ਰਾਜ ਦੇ ਨਾਗਰਿਕਾਂ ਵਾਂਗ ਪੇਸ਼ ਆਓ!
“ਤੁਹਾਡੇ ਤੌਰ-ਤਰੀਕੇ ਮਸੀਹ ਦੀ ਖ਼ੁਸ਼ ਖ਼ਬਰੀ ਦੇ ਯੋਗ ਹੋਣ।”—ਫ਼ਿਲਿ. 1:27.
ਤੁਸੀਂ ਕੀ ਜਵਾਬ ਦਿਓਗੇ?
ਪਰਮੇਸ਼ੁਰ ਦੇ ਰਾਜ ਦਾ ਨਾਗਰਿਕ ਕੌਣ ਬਣ ਸਕਦਾ ਹੈ?
ਰਾਜ ਦੀ ਭਾਸ਼ਾ, ਇਤਿਹਾਸ ਅਤੇ ਕਾਨੂੰਨਾਂ ਸੰਬੰਧੀ ਸਾਨੂੰ ਕੀ ਕਰਨ ਦੀ ਲੋੜ ਹੈ?
ਰਾਜ ਦੇ ਨਾਗਰਿਕ ਕਿਵੇਂ ਦਿਖਾਉਂਦੇ ਹਨ ਕਿ ਉਹ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੇ ਕਾਨੂੰਨਾਂ ʼਤੇ ਚੱਲਦੇ ਹਨ?
1, 2. ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਪੌਲੁਸ ਦੀ ਦਿੱਤੀ ਸਲਾਹ ਖ਼ਾਸ ਮਾਅਨੇ ਕਿਉਂ ਰੱਖਦੀ ਸੀ?
ਪੌਲੁਸ ਰਸੂਲ ਨੇ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਸਲਾਹ ਦਿੱਤੀ ਕਿ “ਤੁਹਾਡੇ ਤੌਰ-ਤਰੀਕੇ ਮਸੀਹ ਦੀ ਖ਼ੁਸ਼ ਖ਼ਬਰੀ ਦੇ ਯੋਗ ਹੋਣ।” (ਫ਼ਿਲਿੱਪੀਆਂ 1:27 ਪੜ੍ਹੋ।) ਪੌਲੁਸ ਨੇ “ਤੌਰ-ਤਰੀਕੇ” ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ ਸੀ ਉਸ ਦਾ ਮਤਲਬ ਹੈ, “ਨਾਗਰਿਕਾਂ ਵਾਂਗ ਪੇਸ਼ ਆਉਣਾ।” ਇਹ ਗੱਲ ਫ਼ਿਲਿੱਪੈ ਦੀ ਮੰਡਲੀ ਲਈ ਖ਼ਾਸ ਮਾਅਨੇ ਰੱਖਦੀ ਸੀ। ਕਿਉਂ? ਕਿਉਂਕਿ ਫ਼ਿਲਿੱਪੈ ਉਨ੍ਹਾਂ ਖ਼ਾਸ ਸ਼ਹਿਰਾਂ ਵਿੱਚੋਂ ਇਕ ਸੀ ਜਿਸ ਦੇ ਲੋਕਾਂ ਨੂੰ ਰੋਮੀ ਨਾਗਰਿਕਤਾ ਦਿੱਤੀ ਗਈ ਸੀ। ਫ਼ਿਲਿੱਪੈ ਅਤੇ ਰੋਮੀ ਸਾਮਰਾਜ ਦੇ ਹੋਰਨਾਂ ਥਾਵਾਂ ਵਿਚ ਲੋਕ ਰੋਮੀ ਨਾਗਰਿਕ ਹੋਣ ʼਤੇ ਮਾਣ ਮਹਿਸੂਸ ਕਰਦੇ ਸਨ ਤੇ ਉਨ੍ਹਾਂ ਨੂੰ ਰੋਮੀ ਕਾਨੂੰਨ ਅਧੀਨ ਖ਼ਾਸ ਸੁਰੱਖਿਆ ਦਿੱਤੀ ਜਾਂਦੀ ਸੀ।
2 ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਕੋਲ ਮਾਣ ਕਰਨ ਦੇ ਇਸ ਤੋਂ ਵੀ ਵੱਡਾ ਕਾਰਨ ਸੀ। ਪੌਲੁਸ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਚੁਣੇ ਹੋਏ ਮਸੀਹੀਆਂ ਵਜੋਂ ਉਹ “ਸਵਰਗ ਦੇ ਨਾਗਰਿਕ” ਸਨ। (ਫ਼ਿਲਿ. 3:20) ਉਹ ਕਿਸੇ ਇਨਸਾਨੀ ਸਰਕਾਰ ਦੇ ਨਹੀਂ, ਸਗੋਂ ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਸਨ। ਇਸ ਕਰਕੇ ਉਨ੍ਹਾਂ ਨੂੰ ਉਹ ਸੁਰੱਖਿਆ ਅਤੇ ਹੋਰ ਕਈ ਫ਼ਾਇਦੇ ਮਿਲੇ ਜੋ ਕੋਈ ਇਨਸਾਨੀ ਸਰਕਾਰ ਨਹੀਂ ਦੇ ਸਕਦੀ ਸੀ।—ਅਫ਼. 2:19-22.
