ਯਹੋਵਾਹ ਭਰਪੂਰ ਸ਼ਾਂਤੀ ਅਤੇ ਸਚਿਆਈ ਦਿੰਦਾ ਹੈ
“ਮੈਂ ਏਹਨਾਂ ਨੂੰ ਚੰਗਾ ਕਰਾਂਗਾ ਅਤੇ ਮੈਂ ਏਹਨਾਂ ਲਈ ਸ਼ਾਂਤੀ ਅਤੇ ਸਚਿਆਈ ਵਾਫਰ ਪਰਗਟ ਕਰਾਂਗਾ।”—ਯਿਰਮਿਯਾਹ 33:6.
1, 2. (ੳ) ਸ਼ਾਂਤੀ ਦੇ ਸੰਬੰਧ ਵਿਚ, ਕੌਮਾਂ ਦਾ ਕੀ ਰਿਕਾਰਡ ਹੈ? (ਅ) ਸੰਨ 607 ਸਾ.ਯੁ.ਪੂ. ਵਿਚ, ਯਹੋਵਾਹ ਨੇ ਇਸਰਾਏਲ ਨੂੰ ਸ਼ਾਂਤੀ ਬਾਰੇ ਕੀ ਸਬਕ ਸਿਖਾਇਆ?
ਸ਼ਾਂਤੀ! ਇਹ ਕਿੰਨੀ ਮਨਭਾਉਂਦੀ ਹੈ, ਫਿਰ ਵੀ ਮਾਨਵ ਇਤਿਹਾਸ ਵਿਚ ਇਹ ਕਿੰਨੀ ਵਿਰਲੀ ਰਹੀ ਹੈ! ਖ਼ਾਸ ਤੌਰ ਤੇ, 20ਵੀਂ ਸਦੀ ਇਕ ਸ਼ਾਂਤੀ ਦੀ ਸਦੀ ਨਹੀਂ ਰਹੀ ਹੈ। ਇਸ ਦੀ ਬਜਾਇ, ਇਸ ਨੇ ਮਾਨਵ ਇਤਿਹਾਸ ਵਿਚ ਦੋ ਸਭ ਤੋਂ ਵਿਨਾਸ਼ਕਾਰੀ ਯੁੱਧ ਵੇਖੇ ਹਨ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ, ਵਿਸ਼ਵ ਸ਼ਾਂਤੀ ਕਾਇਮ ਰੱਖਣ ਦੇ ਲਈ ਰਾਸ਼ਟਰ-ਸੰਘ ਸਥਾਪਿਤ ਕੀਤਾ ਗਿਆ ਸੀ। ਉਹ ਸੰਗਠਨ ਅਸਫ਼ਲ ਹੋਇਆ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਸਮਾਨ ਟੀਚੇ ਦੇ ਨਾਲ ਸੰਯੁਕਤ ਰਾਸ਼ਟਰ-ਸੰਘ ਸਥਾਪਿਤ ਕੀਤਾ ਗਿਆ। ਸਾਨੂੰ ਕੇਵਲ ਰੋਜ਼ਾਨਾ ਦੇ ਅਖ਼ਬਾਰ ਪੜ੍ਹਨ ਦੀ ਹੀ ਲੋੜ ਹੈ, ਇਹ ਦੇਖਣ ਦੇ ਲਈ ਕਿ ਇਹ ਵੀ ਕਿੰਨੇ ਪੂਰਣ ਰੂਪ ਵਿਚ ਅਸਫ਼ਲ ਹੋ ਰਿਹਾ ਹੈ।
2 ਕੀ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ ਕਿ ਮਾਨਵੀ ਸੰਗਠਨ ਸ਼ਾਂਤੀ ਨਹੀਂ ਲਿਆ ਸਕਦੇ ਹਨ? ਬਿਲਕੁਲ ਨਹੀਂ। ਪਰਮੇਸ਼ੁਰ ਦੇ ਚੁਣੇ ਹੋਏ ਲੋਕ, ਅਰਥਾਤ ਇਸਰਾਏਲ ਨੂੰ 2,500 ਤੋਂ ਵਧ ਸਾਲ ਪਹਿਲਾਂ ਇਸ ਸੰਬੰਧ ਵਿਚ ਇਕ ਸਬਕ ਸਿਖਾਇਆ ਗਿਆ ਸੀ। ਸੱਤਵੀਂ ਸਦੀ ਸਾ.ਯੁ.ਪੂ. ਵਿਚ, ਇਸਰਾਏਲ ਦੀ ਸ਼ਾਂਤੀ ਨੂੰ ਚੜ੍ਹਦੀ ਵਿਸ਼ਵ ਸ਼ਕਤੀ, ਬਾਬੁਲ ਤੋਂ ਖ਼ਤਰਾ ਪੇਸ਼ ਸੀ। ਇਸਰਾਏਲ ਨੇ ਸ਼ਾਂਤੀ ਦੇ ਲਈ ਮਿਸਰ ਤੋਂ ਆਸ ਰੱਖੀ। ਮਿਸਰ ਅਸਫ਼ਲ ਹੋਇਆ। (ਯਿਰਮਿਯਾਹ 37:5-8; ਹਿਜ਼ਕੀਏਲ 17:11-15) ਸੰਨ 607 ਸਾ.ਯੁ.ਪੂ. ਵਿਚ, ਬਾਬਲੀ ਫੌਜਾਂ ਨੇ ਯਰੂਸ਼ਲਮ ਦੀਆਂ ਕੰਧਾਂ ਨੂੰ ਢਾਹ ਸੁਟਿਆ ਅਤੇ ਯਹੋਵਾਹ ਦੀ ਹੈਕਲ ਨੂੰ ਸਾੜ ਦਿੱਤਾ। ਇਸ ਤਰ੍ਹਾਂ ਇਸਰਾਏਲ ਨੇ ਔਖੇ ਤਰੀਕੇ ਤੋਂ ਸਿੱਖਿਆ ਕਿ ਮਾਨਵੀ ਸੰਗਠਨ ਉੱਤੇ ਭਰੋਸਾ ਰੱਖਣਾ ਵਿਅਰਥ ਹੈ। ਸ਼ਾਂਤੀ ਦਾ ਆਨੰਦ ਮਾਣਨ ਦੀ ਬਜਾਇ, ਕੌਮ ਨੂੰ ਜ਼ਬਰਦਸਤੀ ਬਾਬੁਲ ਦੀ ਕੈਦ ਵਿਚ ਲਿਜਾਇਆ ਗਿਆ।—2 ਇਤਹਾਸ 36:17-21.
3. ਯਿਰਮਿਯਾਹ ਦੁਆਰਾ ਯਹੋਵਾਹ ਦੇ ਬਚਨ ਦੀ ਪੂਰਤੀ ਵਿਚ, ਕਿਹੜੀਆਂ ਇਤਿਹਾਸਕ ਘਟਨਾਵਾਂ ਨੇ ਇਸਰਾਏਲ ਨੂੰ ਸ਼ਾਂਤੀ ਬਾਰੇ ਇਕ ਦੂਜਾ ਅਤਿ-ਮਹੱਤਵਪੂਰਣ ਸਬਕ ਸਿਖਾਇਆ?
3 ਪਰੰਤੂ, ਯਰੂਸ਼ਲਮ ਦੇ ਪਤਨ ਤੋਂ ਪਹਿਲਾਂ, ਯਹੋਵਾਹ ਨੇ ਪ੍ਰਗਟ ਕਰ ਦਿੱਤਾ ਸੀ ਕਿ ਉਹ, ਨਾ ਕਿ ਮਿਸਰ, ਇਸਰਾਏਲ ਲਈ ਸੱਚੀ ਸ਼ਾਂਤੀ ਲਿਆਵੇਗਾ। ਯਿਰਮਿਯਾਹ ਦੇ ਦੁਆਰਾ ਉਸ ਨੇ ਵਾਅਦਾ ਕੀਤਾ: “ਮੈਂ ਏਹਨਾਂ ਨੂੰ ਚੰਗਾ ਕਰਾਂਗਾ ਅਤੇ ਮੈਂ ਏਹਨਾਂ ਲਈ ਸ਼ਾਂਤੀ ਅਤੇ ਸਚਿਆਈ ਵਾਫਰ ਪਰਗਟ ਕਰਾਂਗਾ। ਮੈਂ ਯਹੂਦਾਹ ਦੀ ਅਸੀਰੀ ਨੂੰ ਅਤੇ ਇਸਰਾਏਲ ਦੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਓਹਨਾਂ ਨੂੰ ਪਹਿਲਾਂ ਵਾਂਙੁ ਬਣਾਵਾਂਗਾ।” (ਯਿਰਮਿਯਾਹ 33:6, 7) ਯਹੋਵਾਹ ਦਾ ਵਾਅਦਾ 539 ਸਾ.ਯੁ.ਪੂ. ਵਿਚ ਪੂਰਾ ਹੋਣਾ ਸ਼ੁਰੂ ਹੋਇਆ ਜਦੋਂ ਬਾਬੁਲ ਉੱਤੇ ਕਬਜ਼ਾ ਕੀਤਾ ਗਿਆ ਅਤੇ ਇਸਰਾਏਲੀ ਜਲਾਵਤਨੀਆਂ ਨੂੰ ਆਜ਼ਾਦੀ ਪੇਸ਼ ਕੀਤੀ ਗਈ। (2 ਇਤਹਾਸ 36:22, 23) ਸੰਨ 537 ਸਾ.ਯੁ.ਪੂ. ਦੇ ਪਿਛਲੇਰੇ ਭਾਗ ਵਿਚ, ਇਸਰਾਏਲੀਆਂ ਦੇ ਇਕ ਸਮੂਹ ਨੇ 70 ਸਾਲਾਂ ਵਿਚ ਪਹਿਲੀ ਵਾਰ ਇਸਰਾਏਲ ਦੀ ਭੂਮੀ ਉੱਤੇ ਡੇਰਿਆਂ ਦਾ ਪਰਬ ਮਨਾਇਆ! ਪਰਬ ਦੇ ਬਾਅਦ, ਉਨ੍ਹਾਂ ਨੇ ਯਹੋਵਾਹ ਦੀ ਹੈਕਲ ਨੂੰ ਮੁੜ ਉਸਾਰਨਾ ਸ਼ੁਰੂ ਕੀਤਾ। ਉਹ ਇਸ ਦੇ ਬਾਰੇ ਕਿਵੇਂ ਮਹਿਸੂਸ ਕਰਦੇ ਸਨ? ਉਲੇਖ ਕਹਿੰਦਾ ਹੈ: “ਯਹੋਵਾਹ ਦੀ ਉਸਤਤ ਕਰਦਿਆਂ ਸਾਰੇ ਲੋਕਾਂ ਨੇ ਉੱਚੀ ਦਿੱਤੀ ਲਲਕਾਰਿਆ ਏਸ ਲਈ ਕਿ ਯਹੋਵਾਹ ਦੇ ਭਵਨ ਦੀ ਨੀਉਂ ਧਰੀ ਗਈ ਸੀ।”—ਅਜ਼ਰਾ 3:11.
4. ਯਹੋਵਾਹ ਨੇ ਹੈਕਲ ਉਸਾਰੀ ਦੇ ਕੰਮ ਨੂੰ ਕਰਨ ਲਈ ਇਸਰਾਏਲੀਆਂ ਨੂੰ ਕਿਵੇਂ ਸਰਗਰਮ ਕੀਤਾ, ਅਤੇ ਉਸ ਨੇ ਸ਼ਾਂਤੀ ਬਾਰੇ ਕੀ ਵਾਅਦਾ ਕੀਤਾ?
4 ਪਰੰਤੂ, ਉਸ ਖ਼ੁਸ਼ ਆਰੰਭ ਦੇ ਬਾਅਦ, ਇਸਰਾਏਲੀ ਲੋਕ ਵਿਰੋਧੀਆਂ ਦੁਆਰਾ ਨਿਰਉਤਸ਼ਾਹਿਤ ਹੋ ਗਏ ਅਤੇ ਉਨ੍ਹਾਂ ਨੇ ਹੈਕਲ ਦੀ ਉਸਾਰੀ ਦਾ ਕੰਮ ਬੰਦ ਕਰ ਦਿੱਤਾ। ਕੁਝ ਸਾਲਾਂ ਬਾਅਦ, ਮੁੜ ਉਸਾਰੀ ਦੇ ਕੰਮ ਨੂੰ ਪੂਰਾ ਕਰਨ ਲਈ ਯਹੋਵਾਹ ਨੇ ਇਸਰਾਏਲੀਆਂ ਨੂੰ ਸਰਗਰਮ ਕਰਨ ਲਈ ਨਬੀ ਹੱਜਈ ਅਤੇ ਜ਼ਕਰਯਾਹ ਨੂੰ ਖੜ੍ਹਾ ਕੀਤਾ। ਉਸਾਰੀ ਜਾਣ ਵਾਲੀ ਹੈਕਲ ਬਾਰੇ ਹੱਜਈ ਨੂੰ ਇਹ ਕਹਿੰਦਿਆਂ ਸੁਣਨਾ, ਉਨ੍ਹਾਂ ਲਈ ਕਿੰਨਾ ਹੀ ਰੋਮਾਂਚਕ ਰਿਹਾ ਹੋਣਾ: “ਏਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ,—ਮੈਂ ਏਸ ਅਸਥਾਨ ਨੂੰ ਸ਼ਾਂਤੀ ਦਿਆਂਗਾ।”—ਹੱਜਈ 2:9.
ਯਹੋਵਾਹ ਆਪਣੇ ਵਾਅਦੇ ਪੂਰਾ ਕਰਦਾ ਹੈ
5. ਜ਼ਕਰਯਾਹ ਦੇ ਅੱਠਵੇਂ ਅਧਿਆਇ ਬਾਰੇ ਕਿਹੜੀ ਗੱਲ ਵਿਸ਼ੇਸ਼ ਹੈ?
5 ਜ਼ਕਰਯਾਹ ਦੀ ਬਾਈਬਲ ਪੋਥੀ ਵਿਚ, ਅਸੀਂ ਅਨੇਕ ਪ੍ਰੇਰਿਤ ਦਰਸ਼ਣਾਂ ਅਤੇ ਭਵਿੱਖਬਾਣੀਆਂ ਦੇ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੇ ਛੇਵੀਂ ਸਦੀ ਸਾ.ਯੁ.ਪੂ. ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਮਜ਼ਬੂਤ ਕੀਤਾ। ਇਹੋ ਹੀ ਭਵਿੱਖਬਾਣੀਆਂ ਸਾਨੂੰ ਵੀ ਯਹੋਵਾਹ ਦੇ ਸਮਰਥਨ ਬਾਰੇ ਭਰੋਸਾ ਦਿਵਾਉਂਦੀਆਂ ਹਨ। ਇਹ ਸਾਨੂੰ ਵਿਸ਼ਵਾਸ ਕਰਨ ਦੇ ਲਈ ਹਰ ਕਾਰਨ ਦਿੰਦੀਆਂ ਹਨ ਕਿ ਯਹੋਵਾਹ ਸਾਡੇ ਦਿਨਾਂ ਵਿਚ ਵੀ ਆਪਣੇ ਲੋਕਾਂ ਨੂੰ ਸ਼ਾਂਤੀ ਦੇਵੇਗਾ। ਮਿਸਾਲ ਲਈ, ਉਸ ਦੇ ਨਾਂ ਦੀ ਪੋਥੀ ਦੇ ਅੱਠਵੇਂ ਅਧਿਆਇ ਵਿਚ, ਨਬੀ ਜ਼ਕਰਯਾਹ ਦਸ ਵਾਰ ਇਨ੍ਹਾਂ ਸ਼ਬਦਾਂ ਨੂੰ ਆਖਦਾ ਹੈ: “ਯਹੋਵਾਹ ਇਉਂ ਆਖਦਾ ਹੈ।” ਹਰ ਵਾਰੀ, ਇਹ ਅਭਿਵਿਅਕਤੀ ਪਰਮੇਸ਼ੁਰ ਦੇ ਲੋਕਾਂ ਦੀ ਸ਼ਾਂਤੀ ਨਾਲ ਸੰਬੰਧਿਤ ਇਕ ਈਸ਼ਵਰੀ ਘੋਸ਼ਣਾ ਆਰੰਭ ਕਰਦੀ ਹੈ। ਇਨ੍ਹਾਂ ਵਿੱਚੋਂ ਕੁਝ ਵਾਅਦੇ ਤਾਂ ਜ਼ਕਰਯਾਹ ਦੇ ਦਿਨਾਂ ਵਿਚ ਹੀ ਪੂਰੇ ਹੋ ਗਏ ਸਨ। ਸਾਰੇ ਦੇ ਸਾਰੇ ਅੱਜ ਪੂਰੇ ਹੋ ਗਏ ਹਨ ਜਾਂ ਪੂਰੇ ਹੋਣ ਦੀ ਪ੍ਰਕ੍ਰਿਆ ਵਿਚ ਹਨ।
‘ਮੈਂ ਸੀਯੋਨ ਲਈ ਅਣਖੀ ਹਾਂ’
6, 7. ਕਿਹੜੇ ਤਰੀਕਿਆਂ ਵਿਚ ਯਹੋਵਾਹ ‘ਸੀਯੋਨ ਲਈ ਵੱਡੇ ਕ੍ਰੋਧ ਨਾਲ ਅਣਖੀ’ ਸੀ?
6 ਇਹ ਅਭਿਵਿਅਕਤੀ ਪਹਿਲੀ ਵਾਰੀ ਜ਼ਕਰਯਾਹ 8:2 ਵਿਚ ਪਾਈ ਜਾਂਦੀ ਹੈ, ਜਿੱਥੇ ਅਸੀਂ ਪੜ੍ਹਦੇ ਹਾਂ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਮੈਂ ਸੀਯੋਨ ਲਈ ਵੱਡੀ ਅਣਖ ਨਾਲ ਅਣਖੀ ਹਾਂ ਸਗੋਂ ਮੈਂ ਉਹ ਦੇ ਲਈ ਵੱਡੇ ਕ੍ਰੋਧ ਨਾਲ ਅਣਖੀ ਹਾਂ।” ਯਹੋਵਾਹ ਦਾ ਆਪਣੇ ਲੋਕਾਂ ਲਈ ਅਣਖੀ ਹੋਣ, ਅਰਥਾਤ ਅਤਿਅੰਤ ਜੋਸ਼ ਰੱਖਣ ਦੇ ਵਾਅਦੇ ਦਾ ਅਰਥ ਸੀ ਕਿ ਉਹ ਉਨ੍ਹਾਂ ਦੀ ਸ਼ਾਂਤੀ ਨੂੰ ਮੁੜ ਬਹਾਲ ਕਰਨ ਵਿਚ ਚੁਕੰਨਾ ਰਹੇਗਾ। ਇਸਰਾਏਲ ਦੀ ਆਪਣੇ ਦੇਸ਼ ਵਿਚ ਮੁੜ ਬਹਾਲੀ ਅਤੇ ਹੈਕਲ ਦੀ ਮੁੜ ਉਸਾਰੀ ਉਸ ਜੋਸ਼ ਦੇ ਸਬੂਤ ਸਨ।
7 ਪਰੰਤੂ, ਉਨ੍ਹਾਂ ਦੇ ਬਾਰੇ ਕੀ, ਜਿਨ੍ਹਾਂ ਨੇ ਯਹੋਵਾਹ ਦੇ ਲੋਕਾਂ ਦਾ ਵਿਰੋਧ ਕੀਤਾ ਸੀ? ਇਨ੍ਹਾਂ ਵੈਰੀਆਂ ਉੱਤੇ ਉਸ ਦਾ ‘ਵੱਡਾ ਕ੍ਰੋਧ,’ ਆਪਣੇ ਲੋਕਾਂ ਲਈ ਉਸ ਦੇ ਜੋਸ਼ ਦੇ ਬਰਾਬਰ ਹੁੰਦਾ। ਜਦੋਂ ਵਫ਼ਾਦਾਰ ਯਹੂਦੀ ਮੁੜ ਉਸਾਰੀ ਗਈ ਹੈਕਲ ਵਿਖੇ ਉਪਾਸਨਾ ਕਰਦੇ, ਤਾਂ ਉਹ ਮਹਾਨ ਬਾਬੁਲ, ਜੋ ਹੁਣ ਗਿਰ ਚੁੱਕਿਆ ਸੀ, ਦੀ ਤਬਾਹੀ ਉੱਤੇ ਵਿਚਾਰ ਕਰ ਸਕਦੇ ਸਨ। ਉਹ ਉਨ੍ਹਾਂ ਵੈਰੀਆਂ ਦੀ ਪੂਰਣ ਅਸਫ਼ਲਤਾ ਬਾਰੇ ਵੀ ਸੋਚ ਸਕਦੇ ਸਨ, ਜਿਨ੍ਹਾਂ ਨੇ ਹੈਕਲ ਦੀ ਮੁੜ ਉਸਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। (ਅਜ਼ਰਾ 4:1-6; 6:3) ਅਤੇ ਉਹ ਯਹੋਵਾਹ ਦਾ ਧੰਨਵਾਦ ਕਰ ਸਕਦੇ ਸਨ ਕਿ ਉਸ ਨੇ ਆਪਣਾ ਵਾਅਦਾ ਪੂਰਾ ਕੀਤਾ ਸੀ। ਉਸ ਦੇ ਜੋਸ਼ ਦੇ ਕਾਰਨ ਉਨ੍ਹਾਂ ਨੂੰ ਸਫ਼ਲਤਾ ਮਿਲੀ!
“ਵਫ਼ਾਦਾਰ ਨਗਰੀ”
8. ਜ਼ਕਰਯਾਹ ਦੇ ਦਿਨਾਂ ਵਿਚ, ਮੁਢਲੇ ਸਮਿਆਂ ਦੇ ਟਾਕਰੇ ਵਿਚ ਯਰੂਸ਼ਲਮ ਕਿਵੇਂ ਇਕ ਵਫ਼ਾਦਾਰ ਨਗਰੀ ਬਣਦਾ?
8 ਦੂਜੀ ਵਾਰੀ ਜ਼ਕਰਯਾਹ ਲਿਖਦਾ ਹੈ: “ਯਹੋਵਾਹ ਇਉਂ ਆਖਦਾ ਹੈ।” ਇਸ ਅਵਸਰ ਤੇ ਯਹੋਵਾਹ ਦੇ ਕੀ ਸ਼ਬਦ ਹਨ? “ਮੈਂ ਸੀਯੋਨ ਵੱਲ ਮੁੜਾਂਗਾ ਅਤੇ ਯਰੂਸ਼ਲਮ ਦੇ ਵਿਚਕਾਰ ਵੱਸਾਂਗਾ ਅਤੇ ਯਰੂਸ਼ਲਮ ‘ਵਫ਼ਾਦਾਰ ਨਗਰੀ’ ਕਰਕੇ ਅਤੇ ਸੈਨਾਂ ਦੇ ਯਹੋਵਾਹ ਦਾ ਪਹਾੜ ‘ਪਵਿੱਤਰ ਪਹਾੜ’ ਕਰਕੇ ਪੁਕਾਰਿਆ ਜਾਵੇਗਾ।” (ਜ਼ਕਰਯਾਹ 8:3) ਸੰਨ 607 ਸਾ.ਯੁ.ਪੂ. ਤੋਂ ਪਹਿਲਾਂ, ਯਰੂਸ਼ਲਮ ਕਿਸੇ ਤਰੀਕੇ ਤੋਂ ਵੀ ਇਕ ਵਫ਼ਾਦਾਰ ਨਗਰੀ ਨਹੀਂ ਸੀ। ਉਸ ਦੇ ਜਾਜਕ ਅਤੇ ਨਬੀ ਭ੍ਰਿਸ਼ਟ ਸਨ, ਅਤੇ ਉਸ ਦੇ ਲੋਕ ਬੇਵਫ਼ਾ ਸਨ। (ਯਿਰਮਿਯਾਹ 6:13; 7:29-34; 13:23-27) ਹੁਣ ਪਰਮੇਸ਼ੁਰ ਦੇ ਲੋਕ ਸ਼ੁੱਧ ਉਪਾਸਨਾ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਿਖਾਉਂਦੇ ਹੋਏ, ਹੈਕਲ ਨੂੰ ਮੁੜ ਉਸਾਰ ਰਹੇ ਸਨ। ਆਤਮਾ ਵਿਚ ਯਹੋਵਾਹ ਇਕ ਵਾਰ ਫਿਰ ਯਰੂਸ਼ਲਮ ਵਿਚ ਵੱਸ ਰਿਹਾ ਸੀ। ਸ਼ੁੱਧ ਉਪਾਸਨਾ ਦੀਆਂ ਸਚਿਆਈਆਂ ਫਿਰ ਤੋਂ ਉਸ ਵਿਚ ਬੋਲੀਆਂ ਜਾ ਰਹੀਆਂ ਸਨ, ਇਸ ਲਈ ਯਰੂਸ਼ਲਮ ਨੂੰ “ਵਫ਼ਾਦਾਰ ਨਗਰੀ” ਕਿਹਾ ਜਾ ਸਕਦਾ ਸੀ। ਉਸ ਦਾ ਉੱਚਾ ਸਥਾਨ “ਯਹੋਵਾਹ ਦਾ ਪਹਾੜ” ਕਿਹਾ ਜਾ ਸਕਦਾ ਸੀ।
9. ਸੰਨ 1919 ਵਿਚ “ਪਰਮੇਸ਼ੁਰ ਦੇ ਇਸਰਾਏਲ” ਨੇ ਸਥਿਤੀ ਵਿਚ ਕਿਹੜੀ ਮਾਅਰਕੇ ਦੀ ਤਬਦੀਲੀ ਅਨੁਭਵ ਕੀਤੀ?
