਨਾਲ ਉੱਠਣ-ਬੈਠਣ ਬਾਰੇ ਸੋਚੋ। ਇਹ ਬਿਲਕੁਲ ਸਹੀ ਹੈ, ਪਰ ਜਦ ਤੁਸੀਂ ਲੋਕਾਂ ਨਾਲ ਨਹੀਂ ਵੀ ਹੁੰਦੇ, ਉਦੋਂ ਵੀ ਉਨ੍ਹਾਂ ਦਾ ਅਸਰ ਤੁਹਾਡੇ ਉੱਤੇ ਪੈ ਸਕਦਾ ਹੈ। ਮਿਸਾਲ ਲਈ, ਜਦ ਤੁਸੀਂ ਕੋਈ ਟੈਲੀਵਿਯਨ ਪ੍ਰੋਗ੍ਰਾਮ ਦੇਖਦੇ ਹੋ, ਕੋਈ ਸੰਗੀਤ ਸੁਣਦੇ ਹੋ, ਕੋਈ ਕਿਤਾਬ ਪੜ੍ਹਦੇ ਹੋ, ਕੋਈ ਫ਼ਿਲਮ ਦੇਖਣ ਜਾਂਦੇ ਹੋ ਜਾਂ ਇੰਟਰਨੈੱਟ ਵਰਤਦੇ ਹੋ, ਤਾਂ ਇਹ ਵੀ ਲੋਕਾਂ ਨਾਲ ਮੇਲ-ਜੋਲ ਰੱਖਣ ਦੇ ਬਰਾਬਰ ਹੁੰਦਾ ਹੈ। ਜੇ ਇਨ੍ਹਾਂ ਵਿਚ ਹਿੰਸਾ ਜਾਂ ਬਦਚਲਣੀ ਹੋਵੇ, ਜੇ ਇਹ ਡ੍ਰੱਗਜ਼ ਲੈਣ, ਸ਼ਰਾਬੀ ਹੋਣ ਜਾਂ ਬਾਈਬਲ ਦੇ ਕਿਸੇ ਸਿਧਾਂਤ ਖ਼ਿਲਾਫ਼ ਹੋਰ ਕੁਝ ਕਰਨ ਦੀ ਹੱਲਾਸ਼ੇਰੀ ਦੇਣ, ਤਾਂ ਮੰਨ ਲਓ ਕਿ ਤੁਸੀਂ “ਮੂਰਖ” ਨਾਲ ਮੇਲ-ਜੋਲ ਰੱਖ ਰਹੇ ਹੋ ਜੋ ਮੰਨਦਾ ਹੀ ਨਹੀਂ ਕਿ ਯਹੋਵਾਹ ਹੈ।—ਜ਼ਬੂਰਾਂ ਦੀ ਪੋਥੀ 14:1.
14 ਤੁਸੀਂ ਸ਼ਾਇਦ ਸੋਚੋ ਕਿ ਮੈਂ ਤਾਂ ਮੀਟਿੰਗਾਂ ਵਿਚ ਜਾਂਦਾ ਹਾਂ ਅਤੇ ਕਲੀਸਿਯਾ ਨਾਲ ਸੇਵਾ ਕਰਦਾ ਹਾਂ, ਇਸ ਲਈ ਜੇ ਮੈਂ ਕੋਈ ਹਿੰਸਾ-ਭਰੀ ਫ਼ਿਲਮ ਦੇਖ ਵੀ ਲਈ ਜਾਂ ਅਜਿਹਾ ਸੰਗੀਤ ਸੁਣ ਵੀ ਲਿਆ ਜਿਸ ਦੀ ਧੁਨ ਅੱਛੀ ਹੈ ਪਰ ਸ਼ਬਦ ਚੰਗੇ ਨਹੀਂ, ਤਾਂ ਕੀ ਹੋ ਜਾਓ? ਸ਼ਾਇਦ ਤੁਹਾਨੂੰ ਲੱਗਦਾ ਹੈ ਕਿ ਇੰਟਰਨੈੱਟ ਉੱਤੇ ਗੰਦੀਆਂ ਤਸਵੀਰਾਂ ਦਿਖਾਉਣ ਵਾਲੀ ਵੈੱਬ-ਸਾਈਟ ਖੋਲ੍ਹਣ ਨਾਲ ਤੁਹਾਡੇ ਉੱਤੇ ਕੋਈ ਅਸਰ ਨਹੀਂ ਪਵੇਗਾ। ਪਰ ਪੌਲੁਸ ਰਸੂਲ ਤੁਹਾਨੂੰ ਕਹਿੰਦਾ ਹੈ ਕਿ ਇਸ ਤਰ੍ਹਾਂ ਸੋਚਣਾ ਬਿਲਕੁਲ ਗ਼ਲਤ ਹੈ! ਉਸ ਨੇ ਕਿਹਾ ਸੀ: “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਅਫ਼ਸੋਸ ਦੀ ਗੱਲ ਹੈ ਕਿ ਕਈ ਚੰਗੇ ਨੌਜਵਾਨਾਂ ਦੀਆਂ ਚੰਗੀਆਂ ਆਦਤਾਂ ਬੁਰੀ ਸੰਗਤ ਦੁਆਰਾ ਵਿਗੜ ਗਈਆਂ ਹਨ। ਤਾਂ ਫਿਰ, ਅਜਿਹੀ ਸੰਗਤ ਤੋਂ ਦੂਰ ਰਹਿਣ ਦਾ ਆਪਣਾ ਇਰਾਦਾ ਪੱਕਾ ਕਰ ਲਓ। ਇਸ ਤਰ੍ਹਾਂ ਤੁਸੀਂ ਪੌਲੁਸ ਦੀ ਇਹ ਸਲਾਹ ਮੰਨ ਰਹੇ ਹੋਵੋਗੇ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।”—ਰੋਮੀਆਂ 12:2.
15. ਨੌਜਵਾਨਾਂ ਨੂੰ ਹੋਰ ਕਿਹੜਾ ਫ਼ੈਸਲਾ ਕਰਨਾ ਪਵੇਗਾ ਅਤੇ ਇਸ ਦੇ ਸੰਬੰਧ ਵਿਚ ਉਨ੍ਹਾਂ ਉੱਤੇ ਕਿਹੋ ਜਿਹਾ ਜ਼ੋਰ ਪਾਇਆ ਜਾਂਦਾ ਹੈ?
15 ਹੁਣ ਦੂਜੇ ਫ਼ੈਸਲੇ ਵੱਲ ਧਿਆਨ ਦਿਓ। ਤੁਹਾਨੂੰ ਇਹ ਫ਼ੈਸਲਾ ਕਰਨਾ ਪਵੇਗਾ ਕਿ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਤੁਸੀਂ ਕੀ ਕਰੋਗੇ। ਜੇ ਤੁਸੀਂ ਅਜਿਹੇ ਦੇਸ਼ ਵਿਚ ਰਹਿੰਦੇ ਹੋ ਜਿੱਥੇ ਚੰਗੀ ਨੌਕਰੀ ਲੱਭਣੀ ਮੁਸ਼ਕਲ ਹੈ, ਤਾਂ ਸ਼ਾਇਦ ਤੁਸੀਂ ਉਹੀ ਪਹਿਲੀ ਨੌਕਰੀ ਕਰਨ ਲਈ ਮਜਬੂਰ ਮਹਿਸੂਸ ਕਰੋ ਜੋ ਤੁਹਾਨੂੰ ਮਿਲਦੀ ਹੈ। ਜੇ ਤੁਸੀਂ ਕਿਸੇ ਅਮੀਰ ਦੇਸ਼ ਵਿਚ ਰਹਿੰਦੇ ਹੋ, ਤਾਂ ਸ਼ਾਇਦ ਤੁਹਾਨੂੰ ਨੌਕਰੀ ਕਰਨ ਦੇ ਬਹੁਤ ਸਾਰੇ ਮੌਕੇ ਮਿਲਣ। ਤੁਹਾਡੇ ਭਲੇ ਬਾਰੇ ਸੋਚਦੇ ਹੋਏ ਤੁਹਾਡੇ ਟੀਚਰ ਜਾਂ ਮਾਪੇ ਸ਼ਾਇਦ ਤੁਹਾਡੇ ਉੱਤੇ ਜ਼ੋਰ ਪਾਉਣ ਕਿ ਤੁਸੀਂ ਅਜਿਹੀ ਨੌਕਰੀ ਕਰੋ ਜਿਸ ਵਿਚ ਤੁਸੀਂ ਢੇਰ ਸਾਰਾ ਪੈਸਾ ਕਮਾ ਸਕਦੇ ਹੋ। ਪਰ ਅਜਿਹੀ ਨੌਕਰੀ ਮਿਲਣ ਲਈ ਤੁਹਾਨੂੰ ਪਹਿਲਾਂ ਸ਼ਾਇਦ ਲੰਮੇ ਸਮੇਂ ਲਈ ਸਿਖਲਾਈ ਲੈਣੀ ਪਵੇ ਜਿਸ ਕਾਰਨ ਯਹੋਵਾਹ ਦੀ ਸੇਵਾ ਕਰਨ ਲਈ ਤੁਹਾਡੇ ਕੋਲ ਬਹੁਤਾ ਵਕਤ ਨਾ ਰਹੇ।
16, 17. ਬਾਈਬਲ ਦੇ ਹਵਾਲਿਆਂ ਤੋਂ ਇਕ ਨੌਜਵਾਨ ਨੂੰ ਨੌਕਰੀ ਬਾਰੇ ਸਹੀ ਫ਼ੈਸਲਾ ਕਰਨ ਵਿਚ ਕਿਵੇਂ ਮਦਦ ਮਿਲ ਸਕਦੀ ਹੈ?
16 ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਹਮੇਸ਼ਾ ਬਾਈਬਲ ਦੀ ਸਲਾਹ ਲਓ। ਬਾਈਬਲ ਵਿਚ ਲਿਖਿਆ ਹੈ ਕਿ ਸਾਨੂੰ ਰੋਜ਼ੀ-ਰੋਟੀ ਕਮਾਉਣ ਲਈ ਕੰਮ ਕਰਨਾ ਚਾਹੀਦਾ ਹੈ। (2 ਥੱਸਲੁਨੀਕੀਆਂ 3:10-12) ਫਿਰ ਵੀ, ਸਾਨੂੰ ਸੋਚ-ਸਮਝ ਕੇ ਨੌਕਰੀ ਚੁਣਨੀ ਚਾਹੀਦੀ ਹੈ। ਕਿਉਂ ਨਾ ਹੇਠ ਦਿੱਤੇ ਗਏ ਹਵਾਲੇ ਪੜ੍ਹ ਕੇ ਸੋਚੋ ਕਿ ਇਨ੍ਹਾਂ ਤੋਂ ਇਕ ਨੌਜਵਾਨ ਨੂੰ ਨੌਕਰੀ ਬਾਰੇ ਫ਼ੈਸਲਾ ਕਰਨ ਵਿਚ ਕਿਵੇਂ ਮਦਦ ਮਿਲ ਸਕਦੀ ਹੈ: ਕਹਾਉਤਾਂ 30:8, 9; ਉਪਦੇਸ਼ਕ ਦੀ ਪੋਥੀ 7:11, 12; ਮੱਤੀ 6:33; 1 ਕੁਰਿੰਥੀਆਂ 7:31; 1 ਤਿਮੋਥਿਉਸ 6:9, 10. ਇਨ੍ਹਾਂ ਆਇਤਾਂ ਨੂੰ ਪੜ੍ਹ ਕੇ ਕੀ ਤੁਸੀਂ ਸਮਝਦੇ ਹੋ ਕਿ ਇਸ ਵਿਸ਼ੇ ਬਾਰੇ ਯਹੋਵਾਹ ਦਾ ਕੀ ਵਿਚਾਰ ਹੈ?