3. (ੳ) ਕਿਨ੍ਹਾਂ ਕੋਲ ਰਾਜ ਦੇ ਨਾਗਰਿਕ ਬਣਨ ਦਾ ਮੌਕਾ ਹੈ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
3 ‘ਨਾਗਰਿਕਾਂ ਵਾਂਗ ਪੇਸ਼ ਆਉਣ’ ਦੀ ਸਲਾਹ ਮੁੱਖ ਤੌਰ ਤੇ ਚੁਣੇ ਹੋਏ ਮਸੀਹੀਆਂ ʼਤੇ ਲਾਗੂ ਹੁੰਦੀ ਹੈ ਜੋ ਸਵਰਗ ਵਿਚ ਮਸੀਹ ਨਾਲ ਰਾਜ ਕਰਨਗੇ। (ਫ਼ਿਲਿ. 3:20) ਪਰ ਇਹ ਗੱਲ ਉਨ੍ਹਾਂ ਉੱਤੇ ਵੀ ਲਾਗੂ ਹੁੰਦੀ ਹੈ ਜੋ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ʼਤੇ ਰਹਿਣਗੇ। ਕਿਉਂ? ਕਿਉਂਕਿ ਸਾਰੇ ਮਸੀਹੀਆਂ ਦਾ ਇੱਕੋ ਰਾਜਾ ਯਹੋਵਾਹ ਹੈ ਤੇ ਸਾਰਿਆਂ ਨੂੰ ਇੱਕੋ ਜਿਹੇ ਕਾਨੂੰਨ ਦਿੱਤੇ ਗਏ ਹਨ। (ਅਫ਼. 4:4-6) ਅੱਜ ਲੋਕ ਕਿਸੇ ਅਮੀਰ ਦੇਸ਼ ਦੇ ਨਾਗਰਿਕ ਬਣਨ ਲਈ ਬਹੁਤ ਹੱਥ-ਪੈਰ ਮਾਰਦੇ ਹਨ। ਸਾਨੂੰ ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਬਣਨ ਲਈ ਹੋਰ ਕਿੰਨਾ ਜਤਨ ਕਰਨਾ ਚਾਹੀਦਾ ਹੈ! ਇਸ ਸਨਮਾਨ ਲਈ ਆਪਣੀ ਕਦਰ ਵਧਾਉਣ ਵਾਸਤੇ ਆਓ ਆਪਾਂ ਦੇਖੀਏ ਕਿ ਕਿਸੇ ਇਨਸਾਨੀ ਸਰਕਾਰ ਦੇ ਨਾਗਰਿਕ ਬਣਨ ਅਤੇ ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਬਣਨ ਲਈ ਕਿਹੜੀਆਂ ਇੱਕੋ ਜਿਹੀਆਂ ਮੰਗਾਂ ਹਨ। ਫਿਰ ਅਸੀਂ ਤਿੰਨ ਗੱਲਾਂ ਵੱਲ ਧਿਆਨ ਦੇਵਾਂਗੇ ਜੋ ਰਾਜ ਦੇ ਨਾਗਰਿਕ ਬਣੇ ਰਹਿਣ ਲਈ ਜ਼ਰੂਰੀ ਹਨ।
ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਬਣਨ ਦੀਆਂ ਮੰਗਾਂ
4. ਪਵਿੱਤਰ ਬੋਲੀ ਕੀ ਹੈ ਤੇ ਅਸੀਂ ਇਹ ਕਿਵੇਂ ਬੋਲਦੇ ਹਾਂ?
4 ਭਾਸ਼ਾ ਸਿੱਖੋ। ਜਿਹੜੇ ਲੋਕ ਦੇਸ਼ ਦੇ ਨਾਗਰਿਕ ਬਣਨਾ ਚਾਹੁੰਦੇ ਹਨ, ਉਨ੍ਹਾਂ ਤੋਂ ਕੁਝ ਸਰਕਾਰਾਂ ਦੇਸ਼ ਦੀ ਭਾਸ਼ਾ ਸਿੱਖਣ ਦੀ ਮੰਗ ਕਰਦੀਆਂ ਹਨ। ਨਾਗਰਿਕ ਬਣਨ ਤੋਂ ਬਾਅਦ ਵੀ ਲੋਕ ਕਈ ਸਾਲਾਂ ਤੋਂ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹ ਸ਼ਾਇਦ ਵਿਆਕਰਣ ਜਲਦੀ ਹੀ ਸਿੱਖ ਲੈਣ, ਪਰ ਸ਼ਬਦਾਂ ਨੂੰ ਸਹੀ ਤਰ੍ਹਾਂ ਬੋਲਣ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ। ਇਸੇ ਤਰ੍ਹਾਂ ਪਰਮੇਸ਼ੁਰ ਦੇ ਰਾਜ ਦੇ ਨਾਗਰਿਕਾਂ ਲਈ ਜ਼ਰੂਰੀ ਹੈ ਕਿ ਉਹ ਇਸ ਰਾਜ ਦੀ ਭਾਸ਼ਾ ਸਿੱਖਣ। ਬਾਈਬਲ ਕਹਿੰਦੀ ਹੈ: “ਉਸ ਸਮੇਂ ਮੈਂ, ਲੋਕਾਂ ਦੀ ਭਾਸ਼ਾ ਬਦਲ ਦੇਵਾਂਗਾ, ਕਿ ਉਹ ਪਵਿੱਤਰ ਬੋਲਣ।” (ਸਫ਼. 3:9, CL) ਇਹ ‘ਪਵਿੱਤਰ ਬੋਲੀ’ ਕੀ ਹੈ? ਇਹ ਪਵਿੱਤਰ ਬੋਲੀ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸੱਚਾਈ ਹੈ ਜੋ ਉਸ ਦੇ ਬਚਨ ਬਾਈਬਲ ਵਿਚ ਪਾਈ ਜਾਂਦੀ ਹੈ। ਇਹ ਬੋਲੀ ਬੋਲਣ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦੇ ਕਾਨੂੰਨਾਂ ਤੇ ਅਸੂਲਾਂ ਮੁਤਾਬਕ ਚੱਲੀਏ। ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਸ਼ਾਇਦ ਬਾਈਬਲ ਦੀਆਂ ਮੁੱਖ ਸਿੱਖਿਆਵਾਂ ਜਲਦੀ ਹੀ ਸਿੱਖ ਕੇ ਬਪਤਿਸਮਾ ਲੈ ਲੈਣ। ਪਰ ਬਪਤਿਸਮੇ ਤੋਂ ਬਾਅਦ ਵੀ ਉਨ੍ਹਾਂ ਨੂੰ ਇਹ ਭਾਸ਼ਾ ਚੰਗੀ ਤਰ੍ਹਾਂ ਬੋਲਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਕਿਸ ਤਰ੍ਹਾਂ? ਸਾਨੂੰ ਸਾਰਿਆਂ ਨੂੰ ਸਿੱਖੀਆਂ ਗੱਲਾਂ ਮੁਤਾਬਕ ਚੱਲਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।
5. ਸਾਨੂੰ ਯਹੋਵਾਹ ਦੀ ਸੰਸਥਾ ਦੇ ਇਤਿਹਾਸ ਬਾਰੇ ਕਿਉਂ ਸਿੱਖਣਾ ਚਾਹੀਦਾ ਹੈ?
