ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ?
“ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?”—ਮੀਕਾਹ 6:8.
1, 2. ਯਹੋਵਾਹ ਦੇ ਕੁਝ ਸੇਵਕ ਨਿਰਾਸ਼ ਕਿਉਂ ਹੋ ਸਕਦੇ ਹਨ, ਪਰ ਉਨ੍ਹਾਂ ਨੂੰ ਕਿੱਥੋਂ ਹੌਸਲਾ ਮਿਲ ਸਕਦਾ ਹੈ?
ਵੀਰਾ ਇਕ ਵਫ਼ਾਦਾਰ ਮਸੀਹੀ ਹੈ। ਉਸ ਦੀ ਉਮਰ ਤਕਰੀਬਨ 75 ਸਾਲ ਹੈ ਤੇ ਉਸ ਦੀ ਸਿਹਤ ਖ਼ਰਾਬ ਰਹਿੰਦੀ ਹੈ। ਉਹ ਕਹਿੰਦੀ ਹੈ: “ਕਈ ਵਾਰ ਜਦੋਂ ਮੈਂ ਬਾਰੀ ਤੋਂ ਬਾਹਰ ਦੇਖਦੀ ਹਾਂ, ਤਾਂ ਮੈਂ ਆਪਣੇ ਮਸੀਹੀ ਭੈਣ-ਭਰਾਵਾਂ ਨੂੰ ਘਰ-ਘਰ ਪ੍ਰਚਾਰ ਕਰਦੇ ਦੇਖਦੀ ਹਾਂ। ਇਸ ਨਾਲ ਮੇਰੀਆਂ ਅੱਖਾਂ ਵਿਚ ਅੰਝੂ ਆ ਜਾਂਦੇ ਹਨ ਕਿਉਂਕਿ ਮੈਂ ਵੀ ਉਨ੍ਹਾਂ ਨਾਲ ਪ੍ਰਚਾਰ ਕਰਨ ਲਈ ਜਾਣਾ ਚਾਹੁੰਦੀ ਹਾਂ, ਪਰ ਆਪਣੀ ਖ਼ਰਾਬ ਸਿਹਤ ਕਰਕੇ ਮੈਂ ਯਹੋਵਾਹ ਦੀ ਸੇਵਾ ਜ਼ਿਆਦਾ ਨਹੀਂ ਕਰ ਸਕਦੀ।”
2 ਕੀ ਤੁਸੀਂ ਕਦੀ ਇਸ ਤਰ੍ਹਾਂ ਮਹਿਸੂਸ ਕੀਤਾ ਹੈ? ਯਹੋਵਾਹ ਨਾਲ ਪਿਆਰ ਕਰਨ ਵਾਲੇ ਸਾਰੇ ਲੋਕ ਉਸ ਦਾ ਨਾਂ ਲੈ ਕੇ ਚੱਲਣਾ ਚਾਹੁੰਦੇ ਹਨ ਅਤੇ ਉਸ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੁੰਦੇ ਹਨ। ਪਰ ਜੇ ਸਾਡੀ ਸਿਹਤ ਖ਼ਰਾਬ ਰਹਿੰਦੀ ਹੈ, ਅਸੀਂ ਬੁੱਢੇ ਹੋ ਗਏ ਹਾਂ ਜਾਂ ਸਾਡੇ ਸਿਰ ਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਹੈ, ਤਾਂ ਅਸੀਂ ਸ਼ਾਇਦ ਨਿਰਾਸ਼ ਹੋ ਜਾਈਏ ਕਿਉਂਕਿ ਇਨ੍ਹਾਂ ਗੱਲਾਂ ਕਰਕੇ ਅਸੀਂ ਯਹੋਵਾਹ ਦੀ ਉੱਨੀ ਜ਼ਿਆਦਾ ਸੇਵਾ ਨਹੀਂ ਕਰ ਪਾਉਂਦੇ ਜਿੰਨੀ ਸਾਡਾ ਦਿਲ ਚਾਹੁੰਦਾ ਹੈ। ਜੇ ਸਾਡੀ ਇਹ ਹਾਲਤ ਹੈ, ਤਾਂ ਮੀਕਾਹ ਦੇ ਛੇਵੇਂ ਤੇ ਸੱਤਵੇਂ ਅਧਿਆਇ ਉੱਤੇ ਗੌਰ ਕਰਨ ਨਾਲ ਸਾਨੂੰ ਹੌਸਲਾ ਮਿਲ ਸਕਦਾ ਹੈ। ਇਹ ਅਧਿਆਇ ਦੱਸਦੇ ਹਨ ਕਿ ਯਹੋਵਾਹ ਦੀਆਂ ਮੰਗਾਂ ਜਾਇਜ਼ ਹਨ ਤੇ ਇਨ੍ਹਾਂ ਨੂੰ ਪੂਰਾ ਕਰਨਾ ਸੰਭਵ ਹੈ।
ਆਪਣੇ ਲੋਕਾਂ ਨਾਲ ਪੇਸ਼ ਆਉਣ ਦਾ ਯਹੋਵਾਹ ਦਾ ਤਰੀਕਾ
3. ਯਹੋਵਾਹ ਬਾਗ਼ੀ ਇਸਰਾਏਲੀਆਂ ਨਾਲ ਕਿਵੇਂ ਪੇਸ਼ ਆਇਆ ਸੀ?
3 ਆਓ ਆਪਾਂ ਪਹਿਲਾਂ ਮੀਕਾਹ 6:3-5 ਵਿਚ ਦੇਖੀਏ ਕਿ ਯਹੋਵਾਹ ਆਪਣੇ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ। ਯਾਦ ਕਰੋ ਕਿ ਮੀਕਾਹ ਦੇ ਜ਼ਮਾਨੇ ਵਿਚ ਇਸਰਾਏਲੀ ਲੋਕ ਬਾਗ਼ੀ ਹੋ ਗਏ ਸਨ। ਫਿਰ ਵੀ, ਯਹੋਵਾਹ ਨੇ ਬੜੀ ਦਇਆ ਨਾਲ ਉਨ੍ਹਾਂ ਨੂੰ “ਹੇ ਮੇਰੀ ਪਰਜਾ” ਕਿਹਾ। ਯਹੋਵਾਹ ਨੇ ਉਨ੍ਹਾਂ ਨੂੰ ਬੇਨਤੀ ਕੀਤੀ: “ਹੇ ਮੇਰੀ ਪਰਜਾ, ਚੇਤੇ ਕਰ।” ਯਹੋਵਾਹ ਨੇ ਕਠੋਰ ਸ਼ਬਦਾਂ ਨਾਲ ਉਨ੍ਹਾਂ ਉੱਤੇ ਦੋਸ਼ ਨਹੀਂ ਲਾਇਆ, ਸਗੋਂ ਉਸ ਨੇ ਉਨ੍ਹਾਂ ਦੇ ਦਿਲਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਉਸ ਨੇ ਪੁੱਛਿਆ: “ਮੈਂ ਤੈਨੂੰ ਕੀ ਕੀਤਾ?” ਉਸ ਨੇ ਉਨ੍ਹਾਂ ਨੂੰ ‘ਉੱਤਰ ਦੇਣ’ ਯਾਨੀ ਉਨ੍ਹਾਂ ਨੂੰ ਉਸ ਦਾ ਦੋਸ਼ ਦੱਸਣ ਦਾ ਵੀ ਹੌਸਲਾ ਦਿੱਤਾ।
4. ਦਇਆ ਕਰਨ ਵਿਚ ਯਹੋਵਾਹ ਦੀ ਮਿਸਾਲ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?