17 ਸਾਡੀ ਨੌਕਰੀ ਯਹੋਵਾਹ ਦੀ ਸੇਵਾ ਨਾਲੋਂ ਜ਼ਿਆਦਾ ਮਹੱਤਵਪੂਰਣ ਕਦੀ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਆਪਣੇ ਗੁਜ਼ਾਰੇ ਜੋਗੀ ਨੌਕਰੀ ਲੱਭ ਸਕਦੇ ਹੋ, ਤਾਂ ਠੀਕ ਹੈ। ਜੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਤੁਹਾਨੂੰ ਹੋਰ ਸਿਖਲਾਈ ਲੈਣ ਦੀ ਲੋੜ ਹੈ, ਤਾਂ ਆਪਣੇ ਮਾਪਿਆਂ ਨਾਲ ਇਸ ਬਾਰੇ ਗੱਲ ਕਰੋ। ਪਰ “ਚੰਗ ਚੰਗੇਰੀਆਂ ਗੱਲਾਂ” ਯਾਨੀ ਪਰਮੇਸ਼ੁਰ ਦੀ ਸੇਵਾ ਕਰਨੀ ਨਾ ਭੁੱਲੋ। (ਫ਼ਿਲਿੱਪੀਆਂ 1:9, 10) ਉਹ ਗ਼ਲਤੀ ਨਾ ਕਰੋ ਜੋ ਯਿਰਮਿਯਾਹ ਦੇ ਸੈਕਟਰੀ ਬਾਰੂਕ ਨੇ ਕੀਤੀ ਸੀ। ਯਹੋਵਾਹ ਦੀ ਸੇਵਾ ਵਿਚ ਉਸ ਦਾ ਜੋਸ਼ ਠੰਢਾ ਪੈਣ ਕਰਕੇ ਉਹ ‘ਆਪਣੇ ਲਈ ਵੱਡੀਆਂ ਚੀਜ਼ਾਂ ਲੱਭਣ’ ਲੱਗ ਪਿਆ ਸੀ। (ਯਿਰਮਿਯਾਹ 45:5) ਕੁਝ ਸਮੇਂ ਲਈ ਉਹ ਭੁੱਲ ਗਿਆ ਸੀ ਕਿ ਇਸ ਦੁਨੀਆਂ ਵਿਚ ਕੋਈ ਵੀ ਚੀਜ਼ ਨਹੀਂ ਹੈ ਜੋ ਉਸ ਨੂੰ ਯਹੋਵਾਹ ਦੇ ਨਜ਼ਦੀਕ ਲੈ ਜਾ ਸਕਦੀ ਸੀ ਜਾਂ ਯਰੂਸ਼ਲਮ ਦੇ ਨਾਸ਼ ਵਿੱਚੋਂ ਉਸ ਨੂੰ ਬਚਾ ਸਕਦੀ ਸੀ। ਇਹ ਗੱਲ ਅੱਜ ਵੀ ਸੱਚ ਹੈ।
ਪਰਮੇਸ਼ੁਰ ਦੀ ਸੇਵਾ ਕਰਦੇ ਰਹੋ
18, 19. (ੳ) ਤੁਹਾਡੇ ਗੁਆਂਢੀ ਕਿਸ ਚੀਜ਼ ਤੋਂ ਪੀੜਿਤ ਹਨ ਅਤੇ ਤੁਹਾਨੂੰ ਉਨ੍ਹਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ? (ਅ) ਕਈਆਂ ਲੋਕਾਂ ਨੂੰ ਆਤਮਿਕ ਤੌਰ ਤੇ ਭੁੱਖ ਕਿਉਂ ਨਹੀਂ ਲੱਗਦੀ?
18 ਕੀ ਤੁਸੀਂ ਕਦੇ ਕਾਲ ਪੈਣ ਦੇ ਕਾਰਨ ਭੁੱਖੇ ਬੱਚੇ ਦੇਖੇ ਹਨ? ਜੇ ਦੇਖੇ ਹਨ, ਤਾਂ ਤੁਸੀਂ ਉਨ੍ਹਾਂ ਬੱਚਿਆਂ ਉੱਤੇ ਜ਼ਰੂਰ ਤਰਸ ਖਾਧਾ ਹੋਵੇਗਾ। ਇਸੇ ਤਰ੍ਹਾਂ ਕੀ ਤੁਸੀਂ ਆਪਣੇ ਆਂਢ-ਗੁਆਂਢ ਵਿਚ ਰਹਿੰਦੇ ਲੋਕਾਂ ਉੱਤੇ ਤਰਸ ਖਾਂਦੇ ਹੋ? ਤੁਹਾਨੂੰ ਉਨ੍ਹਾਂ ਉੱਤੇ ਤਰਸ ਕਿਉਂ ਖਾਣਾ ਚਾਹੀਦਾ ਹੈ? ਕਿਉਂਕਿ ਉਹ ਵੀ ਭੁੱਖ ਨਾਲ ਮਰ ਰਹੇ ਹਨ। ਉਹ ਉਸ ਕਾਲ ਤੋਂ ਪੀੜਿਤ ਹਨ ਜਿਸ ਬਾਰੇ ਆਮੋਸ ਨੇ ਗੱਲ ਕੀਤੀ ਸੀ: “ਓਹ ਦਿਨ ਆਉਂਦੇ ਹਨ, ਪ੍ਰਭੁ ਯਹੋਵਾਹ ਦਾ ਵਾਕ ਹੈ, ਕਿ ਮੈਂ ਦੇਸ ਵਿੱਚ ਕਾਲ ਘੱਲਾਂਗਾ, ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ।”—ਆਮੋਸ 8:11.