5 ਇਤਿਹਾਸ ਦੀ ਜਾਣਕਾਰੀ ਲਓ। ਜਿਹੜੇ ਲੋਕ ਕਿਸੇ ਦੇਸ਼ ਦੇ ਨਾਗਰਿਕ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸ਼ਾਇਦ ਉਸ ਦੇਸ਼ ਦੇ ਇਤਿਹਾਸ ਦੀ ਜਾਣਕਾਰੀ ਲੈਣੀ ਪਵੇ। ਇਸੇ ਤਰ੍ਹਾਂ ਜਿਹੜੇ ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣਾ ਚਾਹੀਦਾ ਹੈ। ਕੋਰਹ ਦੇ ਪੁੱਤਰਾਂ ਦੀ ਮਿਸਾਲ ʼਤੇ ਗੌਰ ਕਰੋ ਜੋ ਪ੍ਰਾਚੀਨ ਇਜ਼ਰਾਈਲ ਵਿਚ ਯਹੋਵਾਹ ਦੀ ਸੇਵਾ ਕਰਦੇ ਸਨ। ਉਨ੍ਹਾਂ ਨੂੰ ਯਰੂਸ਼ਲਮ ਸ਼ਹਿਰ ਅਤੇ ਉਸ ਦੇ ਧਾਰਮਿਕ ਸਥਾਨ ਦੇ ਇਤਿਹਾਸ ਦੀ ਜਾਣਕਾਰੀ ਲੈਣ ਤੇ ਇਸ ਬਾਰੇ ਦੂਸਰਿਆਂ ਨੂੰ ਦੱਸਣ ਵਿਚ ਦਿਲਚਸਪੀ ਸੀ। ਉਹ ਸਿਰਫ਼ ਸ਼ਹਿਰ ਦੀ ਸੁੰਦਰਤਾ ਕਰਕੇ ਹੀ ਜਾਣਕਾਰੀ ਨਹੀਂ ਲੈਂਦੇ ਸਨ, ਪਰ ਉਹ ਜਾਣਦੇ ਸਨ ਕਿ ਇਹ “ਮਹਾਰਾਜਾ [ਯਹੋਵਾਹ] ਦਾ ਸ਼ਹਿਰ” ਸੀ। ਇੱਥੇ ਧਾਰਮਿਕ ਸਥਾਨ ਵਿਚ ਆ ਕੇ ਲੋਕ ਯਹੋਵਾਹ ਦੇ ਕਾਨੂੰਨਾਂ ਬਾਰੇ ਸਿੱਖਦੇ ਸਨ ਤੇ ਉਸ ਦੀ ਭਗਤੀ ਕਰਦੇ ਸਨ। ਯਰੂਸ਼ਲਮ ਤੋਂ ਰਾਜਾ ਜਿਨ੍ਹਾਂ ਲੋਕਾਂ ʼਤੇ ਰਾਜ ਕਰਦਾ ਸੀ, ਉਨ੍ਹਾਂ ʼਤੇ ਪਰਮੇਸ਼ੁਰ ਦੀ ਮਿਹਰ ਸੀ। (ਜ਼ਬੂਰਾਂ ਦੀ ਪੋਥੀ 48:1, 2, 9, 12, 13 ਪੜ੍ਹੋ।) ਉਨ੍ਹਾਂ ਵਾਂਗ ਕੀ ਅਸੀਂ ਵੀ ਪਰਮੇਸ਼ੁਰ ਦੀ ਸੰਸਥਾ ਦੇ ਇਤਿਹਾਸ ਬਾਰੇ ਜਾਣਨ ਤੇ ਦੂਸਰਿਆਂ ਨੂੰ ਦੱਸਣ ਵਿਚ ਦਿਲਚਸਪੀ ਲੈਂਦੇ ਹਾਂ? ਅਸੀਂ ਪਰਮੇਸ਼ੁਰ ਦੀ ਸੰਸਥਾ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ ਅਤੇ ਦੇਖਾਂਗੇ ਕਿ ਯਹੋਵਾਹ ਆਪਣੇ ਲੋਕਾਂ ਦੀ ਕਿਵੇਂ ਮਦਦ ਕਰਦਾ ਹੈ, ਪਰਮੇਸ਼ੁਰ ਦੇ ਰਾਜ ʼਤੇ ਸਾਡਾ ਭਰੋਸਾ ਉੱਨਾ ਹੀ ਵਧੇਗਾ। ਇਸ ਦੇ ਨਾਲ-ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਸਾਡੀ ਇੱਛਾ ਵੀ ਵਧੇਗੀ।—ਯਿਰ. 9:24; ਲੂਕਾ 4:43.
6. ਯਹੋਵਾਹ ਦੀ ਇਹ ਮੰਗ ਠੀਕ ਕਿਉਂ ਹੈ ਕਿ ਅਸੀਂ ਉਸ ਦੇ ਕਾਨੂੰਨ ਤੇ ਅਸੂਲ ਸਿੱਖੀਏ ਅਤੇ ਉਨ੍ਹਾਂ ਦੀ ਪਾਲਣਾ ਕਰੀਏ?
6 ਕਾਨੂੰਨਾਂ ਦੀ ਜਾਣਕਾਰੀ ਲਓ। ਇਨਸਾਨੀ ਸਰਕਾਰਾਂ ਲੋਕਾਂ ਤੋਂ ਇਹ ਮੰਗ ਕਰਦੀਆਂ ਹਨ ਕਿ ਉਹ ਦੇਸ਼ ਦੇ ਕਾਨੂੰਨ ਸਿੱਖਣ ਤੇ ਉਨ੍ਹਾਂ ਦੀ ਪਾਲਣਾ ਕਰਨ। ਇਸੇ ਤਰ੍ਹਾਂ ਯਹੋਵਾਹ ਵੀ ਸਾਡੇ ਤੋਂ ਇਹੀ ਮੰਗ ਕਰਦਾ ਹੈ ਕਿ ਅਸੀਂ ਉਸ ਦੇ ਕਾਨੂੰਨ ਤੇ ਅਸੂਲ ਸਿੱਖੀਏ ਅਤੇ ਉਨ੍ਹਾਂ ਦੀ ਪਾਲਣਾ ਕਰੀਏ। (ਯਸਾ. 2:3; ਯੂਹੰ. 15:10; 1 ਯੂਹੰ. 5:3) ਇਨਸਾਨਾਂ ਦੇ ਕਾਨੂੰਨਾਂ ਵਿਚ ਅਕਸਰ ਕਮੀਆਂ ਹੁੰਦੀਆਂ ਹਨ। ਪਰ ਇਸ ਦੇ ਉਲਟ, ਯਹੋਵਾਹ ਦੇ ਕਾਨੂੰਨਾਂ ਵਿਚ ਕੋਈ ਕਮੀ ਨਹੀਂ ਹੈ ਕਿਉਂਕਿ “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ।” (ਜ਼ਬੂ. 19:7) ਕੀ ਅਸੀਂ ਪਰਮੇਸ਼ੁਰ ਦੇ ਕਾਨੂੰਨਾਂ ʼਤੇ ਖ਼ੁਸ਼ੀ-ਖ਼ੁਸ਼ੀ ਚੱਲਦੇ ਹਾਂ ਤੇ ਹਰ ਰੋਜ਼ ਉਸ ਦਾ ਬਚਨ ਪੜ੍ਹਦੇ ਹਾਂ? (ਜ਼ਬੂ. 1:1, 2) ਸਾਨੂੰ ਪਰਮੇਸ਼ੁਰ ਦੇ ਕਾਨੂੰਨਾਂ ਦੀ ਜਾਣਕਾਰੀ ਆਪ ਲੈਣੀ ਪਵੇਗੀ, ਕੋਈ ਹੋਰ ਸਾਡੇ ਲਈ ਇਹ ਜਾਣਕਾਰੀ ਨਹੀਂ ਲੈ ਸਕਦਾ।
ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਖ਼ੁਸ਼ੀ-ਖ਼ੁਸ਼ੀ ਚੱਲੋ
7. ਰਾਜ ਦੇ ਨਾਗਰਿਕ ਪਰਮੇਸ਼ੁਰ ਦੇ ਕਾਨੂੰਨਾਂ ਦੀ ਪਾਲਣਾ ਕਿਉਂ ਕਰਦੇ ਹਨ?