4 ਦਇਆ ਕਰਨ ਵਿਚ ਯਹੋਵਾਹ ਸਾਡੇ ਸਾਰਿਆਂ ਲਈ ਕਿੰਨੀ ਵਧੀਆ ਮਿਸਾਲ ਕਾਇਮ ਕਰਦਾ ਹੈ! ਜ਼ਰਾ ਸੋਚੋ, ਜੇ ਯਹੋਵਾਹ ਨੇ ਇਸਰਾਏਲ ਤੇ ਯਹੂਦਾਹ ਦੇ ਬਾਗ਼ੀ ਲੋਕਾਂ ਨੂੰ ਪਿਆਰ ਨਾਲ “ਮੇਰੀ ਪਰਜਾ” ਕਿਹਾ, ਤਾਂ ਕੀ ਸਾਨੂੰ ਕਲੀਸਿਯਾ ਵਿਚ ਆਪਣੇ ਭੈਣ-ਭਰਾਵਾਂ ਉੱਤੇ ਦਇਆ ਕਰ ਕੇ ਉਨ੍ਹਾਂ ਨਾਲ ਚੰਗਾ ਵਰਤਾਅ ਨਹੀਂ ਕਰਨਾ ਚਾਹੀਦਾ? ਇਹ ਸੱਚ ਹੈ ਕਿ ਕੁਝ ਲੋਕਾਂ ਦਾ ਸੁਭਾਅ ਸਾਨੂੰ ਸ਼ਾਇਦ ਚੰਗਾ ਨਾ ਲੱਗੇ ਜਾਂ ਉਹ ਰੂਹਾਨੀ ਤੌਰ ਤੇ ਕਮਜ਼ੋਰ ਹੋਣ। ਫਿਰ ਵੀ, ਜੇ ਉਹ ਯਹੋਵਾਹ ਨਾਲ ਪ੍ਰੇਮ ਕਰਦੇ ਹਨ, ਤਾਂ ਸਾਨੂੰ ਵੀ ਉਨ੍ਹਾਂ ਉੱਤੇ ਦਇਆ ਕਰ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
5. ਮੀਕਾਹ 6:6, 7 ਵਿਚ ਕਿਹੜੀ ਖ਼ਾਸ ਗੱਲ ਦੱਸੀ ਗਈ ਹੈ?
5 ਹੁਣ ਆਓ ਆਪਾਂ ਮੀਕਾਹ 6:6, 7 ਦੇਖੀਏ। ਮੀਕਾਹ ਕੁਝ ਸਵਾਲ ਪੁੱਛਦਾ ਹੈ: “ਮੈਂ ਕੀ ਲੈ ਕੇ ਯਹੋਵਾਹ ਦੇ ਹਜ਼ੂਰ ਆਵਾਂ, ਅਤੇ ਮਹਾਨ ਪਰਮੇਸ਼ੁਰ ਅੱਗੇ ਝੁਕਾਂ? ਕੀ ਮੈਂ ਹੋਮ ਬਲੀਆਂ ਲਈ ਇੱਕ ਸਾਲੇ ਵੱਛੇ ਲੈ ਕੇ ਉਹ ਦੇ ਹਜ਼ੂਰ ਆਵਾਂ? ਭਲਾ, ਯਹੋਵਾਹ ਹਜ਼ਾਰਾਂ ਛੱਤਰਿਆਂ ਨਾਲ, ਯਾ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਵੇਗਾ? ਕੀ ਮੈਂ ਆਪਣੇ ਪਲੌਠੇ ਨੂੰ ਆਪਣੇ ਅਪਰਾਧ ਦੇ ਬਦਲੇ ਦਿਆਂ, ਮੇਰੇ ਸਰੀਰ ਦੇ ਫਲ ਨੂੰ ਮੇਰੇ ਮਨ ਦੇ ਪਾਪ ਲਈ?” ਨਹੀਂ, ਯਹੋਵਾਹ ਨੂੰ “ਹਜ਼ਾਰਾਂ ਛੱਤਰਿਆਂ ਨਾਲ, ਯਾ ਤੇਲ ਦੀਆਂ ਲੱਖਾਂ ਨਦੀਆਂ ਨਾਲ” ਖ਼ੁਸ਼ ਨਹੀਂ ਕੀਤਾ ਜਾ ਸਕਦਾ। ਪਰ ਇਕ ਚੀਜ਼ ਹੈ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਉਹ ਕੀ ਹੈ?
ਸਾਨੂੰ ਇਨਸਾਫ਼ ਕਰਨਾ ਚਾਹੀਦਾ ਹੈ
6. ਮੀਕਾਹ 6:8 ਵਿਚ ਪਰਮੇਸ਼ੁਰ ਦੀਆਂ ਕਿਹੜੀਆਂ ਤਿੰਨ ਮੰਗਾਂ ਦੱਸੀਆਂ ਗਈਆਂ ਹਨ?
6 ਮੀਕਾਹ 6:8 ਸਾਨੂੰ ਦੱਸਦਾ ਹੈ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ। ਮੀਕਾਹ ਪੁੱਛਦਾ ਹੈ: “ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?” ਇਨ੍ਹਾਂ ਤਿੰਨਾਂ ਮੰਗਾਂ ਵਿਚ ਸਾਡੇ ਜਜ਼ਬਾਤ, ਸਾਡੀ ਸੋਚਣੀ ਅਤੇ ਸਾਡੇ ਕੰਮ ਸ਼ਾਮਲ ਹਨ। ਸਾਡੇ ਵਿਚ ਇਨ੍ਹਾਂ ਗੁਣਾਂ ਨੂੰ ਪੈਦਾ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਅਸੀਂ ਇਹ ਗੁਣ ਕਿਵੇਂ ਦਿਖਾ ਸਕਦੇ ਹਾਂ ਅਤੇ ਫਿਰ ਆਪਣੇ ਕੰਮਾਂ ਦੁਆਰਾ ਇਨ੍ਹਾਂ ਗੁਣਾਂ ਨੂੰ ਦਿਖਾਉਣਾ ਚਾਹੀਦਾ ਹੈ। ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਤਿੰਨਾਂ ਮੰਗਾਂ ਉੱਤੇ ਵਿਚਾਰ ਕਰੀਏ।
7, 8. (ੳ) ‘ਇਨਸਾਫ਼ ਕਰਨ’ ਦਾ ਕੀ ਮਤਲਬ ਹੈ? (ਅ) ਮੀਕਾਹ ਦੇ ਦਿਨਾਂ ਵਿਚ ਲੋਕਾਂ ਨਾਲ ਕਿਵੇਂ ਬੇਇਨਸਾਫ਼ੀ ਹੋ ਰਹੀ ਸੀ?