19 ਇਹ ਸੱਚ ਹੈ ਕਿ ਲੋਕ ਜਾਣਦੇ ਵੀ ਨਹੀਂ ਕਿ ਉਹ ਇਸ ਕਾਲ ਕਾਰਨ ਭੁੱਖੇ ਮਰ ਰਹੇ ਹਨ ਕਿਉਂਕਿ ਉਹ “ਆਪਣੀ ਆਤਮਕ ਲੋੜ ਨੂੰ ਜਾਣਦੇ” ਹੀ ਨਹੀਂ। (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕਈਆਂ ਲੋਕਾਂ ਨੂੰ ਆਤਮਿਕ ਤੌਰ ਤੇ ਭੁੱਖ ਲੱਗਦੀ ਹੀ ਨਹੀਂ। ਉਨ੍ਹਾਂ ਦੇ ਖ਼ਿਆਲ ਵਿਚ ਉਹ ਰੱਜੇ-ਪੁੱਜੇ ਹਨ। ਉਹ ਇਸ ਤਰ੍ਹਾਂ ਕਿਉਂ ਮਹਿਸੂਸ ਕਰਦੇ ਹਨ? ਕਿਉਂਕਿ ਉਹ ਪਰਮੇਸ਼ੁਰ ਦੀ ਬਾਣੀ ਲੈਣ ਦੀ ਬਜਾਇ “ਸੰਸਾਰ ਦੀ ਬੁੱਧ” ਲੈ ਰਹੇ ਹਨ। ਇਸ ਬੁੱਧ ਵਿਚ ਧਨ-ਦੌਲਤ ਕਮਾਉਣੀ, ਸਾਇੰਸਦਾਨਾਂ ਦੇ ਅੰਦਾਜ਼ੇ ਮੰਨਣੇ ਅਤੇ ਚਾਲ-ਚਲਣ ਬਾਰੇ ਆਪਣੀ ਰਾਇ ਕਾਇਮ ਕਰਨੀ ਸ਼ਾਮਲ ਹੈ। ਕਈ ਲੋਕ ਮੰਨਦੇ ਹਨ ਕਿ ਅੱਜ-ਕੱਲ੍ਹ ਦੀ ਨਵੀਂ ਬੁੱਧ ਦੇ ਮੁਕਾਬਲੇ ਵਿਚ ਬਾਈਬਲ ਦੀਆਂ ਸਿੱਖਿਆਵਾਂ ਪੁਰਾਣੀਆਂ ਹੋ ਚੁੱਕੀਆਂ ਹਨ। ਪਰ “ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ੁਰ ਨੂੰ ਨਾ ਜਾਣਿਆ।” ਸੰਸਾਰ ਦੀ ਬੁੱਧ ਤੁਹਾਨੂੰ ਪਰਮੇਸ਼ੁਰ ਦੇ ਨਜ਼ਦੀਕ ਨਹੀਂ ਲਿਆਵੇਗੀ। ਇਹ ਤਾਂ “ਪਰਮੇਸ਼ੁਰ ਦੇ ਭਾਣੇ ਮੂਰਖਪੁਣਾ ਹੈ।”—1 ਕੁਰਿੰਥੀਆਂ 1:20, 21; 3:19.
20. ਸਾਨੂੰ ਉਨ੍ਹਾਂ ਲੋਕਾਂ ਦੀ ਰੀਸ ਕਿਉਂ ਨਹੀਂ ਕਰਨੀ ਚਾਹੀਦੀ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ?