9 ਜਦ ਕਿ ਇਹ ਦੋ ਘੋਸ਼ਣਾਵਾਂ ਪ੍ਰਾਚੀਨ ਇਸਰਾਏਲ ਦੇ ਲਈ ਅਰਥਪੂਰਣ ਸਨ, ਇਹ ਸਾਡੇ ਲਈ ਵੀ ਅਧਿਕ ਅਰਥ ਰੱਖਦੀਆਂ ਹਨ, ਜਿਉਂ ਹੀ 20ਵੀਂ ਸਦੀ ਸਮਾਪਤ ਹੁੰਦੀ ਜਾਂਦੀ ਹੈ। ਤਕਰੀਬਨ 80 ਸਾਲ ਪਹਿਲਾਂ, ਪਹਿਲੇ ਵਿਸ਼ਵ ਯੁੱਧ ਦੇ ਦੌਰਾਨ, ਕੁਝ ਹਜ਼ਾਰ ਮਸਹ ਕੀਤੇ ਹੋਏ ਵਿਅਕਤੀ ਜੋ ਉਸ ਸਮੇਂ “ਪਰਮੇਸ਼ੁਰ ਦੇ ਇਸਰਾਏਲ” ਨੂੰ ਦਰਸਾਉਂਦੇ ਸਨ, ਅਧਿਆਤਮਿਕ ਕੈਦ ਵਿਚ ਚਲੇ ਗਏ, ਠੀਕ ਜਿਵੇਂ ਪ੍ਰਾਚੀਨ ਇਸਰਾਏਲ ਬਾਬੁਲ ਵਿਖੇ ਕੈਦ ਵਿਚ ਚਲਿਆ ਗਿਆ ਸੀ। (ਗਲਾਤੀਆਂ 6:16) ਭਵਿੱਖ-ਸੂਚਕ ਤੌਰ ਤੇ, ਉਨ੍ਹਾਂ ਨੂੰ ਸੜਕ ਉੱਤੇ ਪਈਆਂ ਲੋਥਾਂ ਦੇ ਰੂਪ ਵਿਚ ਵਰਣਨ ਕੀਤਾ ਗਿਆ। ਫਿਰ ਵੀ, ਉਨ੍ਹਾਂ ਵਿਚ “ਆਤਮਾ ਅਤੇ ਸਚਿਆਈ ਨਾਲ” ਯਹੋਵਾਹ ਦੀ ਉਪਾਸਨਾ ਕਰਨ ਦੀ ਇਕ ਸੁਹਿਰਦ ਇੱਛਾ ਸੀ। (ਯੂਹੰਨਾ 4:24) ਇਸ ਲਈ, 1919 ਵਿਚ, ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਅਧਿਆਤਮਿਕ ਤੌਰ ਤੇ ਮਰੀ ਹੋਈ ਸਥਿਤੀ ਤੋਂ ਜੀ ਉਠਾਉਂਦੇ ਹੋਏ, ਉਨ੍ਹਾਂ ਨੂੰ ਕੈਦ ਤੋਂ ਛੁਡਾਇਆ। (ਪਰਕਾਸ਼ ਦੀ ਪੋਥੀ 11:7-13) ਇਸ ਤਰ੍ਹਾਂ ਯਹੋਵਾਹ ਨੇ ਇਕ ਗੂੰਜਵੀਂ ਹਾਂ ਦੇ ਨਾਲ ਯਸਾਯਾਹ ਦੇ ਇਸ ਭਵਿੱਖ-ਸੂਚਕ ਸਵਾਲ ਦਾ ਜਵਾਬ ਦਿੱਤਾ: “ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਜਾਵੇਗਾ? ਯਾ ਇੱਕ ਪਲ ਵਿੱਚ ਕੋਈ ਕੌਮ ਜੰਮ ਪਵੇਗੀ?” (ਯਸਾਯਾਹ 66:8) ਸੰਨ 1919 ਵਿਚ, ਯਹੋਵਾਹ ਦੇ ਲੋਕ ਇਕ ਵਾਰ ਫਿਰ ਇਕ ਅਧਿਆਤਮਿਕ ਕੌਮ ਦੇ ਤੌਰ ਤੇ ਆਪਣੇ ਖ਼ੁਦ ਦੇ “ਦੇਸ,” ਜਾਂ ਧਰਤੀ ਉੱਤੇ ਅਧਿਆਤਮਿਕ ਦਸ਼ਾ ਵਿਚ ਹੋਂਦ ਵਿਚ ਆਏ।
10. ਸੰਨ 1919 ਵਿਚ ਸ਼ੁਰੂ ਹੁੰਦੇ ਹੋਏ, ਮਸਹ ਕੀਤੇ ਹੋਏ ਮਸੀਹੀ ਆਪਣੇ “ਦੇਸ” ਵਿਚ ਕਿਹੜੀਆਂ ਬਰਕਤਾਂ ਦਾ ਆਨੰਦ ਮਾਣਦੇ ਆਏ ਹਨ?
10 ਉਸ ਦੇਸ਼ ਵਿਚ ਸੁਰੱਖਿਅਤ, ਮਸਹ ਕੀਤੇ ਹੋਏ ਮਸੀਹੀਆਂ ਨੇ ਯਹੋਵਾਹ ਦੀ ਵੱਡੀ ਅਧਿਆਤਮਿਕ ਹੈਕਲ ਵਿਚ ਸੇਵਾ ਕੀਤੀ। ਉਨ੍ਹਾਂ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਤੌਰ ਤੇ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ ਯਿਸੂ ਦੀ ਪਾਰਥਿਵ ਸੰਪਤੀ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨੂੰ ਕਬੂਲ ਕੀਤਾ, ਇਕ ਅਜਿਹਾ ਵਿਸ਼ੇਸ਼-ਸਨਮਾਨ ਜਿਸ ਦਾ ਉਹ ਹਾਲੇ ਵੀ ਆਨੰਦ ਮਾਣਦੇ ਹਨ ਜਿਉਂ ਹੀ 20ਵੀਂ ਸਦੀ ਆਪਣੀ ਸਮਾਪਤੀ ਵੱਲ ਵਧਦੀ ਜਾਂਦੀ ਹੈ। (ਮੱਤੀ 24:45-47) ਉਨ੍ਹਾਂ ਨੇ ਚੰਗੀ ਤਰ੍ਹਾਂ ਨਾਲ ਸਬਕ ਸਿੱਖਿਆ ਕਿ ਯਹੋਵਾਹ ਹੀ “ਸ਼ਾਂਤੀ ਦਾਤਾ ਪਰਮੇਸ਼ੁਰ” ਹੈ।—1 ਥੱਸਲੁਨੀਕੀਆਂ 5:23.
11. ਮਸੀਹੀ-ਜਗਤ ਦੇ ਧਾਰਮਿਕ ਆਗੂਆਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਲੋਕਾਂ ਦੇ ਵੈਰੀ ਕਿਵੇਂ ਪ੍ਰਗਟ ਕੀਤਾ ਹੈ?
11 ਪਰੰਤੂ, ਪਰਮੇਸ਼ੁਰ ਦੇ ਇਸਰਾਏਲ ਦਿਆਂ ਵੈਰੀਆਂ ਬਾਰੇ ਕੀ? ਵਿਰੋਧੀਆਂ ਦੇ ਖ਼ਿਲਾਫ਼ ਯਹੋਵਾਹ ਦਾ ਕ੍ਰੋਧ, ਆਪਣੇ ਲੋਕਾਂ ਲਈ ਉਸ ਦੇ ਜੋਸ਼ ਦੇ ਬਰਾਬਰ ਹੈ। ਪਹਿਲੇ ਵਿਸ਼ਵ ਯੁੱਧ ਦੇ ਦੌਰਾਨ, ਮਸੀਹੀ-ਜਗਤ ਦੇ ਧਾਰਮਿਕ ਆਗੂਆਂ ਨੇ ਭਾਰਾ ਦਬਾਉ ਪਾਇਆ, ਜਿਉਂ-ਜਿਉਂ ਉਨ੍ਹਾਂ ਨੇ ਸੱਚ-ਬੋਲਣ ਵਾਲੇ ਮਸੀਹੀਆਂ ਦੇ ਇਸ ਛੋਟੇ ਸਮੂਹ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ—ਅਤੇ ਅਸਫ਼ਲ ਹੋਏ। ਦੂਜੇ ਵਿਸ਼ਵ ਯੁੱਧ ਦੇ ਦੌਰਾਨ, ਮਸੀਹੀ-ਜਗਤ ਦੇ ਧਰਮ-ਮੁਖੀ ਕੇਵਲ ਇੱਕੋ ਹੀ ਗੱਲ ਵਿਚ ਇਕਮੁੱਠ ਸਨ: ਲੜਾਈ ਦੇ ਦੋਵੇਂ ਪਾਸੇ, ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਨੂੰ ਦਬਾਉਣ ਲਈ ਸਰਕਾਰਾਂ ਉੱਤੇ ਜ਼ੋਰ ਪਾਇਆ। ਅੱਜ ਵੀ, ਅਨੇਕ ਦੇਸ਼ਾਂ ਵਿਚ ਧਾਰਮਿਕ ਆਗੂ ਯਹੋਵਾਹ ਦੇ ਗਵਾਹਾਂ ਦੇ ਮਸੀਹੀ ਪ੍ਰਚਾਰ ਕੰਮ ਨੂੰ ਰੋਕਣ ਲਈ ਜਾਂ ਇਸ ਉੱਤੇ ਪਾਬੰਦੀ ਲਾਉਣ ਲਈ ਸਰਕਾਰਾਂ ਨੂੰ ਭੜਕਾ ਰਹੇ ਹਨ।
12, 13. ਯਹੋਵਾਹ ਦਾ ਕ੍ਰੋਧ ਕਿਵੇਂ ਮਸੀਹੀ-ਜਗਤ ਦੇ ਵਿਰੁੱਧ ਪ੍ਰਗਟ ਕੀਤਾ ਜਾਂਦਾ ਹੈ?
12 ਇਹ ਯਹੋਵਾਹ ਵੱਲੋਂ ਅਣਗੌਲਿਆ ਨਹੀਂ ਕੀਤਾ ਗਿਆ ਹੈ। ਪਹਿਲੇ ਵਿਸ਼ਵ ਯੁੱਧ ਦੇ ਬਾਅਦ, ਮਸੀਹੀ-ਜਗਤ ਨੇ ਵੱਡੀ ਬਾਬੁਲ ਦੇ ਬਾਕੀ ਹਿੱਸੇ ਸਹਿਤ ਇਕ ਪਤਨ ਦਾ ਅਨੁਭਵ ਕੀਤਾ। (ਪਰਕਾਸ਼ ਦੀ ਪੋਥੀ 14:8) ਮਸੀਹੀ-ਜਗਤ ਦੇ ਪਤਨ ਦੀ ਵਾਸਤਵਿਕਤਾ ਸਾਰਿਆਂ ਨੂੰ ਪਤਾ ਲੱਗ ਗਈ ਜਦੋਂ, 1922 ਵਿਚ ਸ਼ੁਰੂ ਹੁੰਦੇ ਹੋਏ, ਪ੍ਰਤੀਕਾਤਮਕ ਬਵਾਂ ਦੀ ਇਕ ਲੜ੍ਹੀ ਡੋਲ੍ਹੀ ਗਈ ਸੀ, ਜਿਸ ਨੇ ਸ਼ਰ੍ਹੇਆਮ ਉਸ ਦੀ ਅਧਿਆਤਮਿਕ ਤੌਰ ਤੇ ਮਰੀ ਹੋਈ ਸਥਿਤੀ ਦਾ ਪੋਲ ਖੋਲ੍ਹਿਆ ਅਤੇ ਉਸ ਦੇ ਆਉਣ ਵਾਲੇ ਵਿਨਾਸ਼ ਬਾਰੇ ਚੇਤਾਵਨੀ ਦਿੱਤੀ। (ਪਰਕਾਸ਼ ਦੀ ਪੋਥੀ 8:7–9:21) ਸਬੂਤ ਦੇ ਤੌਰ ਤੇ ਕਿ ਇਹ ਬਵਾਂ ਹਾਲੇ ਵੀ ਡੋਲ੍ਹੀਆਂ ਜਾ ਰਹੀਆਂ ਹਨ, ਅਪ੍ਰੈਲ 23, 1995, ਨੂੰ “ਝੂਠੇ ਧਰਮ ਦਾ ਅੰਤ ਨਜ਼ਦੀਕ ਹੈ” ਨਾਮਕ ਭਾਸ਼ਣ ਪੂਰੇ ਵਿਸ਼ਵ ਵਿਚ ਦਿੱਤਾ ਗਿਆ, ਜਿਸ ਮਗਰੋਂ ਕਿੰਗਡਮ ਨਿਊਜ਼ ਦੇ ਇਕ ਖ਼ਾਸ ਅੰਕ ਦੀਆਂ ਕਰੋੜਾਂ ਕਾਪੀਆਂ ਵੰਡੀਆਂ ਗਈਆਂ।
13 ਅੱਜ, ਮਸੀਹੀ-ਜਗਤ ਇਕ ਤਰਸਯੋਗ ਦਸ਼ਾ ਵਿਚ ਹੈ। ਪੂਰੀ 20ਵੀਂ ਸਦੀ ਦੇ ਦੌਰਾਨ, ਉਸ ਦੇ ਸਦੱਸਾਂ ਨੇ ਪ੍ਰਚੰਡ ਯੁੱਧਾਂ ਵਿਚ ਇਕ ਦੂਜੇ ਨੂੰ ਕਤਲ ਕੀਤਾ ਹੈ, ਜਿਨ੍ਹਾਂ ਉੱਤੇ ਉਸ ਦੇ ਪਾਦਰੀਆਂ ਅਤੇ ਧਰਮ-ਮੁਖੀਆਂ ਦੀਆਂ ਸ਼ੁਭ ਕਾਮਨਾਵਾਂ ਸਨ। ਕੁਝ ਦੇਸ਼ਾਂ ਵਿਚ ਉਸ ਦਾ ਪ੍ਰਭਾਵ ਲਗਭਗ ਬਿਲਕੁਲ ਹੀ ਖ਼ਤਮ ਹੋ ਗਿਆ ਹੈ। ਵੱਡੀ ਬਾਬੁਲ ਦੇ ਬਾਕੀ ਹਿੱਸੇ ਦੇ ਨਾਲ ਉਸ ਦਾ ਵਿਨਾਸ਼ ਨਿਸ਼ਚਿਤ ਹੈ।—ਪਰਕਾਸ਼ ਦੀ ਪੋਥੀ 18:21.
ਯਹੋਵਾਹ ਦੇ ਲੋਕਾਂ ਲਈ ਸ਼ਾਂਤੀ
14. ਸ਼ਾਂਤੀ ਵਿਚ ਜੀ ਰਹੇ ਲੋਕਾਂ ਦਾ ਕਿਹੜਾ ਭਵਿੱਖ-ਸੂਚਕ ਸ਼ਬਦ-ਚਿੱਤਰ ਦਿੱਤਾ ਗਿਆ ਹੈ?
14 ਦੂਜੇ ਪਾਸੇ, ਇਸ ਸਾਲ 1996 ਵਿਚ, ਯਹੋਵਾਹ ਦੇ ਲੋਕ ਆਪਣੇ ਮੁੜ ਬਹਾਲ ਕੀਤੇ ਗਏ ਦੇਸ਼ ਵਿਚ ਭਰਪੂਰ ਸ਼ਾਂਤੀ ਦਾ ਆਨੰਦ ਮਾਣਦੇ ਹਨ, ਜਿਵੇਂ ਕਿ ਯਹੋਵਾਹ ਦੀ ਤੀਜੀ ਘੋਸ਼ਣਾ ਵਿਚ ਵਰਣਨ ਕੀਤਾ ਗਿਆ ਹੈ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ, ਫੇਰ ਬੁੱਢੇ ਅਤੇ ਬੁੱਢੀਆਂ ਵੱਡੀ ਅਵਸਥਾ ਦੇ ਕਾਰਨ ਆਪਣੇ ਹੱਥ ਵਿੱਚ ਡੰਗੋਰੀ ਲੈ ਕੇ ਯਰੂਸ਼ਲਮ ਦੇ ਚੌਂਕਾਂ ਵਿੱਚ ਬੈਠਣਗੇ। ਅਤੇ ਸ਼ਹਿਰ ਦੇ ਚੌਂਕ ਮੁੰਡਿਆਂ ਅਤੇ ਕੁੜੀਆਂ ਨਾਲ ਜਿਹੜੇ ਚੌਂਕਾਂ ਵਿੱਚ ਖੇਡਦੇ ਹਨ ਭਰੇ ਹੋਏ ਹੋਣਗੇ।”—ਜ਼ਕਰਯਾਹ 8:4, 5.
15. ਕੌਮਾਂ ਦਿਆਂ ਯੁੱਧਾਂ ਦੇ ਬਾਵਜੂਦ, ਯਹੋਵਾਹ ਦੇ ਸੇਵਕਾਂ ਨੇ ਕਿਹੜੀ ਸ਼ਾਂਤੀ ਦਾ ਆਨੰਦ ਮਾਣਿਆ ਹੈ?
15 ਇਹ ਮਨੋਹਰ ਸ਼ਬਦ-ਚਿੱਤਰ, ਇਸ ਯੁੱਧ-ਗ੍ਰਸਤ ਸੰਸਾਰ ਵਿਚ ਇਕ ਮਾਅਰਕੇ ਦੀ ਚੀਜ਼ ਨੂੰ ਚਿਤ੍ਰਿਤ ਕਰਦਾ ਹੈ—ਅਰਥਾਤ ਸ਼ਾਂਤੀ ਵਿਚ ਜੀ ਰਹੇ ਇਕ ਲੋਕ। ਸੰਨ 1919 ਤੋਂ, ਯਸਾਯਾਹ ਦੇ ਭਵਿੱਖ-ਸੂਚਕ ਸ਼ਬਦ ਪੂਰੇ ਹੋਏ ਹਨ: “ਦੂਰ ਵਾਲੇ ਲਈ ਅਰ ਨੇੜੇ ਵਾਲੇ ਲਈ ਸ਼ਾਂਤੀ, ਸ਼ਾਂਤੀ! ਯਹੋਵਾਹ ਆਖਦਾ ਹੈ, ਅਤੇ ਮੈਂ ਉਹ ਨੂੰ ਚੰਗਾ ਕਰਾਂਗਾ। [ਪਰ] . . . ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ।” (ਯਸਾਯਾਹ 57:19-21) ਨਿਰਸੰਦੇਹ, ਯਹੋਵਾਹ ਦੇ ਲੋਕ, ਜਦ ਕਿ ਜਗਤ ਦਾ ਕੋਈ ਭਾਗ ਨਹੀਂ ਹਨ, ਕੌਮਾਂ ਦੀ ਖਲਬਲੀ ਦੁਆਰਾ ਪ੍ਰਭਾਵਿਤ ਹੋਣ ਤੋਂ ਬਚ ਨਹੀਂ ਸਕਦੇ ਹਨ। (ਯੂਹੰਨਾ 17:15, 16) ਕੁਝ ਦੇਸ਼ਾਂ ਵਿਚ, ਉਹ ਸਖ਼ਤ ਮੁਸ਼ਕਲਾਂ ਸਹਿਣਦੇ ਹਨ, ਅਤੇ ਕਈ ਤਾਂ ਜਾਨੋਂ ਮਾਰੇ ਗਏ ਹਨ। ਫਿਰ ਵੀ, ਸੱਚੇ ਮਸੀਹੀਆਂ ਕੋਲ ਦੋ ਪ੍ਰਮੁੱਖ ਤਰੀਕਿਆਂ ਤੋਂ ਸ਼ਾਂਤੀ ਹੈ। ਪਹਿਲਾ, ਉਹ “ਆਪਣੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਵੱਲ ਸ਼ਾਂਤੀ” ਰੱਖਦੇ ਹਨ। (ਰੋਮੀਆਂ 5:1) ਦੂਜਾ, ਉਹ ਆਪਸ ਵਿਚ ਸ਼ਾਂਤੀ ਰੱਖਦੇ ਹਨ। ਉਹ “ਜਿਹੜੀ ਬੁੱਧ ਉੱਪਰੋਂ ਹੈ,” ਉਸ ਨੂੰ ਵਿਕਸਿਤ ਕਰਦੇ ਹਨ, ਜੋ “ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ।” (ਯਾਕੂਬ 3:17; ਗਲਾਤੀਆਂ 5:22-24) ਇਸ ਤੋਂ ਇਲਾਵਾ, ਉਹ ਉਤਸ਼ਾਹ ਨਾਲ ਸਭ ਤੋਂ ਪੂਰਣ ਅਰਥ ਵਿਚ ਸ਼ਾਂਤੀ ਦਾ ਆਨੰਦ ਮਾਣਨ ਦੀ ਉਡੀਕ ਕਰਦੇ ਹਨ ਜਦੋਂ “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰ 37:11.
16, 17. (ੳ) “ਬੁੱਢੇ ਅਤੇ ਬੁੱਢੀਆਂ” ਅਤੇ ਨਾਲ ਹੀ “ਮੁੰਡਿਆਂ ਅਤੇ ਕੁੜੀਆਂ” ਨੇ ਕਿਵੇਂ ਯਹੋਵਾਹ ਦੇ ਸੰਗਠਨ ਨੂੰ ਮਜ਼ਬੂਤ ਕੀਤਾ ਹੈ? (ਅ) ਕਿਹੜੀ ਗੱਲ ਯਹੋਵਾਹ ਦੇ ਲੋਕਾਂ ਦੀ ਸ਼ਾਂਤੀ ਨੂੰ ਪ੍ਰਦਰਸ਼ਿਤ ਕਰਦੀ ਹੈ?
16 ਯਹੋਵਾਹ ਦੇ ਲੋਕਾਂ ਵਿਚ ਹਾਲੇ ਵੀ “ਬੁੱਢੇ ਅਤੇ ਬੁੱਢੀਆਂ” ਹਨ, ਅਰਥਾਤ ਮਸਹ ਕੀਤੇ ਹੋਏ ਵਿਅਕਤੀ ਜੋ ਯਹੋਵਾਹ ਦੇ ਸੰਗਠਨ ਦੀਆਂ ਮੁਢਲੀਆਂ ਸਫ਼ਲਤਾਵਾਂ ਨੂੰ ਚੇਤੇ ਰੱਖਦੇ ਹਨ। ਉਨ੍ਹਾਂ ਦੀ ਵਫ਼ਾਦਾਰੀ ਅਤੇ ਧੀਰਜ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਘੱਟ ਉਮਰ ਦੇ ਮਸਹ ਕੀਤੇ ਹੋਏ ਵਿਅਕਤੀਆਂ ਨੇ 1930 ਦੇ ਦਹਾਕੇ ਦੇ ਭੜਕਵੇਂ ਦਿਨਾਂ ਅਤੇ ਵਿਸ਼ਵ ਯੁੱਧ II ਦੇ ਦੌਰਾਨ, ਨਾਲੇ ਉਨ੍ਹਾਂ ਮਗਰੋਂ ਵ੍ਰਿਧੀ ਦੇ ਉਤੇਜਕ ਸਾਲਾਂ ਵਿਚ ਅਗਵਾਈ ਕੀਤੀ। ਇਸ ਤੋਂ ਇਲਾਵਾ, ਖ਼ਾਸ ਕਰਕੇ 1935 ਤੋਂ, ‘ਹੋਰ ਭੇਡਾਂ’ ਦੀ “ਵੱਡੀ ਭੀੜ” ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ। (ਪਰਕਾਸ਼ ਦੀ ਪੋਥੀ 7:9; ਯੂਹੰਨਾ 10:16) ਜਿਉਂ ਹੀ ਮਸਹ ਕੀਤੇ ਹੋਏ ਮਸੀਹੀ ਬਿਰਧ ਹੁੰਦੇ ਗਏ ਹਨ ਅਤੇ ਉਨ੍ਹਾਂ ਦੀ ਗਿਣਤੀ ਘੱਟ ਹੁੰਦੀ ਗਈ ਹੈ, ਹੋਰ ਭੇਡਾਂ ਨੇ ਪ੍ਰਚਾਰ ਕੰਮ ਨੂੰ ਅਪਣਾਇਆ ਹੈ ਅਤੇ ਇਸ ਨੂੰ ਪੂਰੀ ਧਰਤੀ ਉੱਤੇ ਫੈਲਾਇਆ ਹੈ। ਹਾਲ ਹੀ ਦੇ ਸਾਲਾਂ ਵਿਚ ਵੱਡੀ ਗਿਣਤੀ ਵਿਚ ਹੋਰ ਭੇਡਾਂ ਪਰਮੇਸ਼ੁਰ ਦੇ ਲੋਕਾਂ ਦੇ ਦੇਸ਼ ਵਿਚ ਆ ਰਹੀਆਂ ਹਨ। ਕਿਉਂ, ਕੇਵਲ ਪਿਛਲੇ ਸਾਲ ਹੀ, 3,38,491 ਭੇਡਾਂ ਨੇ ਯਹੋਵਾਹ ਦੇ ਪ੍ਰਤੀ ਆਪਣੇ ਸਮਰਪਣ ਦੇ ਪ੍ਰਤੀਕ ਦੇ ਤੌਰ ਤੇ ਬਪਤਿਸਮਾ ਲਿਆ! ਅਜਿਹੇ ਨਵੇਂ ਵਿਅਕਤੀ ਸੱਚ-ਮੁੱਚ ਹੀ, ਅਧਿਆਤਮਿਕ ਅਰਥ ਵਿਚ, ਬਹੁਤ ਕਮ ਉਮਰ ਦੇ ਹਨ। ਉਨ੍ਹਾਂ ਦੀ ਤਾਜ਼ਗੀ ਅਤੇ ਜੋਸ਼ ਦੀ ਅਤਿ ਕਦਰ ਕੀਤੀ ਜਾਂਦੀ ਹੈ ਜਿਉਂ-ਜਿਉਂ ਉਹ ਉਨ੍ਹਾਂ ਲੋਕਾਂ ਦੀ ਗਿਣਤੀ ਵਧਾਉਂਦੇ ਹਨ ਜੋ ‘ਸਾਡੇ ਪਰਮੇਸ਼ੁਰ ਨੂੰ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਨੂੰ’ ਧੰਨਵਾਦੀ ਪ੍ਰਸ਼ੰਸਾ ਗਾਉਂਦੇ ਹਨ।—ਪਰਕਾਸ਼ ਦੀ ਪੋਥੀ 7:10.
17 ਅੱਜ, ‘ਚੌਂਕ ਮੁੰਡਿਆਂ ਅਤੇ ਕੁੜੀਆਂ ਨਾਲ ਭਰੇ ਹੋਏ ਹਨ,’ ਅਰਥਾਤ, ਜਵਾਨਾਂ ਵਰਗੇ ਜੋਸ਼ ਨਾਲ ਭਰੇ ਗਵਾਹ। ਸੰਨ 1995 ਸੇਵਾ ਸਾਲ ਵਿਚ, 232 ਦੇਸ਼ਾਂ ਅਤੇ ਸਮੁੰਦਰ ਦਿਆਂ ਟਾਪੂਆਂ ਤੋਂ ਰਿਪੋਰਟ ਪ੍ਰਾਪਤ ਹੋਈ। ਪਰੰਤੂ ਮਸਹ ਕੀਤੇ ਹੋਏ ਵਿਅਕਤੀਆਂ ਅਤੇ ਹੋਰ ਭੇਡਾਂ ਦੇ ਦਰਮਿਆਨ ਕੋਈ ਅੰਤਰਰਾਸ਼ਟਰੀ ਟਾਕਰਾ, ਕੋਈ ਅੰਤਰ-ਕਬਾਇਲੀ ਨਫ਼ਰਤ, ਕੋਈ ਅਨੁਚਿਤ ਈਰਖਾ ਨਹੀਂ ਹੈ। ਸਾਰੇ ਪ੍ਰੇਮ ਵਿਚ ਇਕਮੁੱਠ, ਅਧਿਆਤਮਿਕ ਰੂਪ ਵਿਚ ਇਕੱਠੇ ਵਧਦੇ ਹਨ। ਯਹੋਵਾਹ ਦੇ ਗਵਾਹਾਂ ਦਾ ਵਿਸ਼ਵ-ਵਿਆਪੀ ਭਾਈਚਾਰਾ ਸੱਚ-ਮੁੱਚ ਹੀ ਸੰਸਾਰ ਵਿਚ ਲਾਜਵਾਬ ਹੈ।—ਕੁਲੁੱਸੀਆਂ 3:14; 1 ਪਤਰਸ 2:17.
ਯਹੋਵਾਹ ਦੇ ਲਈ ਬਹੁਤ ਹੀ ਮੁਸ਼ਕਲ?
18, 19. ਸੰਨ 1919 ਦੇ ਬਾਅਦ ਦਿਆਂ ਸਾਲਾਂ ਵਿਚ, ਯਹੋਵਾਹ ਨੇ ਉਹ ਕੰਮ ਕਿਵੇਂ ਸੰਪੰਨ ਕੀਤਾ ਹੈ ਜੋ ਮਾਨਵ ਦ੍ਰਿਸ਼ਟੀਕੋਣ ਤੋਂ ਸ਼ਾਇਦ ਬਹੁਤ ਹੀ ਮੁਸ਼ਕਲ ਜਾਪਿਆ ਹੋਵੇ?
18 ਸੰਨ 1918 ਵਿਚ ਜਦੋਂ ਮਸਹ ਕੀਤਾ ਹੋਇਆ ਬਕੀਆ, ਅਧਿਆਤਮਿਕ ਕੈਦ ਵਿਚ ਪਏ ਕੇਵਲ ਕੁਝ ਹੀ ਹਜ਼ਾਰ ਨਿਰਉਤਸ਼ਾਹਿਤ ਪ੍ਰਾਣੀ ਸਨ, ਉਦੋਂ ਕੋਈ ਵੀ ਪਹਿਲਾਂ ਤੋਂ ਇਹ ਨਹੀਂ ਜਾਣ ਸਕਦਾ ਸੀ ਕਿ ਘਟਨਾਵਾਂ ਕਿਹੜਾ ਰੁਖ ਫੜਨਗੀਆਂ। ਪਰੰਤੂ, ਯਹੋਵਾਹ ਜਾਣਦਾ ਸੀ—ਜਿਵੇਂ ਕਿ ਉਸ ਦੀ ਚੌਥੀ ਭਵਿੱਖ-ਸੂਚਕ ਘੋਸ਼ਣਾ ਪੁਸ਼ਟੀ ਕਰਦੀ ਹੈ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਭਾਵੇਂ ਓਹਨਾਂ ਦਿਨਾਂ ਵਿੱਚ ਏਸ ਪਰਜਾ ਦੇ ਬਕੀਏ ਦੀਆਂ ਅੱਖਾਂ ਵਿੱਚ ਅਨੋਖਾ [“ਮੁਸ਼ਕਲ,” ਨਿ ਵ] ਹੋਵੇ ਪਰ ਕੀ ਮੇਰੀਆਂ ਅੱਖਾਂ ਵਿੱਚ ਵੀ ਅਨੋਖਾ [“ਮੁਸ਼ਕਲ,” ਨਿ ਵ] ਹੋਵੇਗਾ? ਸੈਨਾਂ ਦੇ ਯਹੋਵਾਹ ਦਾ ਵਾਕ ਹੈ।”—ਜ਼ਕਰਯਾਹ 8:6.
19 ਸੰਨ 1919 ਵਿਚ, ਯਹੋਵਾਹ ਦੀ ਆਤਮਾ ਨੇ ਉਸ ਦੇ ਲੋਕਾਂ ਨੂੰ ਅਗਾਂਹ ਦੇ ਕੰਮ ਲਈ ਜਿਵਾਇਆ। ਫਿਰ ਵੀ, ਯਹੋਵਾਹ ਦਿਆਂ ਉਪਾਸਕਾਂ ਦੇ ਛੋਟੇ ਸੰਗਠਨ ਨਾਲ ਬਣੇ ਰਹਿਣ ਦੇ ਲਈ ਨਿਹਚਾ ਦੀ ਲੋੜ ਪਈ। ਉਹ ਗਿਣਤੀ ਵਿਚ ਇੰਨੇ ਘੱਟ ਸਨ, ਅਤੇ ਬਥੇਰੀਆਂ ਗੱਲਾਂ ਸਪੱਸ਼ਟ ਨਹੀਂ ਸਨ। ਤਾਂ ਵੀ, ਥੋੜ੍ਹਾ-ਥੋੜ੍ਹਾ ਕਰ ਕੇ ਯਹੋਵਾਹ ਨੇ ਉਨ੍ਹਾਂ ਨੂੰ ਸੰਗਠਨ ਸੰਬੰਧਿਤ ਗੱਲਾਂ ਵਿਚ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਮਸੀਹੀ ਕੰਮ ਕਰਨ ਲਈ ਲੈਸ ਕੀਤਾ। (ਯਸਾਯਾਹ 60:17, 19; ਮੱਤੀ 24:14; 28:19, 20) ਸਹਿਜੇ-ਸਹਿਜੇ, ਉਸ ਨੇ ਨਿਰਪੱਖਤਾ ਅਤੇ ਵਿਸ਼ਵ ਸਰਬਸੱਤਾ ਵਰਗੇ ਅਤਿ-ਮਹੱਤਵਪੂਰਣ ਵਾਦਵਿਸ਼ਿਆਂ ਨੂੰ ਸਮਝਣ ਵਿਚ ਉਨ੍ਹਾਂ ਦੀ ਮਦਦ ਕੀਤੀ। ਕੀ ਯਹੋਵਾਹ ਦੇ ਲਈ ਉਸ ਗਵਾਹਾਂ ਦੇ ਛੋਟੇ ਸਮੂਹ ਦੇ ਰਾਹੀਂ ਆਪਣੀ ਇੱਛਾ ਪੂਰੀ ਕਰਨੀ ਬਹੁਤ ਮੁਸ਼ਕਲ ਸੀ? ਜਵਾਬ ਨਿਸ਼ਚੇ ਹੀ ਨਾ ਹੈ! ਸੰਨ 1995 ਦੇ ਸੇਵਾ ਸਾਲ ਦੇ ਲਈ ਯਹੋਵਾਹ ਦੇ ਗਵਾਹਾਂ ਦੇ ਕਾਰਜ ਬਾਰੇ ਚਾਰਟ ਦੀ ਜਾਂਚ ਕਰੋ।a
‘ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ’
20. ਭਵਿੱਖਬਾਣੀ ਦੇ ਅਨੁਸਾਰ ਪਰਮੇਸ਼ੁਰ ਦੇ ਲੋਕਾਂ ਨੂੰ ਇਕੱਤਰ ਕਰਨ ਦਾ ਕੰਮ ਕਿੰਨਾ ਵਿਸਤ੍ਰਿਤ ਹੋਣਾ ਸੀ?
20 ਇਸ ਦੇ ਅਤਿਰਿਕਤ, ਪੰਜਵੀਂ ਘੋਸ਼ਣਾ ਯਹੋਵਾਹ ਦੇ ਗਵਾਹਾਂ ਦੀ ਅੱਜ ਆਨੰਦਿਤ ਸਥਿਤੀ ਨੂੰ ਦਿਖਾਉਂਦੀ ਹੈ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ, ਵੇਖ, ਮੈਂ ਆਪਣੀ ਪਰਜਾ ਨੂੰ ਚੜ੍ਹਦੇ ਦੇਸੋਂ ਅਤੇ ਲਹਿੰਦੇ ਦੇਸੋਂ ਬਚਾਵਾਂਗਾ। ਮੈਂ ਓਹਨਾਂ ਨੂੰ ਲਿਆਵਾਂਗਾ, ਓਹ ਯਰੂਸ਼ਲਮ ਦੇ ਵਿਚਕਾਰ ਵੱਸਣਗੇ, ਓਹ ਮੇਰੀ ਪਰਜਾ ਹੋਣਗੇ ਅਤੇ ਮੈਂ ਵਫ਼ਾਦਾਰੀ ਵਿੱਚ ਅਤੇ ਧਰਮ ਵਿੱਚ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ।”—ਜ਼ਕਰਯਾਹ 8:7, 8.
21. ਯਹੋਵਾਹ ਦੇ ਲੋਕਾਂ ਦੀ ਭਰਪੂਰ ਸ਼ਾਂਤੀ ਕਿਸ ਤਰੀਕੇ ਵਿਚ ਕਾਇਮ ਰੱਖੀ ਅਤੇ ਫੈਲਾਈ ਗਈ ਹੈ?
21 ਸੰਨ 1996 ਵਿਚ ਅਸੀਂ ਬਿਨਾਂ ਝਿਜਕ ਕਹਿ ਸਕਦੇ ਹਾਂ ਕਿ ਖ਼ੁਸ਼ ਖ਼ਬਰੀ ਸੰਸਾਰ ਭਰ ਵਿਚ ਪ੍ਰਚਾਰ ਕੀਤੀ ਜਾ ਚੁੱਕੀ ਹੈ, “ਚੜ੍ਹਦੇ ਦੇਸੋਂ” ਤੋਂ ਲੈ ਕੇ “ਲਹਿੰਦੇ ਦੇਸੋਂ” ਤਕ। ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਇਆ ਗਿਆ ਹੈ, ਅਤੇ ਉਨ੍ਹਾਂ ਨੇ ਯਹੋਵਾਹ ਦੇ ਵਾਅਦੇ ਦੀ ਪੂਰਤੀ ਦੇਖੀ ਹੈ: “ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ।” (ਯਸਾਯਾਹ 54:13) ਸਾਡੇ ਕੋਲ ਸ਼ਾਂਤੀ ਹੈ ਕਿਉਂਕਿ ਅਸੀਂ ਯਹੋਵਾਹ ਵੱਲੋਂ ਸਿਖਾਏ ਹਏ ਹਾਂ। ਇਸ ਉਦੇਸ਼ ਦੇ ਨਾਲ, 300 ਤੋਂ ਵਧ ਭਾਸ਼ਾਵਾਂ ਵਿਚ ਸਾਹਿੱਤ ਪ੍ਰਕਾਸ਼ਿਤ ਕੀਤਾ ਗਿਆ ਹੈ। ਕੇਵਲ ਪਿਛਲੇ ਸਾਲ ਵਿਚ ਹੀ, 21 ਅਤਿਰਿਕਤ ਭਾਸ਼ਾਵਾਂ ਸ਼ਾਮਲ ਕੀਤੀਆਂ ਗਈਆਂ ਸਨ। ਪਹਿਰਾਬੁਰਜ ਰਸਾਲਾ ਹੁਣ 111 ਭਾਸ਼ਾਵਾਂ ਵਿਚ, ਅਤੇ ਅਵੇਕ! 54 ਭਾਸ਼ਾਵਾਂ ਵਿਚ ਨਾਲੋ-ਨਾਲ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹਾਂ-ਸੰਮੇਲਨ ਪਰਮੇਸ਼ੁਰ ਦੇ ਲੋਕਾਂ ਦੀ ਸ਼ਾਂਤੀ ਦਾ ਇਕ ਜਨਤਕ ਪ੍ਰਦਰਸ਼ਨ ਪੇਸ਼ ਕਰਦੇ ਹਨ। ਹਫ਼ਤੇਵਾਰ ਸਭਾਵਾਂ ਸਾਨੂੰ ਇਕਮੁੱਠ ਕਰਦੀਆਂ ਹਨ ਅਤੇ ਦ੍ਰਿੜ੍ਹ ਰਹਿਣ ਦੇ ਲਈ ਸਾਨੂੰ ਲੋੜੀਂਦਾ ਉਤਸ਼ਾਹ ਦਿੰਦੀਆਂ ਹਨ। (ਇਬਰਾਨੀਆਂ 10:23-25) ਜੀ ਹਾਂ, ਯਹੋਵਾਹ ਆਪਣੇ ਲੋਕਾਂ ਨੂੰ “ਵਫ਼ਾਦਾਰੀ ਵਿੱਚ ਅਤੇ ਧਰਮ ਵਿੱਚ” ਸਿੱਖਿਆ ਦੇ ਰਿਹਾ ਹੈ। ਉਹ ਆਪਣੇ ਲੋਕਾਂ ਨੂੰ ਸ਼ਾਂਤੀ ਦੇ ਰਿਹਾ ਹੈ। ਅਸੀਂ ਕਿੰਨੇ ਧੰਨ ਹਾਂ ਕਿ ਉਸ ਭਰਪੂਰ ਸ਼ਾਂਤੀ ਵਿਚ ਭਾਗ ਲੈਂਦੇ ਹਾਂ! (w96 1/1)
ਕੀ ਤੁਸੀਂ ਸਮਝਾ ਸਕਦੇ ਹੋ?
◻ ਆਧੁਨਿਕ ਸਮਿਆਂ ਵਿਚ, ਯਹੋਵਾਹ ਆਪਣੇ ਲੋਕਾਂ ਲਈ ਕਿਵੇਂ ‘ਵੱਡੇ ਕ੍ਰੋਧ ਨਾਲ ਅਣਖੀ’ ਹੋਇਆ ਹੈ?
◻ ਯਹੋਵਾਹ ਦੇ ਲੋਕ ਯੁੱਧ-ਗ੍ਰਸਤ ਦੇਸ਼ਾਂ ਵਿਚ ਵੀ ਕਿਵੇਂ ਸ਼ਾਂਤੀ ਦਾ ਆਨੰਦ ਮਾਣਦੇ ਹਨ?
◻ ਕਿਸ ਤਰੀਕੇ ਵਿਚ ‘ਚੌਂਕ ਮੁੰਡਿਆਂ ਅਤੇ ਕੁੜੀਆਂ ਨਾਲ ਭਰੇ ਹੋਏ ਹਨ’?
◻ ਕਿਹੜੇ ਪ੍ਰਬੰਧ ਕੀਤੇ ਗਏ ਹਨ ਤਾਂਕਿ ਯਹੋਵਾਹ ਦੇ ਲੋਕ ਉਸ ਵੱਲੋਂ ਸਿਖਾਏ ਜਾ ਸਕਦੇ ਹਨ?
[ਸਫ਼ੇ 8, 9 ਉੱਤੇ ਤਸਵੀਰ]
ਛੇਵੀਂ ਸਦੀ ਸਾ.ਯੁ.ਪੂ. ਵਿਚ, ਹੈਕਲ ਨੂੰ ਮੁੜ ਉਸਾਰਨ ਵਾਲੇ ਵਫ਼ਾਦਾਰ ਯਹੂਦੀਆਂ ਨੇ ਇਹ ਸਿੱਖਿਆ ਕਿ ਯਹੋਵਾਹ ਹੀ ਸ਼ਾਂਤੀ ਦਾ ਇੱਕੋ-ਇਕ ਭਰੋਸੇਯੋਗ ਸ੍ਰੋਤ ਹੈ
[ਫੁਟਨੋਟ]
a ਕਿਰਪਾ ਕਰ ਕੇ ਪਹਿਰਾਬੁਰਜ ਦੇ ਹਿੰਦੀ ਜਾਂ ਹੋਰ ਅਰਧ-ਮਾਸਿਕ ਅੰਕ ਦੇ 12 ਤੋਂ 15 ਸਫ਼ੇ ਉੱਤੇ ਦਿੱਤੇ ਗਏ ਚਾਰਟ ਨੂੰ ਦੇਖੋ।