7 ‘ਇਨਸਾਫ਼ ਕਰਨ’ ਦਾ ਮਤਲਬ ਹੈ ਉਹ ਕਰਨਾ ਜੋ ਸਹੀ ਹੈ। ਇਨਸਾਫ਼ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਤਰੀਕੇ ਨਾਲ ਕੰਮ ਕਰਨਾ ਪਵੇਗਾ। ਪਰ ਮੀਕਾਹ ਦੇ ਜ਼ਮਾਨੇ ਦੇ ਲੋਕ ਇਨਸਾਫ਼ ਨਹੀਂ ਸਗੋਂ ਬੇਇਨਸਾਫ਼ੀ ਕਰ ਰਹੇ ਸਨ। ਕਿਸ ਤਰ੍ਹਾਂ? ਮੀਕਾਹ 6:10 ਉੱਤੇ ਗੌਰ ਕਰੋ। ਇਸ ਆਇਤ ਦੇ ਅੰਤ ਵਿਚ ਦੱਸਿਆ ਗਿਆ ਹੈ ਕਿ ਵਪਾਰੀ “ਘੱਟ ਨਾਪ” ਇਸਤੇਮਾਲ ਕਰਦੇ ਸਨ। ਗਿਆਰਵੀਂ ਆਇਤ ਦੱਸਦੀ ਹੈ ਕਿ ਉਹ “ਖੋਟੇ ਵੱਟੇ” ਵੀ ਵਰਤਦੇ ਸਨ ਤੇ ਬਾਰ੍ਹਵੀਂ ਆਇਤ ਅਨੁਸਾਰ ‘ਉਨ੍ਹਾਂ ਦੀ ਜੀਭ ਫ਼ਰੇਬ ਵਾਲੀ’ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਮੀਕਾਹ ਦੇ ਜ਼ਮਾਨੇ ਵਿਚ ਜ਼ਿਆਦਾਤਰ ਵਪਾਰੀ ਗ਼ਲਤ ਨਾਪ ਤੇ ਖੋਟੇ ਵੱਟੇ ਇਸਤੇਮਾਲ ਕਰਦੇ ਸਨ ਅਤੇ ਝੂਠ ਬੋਲਦੇ ਸਨ।
8 ਇਹ ਸਭ ਕੁਝ ਸਿਰਫ਼ ਮੰਡੀਆਂ ਵਿਚ ਹੀ ਨਹੀਂ ਹੁੰਦਾ ਸੀ। ਅਦਾਲਤਾਂ ਵਿਚ ਵੀ ਇਹ ਚੱਲਦਾ ਸੀ। ਮੀਕਾਹ 7:3 ਕਹਿੰਦਾ ਹੈ ਕਿ “ਸਰਦਾਰ ਅਰ ਨਿਆਈ ਵੱਢੀ ਮੰਗਦੇ ਹਨ।” ਨਿਆਂਕਾਰਾਂ ਨੂੰ ਇਸ ਲਈ ਵੱਢੀ ਦਿੱਤੀ ਜਾਂਦੀ ਸੀ ਤਾਂਕਿ ਉਹ ਬੇਕਸੂਰ ਲੋਕਾਂ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਦੇਣ। “ਵੱਡਾ ਆਦਮੀ” ਵੀ ਅਜਿਹੇ ਅਪਰਾਧਾਂ ਵਿਚ ਸ਼ਾਮਲ ਹੁੰਦਾ ਸੀ। ਅਸਲ ਵਿਚ ਮੀਕਾਹ ਕਹਿੰਦਾ ਹੈ ਕਿ ਸਰਦਾਰ, ਨਿਆਈ ਅਤੇ ਵੱਡਾ ਆਦਮੀ ਇਕੱਠੇ ਮਿਲ ਕੇ “ਜਾਲਸਾਜ਼ੀ” ਕਰਦੇ ਸਨ।
9. ਦੁਸ਼ਟਾਂ ਦੀਆਂ ਬੇਇਨਸਾਫ਼ੀਆਂ ਦਾ ਸਾਰੇ ਯਹੂਦਾਹ ਅਤੇ ਇਸਰਾਏਲ ਉੱਤੇ ਕੀ ਅਸਰ ਪਿਆ?
9 ਦੁਸ਼ਟ ਆਗੂਆਂ ਦੀਆਂ ਬੇਇਨਸਾਫ਼ੀਆਂ ਦਾ ਅਸਰ ਸਾਰੇ ਯਹੂਦਾਹ ਅਤੇ ਇਸਰਾਏਲ ਤੇ ਪੈਂਦਾ ਹੈ। ਮੀਕਾਹ 7:5 ਕਹਿੰਦਾ ਹੈ ਕਿ ਲੋਕਾਂ ਨੂੰ ਆਪਣੇ ਗੁਆਂਢੀਆਂ ਉੱਤੇ, ਮਿੱਤਰਾਂ ਉੱਤੇ ਜਾਂ ਆਪਣੇ ਜੀਵਨ ਸਾਥੀ ਉੱਤੇ ਵੀ ਭਰੋਸਾ ਨਹੀਂ ਰਿਹਾ ਸੀ। ਛੇਵੀਂ ਆਇਤ ਕਹਿੰਦੀ ਹੈ ਕਿ ਹਾਲਾਤ ਇੰਨੇ ਭੈੜੇ ਹੋ ਗਏ ਸਨ ਕਿ ਪਿਉ-ਪੁੱਤ ਅਤੇ ਮਾਂ-ਧੀ ਵਿਚ ਨਫ਼ਰਤ ਪੈਦਾ ਹੋ ਗਈ ਸੀ।
10. ਅੱਜ ਬੇਇਨਸਾਫ਼ੀ ਦੇ ਮਾਹੌਲ ਵਿਚ ਮਸੀਹੀਆਂ ਨੂੰ ਕੀ ਕਰਨਾ ਚਾਹੀਦਾ ਹੈ?
10 ਸਾਡੇ ਦਿਨਾਂ ਬਾਰੇ ਕੀ? ਕੀ ਇਹ ਸੱਚ ਨਹੀਂ ਕਿ ਇਹ ਗੱਲਾਂ ਅੱਜ ਵੀ ਹੋ ਰਹੀਆਂ ਹਨ? ਮੀਕਾਹ ਵਾਂਗ ਅਸੀਂ ਵੀ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਇਨਸਾਫ਼ ਦੀ ਕਮੀ ਹੈ, ਲੋਕ ਇਕ-ਦੂਜੇ ਉੱਤੇ ਭਰੋਸਾ ਨਹੀਂ ਰੱਖ ਸਕਦੇ ਅਤੇ ਸਮਾਜ ਤੇ ਪਰਿਵਾਰ ਟੁੱਟ ਰਹੇ ਹਨ। ਫਿਰ ਵੀ, ਇਸ ਕੁਧਰਮੀ ਦੁਨੀਆਂ ਵਿਚ ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ, ਸਾਨੂੰ ਇਸ ਦੁਨੀਆਂ ਦੀ ਬੁਰਾਈ ਅਤੇ ਬੇਇਨਸਾਫ਼ੀਆਂ ਨੂੰ ਮਸੀਹੀ ਕਲੀਸਿਯਾ ਦੇ ਅੰਦਰ ਨਹੀਂ ਲਿਆਉਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਈਮਾਨਦਾਰੀ ਅਤੇ ਨੇਕੀ ਦੇ ਅਸੂਲਾਂ ਉੱਤੇ ਚੱਲਣਾ ਚਾਹੀਦਾ ਹੈ। ਜੀ ਹਾਂ, ਸਾਨੂੰ ‘ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੀਦੀ ਹੈ।’ (ਇਬਰਾਨੀਆਂ 13:18) ਕੀ ਤੁਹਾਨੂੰ ਨਹੀਂ ਲੱਗਦਾ ਕਿ ਇਨਸਾਫ਼ ਕਰ ਕੇ ਸਾਨੂੰ ਵੱਡੀਆਂ-ਵੱਡੀਆਂ ਬਰਕਤਾਂ ਮਿਲਦੀਆਂ ਹਨ ਅਤੇ ਆਪਣੇ ਭਾਈਚਾਰੇ ਵਿਚ ਅਸੀਂ ਇਕ-ਦੂਜੇ ਤੇ ਭਰੋਸਾ ਕਰ ਸਕਦੇ ਹਾਂ?
ਲੋਕ “ਯਹੋਵਾਹ ਦੀ ਆਵਾਜ਼” ਕਿਵੇਂ ਸੁਣਦੇ ਹਨ?
11. ਮੀਕਾਹ 7:12 ਦੀ ਅੱਜ ਕਿਵੇਂ ਪੂਰਤੀ ਹੋ ਰਹੀ ਹੈ?
11 ਮੀਕਾਹ ਨੇ ਭਵਿੱਖਬਾਣੀ ਕੀਤੀ ਕਿ ਭਾਵੇਂ ਪੂਰੇ ਦੇਸ਼ ਉੱਤੇ ਬੇਇਨਸਾਫ਼ੀ ਛਾਈ ਹੋਈ ਸੀ, ਪਰ ਹਰ ਤਰ੍ਹਾਂ ਦੇ ਲੋਕਾਂ ਨਾਲ ਇਨਸਾਫ਼ ਕੀਤਾ ਜਾਵੇਗਾ। ਮੀਕਾਹ ਨਬੀ ਨੇ ਕਿਹਾ ਕਿ ਲੋਕ “ਸਮੁੰਦਰ ਤੋਂ ਸਮੁੰਦਰ ਤੀਕ ਅਤੇ ਪਹਾੜ ਤੋਂ ਪਹਾੜ ਤੀਕ” ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਕੀਤੇ ਜਾਣਗੇ। (ਮੀਕਾਹ 7:12) ਅੱਜ, ਇਸ ਭਵਿੱਖਬਾਣੀ ਦੀ ਆਖ਼ਰੀ ਪੂਰਤੀ ਵਿਚ ਕੋਈ ਇਕ ਕੌਮ ਨਹੀਂ, ਸਗੋਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਇਨਸਾਫ਼ ਤੋਂ ਫ਼ਾਇਦਾ ਹੋ ਰਿਹਾ ਹੈ। (ਯਸਾਯਾਹ 42:1) ਉਹ ਕਿਵੇਂ?