20 ਜਦ ਤੁਸੀਂ ਭੁੱਖੇ ਬੱਚੇ ਦੇਖਦੇ ਹੋ, ਤਾਂ ਕੀ ਤੁਸੀਂ ਉਨ੍ਹਾਂ ਵਰਗੇ ਬਣਨਾ ਚਾਹੁੰਦੇ ਹੋ? ਬਿਲਕੁਲ ਨਹੀਂ! ਫਿਰ ਵੀ, ਮਸੀਹੀ ਪਰਿਵਾਰਾਂ ਵਿਚ ਕੁਝ ਨੌਜਵਾਨਾਂ ਨੇ ਦਿਖਾਇਆ ਹੈ ਕਿ ਉਹ ਆਤਮਿਕ ਤੌਰ ਤੇ ਭੁੱਖੇ ਲੋਕਾਂ ਵਰਗੇ ਬਣਨਾ ਚਾਹੁੰਦੇ ਹਨ। ਹੋ ਸਕਦਾ ਹੈ ਕਿ ਅਜਿਹੇ ਨੌਜਵਾਨ ਸੋਚਣ ਕਿ ਦੁਨੀਆਂ ਦੇ ਨੌਜਵਾਨਾਂ ਨੂੰ ਖੁੱਲ੍ਹੀ ਛੁੱਟੀ ਮਿਲੀ ਹੈ ਅਤੇ ਉਹ ਜ਼ਿੰਦਗੀ ਦਾ ਪੂਰਾ ਮਜ਼ਾ ਲੈ ਰਹੇ ਹਨ। ਪਰ ਉਹ ਭੁੱਲ ਜਾਂਦੇ ਹਨ ਕਿ ਇਹ ਨੌਜਵਾਨ ਯਹੋਵਾਹ ਤੋਂ ਬਹੁਤ ਦੂਰ ਹਨ। (ਅਫ਼ਸੀਆਂ 4:17, 18) ਉਹ ਆਤਮਿਕ ਤੌਰ ਤੇ ਭੁੱਖੇ ਰਹਿਣ ਦੇ ਬੁਰੇ ਅਸਰਾਂ ਨੂੰ ਵੀ ਭੁੱਲ ਜਾਂਦੇ ਹਨ। ਕਿਹੋ ਜਿਹੇ ਅਸਰ? ਕੁਆਰੀਆਂ ਕੁੜੀਆਂ ਮਾਵਾਂ ਬਣ ਜਾਂਦੀਆਂ ਹਨ। ਬਦਚਲਣੀ, ਸੀਗਰਟ ਪੀਣ, ਸ਼ਰਾਬੀ ਹੋਣ ਅਤੇ ਡ੍ਰੱਗਜ਼ ਲੈਣ ਦੇ ਕਾਰਨ ਸਰੀਰ ਅਤੇ ਮਨ ਉੱਤੇ ਬਹੁਤ ਬੁਰੇ ਅਸਰ ਪੈਂਦੇ ਹਨ। ਕਈ ਲੋਕ ਜ਼ਿੰਦਗੀ ਤੋਂ ਅੱਕ ਜਾਂਦੇ ਹਨ, ਉਹ ਦੁਖੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਜ਼ਿੰਦਗੀ ਉਨ੍ਹਾਂ ਨੂੰ ਕਿੱਥੇ ਲੈ ਜਾਵੇਗੀ।
21. ਅਸੀਂ ਦੁਨੀਆਂ ਦੀ ਹਵਾ ਲੱਗਣ ਤੋਂ ਕਿਵੇਂ ਬਚ ਸਕਦੇ ਹਾਂ?