7 ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਬਣੇ ਰਹਿਣ ਲਈ ਪਰਮੇਸ਼ੁਰ ਦੇ ਮਿਆਰਾਂ ਨੂੰ ਜਾਣਨਾ ਹੀ ਕਾਫ਼ੀ ਨਹੀਂ, ਸਗੋਂ ਇਨ੍ਹਾਂ ʼਤੇ ਖ਼ੁਸ਼ੀ-ਖ਼ੁਸ਼ੀ ਚੱਲਣਾ ਵੀ ਜ਼ਰੂਰੀ ਹੈ। ਇਨਸਾਨੀ ਸਰਕਾਰਾਂ ਦੇ ਕਈ ਨਾਗਰਿਕ ਕਹਿੰਦੇ ਤਾਂ ਹਨ ਕਿ ਉਹ ਦੇਸ਼ ਦੇ ਕਾਨੂੰਨ ਮੰਨਦੇ ਹਨ। ਪਰ ਜਦੋਂ ਉਨ੍ਹਾਂ ਨੂੰ ਕੋਈ ਕਾਨੂੰਨ ਮੰਨਣਾ ਔਖਾ ਲੱਗਦਾ ਹੈ ਤੇ ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਕੋਈ ਦੇਖ ਨਹੀਂ ਰਿਹਾ, ਤਾਂ ਉਹ ਕਾਨੂੰਨ ਤੋੜ ਦਿੰਦੇ ਹਨ। ਅਕਸਰ ਅਜਿਹੇ ਲੋਕ ਦੂਸਰਿਆਂ ਨੂੰ “ਖ਼ੁਸ਼ ਕਰਨ ਲਈ ਕਹਿਣਾ ਮੰਨਣ ਦਾ ਦਿਖਾਵਾ” ਕਰਦੇ ਹਨ। (ਕੁਲੁ. 3:22) ਪਰ ਰਾਜ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਇਸ ਲਈ ਪਰਮੇਸ਼ੁਰ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਸੋ ਭਾਵੇਂ ਕੋਈ ਇਨਸਾਨ ਸਾਨੂੰ ਨਾ ਵੀ ਦੇਖਦਾ ਹੋਵੇ, ਫਿਰ ਵੀ ਅਸੀਂ ਖ਼ੁਸ਼ੀ ਨਾਲ ਪਰਮੇਸ਼ੁਰ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ।—ਯਸਾ. 33:22; ਲੂਕਾ 10:27 ਪੜ੍ਹੋ।
8, 9. ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਸੀਂ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੇ ਕਾਨੂੰਨਾਂ ʼਤੇ ਚੱਲਦੇ ਹੋ?
8 ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਸੀਂ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੇ ਕਾਨੂੰਨਾਂ ʼਤੇ ਚੱਲਦੇ ਹੋ? ਜ਼ਰਾ ਜਾਂਚ ਕਰੋ ਕਿ ਕਿਸੇ ਨਿੱਜੀ ਮਾਮਲੇ ਵਿਚ ਸਲਾਹ ਮਿਲਣ ਤੇ ਤੁਹਾਨੂੰ ਕਿੱਦਾਂ ਲੱਗਦਾ ਹੈ ਜਿਵੇਂ ਕਿ ਪਹਿਰਾਵੇ ਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ। ਰਾਜ ਦੇ ਨਾਗਰਿਕ ਬਣਨ ਤੋਂ ਪਹਿਲਾਂ ਹੋ ਸਕਦਾ ਹੈ ਕਿ ਤੁਹਾਨੂੰ ਸ਼ਾਇਦ ਤੰਗ ਜਾਂ ਬੇਢੰਗੇ ਕੱਪੜੇ ਪਾਉਣੇ ਪਸੰਦ ਸਨ। ਪਰ ਪਰਮੇਸ਼ੁਰ ਲਈ ਤੁਹਾਡਾ ਪਿਆਰ ਵਧਣ ਕਰਕੇ ਤੁਸੀਂ ਉਸ ਦੀ ਮਹਿਮਾ ਕਰਨ ਲਈ ਸਹੀ ਢੰਗ ਦੇ ਕੱਪੜੇ ਪਾਉਣੇ ਸ਼ੁਰੂ ਕੀਤੇ। (1 ਤਿਮੋ. 2:9, 10; 1 ਪਤ. 3:3, 4) ਸ਼ਾਇਦ ਤੁਹਾਨੂੰ ਲੱਗਦਾ ਹੈ ਕਿ ਹੁਣ ਤੁਹਾਡਾ ਪਹਿਰਾਵਾ ਸਹੀ ਢੰਗ ਦਾ ਹੈ। ਪਰ ਜੇ ਕੋਈ ਬਜ਼ੁਰਗ ਤੁਹਾਨੂੰ ਦੱਸੇ ਕਿ ਤੁਹਾਡਾ ਪਹਿਰਾਵਾ ਮੰਡਲੀ ਦੇ ਕਈ ਭੈਣਾਂ-ਭਰਾਵਾਂ ਨੂੰ ਬੁਰਾ ਲੱਗਦਾ ਹੈ, ਤਾਂ ਤੁਸੀਂ ਕੀ ਕਰੋਗੇ? ਕੀ ਤੁਸੀਂ ਗੁੱਸੇ ਵਿਚ ਆ ਕੇ ਬਹਿਸ ਕਰੋਗੇ, ‘ਮੈਂ ਤਾਂ ਇੱਦਾਂ ਦੇ ਕੱਪੜੇ ਪਾਉਣੇ ਹਨ?’ ਪਰਮੇਸ਼ੁਰ ਦੇ ਰਾਜ ਦੇ ਨਾਗਰਿਕਾਂ ਲਈ ਸਭ ਤੋਂ ਜ਼ਰੂਰੀ ਕਾਨੂੰਨ ਹੈ ਕਿ ਉਹ ਮਸੀਹ ਦੀ ਰੀਸ ਕਰਨ। (1 ਪਤ. 2:21) ਯਿਸੂ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਆਓ ਆਪਾਂ ਦੂਸਰਿਆਂ ਦਾ ਭਲਾ ਕਰ ਕੇ ਉਨ੍ਹਾਂ ਨੂੰ ਮਜ਼ਬੂਤ ਕਰੀਏ। ਕਿਉਂਕਿ ਮਸੀਹ ਨੇ ਵੀ ਆਪਣੇ ਬਾਰੇ ਨਹੀਂ ਸੋਚਿਆ ਸੀ।” (ਰੋਮੀ. 15:2, 3) ਮੰਡਲੀ ਵਿਚ ਸ਼ਾਂਤੀ ਬਣਾਈ ਰੱਖਣ ਦੀ ਖ਼ਾਤਰ ਇਕ ਸਮਝਦਾਰ ਮਸੀਹੀ ਸਲਾਹ ਮੰਨਣ ਲਈ ਤਿਆਰ ਹੁੰਦਾ ਹੈ ਅਤੇ ਧਿਆਨ ਰੱਖਦਾ ਹੈ ਕਿ ਉਸ ਕਰਕੇ ਕਿਸੇ ਦੀ ਨਿਹਚਾ ਕਮਜ਼ੋਰ ਨਾ ਹੋਵੇ।—ਰੋਮੀ. 14:19-21.