12. ਅੱਜ ਲੋਕ “ਯਹੋਵਾਹ ਦੀ ਆਵਾਜ਼” ਕਿਵੇਂ ਸੁਣ ਰਹੇ ਹਨ?
12 ਇਸ ਸਵਾਲ ਦੇ ਜਵਾਬ ਲਈ ਮੀਕਾਹ ਦੇ ਪਹਿਲਾਂ ਕਹੇ ਸ਼ਬਦਾਂ ਉੱਤੇ ਗੌਰ ਕਰੋ। ਮੀਕਾਹ 6:9 ਵਿਚ ਦੱਸਿਆ ਹੈ: “ਯਹੋਵਾਹ ਦੀ ਆਵਾਜ਼ ਸ਼ਹਿਰ ਨੂੰ ਪੁਕਾਰਦੀ ਹੈ, ਅਤੇ ਬੁੱਧ ਤੇਰੇ ਨਾਮ ਦਾ ਭੈ ਮੰਨੇਗੀ।” ਸਾਰੀਆਂ ਕੌਮਾਂ ਦੇ ਲੋਕ “ਯਹੋਵਾਹ ਦੀ ਆਵਾਜ਼” ਕਿਵੇਂ ਸੁਣਦੇ ਹਨ ਅਤੇ ਇਸ ਦਾ ਸਾਡੇ ਇਨਸਾਫ਼ ਕਰਨ ਨਾਲ ਕੀ ਸੰਬੰਧ ਹੈ? ਅੱਜ ਪਰਮੇਸ਼ੁਰ ਸਵਰਗ ਤੋਂ ਇਨਸਾਨਾਂ ਨਾਲ ਗੱਲ ਨਹੀਂ ਕਰਦਾ। ਪਰ ਸਾਰੀ ਦੁਨੀਆਂ ਵਿਚ ਸਾਡੇ ਪ੍ਰਚਾਰ ਰਾਹੀਂ ਸਾਰੀਆਂ ਜਾਤੀਆਂ ਅਤੇ ਪਿਛੋਕੜਾਂ ਦੇ ਲੋਕ ਯਹੋਵਾਹ ਦੀ ਆਵਾਜ਼ ਸੁਣ ਰਹੇ ਹਨ। ਨਤੀਜੇ ਵਜੋਂ, ਜਿਹੜੇ ਲੋਕ ਪਰਮੇਸ਼ੁਰ ਦੀ ਆਵਾਜ਼ ਸੁਣਦੇ ਹਨ, ਉਹ ਪਰਮੇਸ਼ੁਰ ਦੇ ‘ਨਾਮ ਦਾ ਭੈ ਮੰਨਦੇ ਹਨ।’ ਵਾਕਈ, ਰਾਜ ਦੇ ਜੋਸ਼ੀਲੇ ਪ੍ਰਚਾਰਕ ਹੋਣ ਦੇ ਨਾਤੇ, ਅਸੀਂ ਬਿਨਾਂ ਪੱਖਪਾਤ ਕੀਤੇ ਸਾਰਿਆਂ ਨੂੰ ਯਹੋਵਾਹ ਦਾ ਨਾਂ ਦੱਸ ਕੇ ‘ਇਨਸਾਫ਼ ਕਰਦੇ’ ਹਾਂ।
ਸਾਨੂੰ ਦਇਆ ਨਾਲ ਪਿਆਰ ਕਰਨਾ ਚਾਹੀਦਾ ਹੈ
13. ਪ੍ਰੇਮ-ਭਰੀ ਦਇਆ ਅਤੇ ਪਿਆਰ ਵਿਚ ਕੀ ਫ਼ਰਕ ਹੈ?
13 ਆਓ ਆਪਾਂ ਹੁਣ ਮੀਕਾਹ 6:8 ਵਿਚ ਦੱਸੀ ਗਈ ਦੂਜੀ ਮੰਗ ਵੱਲ ਧਿਆਨ ਦੇਈਏ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ‘ਦਯਾ ਨਾਲ ਪ੍ਰੇਮ ਰੱਖੀਏ।’ ਇੱਥੇ ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਦਯਾ” ਕੀਤਾ ਗਿਆ ਹੈ, ਉਸ ਦਾ ਅਨੁਵਾਦ “ਪ੍ਰੇਮ-ਭਰੀ ਦਇਆ” ਵੀ ਕੀਤਾ ਜਾ ਸਕਦਾ ਹੈ। ਪ੍ਰੇਮ-ਭਰੀ ਦਇਆ ਕਰਨ ਦਾ ਮਤਲਬ ਹੈ ਦੂਸਰਿਆਂ ਦਾ ਖ਼ਿਆਲ ਰੱਖਣਾ। ਪ੍ਰੇਮ-ਭਰੀ ਦਇਆ ਦਾ ਗੁਣ ਪਿਆਰ ਨਾਲੋਂ ਵੱਖਰਾ ਹੈ। ਉਹ ਕਿਵੇਂ? “ਪਿਆਰ” ਵਿਚ ਜ਼ਿਆਦਾ ਕੁਝ ਸ਼ਾਮਲ ਹੁੰਦਾ ਹੈ। ਪਿਆਰ ਚੀਜ਼ਾਂ ਤੇ ਵਿਚਾਰਾਂ ਨਾਲ ਵੀ ਕੀਤਾ ਜਾ ਸਕਦਾ ਹੈ। ਉਦਾਹਰਣ ਲਈ, ਬਾਈਬਲ ਅਜਿਹੇ ਵਿਅਕਤੀ ਬਾਰੇ ਗੱਲ ਕਰਦੀ ਹੈ ਜੋ “ਮੈ ਅਤੇ ਤੇਲ ਨੂੰ ਪਿਆਰ” ਕਰਦਾ ਹੈ। ਇਹ ਉਸ ਵਿਅਕਤੀ ਬਾਰੇ ਵੀ ਗੱਲ ਕਰਦੀ ਹੈ ਜੋ “ਬੁੱਧ ਨਾਲ ਪ੍ਰੀਤ” ਲਾਉਂਦਾ ਹੈ। (ਕਹਾਉਤਾਂ 21:17; 29:3) ਪਰ ਪ੍ਰੇਮ-ਭਰੀ ਦਇਆ ਹਮੇਸ਼ਾ ਇਨਸਾਨਾਂ ਉੱਤੇ ਕੀਤੀ ਜਾਂਦੀ ਹੈ, ਖ਼ਾਸ ਕਰਕੇ ਉਨ੍ਹਾਂ ਉੱਤੇ ਜੋ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਇਸ ਲਈ, ਮੀਕਾਹ 7:20 ਵਿਚ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ‘ਅਬਰਾਹਾਮ ਨੂੰ ਦਯਾ ਵਿਖਾਉਣ’ ਦੀ ਗੱਲ ਕੀਤੀ ਗਈ ਹੈ।
14, 15. ਪ੍ਰੇਮ-ਭਰੀ ਦਇਆ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਅਤੇ ਇਸ ਪੈਰੇ ਵਿਚ ਇਸ ਦੀ ਕਿਹੜੀ ਉਦਾਹਰਣ ਦਿੱਤੀ ਗਈ ਹੈ?
14 ਮੀਕਾਹ 7:18 ਵਿਚ ਮੀਕਾਹ ਕਹਿੰਦਾ ਹੈ ਕਿ ਯਹੋਵਾਹ “[ਪ੍ਰੇਮ-ਭਰੀ] ਦਯਾ ਨੂੰ ਪਸੰਦ ਕਰਦਾ ਹੈ।” ਮੀਕਾਹ 6:8 ਵਿਚ ਸਾਨੂੰ ਇਹ ਨਹੀਂ ਕਿਹਾ ਗਿਆ ਕਿ ਅਸੀਂ ਸਿਰਫ਼ ਪ੍ਰੇਮ-ਭਰੀ ਦਇਆ ਕਰੀਏ ਸਗੋਂ ਇਹ ਕਿ ਅਸੀਂ ਇਸ ਗੁਣ ਨਾਲ ਪ੍ਰੇਮ ਰੱਖੀਏ। ਅਸੀਂ ਇਨ੍ਹਾਂ ਆਇਤਾਂ ਤੋਂ ਕੀ ਸਿੱਖਦੇ ਹਾਂ? ਅਸੀਂ ਆਪਣੀ ਮਰਜ਼ੀ ਅਤੇ ਖ਼ੁਸ਼ੀ ਨਾਲ ਦੂਜਿਆਂ ਉੱਤੇ ਪ੍ਰੇਮ-ਭਰੀ ਦਇਆ ਕਰਦੇ ਹਾਂ। ਯਹੋਵਾਹ ਵਾਂਗ ਸਾਨੂੰ ਵੀ ਲੋੜਵੰਦ ਲੋਕਾਂ ਉੱਤੇ ਪ੍ਰੇਮ-ਭਰੀ ਦਇਆ ਕਰ ਕੇ ਖ਼ੁਸ਼ੀ ਹੁੰਦੀ ਹੈ।
15 ਅੱਜ, ਇਹ ਪ੍ਰੇਮ-ਭਰੀ ਦਇਆ ਪਰਮੇਸ਼ੁਰ ਦੇ ਲੋਕਾਂ ਦੀ ਇਕ ਖ਼ਾਸੀਅਤ ਹੈ। ਇਕ ਮਿਸਾਲ ਤੇ ਗੌਰ ਕਰੋ। ਜੂਨ 2001 ਵਿਚ ਟੈਕਸਸ, ਅਮਰੀਕਾ ਵਿਚ ਇਕ ਤੂਫ਼ਾਨ ਕਰਕੇ ਹੜ੍ਹ ਆ ਗਿਆ। ਹੜ੍ਹ ਨੇ ਹਜ਼ਾਰਾਂ ਘਰ ਢਾਹ ਦਿੱਤੇ ਜਿਨ੍ਹਾਂ ਵਿਚ ਸੈਂਕੜੇ ਯਹੋਵਾਹ ਦੇ ਗਵਾਹਾਂ ਦੇ ਘਰ ਵੀ ਸਨ। ਲਗਭਗ 10,000 ਗਵਾਹਾਂ ਨੇ ਆਪਣੇ ਮਸੀਹੀ ਭਰਾਵਾਂ ਦੀ ਮਦਦ ਕਰਨ ਲਈ ਖ਼ੁਸ਼ੀ ਨਾਲ ਆਪਣਾ ਸਮਾਂ ਅਤੇ ਬਲ ਲਾਇਆ। ਇਨ੍ਹਾਂ ਗਵਾਹਾਂ ਨੇ 6 ਕੁ ਮਹੀਨਿਆਂ ਤਕ ਦਿਨ-ਰਾਤ ਮਿਹਨਤ ਕਰ ਕੇ 8 ਕਿੰਗਡਮ ਹਾਲ ਅਤੇ ਆਪਣੇ ਮਸੀਹੀ ਭਰਾਵਾਂ ਦੇ 700 ਤੋਂ ਜ਼ਿਆਦਾ ਘਰ ਦੁਬਾਰਾ ਬਣਾਏ। ਜਿਹੜੇ ਇਸ ਕੰਮ ਵਿਚ ਹਿੱਸਾ ਨਹੀਂ ਲੈ ਸਕੇ ਉਨ੍ਹਾਂ ਨੇ ਖਾਣਾ, ਸਾਮਾਨ ਅਤੇ ਪੈਸੇ ਦਾਨ ਕੀਤੇ। ਇਨ੍ਹਾਂ ਹਜ਼ਾਰਾਂ ਗਵਾਹਾਂ ਨੇ ਆਪਣੇ ਭਰਾਵਾਂ ਦੀ ਮਦਦ ਕਿਉਂ ਕੀਤੀ? ਕਿਉਂਕਿ ਉਹ ‘ਦਯਾ ਨਾਲ ਪ੍ਰੇਮ ਰੱਖਦੇ’ ਹਨ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਡੇ ਭਰਾ ਸੰਸਾਰ ਭਰ ਵਿਚ ਅਜਿਹੇ ਪ੍ਰੇਮ-ਭਰੇ ਕੰਮ ਕਰਦੇ ਹਨ! ਜੀ ਹਾਂ, ‘ਦਯਾ ਨਾਲ ਪ੍ਰੇਮ ਰੱਖਣ’ ਦੀ ਮੰਗ ਪੂਰੀ ਕਰਨੀ ਬੋਝ ਨਹੀਂ ਸਗੋਂ ਖ਼ੁਸ਼ੀ ਦੀ ਗੱਲ ਹੈ!
ਅਧੀਨ ਹੋ ਕੇ ਪਰਮੇਸ਼ੁਰ ਦੇ ਨਾਲ-ਨਾਲ ਚੱਲੋ
16. ਕਿਹੜੀ ਉਦਾਹਰਣ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਸਾਨੂੰ ਅਧੀਨ ਹੋ ਕੇ ਯਹੋਵਾਹ ਦੇ ਨਾਲ-ਨਾਲ ਚੱਲਣਾ ਚਾਹੀਦਾ ਹੈ?
16 ਮੀਕਾਹ 6:8 ਵਿਚ ਦੱਸੀ ਗਈ ਤੀਸਰੀ ਮੰਗ ਇਹ ਹੈ ਕਿ ਅਸੀਂ ‘ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲੀਏ।’ ਇਸ ਦਾ ਮਤਲਬ ਹੈ ਕਿ ਅਸੀਂ ਆਪਣੀਆਂ ਸੀਮਾਵਾਂ ਨੂੰ ਪਛਾਣੀਏ ਅਤੇ ਪਰਮੇਸ਼ੁਰ ਉੱਤੇ ਭਰੋਸਾ ਰੱਖੀਏ। ਮਿਸਾਲ ਲਈ: ਕਲਪਨਾ ਕਰੋ ਕਿ ਇਕ ਛੋਟੀ ਕੁੜੀ ਆਪਣੇ ਪਿਤਾ ਦਾ ਹੱਥ ਘੁੱਟ ਕੇ ਫੜੀ ਤੂਫ਼ਾਨ ਵਿੱਚੋਂ ਦੀ ਲੰਘ ਰਹੀ ਹੈ। ਕੁੜੀ ਜਾਣਦੀ ਹੈ ਕਿ ਉਸ ਵਿਚ ਐਨਾ ਜ਼ੋਰ ਨਹੀਂ ਕਿ ਉਹ ਇਕੱਲੀ ਤੁਰ ਸਕੇ, ਪਰ ਉਸ ਨੂੰ ਆਪਣੇ ਪਿਤਾ ਉੱਤੇ ਪੂਰਾ ਭਰੋਸਾ ਹੈ। ਉਸ ਛੋਟੀ ਕੁੜੀ ਦੀ ਤਰ੍ਹਾਂ ਸਾਨੂੰ ਵੀ ਆਪਣੀਆਂ ਸੀਮਾਵਾਂ ਨੂੰ ਜਾਣਦੇ ਹੋਏ ਆਪਣੇ ਸਵਰਗੀ ਪਿਤਾ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਅਸੀਂ ਇਹ ਭਰੋਸਾ ਪੱਕਾ ਕਿੱਦਾਂ ਕਰ ਸਕਦੇ ਹਾਂ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦੇ ਨੇੜੇ ਰਹਿਣਾ ਕਿਉਂ ਬੁੱਧੀਮਤਾ ਦੀ ਗੱਲ ਹੈ। ਮੀਕਾਹ ਸਾਨੂੰ ਇਸ ਦੇ ਤਿੰਨ ਕਾਰਨ ਦੱਸਦਾ ਹੈ: ਯਹੋਵਾਹ ਸਾਡਾ ਮੁਕਤੀਦਾਤਾ, ਆਗੂ ਅਤੇ ਰਖਵਾਲਾ ਹੈ।
17. ਯਹੋਵਾਹ ਪੁਰਾਣੇ ਸਮੇਂ ਵਿਚ ਆਪਣੇ ਲੋਕਾਂ ਦਾ ਮੁਕਤੀਦਾਤਾ, ਆਗੂ ਤੇ ਰਖਵਾਲਾ ਕਿਵੇਂ ਬਣਿਆ ਸੀ?
17 ਮੀਕਾਹ 6:4, 5 ਵਿਚ ਪਰਮੇਸ਼ੁਰ ਕਹਿੰਦਾ ਹੈ: “ਮੈਂ ਤਾਂ ਤੈਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ।” ਜੀ ਹਾਂ, ਯਹੋਵਾਹ ਇਸਰਾਏਲ ਦਾ ਮੁਕਤੀਦਾਤਾ ਸੀ। ਯਹੋਵਾਹ ਅੱਗੇ ਕਹਿੰਦਾ ਹੈ: “ਮੈਂ ਤੇਰੇ ਅੱਗੇ ਮੂਸਾ, ਹਾਰੂਨ ਅਤੇ ਮਿਰਯਮ ਨੂੰ ਘੱਲਿਆ।” ਹਾਂ, ਮੂਸਾ ਅਤੇ ਹਾਰੂਨ ਨੇ ਕੌਮ ਦੀ ਅਗਵਾਈ ਕੀਤੀ ਸੀ ਅਤੇ ਦੁਸ਼ਮਣਾਂ ਦੇ ਮਾਰੇ ਜਾਣ ਤੇ ਮਿਰਯਮ ਨੇ ਜਿੱਤ ਦੀ ਖ਼ੁਸ਼ੀ ਵਿਚ ਇਸਰਾਏਲ ਦੀਆਂ ਤੀਵੀਆਂ ਨਾਲ ਨੱਚਣ ਵਿਚ ਪਹਿਲ ਕੀਤੀ ਸੀ। (ਕੂਚ 7:1, 2; 15:1, 19-21; ਬਿਵਸਥਾ ਸਾਰ 34:10) ਇਸ ਤਰ੍ਹਾਂ ਯਹੋਵਾਹ ਨੇ ਆਪਣੇ ਸੇਵਕਾਂ ਰਾਹੀਂ ਲੋਕਾਂ ਦੀ ਅਗਵਾਈ ਕੀਤੀ। ਪੰਜਵੀਂ ਆਇਤ ਵਿਚ ਯਹੋਵਾਹ ਇਸਰਾਏਲ ਨੂੰ ਯਾਦ ਕਰਾਉਂਦਾ ਹੈ ਕਿ ਉਸ ਨੇ ਉਨ੍ਹਾਂ ਨੂੰ ਬਾਲਾਕ ਤੇ ਬਿਲਆਮ ਤੋਂ ਬਚਾਇਆ ਸੀ। ਇਸ ਤੋਂ ਇਲਾਵਾ, ਉਸ ਨੇ ਮੋਆਬ ਵਿਚ ਸ਼ਿੱਟੀਮ ਤੋਂ ਲੈ ਕੇ ਵਾਅਦਾ ਕੀਤੇ ਗਏ ਦੇਸ਼ ਵਿਚ ਗਿਲਗਾਲ ਤੀਕ ਉਨ੍ਹਾਂ ਦੇ ਸਫ਼ਰ ਦੇ ਆਖ਼ਰੀ ਪੜਾਅ ਦੌਰਾਨ ਉਨ੍ਹਾਂ ਦੀ ਰੱਖਿਆ ਕੀਤੀ ਸੀ।
18. ਅੱਜ ਯਹੋਵਾਹ ਆਪਣੇ ਲੋਕਾਂ ਦਾ ਮੁਕਤੀਦਾਤਾ, ਆਗੂ ਤੇ ਰਖਵਾਲਾ ਕਿਵੇਂ ਬਣਦਾ ਹੈ?
18 ਜਦੋਂ ਅਸੀਂ ਪਰਮੇਸ਼ੁਰ ਨਾਲ ਚੱਲਦੇ ਹਾਂ, ਤਾਂ ਉਹ ਸਾਨੂੰ ਸ਼ਤਾਨ ਦੀ ਦੁਨੀਆਂ ਤੋਂ ਛੁਡਾਉਂਦਾ ਹੈ, ਆਪਣੇ ਬਚਨ ਅਤੇ ਸੰਗਠਨ ਰਾਹੀਂ ਸਾਡੀ ਅਗਵਾਈ ਕਰਦਾ ਹੈ ਅਤੇ ਇਕ ਸਮੂਹ ਵਜੋਂ ਸਾਨੂੰ ਸਾਡੇ ਵਿਰੋਧੀਆਂ ਤੋਂ ਬਚਾਉਂਦਾ ਹੈ। ਇਸ ਲਈ, ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੀ ਨਵੀਂ ਧਰਮੀ ਦੁਨੀਆਂ ਵੱਲ ਜਾਂਦੇ ਹੋਏ ਆਪਣੇ ਤੂਫ਼ਾਨੀ ਸਫ਼ਰ ਦੇ ਆਖ਼ਰੀ ਪੜਾਅ ਨੂੰ ਤੈਅ ਕਰਦੇ ਹਾਂ, ਤਾਂ ਸਾਨੂੰ ਆਪਣੇ ਸਵਰਗੀ ਪਿਤਾ ਦਾ ਹੱਥ ਘੁੱਟ ਕੇ ਫੜਨਾ ਚਾਹੀਦਾ ਹੈ। ਇਹ ਨਵੀਂ ਦੁਨੀਆਂ ਵਾਅਦਾ ਕੀਤੇ ਗਏ ਪੁਰਾਣੇ ਦੇਸ਼ ਨਾਲੋਂ ਕਿਤੇ ਹੀ ਸੋਹਣੀ ਹੋਵੇਗੀ!
19. ਜੇ ਅਸੀਂ ਪਰਮੇਸ਼ੁਰ ਦੇ ਅਧੀਨ ਹੋ ਕੇ ਚੱਲਦੇ ਹਾਂ, ਤਾਂ ਅਸੀਂ ਆਪਣੇ ਹਾਲਾਤਾਂ ਬਾਰੇ ਕੀ ਯਾਦ ਰੱਖਾਂਗੇ?
19 ਆਪਣੇ ਪਰਮੇਸ਼ੁਰ ਦੇ ਅਧੀਨ ਹੋ ਕੇ ਜਾਂ ਨਿਮਰਤਾ ਨਾਲ ਚੱਲਣ ਦੁਆਰਾ ਸਾਨੂੰ ਆਪਣੇ ਹਾਲਾਤਾਂ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਮਦਦ ਮਿਲੇਗੀ। ਜੇ ਸਾਡੇ ਵਿਚ ਨਿਮਰਤਾ ਹੈ, ਤਾਂ ਅਸੀਂ ਆਪਣੀਆਂ ਸੀਮਾਵਾਂ ਨੂੰ ਧਿਆਨ ਵਿਚ ਰੱਖਾਂਗੇ। ਕੀ ਅਸੀਂ ਆਪਣੀ ਮਾੜੀ ਸਿਹਤ ਜਾਂ ਵੱਧ ਰਹੀ ਉਮਰ ਕਾਰਨ ਪਰਮੇਸ਼ੁਰ ਦੀ ਜ਼ਿਆਦਾ ਸੇਵਾ ਨਹੀਂ ਕਰ ਪਾਉਂਦੇ ਹਾਂ? ਆਓ ਅਸੀਂ ਨਿਰਾਸ਼ ਨਾ ਹੋਈਏ, ਸਗੋਂ ਯਾਦ ਰੱਖੀਏ ਕਿ ਯਹੋਵਾਹ ਸਾਡੀ ਕਾਬਲੀਅਤ ਅਨੁਸਾਰ ਸਾਡੇ ਜਤਨਾਂ ਅਤੇ ਕੁਰਬਾਨੀਆਂ ਨੂੰ ਸਵੀਕਾਰ ਕਰਦਾ ਹੈ। ਦੂਜਾ ਕੁਰਿੰਥੀਆਂ 8:12 ਕਹਿੰਦਾ ਹੈ: “ਜੇ ਮਨ ਦੀ ਤਿਆਰੀ ਅੱਗੇ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।” ਜੀ ਹਾਂ, ਯਹੋਵਾਹ ਇਹੀ ਚਾਹੁੰਦਾ ਹੈ ਕਿ ਭਾਵੇਂ ਸਾਡੇ ਹਾਲਾਤ ਜੋ ਵੀ ਹੋਣ, ਅਸੀਂ ਉਸ ਦੀ ਸੇਵਾ ਆਪਣੇ ਪੂਰੇ ਦਿਲ ਨਾਲ ਕਰੀਏ। (ਕੁਲੁੱਸੀਆਂ 3:23) ਜਦੋਂ ਅਸੀਂ ਪੂਰੀ ਵਾਹ ਲਾ ਕੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਉਹ ਸਾਨੂੰ ਭਰਪੂਰ ਬਰਕਤਾਂ ਦਿੰਦਾ ਹੈ।—ਕਹਾਉਤਾਂ 10:22.