21 ਇਸ ਲਈ, ਜਦੋਂ ਤੁਸੀਂ ਸਕੂਲ ਵਿਚ ਉਨ੍ਹਾਂ ਨੌਜਵਾਨਾਂ ਨਾਲ ਹੁੰਦੇ ਹੋ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ, ਤਾਂ ਉਨ੍ਹਾਂ ਵਰਗੇ ਬਣਨ ਦੀ ਕੋਸ਼ਿਸ਼ ਨਾ ਕਰੋ। (2 ਕੁਰਿੰਥੀਆਂ 4:18) ਕਈ ਤੁਹਾਨੂੰ ਬੁਰਾ-ਭਲਾ ਕਹਿਣਗੇ। ਇਸ ਤੋਂ ਛੁੱਟ, ਮੀਡੀਆ ਰਾਹੀਂ ਵੀ ਸਾਡੇ ਤੇ ਦੁਨੀਆਂ ਵਰਗੇ ਬਣਨ ਦਾ ਜ਼ੋਰ ਪਾਇਆ ਜਾਂਦਾ ਹੈ। ਲੋਕ ਕਹਿੰਦੇ ਹਨ ਕਿ ‘ਬਦਚਲਣੀ ਠੀਕ ਹੈ, ਕੌਣ ਨਹੀਂ ਸ਼ਰਾਬੀ ਹੁੰਦਾ ਤੇ ਕੌਣ ਨਹੀਂ ਗਾਲ੍ਹਾਂ ਕੱਢਦਾ? ਸਾਰੀ ਦੁਨੀਆਂ ਇਸ ਤਰ੍ਹਾਂ ਕਰਦੀ ਹੈ।’ ਪਰ ਤੁਸੀਂ ਦੁਨੀਆਂ ਦੀ ਹਵਾ ਲੱਗਣ ਤੋਂ ਬਚੋ। ਉਨ੍ਹਾਂ ਲੋਕਾਂ ਨਾਲ ਮੇਲ-ਜੋਲ ਰੱਖੋ ਜੋ “ਨਿਹਚਾ ਅਤੇ ਸ਼ੁੱਧ ਅੰਤਹਕਰਨ ਨੂੰ ਤਕੜਿਆਂ” ਰੱਖਦੇ ਹਨ। “ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ।” (1 ਤਿਮੋਥਿਉਸ 1:19; 1 ਕੁਰਿੰਥੀਆਂ 15:58) ਮੀਟਿੰਗਾਂ ਵਿਚ ਅਤੇ ਪ੍ਰਚਾਰ ਕਰਨ ਵਿਚ ਰੁੱਝੇ ਰਹੋ। ਸਮੇਂ-ਸਮੇਂ ਤੇ ਸਕੂਲ ਦੀਆਂ ਛੁੱਟੀਆਂ ਦੌਰਾਨ ਪਾਇਨੀਅਰੀ ਕਰੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰ ਰਹੇ ਹੋਵੋਗੇ ਅਤੇ ਉਸ ਦੀ ਸੇਵਾ ਵਿਚ ਡਟੇ ਰਹੋਗੇ।—2 ਤਿਮੋਥਿਉਸ 4:5.
22, 23. (ੳ) ਇਕ ਨੌਜਵਾਨ ਮਸੀਹੀ ਅਜਿਹੇ ਫ਼ੈਸਲੇ ਕਿਉਂ ਕਰੇਗਾ ਜੋ ਦੂਸਰੇ ਲੋਕ ਨਹੀਂ ਸਮਝਦੇ? (ਅ) ਨੌਜਵਾਨਾਂ ਨੂੰ ਕੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ?