9 ਜਿਹੜੇ ਲੋਕ ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਨਹੀਂ ਹਨ, ਉਹ ਸ਼ਾਇਦ ਸਮਝਣ ਕਿ ਬੰਦਿਆਂ-ਬੰਦਿਆਂ ਤੇ ਤੀਵੀਆਂ-ਤੀਵੀਆਂ ਵਿਚਕਾਰ ਸਰੀਰਕ ਸੰਬੰਧਾਂ ਵਿਚ ਕੋਈ ਬੁਰਾਈ ਨਹੀਂ ਹੈ। ਨਾਲੇ ਉਹ ਅਸ਼ਲੀਲ ਤਸਵੀਰਾਂ ਤੇ ਵਿਡਿਓ ਦੇਖਣ ਨੂੰ ਮਜ਼ੇ ਦੀ ਗੱਲ ਸਮਝਣ। ਉਹ ਸ਼ਾਇਦ ਹਰਾਮਕਾਰੀ ਕਰਨ ਜਾਂ ਤਲਾਕ ਲੈਣ ਨੂੰ ਨਿੱਜੀ ਮਾਮਲਾ ਸਮਝਣ। ਪਰ ਰਾਜ ਦੇ ਨਾਗਰਿਕ ਆਪਣੇ ਕੰਮਾਂ ਦੇ ਨਤੀਜਿਆਂ ਬਾਰੇ ਸੋਚਦੇ ਹਨ ਤੇ ਧਿਆਨ ਰੱਖਦੇ ਹਨ ਕਿ ਦੂਜਿਆਂ ʼਤੇ ਇਨ੍ਹਾਂ ਦਾ ਕੀ ਅਸਰ ਹੋਵੇਗਾ। ਸੱਚਾਈ ਸਿੱਖਣ ਤੋਂ ਪਹਿਲਾਂ ਸ਼ਾਇਦ ਉਹ ਅਜਿਹੇ ਗ਼ਲਤ ਕੰਮ ਕਰਦੇ ਸਨ। ਪਰ ਹੁਣ ਉਹ ਜਾਣਦੇ ਹਨ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵਿਆਹ ਦਾ ਬੰਧਨ ਪਵਿੱਤਰ ਹੈ ਤੇ ਸਰੀਰਕ ਸੰਬੰਧ ਸਿਰਫ਼ ਪਤੀ-ਪਤਨੀ ਵਿਚ ਹੋਣੇ ਚਾਹੀਦੇ ਹਨ। ਉਹ ਪਰਮੇਸ਼ੁਰ ਦੇ ਉੱਚੇ ਅਸੂਲਾਂ ਦੀ ਕਦਰ ਕਰਦੇ ਹਨ ਤੇ ਦਿਲੋਂ ਮੰਨਦੇ ਹਨ ਕਿ ਬਦਚਲਣ ਲੋਕ ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਨਹੀਂ ਬਣਨਗੇ। (1 ਕੁਰਿੰ. 6:9-11) ਪਰ ਉਹ ਇਹ ਵੀ ਜਾਣਦੇ ਹਨ ਕਿ ਦਿਲ ਧੋਖੇਬਾਜ਼ ਹੈ। (ਯਿਰ. 17:9) ਇਸ ਲਈ ਉਹ ਉਨ੍ਹਾਂ ਚੇਤਾਵਨੀਆਂ ਲਈ ਧੰਨਵਾਦੀ ਹਨ ਜੋ ਚਾਲ-ਚਲਣ ਸਹੀ ਰੱਖਣ ਲਈ ਦਿੱਤੀਆਂ ਜਾਂਦੀਆਂ ਹਨ।
ਚੇਤਾਵਨੀਆਂ ਵੱਲ ਧਿਆਨ ਦਿਓ
10, 11. ਪਰਮੇਸ਼ੁਰ ਦਾ ਰਾਜ ਸਹੀ ਸਮੇਂ ਤੇ ਕਿਹੜੀਆਂ ਚੇਤਾਵਨੀਆਂ ਦਿੰਦਾ ਹੈ ਤੇ ਤੁਹਾਡਾ ਇਨ੍ਹਾਂ ਚੇਤਾਵਨੀਆਂ ਬਾਰੇ ਕੀ ਖ਼ਿਆਲ ਹੈ?
10 ਕਈ ਦੇਸ਼ਾਂ ਵਿਚ ਸਰਕਾਰਾਂ ਖਾਣ-ਪੀਣ ਤੇ ਦਵਾਈਆਂ ਸੰਬੰਧੀ ਚੇਤਾਵਨੀਆਂ ਦਿੰਦੀਆਂ ਹਨ। ਸਾਨੂੰ ਪਤਾ ਹੈ ਕਿ ਹਰ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਤੇ ਦਵਾਈਆਂ ਸਿਹਤ ਲਈ ਖ਼ਰਾਬ ਨਹੀਂ ਹੁੰਦੀਆਂ ਹਨ। ਪਰ ਜੇ ਕੋਈ ਚੀਜ਼ ਸਿਹਤ ਲਈ ਖ਼ਤਰਾ ਸਾਬਤ ਹੋਵੇ, ਤਾਂ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਇਸ ਬਾਰੇ ਚੇਤਾਵਨੀ ਦਿੰਦੀ ਹੈ। ਇਸ ਤਰ੍ਹਾਂ ਕਰਨਾ ਸਰਕਾਰ ਦਾ ਫ਼ਰਜ਼ ਹੈ। ਇਸੇ ਤਰ੍ਹਾਂ ਪਰਮੇਸ਼ੁਰ ਦਾ ਰਾਜ ਸਾਨੂੰ ਸਾਡੀ ਸੁਰੱਖਿਆ ਲਈ ਚੇਤਾਵਨੀਆਂ ਦਿੰਦਾ ਹੈ। ਮਿਸਾਲ ਲਈ, ਇੰਟਰਨੈੱਟ ਰਾਹੀਂ ਦੂਸਰਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਤੁਸੀਂ ਉਸ ਰਾਹੀਂ ਬਹੁਤ ਕੁਝ ਸਿੱਖ ਸਕਦੇ ਹੋ ਅਤੇ ਉਸ ʼਤੇ ਮਨੋਰੰਜਨ ਕਰ ਸਕਦੇ ਹੋ। ਪਰਮੇਸ਼ੁਰ ਦੀ ਸੰਸਥਾ ਵੀ ਚੰਗੇ ਕੰਮਾਂ ਲਈ ਇੰਟਰਨੈੱਟ ਇਸਤੇਮਾਲ ਕਰਦੀ ਹੈ। ਪਰ ਇੰਟਰਨੈੱਟ ʼਤੇ ਕਈ ਵੈੱਬ-ਸਾਈਟਾਂ ਖ਼ਤਰਨਾਕ ਹਨ। ਮਿਸਾਲ ਲਈ, ਕਈ ਵੈੱਬ-ਸਾਈਟਾਂ ʼਤੇ ਅਸ਼ਲੀਲ ਤਸਵੀਰਾਂ ਤੇ ਵਿਡਿਓ ਵਗੈਰਾ ਦਿਖਾਏ ਜਾਂਦੇ ਹਨ। ਵਫ਼ਾਦਾਰ ਨੌਕਰ ਸਾਨੂੰ ਕਈ ਸਾਲਾਂ ਤੋਂ ਅਜਿਹੀਆਂ ਸਾਈਟਾਂ ਬਾਰੇ ਚੇਤਾਵਨੀਆਂ ਦਿੰਦਾ ਆਇਆ ਹੈ। ਅਸੀਂ ਉਨ੍ਹਾਂ ਦੀਆਂ ਚੇਤਾਵਨੀਆਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ।
11 ਪਿੱਛਲੇ ਕੁਝ ਸਾਲਾਂ ਵਿਚ ਸੋਸ਼ਲ ਨੈੱਟਵਰਕਿੰਗ ਸਾਈਟਾਂ ਬਹੁਤ ਮਸ਼ਹੂਰ ਹੋ ਗਈਆਂ ਹਨ। ਇਹ ਫ਼ਾਇਦੇਮੰਦ ਹੋ ਸਕਦੀਆਂ ਹਨ ਜੇ ਇਨ੍ਹਾਂ ਨੂੰ ਸਾਵਧਾਨੀ ਨਾਲ ਵਰਤਿਆ ਜਾਵੇ, ਪਰ ਇਨ੍ਹਾਂ ਦੇ ਕਈ ਖ਼ਤਰੇ ਵੀ ਹੋ ਸਕਦੇ ਹਨ। ਹੋ ਸਕਦਾ ਹੈ ਕਿ ਇਨ੍ਹਾਂ ਰਾਹੀਂ ਅਸੀਂ ਬੁਰੇ ਲੋਕਾਂ ਨਾਲ ਦੋਸਤੀ ਕਰ ਲਈਏ। (1 ਕੁਰਿੰ. 15:33) ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪਰਮੇਸ਼ੁਰ ਦੀ ਸੰਸਥਾ ਨੇ ਅਜਿਹੀਆਂ ਸਾਈਟਾਂ ਬਾਰੇ ਕਈ ਚੇਤਾਵਨੀਆਂ ਦਿੱਤੀਆਂ ਹਨ। ਵਫ਼ਾਦਾਰ ਨੌਕਰ ਨੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਬਾਰੇ ਜੋ ਜਾਣਕਾਰੀ ਸਾਨੂੰ ਦਿੱਤੀ ਹੈ, ਕੀ ਤੁਸੀਂ ਉਹ ਸਾਰੀ ਜਾਣਕਾਰੀ ਪੜ੍ਹੀ ਹੈ? ਕਿੰਨੀ ਬੇਵਕੂਫ਼ੀ ਦੀ ਗੱਲ ਹੋਵੇਗੀ ਜੇ ਅਸੀਂ ਇਸ ਜਾਣਕਾਰੀ ਨੂੰ ਪੜ੍ਹੇ ਬਿਨਾਂ ਹੀ ਅਜਿਹੀਆਂ ਵੈੱਬ-ਸਾਈਟਾਂ ਇਸਤੇਮਾਲ ਕਰਦੇ ਹਾਂ!a ਇਸ ਤਰ੍ਹਾਂ ਕਰਨਾ ਤੇਜ਼ ਦਵਾਈ ਦੀ ਬੋਤਲ ʼਤੇ ਦਿੱਤੀਆਂ ਹਿਦਾਇਤਾਂ ਪੜ੍ਹੇ ਬਿਨਾਂ ਦਵਾਈ ਲੈਣ ਦੇ ਬਰਾਬਰ ਹੋਵੇਗਾ।
12. ਚੇਤਾਵਨੀਆਂ ਨੂੰ ਨਾ ਮੰਨਣਾ ਮੂਰਖਤਾ ਕਿਉਂ ਹੈ?
12 ਜਿਹੜੇ ਮਸੀਹੀ ਵਫ਼ਾਦਾਰ ਨੌਕਰ ਦੀਆਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੰਦੇ, ਉਹ ਅੰਤ ਵਿਚ ਆਪਣਾ ਤੇ ਉਨ੍ਹਾਂ ਦਾ ਨੁਕਸਾਨ ਕਰਦੇ ਹਨ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ। ਕਈ ਅਸ਼ਲੀਲ ਤਸਵੀਰਾਂ ਦੇਖਣ ਦੇ ਆਦੀ ਬਣ ਗਏ ਹਨ ਜਾਂ ਉਨ੍ਹਾਂ ਨੇ ਗ਼ਲਤ ਕੰਮ ਕੀਤੇ ਹਨ ਤੇ ਫਿਰ ਉਹ ਇਹ ਸੋਚ ਕੇ ਆਪਣੇ ਆਪ ਨੂੰ ਧੋਖਾ ਦਿੰਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਦੇਖ ਨਹੀਂ ਰਿਹਾ। ਇਹ ਸੋਚਣਾ ਕਿੰਨੀ ਮੂਰਖਤਾ ਹੈ ਕਿ ਅਸੀਂ ਯਹੋਵਾਹ ਤੋਂ ਆਪਣੇ ਗ਼ਲਤ ਕੰਮ ਲੁਕਾ ਸਕਦੇ ਹਾਂ! (ਕਹਾ. 15:3; ਇਬਰਾਨੀਆਂ 4:13 ਪੜ੍ਹੋ।) ਯਹੋਵਾਹ ਦਇਆ ਕਰਨ ਵਾਲਾ ਪਰਮੇਸ਼ੁਰ ਹੈ ਤੇ ਉਹ ਬਜ਼ੁਰਗਾਂ ਰਾਹੀਂ ਗ਼ਲਤੀ ਕਰਨ ਵਾਲਿਆਂ ਦੀ ਮਦਦ ਕਰਦਾ ਹੈ। (ਗਲਾ. 6:1) ਪਰ ਯਹੋਵਾਹ ਉਨ੍ਹਾਂ ਮਸੀਹੀਆਂ ਦੀ ਨਾਗਰਿਕਤਾ ਰੱਦ ਕਰ ਦੇਵੇਗਾ ਜਿਹੜੇ ਜਾਣ-ਬੁੱਝ ਕੇ ਉਸ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ, ਠੀਕ ਜਿਵੇਂ ਇਨਸਾਨੀ ਸਰਕਾਰਾਂ ਵੀ ਜੁਰਮ ਕਰਨ ਵਾਲਿਆਂ ਦੀ ਨਾਗਰਿਕਤਾ ਰੱਦ ਕਰ ਦਿੰਦੀਆਂ ਹਨ।b (1 ਕੁਰਿੰ. 5:11-13) ਫਿਰ ਵੀ ਜਿਹੜੇ ਮਸੀਹੀ ਤੋਬਾ ਕਰ ਕੇ ਆਪਣਾ ਚਾਲ-ਚਲਣ ਬਦਲ ਲੈਂਦੇ ਹਨ, ਉਹ ਫਿਰ ਤੋਂ ਯਹੋਵਾਹ ਨਾਲ ਰਿਸ਼ਤਾ ਜੋੜ ਸਕਦੇ ਹਨ ਤੇ ਉਸ ਦੇ ਰਾਜ ਦੇ ਨਾਗਰਿਕ ਬਣੇ ਰਹਿ ਸਕਦੇ ਹਨ। (2 ਕੁਰਿੰ. 2:5-8) ਇੰਨਾ ਪਿਆਰ ਕਰਨ ਵਾਲੇ ਰਾਜੇ ਦੀ ਸੇਵਾ ਕਰਨੀ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ!
ਸਿੱਖਿਆ ਦੀ ਕਦਰ ਕਰੋ
13. ਰਾਜ ਦੇ ਨਾਗਰਿਕ ਕਿਵੇਂ ਦਿਖਾਉਂਦੇ ਹਨ ਕਿ ਉਹ ਸਿੱਖਿਆ ਦੀ ਕਦਰ ਕਰਦੇ ਹਨ?
13 ਕਈ ਸਰਕਾਰਾਂ ਲੋਕਾਂ ਨੂੰ ਸਿੱਖਿਆ ਦੇਣ ਲਈ ਮਿਹਨਤ ਕਰਦੀਆਂ ਹਨ। ਉਹ ਸਕੂਲ ਖੋਲ੍ਹਦੀਆਂ ਹਨ ਜਿੱਥੇ ਲੋਕ ਪੜ੍ਹਨਾ-ਲਿਖਣਾ ਤੇ ਕੋਈ ਕੰਮ ਕਰਨਾ ਸਿੱਖ ਸਕਦੇ ਹਨ। ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਇਨ੍ਹਾਂ ਪ੍ਰਬੰਧਾਂ ਲਈ ਧੰਨਵਾਦੀ ਹਨ ਅਤੇ ਉਹ ਇਨ੍ਹਾਂ ਸਕੂਲਾਂ ਵਿਚ ਪੜ੍ਹਦੇ-ਲਿਖਦੇ ਹਨ ਤੇ ਆਪਣਾ ਗੁਜ਼ਾਰਾ ਤੋਰਨਾ ਸਿੱਖਦੇ ਹਨ। ਪਰ ਉਹ ਰਾਜ ਦੇ ਨਾਗਰਿਕਾਂ ਵਜੋਂ ਮਿਲਦੀ ਸਿੱਖਿਆ ਦੀ ਹੋਰ ਵੀ ਕਦਰ ਕਰਦੇ ਹਨ। ਮੰਡਲੀ ਰਾਹੀਂ ਯਹੋਵਾਹ ਆਪਣੇ ਲੋਕਾਂ ਨੂੰ ਪੜ੍ਹਾਉਂਦਾ-ਲਿਖਾਉਂਦਾ ਹੈ। ਮਾਪਿਆਂ ਨੂੰ ਹੌਸਲਾ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਪ੍ਰਕਾਸ਼ਨਾਂ ਵਿਚ ਦਿੱਤੇ ਲੇਖ ਪੜ੍ਹ ਕੇ ਸੁਣਾਉਣ। ਹਰ ਮਹੀਨੇ ਵਫ਼ਾਦਾਰ ਨੌਕਰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਬਾਈਬਲ ʼਤੇ ਆਧਾਰਿਤ ਜਾਣਕਾਰੀ ਛਾਪਦਾ ਹੈ। ਜੇ ਤੁਸੀਂ ਰੋਜ਼ ਇਕ-ਦੋ ਸਫ਼ੇ ਪੜ੍ਹੋ, ਤਾਂ ਤੁਸੀਂ ਯਹੋਵਾਹ ਵੱਲੋਂ ਦਿੱਤੀ ਜਾਂਦੀ ਸਿੱਖਿਆ ਦਾ ਲਾਭ ਲੈ ਸਕਦੇ ਹੋ।
14. (ੳ) ਸਾਨੂੰ ਕਿਹੜੀ ਸਿਖਲਾਈ ਦਿੱਤੀ ਜਾਂਦੀ ਹੈ? (ਅ) ਤੁਸੀਂ ਪਰਿਵਾਰਕ ਸਟੱਡੀ ਲਈ ਕਿਹੜੇ ਸੁਝਾਅ ਲਾਗੂ ਕੀਤੇ ਹਨ?
14 ਹਰ ਹਫ਼ਤੇ ਰਾਜ ਦੇ ਨਾਗਰਿਕਾਂ ਨੂੰ ਮੰਡਲੀ ਦੀਆਂ ਮੀਟਿੰਗਾਂ ਵਿਚ ਸਿਖਲਾਈ ਦਿੱਤੀ ਜਾਂਦੀ ਹੈ। ਮਿਸਾਲ ਲਈ, ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ 60 ਤੋਂ ਜ਼ਿਆਦਾ ਸਾਲਾਂ ਤੋਂ ਭੈਣਾਂ-ਭਰਾਵਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਕਿ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਕਿਵੇਂ ਦੇਣੀ ਹੈ। ਕੀ ਤੁਸੀਂ ਵੀ ਇਸ ਸਕੂਲ ਵਿਚ ਆਪਣਾ ਨਾਂ ਦਿੱਤਾ ਹੈ? ਪਿੱਛਲੇ ਕੁਝ ਸਾਲਾਂ ਤੋਂ ਵਫ਼ਾਦਾਰ ਨੌਕਰ ਖ਼ਾਸ ਕਰਕੇ ਪਰਿਵਾਰਕ ਸਟੱਡੀ ʼਤੇ ਜ਼ੋਰ ਦਿੰਦਾ ਆਇਆ ਹੈ। ਇਹ ਇੰਤਜ਼ਾਮ ਪਰਿਵਾਰ ਦੇ ਮੈਂਬਰਾਂ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰਦਾ ਹੈ ਤੇ ਉਨ੍ਹਾਂ ਦੀ ਏਕਤਾ ਵਧਾਉਂਦਾ ਹੈ। ਕੀ ਤੁਸੀਂ ਪਰਿਵਾਰਕ ਸਟੱਡੀ ਸੰਬੰਧੀ ਦਿੱਤੇ ਸੁਝਾਅ ਲਾਗੂ ਕੀਤੇ ਹਨ?c
15. ਸਾਡੇ ਲਈ ਸਭ ਤੋਂ ਵੱਡਾ ਸਨਮਾਨ ਕੀ ਹੈ?
15 ਇਨਸਾਨੀ ਸਰਕਾਰਾਂ ਦੇ ਨਾਗਰਿਕ ਰੈਲੀਆਂ ਵਿਚ ਹਿੱਸਾ ਲੈ ਕੇ ਤੇ ਘਰ-ਘਰ ਜਾ ਕੇ ਸਰਕਾਰ ਦਾ ਸਮਰਥਨ ਕਰਦੇ ਹਨ। ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਸੜਕਾਂ ʼਤੇ ਅਤੇ ਘਰ-ਘਰ ਜਾ ਕੇ ਇਸ ਰਾਜ ਦਾ ਸਮਰਥਨ ਜ਼ੋਰਾਂ-ਸ਼ੋਰਾਂ ਨਾਲ ਕਰਦੇ ਹਾਂ। ਜਿਵੇਂ ਪਿੱਛਲੇ ਲੇਖ ਵਿਚ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਦੇ ਰਾਜ ਦੀ ਘੋਸ਼ਣਾ ਕਰਨ ਵਾਲਾ ਪਹਿਰਾਬੁਰਜ ਦੁਨੀਆਂ ਦਾ ਸਭ ਤੋਂ ਵੱਧ ਵੰਡਿਆ ਜਾਣ ਵਾਲਾ ਰਸਾਲਾ ਹੈ! ਸਾਡੇ ਲਈ ਸਭ ਤੋਂ ਵੱਡਾ ਸਨਮਾਨ ਇਹੀ ਹੈ ਕਿ ਅਸੀਂ ਦੂਜਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸੀਏ। ਕੀ ਤੁਸੀਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੇ ਹੋ?—ਮੱਤੀ 28:19, 20.
16. ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਚੰਗੇ ਨਾਗਰਿਕ ਹੋ?
16 ਬਹੁਤ ਜਲਦੀ ਸਿਰਫ਼ ਪਰਮੇਸ਼ੁਰ ਦਾ ਰਾਜ ਧਰਤੀ ʼਤੇ ਰਾਜ ਕਰੇਗਾ। ਇਸ ਰਾਜ ਦੇ ਕਾਨੂੰਨ ਹੀ ਸਾਡੀ ਜ਼ਿੰਦਗੀ ਦੇ ਹਰ ਪਹਿਲੂ ʼਤੇ ਲਾਗੂ ਹੋਣਗੇ। ਕੀ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਚੰਗੇ ਨਾਗਰਿਕ ਸਾਬਤ ਹੋਵੋਗੇ? ਹੁਣ ਹੀ ਦਿਖਾਉਣ ਦਾ ਮੌਕਾ ਹੈ ਕਿ ਤੁਸੀਂ ਉਸ ਸਮੇਂ ਚੰਗੇ ਨਾਗਰਿਕ ਬਣੋਗੇ। ਹਰ ਰੋਜ਼ ਫ਼ੈਸਲੇ ਕਰਦਿਆਂ ਸਾਰਾ ਕੁਝ ਯਹੋਵਾਹ ਦੀ ਵਡਿਆਈ ਲਈ ਕਰੋ ਅਤੇ ਸਬੂਤ ਦਿਓ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਚੰਗੇ ਨਾਗਰਿਕ ਹੋ।—1 ਕੁਰਿੰ. 10:31.
[ਫੁਟਨੋਟ]
a ਮਿਸਾਲ ਲਈ,ਜਾਗਰੂਕ ਬਣੋ! ਜਨਵਰੀ-ਮਾਰਚ 2012 ਸਫ਼ੇ 14-21 ਅਤੇ ਜੁਲਾਈ-ਸਤੰਬਰ 2012 ਸਫ਼ੇ 27-32 ਦੇਖੋ।
[ਸਫ਼ਾ 14 ਉੱਤੇ ਸੁਰਖੀ]
ਕੀ ਤੁਸੀਂ ਇੰਟਰਨੈੱਟ ਬਾਰੇ ਬਾਈਬਲ ਵਿੱਚੋਂ ਦਿੱਤੀਆਂ ਚੇਤਾਵਨੀਆਂ ਨੂੰ ਮੰਨਦੇ ਹੋ?
[ਸਫ਼ਾ 12 ਉੱਤੇ ਤਸਵੀਰ]
ਕੋਰਹ ਦੇ ਪੁੱਤਰਾਂ ਵਾਂਗ ਕੀ ਤੁਸੀਂ ਯਹੋਵਾਹ ਦੀ ਭਗਤੀ ਕਰ ਕੇ ਤੇ ਸੰਸਥਾ ਦੇ ਇਤਿਹਾਸ ਬਾਰੇ ਜਾਣਕਾਰੀ ਲੈ ਕੇ ਖ਼ੁਸ਼ ਹੁੰਦੇ ਹੋ?
[ਸਫ਼ਾ 15 ਉੱਤੇ ਤਸਵੀਰ]
ਪਰਿਵਾਰਕ ਸਟੱਡੀ ਕਰ ਕੇ ਤੁਸੀਂ ਤੇ ਤੁਹਾਡਾ ਪਰਿਵਾਰ ਰਾਜ ਦੇ ਚੰਗੇ ਨਾਗਰਿਕ ਬਣ ਸਕਦੇ ਹੋ