ਉਡੀਕ ਕਰਨ ਨਾਲ ਬਰਕਤਾਂ ਮਿਲਦੀਆਂ ਹਨ
20. ਕਿਹੜੀ ਗੱਲ ਸਾਡੀ ਮੀਕਾਹ ਵਾਂਗ ਧੀਰਜ ਨਾਲ ਉਡੀਕ ਕਰਨ ਵਿਚ ਮਦਦ ਕਰੇਗੀ?
20 ਪਰਮੇਸ਼ੁਰ ਦੀ ਬਰਕਤ ਪਾ ਕੇ ਅਸੀਂ ਮੀਕਾਹ ਦੀ ਰੀਸ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਉਸ ਨੇ ਕਿਹਾ ਸੀ: “ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।” (ਮੀਕਾਹ 7:7) ਇਨ੍ਹਾਂ ਸ਼ਬਦਾਂ ਦਾ ਅਧੀਨ ਹੋ ਕੇ ਪਰਮੇਸ਼ੁਰ ਨਾਲ ਚੱਲਣ ਨਾਲ ਕੀ ਸੰਬੰਧ ਹੈ? ਧੀਰਜ ਨਾਲ ਉਡੀਕ ਕਰਨ ਨਾਲ ਅਸੀਂ ਨਿਰਾਸ਼ ਨਹੀਂ ਹੋਵਾਂਗੇ ਕਿ ਯਹੋਵਾਹ ਦਾ ਦਿਨ ਅਜੇ ਤਕ ਨਹੀਂ ਆਇਆ। (ਕਹਾਉਤਾਂ 13:12) ਸੱਚ ਤਾਂ ਇਹ ਹੈ ਕਿ ਅਸੀਂ ਸਾਰੇ ਜਣੇ ਬੇਸਬਰੀ ਨਾਲ ਇਸ ਦੁਸ਼ਟ ਦੁਨੀਆਂ ਦੇ ਅੰਤ ਦੀ ਉਡੀਕ ਕਰਦੇ ਹਾਂ। ਪਰ ਹਰ ਹਫ਼ਤੇ ਹਜ਼ਾਰਾਂ ਲੋਕ ਪਰਮੇਸ਼ੁਰ ਨਾਲ ਅਜੇ ਚੱਲਣਾ ਸ਼ੁਰੂ ਹੀ ਕਰਦੇ ਹਨ। ਇਹ ਗੱਲ ਸਾਨੂੰ ਉਡੀਕ ਕਰਨ ਲਈ ਹੌਸਲਾ ਦਿੰਦੀ ਹੈ। ਲੰਬੇ ਸਮੇਂ ਤੋਂ ਪਰਮੇਸ਼ੁਰ ਦੀ ਸੇਵਾ ਕਰ ਰਹੇ ਇਕ ਭਰਾ ਨੇ ਇਸ ਸੰਬੰਧ ਵਿਚ ਕਿਹਾ: “ਮੈਂ ਪ੍ਰਚਾਰ ਦਾ ਕੰਮ 55 ਸਾਲਾਂ ਤੋਂ ਕਰ ਰਿਹਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਦੀ ਉਡੀਕ ਕਰ ਕੇ ਮੈਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ, ਸਗੋਂ ਮੈਂ ਬਹੁਤ ਸਾਰੇ ਦੁੱਖਾਂ ਤੋਂ ਬਚਿਆ ਹਾਂ।” ਕੀ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ ਹੈ?
21, 22. ਅੱਜ ਮੀਕਾਹ 7:14 ਦੀ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ?
21 ਯਹੋਵਾਹ ਨਾਲ ਚੱਲ ਕੇ ਸਾਨੂੰ ਅੱਜ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਮੀਕਾਹ 7:14 ਵਿਚ ਮੀਕਾਹ ਨੇ ਪਰਮੇਸ਼ੁਰ ਦੇ ਲੋਕਾਂ ਦੀ ਤੁਲਨਾ ਉਨ੍ਹਾਂ ਭੇਡਾਂ ਨਾਲ ਕੀਤੀ ਜੋ ਆਪਣੇ ਅਯਾਲੀ ਨਾਲ ਬਿਨਾਂ ਕਿਸੇ ਡਰ ਦੇ ਵੱਸਦੀਆਂ ਹਨ। ਅੱਜ ਇਸ ਭਵਿੱਖਬਾਣੀ ਦੀ ਵੱਡੀ ਪੂਰਤੀ ਵਿਚ, ਰੂਹਾਨੀ ਇਸਰਾਏਲ ਦੇ ਨਾਲ-ਨਾਲ ‘ਹੋਰ ਭੇਡਾਂ’ ਆਪਣੇ ਭਰੋਸੇਮੰਦ ਅਯਾਲੀ ਯਹੋਵਾਹ ਨਾਲ ਬਿਨਾਂ ਕਿਸੇ ਡਰ ਦੇ ਵੱਸਦੀਆਂ ਹਨ। ਉਹ ‘ਇਕੱਲੇ ਬਣ ਵਿੱਚ ਕਰਮਲ ਦੇ ਵਿਚਕਾਰ ਰਹਿੰਦੀਆਂ ਹਨ,’ ਮਤਲਬ ਕਿ ਉਹ ਰੂਹਾਨੀ ਤੌਰ ਤੇ ਇਸ ਬੁਰੀ ਤੇ ਖ਼ਤਰਨਾਕ ਦੁਨੀਆਂ ਤੋਂ ਵੱਖਰੀਆਂ ਹਨ।—ਯੂਹੰਨਾ 10:16; ਬਿਵਸਥਾ ਸਾਰ 33:28; ਯਿਰਮਿਯਾਹ 49:31; ਗਲਾਤੀਆਂ 6:16.
22 ਜਿਵੇਂ ਮੀਕਾਹ 7:14 ਵਿਚ ਦੱਸਿਆ ਹੈ, ਪਰਮੇਸ਼ੁਰ ਦੇ ਲੋਕ ਖ਼ੁਸ਼ਹਾਲ ਹਨ। ਪਰਮੇਸ਼ੁਰ ਦੀਆਂ ਭੇਡਾਂ ਜਾਂ ਲੋਕਾਂ ਬਾਰੇ ਗੱਲ ਕਰਦੇ ਹੋਏ ਮੀਕਾਹ ਨੇ ਕਿਹਾ: ‘ਓਹ ਬਾਸ਼ਾਨ ਅਤੇ ਗਿਲਆਦ ਵਿੱਚ ਚਰਨ।’ ਜਿਸ ਤਰ੍ਹਾਂ ਬਾਸ਼ਾਨ ਅਤੇ ਗਿਲਆਦ ਵਿਚ ਭੇਡਾਂ ਹਰਾ-ਹਰਾ ਘਾਹ ਚਰ ਕੇ ਮੋਟੀਆਂ ਹੁੰਦੀਆਂ ਸਨ, ਉਸੇ ਤਰ੍ਹਾਂ ਅੱਜ ਪਰਮੇਸ਼ੁਰ ਦੇ ਲੋਕ ਰੂਹਾਨੀ ਤੌਰ ਤੇ ਖ਼ੁਸ਼ਹਾਲ ਹੁੰਦੇ ਹਨ। ਇਹ ਅਧੀਨ ਹੋ ਕੇ ਪਰਮੇਸ਼ੁਰ ਨਾਲ ਚੱਲਣ ਦੀ ਇਕ ਹੋਰ ਬਰਕਤ ਹੈ।—ਗਿਣਤੀ 32:1; ਬਿਵਸਥਾ ਸਾਰ 32:14.
23. ਮੀਕਾਹ 7:18, 19 ਤੋਂ ਅਸੀਂ ਕੀ ਸਿੱਖਦੇ ਹਾਂ?
23 ਮੀਕਾਹ 7:18, 19 ਵਿਚ ਮੀਕਾਹ ਨਬੀ ਨੇ ਦੱਸਿਆ ਕਿ ਯਹੋਵਾਹ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਨ ਦੀ ਇੱਛਾ ਰੱਖਦਾ ਹੈ। ਅਠਾਰ੍ਹਵੀਂ ਆਇਤ ਵਿਚ ਲਿਖਿਆ ਹੈ ਕਿ ਯਹੋਵਾਹ “ਬਦੀ ਲਈ ਖਿਮਾ ਕਰਦਾ” ਤੇ “ਅਪਰਾਧ ਤੋਂ ਹਊ ਪਰੇ ਕਰਦਾ ਹੈ।” ਉੱਨੀਵੀਂ ਆਇਤ ਵਿਚ ਕਿਹਾ ਗਿਆ ਹੈ ਕਿ ਉਹ ‘ਓਹਨਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀ ਤਹਿ ਵਿੱਚ ਸੁੱਟੇਗਾ।’ ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ ਕਿ ਦੂਸਰਿਆਂ ਨੂੰ ਮਾਫ਼ ਕਰਨ ਦੇ ਮਾਮਲੇ ਵਿਚ ਅਸੀਂ ਯਹੋਵਾਹ ਦੀ ਰੀਸ ਕਰਦੇ ਹਾਂ ਜਾਂ ਨਹੀਂ। ਜੇ ਦੂਜਿਆਂ ਨੇ ਸਾਨੂੰ ਦੁੱਖ ਪਹੁੰਚਾਇਆ ਹੈ, ਤਾਂ ਕੀ ਅਸੀਂ ਉਨ੍ਹਾਂ ਨੂੰ ਮਾਫ਼ ਕਰਦੇ ਹਾਂ? ਜਦੋਂ ਲੋਕ ਪਛਤਾਉਂਦੇ ਹਨ ਅਤੇ ਸਾਡੇ ਨਾਲ ਮੇਲ-ਮਿਲਾਪ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਚਾਹੀਦਾ ਹੈ ਕਿ ਅਸੀਂ ਵੀ ਯਹੋਵਾਹ ਵਾਂਗ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਤੇ ਹਮੇਸ਼ਾ ਲਈ ਮਾਫ਼ ਕਰੀਏ।
24. ਮੀਕਾਹ ਦੀ ਭਵਿੱਖਬਾਣੀ ਤੋਂ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ?
24 ਮੀਕਾਹ ਦੀ ਭਵਿੱਖਬਾਣੀ ਉੱਤੇ ਗੌਰ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੋਇਆ ਹੈ? ਇਸ ਨੇ ਸਾਨੂੰ ਯਾਦ ਕਰਾਇਆ ਕਿ ਯਹੋਵਾਹ ਉਨ੍ਹਾਂ ਨੂੰ ਪੱਕੀ ਉਮੀਦ ਦਿੰਦਾ ਹੈ ਜੋ ਉਸ ਦੇ ਨੇੜੇ ਆਉਂਦੇ ਹਨ। (ਮੀਕਾਹ 2:1-13) ਇਸ ਤੋਂ ਸਾਨੂੰ ਸੱਚੀ ਭਗਤੀ ਕਰਨ ਵਿਚ ਦੂਸਰਿਆਂ ਦੀ ਹਰ ਸੰਭਵ ਮਦਦ ਕਰਨ ਦਾ ਉਤਸ਼ਾਹ ਮਿਲਿਆ ਹੈ, ਤਾਂਕਿ ਅਸੀਂ ਪਰਮੇਸ਼ੁਰ ਦਾ ਨਾਂ ਲੈ ਕੇ ਸਦਾ ਲਈ ਚੱਲ ਸਕੀਏ। (ਮੀਕਾਹ 4:1-4) ਇਸ ਨੇ ਸਾਨੂੰ ਭਰੋਸਾ ਦੁਆਇਆ ਹੈ ਕਿ ਸਾਡੇ ਹਾਲਾਤ ਭਾਵੇਂ ਜੋ ਵੀ ਹੋਣ, ਅਸੀਂ ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰ ਸਕਦੇ ਹਾਂ। ਜੀ ਹਾਂ, ਮੀਕਾਹ ਦੀ ਭਵਿੱਖਬਾਣੀ ਸਾਨੂੰ ਯਹੋਵਾਹ ਦਾ ਨਾਂ ਲੈ ਕੇ ਚੱਲਣ ਦਾ ਬਲ ਦਿੰਦੀ ਹੈ!
ਤੁਸੀਂ ਕੀ ਜਵਾਬ ਦਿਓਗੇ?
• ਮੀਕਾਹ 6:8 ਅਨੁਸਾਰ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ?
• ‘ਇਨਸਾਫ਼ ਕਰਨ’ ਲਈ ਕੀ ਕਰਨਾ ਜ਼ਰੂਰੀ ਹੈ?
• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ “ਦਯਾ ਨਾਲ ਪ੍ਰੇਮ” ਕਰਦੇ ਹਾਂ?
• ‘ਅਧੀਨ ਹੋ ਕੇ ਪਰਮੇਸ਼ੁਰ ਨਾਲ ਚੱਲਣ’ ਦਾ ਕੀ ਮਤਲਬ ਹੈ?
[ਸਫ਼ੇ 21 ਉੱਤੇ ਤਸਵੀਰਾਂ]
ਭਾਵੇਂ ਮੀਕਾਹ ਦੇ ਜ਼ਮਾਨੇ ਵਿਚ ਹਾਲਾਤ ਖ਼ਰਾਬ ਸਨ, ਫਿਰ ਵੀ ਉਸ ਨੇ ਯਹੋਵਾਹ ਦੀਆਂ ਮੰਗਾਂ ਪੂਰੀਆਂ ਕੀਤੀਆਂ। ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ
[ਸਫ਼ੇ 23 ਉੱਤੇ ਤਸਵੀਰ]
ਹਰ ਪਿਛੋਕੜ ਦੇ ਲੋਕਾਂ ਨੂੰ ਪ੍ਰਚਾਰ ਕਰ ਕੇ ਇਨਸਾਫ਼ ਕਰੋ
[ਸਫ਼ੇ 23 ਉੱਤੇ ਤਸਵੀਰਾਂ]
ਦੂਸਰਿਆਂ ਦੀਆਂ ਲੋੜਾਂ ਪੂਰੀਆਂ ਕਰ ਕੇ ਦਿਖਾਓ ਕਿ ਤੁਸੀਂ ਦਇਆ ਨਾਲ ਪ੍ਰੇਮ ਕਰਦੇ ਹੋ
[ਸਫ਼ੇ 23 ਉੱਤੇ ਤਸਵੀਰ]
ਨਿਮਰਤਾ ਨਾਲ ਆਪਣੀਆਂ ਸੀਮਾਵਾਂ ਨੂੰ ਜਾਣਦੇ ਹੋਏ ਤੁਸੀਂ ਜੋ ਵੀ ਕਰ ਸਕਦੇ ਹੋ, ਕਰੋ