22 ਜਦ ਤੁਸੀਂ ਯਹੋਵਾਹ ਦੀ ਸੇਵਾ ਕਰਦੇ ਹੋ, ਤਾਂ ਦੂਸਰੇ ਲੋਕ ਸ਼ਾਇਦ ਤੁਹਾਡੇ ਫ਼ੈਸਲੇ ਨਾ ਸਮਝਣ। ਉਸ ਨੌਜਵਾਨ ਭਰਾ ਬਾਰੇ ਸੋਚੋ ਜੋ ਵਧੀਆ ਸੰਗੀਤਕਾਰ ਹੋਣ ਦੇ ਨਾਲ-ਨਾਲ ਸਕੂਲ ਦੀ ਹਰ ਕਲਾਸ ਵਿਚ ਪਹਿਲੇ ਨੰਬਰ ਲੈਂਦਾ ਸੀ। ਜਦੋਂ ਉਹ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕਰ ਹਟਿਆ, ਤਾਂ ਉਹ ਆਪਣੇ ਪਿਤਾ ਨਾਲ ਸਫ਼ਾਈ ਕਰਨ ਦਾ ਕੰਮ ਕਰਨ ਲੱਗਾ ਤਾਂਕਿ ਉਹ ਪਾਇਨੀਅਰੀ ਕਰ ਸਕੇ। ਉਸ ਦੇ ਟੀਚਰ ਸਮਝ ਨਹੀਂ ਸਕੇ ਕਿ ਉਸ ਨੇ ਪੜ੍ਹਾਈ ਚਾਲੂ ਰੱਖਣ ਦੀ ਬਜਾਇ ਇਹ ਫ਼ੈਸਲਾ ਕਿਉਂ ਕੀਤਾ ਸੀ। ਪਰ ਜੇ ਤੁਸੀਂ ਯਹੋਵਾਹ ਦੇ ਨਜ਼ਦੀਕ ਹੋ, ਤਾਂ ਸਾਨੂੰ ਯਕੀਨ ਹੈ ਕਿ ਤੁਸੀਂ ਇਸ ਫ਼ੈਸਲੇ ਦਾ ਕਾਰਨ ਸਮਝਦੇ ਹੋ।
23 ਤੁਸੀਂ ਆਪਣੀ ਜਵਾਨੀ ਵਿਚ ਕੀ-ਕੁਝ ਕਰੋਗੇ? ਬਾਈਬਲ ਸਲਾਹ ਦਿੰਦੀ ਹੈ: ‘ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰੋ ਭਈ ਤੁਸੀਂ ਉਸ ਜੀਵਨ ਨੂੰ ਫੜ ਲਓ ਜਿਹੜਾ ਅਸਲ ਜੀਵਨ ਹੈ।’ (1 ਤਿਮੋਥਿਉਸ 6:19) ਠਾਣ ਲਓ ਕਿ ਤੁਸੀਂ ਆਪਣੀ ਜਵਾਨੀ ਵਿਚ ਅਤੇ ਬਾਕੀ ਦੀ ਜ਼ਿੰਦਗੀ ਵਿਚ ਵੀ ‘ਆਪਣੇ ਕਰਤਾਰ ਨੂੰ ਚੇਤੇ ਰੱਖੋਗੇ।’ ਇਸ ਤਰ੍ਹਾਂ ਤੁਸੀਂ ਅਗਾਹਾਂ ਲਈ ਤਿਆਰੀ ਕਰ ਰਹੇ ਹੋਵੋਗੇ ਅਤੇ ਤੁਹਾਡਾ ਭਵਿੱਖ ਹਮੇਸ਼ਾ ਦਾ ਹੋਵੇਗਾ।
ਤੁਹਾਡਾ ਕੀ ਖ਼ਿਆਲ ਹੈ?
• ਅਗਾਹਾਂ ਬਾਰੇ ਸੋਚਣ ਲਈ ਬਾਈਬਲ ਵਿਚ ਨੌਜਵਾਨਾਂ ਨੂੰ ਕਿਹੜੀ ਸਲਾਹ ਦਿੱਤੀ ਗਈ ਹੈ?
• ਇਕ ਨੌਜਵਾਨ ਕਿਨ੍ਹਾਂ ਤਰੀਕਿਆਂ ਨਾਲ “ਪਰਮੇਸ਼ੁਰ ਦੇ ਨੇੜੇ” ਜਾ ਸਕਦਾ ਹੈ?
• ਇਕ ਨੌਜਵਾਨ ਕਿਹੜੇ ਫ਼ੈਸਲੇ ਕਰੇਗਾ ਜੋ ਉਸ ਦੀ ਬਾਕੀ ਦੀ ਜ਼ਿੰਦਗੀ ਉੱਤੇ ਅਸਰ ਪਾਉਣਗੇ?
[ਸਫ਼ੇ 15 ਉੱਤੇ ਤਸਵੀਰ]
ਕੀ ਤੁਸੀਂ ਆਪਣੀ ਤਾਕਤ ਅਤੇ ਆਪਣੇ ਜੋਸ਼ ਨੂੰ ਆਪਣੇ ਹੀ ਕੰਮਾਂ ਵਿਚ ਲਾ ਦਿਓਗੇ?
[ਸਫ਼ੇ 17 ਉੱਤੇ ਤਸਵੀਰ]
ਨੌਜਵਾਨ ਜੋ ਬੁੱਧਵਾਨ ਹਨ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਗੇ